29 ਅਪ੍ਰੈਲ ਨੂੰ ਹੈਡ ਆਫਿਸ ਪਟਿਆਲਾ ਦਾ ਪਰਿਵਾਰਾਂ ਤੇ ਬੱਚਿਆ ਸਮੇਤ ਘੇਰਾਓ ਕਰਨ ਦਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ, 28 ਅਪਰੈਲ: – ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ, ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ ਅਤੇ ਪ੍ਰੈਸ ਸਕੱਤਰ ਸਤਨਾਮ ਸਿੰਘ ਫਲੀਆਂਵਾਲਾ ਨੇ ਅੱਜ ਇਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਸਸ ਵਿਭਾਗ ਦੇ ਪੇਂਡੂ ਜਲ ਘਰਾਂ ਅਤੇ ਦਫਤਰਾਂ ਵਿਚ ਪਿਛਲੇ 15 ਸਾਲਾਂ ਦੇ ਅਰਸੇ ਤੋਂ ਕੰਮ ਕਰਦੇ ਕਾਮਿਆਂ ਦੇ ਡਾਟੇ ਦੀਆਂ ਐਚ.ਆਰ.ਐਮ.ਐਸ. ਪੋਰਟਲ ਸਾਇਡ ’ਤੇ ਚੜੀਆਂ ਐਟਰੀਆਂ ਨੂੰ ਪੰਜਾਬ ਸਰਕਾਰ ਦੇ ਅਧਿਕਾਰੀਆਂ ਵਲੋਂ ਡਲੀਟ ਕਰਕੇ ਇਨ੍ਹਾਂ ਕਾਮਿਆਂ ਦੇ ਕੀਤੇ ਕੰਮ ਦੇ ਰਿਕਾਰਡ ਨੂੰ ਖਤਮ ਕਰਕੇ ਰੈਗੂਲਰ ਕਰਨ ਦੇ ਵਾਅਦੇ ਤੋਂ ਭੱਜਣ ਦੀਆਂ ਕੋਸ਼ਿਸ਼ਾਂ ਸੂਬੇ ਦੀ ਮਾਨ ਸਰਕਾਰ ਕਰ ਰਹੀ ਹੈ।ਇਸ ਸਬੰਧੀ ਸੂਬਾ ਆਗੂਆਂ ਨੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਸਸ ਵਿਭਾਗ ਵਿਚ ਇੰਨਲਿਸਟਮੈਂਟ, ਆਉਟਸੋਰਸ, ਠੇਕੇਦਾਰਾਂ, ਕੰਪਨੀ ਅਧੀਨ ਕੰਮ ਕਰਦੇ ਆ ਰਹੇ ਵਰਕਰਾਂ ਦਾ ਮੁਕੰਮਲ ਡਾਟਾ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੀ ਹੋਈ ਸਾਈਡ ਐਚ.ਆਰ.ਐਮ.ਐਸ. ’ਤੇ ਚੱੜਿਆ ਹੋਇਆ ਹੈ ਪਰ ਜਦੋਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਮੂਹ ਵਿਭਾਗਾਂ ਦੇ ਵਰਕਰਾਂ ਨੂੰ ਰੈਗੂਲਰ ਕਰਨ ਲਈ ਪ੍ਰਪੋਜਲ ਬਣਾਉਣ ਲਈ ਇਸ ਸਾਈਡ ਦੇ ਡਾਟੇ ਨੂੰ ਮੰਗਿਆ ਗਿਆ ਹੈ ਤਾਂ ਜਸਸ ਵਿਭਾਗ ਦੇ ਵਿਭਾਗੀ ਮੁੱਖੀ (ਐਚ.ਓ.ਡੀ.) ਵੱਲੋਂ ਪੱਤਰ ਨੰਬਰ 1838 ਮਿਤੀ 28-04-2022 ਨੂੰ ਉਚ ਅਧਿਕਾਰੀਆਂ ਨੂੰ ਅੱਜ ਹੀ ਕਾਮਿਆਂ ਦਾ ਡਾਟਾ ਸਾਈਡ ਤੋਂ ਡਲੀਟ ਕਰਨ ਦੀ ਚਿੱਠੀ ਜਾਰੀ ਕੀਤੀ ਗਈ ਹੈ। ਜਿਸ ’ਤੇ ਕਾਰਜਕਾਰੀ ਇੰਜੀਨੀਅਰਾਂ ਵਲੋਂ ਡਾਟਾ ਡਲੀਟ ਕੀਤਾ ਜਾ ਰਿਹਾ ਹੈ। ਸੂਬਾਈ ਆਗੂਆਂ ਨੇ ਕਿਹਾ ਕਿ ਜਿੱਥੇ ਇਕ ਪਾਸੇ ਆਮ ਆਦਮੀ ਪਾਰਟੀ ਦੀ ਅਗੁਵਾਈ ਵਾਲੀ ਪੰਜਾਬ ਸਰਕਾਰ ਕੱਚੇ ਕਾਮਿਆਂ ਨੂੰ ਰੈਗੂਲਰ ਕਰਨ ਦੇ ਸੁਪਨੇ ਦਿਖਾ ਰਹੀ ਹੈ ਉਥੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਅਧਿਕਾਰੀ ਜਲ ਸਪਲਾਈ ਵਿਭਾਗ ਦੇ ਕਾਮਿਆਂ ਦਾ ਰਿਕਾਰਡ ਐਚ.ਆਰ.ਐਮ.ਐਸ. ਪੋਰਟਲ ਸਾਇਡ ਤੋਂ ਡਲੀਟ ਕਰ ਰਹੇ ਹਨ। ਜਲ ਸਪਾਈ ਵਿਭਾਗ ਦੇ ਅਧਿਕਾਰੀਆਂ ਵਲੋਂ ਨਾਦਰਸ਼ਾਹੀ ਫਰਮਾਨ ਜਾਰੀ ਕਰਕੇ ਕਾਮਿਆਂ ਦੇ ਡਾਟੇ ਨੂੰ ਐਚ.ਆਰ.ਐਮ.ਐਸ. ਪੋਰਟਲ ਤੋਂ ਡਲੀਟ ਕੀਤੇ ਇਸ ਡਾਟੇ ਨੂੰ ਪਹਿਲਾਂ ਦੀ ਤਰ੍ਹਾਂ ਦੁਬਾਰਾ ਬਹਾਲ ਕਰਵਾਉਣ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਪੰਜਾਬ (ਰਜਿ.31) ਵਲੋਂ ਪਰਿਵਾਰਾਂ ਅਤੇ ਬੱਚਿਆਂ ਸਮੇਤ ਮਿਤੀ 29 ਅਪ੍ਰੈਲ ਨੂੰ ਜਸਸ ਵਿਭਾਗ ਦੇ ਹੈਡ ਆਫਿਸ ਪਟਿਆਲਾ ਦਾ ਘੇਰਾਓ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ। ਜਥੇਬੰਦੀ ਵਲੋਂ ਮਾਨਯੋਗ ਮੁੱਖ ਮੰਤਰੀ ਜੀ ਅਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਗਈ ਕਿ ਜਲ ਸਪਲਾਈ ਵਿਭਾਗ ਦੇ ਕਾਮਿਆਂ ਦੇ ਚੱੜੇ ਡਾਟੇ ਐਚ.ਆਰ.ਐਮ.ਐਸ. ਪੋਰਟਲ (ਸਾਇਡ) ਉਪਰ ਪਹਿਲਾਂ ਤਰ੍ਹਾਂ ਮੁੜ ਤੋਂ ਬਹਾਲ ਕੀਤਾ ਜਾਵੇ, ਜਿਸਦੀ ਚਿੱਠੀ ਤੁਰੰਤ ਸਮੂਹ ਨਿਗਰਾਨ ਇੰਜੀਨੀਅਰ ਅਤੇ ਕਾਰਜਕਾਰੀ ਇੰਜੀਨੀਅਰਾਂ ਨੂੰ ਜਾਰੀ ਕੀਤੀ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਾਕਮ ਸਿੰਘ ਧਨੇਠਾ, ਭੁਪਿੰਦਰ ਸਿੰਘ ਕੁਤਬੇਵਾਲ, ਰੁਪਿੰਦਰ ਸਿੰਘ ਫਿਰੋਜਪੁਰ, ਮਨਪ੍ਰੀਤ ਸਿੰਘ ਸੰਗਰੂਰ, ਪ੍ਰਦੂਮਣ ਸਿੰਘ, ਓਮਕਾਰ ਸਿੰਘ, ਸੰਦੀਪ ਖਾਨ, ਸੁਰੇਸ਼ ਕੁਮਾਰ ਮੋਹਾਲੀ, ਗੁਰਵਿੰਦਰ ਬਾਠ, ਸੁਰਿੰਦਰ ਕੁਮਾਰ, ਤਰਜਿੰਦਰ ਸਿੰਘ ਮਾਨ , ਜਗਰੂਪ ਸਿੰਘ,ਸੌਰਵ ਕਿੰਗਰ ਆਦਿ ਹਾਜਰ ਸਨ।
ਜਲ ਸਪਲਾਈ ਵਿਭਾਗ ’ਚ ਕੱਚੇ ਕਾਮਿਆਂ ਵਲੋਂ ਕੀਤੇ ਕੰਮ ਦਾ ਰਿਕਾਰਡ ਖਤਮ ਕਰ ਰਹੀ ਹੈ ਮਾਨ ਸਰਕਾਰ – ਵਰਿੰਦਰ ਮੋਮੀ
ਸੂਬੇ ਵਿਚ ਪੰਚਾਇਤੀ ਜ਼ਮੀਨਾਂ ਤੋਂ ਨਜ਼ਾਇਜ਼ ਕਬਜੇ ਹਟਾਉਣ ਦੀ ਮੁਹਿੰਮ ਦਾ ਆਗਾਜ਼
ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਦੀ ਮੌਜੂਦਗੀ ਵਿਚ ਮੁਹਾਲੀ ਦੇ ਸਿਸਵਾਂ ਨਜਦੀਕ ਪਿੰਡ ਅਭੀਪੁਰ ਵਿਖੇ 29 ਏਕੜ ਪੰਚਾਇਤੀ ਜ਼ਮੀਨ ਤੋਂ ਨਜਾਇਜ਼ ਕਬਜ਼ਾ ਹਟਾਇਆ
31 ਮਈ ਤੱਕ ਪੰਚਾਇਤੀ ਜ਼ਮੀਨਾਂ ਤੋਂ 5000 ਏਕੜ ਕਬਜ਼ੇ ਛੁਵਾਉਣ ਦੀ ਮਹਿੰਮ ਦੀ ਸ਼ੁਰੂਆਤ
ਸੁਖਜਿੰਦਰ ਮਾਨ
ਚੰਡੀਗੜ੍ਹ, 28 ਅਪ੍ਰੈਲ: ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਵੱਲੋਂ ਸੂਬੇ ਭਰ ਵਿਚ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾੳੇੁਣ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਅੱਜ ਮੁਹਾਲੀ ਜ਼ਿਲ੍ਹੇ ਤੋਂ ਸ਼ੁਰੂਆਤ ਕਰ ਦਿੱਤੀ ਗਈ ਹੈ।ਸ਼ਿਵਾਲਿਕ ਪਹਾੜੀਆਂ ਦੀ ਜੜ੍ਹਾਂ ਵਿਚ ਨਿਊ ਚੰਡੀਗੜ੍ਹ ਦੇ ਬਿਲਕੁਲ ਨੇੜੇ ਬਲਾਕ ਮਾਜਰੀ ਦੇ ਪਿੰਡ ਅਭੀਪੁਰ ਦੀ ਕਰੋੜਾਂ ਰੁਪਏ ਦੀ ਬਹੁ-ਕੀਮਤੀ 29 ਏਕੜ ਪੰਚਾਇਤੀ ਜ਼ਮੀਨ ਦਾ ਕਬਜ਼ਾ ਪਿੰਡ ਦੀ ਪੰਚਾਇਤ ਵਲੋਂ ਲੈ ਲਿਆ ਗਿਆ ਹੈ।ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ, ਮਾਲ ਵਿਭਾਗ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿਚ ਪੂਰੀ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕਰਦੇ ਹੋਏ ਕਬਜ਼ਾ ਲੈਣ ਦੀ ਇਹ ਕਾਰਵਾਈ ਪੂਰੀ ਕੀਤੀ ਗਈ।ਇਸ ਮੌਕੇ ਕੁਲਦੀਪ ਧਾਲੀਵਾਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬਿਕਰਮ ਸਿੰਘ ਨਾਮੀ ਵਿਅਕਤੀ ਵਲੋਂ 2007 ਤੋਂ ਇਸ ਜ਼ਮੀਨ ਉਪਰ ਨਜ਼ਾਇਜ਼ ਕਬਜ਼ਾ ਕੀਤਾ ਹੋਇਆ ਸੀ।ਉਨ੍ਹਾਂ ਦੱਸਿਆ ਕਿ ਕੁਲੈਕਟਰ ਐਸ.ਏ.ਐਸ ਨਗਰ ਵਲੋਂ ਇਸ ਜ਼ਮੀਨ ਤੋਂ ਨਜ਼ਾਇਜ ਕਬਜ਼ਾ ਹਟਾਉਣ ਲਈ 2014 ਵਿਚ ਹੁਕਮ ਜਾਰੀ ਕੀਤੇ ਗਏ ਸਨ।ਪਰ ਕੁਝ ਕਾਨੂੰਨੀ ਅੜਚਨਾ ਦੇ ਚਲਦਿਆਂ ਵਿਭਾਗ ਦੇ ਅਧਿਕਾਰੀ ਅਤੇ ਪੰਚਾਇਤ ਇਹ ਕਬਜ਼ਾ ਛੁਡਵਾ ਨਹੀਂ ਸਕੇ ਸਨ।ਪੰਚਾਇਤ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਬਣਦਿਆਂ ਪਹਿਲੇ ਮਹੀਨੇ ਹੀ ਇਹ ਵੱਡੀ ਕਰਾਵਾਈ ਕਰਦਿਆਂ ਅੱਜ ਐਸ.ਏ.ਐਸ ਨਗਰ ਜ਼ਿਲ੍ਹੇ ਦੀ ਇਹ ਬੇਸ਼ਕੀਮਤੀ ਜ਼ਮੀਨ ਤੋਂ ਨਜਾਇਜ਼ ਕਬਜ਼ਾ ਛੁਡਵਾ ਲਿਆ ਗਿਆ ਹੈ।ਇਸ ਦੇ ਨਾਲ ਹੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਅੱਜ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਛੁਡਵਾਉਣ ਦੀ ਮੁਹਿੰਮ ਦੀ ਸ਼ੁਰੂਆਤ ਹੋ ਗਈ ਹੈ ਅਤੇ 31 ਮਈ ਤੱਕ 5000 ਹਜ਼ਾਰ ਏਕੜ ਜ਼ਮੀਨ ਤੋਂ ਨਜਾਇਜ਼ ਕਬਜ਼ੇ ਹਟਾਏ ਜਾਣਗੇ।ਇਸ ਉਪਰੰਤ ਹਰ ਮਹੀਨੇ ਟੀਚਾ ਮਿੱਥ ਕੇ ਨਜਾਇਜ਼ ਕਬਜ਼ੇ ਹਟਾਉਣ ਦੀ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ।ਇਸ ਦੇ ਨਾਲ ਹੀ ਉਨ੍ਹਾਂ ਜਸਟਿਸ ਕੁਲਦੀਪ ਸਿੰਘ ਵਲੋਂ ਨਜਾਇਜ਼ ਕਬਜਿਆਂ ਵਾਲੀ ਰਿਪੋਰਟ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਜਲਦ ਹੀ ਇਸ ਰਿਪੋਰਟ ਨੂੰ ਘੋਖ ਕੇ ਬਣਦੀ ਕਾਰਵਾਈ ਨੇਪਰੇ ਚਾੜੀ ਜਾਵੇਗੀ।ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਨੇ ਇਸ ਦੇ ਨਾਲ ਹੀ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀਆਂ ਸਾਰੀਆਂ ਪੰਚਾਇਤੀ ਜਮੀਨਾਂ ਤੋਂ ਨਜ਼ਾਇਜ਼ ਕਬਜ਼ੇ ਹਟਾਉਣ ਲਈ ਵਚਨਬੱਧ ਹੈ ਅਤੇ ਬਿਨਾਂ ਕਿਸੇ ਭੇਦਭਾਵ ਦੇ ਇਹਕਬਜ਼ੇ ਹਟਾਏ ਜਾਣਗੇ ਅਤੇ ਪੰਚਾਇਤਾਂ ਦੀਆਂ ਜ਼ਮੀਨਾਂ ਪੰਚਾਇਤਾਂ ਨੂੰ ਸੌਂਪੀਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਭਾਵਂੇ ਕੋਈ ਰਸੂਖਦਾਰ ਹੋਵੇ ਜਾ ਸਧਾਰਨ ਵਿਆਕਤੀ ਕਿਸੇ ਕੋਲ ਵੀ ਨਜਾਇਜ਼ ਕਬਜ਼ੇ ਨਹੀਂ ਰਹਿਣ ਦਿੱਤੇ ਜਾਣਗੇ।ਇਸ ਮੌਕੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ, ਡਿਪਟੀ ਡਾਇਰੈਕਟਰ ਜੁਗਿੰਦਰ ਕੁਮਾਰ, ਨਾਇਬ ਤਹਿਸੀਲਦਾਰ ਮਾਜਰੀ ਦੀਪਕ ਭਾਰਦਵਾਜ, ਡੀ.ਡੀ.ਪੀ.ਓ ਐਸ.ਏ.ਐਸ ਨਗਰ ਬਲਜਿੰਦਰ ਸਿੰਘ ਗਰੇਵਾਲ, ਬੀ.ਡੀ.ਓ ਮਾਜਰੀ ਬਲਾਕ ਜਸਪ੍ਰੀਤ ਕੌਰ ਅਤੇ ਸਰਪੰਚ ਪਿੰਡ ਅਭੀਪੁਰ ਜਸਪਾਲ ਕੌਰ ਵੀ ਮੌਜੂਦ ਸਨ।
ਪੰਜਾਬ ਸਰਕਾਰ ਨੇ 20 ਭਲਾਈ ਬੋਰਡ ਭੰਗ ਕੀਤੇ
ਸੁਖਜਿੰਦਰ ਮਾਨ
ਚੰਡੀਗੜ੍ਹ, 28 ਅਪ੍ਰੈਲ:ਪੰਜਾਬ ਦੇ ਸਮਾਜਿਕ ਨਿਆ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 20 ਭਲਾਈ ਬੋਰਡਾਂ ਨੂੰ ਭੰਗ ਕਰਨ ਦਾ ਫੈਸਲਾ ਕੀਤਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਜਲਦ ਹੀ ਉਨ੍ਹਾਂ ਦੀ ਸਰਕਾਰ ਇਨ੍ਹਾਂ ਬੋਰਡਾਂ ਦੇ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਕਰੇਗੀ।ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਭਲਾਈ ਬੋਰਡਾਂ ਵਿੱਚ ਕੰਬੋਜ ਵੈਲਫੇਅਰ ਬੋਰਡ, ਬਾਜੀਗਰ ਤੇ ਟੱਪਰੀਵਾਸ ਵੈਲਫੇਅਰ ਬੋਰਡ, ਬ੍ਰਾਹਮਣ ਵੈਲਫੇਅਰ ਬੋਰਡ, ਖੱਤਰੀ ਅਰੋੜਾ ਵੈਲਫੇਅਰ ਬੋਰਡ, ਦਲਿਤ ਵੈਲਫੇਅਰ ਬੋਰਡ, ਰਾਏ ਸਿੱਖ ਵੈਲਫੇਅਰ ਬੋਰਡ, ਰਾਜਪੂਤ ਕਲਿਆਣ ਭਲਾਈ ਬੋਰਡ, ਵਿਮੁਕਤ ਜਾਤੀ ਵੈਲਫੇਅਰ ਬੋਰਡ, ਪ੍ਰਜਾਪਤ ਵੈਲਫੇਅਰ ਬੋਰਡ, ਸੈਣੀ ਵੈਲਫੇਅਰ ਬੋਰਡ, ਰਾਮਗੜ੍ਹੀਆ ਵੈਲਫੇਅਰ ਬੋਰਡ, ਅਗਰਵਾਲ ਵੈਲਫੇਅਰ ਬੋਰਡ, ਗੁੱਜਰ ਵੈਲਫੇਅਰ ਬੋਰਡ, ਬੈਰਾਗੀ ਵੈਲਫੇਅਰ ਬੋਰਡ, ਸਵਰਨਕਾਰ ਵੈਲਫੇਅਰ ਬੋਰਡ, ਸੈਣ ਵੈਲਫੇਅਰ ਬੋਰਡ, ਪੰਜਾਬ ਮੁਸਲਿਮ ਵੈਲਫੇਅਰ ਬੋਰਡ, ਪਰਵਾਸੀ ਵੈਲਫੇਅਰ ਬੋਰਡ, ਕਨੌਜੀਆ ਵੈਲਫੇਅਰ ਬੋਰਡ ਅਤੇ ਮਸੀਹ ਭਲਾਈ ਬੋਰਡ, ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤਾ ਗਿਆ ਹੈ।
ਇੰਡੀਅਨ ਆਇਲ ਦੇ ਚੀਫ ਮੈਨੇਜਰ ਅੰਕਿਤ ਗਰਗ ਨੂੰ ਸਿਹਤ ਮੇਲੇ ਤੇ ਕੀਤਾ ਸਨਮਾਨਿਤ
ਸੁਖਜਿੰਦਰ ਮਾਨ
ਬਠਿੰਡਾ, 28 ਅਪਰੈਲ: ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਬਠਿੰਡਾ ਦੇ ਕਾਰਪੋਰੇਟ ਸਮਾਜਿਕ ਜਿੰਮੇਵਾਰੀ ਵਿਭਾਗ ਵੱਲੋਂ ਸਿਵਲ ਹਸਪਤਾਲ ਬਾਲਿਆਂਵਾਲੀ ਨੂੰ ਦਿੱਤੇ ਜਾ ਰਹੇ ਸਹਿਯੋਗ ਲਈ ਸਿਹਤ ਮੇਲੇ ਦੌਰਾਨ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਚੀਫ ਮੈਨੇਜਰ ਸ਼੍ਰੀ ਅੰਕਿਤ ਗਰਗ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸਿਹਤ ਬਲਾਕ ਬਾਲਿਆਂਵਾਲੀ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਸ਼ਵਨੀ ਕੁਮਾਰ ਨੇ ਕਿਹਾ ਕਿ ਕਰੋਨਾ ਸਮੇਂ ਦੌਰਾਨ ਸਰਕਾਰੀ ਹਸਪਤਾਲਾਂ ਵੱਲੋਂ ਅਹਿਮ ਰੋਲ ਅਦਾ ਕੀਤਾ ਗਿਆ ਹੈ, ਪਰ ਫਿਰ ਵੀ ਆਕਸੀਜਨ ਅਤੇ ਹੋਰ ਸਾਮਾਨ ਦੀ ਘਾਟ ਕਾਰਣ ਮਰੀਜਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ । ਕਰੋਨਾ ਦੀ ਦੂਜੀ ਲਹਿਰ ਦੌਰਾਨ ਆਕਸੀਜਨ ਦੀ ਕਮੀ ਕਾਰਣ ਦੇਸ਼ ਭਰ ਵਿੱਚ ਲੱਖਾਂ ਵਿਅਕਤੀਆਂ ਨੂੰ ਆਪਣੀ ਜਾਨ ਗਵਾਉਣੀ ਪਈ, ਸੋ ਇੰਡੀਅਨ ਆਇਲ ਕਾਰਪੋਰੇਸ਼ਨ ਵੱਲੋਂ ਭਵਿੱਖ ਵਿੱਚ ਇਸ ਤਰਾਂ ਦੀ ਮਹਾਂਮਾਰੀ ਨਾਲ ਨਿਪਟਣ ਲਈ ਸਰਕਾਰੀ ਹਸਪਤਾਲ ਬਾਲਿਆਂਵਾਲੀ ਨੂੰ ਵੀ 6 ਆਕਸੀਜਨ ਕੰਨਸਟਰੇਟਰ, 10 ਆਕਸੀਜਨ ਸਿਲੰਡਰ ਅਤੇ 30 ਪਲੱਸ ਆਕਸੀਮੀਟਰ ਵੀ ਦਿੱਤੇ ਗਏ ਹਨ ਅਤੇ ਹੋਰ ਆਧੁਨਿਕ ਸਮਾਨ ਦੇਣ ਦੀ ਤਜਵੀਜ ਹੈ । ਸ਼੍ਰੀ ਅੰਕਿਤ ਗਰਗ ਚੀਫ ਮੈਨੇਜਰ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਕਿਹਾ ਕਿ ਪਾਈਪਲਾਈਨ ਖੇਤਰ ਦੇ ਇਲਾਕੇ ਵਿੱਚ ਸਿਹਤ ਤੇ ਸਿੱਖਿਆ ਖੇਤਰ ਦੀ ਬੇਹਤਰੀ ਲਈ ਇੰਡੀਅਨ ਆਇਲ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ । ਇਸੇ ਲੜੀ ਤਹਿਤ ਇੱਕ ਸਮਾਰਟ ਰੂਮ ਪਰੋਜੈਕਟਰ ਅਤੇ 50 ਡਿਊਲ ਬੈਂਚ ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਕੂਲ ਬਾਲਿਆਂਵਾਲੀ ਨੂੰ ਅਤੇ ਇੱਕ ਸਮਾਰਟ ਰੂਮ ਪ੍ਰੋਜੈਕਟਰ ਅਤੇ 25 ਡਿਊਲ ਬੈਂਚ ਸਰਕਾਰੀ ਮਿਡਲ ਸਕੂਲ ਚਾਉਕੇ ਨੂੰ ਦਿੱਤੇ ਗਏ ਹਨ । ਸਿਵਲ ਹਸਪਤਾਲ ਬਾਲਿਆਂਵਾਲੀ ਵਿਖੇ ਮਰੀਜਾਂ ਦੇ ਹੋਰ ਬੇਹਤਰ ਇਲਾਜ ਲਈ ਹੋਰ ਆਧੁਨਿਕ ਸੁਵਿਧਾਵਾਂ ਦੇਣ ਲਈ ਲੱਖਾਂ ਰੁਪਏ ਦਾ ਹੋਰ ਸਾਮਾਨ ਦੇਣ ਦੀ ਤਜਵੀਜ ਹੈ । ਇਸ ਦੇ ਨਾਲ ਹੀ ਪਾਈਪਲਾਈਨ ਖੇਤਰ ਦੇ ਸਬ ਸੈਂਟਰਾਂ ਤੇ ਮਿਲਣ ਵਾਲੀਆਂ ਸਿਹਤ ਸੇਵਾਵਾਂ ਨੂੰ ਹੋਰ ਬੇਹਤਰ ਕਰਨ ਲਈ ਵੀ ਸਿਹਤ ਵਿਭਾਗ ਬਾਲਿਆਂਵਾਲੀ ਦੇ ਬਲਾਕ ਐਜੂਕੇਟਰ ਲਖਵਿੰਦਰ ਸਿੰਘ ਅਤੇ ਜਗਤਾਰ ਸਿੰਘ ਨਾਲ ਰਾਬਤਾ ਕਰਕੇ ਤਜਵੀਜ ਬਣਾਈ ਜਾ ਰਹੀ ਹੈ । ਸ਼੍ਰੀ ਅੰਕਿਤ ਗਰਗ ਨੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਡਾ. ਅਸ਼ਵਨੀ ਕੁਮਾਰ ਅਤੇ ਉਹਨਾਂ ਦੀ ਟੀਮ ਵੱਲੋਂ ਇਲਾਕੇ ਦੇ ਲੋਕਾਂ ਨੂੰ ਮੁਫਤ ਅਤੇ ਵਧੀਆ ਸਿਹਤ ਸਹੂਲਤਾਂ ਦੇਣ ਲਈ ਦਿਨ ਰਾਤ ਕੀਤੇ ਜਾ ਰਹੇ ਉਪਰਾਲਿਆਂ ਨਾਲ ਇਸ ਇਲਾਕੇ ਵਿੱਚ ਸਿਹਤ ਸਹੂਲਤਾਂ ਦਾ ਮਿਆਰ ਉਪਰ ਉੱਠ ਰਿਹਾ ਹੈ । ਉਹਨਾਂ ਸਿਹਤ ਮੇਲੇ ਦੌਰਾਨ ਸਨਮਾਨ ਦੇਣ ਲਈ ਸਿਹਤ ਵਿਭਾਗ ਬਾਲਿਆਂਵਾਲੀ ਦੀ ਸਾਰੀ ਟੀਮ ਦਾ ਧੰਨਵਾਦ ਕੀਤਾ । ਇਸ ਸਮੇਂ ਉਹਨਾਂ ਦੇ ਨਾਲ ਇੰਡੀਅਨ ਆਇਲ ਦੇ ਅਧਿਕਾਰੀ ਸ਼੍ਰੀ ਅਮਿਤ ਕੁਮਾਰ ਅਤੇ ਪੰਕਜ ਕੁਮਾਰ ਵੀ ਮੌਜੂਦ ਸਨ ।
ਔਰਤਾਂ ਦੇ ਸਥਾਈ ਵਿਕਾਸ ਲਈ ਆਈਐਚਐਮ ਤੇ ਐਸਐਸਡੀ ਗਰਲਜ ਕਾਲਜ ਵਿਚਕਾਰ ਹੋਇਆ ਸਮਝੌਤਾ
ਸੁਖਜਿੰਦਰ ਮਾਨ
ਬਠਿੰਡਾ, 28 ਅਪਰੈਲ: ਸਥਾਨਕ ਇੰਡੀਅਨ ਹੋਟਲ ਮੈਨੇਜ਼ਮੈਂਟ ਅਤੇ ਐਸਐਸਡੀ ਗਰਲਜ ਕਾਲਜ ਨੇ ਆਪਸੀ ਸਮਝੌਤਾ ਮੈਮੋਰੰਡਮ ‘ਤੇ ਹਸਤਾਖਰ ਕੀਤੇ ਹਨ, ਜਿਸ ਦੇ ਤਹਿਤ ਦੋਵੇਂ ਸੰਸਥਾਵਾਂ ਸਾਂਝੇ ਤੌਰ ‘ਤੇ ਫਰੇਮਵਰਕ ਦੀ ਪਾਲਣਾ ਕਰਨਗੇ। ਇਹ ਜਾਣਕਾਰੀ ਕਾਲਜ ਦੀ ਪਿ੍ਰੰਸੀਪਾਲ ਮੈਡਮ ਰਾਜਨੀਤ ਕੋਹਲੀ ਨੇ ਸਾਂਝੀ ਕੀਤੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਈਐਚਐਮ ਵਲੋਂ ਸਥਾਨਕ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਅਤੇ ਆਪਣੇ ਪੈਰਾ ਤੇ ਖੜ੍ਹੇ ਹੋਣ ਤੇ ਔਰਤਾਂ ਦੇ ਵਿਕਾਸ ਲਈ ਵਰਕਸਾਪਾਂ, ਸੈਮੀਨਾਰ, ਵੋਕੇਸਨਲ ਸਿਖਲਾਈ, ਉੱਦਮਤਾ ਪ੍ਰੋਗਰਾਮ ਤੇ ਹੋਰ ਬਹੁਤ ਸਾਰੇ ਮੁਫ਼ਤ ਸਿਖਲਾਈ ਪ੍ਰੋਗਰਾਮ ਆਰੰਭੇ ਜਾ ਰਹੇ ਹਨ। ਇਸ ਤਹਿਤ ਆਈਐਚਐਮ ਵਲੋਂ ਕਈ ਅੰਤਰਰਾਸਟਰੀ ਸੰਸਥਾਵਾਂ ਨਾਲ ਵੀ ਸਮਝੌਤਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀ ਵਿਦੇਸ ਜਾਣਾ ਚਾਹੁੰਦੇ ਹਨ, ਉਹ ਇਸ ਟਾਈ-ਅੱਪ ਦਾ ਲਾਭ ਉਠਾ ਸਕਦੇ ਹਨ। ਸਥਾਨਕ ਤੇ ਆਸ-ਪਾਸ ਦੇ ਖੇਤਰਾਂ ਦੇ ਉਮੀਦਵਾਰ, ਜੋ ਉੱਦਮੀ ਬਣਨਾ ਚਾਹੁੰਦੇ ਹਨ, ਆਪਣੇ ਆਪ ਨੂੰ ਆਈਐਚਐਮ ਵਿੱਚ ਉੱਦਮਤਾ ਸੈੱਲ ਵਿੱਚ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਪਿ੍ਰੰਸੀਪਲ ਮੈਡਮ ਰਾਜਨੀਤ ਕੋਹਲੀ ਨੇ ਸਿਖਲਾਈ ਲੈਣ ਦੇ ਚਾਹਵਾਨ ਸਿਖਿਆਰਥੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਸਿਖਲਾਈ ਸਬੰਧੀ ਕਿਸੇ ਵੀ ਸਵਾਲ ਜਾਂ ਮੁਫਤ ਰਜਿਸਟ੍ਰੇਸਨ ਕਰਵਾਉਣ ਲਈ ਆਈਐਚਐਮ ਦੇ ਕੋਆਰਡੀਨੇਟਰ ਸ੍ਰੀਮਤੀ ਰੀਤੂ ਬਾਲਾ ਗਰਗ (ਪ੍ਰਸਾਸਕੀ ਕਾਰਜਕਾਰੀ) ਜਾਂ ਐਸਐਸਡੀ ਗਰਲਜ ਕਾਲਜ ਦੇ ਐਚਓਡੀ ਗ੍ਰਹਿ ਵਿਗਿਆਨ ਵਿਭਾਗ ਸ੍ਰੀਮਤੀ ਨੇਹਾ ਭੰਡਾਰੀ ਨਾਲ ਵੀ ਸੰਪਰਕ ਕਰ ਸਕਦੇ ਹਨ।
ਟੀਪੀਡੀ ਮਾਲਵਾ ਕਾਲਜ ਰਾਮਪੁਰਾ ਫੂਲ ਵਿਖੇ ਅਪ੍ਰੈਂਟਿਸਸ਼ਿਪ-ਕਮ-ਪਲੇਸਮੈਂਟ ਕੈਂਪ ਦਾ ਆਯੋਜਨ
ਸੁਖਜਿੰਦਰ ਮਾਨ
ਬਠਿੰਡਾ, 28 ਅਪ੍ਰੈਲ : ਭਾਰਤ ਸਰਕਾਰ ਅਤੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੀ ਰਹਿਨੁਮਾਈ ਹੇਠ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਇਸਤਰੀਆਂ) ਰਾਮਪੁਰਾ ਫੂਲ ਅਤੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ, ਬਠਿੰਡਾ ਦੇ ਸਹਿਯੋਗ ਨਾਲ ਟੀਪੀਡੀ ਮਾਲਵਾ ਕਾਲਜ ਰਾਮਪੁਰਾ ਫੂਲ ਵਿਖੇ ਅਪ੍ਰੈਂਟਿਸਸ਼ਿਪ-ਕਮ-ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਿਧਾਇਕ ਰਾਮਪੁਰਾ ਫੂਲ ਸ਼੍ਰੀ ਬਲਕਾਰ ਸਿੰਘ ਸਿੱਧੂ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਕੈਂਪ ਦੌਰਾਨ ਵਿਧਾਇਕ ਸ਼੍ਰੀ ਬਲਕਾਰ ਸਿੰਘ ਸਿੱਧੂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਉਨ੍ਹਾਂ ਨੂੰ ਆਪਣੇ ਪੈਰਾਂ ਤੇ ਖੜ੍ਹੇ ਹੋ ਕੇ ਕਾਮਯਾਬ ਹੋਣ ਲਈ ਪ੍ਰੇਰਿਤ ਕੀਤਾ ਇਸ ਮੌਕੇ ਸੰਸਥਾ ਦੇ ਇੰਸਟ੍ਰੈਕਟਰ ਸ਼੍ਰੀ ਗੁਰਪ੍ਰੀਤ ਸਿੰਘ ਵੱਲੋਂ ਸਿਖਿਆਰਥੀਆਂ ਅਤੇ ਅਦਾਰਿਆਂ ਨਾਲ ਪੇਸ਼ਕਾਰੀ ਰਾਹੀਂ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ।ਕੈਂਪ ਦੌਰਾਨ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਓਰੋ ਬਠਿੰਡਾ ਸ਼੍ਰੀ ਤੀਰਥਪਾਲ ਸਿੰਘ ਵੱਲੋਂ ਸਿਖਿਆਰਥੀਆਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਆਪਣੇ ਆਪ ਨੂੰ ਆਨਲਾਈਨ ਰਜਿਸਟਰ ਕਰਕੇ ਰੁਜ਼ਗਾਰ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਕੈਂਪ ਵਿੱਚ ਲਗਭਗ 257 ਦੇ ਕਰੀਬ ਆਈ.ਟੀ.ਆਈ. ਪਾਸ ਆਊਟ ਸਿਖਿਆਰਥੀਆਂ ਵੱਲੋਂ ਰਜਿਸਟ੍ਰੇਸ਼ਨ ਕਰਵਾਈ ਗਈ ਅਤੇ ਵੱਖ-ਵੱਖ ਅਦਾਰਿਆਂ ਦੇ ਨੁਮਾਇੰਦਿਆਂ ਵੱਲੋਂ ਭਾਗ ਲਿਆ ਗਿਆ। ਇਸ ਮੌਕੇ ਟਰਾਈਡੈਂਟ ਗਰੁੱਪ ਬਰਨਾਲਾ ਵਲੋਂ ਵਿਸ਼ੇਸ ਤੌਰ ਉੱਤੇ ਮਕੈਨੀਕਲ ਤੇ ਇਲੈਕਟ੍ਰੀਕਲ ਆਈਟੀਆਈ ਪਾਸ ਆਊਟ ਸਿਖਿਆਰਥੀਆਂ ਦੀ ਅਪ੍ਰੈਂਟਿਸ ਵਾਸਤੇ ਚੋਣ ਕੀਤੀ ਗਈ ਅਤੇ ਲੜਕੀਆਂ ਨੂੰ ਉਨ੍ਹਾਂ ਦੀ ਟ੍ਰੇਡ ਦੇ ਮੁਤਾਬਿਕ ਪਲੇਸਮੈਂਟ ਲਈ ਚੁਣਿਆ ਗਿਆ ਇਸ ਮੌਕੇ ਪਿ੍ਰੰਸੀਪਲ ਸਰਕਾਰੀ ਆਈ.ਟੀ.ਆਈ.(ਲੜਕੀਆਂ) ਰਾਮਪੁਰਾ ਫੂਲ ਸ਼੍ਰੀਮਤੀ ਗੁਰਪ੍ਰੀਤ ਕੌਰ ਗਿੱਲ, ਪਿ੍ਰੰਸੀਪਲ ਟੀਪੀਡੀ ਮਾਲਵਾ ਕਾਲਜ ਰਾਮਪੁਰਾ ਫੂਲ ਡਾ. ਬਰਿੰਦਰ ਕੌਰ, ਸ਼੍ਰੀਮਤੀ ਮਨਦੀਪ ਕੌਰ ਸਿੱਧੂ ਅਤੇ ਸ਼੍ਰੀ ਸਰਵਣ ਸਿੰਘ ਸੰਧੂ ਤੋਂ ਇਲਾਵਾ ਟਰਾਈਡੈਂਟ ਗਰੁੱਪ ਬਰਨਾਲਾ ਦੇ ਨੁਮਾਇੰਦੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
ਡਾ. ਅੰਬੇਦਕਰ ਫਾਊਂਡੇਸਨ ਅਤੇ ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਡਾ. ਅੰਬੇਦਕਰ ਸੈਂਟਰ ਆਫ ਐਕਸੀਲੈਂਸ ਅਤੇ ਡਾ. ਅੰਬੇਦਕਰ ਚੇਅਰ ਸਥਾਪਿਤ ਕਰਨ ਲਈ ਸਮਝੌਤਾ ਸਹੀਬੱਧ ਕੀਤਾ
ਸੀਯੂਪੀਬੀ ਵਿਖੇ ਡਾ. ਅੰਬੇਦਕਰ ਸੈਂਟਰ ਆਫ ਐਕਸੀਲੈਂਸ ਦੀ ਸਥਾਪਨਾ ਨਾਲ ਯੂਨੀਵਰਸਿਟੀ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਸਿਵਲ ਸੇਵਾਵਾਂ ਪ੍ਰੀਖਿਆਵਾਂ ਲਈ ਉੱਚ ਗੁਣਵੱਤਾ ਵਾਲੀ ਮੁਫਤ ਕੋਚਿੰਗ ਸਹੂਲਤਾਂ ਪ੍ਰਦਾਨ ਕਰ ਸਕੇਗੀ – ਵਾਈਸ ਚਾਂਸਲਰ ਪ੍ਰੋ. ਆਰ.ਪੀ. ਤਿਵਾਰੀ
ਡਾ. ਅੰਬੇਦਕਰ ਚੇਅਰ ਦਾ ਉਦੇਸ ਖੋਜਾਰਥੀਆਂ ਨੂੰ ਡਾ. ਅੰਬੇਦਕਰ ਦੇ ਸਮਾਜਿਕ ਨਿਆਂ ਦੇ ਵਿਚਾਰਾਂ ਨੂੰ ਪ੍ਰਭਾਵਸਾਲੀ ਢੰਗ ਨਾਲ ਲਾਗੂ ਕਰਨ ਲਈ ਖੋਜ ਕਰਨ ਲਈ ਉਤਸਾਹਿਤ ਕਰਨਾ ਹੋਵੇਗਾ
ਸੁਖਜਿੰਦਰ ਮਾਨ
ਬਠਿੰਡਾ, 28 ਅਪਰੈਲ: ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸਕਤੀਕਰਣ ਮੰਤਰਾਲੇ ਤਹਿਤ ਇੱਕ ਖੁਦਮੁਖਤਿਆਰ ਸੰਸਥਾ ਡਾ. ਅੰਬੇਦਕਰ ਫਾਊਂਡੇਸਨ ਨੇ ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਨਾਲ ਯੂਨੀਵਰਸਿਟੀ ਵਿਖੇ ਡਾ. ਅੰਬੇਦਕਰ ਸੈਂਟਰ ਆਫ ਐਕਸੀਲੈਂਸ ਅਤੇ ਡਾ. ਅੰਬੇਦਕਰ ਚੇਅਰ ਸਥਾਪਿਤ ਕਰਨ ਲਈ ਸਮਝੌਤਾ ਸਹੀਬੱਧ ਕੀਤਾ।ਸਮਾਜਿਕ ਨਿਆਂ ਅਤੇ ਸਸਕਤੀਕਰਣ ਮੰਤਰਾਲੇ ਵਲੋਂ ਅਨੁਸੂਚਿਤ ਜਾਤੀਆਂ ਦੀ ਤਰੱਕੀ, ਸਸਕਤੀਕਰਨ ਅਤੇ ਭਲਾਈ ਲਈ ਦੇਸ ਭਰ ਵਿੱਚ ਡਾ. ਅੰਬੇਦਕਰ ਫਾਊਂਡੇਸਨ ਰਾਹੀਂ ਡਾ. ਅੰਬੇਦਕਰ ਚੇਅਰ ਅਤੇ ਡਾ. ਅੰਬੇਦਕਰ ਸੈਂਟਰ ਆਫ ਐਕਸੀਲੈਂਸ (ਡੀਏਸੀਈ) ਦੀ ਸਥਾਪਨਾ ਕੀਤੀ ਜਾ ਰਹੀ ਹੈ, ਜਿਸ ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ ਵੀ ਸ਼ਾਮਲ ਹੈ। ਕੇਂਦਰੀ ਸਮਾਜਿਕ ਨਿਆਂ ਅਤੇ ਸਸਕਤੀਕਰਣ ਮੰਤਰੀ ਅਤੇ ਡਾ. ਅੰਬੇਦਕਰ ਫਾਊਂਡੇਸਨ (ਡੀਏਐੱਫ) ਦੇ ਪ੍ਰਧਾਨ ਡਾ. ਵਰਿੰਦਰ ਕੁਮਾਰ ਨੇ ਪਿਛਲੇ ਹਫਤੇ ਬਨਾਰਸ ਹਿੰਦੂ ਯੂਨੀਵਰਸਿਟੀ ਵਿਖੇ ਆਯੋਜਿਤ ਲਾਂਚ ਈਵੈਂਟ ਦੌਰਾਨ ਦੇਸ ਦੀਆਂ 31 ਕੇਂਦਰੀ ਯੂਨੀਵਰਸਿਟੀਆਂ ਵਿੱਚ ਡੀਏਸੀਈ ਅਤੇ 24 ਯੂਨੀਵਰਸਿਟੀਆਂ/ਸੰਸਥਾਵਾਂ ਵਿੱਚ ਡਾ. ਅੰਬੇਦਕਰ ਚੇਅਰ ਸਥਾਪਿਤ ਕਰਨ ਦੀ ਸੁਰੂਆਤ ਕੀਤੀ। ਇਸ ਪ੍ਰੋਗਰਾਮ ਦੌਰਾਨ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਕੰਟਰੋਲਰ ਪ੍ਰੀਖਿਆਵਾਂ ਅਤੇ ਕਾਰਜਕਾਰੀ ਰਜਿਸਟਰਾਰ ਪ੍ਰੋ. ਬੀ. ਪੀ. ਗਰਗ ਨੇ ਡਾ. ਅੰਬੇਦਕਰ ਫਾਊਂਡੇਸਨ (ਡੀਏਐਫ) ਦੇ ਡਾਇਰੈਕਟਰ ਸ੍ਰੀ ਵਿਕਾਸ ਤਿ੍ਰਵੇਦੀ ਨਾਲ ਸਮਝੌਤੇ ‘ਤੇ ਹਸਤਾਖਰ ਕੀਤੇ।ਇਸ ਸਮਝੌਤੇ ਦੇ ਤਹਿਤ, ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂਪੀਬੀ) ਅਤੇ ਡਾ. ਅੰਬੇਦਕਰ ਫਾਊਂਡੇਸਨ (ਡੀਏਐਫ) ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਯੂਪੀਐਸਸੀ ਦੁਆਰਾ ਕਰਵਾਈਆਂ ਜਾਂਦੀਆਂ ਸਿਵਲ ਸਰਵਿਸਿਜ ਪ੍ਰੀਖਿਆ ਅਤੇ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਉੱਚ ਪੱਧਰੀ ਮੁਫਤ ਕੋਚਿੰਗ ਦੀ ਸਹੂਲਤ ਪ੍ਰਦਾਨ ਕਰਨ ਲਈ ਯੂਨੀਵਰਸਿਟੀ ਵਿਖੇ ਡਾ. ਅੰਬੇਦਕਰ ਸੈਂਟਰ ਆਫ ਐਕਸੀਲੈਂਸ (ਡੀਏਸੀਈ) ਦੀ ਸਥਾਪਨਾ ਕਰਨਗੇ। ਡੀਏਸੀਈ ਸਕੀਮ ਅਧੀਨ ਹਰੇਕ ਕੋਚਿੰਗ ਸੈਂਟਰ ਲਈ ਕੁੱਲ 100 ਸੀਟਾਂ ਮਨਜੂਰ ਕੀਤੀਆਂ ਗਈਆਂ ਹਨ। ਕੋਚਿੰਗ ਲਈ ਕੁੱਲ ਮਨਜੂਰ ਸੀਟਾਂ ਵਿੱਚੋਂ 33 ਫੀਸਦੀ ਸੀਟਾਂ ਅਨੁਸੂਚਿਤ ਜਾਤੀਆਂ ਦੀਆਂ ਯੋਗ ਮਹਿਲਾ ਉਮੀਦਵਾਰਾਂ ਨੂੰ ਤਰਜੀਹੀ ਅਧਾਰ ਤੇ ਦਿੱਤੀਆਂ ਜਾਣਗੀਆਂ। ਇਸ ਸਕੀਮ ਦੇ ਅਨੁਸਾਰ, ਡਾ. ਅੰਬੇਦਕਰ ਫਾਊਂਡੇਸਨ (ਡੀਏਐੱਫ) ਯੂਨੀਵਰਸਿਟੀ ਨੂੰ 100 ਵਿਦਿਆਰਥੀਆਂ ਨੂੰ ਕੋਚਿੰਗ ਪ੍ਰਦਾਨ ਕਰਨ ਲਈ 75,000 ਰੁਪਏ ਪ੍ਰਤੀ ਸਾਲ/ ਪ੍ਰਤੀ ਵਿਦਿਆਰਥੀ ਪ੍ਰਦਾਨ ਕਰੇਗੀ, ਯਾਨੀ ਕਿ ਹਰ ਸਾਲ ਯੂਨੀਵਰਸਿਟੀ ਨੂੰ ਕੁੱਲ 75 ਲੱਖ ਰੁਪਏ ਦੀ ਰਾਸੀ ਪ੍ਰਦਾਨ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਡਾ. ਬੀ.ਆਰ. ਅੰਬੇਦਕਰ ਦੇ ਵਿਚਾਰਾਂ ਨੂੰ ਸਮਝਣ ਅਤੇ ਲਾਗੂ ਕਰਨ ਲਈ ਉੱਚ ਪੱਧਰੀ ਖੋਜ ਕਾਰਜ ਕਰਨ ਦੇ ਮਕਸਦ ਨਾਲ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਡਾ. ਅੰਬੇਦਕਰ ਚੇਅਰ ਵੀ ਸਥਾਪਿਤ ਕੀਤੀ ਜਾਵੇਗੀ। ਇਸ ਉਦੇਸ ਨੂੰ ਪੂਰਾ ਕਰਨ ਲਈ, ਡਾ. ਅੰਬੇਦਕਰ ਫਾਊਂਡੇਸਨ ਹਰੇਕ ਡਾ. ਅੰਬੇਦਕਰ ਚੇਅਰ ਨੂੰ ਬੁਨਿਆਦੀ ਢਾਂਚਾ ਵਿਕਸਤ ਕਰਨ ਲਈ 10 ਲੱਖ ਰੁਪਏ ਦੀ ਸਥਾਪਨਾ ਗ੍ਰਾਂਟ ਅਤੇ 75 ਲੱਖ ਰੁਪਏ ਦੀ ਗ੍ਰਾਂਟ-ਇਨ-ਏਡ ਪ੍ਰਦਾਨ ਕਰੇਗੀ।ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਸਮਾਜਿਕ ਨਿਆਂ ਅਤੇ ਸਸਕਤੀਕਰਣ ਮੰਤਰਾਲੇ ਦਾ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਪੰਜਾਬ ਕੇਂਦਰੀ ਯੂਨੀਵਰਸਿਟੀ ਵਿੱਚ ਡੀਏਸੀਈ ਅਤੇ ਡਾ. ਅੰਬੇਦਕਰ ਚੇਅਰ ਦੀ ਸਥਾਪਨਾ ਸਾਡੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਸਿਵਲ ਸੇਵਾਵਾਂ ਪ੍ਰੀਖਿਆ ਪਾਸ ਕਰਨ ਦੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਦਾ ਮੌਕਾ ਪ੍ਰਦਾਨ ਕਰੇਗੀ। ਇਸ ਦੇ ਨਾਲ ਹੀ, ਇਹ ਸਕੀਮ ਅਧਿਆਪਕਾਂ ਅਤੇ ਖੋਜਾਰਥੀਆਂ ਨੂੰ ਡਾ. ਅੰਬੇਦਕਰ ਦੇ ਸਮਾਜਿਕ ਨਿਆਂ ਦੇ ਵਿਚਾਰਾਂ ਨੂੰ ਪ੍ਰਭਾਵਸਾਲੀ ਢੰਗ ਨਾਲ ਲਾਗੂ ਕਰਨ ਲਈ ਖੋਜ ਕਰਨ ਲਈ ਉਤਸਾਹਿਤ ਕਰੇਗੀ ਅਤੇ ਇੱਕ ਬਰਾਬਰੀ ਤੇ ਸਮਾਵੇਸੀ ਸਮਾਜ ਦੇ ਸੰਕਲਪ ਵਿੱਚ ਵਿਸਵਾਸ ਪੈਦਾ ਕਰਨ ਵਿੱਚ ਅਮੁੱਲ ਭੂਮਿਕਾ ਨਿਭਾਏਗੀ।
ਡੀ.ਏ.ਵੀ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਸਥਾਰ ਭਾਸ਼ਣ ਕਰਵਾਇਆ
ਸੁਖਜਿੰਦਰ ਮਾਨ
ਬਠਿੰਡਾ, 28 ਅਪਰੈਲ: ਮੈਡੀਕਲ ਖੇਤਰ ਵਿੱਚ ਭੌਤਿਕ ਵਿਗਿਆਨ ਦੀ ਮਹੱਤਤਾ ਨੂੰ ਉਜਾਗਰ ਕਰਨ ਦੇ ਉਦੇਸ ਨਾਲ ਸਥਾਨਕ ਡੀ.ਏ.ਵੀ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਨੇ ਡੀਬੀਟੀ ਸਟਾਰ ਕਾਲਜ ਯੋਜਨਾ ਤਹਿਤ ਵਿਸਥਾਰ ਭਾਸ਼ਣ ਕਰਵਾਇਆ। ਵਿਸ਼ਾ ਮਾਹਿਰ ਡਾ. ਰਾਜੀਵ ਧਵਨ, ਐਸੋਸੀਏਟ ਪ੍ਰੋਫੈਸਰ, ਰੇਡੀਓਥੈਰੇਪੀ ਵਿਭਾਗ, ਸਰਕਾਰੀ ਮੈਡੀਕਲ ਕਾਲਜ, ਅੰਮਿ੍ਰਤਸਰ ਨੇ ਮੈਡੀਕਲ ਖੇਤਰ ਵਿੱਚ ਬੁਨਿਆਦੀ ਪੱਧਰ ਤੋਂ ਲੈ ਕੇ ਉੱਨਤ ਪੱਧਰ ਤੱਕ ਦੀਆਂ ਵੱਖ-ਵੱਖ ਡਾਇਗਨੌਸਟਿਕ ਤਕਨੀਕਾਂ ਅਤੇ ਇਨ੍ਹਾਂ ਵਿਚ ਭੌਤਿਕ ਵਿਗਿਆਨ ਦੀ ਭੂਮਿਕਾ ਬਾਰੇ ਦੱਸਿਆ। ਕਾਲਜ ਪਿ੍ਰੰਸੀਪਲ ਡਾ. ਰਾਜੀਵ ਕੁਮਾਰ ਸਰਮਾ, ਡਾ. ਗੁਰਪ੍ਰੀਤ ਸਿੰਘ (ਮੁਖੀ, ਭੌਤਿਕ ਵਿਗਿਆਨ ਵਿਭਾਗ) ਅਤੇ ਡਾ. ਕੁਲਵਿੰਦਰ ਸਿੰਘ ਮਾਨ ਵਲੋਂ ਆਏ ਹੋਏ ਮਹਿਮਾਨ ਦਾ ਸਵਾਗਤ ਕੀਤਾ ਗਿਆ। ਡਾ.ਗੁਰਪ੍ਰੀਤ ਸਿੰਘ ਨੇ ਡਾ.ਰਾਜੀਵ ਧਵਨ ਦੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ। ਡਾ. ਰਾਜੀਵ ਧਵਨ ਨੇ ਕੈਂਸਰ ਦੇ ਮਰੀਜਾਂ ਲਈ ਵੱਖ-ਵੱਖ ਡਾਇਗਨੌਸਟਿਕ ਤਕਨੀਕਾਂ ਅਤੇ ਇਲਾਜ ਦੇ ਤਰੀਕਿਆਂ ਬਾਰੇ ਵਿਸਥਾਰ ਸਹਿਤ ਦੱਸਿਆ। ਉਨ੍ਹਾਂ ਨੇ ਕੀਮੋਥੈਰੇਪੀ, ਬ੍ਰੈਕੀ ਥੈਰੇਪੀ ਅਤੇ ਹੋਰ ਤਕਨੀਕਾਂ ਵਿੱਚ ਰੇਡੀਓਐਕਟਿਵ ਰੇਡੀਏਸ਼ਨ ਦੀ ਵਰਤੋਂ ਬਾਰੇ ਕਈ ਮਿੱਥਾਂ ਅਤੇ ਸੰਕਿਆਂ ਨੂੰ ਸਪੱਸਟ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਬੀ.ਐਸ.ਸੀ ਪੂਰੀ ਕਰਨ ਤੋਂ ਬਾਅਦ ਮੈਡੀਕਲ ਫਿਜਿਕਸ ਦੇ ਖੇਤਰ ਵਿੱਚ ਕੈਰੀਅਰ ਬਣਾਉਣ ਲਈ ਵੀ ਦੱਸਿਆ ਅਤੇ ਕਿਹਾ ਕਿ ਭੌਤਿਕ ਵਿਗਿਆਨ ਵਿੱਚ ਵਿਦਿਆਰਥੀਆਂ ਨੂੰ ਪਲੇਸਮੈਂਟ ਦੇ ਬਹੁਤ ਮੌਕੇ ਮਿਲਦੇ ਹਨ। ਬੀ.ਐਸ.ਸੀ. (ਮੈਡੀਕਲ ਅਤੇ ਨਾਨ-ਮੈਡੀਕਲ)ਦੇ ਵਿਦਿਆਰਥੀ ਅਤੇ ਵੱਖ-ਵੱਖ ਵਿਭਾਗਾਂ ਦੇ ਸਟਾਫ਼ ਮੈਂਬਰਾਂ ਨੇ ਇਸ ਲੈਕਚਰ ਵਿੱਚ ਬਹੁਤ ਉਤਸ਼ਾਹ ਨਾਲ ਭਾਗ ਲਿਆ। ਡਾ. ਰਾਜੀਵ ਧਵਨ ਨੇ ਭੌਤਿਕ ਵਿਗਿਆਨ ਵਿਭਾਗ ਦਾ ਦੌਰਾ ਕੀਤਾ ਅਤੇ ਪ੍ਰਯੋਗਸ਼ਾਲਾ ਵਿੱਚ ਵਿਦਿਆਰਥੀਆਂ ਨਾਲ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਭੌਤਿਕ ਵਿਗਿਆਨ ਦੀਆਂ ਧਾਰਨਾਵਾਂ ਨੂੰ ਸਮਝਣ ਲਈ ਇਸ ਨੂੰ ਵਿਹਾਰਕ ਪੱਧਰ ‘ਤੇ ਅਪਣਾਉਣ ਲਈ ਪ੍ਰੇਰਿਤ ਕੀਤਾ। ਪਿ੍ਰੰਸੀਪਲ ਡਾ. ਰਾਜੀਵ ਕੁਮਾਰ ਸਰਮਾ ਨੇ ਜਾਣਕਾਰੀ ਭਰਪੂਰ ਲੈਕਚਰ ਦੇਣ ਲਈ ਡਾ.ਰਾਜੀਵ ਧਵਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੈਮੀਨਾਰ ਡੀਬੀਟੀ ਸਟਾਰ ਕਾਲਜ ਸਕੀਮ ਦੇ ਮੂਲ ਉਦੇਸ ਨੂੰ ਪ੍ਰਾਪਤ ਕਰਨ ਲਈ ਬਹੁਤ ਹੀ ਗਿਆਨ ਭਰਪੂਰ ਅਤੇ ਲਾਭਦਾਇਕ ਹੈ। ਉਨ੍ਹਾਂ ਅਜਿਹੇ ਲੈਕਚਰ ਆਯੋਜਿਤ ਕਰਨ ਲਈ ਭੌਤਿਕ ਵਿਗਿਆਨ ਵਿਭਾਗ ਦੀ ਸਲਾਘਾ ਕੀਤੀ। ਸਟੇਜ ਸੰਚਾਲਨ ਹਰਪ੍ਰੀਤ ਕੌਰ ਬਰਾੜ ਨੇ ਕੀਤਾ। ਸਮਾਗਮ ਦੀ ਸਮਾਪਤੀ ਮੌਕੇ ਡਾ. ਕੁਲਵਿੰਦਰ ਸਿੰਘ ਮਾਨ ਨੇ ਧੰਨਵਾਦ ਕੀਤਾ। ਲੈਕਚਰ ਦੌਰਾਨ ਡਾ. ਵਿਕਾਸ ਦੁੱਗਲ ਅਤੇ ਡਾ.ਰਣਜੀਤ ਸਿੰਘ ਮਾਨ ਵੀ ਹਾਜਰ ਸਨ। ਬੰਸੀਧਰ, ਬੀ.ਐਸ.ਸੀ.ਭਾਗ ਤੀਜਾ ਦੇ ਵਿਦਿਆਰਥੀ ਨੇ ਪ੍ਰੋਗਰਾਮ ਦੌਰਾਨ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ।
ਨੌਜੁਆਨਾਂ ਨੂੰ ਸਹੀ ਰਸਤੇ ‘ਤੇ ਚਲਨ ਦੀ ਸਿੱਖ ਦਿੰਦੀ ਹੈ ਐਨਸੀਸੀ – ਮੁੱਖ ਮੰਤਰੀ
ਘਰੌਂਡਾ ਵਿਚ ਰੱਖਿਆ ਮੰਤਰਾਲੇ ਦੀ 15 ਏਕੜ ਜਮੀਨ ‘ਤੇ ਬਣੇਗੀ ਐਨਸੀਸੀ ਅਕਾਦਮੀ
ਮਿਲਟਰੀ ਇੰਜੀਨੀਅਰਿੰਗ ਸੇਵਾ ਕਰੇਗੀ ਨਿਰਮਾਣ, ਸਾਰੀ ਰਸਮੀ ਕਾਰਵਾਈਆਂ ਜਲਦੀ ਪੂਰੀਆਂ ਕੀਤੀਆਂ ਜਾਣਗੀਆਂ – ਮੁੱਖ ਮੰਤਰੀ
ਸੁਖਜਿੰਦਰ ਮਾਨ
ਚੰਡੀਗੜ੍ਹ, 27 ਅਪ੍ਰੈਲ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਕੌਮੀ ਕੈਡੇਟਸ ਕੋਰ (ਐਨਸੀਸੀ) ਨੌਜੁਆਨਾਂ ਨੂੰ ਏਕਤਾ ਤੇ ਅਨੁਸਾਸ਼ਨ ਦਾ ਪਾਠ ਪੜਾਉਂਦੀ ਹੈ ਅਤੇ ਜੀਵਨ ਦੇ ਸਹੀ ਰਸਤੇ ‘ਤੇ ਚੱਲਣ ਦੀ ਸਿਖਿਆ ਦਿੰਦੀ ਹੈ। ਹਰਿਆਣਾ ਦੇ ਨੌਜੁਆਨਾਂ ਵਿਚ ਸੇਨਾ ਵਿਚ ਜਾਣ ਦਾ ਜਜਬਾ ਪਹਿਲਾਂ ਤੋਂ ਹੀ ਹੈ ਅਤੇ ਹੁਣ ਘਰੌਂਡਾ ਵਿਚ ਬਨਣ ਵਾਲੀ ਐਨਸੀਸੀ ਅਕਾਦਮੀ ਨਾਲ ਨੌਜੁਆਨਾਂ ਨੂੰ ਇਸ ਦਿਸ਼ਾ ਵਿਚ ਅੱਗੇ ਵੱਧਣ ਦਾ ਮਜਬੂਤ ਬੁਨਿਆਦ ਮਿਲੇਗੀ। ਸਥਾਪਿਤ ਕੀਤੀ ਜਾਣ ਵਾਲੀ ਅਕਾਦਮੀ ਕੌਮੀ ਪੱਧਰ ਦੀ ਹੋਵੇਗੀ।ਮੁੱਖ ਮੰਤਰੀ ਨੇ ਘਰੌਂਡਾ ਵਿਚ ਰੱਖਿਆ ਮੰਤਰਾਲੇ ਦੀ 15 ਏਕੜ ਜਮੀਨ ਇਸ ਦੇ ਲਈ ਉਪਲਬਧ ਕਰਵਾਉਣ ਦਾ ਫੈਸਲਾ ਕੀਤਾ ਹੈ ਅਤੇ ਅਧਿਕਾਰੀਆਂ ਨੂੰ ਇਸ ਸਬੰਧ ਵਿਚ ਸਾਰੀ ਰਸਮੀ ਕਾਰਵਾਈਆਂ ਪੂਰੀਆਂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਇਸ ਦਾ ਕਾਰਜ ਜਲਦੀ ਪੂਰਾ ਕੀਤਾ ਜਾ ਸਕੇ।ਮੁੱਖ ਮੰਤਰੀ ਅੱਜ ਐਨਸੀਸੀ ਅਕਾਦਮੀ ਘਰੌਂਡਾ ਦੇ ਸਬੰਧ ਵਿਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਐਨਸੀਸੀ ਮੁੱਖ ਦਫਤਰ ਦੇ ਵਧੀਕ ਨਿਦੇਸ਼ਕ ਮੇਜਰ ਜਨਰਲ ਰਾਜੀਵ ਛਿਬੱਰ ਤੇ ਅੰਬਾਲਾ ਐਨਸੀਸੀ ਗਰੁੱਪ ਕਮਾਂਡਰ ਬਿਗ੍ਰੇਡਿਅਰ ਏ ਐਸ ਬਰਾੜ ਦੇ ਨਾਲ ਮੀਟਿੰਗ ਕਰ ਰਹੇ ਸਨ। ਮੀਟਿੰਗ ਵਿਚ ਸਿਖਿਆ ਮੰਤਰੀ ਸ੍ਰੀ ਕੰਵਰ ਪਾਲ ਅਤੇ ਘਰੌਂਡਾ ਦੇ ਵਿਧਾਇਕ ਸ੍ਰੀ ਹਰਵਿੰਦਰ ਕਲਿਆਣ ਵੀ ਮੌਜੂਦ ਸਨ।
ਅੰਬਾਲਾ ਐਨਸੀਸੀ ਗਰੁੱਪ ਕਮਾਂਡਰ ਬਿਗ੍ਰੇਡਿਅਰ ਏ ਐਸ ਬਰਾੜ ਨੇ ਮੁੱਖ ਮੰਤਰੀ ਨੂੰ ਜਾਣੁੰ ਕਰਵਾਇਆ ਕਿ ਹਰਿਆਣਾ ਵਿਚ 233 ਕਾਲਜਾਂ ਅਤੇ 397 ਸਕੂਲਾਂ ਵਿਚ ਐਨਸੀਸੀ ਦੀ ਵਿੰਗ ਸੰਚਾਲਿਤ ਹੈ। ਕੌਮੀ ਪੱਧਰ ‘ਤੇ ਐਨਸੀਸੀ ਕੈਡੇਟਸ ਦੀ ਗਿਣਤੀ 14.96 ਲੱਖ ਹੈ, ਜਦੋਂ ਹਰਿਆਣਾ ਵਿਚ ਕੈਡੇਟਸ ਦੀ ਗਿਣਤੀ 43,498 ਦੀ ਹੈ, ਜਿਸ ਵਿਚ 29, 110 ਮੁੰਡੇ ਅਤੇ 14388 ਕੁੜੀਆਂ ਹਨ। ਉਨ੍ਹਾਂ ਨੇ ਦਸਿਆ ਕਿ ਅਕਾਦਮੀ ਦਾ ਨਿਰਮਾਣ ਆਧੁਨਿਕ ਢੰਗ ਨਾਲ ਕਰਵਾਇਆ ਜਾਵੇਗਾ। ਐਨਸੀਸੀ ਮੁੱਖ ਦਫਤਰ ਵੱਲੋਂ ਹਰ ਸਾਲ 40 ਐਨਸੀਸੀ ਕੈਂਪ ਲਗਾਏ ਜਾਂਦੇ ਹਨ ਅਤੇ ਹੁਣ ਤਕ ਇਹ ਕੈਂਪ ਵੱਖ-ਵੱਖ ਸਥਾਨਾਂ ‘ਤੇ ਕਿਰਾਏ ਦੀ ਥਾਂ ‘ਤੇ ਲਗਾਏ ਜਾਂਦੇ ਸਨ ਪਰ ਹੁਣ ਅਕਾਦਮੀ ਬਨਣ ਵਿਚ ਕਿਰਾਏ ਦੇ ਇਸ ਗੈਰਜਰੂਰੀ ਖਰਚ ਵਿਚ ਬਚੱਤ ਹੋਵੇਗੀ। ਉਨ੍ਹਾਂ ਨੇ ਦਸਿਆ ਕਿ ਹਰਿਆਣਾ ਤੋਂ ਇਲਾਵਾ, ਪੰਜਾਬ ਵਿਚ 2 ਅਤੇ ਹਿਮਾਚਲ ਵਿਚ 1 ਐਨਸੀਸੀ ਅਕਾਦਮੀ ਬਣ ਰਹੀ ਹੈ। ਵਰਨਣਯੋਗ ਹੈ ਕਿ ਪਹਿਲਾਂ ਐਨਸੀਸੀ ਅਕਾਦਮੀ ਸਥਾਪਿਤ ਕਰਨ ਦੀ ਯੋਜਨਾ ਗਿਆਨਪੁਰ ਪਿੰਡ ਦੇ ਇਕ ਵਿਦਿਅਕ ਸੰਸਥਾਨ ਦੀ ਲਗਭਗ 9 ਏਕੜ ਜਮੀਨ ‘ਤੇ ਸੀ, ਜੋ ਕਿ ਕਿਸੇ ਕਾਰਨ ਵਜੋ ਪੂਰੀ ਨਹੀਂ ਹੋ ਸਕੀ ਅਤੇ ਐਨਸੀਸੀ ਮੁੱਖ ਦਫਤਰ ਲਗਭਗ 3 ਏਕੜ ਵੱਧ ਜਮੀਨ ਕੌਮੀ ਰਾਜਮਾਰਗ ‘ਤੇ ਉਪਲਬਧ ਕਰਾਉਣ ਦੀ ਮੰਗ ਹਰਿਆਣਾ ਸਰਕਾਰ ਤੋਂ ਕਰ ਰਿਹਾ ਸੀ। ਮੁੱਖ ਦਫਤਰ ਦੀ ਮੰਗ ਨੂੰ ਦੇਖਦੇ ਹੋਏ ਹੁਣ ਮੁੱਖ ਮੰਤਰੀ ਨੇ ਫੈਸਲਾ ਕੀਤਾ ਹੈ ਕਿ ਘਰੌਂਡਾ ਵਿਚ ਰੱਖਿਆ ਮੰਤਰਾਲੇ ਦੀ 17 ਏਕੜ ਤੋਂ ਵੱਧ ਖਾਲੀ ਪਈ ਜਮੀਨ ਵਿੱਚੋਂ 15 ਏਕੜ ਜਮੀਨ ਐਨਸੀਸੀ ਅਕਾਦਮੀ ਦੀ ਸਥਾਪਨਾ ਲਈ ਉਪਲਬਧ ਕਰਵਾਈ ਜਾਵੇਗੀ।ਮੀਟਿੰਗ ਵਿਚ ਸਕੂਲ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਡਾ. ਮਹਾਵੀਰ ਸਿੰਘ, ਲੋਕ ਨਿਰਮਾਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਉੱਚੇਰੀ ਸਿਖਿਆ ਵਿਭਾਗ ਦੇ ਨਿਦੇਸ਼ਕ ਰਾਜੀਵ ਰਤਨ, ਮਹਾਨਿਦੇਸ਼ਕ, ਸਕੈਂਡਰੀ ਸਿਖਿਆ ਡਾ. ਜੇ ਗਣੇਸ਼ਨ ਸਮੇਤ ਹੋਰ ਅਧਿਕਾਰੀ ਮੌਜੂਦ ਸਨ।
ਸੂਬਾ ਸਰਕਾਰ ਕੋਰੋਨਾ ਮਹਾਮਾਰੀ ਦੀ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ – ਮਨੋਹਰ ਲਾਲ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕੋਰੋਨਾ ਮਹਾਮਾਰੀ ਨੂੰ ਲੈ ਕੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਕੀਤੀ ਮੀਟਿੰਗ
ਮੁੱਖ ਮੰਤਰੀ ਨੇ ਕਿਹਾ – ਹਰਿਆਣਾ ਸਰਕਾਰ ਨੇ ਪ੍ਰੀਕਾਸ਼ਨ ਡੋਜ ਨੂੰ ਵੀ ਕੀਤਾ ਮੁਫਤ
ਸੁਖਜਿੰਦਰ ਮਾਨ
ਚੰਡੀਗੜ੍ਹ, 27 ਅਪ੍ਰੈਲ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬਾ ਕੋਰੋਨਾ ਮਹਾਮਾਰੀ ਦੀ ਹਰ ਸਥਿਤੀ ਨਾਲ ਨਜਿਠਣ ਲਈ ਪੂਰੀ ਤਰ੍ਹਾ ਨਾਲ ਤਿਆਰ ਹੈ। ਸੂਬੇ ਵਿਚ ਬਿਹਤਰ ਸਿਹਤ ਇੰਫ੍ਰਾਸਟਕਚਰ ਤਿਆਰ ਕੀਤਾ ਗਿਆ ਹੈ, ਇਸ ਦੇ ਨਾਲ-ਨਾਲ ਨਵੇਂ ਮੈਡੀਕਲ ਸਟਾਫ ਦੀ ਭਰਤੀ ਪ੍ਰਕ੍ਰਿਆ ਵੀ ਜਾਰੀ ਹੈ। ਮੁੱਖ ਮੰਤਰੀ ਅੱਜ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਵੀਡੀਓ ਕਾਨਫ੍ਰੈਸਿੰਗ ਰਾਹੀਂ ਕੋਰੋਨਾ ਮਹਾਮਾਰੀ ਨੂੰ ਲੈ ਕੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਕੀਤੀ ਗਈ ਚਰਚਾ ਦੌਰਾਨ ਬੋਲ ਰਹੇ ਸਨ। ਇਸ ਦੌਰਾਨ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਤੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਵੀ ਮੌਜੂਦ ਰਹੇ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਵਿਚ ਲਗਾਤਾਰ ਸਿਹਤ ਸੇਵਾਵਾਂ ਵਿਚ ਇਜਾਫਾ ਕੀਤਾ ਜਾ ਰਿਹਾ ਹੈ। ਕੋਰੋਨਾ ਜਾਂਚ, ਟੀਕਾਕਰਣ, ਉਪਚਾਰ, ਜਾਗਰੁਕਤਾ ਤੇ ਸਿਹਤ ਸੇਵਾਵਾਂ ਦਾ ਪ੍ਰਬੰਧਨ ਕਾਫੀ ਗਿਣਤੀ ਵਿਚ ਜਾਰੀ ਹੈ। ਪਿਛਲੇ ਇਕ ਹਫਤੇ ਤੋਂ ਦਿੱਲੀ ਨਾਲ ਲਗਦੇ ਤਿੰਨ ਜਿਲ੍ਹਿਆਂ ਵਿਚ ਕੋਰੋਨਾ ਮਰੀਜਾਂ ਦੀ ਗਿਣਤੀ ਵਿਚ ਕੁੱਝ ਇਜਾਫਾ ਹੋਇਆ ਹੈ। ਬਾਕੀ ਸੂਬੇ ਦੀ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਚਾਰ ਜਿਲ੍ਹਿਆਂ ਵਿਚ ਜੀਰੋ ਮਰੀਜ ਹਨ, ਜਦੋਂ ਕਿ ਬਾਕੀ ਬਚੇ ਜਿਲ੍ਹਿਆਂ ਵਿਚ ਮਰੀਜਾਂ ਦੀ ਗਿਣਤੀ 10 ਤੋਂ ਵੀ ਘੱਟ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਫਿਲਹਾਲ 1960 ਕਸਜਸਨਹ ਪਾਜੀਟਿਵ ਕੇਸ ਹਨ, ਇਨ੍ਹਾਂ ਵਿੱਚੋਂ 1380 ਮਰੀਜ ਗੁਰੂਗ੍ਰਾਮ ਵਿਚ, ਫਰੀਦਾਬਾਦ ਵਿਚ 463 ਅਤੇ ਸੋਨੀਪਤ ਵਿਚ 27 ਕੇਸ ਹਨ। ਪੂਰੇ ਸੂਬੇ ਵਿਚ 0.5 ਫੀਸਦੀ ਪਾਜੀਟੀਵਿਟੀ ਦਰ ਹੈ।
ਹਰਿਆਣਾ ਸਰਕਾਰ ਨੇ ਪ੍ਰੀਕਾਸ਼ਨ ਡੋਜ ਨੂੰ ਵੀ ਕੀਤਾ ਮੁਫਤ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਕੋਰੋਨਾ ਟੀਕਾਕਰਣ ਮੁਹਿੰਮ ਦੇ ਤਹਿਤ ਹਰਿਆਣਾ ਨੂੰ 4 ਕਰੋੜ 25 ਲੱਖ ਡੋਜ ਪ੍ਰਾਪਤ ਹੋਈਆਂ ਸਨ। ਇਸ ਵਿੱਚੋਂ ਪਹਿਲੀ ਡੋਜ 100 ਫੀਸਦੀ ਤੇ ਦੂਜੀ ਡੋਜ 88 ਫੀਸਦੀ ਲੋਕਾਂ ਨੂੰ ਲਗਾਈ ਜਾ ਚੁੱਕੀ ਹੈ। ਪ੍ਰੀਕਾਸ਼ਨ ਡੋਜ ਵੀ 43 ਫੀਸਦੀ ਲੋਕਾਂ ਨੂੰ ਲੱਗ ਚੁੱਕੀ ਹੈ। ਇਸ ਡੋਜ ਦੇ ਲਈ 18 ਤੋਂ 59 ਉਮਰ ਵਰਗ ਵਿਚ 250 ਰੁਪਏ ਚਾਰਜ ਰੱਖਿਆ ਗਿਆ ਸੀ, ਜਿਸ ਨੂੰ ਹਰਿਆਣਾ ਸਰਕਾਰ ਨੇ ਮੁਫਤ ਕਰਨ ਦਾ ਕੰਮ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ 15 ਤੋਂ 18 ਉਮਰ ਵਰਗ ਦੇ 72 ਫੀਸਦੀ ਨੂੰ ਪਹਿਲੀ ਡੋਜ ਜਦੋਂ ਕਿ 42 ਫੀਸਦੀ ਨੂੰ ਦੂਜੀ ਡੋਜ ਲਗਾਈ ਜਾ ਚੁੱਕੀ ਹੈ। 12 ਤੋਂ 14 ਉਮਰ ਵਰਗ ਦੇ ਵਿਦਿਆਰਥੀਆਂ ਦਾ ਵੀ 30 ਫੀਸਦੀ ਟੀਕਾਕਰਣ ਕੀਤਾ ਜਾ ਚੁੱਕਾ ਹੈ।
ਸਾਢੇ 13 ਹਜਾਰ ਤੋਂ ਵੱਧ ਕੇ 20 ਹਜਾਰ ਕੀਤੀ ਜਾਵੇਗੀ ਟੇਸਟਿੰਗ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਵਿਚ ਫਿਲਹਾਲ ਸਾਢੇ 13 ਹਜਾਰ ਕੋਰੋਨਾ ਟੇਸਟਿੰਗ ਹੋ ਰਹੀ ਹੈ, ਇਸ ਨੂੰ ਵਧਾ ਕੇ 20 ਹਜਾਰ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੀਐਮ ਕੇਅਰ ਅਤੇ ਸੀਐਸਆਰ ਫੰਡ ਤੋਂ 94 ਆਕਸੀਜਨ ਪਲਾਂਟ ਲਗਾਏ ਜਾ ਚੁੱਕੇ ਹਨ। ਸੂਬੇ ਦੇ ਹਸਪਤਾਲਾਂ ਵਿਚ 58 ਹਜਾਰ ਆਈਸੋਲੇਸ਼ਨ ਬੈਡ ਅਤੇ 15 ਹਜਾਰ ਆਕਸੀਜਨ ਬੈਡ ਮੌਜੂਦ ਹਨ। ਕੇਂਦਰ ਸਰਕਾਰ ਨੇ 602 ਕਰੋੜ ਰੁਪਏ ਜੋ ਇਸੀਆਰਪੀ ਫੰਡ ਉਪਲਬਧ ਕਰਵਾਇਆ ਸੀ, ਉਸ ਵਿੱਚੋਂ 75 ਫੀਸਦੀ ਦੀ ਵਰਤੋ ਕੀਤਾ ਜਾ ਚੁੱਕਾ ਹੈ। ਸੂਬੇ ਵਿਚ 1252 ਮੈਡੀਕਲ ਅਫਸਰਾਂ ਦੀ ਭਰਤੀ ਪ੍ਰਕ੍ਰਿਆ ਜਾਰੀ ਹੈ, 787 ਕੰਮਿਯੂਨਿਟੀ ਹੈਲਥ ਅਫਸਰਾਂ ਨੂੰ ਭਰਤੀ ਕਰ ਲਿਆ ਹੈ। ਉੱਥੇ ਪੇਂਡੂ ਖੇਤਰਾਂ ਵਿਚ ਬਣਾਈ ਗਈ 8 ਹਜਾਰ ਮਲਟੀ ਡਿਸਿਪਲਟਰੀ ਟੀਮ ਨੂੰ ਮੁੜ ਏਕਟਿਵ ਕਰ ਦਿੱਤਾ ਹੈ।
ਪ੍ਰਧਾਨ ਮੰਤਰੀ ਦੀ ਸਾਰੇ ਮੁੱਖ ਮੰਤਰੀ ਨੂੰ ਅਪੀਲ – ਹਸਪਤਾਲਾਂ ਦੀ ਫਾਇਰ ਸੇਫਟੀ ਆਡਿਟ ਕਰਵਾਉਣ
ਕੋਰੋਨਾ ਮਹਾਮਾਰੀ ਨੂੰ ਲੈ ਕੇ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਦੇ ਨਾਲ 24ਵੀਂ ਮੀਟਿੰਗ ਲੈਂਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਪਿਛਲੇ ਦੋ ਹਫਤੇ ਤੋਂ ਸੂਬਿਆਂ ਵਿਚ ਕੋਰੋਨਾ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ। ਸਾਨੂੰ ਇਸ ਦੇ ਲਈ ਸਾਵਧਾਨ ਰਹਿਣ ਦੇ ਨਾਲ-ਨਾਲ ਲਗਾਤਾਰ ਟੇਸਟਿੰਗ, ਜੀਨੋਮ ਸਿਕਵੇਂਸਿੰਗ ਅਤੇ ਕੋਰੋਨਾ ਦੇ ਅਨੁਰੂਪ ਵਿਵਹਾਰ ਸੂਬਿਆਂ ਵਿਚ ਲਾਗੂ ਕਰਨ ਦੀ ਜਰੂਰਤ ਹੈ, ਤਾਂ ਜੋ ਜਨਤਾ ਵਿਚ ਕਿਸੇ ਤਰ੍ਹਾ ਦਾ ਡਰ ਨਾ ਫੈਲੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਮਾਰੀ ਦੇ ਦੌਰ ਵਿਚ ਅਰਥਵਿਵਸਥਾ ਦੀ ਮਜਬੂਤੀ ਲਈ ਕੇਂਦਰ ਅਤੇ ਰਾਜ ਸਰਕਾਰਾਂ ਦੇ ਵਿਚ ਪਹਿਲਾਂ ਤੋਂ ਵੱਧ ਬਿਹਤਰ ਤਾਲਮੇਲ ਬਨਾਉਣ ਦੀ ਜਰੂਰਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤੇਜ ਗਰਮੀ ਵਿਚ ਜੰਗਲ, ਇਮਾਰਤਾਂ ਤੇ ਹਸਪਤਾਲਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਵੱਧ ਜਾਂਦੀਆਂ ਹਨ। ਅਜਿਹੇ ਵਿਚ ਸਾਰੇ ਸੂਬਿਆਂ ਨੂੰ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਫਾਇਰ ਸੇਫਟੀ ਆਡਿਟ ਕਰਵਾਉਣਾ ਚਾਹੀਦਾ ਹੈ ਅਤੇ ਇਮਾਰਤਾਂ ਤੇ ਹਸਪਤਾਲਾਂ ਵਿਚ ਅੱਗ ਤੋਂ ਸੁਰੱਖਿਆ ਦੇ ਪੁਖਤਾ ਇੰਤਜਾਮ ਕਰਨ ਚਾਹੀਦੇ ਹਨ।
ਮੁੱਖ ਮੰਤਰੀ ਨੇ ਦਿੱਤੇ ਹਸਪਤਾਲਾਂ ਦੀ ਫਾਇਰ ਸੇਫਟੀ ਆਡਿਟ ਦੇ ਆਦੇਸ਼
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਜਲਦੀ ਤੋਂ ਜਲਦੀ ਪੂਰੇ ਸੂਬੇ ਦੇ ਹਸਪਤਾਲਾਂ ਵਿਚ ਫਾਇਰ ਸੇਫਟੀ ਆਡਿਟ ਕਰਵਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਮੁੱਖ ਸਕੱਤਰ ਨੂੰ ਇਸ ਸਬੰਧ ਵਿਚ ਤੁਰੰਤ ਮੀਟਿੰਗ ਕਰ ਇਸ ‘ਤੇ ਅਮਲ ਕਰਨ ਦੇ ਨਿਰਦੇਸ਼ ਦਿੱਤੇ।ਇਸ ਦੌਰਾਨ ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀਐਸ ਢੇਸੀ, ਏਸੀਐਸ ਪੀਕੇ ਦਾਸ, ਰਾਜੀਵ ਅਰੋੜਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ, ਮੁੱਖ ਮੰਤਰੀ ਦੀ ਵਧੀਕ ਪ੍ਰਧਾਨ ਸਕੱਤਰ ਸ੍ਰੀਮਤੀ ਆਸ਼ਿਮਾ ਬਰਾੜ ਤੇ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀ ਮੌਜੂਦ ਰਹੇ।






