ਸੁਖਜਿੰਦਰ ਮਾਨ
ਬਠਿੰਡਾ, 15 ਮਈ: ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਜੇ.ਇਲਚੇਜ਼ੀਅਨ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਅੱਜ ਸੀ ਆਈ ਏ ਸਟਾਫ-1 ਬਠਿੰਡਾ ਵਲੋਂ ਇੱਕ ਵਿਅਕਤੀ ਨੂੰ ਕਿਲੋਂ ਅਫ਼ੀਮ ਸਹਿਤ ਕਾਬੂ ਕੀਤਾ ਗਿਆ। ਪੁਲਿਸ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਵਿੰਗ ਦੇ ਐਸ ਆਈ ਹਰਜੀਵਨ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਦਾਣਾ ਮੰਡੀ ਪਿੰਡ ਹਰਾਰਾਏਪੁਰ ਵਿਖੇ ਮੋਟਰਸਾਇਕਲ ਹੀਰੋ ਹਾਂਡਾ ’ਤੇ ਸਵਾਰ ਇੱਕ ਵਿਅਕਤੀ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕੀਤਾ ਜਿਸ ਕੋਲੋ ਇਹ ਅਫ਼ੀਮ ਬਰਾਮਦ ਹੋਈ। ਕਾਬੂ ਕੀਤੇ ਵਿਅਕਤੀ ਦੀ ਪਹਿਚਾਣ ਗਮਦੂਰ ਸਿੰਘ ਵਾਸੀ ਢੇਲਵਾਂ ਰੋਡ ਪਿੰਡ ਹਰਰਾਏਪੁਰ ਦੇ ਤੌਰ ’ਤੇ ਹੋਈ ਹੈ। ਉਸਦੇ ਵਿਰੁਧ ਮੁੱਕਦਮਾ ਨੰਬਰ 67 ਮਿਤੀ 14.05.2022 ਅ/ਧ- 18-ਬੀ/61/85 ਐਨ ਡੀ ਪੀ ਐਸ ਐਕਟ ਥਾਣਾ ਨੇਹੀਆਂਵਾਲਾ ਵਿਖੇ ਦਰਜ਼ ਕੀਤਾ ਗਿਆ ਹੈ। ਸੀਆਈਏ-1 ਵਿੰਗ ਦੇ ਇੰਚਾਰਜ਼ ਤਰਜਿੰਦਰ ਸਿੰਘ ਨੇ ਦਸਿਆ ਕਿ ਕਥਿਤ ਦੋਸ਼ੀ ਵਿਰੁਧ ਇਸਤੋਂ ਪਹਿਲਾਂ ਵੀ ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਥਾਣਾ ਸਿਵਲ ਲਾਈਨ ਤੇ ਨਹਿਆਵਾਲਾ ਵਿਖੇ ਪਰਚਾ ਦਰਜ਼ ਹੈ।
ਬਠਿੰਡਾ ਪੁਲਿਸ ਵਲੋਂ ਕਿਲੋ ਅਫ਼ੀਮ ਸਹਿਤ ਇੱਕ ਵਿਅਕਤੀ ਕਾਬੂ
ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਨੇ ਬੀ-ਸਕੂਲ ਬੁੱਲਜ ਕੰਪਨੀ ਨਾਲ ਐਮ.ਓ.ਯੂ ਸਾਈਨ ਕੀਤਾ
ਸੁਖਜਿੰਦਰ ਮਾਨ
ਬਠਿੰਡਾ, 15 ਮਈ: ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਬਠਿੰਡਾ (ਇੱਕ ਮੋਹਰੀ ਬੀ-ਸਕੂਲ) ਨੇ ਬੀ-ਸਕੂਲ ਬੁੱਲਜ (ਇੱਕ ਆਈ.ਐਸ.ਓ. ਪ੍ਰਮਾਣਿਤ ਕੰਪਨੀ) ਦੇ ਨਾਲ ਇੱਕ ਐਮ.ਓ.ਯੂ ਦਸਤਖ਼ਤ ਕਰਨ ਲਈ ਸਮਾਰੋਹ ਦਾ ਆਯੋਜਨ ਕੀਤਾ। ਇਸ ਸਮਾਰੋਹ ਦੀ ਸ਼ੁਰੂਆਤ ਬੀ-ਸਕੂਲ ਬੁੱਲਜ ਦੇ ਸੀ.ਈ.ਓ. ਰਾਜ ਸੰਤਰਾ ਅਤੇ ਕਾਰਜਕਾਰੀ ਨਿਰਦੇਸ਼ਕ ਕਰਮਿੰਦਰ ਕੁਮਾਰ ਦੇ ਨਿੱਘੇ ਸਵਾਗਤ ਨਾਲ ਕੀਤੀ ਗਈ। ਇਸ ਸਮਝੌਤੇ ‘ਤੇ ਦਸਤਖ਼ਤ ਕਰਨ ਦਾ ਮੁੱਖ ਉਦੇਸ਼ ਵਪਾਰਕ ਸੰਸਾਰ ਅਤੇ ਮੈਕਰੋ-ਆਰਥਿਕ ਸ਼ਕਤੀਆਂ ਦੀ ਡੂੰਘੀ ਸਮਝ ਵਿਕਸਿਤ ਕਰਨਾ ਅਤੇ ਵਿਦਿਆਰਥੀਆਂ ਨੂੰ ਪੇਸ਼ੇਵਰਾਂ ਵਿੱਚ ਬਦਲਣਾ ਸੀ।
ਇੰਡਸਟਰੀ-ਅਕੈਡਮਿਕ ਇੰਟਰਫੇਸ ਨੂੰ ਉਤਸ਼ਾਹਿਤ ਕਰਨ ਲਈ ਕੈਂਪਸ ਵਿੱਚ ਇੱਕ ਵੈਂਚਰ ਲੈਬ ਨੂੰ ਸਥਾਪਿਤ ਕੀਤਾ ਗਿਆ ਹੈ। ਇਸ ਵੈਂਚਰ ਲੈਬ ਦਾ ਉਦਘਾਟਨ ਡਾ. ਸਚਿਨ ਦੇਵ (ਵਾਈਸ ਪਿ੍ਰੰਸੀਪਲ, ਬੀ.ਐਫ.ਸੀ.ਐਮ.ਟੀ.), ਸ਼੍ਰੀਮਤੀ ਨੀਤੂ ਸਿੰਘ (ਡੀਨ, ਫੈਕਲਟੀ ਆਫ਼ ਬਿਜ਼ਨਸ ਸਟੱਡੀਜ਼), ਸ਼੍ਰੀਮਤੀ ਭਾਵਨਾ ਖੰਨਾ (ਮੁਖੀ, ਬੀ.ਐਫ.ਸੀ.ਐਮ.ਟੀ.), ਰਾਜ ਸੰਤਰਾ (ਸੀ.ਈ.ਓ., ਬੀ-ਸਕੂਲ ਬੁੱਲਜ) ਅਤੇ ਕਰਮਿੰਦਰ ਕੁਮਾਰ (ਕਾਰਜਕਾਰੀ ਨਿਰਦੇਸ਼ਕ, ਬੀ. ਸਕੂਲ ਬੁੱਲਜ) ਦੁਆਰਾ ਕੀਤਾ ਗਿਆ। ਇਸ ਵੈਂਚਰ ਲੈਬ ਦਾ ਮੁੱਖ ਉਦੇਸ਼ ਸ਼ੁਰੂਆਤੀ ਪ੍ਰੋਜੈਕਟਾਂ ਦੀ ਖੋਜ ਕਰਨ, ਪ੍ਰਮਾਣਿਤ ਕਰਨ ਅਤੇ ਵਿਕਸਤ ਕਰਨ ਲਈ ਵਿਦਿਆਰਥੀਆਂ ਨੂੰ ਸਿਖਲਾਈ ਅਤੇ ਸਲਾਹ ਦੇਣਾ ਹੈ।
ਇਸ ਉਪਰੰਤ ਬੀ. ਸਕੂਲ ਬੁੱਲਜ ਦੇ ਕਾਰਜਕਾਰੀ ਨਿਰਦੇਸ਼ਕ ਕਰਮਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਬੀ-ਸਕੂਲ ਬੁੱਲਜ ਦਾ ਉਦੇਸ਼ ਮੈਨੇਜਮੈਂਟ ਦੇ ਵਿਦਿਆਰਥੀਆਂ ਨੂੰ ਵਿੱਤ ਦੀ ਦੁਨੀਆ ਨੂੰ ਸਮਝਣ ਵਿੱਚ ਮਦਦ ਕਰਨਾ ਹੈ। ਸਟਾਕ ਮਾਰਕੀਟ ਵਿੱਚ ਕੰਮ ਕਰਨਾ ਜੋਖ਼ਮ ਭਰਿਆ ਜਾਪਦਾ ਹੈ ਪਰ ਜੇਕਰ ਤੁਸੀਂ ਆਪਣੀ ਰਿਸਰਚ ਕਰਦੇ ਹੋ ਤਾਂ ਇਹ ਸਭ ਤੋਂ ਵਧੀਆ ਧਨ ਕਮਾ ਸਕਦਾ ਹੋ। ਉਨ੍ਹਾਂ ਨੇ ਅੱਗੇ ਦੱਸਿਆ ਕਿ ਬੀ-ਸਕੂਲ ਬੁੱਲਜ ਕੰਪਨੀ ਵਿਦਿਆਰਥੀਆਂ ਨੂੰ ਨਿਵੇਸ਼ ਕਰਨ ਤੋਂ ਪਹਿਲਾਂ ਕੰਪਨੀਆਂ ਦੇ ਤਕਨੀਕੀ ਵਿਸ਼ਲੇਸ਼ਣ ਅਤੇ ਵਿੱਤੀ ਵਿਸ਼ਲੇਸ਼ਣ ਸਿੱਖਣ ਵਿੱਚ ਮਦਦ ਕਰਦੀ ਹੈ ਤਾਂ ਜੋ ਵਿਦਿਆਰਥੀ ਸਟਾਕ ਮਾਰਕੀਟ ਦੇ ਕੰਮਕਾਰ ਬਾਰੇ ਜਾਣ ਸਕਣ। ਅੰਤ ਵਿੱਚ, ਡਾ. ਸਚਿਨ ਦੇਵ (ਵਾਈਸ ਪਿ੍ਰੰਸੀਪਲ, ਬੀ.ਐਫ.ਸੀ.ਐਮ.ਟੀ.), ਸ਼੍ਰੀਮਤੀ ਨੀਤੂ ਸਿੰਘ (ਡੀਨ, ਫੈਕਲਟੀ ਆਫ਼ ਬਿਜ਼ਨਸ ਸਟੱਡੀਜ਼), ਸ਼੍ਰੀਮਤੀ ਭਾਵਨਾ ਖੰਨਾ (ਮੁਖੀ, ਬੀ.ਐਫ.ਸੀ.ਐਮ.ਟੀ.) ਨੇ ਵਿਦਿਆਰਥੀਆਂ ਨੂੰ ਵਿੱਤੀ ਬਾਜ਼ਾਰ ਬਾਰੇ ਆਪਣੀ ਸਮਝ ਨੂੰ ਵਧਾਉਣ ਦਾ ਵਧੀਆ ਮੌਕਾ ਪ੍ਰਦਾਨ ਕਰਨ ਲਈ ਬੀ-ਸਕੂਲ ਬੁੱਲਜ ਦੇ ਆਏ ਹੋਏ ਅਧਿਕਾਰੀਆਂ ਦਾ ਧੰਨਵਾਦ ਕੀਤਾ। ਡਾ. ਸਚਿਨ ਦੇਵ ਨੇ ਕਿਹਾ ਕਿ ਇਹ ਸਮਝੌਤਾ ਦੋਵਾਂ ਸੰਸਥਾਵਾਂ ਦੇ ਵਿਦਿਆਰਥੀਆਂ, ਸਿੱਖਿਆ ਸ਼ਾਸਤਰੀਆਂ ਅਤੇ ਪੇਸ਼ੇਵਰਾਂ ਦੇ ਹੁਨਰਾਂ ਨੂੰ ਸਨਮਾਨ ਦੇਣ ਅਤੇ ਗਿਆਨ ਪ੍ਰਦਾਨ ਕਰਨ ਲਈ ਦੋਵਾਂ ਸੰਸਥਾਵਾਂ ਦੇ ਯਤਨਾਂ ਨੂੰ ਇਕੱਠੇ ਕਰੇਗਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਉਪਲਬਧੀ ਲਈ ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਪਿ੍ਰੰਸੀਪਲ, ਫੈਕਲਟੀ ਮੈਂਬਰਾਂ ਅਤੇ ਸਟਾਫ਼ ਨੂੰ ਵਧਾਈ ਦਿੱਤੀ।
ਸੇਵਾ ਮੁਕਤ ਕਰਮਚਾਰੀ ਯੂਨੀਅਨ ਨੇ ਕਰਵਾਏ ਸੁਖਮਨੀ ਸਾਹਿਬ ਦੇ ਪਾਠ
ਸੁਖਜਿੰਦਰ ਮਾਨ
ਬਠਿੰਡਾ, 15 ਮਈ: ਅੱਜ ਐਤਵਾਰ ਨੂੰ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ ਪੁਰਬ ਦਿਹਾੜੇ ’ਤੇ ਗੁਰੂਦਵਾਰਾ ਸ੍ਰੀ ਸਤਿਸੰਗ ਸਭਾ ਰੇਲਵੇ ਕਲੋਨੀ ਬਠਿੰਡਾ ਵਿਖੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਇਸ ਮੌਕੇ ਜਗਰੂਪ ਸਿੰਘ ਗਿੱਲ ਦੇ ਬਠਿੰਡਾ ਸਹਿਰੀ ਹਲਕੇ ਤੋਂ ਵੱਡੀ ਜਿੱਤ ਪ੍ਰਾਪਤ ਕਰਨ ਦੀ ਖੁਸੀ ਵਿੱਚ ਸੇਵਾ ਮੁਕਤ ਕਰਮਚਾਰੀ ਯੂਨੀਅਨ ਬਠਿੰਡਾ ਨਹਿਰ ਮੰਡਲ ਬਠਿੰਡਾ ਵੱਲੋਂ ਅਰਦਾਸ ਵੀ ਕਰਵਾਈ ਗਈ। ਇਸ ਮੌਕੇ ਸਮੂਹ ਕਰਮਚਾਰੀਆਂ ਵੱਲੋਂ ਜਗਰੂਪ ਸਿੰਘ ਗਿੱਲ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸਤੋਂ ਇਲਾਵਾ ਸਮਾਜ ਵਿੱਚ ਚੰਗੀਆ ਸੇਵਾਵਾਂ ਨਿਭਾ ਰਹੇ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਅਜਮੇਰ ਸਿੰਘ ਜਿਲੇਦਾਰ,ਬਲਦੇਵ ਸਿੰਘ ਸੁਪਰਡੈਂਟ, ਬਿਕਰ ਸਿੰਘ ਸੁਪਰਡੈਂਟ ,ਪਰੋਸਤਮ ਸਰਮਾ ਸ੍ਰ ਹਰੀਕਿ੍ਰਸਨ ਸਿੰਘ ਸਿਗਨੇਲਰ ਸ੍ਰੀ ਬਾਲੀ ਰਾਮ ,ਵੇਦ ਪ੍ਰਕਾਸ, ਜਰਨੈਲ ਸਿੰਘ ਨੰਬਰਦਾਰ, ਚਰਨਜੀਤ ਕੌਰ, ਸਿੰਦਰ ਪਾਲ ਕੌਰ ,ਹਰਬੰਸ ਸਿੰਘ ਮੁੱਖ ਮਾਲ ਕਲਰਕ, ਪ੍ਰਗਟ ਸਿੰਘ , ਕਲਵੰਤ ਸਿੰਘ, ਕਾਬਲ ਸਿੰਘ, ਦਰਸਨ ਸਿੰਘ .ਰੇਸਮ ਸਿੰਘ, ਰਾਜਵੀਰ, ਭਗਤ ਰਾਮ, ਨਿਰਮਲ ਦਾਸ, ਜੱਗਾ ਸਿੰਘ ਸਤਵੀਰ ਸਿੰਘ ਅਤੇ ਵਿਸੇਸ ਤੌਰ ਤੇ ਪਹੁੰਚੇ ਗੁਬਿੰਦਰ ਸਿੰਘ ਪ੍ਰਧਾਨ , ਪ੍ਰਧਾਨ ਪ੍ਰੀਤਮ ਸਿੰਘ ਰਾਠੌਰ, ਸ੍ਰ ਅਵਤਾਰ ਸਿੰਘ ਗੋਗਾ ਪ੍ਰਧਾਨ ਸਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਰਜਿ ਬਠਿੰਡਾ, ਅਕਵਿੰਦਰ ਸਿੰਘ ਔਲਖ, ਡਾਕਟਰ ਗੁਰਚਰਨ ਸਿੰਘ,ਦਰਸਨ ਸਿੰਘ ਵਿਰਕ, ਪਰਸਾ ਸਿੰਘ,ਪਰੋਸਤਮ ਦਾਸ ਬੱਤਾ ਅਤੇ ਜਸਕਰਨ ਸਿੰਘ ਪਟਵਾਰੀ ਗਹਿਰੀ ਬੁੱਟਰ ਸੂਬਾ ਪ੍ਰਧਾਨ ਪਟਵਾਰ ਯੂਨੀਅਨ, ਰਜਿੰਦਰ ਸਿੰਘ ਬਾਹੀਆ ਚੈਅਰਮੈਨ ਮਾਨਵ ਸੇਵਾ ਵੈਲਫੇਅਰ ਸੁਸਾਇਟੀ, ਬਲਰਾਜ ਸਿੰਘ ਸਰਾਂ ਪੱਕਾ ਕਲਾਂ ਜਿਲੇਦਾਰ ਪ੍ਰਧਾਨ ਮਾਨਵ ਸੇਵਾ ਵੈਲਫੇਅਰ ਸੁਸਾਇਟੀ ਅਤੇ ਗੁਰੂਦਵਾਰਾ ਸਾਹਿਬ ਦੀ ਕਮੇਟੀ ਦੇ ਸਮੂਹ ਅਹੁਦੇਦਾਰ ਸਹਿਬਾਨ ਮੌਜੂਦ ਸਨ।
ਨਾੜ ਨੂੰ ਅੱਗ ਲਗਾਉਣ ਕਾਰਨ ਝੁੱਗੀ ਵਿਚ ਬੱਚੀ ਜਿਉਂਦੀ ਸੜੀ, ਕੇਸ ਦਰਜ਼
ਸੁਖਜਿੰਦਰ ਮਾਨ
ਪਟਿਆਲਾ, 15 ਮਈ: ਸਰਕਾਰ ਤੇ ਸਮਾਜ ਸੇਵੀਆਂ ਦੀਆਂ ਲੱਖ ਅਪੀਲਾਂ ਦੇ ਬਾਵਜੂਦ ਕਣਕ ਦੇ ਨਾੜ ਨੂੰ ਅੱਗ ਲਗਾਉਣ ਦੀਆਂ ਵਧ ਰਹੀਆਂ ਘਟਨਾਵਾਂ ਕਾਰਨ ਜੀਵ-ਜੰਤੂਆਂ ਤੇ ਪੌਦਿਆਂ ਦੇ ਨਾਲ-ਨਾਲ ਇਨਸਾਨਾਂ ਦਾ ਵੀ ਘਾਣ ਹੋਣ ਲੱਗਿਆ ਹੈ। ਅੱਜ ਜ਼ਿਲ੍ਹੈ ਦੇ ਡੇਰਾ ਬਸੀ ਇਲਾਕੇ ਦੇ ਨੇੜਲੇ ਪਿੰਡ ਸੁੰਡਰਾ ਵਿੱਚ ਇੱਕ ਕਿਸਾਨ ਵਲੋਂ ਕਣਕ ਦੇ ਨਾੜ ਨੂੰ ਲਗਾਈ ਅੱਗ ਕਾਰਨ ਨਜਦੀਕ ਸਥਿਤ ਝੁੱਗੀਆਂ ਨੂੰ ਵੀ ਅੱਗ ਲੱਗਣ ਕਾਰਨ ਇਸ ਵਿਚ ਮੌਜੂਦ ਛੋਟੀ ਬੱਚੀ ਦੇ ਜਿਉਂਦਿਆਂ ਸੜ ਕੇ ਸੁਆਹ ਹੋਣ ਦਾ ਦੁਖਦਈ ਮਾਮਲਾ ਸਾਹਮਣੇ ਆਇਆ ਹੈ। ਸੋਸਲ ਮੀਡੀਆ ’ਤੇ ਇਸ ਘਟਨਾ ਦੇ ਅੱਗ ਵਾਂਗ ਹੀ ਵਾਈਰਲ ਹੋਣ ਤੇ ਪੰਜਾਬ ਸਰਕਾਰ ਦੀ ਨਿੰਦਾ ਹੋਣ ਤੋਂ ਬਾਅਦ ਪੁਲਿਸ ਵਲੋਂ ਜਾਗਦਿਆਂ ਕਥਿਤ ਦੋਸ਼ੀ ਵਿਰੁਧ ਮਿ੍ਰਤਕ ਲੜਕੀ ਦੇ ਬਾਪ ਦੇ ਬਿਆਨਾਂ ਉਪਰ ਕੇਸ ਦਰਜ਼ ਕਰਨ ਦੀ ਸੂਚਨਾ ਹੈ। ਸੂਚਨਾ ਮੁਤਾਬਕ ਕਿਸਾਨ ਜੀਤ ਸਿੰਘ ਵਾਸੀ ਦਫ਼ਰਪੁਰ ਨੇ ਅੱਜ ਦੁਪਿਹਰ ਅਪਣੇ ਖੇਤ ਵਿਚ ਕਣਕ ਦੇ ਖੜੇ ਨਾੜ ਨੂੰ ਅੱਗ ਲਗਾਈ ਸੀ। ਇਸ ਦੌਰਾਨ ਇਸ ਕਿਸਾਨ ਦੇ ਨਜਦੀਕ ਹੀ ਚਾਰ ਦਰਜਨ ਦੇ ਕਰੀਬ ਸਥਿਤ ਝੁੱਗੀਆਂ ਨੂੰ ਪੈ ਗਈ, ਜਿਸ ਕਾਰਨ ਨਾ ਸਿਰਫ਼ ਗਰੀਬਾਂ ਦੀਆਂ ਝੁੱਗੀਆਂ ਰਾਖ਼ ਹੋ ਗਈ, ਬਲਕਿ ਇੱਕ ਝੁੱਗੀ ਵਿਚ ਫ਼ਸੀ ਰਹਿ ਗਈ ਨੰਨੀ ਬੱਚੀ ਵੀ ਅੱਗ ਦੀ ਚਪੇਟ ਵਿਚ ਆ ਗਈ। ਸੋਸਲ ਮੀਡੀਆ ’ਤੇ ਵਾਈਰਲ ਹੋਈਆਂ ਦੁਖਦਾਈ ਤਸਵੀਰਾਂ ਮੁਤਾਬਕ ਅੱਗ ਤੋਂ ਬਚਣ ਲਈ ਇਹ ਛੋਟੀ ਬੱਚੀ ਝੁੱਗੀ ਵਿਚ ਪਏ ਮੰਜੇ ਨੂੰ ਚਿਮਟ ਗਈ ਤੇ ਉਥੇ ਹੀ ਰਾਖ਼ ਬਣ ਗਈ। ਉਧਰ ਡੈਰਾਬੱਸੀ ਪੁਲਿਸ ਨੇ ਰਾਮਵੀਰ ਨਾਂ ਦੇ ਪ੍ਰਵਾਸੀ ਮਜਦੂਰ ਦੀ ਸਿਕਾਇਤ ’ਤੇ ਕਿਸਾਨ ਜੀਤ ਸਿੰਘ ਵਿਰੁਧ ਪਰਚਾ ਦਰਜ਼ ਕਰ ਲਿਆ ਹੈ।
ਮਰਹੂਮ ਆਗੂ ਸੁਖਰਾਜ ਨੱਤ ਦੀ ਦੂਜੀ ਬਰਸੀ ਮੌਕੇ ਜੁੜਿਆ ਜਨ-ਸਲਾਬ
ਸੁਖਜਿੰਦਰ ਮਾਨ
ਬਠਿੰਡਾ, 15 ਮਈ: ਜ਼ਿਲ੍ਹੇ ਦੇ ਹਲਕਾ ਮੋੜ ਤੋਂ ਲੋਕ ਆਗੂ ਰਹੇ ਮਹਰੂਮ ਸੁਖਰਾਜ ਸਿੰਘ ਨੱਤ ਦੀ ਅੱਜ ਦੂਜੀ ਬਰਸੀ ਮਨਾਈ ਗਈ, ਜਿੱਥੇ ਹਲਕੇ ਤੋਂ ਇਲਾਵਾ ਪੰਜਾਬ ਦੇ ਵੱਖ ਵੱਖ ਥਾਵਾਂ ਤੋਂ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਸਮਰਥਕ ਪੁੱਜੇ। ਮਹਰੂਮ ਨੱਤ ਦੇ ਪੁੱਤਰ ਦਵਿੰਦਰ ਨੱਤ ਤੇ ਸਮੂਹ ਪ੍ਰਵਾਰ ਵਲੋਂ ਇੱਥੇ ਗੁਰੂ ਘਰ ’ਚ ਰੱਖੇ ਬਰਸੀ ਸਮਾਗਮ ਦੌਰਾਨ ਅਜੀਤਇੰਦਰ ਸਿੰਘ ਮੋਫਰ ਸਾਬਕਾ ਐਮਐਲਏ, ਰਜਿੰਦਰ ਸਿੰਘ ਰਾਜਾ ਬੀਰ ਕਲਾਂ ਸਾਬਕਾ ਚੇਅਰਮੈਨ ਸੰਗਰੁਰ,ਸਨਵੀਕ ਹੈਨਰੀ,ਮੰਗਤ ਰਾਏ ਬਾਂਸਲ ਸਾਬਕਾ ਐਮਐਲਏ, ਮੈਡਮ ਅੰਮਿ੍ਰਤਾ ਗਿੱਲ ਬਠਿੰਡਾ , ਗੁਰਮੀਤ ਜੋਗਾ,ਅਮਰੀਕ ਢਿੱਲੋਂ, ਅਤੇ ਹਲਕਾ ਮੋੜ ਦੇ ਪੰਚ , ਸਰਪੰਚ , ਅਤੇ ਪਤਵੰਤੇ ਸੱਜਣਾਂ ਵੱਲੋਂ ਸਰਧਾਜਲੀ ਭੇਟ ਕੀਤੀ ਗਈ। ਇਸ ਮੌਕੇ ਬੁਲਾਰਿਆਂ ਨੇ ਨੱਤ ਨੂੰ ਯਾਦ ਕਰਦਿਆਂ ਉਨ੍ਹਾਂ ਵਲੋਂ ਕਾਂਗਰਸ ਪਾਰਟੀ ਤੇ ਹਲਕੇ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੀਤੇ ਕੰਮਾਂ ਨੂੰ ਯਾਦ ਕੀਤਾ। ਇਸ ਦੌਰਾਨ ਨੱਤ ਦੇ ਪੁੱਤਰ ਦਵਿੰਦਰ ਨੱਤ ਨੇ ਸਮੂਹ ਲੋਕਾਂ ਦਾ ਧੰਨਵਾਦ ਕਰਦਿਆਂ ਅਪਣੇ ਪਿਤਾ ਦੇ ਪਾਏ ਪੂਰਨਿਆਂ ’ਤੇ ਚੱਲਣ ਦਾ ਭਰੋਸਾ ਦਿਵਾਇਆ।

ਭਾਰਤੀ ਕਿਸਾਨ ਯੂਨੀਅਨ ਟਿਕੈਤ ’ਚ ਬਗਾਵਤ, ਕੁੱਝ ਆਗੂ ਹੋਏ ਅਲੱਗ
ਪੰਜਾਬੀ ਖ਼ਬਰਸਾਰ ਬਿਊਰੋ
ਲਖ਼ਨਊ, 15 ਮਈ: ਤਿੰਨ ਖੇਤੀ ਬਿੱਲਾਂ ਦੇ ਵਿਰੋਧ ’ਚ ਕਰੀਬ ਇੱਕ ਸਾਲ ਤੋਂ ਵੱਧ ਸਮੇਂ ਲਈ ਦਿੱਲੀ ਵਿਖੇ ਲੱਗੇ ਕਿਸਾਨ ਮੋਰਚੇ ’ਚ ਵੱਡੀ ਭੂਮਿਕਾ ਨਿਭਾਉਣ ਵਾਲੇ ਉਘੇ ਕਿਸਾਨ ਆਗੂ ਰਾਕੇਸ਼ ਟਿਕੈਤ ਤੇ ਉਸਦੇ ਭਰਾ ਨਰੇਸ਼ ਟਿਕੈਤ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ ਵਿਚ ਅੱਜ ਫੁੱਟ ਪੈਣ ਦੀ ਚਰਚਾ ਹੈ। ਇਸ ਜਥੇਬੰਦੀ ’ਚ ਟਿਕੈਤ ਭਰਾਵਾਂ ਤੋਂ ਨਰਾਜ਼ ਚੱਲ ਰਹੇ ਕੁੱਝ ਕਿਸਾਨ ਆਗੂਆਂ ਵਲੋਂ ਲਖਨਊ ਦੇ ਗੰਨਾ ਇੰਸਟੀਚਿਊਟ ਦੇ ਆਡੀਟੋਰੀਅਮ ਵਿਚ ਕਾਰਜ਼ਕਾਰਨੀ ਦੀ ਮੀਟਿੰਗ ਕਰਦਿਆਂ ਦੋਨਾਂ ਟਿਕੈਤ ਭਰਾਵਾਂ ਨੂੰ ਜਥੇਬੰਦੀ ਵਿਚੋਂ ਬਰਖਾਸਤ ਕਰਨ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਟਿਕੈਤ ਸਮਰਥਕ ਨੇ ਦਾਅਵਾ ਕੀਤਾ ਕਿ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਰੇਸ਼ ਟਿਕੈਤ ਤੇ ਮੁੱਖ ਬੁਲਾਰੇ ਰਾਕੇਸ਼ ਟਿਕੈਤ ਹੀ ਹਨ ਪ੍ਰੰਤੂ ਕੁੱਝ ਆਗੂ ਅਲੱਗ ਹੋ ਗਏ ਹਨ ਜਦੋਂ ਕਿ ਬਾਕੀ ਜਥੈਬੰਦੀ ਇਕਜੁਟ ਹੈ। ਸੂਚਨਾ ਮੁਤਾਬਕ ਟਿਕੈਤ ਭਰਾਵਾਂ ਨਾਲ ਨਰਾਜ਼ ਚੱਲ ਰਹੇ ਪੱਛਮੀ ਉੱਤਰ ਪ੍ਰਦੇਸ ਦੇ ਕਈ ਪ੍ਰਮੁੱਖ ਕਿਸਾਨ ਆਗੂਆਂ ਨੇ ਅੱਜ ਨਰੇਸ ਟਿਕੈਤ ਦੀ ਥਾਂ ਰਾਜੇਸ ਸਿੰਘ ਚੌਹਾਨ ਨੂੰ ਨਵਾਂ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ ਹੈ। ਮਹੱਤਵਪੂਰਨ ਗੱਲ ਇਹ ਵੀ ਦਸਣੀ ਬਣਦੀ ਹੈ ਕਿ ਟਿਕੈਤ ਭਰਾਵਾਂ ਨੂੰ ਚੁਣੌਤੀ ਅੱਜ ਉਸ ਸਮੇਂ ਮਿਲੀ ਹੈ ਜਦ 15 ਮਈ ਨੂੰ ਉਨ੍ਹਾਂ ਦੇ ਸਵਰਗੀ ਪਿਤਾ ਮਹਿੰਦਰ ਸਿੰਘ ਟਿਕੈਤ ਦਾ ਜਨਮ ਦਿਨ ਹੈ। ਉਧਰ ਨਵੇਂ ਬਣੇ ਪ੍ਰਧਾਨ ਰਾਜੇਸ ਸਿੰਘ ਚੌਹਾਨ ਨੇ ਦਾਅਵਾ ਕੀਤਾ ਹੈ ਕਿ ਅਜਿਹਾ ਫੈਸਲਾ ਇਸ ਕਰਕੇ ਲੈਣਾ ਪਿਆ ਕਿਉਂਕਿ ਟਿਕੈਤ ਭਰਾ ਸਿਆਸਤ ਤੋਂ ਪ੍ਰੇਰਤ ਸਨ। ਜਦੋਂਕਿ ਜਥੇਬੰਦੀ ਦਾ ਸੰਵਿਧਾਨ ਨਰਪੱਖ ਕਿਸਾਨਾਂ ਦੀ ਹਿਮਾਇਤ ਨਾਲ ਸੰਘਰਸ਼ ਦਾ ਧਾਰਨੀ ਹੈ। ਦੂਜੇ ਪਾਸੇ ਟਿਕੈਤ ਸਮਰਥਕ ਪੰਜਾਬ ਦੀ ਜਥੇਬੰਦੀ ਦੇ ਵੱਡੇ ਆਗੂ ਸਰੂਪ ਸਿੱਧੂ ਨੇ ਦਾਅਵਾ ਕੀਤਾ ਕਿ ਰਾਕੇਸ ਟਿਕੈਤ ਤੇ ਨਰੇਸ਼ ਟਿਕੈਤ ਹੀ ਜਥੇਬੰਦੀ ਦੇ ਆਗੂ ਹਨ, ਬਲਕਿ ਕੁੱਝ ਆਗੂਆਂ ਨੇ ਅਲੱਗ ਹੋ ਕੇ ਅਪਣੀ ਜਥੇਬੰਦੀ ਬਣਾ ਲਈ ਹੈ। ਜਦੋਂਕਿ ਨਰੇਸ਼ ਟਿਕੈਤ ਅੱਜ ਵੀ ਜਥੇਬੰਦੀ ਦੇ ਕੌਮੀ ਪ੍ਰਧਾਨ ਹਨ ਤੇ ਰਾਕੇਸ਼ ਟਿਕੈਤ ਕੌਮੀ ਬੁਲਾਰੇ। ਉਨ੍ਹਾਂ ਨੇ ਇਸ ਸਾਰੇ ਘਟਨਾਕ੍ਰਮ ਪਿੱਛੇ ਭਾਜਪਾ ਦਾ ਹੱਥ ਹੋਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰ ਦੇ ਦਬਾਅ ਹੇਠ ਹੀ ਇਹ ਸਾਰਾ ਡਰਾਮਾ ਹੋਇਆ ਹੈ। ਗੌਰਤਲਬ ਹੈ ਕਿ ਜਦ ਲਾਲ ਕਿਲੇ ’ਤੇ ਝੰਡਾ ਲਹਿਰਾਉਣ ਤੋਂ ਬਾਅਦ ਕਿਸਾਨ ਸੰਘਰਸ਼ ਖ਼ਤਮ ਹੋਣ ਕਿਨਾਰੇ ਪੁੱਜ ਗਿਆ ਸੀ ਤਾਂ ਰਾਕੇਸ਼ ਟਿਕੈਤ ਦੀਆਂ ਅੱਖਾਂ ਵਿਚੋਂ ਨਿਕਲੇ ਹੰਝੂਆਂ ਦੇ ਮੁੜ ਕਿਸਾਨਾਂ ਦੇ ਵਿਚ ਮੁੜ ਨਵੀਂ ਜਾਨ ਫ਼ੂਕੀ ਸੀ ਤੇ ਜਿਸਤੋਂ ਬਾਅਦ ਮੋਦੀ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਹੋਣਾ ਪਿਆ ਸੀ।
ਕਪੂਰਥਲ ਪੁਲਿਸ ਵਲੋਂ ਨਸ਼ਾ ਤਸਕਰਾਂ ਵਿਰੁਧ ਸਖ਼ਤੀ ਜਾਰੀ, ਤਿੰਨ ਹਫ਼ਤਿਆਂ ’ਚ ਦੋ ਦਰਜ਼ਨ ਤਸਕਰ ਕਾਬੂ
ਪੰਜਾਬੀ ਖ਼ਬਰਸਾਰ ਬਿਊੂਰੋ
ਕਪੂਰਥਲਾ, 15 ਮਈ: ਸੂਬੇ ’ਚ ਆਪ ਸਰਕਾਰ ਵਲੋਂ ਨਸ਼ਾ ਤਸਕਰਾਂ ਵਿਰੁਧ ਪੁਲਿਸ ਨੂੰ ਮੁਹਿੰਮ ਵਿੱਢਣ ਦੇ ਦਿੱਤੇ ਆਦੇਸ਼ਾਂ ਤੋਂ ਬਾਅਦ ਕਪੂਰਥਲਾ ਪੁਲਿਸ ਵਲੋਂ ਸਖ਼ਤੀ ਜਾਰੀ ਹੈ, ਜਿਸਦੇ ਚੱਲਦੇ ਤਿੰਨ ਹਫ਼ਤਿਆਂ ‘ਚ ਦੋ ਦਰਜ਼ਨ ਦੇ ਕਰੀਬ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ। ਅੱਜ ਇੱਥੇ ਇਸਦੀ ਜਾਣਕਾਰੀ ਦਿੰਦਿਆਂ ਕਪੂਰਥਲਾ ਦੇ ਐਸ.ਐਸ.ਪੀ ਰਾਜਬਚਨ ਸਿੰਘ ਸੰਧੂ ਨੇ ਪੱਤਰਕਾਰਾਂ ਨੂੰ ਦਸਿਆ ਕਿ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਫ਼ਗਵਾੜਾ ਪੁਲਿਸ ਵਲੋਂ ਪੰਜ ਕਿਲੋ ਅਫ਼ੀਮ ਤਹਿਤ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਇੰਨ੍ਹਾਂ ਵਿਅਕਤੀਆਂ ਦੀ ਪਹਿਚਾਣ ਹਰਪ੍ਰੀਤ ਸਿੰਘ ਉਰਫ ਸੰਨੀ ਵਾਸੀ ਚਾਹਲ ਨਗਰ ਫਗਵਾੜਾ, ਬਲਵੰਤ ਰਾਏ ਉਰਫ ਕਾਕੂ ਵਾਸੀ ਖੈੜਾ ਕਾਲੋਨੀ, ਧਰਮਵੀਰ ਤੇ ਸਤਪਾਲ ਸੰਧੂ ਵਾਸੀ ਡੱਡਲ ਮੁਹੱਲਾ ਫਗਵਾੜਾ ਵਜੋਂ ਹੋਈ ਹੈ। ਇੰਨ੍ਹਾਂ ਵਿਰੁਧ ਕੇਸ ਦਰਜ਼ ਕਰ ਲਿਆ ਗਿਆ ਹੈ। ਕਥਿਤ ਦੋਸ਼ੀਆਂ ਨੇ ਪੁਛਗਿਛ ਦੌਰਾਨ ਮੰਨਿਆ ਹੈ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਇਸ ਗੈਰ ਕਾਨੂੰਨੀ ਧੰਦੇ ਵਿਚ ਲੱਗੇ ਹੋਏ ਸਨ। ਉਹ ਅਫ਼ੀਮ ਨੂੰ ਰਾਜਸਥਾਨ ਤੋਂ ਮੰਗਵਾਉਂਦੇ ਸਨ ਅਤੇ ਫ਼ਗਵਾੜਾ ਦੇ ਆਸਪਾਸ ਖੇਤਰਾਂ ਵਿਚ ਹੀ ਵੇਚ ਦਿੰਦੇ ਸਨ।
ਲਹਿਰਾ ਮੁਹੱਬਤ ਥਰਮਲ ਪਲਾਂਟ ਦਾ ਤੀਜ਼ਾ ਯੂਨਿਟ ਵੀ ਹੋਇਆ ਬੰਦ
ਬਿਜਲੀ ਦੀ ਮੰਗ ਦੇ ਦੌਰਾਨ ਪੈਦਾਵਾਰ ’ਚ ਗਿਰਾਵਟ
ਸੁਖਜਿੰਦਰ ਮਾਨ
ਬਠਿੰਡਾ, 15 ਮਈ: ਹਾਲੇ ਇੱਕ ਦਿਨ ਪਹਿਲਾਂ ਜਨਤਕ ਖੇਤਰ ਦੇ ਸ਼੍ਰੀ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ’ਚ ਏਪੀਐਸ ਸਿਸਟਮ ਡਿੱਗਣ ਕਾਰਨ ਦੋ ਯੂਨਿਟਾਂ ਦੀ ਬਿਜਲੀ ਸਪਲਾਈ ਠੱਪ ਹੋਣ ਤੋਂ ਬਾਅਦ ਅੱਜ ਤਕਨੀਕੀ ਨੁਕਸ ਪੈਣ ਕਾਰਨ ਤੀਜ਼ਾ ਯੂਨਿਟ ਵੀ ਬੰਦ ਹੋ ਗਿਆ ਹੈ। ਜਿਸਦੇ ਚੱਲਦੇ 920 ਮੈਗਾਵਾਟ ਬਿਜਲੀ ਪੈਦਾਵਾਰ ਸਮਰੱਥਾ ਵਾਲੇ ਇਸ ਪਲਾਂਟ ਤੋਂ ਹੁਣ 166 ਮੈਗਾਵਾਟ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ। ਗੌਰਤਲਬ ਹੈ ਕਿ ਏਪੀਐਸ ਸਿਸਟਮ ਡਿੱਗਣ ਕਾਰਨ ਖ਼ਰਾਬ ਹੋਏ ਯੂਨਿਟ 1 ਤੇ 2 ਵਿਚੋਂ ਹਾਲੇ ਜਲਦੀ ਬਿਜਲੀ ਉਤਪਾਦਨ ਦੀ ਉਮੀਦ ਨਹੀਂ ਹੈ। ਦਸਣਾ ਬਣਦਾ ਹੈ ਕਿ ਪੰਜਾਬ ਵਿਚ ਆਉਣ ਵਾਲੇ ਸਮੇਂ ਵਿਚ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਿਜਲੀ ਦਾ ਸੰਕਟ ਬਣਿਆ ਹੋਇਆ ਹੈ, ਜਿਸ ਕਾਰਨ ਪੰਜਾਬ ਵਿਚ ਵੱਡੇ ਵੱਡੇ ਬਿਜਲੀ ਦੇ ਕੱਟ ਲੱਗ ਰਹੇ ਹਨ। ਤਾਪਮਾਨ ਵਿਚ ਭਾਰੀ ਵਾਧਾ ਦਰਜ਼ ਹੋਣ ਕਾਰਨ ਬਿਜਲੀ ਦੀ ਮੰਗ ਦਿਨ ਬ ਦਿਨ ਵਧ ਰਹੀ ਹੈ, ਜਿਸਦੇ ਮੁਕਾਬਲੇ ਜਨਤਕ ਤੇ ਪ੍ਰਾਈਵੇਟ ਥਰਮਲ ਪਲਾਂਟ ਉਤਪਾਦਨ ਨਹੀਂ ਕਰ ਰਹੇ ਹਨ। ਇਸਤੋਂ ਇਲਾਵਾ ਕੋਲੇ ਦਾ ਸੰਕਟ ਵੀ ਬਣਿਆ ਹੋਇਆ ਹੈ।
ਪਾਕਿਸਤਾਨ ’ਚ ਦੋ ਸਿੱਖਾਂ ਦਾ ਗੋਲੀ ਮਾਰ ਕੇ ਕੀਤਾ ਕਤਲ
ਸਿੱਖਾਂ ’ਚ ਸੋਗ ਦੀ ਲਹਿਰ, ਸਿੱਖ ਆਗੂਆਂ ਨੇ ਜਤਾਇਆ ਰੋਸ਼
ਪੰਜਾਬੀ ਖ਼ਬਰਸਾਰ ਬਿਊਰੋ
ਨਵੀਂ ਦਿੱਲੀ, 15 ਮਈ: ਹਮੇਸ਼ਾ ਹੀ ਘੱਟ ਗਿਣਤੀਆਂ ਦੇ ਹਿੱਤਾਂ ਨੂੰ ਲੈ ਕੇ ਚਰਚਾ ਵਿਚ ਰਹਿਣ ਵਾਲੇ ਪਾਕਿਸਤਾਨ ਵਿਚ ਅੱਜ ਮੁੜ ਦੋ ਸਿੱਖਾਂ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਜਿੱਥੇ ਪਾਕਿਸਤਾਨ ’ਚ ਵਸਦੇ ਸਿੱਖਾਂ ਵਿਚ ਡਰ ਤੇ ਸਹਿਮ ਦਾ ਮਾਹੌਲ ਹੈ, ਉਧਰ ਦੁਨੀਆਂ ਭਰ ਦੇ ਸਿੱਖਾਂ ਨੇ ਇਸ ਘਟਨਾ ’ਤੇ ਰੋਸ਼ ਜਤਾਇਆ ਹੈ। ਇਹ ਘਟਨਾ ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਖਵਾ ਦੇ ਪਿਸ਼ਾਵਰ ਵਿੱਚ ਵਾਪਰੀ ਹੈ। ਮਿ੍ਰਤਕ ਸਿੱਖਾਂ ਦੀ ਪਹਿਚਾਣ ਰਣਜੀਤ ਸਿੰਘ ਅਤੇ ਕੁਲਦੀਪ ਸਿੰਘ ਵਜੋਂ ਹੋਈ ਹੈ, ਜਿਹੜੇ ਉਥੇ ਕਰਿਆਨੇ ਦਾ ਕੰਮ ਕਰਦੇ ਸਨ। ਇਸ ਘਟਨਾ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਦਿੱਲੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸ਼ਰਨਾ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਹਰਿਆਣਾ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਬਲਜੀਤ ਸਿੰਘ ਦਾਦੂਵਾਲ ਤੋਂ ਇਲਾਵਾ ਦੁਨੀਆਂ ਭਰ ਦੇ ਸਿੱਖ ਆਗੂਆਂ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਉੱਥੇ ਵਸਦੇ ਸਿੱਖਾਂ ਦੀ ਜਾਨਮਾਲ ਦੀ ਰਾਖੀ ਲਈ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਹੈ।
ਆਰਥਿਕ ਮੰਦਹਾਲੀ ਦੇ ਚੱਲਦੇ ਇੱਕ ਹੋਰ ਨੌਜਵਾਨ ਨੇ ਚੁੱਕਿਆ ‘ਖੌਫ਼ਨਾਕ’ ਕਦਮ
ਸੁਖਜਿੰਦਰ ਮਾਨ
ਬਠਿੰਡਾ, 15 ਮਈ: ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਦੱਬੇ ਕਿਸਾਨਾਂ ਨੂੰ ਕਣਕ ਦਾ ਝਾੜ ਘੱਟ ਨਿਕਲਣ ਦੀ ਪਈ ਮਾਰ ਨੇ ਹੋਰ ਵੀ ਦੁਖੀ ਕਰ ਦਿੱਤਾ ਹੈ। ਇਸੇ ਆਰਥਿਕ ਮੰਦਹਾਲੀ ਦੇ ਚੱਲਦੇ ਅੱਜ ਬਠਿੰਡਾ ਜ਼ਿਲ੍ਹੇ ਦੀ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਅਧੀਨ ਆਉਂਦੇ ਪਿੰਡ ਨੰਗਲਾ ਦੇ ਇਕ ਨੌਜਵਾਨ ਕਿਸਾਨ ਨੇ ‘ਖ਼ੌਫ਼ਨਾਕ’ ਕਦਮ ਚੁੱਕਦਿਆਂ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ ਹੈ। ਮਿ੍ਰਤਕ ਕਿਸਾਨ ਦੀ ਪਹਿਚਾਣ 27 ਸਾਲਾਂ ਸਤਨਾਮ ਸਿੰਘ ਪੁੱਤਰ ਕਾਬਲ ਸਿੰਘ ਦੇ ਤੌਰ ’ਤੇ ਹੋਈ ਹੈ। ਮਿ੍ਰਤਕ ਹਾਲੇ ਤੱਕ ਕੁਆਰਾ ਹੀ ਸੀ। ਮਿ੍ਰਤਕ ਦੇ ਬਾਪ ਨੇ ਰੋਂਦਿਆਂ ਕੁਰਲਾਂਦਿਆਂ ਦਸਿਆ ਕਿ ‘‘ ਪਹਿਲਾਂ ਨਰਮੇ ਨੂੰ ਪਈ ਗੁਲਾਬੀ ਸੁੰਡੀ ਤੇ ਹੁਣ ਕਣਕ ਦੇ ਘੱਟ ਨਿਕਲੇ ਝਾੜ ਨੇ ਉਸਦਾ ਨੌਜਵਾਨ ਪੁੱਤ ਖੋਹ ਲਿਆ। ਦੁਖੀ ਬਾਪ ਮੁਤਾਬਕ ਹਾਲੇ ਤੱਕ ਗੁਲਾਬੀ ਸੁੰਡੀ ਕਾਰਨ ਤਬਾਹ ਹੋਏ ਨਰਮੇ ਦੀ ਫ਼ਸਲ ਦਾ ਮੁਆਵਜਾ ਵੀ ਨਹੀਂ ਮਿਲਿਆ ਤੇ ਉਪਰੋਂ ਇਸ ਵਾਰ ਕਣਕ ਦਾ ਝਾੜ ਵੀ ਘੱਟ ਗਿਆ। ਜਿਸਦੇ ਚੱਲਦੇ ਸਤਨਾਮ ਪਿਛਲੇ ਕੁੱਝ ਦਿਨਾਂ ਤੋਂ ਪ੍ਰੇਸ਼ਾਨ ਚੱਲ ਰਿਹਾ ਸੀ। ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਉਸਨੇ ਖੇਤ ਵਿਚ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਉਧਰ ਸੀਂਗੋ ਚੌਕੀ ਪੁਲਿਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ 174 ਦੀ ਕਾਰਵਾਈ ਕੀਤੀ ਹੈ।




