ਮਾਮਲਾ ਵਿਕਾਸ ਕਾਰਜਾਂ ਦੀਆਂ ਪੇਮੈਂਟਾਂ ਨਾ ਕਰਨ ਦਾ
ਫਰਮਾਂ ਨੂੰ ਪੇਮੈਂਟ ਕਰਨ ਤੋਂ ਬਾਅਦ ਸਰਪੰਚ ਸ਼ਾਂਤ ਹੋਇਆ
ਭੋਲਾ ਸਿੰਘ ਮਾਨ
ਮੌੜ ਮੰਡੀ,27 ਅਪ੍ਰੈਲ: ਅੱਜ ਪ੍ਰਸ਼ਾਸ਼ਨ ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਤੋਂ ਅੱਕੇ ਉਸ ਦੇ ਪਿੰਡ ਦੇ ਸਰਪੰਚ ਸਤਨਾਮ ਸਿੰਘ ਹੱਥ ’ਚ ਪੈਟਰੌਲ ਅਤੇ ਸਪਰੇ ਦੀ ਬੋਤਲ ਫੜ ਕੇ ਬੀਡੀਪੀਓ ਦਫ਼ਤਰ ਪਹੁੰਚ ਗਿਆ ਅਤੇ ਉਸ ਨੇ ਇਨਸਾਫ ਨਾ ਮਿਲਣ ਦੀ ਸੂਰਤ ਵਿਚ ਖੁਦਕੁਸ਼ੀ ਕਰਨ ਦਾ ਹਵਾਲਾ ਦਿੱਤਾ। ਭਾਵੇਂ ਪੁਲਿਸ ਨੇ ਚੌਕਸੀ ਵਰਤਦੇ ਹੋਏ ਸਰਪੰਚ ਦੇ ਹੱਥ ’ਚੋ ਪੈਟਰੌਲ ਤੇ ਸਪਰੇ ਦੀ ਬੋਤਲ ਖੋਹ ਲਈ, ਜਿਸ ਕਾਰਨ ਘਟਨਾ ਵਾਪਰਨ ਤੋਂ ਬਚਾਅ ਹੋ ਗਿਆ। ਪਰ ਦਫ਼ਤਰ ਅੱਗੇ ਧਰਨਾ ਲਗਾ ਕੇ ਸਰਪੰਚ ਨੇ ਭਗਵੰਤ ਮਾਨ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਬੇਨਕਾਬ ਕਰ ਦਿੱਤਾ ਹੈ। ਇਸ ਮੌਕੇ ਸਰਪੰਚ ਸਤਨਾਮ ਸਿੰਘ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਰੋਸ ਜਾਹਰ ਕਰਦੇ ਕਿਹਾ ਇੱਕ ਪਾਸੇ ਸਰਕਾਰ ਦਲਿਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਵੱਡੇ ਵੱਡੇ ਦਾਅਵੇ ਕਰ ਰਹੀ ਹੈ। ਦੂਜੇ ਪਾਸੇ ਹਲਕਾ ਮੌੜ ਆਪ ਦੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਆਪਣੀ ਤਾਕਤ ਦਿਖਾਉਂਦੇ ਹੋਏ ਪਿੰਡ ਦੇ ਹੀ ਦਲਿਤ ਸਰਪੰਚ ਹੋਣ ਕਰਕੇ ਉਸ ਨਾਲੋ ਮੈਂਬਰ ਤੋੜ ਕੇ ਉਸ ਦੇ ਅਧਿਕਾਰਾਂ ’ਤੇ ਡਾਕਾ ਮਾਰ ਰਿਹਾ ਹੈ। ਉਨਾਂ ਕਿਹਾ ਕਿ ਪੰਚਾਇਤ ਮੈਂਬਰਾਂ ਦੀ ਸਹਿਮਤੀ ਨਾਲ ਪਿੰਡ ਦੇ ਛੱਪੜ ਦੀ ਚਾਰਦਵਾਰੀ, ਗਲੀਆਂ ਨਾਲੀਆਂ ਅਤੇ ਬੱਸ ਸਟੈਂਡ ਦਾ ਕੰਮ ਕਰਵਾਇਆ ਗਿਆ ਸੀ। ਪ੍ਰੰਤੂ ਕੰਮ ਹੋਣ ਦੇ ਬਾਵਜੂਦ ਵੀ ਫਰਮਾਂ ਨੂੰ ਅਦਾਇਗੀ ਨਹੀ ਕੀਤੀ ਜਾ ਰਹੀ। ਜਿਸ ਕਾਰਨ ਉਕਤ ਫਰਮਾਂ ਦੇ ਮਾਲਕ ਪੇਮੈਂਟ ਲੈਣ ਲਈ ਉਸ ਦੇ ਘਰ ਗੇੜੇ ਲਗਾ ਰਹੇ ਹਨ। ਉਨਾਂ ਕਿਹਾ ਕਿ ਮੈਂ ਕਾਂਗਰਸ ਪਾਰਟੀ ਨਾਲ ਸਬੰਧਿਤ ਹਾਂ ਜਿਸ ਕਰਕੇ ਵਿਧਾਇਕ ਵੱਲੋਂ ਜਾਣ ਬੁੱਝ ਕੇ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉੱਧਰ ਮਾਮਲਾ ਵਧਦਾ ਦੇਖ ਕੇ ਡੀਐੱਸਪੀ ਮੌੜ ਪਰਮਜੀਤ ਸਿੰਘ ਸੰਧੂ ਅਤੇ ਥਾਣਾ ਮੁਖੀ ਹਰਜੀਤ ਸਿੰਘ ਮਾਨ ਪੁਲਿਸ ਪਾਰਟੀ ਸਮੇਂਤ ਮੌਕੇ ’ਤੇ ਪਹੁੰਚੇ ਅਤੇ ਸਰਪੰਚ ਸਤਨਾਮ ਸਿੰਘ ਦੀ ਬੀਡੀਪੀਓ ਮੌੜ ਰਮੇਸ਼ ਕੁਮਾਰ ਨਾਲ ਮੀਟਿੰਗ ਕਰਵਾ ਕੇ ਮਾਮਲਾ ਸ਼ਾਂਤ ਕਰ ਦਿੱਤਾ। ਜਿਸ ਤੋਂ ਬਾਅਦ ਵੱਖ ਵੱਖ ਫਰਮਾਂ ਨੂੰ ਦੋ ਲੱਖ ਰੁਪਏ ਦੀ ਅਦਾਇਗੀ ਕਰ ਦਿੱਤੀ ਗਈ ਅਤੇ ਬਾਕੀ ਪੇਮੈਂਟ ਕੱਲ ਤੱਕ ਕਰਨ ਦਾ ਭਰੋਸਾ ਦਿੱਾਤ।
ਇਸ ਸਬੰਧੀ ਜਦੋਂ ਬੀਡੀਪੀਓ ਮੌੜ ਰਮੇਸ਼ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਡੀਡੀਪੀਓ ਬਠਿੰਡਾਂ ਨੂੰ ਪਿੰਡ ਮਾਈਸਰਖਾਨਾ ਦੇ ਵਿਕਾਸ ਕਾਰਜਾਂ ਦੀਆਂ ਪੇਮੈਂਟਾਂ ਕਰਨ ਲਈ ਲਿਖ ਕੇ ਭੇਜਿਆ ਹੈ ਅਤੇ ਅਧਿਕਾਰ ਮਿਲਣ ਤੋਂ ਬਾਅਦ ਅਦਾਇਗੀ ਕਰ ਦਿੱਤੀ ਜਾਵੇਗੀ।
ਇਸ ਮਾਮਲੇ ਸਬੰਧੀ ਜਦੋਂ ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਹਨਾਂ ਵਾਰ ਵਾਰ ਮੋਬਾਇਲ ਕਰਨ ’ਤੇ ਵੀ ਫੋਨ ਰਸੀਵ ਕਰਨਾ ਮੁਨਾਸਿਬ ਨਹੀ ਸਮਝਿਆ। ਪਰ ਵਿਧਾਇਕ ਦੇ ਸਿਆਸੀ ਸਕੱਤਰ ਰਣਜੀਤ ਸਿੰਘ ਮਠਾੜੂ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਸਾਨੂੰ ਕੋਈ ਜਾਣਕਾਰੀ ਨਹੀ ।
ਆਪ ਦੇ ਵਿਧਾਇਕ ਤੋਂ ਅੱਕਿਆ ਸਰਪੰਚ ਪੈਟਰੌਲ ਅਤੇ ਸਪਰੇ ਦੀ ਬੋਤਲ ਲੈ ਕੇ ਬੀਡੀਪੀਓ ਦਫ਼ਤਰ ਪਹੁੰਚਿਆ
ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪ੍ਰਾਹੁਣਚਾਰੀ ਵਿਭਾਗ ਦੇ ਕੰਮਕਾਜ ਦਾ ਲਿਆ ਜਾਇਜ਼ਾ
ਗੁਣਵੱਤਾ, ਕੁਸ਼ਲਤਾ ਅਤੇ ਮਜ਼ਬੂਤ ਬੁਨਿਆਦੀ ਢਾਂਚੇ ‘ਤੇ ਦਿੱਤਾ ਜ਼ੋਰ
10ਵੀਂ, 6ਵੀਂ ਅਤੇ ਤੀਜੀ ਮੰਜ਼ਿਲ ਦੀਆਂ ਕੰਟੀਨਾਂ ਦਾ ਕੀਤਾ ਦੌਰਾ
ਪ੍ਰਾਹੁਣਚਾਰੀ ਵਿਭਾਗ ਨੂੰ 11ਵੀਂ ਮੰਜ਼ਿਲ ਦੀ ਕੰਟੀਨ ਲਈ ਏਅਰ ਕੰਡੀਸ਼ਨ ਸਟੈਂਡਿੰਗ ਸਹੂਲਤ ਯਕੀਨੀ ਬਣਾਉਣ ਦੇ ਨਿਰਦੇਸ਼
ਸੁਖਜਿੰਦਰ ਮਾਨ
ਚੰਡੀਗੜ੍ਹ, 27 ਅਪ੍ਰੈਲ: ਪ੍ਰਾਹੁਣਚਾਰੀ ਵਿਭਾਗ ਦੀ ਗੁਣਵੱਤਾ, ਕੁਸ਼ਲਤਾ, ਉਪਯੋਗਤਾ ਨੂੰ ਹੋਰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਪੰਜਾਬ ਦੇ ਟਰਾਂਸਪੋਰਟ ਅਤੇ ਪ੍ਰਾਹੁਣਚਾਰੀ ਮੰਤਰੀ ਸ੍ਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਪ੍ਰਾਹੁਣਚਾਰੀ ਵਿਭਾਗ ਦੇ ਪ੍ਰਬੰਧਕੀ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਮੰਤਰੀ ਨੇ ਵਿਸ਼ੇਸ਼ ਤੌਰ ‘ਤੇ ਪੰਜਾਬ ਭਵਨ ਅਤੇ ਪੰਜਾਬ, ਚੰਡੀਗੜ੍ਹ ਤੇ ਸ਼ਿਮਲਾ ਦੇ ਸਰਕਟ ਹਾਊਸਾਂ ਦੇ ਹਾਲਤ ਦਾ ਜਾਇਜ਼ਾ ਲਿਆ ਅਤੇ ਸੁਧਾਰ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਕੀਤੀ। ਮੰਤਰੀ ਨੇ ਇਸ ਗੱਲ ‘ਤੇ ਵੀ ਚਿੰਤਾ ਜ਼ਾਹਰ ਕੀਤੀ ਕਿ ਸਰਕਟ ਹਾਊਸ ਗੁਰਦਾਸਪੁਰ ਦੀ ਇਮਾਰਤ ਅਤੇ ਸਾਜੋ-ਸਮਾਨ ਵਿੱਚ ਕੀਤੇ ਵੱਡੇ ਨਿਵੇਸ਼ ਦੇ ਬਾਵਜੂਦ ਇਸ ਨੂੰ ਕਾਰਜਸ਼ੀਲ ਨਹੀਂ ਕੀਤਾ ਗਿਆ ਅਤੇ ਇਸ ਨੂੰ ਜਲਦ ਤੋਂ ਜਲਦ ਕਾਰਜਸ਼ੀਲ ਕਰਨ ਲਈ ਜ਼ਰੂਰੀ ਲੋੜਾਂ ਸਮੇਤ ਕਾਰਨਾਂ ਬਾਰੇ ਰਿਪੋਰਟ ਦੀ ਮੰਗ ਕੀਤੀ। ਮੰਤਰੀ ਵੱਲੋਂ ਇਹ ਵੀ ਨੋਟਿਸ ਗਿਆ ਕਿ ਸਿਡਰ ਹਾਊਸ ਸ਼ਿਮਲਾ ਦੀ ਲੰਬੇ ਸਮੇਂ ਤੋਂ ਮੁਰੰਮਤ ਚੱਲ ਰਹੀ ਹੈ ਅਤੇ ਇਹ ਅਜੇ ਵੀ ਮੁਕੰਮਲ ਨਹੀਂ ਹੋਈ। ਇਸ ਲਈ, ਡਾਇਰੈਕਟਰ ਪ੍ਰਾਹੁਣਚਾਰੀ ਨੂੰ ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਤੋਂ ਸਥਿਤੀ ਰਿਪੋਰਟ ਪ੍ਰਾਪਤ ਕਰਨ ਲਈ ਕਿਹਾ ਗਿਆ। ਇਸ ਤੋਂ ਇਲਾਵਾ ਸਿਡਰ ਰੈਸਟ ਹਾਊਸ ਸ਼ਿਮਲਾ ਦੀ ਵਾਧੂ ਜ਼ਮੀਨ ‘ਤੇ ਨਵੇਂ ਵਾਧੂ ਗੈਸਟ ਰੂਮ ਕੰਪਲੈਕਸ ਦੇ ਨਿਰਮਾਣ ਦੀ ਸੰਭਾਵਨਾ ਬਾਰੇ ਰਿਪੋਰਟ ਵੀ ਮੰਗੀ ਗਈ। ਮੰਤਰੀ ਨੇ ਅੱਗੇ ਕਿਹਾ ਕਿ ਕੁਝ ਸਰਕਟ ਹਾਊਸ ਸੰਪਤੀਆਂ ਨੂੰ ਪੀਪੀਪੀ ਮਾਡਲ ਤਹਿਤ ਲਿਆਉਣ ਦੇ ਵਿਚਾਰ ਲਈ ਸੰਕਲਪ ਅਤੇ ਲੌਜਿਸਟਿਕਸ ਵੀ ਇਸ ਦੀ ਕਾਰਜਸ਼ੀਲਤਾ ਜਾਂ ਸਮੀਖਿਆ ਦਾ ਕਾਰਨ ਹੋ ਸਕਦਾ ਹੈ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ 1992-95 ਦੌਰਾਨ ਉਸਾਰੇ ਗਏ ਸਰਕਟ ਹਾਊਸ ਅੰਮ੍ਰਿਤਸਰ ਦੀ ਸੁਰੱਖਿਅਤ ਇਮਾਰਤ ਨੂੰ ਢਾਹੁਣ ਲਈ ਵੱਖਰੀ ਰਿਪੋਰਟ ਦੀ ਮੰਗ ਕੀਤੀ ਅਤੇ ਇਸ ਗੱਲ ਦੀ ਮੰਗ ਕੀਤੀ ਕਿ ਢਾਹੁਣ ਸਮੇਂ ਇਮਾਰਤ ਨੂੰ ਸੁਰੱਖਿਅਤ ਅਤੇ ਵਰਤੋਂ ਯੋਗ ਮੰਨਿਆ ਗਿਆ ਸੀ, ਇਸਦੇ ਬਾਵਜੂਦ ਵੀ ਇਮਾਰਤ ਨੂੰ ਕਿਉਂ ਢਾਹਿਆ ਗਿਆ? ਇਮਾਰਤ ਨੂੰ ਢਾਹੁਣ, ਨਵੀਂ ਇਮਾਰਤ ਦੀ ਉਸਾਰੀ ਅਤੇ ਇੱਕ ਨਿੱਜੀ ਕਾਰੋਬਾਰੀ ਕੰਪਨੀ ਨੂੰ ਲੰਬੇ ਸਮੇਂ ਲਈ ਕਿਰਾਏ ‘ਤੇ ਸੌਂਪਣ ਪਿੱਛੇ ਕੀ ਉਦੇਸ਼ ਸਨ? ਹੈਰੀਟੇਜ ਬਿਲਡਿੰਗ ਕੰਪਲੈਕਸ ਅੰਮ੍ਰਿਤਸਰ ਨੂੰ ਪ੍ਰਾਹੁਣਚਾਰੀ ਵਿਭਾਗ ਨੇ ਆਪਣੇ ਕੋਲ ਰੱਖਣਾ ਸੀ ਅਤੇ ਉਸ ਨੂੰ ਵੀ ਪ੍ਰਾਈਵੇਟ ਏਜੰਸੀ ਨੂੰ ਸੌਂਪਣ ਪਿੱਛੇ ਕੀ ਕਾਰਨ ਸਨ? ਇਸ ਤੋਂ ਇਲਾਵਾ ਅਧਿਕਾਰੀਆਂ ਤੋਂ ਸਾਰੇ ਸਰਕਟ ਹਾਊਸਾਂ ਦੇ ਕੰਮਕਾਜ, ਕਥਿਤ ਤੌਰ ‘ਤੇ ਉਨ੍ਹਾਂ ਨੂੰ ਪੀਪੀ ਮਾਡਲ ਅਧੀਨ ਲਿਆਉਣ ਦੀ ਪ੍ਰਕਿਰਿਆ ਅਧੀਨ ਉਨ੍ਹਾਂ ਦੀ ਸਥਿਤੀ ਬਾਰੇ ਵਿਸ਼ੇਸ਼ ਰਿਪੋਰਟ ਵੀ ਮੰਗ ਕੀਤੀ ਗਈ। ਇਸ ਮੌਕੇ ਮੰਤਰੀ ਨੇ ਅਧਿਕਾਰੀਆਂ ਨਾਲ ਪੰਜਾਬ ਸਿਵਲ ਸਕੱਤਰੇਤ-1 ਦੀ 10ਵੀਂ, 6ਵੀਂ ਅਤੇ ਤੀਸਰੀ ਮੰਜ਼ਿਲ ‘ਤੇ ਸਥਿਤ ਕੰਟੀਨ ਕੰਪਲੈਕਸ ਦਾ ਵੀ ਦੌਰਾ ਕੀਤਾ ਤਾਂ ਜੋ ਇਥੇ ਖਾਣ-ਪੀਣ ਵਾਲੇ ਕਰਮਚਾਰੀਆਂ ਵੱਲੋਂ ਦਿੱਤੇ ਸੁਝਾਵਾਂ ਅਤੇ ਪ੍ਰਾਹੁਣਚਾਰੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਪ੍ਰਸਤਾਵਿਤ ਸੁਝਾਵਾਂ ਅਨੁਸਾਰ ਇਹਨਾਂ ਕੰਟੀਨਾਂ ਦੇ ਕੰਮਕਾਜ, ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਅਤੇ ਵਾਤਾਵਰਣ ਨੂੰ ਬਿਹਤਰ ਬਣਾਇਆ ਜਾ ਸਕੇ। ਮੰਤਰੀ ਨੂੰ ਇਹ ਵੀ ਦੱਸਿਆ ਗਿਆ ਕਿ ਕੰਟੀਨ ਦੀ ਇਮਾਰਤ ਦੀ ਮੁਰੰਮਤ ਦਾ ਕੰਮ ਜਨਰਲ ਪ੍ਰਸ਼ਾਸਨ ਵੱਲੋਂ ਏ.ਡੀ.ਓ.-1 ਦੇ ਤਾਲਮੇਲ ਨਾਲ ਸ਼ੁਰੂ ਕੀਤਾ ਗਿਆ ਸੀ ਪਰ ਯੂ.ਟੀ. ਪ੍ਰਸ਼ਾਸਨ, ਹੈਰੀਟੇਜ ਦਿਸ਼ਾ-ਨਿਰਦੇਸ਼ਾਂ ਵੱਲੋਂ ਲਗਾਈਆਂ ਕੁਝ ਰੋਕਾਂ ਕਾਰਨ ਮੁਰੰਮਤ ਦਾ ਕੰਮ ਮੁਲਤਵੀ ਕਰ ਦਿੱਤਾ ਗਿਆ ਸੀ ਪਰ ਕੰਟੀਨ ਵਿੱਚ ਸੰਭਾਵੀ ਸੁਧਾਰਾਂ ਲਈ ਸੰਸ਼ੋਧਿਤ ਯੋਜਨਾ ਅਜੇ ਤੱਕ ਨਹੀਂ ਬਣੀ। ਮੰਤਰੀ ਨੇ ਡਾਇਰੈਕਟਰ ਪ੍ਰਾਹੁਣਚਾਰੀ ਨੂੰ ਸਥਿਤੀ ਦੀ ਰਿਪੋਰਟ ਪ੍ਰਾਪਤ ਕਰਨ ਅਤੇ ਫਿਲਹਾਲ 11ਵੀਂ ਮੰਜ਼ਿਲ ਦੀ ਕੰਟੀਨ ਲਈ ਏਅਰ ਕੰਡੀਸ਼ਨ (ਸਟੈਂਡਿੰਗ) ਸਹੂਲਤ ਦਾ ਪ੍ਰਬੰਧ ਕਰਨ ਦੀ ਸਲਾਹ ਦਿੱਤੀ। ਪ੍ਰਾਹੁਣਚਾਰੀ ਵਿਭਾਗ ਦੇ ਅਧਿਕਾਰੀਆਂ ਨੇ ਗੁਣਾਤਮਕ ਨਜ਼ਰੀਏ ਤੋਂ ਪ੍ਰਾਹੁਣਚਾਰੀ ਸੇਵਾਵਾਂ ਵਿੱਚ ਹੋਰ ਸੁਧਾਰ ਕਰਨ ਲਈ ਕੋਈ ਕਸਰ ਬਾਕੀ ਨਾ ਛੱਡਣ ਦਾ ਭਰੋਸਾ ਦਿੱਤਾ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਜਨਰਲ ਪ੍ਰਸ਼ਾਸਨ – ਪ੍ਰੋਟੋਕੋਲ ਰਜਤ ਅਗਰਵਾਲ, ਲੋਕ ਸੰਪਰਕ ਅਤੇ ਪ੍ਰਾਹੁਣਚਾਰੀ ਵਿਭਾਗ ਦੇ ਡਾਇਰੈਕਟਰ ਡਾ. ਸੁਮੀਤ ਜਾਰੰਗਲ, ਪ੍ਰਾਹੁਣਚਾਰੀ ਵਿਭਾਗ ਦੇ ਸੰਯੁਕਤ ਡਾਇਰੈਕਟਰ ਨਿਰਮਲ ਸਿੰਘ ਸੰਧੂ ਅਤੇ ਪ੍ਰਾਹੁਣਚਾਰੀ ਵਿਭਾਗ ਦੇ ਚਾਰ ਸਹਾਇਕ ਡਾਇਰੈਕਟਰ ਹਰਜਿੰਦਰ ਸਿੰਘ, ਆਰ.ਐਲ ਚੋਪੜਾ, ਸੁਸ਼ੀਲ ਕੁਮਾਰ, ਕੁਲਵੰਤ ਸਿੰਘ ਸਮੇਤ ਐਮ.ਟੀ.ਐਂਡ.ਐਚ ਸੰਦੀਪ ਪੁਰੀ ਦੇ ਓ.ਐਸ.ਡੀ. ਮੌਜੂਦ ਸਨ।
ਬ੍ਰਮ ਸ਼ੰਕਰ ਜਿੰਪਾ ਵੱਲੋਂ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਸਾਰੇ ਨਾਜਾਇਜ਼ ਮੋਘੇ ਬੰਦ ਕਰਨ ਦੇ ਹੁਕਮ
ਜਲ ਸਰੋਤ ਮੰਤਰੀ ਨੇ ਅਧਿਕਾਰੀਆਂ ਨੂੰ ਅਰਨੀਵਾਲਾ ਸਮੇਤ ਸੱਤ ਮਾਈਨਰਾਂ ਦੀ ਸਫ਼ਾਈ ਯਕੀਨੀ ਬਣਾਉਣ ਲਈ ਕਿਹਾ
ਸੁਖਜਿੰਦਰ ਮਾਨ
ਚੰਡੀਗੜ੍ਹ, 27 ਅਪ੍ਰੈਲ: ਸੂਬੇ ਵਿੱਚ ਟੇਲਾਂ ਵਾਲੇ ਖੇਤਾਂ ਤੱਕ ਨਹਿਰੀ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਨਹਿਰਾਂ ਤੇ ਮਾਈਨਰਾਂ ਵਿੱਚ ਕੁੱਝ ਕਿਸਾਨਾਂ ਵੱਲੋਂ ਬਣਾਏ ਗਏ ਨਾਜਾਇਜ਼ ਮੋਘੇ ਬੰਦ ਕਰਨ ਤੋਂ ਇਲਾਵਾ ਭੰਨੇ-ਤੋੜੇ ਮੋਘਿਆਂ ਦੀ ਤੁਰੰਤ ਮੁਰੰਮਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਹਦਾਇਤਾਂ ਕੈਬਨਿਟ ਮੰਤਰੀ ਨੇ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ-1 ਵਿਖੇ ਉਨ੍ਹਾਂ ਖੇਤਰਾਂ ਦੇ ਵਿਧਾਇਕਾਂ ਨਾਲ ਮੀਟਿੰਗ ਦੌਰਾਨ ਦਿੱਤੀਆਂ ਜਿਹੜੇ ਇਲਾਕਿਆਂ ਵਿੱਚ ਟੇਲਾਂ ਉਤੇ ਨਹਿਰੀ ਪਾਣੀ ਦੀ ਸਮੱਸਿਆ ਆਉਂਦੀ ਹੈ। ਇਸ ਮੀਟਿੰਗ ਵਿੱਚ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਕੰਬੋਜ ਗੋਲਡੀ, ਖੇਮਕਰਨ ਤੋਂ ਵਿਧਾਇਕ ਸਰਵਣ ਸਿੰਘ ਧੁੰਨ ਅਤੇ ਫਾਜ਼ਿਲਕਾ ਤੋਂ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਹਾਜ਼ਰ ਸਨ।ਉਨ੍ਹਾਂ ਨੇ ਅਧਿਕਾਰੀਆਂ ਨੂੰ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਭੰਨੇ-ਤੋੜੇ ਮੋਘਿਆਂ ਦੀ ਮੁਰੰਮਤ ਕਰਨ ਅਤੇ ਮਾਈਨਰਾਂ/ਰਜਬਾਹਿਆਂ ਦੀ ਸਫ਼ਾਈ ਤੇ ਮੁਰੰਮਤ ਦੇ ਕੰਮ ਨੂੰ ਮੁਕੰਮਲ ਕਰਨ ਲਈ ਵੀ ਕਿਹਾ।ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਅਧਿਕਾਰੀਆਂ ਨੂੰ ਅਰਨੀਵਾਲਾ, ਭਾਗਸਰ, ਲਾਧੂਕਾ, ਮਮਦੋਟ, ਲਕਸ਼ਮਣ, ਬਰਕਤਵਾਹ ਅਤੇ ਸਾਈਜ਼ਵਾਹ ਮਾਈਨਰ ਦੀ ਮੁਰੰਮਤ/ਸਫ਼ਾਈ ਦਾ ਕੰਮ ਜਲਦ ਤੋਂ ਜਲਦ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਤਾਂ ਜੋ ਕਿਸਾਨਾਂ ਨੂੰ ਝੋਨੇ ਦੀ ਲਵਾਈ ਵਿੱਚ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।ਨਹਿਰੀ ਪਾਣੀ ਦੀ ਚੋਰੀ ਸਬੰਧੀ ਰਿਪੋਰਟਾਂ ਦਾ ਸਖ਼ਤ ਨੋਟਿਸ ਲੈਂਦਿਆਂ ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਗ਼ੈਰ-ਕਾਨੂੰਨੀ ਵਰਤਾਰੇ ਨੂੰ ਰੋਕਣ ਲਈ ਅਚਨਚੇਤ ਨਿਰੀਖਣ ਕਰਨ ਤਾਂ ਜੋ ਟੇਲਾਂ ਵਾਲੇ ਕਿਸਾਨਾਂ ਨੂੰ ਵੀ ਨਹਿਰੀ ਪਾਣੀ ਦਾ ਬਣਦਾ ਹਿੱਸਾ ਮਿਲ ਸਕੇ। ਮੀਟਿੰਗ ਵਿੱਚ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ, ਮੁੱਖ ਇੰਜਨੀਅਰ ਨਹਿਰਾਂ ਸ੍ਰੀ ਈਸ਼ਵਰ ਗੋਇਲ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
ਕੋਵਿਡ-19 ਮਹਾਂਮਾਰੀ ਦੀ ਨਵੀਂ ਲਹਿਰ ਨਾਲ ਨਜਿੱਠਣ ਲਈ ਪੰਜਾਬ ਪੂਰੀ ਤਰ੍ਹਾਂ ਤਿਆਰ-ਭਗਵੰਤ ਮਾਨ
ਪ੍ਰਧਾਨ ਮੰਤਰੀ ਦੀ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਹੋਈ ਸਮੀਖਿਆ ਮੀਟਿੰਗ ਵਿੱਚ ਕੀਤੀ ਸ਼ਿਰਕਤ
ਪੰਜਾਬ ਵਿਚ ਸਥਿਤੀ ਕਾਬੂ ਹੇਠ-ਮੁੱਖ ਮੰਤਰੀ
ਸੁਖਜਿੰਦਰ ਮਾਨ
ਚੰਡੀਗੜ੍ਹ, 27 ਅਪ੍ਰੈਲ: ਕੋਵਿਡ-19 ਦੀ ਨਵੀਂ ਲਹਿਰ ਦੇ ਵਧ ਰਹੇ ਖ਼ਤਰੇ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਵਧਦੇ ਮਾਮਲਿਆਂ ਨਾਲ ਨਜਿੱਠਣ ਲਈ ਸੂਬਾ ਪੂਰੀ ਤਰ੍ਹਾਂ ਤਿਆਰ ਹੈ।ਕੋਵਿਡ-19 ਦੇ ਕੇਸਾਂ ਵਿੱਚ ਵਾਧੇ ਨੂੰ ਵੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੁਲਾਈ ਗਈ ਮੁੱਖ ਮੰਤਰੀਆਂ ਦੀ ਵਰਚੁਅਲ ਮੀਟਿੰਗ ਵਿੱਚ ਸ਼ਿਰਕਤ ਕਰਦਿਆਂ ਭਗਵੰਤ ਮਾਨ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਪੰਜਾਬ ਨੇ ਕੋਵਿਡ ਮਹਾਂਮਾਰੀ ਦੀ ਨਵੀਂ ਲਹਿਰ ਨਾਲ ਨਜਿੱਠਣ ਲਈ ਕਾਰਗਰ ਪ੍ਰਣਾਲੀ ਵਿਕਸਿਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਪਹਿਲਾਂ ਹੀ ਕੋਵਿਡ ਮਾਮਲਿਆਂ ਦੇ ਵਾਧੇ ਨਾਲ ਨਜਿੱਠਣ ਲਈ ਲੋੜੀਂਦੇ ਸਾਰੇ ਸਾਧਨ ਉਪਲਬਧ ਹਨ ਅਤੇ ਪੰਜਾਬ ਵਿੱਚ ਸਥਿਤੀ ਕਾਬੂ ਹੇਠ ਹੈ ਅਤੇ ਲੋਕਾਂ ਦੀਆਂ ਕੀਮਤੀ ਜਾਨਾਂ ਦੀ ਰਾਖੀ ਲਈ ਹਰ ਸੰਭਵ ਕਦਮ ਚੁੱਕੇ ਜਾਣਗੇ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬੇ ਦੇ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼, ਜੋ ਕਿ ਅਸਲ ਕੋਰੋਨਾ ਯੋਧੇ ਹਨ, ਕੋਵਿਡ ਮਹਾਂਮਾਰੀ ਦੇ ਕਿਸੇ ਵੀ ਵਾਧੇ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਕੌਮੀ ਪੱਧਰ ਉਤੇ 87 ਫ਼ੀਸਦ ਦੇ ਮੁਕਾਬਲੇ ਸੂਬੇ ਦੀ 97 ਫ਼ੀਸਦ ਆਬਾਦੀ ਨੂੰ ਕੋਵਿਡ ਟੀਕਾਕਰਨ ਦੀ ਪਹਿਲੀ ਖੁਰਾਕ ਅਤੇ 76 ਫ਼ੀਸਦ ਲੋਕਾਂ ਨੂੰ ਦੂਜੀ ਖੁਰਾਕ ਦਿੱਤੀ ਜਾ ਚੁੱਕੀ ਹੈ ਅਤੇ ਮਹਾਂਮਾਰੀ ਦਾ ਸਾਹਮਣਾ ਕਰਨ ਲਈ 5.11 ਲੱਖ ਲੋਕਾਂ ਨੂੰ ਬੂਸਟਰ ਡੋਜ਼ ਵੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਸੂਬੇ ਵਿੱਚ ਬਹੁਤ ਘੱਟ ਕੇਸ (ਸਿਰਫ਼ 176 ਸਰਗਰਮ ਕੇਸ) ਹਨ ਅਤੇ ਰੋਜ਼ਾਨਾ ਔਸਤਨ 25 ਕੇਸ ਆ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਕੋਈ ਮਰੀਜ਼ ਗੰਭੀਰ ਹਾਲਤ ਵਿੱਚ ਨਹੀਂ ਹੈ ਅਤੇ ਨਾ ਹੀ ਕੋਈ ਮਰੀਜ਼ ਆਈ.ਸੀ.ਯੂ. ਵਿੱਚ ਭਰਤੀ ਹੈ ਅਤੇ ਸੂਬੇ ਵਿੱਚ ਲੈਵਲ ਦੋ ਦੇ ਸਿਰਫ਼ 6 ਕੇਸ ਹਨ।ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸਾਧਨਾਂ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਦੁਹਰਾਇਆ ਕਿ ਸੂਬਾ ਸਰਕਾਰ ਕੋਵਿਡ-19 ਦੀ ਸੰਭਾਵਿਤ ਚੌਥੀ ਜਾਂ ਅਗਲੀ ਲਹਿਰ ਨੂੰ ਰੋਕਣ ਲਈ ਸਾਰੇ ਲੋੜੀਂਦੇ ਪ੍ਰਬੰਧ ਕਰਨ ਲਈ ਪਾਬੰਦ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਕੋਵਿਡ ਸਥਿਤੀ ਉਤੇ ਨਿਰੰਤਰ ਨਿਗਰਾਨੀ ਰੱਖੀ ਜਾ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚ ਪਹਿਲਾਂ ਹੀ ਲੋੜੀਂਦੀ ਗਿਣਤੀ ਵਿੱਚ ਬੈੱਡ ਉਪਲਬਧ ਹਨ ਅਤੇ ਸੂਬਾ ਕੋਵਿਡ ਕੇਸਾਂ ਵਿੱਚ ਵਾਧੇ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਹੈ।ਮੁੱਖ ਮੰਤਰੀ ਨੇ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਵਿਖੇ 1236 ਬੈੱਡ, ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਵਿਖੇ 1450 ਬੈੱਡ ਅਤੇ ਸਰਕਾਰੀ ਮੈਡੀਕਲ ਕਾਲਜ, ਫਰੀਦਕੋਟ ਵਿਖੇ 1025 ਬੈੱਡ ਦੀ ਵਿਵਸਥਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ, ਪਟਿਆਲਾ ਅਤੇ ਫਰੀਦਕੋਟ ਵਿਖੇ ਕ੍ਰਮਵਾਰ 360, 560 ਅਤੇ 400 ਆਕਸੀਜਨ ਬੈੱਡ ਮੌਜੂਦ ਹਨ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਅੰਮ੍ਰਿਤਸਰ ਵਿਚ 280 ਆਈ.ਸੀ.ਯੂ. ਬੈੱਡ ਹਨ ਅਤੇ ਪਟਿਆਲਾ ਵਿਚ ਅਜਿਹੇ 280 ਬੈੱਡ ਹਨ ਜਦਕਿ ਅੰਮ੍ਰਿਤਸਰ ਵਿਚ 165 ਕੋਵਿਡ ਵੈਂਟੀਲੇਟਰ ਬੈੱਡ, ਪਟਿਆਲਾ ਵਿਚ 96 ਅਤੇ ਫਰੀਦਕੋਟ ਵਿਚ 141 ਵੈਂਟੀਲੇਟਰ ਬੈੱਡ ਮੌਜੂਦ ਹਨ।ਇਸ ਮੌਕੇ ਸਿਹਤ ਮੰਤਰੀ ਡਾ. ਵਿਜੇ ਸਿੰਗਲਾ, ਮੁੱਖ ਸਕੱਤਰ ਅਨਿਰੁਧ ਤਿਵਾੜੀ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਣੂ ਪ੍ਰਸਾਦ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਦਿੱਲੀ ਕੌਮਾਂਤਰੀ ਹਵਾਈ ਅੱਡੇ ਤੱਕ ਪੰਜਾਬ ਸਰਕਾਰ ਦੀ ਬੱਸ ਸੇਵਾ ਛੇਤੀ ਹੋਵੇਗੀ ਸ਼ੁਰੂ: ਲਾਲਜੀਤ ਸਿੰਘ ਭੁੱਲਰ
ਪੰਜਾਬ ਦੇ ਟਰਾਂਸਪੋਰਟ ਸਕੱਤਰ ਵੱਲੋਂ ਦਿੱਲੀ ਸਰਕਾਰ ਦੇ ਹਮਰੁਤਬਾ ਅਧਿਕਾਰੀ ਅਤੇ ਦਿੱਲੀ ਕੌਮਾਂਤਰੀ ਹਵਾਈ ਅੱਡੇ ਦੇ ਅਧਿਕਾਰੀਆਂ ਨਾਲ ਵਿਸਥਾਰਤ ਮੀਟਿੰਗ
ਸੁਖਜਿੰਦਰ ਮਾਨ
ਚੰਡੀਗੜ੍ਹ, 27 ਅਪ੍ਰੈਲ: ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਦੱਸਿਆ ਕਿ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੱਕ ਪੰਜਾਬ ਸਰਕਾਰ ਦੀ ਬੱਸ ਸੇਵਾ ਛੇਤੀ ਹੀ ਮੁੜ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਦੋਵੇਂ ਸਰਕਾਰਾਂ ਦੇ ਮੁੱਖ ਮੰਤਰੀਆਂ ਦਰਮਿਆਨ ਗੱਲਬਾਤ ਉਪਰੰਤ ਟਰਾਂਸਪੋਰਟ ਵਿਭਾਗਾਂ ਦੇ ਸਕੱਤਰ ਪੱਧਰ ਦੀ ਮੀਟਿੰਗ ਦੌਰਾਨ ਇਸ ਮਸਲੇ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ ਹੈ।ਸ. ਭੁੱਲਰ ਨੇ ਦੱਸਿਆ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨਾਲ ਮੀਟਿੰਗ ਦੌਰਾਨ ਉਨ੍ਹਾਂ ਨੇ ਕਾਫ਼ੀ ਦੇਰ ਤੋਂ ਲਮਕ ਰਹੇ ਇਸ ਅਹਿਮ ਮੁੱਦੇ ਬਾਰੇ ਜਾਣੂ ਕਰਵਾਇਆ ਸੀ ਜਿਸ ਨਾਲ ਟਰਾਂਸਪੋਰਟ ਵਿਭਾਗ ਦੀ ਆਮਦਨ ਵਿੱਚ ਜਿੱਥੇ ਸਿੱਧੇ ਤੌਰ ‘ਤੇ ਵਾਧਾ ਹੋਣ ਬਾਰੇ ਮੁੱਖ ਮੰਤਰੀ ਨੂੰ ਦੱਸਿਆ ਗਿਆ, ਉਥੇ ਸਰਕਾਰੀ ਬੱਸਾਂ ਨਾ ਚਲਣ ਕਾਰਨ ਪ੍ਰਾਈਵੇਟ ਬੱਸ ਆਪ੍ਰੇਟਰਾਂ ਵੱਲੋਂ ਸੂਬੇ ਦੇ ਮੁਸਾਫ਼ਰਾਂ ਦੀ ਕੀਤੀ ਜਾ ਰਹੀ ਲੁੱਟ ਸਬੰਧੀ ਮਾਮਲਾ ਵੀ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ। ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਬੀਤੇ ਦਿਨੀਂ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਕੋਲ ਇਹ ਮਾਮਲਾ ਚੁੱਕਿਆ ਸੀ।ਸ. ਭੁੱਲਰ ਨੇ ਦੱਸਿਆ ਕਿ ਇਸ ਉਪਰੰਤ ਉਨ੍ਹਾਂ ਨੇ ਟਰਾਂਸਪੋਰਟ ਵਿਭਾਗ ਦੇ ਸਕੱਤਰ ਸ੍ਰੀ ਵਿਕਾਸ ਗਰਗ ਨੂੰ ਦਿੱਲੀ ਸਰਕਾਰ ਦੇ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਨ ਲਈ ਕਿਹਾ ਸੀ ਜਿਸ ਪਿੱਛੋਂ ਅੱਜ ਪੰਜਾਬ ਟਰਾਂਸਪੋਰਟ ਵਿਭਾਗ ਦੇ ਸਕੱਤਰ ਸ੍ਰੀ ਵਿਕਾਸ ਗਰਗ ਵੱਲੋਂ ਦਿੱਲੀ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਸ਼ੀਸ਼ ਕੁੰਦਰਾ ਅਤੇ ਦਿੱਲੀ ਕੌਮਾਂਤਰੀ ਹਵਾਈ ਅੱਡੇ ਦੇ ਅਧਿਕਾਰੀਆਂ ਨਾਲ ਵਿਸਥਾਰਤ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਅਦਾਲਤ ਦੇ ਹੁਕਮਾਂ ਦੀ ਰੌਸ਼ਨੀ ਵਿੱਚ ਵੱਖ-ਵੱਖ ਪਹਿਲੂਆਂ ‘ਤੇ ਵਿਚਾਰ-ਚਰਚਾ ਕੀਤੀ ਗਈ।ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਦਿੱਲੀ ਹਵਾਈ ਅੱਡੇ ਤੱਕ ਪੰਜਾਬ ਸਰਕਾਰ ਦੀਆਂ ਬੱਸਾਂ ਵੱਖ-ਵੱਖ ਸ਼ਹਿਰਾਂ ਤੋਂ ਸ਼ੁਰੂ ਨਾਲ ਯਾਤਰੀਆਂ ਨੂੰ ਕਿਫ਼ਾਇਤੀ ਦਰਾਂ ‘ਤੇ ਸਫ਼ਰ ਮੁਹੱਈਆ ਕਰਵਾਇਆ ਜਾ ਸਕੇਗਾ।ਇਸੇ ਦੌਰਾਨ ਟਰਾਂਸਪੋਰਟ ਸਕੱਤਰ ਸ੍ਰੀ ਵਿਕਾਸ ਗਰਗ ਨੇ ਦੱਸਿਆ ਕਿ ਦਿੱਲੀ ਸਰਕਾਰ ਦੇ ਪ੍ਰਮੁੱਖ ਸਕੱਤਰ ਸ੍ਰੀ ਅਸ਼ੀਸ਼ ਕੁੰਦਰਾ ਨੇ ਮੀਟਿੰਗ ਦੌਰਾਨ ਭਰੋਸਾ ਦਿਵਾਇਆ ਕਿ ਇਸ ਮਸਲੇ ਦਾ ਛੇਤੀ ਹੀ ਹੱਲ ਕੱਢ ਲਿਆ ਜਾਵੇਗਾ ਅਤੇ ਪੰਜਾਬ ਦੀ ਸਰਕਾਰੀ ਬੱਸ ਸਰਵਿਸ ਦਿੱਲੀ ਹਵਾਈ ਅੱਡੇ ਤੱਕ ਚਲ ਸਕੇਗੀ।ਮੀਟਿੰਗ ਦੌਰਾਨ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਸ੍ਰੀ ਵਿਮਲ ਕੁਮਾਰ ਸੇਤੀਆ, ਵਿਸ਼ੇਸ਼ ਕਮਿਸ਼ਨਰ ਦਿੱਲੀ ਸ੍ਰੀ ਓ.ਪੀ. ਮਿਸ਼ਰਾ, ਡਿਪਟੀ ਕਮਿਸ਼ਨਰ ਟਰਾਂਸਪੋਰਟ ਦਿੱਲੀ ਸ੍ਰੀ ਵਿਨੋਦ ਯਾਦਵ ਅਤੇ ਦਿੱਲੀ ਹਵਾਈ ਅੱਡੇ ਦੇ ਅਧਿਕਾਰੀ ਹਾਜ਼ਰ ਸਨ।
ਡੀ.ਏ.ਵੀ ਕਾਲਜ ਬਠਿੰਡਾ ਵੱਲੋਂ “ਭਾਰਤੀ ਫੌਜ ਵਿੱਚ ਭਰਤੀ” ਵਿਸ਼ੇ ‘ਤੇ ਸੈਮੀਨਾਰ ਦਾ ਆਯੋਜਨ
ਸੁਖਜਿੰਦਰ ਮਾਨ
ਬਠਿੰਡਾ, 27 ਅਪ੍ਰੈਲ: ਡੀ.ਏ.ਵੀ ਕਾਲਜ ਬਠਿੰਡਾ ਦੇ ਕੈਰੀਅਰ ਕਾਊਂਸਲਿੰਗ ਅਤੇ ਪਲੇਸਮੈਂਟ ਸੈੱਲ ਨੇ ਲੈਫਟੀਨੈਂਟ ਕਰਨਲ ਕਿਮ ਪਰਾਗ ਅਤੇ ਕਪਤਾਨ ਨੀਤਿਕਾ ਦੁਆਰਾ ‘ਭਾਰਤੀ ਫੌਜ ਵਿੱਚ ਸ਼ਾਮਲ ਹੋਣਾ’ ਵਿਸ਼ੇ ‘ਤੇ ਸੈਮੀਨਾਰ ਦਾ ਆਯੋਜਨ ਕੀਤਾ। ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਅਤੇ ਡੀਨ, ਕੈਰੀਅਰ ਕਾਊਂਸਲਿੰਗ ਅਤੇ ਪਲੇਸਮੈਂਟ ਸੈੱਲ ਪ੍ਰੋ. ਮੀਤੂ ਐਸ. ਵਧਵਾ ਵੱਲੋਂ ਆਏ ਹੋਏ ਮਹਿਮਾਨਾਂ ਦਾ ਨਿੱਘਾ ਸੁਆਗਤ ਕੀਤਾ ਗਿਆ। ਲੈਫਟੀਨੈਂਟ ਕਰਨਲ ਕਿਮ ਪਰਾਗ ਅਤੇ ਕਪਤਾਨ ਨੀਤਿਕਾ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਫੌਜ ਵਿਚ ਭਰਤੀ ਹੋਣ ਲਈ ਵੱਖ-ਵੱਖ ਪ੍ਰੀਖਿਆਵਾਂ, ਦਾਖਲਾ ਪੁਆਇੰਟਾਂ ਅਤੇ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਭਾਰਤੀ ਫੌਜ ਵਿੱਚ ਦਰਜਾਬੰਦੀ ਬਾਰੇ ਵੀ ਜਾਣੂੰ ਕਰਵਾਇਆ ਅਤੇ ਫੌਜ ਵਿਚਲੇ ਵੱਖ-ਵੱਖ ਕੋਰਸਾਂ ਅਤੇ ਸਿਖਲਾਈ ਪ੍ਰੋਗਰਾਮਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸ ਸੈਮੀਨਾਰ ਨੂੰ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਸੁਣਿਆ ਅਤੇ ਫੌਜ ਦੇ ਜਵਾਨਾਂ ਨੂੰ ਦਰਪੇਸ਼ ਵੱਖ-ਵੱਖ ਚੁਣੌਤੀਆਂ ਬਾਰੇ ਗੱਲਬਾਤ ਕੀਤੀ। ਉਨ੍ਹਾਂ ਨੇ ਫੌਜ ਵਿੱਚ ਭਰਤੀ ਹੋਣ ਵਿੱਚ ਡੂੰਘੀ ਦਿਲਚਸਪੀ ਦਿਖਾਈ ਅਤੇ ਵਿਸ਼ੇਸ਼ ਐਂਟਰੀ ਪੁਆਇੰਟਾਂ ਬਾਰੇ ਪੁੱਛਗਿੱਛ ਕੀਤੀ। ਸੈਮੀਨਾਰ ਵਿੱਚ 150 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਕਾਲਜ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ | ਉਨ੍ਹਾਂ ਅਜਿਹਾ ਜਾਣਕਾਰੀ ਭਰਪੂਰ ਸੈਮੀਨਾਰ ਕਰਵਾਉਣ ਲਈ ਕੈਰੀਅਰ ਕਾਊਂਸਲਿੰਗ ਅਤੇ ਪਲੇਸਮੈਂਟ ਸੈੱਲ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇੰਟਰਐਕਟਿਵ ਸੈਸ਼ਨ ਵਿੱਚ ਉਤਸ਼ਾਹ ਨਾਲ ਭਾਗ ਲੈਣ ਲਈ ਵਿਦਿਆਰਥੀਆਂ ਦੀ ਵੀ ਸ਼ਲਾਘਾ ਕੀਤੀ। ਸਟੇਜ ਸੰਚਾਲਨ ਪ੍ਰੋ. ਹੀਨਾ ਬਿੰਦਲ ਨੇ ਕੀਤਾ ਅਤੇ ਸੁਆਗਤੀ ਭਾਸ਼ਣ ਡਾ. ਨੇਹਾ ਜਿੰਦਲ ਨੇ ਦਿੱਤਾ। ਧੰਨਵਾਦ ਪ੍ਰੋ. ਮੀਤੂ ਐਸ. ਵਧਵਾ ਨੇ ਕੀਤਾ। ਇਸ ਮੌਕੇ ਡਾ.ਸਤੀਸ਼ ਗਰੋਵਰ, ਪ੍ਰੋ. ਅਮਨ ਮਲਹੋਤਰਾ, ਡਾ.ਪਰਵੀਨ ਬਾਲਾ, ਡਾ. ਪਰਮਜੀਤ ਕੌਰ ਸਮੇਤ ਕੈਰੀਅਰ ਕਾਊਂਸਲਿੰਗ ਟੀਮ ਹਾਜ਼ਰ ਰਹੀ ਜਿਸ ਵਿੱਚ ਪ੍ਰੋ.ਮੋਨਿਕਾ ਭਾਟੀਆ, ਪ੍ਰੋ.ਅਮਿਤ ਸਿੰਗਲਾ, ਡਾ. ਅਮਰ ਸੰਤੋਸ਼, ਪ੍ਰੋ. ਸੀਮਾ ਰਾਣੀ, ਡਾ. ਪ੍ਰਭਜੋਤ ਕੌਰ, ਡਾ. ਨੇਹਾ ਜਿੰਦਲ , ਪ੍ਰੋ. ਹਰਪ੍ਰੀਤ ਕੌਰ ਬਰਾੜ ਅਤੇ ਪ੍ਰੋ. ਰਾਮਿਲ ਗੁਪਤਾ ਸ਼ਾਮਲ ਸਨ।
ਸੈਂਸਜ਼ 2021 ਦੇ ਕੰਮ ਵਿੱਚ ਲਿਆਂਦੀ ਜਾਵੇ ਤੇਜ਼ੀ : ਡਿਪਟੀ ਕਮਿਸ਼ਨਰ
ਸੈਂਸਜ਼ ਸਬੰਧੀ ਕੀਤੇ ਜਾ ਰਹੇ ਕਾਰਜਾਂ ਦੀ ਕੀਤੀ ਸਮੀਖਿਆ
ਗੁਲਾਬੀ ਸੁੰਡੀ ਨਾਲ ਖ਼ਰਾਬ ਹੋਏ ਨਰਮੇ ਦੇ ਮੁਆਵਜ਼ੇ ਦੀ ਬਿਨਾਂ ਦੇਰੀ ਤੋਂ ਕੀਤੀ ਜਾਵੇ ਵੰਡ
ਸੁਖਜਿੰਦਰ ਮਾਨ
ਬਠਿੰਡਾ, 27 ਅਪ੍ਰੈਲ: ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਵਲੋਂ ਸੈਂਸਜ਼ 2021 ਸਬੰਧੀ ਜ਼ਿਲ੍ਹੇ ਅੰਦਰ ਚੱਲ ਰਹੇ ਕਾਰਜਾਂ ਦੀ ਸਮੀਖਿਆ ਕੀਤੀ ਗਈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਇਸ ਬੈਠਕ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੈਂਸਜ਼ ਦੇ ਕੰਮ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹੇ ਨਾਲ ਸਬੰਧਤ ਤਹਿਸੀਲਦਾਰਾਂ, ਨਾਇਬ ਤਹਿਸੀਲਦਾਰਾਂ ਅਤੇ ਸਮੂਹ ਵੱਖ-ਵੱਖ ਕਾਰਜ ਸਾਧਕ ਅਫ਼ਸਰਾਂ ਕੋਲੋਂ ਹੁਣ ਤੱਕ ਸੈਂਸਜ਼ ਦੇ ਕੀਤੇ ਗਏ ਕੰਮ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਸੈਂਸਜ਼ ਸਬੰਧੀ ਕੀਤੀ ਜਾਣ ਵਾਲੀ ਡਿਜੀਟਲ ਬਾਊਂਡਰੀ, ਡਿਜੀਟਲ ਵਾਰਡ ਮੈਪਿੰਗ ਅਤੇ ਈਬੀ ਕੰਨਕੋਡੈਂਨਸ ਨੂੰ ਮੁਕੰਮਲ ਕੀਤਾ ਜਾਵੇ ਤਾਂ ਜੋ ਸੈਂਸਜ਼ ਦੇ ਕੰਮ ਨੂੰ ਸਮੇਂ ਸਿਰ ਨੇਪਰੇ ਚਾੜ੍ਹਿਆ ਜਾ ਸਕੇ।
ਇਸ ਉਪਰੰਤ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਅਧਿਕਾਰੀਆਂ ਨਾਲ ਜ਼ਿਲ੍ਹੇ ਅੰਦਰ ਗੁਲਾਬੀ ਸੁੰਡੀ ਨਾਲ ਖ਼ਰਾਬ ਹੋਏ ਨਰਮੇ ਦੀ ਫ਼ਸਲ ਦੇ ਬਣਦੇ ਮੁਆਵਜ਼ੇ ਦੀ ਵੰਡ ਸਬੰਧੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ ਅੰਦਰ ਗੁਲਾਬੀ ਸੁੰਡੀ ਨਾਲ ਖ਼ਰਾਬ ਹੋਏ ਨਰਮੇ ਦੀ ਫ਼ਸਲ ਦੇ ਰਹਿੰਦੇ ਬਕਾਏ ਦਾ ਮੁਆਵਜ਼ਾ ਇੱਕ ਹਫ਼ਤੇ ਦੇ ਅੰਦਰ-ਅੰਦਰ ਵੰਡਣਾ ਯਕੀਨੀ ਬਣਾਇਆ ਜਾਵੇ। ਇਸਦੇ ਨਾਲ ਹੀ ਉਨ੍ਹਾਂ ਗੁਲਾਬੀ ਸੁੰਡੀ ਨਾਲ ਪ੍ਰਭਾਵਿਤ ਹੋਏ ਨਰਮੇ ਦੀ ਚੁਗਾਈ ਵਾਲੇ ਮਜ਼ਦੂਰਾਂ ਨੂੰ ਵੀ ਮੁਆਵਜ਼ੇ ਦੀ ਰਾਸ਼ੀ ਜਲਦ ਵੰਡਣ ਦੀ ਹਦਾਇਤ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ, ਸਿਖਲਾਈ ਅਧੀਨ ਆਈਏਐਸ ਅਧਿਕਾਰੀ ਸ਼੍ਰੀ ਨਿਕਾਸ ਕੁਮਾਰ, ਡਿਪਟੀ ਐਸਏ ਸ਼੍ਰੀ ਰਵਿੰਦਰ ਪਾਲ ਦੱਤਾ, ਅੰਕੜਾ ਸਹਾਇਕ ਸ਼੍ਰੀ ਰੁਪਿੰਦਰ ਸਿੰਘ ਤੋਂ ਇਲਾਵਾ ਜ਼ਿਲ੍ਹੇ ਨਾਲ ਸਬੰਧਤ ਤਹਿਸੀਲਦਾਰ, ਨਾਇਬ ਤਹਿਸੀਲਦਾਰ ਅਤੇ ਵੱਖ-ਵੱਖ ਮਿਊਸਪਲ ਕਾਰਪੋਰੇਸ਼ਨਾਂ ਨਾਲ ਸਬੰਧਤ ਕਾਰਜ ਸਾਧਕ ਅਫ਼ਸਰ ਹਾਜ਼ਰ ਸਨ।
ਬਠਿੰਡਾ ’ਚ ਅਫ਼ਸਰ ‘ਜੋੜੀ’ ਨੇ ਸੰਭਾਲੇ ਅਪਣੇ ਅਹੁੱਦੇ
ਆਈ.ਏ.ਐਸ ਰਾਹੁਲ ਨੇ ਏਡੀਸੀ, ਪੀਸੀਐਸ ਮੈਡਮ ਇਨਾਇਤ ਨੇ ਐਸ.ਡੀ.ਐਮ ਤੇ ਆਈ.ਏ.ਐਸ ਮੈਡਮ ਪਲਵੀ ਨੇ ਸੰਭਾਲੀ ਕਮਿਸ਼ਨ ਦੀ ਜਿੰਮੇਵਾਰੀ
ਸੁਖਜਿੰਦਰ ਮਾਨ
ਬਠਿੰਡਾ, 26 ਅਪ੍ਰੈਲ: ਪੰਜਾਬ ਸਰਕਾਰ ਵਲੋਂ ਬੀਤੇ ਕੱਲ ਪੰਜਾਬ ’ਚ ਬਦਲੇ ਗਏ ਤਿੰਨ ਦਰਜ਼ਨ ਦੇ ਕਰੀਬ ਆਈਏਐਸ ਤੇ ਪੀਸੀਐਸ ਅਫ਼ਸਰਾਂ ’ਚ ਬਠਿੰਡਾ ਬਦਲ ਕੇ ਆਏ ਤਿੰਨ ਅਫ਼ਸਰਾਂ ਨੇ ਅੱਜ ਅਪਣੇ ਅਹੁੱਦੇ ਸੰਭਾਲ ਲਏ। ਇੰਨ੍ਹਾਂ ਵਿਚ ਏਡੀਸੀ ਤੇ ਐਸਡੀਐਮ ਬਣ ਕੇ ਆਈ ਜੋੜੀ ‘ਪਤੀ-ਪਤਨੀ’ ਹਨ। ਜਦੋਂਕਿ ਕਮਿਸ਼ਨ ਵਜੋਂ ਜਿੰਮੇਵਾਰੀ ਸੰਭਾਲਣ ਵਾਲੀ ਆਈ.ਏ.ਐਸ ਅਫ਼ਸਰ ਮਾਨਸਾ ਦੇ ਐਸ.ਐਸ.ਪੀ ਦੀ ਪਤਨੀ ਹਨ। ਗੌਰਤਲਬ ਹੈ ਕਿ ਪੰਜਾਬ ਸਰਕਾਰ ਵਲੋਂ ਆਈ.ਏ.ਐਸ ਸ਼੍ਰੀ ਰਾਹੁਲ ਨੂੰ ਬਠਿੰਡਾ ਦਾ ਵਧੀਕ ਡਿਪਟੀ ਕਸਿਮਨਰ (ਜਨਰਲ) ਲਗਾਇਆ ਹੈ ਜਦੋਂਕਿ ਉਨ੍ਹਾਂ ਦੀ ਪਤਨੀ ਦੇ ਪੀਸੀਐਸ ਅਫ਼ਸਰ ਮੈਡਮ ਇਨਾਇਤ ਨੂੰ ਐਸ.ਡੀ.ਐਮ ਬਠਿੰਡਾ ਦੀ ਜਿੰਮੇਵਾਰੀ ਦਿੱਤੀ ਗਈ ਹੈ। ਸੂਚਨਾ ਮੁਤਾਬਕ ਸ਼੍ਰੀ ਰਾਹੁਲ ਹਿਸਾਰ ਤੇ ਮੈਡਮ ਇਨਾਇਤ ਸੰਗਰੂਰ ਨਾਲ ਸਬੰਧਤ ਹਨ। ਇੰਨ੍ਹਾਂ ਦੋਨਾਂ ਅਫ਼ਸਰਾਂ ਨੂੰ ਆਰ.ਟੀ.ਏ ਬਠਿੰਡਾ ਬਲਵਿੰਦਰ ਸਿੰਘ ਸਹਿਤ ਹੋਰਨਾਂ ਅਫ਼ਸਰਾਂ ਵਲੋਂ ਗੁਲਦਸਤੇ ਦੇ ਕੇ ਸਵਾਗਤ ਕੀਤਾ ਗਿਆ। ਇਸੇ ਤਰ੍ਹਾਂ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਖਾਲੀ ਪਏ ਨਗਰ ਨਿਗਮ ਦੇ ਕਮਿਸ਼ਨਰ ਦੇ ਅਹੁੱਦੇ ’ਤੇ ਤੈਨਾਤ ਕੀਤੇ ਗਏ ਆਈ.ਏ.ਐਸ ਮੈਡਮ ਪਲਵੀ ਨੇ ਵੀ ਅੱਜ ਅਪਣਾ ਅਹੁੱਦਾ ਸੰਭਾਲ ਲਿਆ। ਅਹੁੱਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਐਸ.ਈ ਹਰਪਾਲ ਸਿੰਘ ਭੁੱਲਰ ਤੇ ਹੋਰਨਾਂ ਅਫ਼ਸਰਾਂ ਦੀ ਟੀਮ ਨੂੰੂ ਨਾਲ ਲੈ ਕੇ ਨਿਗਮ ਦਫ਼ਤਰ ਦੇ ਇਕੱਲੇ-ਇਕੱਲੇ ਕਮਰੇ ਵਿਚ ਜਾ ਕੇ ਸਬੰਧਤ ਬ੍ਰਾਂਚ ਦਾ ਕੰਮ ਸਮਝਿਆ ਗਿਆ। ਦਸਣਾ ਬਣਦਾ ਹੈ ਕਿ ਮੈਡਮ ਪਲਵੀ ਦੀ ਪੜਾਈ ਬਠਿੰਡਾ ਦੇ ਇੱਕ ਨਾਮਵਾਰ ਸਕੂਲ ਤੋਂ ਹੋਈ ਹੈ, ਕਿਉਂਕਿ ਉਨ੍ਹਾਂ ਦੇ ਪਿਤਾ ਸਥਾਨਕ ਸ਼ਹਿਰ ਵਿਚ ਸਥਿਤ ਐਨ.ਐਫ਼.ਐਲ ਵਿਚ ਵੱਡੇ ਅਹੁੱਦੇ ’ਤੇ ਤੈਨਾਤ ਰਹੇ ਸਨ।
ਨਹਿਰੀ ਪਟਵਾਰ ਯੂਨੀਅਨ ਨੇ ਮੰਗਾਂ ਸੰਬੰਧੀ ਮੰਤਰੀ ਜਿੰਪਾਂ ਨੂੰ ਦਿੱਤਾ ਮੰਗ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 26 ਅਪ੍ਰੈਲ: ਨਹਿਰੀ ਪਟਵਾਰ ਯੂਨੀਅਨ ਪੰਜਾਬ ਦੇ ਇਕ ਉਚ ਪੱਧਰੀੱ ਵਫਦ ਵੱਲੋ ਜਲ ਸਰੋਤ ਵਿਭਾਗ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਸੰਕਰ ਜਿੰਪਾ ਨੂੰ ਰੈਵੀਨਿਊ ਸਟਾਫ ਦੀਆਂ ਅਹਿਮ ਮੰਗਾਂ ਸੰਬੰਧੀ ਇਕ ਲਿਖਤੀ ਮੰਗ ਪੱਤਰ ਸੂਬਾ ਪ੍ਰਧਾਨ ਜਸਕਰਨ ਸਿੰਘ ਗਹਿਰੀ ਬੁੱਟਰ ਦੀ ਅਗਵਾਈ ਹੇਠ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਯੂਨੀਅਨ ਦੀ ਹੋਈ ਰਸਮੀ ਮੀਟਿੰਗ ਦੌਰਾਨ ਦਿੱਤਾ ਗਿਆ। ਜਿਸ ਵਿੱਚ ਯੂਨੀਅਨ ਵੱਲੋ ਮੰਗ ਕੀਤੀ ਗਈ ਹੈ ਕਿ ਜਲ ਸਰੋਤ ਵਿਭਾਗ ਦੇ ਪੁਨਰਗਠਨ ਦੌਰਾਨ ਰੈਵੀਨਿਊ ਸਟਾਫ ਦੀਆਂ ਖਤਮ ਕੀਤੀਆਂ ਗਈਆਂ ਪੋਸਟਾਂ ਮੁੜ ਬਹਾਲ ਕਰਨ ਅਤੇ ਸਰਪਲਸ ਸਟਾਫ ਦੀ ਐਸ ਐਨ ਈ ਦੀ ਮਨਜ਼ੂਰੀ ਦੇ ਕੇ ਸਟਾਫ ਦੀਆਂ ਰੁੱਕੀਆਂ ਤਨਖਾਹਾਂ ਤਰੁੰਤ ਜਾਰੀ ਕੀਤੀਆਂ ਜਾਣ, ਵਾਟਰ ਸੈੱਸ ਦੀ ਉਗਰਾਹੀ ਕਰਨ ਗਏ ਨਹਿਰੀ ਪਟਵਾਰੀਆਂ ਦਾ ਪਿਛਲੀਆਂ ਸਰਕਾਰਾਂ ਵੱਲੋ ਮਾਫ ਕੀਤਾ ਕਹਿ ਕੇ ਕਿਸਾਨਾਂ/ਕਿਸਾਨ ਯੂਨੀਅਨ ਵੱਲੋ ਵਿਰੋਧ ਕੀਤਾ ਜਾਂਦਾ ਹੈ।ਇਸ ਸੰਬੰਧੀ ਸਰਕਾਰ ਵੱਲੋ ਆਪਣਾ ਸਪੱਸ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ, ਜਿੰਨ੍ਹਾਂ ਨਹਿਰੀ ਪਟਵਾਰੀਆਂ ਨੇ ਪਦ ਉੱਨਤੀਆਂ ਸੰਬੰਧੀ ਕੋਰਟ ਕੇਸ ਕੀਤੇ ਹੋਏ ਹਨ।ਉਨ੍ਹਾਂ ਦੀ ਪਦ ਉੱਨਤੀ ਦਾ ਫੈਸਲਾ ਕੋਰਟ ਦੇ ਹੁਕਮਾਂ ਤਕ ਰਾਖਵਾਂ ਰਖ ਕੇ ਬਾਕੀ ਨਹਿਰੀ ਪਟਵਾਰੀਆਂ ਨੂੰ ਸਹਾਇਕ ਮਾਲ ਕਲਰਕ(ਏ ਆਰ ਸੀ) ਪਦ ਉਨਤ ਕੀਤਾ ਜਾਵੇ,ਨਹਿਰੀ ਪਟਵਾਰੀਆਂ ਨੂੰ ਮਾਲ ਪਟਵਾਰੀਆਂ ਦੀ ਤਰ੍ਹਾਂ ਫਿਕਸ ਟੀ ਏ ਦਿੱਤਾ ਜਾਵੇ,ਪੰਜਾਬ ਦੇ ਸਮੂੰਹ ਰੈਵੀਨਿਊ ਸਟਾਫ ਨੂੰ ਪੀਣ ਵਾਲੇ ਪਾਣੀ, ਪਖਾਨੇ, ਫਰਨੀਚਰ,ਸਟੇਸ਼ਨਰੀ ਭੱਤੇ ਆਦਿ ਲਈ ਫੰਡ ਮੁਹਈਆ ਕਰਵਾਏ ਜਾਣ,ਨਹਿਰੀ ਪਟਵਾਰੀਆਂ ਦੀ ਸੀਨੀਆਰਤਾ ਸੂਚੀ ਦਰੁੱਸਤ ਕਰਕੇ ਜਾਰੀ ਕੀਤੀ ਜਾਵੇ,ਨਹਿਰੀ ਪਟਵਾਰੀਆਂ ਤੋਂ ਜੂਨੀਅਰ ਇੰਜੀਨੀਅਰ ਬਨਣ ਲਈ ਜੋ ਕੋਟਾ ਪਹਿਲਾਂ ਤੋਂ ਚਲ ਰਿਹਾ ਸੀ ਉਸ ਨੂੰ ਬਹਾਲ ਕੀਤਾ ਜਾਵੇ,ਨਹਿਰੀ ਪਟਵਾਰੀਆਂ ਦੀਆਂ ਖਾਲੀ ਪਈਆਂ ਅਸਾਮੀਆਂ ਜਲਦੀ ਤੋਂ ਜਲਦੀ ਭਰੀਆਂ ਜਾਣ ਤਾਂ ਜੋ ਜਿਮੀਂਦਾਰਾਂ ਨੂੰ ਆ ਰਹੀਆਂ ਮੁਸਕਲਾ ਤੋਂ ਰਾਹਤ ਮਿਲ ਸਕੇ,ਨਹਿਰੀ ਪਟਵਾਰੀਆਂ ਦਾ ਪਰਖਕਾਲ ਕਾਲ ਸਮਾਂ ਦੋ ਸਾਲ ਦਾ ਕੀਤਾ ਜਾਵੇ,ਪੰਜਾਬ ਦੀਆਂ ਸਮੂੰਹ ਡਵੀਜ਼ਨਾਂ ਵਿੱਚ ਜੀ ਪੀ ਐਫ ਦੀਆਂ ਪਾਵਰਾਂ ਡੀ ਡੀ ਓ ਪੱਧਰ ਤੇ ਮਹੁਈਆਂ ਕਰਵਾਈਆਂ ਜਾਣ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਦੇ ਸੀਨੀ: ਮੀਤ ਪ੍ਰਧਾਨ ਕ੍ਰਿਪਾਲ ਸਿੰਘ ਪਨੂੰ, ਸੂਬਾ ਜਨਰਲ ਸਕੱਤਰ ਜਗਤਾਰ ਸਿੰਘ,ਵਰੁਣ ਗੁਪਤਾ,ਗੁਰਪ੍ਰੀਤ ਸਿੰਘ ਪਟਵਾਰੀ,ਜੰਗੀਰ ਸਿੰਘ,ਜਗਦੀਪ ਸਿੰਘ,ਅਮਰਜੀਤ ਸਿੰਘ ਧੂਰੀ,ਆਦਿ ਵੀ ਹਾਜ਼ਰ ਸਨ।
ਪੰਜਾਬ ਤੇ ਦਿੱਲੀ ਦੀਆਂ ਸਰਕਾਰਾਂ ਵੱਲੋਂ ਗਿਆਨ ਦੇ ਆਦਾਨ-ਪ੍ਰਦਾਨ ਲਈ ਸਮਝੌਤਾ ਸਹੀਬੱਧ
ਮੁੱਖ ਮੰਤਰੀ ਭਗਵੰਤ ਮਾਨ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਮਝੌਤੇ ਨੂੰ ਇਤਿਹਾਸਕ ਕਦਮ ਦੱਸਿਆ
ਸਮਝੌਤੇ ਦਾ ਉਦੇਸ਼ ਦੋਵਾਂ ਸਰਕਾਰ ਵੱਲੋਂ ਗਿਆਨ, ਤਜਰਬਾ ਤੇ ਮੁਹਾਰਤ ਨੂੰ ਆਪਸ ਵਿਚ ਸਾਂਝਾ ਕਰਨਾ
ਭਗਵੰਤ ਮਾਨ ਵੱਲੋਂ ਦਿੱਲੀ ਮਾਡਲ ਦੇ ਆਧਾਰ ’ਤੇ 117 ਵਿਧਾਨ ਸਭਾ ਹਲਕਿਆਂ ਵਿਚ ਇਕ-ਇਕ ਸਰਕਾਰੀ ਸਕੂਲ ਅਤੇ ਮੁਹੱਲਾ ਕਲੀਨਿਕ ਸਥਾਪਤ ਕਰਨ ਦਾ ਐਲਾਨ
ਜੇਕਰ ਆਪਣੇ ਸੂਬੇ ਦੀ ਖਾਤਰ ਸਾਨੂੰ ਬਾਕੀ ਸੂਬਿਆਂ ਜਾਂ ਹੋਰ ਮੁਲਕਾਂ ਵਿਚ ਵੀ ਜਾਣਾ ਪਿਆ ਤਾਂ ਜ਼ਰੂਰ ਜਾਵਾਂਗੇ-ਭਗਵੰਤ ਮਾਨ
ਸੁਖਜਿੰਦਰ ਮਾਨ
ਨਵੀਂ ਦਿੱਲੀ, 26 ਅਪ੍ਰੈਲ: ਪੰਜਾਬ ਦੇ ਸਿਹਤ, ਸਿੱਖਿਆ ਅਤੇ ਹੋਰ ਪ੍ਰਮੁੱਖ ਖੇਤਰਾਂ ਦੀ ਕਾਇਆਕਲਪ ਕਰਨ ਦੇ ਮਨੋਰਥ ਨਾਲ ਨਿਵੇਕਲੀ ਪਹਿਲਕਦਮੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਵਿਚ ਉਨ੍ਹਾਂ ਦੇ ਹਮਰੁਤਬਾ ਅਰਵਿੰਦ ਕੇਜਰੀਵਾਲ ਨੇ ਦੋਵਾਂ ਸੂਬਿਆਂ ਵੱਲੋਂ ਗਿਆਨ ਦੇ ਆਦਾਨ-ਪ੍ਰਦਾਨ ਲਈ ਸਮਝੌਤਾ (ਨਾਲੇਜ ਸ਼ੇਅਰਿੰਗ ਐਗਰੀਮੈਂਟ) ਸਹੀਬੱਧ ਕੀਤਾ। ਇਹ ਸਮਝੌਤਾ ਸਹੀਬੰਦ ਕਰਨ ਮੌਕੇ ਹੋਈ ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਂਝੇ ਤੌਰ ’ਤੇ ਇਸ ਸਮਝੌਤੇ ਨੂੰ ਅਨੋਖੀ ਕਿਸਮ ਦੀ ਪਹਿਲ ਦੱਸਦੇ ਹੋਏ ਦੋਵਾਂ ਸੂਬਿਆਂ ਦੇ ਲੋਕਾਂ ਦੀ ਭਲਾਈ ਅਤੇ ਤਰੱਕੀ ਨੂੰ ਯਕੀਨੀ ਬਣਾਉਣ ਲਈ ਉਸਾਰੂ ਤੇ ਮਿਸਾਲੀ ਕਦਮ ਕਰਾਰ ਦਿੱਤਾ।
ਇਸ ਸਮਝੌਤੇ ਦਾ ਉਦੇਸ਼ ਦੋਵਾਂ ਸੂਬਿਆਂ ਵੱਲੋਂ ਲੋਕ ਭਲਾਈ ਲਈ ਇਕ-ਦੂਜੇ ਦਾ ਸਹਿਯੋਗ ਕਰਨ ਵਾਸਤੇ ਗਿਆਨ ਦਾ ਆਦਾਨ-ਪ੍ਰਦਾਨ ਕਰਨਾ ਹੈ। ਇਹ ਸਮਝੌਤਾ ਦੋਵਾਂ ਸਰਕਾਰ ਨੂੰ ਗਿਆਨ, ਤਜਰਬਾ ਤੇ ਮੁਹਾਰਤ ਆਪਸ ਵਿਚ ਸਾਂਝਾ ਕਰਨ ਦੇ ਯੋਗ ਬਣਾਏਗਾ। ਇਸ ਦੇ ਤਹਿਤ ਦੋਵੇਂ ਸਰਕਾਰਾਂ ਲੋਕਾਂ ਦੀ ਭਲਾਈ ਲਈ ਜਾਣਕਾਰੀ ਹਾਸਲ ਕਰਨ ਵਾਸਤੇ ਮੰਤਰੀਆਂ, ਅਧਿਕਾਰੀਆਂ ਅਤੇ ਹੋਰ ਕਰਮਚਾਰੀਆਂ ਨੂੰ ਇਕ-ਦੂਜੇ ਦੇ ਸੂਬਿਆਂ ਵਿਚ ਭੇਜਿਆ ਕਰਨਗੀਆਂ।
ਸੂਬੇ ਵਿਚ ਦਿੱਲੀ ਮਾਡਲ ਦੇ ਆਧਾਰ ਉਤੇ 117 ਸਰਕਾਰੀ ਸਕੂਲ ਅਤੇ 117 ਮੁਹੱਲਾ ਕਲੀਨਿਕ ਸਥਾਪਤ ਕਰਨ ਦਾ ਐਲਾਨ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਸ਼ੁਰੂਆਤ ਵਜੋਂ ਸੂਬੇ ਦੇ 117 ਵਿਧਾਨ ਸਭਾ ਹਲਕਿਆਂ ਵਿਚ ਇਕ-ਇਕ ਸਰਕਾਰੀ ਸਕੂਲ ਅਤੇ ਮੁਹੱਲਾ ਕਲੀਨਿਕ ਸਥਾਪਤ ਕਰੇਗੀ ਤਾਂ ਕਿ ਲੋਕਾਂ ਨੂੰ ਉਚ ਪੱਧਰ ਦੀ ਸਿੱਖਿਆ ਅਤੇ ਮਿਆਰੀ ਸਿਹਤ ਸੇਵਾਵਾਂ ਹਾਸਲ ਹੋ ਸਕਣ।
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਵਿਸ਼ਵ ਪੱਧਰ ਦਾ ਮਾਡਲ ਲਾਗੂ ਕੀਤਾ ਹੈ ਅਤੇ ਪੰਜਾਬ ਸਰਕਾਰ ਇਸ ਮਾਡਲ ਨੂੰ ਆਪਣੇ ਸੂਬੇ ਵਿਚ ਲਾਗੂ ਕਰਨ ਲਈ ਇਹ ਸਮਝੌਤਾ ਕਰਨ ਵਿਚ ਖੁਸ਼ੀ ਮਹਿਸੂਸ ਕਰਦੀ ਹੈ।
ਇਹ ਸਮਝੌਤੇ ਦਾ ਤਰਕ ਪੇਸ਼ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ, “ਮਨੁੱਖ ਦਾ ਸਮੁੱਚਾ ਜੀਵਨ ਇਕ ਵਿਦਿਆਰਥੀ ਵਾਂਗ ਹੋਣਾ ਚਾਹੀਦਾ ਹੈ ਅਤੇ ਜਿੱਥੋਂ ਵੀ ਜੋ ਕੁਝ ਚੰਗਾ ਸਿੱਖਣ ਨੂੰ ਮਿਲੇ, ਉਸ ਨੂੰ ਗ੍ਰਹਿਣ ਕਰ ਲੈਣਾ ਚਾਹੀਦਾ ਹੈ। ਇਸੇ ਸੋਚ ਨੂੰ ਲੈ ਕੇ ਅਸੀਂ ਇਹ ਸਮਝੌਤਾ ਦਿੱਲੀ ਸਰਕਾਰ ਨਾਲ ਕੀਤਾ ਹੈ। ਅਸੀਂ ਇੱਥੇ ਹੀ ਨਹੀਂ ਰੁਕਾਂਗੇ, ਜੇਕਰ ਸਾਨੂੰ ਆਪਣੇ ਸੂਬੇ ਦੀ ਖਾਤਰ ਬਾਕੀ ਸੂਬਿਆਂ ਜਾਂ ਹੋਰ ਮੁਲਕਾਂ ਵਿਚ ਵੀ ਜਾਣਾ ਪਿਆ ਤਾਂ ਜ਼ਰੂਰ ਜਾਵਾਂਗੇ।”
ਵਿਰੋਧੀ ਧਿਰਾਂ ਵੱਲੋਂ ਇਸ ਸਮਝੌਤੇ ਨੂੰ ਦਿੱਲੀ ਸਰਕਾਰ ਦੀ ਦਖਲਅੰਦਾਜ਼ੀ ਹੋਣ ਦਾ ਲਾਏ ਜਾ ਰਹੇ ਦੋਸ਼ ਬਾਰੇ ਪੁੱਛੇ ਜਾਣ ਉਤੇ ਭਗਵੰਤ ਮਾਨ ਨੇ ਕਿਹਾ, “ਸਾਡੇ ਵਿਰੋਧੀ ਬਿਨਾਂ ਕਿਸੇ ਆਧਾਰ ਤੋਂ ਸਿਰਫ ਆਲੋਚਨਾ ਕਰਨ ਲਈ ਹੀ ਰੌਲਾ-ਰੱਪਾ ਪਾ ਰਹੇ ਹਨ। ਇਹ ਇਕਪਾਸੜ ਸਮਝੌਤਾ ਨਹੀਂ ਸਗੋਂ ਇਹ ਸਮਝੌਤਾ ਸਹੀ ਮਾਅਨਿਆਂ ਵਿਚ ਦੋਵਾਂ ਸੂਬਿਆਂ ਵੱਲੋਂ ਗਿਆਨ ਦਾ ਆਪਸੀ ਆਦਾਨ-ਪ੍ਰਦਾਨ ਕਰਨ ਦਾ ਜ਼ਰੀਆ ਹੈ ਜਿਸ ਨਾਲ ਪੰਜਾਬ, ਦਿੱਲੀ ਪਾਸੋਂ ਸਿਹਤ ਤੇ ਸਿੱਖਿਆ ਵਰਗੇ ਖੇਤਰਾਂ ਵਿਚ ਲਾਗੂ ਕੀਤੇ ਲੋਕ ਪੱਖੀ ਮਾਡਲਾਂ ਨੂੰ ਅਪਣਾਏਗਾ ਜਦਕਿ ਦਿੱਲੀ, ਪੰਜਾਬ ਪਾਸੋਂ ਖੇਤੀਬਾੜੀ ਵਰਗੇ ਖੇਤਰਾਂ ਵਿਚ ਕੀਤੇ ਗਏ ਵਿਸ਼ਾਲ ਤਜਰਬੇ ਦਾ ਲਾਭ ਲੈ ਸਕਦਾ ਹੈ।” ਨਾਲ ਹੀ ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਆਪਣੇ ਅਧਿਆਪਕਾਂ ਨੂੰ ਫਿਨਲੈਂਡ, ਕੈਂਬਰਿਜ ਤੇ ਹੋਰ ਵੱਖ-ਵੱਖ ਥਾਵਾਂ ਉਤੇ ਸਿੱਖਿਆ ਖੇਤਰ ਵਿਚ ਨਵੀਆਂ ਤਕਨੀਕਾਂ ਅਤੇ ਹੁਨਰ ਸਿੱਖਣ ਲਈ ਭੇਜਿਆ ਸੀ ਜਿਸ ਦਾ ਲਾਭ ਦਿੱਲੀ ਦੇ ਬੱਚਿਆਂ ਨੂੰ ਹੋ ਰਿਹਾ ਹੈ।
ਪੰਜਾਬ ਦੇ ਸਿੱਖਿਆ ਖੇਤਰ ਦੀ ਮੌਜੂਦਾ ਸਥਿਤੀ ਦਾ ਗੱਲ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਨੂੰ ਰੰਗ ਕਰਕੇ ਸਮਾਰਟ ਸਕੂਲ ਦਾ ਨਾਂ ਦੇ ਕੇ ਪੰਜਾਬੀਆਂ ਨਾਲ ਸਰਾਸਰ ਧੋਖਾ ਕੀਤਾ ਕਿਉਂਕਿ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਦਾ 25 ਫੀਸਦੀ ਬਜਟ ਸਿੱਖਿਆ ਖੇਤਰ ਲਈ ਹੁੰਦਾ ਹੈ ਜਦਕਿ ਪੰਜਾਬ ਵਿਚ ਇਹ ਬਜਟ ਮਹਿਜ਼ 2 ਫੀਸਦੀ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ 19000 ਸਰਕਾਰੀ ਸਕੂਲਾਂ ਜਿੱਥੇ 23 ਲੱਖ ਬੱਚੇ ਪੜ੍ਹ ਰਹੇ ਹਨ, ਵਿਚ ਅਤਿ-ਆਧੁਨਿਕ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਦੀ ਸਖ਼ਤ ਲੋੜ ਹੈ ਅਤੇ ਅਸੀਂ ਦਿੱਲੀ ਮਾਡਲ ਦੇ ਆਧਾਰ ਉਤੇ ਇਹ ਢਾਂਚਾ ਤੇ ਹੋਰ ਸਹੂਲਤਾਂ ਦੇਵਾਂਗੇ।
ਸਿਹਤ ਸੇਵਾਵਾਂ ਦਾ ਜ਼ਿਕਰ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਸਿਹਤ ਖੇਤਰ ਦਾ ਬੁਨਿਆਦੀ ਢਾਂਚਾ ਲੜਖੜਾਇਆ ਹੋਇਆ ਹੈ ਕਿਉਂਕਿ ਸਾਡੇ ਕੋਲ ਚੰਗੇ ਡਾਕਟਰ ਅਤੇ ਹੋਰ ਪੈਰਾ-ਮੈਡੀਕਲ ਸਟਾਫ ਤਾਂ ਹੈ ਪਰ ਲੋੜੀਂਦਾ ਢਾਂਚਾ ਨਹੀਂ ਹੈ। ਉਨ੍ਹਾਂ ਨੇ ਸੰਸਦ ਮੈਂਬਰ ਵਜੋਂ ਆਪਣਾ ਤਜਰਬਾ ਸਾਂਝਾ ਕਰਦੇ ਹੋਇਆ ਕਿਹਾ, “ਮੈਂ ਆਪਣੇ ਸੰਸਦੀ ਕੋਟੇ ਦੇ ਫੰਡ ਵਿੱਚੋਂ ਸਿਹਤ ਵਿਭਾਗ ਨੂੰ ਵਾਤਾਨਕੂਲ ਐਂਬੂਲੈਂਸ ਦੇਣਾ ਚਾਹੁੰਦਾ ਸੀ ਪਰ ਮੈਨੂੰ ਇਸ ਕਰਕੇ ਨਾਂਹ ਕਰ ਦਿੱਤੀ ਗਈ ਕਿ ਇਸ ਨੂੰ ਚਲਾਉਣ ਲਈ ਉਨ੍ਹਾਂ ਕੋਲ ਸਟਾਫ ਨਹੀਂ ਹੈ।”
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਛੇਤੀ ਹੀ ਖੇਤੀਬਾੜੀ ਖੇਤਰ ਲਈ ਫਸਲੀ ਵਿਭਿੰਨਤਾ ਸਮੇਤ ਨਵੀਆਂ ਨੀਤੀਆਂ ਤੇ ਪ੍ਰੋਗਰਾਮ ਤਿਆਰ ਕਰ ਰਹੀ ਹੈ ਤਾਂ ਕਿ ਕਿਸੇ ਵੀ ਕਿਸਾਨ ਨੂੰ ਖੁਦਕੁਸ਼ੀ ਵਰਗਾ ਕਦਮ ਨਾ ਪੁੱਟਣਾ ਪਵੇ।
ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਨੂੰ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਭਗਵੰਤ ਮਾਨ ਨੇ ਕਿਹਾ,“ਪੰਜਾਬ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨ ਦੇ ਮਿਸ਼ਨ ਵਿਚ ਅਸੀਂ ਇਕੱਲੇ ਨਹੀਂ ਹਾਂ ਸਗੋਂ ਦੁਨੀਆ ਭਰ ਵਿਚ ਬੈਠਾ ਹਰੇਕ ਪੰਜਾਬੀ ਸਾਡਾ ਸਾਥ ਦੇਣ ਲਈ ਤਤਪਰ ਹੈ ਕਿਉਂਕਿ ਉਨ੍ਹਾਂ ਨੂੰ ਸਾਡੇ ਉਤੇ ਦ੍ਰਿੜ ਭਰੋਸਾ ਹੈ ਕਿ ਹੁਣ ਕਿਸੇ ਤਰ੍ਹਾਂ ਦੀ ਕੋਈ ਬੇਈਮਾਨੀ ਨਹੀਂ ਹੋਵੇਗੀ।“ ਉਨ੍ਹਾਂ ਕਿਹਾ ਕਿ ਹੁਣ ਹਰੇਕ ਪਰਵਾਸੀ ਪੰਜਾਬੀ ਆਪਣੀ ਮਾਤ ਭੂਮੀ ਲਈ ਯੋਗਦਾਨ ਪਾਉਣ ਲਈ ਤਿਆਰ ਹੈ ਅਤੇ ਆਪਣੇ ਪਿੰਡ, ਸਕੂਲ ਜਾਂ ਹਸਪਤਾਲ ਨੂੰ ਅਪਣਾਉਣ ਦੇ ਸੁਨੇਹੇ ਸਾਡੇ ਤੱਕ ਪਹੁੰਚਾਏ ਜਾ ਰਹੇ ਹਨ। ਨਸ਼ਿਆਂ ਦੀ ਰੋਕਥਾਮ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਭਗਵੰਤ ਮਾਨ ਨੇ ਕਿਹਾ ਕਿ ਨਸ਼ਿਆਂ ਦੇ ਖੇਤਰ ਵਿਚ ਤਿੰਨ ਪਰਤੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਤਾਂ ਕਿ ਨਸ਼ੇ ਦੇ ਖਾਤਮੇ ਦੇ ਨਾਲ-ਨਾਲ ਨਸ਼ੇ ਤੋਂ ਗ੍ਰਸਤ ਲੋਕਾਂ ਨੂੰ ਢੁਕਵਾਂ ਇਲਾਜ ਵੀ ਮੁਹੱਈਆ ਕਰਵਾਇਆ ਜਾ ਸਕੇ। ਇਸ ਮੌਕੇ ਦਿੱਲੀ ਦੇ ਉਪ ਮੁੱਖ ਮਨੀਸ਼ ਸਿਸੋਦੀਆ, ਪੰਜਾਬ ਦੇ ਸਿਹਤ ਮੰਤਰੀ ਡਾ. ਵਿਜੇ ਸਿੰਗਲਾ, ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ, ਰਾਜ ਸਭਾ ਮੈਂਬਰ ਰਾਘਵ ਚੱਢਾ ਤੋਂ ਇਲਾਵਾ ਪੰਜਾਬ ਦੇ ਮੁੱਖ ਸਕੱਤਰ ਅਨਿਰੁਧ ਤਿਵਾੜੀ, ਦਿੱਲੀ ਦੇ ਮੁੱਖ ਸਕੱਤਰ ਨਰੇਸ਼ ਕੁਮਾਰ ਸਮੇਤ ਦੋਵਾਂ ਸੂਬਿਆਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।





