ਸੁਖਜਿੰਦਰ ਮਾਨ
ਬਠਿੰਡਾ, 29 ਅਪ੍ਰੈਲ:ਏਮਜ ਬਠਿੰਡਾ ਹਸਪਤਾਲ ਵਿੱਚ ਬੱਚਿਆਂ ਦੀ ਸਰਜਰੀ ਸੁਰੂ ਹੋ ਗਈ ਹੈ, ਜਿਸ ਵਿੱਚ ਵੱਖ-ਵੱਖ ਵੱਡੀਆਂ ਅਤੇ ਛੋਟੀਆਂ ਸਰਜਰੀਆਂ ਕੀਤੀਆਂ ਜਾ ਰਹੀਆਂ ਹਨ। ਏਮਜ ਬਠਿੰਡਾ ਦੇ ਡਾਇਰੈਕਟਰ ਪ੍ਰੋ: ਡਾ. ਦਿਨੇਸ਼ ਕੁਮਾਰ ਸਿੰਘ ਦੀ ਅਗਵਾਈ ਵਿੱਚ ਡਾ: ਨਵਦੀਪ ਸਿੰਘ ਢੋਟ ਨੇ ਹਾਈਡ੍ਰੋਸੇਫਾਲਸ (ਸਿਰ ਚ ਪਾਣੀ ਭਰਨਾ)ਅਤੇ ਗਰਦਨ ਦੇ ਟਿਊਮਰ ਵਾਲੇ ਪੰਜ ਮਹੀਨੇ ਦੇ ਬੱਚੇ ਦੀ ਸਰਜਰੀ ਅਤੇ ਦੋ ਮਹੀਨੇ ਦੇ ਬੱਚੇ ਦੀ ਹਰਨੀਆ ਦੀ ਸਰਜਰੀ ਕਰਕੇ ਇੱਕ ਉਪਲਬਧੀ ਹਾਸਲ ਕੀਤੀ। ਇਹ ਸਰਜਰੀ ਅਨੈਸਥੀਸੀਆ ਅਤੇ ਨਿਊਰੋ-ਸਰਜਰੀ ਟੀਮ ਦੇ ਸਹਿਯੋਗ ਨਾਲ ਕੀਤੀ ਗਈ ਸੀ। ਇਸ ਤੋਂ ਪਹਿਲਾਂ ਮਰੀਜ ਨੂੰ ਇਸ ਤਰ੍ਹਾਂ ਦੀ ਸਰਜਰੀ ਲਈ ਦਿੱਲੀ, ਚੰਡੀਗੜ੍ਹ ਅਤੇ ਲੁਧਿਆਣਾ ਜਾਣਾ ਪੈਂਦਾ ਸੀ। ਪਰ ਹੁਣ ਇਸ ਨੂੰ ਏਮਜ ਬਠਿੰਡਾ ਵਿਖੇ ਉਪਲਬਧ ਕਰਾਇਆ ਗਿਆ ਹੈ। ਪ੍ਰੋਫੈਸਰ ਡਾ: ਸਤੀਸ ਗੁਪਤਾ (ਡੀਨ, ਏਮਜ ਬਠਿੰਡਾ) ਨੇ ਵੀ ਇਸ ਗੱਲ ‘ਤੇ ਜੋਰ ਦਿੱਤਾ ਕਿ ਬਾਲ ਸਰਜਰੀ ਦੇ ਮਰੀਜ ਏਮਜ ਬਠਿੰਡਾ ਵਿਖੇ ਇਲਾਜ ਕਰਵਾ ਕੇ ਆਪਣਾ ਕੀਮਤੀ ਸਮਾਂ ਅਤੇ ਪੈਸਾ ਬਚਾ ਸਕਦੇ ਹਨ। ਬਾਲ ਰੋਗ ਵਿਭਾਗ ਵੱਲੋਂ ਦਿਮਾਗ, ਕੈਂਸਰ, ਪੇਟ, ਯੂਰੋ ਆਦਿ ਦੇ ਹਰ ਤਰ੍ਹਾਂ ਦੇ ਅਪਰੇਸਨ ਸੁਰੂ ਕੀਤੇ ਗਏ ਹਨ।
ਏਮਜ ਬਠਿੰਡਾ ਹਸਪਤਾਲ ਵਿੱਚ ਬੱਚਿਆਂ ਦੀ ਸਰਜਰੀ ਹੋਈ ਸੁਰੂ
ਬਿਜਲੀ ਕੱਟਾਂ ਤੋਂ ਅੱਕੇ ਕਿਸਾਨਾਂ ਨੇ ਬਠਿੰਡਾ-ਭਵਾਨੀਗੜ ਰਾਜ ਮਾਰਗ ਕੀਤਾ ਜਾਮ
ਭਗਵੰਤ ਮਾਨ ਸਰਕਾਰ ਅਤੇ ਪਾਵਰਕਾਮ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਭੋਲਾ ਸਿੰਘ ਮਾਨ
ਮੌੜ ਮੰਡੀ, 29 ਅਪ੍ਰੈਲ: ਪਿਛਲੇ ਕਈ ਦਿਨਾਂ ਤੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਵੱਡੇ ਵੱਡੇ ਲਗਾਏ ਜਾ ਰਹੇ ਬਿਜਲੀ ਕੱਟਾਂ ਤੋਂ ਦੁਖੀ ਹੋ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਮੌੜ ਦੀ ਅਗਵਾਈ ਹੇਠ ਕਿਸਾਨਾਂ ਨੇ ਪਾਵਰਕਾਮ ਦੇ ਐਕਸਨ ਮੌੜ ਦਾ ਘਿਰਾਓ ਕਰਨ ਤੋਂ ਬਾਅਦ ਬਠਿੰਡਾ-ਭਵਾਨੀਗੜ ਰਾਜ ਮਾਰਗ ’ਤੇ ਧਰਨਾ ਲਗਾ ਕੇ ਹਾਈਵੇ ਜਾਮ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਵਰ ਕਾਰਪੋਰੇਸ਼ਨ ਦੇ ਖ਼ਿਲਾਫ਼ ਭਰਵੀਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਆਗੂ ਬਲਵਿੰਦਰ ਸਿੰਘ ਜੋਧਪੁਰ, ਅਮਰਜੀਤ ਸਿੰਘ ਸਿੰਘ ਯਾਤਰੀ, ਜੋਧਾ ਸਿੰਘ ਨੰਗਲਾ, ਮਹਿਮਾ ਸਿੰਘ ਚੱਠੇ ਵਾਲਾ, ਮੁਖਤਿਆਰ ਸਿੰਘ ਕੁੱਬੇ ਆਦਿ ਨੇ ਬੋਲਦੇ ਹੋਏ ਕਿਹਾ ਕਿ ਹਰ ਇੱਕ ਫ਼ਸਲ ’ਤੇ ਐੱਮਐੱਸਪੀ ਦੇਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਰਾਜ ਅੰਦਰ ਕਿਸਾਨ ਫ਼ਸਲਾਂ ਦੀ ਬਿਜਾਈ ਕਰਨ ਲਈ ਬਿਜਲੀ ਨੂੰ ਤਰਸ ਰਹੇ ਹਨ। ਪ੍ਰੰਤੂ ਪਾਵਰਕਾਮ ਵੱਲੋਂ ਖੇਤੀ ਮੋਟਰਾਂ ਦੇ ਨਾਲ ਨਾਲ ਘਰੇਲੂ ਸਪਲਾਈ ’ਚ ਵੀ ਵੱਡੇ ਵੱਡੇ ਕੱਟ ਲਗਾਏ ਜਾ ਰਹੇ ਹਨ। ਜਿਸ ਕਾਰਨ ਕਿਸਾਨ ਮੱਕੀ, ਮੂੰਗੀ ਅਤੇ ਨਰਮੇਂ ਦੀ ਬਿਜਾਈ ਕਰਨ ਲਈ ਪ੍ਰੇਸ਼ਾਨ ਹੋ ਰਹੇ ਹਨ। ਉਨਾਂ ਅੱਗੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸਾਨ ਖੁਦਕੁਸ਼ੀਆਂ ਤੇ ਬੜੀ ਦੁਹਾਈ ਪਾਉਂਦਾ ਰਿਹਾ। ਪੰ੍ਰਤੂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ 7-8 ਕਿਸਾਨਾਂ ਨੇ ਇੱਕੋ ਸਮੇਂ ਖੁਦਕੁਸ਼ੀ ਕਰ ਲਈ। ਪਰ ਮਾਨ ਸਰਕਾਰ ਦੇ ਕੰਨਾਂ ’ਤੇ ਜੂੰਅ ਨਹੀ ਸਰਕ ਰਹੀ । ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਸਿਆਸੀ ਲੋਕ ਸਤਾ ਹਾਸਿਲ ਕਰਨ ਲਈ ਵੱਡੇ ਵੱਡੇ ਡਰਾਮੇਂ ਕਰਦੇ ਹਨ। ਇਸ ਮੌਕੇ ਵਿੰਦਰ ਸਿੰਘ ਮੌੜ ਕਲਾਂ, ਦਵਿੰਦਰਪਾਲ ਸਿੰਘ ਯਾਤਰੀ, ਭੋਲਾ ਸਿੰਘ ਮੌੜ ਕਲਾਂ, ਪਰਗਟ ਸਿੰਘ ਕੁੱਤੀਵਾਲ, ਬਹਾਦਰ ਸਿੰਘ ਥੰਮਣਗੜ, ਗੁਰਦੀਪ ਸਿੰਘ ਮੌੜ ਕਲਾਂ ਤੋਂ ਇਲਾਵਾ ਭਾਰੀ ਗਿਣਤੀ ਵਿਚ ਕਿਸਾਨ ਮੌਜੂਦ ਸਨ।
ਮੁੱਖ ਮੰਤਰੀ ਨੇ ਨਵੇਂ ਸਥਾਪਤ ਕੀਤੇ ਫਾਇਰ ਸਟੇਸ਼ਨਾਂ ਲਈ 20 ਨਵੀਆਂ ਅੱਗ ਬੁਝਾਊ ਗੱਡੀਆਂ ਨੂੰ ਹਰੀ ਝੰਡੀ ਦਿਖਾਈ
ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਅੱਗ ਉਤੇ ਕਾਬੂ ਪਾਉਣ ਦੀਆਂ ਸੇਵਾਵਾਂ ਹੋਰ ਕਾਰਗਰ ਢੰਗ ਨਾਲ ਮੁਹੱਈਆ ਕਰਵਾਉਣ ਦੇ ਆਦੇਸ਼ ਨਾਲ ਚੁੱਕਿਆ ਕਦਮ
ਸੁਖਜਿੰਦਰ ਮਾਨ
ਚੰਡੀਗੜ੍ਹ, 29 ਅਪ੍ਰੈਲ: ਸੂਬੇ ਵਿਚ ਅੱਗ ਲੱਗਣ ਦੀ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਅੱਗ ਸੁਰੱਖਿਆ ਦੇ ਬੁਨਿਆਦੀ ਢਾਂਚੇ ਨੂੰ ਹੋਰ ਵਧੇਰੇ ਮਜਬੂਤ ਬਣਾਉਣ ਲਈ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਨਵੇਂ ਸਥਾਪਿਤ ਕੀਤੇ 20 ਫਾਇਰ ਸਟੇਸਨਾਂ ਨੂੰ ਅੱਗ ਬੁਝਾਉਣ ਵਾਲੇ ਨਵੇਂ ਮਲਟੀਪਰਪਜ ਫਾਇਰ ਅਤੇ ਮਿੰਨੀ ਫਾਇਰ ਟੈਂਡਰ ਸਮਰਪਿਤ ਕੀਤੇ। ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਨਾਗਰਿਕ ਕੇਂਦਰਿਤ ਉਪਰਾਲੇ ਦੀ ਭਰਪੂਰ ਸਲਾਘਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਹ ਅੱਗ ਬੁਝਾਊ ਗੱਡੀਆਂ ਅੱਗ ਲੱਗਣ ਦੀਆਂ ਅਕਸਰ ਵਾਪਰਨ ਵਾਲੀਆਂ ਘਟਨਾਵਾਂ ਤੋਂ ਲੋਕਾਂ ਦੇ ਜਾਨ-ਮਾਲ ਦੀ ਰਾਖੀ ਲਈ ਸਹਾਈ ਸਿੱਧ ਹੋਣਗੀਆਂ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਇਨ੍ਹਾਂ ਨਵੇਂ ਮਲਟੀਪਰਪਜ ਅਤੇ ਮਿੰਨੀ ਫਾਇਰ ਟੈਂਡਰਾਂ ਨਾਲ ਉਦਯੋਗਿਕ ਇਕਾਈਆਂ ਤੋਂ ਇਲਾਵਾ ਵਾਢੀ ਦੇ ਸੀਜਨ ਦੌਰਾਨ ਖੜ੍ਹੀਆਂ ਫਸਲਾਂ ਨੂੰ ਅੱਗ ਲੱਗਣ ਦੀਆਂ ਵਾਪਰਦੀਆਂ ਘਟਨਾਵਾਂ ਨੂੰ ਕਾਫੀ ਹੱਦ ਤੱਕ ਰੋਕਿਆ ਜਾ ਸਕੇਗਾ।ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਅੱਜ ਦੁਪਹਿਰ ਇੱਥੇ ਮਿਉਂਸਪਲ ਭਵਨ ਤੋਂ ਇਨ੍ਹਾਂ ਫਾਇਰ ਟੈਂਡਰਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਦੌਰਾਨ ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਵਿਵੇਕ ਪ੍ਰਤਾਪ ਸਿੰਘ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇਹ ਫਾਇਰ ਟੈਂਡਰ 13 ਜਿਲ੍ਹਿਆਂ ਵਿੱਚ ਨਵੇਂ ਸਥਾਪਤ ਕੀਤੇ ਗਏ 20 ਫਾਇਰ ਸਟੇਸਨਾਂ ਲਈ ਭੇਜੇ ਗਏ ਹਨ। ਇਨ੍ਹਾਂ ਜ਼ਿਲ੍ਹਿਆਂ ਵਿਚ ਅੰਮਿ੍ਰਤਸਰ, ਤਰਨਤਾਰਨ, ਬਠਿੰਡਾ, ਮਾਨਸਾ, ਫਿਰੋਜਪੁਰ, ਮੋਗਾ, ਹੁਸ?ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਰੋਪੜ, ਬਰਨਾਲਾ ਅਤੇ ਸੰਗਰੂਰ ਸ਼ਾਮਲ ਹਨ। ਇਸ ਤੋਂ ਇਲਾਵਾ ਵਿਭਾਗ ਨੂੰ ਜਲਦੀ ਹੀ ਫੌਰੀ ਕਾਰਵਾਈ ਕਰਨ ਵਾਲੇ ਵਾਹਨ (ਕੁਇਕ ਰਿਸਪਾਂਸ ਵਹੀਕਲ) ਪ੍ਰਾਪਤ ਹੋਣਗੇ, ਜੋ ਕਿ ਇਨ੍ਹਾਂ ਫਾਇਰ ਸਟੇਸਨਾਂ ਨੂੰ ਮੁਹੱਈਆ ਕਰਵਾਏ ਜਾਣਗੇ।
ਜਿਕਰਯੋਗ ਹੈ ਕਿ ਇਸ ਸਮੇਂ ਪੰਜਾਬ ਵਿੱਚ ਵੱਖ-ਵੱਖ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਅਧੀਨ ਕੁੱਲ 49 ਫਾਇਰ ਸਟੇਸਨ ਕੰਮ ਕਰ ਰਹੇ ਹਨ, ਜਿਨ੍ਹਾਂ ਵਿੱਚ 207 ਫਾਇਰ ਟੈਂਡਰ ਕੰਮ ਕਰ ਰਹੇ ਹਨ। ਫਿਲਹਾਲ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਨ ਦੀ ਸੂਰਤ ਵਿੱਚ ਇਨ੍ਹਾਂ ਫਾਇਰ ਟੈਂਡਰਾਂ ਨੂੰ 50 ਤੋਂ 60 ਕਿਲੋਮੀਟਰ ਦੀ ਦੂਰੀ ਤੈਅ ਕਰਨੀ ਪੈਂਦੀ ਹੈ। ਲੋਕਾਂ ਨੂੰ ਤੇਜ ਅਤੇ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਅਤੇ ਤੁਰੰਤ ਸੇਵਾਵਾਂ ਦੇਣ ਦੇ ਸਮੇਂ ਨੂੰ ਘਟਾਉਣ ਲਈ ਸੂਬਾ ਸਰਕਾਰ ਨੇ 20 ਨਵੇਂ ਫਾਇਰ ਸਟੇਸਨ ਸਥਾਪਿਤ ਕੀਤੇ ਹਨ ਅਤੇ ਇਸ ਨਾਲ ਇਨ੍ਹਾਂ ਫਾਇਰ ਸਟੇਸਨਾਂ ਦੀ ਗਿਣਤੀ 69 ਹੋ ਜਾਵੇਗੀ ਅਤੇ ਕੰਮ ਕਰਨ ਦਾ ਖੇਤਰ 50-60 ਕਿਲੋਮੀਟਰ ਤੋਂ ਘਟ ਕੇ 25-30 ਕਿਲੋਮੀਟਰ ਤੱਕ ਹੋ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਣੂ ਪ੍ਰਸਾਦ, ਮੁੱਖ ਮੰਤਰੀ ਦੇ ਵਿਸੇਸ ਪ੍ਰਮੁੱਖ ਸਕੱਤਰ ਰਵੀ ਭਗਤ ਅਤੇ ਸਥਾਨਕ ਸਰਕਾਰਾਂ ਦੇ ਡਾਇਰੈਕਟਰ ਪੁਨੀਤ ਗੋਇਲ ਹਾਜਰ ਸਨ।
ਬਿਜਲੀ ਕੱਟਾਂ ਵਿਰੁਧ ਕਿਸਾਨਾਂ ਦਾ ਫੁੱਟਿਆ ਗੁੱਸਾ, ਥਾਂ-ਥਾਂ ਸੜਕਾਂ ਜਾਮ
ਅੱਤ ਦੀ ਗਰਮੀ ’ਚ ਰਾਹਗੀਰ ਜਾਮ ’ਚ ਫ਼ਸੇ, ਸਕੂਲੀ ਬੱਚਿਆਂ ਨੂੰ ਵੀ ਵੈਨਾਂ ’ਚ ਰਹਿਣਾ ਪਿਆ ਬੰਦ
ਸੁਖਜਿੰਦਰ ਮਾਨ
ਬਠਿੰਡਾ, 29 ਅਪ੍ਰੈਲ: ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਭਰ ਵਿੱਚ ਘਰੇਲੂ ਅਤੇ ਕਿਸਾਨਾਂ ਨੂੰ ਮੋਟਰਾਂ ਲਈ ਬਿਜਲੀ ਨਾਂ ਮਿਲਣ ਦੇ ਰੋਸ ਵਜੋਂ ਅਤੇ ਨਿਰਵਿਘਨ ਬਿਜਲੀ ਸਪਲਾਈ ਚਾਲੂ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਸੜਕਾਂ ਜਾਮ ਕੀਤੀਆਂ ਗਈਆਂ। ਯੂਨੀਅਨ ਦੇ ਸੂਬਾਈ ਆਗੂ ਰੇਸਮ ਸਿੰਘ ਯਾਤਰੀ ਦੀ ਅਗਵਾਈ ਵਿੱਚ ਬਠਿੰਡਾ ਨਹਿਰਾਂ ਕੋਲ 12 ਵਜੇ ਸੜਕੀ ਆਵਾਜਾਈ ਠੱਪ ਕਰਦਿਆਂ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਰੇਸਮ ਸਿੰਘ ਯਾਤਰੀ ਤੇ ਰਣਜੀਤ ਸਿੰਘ.ਨੇ ਕਿਹਾ ਕਿ ਬਿਜਲੀ ਹਰ ਇੱਕ ਇਨਸਾਨ ਦੇ ਜੀਵਨ ਦਾ ਹਿੱਸਾ ਅਤੇ ਘਰੇਲੂ ਵਰਤੋ ਦੇ ਹਰ ਇੱਕ ਕੰਮ ਲਈ ਹਰ ਇੱਕ ਘਰ ਦੀ ਜਰੂਰਤ ਬਣ ਗਈ ਹੈ ਇਸ ਲਈ ਇਸ ਨੂੰ ਸਿਰਫ ਕਿਸਾਨਾਂ ਦਾ ਮੁੱਦਾ ਨਹੀ ਕਿਹਾ ਜਾ ਸਕਦਾ। ਉਹਨਾਂ ਕਿਹਾ ਕਿ ਜਦੋ ਮੁੱਖ ਮੰਤਰੀ ਜੱਥੇਬੰਦੀਆ ਨਾਲ ਮੀਟਿੰਗ ਕਰਦੇ ਹਨ ਤਾਂ ਕਹਿੰਦੇ ਨੇ ਕਿ ਖੇਤੀਬਾੜੀ ਵਿੱਚ ਵਿਭਿੰਨਤਾ ਲਿਆਉਣ ਲਈ ਮੂੰਗੀ ਦੀ ਫਸਲ ਨੂੰ ਬੀਜੋ, ਹੁਣ ਜਦੋ ਕਿਸਾਨਾਂ ਨੇ ਮਹਿੰਗੇ ਭਾਅ ਦਾ ਬੀਜ ਖਰੀਦ ਕੇ ਬੀਜਣ ਲਈ ਘਰ ਰੱਖ ਲਿਆ ਹੈ ਤਾਂ ਸਰਕਾਰ ਵੱਲੋ ਕਿਸਾਨਾਂ ਨੂੰ ਰੌਣੀ ਕਰਨ ਲਈ ਬਿਜਲੀ ਨਹੀ ਜਾ ਰਹੀ। ..ਗੁਰਮੇਲਸਿੰਘ ਲਹਿਰਾ ਨੇ ਕਿਹਾ ਕਿ ਇਸ ਸਾਲ ਕਣਕ ਦਾ ਝਾੜ ਪ੍ਰਤੀ ਏਕੜ ਪੰਜਾਹ ਪ੍ਰਤੀਸ਼ਤ ਤੱਕ ਘੱਟ ਨਿਕਲਿਆ ਹੈ ਜਿਸ ਨੇ ਕਿਸਾਨਾ ਦਾ ਆਰਥਿਕ ਪੱਖ ਤੋ ਲੱਕ ਤੋੜ ਕੇ ਰੱਖ ਦਿੱਤਾ ਹੈ ਉੱਪਰੋਂ ਬਿਜਲੀ ਵਿਭਾਗ ਵੱਲੋ ਕਿਸਾਨਾਂ ਨੂੰ ਬਿਜਲੀ ਨਾ ਦੇਣ ਕਾਰਨ ਮੱਕੀ,ਗੰਨਾ,ਹਰਾ ਚਾਰਾ ਅਤੇ ਸਬਜ਼ੀਆਂ ਦੀਆਂ ਫਸਲਾਂ ਬਿਜਲੀ ਨਾ ਆਉਣ ਕਰਕੇ ਸੁੱਕ ਰਹੀਆਂ ਹਨ ਜਿਸ ਕਾਰਨ ਕਿਸਾਨਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਫਸਲਾਂ ਨੂੰ ਪਾਣੀ ਲਗਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਕਹਿ ਰਹੀ ਹੈ ਦੂਜੇ ਪਾਸੇ ਖੇਤਾਂ ਦੀ ਰੌਣੀ ਲਈ ਬਿਜਲੀ ਨਾਂ ਮਾਤਰ ਦੇ ਰਹੀ ਹੈ। ਉਹਨਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਅਤੇ ਕਣਕ ਦਾ ਨਾੜ ਗਾਲਣ ਲਈ ਦੂਹਰੀ ਰੌਣੀ ਕਰਨੀ ਪੈਂਦੀ ਹੈ ਬੋਰਡ ਦੇ ਚੇਅਰਮੈਨ ਨਾਲ ਮੀਟਿੰਗ ਦੌਰਾਨ ਇਹ ਤੈਅ ਹੋਇਆ ਕਿ ਖੇਤੀ ਸੈਕਟਰ ਲਈ ਨਿਰਵਿਘਨ ਸਪਲਾਈ ਦਿੱਤੀ ਜਾਉ ਗਈ ਅਤੇ ਘਰਾ ਵਾਲੀ ਸਪਲਾਈ 24 ਘੰਟੇ ਦਿੱਤੀ ਜਾਏਗੀ ਸਾਮਲ ਆਗੂ ਕੁਲਵੰਤ ਸਿੰਘ, ਜਸਵੀਰ ਸਿੰਘ, ਜਵਾਹਰ ਸਿੰਘ ਜਸਵੀਰ ਸਿੰਘ ਬਲਜੀਤ ਸਿੰਘ ਆਦਿ ਆਗੂ ਸਾਮਲ ਸਨ।
ਬਾਕਸ
ਬਠਿੰਡਾ: ਉਧਰ ਕਿਸਾਨਾਂ ਵੱਲੋਂ ਜਾਮ ਲਿਜਾਏ ਲਗਾਏ ਜਾਣ ਕਾਰਨ ਵੱਡੀ ਗਿਣਤੀ ਰਾਹਗੀਰ ਜਾਮ ਵਿਚ ਫ਼ਸ ਗਏ। ਇਹੀਂ ਨਹੀਂ ਸਕੂਲੀ ਬੱਚਿਆਂ ਨੂੰ ਵੀ ਛੁੱਟੀ ਮਿਲਣ ਕਾਰਨ ਘਰੋਂ ਘਰੀ ਜਾਣ ਲਈ ਲੰਮਾਂ ਸਮਾਂ ਵੈਨਾਂ ਵਿਚ ਵੀ ਬੰਦ ਰਹਿਣਾ ਪਿਆ।
ਐਨਓਸੀ ਸਬੰਧੀ ਪੈਂਡਿੰਗ ਦਰਖਾਸਤਾਂ ਦਾ 15 ਦਿਨਾਂ ਦੇ ਅੰਦਰ ਕੀਤਾ ਜਾਵੇ ਨਿਪਟਾਰਾ : ਡਿਪਟੀ ਕਮਿਸ਼ਨਰ
ਕਿਹਾ, ਇਤਰਾਜ਼ਹੀਣਤਾ ਸਰਟੀਫ਼ਿਕੇਟ ਸਬੰਧੀ ਲੋਕਲ ਪੱਧਰ ਤੇ ਬਣਾਇਆ ਜਾਵੇ ਸਾਂਝਾਂ ਪੋਰਟਲ
ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਰੀਵਿਊ ਮੀਟਿੰਗ
ਸੁਖਜਿੰਦਰ ਮਾਨ
ਬਠਿੰਡਾ, 29 ਅਪ੍ਰੈਲ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਵੱਖ-ਵੱਖ ਵਿਭਾਗਾਂ ਵਲੋਂ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਐਨਓਸੀ (ਇਤਰਾਜ਼ਹੀਣਤਾ ਸਰਟੀਫ਼ਿਕੇਟ) ਸਬੰਧੀ ਅਧਿਕਾਰੀਆਂ ਨਾਲ ਬੈਠਕ ਕੀਤੀ ਗਈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਹੋਈ ਇਸ ਬੈਠਕ ਦੌਰਾਨ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਆਪੋਂ-ਆਪਣੇ ਵਿਭਾਗ ਨਾਲ ਸਬੰਧਤ ਪ੍ਰਾਪਤ ਦਰਖਾਸਤਾਂ ਦਾ ਨਿਪਟਾਰਾ ਕਰਦੇ ਹੋਏ 15 ਦਿਨਾਂ ਦੇ ਅੰਦਰ-ਅੰਦਰ ਜਾਇਜ਼ ਇਸਤਰਾਜ਼ਹੀਣਤਾ ਸਰਟੀਫ਼ਿਕੇਟ ਸਬੰਧਤ ਵਿਅਕਤੀਆਂ ਨੂੰ ਮੁਹੱਈਆ ਕਰਵਾਉਣੇ ਯਕੀਨੀ ਬਣਾਉਣ।
ਇਸ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਇਤਰਾਜ਼ਹੀਣਤਾ ਸਰਟੀਫ਼ਿਕੇਟ ਸਬੰਧੀ ਪ੍ਰਾਪਤ ਦਰਖਾਸਤਾਂ ਨੂੰ ਆਪਣੀ ਖੁਦ ਦੀ ਜ਼ਿੰਮੇਵਾਰੀ ਸਮਝਦਿਆਂ ਤਹਿ ਸਮੇਂ ਅਨੁਸਾਰ ਨਿਪਟਾਰਾ ਕਰਨਾ ਯਕੀਨੀ ਬਣਾਉਣ। ਉਨ੍ਹਾਂ ਇਹ ਵੀ ਕਿਹਾ ਕਿ ਸਬੰਧਤ ਦਰਖਾਸਤ ਕਰਤਾ ਨੂੰ ਘੱਟੋਂ-ਘੱਟ ਦੋ ਵਾਰ ਮੌਕਾ ਦਿੱਤਾ ਜਾਵੇ ਜੇਕਰ ਉਹ ਇਸ ਦੌਰਾਨ ਵੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੰਦੇ ਤਾਂ ਉਸ ਦੀ ਦਰਖਾਸਤ ਨੂੰ ਰਿਜੈਕਟ ਕੀਤਾ ਜਾਵੇ। ਕੋਈ ਵੀ ਪੈਂਡਿੰਗ ਕੇਸ ਆਪਣੇ ਪਾਸ ਨਾ ਰੱਖਿਆ ਜਾਵੇ।
ਇਸ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਇਤਰਾਜ਼ਹੀਣਤਾ ਸਰਟੀਫ਼ਿਕੇਟ ਸਬੰਧੀ ਲੋਕਲ ਪੱਧਰ ਤੇ ਸਾਰੇ ਵਿਭਾਗਾਂ ਦਾ ਇੱਕ ਸਾਂਝਾਂ ਪੋਰਟਲ ਬਣਾਇਆ ਜਾਵੇ। ਇਸ ਪੋਰਟਲ ਤੇ ਇਤਰਾਜ਼ਹੀਣਤਾ ਸਰਟੀਫ਼ਿਕੇਟ ਸਬੰਧੀ ਸਾਰੀ ਲੋੜੀਂਦੀ ਜਾਣਕਾਰੀ ਅਪਲੋਡ ਕੀਤੀ ਜਾਵੇ ਤਾਂ ਜੋ ਇਸ ਉੱਤੇ ਨਾਲੋਂ-ਨਾਲ ਨਿਗਰਾਨੀ ਰੱਖੀ ਜਾ ਸਕੇ।
ਬੈਠਕ ਦੌਰਾਨ ਫਾਇਰ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਬੀਡੀਏ, ਮਿਊਸੀਪਲ ਕਾਰਪੋਰੇਸ਼ਨ, ਪੀਡਬਲਿਯੂਡੀ, ਜਗਲਾਤ ਵਿਭਾਗ, ਪੀਐਸਪੀਸੀਐਲ, ਫੂਡ ਸਪਲਾਈ ਵਿਭਾਗ, ਪ੍ਰਦੂਸ਼ਣ ਕੰਟਰੋਲ ਬੋਰਡ, ਐਚਪੀਸੀਐਲ, ਇੰਡੀਅਨ ਆਇਲ ਆਦਿ ਵਲੋਂ ਮੁਹੱਈਆ ਕਰਵਾਏ ਜਾਣ ਵਾਲੇ ਇਤਰਾਜ਼ਹੀਣਤਾ ਸਰਟੀਫ਼ਿਕੇਟ ਸਬੰਧੀ ਰੀਵਿਊ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ, ਸਿਖਲਾਈ ਅਧੀਨ ਆਈਏਐਸ ਅਧਿਕਾਰੀ ਸ਼੍ਰੀ ਨਿਕਾਸ ਕੁਮਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਹਾਜ਼ਰ ਸਨ।
ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਮੁਕਤੀ ਪਾਉਣ ਲਈ ਮਾਨਸਿਕਤਾ ਨੂੰ ਬਦਲਣਾ ਅਤਿ ਜ਼ਰੂਰੀ : ਸ਼ੌਕਤ ਅਹਿਮਦ ਪਰੇ
ਨਸ਼ਾ ਮੁਕਤੀ ਅਭਿਆਨ ਤਹਿਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਬੈਠਕ
ਅਧਿਕਾਰੀਆਂ ਨੂੰ ਆਪਸੀ ਤਾਲਮੇਲ ਨਾਲ ਸਾਂਝੀ ਮੁਹਿੰਮ ਚਲਾਉਣ ਦੀ ਹਦਾਇਤ
ਸੁਖਜਿੰਦਰ ਮਾਨ
ਬਠਿੰਡਾ, 29 ਅਪ੍ਰੈਲ : ਸਰਕਾਰ ਵਲੋਂ ਨਸ਼ਿਆਂ ਦੇ ਖਿਲਾਫ਼ ਵਿੱਢੀ ਗਈ ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਵਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਮੁਕਤੀ ਪਾਉਣ ਲਈ ਨੌਜਵਾਨਾਂ ਦੀ ਮਾਨਸਿਕਤਾ ਨੂੰ ਬਦਲਣਾ ਅਤਿ ਜ਼ਰੂਰੀ ਹੈ। ਇਸ ਲਈ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਨਾਲ-ਨਾਲ ਸਾਂਝੇ ਤੌਰ ਤੇ ਸੈਮੀਨਾਰ, ਭਾਸ਼ਣ, ਪੇਟਿੰਗ ਮੁਕਾਬਲੇ ਕਰਵਾਏ ਜਾਣ। ਇਸ ਵਾਸਤੇ ਹਰ ਵਰਗ ਅਤੇ ਪਿੰਡਾਂ ਦੀ ਪੰਚਾਇਤਾਂ, ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਦਾ ਵੱਧ ਤੋਂ ਵੱਧ ਸਹਿਯੋਗ ਲਿਆ ਜਾਵੇ। ਬੈਠਕ ਦੌਰਾਨ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਕੋਲੋਂ ਜ਼ਿਲ੍ਹੇ ਅੰਦਰ ਚੱਲ ਰਹੇ ਨਸ਼ਾ ਮੁਕਤੀ ਕੇਂਦਰਾਂ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਹਦਾਇਤ ਕੀਤੀ ਕਿ ਸੈਂਟਰਾਂ ਚ ਨਸ਼ਾ ਪ੍ਰਭਾਵਿਤ ਵਿਅਕਤੀਆਂ ਨਾਲ ਨਿਮਰਤਾ ਨਾਲ ਪੇਸ਼ ਆਇਆ ਜਾਵੇ ਅਤੇ ਉਨ੍ਹਾਂ ਦੇ ਮਾਨਸਿਕਤਾ ਪੱਧਰ ਨੂੰ ਉੱਚਾ ਚੁੱਕਣ ਲਈ ਵੱਧ ਤੋਂ ਵੱਧ ਪ੍ਰੇਰਿਤ ਕੀਤਾ ਜਾਵੇ।
ਇਸ ਮੌਕੇ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਬਚਾਅ ਕਰਨ ਸਬੰਧੀ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਸਮਾਂ ਤਹਿ ਕਰਕੇ 9ਵੀਂ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਸਕੂਲ, ਬਲਾਕ ਅਤੇ ਜ਼ਿਲ੍ਹਾ ਪੱਧਰ ਤੇ ਭਾਸ਼ਣ, ਪੇਟਿੰਗ ਅਤੇ ਲੇਖ ਆਦਿ ਮੁਕਾਬਲੇ ਕਰਵਾ ਕੇ ਉਨ੍ਹਾਂ ਨੂੰ ਸਨਮਾਨਿਤ ਤੇ ਹੌਂਸਲਾ ਅਫ਼ਜਾਈ ਵੀ ਕੀਤੀ ਜਾਵੇ। ਇਸ ਤੋਂ ਇਲਾਵਾ ਸਕੂਲਾਂ ਵਿੱਚ ਪ੍ਰੋਜੈਕਟਰਾਂ ਰਾਹੀਂ ਨਸ਼ਾ ਮੁਕਤੀ ਸਬੰਧੀ ਵੀਡੀਓ ਰਾਹੀਂ ਸੁਨੇਹਾ ਦਿੱਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਖੇਡ ਅਫ਼ਸਰ ਨੂੰ ਆਦੇਸ਼ ਦਿੱਤੇ ਕਿ ਪਿੰਡ ਪੱਧਰ ਤੇ ਪੰਚਾਇਤਾਂ ਨਾਲ ਸੰਪਰਕ ਕਰਕੇ ਹਰੇਕ ਪਿੰਡ ਵਿੱਚ ਸ਼ਾਮ ਦੇ ਸਮੇਂ ਹਰ ਰੋਜ਼ 2 ਘੰਟੇ ਨੌਜਵਾਨਾਂ ਵਿੱਚਕਾਰ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਕਰਵਾਈਆਂ ਜਾਣ। ਉਨ੍ਹਾਂ ਇੱਕ ਪਿੰਡ ਦੇ ਦੂਸਰੇ ਪਿੰਡ ਨਾਲ ਫ਼ਿਰ ਬਲਾਕ ਅਤੇ ਜ਼ਿਲ੍ਹਾ ਪੱਧਰ ਤੇ ਖੇਡ ਮੁਕਾਬਲੇ ਵੀ ਕਰਵਾਏ ਜਾਣ। ਇਸ ਕੰਮ ਵਿੱਚ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਵਿਭਾਗ ਅਤੇ ਨਹਿਰੂ ਯੁਵਾ ਕੇਂਦਰਾਂ ਦਾ ਵੀ ਸਹਿਯੋਗ ਲਿਆ ਜਾਵੇ ਤੇ ਜੇਤੂ ਖਿਡਾਰੀਆਂ ਨੂੰ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇ।
ਇਸ ਮੌਕੇ ਲੀਡ ਬੈਂਕ ਮਨੇਜ਼ਰ ਨੂੰ ਹਦਾਇਤ ਕੀਤੀ ਕਿ ਆਰਸੇਟੀ ਨਾਲ ਸੰਪਰਕ ਕਰਕੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਕਿੱਤਾ ਮੁੱਖੀ ਕੋਰਸ ਕਰਵਾ ਕੇ ਉਨ੍ਹਾਂ ਨੂੰ ਆਪਣੇ ਪੈਰਾ ਉੱਤੇ ਖੜ੍ਹਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਅਤੇ ਆਂਗਨਵਾੜੀ ਸੈਂਟਰਾਂ ਦਾ ਵੀ ਇਸ ਮੁਹਿੰਮ ਵਿੱਚ ਪੂਰਨ ਸਹਿਯੋਗ ਲਿਆ ਜਾਵੇ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਜੇ. ਇਲਨਚੇਲੀਅਨ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀ ਰਾਹੁਲ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਅਰੁਣ ਸ਼ਰਮਾ, ਸਿਖਲਾਈ ਅਧੀਨ ਆਈਏਐਸ ਅਧਿਕਾਰੀ ਸ਼੍ਰੀ ਨਿਕਾਸ ਕੁਮਾਰ, ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀ ਨਵੀਨ ਗਡਵਾਲ, ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਮੇਵਾ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮੈਡਮ ਨੀਰੂ ਗਰਗ, ਸੈਕਟਰੀ ਜ਼ਿਲ੍ਹਾ ਰੈਡ ਕਰਾਸ ਸ਼੍ਰੀ ਦਰਸ਼ਨ ਕੁਮਾਰ, ਲੀਡ ਬੈਂਕ ਮਨੈਜ਼ਰ ਸ਼੍ਰੀ ਇਕਬਾਲ ਸਿੰਘ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਹਾਜ਼ਰ ਸਨ।
ਪੰਜਾਬ ਦੇ ਵਸੀਲਿਆਂ ਨੂੰ ਲੁੱਟਣ ਵਾਲਿਆਂ ਨੂੰ ਹੁਣ ਬਖਸਿਆ ਨਹੀਂ ਜਾਵੇਗਾ: ਮਾਲਵਿੰਦਰ ਸਿੰਘ ਕੰਗ
ਮੋਦੀ ਦਾ ਨਵਾਂ ਭਾਰਤ ਹਨੇਰੇ ’ਚ ਜੀਅ ਰਿਹਾ, ਹਰ ਸੂਬਾ 10-15 ਘੰਟੇ ਪ੍ਰਤੀ ਦਿਨ ਬਿਜਲੀ ਕੱਟਾਂ ਦਾ ਸਾਹਮਣਾ ਕਰ ਰਿਹਾ: ਮਾਲਵਿੰਦਰ ਸਿੰਘ ਕੰਗ
ਸੁਖਜਿੰਦਰ ਮਾਨ
ਚੰਡੀਗੜ੍ਹ, 29 ਅਪ੍ਰੈਲ: ਆਮ ਆਦਮੀ ਪਾਰਟੀ ਪੰਜਾਬ ਨੇ ਸੂਬੇ ਵਿੱਚ ਭੂ-ਮਾਫੀਆ ਵਿਰੁੱਧ ਭਗਵੰਤ ਮਾਨ ਸਰਕਾਰ ਦੀ ਕਾਰਵਾਈ ਦਾ ਸਵਾਗਤ ਕੀਤਾ ਹੈ। ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਦੇ ਕੀਮਤੀ ਸਰੋਤਾਂ ਅਤੇ ਜਾਇਦਾਦਾਂ ਨੂੰ ਲੁੱਟਣ ਵਾਲਿਆਂ ਨੂੰ ਬਖਸਿਆ ਨਹੀਂ ਜਾਵੇਗਾ। ਸੁੱਕਰਵਾਰ ਨੂੰ ਪਾਰਟੀ ਹੈੱਡਕੁਆਰਟਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਮਾਨ ਸਰਕਾਰ ਪੰਜਾਬ ਵਿੱਚੋਂ ਮਾਫੀਆ ਰਾਜ ਨੂੰ ਜੜ੍ਹੋਂ ਪੁੱਟਣ ਲਈ ਵਚਨਬੱਧ ਹੈ। ਇਸ ਦੌਰਾਨ ਉਨ੍ਹਾਂ ਦੇ ਨਾਲ ਬੁਲਾਰੇ ਡਾ. ਸੰਨੀ ਸਿੰਘ ਆਹਲੂਵਾਲੀਆ ਅਤੇ ਗੋਵਿੰਦਰ ਮਿੱਤਲ ਵੀ ਮੌਜੂਦ ਸਨ।ਮਾਲਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ’ਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੁਹਾਲੀ ਦੇ ਪਿੰਡ ਅਭੀਪੁਰ ਵਿੱਚ 29 ਏਕੜ ਪੰਚਾਇਤੀ ਜਮੀਨ ਨੂੰ ਨਾਜਾਇਜ ਕਬਜਿਆਂ ਤੋਂ ਮੁਕਤ ਕਰਵਾਇਆ ਹੈ। ਇਸ ਜਮੀਨ ’ਤੇ ਪਿਛਲੇ 15 ਸਾਲਾਂ ਤੋਂ ਭੂ-ਮਾਫੀਆ ਦਾ ਕਬਜਾ ਸੀ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ‘ਆਪ’ ਦੀ ਸਰਕਾਰ ਬਣਨ ’ਤੇ ਪੰਜਾਬ ’ਚੋਂ ਮਾਫੀਆ ਰਾਜ ਦਾ ਖਾਤਮਾ ਕੀਤਾ ਜਾਵੇਗਾ ਅਤੇ ਜਨਤਾ ਦਾ ਪੈਸਾ ਲੋਕਾਂ ’ਤੇ ਖਰਚ ਕੀਤਾ ਜਾਵੇਗਾ, ਇਸ ਲਈ ਆਪਣਾ ਵਾਅਦਾ ਨਿਭਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੇ ਮੰਤਰੀ ਭੂ-ਮਾਫੀਆ ਖਿਲਾਫ ਕਾਰਵਾਈ ਕਰ ਰਹੇ ਹਨ।
ਇਕ ਸਵਾਲ ਦੇ ਜਵਾਬ ਵਿਚ ਕੰਗ ਨੇ ਕਿਹਾ ਕਿ ਹਰ ਮਾਫੀਆ ਖਿਲਾਫ ਕਾਰਵਾਈ ਕੀਤੀ ਜਾਵੇਗੀ, ਚਾਹੇ ਉਹ ਸਿਆਸੀ ਤੌਰ ’ਤੇ ਕਿੰਨਾ ਵੀ ਤਾਕਤਵਰ ਕਿਉਂ ਨਾ ਹੋਵੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਉਦੇਸ ਪੰਜਾਬ ਨੂੰ ਹਰ ਤਰ੍ਹਾਂ ਦੇ ਮਾਫੀਆ ਤੋਂ ਮੁਕਤ ਕਰਨਾ ਹੈ ਤਾਂ ਜੋ ਲੁੱਟ-ਖਸੁੱਟ ਅਤੇ ਭਿ੍ਰਸਟਾਚਾਰ ਨੂੰ ਹਮੇਸਾ ਲਈ ਰੋਕਿਆ ਜਾ ਸਕੇ । ਇਸ ਦੇ ਲਈ ਮਾਨ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਮੋਹਾਲੀ ਦੀ 29 ਏਕੜ ਪੰਚਾਇਤੀ ਜਮੀਨ ਤੋਂ ਕਬਜੇ ਹਟਾਉਣਾ ਮਾਨ ਸਰਕਾਰ ਲਈ ਚੰਗੀ ਸੁਰੂਆਤ ਹੈ। ਨਾਜਾਇਜ ਕਬਜ?ਿਆਂ ਵਿਰੁੱਧ ਸਰਕਾਰੀ ਕਾਰਵਾਈ ਅੱਗੇ ਵੀ ਜਾਰੀ ਰਹੇਗੀ।
ਦੇਸ ਵਿੱਚ ਵੱਧ ਰਹੇ ਬਿਜਲੀ ਸੰਕਟ ’ਤੇ ਬੋਲਦਿਆਂ ਮਾਲਵਿੰਦਰ ਕੰਗ ਨੇ ਕੇਂਦਰ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਲੋਕਾਂ ਨਾਲ ਨਵਾਂ ਭਾਰਤ ਬਣਾਉਣ ਦਾ ਵਾਅਦਾ ਕੀਤਾ ਸੀ, ਪਰ ਅੱਜ ਉਨ੍ਹਾਂ ਦਾ ‘ਨਵਾਂ ਭਾਰਤ’ ਹਨੇਰੇ ਵਿੱਚ ਜੀਅ ਰਿਹਾ ਹੈ। ਅੱਜ ਹਰ ਰਾਜ ਵਿੱਚ 10 ਤੋਂ 15 ਘੰਟੇ ਪ੍ਰਤੀ ਦਿਨ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਬਿਜਲੀ ਉਤਪਾਦਨ ਵਧਾ ਕੇ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ।
ਡੀ.ਏ.ਵੀ ਕਾਲਜ ਦੇ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਕਲੱਬ ਨੇ ਮਨਾਲੀ, ਸ਼੍ਰੀ ਮਣੀਕਰਨ ਸਾਹਿਬ ਅਤੇ ਕਸੋਲ ਦੀ ਯਾਤਰਾ ਦਾ ਆਯੋਜਨ ਕੀਤਾ
ਸੁਖਜਿੰਦਰ ਮਾਨ
ਬਠਿੰਡਾ, 29 ਅਪ੍ਰੈਲ :ਡੀ.ਏ.ਵੀ ਕਾਲਜ ਦੇ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਕਲੱਬ ਨੇ ਵਿਦਿਆਰਥੀਆਂ ਨੂੰ ਦੇਸ਼ ਦੇ ਅਮੀਰ ਸਭਿਆਚਾਰ ਅਤੇ ਵਿਭਿੰਨਤਾ ਬਾਰੇ ਗਿਆਨ ਵਧਾਉਣ ਦਾ ਮੌਕਾ ਪ੍ਰਦਾਨ ਕਰਨ ਦੇ ਉਦੇਸ਼ ਨਾਲ, ਹਿਮਾਚਲ ਪ੍ਰਦੇਸ਼ ਰਾਜ ਦੀ ਚਾਰ ਦਿਨਾਂ ਦੀ ਯਾਤਰਾ ਦਾ ਆਯੋਜਨ ਕੀਤਾ। ਇਸ ਯਾਤਰਾ ਵਿਦਿਆਰਥੀਆਂ ਨੂੰ ਵਿੱਚ ਮਨਾਲੀ, ਮਨੀਕਰਨ ਸਾਹਿਬ, ਰੋਹਤਾਂਗ ਅਤੇ ਕਸੋਲ ਦੇ ਸਥਾਨ ਦਿਖਾਏ ਗਏ । ਇਸ ਯਾਤਰਾ ‘ਤੇ 48 ਵਿਦਿਆਰਥੀ ਗਏ, ਜਿਨ੍ਹਾਂ ਦੇ ਨਾਲ ਚਾਰ ਸਟਾਫ਼ ਮੈਂਬਰ ਪ੍ਰੋ.ਕੁਲਦੀਪ ਸਿੰਘ, ਪ੍ਰੋ. ਨਿਰਮਲ, ਪ੍ਰੋ. ਰਾਬੀਆ ਅਤੇ ਪ੍ਰੋ.ਸੁਖਦੀਪ ਕੌਰ ਸਨ।
ਵਿਦਿਆਰਥੀਆਂ ਨੇ ਇਨ੍ਹਾਂ ਸਥਾਨਾਂ ਦੀਅਧਿਆਤਮਿਕ ਅਤੇ ਕੁਦਰਤੀ ਸੁੰਦਰਤਾ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਇਨ੍ਹਾਂ ਸਥਾਨਾਂ ਦੇ ਵੱਖ-ਵੱਖ ਪਵਿੱਤਰ ਅਤੇ ਕੁਦਰਤੀ ਨਜ਼ਾਰਿਆਂ ਜਿਵੇਂ ਕਿ ਸੋਲਾਂਗ ਘਾਟੀ, ਹਡਿੰਬਾ ਮੰਦਿਰ, ਕਲੱਬ ਹਾਊਸ, ਮਨਾਲੀ ਵਿੱਚ ਮਾਲ ਰੋਡ, ਮਨੀਕਰਨ ਵਿੱਚ ਗਰਮ ਪਾਣੀ ਦੇ ਚਸ਼ਮੇ, ਅਟਲ ਸੁਰੰਗ, ਸਿਸੂ ਵੈਲੀ ਦਾ ਦੌਰਾ ਕੀਤਾ ਅਤੇ ਕਸੋਲ ਦੀ ਕੁਦਰਤੀ ਸੁੰਦਰਤਾ ਦਾ ਅਨੰਦ ਮਾਣਿਆ। ਇਸ ਯਾਤਰਾ ਨੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਤਾਜ਼ਗੀ ਬਖਸ਼ੀ ਅਤੇ ਉਹਨਾਂ ਨੂੰ ਇਹਨਾਂ ਇਤਿਹਾਸਕ ਅਤੇ ਪਵਿੱਤਰ ਸਥਾਨਾਂ ਦੇ ਸਭਿਆਚਾਰ , ਵਿਰਾਸਤ, ਇਤਿਹਾਸ, ਪਰੰਪਰਾਵਾਂ ਅਤੇ ਸਵਦੇਸ਼ੀ ਸਾਹਿਤ ਦਾ ਅਧਿਐਨ ਕਰਨ ਦਾ ਮੌਕਾ ਪ੍ਰਦਾਨ ਕੀਤਾ। ਇਸ ਮੌਕੇ ‘ਟੇਲੈਂਟ ਹੰਟ’ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਦੀ ਛੁਪੀ ਪ੍ਰਤਿਭਾ ਉਜਾਗਰ ਹੋਈ। ਇਸ ਯਾਤਰਾ ਨੂੰ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਅਤੇ ਕਨਵੀਨਰ, ਸ੍ਰੇਸ਼ਠ ਭਾਰਤ ਕਲੱਬ ਪ੍ਰੋ.ਰਵਿੰਦਰ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਡਾ.ਸੁਖਦੀਪ ਕੌਰ, ਡਾ. ਸਤੀਸ਼ ਗਰੋਵਰ, ਪ੍ਰੋ. ਕਰਮਪਾਲ ਕੌਰ ਅਤੇ ਪ੍ਰੋ. ਗੁਰਦੀਪ ਸਿੰਘ ਵੀ ਹਾਜ਼ਰ ਸਨ | ਵਿਦਿਆਰਥੀਆਂ ਨੇ ਇਨ੍ਹਾਂ ਸਥਾਨਾਂ ਨੂੰ ਦੇਖਣ ਉਪਰੰਤ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਜਿਹੀਆਂ ਯਾਤਰਾਵਾਂ ਉਨ੍ਹਾਂ ਨੂੰ ਨਵੀਂ ਊਰਜਾ ਪ੍ਰਦਾਨ ਕਰਦੀਆਂ ਹਨ ਅਤੇ ਉਨ੍ਹਾਂ ਦੀ ਸਿੱਖਣ ਦੀ ਸਮਰੱਥਾ ਨੂੰ ਵਧਾਉਂਦੀਆਂ ਹਨ।
ਬਿਜਲੀ ਦੇ ਲੰਬੇ ਕੱਟ: ਕਿਸਾਨਾਂ ਵਲੋਂ ਅਣਮਿਥੇ ਸਮੇਂ ਲਈ ਸੜਕਾਂ ਦੇ ਘਿਰਾਓ ਦਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ, 28 ਅਪਰੈਲ: ਸੂਬੇ ਅੰਦਰ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਤੋਂ ਬੇਸ਼ੱਕ ਹਰ ਵਰਗ ਦੁਖੀ ਹੈ ਪ੍ਰੰਤੂ ਪਾਣੀ ਦੀ ਘਾਟ ਕਾਰਨ ਫ਼ਸਲਾਂ ਨੂੰ ਪਾਲਣ ਤੋਂ ਅਸਮਰੱਥ ਕਿਸਾਨਾਂ ਨੇ ਹੁਣ ਸਰਕਾਰ ਵਿਰੁਧ ਮੋਰਚਾ ਖੋਲਣ ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੁੂਬਾ ਆਗੂ ਰੇਸ਼ਮ ਸਿੰਘ ਯਾਤਰੀ ਨੇ ਅੱਜ ਇੱਥੇ ਜਾਰੀ ਬਿਆਨ ਵਿਚ ਐਲਾਨ ਕੀਤਾ ਕਿ ਸ਼ੁੱਕਰਵਾਰ ਤੋਂ ਜਥੇਬੰਦੀ ਅਣਮਿਥੇ ਸਮੇਂ ਲਈ ਸੂਬੇ ਦੀਆਂ ਪ੍ਰਮੁੱਖ ਸੜਕਾਂ ’ਤੇ ਧਰਨਾ ਸ਼ੁਰੂ ਕਰਨ ਜਾ ਰਹੀ ਹੈ ਤੇ ਇਹ ਧਰਨਾ ਉਸ ਸਮੇਂ ਤੱਕ ਜਾਰੀ ਰਹੇਗਾ ਜਦ ਤਕ ਪੰਜਾਬ ਸਰਕਾਰ ਖੇਤੀ ਖੇਤਰ ਲਈ ਬਿਜਲੀ ਦੀ ਨਿਰਵਿਘਨ ਸਪਲਾਈ ਜਾਰੀ ਨਹੀਂ ਕਰਦੀ। ਕਿਸਾਨ ਆਗੂ ਰੇਸ਼ਮ ਸਿੰਘ ਯਾਤਰੀ ਨੇ ਅੱਗੇ ਦੱਸਿਆ ਕਿ ਮੌਜੂਦਾ ਸਮੇਂ ਆਪ ਸਰਕਾਰ ਵਲੋਂ ਮੂੰਗੀ ਤੇ ਮੱਕੀ ਦੀਆਂ ਫ਼ਸਲਾਂ ’ਤੇ ਐਮ.ਐਸ.ਪੀ ਦੇਣ ਦੇ ਕੀਤੇ ਐਲਾਨ ਤੋਂ ਬਾਅਦ ਕਿਸਾਨਾਂ ਦਾ ਝੁਕਾਅ ਇੰਨ੍ਹਾਂ ਫ਼ਸਲਾਂ ਵੱਲ ਹੋਇਆ ਹੈ ਪ੍ਰੰਤੂ ਭਿਆਨਕ ਗਰਮੀ ਕਾਰਨ ਪੁੰਗਰਨ ਸਮੇਂ ਹੀ ਇਹ ਫ਼ਸਲਾਂ ਮੱਚਣ ਲੱਗੀਆਂ ਹਨ। ਇਸੇ ਤਰ੍ਹਾਂ ਨਰਮੇ ਦੀ ਖੇਤੀ ਲਈ ਵੀ ਬਿਜਲੀ ਨਹੀਂ ਮਿਲ ਰਹੀ, ਜਿਸ ਕਾਰਨ ਬਿਜਾਈ ਪੱਛੜ ਰਹੀ ਹੈ। ਕਿਸਾਨ ਆਗੂ ਨੇ ਕਿਹਾ ਕਿ ਜਦ ਹੁਣ ਹੀ ਇਹ ਹਾਲ ਹੈ ਤਾਂ ਝੋਨੇ ਦੀ ਬੀਜਾਈ ਸਮੇਂ ਤਾਂ ਕਿਸਾਨਾਂ ਦਾ ਰੱਬ ਹੀ ਰਾਖਾ ਹੋਵੇਗਾ। ਉਨ੍ਹਾਂ ਆਪ ਸਰਕਾਰ ’ਤੇ ਦੋਸ਼ ਲਗਾਇਆ ਕਿ ਸਰਕਾਰ ਵਲੋਂ ਬਿਜਲੀ ਸਪਲਾਈ ਨੂੰ ਲੈ ਕੇ ਕੋਲੇ ਅਤੇ ਹੋਰ ਪ੍ਰਬੰਧ ਪਹਿਲਾਂ ਨਹੀਂ ਕੀਤੇ ਗਏ, ਜਿਸ ਕਾਰਨ ਅੱਜ ਇਹ ਹਾਲਾਤ ਇਹ ਬਣੇ ਹਨ। ਕਿਸਾਨ ਆਗੂ ਨੇ ਦੱਸਿਆ ਕਿ ਭਲਕੇ ਜਥੇਬੰਦੀ ਵਲੋਂ ਬਠਿੰਡਾ ਜ਼ਿਲ੍ਹੇ ਅੰਦਰ ਬਠਿੰਡਾ ਸ਼ਹਿਰ ’ਤੇ ਨਹਿਰਾਂ ਕੋਲ, ਤਲਵੰਡੀ ਸਾਬੋ ਵਿਚ ਨਹਿਰਾਂ, ਮੋੜ ਕੋਲ ਐਕਸੀਅਨ ਦਫ਼ਤਰ ਅਤੇ ਰਾਮਾ ਵਿਚ ਵੀ ਐਕਸੀਅਨ ਦਫਤਰ ਕੋਲ ਅਣਮਿੱਥੇ ਸਮੇਂ ਲਈ ਸੜਕੀ ਜਾਮ ਲਾਇਆ ਜਾਵੇਗਾ। ਇਸੇ ਤਰ੍ਹਾਂ ਪੰਜਾਬ ਦੇ ਬਾਕੀ ਹਿੱਸਿਆ ਵਿਚ ਵੀ ਇਹ ਸੜਕੀ ਜਾਮ ਪ੍ਰੋਗਰਾਮ ਨੂੰ ਉਤਸ਼ਾਹ ਨਾਲ ਲਾਗੂ ਕੀਤਾ ਜਾਵੇਗਾ।
ਵਿਜੀਲੈਂਸ ਵਿਭਾਗ ਵੱਲੋ ਮੁਲਾਜਮ ਆਗੂ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ- ਗਹਿਰੀ ਬੁੱਟਰ
ਸੁਖਜਿੰਦਰ ਮਾਨ
ਬਠਿੰਡਾ, 29 ਅਪ੍ਰੈਲ –:ਨਹਿਰੀ ਪਟਵਾਰ ਯੂਨੀਅਨ (ਰਜਿ:) ਜਲ ਸਰੋਤ ਵਿਭਾਗ ਪੰਜਾਬ ਦੇ ਪ੍ਰਧਾਨ ਜਸਕਰਨ ਸਿੰਘ ਗਹਿਰੀ ਬੁੱਟਰ ਵੱਲੋਂ ਇਕ ਲਿਖਤੀ ਪ੍ਰੈਸ ਨੋਟ ਜਾਰੀ ਕਰਦਿਆਂ ਆਪਣੀ ਭਾਈਵਾਲ ਭਰਾਤਰੀ ਜਥੇਬੰਦੀ ਦੀ ਰੈਵੀਨਿਊ ਪਟਵਾਰ ਯੂਨੀਅਨ ਰਜਿ: ਪੰਜਾਬ ਦੇ ਜਿਲ੍ਹਾ ਇਕਾਈ ਸੰਗਰੂਰ ਦੇ ਪ੍ਰਧਾਨ ਦੀਦਾਰ ਸਿੰਘ ਛੋਕਰ ਵਿਰੁੱਧ ਵਿਜੀਲੈਂਸ ਵਿਭਾਗ ਵੱਲੋਂ ਬਿਨਾਂ ਇਨਕੁਆਰੀ ਅਤੇ ਵਿਭਾਗੀ ਪੜਤਾਲ ਕਰਵਾਏ ਬਗੈਰ ਨਜਾਇਜ਼ ਤਰੀਕੇ ਨਾਲ ਐੱਫ,ਆਈ,ਆਰ .ਨੰਬਰ 5 ਮਿਤੀ 26.04.2022 ਨੂੰ ਦਰਜ ਕਰਕੇ ਮੁਲਾਜਮ ਆਗੂ ਨੂੰ ਨਜਾਇਜ਼ ਤਰੀਕੇ ਨਾਲ਼ ਗ੍ਰਿਫਤਾਰ ਕਰਨ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।ਉਨ੍ਹਾਂ ਕਿਹਾ ਕਿ ਨਹਿਰੀ ਪਟਵਾਰ ਯੂਨੀਅਨ ਰਜਿ: ਜਲ ਸਰੋਤ ਵਿਭਾਗ ਪੰਜਾਬ ਵੱਲੋ ਦੀ ਰੈਵੀਨਿਊ ਪਟਵਾਰ ਯੂਨੀਅਨ ਦੇ ਸੂਬਾ ਪ੍ਰਧਾਨ ਸ੍ਰ ਹਰਵੀਰ ਸਿੰਘ ਢੀਂਡਸਾ ਨੂੰ ਪੂਰਨ ਵਿਸਵਾਸ਼ ਦਿਵਾਉਂਦੇ ਹਾਂ ਕਿ ਭਾਵੇਂ ਇਸ ਝੂਠੇ ਪਰਚੇ ਨੂੰ ਰੱਦ ਕਰਵਾਉਣ ਲਈ ਯੂਨੀਅਨ ਨੂੰ ਕਿੰਨਾ ਵੀ ਸੰਘਰਸ਼ ਕਰਨਾ ਪਵੇ ਆਪ ਜੀ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਅਤੇ ਇਸ ਝੂਠੇ ਪਰਚੇ ਨੂੰ ਰੱਦ ਕਰਵਾ ਕੇ ਹੀ ਦਮ ਲਵਾਂਗੇ।ਇਸ ਸਬੰਧੀ ਨਹਿਰੀ ਪਟਵਾਰ ਯੂਨੀਅਨ ਰਜਿ: ਜਲ ਸਰੋਤ ਵਿਭਾਗ ਪੰਜਾਬ ਵੱਲੋਂ ਮੁੱਖ ਮੰਤਰੀ ਪੰਜਾਬ,ਮਾਲ ਮੰਤਰੀ ਪੰਜਾਬ,ਵਿੱਤ ਕਮਿਸ਼ਨਰ ਮਾਲ ਪੰਜਾਬ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਵੀ ਲਿਖਤੀ ਪੱਤਰ ਭੇਜ ਕੇ ਪੁਰਜ਼ੋਰ ਮੰਗ ਕੀਤੀ ਗਈ ਹੈ ਕਿ ਮੁਲਾਜਮ ਆਗੂ ਦੀਦਾਰ ਸਿੰਘ ਛੋਕਰ ਤੇ ਪਾਇਆ ਝੂਠਾ ਪਰਚਾ ਰਦ ਕੀਤਾ ਜਾਵੇ,ਨਹੀਂ ਤਾਂ ਜਥੇਬੰਦੀਆਂ ਨੂੰ ਮਜਬੂਰਨ ਸੰਘਰਸ਼ ਦਾ ਰਾਹ ਅਖਤਿਆਰ ਕਰਨ ਲਈ ਮਜ਼ਬੂਰ ਹੋਣਾ ਪਵੇਗਾ।





