– ਆਧੁਨਿਕ ਟ੍ਰੈਫਿਕ ਪ੍ਰਬੰਧਨ ਦੀਆਂ ਭਵਿੱਖੀ ਚੁਣੌਤੀਆਂ ਅਤੇ ਲੋੜਾਂ ਨੂੰ ਪੂਰਾ ਕਰਨ ਲਈ ਆਪਣੀ ਕਿਸਮ ਦਾ ਇਹ ਪਹਿਲਾ ਖੋਜ ਕੇਂਦਰ: ਡੀ.ਜੀ.ਪੀ. ਪੰਜਾਬ ਵੀ.ਕੇ. ਭਾਵਰਾ
– ਬਾਰਡਰ ਐਂਟਰੀ ਪੁਆਇੰਟਾਂ ‘ਤੇ ਲਗਾਏ ਗਏ ਵੇਰੀਏਬਲ ਮੈਸੇਜ ਸਾਈਨ ਬੋਰਡ ਪੰਜਾਬ ‘ਚ ਆਉਣ ਵਾਲੇ ਯਾਤਰੀਆਂ ਨੂੰ ਮੌਸਮ ਅਤੇ ਟ੍ਰੈਫਿਕ ਸਬੰਧੀ ਦੇਣਗੇ ਜਾਣਕਾਰੀ
ਸੁਖਜਿੰਦਰ ਮਾਨ
ਚੰਡੀਗੜ੍ਹ, 26 ਅਪ੍ਰੈਲ:ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੇ ਭਵਿੱਖੀ ਵਿਗਿਆਨਕ ਸਾਧਨਾਂ ਦੀ ਵਰਤੋਂ ਕਰਦਿਆਂ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਦੇ ਮੰਤਵ ਨਾਲ, ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਵੀ.ਕੇ. ਭਾਵਰਾ ਨੇ ਅੱਜ ਮੁਹਾਲੀ ਵਿਖੇ ਪੰਜਾਬ ਪੁਲਿਸ ਦੇ ਐਨ.ਆਰ.ਆਈ. ਮਾਮਲਿਆਂ ਦੇ ਦਫ਼ਤਰ ਵਿੱਚ ਅਤਿ-ਆਧੁਨਿਕ ਪੰਜਾਬ ਸੜਕ ਸੁਰੱਖਿਆ ਅਤੇ ਟ੍ਰੈਫਿਕ ਖੋਜ ਕੇਂਦਰ ਦਾ ਉਦਘਾਟਨ ਕੀਤਾ। ਡੀ.ਜੀ.ਪੀ. ਦੇ ਨਾਲ ਏ.ਡੀ.ਜੀ.ਪੀ. ਟਰੈਫਿਕ ਏ.ਐਸ. ਰਾਏ, ਪੰਜਾਬ ਟਰੈਫਿਕ ਸਲਾਹਕਾਰ ਡਾ. ਨਵਦੀਪ ਅਸੀਜਾ ਅਤੇ ਐਸ.ਐਸ.ਪੀ. ਮੁਹਾਲੀ ਵਿਵੇਕ ਸ਼ੀਲ ਸੋਨੀ ਵੀ ਮੌਜੂਦ ਸਨ।
ਪੰਜਾਬ ਸਰਕਾਰ ਵੱਲੋਂ 2 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤੇ ਆਪਣੀ ਕਿਸਮ ਦੇ ਪਹਿਲੇ ਅਤਿ-ਅਧੁਨਿਕ ਬਹੁ-ਅਨੁਸ਼ਾਸਨੀ ਟ੍ਰੈਫਿਕ ਖੋਜ ਕੇਂਦਰ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ, ਜੀਓ-ਇਨਫਰਮੈਟਿਕਸ, 3ਡੀ ਮੈਪਿੰਗ, ਡਰੋਨ ਸਰਵੇਖਣ, ਦੁਰਘਟਨਾ ਦੀ ਜਾਂਚ, ਦੁਰਘਟਨਾ ਦਾ ਪੁਨਰ ਨਿਰਮਾਣ, ਸੜਕ ਇੰਜਨੀਅਰਿੰਗ ਅਤੇ ਆਟੋਮੋਟਿਵ ਸੁਰੱਖਿਆ ਸਮੇਤ ਹੋਰ ਕਈ ਸਹੂਲਤਾਂ ਉਪਲੱਬਧ ਹਨ। ਇਸ ਤੋਂ ਇਲਾਵਾ ਇਸ ਕੇਂਦਰ ਵਿੱਚ ਇਨਕਿਊਬੇਸ਼ਨ ਹੱਬ, ਕਾਨਫਰੰਸ ਰੂਮ ਅਤੇ ਲਾਇਬ੍ਰੇਰੀ ਵੀ ਸ਼ਾਮਲ ਹੈ।
ਇਸ ਮੌਕੇ ਡੀ.ਜੀ.ਪੀ. ਨੇ ਪੰਜਾਬ ਦੀ ਸਾਲਾਨਾ ਸੜਕੀ ਆਵਾਜਾਈ ਅਤੇ ਦੁਰਘਟਨਾ ਰਿਪੋਰਟ-2020 ਵੀ ਜਾਰੀ ਕੀਤੀ।
ਨਵੇਂ ਸਥਾਪਿਤ ਖੋਜ ਕੇਂਦਰ ਦਾ ਦੌਰਾ ਕਰਦਿਆਂ ਡੀ.ਜੀ.ਪੀ. ਨੇ ਪੰਜ ਵੇਰੀਏਬਲ ਮੈਸੇਜ ਸਾਈਨ ਬੋਰਡਾਂ (ਵੀ.ਐਮ.ਐਸ.) ਦਾ ਵੀ ਉਦਘਾਟਨ ਕੀਤਾ। ਇਹ ਡਿਜੀਟਲ ਸਾਈਨ ਬੋਰਡ ਜੰਮੂ-ਕਸ਼ਮੀਰ, ਹਰਿਆਣਾ, ਹਿਮਾਚਲ ਪ੍ਰਦੇਸ਼, ਯੂ.ਟੀ. ਚੰਡੀਗੜ੍ਹ ਅਤੇ ਰਾਜਸਥਾਨ ਸਮੇਤ ਸਟੇਟ ਬਾਰਡਰ ਐਂਟਰੀ ਪੁਆਇੰਟਾਂ ‘ਤੇ ਟਰੈਫਿਕ ਜਾਮ, ਮੌਸਮ ਜਾਂ ਪੰਜਾਬ ਆਉਣ ਵਾਲੇ ਯਾਤਰੀਆਂ ਨੂੰ ਕਿਸੇ ਵੀ ਅਗਾਊਂ ਜਾਂ ਐਮਰਜੈਂਸੀ ਬਾਰੇ ਅਸਲ ਸਮੇਂ ਵਿੱਚ ਜਾਣਕਾਰੀ ਮੁਹੱਈਆ ਕਰਵਾਉਣ ਵਿੱਚ ਸਹਾਈ ਹੋਣਗੇ। ਡੀ.ਜੀ.ਪੀ. ਨੇ ਕਿਹਾ ਕਿ ਜਲਦ ਹੀ ਸਾਰੇ ਬਾਰਡਰ ਐਂਟਰੀ ਪੁਆਇੰਟਾਂ ‘ਤੇ ਅਜਿਹੇ ਹੋਰ ਵੀ.ਐਮ.ਐਸ. ਲਗਾਏ ਜਾਣਗੇ।
ਡੀ.ਜੀ.ਪੀ. ਵੀ.ਕੇ. ਭਾਵਰਾ ਨੇ ਕਿਹਾ ਕਿ ਟ੍ਰੈਫਿਕ ਪੁਲਿਸ ਦਾ ਭਵਿੱਖ ਤੱਥਾਂ ਦੇ ਗਿਆਨ ਅਤੇ ਵਿਗਿਆਨਕ ਦਖ਼ਲ ਨਾਲ ਬਣਾਇਆ ਜਾਵੇਗਾ ਅਤੇ ਇਹ ਕੇਂਦਰ ਸੂਬੇ ਵਿੱਚ ਆਧੁਨਿਕ ਟ੍ਰੈਫਿਕ ਪ੍ਰਬੰਧਨ ਦੀਆਂ ਭਵਿੱਖੀ ਚੁਣੌਤੀਆਂ ਅਤੇ ਲੋੜਾਂ ਨੂੰ ਪੂਰਾ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਏਗਾ।
ਉਨ੍ਹਾਂ ਕਿਹਾ ਕਿ ਇਹ ਕੇਂਦਰ ਪੰਜਾਬ ਪੁਲਿਸ ਦੇ ਗਜ਼ਟਿਡ ਅਧਿਕਾਰੀਆਂ ਲਈ ਇੱਕ ਉੱਨਤ ਸਿਖਲਾਈ ਕੇਂਦਰ ਅਤੇ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਅਤੇ ਪੰਜਾਬ ਸਰਕਾਰ ਦੇ ਅਭਿਲਾਸ਼ੀ ਆਈ.ਆਰ.ਏ.ਡੀ. ਪ੍ਰੋਜੈਕਟ ਦੇ ਲਾਗੂ ਕਰਨ ਲਈ ਨੋਡਲ ਕੇਂਦਰ ਵਜੋਂ ਵੀ ਕੰਮ ਕਰੇਗਾ।
ਜ਼ਿਕਰਯੋਗ ਹੈ ਕਿ ਏਕੀਕ੍ਰਿਤ ਸੜਕ ਦੁਰਘਟਨਾ ਡੇਟਾਬੇਸ (ਆਈ.ਆਰ.ਏ.ਡੀ.) ਪ੍ਰੋਜੈਕਟ ਭਾਰਤ ਸਰਕਾਰ ਦੇ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ (ਐਮ.ਓ.ਆਰ.ਟੀ.ਐਚ.) ਦੀ ਇੱਕ ਪਹਿਲਕਦਮੀ ਹੈ, ਜਿਸਦਾ ਉਦੇਸ਼ ਦੁਰਘਟਨਾ ਡੇਟਾਬੇਸ ਤਿਆਰ ਕਰਕੇ ਦੇਸ਼ ਵਿੱਚ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣਾ ਹੈ।
ਏ.ਡੀ.ਜੀ.ਪੀ. ਏ.ਐੱਸ. ਰਾਏ ਨੇ ਕਿਹਾ ਕਿ ਜਿਸ ਤਰੀਕੇ ਨਾਲ ਭਵਿੱਖੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਾਡੀ ਵਾਹਨ ਤਕਨਾਲੋਜੀ ਅਤੇ ਸੜਕੀ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ, ਸਾਡੀਆਂ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਖੁਦ ਟ੍ਰੈਫਿਕ ਨਿਯੰਤਰਣ ਜਾਂ ਨਿਯਮ ਦੇ ਅਨੁਭਵ-ਅਧਾਰਤ ਢੰਗ ਤੋਂ ਅਸਲ ਸਮੇਂ ਦੀ ਜਾਣਕਾਰੀ ਦੇ ਆਧਾਰ ‘ਤੇ ਟ੍ਰੈਫਿਕ ਪ੍ਰਬੰਧਨ ਦੇ ਆਧੁਨਿਕ ਤਰੀਕਿਆਂ ਤੱਕ ਅੱਪਗਰੇਡ ਕਰਨ ਦੀ ਲੋੜ ਹੈ। ਉਹਨਾਂ ਅੱਗੇ ਕਿਹਾ ਕਿ ਇਹ ਕੇਂਦਰ ਨੂੰ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਇੱਕ ਕੜੀ ਵਜੋਂ ਕੰਮ ਕਰੇਗਾ।
ਅੰਕੜਿਆਂ ਅਨੁਸਾਰ ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ ਰੋਜ਼ਾਨਾ 11-12 ਕੀਮਤੀ ਜਾਨਾਂ ਜਾ ਰਹੀਆਂ ਹਨ। ਸਾਲ 2020 ਵਿੱਚ, ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ‘ਚ 2019 ਦੇ ਮੁਕਾਬਲੇ 14 ਫ਼ੀਸਦ ਦੀ ਕਮੀ ਦਰਜ ਕੀਤੀ ਗਈ ਹੈ। ਸਮੱਸਿਆਵਾਂ ਦੇ ਹੱਲ ਲਈ ਸੜਕ ਸੁਰੱਖਿਆ ਮਾਹਿਰਾਂ ਦੇ ਸਹਿਯੋਗ ਨਾਲ ਬਲੈਕ ਸਪਾਟ ਦੀ ਪਛਾਣ ਅਤੇ ਸੁਧਾਰ ਪ੍ਰੋਗਰਾਮ, ਸੁਰੱਖਿਅਤ ਪੰਜਾਬ ਪ੍ਰੋਗਰਾਮ, ਵਿਜ਼ਨ ਜ਼ੀਰੋ ਪ੍ਰੋਗਰਾਮ ਵਰਗੇ ਉਪਰਾਲਿਆਂ ਨਾਲ ਸੜਕ ਹਾਦਸਿਆਂ ਅਤੇ ਮੌਤਾਂ ਵਿੱਚ ਕਮੀ ਦੇ ਮਾਮਲੇ ਸਬੰਧੀ ਮਹੱਤਵਪੂਰਨ ਨਤੀਜੇ ਹਾਸਲ ਕੀਤੇ ਹਨ।
ਡਾ. ਅਸੀਜਾ ਨੇ ਕਿਹਾ ਕਿ ਇਹ ਦੇਸ਼ ਵਿੱਚ ਆਪਣੀ ਕਿਸਮ ਦਾ ਪਹਿਲਾ ਖੋਜ ਕੇਂਦਰ ਹੈ ਜਿਸ ਨੂੰ ਡੇਟਾ ਟੂ ਡਿਸੀਜ਼ਨ (ਡੀ2ਡੀ) ਪਹੁੰਚ ‘ਤੇ ਸੰਕਲਪਿਤ ਕੀਤਾ ਗਿਆ ਹੈ ਅਤੇ ਬਿਹਤਰ ਸੂਬਾਈ ਖੋਜ ਭਵਿੱਖੀ ਲਾਗੂ ਕਰਨ ਦੀਆਂ ਰਣਨੀਤੀਆਂ ਨੂੰ ਆਕਾਰ ਦੇਵੇਗੀ ਅਤੇ ਸੜਕ ਹਾਦਸੇ ਅਤੇ ਇਹਨਾਂ ਦੌਰਾਨ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਵਿੱਚ ਮਦਦਗਾਰ ਹੋਵੇਗੀ।
ਡੀ.ਜੀ.ਪੀ. ਪੰਜਾਬ ਵੀ.ਕੇ. ਭਾਵਰਾ ਵੱਲੋਂ ਮੁਹਾਲੀ ਵਿੱਚ ਸੜਕ ਸੁਰੱਖਿਆ ਅਤੇ ਟ੍ਰੈਫਿਕ ਖੋਜ ਕੇਂਦਰ ਦਾ ਉਦਘਾਟਨ
ਖਾਧੀ-ਪੀਤੀ ‘ਚ ਬਠਿੰਡਾ ਦੇ ਕਾਂਗਰਸੀਆਂ ਵਿਚਕਾਰ ਹੋਈ ਤਕਰਾਰਬਾਜ਼ੀ ਦਾ ਮਾਮਲਾ ਭਖਿਆ
ਮਨਪ੍ਰੀਤ ਖੇਮੇ ਦੇ ਕੋਸਲਰਾਂ ਨੇ ਰਾਜਾ ਵੜਿੰਗ ਦੇ ਨੇੜੇ ਹੋਏ ਚੇਅਰਮੈਨ ਵਿਰੁੱਧ ਖੋਲਿਆ ਮੋਰਚਾ
ਸੁਖਜਿੰਦਰ ਮਾਨ
ਬਠਿੰਡਾ, 26 ਅਪ੍ਰੈਲ: ਤਿੰਨ ਦਿਨ ਪਹਿਲਾਂ ਸਥਾਨਕ ਸ਼ਹਿਰ ਦੇ ਇੱਕ ਕਾਂਗਰਸੀ ਆਗੂ ਦੇ ਪੁੱਤਰ ਦੇ ਵਿਆਹ ਸਮਾਗਮ ਦੌਰਾਨ ਸਹਿਰ ਦੇ ਕਾਂਗਰਸੀ ਆਗੂਆਂ ਵਿਚਕਾਰ ਹੋਈ ਤਕਰਾਰਬਾਜ਼ੀ ਦਾ ਮਾਮਲਾ ਦਿਨ ਬ ਦਿਨ ਵਧਦਾ ਨਜ਼ਰ ਆ ਰਿਹਾ ਹੈ। ਮਨਪ੍ਰੀਤ ਬਾਦਲ ਧੜੇ ਨੇ ਇਸ ਮੌਕੇ ਨੂੰ ‘ਗ਼ਨੀਮਤ’ ਸਮਝਦਿਆਂ ਰਾਜਾ ਵੜਿੰਗ ਦੇ ਨੇੜੇ ਹੁੰਦੇ ਜਾ ਰਹੇ ਇਕ ਸਾਬਕਾ ਚੇਅਰਮੈਨ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਇਸ ਮਾਮਲੇ ਨੂੰ ਲੈ ਕੇ ਅੱਜ ਦੋ ਦਰਜਨ ਦੇ ਕਰੀਬ ਕੌਂਸਲਰਾਂ ਵੱਲੋਂ ਜ਼ਿਲਾ ਸ਼ਹਿਰੀ ਪ੍ਰਧਾਨ ਅਰੁਣ ਵਧਾਵਨ ਨੂੰ ਉਕਤ ਸਾਬਕਾ ਚੇਅਰਮੈਨ ਵਿਰੁੱਧ ਕਾਰਵਾਈ ਲਈ ਸਥਾਨਕ ਕਾਂਗਰਸ ਭਵਨ ਵਿਚ ਇਕ ਮੰਗ ਪੱਤਰ ਵੀ ਦਿੱਤਾ ਗਿਆ। ਇਸ ਵਫ਼ਦ ਦੀ ਅਗਵਾਈ ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ ਵੱਲੋਂ ਕੀਤੀ ਗਈ। ਜਦੋਂਕਿ ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ ਆਪਣੇ ਦਫ਼ਤਰ ਵਿੱਚ ਹੀ ਹਾਜ਼ਰ ਰਹੇ। ਇਸ ਮੌਕੇ ਕਾਂਗਰਸੀ ਆਗੂ ਵਿਪਨ ਮਿੱਤੂ ਨੇ ਦਾਅਵਾ ਕੀਤਾ ਕਿ ਸਾਬਕਾ ਚੇਅਰਮੈਨ ਰਾਜਨ ਗਰਗ ਨੇ ਉਕਤ ਵਿਆਹ ਸਮਾਗਮ ਵਿਚ ਉਸ ਦੀ ਕੌਂਸਲਰ ਪਤਨੀ ਅਤੇ ਬੇਟੀ ਦੀ ਹਾਜ਼ਰੀ ਵਿੱਚ ਉਸ ਪ੍ਰਤੀ ਭੱਦੀ ਸ਼ਬਦਾਵਲੀ ਵਰਤੀ ਜਿਸ ਕਾਰਨ ਉਸ ਦੇ ਮਨ ਨੂੰ ਕਾਫ਼ੀ ਠੇਸ ਪੁੱਜੀ ਹੈ। ਦੂਜੇ ਪਾਸੇ ਸਾਬਕਾ ਚੇਅਰਮੈਨ ਰਾਜਨ ਗਰਗ ਨੇ ਇਨ੍ਹਾਂ ਦੋਸ਼ਾਂ ਨੂੰ ਨਿਰਾਧਾਰ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਕੁਝ ਲੋਕ ਜਾਣਬੁੱਝ ਕੇ ਕਾਂਗਰਸ ਪਾਰਟੀ ਅੰਦਰ ਧੜੇਬੰਦੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪ੍ਰੰਤੂ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਏਗੀ। ਉਧਰ ਜਿਲ੍ਹਾ ਪ੍ਰਧਾਨ ਅਰੁਣ ਵਧਾਵਨ ਨੇ ਦੱਸਿਆ ਕਿ ਇਹ ਉਨ੍ਹਾਂ ਦੀ ਪਾਰਟੀ ਦਾ ਅੰਦਰੂਨੀ ਮਸਲਾ ਹੈ ਜਿਸ ਨੂੰ ਉਹ ਇਕ ਦੋ ਦਿਨਾਂ ਵਿੱਚ ਹੱਲ ਕਰ ਦੇਣਗੇ।ਕਾਗਰਸ ਪਾਰਟੀ ਦੇ ਅੰਦਰੂਨੀ ਸੂਤਰਾਂ ਨੇ ਦਸਿਆ ਕਿ ਉਕਤ ਵਿਆਹ ਸਮਾਗਮ ਦੌਰਾਨ ਜਦ ਰਾਤ ਨੂੰ ਕਾਂਗਰਸੀ ਆਗੂ ‘ਸੋਮਰਸ’ ਦਾ ਆਨੰਦ ਮਾਣ ਰਹੇ ਸਨ ਤਾਂ ਸਭ ਤੋਂ ਪਹਿਲਾਂ ਲਾਈਨੋਂ ਪਾਰ ਦੇ ਕੌਂਸਲਰ ਰਤਨ ਰਾਹੀ ਵੱਲੋਂ ਇਸ ਮੌਕੇ ਸਿਆਸੀ ਮੁੱਦਾ ਚੁੱਕਦਿਆਂ ਸਾਬਕਾ ਚੇਅਰਮੈਨ ਰਾਜਨ ਗਰਗ ‘ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪ੍ਰਧਾਨ ਬਣਨ ਦੀ ਖੁਸ਼ੀ ਵਿਚ ਸ਼ਹਿਰ ਚ ਲਗਾਏ ਫਲੈਕਸਾਂ ਵਿੱਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਫੋਟੋ ਨਾ ਲਗਾਉਣ ਦਾ ਮੁੱਦਾ ਚੁੱਕਿਆ। ਇਸ ਤੋਂ ਬਾਅਦ ਇਸ ਮੁੱਦੇ ਚ ਰਤਨ ਰਾਹੀ ਦਾ ਹੀ ਨਜ਼ਦੀਕੀ ਮੰਨਿਆ ਜਾਣ ਵਾਲਾ ਇਕ ਹੋਰ ਯੂਥ ਆਗੂ ਵਿਪਨ ਮਿੱਤੂ (ਜਿਸਦੀ ਪਤਨੀ ਕੌਂਸਲਰ ਹੈ) ਸ਼ਾਮਲ ਹੋ ਗਿਆ। ਹਾਲਾਂਕਿ ਮਿੱਤੂ ਸਰਾਬ ਨਹੀਂ ਪੀਦਾ ਹੈ ਜਦੋਂਕਿ ਰਾਜਨ ਗਰਗ ਅਤੇ ਰਤਨ ਰਾਹੀਂ ਦੇ ਜਰੂਰ ਪੈੱਗ ਲਏ ਹੋਏ ਦੱਸੇ ਜਾ ਰਹੇ ਹਨ। ਮੌਕੇ ‘ਤੇ ਹਾਜ਼ਰ ਕੁਝ ਕਾਂਗਰਸੀ ਆਗੂਆਂ ਨੇ ਆਪਣਾ ਨਾਮ ਨਾਂ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਦੋਨਾਂ ਆਗੂਆਂ ਵਿਚਕਾਰ ਇਸ ਮੁੱਦੇ ਨੂੰ ਲੈ ਕੇ ਤਕਰਾਰਬਾਜ਼ੀ ਵਧ ਗਈ ਸੀ। ਮਹੱਤਵਪੂਰਨ ਗੱਲ ਇਹ ਵੀ ਦੱਸੀ ਜਾ ਰਹੀ ਹੈ ਕਿ ਉਕਤ ਵਿਆਹ ਵਿੱਚ ਹੀ, ਇਸ ਘਟਨਾ ਤੋਂ ਪਹਿਲਾਂ ਇਕ ਸਾਬਕਾ ਕਾਂਗਰਸੀ ਆਗੂ ਅਤੇ ਸੀਨੀਅਰ ਡਿਪਟੀ ਮੇਅਰ ਦੇ ਵੀ ਸਿੰਗ ਫਸਦੇ ਫਸਦੇ ਮਸਾਂ ਹੀ ਬਚੇ ਸਨ। ਇਹ ਵੀ ਪਤਾ ਚੱਲਿਆ ਹੈ ਕਿ ਵਿਆਹ ਸਮਾਗਮ ਤੋਂ ਬਾਅਦ ਇਸ ਮੁੱਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੇ ਵੀ ਮਹਿਲਾ ਕੌਂਸਲਰ ਦੇ ਪਤੀ ਵਿਪਨ ਮਿੱਤੂ ਦੇ ਹੱਕ ਵਿੱਚ ਖੜ੍ਹਦਿਆਂ ਸਹਿਰ ਦੇ ਕਾਗਰਸੀ ਕੋਸਲਰਾਂ ਦੇ ਬਣੇ ਹੋਏ ਵਟਸਗਰੁੱਪ ਵਿੱਚ ਸਾਬਕਾ ਚੇਅਰਮੈਨ ‘ਤੇ ਅਸਿੱਧੇ ਢੰਗ ਨਾਲ ਵਾਰ ਕੀਤੇ। ਜਿਸ ਦੀ ਸਕ੍ਰੀਨ ਸ਼ਾਟ ਵੀ ਇਸ ਪੱਤਰਕਾਰ ਕੋਲ ਮੌਜੂਦ ਹਨ। ਚਰਚਾ ਇਹ ਵੀ ਹੈ ਕਿ ਇਹ ਮੁੱਦਾ ਤੱਤਕਾਲ ਨਹੀਂ ਭੜਕਿਆ ਬਲਕਿ ਰਾਜਾ ਵੜਿੰਗ ਦੇ ਪ੍ਰਧਾਨ ਬਣਨ ਤੋਂ ਬਾਅਦ ਮਨਪ੍ਰੀਤ ਖੇਮੇ ਦੇ ਕੁਝ ਕੌਂਸਲਰਾਂ ਵੱਲੋਂ ਸੋਸ਼ਲ ਮੀਡੀਆ ‘ਤੇ ਵੜਿੰਗ ਦੇ ਹੱਕ ਵਿਚ ਖੜ੍ਹਨ ਵਾਲੇ ਸ਼ਹਿਰ ਦੇ ਕਾਂਗਰਸੀ ਆਗੂਆਂ ‘ਤੇ ਤਿੱਖੇ ਸਬਦੀ ਵਾਰ ਕੀਤੇ ਜਾ ਰਹੇ ਸਨ।
ਬਾਕਸ
ਰਾਜਾ ਵੜਿੰਗ ਕੋਲ ਵੀ ਪਹੁੰਚੀ ਰਿਪੋਰਟ
ਬਠਿੰਡਾ: ਉਧਰ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਰਾਜਾ ਵੜਿੰਗ ਕੋਲ ਉਸਦੇ ਨਜ਼ਦੀਕੀਆਂ ਨੇ ਇਸ ਘਟਨਾ ਦੀ ਜਾਣਕਾਰੀ ਪਹੁੰਚਾ ਦਿੱਤੀ ਹੈ । ਪ੍ਰੰਤੂ ਰਾਜਾ ਵੜਿੰਗ ਵੱਲੋਂ ਹਾਲੇ ਤੱਕ ਇਸ ਮਾਮਲੇ ਵਿੱਚ ਤੇਲ ਵੇਖੋ ਅਤੇ ਤੇਲ ਦੀ ਧਾਰ ਦੇਖੋ ਵਾਲੀ ਨੀਤੀ ਅਪਣਾਈ ਜਾ ਰਹੀ ਹੈ।
4 ਤੋਂ 13 ਜੂਨ ਤਕ ਆਯੋਜਿਤ ਹੋਵੇਗਾ ਖੇਡੋ ਇੰਡੀਆ ਯੂਥ ਗ੍ਰੇਸ 2021 – ਮਨੋਹਰ ਲਾਲ
ਪ੍ਰਦਰਸ਼ਨੀ ਲਗਾ ਕੇ ਵਧੀਆ ਖਿਡਾਰੀਆਂ ਤੇ ਹੀਰੋਜ ਦੀ ਕਹਾਣੀਆਂ ਦਰਸ਼ਾਈਆਂ ਜਾਣਗੀਆਂ
ਸੁਖਜਿੰਦਰ ਮਾਨ
ਚੰਡੀਗੜ੍ਹ, 26 ਅਪ੍ਰੈਲ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ਖੇਡੋ ਇੰਡੀਆ ਯੂਥ ਗੇਮ 2021 ਦਾ ਆਯੋਜਨ 4 ਤੋਂ 13 ਜੂਨ, 2022 ਤਕ ਕੀਤਾ ਜਾਵੇਗਾ। ਇੰਨ੍ਹਾਂ ਵਿਚ ਅੰਡਰ 18 ਦੇ 25 ਖੇਡਾਂ ਵਿਚ 5 ਭਾਰਤੀ ਖੇਡ ਵੀ ਸ਼ਾਮਿਲ ਹਨ ਅਤੇ ਇਹ ਖੇਡ ਪੰਚਕੂਲਾ ਤੋਂ ਇਲਾਵਾ ਸ਼ਾਹਬਾਦ, ਅੰਬਾਲਾ, ਚੰਗੀਗੜ੍ਹ ਅਤੇ ਦਿੱਲੀ ਵਿਚ ਆਯੋਜਿਤ ਕੀਤੇ ਜਾਣਗੇ। ਇੰਨ੍ਹਾ ਖੇਡਾਂ ਵਿਚ ਪੂਰੇ ਦੇਸ਼ ਦੇ ਲਗਭਗ 8500 ਖਿਡਾਰੀ ਹਿੱਸਾ ਲੈਣਗੇ।ਮੁੱਖ ਮੰਤਰੀ ਅੱਜ ਕੇਂਦਰੀ ਖੇਡ ਮੰਤਰੀ ਸ੍ਰੀ ਅਨੁਰਾਗ ਠਾਕੁਰ ਨਾਲ ਵੀਸੀ ਰਾਹੀਂ ਖੇਡੋ ਇੰਡੀਆ ਯੂਥ ਗੇਮ 2021 ਦੇ ਆਯੋਜਨ ਨੂੰ ਲੈ ਕੇ ਤਾਲਮੇਲ ਕਮੇਟੀ ਮੀਟਿੰਗ ਵਿਚ ਵਿਸਥਾਰ ਚਰਚਾ ਕਰ ਰਹੇ ਸਨ। ਮੀਟਿੰਗ ਵਿਚ ਸੂਬੇ ਦੇ ਖੇਡ ਅਤੇ ਯੁਵਾ ਮਾਮਲੇ ਮੰਤਰੀ ਸਰਦਾਰ ਸੰਦੀਪ ਸਿੰਘ ਵੀ ਮੌਜੂਦ ਰਹੇ।
ਖੇਡਾਂ ਦੇ ਲਈ ਬਿਹਤਰ ਇੰਫ੍ਰਾਸਟਕਚਰ ਤਿਆਰ
ਮੁੱਖ ਮੰਤਰੀ ਨੇ ਕਿਹਾ ਕਿ 8 ਮਈ ਨੂੰ ਪੰਚਕੂਲਾ ਦੇ ਇੰਦਰਧਨੁਸ਼ ਓਡੀਟੋਰਿਅਮ ਵਿਚ ਖੇਡੋ ਇੰਡੀਆ ਯੂਥ ਗੇਮ ਦਾ ਮਸਕਟ ਅਤੇ ਲੋੋਗੋ ਲਾਂਚ ਕੀਤਾ ਜਾਵੇਗਾ। ਇਸ ਦੇ ਲਈ ਵਿਆਪਕ ਪੱਧਰ ‘ਤੇ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ਉਨ੍ਹਾਂ ਨੇ ਦਸਿਆ ਕਿ ਖੇਡਾਂ ਦੇ ਲਈ 2-3 ਬਹੁਉਦੇਸ਼ੀ ਹਾਲ, ਸਿੰਥੇਟਿਕ ਟ੍ਰੈਕ, ਏਥਲੈਟਿਕਸ ਟ੍ਰੈਕ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ। ਇਸਤੋਂ ਇਲਾਵਾ, ਬੈਡਮਿੰਟਨ ਹਾਲ ਸਰਕਾਰ ਮਹਿਲਾ ਕਾਲਜ ਸੈਕਟਰ-14 ਪੰਚਕੂਲਾ ਵਿਚ ਓਟੀਟੋਰਿਅਮ ਦਾ ਕੰਮ ਵੀ ਪੂਰਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹਾਕੀ ਸਟੇਡੀਅਮ ਪੰਚਕੂਲਾ ਤੇ ਸ਼ਾਹਬਾਦ ਦਾ ਨਿਰਮਾਣ ਵੀ ਲਗਭਗ ਪੂਰਾ ਕਰ ਲਿਆ ਗਿਆ ਹੈ। ਅੰਬਾਲਾ ਵਿਚ ਓਲ ਵੇਦਰ ਸਵੀਮਿੰਗ ਪੂਲ ਬਣ ਕੇ ਤਿਆਰ ਹੋ ਗਿਆ ਹੈ।
ਖੇਡਾਂ ਦੇ ਆਯੋਜਨ ਦੇ ਲਹੀ ਤੈਨਾਤ ਰਹੇਗੀ ਯੁਵਾ ਅਧਿਕਾਰੀਆਂ ਦੀ ਟੀਮ
ਮੁੱਖ ਮੰਤਰੀ ਨੇ ਕਿਹਾ ਕਿ ਇੰਨ੍ਹਾ ਖੇਡਾਂ ਦੇ ਆਯੋਜਨ ਲਈ ਯੁਵਾ ਅਧਿਕਾਰੀਆਂ ਦੀ ਪੂਰੀ ਟੀਮ ਲਗਾਈ ਗਈ ਹੈ ਜੋ ਹਰ ਮੁਕਾਬਲੇ ਦੀ ਪੂਰੀ ਨਿਗਰਾਨੀ ਕਰੇਗੀ ਤਾਂ ਜੋ ਖਿਡਾਰੀਆਂ ਨੂੰ ਕਿਸੇ ਵੀ ਤਰ੍ਹਾ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇੰਨ੍ਹਾ ਖੇਡਾਂ ਵਿਚ ਸਵੱਛ ਭਾਰਤ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਸਾਫ-ਸਫਾਈ ਦਾ ਪੂਰਾ ਪ੍ਰਬੰਧ ਕੀਤਾ ਜਾਵੇਗਾ। ਇਸ ਦੇ ਲਈ ਸਫਾਈ ਵਿਵਸਥਾ ਦੀ ਪੂਰੀ ਟੀਮ ਤੈਨਾਤ ਕੀਤੀ ਜਾਵੇਗੀ।
ਹਰਿਆਣਵੀਂ ਸਭਿਆਚਾਰ ਨਾਲ ਸਰਾਰੋਰ ਹੋਣਗੇ ਖੇਡ ਮੁਕਾਬਲੇ
ਮੁੱਖ ਮੰਤਰੀ ਨੇ ਕਿਹਾ ਕਿ ਇੰਨ੍ਹਾਂ ਖੇਡਾਂ ਵਿਚ ਹਰਿਆਣਵੀ ਸਭਿਆਚਾਰ ਨੂੰ ਦਰਸ਼ਾਉਣ ਲਈ ਸਭਿਆਚਾਰਕ ਪ੍ਰੋਗ੍ਰਾਮ ਦਾ ਆਯੋਜਨ ਕੀਤਾ ਜਾਵੇਗਾ ਅਤੇ ਆਜਾਦੀ ਦਾ ਅਮ੍ਰਤ ਮਹਾਉਤਸਵ ਦੌਰਾਨ ਸੁਤੰਤਰਤਾ ਸੰਗ੍ਰਾਮ ਅਣਗਿਣਤ ਹੀਰੋਜ ਦੀ ਕਹਾਣੀ ਅਤੇ ਸੂਬੇ ਦੇ ਵਧੀਆ ਖਿਡਾਰੀਆਂ ਦਾ ਪਰਿਚੈ ਪ੍ਰਦਰਸ਼ਨੀ ਵਿਚ ਦਰਸ਼ਾਇਆ ਜਾਵੇਗਾ ਤਾਂ ਜੋ ਯੁਵਾ ਪੀੜੀ ਉਨ੍ਹਾਂ ਤੋਂ ਪ੍ਰੇਰਣਾ ਲੈ ਸਕੇ। ਉਨ੍ਹਾਂ ਨੇ ਕਿਹਾ ਕਿ ਖੇਡਾਂ ਲਈ 13 ਮਈ ਨੂੰ ਗੁਰੂਗ੍ਰਾਮ ਵਿਚ ਪ੍ਰਮੋਸ਼ਨ ਇਵੇਂਟ ਦਾ ਆਯੋਜਨ ਕੀਤਾ ਜਾਵੇਗਾ।
ਹਰਿਆਣਾ ਦੀ ਬੇਟੀਆਂ ਨੂੰ ਸਮਰਪਿਤ ਥੀਮ ‘ਤੇ ਹੋਵੇਗਾ ਫੋਕਸ
ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਹਰਿਆਣਾ ਵਿਚ ਬੇਟੀ ਬਚਾਓ-ਬੇਟੀ ਪੜਾਓ ਦੀ ਦਿਸ਼ਾ ਵਿਚ ਸ਼ਲਾਘਾਯੋਗ ਕੰਮ ਹੋਇਆ ਹੈ। ਇਸ ਤੋਂ ਇਲਾਵਾ, ਸੂਬੇ ਦੀ ਮਹਿਲਾ ਖਿਡਾਰੀਆਂ ਨੇ ਵੀ ਵਿਦੇਸ਼ਾਂ ਵਿਚ ਆਯੋਜਿਤ ਹਰ ਖੇਡ ਵਿਚ ਪਰਚੱਮ ਫਹਿਰਾਇਆ ਹੈ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਦਾ ਰੁਝਾਨ ਖੇਡਾਂ ਦੀ ਤਰ੍ਹਾ ਹੋਰ ਵੱਧ ਵੱਧਣ ਇਸ ਦੇ ਲਈ ਖੇਡਾਂ ਨੂ ਸਮਰਪਿਤ ਥੀਮ ‘ਤੇ ਫੋਕਸ ਕੀਤਾ ਜਾਵੇ। ਖੇਡੋਂ ਇੰਡੀਆ ਯੂਥ ਗੇਮ ਵਿਚ ਨਵੇਂ ਆਈਡਿਆ ਦੇ ਨਾਲ ਕੰਮ ਕੀਤਾ ਜਾਵੇ ਤਾਂ ਜੋ ਪੂਰੇ ਦੇਸ਼ ਵਿਚ ਹਰਿਆਣਾ ਦੀ ਹੋਰ ਵੱਧ ਚਰਚਾ ਹੋਵੇ। ਉਨ੍ਹਾਂ ਨੇ ਕਿਹਾ ਕਿ ਜੂਨ ਵਿਚ ਹੋਣ ਵਾਲੇ ਇੰਨ੍ਹਾਂ ਖੇਡਾਂ ਵਿਚ ਕੋਵਿਡ-19 ਨਿਯਮਾਂ ਦਾ ਪੂਰ ਪਾਲਣ ਕੀਤਾ ਜਾਵੇ ਅਤੇ ਖਿਡਾਰੀਆਂ ਦੇ ਲਈ ਟੈਸਟਿੰਗ ਆਦਿ ਦੀ ਪੂਰੀ ਵਿਵਸਥਾ ਕੀਤੀ ਜਾਵੇ।
ਖੇਡ ਵਿਭਾਗ ਨਿਦੇਸ਼ਕ ਪੰਕਜ ਨੈਨ ਨੇ ਪ੍ਰੈਜੇਂਟੇਸ਼ਨ ਰਾਹੀਂ ਖੇਡੋ ਇੰਡੀਆ ਯੂਥ ਗੇਮ ਦੇ ਆਯੋਜਨ ਦੀ ਤਿਆਰੀਆਂ ਬਾਰੇ ਵਿਸਤਾਰ ਨਾਲ ਜਾਣੁੰ ਕਰਵਾਇਆ। ਮੀਟਿੰਗ ਵਿਚ ਮੁੱਖ ਸਕੱਤਰ ਸੰਜੀਵ ਕੌਸ਼ਲ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਡੀਐਸ ਢੇਸੀ, ਵਧੀ ਮੁੱਖ ਸਕੱਤਰ ਪੀਕੇ ਦਾਸ, ਰਾਜੀਵ ਅਰੋੜਾ, ਟੀਵੀਐਸਐਨ ਪ੍ਰਸਾਦ,ਡਾ. ਮਹਾਵੀਰ ਸਿੰਘ, ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ, ਸ੍ਰੀਮਤੀ ਆਸ਼ਿਮਾ ਬਰਾੜ, ਪੁਲਿਸ ਡਾਇਰੈਕਟਰ ਜਨਰਲ ਪੀਕੇ ਅਗਰਵਾਲ ਸਮੇਤ ਸਾਈ ਦੇ ਕਈ ਅਧਿਕਾਰੀ ਵੀ ਮੌਜੂਦ ਰਹੇ।
ਸੂਬੇ ਵਿਚ ਲਗਣ ਵਾਲੇ ਬਿਜਲੀ ਕੱਟ ਦਾ ਕੀਤਾ ਜਾਵੇਗਾ ਸਥਾਈ ਹੱਲ – ਮਨੋਹਰ ਲਾਲ
ਖਪਤਕਾਰਾਂ ਨੂੰ ਬਿਨ੍ਹਾਂ ਰੁਕਾਵਟ ਮਿਲੇਗੀ ਬਿਜਲੀ ਸਪਲਾਈ
ਸੁਖਜਿੰਦਰ ਮਾਨ
ਚੰਡੀਗੜ੍ਹ, 26 ਅਪ੍ਰੈਲ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਦੇ ਨਾਗਰਿਕਾਂ ਨੂੰ ਬਿਨ੍ਹਾ ਰੁਕਾਵਟ ਬਿਜਲੀ ਉਪਲਬਧ ਕਰਵਾਈ ਜਾਵੇਗੀ। ਇਸ ਦੇ ਲਈ ਬਿਜਲੀ ਨਿਗਮ ਵੱਲੋਂ ਸਥਾਈ ਉਪਾਅ ਕੀਤੇ ਜਾ ਰਹੇ ਹਨ। ਸੂਬੇ ਵਿਚ ਲੱਗਣ ਵਾਲੇ ਬਿਜਲੀ ਕੱਟ ਦੀ ਸਮਸਿਆ ਦਾ ਜਲਦੀ ਹੀ ਹੱਲ ਕੀਤਾ ਜਾਵੇਗਾ।ਮੁੱਖ ਮੰਤਰੀ ਅੱਜ ਇੱਥੇ ਬਿਜਲੀ ਨਿਗਮ ਦੇ ਅਧਿਕਾਰੀਆਂ ਦੇ ਨਾਲ ਆਯੋਜਿਤ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿਚ ਬਿਜਲੀ ਮੰਤਰੀ ਰਣਜੀਤ ਸਿੰਘ ਵੀ ਮੌਜੂਦ ਰਹੇ।
ਮੁੱਖ ਮੰਤਰੀ ਨੇ ਕਿਹਾ ਕਿ ਗਰਮੀ ਦੇ ਮੌਸਮ ਵਿਚ ਬਿਜਲੀ ਦੀ ਖਪਤ ਵੱਧ ਰਹੀ ਹੈ। ਇਸ ਦੇ ਲਈ ਬਿਜਲੀ ਨਿਗਮ ਮਹਿੰਗੀ ਦਰ ‘ਤੇ ਬਿਜਲੀ ਖਰੀਦ ਕੇ ਖਪਤਕਾਰਾਂ ਨੂੰ ਮਹੁਇਆ ਕਰਵਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਗਰਮੀ ਦੇ ਮੌਸਮ ਵਿਚ ਬਿਜਲੀ ਦੀ ਵੱਧਦੀ ਖਪਤ ਨੂੰ ਪੂਰਾ ਕਰਨ ਲਈ ਖੇਦੜ ਦੇ ਪਾਵਰ ਪਲਾਂਟ ਵਿਚ ਆਉਣ ਵਾਲੀ ਸਮਸਿਆਵ ਦਾ ਵੀ ਹੱਲ ਕੀਤਾ ਜਾ ਰਿਹਾ ਹੈ। ਖੇਦੜ ਪਾਵਰ ਪਲਾਂਟ ਨੂੰ ਜਲਦੀ ਹੀ ਚਾਲੂ ਕੀਤਾ ਜਾਵੇਗਾ।
3000 ਮੇਗਾਵਾਟ ਵੱਧ ਬਿਜਲੀ ਦੀ ਜਰੂਰਤ
ਮੁੱਖ ਮੰਤਰੀ ਨੇ ਕਿਹਾ ਕਿ ਮਾਨਸੂਨ ਜਾਣ ਦੇ ਬਾਅਦ ਬਿਜਲੀ ਖਪਤ ਵਿਚ ਕੁੱਝ ਕਮੀ ਆਵੇਗੀ ਉਦੋਂ ਤਕ 3000 ਮੇਗਾਵਾਟ ਵੱਧ ਬਿਜਲੀ ਦੀ ਜਰੂਰਤ ਹੋਵੇਗੀ। ਇਸ ਦੇ ਲਈ ਸਰਕਾਰ ਵੱਲੋਂ ਜਰੂਰੀ ਪ੍ਰਬੰਧ ਕੀਤੇ ਜਾ ਰਹੇ ਹਨ। ਲਗਭਗ 400 ਮੇਗਾਵਾਟ ਬਿਜਲੀ ਘੱਟ ਸਮੇਂ ਪ੍ਰਕਿ੍ਰਆ ਤੋਂ ਜਲਦੀ ਹੀ ਮਿਲਣ ਵਾਲੀ ਹੈ। ਇਸ ਦੇ ਨਾਲ ਹੀ ਲੰਬੇ ਸਮੇਂ ਪ੍ਰਕਿ੍ਰਆ ਕੀਤੀ ਜਾ ਰਹੀ ਹੈ। ਇਸ ਨਾਲ ਵੀ 500-500 ਮੇਗਾਵਾਟ ਬਿਜਲੀ ਮਿਲੇਗੀ। ਇਸ ਤੋਂ ਇਲਾਵਾ, ਹਾਈਡਲ ਪਾਵਰ ਪਲਾਂਟ ਤੋਂ ਬਿਜਲੀ ਲੈਣ ਦੀ ਪ੍ਰਕਿ੍ਰਆ ਪੂਰੀ ਕੀਤੀ ਜਾ ਰਹੀ ਹੈ ਜਿਸ ਨੂੰ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ। ਇਸ ਤਰ੍ਹਾ ਬਿਜਲੀ ਕੱਟ ਸਮਸਿਆ ਦਾ ਸਥਾਈ ਹੱਲ ਕੀਤਾ ਜਾਵੇਗਾ।
ਯਮੁਨਾਨਗਰ ਵਿਚ ਲੱਗੇਗਾ ਨਵਾਂ ਪਾਵਰ ਪਲਾਂਟ
ਮੁੱਖ ਮੰਤਰੀ ਨੇ ਕਿਹਾ ਕਿ ਬਿਜਲੀ ਦੀ ਸਮਸਿਆ ਦਾ ਸਥਾਈ ਹੱਲ ਕਰਨ ਲਈ ਯਮੁਨਾਨਗਰ ਵਿਚ 750 ਮੇਗਾਵਾਟ ਦਾ ਨਵਾਂ ਪਾਵਰ ਪਲਾਂਟ ਲਗਾਇਆ ਜਾਵੇਗਾ। ਇਸ ਦੇ ਲਈ ਪ੍ਰਕਿ੍ਰਆ ਪੂਰੀ ਕੀਤੀ ਜਾ ਰਹੀ ਹੈ। ਇਹ ਪਾਵਰ ਪਲਾਂਟ ਲੱਗ ਜਾਣ ਬਾਅਦ 750 ਮੇਗਾਵਾਟ ਵੱਧ ਬਿਜਲੀ ਦਾ ਉਤਪਾਦਨ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਨਿਗਮ ਵੱਲੋਂ ਬਿਜਲੀ ਉਤਪਾਦਨ ਦੇ ਨਾਲ-ਨਾਲ ਪੰਪ੍ਰੇਸ਼ਣ ਪ੍ਰਣਾਲੀ ਨੂੰ ਵੀ ਦਰੁਸਤ ਕੀਤਾ ਜਾ ਰਿਹਾ ਹੈ ਤਾਂ ਜੋ ਸੂਬੇ ਵਿਚ ਬਿਜਲੀ ਦੀ ਕੋਈ ਕਮੀ ਨਾ ਰਹੇ। ਮੀਟਿੰਗ ਵਿਚ ਵਧੀਕ ਮੁੱਖ ਸਕੱਤਰ ਪੀ ਕੇ ਦਾਸ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਐਮਡੀ ਬਿਜਲੀ ਵੰਡ ਨਿਗਮ ਡਾ. ਸਾਕੇਤ ਕੁਮਾਰ, ਚੀਫ ਇੰਜੀਨੀਅਰ ਬਿਜਲੀ ਪਾਵਰ ਪਰਚੇਜ ਰਣਦੀਪ ਸਿੰਘ ਸਮੇਤ ਕਈ ਬਿਜਲੀ ਨਿਗਮ ਦੇ ਅਧਿਕਾਰੀ ਮੌਜੂਦ ਰਹੇ।
ਨੌਲੇਜ਼ ਸ਼ੇਅਰ ਸਮਝੌਤਾ ਇਤਿਹਾਸਕ, ਕਲਿਆਣਕਾਰੀ ਯੋਜਨਾਵਾਂ ਨੂੰ ਮਿਲੇਗਾ ਹੁਲਾਰਾ: ਮਾਲਵਿੰਦਰ ਸਿੰਘ ਕੰਗ
ਪੰਜਾਬ ਅਤੇ ਪੰਜਾਬੀਆਂ ਦਾ ਭਵਿੱਖ ਚੰਗਾ ਬਣਾਉਣ ਲਈ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦਾ ਇਹ ਨਵਾਂ ਪ੍ਰਯੋਗ: ਮਾਲਵਿੰਦਰ ਸਿੰਘ ਕੰਗ
ਸਮਝੌਤੇ ਦਾ ਮਕਸਦ ਦਿੱਲੀ ਦੀ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਚੰਗੀ ਸਿੱਖਿਆ ਤੇ ਚੰਗਾ ਇਲਾਜ ਦੇਣਾ: ਮਾਲਵਿੰਦਰ ਸਿੰਘ ਕੰਗ
ਪੰਜਾਬ ਨੂੰ ਪਹਿਲਾਂ ਕਾਂਗਰਸ ਨੇ ਅੰਧਕਾਰ ’ਚ ਸੁੱਟਿਆਂ, ਫਿਰ ਅਕਾਲੀ ਦਲ ਨੇ ਪੰਜਾਬ ਦੀ ਜਵਾਨੀ ਨੂੰ ਡੋਬਿਆ : ਮਾਲਵਿੰਦਰ ਸਿੰਘ ਕੰਗ
ਸੁਖਜਿੰਦਰ ਮਾਨ
ਚੰਡੀਗੜ੍ਹ, 26 ਅਪ੍ਰੈਲ: ਪੰਜਾਬ ਅਤੇ ਦਿੱਲੀ ਸਰਕਾਰਾਂ ਵਿਚਕਾਰ ਹੋਏ ‘ਨੌਲੇਜ਼ ਸ਼ੇਅਰ ਸਮਝੌਤੇ’ ਨੂੰ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਇਤਿਹਾਸਕ ਕਰਾਰ ਦਿੰਦਿਆਂ ਇਸ ਨੂੰ ਪੰਜਾਬ ਦੇ ਸਿੱਖਿਆ ਅਤੇ ਡਾਕਟਰੀ ਖੇਤਰ ’ਚ ਵੱਡਾ ਸੁਧਾਰ ਕਰਨੇ ਵਾਲਾ ਕਦਮ ਦੱਸਿਆ ਹੈ।
ਮੰਗਲਵਾਰ ਨੂੰ ਪਾਰਟੀ ਮੁੱਖ ਦਫ਼ਤਰ ’ਚ ਪੱਤਰਕਾਰਾਂਦ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ‘ਨੌਲੇਜ਼ ਸ਼ੇਅਰ ਸਮਝੌਤਾ’ ਪੰਜਾਬ ਅਤੇ ਦਿੱਲੀ ਦੇ ਲੋਕਾਂ ਲਈ ਲਾਭਦਾਇਕ ਹੋਵੇਗਾ। ਇਸ ਸਮਝੌਤੇ ਨਾਲ ਪੰਜਾਬ ਦੇ ਭਵਿੱਖ ਨੂੰ ਚੰਗਾ ਬਣਾਉਣ ਦੀ ਸ਼ੁਰੂਆਤ ਹੋਵੇਗੀ। ਪੰਜਾਬ ਅਤੇ ਪੰਜਾਬੀਆਂ ਦਾ ਭਵਿੱਖ ਚੰਗਾ ਬਣਾਉਣ ਲਈ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਲਗਾਤਾਰ ਨਵੇਂ ਨਵੇਂ ਪ੍ਰਯੋਗ ਕਰ ਰਹੇ ਹਨ ਅਤੇ ਕਰਾਂਤੀਕਾਰੀ ਫ਼ੈਸਲੇ ਲੈ ਰਹੇ ਹਨ।
ਕੰਗ ਨੇ ਕਿਹਾ ਕਿ ਇਸ ਸਮਝੌਤੇ ਦਾ ਮਕਸਦ ਹੈ, ਦਿੱਲੀ ਦੀ ਤਰਜ ’ਤੇ ਪੰਜਾਬ ਦੀ ਸਿੱਖਿਆ ਅਤੇ ਇਲਾਜ ਵਿਵਸਥਾ ਨੂੰ ਮਜਬੂਤ ਕਰਨਾ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਚੰਗੀ ਸਿੱਖਿਆ ਅਤੇ ਇਲਾਜ ਸਮੇਤ ਹੋਰ ਸਹੂਲਤਾ ਪ੍ਰਦਾਨ ਕਰਨਾ ਹੈ। ਇਸ ਸਮਝੌਤੇ ਤੋਂ ਬਾਅਦ ਹੁਣ ਦੋਵੇਂ ਸਰਕਾਰਾਂ ਲੋਕ ਭਲਾਈ ਲਈ ਜ਼ਰੂਰੀ ਅਤੇ ਮਹੱਤਵਪੂਰਨ ਵਿਚਾਰਾਂ ਅਤੇ ਯੋਜਨਾਵਾਂ ਨੂੰ ਆਪਸ ’ਚ ਆਦਾਨ ਪ੍ਰਦਾਨ ਕਰਨਗੀਆਂ, ਜਿਸ ਨਾਲ ਸਰਕਾਰੀ ਸੇਵਾਵਾਂ ਅਤੇ ਕਲਿਆਣਕਾਰੀ ਯੋਜਨਾਵਾਂ ਨੂੰ ਕਾਫੀ ਉਤਸ਼ਾਹ ਮਿਲੇਗਾ ਅਤੇ ਲੋਕਾਂ ਨੂੰ ਚੰਗੀਆਂ ਸਹੂਲਤਾਂ ਮਿਲਣਗੀਆਂ। ਪੰਜਾਬ ਦੇ ਚੰਗੇ ਮਾਡਲ ਨਾਲ ਦਿੱਲੀ ਦੇ ਲੋਕਾਂ ਨੂੰ ਲਾਭ ਪਹੁੰਚੇਗਾ ਅਤੇ ਦਿੱਲੀ ਦੀਆਂ ਚੰਗੀ ਯੋਜਨਾਵਾਂ ਨਾਲ ਪੰਜਾਬ ਦੇ ਲੋਕਾਂ ਨੂੰ ਫਾਇਦਾ ਹੋਵੇਗਾ।
ਵਿਰੋਧੀ ਪਾਰਟੀਆਂ ਵੱਲੋਂ ਇਸ ਸਮਝੌਤੇ ’ਤੇ ਸਵਾਲ ਖੜੇ ਕਰਨ ਬਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੀਡੀਆ ਸਾਹਮਣੇ ਝੂਠੇ ਦਸਤਾਵੇਜ਼ ਪੇਸ਼ ਕੀਤੇ ਹਨ। ਉਨ੍ਹਾਂ ਬਾਦਲ ਪਰਿਵਾਰ ’ਤੇ ਹਮਲਾ ਬੋਲਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਨੌਜਵਾਨਾਂ ਨੂੰ ਪੰਜਾਬ ਛੱਡ ਕੇ ਵਿਦੇਸ਼ ਜਾਣ ਲਈ ਮਜ਼ਬੂਰ ਕੀਤਾ, ਨੌਜਵਾਨਾਂ ਦਾ ਭਵਿੱਖ ਅੰਧਕਾਰ ’ਚ ਡੋਬਿਆ ਹੈ ਅਤੇ ਉਨ੍ਹਾਂ ਨੂੰ ਨਸ਼ੇ ਦੇ ਜਾਲ ਵਿੱਚ ਫਸਾਇਆ , ਅੱਜ ਉਹ ਲੋਕ ਪੰਜਾਬ ਸਰਕਾਰ ਦੇ ਚੰਗੇ ਫ਼ੈਸਲੇ ’ਤੇ ਸਵਾਲ ਚੁੱਕ ਰਹੇ ਹਨ। ਬਾਦਲ ਪਰਿਵਾਰ ਨੂੰ ਇਸ ਮਾਮਲੇ ’ਚ ਬੋਲਣ ਦਾ ਕੋਈ ਨੈਤਿਕ ਹੱਕ ਨਹੀਂ ਹੈ।
ਕੰਗ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਬਾਦਲ ਦੋਵਾਂ ਪਾਰਟੀਆਂ ਨੇ ਮਿਲ ਕੇ ਪੰਜਾਬ ਨੂੰ ਲੁੱਟਿਆ ਅਤੇ ਸਰਕਾਰੀ ਸਾਧਨਾਂ ਨੂੰ ਨੁਕਸਾਨ ਪਹੁੰਚਾਇਆ ਹੈ। ਅਕਾਲੀ ਦਲ ਨੇ ਸਰਕਾਰੀ ਬੱਸ ਸੇਵਾ ਨੂੰ ਬਰਬਾਦ ਕਰਕੇ ਆਪਣੀਆਂ ਬੱਸਾਂ ਚਲਾਈਆਂ, ਜਿਸ ਕਾਰਨ ਅੱਜ ਪੀ.ਆਰ.ਟੀ.ਸੀ. ਅਤੇ ਰੋਡਵੇਜ਼ ਵੱਡੇ ਘਾਟੇ ’ਚ ਚਲ ਰਹੀਆਂ ਹਨ। ਦੋਵਾਂ ਪਾਰਟੀਆਂ ਦੀਆਂ ਸਰਕਾਰਾਂ ਨੇ ਪੰਜਾਬ ’ਤੇ 3 ਲੱਖ ਕਰੋੜ ਦਾ ਕਰਜਾ ਚੜਾਇਆ ਹੈ ਅਤੇ ਆਪਣੇ ਵੱਡੇ ਵੱਡੇ ਮਹੱਲ ਖੜ੍ਹੇ ਕੀਤੇ ਹਨ। ਕਾਂਗਰਸ ਅਤੇ ਅਕਾਲੀਆਂ ਦੇ ਸਮੇਂ ਪੰਜਾਬ ਦਾ ਜਿਹੜਾ ਢਾਂਚਾ ਖ਼ਰਾਬ ਹੋਇਆ ਹੈ, ਉਸ ਨੂੰ ਠੀਕ ਕਰਨ ਨਹੀ ਆਮ ਆਦਮੀ ਪਾਰਟੀ ਦੀ ਸਰਕਾਰ ਚੰਗੇ ਕਦਮ ਚੁੱਕ ਰਹੀ ਹੈ।
ਸਾਹਿਤ ਸਭਿਆਚਾਰ ਮੰਚ ਰਜਿ ਬਠਿੰਡਾ ਦੀ ਵਿਸੇਸ ਇਕੱਤਰਤਾ ਹੋਈ
ਸੁਖਜਿੰਦਰ ਮਾਨ
ਬਠਿੰਡਾ, 26 ਅਪ੍ਰੈਲ: ਸਾਹਿਤ ਸਭਿਆਚਾਰ ਮੰਚ ਰਜਿ ਬਠਿੰਡਾ ਦੀ ਵਿਸੇਸ ਇਕੱਤਰਤਾ ਅਤਰਜੀਤ ਸ੍ਰੋਮਣੀ ਪੰਜਾਬੀ ਸਾਹਿਤਕਾਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵਿਸੇਸ ਤੌਰ ‘ਤੇ ਸਾਹਿਤ ਜਾਗਿ੍ਰਤੀ ਸਭਾ ਦੇ ਪ੍ਰਧਾਨ ਅਮਰਜੀਤ ਜੀਤ ਅਤੇ ਅਬੋਹਰ ਤੋਂ ਪਰਵਾਜ ਮੈਗਜੀਨ ਦੇ ਸੰਪਾਦਕ ਆਤਮਾ ਰਾਮ ਰੰਜਨ ਸਾਮਲ ਹੋਏ। ਮੀਟਿੰਗ ਵਿੱਚ ਪਿਛਲੇ ਦਿਨੀਂ ਕਰਵਾਏ ਗਏ ਸਮਾਗਮਾਂ ਦੇ ਰੀਵੀਊ ਦੌਰਾਨ ਖੁੱਲ੍ਹ ਕੇ ਹੋਈ ਵਿਚਾਰ ਚਰਚਾ ਦੌਰਾਨ ਸਰਵ ਸੰਮਤੀ ਨਾਲ ਇਹੋ ਵਿਚਾਰ ਸਾਹਮਣੇ ਆਏ ਕਿ ਥੋੜ੍ਹੀ ਬਹੁਤੀ ਘਾਟ ਦੇ ਬਾਵਜੂਦ 22 ਮਾਰਚ ਨੂੰ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਵਿਖੇ ਕਰਵਾਇਆ ਗਿਆ ਸਾਲਾਨਾ ਸਮਾਗਮ ਪਰਸਾ ਨਾਵਲ ਦੇ ਨਾਇਕ ਸ੍ਰੀ ਸਿਰੀਂ ਰਾਮ ਜੀ ਦੀ ਯਾਦ ਨੂੰ ਸਮਰਪਿਤ ਸਮਾਗਮ ਅਤੇ ਅਬੋਹਰ ਵਿਖੇ ਤਰਕਸੀਲ ਸੁਸਾਇਟੀ ਅਤੇ ਲੋਕ ਸਾਹਿਤ ਸਭਾ ਮੁਕਤਸਰ ਸਾਹਿਬ ਦੇ ਸਾਂਝੇ ਉੱਦਮ ਨਾਲ ਹਾਂਸ ਵਿਅੰਗ ਦੇ ਸੁਪ੍ਰਸਿੱਧ ਲੇਖਕ ਮਰਹੂਮ ਪਿ੍ਰੰਸੀਪਲ ਬਲਦੇਵ ਸਿੰਘ ਆਜਾਦ ਯਾਦਗਾਰੀ ਸਮਾਗਮ ਬੇਹੱਦ ਸਫਲ ਰਹੇ।
ਰਾਜਿੰਦਰਾ ਕਾਲਜ ਬਠਿੰਡਾ ਵਿਖੇ ਪਿ੍ਰੰਸੀਪਲ ਡਾ.ਸੁਰਜੀਤ ਸਿੰਘ ਦੀ ਰਹਿਨੁਮਾਈ ਹੇਠ ਕੀਤਾ ਗਿਆ ਸਨਮਾਨ ਸਮਾਰੋਹ ਯਾਦਗਾਰੀ ਸਮਾਗਮ ਹੋ ਨਿਬੜਿਆ ਜਿਸ ਵਿੱਚ ਕਾਲਜ ਸਟਾਫ ਤੋਂ ਇਲਾਵਾ ਸੈਂਕੜੇ ਵਿਦਿਆਰਥੀ ਸਾਮਿਲ ਹੋਏ ਅਤੇ ਦਰਜਨ ਤੋਂ ਉੱਪਰ ਵਿਦਿਆਰਥੀ ਲੜਕੇ ਲੜਕੀਆਂ ਨੇ ਕਵੀ ਦਰਬਾਰ ਵਿੱਚ ਨਜਮਾਂ ਪੇਸ ਕੀਤੀਆਂ। ਡਾ . ਜੋਗਿੰਦਰ ਸਿੰਘ ਨਿਰਾਲਾ ਅਤੇ ਦਿਨੇਸ ਨੰਦੀ ਨੂੰ ਦੁਸਾਲਾ, ਸੋਭਾ ਪੱਤਰ ਅਤੇ 21-21ਸੌ ਰਪਏ ਦੀ ਰਾਸੀ ਨਾਲ ਸਨਮਾਨਿਤ ਕੀਤਾ ਗਿਆ ਸੀ। ਲੇਖਕ ਨਿਰੰਜਣ ਬੋਹਾ ਅਤੇ ਚਿੰਤਕ ਡਾ. ਕੁਲਦੀਪ ਸਿੰਘ ਦੀਪ, ਸਰੂਪ ਸਿਆਲਵੀ ਕਹਾਣੀਕਾਰ, ਪਿ੍ਰੰਸੀਪਲ ਸਤਨਾਮ ਸਿੰਘ ਸੌਕਰ ਸਰਪ੍ਰਸਤ ਤੇ ਹੋਰ ਵਿਦਵਾਨਾਂ ਦੀ ਸਮੂਲੀਅਤ ਫਖਰਯੋਗ ਸੀ।
ਪਰਵਾਜ ਮੈਗਜੀਨ ਦਾ ਅਗਲਾ ਅੰਕ ਅਮਰਜੀਤ ਪ੍ਰਦੇਸੀ ਰਸੂਲਪੁਰੀ ਹੁਰਾਂ ਦੀਆਂ ਕਵੀਸਰੀ ਰਚਨਾਕਾਰੀ ਲਈ ਅਤੇ ਓਸ ਤੋਂ ਅਗਲਾ ਅੰਕ ਕਹਾਣੀ ਵਿਸੇਸ ਅੰਕ ਦੀ ਪ੍ਰਵਾਨਗੀ ਦਿੱਤੀ ਗਈ। ਪਰਵਾਜ ਮੈਗਜੀਨ ਦਾ ਅਗਲਾ ਅੰਕ ਕਹਾਣੀ ਵਿਸੇਸ ਅੰਕ ਹੋਵੇਂਗਾ ਤੇ ਭਵਿੱਖ ਵਿੱਚ ਜਲਦੀ ਹੀ ਕਹਾਣੀ ਵਰਕਸਾਪ ਦਾ ਆਯੋਜਨ ਕੀਤਾ ਜਾਵੇਗਾ। ਹੁਣ ਤੱਕ ਦਾ ਹਿਸਾਬ ਕਿਤਾਬ ਦਾ ਲੇਖਾ ਜੋਖਾ ਪੇਸ ਕੀਤਾ ਗਿਆ।
ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਵਿਸਵ ਮਲੇਰੀਆ ਦਿਵਸ 2022 ਮੌਕੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ਸੁਖਜਿੰਦਰ ਮਾਨ
ਬਠਿੰਡਾ, 26 ਅਪ੍ਰੈਲ: ਵਿਸਵ ਮਲੇਰੀਆ ਦਿਵਸ 2022 ਦੇ ਮੌਕੇ ‘ਤੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਮਾਈਕਰੋਬਾਇਓਲੋਜੀ ਵਿਭਾਗ ਵੱਲੋਂ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਸਰਪ੍ਰਸਤੀ ਹੇਠ ਸੋਮਵਾਰ ਨੂੰ ਪੋਸਟਰ ਮੇਕਿੰਗ ਮੁਕਾਬਲਾ ਆਯੋਜਿਤ ਕੀਤਾ ਗਿਆ ਜਿਸ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।ਇਸ ਮੌਕੇ ਮਾਈਕਰੋਬਾਇਓਲੋਜੀ ਵਿਭਾਗ ਦੇ ਮੁਖੀ ਪ੍ਰੋ. ਮੋਨੀਸਾ ਧੀਮਾਨ ਨੇ ਕਿਹਾ ਕਿ ਮਲੇਰੀਆ ਇੱਕ ਘਾਤਕ ਬਿਮਾਰੀ ਹੈ, ਜੋ ਸੰਕਰਮਿਤ ਮੱਛਰਾਂ ਦੇ ਕੱਟਣ ਨਾਲ ਫੈਲਦੀ ਹੈ। ਉਹਨਾਂ ਨੇ ਕਿਹਾ ਕਿ ਇਸ ਬਿਮਾਰੀ ਦੀ ਰੋਕਥਾਮ ਤੇ ਇਲਾਜ ਦੋਵੇਂ ਸੰਭਵ ਹੈ ਅਤੇ ਸਮਾਜਿਕ ਜਾਗਰੂਕਤਾ ਮਲੇਰੀਆ ਦੇ ਖਾਤਮੇ ਲਈ ਅਹਿਮ ਭੂਮਿਕਾ ਨਿਭਾ ਸਕਦੀ ਹੈ। ਉਹਨਾਂ ਨੇ ਉਮੀਦ ਜਤਾਈ ਕਿ ਇਸ ਤਰ੍ਹਾਂ ਦੇ ਮੁਕਾਬਲੇ ਮਲੇਰੀਆ ਦੇ ਵਿਸਵਵਿਆਪੀ ਖਾਤਮੇ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਨਾ ਸਿਰਫ ਸਾਡੇ ਨੌਜਵਾਨਾਂ ਨੂੰ ਜਾਗਰੂਕ ਕਰਨਗੇ ਸਗੋਂ ਉਹਨਾਂ ਨੂੰ ਇਸ ਬਿਮਾਰੀ ਨਾਲ ਨਜਿੱਠਣ ਲਈ ਨਵੀਨਤਾਕਾਰੀ ਸੁਝਾਅ ਪੇਸ ਕਰਨ ਦਾ ਮੌਕਾ ਪ੍ਰਦਾਨ ਕਰਨਗੇ।ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਸਿਰਜਣਾਤਮਕ ਪੋਸਟਰਾਂ ਰਾਹੀਂ ਮਲੇਰੀਏ ਤੋਂ ਬਚਾਅ ਰੱਖਣ ਲਈ ਆਪਣੇ ਆਲੇ-ਦੁਆਲੇ ਦੀ ਸਫਾਈ ਰੱਖਣ, ਪੂਰੀਆਂ ਬਾਹਾਂ ਵਾਲੇ ਕੱਪੜੇ ਪਹਿਨ ਕੇ ਰੱਖਣ, ਰਾਤ ਨੂੰ ਮੱਛਰਦਾਨੀ ਦਾ ਪ੍ਰਯੋਗ ਕਰਨ, ਮਲੇਰੀਆ ਤੋਂ ਪ੍ਰਭਾਵਿਤ ਖੇਤਰਾਂ ਦੀ ਯਾਤਰਾ ਕਰਦੇ ਸਮੇਂ ਡਾਕਟਰਾਂ ਦੁਆਰਾ ਨਿਰਧਾਰਤ ਐਂਟੀ-ਮਲੇਰੀਆ ਦਵਾਈਆਂ ਲੈਣ, ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ ਕਰਨ ਆਦਿ ਵਰਗੀਆਂ ਜਰੂਰੀ ਸਾਵਧਾਨੀਆਂ ਵਰਤਣ ਲਈ ਅਪੀਲ ਕੀਤੀ।ਇਸ ਮੁਕਾਬਲੇ ਵਿੱਚ ਸਾਕਸੀ ਅਤੇ ਅੰਕਿਤ ਦੀ ਟੀਮ ਅਤੇ ਸਤਿਆਰਥ ਅਤੇ ਸੋਨਾਲੀ ਦੀ ਟੀਮ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ। ਰਿੰਟ ਅਤੇ ਰਸਮੀ ਦੀ ਟੀਮ ਅਤੇ ਕਿ੍ਰਤੀ ਅਤੇ ਅਨੁਜਾ ਦੀ ਟੀਮ ਨੇ ਸਾਂਝੇ ਤੌਰ ‘ਤੇ ਤੀਜਾ ਸਥਾਨ ਹਾਸਲ ਕੀਤਾ। ਵਿਦਿਆਰਥੀਆਂ ਨੇ ਆਪਣੇ ਪੋਸਟਰਾਂ ਵਿੱਚ ਮਲੇਰੀਏ ਨਾਲ ਨਜਿੱਠਣ ਲਈ ਨਵੀਨਤਾਕਾਰੀ ਹੱਲ ਅਤੇ ਸੁਝਾਅ ਪੇਸ ਕੀਤੇ।
ਐਨ.ਸੀ.ਸੀ. ਕੈਡਿਟਾਂ ਵੱਲੋਂ ਸ਼ਹੀਦ ਜਰਨੈਲ ਰਾਠੋੜ ਚੌਕ ਅਤੇ ਬੁੱਤ ਦੀ ਸਫਾਈ
ਸੁਖਜਿੰਦਰ ਮਾਨ
ਬਠਿੰਡਾ, 26 ਅਪ੍ਰੈਲ: ਸਥਾਨਕ ਰਜਿੰਦਰਾ ਕਾਲਜ ਦੇ ਐਨ.ਸੀ.ਸੀ. ਇੰਚਾਰਜ ਹਰਵਿੰਦਰ ਸਿੰਘ ਦੀ ਅਗਵਾਈ ਹੇਠ ਐਨ.ਸੀ.ਸੀ. ਕੈਡਿਟ ਲੜਕੇ ਅਤੇ ਲੜਕਿਆਂ ਵੱਲੋਂ ਸ਼ਹੀਦ ਜਰਨੈਲ ਸਿੰਘ ਰਾਠੌੜ ਚੋਕ ਅਤੇ ਸਹੀਦ ਜਰਨੈਲ ਸਿੰਘ ਯਾਦਗਾਰੀ ਪਾਰਕ ਤੇ ਬੁੱਤ ਦੀ ਸਫਾਈ ਕੀਤੀ ਗਈ। ਸਫਾਈ ਦੇ ਨਾਲ ਨਾਲ ਐਨ.ਸੀ.ਸੀ. ਕੈਡਿਟਾਂ ਵੱਲੋਂ ਨਸਿਆਂ ਦੇ ਖਿਲਾਫ, ਪਾਣੀ ਦੀ ਬੱਚਤ, ਸਵੱਚਤਤਾ ਸਹਿਰ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਦੀਆ ਸਲੋਗਨ ਤਖਤੀਆ ਰਾਹੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਸਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਪ੍ਰਧਾਨ ਅਵਤਾਰ ਸਿੰਘ ਗੋਗਾ ਵੱਲੋਂ ਐਨ.ਸੀ.ਸੀ ਇੰਚਾਰਜ ਦਾ ਧੰਨਵਾਦ ਕੀਤਾ ਗਿਆ।
ਸਿਲਵਰ ਓਕਸ ਸਕੂਲ ਵਲੋਂ 10ਵੀਂ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਾ ਆਯੋਜਨ
ਸੁਖਜਿੰਦਰ ਮਾਨ
ਬਠਿੰਡਾ, 26 ਅਪ੍ਰੈਲ: ਸਿਲਵਰ ਓਕਸ ਸਕੂਲ ਵਲੋਂ 10ਵੀਂ ਜਮਾਤ ਦੇ ਸੈਸਨ 2021-22 ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਸੁਰੂਆਤ ਸਮ੍ਹਾਂ ਰੌਸਨ ਕਰਕੇ ਕੀਤੀ ਗਈ, ਜਿਸ ਤੋਂ ਬਾਅਦ ਪ੍ਰਾਰਥਨਾ ਅਤੇ ਕਈ ਸੱਭਿਆਚਾਰਕ ਆਈਟਮਾਂ ਪੇਸ ਕੀਤੀਆਂ ਗਈਆਂ। ਨੌਵੀੰ ਜਮਾਤ ਵੱਲੋਂ ਕਈ ਮਨੋਰੰਜਕ ਖੇਡਾਂ ਵੀ ਕਰਵਾਈਆਂ ਗਈਆਂ। ਦਸਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਮਾਡਲਿੰਗ ਨੇ ਦਰਸਕਾਂ ਦਾ ਮਨ ਮੋਹ ਲਿਆ। ਵਿਦਿਆਰਥੀਆਂ ਨੇ ਇੱਕ ਵੀਡੀਓ ਰਾਹੀਂ ਸਕੂਲ ਵਿੱਚ ਆਪਣੇ ਸਫਰ ਦਾ ਆਨੰਦ ਲਿਆ। ਸਕੂਲ ਦੀ ਡਾਇਰੈਕਟਰ ਸ੍ਰੀਮਤੀ ਬਰਨਿੰਦਰ ਪਾਲ ਸੇਖੋਂ ਅਤੇ ਸਕੂਲ ਦੀ ਪਿ੍ਰੰਸੀਪਲ ਸ੍ਰੀਮਤੀ ਨੀਤੂ ਅਰੋੜਾ ਨੇ ਵਿਦਿਆਰਥੀਆਂ ਨੂੰ ਸੁਝਾਅ ਦਿੱਤਾ ਕਿ ਉਹ ਮੌਕਿਆਂ ਨਾਲ ਭਰਪੂਰ ਨਵੀਂ ਮੁਕਾਬਲੇ ਵਾਲੀ ਦੁਨੀਆ ਵਿੱਚ ਕਦਮ ਰੱਖਦੇ ਹੋਏ ਆਪਣੇ ਜੀਵਨ ਦੇ ਹੁਨਰ ਦੀ ਕੁਸਲਤਾ ਅਤੇ ਪ੍ਰਭਾਵਸਾਲੀ ਢੰਗ ਨਾਲ ਵਰਤੋਂ ਕਰਨ। ਵਿਦਾ ਹੋ ਰਹੀ ਦਸਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਨੂੰ ਨੌਵੀੰਜਮਾਤਵੱਲੋਂ ਟੈਗ ਦਿੱਤੇ ਗਏ ਅਤੇ ਸਕੂਲ ਵੱਲੋਂ ਭਾਵਪੂਰਨ ਤੁਹਫ਼ੇ ਭੇਟ ਕੀਤੇ ਗਏ। ਸਾਹਿਲ ਮੰਗਲਾ ਅਤੇ ਰਤਨਾ ਅਮੋਲਕ ਕੌਰ ਨੇ ਮਿਸਟਰ ਐਂਡ ਮਿਸ ਸਿਲਵਰੇਨ 2021- 22 ਦਾ ਖਿਤਾਬ ਜਿੱਤਿਆ।
10 ਮਈ ਦੇ ਸੂਬਾ ਪੱਧਰੀ ਧਰਨੇ ਦੀ ਤਿਆਰੀਆਂ ਜੋਰਾਂ ’ਤੇ
ਜਲ ਸਪਲਾਈ ਕਾਮਿਆਂ ਨੂੰ ਤਜਰਬੇ ਦੇ ਅਧਾਰ ’ਤੇ ਵਿਭਾਗ ’ਚ ਮਰਜ ਕਰਕੇ ਰੈਗੂਲਰ ਕਰਨ ਦੀ ਕੀਤੀ ਮੰਗ
ਸੁਖਜਿੰਦਰ ਮਾਨ
ਫਤਿਹਗੜ ਸਾਹਿਬ, 26 ਅਪ੍ਰੈਲ: ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੀ ਜਿਲ੍ਹਾ ਕਮੇਟੀ ਫਤਿਹਗੜ ਸਾਹਿਬ ਦੀ ਮੀਟਿੰਗ ਹੋਈ, ਜਿਸ ਵਿਚ ਸੂਬਾ ਆਗੂ ਵਰਿੰਦਰ ਸਿੰਘ ਮੋਮੀ, ਰੁਪਿੰਦਰ ਸਿੰਘ ਜਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਨਰਲ ਸਕੱਤਰ ਗੁਰਵਿੰਦਰ ਸਿੰਘ ਆਦਿ ਆਗੂ ਸ਼ਾਮਿਲ ਹੋਏ।ਮੀਟਿੰਗ ਵਿਚ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਾਣੀ ਮਨੁੱਖ ਦੀ ਮੁੱਢਲੀ ਜਰੂਰਤ ਹੈ, ਪਰ ਤ੍ਰਾਂਸਦੀ ਇਹ ਹੈ ਕਿ ਲੋਕਾਂ ਦੀ ਇਸ ਮੁੱਢਲੀ ਸਹੂਲਤ ਦਾ ਪ੍ਰਬੰਧ ਖੁਦ ਆਪ ਕਰਨ ਦੀ ਬਜਾਏ ਪੰਜਾਬ ਸਰਕਾਰ ਅਧੀਨ ਚੱਲ ਰਹੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਨੂੰ ਖਤਮ ਕਰਨ ਲਈ ਨਿੱਜੀਕਰਨ/ਪੰਚਾਇਤੀਕਰਨ ਕਰਨ ਦੇ ਨਾਂਅ ’ਤੇ ਮਾਰੂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਜਿਸ ਨਾਲ ਜਿਥੇ ਪੇਂਡੂ ਲੋਕ ਪੀਣ ਵਾਲੇ ਪਾਣੀ ਦੀ ਸਹੂਲਤ ਤੋਂ ਵਾਂਝੇ ਹੋ ਜਾਣਗੇ ਉਥੇ ਹੀ ਵਿਭਾਗ ਵਿਚ ਠੇਕਾ ਪ੍ਰਣਾਲੀ ਅਧੀਨ ਆਪਣੀ ਜਵਾਨੀ ਗੁਜਾਰ ਚੁੱਕੇ ਕਾਮੇ ਬੇਰੁਜਗਾਰ ਹੋ ਜਾਣਗੇ। ਜਿਸਦੇ ਕਾਰਨ ਹੀ ਕੋਈ ਸ਼ੋਕ ਨਹੀਂ ਬਲਕਿ ਮਜਬੂਰੀ ਵੱਸ ਹੀ ਯੂਨੀਅਨ ਵਲੋਂ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ।ਆਗੂਆਂ ਨੇ ਪਿਛਲੀ ਸਰਕਾਰ ਦੇ ਸਮੇਂ ਜਸਸ ਵਿਭਾਗ ਦੁਆਰਾ ਗਰੁੱਪ ਆਫ ਮਿਨਿਸਟਰਜ ਪੰਜਾਬ ਸਰਕਾਰ ਨੂੰ ਭੇਜੇ ਪੱਤਰ ਨੰ.62984/2021/674 ਮਿਤੀ 17-08-2021 ਦੇ ਅਨੁਸਾਰ ਤੱਥਾਂ ਦੇ ਅਧਾਰ ’ਤੇ ਉਦਹਾਰਨ ਦਿੰਦਿਆਂ ਕਿਹਾ ਕਿ ਜੇਕਰ ਉਕਤ ਵਿਭਾਗ ਵਿਚ ਇਨਲਿਸਟਮੈਂਟ ਕੰਟਰੈਕਟਰਾਂ, ਆਉਟਸੋਰਸ, ਠੇਕੇਦਾਰਾਂ, ਕੰਪਨੀਆਂ, ਸੁਸਾਇਟੀਆਂ ਅਧੀਨ ਕੰਮ ਕਰਦੇ ਕਾਮਿਆਂ ਨੂੰ ਜੇਕਰ ਵਿਭਾਗ ਵਿਚ ਕੰਟਰੈਕਟ ਲਿਆ ਜਾਂਦਾ ਹੈ ਤਾਂ 14 ਕਰੋੜ 13 ਲੱਖ 96 ਹਜਾਰ 756 ਰੁਪਏ ਇਕ ਸਾਲ ਲਈ ਅਤੇ ਪੂਰੇ ਪੰਜ ਸਾਲ ਲਈ 70 ਕਰੋੜ 69 ਲੱਖ 83 ਹਜਾਰ 780 ਰੁਪਏ ਬੱਚਣਗੇ। ਜਦੋਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਵੀ ਇਹੋ ਫੁਰਮਾਨ ਹੈ ਕਿ ਸਰਕਾਰੀ ਪੈਸੇ ਨੂੰ ਬਚਾਉਣਾ ਹੈ, ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਸਰਕਾਰ ਤੋਂ ਸਾਡੀ ਪੂਰਜੋਰ ਮੰਗ ਹੈ ਕਿ ਕਰੋੜਾਂ ਰੁਪਏ ਬਚਾਓ ਅਤੇ ਜਲ ਸਪਲਾਈ ਵਿਭਾਗ ਦੇ ਉਪਰੋਕਤ ਕਾਮਿਆਂ ਨੂੰ ਕੰਟਰੈਕਟ ਅਧੀਨ ਲੈ ਕੇ ਰੈਗੂਲਰ ਕੀਤਾ ਜਾਵੇ।
ਉਨ੍ਹਾਂ ਅੱਗੇ ਕਿਹਾ ਕਿ ਜਸਸ ਵਿਭਾਗ ’ਚ ਇਨਲਿਸਟਮੈਂਟ, ਆਉਟਸੋਰਸ, ਠੇਕੇਦਾਰਾਂ, ਕੰਪਨੀਆਂ ਅਧੀਨ ਪੇਂਡੂ ਵਾਟਰ ਸਪਲਾਈ ਸਕੀਮਾਂ ਅਤੇ ਦਫਤਰਾਂ ਵਿਚ ਵੱਖ ਵੱਖ ਪੋਸਟਾਂ ’ਤੇ ਪਿਛਲੇ ਲੰਮੇ ਅਰਸੇ ਤੋਂ ਕੰਮ ਕਰਦੇ ਸਮੁੱਚੇ ਠੇਕਾ ਕਾਮਿਆਂ ਨੂੰ ਤਜਰਬੇ ਦੇ ਅਧਾਰ ’ਤੇ ਕੰਟਰੈਕਟ ਤਹਿਤ ਸਬੰਧਤ ਵਿਭਾਗ ਵਿਚ ਸ਼ਾਮਿਲ ਕਰਨ ਲਈ ਮੁੱਖ ਇੰਜੀਨੀਅਰ, ਜਸਸ ਵਿਭਾਗ, ਪਟਿਆਲਾ ਜੀ ਦੇ ਪੱਤਰ ਨੰਬਰ ਜਸਸ/ਅਨਗ(7) 39 ਮਿਤੀ 11-01-2018 ਰਾਹੀ ਤਿਆਰ ਕੀਤੀ ਪ੍ਰਪੋਜਲ ਨੂੰ ਲਾਗੂ ਕਰਨਾ, ਇਨਲਿਸਟਮੈਂਟ ਤੇ ਆਉਟਸੋਰਸ ਕਾਮਿਆਂ ’ਤੇ ਈ.ਪੀ.ਐਫ. ਅਤੇ ਈ.ਐਸ.ਆਈ. ਲਾਗੂ ਕਰਨਾ, ਲੇਬਰ ਕਮਿਸ਼ਨ ਤਹਿਤ ਵਧੀਆਂ ਉਜਰਤਾਂ ਦਾ ਏਰੀਅਰ ਦੇਣਾ, ਘੱਟੋ ਘੱਟ 15ਵੀਂ ਲੇਬਰ ਕਾਨਫਰੰਸ ਦੀਆਂ ਸਿਫਾਰਸ਼ਾਂ ਮੁਤਾਬਿਕ ਤਨਖਾਹ ਵਧਾਉਣਾ, ਕਾਮਿਆਂ ਨੂੰ ਹਰੇਕ ਮਹੀਨੇ ਦੀ 7 ਤਰੀਖ ਤੱਕ ਤਨਖਾਹਾਂ ਦੇਣਾ, ਜਲ ਘਰਾਂ ਨੂੰ ਚਲਾਉਣ ਲਈ 24 ਘੰਟੇ ਡਿਊਟੀ ਲੈਣ ਦੀ ਬਜਾਏ ਹਰ ਵਰਕਰ ਦੀ ਡਿਊਟੀ ਦਾ ਸਮਾਂ ਨਿਸ਼ਚਿਤ ਕਰਨਾ, ਇਨਲਿਸਟਮੈਂਟ ਤੇ ਆਉਟਸੋਰਸ ਕਾਮਿਆਂ ਨੂੰ ਰੈਗੂਲਰ ਕਰਨ, ਇੰਨਲਿਟਸਮੈਂਟ ਤੇ ਆਉਟਸੋਰਸ ਕਾਮਿਆਂ ਨੂੰ ਰੈਗੂਲਰ ਕਰਨ ਦਾ ਅਧਿਕਾਰ ਪ੍ਰਦਾਨ ਕਰਨ ਵਾਲਾ ਕਾਨੂੰਨ ਬਣਾਉਣਾ ਆਦਿ ਜਥੇਬੰਦੀ ਦੇ ‘ਮੰਗ ਪੱਤਰ’ ਵਿਚ ਦਰਜ ਮੰਗਾਂ ਦਾ ਹੱਲ ਕਰਨ ਦੀ ਮੰਗ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਵਲੋਂ 10 ਮਈ 2022 ਨੂੰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਪੂਰਅਮਨ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ। ਜਿਸ ਵਿਚ ਜਲ ਸਪਲਾਈ ਵਿਭਾਗ ਦੇ ਕਾਮੇ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਬਸੰਤੀ ਰੰਗ ਬੰਨ ਕੇ ਸ਼ਾਮਲ ਹੋਣਗੇ। ਮੀਟਿੰਗ ਵਿੱਚ ਜ?ਿਲਾ ਪ੍ਰਧਾਨ ਬਲਕਾਰ ਸਿੰਘ ਫਿਰੋਜਪੁਰ,ਸਰਕਲ ਪ੍ਰਧਾਨ ਬਲਜੀਤ ਸਿੰਘ,ਫਿਰੋਜਪੁਰ ਜਰਨਲ ਸਕੱਤਰ ਹਰਜਿੰਦਰ ਸਿੰਘ ਮੋਮੀ ਫਿਰੋਜਪੁਰ, ਜ?ਿਲਾ ਆਗੂ ਫਤਿਹਗੜ ਸਾਹਿਬ ਬਲਬੀਰ ਸਿੰਘ,ਗੁਰਪਾਲ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜਰ ਹੋਏ।





