Wednesday, May 13, 2026
Home Blog Page 2493

ਮਿਲਕਫੈਡ ਵਲੋਂ ਦੁੱਧ ਦੇ ਖਰੀਦ ਭਾਅ ਵਿੱਚ 20 ਰੁਪਏ ਪ੍ਰਤੀ ਕਿੱਲੋ ਫੈਟ ਦੇ ਹਿਸਾਬ ਨਾਲ ਵਾਧਾ: ਹਰਪਾਲ ਸਿੰਘ ਚੀਮਾ

0

ਢਾਈ ਮਹੀਨੇ ਵਿਚ ਚੌਥੀ ਵਾਰ ਵਧਾਇਆ ਭਾਅ; ਕੁੱਲ 70 ਰੁਪਏ ਪ੍ਰਤੀ ਕਿੱਲੋ ਫੈਟ ਦਾ ਵਾਧਾ
ਦੁੱਧ ਉਤਪਾਦਕਾਂ ਦੀ ਵਿੱਤੀ ਸਹਾਇਤਾ ਹਿੱਤ ਵਧਾਈ ਦੁੱਧ ਦੀ ਖਰੀਦ ਕੀਮਤ:- ਸਹਿਕਾਰਤਾ ਮੰਤਰੀ
ਸੁਖਜਿੰਦਰ ਮਾਨ
ਚੰਡੀਗੜ੍ਹ, 21 ਮਈ:ਪੰਜਾਬ ਵਿੱਚ ਡੇਅਰੀ ਧੰਦੇ ਨਾਲ ਜੁੜੇ ਦੁੱਧ ਉਤਪਾਦਕਾਂ ਨੂੰ ਲਗਾਤਾਰ ਵੱਧ ਰਹੀਆਂ ਪਸ਼ੂ ਖੁਰਾਕ ਦੀਆਂ ਕੀਮਤਾਂ ਅਤੇ ਹੋਰ ਲਾਗਤਾਂ ਵਿੱਚ ਹੋ ਰਹੇ ਵਾਧੇ ਨਾਲ ਨਜਿੱਠਣ ਲਈ ਮਿਲਕਫੈਡ ਵਲੋਂ 21 ਮਈ, 2022 ਤੋਂ ਦੁੱਧ ਦੇ ਖਰੀਦ ਭਾਅ ਵਿੱਚ 20 ਰੁਪਏ ਪ੍ਰਤੀ ਕਿੱਲੋ ਫੈਟ ਦੇ ਹਿਸਾਬ ਨਾਲ ਵਾਧਾ ਕਰ ਦਿੱਤਾ ਗਿਆ ਹੈ । ਇਸ ਫੈਸਲੇ ਨਾਲ ਗਾਂ ਦੇ ਦੁੱਧ ‘ਤੇ ਤਕਰੀਬਨ ਇਕ ਰੁਪਏ ਪ੍ਰਤੀ ਕਿੱਲੋ ਅਤੇ ਮੱਝ ਦੇ ਦੁੱਧ ‘ਤੇ 1.40 ਰੁਪਏ ਪ੍ਰਤੀ ਕਿੱਲੋ ਦਾ ਵਾਧਾ ਹੋਵੇਗਾ। ੲਸ ਫੈਸਲੇ ਸਬੰਧੀ ਜਾਣਕਾਰੀ ਦਿੰਦਿਆਂ ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਦੁੱਧ ਉਤਪਾਦਕਾਂ ਅਤੇ ਖਪਤਕਾਰਾਂ ਦੇ ਹਿੱਤਾਂ ਲਈ ਹੋਰ ਵੀ ਠੋਸ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮਿਲਕਫੈਡ ਵਲੋਂ ਦੁੱਧ ਉਤਪਾਦਕਾਂ ਨੂੰ ਹਮੇਸ਼ਾਂ ਦੁੱਧ ਦੀਆਂ ਉੱਚੀਆਂ ਖਰੀਦ ਕੀਮਤਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ, ਖਾਸ ਕਰਕੇ ਕੋਵਿਡ ਮਹਾਂਮਾਰੀ ਦੇ ਸਮੇਂ ਦੌਰਾਨ ਜਦੋਂ ਪ੍ਰਾਈਵੇਟ ਖਰੀਦਦਾਰਾਂ ਨੇ ਦੁੱਧ ਖਰੀਦਣਾ ਬੰਦ ਕਰ ਦਿੱਤਾ ਸੀ ਅਤੇ ਦੁੱਧ ਦੇ ਭਾਅ ਘਟਾ ਦਿੱਤੇ ਸਨ ਤਾਂ ਮਿਲਕਫੈਡ ਨੇ ਆਪਣੇ ਸੀਮਤ ਸਾਧਨਾਂ ਦੇ ਬਾਵਜੂਦ ਵੀ ਦੁੱਧ ਉਤਪਾਦਕਾਂ ਨੂੰ ਵਾਜਿਬ ਦੁੱਧ ਖਰੀਦ ਰੇਟ ਦਿੱਤੇ ।
ਸਹਿਕਾਰਤਾ ਮੰਤਰੀ ਨੇ ਸਮੂਹ ਦੁੱਧ ਉਤਪਾਦਕਾਂ ਨੂੰ ਅਪੀਲ ਕੀਤੀ ਕਿ ਗਰਮੀ ਦੇ ਇਸ ਮੌਕੇ ਵੇਰਕਾ ਦੀਆਂ ਸਭਾਵਾਂ ਵਿੱਚ ਵੱਧ ਤੋਂ ਵੱਧ ਦੁੱਧ ਪਾ ਕੇ ਇਨ੍ਹਾਂ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਕਿ ਵੇਰਕਾ ਨੂੰ ਵੱਧ ਤੋਂ ਵੱਧ ਦੁੱਧ ਮਿਲ ਸਕੇ ਅਤੇ ਵੱਧ ਮੁਨਾਫਾ ਹੋਵੇ ਤਾਂ ਜੋ ਦੁੱਧ ਉਤਪਾਦਕਾਂ ਦੀ ਆਰਥਿਕ ਹਾਲਤ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।ਮਿਲਕਫੈਡ ਦੇ ਮੈਨੇਜਿੰਗ ਡਾਇਰੈਕਟਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਮਿਲਕਫੈਡ ਪੰਜਾਬ ਵਲੋਂ ਪਹਿਲਾਂ ਵੀ 1 ਮਾਰਚ 2022 ਨੂੰ 20 ਰੁਪਏ ਪ੍ਰਤੀ ਕਿੱਲੋ ਫੈਟ, 1 ਅਪ੍ਰੈਲ 2022 ਨੂੰ 20 ਰੁਪਏ ਪ੍ਰਤੀ ਕਿੱਲੋ ਫੈਟ ਅਤੇ 21 ਅਪ੍ਰੈਲ 2022 ਨੂੰ ਦੁੱਧ ਦੀ ਖਰੀਦ ਕੀਮਤਾਂ ਵਿੱਚ 10 ਰੁਪਏ ਪ੍ਰਤੀ ਕਿੱਲੋ ਫੈਟ ਦਾ ਵਾਧਾ ਕੀਤਾ ਸੀ। ਹੁਣ ਵਧਾਏ 20 ਰੁਪਏ ਦੇ ਹਿਸਾਬ ਨਾਲ ਕਰੀਬ ਢਾਈ ਮਹੀਨੇ ਵਿਚ ਹੀ ਕੁੱਲ 70 ਰੁਪਏ ਪ੍ਰਤੀ ਕਿੱਲੋ ਫੈਟ ਦਾ ਵਾਧਾ ਕੀਤਾ ਜਾ ਚੁੱਕਾ ਹੈ।ਉਨ੍ਹਾਂ ਦੱਸਿਆ ਕਿ ਦੁੱਧ ਉਤਪਾਦਕਾਂ ਤੋਂ ਖਰੀਦੇ ਗਏ ਉੱਤਮ ਗੁਣਵੱਤਾ ਦੇ ਦੁੱਧ ਨੂੰ ਵੱਖ-ਵੱਖ ਦੁੱਧ ਅਤੇ ਦੁੱਧ ਉਤਪਾਦਾਂ ਵਿੱਚ ਬਦਲਿਆ ਜਾਂਦਾ ਹੈ ਅਤੇ ਖਪਤਕਾਰਾਂ ਦੀ ਲੋੜ ਮੁਤਾਬਕ ਬਾਜਾਰ ਵਿੱਚ ਵੇਚਿਆ ਜਾਂਦਾ ਹੈ। ਇਸ ਤਰ੍ਹਾਂ ਪੈਦਾ ਹੋਏ ਮਾਲੀਏ ਦਾ ਤਕਰੀਬਨ 80 ਫੀਸਦੀ ਕੀਮਤ ਅਤੇ ਵੱਖ-ਵੱਖ ਸੇਵਾਵਾਂ, ਸਬਸਿਡੀ ਆਦਿ ਦੇ ਰੂਪ ਵਿੱਚ ਦੁੱਧ ਉਤਪਾਦਕਾਂ ਨੂੰ ਵਾਪਸ ਕਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਵੇਰਕਾ ਆਪਣੇ ਖਪਤਕਾਰਾਂ ਨੂੰ ਲਗਾਤਾਰ ਉੱਤਮ ਗੁਣਵੱਤਾ ਦੇ ਦੁੱਧ ਪਦਾਰਥ ਮੁਹੱਈਆ ਕਰਾਉਣ ਲਈ ਵੀ ਵਚਨਬੱਧ ਹੈ।

ਵਿਦੇਸ ’ਚ ਰੋਜਗਾਰ ਦੀ ਤਲਾਸ ਲਈ ਜਾ ਰਹੇ ਨੌਜਵਾਨਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਸਿੱਖਿਆ ਤੇ ਰੋਜਗਾਰ ‘ਤੇ ਕਰ ਰਹੀ ਹੈ ਧਿਆਨ ਕੇਂਦਰਿਤ: ਬ੍ਰਮ ਸੰਕਰ ਜਿੰਪਾ

0

ਉਦਯੋਗ-ਪੱਖੀ ਮਾਹੌਲ ਸਿਰਜਣ ਤੋਂ ਇਲਾਵਾ ਸਿੱਖਿਆ ਨੂੰ ਬਣਾਇਆ ਜਾਵੇਗਾ ਰੋਜਗਾਰਮੁਖੀ: ਮਾਲ ਮੰਤਰੀ
ਸੁਖਜਿੰਦਰ ਮਾਨ
ਚੰਡੀਗੜ੍ਹ, 21 ਮਈ:ਪੰਜਾਬ ਦੇ ਮਾਲ, ਮੁੜ-ਵਸੇਬਾ ਤੇ ਆਫਤ ਪ੍ਰਬੰਧਨ ਅਤੇ ਜਲ ਸਰੋਤ ਮੰਤਰੀ ਸ੍ਰੀ ਬ੍ਰਮ ਸੰਕਰ ਜਿੰਪਾ ਨੇ ਅੱਜ ਇਥੇ ਕਿਹਾ ਕਿ ਰੋਜਗਾਰ ਦੀ ਤਲਾਸ ਵਿੱਚ ਵਿਦੇਸ ਜਾ ਰਹੇ ਪੰਜਾਬ ਦੇ ਨੌਜਵਾਨਾਂ ਨੂੰ ਰੋਕਣ ਲਈ ਰਾਜ ਸਰਕਾਰ ਵੱਲੋਂ ਵਧੀਆ ਸਿੱਖਿਆ ਦੇਣ, ਬਿਹਤਰੀਨ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਨੌਜਵਾਨਾਂ ਲਈ ਸੂਬੇ ਵਿੱਚ ਹੀ ਰੋਜਗਾਰ ਦੇ ਮੌਕੇ ਪੈਦਾ ਕਰਨ ਉਤੇ ਪੂਰੀ ਤਰ੍ਹਾਂ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਸਿੱਖਿਆ ਅਤੇ ਨੌਕਰੀ ਲਈ ਉਨ੍ਹਾਂ ਨੂੰ ਹੋਰ ਮੁਲਕਾਂ ਵੱਲ ਨਾ ਦੇਖਣਾ ਪਵੇ। ਉਹ ਇਥੇ ਸੈਕਟਰ-43 ਸਥਿਤ ਚੰਡੀਗੜ੍ਹ ਜੁਡੀਸਲ ਅਕੈਡਮੀ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸਨ ਵੱਲੋਂ ਐਨ.ਜੀ.ਓ. ਕਰਾਸ ਹੌਰਾਈਜਨ ਦੇ ਸਹਿਯੋਗ ਨਾਲ “ਮਨੁੱਖੀ ਤਸਕਰੀ- ਚੁਣੌਤੀਆਂ ਤੇ ਹੱਲ“ ਵਿਸੇ ਉਤੇ ਕਰਵਾਏ ਗਏ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ।
ਮਾਲਟਾ ਕਾਂਡ ਅਤੇ ਹੋਰ ਦੁਖਦਾਈ ਘਟਨਾਵਾਂ ਨੂੰ ਯਾਦ ਕਰਦਿਆਂ ਕੈਬਨਿਟ ਮੰਤਰੀ ਨੇ ਸੁਪਨੇ ਸਾਕਾਰ ਕਰਨ ਲਈ ਵਿਦੇਸ਼ ਭੇਜਣ ਦੀ ਆੜ ‘ਚ ਹੋ ਰਹੀ ਮਾਨਵੀ ਤਸਕਰੀ ‘ਤੇ ਡੂੰਘੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇਸ ਗੈਰ-ਕਾਨੂੰਨੀ ਧੰਦੇ ’ਚ ਸ਼ਾਮਲ ਧੋਖੇਬਾਜ਼ ਟਰੈਵਲ ਏਜੰਟਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਸ.ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਲਈ ਰੋਜਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਵਚਨਬੱਧ ਹੈ ਤਾਂ ਜੋ ਉਨ੍ਹਾਂ ਨੂੰ ਆਪਣੇ ਸੁਪਨਿਆਂ ਦੀ ਪੂਰਤੀ ਲਈ ਪੰਜਾਬ ਛੱਡਕੇ ਵਿਦੇਸ ਨਾ ਜਾਣਾ ਪਵੇ। ਰਾਜ ਸਰਕਾਰ ਵੱਲੋਂ ਸਿੱਖਿਆ ਨੂੰ ਰੋਜਗਾਰਮੁਖੀ ਬਣਾਉਣ ਦੇ ਨਾਲ-ਨਾਲ ਉਦਯੋਗਾਂ ਲਈ ਸਾਜਗਾਰ ਮਾਹੌਲ ਵੀ ਸਿਰਜਿਆ ਜਾਵੇਗਾ। ਉਨ੍ਹਾਂ ਕਿਹਾ, “ਅਸੀਂ ਸੂਬੇ ਵਿੱਚ ਅਜਿਹਾ ਪ੍ਰਬੰਧ ਸਥਾਪਤ ਕਰਾਂਗੇ ਕਿ ਸੂਬੇ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਨੌਜਵਾਨ ਖੁਦ ਪੰਜਾਬ ਪਰਤਣ ਲਈ ਅੱਗੇ ਆਉਣਗੇ।“
ਸੂਬੇ ਦੇ ਭੋਲੇ-ਭਾਲੇ ਲੋਕਾਂ ਦੀ ਹੁੰਦੀ ਲੁੱਟ ਨੂੰ ਰੋਕਣ ਲਈ ਲੋਕਾਂ ਤੋਂ ਸੁਝਾਅ ਮੰਗਦਿਆਂ ਮੰਤਰੀ ਨੇ ਕਿਹਾ ਕਿ ਇਸ ਸਮੱਸਿਆ ਦੇ ਹੱਲ ਤਲਾਸ਼ਣ ਲਈ ਉਹ ਉਚੇਰੇ ਪੱਧਰ ‘ਤੇ ਵਿਚਾਰ ਕਰਨਗੇ। ਉਨ੍ਹਾਂ ਨੇ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਵਿਦੇਸ਼ ਜਾਣ ਲਈ ਹਮੇਸ਼ਾ ਕਾਨੂੰਨੀ ਰਸਤਾ ਹੀ ਅਖ਼ਤਿਆਰ ਕੀਤਾ ਜਾਵੇ।ਜ਼ਿਕਰਯੋਗ ਹੈ ਕਿ ਦੋਆਬਾ ਸੂਬੇ ਦੇ ਸਭ ਤੋਂ ਵੱਧ ਪ੍ਰਗਤੀਸ਼ੀਲ ਇਲਾਕਿਆਂ ਵਿੱਚੋਂ ਇੱਕ ਹੈ ਕਿਉਂਕਿ ਇਸ ਖੇਤਰ ਦੇ ਬਹੁਤੇ ਪਰਿਵਾਰ ਬਹੁਤ ਸਮਾਂ ਪਹਿਲਾਂ ਵਿਦੇਸ਼ਾਂ ਵਿੱਚ ਵਸ ਗਏ ਹਨ ਪਰ ਕੁੱਝ ਲੋਕਾਂ ਵੱਲੋਂ ਵਿਦੇਸ਼ਾਂ ਵਿੱਚ ਪਹੁੰਚਣ ਲਈ ਗੈਰ-ਕਾਨੂੰਨੀ ਰਸਤਾ ਚੁਣੇ ਜਾਣ ਕਾਰਨ ਇਸ ਖੇਤਰ ਨੂੰ ਵੀ ਭਾਰੀ ਨੁਕਸਾਨ ਝੱਲਣਾ ਪਿਆ ਹੈ।
ਪੰਜਾਬ ਦੇ ਐਡਵੋਕੇਟ ਜਨਰਲ ਡਾ. ਅਨਮੋਲ ਰਤਨ ਸਿੱਧੂ ਨੇ ਇਸ ਸਮੱਸਿਆ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਚੁੱਕੇ ਜਾ ਰਹੇ ਵੱਖ-ਵੱਖ ਕਦਮਾਂ ਬਾਰੇ ਜਾਣਕਾਰੀ ਦਿੱਤੀ। ਸ੍ਰੀ ਸਿੱਧੂ ਨੇ ਉਨ੍ਹਾਂ ਸਾਰੇ ਕਾਰਨਾਂ ਬਾਰੇ ਵੀ ਸਪੱਸ਼ਟ ਤੌਰ ‘ਤੇ ਦੱਸਿਆ ਜੋ ਇਸ ਸਮੱਸਿਆ ਨੂੰ ਵਧਾਉਂਦੇ ਹਨ ਅਤੇ ਇਸ ਦੇ ਸੰਭਾਵਤ ਹੱਲ ਵੀ ਸੁਝਾਏ। ਇਸ ਮੁੱਦੇ ‘ਤੇ ਵਿਚਾਰ ਚਰਚਾ ਕਰਨ ਅਤੇ ਪਤਵੰਤਿਆਂ ਦੇ ਵਡਮੁੱਲੇ ਵਿਚਾਰ ਸੁਣਨ ਲਈ ਲੋਕ ਵੱਡੀ ਗਿਣਤੀ ਵਿੱਚ ਆਏ ਸਨ। ਪਤਵੰਤਿਆਂ ਨੇ ਸਬੰਧਤ ਵਿਸ਼ੇ ਬਾਰੇ ਉਦਾਹਰਣ ਸਹਿਤ ਜਾਣਕਾਰੀ ਸਾਂਝੀ ਕੀਤੀ।
ਰਾਜ ਸਭਾ ਦੇ ਜੁਆਇੰਟ ਡਾਇਰੈਕਟਰ ਡਾ: ਅਨੁਜ, ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਡਾ: ਸੰਤੋਖਵਿੰਦਰ ਸਿੰਘ ਗਰੇਵਾਲ, ਐਜੂਕੇਸਨਲ ਮਲਟੀਮੀਡੀਆ ਖੋਜ ਕੇਂਦਰ ਦੇ ਡਾਇਰੈਕਟਰ ਸ੍ਰੀ ਦਲਜੀਤ ਅਮੀ ਅਤੇ ਸਹਾਇਤਾ ਐਨ.ਜੀ.ਓ ਦੇ ਡਾਇਰੈਕਟਰ ਅਤੇ ਅੱਖਾਂ ਦੇ ਸਰਜਨ ਡਾ: ਰਜਿੰਦਰ ਰਾਜੀ ਨੇ ਵੀ ਸੈਮੀਨਾਰ ਨੂੰ ਸੰਬੋਧਨ ਕੀਤਾ। ਇਸ ਸੈਮੀਨਾਰ ਦੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਅਤੇ ਕਰਾਸ ਹੌਰਾਈਜਨ ਦੇ ਪ੍ਰਧਾਨ ਅਨਿਲ ਕੁਮਾਰ ਸਾਗਰ ਅਤੇ ਸੁਪਰੀਮ ਕੋਰਟ ਦੇ ਵਕੀਲ ਸ੍ਰੀ ਆਨੰਦੇਸ਼ਵਰ ਗੌਤਮ ਕਨਵੀਨਰ ਸਨ।

ਫਾਸੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਜੋਨਲ ਕਨਵੈਨਸਨ

0

ਸੁਖਜਿੰਦਰ ਮਾਨ
ਬਠਿੰਡਾ, 21 ਮਈ :-ਸਥਾਨਕ ਟੀਚਰਜ ਹੋਮ ਵਿਖੇ ‘ਫਾਸੀ ਹਮਲਿਆਂ ਵਿਰੋਧੀ ਫਰੰਟ‘ ਵੱਲੋਂ ਜਗਜੀਤ ਸਿੰਘ ਲਹਿਰਾ, ਲਾਲਚੰਦ ਸਰਦੂਲਗੜ੍ਹ, ਹਰਵਿੰਦਰ ਸੇਮਾ, ਬਲਕਰਨ ਬਰਾੜ ਅਤੇ ਮੰਗਾ ਸਿੰਘ ਵੈਰੋ ਕੇ ਦੀ ਪ੍ਰਧਾਨਗੀ ਹੇਠ ਵਿਸਾਲ ਜੋਨ ਪੱਧਰੀ ਕਨਵੈਨਸਨ ਕੀਤੀ ਗਈ ਜਿਸ ਵਿੱਚ ਬਠਿੰਡਾ, ਮਾਨਸਾ, ਫਿਰੋਜਪੁਰ, ਮੁਕਤਸਰ, ਫਾਜਲਿਕਾ, ਫਰੀਦਕੋਟ ਅਤੇ ਮੋਗਾ ਜਿਲ੍ਹਿਆਂ ਤੋਂ ਪ੍ਰਤੀਨਿਧ ਸ਼ਾਮਲ ਹੋਏ।ਕਨਵੈਨਸਨ ਨੂੰ ਆਰ ਐਮ ਪੀ ਆਈ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਸੀਪੀਆਈ ਦੇ ਕੌਮੀ ਕੌਂਸਲ ਦੇ ਮੈਂਬਰ ਸਾਥੀ ਹਰਦੇਵ ਅਰਸੀ, ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾਈ ਆਗੂ ਸਾਥੀ ਮੁਖਤਿਆਰ ਪੂਹਲਾ, ਸੀਪੀਆਈ(ਐਮ ਐਲ) ਨਿਊ ਡੈਮੋਕਰੇਸੀ ਦੇ ਸੀਨੀਅਰ ਆਗੂ ਸਾਥੀ ਅਜਮੇਰ ਸਿੰਘ ਸਮਰਾ, ਸੀਪੀਆਈ (ਐਮਐਲਏ) ਲਿਬਰੇਸਨ ਦੇ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਭਗਵੰਤ ਸਿੰਘ ਸਮਾਓਂ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਮੋਦੀ ਸਰਕਾਰ ਦੇ ਫਿਰਕੂ-ਫਾਸੀ ਹਮਲਿਆਂ ਦੀ ਜੋਰਦਾਰ ਨਿੰਦਾ ਕਰਦਿਆਂ ਕਿਹਾ ਕਿ ਜਦੋ ਤੋਂ ਇਹ ਸਰਕਾਰ ਗੱਦੀ ਉਤੇ ਬਿਰਾਜਮਾਨ ਹੋਈ ਹੈ ਉਦੋਂ ਤੋਂ ਹੀ ਵੱਖ-ਵੱਖ ਧਾਰਮਿਕ ਘੱਟ ਗਿਣਤੀਆਂ; ਮੁਸਲਮਾਨਾਂ, ਇਸਾਈਆਂ, ਸਿੱਖਾਂ ਦੇ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ।ਉਨ੍ਹਾਂ ਮੁਸਲਿਮ ਘੱਟ ਗਿਣਤੀ ਫਿਰਕੇ ਨੂੰ ਗਿਣ-ਮਿਥ ਕੇ ਨਿਸਾਨਾ ਬਣਾਉਣ ਸਬੰਧੀ ਆਰ ਐਸ ਐਸ ਦੇ ਮਨਸੂਬਿਆਂ ਦਾ ਪਰਦਾਫਾਸ ਕਰਦਿਆਂ ਕਿਹਾ ਕਿ ਮੁਸਲਮਾਨਾਂ ਦੀ ਪੂਜਾ ਪੱਧਤੀ, ਖਾਣ-ਪੀਣ ਅਤੇ ਲਿਬਾਸ ਖਿਲਾਫ ਫਿਰਕੂ ਨਫਰਤ ਫੈਲਾਈ ਜਾ ਰਹੀ ਹੈ ਅਤੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮੁਸਲਮਾਨਾਂ ਦੇ ਕਤਲਾਂ ਨੂੰ ਅੰਜਾਮ ਦੇ ਕੇ ਫਿਰਕੂ ਆਧਾਰ ਉੱਤੇ ਲੋਕਾਂ ਦੀ ਸਫਬੰਦੀ ਕੀਤੀ ਜਾ ਰਹੀ ਹੈ। ਅਜਿਹਾ ਕਰਕੇ ਮੋਦੀ ਸਰਕਾਰ ਰੋਟੀ-ਰੋਜੀ , ਮਹਿੰਗਾਈ , ਭਿ੍ਰਸਟਾਚਾਰ, ਬੇਰੁਜਗਾਰੀ ਆਦਿ ਬੁਨਿਆਦੀ ਮਸਲਿਆਂ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਕੇ ਆਪਣੀਆਂ ਲੋਕ ਮਾਰੂ ਨੀਤੀਆਂ ਬੇਰੋਕ-ਟੋਕ ਲਾਗੂ ਕਰਦੀ ਜਾ ਰਹੀ ਹੈ।
ਫਾਸੀਵਾਦੀ ਅਤੇ ਫਿਰਕੂ ਹਮਲਿਆਂ ਦੀ ਆੜ ਵਿੱਚ ਦੇਸੀ-ਵਿਦੇਸੀ ਕਾਰਪੋਰੇਟਾਂ ਹੱਥੀਂ ਦੇਸ ਦੇ ਕੁਦਰਤੀ ਖਜਾਨਿਆਂ ਨੂੰ ਲਟਾਉਣ ਅਤੇ ਉਨ੍ਹਾਂ ਨੂੰ ਟੈਕਸਾਂ ‘ਚੋਂ ਛੋਟਾਂ ਤੇ ਹੋਰ ਰਿਆਇਤਾਂ ਦੇਣ ਲਈ ਲੋਕਾਂ ਦਾ ਪੈਸਾ ਲੁਟਾਇਆ ਜਾ ਰਿਹਾ ਹੈ।ਉਨ੍ਹਾਂ ਜੋਰ ਦੇ ਕੇ ਕਿਹਾ ਹੈ ਕਿ ਮੋਦੀ ਸਰਕਾਰ ਦੇਸ ਅੰਦਰ ਨੰਗਾ-ਚਿੱਟਾ ਤਾਨਾਸਾਹੀ ਰਾਜ ਲਾਗੂ ਕਰਕੇ ਲੋਕਾਂ ਦੇ ਹੱਕਾਂ ਦੀ ਆਵਾਜ ਬੁਲੰਦ ਕਰਨ ਵਾਲੇ ਲੇਖਕਾਂ, ਪੱਤਰਕਾਰਾਂ, ਬੁਧੀਜੀਵੀਆਂ ਨੂੰ ਜੇਲ੍ਹਾਂ ਅੰਦਰ ਡੱਕ ਰਹੀ ਹੈ ਅਤੇ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਸਾਰੇ ਬੰਦੀਆਂ ਨੂੰ ਜੇਲ੍ਹਾਂ ਅੰਦਰੋਂ ਰਿਹਾ ਨਹੀਂ ਕਰ ਰਹੀ।
ਰਾਜਾਂ ਦੇ ਅਧਿਕਾਰਾਂ ਨੂੰ ਖਤਮ ਕਰਨ ਦੀਆਂ ਨੀਤੀਆਂ ਘੜਕੇ ਬਚੇ-ਖੁਚੇ ਫੈਡਰਲ ਢਾਂਚੇ ਨੂੰ ਵੀ ਤਬਾਹ ਕਰ ਰਹੀ ਹੈ।
ਕਨਵੈਨਸਨ ਵਿੱਚ ਧਾਰਮਿਕ ਘੱਟ ਗਿਣਤੀਆਂ ‘ਤੇ ਹਮਲੇ ਬੰਦ ਕਰਨ, ਯੂਏਪੀਏ ਵਰਗੇ ਕਾਲੇ ਕਾਨੂੰਨ ਰੱਦ ਕੀਤੇ ਜਾਣ, ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰਨ, ਦਰਿਆਈ ਪਾਣੀਆਂ ਤੇ ਪੰਜਾਬੀ ਬੋਲਦੇ ਇਲਾਕਿਆਂ ਦੇ ਮਸਲੇ ਹੱਲ ਕਰਨ, ਜਮਹੂਰੀਅਤ ਪਸੰਦ ਬੁਧੀਜੀਵੀਆਂ ਤੇ ਸਜਾ ਪੂਰੀ ਕਰ ਚੁੱਕੇ ਸਾਰੇ ਬੰਦੀਆਂ ਨੂੰ ਰਿਹਾ ਕਰਨ, ਨਵੇਂ ਕਿਰਤ ਕੋਡ ਰੱਦ ਕਰਨ, ਕਿਸਾਨਾਂ ਨੂੰ ਐਮਐਸਪੀ ਦੇਣ ਅਤੇ ਉਨ੍ਹਾਂ ਦੇ ਕਰਜੇ ਮੁਆਫ ਕਰਨ ਦੇ ਮਤੇ ਸਰਵ ਸੰਮਤੀ ਨਾਲ ਪਾਸ ਕੀਤੇ ਗਏ।ਅਮਨ ਕਾਨੂੰਨ ਦੀ ਰਾਖੀ ਕਰਨ ਦੇ ਨਾਂ ‘ਤੇ ਨੀਮ ਫੌਜੀ ਦਲਾਂ ਦੀ ਤਾਇਨਾਤੀ ਬੰਦ ਕਰਨ, ਬੀਐਸਐਫ ਦਾ ਘੇਰਾ ਵਧਾਉਣ ਦਾ ਫੈਸਲਾ ਵਾਪਸ ਲੈਣ ਅਤੇ ਨਹਿਰਾਂ ਵਿੱਚ ਪ੍ਰਦੂਸ?ਿਤ ਪਾਣੀ ਪਾਉਣਾ ਬੰਦ ਕਰਨ ਦੀ ਵੀ ਮੰਗ ਕੀਤੀ ਗਈ।

ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਛੋਟੀ ਮਿਆਦ ਦੇ ਕੋਰਸਾਂ ਲਈ ਦਾਖਲਾ ਪ੍ਰਕਿਰਿਆ ਸੁਰੂ

0

ਸੁਖਜਿੰਦਰ ਮਾਨ
ਬਠਿੰਡਾ, 21 ਮਈ: ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਜੋ ਕਿ ਨੈਕ ਤੋਂ ‘ਏ‘ ਗ੍ਰੇਡ ਨਾਲ ਮਾਨਤਾ ਪ੍ਰਾਪਤ ਯੂਨੀਵਰਸਿਟੀ ਹੈ ਅਤੇ ਐਨਆਈਆਰਐਫ ਇੰਡੀਆ 2021 ਰੈਂਕਿੰਗ ਵਿੱਚ 84ਵੇਂ ਸਥਾਨ ‘ਤੇ ਹੈ, ਨੇ ਆਪਣੇ 44 ਪੋਸਟ ਗ੍ਰੈਜੂਏਟ ਡਿਗਰੀ ਪ੍ਰੋਗਰਾਮਾਂ ਅਤੇ 7 ਛੋਟੀ ਮਿਆਦ ਦੇ ਕੋਰਸਾਂ ਲਈ ਦਾਖਲਾ ਪ੍ਰਕਿਰਿਆ ਸੁਰੂ ਕਰ ਦਿੱਤੀ ਹੈ। ਅਕਾਦਮਿਕ ਸੈਸਨ 2022-23 ਵਿੱਚ ਯੂਨੀਵਰਸਿਟੀ ਨੇ 44 ਪੀਜੀ ਪ੍ਰੋਗਰਾਮਾਂ ਵਿੱਚ 1381 ਸੀਟਾਂ ਅਤੇ 7 ਥੋੜ੍ਹੇ ਸਮੇਂ ਦੇ ਕੋਰਸਾਂ ਵਿੱਚ 105 ਸੀਟਾਂ ਲਈ ਅਰਜੀਆਂ ਮੰਗੀਆਂ ਹਨ, ਜਿਸ ਲਈ ਉਮੀਦਵਾਰ ਸੰਯੁਕਤ ਯੂਨੀਵਰਸਿਟੀ ਦਾਖਲਾ ਪ੍ਰੀਖਿਆ “ਸੀਯੂਈਟੀ (ਪੀਜੀ) – 2022” ਦੀ ਵੈੱਬਸਾਈਟ ਤੇ ਜਾ ਕੇ ਉਪਰੋਕਤ ਪ੍ਰੋਗਰਾਮਾਂ / ਕੋਰਸਾਂ ਵਿੱਚ ਦਾਖਲੇ ਲਈ ਆਨਲਾਈਨ ਰਜਿਸਟ੍ਰੇਸਨ ਅਤੇ ਅਰਜੀ ਫਾਰਮ ਜਮ੍ਹਾਂ ਕਰਵਾਏ ਜਾ ਸਕਦੇ ਹਨ।
ਅਕਾਦਮਿਕ ਸੈਸਨ 2022-23 ਵਿੱਚ ਨੈਸਨਲ ਟੈਸਟਿੰਗ ਏਜੰਸੀ (ਐਨਟੀਏ) ਨੂੰ ਦੇਸ਼ ਦੀਆਂ 42 ਕੇਂਦਰੀ ਯੂਨੀਵਰਸਿਟੀਆਂ ਅਤੇ ਹੋਰ ਭਾਗ ਲੈਣ ਵਾਲੀਆਂ ਯੂਨੀਵਰਸਿਟੀਆਂ ਦੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਵਿੱਚ ਦਾਖਲੇ ਲਈ ਸੰਯੁਕਤ ਯੂਨੀਵਰਸਿਟੀ ਦਾਖਲਾ ਪ੍ਰੀਖਿਆ “ਸੀਯੂਈਟੀ (ਪੀਜੀ) 2022” ਕਰਵਾਉਣ ਦੀ ਜ?ਿੰਮੇਵਾਰੀ ਸੌਂਪੀ ਗਈ ਹੈ। ਸੀਯੂਈਟੀ (ਪੀਜੀ) – 2022 ਵਿਦਿਆਰਥੀਆਂ ਨੂੰ ਪੰਜਾਬ ਕੇਂਦਰੀ ਯੂਨੀਵਰਸਿਟੀ ਅਤੇ ਦੇਸ ਦੀਆਂ ਹੋਰ ਯੂਨੀਵਰਸਿਟੀਆਂ ਵਿੱਚ ਦਾਖਲੇ ਲਈ ਅਪਲਾਈ ਕਰਨ ਦਾ ਮੌਕਾ ਪ੍ਰਦਾਨ ਕਰੇਗੀ।
ਇਸ ਮੌਕੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਕਿਹਾ ਕਿ ਯੂਨੀਵਰਸਿਟੀ ਭਾਰਤ ਦੇ 27 ਤੋਂ ਵੱਧ ਰਾਜਾਂ ਅਤੇ ਹੋਰਨਾਂ ਦੇਸਾਂ ਤੋਂ ਇੱਥੇ ਪੜ੍ਹ ਰਹੇ ਵਿਦਿਆਰਥੀਆਂ ਨੂੰ ਵਿਸਵ ਪੱਧਰ ਦੇ ਬੁੱਧੀਜੀਵੀ ਨਾਗਰਿਕ ਬਣਾਉਣ ਲਈ ਵੱਖੋ-ਵੱਖ ਵਿਸ਼ਿਆਂ ਵਿੱਚ ਮਿਆਰੀ ਸਿੱਖਿਆ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੁਆਰਾ ਪੇਸ ਕੀਤੇ ਜਾਂਦੇ ਸਾਰੇ ਪੀਜੀ ਪ੍ਰੋਗਰਾਮ ਅਤੇ ਥੋੜ੍ਹੇ ਸਮੇਂ ਦੇ ਕੋਰਸ ਉਦਯੋਗ ਦੀਆਂ ਲੋੜਾਂ ਅਨੁਸਾਰ ਵਿਦਿਆਰਥੀਆਂ ਦੇ ਹੁਨਰ ਵਿਕਾਸ ‘ਤੇ ਕੇਂਦਿ੍ਰਤ ਹਨ। ਪ੍ਰੋ. ਤਿਵਾਰੀ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਦਾਖਲੇ ਲਈ ਅਪਲਾਈ ਕਰਨ ਤੋਂ ਪਹਿਲਾਂ ਯੂਨੀਵਰਸਿਟੀ ਦੀ ਵੈਬਸਾਈਟ ‘ਤੇ ਮੌਜੂਦ ਵੱਖ -ਵੱਖ ਪੋਸਟ ਗ੍ਰੈਜੂਏਟ ਅਤੇ ਥੋੜ੍ਹੇ ਸਮੇਂ ਦੇ ਕੋਰਸਾਂ ਲਈ ਸੀਟਾਂ ਦੀ ਗਿਣਤੀ ਅਤੇ ਉਨ੍ਹਾਂ ਦੀ ਯੋਗਤਾ ਦੇ ਮਾਪਦੰਡਾਂ ਦੇ ਵੇਰਵਿਆਂ ਨੂੰ ਪੜ੍ਹਨ।ਯੂਨੀਵਰਸਿਟੀ ਦੀ ਦਾਖਲਾ ਸਾਖਾ ਦੇ ਅਨੁਸਾਰ ਜੋ ਉਮੀਦਵਾਰ “ਸੀਯੂਈਟੀ (ਪੀਜੀ) 2022” ਪ੍ਰੀਖਿਆ ਰਾਹੀਂ ਸੀਯੂਪੀਬੀ ਦੇ ਪੀਜੀ ਪ੍ਰੋਗਰਾਮਾਂ ਅਤੇ ਥੋੜ੍ਹੇ ਸਮੇਂ ਦੇ ਕੋਰਸਾਂ ਵਿੱਚ ਦਾਖਲੇ ਲਈ ਅਰਜੀ ਦੇਣ ਦੇ ਇੱਛੁਕ ਹਨ, ਉਹ ਐਨਟੀਏ ਦੀ ਵੈੱਬਸਾਈਟ ਜਾਂ ਯੂਨੀਵਰਸਿਟੀ ਦੀ ਅਧਿਕਾਰਤ ਵੈੱਬਸਾਈਟ … ਰਾਹੀਂ‘ ਮਿਤੀ 18 ਜੂਨ 2022 ਤੱਕ ਆਨਲਾਈਨ ਅਰਜੀ ਦੇ ਸਕਦੇ ਹਨ।
ਯੂਨੀਵਰਸਿਟੀ ਆਪਣੇ ਮਿਸਨ ਨੂੰ ਸਾਕਾਰ ਕਰਨ ਲਈ 44 ਪੋਸਟ ਗ੍ਰੈਜੂਏਟ ਡਿਗਰੀ ਪ੍ਰੋਗਰਾਮਾਂ ਦੇ ਨਾਲ ਵੱਖ -ਵੱਖ ਅਕਾਦਮਿਕ ਵਿਸਆਂ ਤੇ ਖੇਤਰਾਂ ਵਿੱਚ ਮਿਆਰੀ ਸਿੱਖਿਆ ਪ੍ਰਦਾਨ ਕਰਦੀ ਹੈ ਜਿਸ ਵਿੱਚ ਕੰਪਿਊਟਰ ਸਾਇੰਸ ਅਤੇ ਟੈਕਨਾਲੋਜੀ; ਸਾਈਬਰ ਸਕਿਉਰਟੀ; ਗਣਿਤ; ਅੰਕੜਾ ਵਿਗਿਆਨ; ਭੌਤਿਕ ਵਿਗਿਆਨ; ਰਸਾਇਣ ਵਿਗਿਆਨ; ਅਪਲਾਈਡ ਕੈਮਿਸਟਰੀ; ਥਿਓਰੈਟੀਕਲ ਅਤੇ ਕੰਪਿਊਟੇਸ਼ਨਲ ਕੈਮਿਸਟਰੀ; ਬਾਇਓਇਨਫ਼ਾਰਮੈਟਿਕਸ; ਕੰਪਿਊਟੇਸਨਲ ਫਿਜਿਕਸ; ਬੌਟਨੀ; ਜ਼ੂਆਲੋਜੀ; ਬਾਇਓਕੈਮਿਸਟਰੀ; ਮਾਈਕਰੋਬਾਇਓਲੋਜੀ; ਜਿਓਲੋਜੀ; ਵਾਤਾਵਰਣ ਵਿਗਿਆਨ ਅਤੇ ਟੈਕਨਾਲੋਜੀ; ਫ਼ੂਡ ਸਾਇੰਸ ਅਤੇ ਟੈਕਨਾਲੋਜੀ; ਮੈਡੀਸਨਲ ਕੈਮਿਸਟਰੀ; ਮੋਲੀਕਿਉਲਰ ਮੈਡੀਸਨ; ਹਿਊਮਨ ਜੈਨੇਟਿਕਸ; ਫਾਰਮਾਸਿਉਟੀਕਲ ਕੈਮਿਸਟਰੀ; ਫਾਰਮਾਕੋਗਨੋਸੀ; ਫਾਰਮਾਕੋਲੋਜੀ; ਇਕਨਾਮਿਕਸ; ਸ਼ੋਸ਼ਿਆਲੋਜੀ; ਹਿਸਟਰੀ; ਸਾਇਕਾਲੋਜੀ; ਅੰਗਰੇਜੀ; ਹਿੰਦੀ; ਪੰਜਾਬੀ; ਪੋਲੀਟੀਕਲ ਸਾਇੰਸ; ਪੌਲੀਟਿਕਸ ਐਂਡ ਇੰਟਰਨੈਸ਼ਨਲ ਰਿਲੇਸ਼ਨਜ਼; ਐਜੂਕੇਸ਼ਨ; ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ; ਜੌਗਰਾਫ਼ੀ; ਐਗਰੀਬਿਜ਼ਨਸ; ਫ਼ਿਜ਼ੀਕਲ ਐਜੂਕੇਸ਼ਨ; ਲਾਇਬ੍ਰੇਰੀ ਅਤੇ ਇਨਫਰਮੇਸ਼ਨ ਸਾਇੰਸ; ਪਰਫਾਰਮਿੰਗ ਆਰਟਸ – ਥੀਏਟਰ; ਮਿਊਜ਼ਿਕ; ਫਾਈਨ ਆਰਟਸ (ਪੇਂਟਿੰਗ); ਕਾਨੂੰਨ ਅਤੇ ਵਣਜ (ਕਾਮਰਸ) ਵਿਸੇ ਸਾਮਲ ਹਨ।ਇਸ ਤੋਂ ਇਲਾਵਾ ਪੰਜਾਬ ਕੇਂਦਰੀ ਯੂਨੀਵਰਸਿਟੀ ਅਕਾਦਮਿਕ ਸੈਸਨ 2022-23 ਤੋਂ ਪੰਜਾਬੀ ਟਰਾਂਸਲੇਸ਼ਨ; ਨਿਊਰਲ ਨੈੱਟਵਰਕ ਅਤੇ ਡੀਪ ਲਰਨਿੰਗ; ਫ੍ਰੈਂਚ; ਕੰਪਿਊਟੇਸਨਲ ਲਿੰਗੁਇਸਟਿਕਸ; ਜੀਓ-ਇਨਫੋਰਮੈਟਿਕਸ; ਡੈਟਾ ਸਾਇੰਸਜ ਫ਼ਾਰ ਬਾਇਓ-ਇਨਫ਼ਾਰਮੈਟਿਕਸ ਅਤੇ ਹਿੰਦੀ ਟਰਾਂਸਲੇਸ਼ਨ ਵਰਗੇ ਵਿਸ?ਿਆਂ ਵਿੱਚ 3 ਪੀਜੀ ਡਿਪਲੋਮਾ ਅਤੇ 4 ਸਰਟੀਫਿਕੇਟ ਕੋਰਸ ਪ੍ਰਦਾਨ ਕਰ ਰਹੀ ਹੈ।

ਫਿਰਕੂ ਤੇ ਕਾਰਪੋਰੇਟ ਗੱਠਜੋੜ ਦਾ ਨਿਖੇੜਾ ਕਰਕੇ ਉਸਨੂੰ ਵਿਚਾਰਧਾਰਕ ਤੌਰ ’ਤੇ ਹਰਾਉਣਾ ਹੋਵੇਗਾ -ਕਾ: ਸੇਖੋਂ

0

ਸੁਖਜਿੰਦਰ ਮਾਨ
ਬਠਿੰਡਾ, 21 ਮਈ: ਫਿਰਕੂ ਤੇ ਕਾਰਪੋਰੇਟ ਗੱਠਜੋੜ ਸਮਾਜ ਲਈ ਅਤੀ ਖਤਰਨਾਕ ਹੈੇ, ਲੋਕ ਤੇ ਧਰਮ ਨਿਰਪੱਖਤਾ ਵਿਰੋਧੀ ਇਸ ਗੱਠਜੋੜ ਦਾ ਨਿਖੇੜਾ ਕਰਕੇ ਇਹਨਾਂ ਸ਼ਕਤੀਆਂ ਨੂੰ ਵਿਚਾਰਧਾਰਕ ਤੇ ਰਾਜਨੀਤਕ ਤੌਰ ’ਤੇ ਹਰਾਉਣਾ ਪਵੇਗਾ। ਇਹ ਵਿਚਾਰ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਸਥਾਨਕ ਪਾਰਟੀ ਦਫ਼ਤਰ ਵਿਖੇ ਜਿਲ੍ਹਾ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਕਾ: ਸੇਖੋਂ ਨੇ ਕਿਹਾ ਕਿ ਆਰ ਐੱਸ ਐੱਸ ਤੇ ਭਾਜਪਾ ਅਧਾਰਤ ਫਿਰਕਾਪ੍ਰਸਤ ਅਤੇ ਕਾਰਪੋਰੇਟ ਗੱਠਜੋੜ ਉਦਾਰੀਕਰਨ ਤੇ ਸੰਸਾਰੀਕਰਨ ਨੀਤੀਆਂ ਨੂੰ ਤੇਜੀ ਨਾਲ ਵਧਾ ਰਿਹਾ ਹੈ, ਜੋ ਸਮਾਜ ਲਈ ਬਹੁਤ ਖਤਰਨਾਕ ਹੈ। ਮਜਬੂਤੀ ਬਗੈਰ ਇਸਨੂੰ ਹਰਾਇਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਧਰਮ ਨਿਰਪੱਖ ਤੇ ਜਮਹੂਰੀ ਤਾਕਤਾਂ ਨੂੰ ਨਾਲ ਲੈ ਕੇ ਇਹਨਾਂ ਲੋਕ ਰਿਵੋਧੀ ਸ਼ਕਤੀਆਂ ਨੂੰ ਵਿਚਾਰਧਾਰਕ ਤੌਰ ਤੇ ਨਿਖੇੜਣਾ ਪਵੇਗਾ। ਉਹਨਾਂ ਕਿਹਾ ਕਿ ਅਸਲ ਝਗੜਾ ਵਿਚਾਰਾਂ ਦਾ ਹੈ, ਵਿਅਕਤੀਗਤ ਨਹੀਂ। ਉਹਨਾਂ ਕਿਹਾ ਕਿ ਕੁੱਝ ਸਮਾਂ ਪਹਿਲਾਂ ਹੋਈ ਪਾਰਟੀ ਕਾਂਗਰਸ ਅਨੁਸਾਰ ਕਿਸੇ ਮਸਲੇ ਦਾ ਹੱਲ ਧਰਮ, ਜਾਤੀ, ਫਿਰਕੇ ਜਾਂ ਖੇਤਰ ਦੇ ਆਧਾਰ ਤੇ ਨਹੀਂ ਕੀਤਾ ਜਾ ਸਕਦਾ। ਇਸੇ ਕਰਕੇ ਸੀ ਪੀ ਆਈ ਐੱਮ ਪੂਰੀ ਮਜਬੂਤੀ ਨਾਲ ਫਿਰਕੂ ਕਾਰਪੋਰੇਟ ਗੱਠਜੋੜ ਦਾ ਵਿਰੋਧ ਕਰ ਰਹੀ ਹੈ।
ਸੂਬਾ ਸਕੱਤਰ ਨੇ ਕਿਹਾ ਕਿ ਭਾਰਤ ਧਰਮ ਨਿਰਪੱਖ ਦੇਸ਼ ਹੈ, ਪਰ ਸ੍ਰੀ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਹਿੰਦੂਤਵ ਏਜੰਡੇ ਨੂੰ ਲਗਾਤਾਰ ਵਧਾਉਣ ਲਈ ਯਤਨਸ਼ੀਲ ਹੈ, ਜੋ ਦੇਸ਼ ਦੇ ਹਿਤ ਵਿੱਚ ਨਹੀਂ। ਦੇਸ਼ ਦਾ ਢਾਂਚਾ ਜਿਸ ਤਰ੍ਹਾਂ ਦਾ ਹੈ, ਉਸੇ ਤਰ੍ਹਾਂ ਰਹਿਣਾ ਚਾਹੀਦਾ ਹੈ। ਕੇਂਦਰ ਦੀਆਂ ਗਲਤ ਨੀਤੀਆਂ ਸਦਕਾ ਦੇਸ਼ ’ਚ ਅੰਤਾਂ ਦੀ ਮਹਿੰਗਾਈ ਹੋ ਗਈ ਹੈ, ਬੇਰੁਜਗਾਰੀ ਤੇ ਭੁੱਖਮਰੀ ਵਿੱਚ ਵਾਧਾ ਹੋ ਰਿਹਾ ਹੈ, ਪਬਲਿਕ ਸੈਕਟਰ ਦੇ ਅਦਾਰਿਆਂ ਨੂੰ ਵੇਚਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਲੋਕ ਮੁੱਦਿਆਂ ਨੂੰ ਪਿੰਡ ਪੱਧਰ ਤੱਕ ਲਿਜਾ ਕੇ ਲੋਕਾਂ ਨੂੰ ਜਾਗਰਿਤ ਕਰਨ ਦੀ ਲੋੜ ਹੈ। ਆਗੂ ਅਨੁਸਾਰ ਦੇਸ਼ ਦੀਆਂ ਹੋਰ ਸਰਮਾਏਦਾਰ ਪਾਰਟੀਆਂ ਦਿ੍ਰੜਤਾ ਨਾਲ ਇਹ ਜੁਮੇਵਾਰੀ ਨਹੀਂ ਨਿਭਾ ਰਹੀਆਂ, ਇਹੋ ਕਾਰਨ ਹੈ ਕਿ ਉਹਨਾਂ ਦੇ ਆਗੂ ਪਾਰਟੀਆਂ ਛੱਡ ਛੱਡ ਕੇ ਭੱਜ ਰਹੇ ਹਨ। ਉਹਨਾਂ ਕਿਹਾ ਕਿ ਸੀ ਪੀ ਆਈ ਐੱਮ ਆਪਣੀ ਜੁਮੇਵਾਰੀ ਸਮਝ ਕੇ ਮਜਬੂਤੀ ਨਾਲ ਨਿਭਾ ਰਹੀ ਹੈ।
ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵਰ੍ਹਦਿਆਂ ਕਾ: ਸੇਖੋਂ ਨੇ ਕਿਹਾ ਕਿ ਲੋਕਾਂ ਨੇ ਇਸ ਪਾਰਟੀ ਦੇ ਕੰਮਾਂ ਨੂੰ ਵੇਖ ਕੇ ਵੋਟ ਨਹੀਂ ਪਾਈ, ਬਲਕਿ ਦੂਜੀਆਂ ਸੱਤ੍ਹਾ ਭੋਗਣ ਵਾਲੀਆਂ ਪਾਰਟੀਆਂ ਦੀਆਂ ਗਲਤ ਨੀਤੀਆਂ ਸਦਕਾ ਤੀਜੇ ਬਦਲ ਦੀ ਤਲਾਸ ਵਿੱਚ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਤੇ ਉਸਦੀ ਸਰਕਾਰ ਹੋਂਦ ਵਿੱਚ ਆਈ। ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਕੁੱਝ ਵੀ ਨਵਾਂ ਕਰਕੇ ਨਹੀਂ ਵਿਖਾ ਸਕੀ। ਚੋਣਾਂ ਦੌਰਾਨ ਕੀਤੇ ਕਿਸੇ ਵੀ ਵਾਅਦੇ ਤੇ ਖਰੀ ਉਤਰਦੀ ਵਿਖਾਈ ਨਹੀਂ ਦੇ ਰਹੀ। ਉਹਨਾਂ ਕਿਹਾ ਕਿ ਆਪ ਸਰਕਾਰ ਦਿੱਲੀ ਮਾਡਲ ਵਿਖਾ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ, ਜਦੋਂ ਕਿ ਦਿੱਲੀ ਅਤੇ ਪੰਜਾਬ ਦਾ ਜ਼ਮੀਨ ਅਸਮਾਨ ਦਾ ਫ਼ਰਕ ਹੈ। ਦਿੱਲੀ ਮਾਡਲ ਕਦੇ ਵੀ ਪੰਜਾਬ ਵਿੱਚ ਲਾਗੂ ਨਹੀਂ ਹੋ ਸਕਦਾ। ਇਸ ਮੌਕੇ ਕਾ: ਮੇਘ ਨਾਥ, ਕਾ: ਕੁਲਜੀਤਪਾਲ ਸਿੰਘ ਭੁੱਲਰ ਤੇ ਕਾ: ਰਾਮ ਲਾਲ ਵੀ ਮੌਜੂਦ ਸਨ। ਇਸ ਉਪਰੰਤ ਸੂਬਾ ਸਕੱਤਰ ਕਾ: ਸੇਖੋਂ ਨੇ ਜਿਲ੍ਹਾ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕੀਤਾ ਅਤੇ ਪਾਰਟੀ ਦੀ ਮਜਬੂਤੀ ਅਤੇ ਲੋਕ ਮੁੱਦਿਆ ਨੂੰ ਉਠਾਉਣ ਲਈ ਮਿਹਨਤ ਕਰਨ ਦੀ ਲੋੜ ਤੇ ਜੋਰ ਦਿੱਤਾ। ਉਹਨਾਂ ਕਿਹਾ ਕਿ ਸੀ ਪੀ ਆਈ ਐੱਮ ਸੁਰੂ ਤੋਂ ਹੀ ਲੋਕ ਹਿਤਾਂ ਲਈ ਸੰਘਰਸ ਕਰਦੀ ਰਹੀ ਹੈ ਅਤੇ ਕਰਦੀ ਰਹੇਗੀ।

ਲੋਕ ਨਿਰਮਾਣ ਮੰਤਰੀ ਵੱਲੋਂ ਵਿਭਾਗ ਦੀਆਂ ਬਰਾਂਚਾਂ ਦੀ ਅਚਨਚੇਤ ਚੈਕਿੰਗ

0

ਬਰਾਂਚਾਂ ਦੇ ਕਰਮਚਾਰੀਆਂ ਦੇ ਕੰਮ ਕਾਰ ਦਾ ਲਿਆ ਜਾਇਜ਼ਾ
11 ਤਰਸ ਦੇ ਆਧਾਰ ‘ਤੇ ਨੌਕਰੀ ਦੇ ਮਾਮਲਿਆਂ ਨੂੰ ਜਲਦ ਨਜਿੱਠਣ ਦੇ ਦਿੱਤੇ ਨਿਰਦੇਸ਼
ਸੁਖਜਿੰਦਰ ਮਾਨ
ਚੰਡੀਗੜ੍ਹ, 20 ਮਈ: ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈਟੀਓ ਨੇ ਅੱਜ ਬਾਦ ਦੁਪਹਿਰ ਵਿਭਾਗ ਦੀਆਂ ਪੰਜਾਬ ਸਿਵਲ ਸਕੱਤਰੇਤ-2 ਦੀਆਂ ਤਿੰਨਾਂ ਬਰਾਂਚਾਂ ਦੀ ਅਚਨਚੇਤ ਚੈਕਿੰਗ ਕੀਤੀ। ਇਸ ਮੌਕੇ ਉਨ੍ਹਾਂ ਬਰਾਂਚਾਂ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਤੇ ਉਨ੍ਹਾਂ ਕੇ ਕੰਮਾਂ ਬਾਰੇ ਜਾਇਜ਼ਾ ਲਿਆ। ਉਨ੍ਹਾਂ ਨੇ ਵਿਭਾਗ ਨਾਲ ਸਬੰਧਤ 11 ਤਰਸ ਦੇ ਆਧਾਰ ‘ਤੇ ਨੌਕਰੀ ਦੇ ਮਾਮਲਿਆਂ ਨੂੰ ਜਲਦ ਨਜਿੱਠਣ ਦੇ ਨਿਰਦੇਸ਼ ਵੀ ਦਿੱਤੇ। ਸ. ਹਰਭਜਨ ਸਿੰਘ ਨੇ ਇਸ ਮੌਕੇ ਕਰਮਚਾਰੀਆਂ ਨੂੰ ਆਪਣਾ ਕੰਮ ਤਨਦੇਹੀ ਨਾਲ ਅਤੇ ਲੋਕ ਹਿੱਤ ‘ਚ ਸਮੇਂ ਸੀਮਾ ਅਧੀਨ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰੀ ਸੇਵਾ ਸਹੀ ਢੰਗ ਨਾਲ ਨਿਭਾਉਣੀ ਤੇ ਭ੍ਰਿਸ਼ਟਾਚਾਰ ਰਹਿਤ ਸੇਵਾ ਕਰਨੀ ਹੀ ਵਿਅਕਤੀ ਦਾ ਨਿਸ਼ਚਾ ਹੋਣਾ ਚਾਹੀਦਾ ਹੈ। ਲੋਕ ਨਿਰਮਾਣ ਮੰਤਰੀ ਨੇ ਸਰਕਾਰੀ ਇਮਾਰਤਾਂ ਦੀ ਰਿਪੇਅਰ, ਕਰਮਚਾਰੀਆਂ ਦੇ ਏਸੀਪੀ, ਬਕਾਏ, ਪੈਨਸ਼ਨ ਆਦਿ ਕੰਮਾਂ ਦੀ ਇੱਕ ਮੁਕੰਮਲ ਰਿਪੋਰਟ ਇੱਕ ਹਫ਼ਤੇ ‘ਚ ਪੇਸ਼ ਕਰਨ ਦੇ ਆਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਜਿੱਥੇ ਪੈਡਿੰਗ ਕੰਮ ਵਾਲੇ ਕਰਮਚਾਰੀਆਂ ਨੂੰ ਤਾੜਨਾ ਕੀਤੀ, ਉੱਥੇ ਹੀ ਚੰਗੀ ਸੇਵਾ ਨਿਭਾਉਣ ਵਾਲੇ ਕਰਮਚਾਰੀਆਂ ਦੀ ਸਰਾਹਨਾ ਵੀ ਕੀਤੀ।

ਬਠਿੰਡਾ ਦੇ ਬੰਦ ਹੋਏ ਥਰਮਲ ਦੀ ਥਾਂ ਸੂਰਜੀ ਊਰਜਾ ਪਲਾਂਟ ਲਗਾਉਣ ਲਈ ਦਿੱਤਾ ਵਿਧਾਇਕ ਨੂੰ ਮੰਗ ਪੱਤਰ

0

ਸੁਖਜਿੰਦਰ ਮਾਨ
ਬਠਿੰਡਾ, 20 ਮਈ: ਪੰਜਾਬ ਹਿਤੈਸ਼ੀ ਸੱਥ ਦਾ ਇੱਕ ਵਫਦ ਜਗਰੂਪ ਸਿੰਘ ਗਿੱਲ ਐੱਮ ਐੱਲ ਏ ਸਹਿਰੀ ਹਲਕਾ ਬਠਿੰਡਾ ਨੂੰ ਮਿਲਿਆ। ਵਫਦ ਨੇ ਸ: ਗਿੱਲ ਨੂੰ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਗਈ ਕਿ ਬਠਿੰਡਾ ਥਰਮਲ ਨੂੰ ਨਵੀਂ ਦਿੱਖ ਦੇ ਕੇ ਇੱਥੇ 250 ਮੈਗਾਵਾਟ ਦਾ ਸੂਰਜੀ ਊਰਜਾ ਪਲਾਂਟ ਲਗਾਇਆ ਜਾਵੇ। 45-45 ਮੈਗਾਵਾਟ ਦੇ ਦੋ ਪਰਾਲੀ ਤੇ ਚੱਲਣ ਵਾਲੇ ਦੋ ਯੂਨਿਟ ਲਗਾਏ ਜਾਣ। ਇਸ ਦੀਆਂ ਝੀਲਾਂ ਨੂੰ ਬਠਿੰਡਾ ਸਹਿਰੀ ਲੋਕਾਂ ਦੇ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਵਰਤਿਆ ਜਾਵੇ। ਗੁਰੂ ਨਾਨਕ ਦੇਵ ਬਠਿੰਡਾ ਦੇ ਸਪੈਸ਼ਲ ਸਕੂਲ ਨੂੰ ਮਾਡਰਨ ਸਕੂਲ ਬਣਾਇਆ ਜਾਵੇ। ਥਰਮਲ ਬਠਿੰਡਾ ਦੇ ਸਟੇਡੀਅਮ ਨੂੰ ਰੈਨੋਵੇਟ ਕਰਕੇ ਸਟੇਟ ਆਰਟ ਸਟੇਡੀਅਮ ਬਣਾਇਆ ਜਾਵੇ। ਇਸ ਪ੍ਰੋਜੈਕਟ ਦਾ ਨਾਮ ਗੁਰੂ ਨਾਨਕ ਦੇਵ ਪਾਵਰ ਕੰਪਲੈਕਸ ਰੱਖਿਆ ਜਾਵੇ। ਇਸ ਮੌਕੇ ਐੱਮ ਐੱਲ ਏ ਜਗਰੂਪ ਸਿੰਘ ਗਿੱਲ ਵੱਲੋਂ ਵੀ ਵਫਦ ਨੂੰ ਪੂਰਨ ਵਿਸ਼ਵਾਸ ਦਿਵਾਇਆ ਗਿਆ ਕਿ ਦੋਨੋਂ ਬਿਜਲੀ ਪ੍ਰਜੈਕਟਾਂ ਨੂੰ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆ ਕੇ ਜਲਦੀ ਪਾਸ ਕਰਵਾਇਆ ਜਾਵੇਗਾ। ਜਲਦੀ ਤੋਂ ਜਲਦੀ ਕੰਮ ਸੁਰੂ ਕਰਵਾਉਣ ਦੀ ਕੋਸ਼ਿਸ ਕੀਤੀ ਜਾਵੇਗੀ ਤਾਂ ਜੋ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਸਾਲਾਂ ਯਾਦਗਾਰ ਨੂੰ ਸਮਰਪਿਤ ਇਸ ਪ੍ਰੋਜੈਕਟ ਨੂੰ ਕਾਇਮ ਰੱਖਿਆ ਜਾ ਸਕੇ। ਇਸ ਤੋਂ ਇਲਾਵਾ ਬਠਿੰਡਾ ਦੀ ਵਿਰਾਸਤ ਨੂੰ ਜਿਉਂਦਾ ਰੱਖਿਆ ਜਾ ਸਕੇ। ਵਫਦ ਵਿੱਚ ਇੰਜਨੀਅਰ ਕਰਨੈਲ ਸਿੰਘ ਮਾਨ, ਭੂਸ਼ਨ ਕੁਮਾਰ ਜਿੰਦਲ ਸੇਵਾ ਮੁੱਕਤ ਇੰਜਨੀਅਰ, ਦਰਸ਼ਨ ਸਿੰਘ ਵਾਂਦਰ ਅਤੇ ਦਰਸ਼ਨ ਸਿੰਘ ਭੁੱਲਰ ਡਿਪਟੀ ਮੁੱਖ ਇੰਜਨੀਅਰ ਤੋਂ ਇਲਾਵਾ ਗੁਰਸੇਵਕ ਸਿੰਘ ਸੰਧੂ ਪ੍ਰਧਾਨ ਗੁਰੂ ਨਾਨਕ ਦੇਵ ਥਰਮਲ ਪਲਾਂਟ ਇੰਪਲਾਈਜ਼ ਫੈਡਰੇਸ਼ਨ ਬਠਿੰਡਾ ਸਾਮਲ ਹੋਏ।

ਡੀ.ਅੇੈੱਮ.ਐੱਫ਼. ਵਲੋਂ ਮੁਲਾਜਮ ਆਗੂ ਅਜੀਬ ਦਿਵੇਦੀ ਦੀ ਬੇਵਕਤੀ ਮੌਤ ਉੱਤੇ ਦੁੱਖ ਦਾ ਪ੍ਰਗਟਾਵਾ

0

ਅਜੀਬ ਦਿਵੇਦੀ ਵਰਗਾ ਨਿਡਰ ਆਗੂ ਕੋਈ ਨਹੀਂ ਬਣ ਸਕਦਾ- ਜਰਮਨਜੀਤ ਸਿੰਘ
ਸੁਖਜਿੰਦਰ ਮਾਨ
ਬਠਿੰਡਾ, 20 ਮਈ: ਪੰਜਾਬ ਦੇ ਅਧਿਆਪਕ-ਮੁਲਾਜ਼ਮ ਤੇ ਕਿਰਤੀ ਘੋਲ਼ਾਂ ਵਿੱਚ ਸਭ ਤੋਂ ਅੱਗੇ ਹੋ ਕੇ ਲੜਨ ਵਾਲ਼ੇ ਲੋਕਾਂ ਦੇ ਹਰਮਨ ਪਿਆਰੇ ਆਗੂ ਅਤੇ ਡੀ ਅੇੈੱਮ ਅੇੈੱਫ ਦੇ ਸੂਬਾ ਪ੍ਰੈਸ ਸਕੱਤਰ ਸਾਥੀ ਅਜੀਬ ਦਿਵੇਦੀ ਦੀ ਬੇਵਕਤੀ ਮੌਤ ਉੱਤੇ ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ(ਡੀ.ਟੀ.ਐੱਫ਼.) ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਇਸ ਸੰਬੰਧੀ ਹੋਈ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਡੀ.ਐੱਮ.ਐੱਫ਼. ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ, ਜਨਰਲ ਸਕੱਤਰ ਹਰਦੀਪ ਟੋਡਰਪੁਰ ਵਿੱਤ ਸਕੱਤਰ ਹਰਿੰਦਰ ਦੋਸਾਂਝ , ਡੀ. ਟੀ.ਐੱਫ਼. ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਸੂਬਾ ਜਨਰਲ ਸਕੱਤਰ ਮੁਕੇਸ਼ ਗੁਜਰਾਤੀ ਨੇ ਕਿਹਾ ਕਿ ਅਜੀਬ ਦਿਵੇਦੀ ਇੱਕ ਬਹੁਤ ਹੀ ਸੂਝਵਾਨ, ਨਿਡਰ ਅਤੇ ਬਹਾਦਰ ਅਧਿਆਪਕ ਆਗੂ ਸੀ ਜਿਸਨੇ ਵਿਦਿਆਰਥੀ ਜੀਵਨ ਤੋਂ ਲੈ ਕੇ ਮਰਦੇ ਦਮ ਤੱਕ ਕਿਰਤੀ ਲੋਕਾਂ ਦੇ ਹੱਕਾਂ ਲਈ ਲੜਾਈ ਲੜੀ। ਸੰਨ 2006 ਦੌਰਾਨ ਪੰਜਾਬ ਦੇ 13000 ਦੇ ਕਰੀਬ ਬੇਰੋਜ਼ਗਾਰ ਈ.ਟੀ.ਟੀ. ਅਧਿਆਪਕਾਂ ਨੂੰ ਰੋਜ਼ਗਾਰ ਦਿਵਾਉਣ, ਜ਼ਿਲ੍ਹਾ-ਪ੍ਰੀਸ਼ਦਾਂ ਨੂੰ ਦਿੱਤੇ ਸਕੂਲਾਂ ਨੂੰ ਅਧਿਆਪਕਾਂ ਸਮੇਤ ਸਿੱਖਿਆ ਵਿਭਾਗ ਵਿੱਚ ਸ਼ਾਮਿਲ ਕਰਵਾਉਣ ਅਤੇ 2018 ਦੇ ਐੱਸ.ਐੱਸ.ਏ/ਰਮਸਾ ਅਧਿਆਪਕਾਂ ਦੀ ਤਨਖ਼ਾਹ ਕਟੌਤੀ ਦੇ ਵਿਰੋਧ ਵਿੱਚ ਹੋਏ ਅੰਦੋਲਨਾਂ ਵਿੱਚ ਅਜੀਬ ਦਿਵੇਦੀ ਦੁਆਰਾ ਪੰਜਾਬ ਦੇ ਅਧਿਆਪਕ ਵਰਗ ਨੂੰ ਦਿੱਤੀ ਅਗਵਾਈ ਨੂੰ ਸਦਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਜੀਬ ਦਿਵੇਦੀ ਸਮਝੌਤਾਵਾਦੀ ਆਗੂ ਨਾ ਹੋ ਕੇ ਇੱਕ ਸੱਚੇ ਦਿਲੋਂ ਲੜਨ ਵਾਲ਼ਾ ਬਹਾਦਰ ਆਗੂ ਸੀ। ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸ਼ੰਘਰਸ਼ ਸ਼ੁਰੂ ਕਰਨ ਲਈ ਵੀ ਉਸਨੇ ਹੀ ਸਭ ਨੂੰ ਪ੍ਰੇਰਿਤ ਕੀਤਾ ਅਤੇ ਲੜਾਈ ਦਾ ਮੁੱਢ ਬੰਨਿਆ। ਉਨ੍ਹਾਂ ਕਿਹਾ ਕਿ 23 ਮਈ ਦਿਨ ਸੋਮਵਾਰ ਨੂੰ ਅਜੀਬ ਦਿਵੇਦੀ ਦੇ ਜੱਦੀ ਪਿੰਡ ਬੁੱਢੀ-ਪਿੰਡ ਵਿਖੇ ਹੋਣ ਵਾਲੇ ਉਸਦੇ ਸ਼ਰਧਾਂਜਲੀ ਸਮਾਰੋਹ ਵਿੱਚ ਪੰਜਾਬ ਭਰ ਦੇ ਮਿਹਨਤਕਸ਼ ਲੋਕ ਅਜੀਬ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ।
ਇਸ ਮੌਕੇ ਸਿਕੰਦਰ ਧਧਾਲੀਵਾਲ,ਬਲਰਾਜ ਮੌੜ ਅਤੇ ਜਗਪਾਲ ਬੰਗੀ ਆਦਿ ਆਗੂਆਂ ਨੇ ਵੀ ਸਾਥੀ ਅਜੀਬ ਦਿਵੇਦੀ ਦੇ ਸੰਘਰਸ਼ਾਂ ਵਿੱਚ ਪਾਏ ਯੋਗਦਾਨ ਨੂੰ ਯਾਦ ਕੀਤਾ।

ਪੰਜਾਬ ਪੁਲਿਸ ਤੇ ਆਰਮੀ ਦੀ ਭਰਤੀ ਰੈਲੀ ਲਈ ਮੁਫ਼ਤ ਟਰੈਨਿੰਗ ਦੇ ਨਾਲ ਮਿਲੇਗੀ ਰਿਹਾਇਸ਼

0

ਸੁਖਜਿੰਦਰ ਮਾਨ
ਬਠਿੰਡਾ, 20 ਮਈ: ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਕਾਂਲਝਰਾਣੀ ਵੱਲੋਂ ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ ਪੰਜਾਬ ਪੁਲਿਸ ਤੇ ਆਰਮੀ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਲਈ 23 ਤੋਂ 27 ਮਈ 2022 ਤੱਕ ਮੁਫ਼ਤ ਸਿਖਲਾਈ ਕੈਂਪ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਕੈਂਪ ਇੰਚਾਰਜ ਸ੍ਰੀ ਹਰਜੀਤ ਸਿੰਘ ਸੰਧੂ ਨੇ ਸਾਂਝੀ ਕੀਤੀ।
ਕੈਂਪ ਇੰਚਾਰਜ ਸ਼੍ਰੀ ਸੰਧੂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਦੌਰਾਨ ਨੌਜਵਾਨਾਂ ਨੂੰ ਸਰੀਰਕ ਤੇ ਲਿਖਤੀ ਪੇਪਰ ਦੀ ਸਿਖਲਾਈ ਦਿੱਤੀ ਜਾਵੇਗੀ। ਉਕਤ ਜ਼ਿਲ੍ਹਿਆਂ ਦੇ ਚਾਹਵਾਨ ਨੌਜਵਾਨ 23 ਮਈ ਤੋਂ 27 ਮਈ 2022 ਤੱਕ ਸਵੇਰੇ 9 ਵਜੇਂ ਤੋਂ ਦੁਪਿਹਰ 12 ਵਜੇ ਤੱਕ ਸਰਕਾਰੀ ਕੰਮ-ਕਾਜ ਵਾਲੇ ਦਿਨ ਨਿੱਜੀ ਤੌਰ ਤੇ ਆਪਣੇ ਵਿਦਿਅਕ ਯੋਗਤਾ ਸਰਟੀਫਿਕੇਟ ਦੀ ਫੋਟੋ ਕਾਪੀ, ਅਧਾਰ ਕਾਰਡ ਦੀ ਫੋਟੋ ਕਾਪੀ, ਕੋਵਿਡ ਵੈਕਸੀਨ ਸਰਟੀਫਿਕੇਟ ਦੀ ਫੋਟੋ ਕਾਪੀ ਤੇ ਆਪਣੀਆਂ 2 ਤਾਜਾ ਪਾਸਪੋਰਟ ਸਾਈਜ ਫੋਟੋਆਂ ਲੈ ਕੇ ਸੀ-ਪਾਈਟ ਕੈਂਪ, ਕਾਲਝਰਾਣੀ ਵਿਖੇ ਰਜਿਸਟ੍ਰੇਸ਼ਨ ਲਈ ਹਾਜ਼ਰ ਹੋ ਸਕਦੇ ਹਨ।ਉਨ੍ਹਾਂ ਦੱਸਿਆ ਕਿ ਆਰਮੀ ਭਰਤੀ ਲਈ ਪੂਰਵ ਸਿਖਲਾਈ ਲੈਣ ਦੇ ਚਾਹਵਾਨ ਨੌਜਵਾਨਾਂ ਦੀ ਉਮਰ ਸਾਢੇ 17 ਸਾਲ ਤੋਂ 21 ਸਾਲ ਦੇ ਵਿਚਕਾਰ ਹੋਵੇ। ਘੱਟੋਂ-ਘੱਟ ਦਸਵੀਂ ਵਿੱਚੋਂ 45 ਫ਼ੀਸਦੀ ਅੰਕ, ਕੱਦ 170 ਸੈਂਟੀਮੀਟਰ ਤੇ ਛਾਤੀ 77 ਸੈਂਟੀਮੀਟਰ ਅਤੇ ਫੁਲਾ ਕੇ 82 ਸੈਂਟੀਮੀਟਰ ਹੋਵੇ।
ਸ੍ਰੀ ਹਰਜੀਤ ਸਿੰਘ ਸੰਧੂ ਨੇ ਅੱਗੇ ਦੱਸਿਆ ਕਿ ਪੰਜਾਬ ਪੁਲਿਸ ਲਈ ਪੂਰਵ ਸਿਖਲਾਈ ਲੈਣ ਦੇ ਚਾਹਵਾਨ ਨੌਜਵਾਨਾਂ ਦੀ ਉਮਰ 18 ਤੋਂ 25 ਸਾਲ ਦੇ ਵਿਚਕਾਰ ਹੋਵੇ, ਐੱਸ.ਸੀ. ਤੇ ਬੀ.ਸੀ ਯੁਵਕਾਂ ਨੂੰ ਸਰਕਾਰ ਦੇ ਨਿਯਮਾਂ ਅਨੁਸਾਰ ਉਮਰ ਵਿੱਚ ਛੋਟ ਹੋਵੇਗੀ। ਯੁਵਕ ਦੀ ਵਿਦਿਅਕ ਯੋਗਤਾ ਘੱਟੋਂ-ਘੱਟ 12ਵੀਂ ਹੋਵੇ ਅਤੇ ਯੁਵਕ ਦਾ ਕੱਦ 5.7 ਇੰਚ ਹੋਵੇ। ਸਿਖਲਾਈ ਦੌਰਾਨ ਸ਼ਰਤਾਂ ਪੂਰੀਆਂ ਕਰਨ ਵਾਲੇ ਨੌਜਵਾਨਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਟ੍ਰੇਨਿੰਗ ਸਮੇਂ ਖਾਣਾ ਅਤੇ ਰਿਹਾਇਸ ਵੀ ਮੁਫ਼ਤ ਦਿੱਤੀ ਜਾਵੇਗੀ। ਵਧੇਰੇ ਜਾਣਕਾਰੀ ਲਈ 98148-50214, 93167-13000, 94641-52013 ਤੇ ਦਫਤਰੀ ਕੰਮ ਕਾਜ ਵਾਲੇ ਦਿਨ ਸੰਪਰਕ ਕੀਤਾ ਜਾ ਸਕਦਾ ਹੈ।

ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤਾ ਈ-ਫਸਲ ਸ਼ਤੀਪੂਰਤੀ ਪੋਰਟਲ ਲਾਂਚ

0

ਕਿਸਾਨ ਹੁਣ ਖੁਦ ਭਰ ਸਕਣਗੇ ਫਸਲ ਨੁਕਸਾਨ ਦਾ ਬਿਊਰਾ – ਮੁੱਖ ਮੰਤਰੀ
ਪੰਜ ਸਲੈਬ ਵਿਚ ਦਿੱਤਾ ਜਾਵੇਗਾ ਫਸਲ ਮੁਆਵਜਾ
ਪੋਰਟਲ ਦਾ ਟੀਚਾ ਸਾਲਾਂ ਤੋਂ ਚੱਲੀ ਆ ਰਹੀ ਮੈਨੂਅਲ ਮੁਆਵਜਾ ਪ੍ਰਣਾਲੀ ਨੂੰ ਬਦਲਣਾ ਹੈ, ਹੁਣ ਮੁਆਵਜਾ ਵੀ ਆਨਲਾਇਨ ਦਿੱਤਾ ਜਾਵੇਗਾ – ਮਨੋਹਰ ਲਾਲ
ਸੁਖਜਿੰਦਰ ਮਾਨ
ਚੰਡੀਗੜ੍ਹ, 20 ਮਈ: ਕਿਸਾਨਾਂ ਦੀ ਭਲਾਈ ਲਈ ਸਦਾ ਜਲਦੀ ਤਿਆਰ ਰਹਿਣ ਵਾਲੀ ਮਨੋਹਰ ਸਰਕਾਰ ਇਕ ਵਾਰ ਮੁੜ ਦਿਖਾਇਆ ਹੈ ਕਿ ਉਨ੍ਹਾਂ ਦੇ ਲਈ ਕਿਸਾਨਾਂ ਦੇ ਹਿੱਤ ਅਤੇ ਉਨ੍ਹਾਂ ਨੂੰ ਜੋਖਿਮ ਮੁਕਤ ਕਰਨਾ ਉਨ੍ਹਾਂ ਦੀ ਸਰਕਾਰ ਦੀ ਸਰਵੋਚ ਪ੍ਰਾਥਮਿਕਤਾ ਹੈ। ਇਸ ਦਿਸ਼ਾ ਵਿਚ ਇਕ ਹੋਰ ਕਦਮ ਚੁੱਕਦੇ ਹੋਏ ਅੱਜ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਈ-ਫਸਲ ਸ਼ਤੀਪੂਰਤੀ ਨਾਂਅ ਦਾ ਪੋਰਟਲ ਲਾਂਚ ਕੀਤਾ, ਇਸ ਪੋਰਟਲ ਦੇ ਲਾਂਚ ਹੋਣ ਨਾਲ ਹੁਣ ਕਿਸਾਨ ਖੁਦ ਆਪਣੀ ਫਸਲ ਨੁਕਸਾਨ ਦਾ ਬਿਊਰਾ ਭਰ ਸਕਣਗੇ।
ਮੁੱਖ ਮੰਤਰੀ ਨੇ ਅੱਜ ਇੱਥੇ ਇਕ ਪ੍ਰੈਸ ਕਾਨਫ੍ਰੈਂਸ ਨੁੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇਸ ਪੋਰਟਲ ਦੀ ਸ਼ੁਰੂਆਤ ਦੇ ਨਾਲ ਹੀ ਇੲ ਫਸਲ ਨੁਕਸਾਨ ਦੀ ਸਥਿਤੀ ਵਿਚ ਬਿਨੈ, ਤਸਦੀਕ ਅਤੇ ਮੁਆਵਜਾ ਪ੍ਰਦਾਨ ਕਰਨ ਦੀ ਪ੍ਰਣਾਲੀ ਵਿਚ ਪਾਰਦਰਸ਼ਿਤਾ ਯਕੀਨੀ ਕਰਨ ਦੀ ਦਿਸ਼ਾ ਵਿਚ ਇਤਿਹਾਸਕ ਕਦਮ ਹੈ। ਇਸ ਨਾਲ ਪਹਿਲਾਂ ਕਿਸਾਨਾਂ ਨੂੰ ਫਸਲ ਖਰਾਬੇ ਦਾ ਮੁਆਵਜਾ ਮੈਨੂਅਲ ਦਿੱਤਾ ਜਾਂਦਾ ਰਿਹਾ ਹੈ ਅਤੇ ਸਾਲਾਂ ਤੋਂ ਚੱਲੀ ਆ ਰਹੀ ਮੈਨੂਅਲ ਮੁਆਵਜਾ ਪ੍ਰਣਾਲੀ ਨੂੰ ਬਦਲਦੇ ਹੋਏ ਹੁਣ ਇਸ ਪੋਰਟਲ ਰਾਹੀਂ ਇਹ ਮੁਆਵਜਾ ਵੀ ਆਨਲਾਇਨ ਕਰ ਦਿੱਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ ਰਜਿਸਟ੍ਰੇਸ਼ਣ ਨਹੀਂ ਕਰਾਇਆ ਹੈ ਉਨ੍ਹਾਂ ਕਿਸਾਨਾਂ ਨੂੰ ਇਸ ਸਹੂਲਤ ਦਾ ਲਾਭ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਆਈਟੀ ਸੁਧਾਰਾਂ ਦੇ ਨਾਲ, ਅਸੀਂ ਸਮਾਜ ਦੇ ਹਰ ਵਰਗ ਲਈ ਈਜ ਆਫ ਲਿਵਿੰਗ ਦੀ ਦਿਸ਼ਾ ਵਿਚ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੇਰੀ ਫਸਲ-ਮੇਰਾ ਬਿਊਰਾ ਪੋਰਟਲ ਦੀ ਅਭੂਤਪੂਰਵ ਸਫਲਤਾ ਦੇ ਬਾਅਦ ਈ-ਫਸਲ ਸ਼ਤੀਪੂਰਤੀ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਪੋਰਟਲ ਰਾਹੀਂ ਮੁਆਵਜਾ ਰਕਮ ਮੇਰੀ ਫਸਲ-ਮੇਰਾ ਬਿਊਰਾ ‘ਤੇ ਉਪਲਬਧ ਕਰਵਾਏ ਗਏ ਕਾਸ਼ਤਕਾਰ ਦੇ ਤਸਦੀਕ ਖਾਤੇ ਵਿਚ ਸਿੱਧੇ ਜਮ੍ਹਾ ਕਰਵਾਈ ਜਾਵੇਗੀ। ਇਸ ਦੇ ਲਈ ਕਿਸਾਨਾਂ ਨੂੰ ਮੇਰੀ ਫਸਲ -ਮੇਰਾ ਬਿਊਰਾ ਪੋਰਟਲ ਤੋਂ ਇਲਾਵਾ ਹੋਰ ਕਿਤੇ ਵੀ ਰਜਿਸਟ੍ਰੇਸ਼ਣ ਕਰਨ ਦੀ ਜਰੂਰਤ ਨਹੀਂ ਹੈ। ਸਬੰਧਿਤ ਖਸਰਾ ਨੰਬਰ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ ਰਜਿਸਟਰਡ ਨਹੀਂ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪੋਰਟਲ ‘ਤੇ ਕਿਸਾਨ ਸਮੇਂ-ਸਮੇਂ ‘ਤੇ ਆਪਣੇ ਬਿਨੈ ਦੀ ਸਥਿਤੀ ਦੇਖ ਸਕਦੇ ਹਨ। ਰਜਿਸਟ੍ਰੇਸ਼ਣ ਤਹਿਤ ਮੋਬਾਇਲ ਨੰਬਰ, ਪਰਿਵਾਰ ਪਹਿਚਾਣ ਪੱਤਰ ਜਾਂ ਮੇਰੀ ਫਸਲ ਮੇਰਾ ਬਿਊਰਾ ਰਜਿਸਟ੍ਰੇਸ਼ਣ ਨੰਬਰ ਵਿੱਚੋਂ ਕੋਈ ਇਕ ਜਰੂਰੀ ਹੋਵੇਗਾ।ਮੁੱਖ ਮੰਤਰੀ ਨੇ ਕਿਹਾ ਕਿ ਅੱਗ, ਹੱੜ੍ਹ, ਗੜ੍ਹੇ ਪੈਣਾ, ਸੁੱਖਾ, ਸ਼ੀਤ ਲਹਿਰ, ਭੂਜਾਲ, ਪਹਾੜ ਖਿਸਕਨਾ, ਬੱਦਲ ਫੱਟਨਾ, ਜਲਭਰਾਵ, ਭਾਰੀ ਬਰਸਾਤ, ਕੀਟ ਦਾ ਹਮਲਾ ਅਤੇ ਮਿੱਟੀ ਭਰੀ ਹਨੇਰੀ ਦੇ ਕਾਰਨ ਫਸਲ ਨੁਕਸਾਨ ‘ਤੇ ਮੁਆਵਜਾ ਮਿਲੇਗਾ।

ਫਸਲ ਨੁਕਸਾਨ ਦੇ ਮੁਆਵਜੇ ਲਈ ਬਣਾਏ ਗਏ 5 ਸਲੈਬ
ਮੁੱਖ ਮੰਤਰੀ ਨੇ ਕਿਹਾ ਕਿ ਫਸਲ ਦਾ ਮੁਆਵਜਾ 5 ਸਲੈਬ 0 ਤੋਂ 24 ਫੀਸਦੀ, 25 ਤੋਂ 32 ਫੀਸਦੀ, 33 ਤੋਂ 49 ਫੀਸਦੀ, 50 ਤੋਂ 74 ਫੀਸਦੀ ਅਤੇ 75 ਤੋਂ 100 ਫੀਸਦੀ ਵਿਚ ਦਿੱਤਾ ਜਾਵੇਗਾ।ਮੁੱਖ ਮੰਤਰੀ ਨੇ ਕਿਹਾ ਕਿ ਪਟਵਾਰੀ, ਕਾਨੂੰਗੋ ਅਤੇ ਤਹਿਸੀਲਦਾਰ ਉਨ੍ਹਾਂ ਦੇ ਰਜਿਸਟਰਡ ਮੋਬਾਇਲ ਨੰਬਰ ਤੋਂ ਲਾਗਿਨ ਫਾਰਮ ਤੋਂ ਆਪਣਾ-ਆਪਣਾ ਲਾਗਿਨ ਕਰਣਗੇ। ਉਹ ਫਸਲ ਨੁਕਸਾਨ ਦੇ ਲਈ ਕਿਸਾਨ ਵੱਲੋਂ ਪੇਸ਼ ਬਿਨੈ ਨੂੰ ਦੇਖ ਸਕਣਗੇ। ਫਸਲ ਹਾਨੀ ਦਾ ਫੀਸਦੀ ਅਤੇ ਖਸਰਾ ਨੰਬਰ ਦੀ ਫੋਟੋ ਭਰਣਗੇ ਅਤੇ ਆਪਣੀ ਪ੍ਰਤੀਕ੍ਰਿਆ ਦੇਣਗੇ। ਐਸਡੀਐਮ ਆਪਣੇ ਲਾਗਿਨ ਫਾਰਮ ਤੋਂ ਲਾਗਿਨ ਕਰਣਗੇ ਅਤੇ ਪਟਵਾਰੀ, ਕਾਨੂੰਨਗੋ ਤੇ ਤਹਿਸੀਲਦਾਰ ਵੱਲੋਂ ਪੇਸ਼ ਕੀਤੇ ਗਏ ਬੇਮੇਲ ਡੇਟਾ ਨੂੰ ਦੇਖ ਸਕਣਗੇ। ਕਿਸਾਨ ਵੱਲੋਂ ਦਰਜ ਕਰਾਈ ਗਈ ਸ਼ਿਕਾਇਤ ਦਾ ਮੁੜ ਤਸਦੀਕ ਵੀ ਐਸਡੀਐਮ ਵੱਲੋਂ ਕੀਤਾ ਜਾਵੇਗਾ।

ਫਸਲ ਮੁਆਵਜੇ ਲਈ ਰਜਿਸਟਰਡ ਖੇਤਰ ਦਾ 4 ਫੀਸਦੀ ਡਿਪਟੀ ਕਮਿਸ਼ਨਰ ਵੱਲੋਂ ਤਸਦੀਕ ਕੀਤਾ ਜਾਣਾ ਜਰੂਰੀ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਫਸਲ ਮੁਆਵਜਾ ਲਈ ਰਜਿਸਟਰਡ ਖੇਤਰ ਦੇ 4 ਫੀਸਦੀ ਹਿੱਸੇ ਦਾ ਡਿਪਟੀ ਕਮਿਸ਼ਨਰ ਤੋਂ ਤਸਦੀਕ ਕਰਾਉਣਾ ਜਰੂਰੀ ਹੈ। ਡਿਪਟੀ ਕਮਿਸ਼ਨਰ ਰਕਮ ਨੂੰ ਕਮਿਸ਼ਨਰ ਦੀ ਪ੍ਰਵਾਨਗੀ ਲਈ ਭੇਜਣਗੇ। ਕਮਿਸ਼ਨਰ ਰਕਮ ਨੂੰ ਨੋਡਲ ਅਧਿਕਾਰੀ ਦੀ ਪ੍ਰਵਾਨਗੀ ਲਈ ਭੇਜਣਗੇ। ਨੋਡਲ ਅਧਿਕਾਰੀ ਸਬੰਧਿਤ ਜਿਲ੍ਹਿਆਂ ਵੱਲੋਂ ਭੇਜੀ ਗਈ ਰਕਮ ਦੇ ਲਈ ਸਰਕਾਰ ਦੀ ਮੰਜੂਰੀ ਲੈਣਗੇ ਅਤੇ ਮੰਜੂਰੀ ਦੇ ਬਾਅਦ ਰਕਮ ਸਿੱਧੇ ਕਿਸਾਨਦੇ ਤਸਦੀਕ ਖਾਤੇ ਵਿਚ ਪਾ ਦਿੱਤੀ ਜਾਵੇਗੀ।
ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀਐਸ ਢੇਸੀ, ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ ਪੀ ਕੇ ਦਾਸ, ਨਗਰ ਅਤੇ ਗ੍ਰਾਮ ਆਯੋਜਨਾ ਅਤੇ ਸ਼ਹਿਰੀ ਸੰਪਦਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇਵੇਂਦਰ ਸਿੰਘ , ਖੇਤੀਬਾੜੀ ਕਿਸਾਨ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਸ੍ਰੀਮਤੀ ਸੁਮਿਤਾ ਮਿਸ਼ਰਾ, ਸ਼ਹਿਰੀ ਸਥਾਨਕ ਵਿਭਾਗ ਦੇ ਪ੍ਰਧਾਨ ਸਕੱਤਰ ਅਰੁਣ ਗੁਪਤਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਡਾ ਅਮਿਤ ਅਗਰਵਾਲ, ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ, ਪੰਚਕੂਲਾ ਦੇ ਮੁੱਖ ਪ੍ਰਸਾਸ਼ਕ ਅਜੀਤ ਬਾਲਾਜੀ ਜੋਸ਼ੀ ਅਤੇ ਖੇਤੀਬਾੜੀ ਵਿਭਾਗ ਦੇ ਮਹਾਨਿਦੇਸ਼ਕ ਹਰਦੀਪ ਸਿੰਘ ਵੀ ਇਸ ਮੌਕੇ ‘ਤੇ ਮੌਜੂਦ ਰਹੇ।

Our Visitor

1901507