Wednesday, May 13, 2026
Home Blog Page 2480

ਬਠਿੰਡਾ ਪੁਲਿਸ ਵਲੋਂ ਮੋਟਰਸਾਈਕਲ ਚੋਰ ਗਿਰੋਹ ਕਾਬੂ, ਅੱਧੀ ਦਰਜ਼ਨ ਮੋਟਰਸਾਈਕਲ ਬਰਾਮਦ

0

ਸੁਖਜਿੰਦਰ ਮਾਨ
ਬਠਿੰਡਾ, 28 ਮਈ: ਬਠਿੰਡਾ ਪੁਲਿਸ ਨੇ ਜ਼ਿਲ੍ਹੇ ਵਿਚ ਦੁਪਿਹਆ ਵਾਹਨਾਂ ਦੇ ਚੋਰਾਂ ਹੋਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਵਿੱਢੇ ਯਤਨਾਂ ਦੇ ਚੱਲਦਿਆਂ ਅੱਜ ਇੱਕ ਚੋਰ ਗਿਰੋਹ ਨੂੰ ਕਾਬੂ ਕਰਦਿਆਂ ਉਨ੍ਹਾਂ ਦੇ ਕੋਲੋ ਅੱਧੀ ਦਰਜ਼ਨ ਮੋਟਰਸਾਈਕਲ ਬਰਾਮਦ ਕੀਤੇ ਹਨ। ਮਾਮਲੇ ਦੀ ਜਾਣਕਾਰੀ ਦਿੰਦਿਆਂ ਉਚ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਸਪੈਸ਼ਲ ਸਟਾਫ ਵਿੰਗ ਨੇ ਇਸ ਸਬੰਧ ਵਿਚ ਇੱਕ ਨੌਜਵਾਨ ਨੂੰ ਗਿ੍ਰਫਤਾਰ ਕੀਤਾ ਸੀ। ਇਸ ਨੌਜਵਾਨ ਕੋਲੋ ਪੁਲਿਸ ਅਧਿਕਾਰੀਆਂ ਦੁਆਰਾ ਕੀਤੀ ਪੁਛਗਿਛ ਦੌਰਾਨ ਅੱਧੀ ਦਰਜ਼ਨ ਮੋਟਰਸਾਈਕਲ ਬਰਾਮਦ ਕੀਤੇ ਗੲ। ਕਥਿਤ ਦਸ਼ੀ ਦੀ ਪਹਿਚਾਣ ਜਸਪਾਲ ਸਿੰਘ ਵਾਸੀ ਭੁੱਚੋ ਕਲਾਂ ਦੇ ਤੌਰ ’ਤੇ ਹੋਈ ਹੈ, ਜਿਸਦੇ ਵਿਰੁਧ ਥਾਣਾ ਕੈਨਾਲ ਕਲੋਨੀ ਵਿਖੇ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸ਼ੀ ਨੇ ਮੁਢਲੀ ਪੁਛਗਿਛ ਦੌਰਾਨ ਮੰਨਿਆ ਹੈ ਕਿ ਉਨ੍ਹਾਂ ਜਿਆਦਾਤਰ ਚੋਰੀ ਦੀਆਂ ਵਾਰਦਾਤਾਂ ਸ਼ਹਿਰ ਵਿਚ ਹੀ ਕੀਤੀਆਂ ਸਨ। ਵਹੀਕਲ ਚੋਰੀ ਕਰਨ ਤੋਂ ਬਾਅਦ ਉਹ ਸਸਤੇ ਭਾਅ ’ਤੇ ਅੱਗੇ ਇੰਨ੍ਹਾਂ ਨੂੰ ਵੇਚ ਦਿੰਦਾ ਸੀ।

ਭਗਵੰਤ ਮਾਨ ਦਾ ਮੂੰਹ ਮਿੱਠਾ ਕਰਵਾਉਣ ਚੱਲੇ ਯੂਥ ਪ੍ਰਧਾਨ ਨੂੰ ਪੁਲਿਸ ਨੇ ਕੀਤਾ ਗਿ੍ਰਫਤਾਰ

0

ਸੁਖਜਿੰਦਰ ਮਾਨ
ਚੰਡੀਗ੍ਹੜ, 28 ਮਈ:ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਦਿੱਲੀ ਮਾਡਲ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਕੀਤੇ ਪ੍ਰਚਾਰ ਦੇ ਬਾਵਜੂਦ ਪਿਛਲੇ ਦਿਨੀਂ ਐੱਨਏਐੱਸ ਵਲੋਂ 2021 ਦੇ ਜਾਰੀ ਸਰਵੇ ਦੇ ਨਤੀਜੇ ਵਿਚ ਪੰਜਾਬ ਦੇ ਸਿੱਖਿਆ ਦੇ ਖੇਤਰ ਵਿਚ ਬਾਜ਼ੀ ਮਾਰਨ ਤੋਂ ਬਾਅਦ ਵਿਰੋਧੀਆਂ ਵਲੋਂ ਭਗਵੰਤ ਮਾਨ ਸਰਕਾਰ ਨੂੰ ਘੇਰਣ ਦਾ ਅਮਲ ਜਾਰੀ ਹੈ। ਇਸ ਮੁੱਦੇ ’ਤੇ ਮੁੱਖ ਵਿਰੋਧੀ ਧਿਰ ਤੇ ਪਿਛਲੇ ਪੰਜ ਸਾਲ ਦੌਰਾਨ ਪੰਜਾਬ ‘ਚ ਸਰਕਾਰ ਚਲਾਉਣ ਵਾਲੀ ਕਾਂਗਰਸ ਪਾਰਟੀ ਦੇ ਆਗੂ ਲਗਾਤਾਰ ਆਪ ਸਰਕਾਰ ’ਤੇ ਤਿੱਖੇ ਹਮਲੇ ਕਰ ਰਹੇ ਹਨ। ਅੱਜ ਵੀ ਇਸ ਮਸਲੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਅਪਣੇ ਸਾਥੀਆਂ ਨਾਲ ਮੂੰਹ ਮਿੱਠਾ ਕਰਵਾਉਣ ਜਾ ਰਹੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੂੰ ਚੰਡੀਗੜ੍ਹ ਪੁਲਿਸ ਨੇ ਰਾਸਤੇ ਵਿਚ ਹੀ ਗਿ੍ਰਫਤਾਰ ਲਿਆ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ੰਿਸਘ ਰਾਜਾ ਵੜਿੰਗ ਨੇ ਵੀ ਇਸ ਮੁੱਦੇ ’ਤੇ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਵਲੋਂ ਧਾਰੀ ਚੁੱਪੀ ’ਤੇ ਵਿਅੰਗ ਕਸੇ ਸਨ। ਗੌਰਤਲਬ ਹੈ ਕਿ ਦਿੱਲੀ ਨੂੰ ਪਛਾੜ ਕੇ ਅੱਗੇ ਆਏ ਪੰਜਾਬ ਦੀ ਇਸ ਪ੍ਰਾਪਤੀ ਨੂੰ ਅਪਣੀ ਕਾਂਗਰਸ ਸਰਕਾਰ ਦੇ ਯਤਨ ਦੱਸ ਰਹੀ ਹੈ। ਕਾਂਗਰਸੀ ਆਗੂ ਬਰਿੰਦਰ ਢਿੱਲੋਂ ਨੇ ਇਸ ਮੌਕੇ ਕਿਹਾ ਿਕ ਪੰਜਾਬ ਆਪਣੇ ਆਪ ‘ਚ ਇਕ ਮਾਡਲ ਹੈ ਇਸ ਨੂੰ ਕਿਸੇ ਦਿੱਲੀ ਵਰਗੇ ਮਾਡਲ ਦੀ ਜਰੂਰਤ ਨਹੀਂ ਹੈ।

ਮਹਿਰਾਜ ਤੇ ਲਹਿਰਾ ਬੇਗਾ ਤੋਂ ਬਾਅਦ ਹੁਣ ਭੁੱਚੋਂ ਮੰਡੀਆਂ ਵਾਲਿਆਂ ਦੀ ਵੀ ਨਹੀਂ ਲੱਗੇਗੀ ਟੋਲ ਪਰਚੀ

0

ਸੰਘਰਸ਼ ਤੋਂ ਬਾਅਦ ਲਹਿਰਾ ਬੇਗਾ ਟੋਲ ਪਲਾਜ਼ਾ ਵਾਲਿਆਂ ਨੇ ਮੰਡੀਆਂ ਵਾਲਿਆਂ ਦੀ ਮੰਨੀ ਮੰਗ
ਰਿਹਾਇਸ਼ ਦੀ ਸਿਨਾਖ਼ਤ ਦਿਖਾਉਣ ਤੋਂ ਬਾਅਦ ਨਹੀਂ ਲੱਗੇਗੀ ਟੋਲ ਪਰਚੀ
ਸੁਖਜਿੰਦਰ ਮਾਨ
ਬਠਿੰਡਾ, 28 ਮਈ: ਬਠਿੰਡਾ ਜ਼ਿਲ੍ਹੇ ਦੀ ਹੱਦ ’ਤੇ ਚੰਡੀਗੜ੍ਹ ਮਾਰਗ ਉਪਰ ਪੈਂਦੇ ਪਿੰਡ ਲਹਿਰਾ ਬੇਗਾ ਕੋਲ ਚੱਲਦੇ ਟੋਲ ਪਲਾਜ਼ਾ ‘ਤੇ ਹੁਣ ਭੁੱਚੋ ਮੰਡੀ ਦੇ ਸ਼ਹਿਰੀਆਂ ਦੀ ਟੋਲ ਪਰਚੀ ਨਹੀਂ ਲੱਗੇਗੀ। ਦਰਜ਼ਨਾਂ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਰਜ਼ੀਆਂ ਦੇਣ ਦੇ ਬਾਵਜੂਦ ਨਿਯਮਾਂ ਤਹਿਤ 20 ਕਿਲੋਮੀਟਰ ਦੇ ਦਾਈਰੇ ਵਿਚ ਰਹਿੰਦੇ ਲੋਕਾਂ ਦੀ ਟੋਲ ਪਰਚੀ ਫ਼ਰੀ ਹੋਣ ਦੇ ਬਾਵਜੂਦ ਭੁੱਚੋ ਮੰਡੀਆਂ ਵਾਸੀਆਂ ਦੀਆਂ ਜੇਬਾਂ ਹਲਕੀਆਂ ਕਰ ਰਹੇ ਟੋਲ ਕਾਮਿਆਂ ਦੇ ਰਵੱਈਏ ਵਿਰੁਧ ਅੱਜ ਸ਼ਹਿਰੀਆਂ ਵਲੋਂ ਹੋਰਨਾਂ ਜਥੇਬੰਦੀਆਂ ਦੇ ਸਹਿਯੋਗ ਨਾਲ ਟੋਲ ’ਤੇ ਧਰਨਾ ਲਗਾ ਦਿੱਤਾ। ਕਾਫ਼ੀ ਲੰਮੀ ਜਦੋਜਹਿਦ ਤੋਂ ਬਾਅਦ ਟੋਲ ਪ੍ਰਬੰਧਕ ਭੁੱਚੋਂ ਮੰਡੀ ’ਚ ਰਹਿਣ ਵਾਲੇ ਸ਼ਹਿਰੀਆਂ ਦੀ ਟੋਲ ਪਰਚੀ ਨਾ ਕੱਟਣ ਲਈ ਸਹਿਮਤ ਹੋਏ। ਇਸ ਮੌਕੇ ਫੈਸਲਾ ਹੋਇਆ ਕਿ ਇੱਥੋਂ ਗੁਜਰਨ ਵਾਲੇ ਭੁੱਚੋਂ ਵਾਸੀਆਂ ਨੂੰ ਅਪਣੀ ਰਿਹਾਇਸ਼ ਦਾ ਸਬੂਤ ਦਿਖਾਉਣਾ ਪਏਗਾ। ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਬੀਤੇ ਕੱਲ ਮਹਿਰਾਜ਼ ਵਾਸੀਆਂ ਨੇ ਟੋਲ ’ਤੇ ਇਕੱਠੇ ਹੋ ਕੇ ਧਰਨਾ ਲਗਾ ਦਿੱਤਾ ਸੀ। ਜਿਸਤੋਂ ਬਾਅਦ ਉਨ੍ਹਾਂ ਦੀ ਵੀ ਟੋਲ ਪਰਚੀ ਫ਼ਰੀ ਕਰ ਦਿੱਤੀ ਸੀ। ਅੱਜ ਦੇ ਧਰਨੇ ਵਿਚ ਭੁੱਚੋ ਮੰਡੀ ਵਾਸੀਆਂ ਤੋਂ ਇਲਾਵਾ ਸਹਿਯੋਗ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਰਕਰ ਵੀ ਵੱਡੀ ਗਿਣਤੀ ਵਿਚ ਲਹਿਰਾ ਬੇਗਾ ਟੋਲ ਪਲਾਜ਼ਾ ‘ਤੇ ਸਵੇਰ ਤੋਂ ਹੀ ਡਟੇ ਹੋਏ ਸਨ।

ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਮੰਗਾਂ ਦੀ ਪੂਰਤੀ ਵਾਸਤੇ 6 ਤੋਂ 10 ਜੂਨ ਤੱਕ ਪੰਜਾਬ ਭਰ ‘ਚ ਪਿੰਡ ਪਿੰਡ ਪੱਕੇ ਧਰਨੇ ਦੇਣ ਦਾ ਐਲਾਨ

0

ਧਰਤੀ ਹੇਠਲੇ ਪਾਣੀ ਦੀ ਡਿੱਗਦੀ ਸਤਹ ਦੀ ਸੰਭਾਲ ਲਈ ਮਾਨ ਸਰਕਾਰ ਨੂੰ ਭੇਜੀਆਂ ਗਈਆਂ ਮੰਗਾਂ
ਸੁਖਜਿੰਦਰ ਮਾਨ
ਚੰਡੀਗੜ੍ਹ 28 ਮਈ : ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਬੀਤੇ ਦਿਨ ਪਿੰਡ ਭੋਤਨਾ ਵਿਖੇ ਸੂਬਾ ਕਮੇਟੀ ਮੀਟਿੰਗ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਵਿੱਚ ਸੂਬਾ ਆਗੂ ਝੰਡਾ ਸਿੰਘ ਜੇਠੂਕੇ, ਹਰਦੀਪ ਸਿੰਘ ਟੱਲੇਵਾਲ, ਜਨਕ ਸਿੰਘ ਭੁਟਾਲ, ਸ਼ਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾਂ, ਜਗਤਾਰ ਸਿੰਘ ਕਾਲਾਝਾੜ ਅਤੇ 18 ਜ਼ਿਲ੍ਹਿਆਂ ਦੇ ਪ੍ਰਮੁੱਖ ਆਗੂ ਸ਼ਾਮਲ ਹੋਏ। ਇਹ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਧਰਤੀ ਹੇਠਲੇ ਪਾਣੀ ਦੇ ਬਚਾਓ ਅਤੇ ਬਿਜਲੀ ਦੀ ਕਿੱਲਤ ਦੇ ਮੱਦੇਨਜ਼ਰ ਝੋਨੇ ਦੀ ਬਿਜਾਈ ਬਾਰੇ ਪੰਜਾਬ ਭਰ ਵਿੱਚ ਚਲਾਈ ਗਈ ਜਾਗ੍ਰਤੀ ਮੁਹਿੰਮ ਦੇ ਅਖੀਰ ‘ਤੇ 6 ਤੋਂ 10 ਜੂਨ ਤੱਕ ਪੰਜਾਬ ਭਰ ਵਿੱਚ ਪਿੰਡ ਪਿੰਡ ਪਾਣੀ ਦੀਆਂ ਟੈਂਕੀਆਂ ਜਾਂ ਹੋਰ ਸਾਂਝੀਆਂ ਥਾਵਾਂ ‘ਤੇ ਪੰਜ ਰੋਜ਼ਾ ਪੱਕੇ ਧਰਨੇ ਲਾਏ ਜਾਣਗੇ। ਜਾਗ੍ਰਤੀ ਮੁਹਿੰਮ ਬਾਰੇ ਜ਼ਿਲ੍ਹਾ ਆਗੂਆਂ ਵੱਲੋਂ ਕੀਤੀ ਗਈ ਰਿਪੋਰਟਿੰਗ ਮੁਤਾਬਕ ਆਮ ਕਿਸਾਨਾਂ ਮਜ਼ਦੂਰਾਂ ਤੇ ਪੇਂਡੂ ਲੋਕਾਂ ਵੱਲੋਂ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਬਹੁਤੇ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਤੇ ਬਲਾਕ ਪੱਧਰੀਆਂ ਸਿੱਖਿਆ ਮੀਟਿੰਗਾਂ ਔਰਤ ਅਤੇ ਮਰਦ ਆਗੂਆਂ ਵੱਲੋਂ ਕਰਵਾਈਆਂ ਜਾ ਚੁੱਕੀਆਂ ਹਨ ਅਤੇ ਬਾਕੀ ਜ਼ਿਲ੍ਹਿਆਂ ਵਿੱਚ 30 ਮਈ ਤੱਕ ਮੁਕੰਮਲ ਹੋ ਜਾਣਗੀਆਂ। ਉਪਰੰਤ 5 ਜੂਨ ਤੱਕ ਪਿੰਡ ਪਿੰਡ ਮੁਹੱਲਾ ਵਾਰ ਮੀਟਿੰਗਾਂ ਰੈਲੀਆਂ ਢੋਲ ਮਾਰਚਾਂ ਰਾਹੀਂ ਹਰ ਪੇਂਡੂ ਪਰਵਾਰ ਨਾਲ ਮਸਲੇ ਦੀ ਗੰਭੀਰਤਾ ਤੇ ਤਸੱਲੀਬਖ਼ਸ਼ ਹੱਲ ਬਾਰੇ ਪੂਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਧਰਨਿਆਂ ਦੌਰਾਨ ਮੰਗ ਕੀਤੀ ਜਾਵੇਗੀ ਕਿ ਪਾਣੀ ਦੀ ਬੱਚਤ ਦੇ ਫੌਰੀ ਕਦਮਾਂ ਵਜੋਂ ਪੰਜਾਬ ਸਰਕਾਰ ਸਿੱਧੀ ਬਿਜਾਈ ਲਈ 1500 ਰੁਪਏ ਦੀ ਥਾਂ ਰਿਸਕ ਭੱਤਾ 10000 ਰੁਪਏ ਪ੍ਰਤੀ ਏਕੜ ਦੇਵੇ; ਮੂੰਗੀ, ਬਾਸਮਤੀ ਤੇ ਮੱਕੀ ਸਮੇਤ ਫਲਾਂ, ਸਬਜ਼ੀਆਂ ਸਾਰੀਆਂ ਬਦਲਵੀਆਂ ਫ਼ਸਲਾਂ ਦਾ ਲਾਭਕਾਰੀ ਐਮ ਐੱਸ ਪੀ ਮਿਥ ਕੇ ਮੁਕੰਮਲ ਖਰੀਦ ਦੀ ਗਰੰਟੀ ਦੇਵੇ; ਪਛੇਤੇ ਜੋ਼ਨ ਵਾਲੇ ਕਿਸਾਨਾਂ ਨੂੰ ਢੁੱਕਵਾਂ ਉਤਸ਼ਾਹੀ ਭੱਤਾ ਦੇਵੇ, ਝੋਨੇ ਦੀਆਂ ਪਛੇਤੀਆਂ ਕਿਸਮਾਂ ਦੇ ਬੀਜ ਪੂਰੇ ਮੁਹੱਈਆ ਕਰਵਾਵੇ।
ਜਦੋਂ ਕਿ ਇਸ ਗੰਭੀਰ ਸਮੱਸਿਆ ਦੇ ਤਸੱਲੀਬਖ਼ਸ਼ ਹੱਲ ਲਈ ਲੰਮੇ ਦਾਅ ਦੇ ਕਦਮਾਂ ਵਜੋਂ ਮੰਗ ਕੀਤੀ ਜਾਵੇਗੀ ਕਿ ਭੂ-ਜਲ-ਭੰਡਾਰ ਦੀ ਮੁੜ ਭਰਾਈ ਲਈ ਬਰਸਾਤੀ ਪਾਣੀ ਅਤੇ ਸਮੁੰਦਰ ਵੱਲ ਜਾ ਰਹੇ ਅਣਵਰਤੇ ਦਰਿਆਈ ਪਾਣੀ ਨੂੰ ਵਰਤੋਂ ਵਿੱਚ ਲਿਆਉਣ ਅਤੇ ਪਾਣੀ ਦੀ ਸੰਭਾਲ ਲਈ ਹੋਰ ਵਿਗਿਆਨਕ ਢੰਗ ਤਰੀਕੇ ਅਪਣਾਉਣ ਲਈ ਪੰਜਾਬ ਸਰਕਾਰ ਵੱਲੋਂ ਲੋੜੀਂਦੀ ਢਾਂਚਾ ਉਸਾਰੀ ਕੀਤੀ ਜਾਵੇ ਅਤੇ ਇਸ ਖਾਤਰ ਲੋੜੀਂਦੇ ਬਜਟ ਲਈ ਧਨ ਜੁਟਾਇਆ ਜਾਵੇ। ਕਿਉਂਕਿ ਭੂ-ਜਲ-ਭੰਡਾਰ ਦੀ ਸਤਹ ਬੇਹਿਸਾਬੀ ਗਰਕਣ ਦੇ ਦੋਸ਼ੀ ਕਿਸਾਨ ਨਹੀਂ ਸਗੋਂ ਹਰੇ ਇਨਕਲਾਬ ਦੇ ਕਾਰਪੋਰੇਟ ਪੱਖੀ ਮਾਡਲ ਰਾਹੀਂ ਝੋਨੇ ਦੀ ਫ਼ਸਲ ਪੰਜਾਬ ਸਿਰ ਮੜ੍ਹਨ ਵਾਲ਼ੀਆਂ ਸਾਮਰਾਜੀ ਤਾਕਤਾਂ ਅਤੇ ਉਨ੍ਹਾਂ ਦੀਆਂ ਹੱਥ ਠੋਕਾ ਬਣੀਆਂ ਹੋਈਆਂ ਸਰਕਾਰਾਂ ਹੀ ਜ਼ਿੰਮੇਵਾਰ ਹਨ। ਝੋਨੇ ਨਾਲੋਂ ਵੀ ਕਿਤੇ ਜ਼ਿਆਦਾ ਮਾਤਰਾ ਵਿੱਚ ਪਾਣੀ ਵਰਤਣ ਅਤੇ ਪ੍ਰਦੂਸ਼ਿਤ ਕਰਨ ਵਾਲੀਆਂ ਵੱਡੀਆਂ ਕਾਰਪੋਰੇਟ ਫੈਕਟਰੀਆਂ ਜ਼ਿੰਮੇਵਾਰ ਹਨ। ਇਨ੍ਹਾਂ ਅਸਲੀ ਦੋਸ਼ੀਆਂ ਵਿਰੁੱਧ ਉਮਰਕੈਦ ਅਤੇ ਜਾਇਦਾਦ ਜ਼ਬਤੀ ਵਰਗੀਆਂ ਸਖ਼ਤ ਧਾਰਾਵਾਂ ਵਾਲ਼ਾ ਕਾਨੂੰਨ ਬਣਾਉਣ ਦੀ ਮੰਗ ਕੀਤੀ ਜਾਵੇਗੀ। ਇਹ ਮੰਗ ਵੀ ਕੀਤੀ ਜਾਵੇਗੀ ਕਿ ਆਫ਼ਤਾਂ ਨੂੰ ਸੁਨਹਿਰੀ ਮੌਕਾ ਸਮਝਣ ਵਾਲੀ ਸਾਮਰਾਜੀ ਨੀਤੀ ਤਹਿਤ ਸੰਸਾਰ ਬੈਂਕ, ਕੇਂਦਰੀ ਹਕੂਮਤ ਅਤੇ ਇਨ੍ਹਾਂ ਨੀਤੀਆਂ ਦੀਆਂ ਮੁੱਦਈ ਸੂਬਾਈ ਸਰਕਾਰਾਂ ਦੀ ਮਿਲੀਭੁਗਤ ਰਾਹੀਂ ਪਾਣੀ ਨੂੰ ਵਪਾਰਕ ਵਸਤੂ ਗਰਦਾਨ ਕੇ ਦਰਿਆਵਾਂ ਨਹਿਰਾਂ ਅਤੇ ਘਰੇਲੂ ਜਲ ਸਪਲਾਈ ਦੇ ਕਾਰੋਬਾਰਾਂ ਨੂੰ ਨਿੱਜੀ ਕਾਰਪੋਰੇਟਾਂ ਦੇ ਹਵਾਲੇ ਕਰਨ ਦੀਆਂ ਲੋਕ-ਮਾਰੂ ਸਕੀਮਾਂ ਰੱਦ ਕੀਤੀਆਂ ਜਾਣ। ਪਿੰਡਾਂ ਸ਼ਹਿਰਾਂ ਦੇ ਪੀਣ ਵਾਲੇ ਪਾਣੀ ਦੀ ਜਲ ਸਪਲਾਈ ਵਿਵਸਥਾ ਦੇ ਨਿੱਜੀਕਰਨ ਵੱਲ ਵਧਾਏ ਕਦਮ ਰੱਦ ਕਰ ਕੇ ਇਸ ਨੂੰ ਮੁੜ ਸਰਕਾਰੀ ਕੰਟਰੋਲ ‘ਚ ਲੈਣ ਦਾ ਕਾਨੂੰਨ ਬਣਾਇਆ ਜਾਵੇ ਅਤੇ ਸਮੂਹ ਠੇਕਾ ਕਾਮਿਆਂ ਨੂੰ ਪੱਕੇ ਕਰਨ ਤੋਂ ਇਲਾਵਾ ਲੋੜੀਂਦੇ ਹੋਰ ਕਾਮਿਆਂ ਦੀ ਪੱਕੀ ਸਰਕਾਰੀ ਭਰਤੀ ਕੀਤੀ ਜਾਵੇ।
ਸੂਬਾ ਕਮੇਟੀ ਦੇ ਇੱਕ ਅਹਿਮ ਫੈਸਲੇ ਤਹਿਤ ਇਸ ਦੌਰਾਨ ਜਥੇਬੰਦੀ ਵੱਲੋਂ ਸ਼ੁਰੂਆਤੀ ਨਮੂਨੇ ਦੇ ਤੌਰ ‘ਤੇ ਦਰਜਨ ਤੋਂ ਵੱਧ ਪਿੰਡਾਂ ਵਿੱਚ ਮੀਂਹਾਂ ਅਤੇ ਛੱਪੜਾਂ ਦਾ ਪਾਣੀ ਸਿੰਜਾਈ ਤੋਂ ਇਲਾਵਾ ਸਾਫ਼ ਕਰਕੇ ਧਰਤੀ ਵਿੱਚ ਮੁੜ ਭਰਾਈ ਦੇ ਪੁਖਤਾ ਪ੍ਰਬੰਧ ਕਰਨ ਵਾਲੇ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ। ਕਿਸਾਨਾਂ ਮਜ਼ਦੂਰਾਂ ਤੇ ਸਮੂਹ ਲੋਕਾਂ ਨੂੰ ਘਰੇਲੂ, ਸਮਾਜਿਕ, ਕਾਰੋਬਾਰੀ ਅਤੇ ਖੇਤੀ ਲਈ ਪਾਣੀ ਦੀ ਵਰਤੋਂ ਪੂਰੀ ਸੰਜਮ ਨਾਲ ਕਰਨ ਲਈ ਪ੍ਰੇਰਨਾ ਮੁਹਿੰਮ ਵੀ ਨਾਲੋ ਨਾਲ ਚਲਾਈ ਜਾਵੇਗੀ। ਸਰਕਾਰ ਵੱਲੋਂ ਇਹ ਮੰਗਾਂ ਨਜ਼ਰਅੰਦਾਜ਼ ਕੀਤੇ ਜਾਣ ਦੀ ਸੂਰਤ ਵਿੱਚ ਇਨ੍ਹਾਂ ਦੀ ਪੂਰਤੀ ਲਈ ਸੰਘਰਸ਼ ਹੋਰ ਵਿਸ਼ਾਲ ਅਤੇ ਤੇਜ਼ ਕੀਤਾ ਜਾਵੇਗਾ। ਮੀਟਿੰਗ ਵੱਲੋਂ ਮਤਾ ਪਾਸ ਕਰਕੇ ਕਿਸਾਨਾਂ ਮਜ਼ਦੂਰਾਂ ਤੇ ਸਮੂਹ ਇਨਸਾਫ਼ ਪਸੰਦ ਲੋਕਾਂ ਨੂੰ ਇਸ ਸਰਵਸਾਂਝੇ ਸੰਘਰਸ਼ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਜ਼ੋਰਦਾਰ ਸੱਦਾ ਦਿੱਤਾ ਗਿਆ।

ਭਗਵੰਤ ਮਾਨ ਵੱਲੋਂ ਜਨਤਕ ਸੇਵਾਵਾਂ ਪ੍ਰਣਾਲੀ ਵਿੱਚ ਹੋਰ ਪਾਰਦਰਸ਼ਤਾ ਲਈ ਈ-ਆਫਿਸ ਨੂੰ ਉਤਸ਼ਾਹਿਤ ਕਰਨ ਦੇ ਨਿਰਦੇਸ਼

0

ਸੇਵਾ ਕੇਂਦਰਾਂ ਰਾਹੀਂ 100 ਤੋਂ ਵੱਧ ਔਨਲਾਈਨ ਸੇਵਾਵਾਂ ਦੀ ਸ਼ੁਰੂਆਤ ਕੀਤੀ
ਸੁਖਜਿੰਦਰ ਮਾਨ
ਚੰਡੀਗੜ੍ਹ, 28 ਮਈ: ਜਨਤਕ ਸੇਵਾਵਾਂ ਪ੍ਰਣਾਲੀ ਵਿੱਚ ਵਧੇਰੇ ਪਾਰਦਰਸ਼ਤਾ ਲਿਆਉਣ ਲਈ ਇੱਕ ਹੋਰ ਵੱਡਾ ਕਦਮ ਪੁੱਟਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਸਰਕਾਰੀ ਕੰਮਕਾਜ ਵਿੱਚ ਈ-ਆਫਿਸ ਰਾਹੀਂ ਡਿਜੀਟਲਾਈਜ਼ੇਸ਼ਨ ਦੀ ਵਰਤੋਂ ਨੂੰ ਵੱਡੇ ਪੱਧਰ ‘ਤੇ ਉਤਸ਼ਾਹਿਤ ਕਰਨ ਅਤੇ ਦਸਤਾਵੇਜ਼ਾਂ ਦੀ ਸਾਂਭ-ਸੰਭਾਲ ਦੇ ਬੋਝ ਨੂੰ ਘਟਾਉਣ ਦੇ ਨਿਰਦੇਸ਼ ਦਿੱਤੇ।ਇਹ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੇਵਾਵਾਂ ਨੂੰ ਲੋਕਾਂ ਦੇ ਦਰ ਤੱਕ ਪਹੁੰਚਾਉਣ ਅਤੇ ਰਵਾਇਤੀ ਫਾਈਲ ਸਿਸਟਮ ਨੂੰ ਘਟਾਉਣ ਦੇ ਉਦੇਸ਼ ਨਾਲ ਰਾਜ ਸਰਕਾਰ ਡਿਜੀਟਲਾਈਜ਼ੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਨਿਰੰਤਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਸਮੇਂ ਸਿਰ ਸੇਵਾਵਾਂ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਦਫ਼ਤਰੀ ਕੰਮਕਾਜ ਵਿੱਚ ਹੋਰ ਪਾਰਦਰਸ਼ਤਾ ਲਿਆਏਗਾ।
ਬੁਲਾਰੇ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਭਰ ਵਿੱਚ 526 ਸੇਵਾ ਕੇਂਦਰਾਂ ਰਾਹੀਂ 122 ਆਨਲਾਈਨ ਸੇਵਾਵਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਸੇਵਾਵਾਂ ਖੇਤੀਬਾੜੀ ਵਿਭਾਗ, ਸਥਾਨਕ ਸਰਕਾਰਾਂ, ਤਕਨੀਕੀ ਸਿੱਖਿਆ ਅਤੇ ਮੈਡੀਕਲ ਸਿੱਖਿਆ ਤੇ ਖੋਜ, ਖੇਤੀਬਾੜੀ ਵਿਭਾਗ ਦੇ ਖਾਦ ਅਤੇ ਕੀੜੇਮਾਰ ਦਵਾਈਆਂ ਦੇ ਲਾਇਸੈਂਸ ਵਰਗੀਆਂ ਸੇਵਾਵਾਂ, ਤਕਨੀਕੀ ਸਿੱਖਿਆ ਬੋਰਡ/ਪੀਟੀਯੂ ਤੋਂ ਡੁਪਲੀਕੇਟ ਸਰਟੀਫਿਕੇਟ, ਬੈੱਡ ਐਂਡ ਬ੍ਰੇਕਫਾਸਟ ਹੋਮਸਟੇਅ ਸਕੀਮ, ਫਾਰਮ ਟੂਰਿਜ਼ਮ ਸਕੀਮ, ਆਰਜ਼ੀ ਰਜਿਸਟ੍ਰੇਸ਼ਨ, ਸਥਾਈ ਰਜਿਸਟ੍ਰੇਸ਼ਨ, ਡੁਪਲੀਕੇਟ ਰਜਿਸਟ੍ਰੇਸ਼ਨ ਸਰਟੀਫਿਕੇਟ, ਪੰਜਾਬ ਮੈਡੀਕਲ ਕੌਂਸਲ ਨਾਲ ਸਬੰਧਤ ਵਿਦੇਸ਼ੀ ਰਜਿਸਟ੍ਰੇਸ਼ਨ ਤਬਾਦਲਾ, ਅੱਗ ਤੋਂ ਸੁਰੱਖਿਆ ਬਾਰੇ ਇਤਰਾਜ਼ ਨਹੀਂ ਸਰਟੀਫਿਕੇਟ, ਸੀਵਰੇਜ ਕੁਨੈਕਸ਼ਨ ਵਿੱਚ ਟਾਈਟਲ ਟ੍ਰਾਂਸਫਰ/ਨਾਮ ਤਬਦੀਲੀ ਜਾਂ ਸਥਾਨਕ ਸਰਕਾਰਾਂ ਨਾਲ ਸਬੰਧਤ ਪਾਣੀ ਦੇ ਕੁਨੈਕਸ਼ਨ ਨਾਲ ਸਬੰਧਤ ਸੇਵਾਵਾਂ ਹੁਣ ਸੇਵਾ ਕੇਂਦਰਾਂ ਰਾਹੀਂ ਸਿੱਧੇ ਤੌਰ ‘ਤੇ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਹਨਾਂ ਵਿੱਚੋਂ ਜ਼ਿਆਦਾਤਰ ਸੇਵਾਵਾਂ ਪਹਿਲਾਂ ਔਫਲਾਈਨ ਮੋਡ (ਦਫਤਰ ਤੋਂ) ਪ੍ਰਦਾਨ ਕੀਤੀਆਂ ਜਾਂਦੀਆਂ ਸਨ ਜਿਸ ਨਾਲ ਵਿੱਚ ਸਮੇਂ ਦੀ ਬਰਬਾਦੀ ਹੁੰਦੀ ਸੀ ਅਤੇ ਹੁਣ ਇਹ ਸੇਵਾਵਾਂ ਔਨਲਾਈਨ ਕੰਪਿਊਟਰਾਈਜ਼ਡ ਵਰਕਫਲੋ ਰਾਹੀਂ ਪੂਰੀ ਤਰ੍ਹਾਂ ਸਵੈਚਲਿਤ ਹੋ ਗਈਆਂ ਹਨ ਅਤੇ ਇੰਨ੍ਹਾਂ ਦੀ ਮੌਜੂਦਾ ਸਥਿਤੀ ਦਾ ਵੀ ਆਨਲਾਈਨ ਹੀ ਪਤਾ ਲੱਗਦਾ ਰਹੇਗਾ।
ਬੁਲਾਰੇ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਸੇਵਾ ਕੇਂਦਰਾਂ ਦੇ ਦਾਇਰੇ ਵਿੱਚ ਘੱਟੋ-ਘੱਟ 100 ਹੋਰ ਸੇਵਾਵਾਂ ਨੂੰ ਸ਼ਾਮਲ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਐਮ-ਸੇਵਾ ਤੇ ਪੰਜਾਬ ਸਰਕਾਰ ਦੇ ਪੋਰਟਲ ‘ਤੇ ਵੀ ਨਾਗਰਿਕ ਸੇਵਾਵਾਂ ਮੁਹੱਈਆ ਕੀਤੀਆਂ ਜਾਣ ਤਾਂ ਜੋ ਲੋਕ ਬਿਨਾਂ ਸੇਵਾ ਕੇਂਦਰ ਜਾਏ ਹੀ ਇੰਨਾਂ ਸੇਵਾਵਾਂ ਲਈ ਅਪਲਾਈ ਕਰ ਸਕਣ।
ਇਸ ਮੌਕੇ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ.ਵੇਨੂੰ ਪ੍ਰਸਾਦ, ਪ੍ਰਮੁੱਖ ਸਕੱਤਰ ਪ੍ਰਸ਼ਾਸਕੀ ਸੁਧਾਰ ਤੇਜਵੀਰ ਸਿੰਘ, ਸਿਹਤ ਸਕੱਤਰ ਅਜੋਏ ਸ਼ਰਮਾ ਅਤੇ ਡਾਇਰੈਕਟਰ ਪ੍ਰਸ਼ਾਸਕੀ ਸੁਧਾਰ ਗਿਰੀਸ਼ ਦਿਆਲਨ ਹਾਜ਼ਰ ਸਨ।

ਟਰਾਂਸਪੋਰਟ ਮੰਤਰੀ ਭੁੱਲਰ ਵੱਲੋਂ ਸਕੂਲ ਪ੍ਰਬੰਧਕਾਂ ਨੂੰ ਐਮਨੈਸਟੀ ਸਕੀਮ ਤਹਿਤ 5 ਅਗਸਤ ਤੱਕ ਬੱਸਾਂ ਦੇ ਬਕਾਇਆ ਟੈਕਸ ਭਰਨ ਦੀ ਹਦਾਇਤ

0

ਕਿਹਾ, ਨਿਰਧਾਰਤ ਸਮੇਂ ਪਿੱਛੋਂ ਉਲੰਘਣਾ ਕਰਨ ਵਾਲਿਆਂ ‘ਤੇ ਹੋਵੇਗੀ ਸਖ਼ਤ ਕਾਰਵਾਈ
ਸੁਖਜਿੰਦਰ ਮਾਨ
ਚੰਡੀਗੜ੍ਹ, 28 ਮਈ:ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਸੂਬੇ ਦੇ ਸਮੂਹ ਸਕੂਲ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ 5 ਅਗਸਤ ਤੱਕ ਬੱਸਾਂ ਦੇ ਪੁਰਾਣੇ ਬਕਾਇਆ ਟੈਕਸ ਭਰ ਦੇਣ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਿਰਧਾਰਤ ਮਿਤੀ ਪਿੱਛੋਂ ਡਿਫ਼ਾਲਟਰਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਇੱਥੇ ਵੱਖ-ਵੱਖ ਸਕੂਲ ਮੁਖੀਆਂ ਅਤੇ ਪ੍ਰਬੰਧਕਾਂ ਨਾਲ ਮੀਟਿੰਗ ਦੌਰਾਨ ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਟੈਕਸ ਡਿਫ਼ਾਲਟਰਾਂ ਲਈ ਐਮਨੈਸਟੀ ਸਕੀਮ ਚਲਾਈ ਜਾ ਰਹੀ ਹੈ ਜਿਸ ਤਹਿਤ ਟੈਕਸ ਡਿਫ਼ਾਲਟਰਾਂ ਨੂੰ 5 ਅਗਸਤ ਤੱਕ ਟੈਕਸ ਭਰਨ ਦਾ ਸਮਾਂ ਦਿੱਤਾ ਗਿਆ ਹੈ।
ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਜਿੱਥੇ ਸਰਕਾਰ ਵੱਲੋਂ ਚਲਾਈ ਜਾ ਰਹੀ “ਸੇਫ਼ ਸਕੂਲ ਵਾਹਨ ਸਕੀਮ” ਨੂੰ ਸਹੀ ਮਾਅਨਿਆਂ ਵਿੱਚ ਲਾਗੂ ਕਰਨ ਲਈ ਸਕੂਲਾਂ ਪ੍ਰਬੰਧਕਾਂ ਤੋਂ ਪੂਰਨ ਸਹਿਯੋਗ ਦੀ ਮੰਗ ਕੀਤੀ, ਉਥੇ ਸਪੱਸ਼ਟ ਤੌਰ ‘ਤੇ ਕਿਹਾ, “ਸਕੂਲ ਵਾਹਨਾਂ ‘ਤੇ ਆਉਣ-ਜਾਣ ਵਾਲੇ ਵਿਦਿਆਰਥੀਆਂ ਦੀ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਮੱਦੇਨਜ਼ਰ ਸਕੂਲ ਬੱਸਾਂ ਵਿੱਚ ਨਿਯਮਾਂ ਮੁਤਾਬਕ ਰਹਿੰਦੀਆਂ ਕਮੀਆਂ ਨੂੰ 31 ਅਗਸਤ ਤੱਕ ਹਰ ਹੀਲੇ ਪੂਰਾ ਕਰ ਲਿਆ ਜਾਵੇ। ਮੰਤਰੀ ਨੇ ਕਿਹਾ ਕਿ ਸਮੂਹ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਸਪੱਸ਼ਟ ਹਦਾਇਤ ਹੈ ਕਿ ਉਹ ਸਮੇਂ-ਸਮੇਂ ‘ਤੇ ਸਕੂਲ ਵਾਹਨਾਂ ਦੀ ਚੈਕਿੰਗ ਕਰਨ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਕੂਲ ਵਾਹਨਾਂ ਨੂੰ ਜ਼ਬਤ ਕਰਨ।
ਸ. ਭੁੱਲਰ ਨੇ ਕਿਹਾ ਕਿ ਬੱਸਾਂ ਵਿੱਚ ਨਿਯਮਾਂ ਮੁਤਾਬਕ ਲੋੜੀਂਦੇ ਸਮਾਨ ਦੀ ਘਾਟ ਕਾਰਨ ਵਾਪਰੀ ਅਣਸੁਖਾਵੀਂ ਘਟਨਾ ਦੀ ਮੁਕੰਮਲ ਜ਼ਿੰਮੇਵਾਰੀ ਸਕੂਲ ਪ੍ਰਬੰਧਕਾਂ ਦੀ ਹੋਵੇਗੀ।ਟਰਾਂਸਪੋਰਟ ਮੰਤਰੀ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਜੇ ਉਨ੍ਹਾਂ ਨੂੰ ਵੀ ਸਕੂਲ ਵਾਹਨਾਂ ਵਿੱਚ ਨਿਯਮਾਂ ਦੀ ਉਲੰਘਣਾ ਜਿਵੇਂ ਅੱਗ ਬੁਝਾਊ ਯੰਤਰ, ਫਸਟ-ਏਡ ਬਾਕਸ, ਸਪੀਡ ਗਵਰਨਰ, ਐਮਰਜੈਂਸੀ ਖਿੜਕੀ, ਸਕੂਲ ਬੈਗ ਰੱਖਣ ਲਈ ਸਹੀ ਪ੍ਰਬੰਧ, ਪਰਮਿਟ, ਬੱਚਿਆਂ ਦੇ ਬੈਠਣ ਲਈ ਸਹੀ ਸੀਟਾਂ ਦਾ ਪ੍ਰਬੰਧ ਆਦਿ ਨਾ ਹੋਵੇ ਤਾਂ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਜਾਣਕਾਰੀ ਦੇਣ ਅਤੇ ਉਹ ਪੂਰੀ ਤਰ੍ਹਾਂ ਨਾਲ ਜਾਂਚ ਕਰਨ ਉਪਰੰਤ ਹੀ ਆਪਣੇ ਬੱਚਿਆਂ ਨੂੰ ਸਕੂਲ ਵਾਹਨ ਵਿੱਚ ਭੇਜਣ। ਮੰਤਰੀ ਨੇ ਕਿਹਾ ਕਿ ਬੱਸਾਂ ‘ਤੇ ਸਕੂਲ ਦਾ ਨਾਮ ਅਤੇ ਫ਼ੋਨ ਨੰਬਰ ਲਿਖਣਾ ਲਾਜ਼ਮੀ ਹੈ।

ਮਾਪਿਆਂ ਨੂੰ ਆਪਣੇ ਬੱਚਿਆਂ ਦੇ ਟੀਕਾਕਰਨ ਲਈ ਫ਼ੋਨ ‘ਤੇ ਐਸ.ਐਮ.ਐਸ ਅਲਰਟ ਮਿਲੇਗਾ

0

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਾਪਿਆਂ ਨੂੰ ਟੀਕਾਕਰਨ ਦੀ ਸਮਾਂ-ਸਾਰਣੀ ਬਾਰੇ ਯਾਦ ਕਰਵਾਉਣ ਵਾਲੀ ਆਟੋਮੈਟਿਕ ਸਹੂਲਤ ਦੀ ਸ਼ੁਰੂਆਤ
ਸੁਖਜਿੰਦਰ ਮਾਨ
ਚੰਡੀਗੜ੍ਹ, 28 ਮਈ: ਸੂਬੇ ਭਰ ਦੇ ਬੱਚਿਆਂ ਦਾ ਲਾਜ਼ਮੀ ਟੀਕਾਕਰਨ ਯਕੀਨੀ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ 0 ਤੋਂ 5 ਸਾਲ ਦੀ ਉਮਰ ਦੇ ਨਵਜੰਮੇ ਬੱਚਿਆਂ ਦੇ ਮਾਪਿਆਂ ਨੂੰ ਮੋਬਾਈਲ ਫੋਨਾਂ ‘ਤੇ ਟੀਕਾਕਰਨ ਲਈ ਦੀ ਸਮਾਂ-ਸਾਰਣੀ ਬਾਰੇ ਸੰਦੇਸ਼ ਭੇਜਣ ਦੀ ਸ਼ੁਰੂਆਤ ਕੀਤੀ।ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੂੰ ਇਸ ਵੱਡੇ ਕਾਰਜ ਨੂੰ ਇੱਕ ਮੁਹਿੰਮ ਵਜੋਂ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਟੀਕਾਕਰਨ ਦੀ ਸਮਾਂ-ਸਾਰਣੀ ਅਤੇ ਨਜ਼ਦੀਕੀ ਟੀਕਾਕਰਨ ਕੇਂਦਰ ਦੇ ਵੇਰਵਿਆਂ ਵਾਲਾ ਸੁਨੇਹਾ ਮਾਪਿਆਂ ਦੇ ਰਜਿਸਟਰਡ ਮੋਬਾਈਲ ਨੰਬਰਾਂ ‘ਤੇ ਆਪਣੇ ਆਪ ਭੇਜ ਦਿੱਤਾ ਜਾਇਆ ਕਰੇਗਾ। ਇਹ ਸਹੂਲਤ ਪੰਜਾਬ ਦੀ ਟੀਕਾਕਰਨ ਸਥਿਤੀ ਨੂੰ ਸੁਧਾਰਨ ਵਿੱਚ ਮਦਦਗਾਰ ਸਾਬਤ ਹੋਵੇਗੀ।ਇਸ ਸਹੂਲਤ ਦੀ ਰੂਪ ਰੇਖਾ ਬਾਰੇ ਗੱਲ ਕਰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਆਟੋਮੈਟਿਕ ਅਲਰਟ ਸਹੂਲਤ ਦੋਭਾਸ਼ੀ ਭਾਸ਼ਾ (ਪੰਜਾਬੀ ਅਤੇ ਅੰਗਰੇਜ਼ੀ) ਵਿੱਚ ਉਪਲਬਧ ਹੋਵੇਗੀ। ਇਸ ਸਹੂਲਤ ਦਾ ਉਦੇਸ਼ ਸਾਰੇ ਮਾਪਿਆਂ (ਪੰਜਾਬ ਦੇ ਨਾਗਰਿਕ) ਨੂੰ ਉਨ੍ਹਾਂ ਦੇ ਬੱਚਿਆਂ ਦੇ ਸਮੇਂ ਸਿਰ ਟੀਕਾਕਰਨ ਲਈ ਜਾਗਰੂਕ ਕਰਨਾ ਅਤੇ ਜਾਗਰੂਕਤਾ ਫੈਲਾਉਣ ਤੋਂ ਇਲਾਵਾ ਬੱਚਿਆਂ ਦੇ ਟੀਕਾਕਰਨ (31 ਟੀਕਿਆਂ) ਦੀ ਸਮਾਂ-ਸਾਰਣੀ ਦੀ ਨਿਗਰਾਨੀ ਕਰਨਾ ਅਤੇ ਪਤਾ ਲਗਾਉਣਾ ਹੈ।
ਬੁਲਾਰੇ ਨੇ ਅੱਗੇ ਕਿਹਾ ਕਿ ਇਸ ਸਹੂਲਤ ਰਾਹੀਂ 4 ਲੱਖ ਤੋਂ ਵੱਧ ਰਜਿਸਟਰਡ ਜਨਮਾਂ ਦੇ ਮੌਜੂਦਾ ਸਾਲ ਦੇ ਅੰਕੜਿਆਂ ਨੂੰ ਕਵਰ ਕੀਤਾ ਜਾਵੇਗਾ ਅਤੇ ਅਗਲੇ 5 ਸਾਲਾਂ (ਪੂਰੀ ਟੀਕਾਕਰਨ ਉਮਰ) ਲਈ ਉਨ੍ਹਾਂ ਦੇ ਟੀਕਾਕਰਨ ‘ਤੇ ਨਜ਼ਰ ਰੱਖੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਪਹਿਲਕਦਮੀ ਪੰਜਾਬ ਸਰਕਾਰ ਦੀ ਸਰਪ੍ਰਸਤੀ ਹੇਠ ਪ੍ਰਸ਼ਾਸਨਿਕ ਸੁਧਾਰ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ।ਬੁਲਾਰੇ ਨੇ ਦੱਸਿਆ ਕਿ ਇਹ ਸਹੂਲਤ ਪੰਜਾਬ ਰਾਜ ਵਿੱਚ ਰਜਿਸਟਰਡ ਜਨਮਾਂ ਦੇ ਅੰਕੜਿਆਂ (ਈ-ਸੇਵਾ) ਨਾਲ ਲਿੰਕ ਕੀਤੀ ਗਈ ਹੈ।ਜਿਕਰਯੋਗ ਹੈ ਕਿ ਟੀਕਾਕਰਨ ਰੀਮਾਈਂਡਰ ਸੇਵਾਵਾਂ ਅਨੇਕਾਂ ਦੇਸ਼ਾਂ ਵਿੱਚ ਟੀਕਾਕਰਨ ਨੂੰ 20 ਫੀਸਦੀ ਤੱਕ ਵਧਾਉਣ ਵਿੱਚ ਪ੍ਰਭਾਵਸ਼ਾਲੀ ਰਹੀਆਂ ਹਨ ਅਤੇ ਅਜਿਹੇ ਬਹੁਤ ਸਾਰੇ ਵਿਗਿਆਨਕ ਅਧਿਐਨ ਹਨ ਜਿੰਨਾਂ ਨੇ ਟੀਕਾਕਰਨ ਰੀਮਾਈਂਡਰ ਦੀ ਪ੍ਰਭਾਵਸ਼ੀਲਤਾ ਨੂੰ ਦਰਸਾਇਆ ਹੈ।ਇਸ ਸਹੂਲਤ ਨੂੰ ਜਾਰੀ ਕਰਨ ਮੌਕੇ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ.ਵੇਨੂੰ ਪ੍ਰਸਾਦ, ਪ੍ਰਮੁੱਖ ਸਕੱਤਰ ਪ੍ਰਸ਼ਾਸਕੀ ਸੁਧਾਰ ਤੇਜਵੀਰ ਸਿੰਘ, ਸਕੱਤਰ ਸਿਹਤ ਡਾ. ਅਜੋਏ ਸ਼ਰਮਾ ਅਤੇ ਡਾਇਰੈਕਟਰ ਪ੍ਰਸ਼ਾਸਕੀ ਸੁਧਾਰ ਗਿਰੀਸ਼ ਦਿਆਲਨ ਵੀ ਮੌਜੂਦ ਸਨ।

ਪੰਜਾਬ ਦੇ ਆਬਕਾਰੀ ਵਿਭਾਗ ਵੱਲੋਂ ਸਕਾਚ ਦੀਆਂ ਬੋਤਲਾਂ ਵਿੱਚ ਨਕਲੀ ਸ਼ਰਾਬ ਭਰਨ ਵਾਲੇ ਗਿਰੋਹ ਦਾ ਪਰਦਾਫਾਸ਼

0

ਗਿਰੋਹ ਦੇ 4 ਮੈਂਬਰ ਨਕਲੀ ਸ਼ਰਾਬ ਸਮੇਤ ਕਾਬੂ
ਸੁਖਜਿੰਦਰ ਮਾਨ
ਚੰਡੀਗੜ੍ਹ, 28 ਮਈ:ਪੰਜਾਬ ਦੇ ਆਬਕਾਰੀ ਵਿਭਾਗ ਅਤੇ ਜ਼ਿਲ੍ਹਾ ਪੁਲਿਸ ਫਤਿਹਗੜ੍ਹ ਸਾਹਿਬ ਵੱਲੋਂ ਸ਼ਰਾਬ ਤਸਕਰਾਂ ਦੇ ਇੱਕ ਸੰਗਠਿਤ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਹ ਗਿਰੋਹ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਦੀ ਤਸਕਰੀ ਕਰਕੇ ਉਸਨੂੰ ਮਹਿੰਗੇ ਇੰਪੋਰਟਡ ਸਕਾਚ ਬ੍ਰਾਂਡਾਂ ਦੀਆਂ ਬੋਤਲਾਂ ਵਿੱਚ ਭਰਦਾ ਸੀ। ਗਿਰੋਹ ਦੇ 4 ਮੈਂਬਰਾਂ ਨੂੰ ਨਕਲੀ ਸ਼ਰਾਬ ਸਮੇਤ ਕਾਬੂ ਕੀਤਾ ਗਿਆ, ਜਿਨ੍ਹਾਂ ਕੋਲੋਂ ਸ਼ੀਵਾਸ ਰੀਗਲ ਦੇ 4 ਕੇਸ, ਗਲੇਨਲਿਵਟ ਦੇ 4 ਕੇਸ ਅਤੇ ਗੋਲਡ ਲੇਬਲ ਰਿਜ਼ਰਵ ਦੇ 2 ਕੇਸ ਮੌਕੇ ‘ਤੇ ਮਿਲੇ ਹਨ।
ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸ਼ਰਾਬ ਦੀ ਤਸਕਰੀ ਜਾਂ ਆਬਕਾਰੀ ਨਾਲ ਸਬੰਧਤ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਨੀਤੀ ਅਪਣਾਈ ਹੋਈ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਯੁਕਤ ਆਬਕਾਰੀ ਕਮਿਸ਼ਨਰ ਨਰੇਸ਼ ਦੂਬੇ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਸੰਗਠਿਤ ਗਿਰੋਹ ਚੰਡੀਗੜ੍ਹ ਤੋਂ ਪੰਜਾਬ ਵਿੱਚ ਸਸਤੀ ਸ਼ਰਾਬ ਦੀ ਤਸਕਰੀ ਕਰਕੇ ਇਸ ਨੂੰ ਮਹਿੰਗੇ ਸਕਾਚ ਬ੍ਰਾਂਡਾਂ ਦੀਆਂ ਬੋਤਲਾਂ ਵਿੱਚ ਭਰਦਾ ਹੈ। ਆਬਕਾਰੀ ਵਿਭਾਗ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸ.ਓ.ਜੀ.) ਅਤੇ ਜ਼ਿਲ੍ਹਾ ਪੁਲਿਸ ਫਤਿਹਗੜ੍ਹ ਸਾਹਿਬ ਦੇ ਸਾਂਝੇ ਯਤਨਾਂ ਨਾਲ ਇਹ ਖੁਫ਼ੀਆ ਜਾਣਕਾਰੀ ਹਾਸਲ ਕੀਤੀ ਗਈ ਸੀ।
ਦੋ ਦਿਨ ਪਹਿਲਾਂ ਟੀਮ ਨੂੰ ਇਤਲਾਹ ਮਿਲੀ ਕਿ ਮੁਲਜ਼ਮ ਕੁੰਦਨ ਵਿਸ਼ਟ ਪੁੱਤਰ ਮੋਹਨ ਸਿੰਘ ਵਾਸੀ ਮਕਾਨ ਨੰਬਰ 226 ਪਿੰਡ ਕਝੇੜੀ, ਚੰਡੀਗੜ੍ਹ ਆਪਣੇ ਗਰੋਹ ਦੇ ਮੈਂਬਰਾਂ ਨਾਲ ਮਿਲ ਕੇ ਨਕਲੀ ਸਕਾਚ ਸ਼ਰਾਬ ਦੀ ਸਪਲਾਈ ਕਰੇਗਾ। ਮੁਲਜ਼ਮਾਂ ਨੂੰ ਰੰਗੇ ਹੱਥੀਂ ਫੜਨ ਲਈ ਆਬਕਾਰੀ ਤੇ ਪੁਲੀਸ ਦੇ ਸਪੈਸ਼ਲ ਅਪਰੇਸ਼ਨ ਗਰੁੱਪ ਦੀਆਂ ਟੀਮਾਂ ਹਰਕਤ ਵਿੱਚ ਆਈਆਂ ਅਤੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ। ਟੀਮਾਂ ਨੂੰ ਉਸ ਸਮੇਂ ਸਫ਼ਲਤਾ ਮਿਲੀ ਜਦੋਂ ਦੋ ਕਾਰਾਂ ਟਾਟਾ ਟਿਆਗੋ ਸੀਐਚ01ਬੀਵੀ9460 ਅਤੇ ਸਵਿਫਟ ਐਚਆਰ51ਬੀਡੀ5918 ਨੂੰ ਖਮਾਣੋਂ ਨੇੜੇ ਨਾਕੇ ’ਤੇ ਰੋਕਿਆ ਗਿਆ ਅਤੇ ਗਰੋਹ ਦੇ ਚਾਰ ਮੈਂਬਰ ਕੁੰਦਨ ਵਿਸ਼ਟ, ਹਰਸ਼ਵਰਦਨ ਪੁੱਤਰ ਸਤੀਸ਼ਵਰ ਪ੍ਰਸ਼ਾਦ ਵਾਸੀ ਮਕਾਨ ਨੰ. 19, ਡਿਫੈਂਸ ਕਲੋਨੀ ਅੰਬਾਲਾ, ਪਰਦੀਪ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਪਿੰਡ ਨਰਾਇਣਗੜ੍ਹ, ਜ਼ਿਲ੍ਹਾ ਜੀਂਦ, ਹਰਿਆਣਾ ਅਤੇ ਜੈਸਮੀਨ ਕੌਰ ਪੁੱਤਰੀ ਰਾਜਵੀਰ ਸਿੰਘ ਵਾਸੀ ਸੰਗਰੂਰ ਨੂੰ ਮੌਕੇ ਤੋਂ ਕਾਬੂ ਕੀਤਾ ਗਿਆ। ਟੀਮ ਨੇ ਮੌਕੇ `ਤੇ ਸ਼ੀਵਾਸ ਰੀਗਲ ਦੇ 4 ਕੇਸ, ਗਲੇਨਲਵਿਟ ਦੇ 4 ਕੇਸ ਅਤੇ ਗੋਲਡ ਲੇਬਲ ਰਿਜ਼ਰਵ ਦੇ 2 ਕੇਸ ਬਰਾਮਦ ਕੀਤੇ।
ਪੁੱਛਗਿੱਛ ਦੌਰਾਨ ਗਿਰੋਹ ਦੇ ਮੈਂਬਰਾਂ ਨੇ ਅੱਗੇ ਖੁਲਾਸਾ ਕੀਤਾ ਕਿ ਉਹ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਦੀ ਤਸਕਰੀ ਕਰਦੇ ਹਨ ਅਤੇ ਆਪਣੀ ਕਿਰਾਏ ਦੀ ਰਿਹਾਇਸ਼ ਵਿਖੇ ਇਸ ਸ਼ਰਾਬ ਨੂੰ ਮਹਿੰਗੀ ਸਕਾਚ ਦੀਆਂ ਖਾਲੀ ਬੋਤਲਾਂ `ਚ ਭਰ ਦਿੰਦੇ ਹਨ। ਬਾਅਦ ਵਿਚ ਟੀਮ ਨੇ ਪਰਦੀਪ ਸਿੰਘ ਅਤੇ ਜੈਸਮੀਨ ਕੌਰ ਦੇ ਮਦਨਪੁਰ, ਜ਼ਿਲ੍ਹਾ ਮੋਹਾਲੀ ਵਿਚ ਕਿਰਾਏ ਦੇ ਮਕਾਨ `ਤੇ ਛਾਪਾ ਮਾਰ ਕੇ 2 ਕੇਸ ਹਾਈ ਸਪੀਡ (ਚੰਡੀਗੜ੍ਹ ਵਿਚ ਵਿਕਰੀ ਲਈ), 2 ਕੇਸ ਕਿੰਗ ਗੋਲਡ (ਚੰਡੀਗੜ੍ਹ ਵਿਚ ਵਿਕਰੀ ਲਈ), ਇੱਕ ਕੇਸ ਯੂ.ਕੇ. ਨੰ. 1 (ਚੰਡੀਗੜ੍ਹ ਵਿੱਚ ਵਿਕਰੀ ਲਈ), ਯੂ.ਕੇ. ਨੰ. 1 ਦੀਆਂ 150 ਖਾਲੀ ਬੋਤਲਾਂ (ਚੰਡੀਗੜ੍ਹ ਵਿੱਚ ਵਿਕਰੀ ਲਈ), ਹਾਈ ਸਪੀਡ ਵਿਸਕੀ ਦੀਆਂ 21 ਖਾਲੀ ਬੋਤਲਾਂ, ਸਿੰਗਲਟਨ ਵਿਸਕੀ ਦੀਆਂ 3 ਖਾਲੀ ਬੋਤਲਾਂ, ਬਲੈਕ ਲੇਬਲ ਜੌਨੀ ਵਾਕਰ ਦੀਆਂ 5 ਖਾਲੀ ਬੋਤਲਾਂ, ਬਲੂ ਲੇਬਲ ਦੀਆਂ 14 ਖਾਲੀ ਬੋਤਲਾਂ, ਗਲੇਨਲਿਵਟ ਦੇ 5 ਡੱਬੇ, ਬਲੈਕ ਡੌਗ ਗੋਲਡ ਦੇ 2 ਡੱਬੇ, ਗਲੇਨਫਿਡਿਚ 15 ਯੀਅਰਜ਼ ਦਾ ਇੱਕ ਡੱਬਾ ਅਤੇ ਗਲੇਨਲਿਵਟ, ਗਲੇਨਫਿਡਿਚ ਅਤੇ ਬਲੈਕ ਲੇਬਲ ਬ੍ਰਾਂਡਾਂ ਦੇ ਢੱਕਣ ਜ਼ਬਤ ਕੀਤੇ।
ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਇਹ ਵੀ ਮੰਨਿਆ ਕਿ ਉਹ ਮੁਹਾਲੀ ਅਤੇ ਲੁਧਿਆਣਾ ਖੇਤਰ ਦੇ ਵੱਖ-ਵੱਖ ਸਕਰੈਪ ਡੀਲਰਾਂ ਤੋਂ ਸਕਾਚ ਬ੍ਰਾਂਡ ਦੀਆਂ ਖਾਲੀ ਬੋਤਲਾਂ ਖਰੀਦਦੇ ਹਨ ਅਤੇ ਉਹ ਵੀ ਇਸ ਰੈਕੇਟ ਵਿੱਚ ਸ਼ਾਮਲ ਹਨ। ਪੁਲਿਸ ਦੀਆਂ ਟੀਮਾਂ ਇਨ੍ਹਾਂ ਡੀਲਰਾਂ ਦਾ ਪਤਾ ਕਰ ਰਹੀਆਂ ਹਨ ਅਤੇ ਗ੍ਰਿਫ਼ਤਾਰੀ ਲਈ ਉਨ੍ਹਾਂ ਦੇ ਟਿਕਾਣਿਆਂ `ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।ਕੁੰਦਨ ਵਿਸ਼ਟ, ਹਰਸ਼ਵਰਦਨ, ਪਰਦੀਪ ਸਿੰਘ ਅਤੇ ਜੈਸਮੀਨ ਕੌਰ ਦੇ ਖਿਲਾਫ਼ ਪੰਜਾਬ ਆਬਕਾਰੀ ਐਕਟ ਦੀ ਧਾਰਾ 61/1/14 ਅਤੇ 78(2) ਅਤੇ ਆਈ.ਪੀ.ਸੀ. ਦੀ ਧਾਰਾ 420 ਅਤੇ 120-ਬੀ ਦੇ ਤਹਿਤ ਪੁਲਿਸ ਥਾਣਾ ਖਮਾਣੋਂ ਵਿਖੇ ਐਫਆਈਆਰ ਨੰ. 60 ਮਿਤੀ 26-05-2022 ਦਰਜ ਕੀਤੀ ਗਈ ਹੈ।

ਮਲਟੀਪਰਪਜ਼ ਹੈਲਥ ਇੰਪਲਾਈਜ ਯੂਨੀਅਨ ਜ਼ਿਲ੍ਹਾ ਬਠਿੰਡਾ ਦੀ ਹੋਈ ਚੋਣ

0

ਸਾਥੀ ਗਗਨਦੀਪ ਸਿੰਘ ਪ੍ਰਧਾਨ ਤੇ ਭੁਪਿੰਦਰ ਕੌਰ ਜਨਰਲ ਸਕੱਤਰ ਚੁਣੇ ਗਏ
ਸੁਖਜਿੰਦਰ ਮਾਨ
ਬਠਿੰਡਾ, 28 ਮਈ : ਅੱਜ ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਜ਼ਿਲ੍ਹਾ ਬਠਿੰਡਾ ਦੀ ਚੋਣ ਸਾਥੀ ਕੁਲਬੀਰ ਸਿੰਘ ਮੋਗਾ, ਗੁਲਜ਼ਾਰ ਖਾਂ ਅਤੇ ਸੁਖਵਿੰਦਰ ਸਿੰਘ ਮੁਕਤਸਰ ਦੀ ਨਿਗਰਾਨੀ ਵਿਚ ਹੋਈ।ਜਿਸ ਦੌਰਾਨ ਪਿਛਲੇ ਸਮੇਂ ਦੌਰਾਨ ਕੀਤੇ ਕੰਮ,ਭਵਿੱਖੀ ਕਾਰਜ ਅਤੇ ਜਥੇਬੰਦੀ ਵੱਲੋਂ ਰਹੀਆਂ ਘਾਟਾਂ ਕੰਮਜ਼ੋਰੀਆਂ ਦੀ ਰਿਪੋਰਟ ਸਾਥੀ ਜਸਵਿੰਦਰ ਸ਼ਰਮਾ ਜਨਰਲ ਸਕੱਤਰ ਵੱਲੋਂ ਪੇਸ਼ ਕੀਤੀ ਗਈ।ਜਿਸ ਤੇ ਵੱਖ ਵੱਖ ਬਲਾਕਾਂ ਤੋਂ ਆਏ ਸੱਤ ਸਾਥੀਆਂ ਨੇ ਬਹਿਸ ਵਿੱਚ ਹਿੱਸਾ ਲਿਆ।ਸਾਥੀ ਹਰਮਿੰਦਰ ਸਿੰਘ ਢਿੱਲੋ, ਸੁਭਾਸ਼ ਸ਼ਰਮਾ ਪੈਨਸ਼ਨਰ ਆਗੂ, ਪ ਸ ਸ ਫ (ਵਿਗਿਆਨਕ) ਵੱਲੋਂ ਕੇਵਲ ਸਿੰਘ, ਕੁਲਵਿੰਦਰ ਸਿੰਘ ਫਾਰਮੇਸੀ ਅਫਸਰ ਐਸੋਸੀਏਸ਼ਨ, ਸਵਰਨਜੀਤ ਕੌਰ ਨਰਸਿੰਗ ਆਗੂ ਅਤੇ ਹਾਕਮ ਸਿੰਘ ਲੈਬ ਟੈਕਨੀਸ਼ੀਅਨ ਨੇ ਭਰਾਤਰੀ ਸੰਦੇਸ਼ ਦਿੱਤਾ ਅਤੇ ਸਰਕਾਰ ਦੀਆਂ ਮੁਲਾਜ਼ਮ ਮਜ਼ਦੂਰ ਕਿਸਾਨ ਮਾਰੂ ਨੀਤੀਆਂ ਤੇ ਆਪਣੇ ਵਿਚਾਰ ਰੱਖਦੇ ਹੋਏ ਇਹਨਾਂ ਨੀਤੀਆਂ ਦਾ ਵਿਰੋਧ ਕਰਨ ਦਾ ਪ੍ਰਣ ਦੁਹਰਾਇਆ।ਇਸ ਜਥੇਬੰਦਕ ਜ਼ਿਲ੍ਹਾ ਇਜਲਾਸ ਵਿੱਚ ਮੁਲਾਜ਼ਮ ਮੰਗਾਂ ਨਾਲ ਸਬੰਧ ਰੱਖਦੇ ਸੱਤ ਮਤੇ ਜਿਸ ਵਿਚ ਸਾਰੇ ਕਿਸਮ ਦੇ ਕੱਚੇ ਕਾਮੇ ਪੱਕੇ ਕਰਨ,ਪੁਰਾਣੀ ਪੈਨਸ਼ਨ ਬਹਾਲ ਕਰਨ, ਮਲਟੀਪਰਪਜ ਹੈਲਥ ਇੰਪਲਾਈਜ ਕੇਡਰ ਦਾ ਨਾਂ ਬਦਲਣ,ਸਿਹਤ ਕਾਮਿਆਂ ਦੇ ਕੱਟੇ ਭੱਤੇ ਬਹਾਲ ਕਰਨ, ਮਹੱਲਾ ਕਲੀਨਿਕਾਂ ਵਿਚ ਰੈਗੂਲਰ ਸਟਾਫ ਦੀ ਭਰਤੀ ਕਰਨ,ਸਿਹਤ ਮਹਿਕਮੇ ਦਾ ਨਿੱਜੀਕਰਨ ਬੰਦ ਕਰਨ, ਪੰਜਾਬ ਦੇ ਮੁਲਾਜ਼ਮਾਂ ਦੇ ਸਕੇਲ ਪੰਜਾਬ ਪੈਟਰਨ ਤੇ ਦੇਣ ਸਬੰਧੀ ਸਮੁੱਚੇ ਇਜਲਾਸ ਵੱਲੋਂ ਸਰਬਸੰਮਤੀ ਨਾਲ ਪਾਸ ਕੀਤੇ ਗਏ ਅਤੇ ਜਥੇਬੰਦੀ ਵੱਲੋਂ ਸੋਮਵਾਰ ਮਿਤੀ 30-5-2022 ਨੂੰ ਇਹ ਮਤੇ ਡਿਪਟੀ ਕਮਿਸ਼ਨਰ ਬਠਿੰਡਾ ਰਾਹੀਂ ਸਰਕਾਰ ਨੂੰ ਭੇਜੇ ਜਾਣਗੇ ਅਤੇ ਅੰਤ ਵਿੱਚ ਜਥੇਬੰਦੀ ਦੀ ਪੁਰਾਣੀ ਬਾਡੀ ਭੰਗ ਕਰਕੇ ਨਵੀਂ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ।ਜਿਸ ਵਿੱਚ ਗਗਨਦੀਪ ਸਿੰਘ ਪ੍ਰਧਾਨ, ਭੁਪਿੰਦਰ ਕੌਰ ਜਨਰਲ ਸਕੱਤਰ, ਰੁਪਿੰਦਰ ਰਾਣੀ ਕੈਸ਼ੀਅਰ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸ਼ਰਮਾ,ਪ੍ਰੈੱਸ ਸਕੱਤਰ ਹਰਮੀਤ ਸਿੰਘ, ਰਾਜਵਿੰਦਰ ਸਿੰਘ,ਮੀਤ ਪ੍ਰਧਾਨ ਸੱਤਪਾਲ ਸਿੰਘ, ਮਨਪ੍ਰੀਤ ਸਿੰਘ ਨਥਾਣਾ,ਐਡੀਟਰ ਮਲਕੀਤ ਸਿੰਘ ਬੁਗਰ, ਮੁੱਖ ਸਲਾਹਕਾਰ ਪਰਮਿੰਦਰ ਕੌਰ ਪਥਰਾਲਾ, ਸਹਾਇਕ ਸਕੱਤਰ ਸੁੰਦਰ ਸਿੰਘ, ਮੁਨੀਸ਼ ਕੁਮਾਰ, ਸਹਾਇਕ ਵਿੱਤ ਸਕੱਤਰ ਬਲਜੀਤ ਕੌਰ ਤੇ ਭੁਪਿੰਦਰ ਸਿੰਘ, ਸਲਾਹਕਾਰ ਰਣਜੀਤ ਕੌਰ ਗੋਨਿਆਣਾ, ਕੁਲਦੀਪ ਸਿੰਘ ਤਲਵੰਡੀ ਸਾਬੋ,ਸੁਯੰਕਤ ਸਕੱਤਰ ਸੁਖਵੰਤ ਸਿੰਘ,ਜਥੇਬੰਦਕ ਸਕੱਤਰ ਬਲਜੀਤ ਸਿੰਘ,ਪ੍ਰਾਪੇਗੰਡਾ ਸਕੱਤਰ ਕਿਰਨਜੀਤ ਕੌਰ ਸੰਗਤ, ਰਵਿੰਦਰ ਕੌਰ ਗੋਨਿਆਣਾ, ਚਰਨਜੀਤ ਕੌਰ ਅਤੇ ਕਮੇਟੀ ਮੈਂਬਰ ਪਰਮਜੀਤ ਕੌਰ, ਅਮ੍ਰਿਤਪਾਲ ਕੌਰ ਨੂੰ ਚੁਣਿਆ ਗਿਆ ਅਤੇ ਬਲਾਕਾਂ ਦੇ ਸਾਰੇ ਪ੍ਰਧਾਨ ਅਤੇ ਸਕੱਤਰ ਕਮੇਟੀ ਮੈਂਬਰ ਹੋਣਗੇ। ਸਮੁੱਚੇ ਆਏ ਕਰਮਚਾਰੀਆਂ ਦਾ ਧੰਨਵਾਦ ਕਰਦੇ ਹੋਏ ਸਾਥੀ ਗਗਨਦੀਪ ਸਿੰਘ ਨੇ ਸਮੁੱਚੀ ਕਮੇਟੀ ਵੱਲੋਂ ਆਪਣੀ ਜ਼ਿੰਮੇਵਾਰੀ ਨੂੰ ਤਨ ਮਨ ਧਨ ਨਾਲ ਨਿਭਾਉਣ ਦਾ ਵਾਅਦਾ ਕੀਤਾ ਅਤੇ ਕਰਮਚਾਰੀਆਂ ਤੋਂ ਇਹ ਵਾਅਦਾ ਲਿਆ ਕਿ ਤੁਸੀਂ ਲੋਕ ਪਿਛਲੇ ਸਮੇਂ ਦੀ ਤਰਾਂ ਇਸ ਕਮੇਟੀ ਦਾ ਸਾਥ ਦਿੰਦੇ ਰਹੋਗੇ। ਸਮੁੱਚੀ ਕਮੇਟੀ ਨੇ ਵਿਚਾਰ ਕਰਦੇ ਹੋਏ ਮਲਟੀਪਰਪਜ ਕਾਮਿਆਂ ਦੀਆਂ ਮੰਗਾਂ ਤੇ ਪੂਰਨ ਦਿਰੜਤਾ ਨਾਲ ਖੜ ਕੇ ਮੰਗਾਂ ਮੰਨਵਾਉਣ ਦਾ ਪ੍ਰਣ ਕੀਤਾ।

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੀ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ

0

ਜ਼ਿਲ੍ਹੇ ਭਰ ’ਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਸਬੰਧੀ ਪ੍ਰਗਤੀ ਰਿਪੋਰਟ ਦੀ ਕੀਤੀ ਸਮੀਖਿਆ
ਮੁਕੰਮਲ ਹੋਏ ਵਿਕਾਸ ਕੰਮਾਂ ਦੇ ਵਰਤੋਂ ਸਰਟੀਫ਼ਿਕੇਟ ਤੈਅ ਸਮੇਂ ਅਨੁਸਾਰ ਜਮ੍ਹਾਂ ਕਰਵਾਉਣ ਦੇ ਦਿੱਤੇ ਨਿਰਦੇਸ਼
ਸੁਖਜਿੰਦਰ ਮਾਨ
ਬਠਿੰਡਾ, 28 ਮਈ :ਜ਼ਿਲ੍ਹੇ ਭਰ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਮੀਟਿੰਗ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ’ਚ ਹੋਈ ।ਇਸ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਭਰ ’ਚ ਚੱਲ ਰਹੇ ਵੱਖ-ਵੱਖ ਕਾਰਜਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ ਕਿ ਚੱਲ ਰਹੇ ਵਿਕਾਸ ਕਾਰਜਾਂ ਦੇ ਕੰਮਾਂ ਵਿੱਚ ਤੇਜੀ ਲਿਆਂਦੀ ਜਾਵੇ ਅਤੇ ਤੈਅ ਸਮੇਂ ਅਨੁਸਾਰ ਇਹ ਕੰਮ ਮੁਕੰਮਲ ਕਰਵਾਏ ਜਾਣ।
ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਮੀਟਿੰਗ ਦੌਰਾਨ ਸਥਾਨਕ ਸਰਕਾਰਾਂ ਵਿਭਾਗ ਦੇ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਅਧਿਕਾਰੀਆਂ ਤੋਂ ਇਲਾਵਾ ਪੰਚਾਇਤ ਵਿਭਾਗ, ਸਿਹਤ ਵਿਭਾਗ, ਪੰਜਾਬ ਰਾਜ ਮੰਡੀ ਬੋਰਡ, ਪੀ.ਆਰ.ਟੀ.ਸੀ.ਬਠਿੰਡਾ, ਸਿੱਖਿਆ ਵਿਭਾਗ, ਪੀ.ਐਸ.ਪੀ.ਸੀ.ਐਲ. ਆਦਿ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਆਪੋ-ਆਪਣੇ ਵਿਭਾਗਾਂ ਦੇ ਮੁਕੰਮਲ ਹੋਏ ਵਿਕਾਸ ਕਾਰਜਾਂ ਸਬੰਧੀ ਵਰਤੋਂ ਸਰਟੀਫ਼ਿਕੇਟ ਆਉਣ ਵਾਲੀ ਮੀਟਿੰਗ ਤੋਂ ਪਹਿਲਾਂ ਜਮ੍ਹਾਂ ਕਰਵਾਏ ਯਕੀਨੀ ਬਣਾਏ ਜਾਣ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਸਖ਼ਤੀ ਨਾਲ ਨਿਰਦੇਸ਼ ਦਿੰਦਿਆਂ ਕਿਹਾ ਕਿ ਇਸ ਕੰਮ ਲਈ ਢਿੱਲਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਤਲਵੰਡੀ ਸਾਬੋ ਸ਼੍ਰੀ ਅਕਾਸ਼ ਬਾਂਸਲ, ਉਪ ਮੰਡਲ ਮੈਜਿਸਟ੍ਰੇਟ ਮੌੜ ਸ਼੍ਰੀ ਵਰਿੰਦਰ ਕੁਮਾਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮੈਡਮ ਨੀਰੂ ਗਰਗ ਤੋਂ ਇਲਾਵਾ ਹੋਰ ਵੱਖ-ਵੱਖ ਦੇ ਅਧਿਕਾਰੀ ਹਾਜ਼ਰ ਸਨ।

Our Visitor

1901764