ਤਿੰਨ ਪ੍ਰੋਜੈਕਟਰ ਹਾਈ ਪਾਵਰ ਪਰਚੇਜ ਕਮੇਟੀ ਨੂੰ ਭੇਜਣ ਦੀ ਸਿਫਾਰਿਸ਼
ਸੰਜੀਵ ਕੌਸ਼ਲ ਨੇ ਜਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਪਰਿਯੋਜਨਾਵਾਂ ਦੇ ਲਾਗੂ ਕਰਨ ਲਈ ਭੂ-ਮਾਲਿਕਾਂ ਨਾਲ ਮੀਟਿੰਗਾਂ ਕਰ ਅਗਲੀ ਪ੍ਰਕਿ੍ਰਆ ਨੂੰ ਜਲਦੀ ਪੂਰੀ ਕਰਨ ਦੇ ਦਿੱਤੇ ਨਿਰਦੇਸ਼
ਸੁਖਜਿੰਦਰ ਮਾਨ
ਚੰਡੀਗੜ੍ਹ, 16 ਮਈ : ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਦੀ ਅਗਵਾਈ ਹੇਠ ਅੱਜ ਇੱਥੇ ਈ-ਭੁਮੀ ਪੋਰਟਲ ਦੇ ਤਹਿਤ ਵੱਖ-ਵੱਖ ਪਰਿਯੋਜਨਾਵਾਂ ਲਈ ਜਮੀਨ ਖਰੀਦ ਤਹਿਤ ਸਕੱਤਰਾਂ ਦੀ ਕਮੇਟੀ ਦੀ ਮੀਟਿੰਗ ਹੋਈ ਜਿਸ ਵਿਚ 3 ਪ੍ਰੋਜੈਕਟਸ ਨੂੰ ਹਾਈ ਪਾਵਰ ਪਰਚੇਜ ਕਮੇਟੀ ਨੂੰ ਭੇਜਣ ਦੀ ਸਿਫਾਰਿਸ਼ ਕੀਤੀ ਗਈ। ਮੀਟਿੰਗ ਵਿਚ ਕੁੱਲ 10 ਪ੍ਰੋਜੈਕਟਸ ਲਈ ਜਮੀਨ ਖਰੀਦ ਦੇ ਸਬੰਧ ਵਿਚ ਚਰਚਾ ਕੀਤੀ ਗਈ। ਮੁੱਖ ਸਕੱਤਰ ਨੇ ਵੀਡੀਓ ਕਾਨਫ੍ਰੈਸਿੰਗ ਰਾਹੀਂ ਜੁੜੇ ਸਬੰਧਿਤ ਜਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਹੋਰ ਪਰਿਯੋਜਨਾਵਾਂ ਲਈ ਅਗਲੇ ਮੀਟਿੰਗ ਤੋਂ ਪਹਿਲਾਂ ਭੂ-ਮਾਲਿਕਾਂ ਤੋਂ ਉਨ੍ਹਾ ਦੀ ਸਹਿਮਤੀ ਨਾਲ ਜਮੀਨ ਖਰੀਦਣ ਦੇ ਸਬੰਧ ਵਿਚ ਗਲਬਾਤ ਕੀਤੀ ਜਾਵੇ।
ਮੀਟਿੰਗ ਵਿਚ ਦਸਿਆ ਗਿਆ ਕਿ ਹਿਸਾਰ ਜਿਲ੍ਹਾ ਵਿਚ ਐਨਐਚ-44 ਤੋਂ ਐਨਐਚ-334 ਨਾਲ ਜੋੜਨ ਵਾਲੀ ਚਾਰ ਲੇਨ ਸੜਕ, ਝੱਜਰ ਜਿਲ੍ਹਾ ਮਾਜਰਾ ਮਾਜਰਾ ਦੁਬਲਧਨ ਤੋਂ ਜੱਟੇਲਾ ਧਾਮ ਤਕ ਸੜਕ ਅਤੇ ਸੋਨੀਪਤ ਜਿਲ੍ਹਾ ਵਿਚ ਐਨਐਚ -44 ਤੋਂ ਐਨਐਚ-334 ਬੀ ਨੂੰ ਜੋੜਨ ਵਾਲੀ ਸੜਕ ਦੇ ਨਿਰਮਾਣ ਲਈ ਈ-ਭੁਮੀ ਪੋਰਟਲ ‘ਤੇ ਜਰੂਰੀ ਜਮੀਨ ਤਹਿਤ ਭੂ-ਮਾਲਿਕਾਂ ਨੇ ਆਪਣੀ ਸਹਿਮਤੀ ਦੇ ਦਿੱਤੀ ਹੈ। ਅਗਾਮੀ ਗਲਬਾਤ ਕਰ ਜਮੀਨ ਖਰੀਦ ਪ੍ਰਕਿ੍ਰਆ ਨੂੰ ਜਲਦੀ ਆਖੀਰੀ ਰੂਪ ਦੇ ਦਿੱਤਾ ਜਾਵੇਗਾ। ਇਸ ‘ਤੇ ਮੁੱਖ ਸਕੱਤਰ ਨੇ ਇੰਨ੍ਹਾਂ ਪ੍ਰੋਜੈਕਟਸ ਨੂੰ ਆਖੀਰੀ ਮੰਜੂਰੀ ਪ੍ਰਾਪਤ ਕਰਨ ਤਹਿਤ ਹਾਈ ਪਾਵਰ ਲੈਂਡ ਪਰਚੇਜ ਕਮੇਟੀ ਨੂੰ ਭੇਜਣ ਦੀ ਸਿਫਾਰਿਸ਼ ਕੀਤੀ।
ਮੀਟਿੰਗ ਵਿਚ ਜਿਲ੍ਹਾ ਫਰੀਦਾਬਾਦ ਵਿਚ ਵਲੱਭਗੜ੍ਹ ਪਾਲੀ ਧੂਜ ਸੋਹਨਾ ਰੋਡ ‘ਤੇ ਬਣੇ ਦੋ ਲੇਨ ਆਰਓਬੀ ਨੂੰ ਚਾਰ ਲੇਨ ਦਾ ਕਰਨ, ਜਿਲ੍ਹਾ ਸੋਨੀਪਤ ਵਿਚ ਚਾਰ ਲੇਨ ਦੇ ਗੋਹਾਨਾ ਬਾਈਪਾਸ ਦੇ ਨਿਰਮਾਣ ਅਤੇ ਪਿੰਡ ਤਿਯੋੜੀ ਤੋਂ ਪਿੰਡ ਬਜਾਨਾ ਕਲਾਂ ਨੂੰ ਜੋੜਨ ਵਾਲੇ ਨਵੀਂ ਸੜਕ ਦੇ ਨਿਰਮਾਣ ਅਤੇ ਜਿਲ੍ਹਾ ਯਮੁਨਾਨਗਰ ਵਿਚ ਲਾਡਵਾ ਸਰਸਵਤੀ ਨਗਰ ਰੋਡ ‘ਤੇ ਦੋ ਲੇਨ ਆਰਓਬੀ ਦੇ ਨਿਰਮਾਣ ਦੇ ਸਬੰਧ ਵਿਚ ਵੀ ਜਿਲ੍ਹਾ ਡਿਪਟੀ ਕਮਿਸ਼ਨਰਾਂ ਨੇ ਮੌਜੂਦਾ ਸਥਿਤੀ ਦੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ, ਇੰਡੀਅਨ ਓਇਲ ਕਾਰਪੋਰੇਸ਼ਨ ਲਿਮੀਟੇਡ ਪਾਣੀਪਤ ਰਿਫਾਇਨਰੀ ਐਂਡ ਟਾਉਨਸ਼ਿਪ ਦੇ ਵਿਸਤਾਰੀਕਰਣ ‘ਤੇ ਵੀ ਚਰਚਾ ਕੀਤੀ ਗਈ। ਮੁੱਖ ਸਕੱਤਰ ਨੇ ਸਬੰਧਿਤ ਜਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਉਪਰੋਕਤ ਪਰਿਯੋਜਨਾਵਾਂ ਦੇ ਜਲਦੀ ਲਾਗੂ ਕਰਨ ਲਈ ਭੂ-ਮਾਲਿਕਾਂ ਨਾਲ ਮੀਟਿੰਗਾਂ ਕਰ ਅਗਲੀ ਪ੍ਰਕਿ੍ਰਆ ਨੂੰ ਜਲਦੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।
ਮੀਟਿੰਗ ਵਿਚ ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ ਪੀਕੇ ਦਾਸ, ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ, ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੇ ਵਧੀਕ ਮੁੱਖ ਸਕੱਤਰ ਏਕੇ ਸਿੰਘ ਅਤੇ ਚੱਕਬੰਦੀ ਅਤੇ ਭੂ-ਰਿਕਾਰਡ ਵਿਭਾਗ ਦੀ ਨਿਦੇਸ਼ਕ ਆਮਨਾ ਤਸਨੀਮ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ। ਇਸ ਤੋਂ ਇਲਾਵਾ, ਫਰੀਦਾਬਾਦ, ਝੱਜਰ, ਨੁੰਹ, ਸੋਨੀਪਤ , ਹਿਸਾਰ, ਯਮੁਨਾਨਗਰ ਅਤੇ ਕਰਨਾਲ ਦੇ ਜਿਲ੍ਹਾ ਡਿਪਟੀ ਕਮਿਸ਼ਨਰ ਵੀਡੀਓ ਕਾਨਫ੍ਰੈਸਿੰਗ ਰਾਹੀਂ ਮੀਟਿੰਗ ਵਿਚ ਸ਼ਾਮਿਲ ਹੋਏ।
ਮੁੱਖ ਸਕੱਤਰ ਦੀ ਅਗਵਾਈ ਹੇਠ ਹੋਈ ਈ-ਭੁਮੀ ਪੋਰਟਲ ਕਮੇਟੀ ਦੀ ਮੀਟਿੰਗ
ਕੁਲਦੀਪ ਧਾਲੀਵਾਲ ਨੇ ਪੇਂਡੂ ਵਿਕਾਸ ਵਿਭਾਗ ‘ਚ ਨਵ-ਨਿਯੁਕਤ ਉਪ ਮੰਡਲ ਅਫਸਰਾਂ ਨੂੰ ਨਿਯੁਕਤੀ ਪੱਤਰ ਦਿੱਤੇ
ਸੁਖਜਿੰਦਰ ਮਾਨ
ਐਸ.ਏ.ਐਸ. ਨਗਰ 16 ਮਈ: ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਅੱਜ ਵਿਕਾਸ ਭਵਨ ਮੁਹਾਲੀ ਵਿਖੇ ਪੇਂਡੂ ਵਿਕਾਸ ਵਿਭਾਗ ਵਿਚ ਨਵ-ਨਿਯੁਕਤ ਉਪ ਮੰਡਲ ਅਫਸਰਾਂ ਨੂੰ ਨਿਯੁਕਤੀ ਪੱਤਰ ਦਿੱਤੇ।ਇਸ ਮੌਕੇ ਆਪਣੇ ਸੰਬੋਧਨ ਦੌਰਾਨ ਨਵ-ਨਿਯੁਕਤ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਹਰੇਕ ਨੌਜਵਾਨ ਨੂੰ ਆਪਣੀ ਜਿੰਦਗੀ ਵਿੱਚ ਕੋਈ ਨਾ ਕੋਈ ਟੀਚਾ ਜ਼ਰੂਰ ਮਿੱਥਣਾ ਚਾਹੀਦਾ ਹੈ ਅਤੇ ਟੀਚਾ ਪ੍ਰਾਪਤ ਹੋਣ ਤੱਕ ਪਿੱਛੇ ਨਹੀਂ ਹਟਣਾ ਚਾਹੀਦਾ। ਉਨ੍ਹਾਂ ਨਵ ਨਿਯੁਕਤ ਅਧਿਕਾਰੀਆਂ ਨੂੰ ਆਪਣੀ ਡਿਊਟੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਦਾ ਸੱਦਾ ਦਿੰਦਿਆਂ ਉਮੀਦ ਜ਼ਾਹਰ ਕੀਤੀ ਕਿ ਨਵ ਨਿਯੁਕਤ ਕੀਤੇ ਉਪ ਮੰਡਲ ਅਫਸਰ ਆਪਣੀ ਸਖਤ ਮਿਹਨਤ, ਇਮਾਨਦਾਰੀ ਅਤੇ ਲਗਨ ਨਾਲ ਆਪਣੇ ਵਿਭਾਗ ਨੂੰ ਬੁਲੰਦੀ `ਤੇ ਲਿਜਾਣਗੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ’ਚ ਬੇਰੁਜ਼ਗਾਰੀ ਸਭ ਤੋਂ ਵੱਡੀ ਸਮੱਸਿਆ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਪੂਰੀ ਯਤਨਸ਼ੀਲ ਹੈ।ਉਨਾਂ ਕਿਹਾ ਕਿ ਉਨਾਂ ਦੀ ਪਾਰਟੀ ਦੀ ਸਰਕਾਰ ਬਣਦਿਆਂ ਦੂਜੇ ਮਹੀਨੇ ਹੀ 26 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਲਈ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ ਹੈ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਸਾਰੇ ਵਿਭਾਗਾਂ ਦੀਆਂ ਖਾਲੀ ਅਸਾਮੀਆਂ ਦੇ ਅੰਕੜੇ ਇਕੱਠੇ ਕੀਤੇ ਜਾ ਰਹੇ ਹਨ ਅਤੇ ਜਲਦ ਹੀ ਸਰਕਾਰੀ ਨੌਕਰੀਆਂ ਲਈ ਹੋਰ ਵੱਡੇ ਪੱਧਰ ‘ਤੇ ਭਰਤੀ ਕੀਤੀ ਜਾਵੇਗੀ।
ਪੇਂਡੂ ਵਿਕਾਸ ਮੰਤਰੀ ਨੇ ਇਸ ਮੌਕੇ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਛੁਡਵਾਉਣ ਲਈ ਚਲਾਈ ਗਈ ਮੁਹਿੰਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਕ ਆਪ ਮੁਹਾਰੇ ਸਵੈ ਇੱਛਾ ਨਾਲ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਛੱਡਣ ਲਈ ਅੱਗੇ ਆ ਰਹੇ ਹਨ।ਉਨ੍ਹਾਂ ਨਾਲ ਹੀ ਕਿਹਾ ਕਿ ਸਰਕਾਰ ਵਲੋਂ ਬਿਨਾਂ ਭੇਦਭਾਵ ਦੇ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਨੂੰ ਲੋਕਾਂ ਦਾ ਵੀ ਭਰਪੂਰ ਹੁੰਗਾਰਾ ਮਿਲ ਰਿਹਾ ਹੈ।
ਕੁਲਦੀਪ ਧਾਲੀਵਾਲ ਨੇ ਕਿਹਾ ਕਿ ਇਸ ਸਾਲ ਪਹਿਲੀ ਬਾਰ ਪੇਂਡੂ ਵਿਕਾਸ ਵਿਭਾਗ ਵਲੋਂ ਸੂਬੇ ਭਰ ਦੇ ਸਾਰੇ ਪਿੰਡਾਂ ਵਿਚ ਗ੍ਰਾਮ ਸਭਾ ਦੇ ਇਜ਼ਲਾਸ ਕਰਵਾਉਣ ਦਾ ਇਤਿਹਾਸਕ ਫੈਸਲਾ ਲਿਆ ਹੈ।ਇਸ ਮੌਕੇ ਗੁਰਪ੍ਰੀਤ ਸਿੰਘ ਖਹਿਰਾ ਡਾਇਰੈਕਟਰ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਅਮਿਤ ਕੁਮਾਰ, ਜੇ. ਡੀ. ਸੀ. ਕਮ ਵਿਸੇਸ਼ ਸਕੱਤਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਤੇ ਵਿਭਾਗ ਦੇ ਹੋਰ ਸੀਨੀਅਰ ਅਫਸਰ ਵੀ ਮੌਜੂਦ ਸਨ।
ਜਮਹੂਰੀ ਕਿਸਾਨ ਸਭਾ ਵੱਲੋਂ ਨਾੜ ਨੂੰ ਅੱਗ ਲਾਉਣ ਦੀ ਘਟਨਾਵਾਂ ‘ਤੇ ਮੁਕੰਮਲ ਰੋਕ ਲਾਉਣ ਦੀ ਮੰਗ
ਜਮੀਨ ਅੰਦਰਲੇ ਨਰੋਏ ਤੱਤਾਂ ਦੀ ਤਬਾਹੀ ਰੋਕਣ ਦੀ ਕਿਸਾਨ ਭਾਈਚਾਰੇ ਨੂੰ ਕੀਤੀ ਅਪੀਲ
ਚੌਗਿਰਦੇ ਦੀ ਰਾਖੀ ਲਈ ਹਰ ਸੰਭਵ ਉਪਰਾਲੇ ਕਰਨ ਦਾ ਐਲਾਨ
ਸੁਖਜਿੰਦਰ ਮਾਨ
ਜਲੰਧਰ, 16 ਮਈ:ਜਮਹੂਰੀ ਕਿਸਾਨ ਸਭਾ ਨੇ ਡੇਰਾ ਬੱਸੀ ਨੇੜਲੇ ਪਿੰਡ ਸੁੰਡਰਾ ਵਿਖੇ ਕਣਕ ਦੇ ਨਾੜ ਨੂੰ ਲਾਈ ਗਈ ਅੱਗ ‘ਚ ਝੁਲਸ ਜਾਣ ਕਰਕੇ ਇੱਕ ਮਾਸੂਮ ਬੱਚੀ ਦੀ ਹੋਈ ਦਰਦਨਾਕ ਮੌਤ ਅਤੇ ਦਰਜਨਾਂ ਝੁਗੀਆਂ ਦੇ ਸੜ ਕੇ ਸੁਆਹ ਹੋ ਜਾਣ ਦੀ ਘਟਨਾ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਅਜਿਹੀਆਂ ਘਟਨਾਵਾਂ ਨੂੰ ਸਖਤੀ ਨਾਲ ਰੋਕੇ ਜਾਣ ਦੀ ਮੰਗ ਕੀਤੀ ਹੈ। ਸੂਬਾ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ, ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਅਤੇ ਮੀਤ ਪ੍ਰਧਾਨ ਰਤਨ ਸਿੰਘ ਰੰਧਾਵਾ ਵੱਲੋਂ ਇੱਕ ਬਿਆਨ ਜਾਰੀ ਕਰਦਿਆਂ ਸੂਬਾਈ ਪ੍ਰੈਸ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਥੋੜ੍ਹੇ ਦਿਨ ਪਹਿਲਾਂ ਬਟਾਲੇ ਲਾਗੇ ਨਾੜ ਨੂੰ ਅੱਗ ਲਾਉਣ ਦੀ ਅਜਿਹੀ ਹੀ ਇੱਕ ਘਟਨਾ ਵਿੱਚ ਦਰਜਨਾਂ ਮਾਸੂਮ ਬੱਚੇ ਅੱਗ ਦੀਆਂ ਲਪਟਾਂ ‘ਚ ਘਿਰ ਗਏ ਸਨ ਅਤੇ ਜੇ ਸਮਾਂ ਰਹਿੰਦਿਆਂ ਚੌਕਸੀ ਨਾ ਵਰਤੀ ਗਈ ਹੁੰਦੀ ਤਾਂ ਬਹੁਤ ਵੱਡਾ ਦੁਖਾਂਤ ਵਾਪਰ ਜਾਣਾ ਸੀ। ਆਗੂਆਂ ਨੇ ਕਿਹਾ ਕਿ ਚੰਦ ਕੁ ਪੈਸੇ ਬਚਾਉਣ ਲਈ ਨਾੜ ਨੂੰ ਅੱਗ ਲਾਉਣੀ ਨਾ ਕੇਵਲ ਚੌਗਿਰਦੇ ਲਈ ਘਾਤਕ ਹੈ ਬਲਕਿ ਜਮੀਨ ਦੀ ਉਪਜਾਊ ਸ਼ਕਤੀ ਲਈ ਵੀ ਬੇਹੱਦ ਨੁਕਸਾਨਦੇਹ ਹੈ।
ਆਗੂਆਂ ਨੇ ਕਿਸਾਨ ਭਾਈਚਾਰੇ ਨੂੰ ਕਿਸਾਨੀ ਹਿੱਤਾਂ ਦੀ ਰਾਖੀ ਦੇ ਸੰਘਰਸ਼ ਲੜਦਿਆਂ ਹੋਇਆਂ ਸਮੁੱਚੀ ਮਾਨਵਤਾ ਪ੍ਰਤੀ ਜਵਾਬਦੇਹੀ ਵਾਲੀ ਪਹੁੰਚ ਅਪਣਾਉਣ ਅਤੇ ਕੁਦਰਤ ਨਾਲ ਕਿਸੇ ਵੀ ਕਿਸਮ ਦਾ ਖਿਲਵਾੜ ਨਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡੇ ਅੱਜ ਦੇ ਨਿੱਕੇ-ਮੋਟੇ ਜਾਂ ਸਵਾਰਥ ਜਾਂ ਵਾਤਾਵਰਣ ਪ੍ਰਤੀ ਕਿਸੇ ਵੀ ਕਿਸਮ ਦੀ ਲਾਪ੍ਰਵਾਹੀ ਦੇ ਭੈੜੇ ਨਤੀਜੇ ਭਵਿੱਖ ਦੀਆਂ ਸਾਡੀਆਂ ਹੀ ਪੀੜ੍ਹੀਆਂ ਨੂੰ ਭੁਗਤਨੇ ਪੈਣੇ ਹਨ। ਕਿਸਾਨ ਆਗੂਆਂ ਨੇ ਪੰਜਾਬ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਇੱਕਾ-ਦੁੱਕਾ ਘਟਨਾਵਾਂ ਨੂੰ ਆਧਾਰ ਬਣਾ ਕੇ ਸਾਰੇ ਕਿਸਾਨਾਂ ਦੀ ਛਵੀ ਖਲਨਾਇਕਾਂ ਵਾਲੀ ਨਾ ਬਣਾਈ ਜਾਵੇ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਪੀੜਤ ਪਰਿਵਾਰਾਂ ਨੂੰ ਯੋਗ ਮੁਆਵਜਾ ਦੇਣ ਅਤੇ ਉਨ੍ਹਾਂ ਦੇ ਮੁੜ ਵਸੇਬੇ ਲਈ ਕਦਮ ਚੁੱਕਣ ਦੀ ਵੀ ਮੰਗ ਕੀਤੀ ਹੈ।
ਡੀ.ਏ.ਵੀ. ਕਾਲਜ ਦੇ ਡਾ.ਵਿਕਾਸ ਦੁੱਗਲ ਨੇ ਮਾਲਵੇ ਦੇ ਧਰਤੀ ਹੇਠਲੇ ਪਾਣੀ ਵਿੱਚ ਫਲੋਰਾਈਡ ਦੇ ਉੱਚ ਪੱਧਰ ਦਾ ਨਿਰੀਖਣ ਕੀਤਾ
ਸੁਖਜਿੰਦਰ ਮਾਨ
ਬਠਿੰਡਾ, 16 ਮਈ:ਡੀ.ਏ.ਵੀ. ਕਾਲਜ ਦੇ ਡਾ. ਵਿਕਾਸ ਦੁੱਗਲ (ਭੌਤਿਕ ਵਿਗਿਆਨ ਵਿਭਾਗ) ਨੇ ਪੰਜਾਬ ਦੀ ਮਾਲਵਾ ਪੱਟੀ ਵਿੱਚ ਪੀਣ ਵਾਲੇ ਪਾਣੀ ਵਿੱਚ ਫਲੋਰਾਈਡ ਦੀ ਗੰਦਗੀ ਅਤੇ ਇਸ ਨਾਲ ਸੰਬੰਧਿਤ ਸਿਹਤ ਜੋਖਮ ਮੁਲਾਂਕਣ ‘ਤੇ ਇੱਕ ਅਧਿਐਨ ਕੀਤਾ, ਜੋ ਕਿ ਐਨਵਾਇਰਮੈਂਟਲ ਐਡਵਾਂਸ (ਏਲਸੇਵੀਅਰ) ਜਰਨਲ ਵਿੱਚ ਪ੍ਰਕਾਸ਼ਿਤ ਹੋਇਆ। ਡਾ. ਦੁੱਗਲ ਨੇ ਦੱਸਿਆ ਕਿ ਪਿਛਲੇ ਅਧਿਐਨਾਂ ਵਿੱਚ ਮਾਲਵਾ ਖੇਤਰ, ਪੰਜਾਬ ਦੇ ਧਰਤੀ ਹੇਠਲੇ ਪਾਣੀ ਵਿੱਚ ਯੂਰੇਨੀਅਮ, ਆਰਸੈਨਿਕ, ਲੀਡ, ਕੈਡਮੀਅਮ ਅਤੇ ਹੋਰ ਭਾਰੀ ਧਾਤਾਂ ਦੀ ਉੱਚ ਪੱਧਰ ਦਰਸਾਈ ਗਈ ਹੈ। ਮਾਲਵਾ ਖੇਤਰ ਦੇ ਸੱਤ ਜ਼ਿਲ੍ਹਿਆਂ (ਬਠਿੰਡਾ, ਮਾਨਸਾ, ਫਰੀਦਕੋਟ, ਮੁਕਤਸਰ, ਫਾਜ਼ਿਲਕਾ, ਬਰਨਾਲਾ ਅਤੇ ਮੋਗਾ) ਦੇ 745 ਧਰਤੀ ਹੇਠਲੇ ਪਾਣੀ ਦੇ ਨਮੂਨਿਆਂ ਦਾ ਅਧਿਐਨ ਕਰਨ ‘ਤੇ ਇਹ ਸਾਹਮਣੇ ਆਇਆ ਕਿ ਧਰਤੀ ਹੇਠਲੇ ਪਾਣੀ ਵਿੱਚ ਫਲੋਰਾਈਡ ਦੀ ਜ਼ਿਆਦਾ ਮਾਤਰਾ ਹੈ। ਬਠਿੰਡਾ, ਮਾਨਸਾ, ਫਰੀਦਕੋਟ, ਮੁਕਤਸਰ, ਫਾਜ਼ਿਲਕਾ, ਬਰਨਾਲਾ ਅਤੇ ਮੋਗਾ ਜ਼ਿਲ੍ਹਿਆਂ ਦੇ ਧਰਤੀ ਹੇਠਲੇ ਪਾਣੀ ਦੇ ਨਮੂਨਿਆਂ ਵਿੱਚ ਫਲੋਰਾਈਡ ਦੀ ਮਾਤਰਾ ਕ੍ਰਮਵਾਰ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਅਤੇ ਵਿਸ਼ਵ ਸਿਹਤ ਸੰਗਠਨ ਦੁਆਰਾ ਸਿਫ਼ਾਰਸ਼ ਕੀਤੀ ਗਈ ਸੀਮਾ ਤੋਂ ਵੱਧ ਗਈ ਹੈ। 30 ਮੀਟਰ ਦੀ ਡੂੰਘਾਈ ਤੱਕ ਹੇਠਲੇ ਜ਼ਮੀਨੀ ਪਾਣੀ ਦੇ ਸਰੋਤਾਂ ਵਿੱਚ ਉੱਚ ਫਲੋਰਾਈਡ ਦਾ ਪੱਧਰ ਦੇਖਿਆ ਗਿਆ ਸੀ। ਵੱਖ-ਵੱਖ ਉਮਰ ਸਮੂਹਾਂ ਲਈ ਫਲੋਰਾਈਡ ਦੇ ਗੈਰ-ਕਾਰਸੀਨੋਜਨਿਕ ਜੋਖਮ ਦੀ ਗਣਨਾ ਕੀਤੀ ਗਈ ਸੀ ਅਤੇ ਇਹ ਦੇਖਿਆ ਗਿਆ ਸੀ ਕਿ ਬਾਲਗਾਂ, ਬਜ਼ੁਰਗ ਨਾਗਰਿਕਾਂ ਨਾਲੋਂ ਬੱਚੇ ਅਤੇ ਕਿਸ਼ੋਰ ਉਮਰ ਵਾਲੇ ਉੱਚ ਫਲੋਰਾਈਡ ਐਕਸਪੋਜਰ ਲਈ ਵਧੇਰੇ ਕਮਜ਼ੋਰ ਹੁੰਦੇ ਹਨ। ਬਠਿੰਡਾ, ਮਾਨਸਾ, ਫਰੀਦਕੋਟ ਅਤੇ ਮੁਕਤਸਰ ਜ਼ਿਲ੍ਹਿਆਂ ਵਿੱਚ ਹਰ ਉਮਰ ਵਰਗ ਲਈ ਦੰਦਾਂ ਅਤੇ ਪਿੰਜਰ ਫਲੋਰੋਸਿਸ ਦੇ ਉੱਚ ਜੋਖਮ ਵੀ ਧਿਆਨ ਵਿੱਚ ਆਏ। ਇਸ ਤਰ੍ਹਾਂ ਇਹ ਸਿੱਟਾ ਕੱਢਿਆ ਗਿਆ ਹੈ ਕਿ ਬਠਿੰਡਾ, ਮਾਨਸਾ, ਫਰੀਦਕੋਟ ਅਤੇ ਮੁਕਤਸਰ ਜ਼ਿਲ੍ਹਿਆਂ ਦੇ ਧਰਤੀ ਹੇਠਲੇ ਪਾਣੀ ਨੂੰ ਜੇਕਰ ਬਿਨਾਂ ਸਾਫ਼ ਕੀਤਿਆਂ ਲੰਬੇ ਸਮੇਂ ਲਈ ਵਰਤਿਆ ਜਾਂਦਾ ਹੈ ਤਾਂ ਆਬਾਦੀ ਲਈ ਗੰਭੀਰ ਸਿਹਤ ਖਤਰੇ ਪੈਦਾ ਹੋ ਸਕਦੇ ਹਨ।
ਡਾ. ਵਿਕਾਸ ਦੁੱਗਲ ਨੇ ਇਸ ਖੋਜ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਲੋੜੀਂਦੇ ਸਹਿਯੋਗ ਦੇਣ ਲਈ ਕਾਲਜ ਅਤੇ ਭੌਤਿਕ ਵਿਗਿਆਨ ਵਿਭਾਗ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਡੀ.ਬੀ.ਟੀ. ਸਟਾਰ ਕਾਲਜ ਸਕੀਮ ਦੇ ਤਹਿਤ, ਉਹ ਸਾਇੰਸ ਦੇ ਅੰਡਰ-ਗਰੈਜੂਏਟ ਵਿਦਿਆਰਥੀਆਂ ਨਾਲ ਮਿਲ ਕੇ ਪੀਣ ਵਾਲੇ ਪਾਣੀ ਦੇ ਹੋਰ ਸਰੋਤਾਂ ਜਿਵੇਂ ਕਿ ਨਹਿਰੀ ਪਾਣੀ, ਮਿਊਂਸੀਪਲ ਰਿਵਰਸ ਓਸਮੋਸਿਸ ਵਾਟਰ, ਘਰੇਲੂ ਪਾਣੀ ਦੀ ਸਪਲਾਈ ਅਤੇ ਬੋਤਲਬੰਦ ਪਾਣੀ ਵਿੱਚ ਫਲੋਰਾਈਡ ਦੀ ਮਾਤਰਾ ਦੀ ਜਾਂਚ ਕਰਨਗੇ।
ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਮਾਲਵਾ ਖੇਤਰ ਦੇ ਵਸਨੀਕਾਂ ਲਈ ਫੌਰੀ ਚਿੰਤਾ ਵਾਲੀ ਖੋਜ ਕਰਨ ਲਈ ਡਾ. ਵਿਕਾਸ ਦੁੱਗਲ ਦੇ ਯਤਨਾਂ ਨੂੰ ਵਧਾਈ ਦਿੱਤੀ ਅਤੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਖੋਜ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ ਕਿਉਂਕਿ ਇਹ ਕਮਿਊਨਿਟੀ ਨੂੰ ਫਲੋਰਾਈਡ ਦੀ ਜ਼ਿਆਦਾ ਮਾਤਰਾ ਵਾਲੇ ਧਰਤੀ ਹੇਠਲੇ ਪਾਣੀ ਦੀ ਵਰਤੋਂ ਦੇ ਖ਼ਤਰਿਆਂ ਬਾਰੇ ਜਾਗਰੂਕ ਕਰੇਗੀ।
ਉਗਰਾਹਾਂ ਜਥੇਬੰਦੀ ਨੇ ਕਣਕ ਦੇ ਨਾੜ ਨੂੰ ਲਾਈ ਅੱਗ ਕਾਰਨ ਮਸੂਮ ਜਿੰਦਾਂ ਦੇ ਸੜ ਜਾਣ ‘ਤੇ ਡੂੰਘੀ ਵੇਦਨਾ ਪ੍ਰਗਟ ਕੀਤੀ
ਸੁਖਜਿੰਦਰ ਮਾਨ
ਬਠਿੰਡਾ, 15 ਮਈ: ਭਾਰਤੀ ਕਿਸਾਨ ਯੂਨੀਅਨ ਏਕਤਾ ( ਉਗਰਾਹਾਂ ) ਨੇ ਕਣਕ ਦੇ ਨਾੜ ਨੂੰ ਲਾਈ ਅੱਗ ਕਾਰਨ ਮਸੂਮ ਜਿੰਦਾਂ ਦੇ ਸੜ ਜਾਣ ‘ਤੇ ਡੂੰਘੀ ਵੇਦਨਾ ਪ੍ਰਗਟ ਕੀਤੀ ਹੈ ਤੇ ਇਸ ਦੀ ਠੀਕ ਢੰਗ ਨਾਲ ਪਡ਼ਤਾਲ ਰਾਹੀਂ ਜ਼ਿੰਮੇਵਾਰ ਵਿਅਕਤੀਆਂ ਤੇ ਹਾਲਾਤਾਂ ਦੀ ਨਿਸ਼ਾਨਦੇਹੀ ਕਰਨ ਦੀ ਮੰਗ ਕੀਤੀ ਹੈ। ਜੇਕਰ ਇਹ ਮੁਜਰਮਾਨਾ ਕੁਤਾਹੀ ਹੈ ਤਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਨਾਲ ਹੀ ਜਥੇਬੰਦੀ ਨੇ ਇਲਾਕੇ ਦੇ ਕਿਸਾਨ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਸਬੰਧਤ ਪਰਿਵਾਰਾਂ ਦੀ ਬਾਂਹ ਫੜਨ ਤੇ ਉਨ੍ਹਾਂ ਦੀ ਹਰ ਪੱਖੋਂ ਮਦਦ ਲਈ ਅੱਗੇ ਆਉਣ।
ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਇਹ ਸਮਝਦਿਆਂ ਹੋਇਆਂ ਕਿ ਕਿਸਾਨ ਮਜਬੂਰੀ ਵਿੱਚ ਹੀ ਅਜਿਹਾ ਕਰਦੇ ਹਨ ,ਜਥੇਬੰਦੀ ਨੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਣਕ ਦੇ ਨਾੜ ਨੂੰ ਸਾੜਨ ਤੋਂ ਪਰਹੇਜ਼ ਕਰਨ ਤੇ ਅਣਸਰਦੀ ਹਾਲਤ ਵਿੱਚ ਅਜਿਹਾ ਕਰਨ ਵੇਲੇ ਵਿਸ਼ੇਸ਼ ਚੌਕਸੀ ਰੱਖਣ ਤੇ ਆਲੇ ਦੁਆਲੇ ਦੀ ਸੁਰੱਖਿਆ ਦੇ ਇੰਤਜ਼ਾਮ ਕਰਨ। ਨਾਲ ਹੀ ਉਨ੍ਹਾਂ ਨੇ ਸਰਕਾਰ ਨੂੰ ਵਰ੍ਹਿਆਂ ਤੋਂ ਕੀਤੀ ਜਾਂਦੀ ਅਪੀਲ ਨੂੰ ਮੁੜ ਦੁਹਰਾਇਆ ਹੈ ਕਿ ਉਹ ਖੇਤਾਂ ਵਿੱਚ ਯੰਤਰ ਵਗੈਰਾ ਬੀਜਣ ਤੇ ਵਹੁਣ ਲਈ ਬੀਜ ਅਤੇ ਆਰਥਕ ਸਹਾਇਤਾ ਮੁਹੱਈਆ ਕਰਾਉਣ। ਨਾਲ ਹੀ ਜਥੇਬੰਦੀ ਨੇ ਸਮਾਜ ਦੇ ਹੋਰਨਾਂ ਮਿਹਨਤਕਸ਼ ਤਬਕਿਆਂ , ਬੁੱਧੀਜੀਵੀਆਂ ਤੇ ਵਾਤਾਵਰਨ ਪ੍ਰੇਮੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਘਟਨਾਵਾਂ ਲਈ ਸਮੁੱਚੇ ਕਿਸਾਨ ਭਾਈਚਾਰੇ ਨੂੰ ਦੋਸ਼ੀ ਟਿੱਕਣ ਦੀ ਥਾਂ ਉਸ ਦੇ ਹਾਲਾਤਾਂ ਤੇ ਉਸ ਦੀ ਮਜਬੂਰੀਆਂ ਨੂੰ ਸਮਝਣ। ਇਸ ਲਈ ਸਹੀ ਪਹੁੰਚ ਇਹ ਹੈ ਕਿ ਉਸ ਖੇਤੀ ਮਾਡਲ ਨੂੰ ਨਿਸ਼ਾਨੇ ਹੇਠ ਲਿਆਉਣ ਜਿਸ ਨੇ ਫ਼ਸਲਾਂ ਦੀ ਰਹਿੰਦ ਖੂੰਹਦ ਸਮੇਟਣ ਦੇ ਢੰਗਾਂ ਨੂੰ ਹੀ ਪ੍ਰਭਾਵਿਤ ਨਹੀਂ ਕੀਤਾ ਸਗੋਂ ਉਸਤੋਂ ਕਿਤੇ ਜ਼ਿਆਦਾ ਡੂੰਘੀ ਤਰ੍ਹਾਂ ਸਾਰੀਆਂ ਖਾਧ ਖੁਰਾਕਾਂ ਨੂੰ ਜ਼ਹਿਰੀ ਕੀਤਾ ਹੋਇਆ ਹੈ। ਇਸ ਸਮੁੱਚੇ ਮਾਡਲ ਚੋਂ ਸਾਮਰਾਜੀ ਬਹੁਕੌਮੀ ਕੰਪਨੀਆਂ ਨੇ ਅਰਬਾਂ ਖ਼ਰਬਾਂ ਕਮਾਏ ਹਨ ਤੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਪੱਲੇ ਖ਼ੁਦਕੁਸ਼ੀਆਂ, ਕਰਜ਼ੇ ਤੇ ਬਿਮਾਰੀਆਂ ਪਈਆਂ ਹਨ। ਵਾਤਾਵਰਨ ਨੂੰ ਬਚਾਉਣ ਦੀ ਲੜਾਈ ਸਾਰੇ ਮਿਹਨਤਕਸ਼ ਲੋਕਾਂ ਦੀ ਸਾਂਝੀ ਲੜਾਈ ਬਣਦੀ ਹੈ। ਇਸ ਲਈ ਮਿਹਨਤਕਸ਼ ਲੋਕਾਂ ਦੇ ਵੱਖ ਵੱਖ ਵਰਗਾਂ ਨੂੰ ਇੱਕ ਦੂਜੇ ਖ਼ਿਲਾਫ਼ ਨਿਸ਼ਾਨਾ ਸੇਧਣ ਦੀ ਥਾਂ ਇਸ ਮਾਡਲ ਲਈ ਜ਼ਿੰਮੇਵਾਰ ਹਕੂਮਤਾਂ ਤੇ ਉਨ੍ਹਾਂ ਪਿੱਛੇ ਖੜ੍ਹੇ ਸਾਮਰਾਜੀ ਲੁਟੇਰਿਆਂ ਖ਼ਿਲਾਫ਼ ਰੋਸ ਸੇਧਤ ਧਰਨਾ ਚਾਹੀਦਾ ਹੈ।
ਨਵਜੋਤ ਸਿੰਘ ਸਿੱਧੂ ਦਾ ਦਾਅਵਾ, ਸਰਕਾਰੀ ਸਖਤੀ ਦੇ ਨਾਲ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਵੀ ਜਰੂਰੀ
ਨਸ਼ੇ ਕਾਰਨ ਮਰੇ ਨੌਜਵਾਨ ਦੇ ਪ੍ਰਵਾਰ ਨਾਲ ਜਤਾਈ ਹਮਦਰਦੀ
ਸੁਖਜਿੰਦਰ ਮਾਨ
ਬਠਿੰਡਾ, 15 ਮਈ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਨਸ਼ਿਆਂ ਦੇ ਕਾਰਨ ਮੌਤ ਦੇ ਮੂੰਹ ਵਿੱਚ ਜਾ ਰਹੇ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਲਈ ਜਿੱਥੇ ਸਰਕਾਰੀ ਸਖਤੀ ਦੀ ਮੰਗ ਕੀਤੀ ਹੈ ਉਥੇ ਨਸ਼ਿਆਂ ਦੀ ਦੁਨੀਆਂ ਚ ਗ੍ਰਸਤ ਨੌਜਵਾਨਾਂ ਨਾਲ ਹਮਦਰਦੀ ਨਾਲ ਪੇਸ਼ ਆਉਣ ਦੀ ਅਪੀਲ ਵੀ ਕੀਤੀ ਹੈ। ਅੱਜ ਬਠਿੰਡਾ ਦੀ ਧੋਬੀਆਣਾ ਬਸਤੀ ‘ਚ ਪਿਛਲੇ ਦਿਨੀਂ ਨਸੇ ਦੀ ਓਵਰਡੋਜ ਕਾਰਨ ਮਾਰੇ ਗਏ ਆਕਾਸ਼ਦੀਪ ਸਿੰਘ ਨਾਂ ਦੇ ਨੌਜਵਾਨ ਦੇ ਪ੍ਰਵਾਰ ਨਾਲ ਵਿਸੇਸ ਤੌਰ ਤੇ ਹਮਦਰਦੀ ਜਤਾਉਣ ਪੁੱਜੇ ਸਿੱਧੂ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ‘‘ ਨਸ਼ਿਆਂ ਦੀ ਅਲਾਮਤ ਵੀ ਇਂੱਕ ਬੀਮਾਰੀ ਦੀ ਤਰ੍ਹਾਂ ਹੈ, ਜਿਸਦਾ ਇਲਾਜ਼ ਕੀਤਾ ਜਾ ਸਕਦਾ ਹੈ। ’’ ਉਨ੍ਹਾਂ ਕਿਹਾ ਕਿ ਇਸਦੇ ਲਈ ਕੋਈ ਇੱਕ ਪਾਰਟੀ ਨਹੀਂ, ਬਲਕਿ ਮੌਜੂਦਾ ਸਰਕਾਰ ਸਹਿਤ ਪਿਛਲੀਆਂ ਤਿੰਨ ਸਰਕਾਰਾਂ ਜਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਇਹ ਸਮਾਂ ਇਕ ਦੂਜੇ ’ਤੇ ਦੋਸ਼ ਲਗਾਉਣ ਦਾ ਨਹੀਂ ਹੈ ਬਲਕਿ ਸੂਬੇ ਵਿੱਚ ਹੋ ਰਹੀਆਂ ਮੌਤਾਂ ਪ੍ਰਤੀ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ। ਨਵਜੋਤ ਸਿੱਧੂ ਨੇ ਜਿੱਥੇ ਸਿਆਸੀ ਆਗੂਆਂ, ਪੁਲਿਸ ਤੇ ਨਸ਼ਾ ਤਸਕਰਾਂ ਵਿਚਕਾਰ ਬਣੇ ਗੱਠਜੋੜ ਨੂੰ ਤੋੜਨ ਦਾ ਸੱਦਾ ਦਿੱਤਾ, ਉਥੇ ਸੂਬੇ ਅੰਦਰ ਨਸ਼ਾਖੋਰੀ ਖ਼ਿਲਾਫ਼ ਜਾਗਰੂਕਤਾ ਮੁਹਿੰਮ ਚਲਾਉਣ ਲਈ ਵੀ ਕਿਹਾ। ਉਨ੍ਹਾਂ ਭਗਵੰਤ ਮਾਨ ਸਰਕਾਰ ’ਤੇ ਵੀ ਤਿੱਖੇ ਹਮਲੇ ਕਰਦਿਆਂ ਕਿਹਾ ਕਿ 60 ਦਿਨਾਂ ਦੀ ਇਸ ਸਰਕਾਰ ਦੌਰਾਨ ਇੰਨੀਆਂ ਹੀ ਮੌਤਾਂ ਨਸ਼ਿਆਂ ਕਾਰਨ ਹੋ ਚੁੱਕੀਆਂ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਕ ਟੋਲ ਫਰੀ ਹੈਲਪਲਾਈਨ ਨੰਬਰ ਜਾਰੀ ਕਰੇ, ਜਿਸ ਉਪਰ ਫ਼ੋਨ ਕਰਨ ਤੋਂ ਬਾਅਦ ਇੱਕ ਐਂਬੂਲੈਂਸ ਦਾ ਪ੍ਰਬੰਧ ਹੋਵੇ ਤੇ ਤੁਰੰਤ ਓਵਰਡੋਜ਼ ਦੀ ਚਪੇਟ ’ਚ ਆਏ ਨੌਜਵਾਨਾਂ ਨੂੰ ਹਸਪਤਾਲਾਂ ਵਿਚ ਭੇਜਿਆ ਜਾਵੇ। ਇਸਦੇ ਨਾਲ ਹੀ ਉਨਾਂ੍ਹ ਮਾਪਿਆਂ ਤੇ ਹੋਰਨਾਂ ਨੂੰ ਨਸ਼ਿਆਂ ਦੀ ਦਲਦਲ ਵਿਚ ਧਸੇ ਨੌਜਵਾਨਾਂ ਨਾਲ ਹਮਦਰਦੀ ਵਾਲਾ ਵਤੀਰਾ ਅਪਣਾਉਣ ਲਈ ਵੀ ਕਿਹਾ ਕਿ ਤਾਂ ਕਿ ਰਾਸਤੇ ਤੋਂ ਭੜਕੇ ਨੌਜਵਾਨ ਘਰ ਵਾਪਸੀ ਕਰ ਸਕਣ। ਇਸ ਦੌਰਾਨ ਬੇਸ਼ੱਕ ਉਨ੍ਹਾਂ ਕੋਈ ਸਿਆਸੀ ਗੱਲ ਕਰਨ ਤੋਂ ਗੁਰੇਜ਼ ਕੀਤਾ ਪ੍ਰੰਤੂ ਸੁਨੀਲ ਜਾਖ਼ੜ ਦੇ ਫੈਸਲੇ ਨੂੰ ਪਾਰਟੀ ਲੲਂੀ ਗਲਤ ਦਸਿਆ। ਇਸ ਮੌਕੇ ਉਨ੍ਹਾਂ ਨਾਲ ਬਠਿੰਡਾ ਦਿਹਾਤੀ ਹਲਕੇ ਦੇ ਇੰਚਾਰਜ਼ ਹਰਵਿੰਦਰ ਸਿੰਘ ਲਾਡੀ, ਸਾਬਕਾ ਵਿਧਾਇਕ ਜਗਦੇਵ ਸਿੰਘ ਕਮਾਲੂ, ਨਿਰਮਲ ਸਿੰਘ ਮਾਨਸ਼ਾਹੀਆ, ਪਿਰਮਿਲ ਸਿੰਘ, ਅਸਵਨੀ ਸੇਖੜੀ, ਨਵਤੇਜ ਸਿੰਘ ਚੀਮਾ, ਹਰਦਿਆਲ ਸਿੰਘ ਕੰਬੋਜ਼, ਸੁਰਜੀਤ ਸਿੰਘ ਧੀਮਾਨ ਅਦਿ ਹਾਜਰ ਰਹੇ।
ਯੂਨਾਈਟਿਡ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ
ਸੁਖਜਿੰਦਰ ਮਾਨ
ਲੁਧਿਆਣਾ, 15 ਮਈ: ਯੂਨਾਈਟਿਡ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਅੱਜ ਲੁਧਿਆਣਾ ਵਿੱਚ ਗੁਰਦੀਪ ਸਿੰਘ ਬਠਿੰਡਾ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿੱਚ ਪਾਰਟੀ ਸੰਵਿਧਾਨਕ ਮੁਤਾਬਿਕ ਦੋ ਸਾਲ ਬਾਅਦ ਪ੍ਰਧਾਨ ਦੀ ਚੋਣ ਸਬੰਧੀ ਵਿਚਾਰਾਂ ਹੋਈਆਂ ਅਤੇ 23 ਮਈ ਨੂੰ ਫਤਹਿਗੜ੍ਹ ਸਾਹਿਬ ਵਿਖੇ ਪਾਰਟੀ ਪ੍ਰਧਾਨ ਦੀ ਚੋਣ ਸਬੰਧੀ ਕੋਰ ਕਮੇਟੀ ਅਤੇ ਜਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਹੋਵੇਗੀ।ਇਸ ਦੇ ਨਾਲ ਘੱਲੂਘਾਰਾ ਹਫਤੇ,ਰਿਹਾਈਆਂ,ਬੇ-ਅਦਬੀ ,ਬਹਿਬਲ ਕੋਟਕਪੂਰਾ ਗੋਲੀ ਕਾਂਡ ਅਤੇ ਪਾਕਿਸਤਾਨ ਨਾਲ ਵਪਾਰਕ ਲਾਂਘੇ ਬਾਰੇ ਭੀ ਪ੍ਰੋਗਰਾਮ ਉਲੀਕੇ ਜਾਣਗੇ। ਪ੍ਰਧਾਨ ਦੀ ਚੋਣ ਸਬੰਧੀ ਆਮ ਰਾਇ ਬਨਾਉਣ ਲਈ ਬਹਾਦਰ ਸਿੰਘ ਰਾਹੋਂ, ਨਛੱਤਰ ਸਿੰਘ ਦਬੜੀਖਾਨਾ,ਗੁਰਨਾਮ ਸਿੰਘ ਚੰਡੀਗੜ੍ਹ, ਬਾਬਾ ਚਮਕੌਰ ਸਿੰਘ ਭਾਈਰੂਪਾ,ਜਸਵਿੰਦਰ ਸਿੰਘ ਘੋਲੀਆ, ਸਰਬਜੀਤ ਸਿੰਘ ਅਲਾਲ, ਅੱਛਰ ਸਿੰਘ ਹਮੀਦੀ ਅਤੇ ਸੁਖਜੀਤ ਸਿੰਘ ਡਾਲਾ ਦੀ ਕਮੇਟੀ ਬਣਾਈ ਗਈ।
ਕੇਂਦਰ ਸਰਕਾਰ ਵੱਲੋਂ ਕਣਕ ਦੀ ਬਰਾਮਦ `ਤੇ ਰੋਕ ਲਾਉਣ ਮਗਰੋਂ ਲਿਆ ਫੈਸਲਾ
ਸੂਬੇ ਦੀਆਂ 232 ਮੰਡੀਆਂ 31 ਮਈ ਤੱਕ ਚਾਲੂ ਰਹਿਣਗੀਆਂ
ਭਾਰਤ ਸਰਕਾਰ ਤੋਂ ਖਰੀਦ ਜਲਦੀ ਬੰਦ ਕਰਨ ਸਬੰਧੀ ਆਗਿਆ ਦੇਣ ਦੀ ਬੇਨਤੀ ਨੂੰ ਵਾਪਸ ਲਿਆ
ਇਸ ਫੈਸਲੇ ਨਾਲ ਕਿਸਾਨਾਂ ਦੇ ਹਿੱਤ ਸੁਰੱਖਿਅਤ ਹੋਣਗੇ : ਲਾਲ ਚੰਦ ਕਟਾਰੂਚੱਕ
ਸੁਖਜਿੰਦਰ ਮਾਨ
ਚੰਡੀਗੜ੍ਹ 15 ਮਈ: ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਸੂਬੇ ਦੀਆਂ 232 ਮੰਡੀਆਂ ਵਿੱਚ ਕਣਕ ਦੀ ਖਰੀਦ ਦਾ ਕਾਰਜ 31 ਮਈ ਤੱਕ ਜਾਰੀ ਰੱਖਣ ਦੇ ਹੁਕਮ ਦਿੱਤੇ ਹਨ। ਇਹ ਐਲਾਨ ਕੇਂਦਰੀ ਵਣਜ ਮੰਤਰਾਲੇ ਵੱਲੋਂ ਕਣਕ ਦੀ ਬਰਾਮਦ `ਤੇ ਰੋਕ ਲਾਉਣ ਦੇ ਹਾਲ ਹੀ ਵਿੱਚ ਲਏ ਫੈਸਲੇ ਦੇ ਪ੍ਰਭਾਵਾਂ ਨੂੰ ਧਿਆਨ ਨਾਲ ਘੋਖਣ ਤੋਂ ਬਾਅਦ ਕੀਤਾ ਗਿਆ ਹੈ।
ਪੱਤਰਕਾਰਾਂ ਨਾਲ ਇਹ ਵੇਰਵੇ ਸਾਂਝੇ ਕਰਦਿਆਂ ਖੁਰਾਕ ਮੰਤਰੀ ਨੇ ਕਿਹਾ ਕਿ ਕਣਕ ਦੀ ਬਰਾਮਦ `ਤੇ ਰੋਕ ਦੇ ਨਤੀਜੇ ਵਜੋਂ ਘਰੇਲੂ ਮੰਡੀ ਵਿੱਚ ਕਣਕ ਦੀਆਂ ਕੀਮਤਾਂ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ। ਨਤੀਜੇ ਵਜੋਂ ਕੁਝ ਕਿਸਾਨ ਜਿਨ੍ਹਾਂ ਨੇ ਬਾਅਦ ਵਿੱਚ ਚੰਗੇ ਭਾਅ ਮਿਲਣ ਦੀ ਉਮੀਦ ਵਿੱਚ ਕਣਕ ਦੀ ਫ਼ਸਲ ਭੰਡਾਰ ਕੀਤੀ ਸੀ, ਨੂੰ ਸ਼ਾਇਦ ਹੁਣ ਮੁੜ ਸੋਚ-ਵਿਚਾਰ ਕੇ ਆਪਣੀ ਫ਼ਸਲ ਵੇਚਣੀ ਪਵੇ। ਇਸ ਲਈ ਇਹ ਮਹੱਤਵਪੂਰਨ ਸੀ ਕਿ ਐਮਐਸਪੀ `ਤੇ ਸਰਕਾਰੀ ਖਰੀਦ ਦੀ ਸਹੂਲਤ ਉਨ੍ਹਾਂ ਲਈ ਉਪਲਬਧ ਰਹੇ ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਝੱਲਣਾ ਪਵੇ।
ਮੰਡੀਆਂ ਦੇ ਕੰਮਕਾਜ `ਤੇ ਟਿੱਪਣੀ ਕਰਦਿਆਂ ਕਟਾਰੂਚੱਕ ਨੇ ਕਿਹਾ ਕਿ ਸੂਬਾ ਸਰਕਾਰ ਨੇ ਮੌਜੂਦਾ ਹਾੜ੍ਹੀ ਦੇ ਸੀਜ਼ਨ ਦੌਰਾਨ ਸੂਬੇ `ਚ 2292 ਮੰਡੀਆਂ ਨੂੰ ਚਾਲੂ ਕੀਤਾ ਸੀ ਪਰ ਸੂਬੇ ਦੇ ਕੁਝ ਹਿੱਸਿਆਂ `ਚ ਕਣਕ ਦੀ ਆਮਦ `ਚ ਆਈ ਭਾਰੀ ਗਿਰਾਵਟ ਦੇ ਮੱਦੇਨਜ਼ਰ ਹਾਲ ਹੀ ਦੇ ਦਿਨਾਂ ਵਿੱਚ 2060 ਮੰਡੀਆਂ ਨੂੰ ਯੋਜਨਾਬੱਧ ਅਤੇ ਪੜਾਅਵਾਰ ਤਰੀਕੇ ਨਾਲ ਬੰਦ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਇਸ ਸਮੇਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ 232 ਮੰਡੀਆਂ ਚਾਲੂ ਹਨ।
ਮੰਤਰੀ ਨੇ ਅੱਗੇ ਕਿਹਾ ਕਿ ਭਾਵੇਂ ਖਰੀਦ ਬੰਦ ਕਰਨ ਦੀ ਅਧਿਸੂਚਿਤ ਮਿਤੀ 31 ਮਈ ਸੀ, ਪਰ ਹਾਲ ਹੀ ਦੇ ਦਿਨਾਂ ਵਿੱਚ ਕਣਕ ਦੀ ਆਮਦ ਦੀ ਮੱਠੀ ਰਫ਼ਤਾਰ ਨੂੰ ਦੇਖਦੇ ਹੋਏ 12 ਮਈ ਨੂੰ ਭਾਰਤ ਸਰਕਾਰ ਦੇ ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੂੰ ਬੇਨਤੀ ਕੀਤੀ ਗਈ ਕਿ ਸੀ ਕਿ ਮੰਡੀਆਂ ਨੂੰ ਸਮੇਂ ਤੋਂ ਪਹਿਲਾਂ 17 ਮਈ ਤੋਂ ਬੰਦ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਹੁਣ ਰਸਮੀ ਤੌਰ `ਤੇ ਇਹ ਬੇਨਤੀ ਵਾਪਸ ਲੈ ਲਈ ਹੈ ਅਤੇ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ 232 ਮੰਡੀਆਂ 31 ਮਈ ਤੱਕ ਸਾਰੇ ਜ਼ਿਲ੍ਹਿਆਂ ਵਿੱਚ ਚਾਲੂ ਰਹਿਣਗੀਆਂ।
ਮੁੱਖ ਮੰਤਰੀ ਦੀ ਪਾਣੀ ਬਚਾਉਣ ਦੀ ਅਪੀਲ ਨੂੰ ਸੂਬੇ ਦੇ ਕਿਸਾਨਾਂ ਦਾ ਭਰਵਾਂ ਹੁੰਗਾਰਾ
ਪੰਜਾਬ ਵਿੱਚ ਮੂੰਗੀ ਦੀ ਕਾਸ਼ਤ ਹੇਠ ਰਕਬਾ ਦੁੱਗਣਾ ਹੋਇਆ, ਤਕਰੀਬਨ ਇੱਕ ਲੱਖ ਏਕੜ ਵਿਚ ਬੀਜੀ ਮੂੰਗੀ
ਸੂਬੇ ਵਿੱਚ ਮੂੰਗੀ ਦੀ ਕੁੱਲ ਕਾਸ਼ਤ ਵਿੱਚੋਂ ਇੱਕ ਚੌਥਾਈ ਬਿਜਾਈ ਨਾਲ ਮਾਨਸਾ ਮੋਹਰੀ ਜ਼ਿਲ੍ਹਾ ਬਣਿਆ
ਸੂਬਾ ਭਰ ਵਿੱਚ ਫਸਲੀ ਵਿਭਿੰਨਤਾ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਨਾਲ ਚੁੱਕਿਆ ਕਦਮ
ਸੁਖਜਿੰਦਰ ਮਾਨ
ਚੰਡੀਗੜ੍ਹ, 15 ਮਈ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੂੰਗੀ ਦੀ ਫ਼ਸਲ ‘ਤੇ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦੇਣ ਦੇ ਭਰੋਸੇ ਨੂੰ ਸੂਬੇ ਦੇ ਕਿਸਾਨਾਂ ਨੇ ਇਸ ਸਾਲ ਮੂੰਗੀ ਦੀ ਕਾਸ਼ਤ ਹੇਠ ਰਕਬਾ ਦੁੱਗਣਾ ਕਰਕੇ ਭਰਵਾਂ ਹੁੰਗਾਰਾ ਦਿੱਤਾ।ਮੌਜੂਦਾ ਸਾਲ ਲਗਭਗ 97,250 ਏਕੜ (38900 ਹੈਕਟੇਅਰ) ਰਕਬੇ ਵਿੱਚ ਮੂੰਗੀ ਦੀ ਕਾਸ਼ਤ ਹੋਈ ਹੈ ਜਦਕਿ ਪਿਛਲੇ ਸਾਲ 50,000 ਏਕੜ ਰਕਬਾ ਇਸ ਫਸਲ ਹੇਠ ਸੀ।ਇੱਥੇ ਦੱਸਣਯੋਗ ਹੈ ਕਿ ਮੂੰਗੀ ਲਈ ਘੱਟੋ- ਘੱਟ ਸਮਰਥਨ ਮੁੱਲ 7275 ਪ੍ਰਤੀ ਕੁਇੰਟਲ ਹੈ ਅਤੇ ਇਹ ਪਹਿਲਕਦਮੀ ਕਣਕ-ਝੋਨੇ ਦੀਆਂ ਫਸਲਾਂ ਦੇ ਦਰਮਿਆਨ ਇੱਕ ਹੋਰ ਫਸਲ ਬੀਜ ਕੇ ਕਿਸਾਨ ਦੀ ਆਮਦਨ ਵਧਾਉਣ ਵਿਚ ਸਹਾਈ ਸਿੱਧ ਹੋਵੇਗੀ।
ਸੂਬੇ ਦੇ ਖੇਤੀਬਾੜੀ ਵਿਭਾਗ ਦੇ ਅੰਕੜਿਆਂ ਅਨੁਸਾਰ ਮਾਨਸਾ ਜ਼ਿਲ੍ਹਾ 25,000 ਏਕੜ (10,000 ਹੈਕਟੇਅਰ) ਵਿੱਚ ਮੂੰਗੀ ਦੀ ਬਿਜਾਈ ਕਰਕੇ ਸੂਬਾ ਭਰ ਵਿੱਚੋਂ ਮੋਹਰੀ ਰਿਹਾ ਜੋ ਸੂਬੇ ਵਿੱਚ ਇਸ ਫਸਲ ਹੇਠ ਬੀਜੇ ਗਏ ਕੁੱਲ ਰਕਬੇ ਦਾ 25 ਫੀਸਦੀ ਬਣਦਾ ਹੈ। ਇਸ ਤੋਂ ਬਾਅਦ ਮੋਗਾ ਵਿਚ 12,750 ਏਕੜ (5100 ਹੈਕਟੇਅਰ) ਅਤੇ ਲੁਧਿਆਣਾ ਵਿਚ 10,750 ਏਕੜ (4300 ਹੈਕਟੇਅਰ) ਰਕਬਾ ਇਸ ਫਸਲ ਦੀ ਕਾਸ਼ਤ ਹੇਠ ਹੈ। ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਵਿੱਚ ਮੂੰਗੀ ਹੇਠਲਾ ਰਕਬਾ ਕ੍ਰਮਵਾਰ 9500 ਏਕੜ (3800 ਹੈਕਟੇਅਰ) ਅਤੇ 8750 ਏਕੜ (3500 ਹੈਕਟੇਅਰ) ਹੈ।
ਮੁੱਖ ਮੰਤਰੀ ਪਹਿਲਾਂ ਹੀ ਮੂੰਗੀ ਦੀ ਫ਼ਸਲ ਦਾ ਇਕ-ਇਕ ਦਾਣਾ ਖ਼ਰੀਦਣ ਲਈ ਆਪਣੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾ ਚੁੱਕੇ ਹਨ। ਇਸ ਲਈ ਇਹ ਸ਼ਰਤ ਹੋਵੇਗੀ ਕਿ ਕਿਸਾਨਾਂ ਨੂੰ ਮੂੰਗੀ ਵੱਢਣ ਤੋਂ ਬਾਅਦ ਉਸੇ ਖੇਤ ਵਿਚ ਝੋਨੇ ਦੀ 126 ਕਿਸਮ ਜਾਂ ਬਾਸਮਤੀ ਦੀ ਬਿਜਾਈ ਕਰਨੀ ਪਵੇਗੀ ਕਿਉਂਕਿ ਇਹ ਦੋਵੇਂ ਫ਼ਸਲਾਂ ਪੱਕਣ ਲਈ ਬਹੁਤ ਘੱਟ ਸਮਾਂ ਲੈਂਦੀਆਂ ਹਨ ਅਤੇ ਝੋਨੇ ਦੀਆਂ ਹੋਰ ਕਿਸਮਾਂ ਦੇ ਮੁਕਾਬਲੇ ਇਨ੍ਹਾਂ ਨੂੰ ਬਹੁਤ ਘੱਟ ਪਾਣੀ ਦੀ ਲੋੜ ਹੁੰਦੀ ਹੈ।
ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਦੇ ਮੁਤਾਬਕ ਦਾਲ ਦੀ ਫ਼ਸਲ ਦੀਆਂ ਜੜ੍ਹਾਂ ਵਿੱਚ ਨਾਈਟ੍ਰੋਜਨ ਫਿਕਸਿੰਗ ਨੋਡਿਊਲ ਹੁੰਦੇ ਹਨ ਜੋ ਜ਼ਮੀਨ ਵਿੱਚ ਨਾਈਟ੍ਰੋਜਨ ਫਿਕਸ ਕਰਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਂਦੇ ਹਨ। ਜੇਕਰ ਮੂੰਗੀ ਦੀ ਫ਼ਸਲ ਦਾ ਝਾੜ ਘੱਟ ਵੀ ਜਾਵੇ ਤਾਂ ਵੀ ਨਾਈਟ੍ਰੋਜਨ ਫਿਕਸਿੰਗ ਦਾ ਲਾਭ ਅਗਲੀ ਫਸਲ ਨੂੰ ਮਿਲਦਾ ਹੈ। ਅਗਲੀ ਫਸਲ ਲਈ ਯੂਰੀਆ ਦੀ ਖਪਤ ਸਿਫਾਰਿਸ਼ ਕੀਤੀ ਖਾਦ ਨਾਲੋਂ 25-30 ਕਿਲੋਗ੍ਰਾਮ ਪ੍ਰਤੀ ਏਕੜ ਤੱਕ ਘਟ ਜਾਂਦੀ ਹੈ।
ਕਾਬਲੇਗੌਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਬਦਲਵੀਆਂ ਫਸਲਾਂ ਅਪਣਾ ਕੇ ਬਹੁਮੁੱਲੇ ਕੁਦਰਤੀ ਵਸੀਲੇ-ਪਾਣੀ ਨੂੰ ਬਚਾਉਣ ਦੀ ਅਪੀਲ ਕੀਤੀ ਹੈ। ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ (ਡੀ.ਐਸ.ਆਰ.) ਲਈ ਉਤਸ਼ਾਹਿਤ ਕਰਨ ਲਈ ਸੂਬਾ ਸਰਕਾਰ ਕਿਸਾਨਾਂ ਨੂੰ ਇਸ ਤਕਨੀਕ ਨਾਲ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 1500 ਰੁਪਏ ਵਿੱਤੀ ਸਹਾਇਤਾ ਦੇਣ ਦਾ ਐਲਾਨ ਵੀ ਕਰ ਚੁੱਕੀ ਹੈ।
ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨਾ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ : ਹਰਜੋਤ ਸਿੰਘ ਬੈਂਸ
-ਕਿਹਾ! ਪੰਜਾਬ ਸਰਕਾਰ ਸ਼ਹੀਦਾਂ ਦੀ ਵਿਰਾਸਤ ਅਤੇ ਸੁਪਨਿਆਂ ਨੂੰ ਸਕਾਰ ਕਰਨ ਲਈ ਵਚਨਬੱਧ
-ਸ਼ਹੀਦ ਸੁਖਦੇਵ ਦੇ ਜਨਮ ਦਿਵਸ ਸੰਬੰਧੀ ਰਾਜ ਪੱਧਰੀ ਸਮਾਗਮ ਵਿੱਚ ਸ਼ਿਰਕਤ
ਸੁਖਜਿੰਦਰ ਮਾਨ
ਲੁਧਿਆਣਾ, 15 ਮਈ: ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਖਣਨ ਅਤੇ ਭੂ-ਵਿਗਿਆਨ, ਜੇਲ੍ਹਾਂ ਅਤੇ ਕਾਨੂੰਨੀ ਅਤੇ ਵਿਧਾਨਿਕ ਮਾਮਲਿਆਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਕਰਾਉਣ ਵਾਲੇ ਸ਼ਹੀਦਾਂ ਦੀ ਯਾਦ ਨੂੰ ਹਮੇਸ਼ਾਂ ਜੀਵਤ ਰੱਖਣਾ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਜਾਣੂ ਕਰਾਉਣਾ ਸਾਡਾ ਹਰੇਕ ਦੇਸ਼ ਵਾਸੀ ਦਾ ਫਰਜ਼ ਬਣਦਾ ਹੈ। ਸ਼੍ਰੀ ਬੈਂਸ ਅੱਜ ਗੁਰੂ ਨਾਨਕ ਦੇਵ ਭਵਨ ਵਿਖੇ ਮਹਾਨ ਸ਼ਹੀਦ ਸੁਖਦੇਵ ਜੀ ਦੇ ਜਨਮ ਦਿਵਸ ’ਤੇ ਆਯੋਜਿਤ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਸਾਰੇ ਵਿਧਾਇਕ ਸ੍ਰੀਮਤੀ ਸਰਵਜੀਤ ਕੌਰ ਮਾਣੂੰਕੇ, ਸ੍ਰੀ ਅਸ਼ੋਕ ਪਰਾਸ਼ਰ ਪੱਪੀ, ਸ੍ਰੀ ਕੁਲਵੰਤ ਸਿੰਘ ਸਿੱਧੂ, ਸ੍ਰੀ ਦਲਜੀਤ ਸਿੰਘ ਗਰੇਵਾਲ, ਸ੍ਰੀ ਮਦਨ ਲਾਲ ਬੱਗਾ, ਸ੍ਰੀਮਤੀ ਰਜਿੰਦਰਪਾਲ ਕੌਰ ਛੀਨਾ, ਸ੍ਰੀ ਤਰੁਨਪ੍ਰੀਤ ਸਿੰਘ ਸੌਂਦ, ਸ੍ਰੀ ਮਨਵਿੰਦਰ ਸਿੰਘ ਗਿਆਸਪੁਰਾ, ਸ੍ਰੀ ਜੀਵਨ ਸਿੰਘ ਸੰਗੋਵਾਲ, ਸ੍ਰੀ ਹਰਦੀਪ ਸਿੰਘ ਮੁੰਡੀਆਂ ਅਤੇ ਸ੍ਰੀ ਹਾਕਮ ਸਿੰਘ ਠੇਕੇਦਾਰ ਆਦਿ ਹਾਜ਼ਰ ਸਨ।
ਸ਼ਹੀਦ ਨੂੰ ਫੁੱਲ ਮਾਲਾਵਾਂ ਭੇਂਟ ਕਰਨ ਉਪਰੰਤ ਸ੍ਰੀ ਬੈਂਸ ਨੇ ਕਿਹਾ ਕਿ ਸ਼ਹੀਦ ਸੁਖਦੇਵ ਜੀ ਇੱਕ ਮਹਾਨ ਕ੍ਰਾਂਤੀਕਾਰੀ ਸਨ, ਜਿਨਾਂ ਨੇ ਭਾਰਤ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅਜ਼ਾਦੀ ਸੰਘਰਸ਼ ਵਿੱਚ ਅਹਿਮ ਰੋਲ ਅਦਾ ਕੀਤਾ। ਉਨ੍ਹਾਂ ਦਾ ਜਨਮ 15 ਮਈ, 1907 ਲੁਧਿਆਣਾ ਸ਼ਹਿਰ ਦੇ ਨੌਘਰਾਂ ਮੁਹੱਲੇ ਵਿੱਚ ਆਪਣੇ ਜੱਦੀ ਘਰ ਵਿੱਚ ਹੋਇਆ। ਸ਼ਹੀਦ ਸੁਖਦੇਵ ਜੀ ਦੇਸ਼ ਦੇ ਉਨਾਂ ਮਹਾਨ ਯੋਧਿਆਂ ਵਿੱਚ ਇੱਕ ਸੀ, ਜਿਨਾਂ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ। ਉਨਾਂ ਆਪਣੇ ਬਚਪਨ ਤੋਂ ਹੀ ਅੰਗਰੇਜ਼ ਹਾਕਮਾਂ ਵੱਲੋਂ ਭਾਰਤੀਆਂ ’ਤੇ ਕੀਤੇ ਜਾਂਦੇ ਜੁਲਮਾਂ ਨੂੰ ਅੱਖੀਂ ਦੇਖਿਆ ਸੀ, ਜਿਸ ਕਾਰਨ ਉਹ ਆਜ਼ਾਦੀ ਦੇ ਸੰਘਰਸ਼ ਵਿੱਚ ਸ਼ਾਮਿਲ ਹੋਏ ਅਤੇ ਦੇਸ਼ ਨੂੰ ਅੰਗਰੇਜ਼ੀ ਸਾਮਰਾਜ ਤੋਂ ਮੁਕਤ ਕਰਵਾਉਣ ਦਾ ਪ੍ਰਣ ਲਿਆ। ਉਹਨਾਂ ਲਾਲਾ ਲਾਜਪਤ ਰਾਏ ਵੱਲੋ ਸ਼ੁਰੂ ਕੀਤੇ ਗਏ ਨੈਸ਼ਨਲ ਕਾਲਜ ਲਾਹੌਰ ਵਿਖੇ ਵੀ ਨੌਜਵਾਨਾਂ ਨੂੰ ਦੇਸ਼ ਆਜ਼ਾਦ ਕਰਵਾਉਣ ਲਈ ਸਿੱਖਿਅਤ ਕੀਤਾ ਅਤੇ ਲਾਹੌਰ ਵਿਖੇ ‘ਨੌਜਵਾਨ ਭਾਰਤ ਸਭਾ’ ਬਣਾਈ, ਜੋ ਕਿ ਹੋਰਨਾਂ ਸਮਾਜਿਕ ਗਤੀਵਿਧੀਆਂ ਦੇ ਨਾਲ-ਨਾਲ ਨੌਜਵਾਨਾਂ ਨੂੰ ਦੇਸ਼ ਨੂੰ ਅਜ਼ਾਦ ਕਰਾਉਣ ਲਈ ਸੰਘਰਸ਼ ਵਿੱਚ ਕੁੱਦਣ ਲਈ ਪ੍ਰੇਰਦੀ ਸੀ।
ਸ੍ਰੀ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇਸ਼ ਦੇ ਸ਼ਹੀਦਾਂ ਅਤੇ ਅਜ਼ਾਦੀ ਘੁਲਾਟੀਆਂ ਦੀ ਵਿਰਾਸਤ ਨੂੰ ਸੰਭਾਲਣ ਅਤੇ ਉਹਨਾਂ ਦੇ ਸੁਪਨਿਆਂ ਨੂੰ ਸਕਾਰ ਕਰਨ ਲਈ ਵਚਨਬੱਧ ਹੈ, ਜਿਨਾਂ ਦੀਆਂ ਕੁਰਬਾਨੀਆਂ ਸਦਕਾ ਅਸੀਂ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਰੱਖਣ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਇਸ ਬਾਰੇ ਜਾਣੂ ਕਰਾਉਣ ਦੇ ਮਕਸਦ ਨਾਲ ਹੀ ਪੰਜਾਬ ਸਰਕਾਰ ਵੱਲੋਂ ਸ਼ਹੀਦ ਸੁਖਦੇਵ ਜੀ ਸਮੇਤ ਉਨਾਂ ਸਾਰੇ ਸ਼ਹੀਦਾਂ ਦੀ ਯਾਦ ਵਿੱਚ ਰਾਜ ਪੱਧਰੀ ਸਮਾਗਮ ਕਰਵਾਏ ਜਾਂਦੇ ਹਨ, ਜਿਨਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ।
ਸ੍ਰੀ ਬੈਂਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਵਿੱਚੋਂ ਸਮਾਜਿਕ ਕੁਰੀਤੀਆਂ ਨੂੰ ਬਾਹਰ ਸੁੱਟਣ ਲਈ ਅੱਗੇ ਆਉਣ, ਜੋ ਕਿ ਦੇਸ਼ ਲਈ ਸ਼ਹੀਦ ਹੋਣ ਵਾਲਿਆਂ ਲਈ ਸੱਚੀ ਸ਼ਰਧਾਂਜਲੀ ਹੋਵੇਗੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦਾਂ ਦੇ ਦਿਹਾੜੇ ਇਸ ਲਈ ਮਨਾਏ ਜਾਂਦੇ ਹਨ, ਤਾਂ ਜੋ ਲੋਕ ਖਾਸ ਕਰਕੇ ਨੌਜਵਾਨ ਵਰਗ ਦੇਸ਼ ਭਗਤੀ ਦੀ ਭਾਵਨਾ ਗ੍ਰਹਿਣ ਕਰ ਸਕੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਦੀ ਰਖਵਾਲੀ ਅਤੇ ਉਨਾਂ ਦੇ ਮਾਣ ਸਤਿਕਾਰ ਨੂੰ ਬਹਾਲ ਰੱਖਣ ਲਈ ਵਚਨਬੱਧ ਹੈ।
ਇਸ ਤੋ ਪਹਿਲਾਂ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਸਥਿਤ ਸ਼ਹੀਦ ਸੁਖਦੇਵ ਦੇ ਜੱਦੀ ਘਰ ਮੁਹੱਲਾ ਨੌਘਰਾਂ ਜਾ ਕੇ ਸ਼ਹੀਦ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਪ੍ਰਬੰਧਕ ਕਮੇਟੀ ਵੱਲੋ ਕਰਵਾਏ ਜਾ ਰਹੇ ਹਵਨ ਸਮਾਗਮ ਵਿੱਚ ਵੀ ਸ਼ਮੂਲੀਅਤ ਕੀਤੀ।ਇਸ ਉਪਰੰਤ ਸ੍ਰੀ ਹਰਜੋਤ ਸਿੰਘ ਬੈਂਸ ਨੂੰ ਲੁਧਿਆਣਾ ਪੁਲਿਸ ਦੀ ਟੁਕੜੀ ਵੱਲੋ ਗਾਰਡ ਆਫ ਆਨਰ ਵੀ ਗੁਰੂ ਨਾਨਕ ਦੇਵ ਭਵਨ ਵਿਖੇ ਦਿੱਤਾ ਗਿਆ।
ਇਸ ਮੌਕੇ ਡਾ. ਮੰਜੂ ਮਲਹੋਤਰਾ ਰਿਟਾਇਰਡ ਪ੍ਰੋਫੈਸਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਸ਼ਹੀਦ ਸੁਖਦੇਵ ਜੀ ਦੇ ਜੀਵਨ ਬਾਰੇ ਬੜੇ ਹੀ ਵਿਸਥਾਰ ਨਾਲ ਚਾਨਣਾ ਪਾਇਆ ਗਿਆ। ਉਨਾਂ ਸ਼ਹੀਦ ਜੀ ਦੇ ਜੀਵਨ ਬਾਰੇ ਕਈ ਨਵੇਂ ਤੱਥ ਪੇਸ਼ ਕੀਤੇ। ਇਸ ਤੋ ਇਲਾਵਾ ਇਸ਼ਮੀਤ ਅਕੈਡਮੀ ਦੇ ਵਿਦਿਆਰਥੀਆਂ ਵੱਲੋ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਗਏ। ਇਸ ਮੌਕੇ ਮੁੱਖ ਮਹਿਮਾਨ ਵਜੋ ਪਹੁੰਚੇ ਕੈਬਿਨਟ ਮੰਤਰੀ ਸ. ਹਰਜੋਤ ਸਿੰਘ ਬੈਂਸ ਦਾ ਜਿ਼ਲ੍ਹਾ ਪ੍ਰਸ਼ਾਸਨ ਵੱਲੋ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਆਪ ਦੇ ਸੀਨੀਅਰ ਆਗੂ ਡਾ.ਕੇ.ਐਨ.ਐਸ. ਕੰਗ, ਸ੍ਰੀ ਅਮਨਦੀਪ ਸਿੰਘ ਮੋਹੀ, ਸ੍ਰੀ ਅਹਿਬਾਬ ਸਿੰਘ ਗਰੇਵਾਲ, ਸ੍ਰੀ ਗੁਰਜੀਤ ਸਿੰਘ ਗਿੱਲ, ਸ੍ਰੀ ਦੁਪਿੰਦਰ ਸਿੰਘ, ਜਿ਼ਲ੍ਹਾ ਪ੍ਰਧਾਨ (ਸ਼ਹਿਰੀ) ਸੁਰੇਸ਼ ਗੋਇਲ, ਜਿ਼ਲ੍ਹਾ ਪ੍ਰਧਾਨ (ਦਿਹਾਤੀ) ਸ੍ਰੀ ਹਰਭੁਪਿੰਦਰ ਸਿੰਘ ਧਰੌੜ, ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ, ਪੁਲਿਸ ਕਮਿਸ਼ਨਰ ਡਾ. ਕੌਸ਼ਤੁਭ ਸ਼ਰਮਾ, ਏ.ਡੀ.ਸੀ. ਖੰਨਾ ਸ੍ਰੀ ਅਮਰਜੀਤ ਸਿੰਘ ਬੈਂਸ, ਐਸ.ਡੀ.ਐਮ ਰਾਏਕੋਟ ਸ੍ਰੀ ਗੁਰਬੀਰ ਸਿੰਘ ਕੋਹਲੀ ਅਤੇ ਐਸ.ਡੀ.ਐਮ. ਲੁਧਿਆਣਾ ਪੂਰਬੀ ਸ੍ਰੀ ਗੁਰਸਿਮਰਨ ਸਿੰਘ ਢਿੱਲੋ ਤੋ ਇਲਾਵਾ ਹੋਰ ਵੀ ਹਾਜ਼ਰ ਸਨ।




