ਸੁਖਜਿੰਦਰ ਮਾਨ
ਬਠਿੰਡਾ, 22 ਅਪ੍ਰੈਲ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਣਕ ਦੇ ਝਾੜ ਘਟਣ ਕਾਰਨ ਆਰਥਿਕ ਤੰਗੀਆਂ ਦੇ ਚੱਲਦਿਆਂ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਉਂਦਿਆਂ ਉਨ੍ਹਾਂ ਦੀ ਹਰ ਸੰਭਵ ਮੱਦਦ ਦਾ ਭਰੋਸਾ ਦਿਵਾਇਆ। ਵਿਧਾਨ ਸਭਾ ਹਲਕਾ ਮੋੜ ਦੇ ਪਿੰਡ ਮਾਈਸਰਖ਼ਾਨਾ ਤੇ ਮਾਨਸਾ ਖ਼ੁਰਦ ’ਚ ਬੀਤੇ ਦਿਨੀਂ ਦੋ ਨੌਜਵਾਨਾਂ ਕਿਸਾਨਾਂ ਨੇ ਖ਼ੁਦਕਸ਼ੀ ਕਰ ਲਈ ਸੀ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਸ: ਸਿੱਧੂ ਅਪਣੇ ਸਾਥੀਆਂ ਨਾਲ ਅੱਜ ਇੰਨ੍ਹਾਂ ਮਿ੍ਰਤਕ ਕਿਸਾਨਾਂ ਦੇ ਘਰਾਂ ’ਚ ਪੁੱਜੇ। ਇਸ ਮੌਕੇ ਉਨ੍ਹਾਂ ਦਾਅਵਾ ਕੀਤਾ ਕਿ ਜਿੰਨ੍ਹਾਂ ਚਿਰ ਪੰਜਾਬ ਦੀ ਕਿਸਾਨੀ ਨੂੰ ਪੈਰਾਂ ਸਿਰ ਖੜਾ ਨਹੀਂ ਕੀਤਾ ਜਾਂਦਾ, ਉਨ੍ਹਾਂ ਸਮਾਂ ਪੰਜਾਬ ਵੀ ਤਰੱਕੀ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਸੂਬੇ ’ਚ ਪਿਛਲੇ ਸਮੇਂ ਰਹੀਆਂ ਸਰਕਾਰਾਂ ਨੇ ਵੀ ਕਿਸਾਨਾਂ ਦੀ ਬਾਂਹ ਨਹੀਂ ਫ਼ੜੀ। ਸ: ਸਿੱਧੂ ਨੇ ਆਪ ਸੁਪਰੀਮੋ ਵਲੋਂ ਚੋਣਾਂ ਤੋਂ ਪਹਿਲਾਂ ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ ਅੱਜ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਹੈ ਤੇ ਕਿਸਾਨਾਂ ਦੀ ਬਾਂਹ ਫ਼ੜਣੀ ਚਾਹੀਦੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਿ੍ਰਤਕ ਕਿਸਾਨਾਂ ਦੇ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜਾ, ਸਰਕਾਰੀ ਨੌਕਰੀ ਅਤੇਾ ਕਰਜ਼ਾ ਮੁਆਫ਼ ਕੀਤਾ ਜਾਵੇ। ਇਸ ਮੌਕੇ ਸਾਬਕਾ ਪ੍ਰਧਾਨ ਨੇ ਜਿਆਦਾਤਰ ਸਿਆਸੀ ਸਵਾਲਾਂ ਤੋਂ ਟਾਲਾ ਵੱਟਦਿਆਂ ਬਿਜਲੀ ਦੇ ਮੁੱਦੇ ’ਤੇ ਆਪ ਸਰਕਾਰ ਨੂੰ ਘੇਰਦਿਆਂ ਦਾਅਵਾ ਕੀਤਾ ਕਿ ‘‘ ਪੰਜਾਬ ਅੰਦਰ ਹਾਲੇ ਤੱਕ ਮੁਫ਼ਤ ਬਿਜਲੀ ਮਿਲਣੀ ਸ਼ੁਰੂ ਨਹੀਂ ਹੋਈ ਤੇ ਗੁਆਂਢੀ ਸੂਬਿਆਂ ’ਚ ਆਪ ਨੇ ਇਸਦਾ ਸਿਆਸੀ ਲਾਹਾ ਖੱਟਣ ਲਈ ਪੋਸਟਰ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ’’ ਹਾਲਾਂਕਿ ਇਸ ਮੌੇਕੇ ਉਨ੍ਹਾਂ ਮੁੱਖ ਮੰਤਰੀ ਭਗਵੰਵ ਮਾਨ ਵਲੋਂ ਕੁੱਝ ਦਾਲਾਂ ਦੀਆਂ ਫ਼ਸਲਾਂ ’ਤੇ ਐੱਮਐੱਸਪੀ ਦੇਣ ਦੇ ਐਲਾਨ ਦੀ ਸਲਾਘਾ ਵੀ ਕੀਤੀ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨਾਲ ਸਾਬਕਾ ਵਿਧਾਇਕ ਜਗਦੇਵ ਸਿੰਘ ਕਮਾਲੂ, ਸੀਨੀਅਰ ਆਗੂ ਹਰਵਿੰਦਰ ਸਿੰਘ ਲਾਡੀ, ਹਰਦਿਆਲ ਸਿੰਘ ਕੰਬੋਜ, ਸੁਰਜੀਤ ਸਿੰਘ ਧੀਮਾਨ ਆਦਿ ਵੀ ਹਾਜ਼ਰ ਸਨ।
ਨਵਜੋਤ ਸਿੱਧੂ ਨੇ ਖ਼ੁਦਕਸ਼ੀ ਕਰਨ ਵਾਲੇ ਕਿਸਾਨਾਂ ਦੇ ਪ੍ਰਵਾਰਾਂ ਨਾਲ ਜਤਾਈ ਹਮਦਰਦੀ
ਡੀਜੀਪੀ ਪੰਜਾਬ, 2 ਏਡੀਜੀਪੀ ਸਮੇਤ 149 ਪੁਲਿਸ ਕਰਮੀਆਂ ਨੇ ਕੋਵਿਡ-19 ਵੈਕਸੀਨੇਸ਼ਨ ਬੂਸਟਰ ਡੋਜ਼ ਲਗਵਾਈ
ਡੀਜੀਪੀ ਭਾਵਰਾ ਨੇ ਬੂਸਟਰ ਡੋਜ਼ ਲਗਵਾਉਣ ਵਾਲੇ ਸਾਰੇ ਪੁਲਿਸ ਕਰਮੀਆਂ ਦੀ ਕੀਤੀ ਸ਼ਲਾਘਾ
ਸੁਖਜਿੰਦਰ ਮਾਨ
ਚੰਡੀਗੜ, 22 ਅਪ੍ਰੈਲ:ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀ.ਜੀ.ਪੀ.) ਸ੍ਰੀ ਵੀ.ਕੇ ਭਾਵਰਾ ਸਮੇਤ 149 ਪੁਲਿਸ ਕਰਮਚਾਰੀਆਂ ਨੇ ਸ਼ੁੱਕਰਵਾਰ ਨੂੰ ਇੱਥੇ ਪੰਜਾਬ ਪੁਲਿਸ ਹੈੱਡਕੁਆਰਟਰ (ਪੀ.ਪੀ.ਐਚ.ਕਿਊ.) ਵਿਖੇ ਲਗਾਏ ਗਏ ਇੱਕ ਵਿਸ਼ੇਸ਼ ਕੈਂਪ ਦੌਰਾਨ ਕੋਵਿਡ-19 ਵੈਕਸੀਨੇਸ਼ਨ ਬੂਸਟਰ ਡੋਜ਼ ਲਗਵਾਈ। ਇਸ ਦੌਰਾਨ ਪੁਲਿਸ ਦੇ ਦੋ ਵਧੀਕ ਡਾਇਰੈਕਟਰ ਜਨਰਲਜ਼ ਆਫ਼ ਪੁਲਿਸ ਜਿੰਨਾਂ ਵਿੱਚ ਏ.ਡੀ.ਜੀ.ਪੀ. (ਭਲਾਈ) ਅਰਪਿਤ ਸ਼ੁਕਲਾ ਅਤੇ ਏ.ਡੀ.ਜੀ.ਪੀ. (ਸੁਰੱਖਿਆ) ਸ਼ਰਦ ਸੱਤਿਆ ਚੌਹਾਨ ਅਤੇ ਏ.ਆਈ.ਜੀ. (ਭਲਾਈ) ਸੁਖਵੰਤ ਸਿੰਘ ਗਿੱਲ ਨੇ ਵੀ ਬੂਸਟਰ ਡੋਜ਼ ਲਗਵਾਈ।
ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਵੱਲੋਂ ਸਿਹਤ ਵਿਭਾਗ ਚੰਡੀਗੜ ਦੇ ਸਹਿਯੋਗ ਨਾਲ ਪੁਲਿਸ ਹੈਡਕੁਆਰਟਰ ਵਿਖੇ ਸਥਿਤ ਡਿਸਪੈਂਸਰੀ ਵਿਖੇ ਆਪਣੇ ਕਰਮਚਾਰੀਆਂ ਲਈ ਕੋਵਿਡ-19 ਵੈਕਸੀਨੇਸ਼ਨ ਬੂਸਟਰ ਡੋਜ਼ ਦਾ ਪ੍ਰਬੰਧ ਕਰਨ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਹੈੱਡਕੁਆਰਟਰ ਵਿਖੇ ਲਗਾਇਆ ਗਿਆ ਇਹ ਤੀਜਾ ਕੈਂਪ ਸੀ ਅਤੇ ਹੁਣ ਤੱਕ ਇਥੇ ਪੀ.ਪੀ.ਐਚ.ਕਿਊ. ਅਤੇ ਮੋਹਾਲੀ ਜ਼ਿਲੇ ਵਿੱਚ ਤਾਇਨਾਤ ਕੁੱਲ 363 ਪੁਲਿਸ ਮੁਲਾਜਮਾਂ ਨੇ ਕੋਵਿਡ-19 ਵੈਕਸੀਨੇਸ਼ਨ ਬੂਸਟਰ ਡੋਜ਼ ਲਗਵਾਈ।ਡੀ.ਜੀ.ਪੀ. ਵੀ.ਕੇ. ਭਾਵਰਾ ਨੇ ਕਿਹਾ ਕਿ ਪੁਲਿਸ ਮੁਲਾਜਮਾਂ ਦੀ ਸਿਹਤ ਨੂੰ ਮੁੱਖ ਤਰਜੀਹ ਦਿੰਦੇ ਹੋਏ ਪੰਜਾਬ ਪੁਲਿਸ ਦੇ ਵੈਲਫੇਅਰ ਵਿੰਗ ਵੱਲੋਂ ਸਮੁੱਚੀ ਫੋਰਸ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਅਜਿਹੇ ਕੈਂਪ ਲਗਾਏ ਜਾ ਰਹੇ ਹਨ।ਉਨਾਂ ਸਮੂਹ ਪੁਲਿਸ ਕਰਮੀਆਂ, ਜੋ ਸਵੈ-ਇੱਛਾ ਨਾਲ ਬੂਸਟਰ ਡੋਜ਼ ਲਗ਼ਵਾਉਣ ਲਈ ਅੱਗੇ ਆਏ, ਦੀ ਸ਼ਲਾਘਾ ਕੀਤੀ ਅਤੇ ਇੱਕ ਵਾਰ ਫਿਰ ਬਾਕੀ ਦੇ ਪੁਲਿਸ ਮੁਲਾਜਮਾਂ ਨੂੰ ਬੂਸਟਰ ਡੋਜ ਲਗਵਾਉਣ ਲਈ ਪ੍ਰੇਰਿਤ ਕੀਤਾ।ਏ.ਡੀ.ਜੀ.ਪੀ. ਭਲਾਈ ਅਰਪਿਤ ਸ਼ੁਕਲਾ ਨੇ ਕਿਹਾ ਕਿ ਸਾਰੇ ਪੁਲਿਸ ਮੁਲਾਜਮਾਂ ਨੂੰ ਅਗਾਊਂ ਸੰਦੇਸ਼ ਦਿੱਤਾ ਗਿਆ ਸੀ ਕਿ ਕੇਵਲ ਉਹੀ ਵਿਅਕਤੀ ਬੂਸਟਰ ਡੋਜ਼ ਲਈ ਯੋਗ ਹਨ ਜੋ ਕੋਵਿਡ ਟੀਕੇ ਦੀ ਦੂਜੀ ਖੁਰਾਕ ਤੋਂ ਬਾਅਦ ਨੌਂ ਮਹੀਨੇ ਦਾ ਸਮਾਂ ਪੂਰਾ ਕਰ ਚੁੱਕੇ ਹਨ।
ਪ੍ਰਤਾਪ ਸਿੰਘ ਬਾਜਵਾ ਵਲੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਮੀਟਿੰਗ
ਸਪੀਕਰ ਵੱਲੋਂ ਵਿਰੋਧੀ ਧਿਰ ਦੇ ਨੇਤਾ ਨੂੰ ਇਜਲਾਸ ਦੌਰਾਨ ਸਾਰਿਆਂ ਨੂੰ ਢੁਕਵਾਂ ਸਮਾਂ ਦੇਣ ਦਾ ਭਰੋਸਾ
ਸੁਖਜਿੰਦਰ ਮਾਨ
ਚੰਡੀਗੜ੍ਹ, 22 ਅਪ੍ਰੈਲ: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਇਥੇ ਪੰਜਾਬ ਵਿਧਾਨ ਸਭਾ ਵਿਖੇ ਆਪਣੇ ਚੈਂਬਰ ਵਿੱਚ ਵਿਰੋਧੀ ਧਿਰ ਦੇ ਨੇਤਾ (ਐਲ.ਓ.ਪੀ.) ਅਤੇ ਕਾਂਗਰਸੀ ਵਿਧਾਇਕ ਸ. ਪ੍ਰਤਾਪ ਸਿੰਘ ਬਾਜਵਾ ਨਾਲ ਮੁਲਾਕਾਤ ਕਰਦਿਆਂ ਭਰੋਸਾ ਦਿਵਾਇਆ ਕਿ ਸੱਤਾ ਧਿਰ ਦੇ ਨਾਲ ਨਾਲ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਵੀ ਲੋਕ ਹਿੱਤ ਸਬੰਧੀ ਮੁੱਦਿਆਂ ਨੂੰ ਉਠਾਉਣ ਲਈ ਨਿਰਪੱਖ ਅਤੇ ਢੁਕਵੇਂ ਮੌਕੇ ਪ੍ਰਦਾਨ ਕੀਤੇ ਜਾਣਗੇ। ਇਸ ਮੀਟਿੰਗ ਦੌਰਾਨ ਸਪੀਕਰ ਨੇ ਕਿਹਾ ਕਿ ਲੋਕਤੰਤਰ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਬੇਹੱਦ ਅਹਿਮ ਹੁੰਦੀ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਵਿਰੋਧੀ ਧਿਰ ਦੇ ਨੇਤਾ ਅਤੇ ਉਨ੍ਹਾਂ ਦੀ ਪਾਰਟੀ ਵਡੇਰੇ ਜਨਤਕ ਹਿੱਤਾਂ ਵਿੱਚ ਜਨਤਾ ਨਾਲ ਸਬੰਧਤ ਮੁੱਦਿਆਂ ‘ਤੇ ਉਸਾਰੂ ਬਹਿਸ ਕਰਵਾਉਣ ਅਤੇ ਇਜਲਾਸ ਨੂੰ ਸਫਲਤਾਪੂਰਵਕ ਚਲਾਉਣ ਵਿੱਚ ਸਮਰਥਨ ਦੇਵੇਗੀ।ਇਸ ਉਤੇ ਵਿਰੋਧੀ ਧਿਰ ਦੇ ਨੇਤਾ ਨੇ ਸਪੀਕਰ ਸ. ਸੰਧਵਾਂ ਨੂੰ ਭਰੋਸਾ ਦਿੱਤਾ ਕਿ ਉਹ ਸਦਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੂਰਨ ਸਹਿਯੋਗ ਦੇਣਗੇ। ਇਸ ਮੌਕੇ ਡਿਪਟੀ ਸੀ.ਐਲ.ਪੀ. ਡਾ. ਰਾਜ ਕੁਮਾਰ ਚੱਬੇਵਾਲ ਅਤੇ ਪੰਜਾਬ ਵਿਧਾਨ ਸਭਾ ਦੇ ਸਕੱਤਰ ਸ੍ਰੀ ਸੁਰਿੰਦਰਪਾਲ ਸਿੰਘ ਵੀ ਹਾਜਰ ਸਨ।
ਸਿਲਵਰ ਓਕਸ ਸਕੂਲ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਮਨਾਇਆ ‘ਅਰਥ-ਡੇ’
ਸੁਖਜਿੰਦਰ ਮਾਨ
ਬਠਿੰਡਾ, 22 ਅਪ੍ਰੈਲ: ਸਿਲਵਰ ਓਕਸ ਸਕੂਲ ਡੱਬਵਾਲੀ ਰੋਡ ਬਠਿੰਡਾ ਦੇ ਵਿਦਿਆਰਥੀਆਂ ਦੁਆਰਾ ਬਹੁਤ ਹੀ ਉਤਸ਼ਾਹ ਨਾਲ ‘ਅਰਥ-ਡੇ’ ਮਨਾਇਆ ਗਿਆ ।ਸਕੂਲ ਦੇ ਵਿਦਿਆਰਥੀਆਂ ਦੁਆਰਾ ਬਠਿੰਡਾ ਦੇ ਏਮਜ਼ (ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾਨ) ਵਿਖੇ ਜਾ ਕੇ ਰੈਲੀ ਅਤੇ ਨੁੱਕੜ-ਨਾਟਕ ਪੇਸ਼ ਕੀਤਾ ਗਿਆ। ਇਸ ਨਾਟਕ ਰਾਹੀਂ ਵਿਦਿਆਰਥੀਆਂ ਨੇ ਸਾਰਿਆਂ ਨੂੰ ਵਾਤਾਵਰਨ ਨੂੰ ਸਾਫ਼ -ਸੁਥਰਾ ਅਤੇ ਸੁਰੱਖਿਅਤ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਸਕੂਲ ਦੁਆਰਾ ਉੱਥੋ ਦੇ ਡਾਕਟਰਾਂ ਅਤੇ ਮੈਡੀਕਲ ਦੇ ਵਿਦਿਆਰਥੀਆਂ ਨੂੰ ਸਹੁੰ ਪੱਤਰ ਦਿੱਤੇ ਗਏ ਅਤੇੇ ਬਠਿੰਡਾ ਏਮਜ਼ ਦੇ ਡੀਨ ਸ਼੍ਰੀ ਸ਼ਤੀਸ਼ ਕੁਮਾਰ ਦੁਆਰਾ ਵਾਤਾਵਰਨ ਸੁਰੱਖਿਅਤ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਸਭ ਨੂੰ ਉਤਸ਼ਾਹਿਤ ਕੀਤਾ ਗਿਆ।
ਦੇਸ਼ ’ਚ ਕਿਸਾਨਾਂ ਲਈ ਹੋਰ ਤੇ ਉਦਯੋਗਪਤੀਆਂ ਲਈ ਹੋਰ ਕਾਨੂੰਨ: ਰੇਸ਼ਮ ਯਾਤਰੀ
ਸੁਖਜਿੰਦਰ ਮਾਨ
ਬਠਿੰਡਾ, 22 ਅਪ੍ਰੈਲ: ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜਨਰਲ ਸਕੱਤਰ ਰੇਸਮ ਸਿੰਘ ਯਾਤਰੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ ਵਿੱਚ ਕਿਸਾਨਾਂ ਲਈ ਕਾਨੂੰਨ ਹੋਰ ਤਰ੍ਹਾਂ ਕੰਮ ਕਰਦਾ ਹੈ ਅਤੇ ਕਾਰਪੋਰੇਟਾਂ ਲਈ ਇਹ ਹੋਰ ਕੰਮ ਕਰਦਾ ਹੈ, ਕਿਉਂਕਿ ਜਦੋਂ ਕਿਸਾਨ ਨੇ ਕੋਈ ਖੇਤੀ ਔਜਾਰ ਖਰੀਦਨਾਂ ਹੁੰਦਾ ਹੈ ਤਾਂ ਕਿਸਾਨਾਂ ਤੋਂ ਉਸ ਦੀ ਕੀਮਤ ਸਾਰੇ ਟੈਕਸ ਵਗੈਰਾ ਲਾ ਕੇ 400% ਦੇ ਕਰੀਬ ਵਸੂਲੀ ਜਾਂਦੀ ਹੈ ਅਤੇ ਕਰਜ ਲਈ ਉਸ ਦੀ ਜੱਦੀ ਜਾਇਦਾਦ ਆੜਰਹਿਨ(ਗਿਰਵੀ) ਕੀਤੀ ਜਾਂਦੀ ਹੈ, ਜਦੋਂ ਕਿ ਕਾਰਪੋਰੇਟਾਂ ਨੂੰ ਅਰਬਾਂ ਖਰਬਾਂ ਰੁਪਈਆ ( ਜਿਸ ਤੇ 50 ਪਰਸੈਂਟ ਜਾ ਇਸਤੋਂ ਵੀ ਉਪਰ ਸਬਸਿਡੀ ਹੁੰਦੀ ਹੈ) ਇੰਡਸਟਰੀ ਲਾਉਣ ਲਈ ਬਿਨਾਂ ਕਿਸੇ ਜਾਮਨੀ ਤੇ ਦੇ ਦਿੱਤਾ ਜਾਂਦਾ ਹੈ,ਉਦਯੋਗਪਤੀ ਕਰਜਾ ਨਾ ਮੋੜਣ ਦੀ ਸੂਰਤ ਵਿੱਚ 50 ਪਰਸੈਂਟ ਸਬਸਿਡੀ ਖਾ ਕੇ ਸਰਕਾਰ ਦੇ ਪੈਸੇ ਨਾਲ ਬਣਾਈ ਇੰਡਸਟਰੀ ਛੱਡ ਕੇ ਚਲਾ ਜਾਂਦਾ ਹੈ ਤਾਂ ਉਸ ਤੇ ਕੋਈ ਕਾਰਵਾਈ ਨਹੀਂ ਹੁੰਦੀ,ਕਿਸਾਨ ਨੂੰ ਕਰਜਾ ਨਾ ਮੋੜਣ ਤੇ,ਉਸਦੀ ਜਾਇਦਾਤ ਕੁਰਕ ਕਰਕੇ ਓਸ ਨੂੰ ਜੇਲ ਭੇਜ ਦਿੱਤਾ ਜਾਂਦਾ ਹੈ,ਜਦ ਕਿ ਸਰਕਾਰਾਂ ਕਿਸਾਨੀ ਦਾ ਭਲਾ ਕਰਨ ਦੀਆ ਟਾਰਾ ਮਾਰਦੀਆ ਹਨ,ਮਜੂਦਾ ਸਮੇਂ ਵਿੱਚ ਕਰਜਾ ਨਾ ਮੋੜਨ ਵਾਲੇ ਕਿਸਾਨਾਂ ਦੇ ਵਰੰਟ ਕੱਢੇ ਜਾ ਰਹੇ ਹਨ , ਜਦੋਂ ਕਿ ਇਸ ਵਿਚ ਕਿਸਾਨ ਦੋਸੀ ਨਹੀਂ ਹੈ, ਇਕ ਤਾ ਕਿਸਾਨ ਸਿਰ ਚੜਿਆ ਕਰਜਾ ਸਰਕਾਰਾਂ ਦੀਆਂ ਗਲਤ ਪੌਲਸੀਆ ਦਾ ਨਤੀਜਾ ਹੈ ਦੂਸਰਾ ਪਿਛਲੀਆਂ ਸਰਕਾਰਾਂ ਨੇ ਕਿਸਾਨਾਂ ਦਾ ਹਰ ਤਰ੍ਹਾਂ ਦਾ ਕਰਜਾ ਖਤਮ ਕਰਨ ਦਾ ਵਾਅਦਾ ਕੀਤਾ ਸੀ,ਜਿਸ ਕਾਰਨ ਇਹ ਤਾਣਾ ਬਾਣਾ ਉਲਝ ਕੇ ਰਹਿ ਗਿਆ ਹੈ,ਅਤੇ ਇਸ ਕਿਸਾਨੀ ਕਰਜੇ ਲਈ ਪਿਛਲੀਆਂ ਸਰਕਾਰਾਂ ਜੁੰਮੇਵਾਰ ਹਨ, ਸਰਕਾਰਾਂ ਨੂੰ ਕਿਸਾਨੀ ਨੂੰ ਪ੍ਰੇਸਾਨ ਕਰਨ ਤੋਂ ਬਾਜ ਆਉਣਾ ਚਾਹੀਦਾ ਹੈ , ਨਹੀਂ ਤਾਂ ਜਥੇਬੰਦੀ ਚੁੱਪ ਨਹੀਂ ਬੈਠੇ ਗੀ , ਦੂਸਰਾ ਕਿਸਾਨਾਂ ਦੀਆ ਜੋ ਪਿੱਛੇ ਲਿਮਟਾ ਬਣੀਆ ਹੋਈਆ ਹਨ ਉਹਨਾਂ ਨੂੰ ਵਧ ਵਿਆਜ ਵਾਲੇ ਡੇਅਰੀ ਲੋਨ ਵਿਚ ਤਬਦੀਲ ਕੀਤਾ ਜਾ ਰਿਹਾ ਹੈ,ਇਸ ਤਰ੍ਹਾਂ ਦੀਆਂ ਹਰਕਤਾਂ ਤੋਂ ਬਾਜ ਆਉਣਾ ਚਾਹੀਦਾ ਹੈ,ਅਤੇ ਤੁਰਤ ਕਿਸਾਨਾਂ ਤੇ ਜੋ ਕਰਜੇ ਪ੍ਰਤੀ ਕਾਰਵਾਈਆ ਕੀਤੀਆਂ ਜਾ ਰਹੀਆਂ ਹਨ ਉਹਨਾਂ ਨੂੰ ਤੁਰਤ ਬੰਦ ਕਰਨਾ ਚਾਹੀਦਾ ਹੈ,ਨਹੀਂ ਤਾਂ ਜੱਥੇਬੰਦੀ ਨੂੰ ਕੋਈ ਸਖਤ ਸਟੈਂਡ ਲੈਣ ਲਈ ਮਜਬੂਰ ਹੋਣਾ ਪਵੇਗਾ।
ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਕੁਲਦੀਪ ਧਾਲੀਵਾਲ ਵਲੋਂ ਗੁਜਰਾਤ ਦੇ ਅਮੁਲ ਪਲਾਟਾਂ ਦਾ ਦੌਰਾ
ਪੰਜਾਬ ਵਿਚ ਡੇਅਰੀ ਪਦਾਰਥਾਂ ਨੂੰ ਹੋਰ ਮਿਆਰੀ ਬਣਾਉਣ ਅਤੇ ਅੰਤਰਾਸ਼ਟਰੀ ਮੰਡੀਕਰਨ ਲਈ ਅਮੁਲ ਤੋਂ ਸਹਿਯੋਗ ਮੰਗਿਆ: ਕੁਲਦੀਪ ਧਾਲੀਵਾਲ
ਸੁਖਜਿੰਦਰ ਮਾਨ
ਅਨੰਦ ਸ਼ਹਿਰ (ਗੁਜਰਾਤ) ਅਪ੍ਰੈਲ 22: ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਕੁਲਦੀਪ ਧਾਲੀਵਾਲ ਪੰਜਾਬ ਵਿਚ ਡੇਅਰੀ ਫਾਰਮਿੰਗ ਨੂੰ ਉਤਸ਼ਾਹਿਤ ਕਰਨ ਲਈ ਪਿਛਲੇ ਤਿੰਨ ਦਿਨ ਤੋਂ ਗੁਜਾਰਤ ਦੇ ਦੌਰੇ ‘ਤੇ ਹਨ, ਜਿੱਥੇ ਉਨ੍ਹਾਂ ਨੇ ਰਾਸ਼ਟਰੀ ਡੇਅਰੀ ਵਿਕਾਸ ਬੋਰਡ ਦੇ ਚੇਅਰਮੈਨ ਸਮੇਤ ਕਈ ਹੋਰ ਮਾਹਿਰਾਂ ਨਾਲ ਵਿਚਾਰਾਂ ਕੀਤੀਆਂ।ਅੱਜ ਉਨ੍ਹਾਂ ਵਲੋਂ ਅਨੰਦ ਸ਼ਹਿਰ ਅਤੇ ਗਾਂਧੀਨਗਰ ਵਿਖੇ ਅਮੁਲ ਦੇ ਵੱਖ ਵੱਖ ਪਲਾਟਾਂ ਦਾ ਦੌਰਾ ਕੀਤਾ ਗਿਆ ਜਿੱਥੇ ਅਮੂਲ ਦੇ ਅਧਕਿਾਰੀਆਂ ਨਾਲ ਮੀਟਿੰਗ ਕਰਕੇ ਪੰਜਾਬ ਵਿਚ ਦੁੱਧ ਤੋਂ ਬਣਨ ਵਾਲੇ ਪਦਾਰਥਾਂ ਨੂੰ ਹੋਰ ਮਿਆਰੀ ਬਣਾਉਣ ਲਈ ਸਹਿਯੋਗ ਦੀ ਮੰਗ ਕੀਤੀ ਹੈ। ਇਸ ਦੌਰੇ ਬਾਰੇ ਜਾਣਕਾਰੀ ਦਿੰਦਿਆਂ ਕੁਲਦੀਪ ਧਾਲੀਵਾਲ ਨੇ ਦੱਸਿਆ ਕਿ ਅਮੂਲ ਵੀ ਪੰਜਾਬ ਦੇ ਵੇਰਕਾ ਅਦਾਰੇ ਵਾਂਗ ਸਹਿਕਾਰੀ ਅਦਾਰਾ ਹੈ, ਜਿਸ ਦੇ ਡੇਅਰੀ ਪਦਾਰਥ ਵਿਸ਼ਵ ਪੱਧਰ ‘ਤੇ ਵੱਡੀ ਪਹਿਚਾਣ ਬਣੇ ਹੋਏ ਹਨ।ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਉਨ੍ਹਾਂ ਦੀ ਸਰਕਾਰ ਦਾ ਮੁੱਖ ਟੀਚਾ ਹੈ ਕਿ ਪੰਜਾਬ ਵਿਚ ਸਹਿਕਾਰਤਾ ਲਹਿਰ ਨੂੰ ਹੋਰ ਮਜਬੂਤੀ ਨਾਲ ਚਲਾਇਆ ਜਾਵੇ ਤਾਂ ਜੋ ਸਹਾਇਕ ਕਿਸਾਨੀ ਧੰਦਿਆਂ ਨਾਲ ਕਿਸਾਨਾਂ ਨੂੰ ਜੋੜ ਕੇ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਇਆ ਜਾ ਸਕੇ। ੳਨ੍ਹਾਂ ਕਿਹਾ ਕਿ ਪੰਜਾਬ ਵਿਚ ਵੇਰਕਾ ਦੇ ਰਾਹੀਂ ਸੂਬੇ ਦੇ ਬਹੁ ਗਿਣਤੀ ਪਿੰਡ ਡੇਅਰੀ ਦੇ ਸਹਿਕਾਰੀ ਧੰਦੇ ਨਾਲ ਜੁੜੇ ਹੋਏ ਹਨ ਅਤੇ ਅਗਲੇ ਪੰਜ ਸਾਲ ਵਿਚ ਸੂਬੇ ਦੇ ਸਾਰੇ ਪਿੰਡਾਂ ਨੂੰ ਇਸ ਮੁਹਿੰਮ ਨਾਲ ਜੋੜਿਆ ਜਾਵੇਗਾ।
ਡੇਅਰੀ ਵਿਕਾਸ ਮੰਤਰੀ ਨੇ ਕਿਹਾ ਕਿ ਹਾਲਾਂਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ, ਪਰ ਸਾਡੇ ਕਿਸਾਨ ਖੇਤੀਬਾੜੀ ਦੇ ਨਾਲ ਨਾਲ ਕਿਸੇ ਨਾ ਕਿਸੇ ਰੂਪ ਵਿਚ ਪਸ਼ੂ ਪਾਲਣ ਦੇ ਧੰਦੇ ਨਾਲ ਵੀ ਜੁੜੇ ਹੋਏ ਹਨ।ਉਨ੍ਹਾਂ ਕਿਹਾ ਕਿ ਹਾਲੇ ਬਹੁਤ ਸਾਰੇ ਕਿਸਾਨ ਰਵਾਇਤੀ ਪਸ਼ੂ ਪਾਲਣ ਦੇ ਕਿੱਤੇ ਨਾਲ ਹੀ ਜੁੜੇ ਹੋਏ ਹਨ, ਪਰ ਪੰਜਾਬ ਸਰਕਾਰ ਵਲੋਂ ਪੇਸ਼ੇਵਰ ਡੇਅਰੀ ਫਾਰਮਿੰਗ ਨਾਲ ਕਿਸਾਨਾਂ ਨੂੰ ਜੋੜਨ ਲਈ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਬਾਰੇ ਸਿਖਲਾਈ ਦੇਣ ਦੇ ਨਾਲ ਨਾਲ ਸਬਸਿਡੀ ‘ਤੇ ਨਵੇਂ ਉਪਕਰਨ ਵੀ ਮੁਹੱਈਆ ਵੀ ਕਰਵਾਏ ਜਾਣਗੇ।ਕੁਲਦੀਪ ਧਾਲੀਵਾਲ ਨੇ ਕਿਹਾ ਕਿ ਅਮੁਲ ਇੱਕ ਸਹਿਕਾਰੀ ਅਦਾਰਾ ਹੈ ਜਿਸ ਦੇ ਕੰਮ ਕਾਰ ਦੀ ਜਾਣਕਾਰੀ ਹਾਸਿਲ ਕਰਨ ਲਈ ਉਨ੍ਹਾਂ ਵਲੋਂ ਇਹ ਦੌਰਾ ਕੀਤਾ ਗਿਆ ਸੀ।ਉਨਾਂ ਦੱਸਿਆ ਕਿ ਅਮੂਲ ਦੇ ਪ੍ਰਬੰਧਕਾਂ ਤੋਂ ਉਨ੍ਹਾਂ ਨੇ ਪੰਜਾਬ ਵਿਚ ਦੁੱਧ ਤੋਂ ਤਿਆਰ ਹੋਣ ਵਾਲੇ ਪਦਾਰਥਾਂ ਦੀ ਹਰ ਤਕਨੀਕੀ ਸਹਾਇਤਾ ਕਰਨ ਦੀ ਅਪੀਲ ਕੀਤੀ ਹੈ।ਇਸ ਦੇ ਨਾਲ ਹੀ ਮੰਤਰੀ ਨੇ ਦੱਸਿਆ ਕਿ ਪੰਜਾਬ ਵਿਚ ਸਹਿਕਾਰਤਾ ਲਹਿਰ ਰਾਹੀਂ ਤਿਆਰ ਹੋਣ ਵਾਲੇ ਪਦਾਰਥਾਂ ਦੀ ਅੰਤਰਰਾਸ਼ਟਰੀ ਪੱਧਰ ਮੰਡੀਕਰਨ ਲਈ ਵੀ ਅਮੁਲ ਤੋਂ ਸਹਿਯੋਗ ਲੈਣ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।
ਕੁਲਦੀਪ ਧਾਲੀਵਾਲ ਨੇ ਅਪਾਣੇ ਇਸ ਦੌਰੇ ਦੌਰਾਨ ਰਾਸ਼ਟਰੀ ਡੇਅਰੀ ਵਿਕਾਸ ਬੋਰਡ ਦੇ ਮੁੱਖ ਦਫਤਰ, ਅਮੁਲਫੇਡ, ਗਾਂਧੀਨਗਰ, ਗੁਜਰਾਤ ਡੇਅਰੀ ਪਲਾਂਟ, ਆਈਸ ਕਰੀਮ ਪਲਾਂਟ, ਡੇਅਰੀ ਪਲਾਂਟ, ਚਾਕਲੇਟ ਪਲਾਂਟ, ਬੁਲ ਬ੍ਰੀਡਿੰਗ ਫਾਰਮ, ਡਾ. ਵੀ. ਕੁਰੀਨ ਮਿਊਜੀਅਮ, ਸਰਦਾਰ ਪਟੇਲ ਅਸੈਂਬਲੀ ਹਾਲ, ਡੀ.ਸੀ.ਐੱਸ. ਸੰਦੇਸਰ ਦਾ ਦੌਰਾ ਕੀਤਾ।ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸਨ ਲਿਮਿਟੇਡ (ਜੀ.ਸੀ.ਐੱਮ.ਐੱਮ.ਐੱਫ.), ਆਨੰਦ ਦੇ ਐਮ.ਡੀ ਗੁਜਰਾਤ ਡਾ. ਆਰ.ਐਸ. ਸੋਢੀ, ਸੀ.ਓ.ਓ ਜੈਇਨ ਮਹਿਤਾ, ਏ.ਜੀ.ਐਮ ਐੱਚ.ਪੀ. ਰਾਠੌੜ, ਰਾਸਟਰੀ ਡੇਅਰੀ ਵਿਕਾਸ ਬੋਰਡ ਦੇ ਚੇਅਰਮੈਨ ਮਨੀਸ ਸਾਹ, ਕੈਰਾ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਯੂਨੀਅਨ ਲਿਮਿਟੇਡ (ਅਮੁਲ ਡੇਅਰੀ), ਆਨੰਦ, ਗੁਜਰਾਤ ਦੇ ਐਮ.ਡੀ ਅਮਿਤ ਵਿਆਸ, ਕੁਲਦੀਪ ਸਿੰਘ, ਐੱਚ.ਓ, ਕੋਆਰਡੀਨੇਟਰ ਅਮਰਜੀਤ ਸਿੰਘ ਅਤੇ ਭਾਰਤੀ ਪੇਂਡੂ ਪ੍ਰਬੰਧਨ ਸੰਸਥਾਨ, ਆਨੰਦ, ਗੁਜਰਾਤ ਦੇ ਡਾਇਰੈਕਟਰ ਉਮਾਕਾਂਤ ਦਾਸ ਨਾਲ ਮੁਲਾਕਤਾ ਕੀਤੀ।
ਸਰਕਾਰੀ ਸਕੂਲਾਂ ਵਿੱਚ ਆਧੁਨਿਕ ਲੀਹਾਂ ਉਤੇ ਮਿਆਰੀ ਸਿੱਖਿਆ ਦਿੱਤੀ ਜਾਵੇਗੀ: ਮੀਤ ਹੇਅਰ
ਸਿੱਖਿਆ ਮੰਤਰੀ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਲੱਲੀਆਂ ਦਾ ਦੌਰਾ
ਸੁਖਜਿੰਦਰ ਮਾਨ
ਹੁਸਅਿਾਰਪੁਰ, 22 ਅਪ੍ਰੈਲ:ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਸਿੱਖਿਆ ਖੇਤਰ ਨੂੰ ਸਹੀ ਲੀਹਾਂ ਉੱਤੇ ਲਿਆਉਣ ਲਈ ਫੀਲਡ ਵਿੱਚੋਂ ਹਾਸਲ ਕੀਤੀ ਜਾ ਰਹੀ ਫੀਡਬੈਕ ਤਹਿਤ ਵੱਖ-ਵੱਖ ਸਕੂਲਾਂ ਦੇ ਕੀਤੇ ਜਾ ਰਹੇ ਦੌਰਿਆਂ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਲੱਲੀਆਂ ਦਾ ਦੌਰਾ ਕੀਤਾ ਗਿਆ।ਸਿੱਖਿਆ ਮੰਤਰੀ ਵੱਲੋਂ ਸਕੂਲ ਦੇ ਕੰਮਕਾਜ ਦਾ ਜਾਇਜਾ ਲਿਆ ਗਿਆ ਅਤੇ ਸਟਾਫ ਤੇ ਵਿਦਿਆਰਥੀਆਂ ਨੂੰ ਦਰਪੇਸ ਮੁਸਕਿਲਾਂ ਸੁਣੀਆਂ ਗਈਆਂ।ਉਨ੍ਹਾਂ ਕਿਹਾ ਕਿ ਬੱਚੇ ਦੇਸ ਦਾ ਭਵਿੱਖ ਹਨ ਅਤੇ ਇਨ੍ਹਾਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਮੰਤਵ ਨਾਲ ਸਕੂਲਾਂ ਨੂੰ ਆਧੁਨਿਕ ਲੀਹਾਂ ਉਤੇ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।ਵਿਦਿਆਰਥੀਆਂ ਨੂੰ ਗੁਣਾਤਮਕ ਅਤੇ ਸਮੇਂ ਦੇ ਹਾਣ ਦਾ ਉਸਾਰੂ ਵਿੱਦਿਅਕ ਮਾਹੌਲ ਦੇਣ ਨਾਲ ਉਨ੍ਹਾਂ ਦੇ ਪ੍ਰਤਿਭਾਸੀਲ ਕਲਾ ਕੌਸਲ ਵਿੱਚ ਹੋਰ ਨਿਖਾਰ ਆਵੇਗਾ। ਉਨ੍ਹਾਂ ਦੱਸਿਆ ਕਿ ਸਕੂਲਾਂ ਵਿੱਚ ਪੜ੍ਹਾਈ ਨਿਰਵਿਘਨ ਜਾਰੀ ਰੱਖਣ ਦੇ ਕਾਰਜ ਵਿੱਚ ਕਿਧਰੇ ਵੀ ਕੋਤਾਹੀ ਬਰਦਾਸਤ ਨਹੀਂ ਕੀਤੀ ਜਾਵੇਗੀ ਅਤੇ ਬੱਚਿਆਂ ਨੂੰ ਪਾਠ ਪੁਸਤਕਾਂ ਸਮੇਂ ਸਿਰ ਪੁੱਜਦੀਆਂ ਕਰਨਾ ਯਕੀਨੀ ਬਣਾਇਆ ਜਾਵੇ।ਸ੍ਰੀ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਦਾ ਸਕੂਲਾਂ ਦਾ ਦਿੱਲੀ ਦੀ ਤਰਜ ਉਤੇ ਵਿਕਾਸ ਕੀਤਾ ਜਾਵੇਗਾ ਅਤੇ ਖਾਲੀ ਪਈਆਂ ਅਸਾਮੀਆਂ ਨੂੰ ਜਲਦੀ ਹੀ ਭਰਨ ਲਈ ਪ੍ਰਕਿਰਿਆ ਆਰੰਭ ਕਰ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੇ ਵਫਦ ਵੱਲੋਂ ਜਲਦ ਹੀ ਦਿੱਲੀ ਦਾ ਵੀ ਦੌਰਾ ਕੀਤਾ ਜਾ ਰਿਹਾ ਹੈ। ਇਸ ਮੌਕੇ ਹਲਕਾ ਵਿਧਾਇਕ ਜੈ ਕਿ੍ਰਸਨ ਸਿੰਘ ਰੋੜੀ ਵੀ ਹਾਜਰ ਸਨ।
ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਲਗਾਈ ਹਾਜ਼ਰੀ
ਸੁਖਜਿੰਦਰ ਮਾਨ
ਨਵੀਂ ਦਿੱਲੀ, 22 ਅਪ੍ਰੈਲ: ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਲਾਲ ਕਿਲੇ ਵਿਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਏ ਸਮਾਗਮ ‘ਚ ਸਮਾਪਤੀ ਵਾਲੇ ਦਿਨ ਹਾਜ਼ਰੀ ਲੁਆਈ। ਹਰਜੋਤ ਸਿੰਘ ਬੈਂਸ ਨੇ ਪੰਜਾਬ ਸਰਕਾਰ ਦੀ ਤਰਫੋਂ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸੰਗਤਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਧਰਮ ਅਤੇ ਮਨੁੱਖੀ ਕਦਰਾਂ-ਕੀਮਤਾਂ, ਆਦਰਸ਼ਾਂ ਅਤੇ ਆਲਮੀ ਇਤਿਹਾਸ ਦੇ ਸਿਧਾਂਤਾਂ ਦੀ ਰਾਖੀ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ। ਕੈਬਨਿਟ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਪੰਜਾਬ ਦੀ ਅਮੀਰ ਸੱਭਆਚਾਰਕ ਵਿਰਾਸਤ ਦੇ ਪ੍ਰਤੀਕ ਸ੍ਰੀ ਹਰਿਮੰਦਰ ਸਾਹਿਬ ਦਾ ਪ੍ਰਤੀਰੂਪ (ਰੈਪਲਿਕਾ) ਅਤੇ ਫੁਲਕਾਰੀ ਦੇ ਕੇ ਸਨਮਾਨਿਤ ਵੀ ਕੀਤਾ। ਸ. ਬੈਂਸ ਨੇ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਜਾਰੀ ਕਰਨ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਵੀ ਕੀਤਾ ਤੇ ਕਿਹਾ ਕਿ ਇਨ੍ਹਾਂ ਜਰੀਏ ਪੀੜੀ ਦਰ ਪੀੜੀ ਇਸ ਪਵਿੱਤਰ ਦਿਹਾੜੇ ਦੀਆਂ ਯਾਦਾਂ ਨੂੰ ਸੰਭਾਲਿਆ ਜਾਵੇਗਾ।
ਕਿਸਾਨ ਭਾਗੀਦਾਰੀ ਪ੍ਰਾਥਮਿਕਤਾ ਹਮਾਰੀ ਮੁਹਿੰਮ ਤਹਿਤ ਲਾਭਪਾਤਰੀ ਕਿਸਾਨਾਂ ਨੂੰ ਦਿੱਤੇ ਜਾਣਗੇ ਕਰੈਡਿਟ ਕਾਰਡ
ਕਿਸੇ ਯੋਗ ਲਾਭਪਾਤਰੀ ਨੂੰ ਲਾਹਾ ਲੈਣ ਤੋਂ ਨਾ ਰਹਿਣ ਦਿੱਤਾ ਜਾਵੇ ਵਾਝਾਂ
ਬੈਂਕਾਂ ਨੂੰ ਲੋਨ ਸਬੰਧੀ ਪੈਡਿੰਗ ਕੇਸ ਬਿਨਾਂ ਕਿਸੇ ਦੇਰੀ ਦੇ ਹੱਲ ਕਰਨ ਦੇ ਆਦੇਸ਼
ਸੁਖਜਿੰਦਰ ਮਾਨ
ਬਠਿੰਡਾ, 22 ਅਪ੍ਰੈਲ : ਭਾਰਤ ਸਰਕਾਰ ਵਲੋਂ 24 ਅਪ੍ਰੈਲ 2022 ਤੋਂ 01 ਮਈ 2022 ਤੱਕ ਅੱਠ ਰੋਜ਼ਾ ਕਿਸਾਨ ਭਾਗੀਦਾਰੀ ਪ੍ਰਾਥਮਿਕਤਾ ਹਮਾਰੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਪੀਐਮ ਕਿਸਾਨ ਸਨਮਾਨ ਯੋਜਨਾ ਦੇ ਯੋਗ ਲਾਭਪਾਤਰੀਆਂ ਨੂੰ ਕਿਸਾਨ ਕਰੈਡਿਟ ਕਾਰਡ ਦੀ ਸਹੂਲਤ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਉਨ੍ਹਾਂ ਸਾਰੇ ਕਿਸਾਨਾਂ ਦੇ ਕਿਸਾਨ ਕਰੈਡਿਟ ਕਾਰਡ ਬਣਾਏ ਜਾਣੇ ਹਨ ਜਿਨ੍ਹਾਂ ਵਲੋਂ ਪੀਐਮ ਕਿਸਾਨ ਸਕੀਮ ਦਾ ਲਾਹਾ ਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਬਣੇ ਕਿਸਾਨ ਕਰੈਡਿਟ ਕਾਰਡਾਂ ਰਾਹੀਂ ਯੋਗ ਲਾਭਪਾਤਰੀ ਜੋ ਖੇਤੀਬਾੜੀ ਅਤੇ ਸਹਾਇਕ ਧੰਦੇ ਜਿਵੇਂ ਕਿ ਪਸ਼ੂ ਤੇ ਮੱਛੀ ਪਾਲਣ ਲਈ ਸਸਤੇ ਦਰ ਤੇ ਲੋਨ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮੰਤਵ ਇਹ ਹੈ ਕਿ ਕੋਈ ਵੀ ਯੋਗ ਲਾਭਪਾਤਰੀ ਕਿਸਾਨ ਕਰੈਡਿਟ ਕਾਰਡ (ਕੇਸੀਸੀ) ਤੋਂ ਵਾਝਾਂ ਨਾ ਰਹਿ ਸਕੇ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਸਾਰੇ ਯੋਗ ਕਿਸਾਨਾਂ ਨੂੰ ਵੱਖ-ਵੱਖ ਲੋਕ ਭਲਾਈ ਸਕੀਮਾਂ ਜਿਵੇਂ ਕਿ ਪ੍ਰਧਾਨ ਮੰਤਰੀ ਸੁਰਖਿਆ ਬੀਮਾ ਯੋਜਨਾ, ਜੀਵਨ ਜਯੋਤੀ ਬੀਮਾ ਯੋਜਨਾ ਅਤੇ ਅਟਲ ਪੈਨਸ਼ਨ ਯੋਜਨਾ ਆਦਿ ਸਕੀਮਾਂ ਦਾ ਲਾਹਾ ਲੈਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ।ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਾਰੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕਿ ਇਸ ਮੁਹਿੰਮ ਦਾ ਲਾਭ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਤੱਕ ਪਹੁੰਚਾਇਆ ਜਾਵੇ ਤਾਂ ਜੋ ਕੋਈ ਵੀ ਕਿਸਾਨ ਇਸ ਦਾ ਲਾਭ ਲੈਣ ਤੋਂ ਵਾਝਾਂ ਨਾ ਰਹਿ ਸਕੇ।
ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਲੀਡ ਬੈਂਕ ਮਨੇਜ਼ਰ ਨੂੰ ਖਾਸ ਹਦਾਇਤ ਕੀਤੀ ਕਿ ਲੋਕ ਭਲਾਈ ਸਕੀਮਾਂ ਤਹਿਤ ਯੋਗ ਲਾਭਪਾਤਰੀਆਂ ਨੂੰ ਮੁਹੱਈਆ ਕਰਵਾਏ ਜਾਣ ਵਾਲੇ ਲੋਨ ਸਬੰਧੀ ਬੈਂਕਾਂ ਨਾਲ ਰਾਵਤਾ ਕਾਇਮ ਕਰਦਿਆਂ ਰੋਜ਼ਾਨਾ ਇਸ ਦੀ ਰਿਪੋਰਟ ਲੈਣਾ ਲਾਜ਼ਮੀ ਬਣਾਉਣ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਇਸ ਮੁਹਿੰਮ ਦੀ ਸਫ਼ਲਤਾ ਲਈ ਪਿੰਡਾਂ ਵਿੱਚ ਗ੍ਰਾਮ ਸਭਾਵਾਂ ਕਰਵਾ ਕਿ ਸਾਰੇ ਕਿਸਾਨਾਂ ਨੂੰ ਇਸ ਸਕੀਮ ਬਾਰੇ ਜਾਣੂ ਕਰਵਾ ਕੇ ਵੱਧ ਤੋਂ ਵੱਧ ਬੈਂਕਾਂ ਨਾਲ ਜੋੜਿਆ ਜਾਵੇ।ਇਸ ਮੌਕੇ ਨਾਬਾਰਡ ਦੇ ਜ਼ਿਲ੍ਹਾ ਵਿਕਾਸ ਪ੍ਰਬੰਧਕ ਸ਼੍ਰੀ ਅਮਿਤ ਗਰਗ, ਲੀਡ ਬੈਂਕ ਮਨੇਜ਼ਰ ਇਕਬਾਲ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮੈਡਮ ਨੀਰੂ ਗਰਗ, ਖੇਤੀਬਾੜੀ ਵਿਭਾਗ ਦੇ ਫੀਲਡ ਅਫ਼ਸਰ ਸ਼੍ਰੀ ਸੁਖਬੀਰ ਸਿੰਘ ਸੋਢੀ, ਮੱਛੀ ਪਾਲਣ ਵਿਭਾਗ ਦੇ ਸਹਾਇਕ ਡਾਇਰੈਕਟਰ ਸ਼੍ਰੀ ਬਿ੍ਰਜ਼ ਭੂਸ਼ਣ ਗੋਇਲ ਤੋਂ ਇਲਾਵਾ ਵੱਖ-ਵੱਖ ਬੈਂਕਾਂ ਦੇ ਅਧਿਕਾਰੀ ਹਾਜ਼ਰ ਸਨ।
ਵਿਧਾਨ ਸਭਾ ਚੋਣਾਂ-2022 ਦੌਰਾਨ ਕੀਤੇ ਸ਼ਲਾਘਾਯੋਗ ਕੰਮ ਲਈ ਆਰਓਜ਼ ਨੂੰ ਵੰਡੇ ਪ੍ਰਸੰਸਾ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 22 ਅਪ੍ਰੈਲ : ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਦੀ ਲਗਾਤਾਰ ਸੁਧਾਈ ਦਾ ਕੰਮ ਚੱਲ ਰਿਹਾ ਹੈ। ਚੱਲ ਰਹੇ ਕੰਮ ਨੂੰ ਮੁਕੰਮਲ ਕਰਨ ਲਈ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਵਲੋਂ ਜ਼ਿਲ੍ਹੇ ਅਧੀਨ ਪੈਂਦੇ 6 ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਆਰਓਜ਼ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਦੀ ਸੁਧਾਈ ਦੇ ਕੰਮ ਨੂੰ ਲਗਾਤਾਰ ਜਾਰੀ ਰੱਖਿਆ ਜਾਵੇ ਅਤੇ ਇਸ ਦੌਰਾਨ ਕੋਈ ਵੀ ਕੰਮ ਪੈਂਡਿੰਗ ਨਾ ਰਹਿਣ ਦਿੱਤਾ ਜਾਵੇ।ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਮੁੱਖ ਚੋਣ ਅਫ਼ਸਰ, ਪੰਜਾਬ ਦੁਆਰਾ ਵਿਧਾਨ ਸਭਾ ਚੋਣਾਂ-2022 ਦੌਰਾਨ ਕੀਤੇ ਗਏ ਸਲਾਘਾਯੋਗ ਕੰਮ ਦੇ ਭੇਜੇ ਗਏ ਪ੍ਰਸੰਸਾ ਪੱਤਰ ਵੀ ਜ਼ਿਲ੍ਹੇ ਨਾਲ ਸਬੰਧਤ ਆਰਓਜ਼ ਨੂੰ ਭੇਂਟ ਕੀਤੇ। ਉਨ੍ਹਾਂ ਅਧਿਕਾਰੀਆਂ ਨੂੰ ਭਵਿੱਖ ਵਿੱਚ ਵੀ ਇਸ ਤਰ੍ਹਾਂ ਮਿਹਨਤ ਅਤੇ ਲਗਨ ਨਾਲ ਆਪਣੀਆਂ ਸੇਵਾਵਾਂ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਸਿਖਲਾਈ ਅਧੀਨ ਆਈਏਐਸ ਅਧਿਕਾਰੀ ਸ਼੍ਰੀ ਨਿਕਾਸ ਕੁਮਾਰ, ਉਪ ਮੰਡਲ ਮੈਜਿਸਟ੍ਰੇਟ-ਕਮ-ਆਰਓ ਬਠਿੰਡਾ ਸ਼੍ਰੀ ਕੰਵਰਜੀਤ ਸਿੰਘ, ਉਪ ਮੰਡਲ ਮੈਜਿਸਟ੍ਰੇਟ-ਕਮ-ਆਰਓ ਤਲਵੰਡੀ ਸਾਬੋ ਸ਼੍ਰੀ ਆਕਾਸ਼ ਬਾਂਸਲ, ਉਪ ਮੰਡਲ ਮੈਜਿਸਟ੍ਰੇਟ-ਕਮ-ਆਰਓ ਰਾਮਪੁਰਾ ਸ਼੍ਰੀ ਨਵਦੀਪ ਕੁਮਾਰ, ਉਪ ਮੰਡਲ ਮੈਜਿਸਟ੍ਰੇਟ-ਕਮ-ਆਰਓ ਮੌੜ ਮੈਡਮ ਵੀਰਪਾਲ ਕੌਰ, ਏਸੀਏ ਪੁੱਡਾ-ਕਮ-ਆਰਓ ਬਠਿੰਡਾ (ਦਿਹਾਤੀ) ਸ਼੍ਰੀ ਆਰ.ਪੀ. ਸਿੰਘ ਅਤੇ ਤਹਿਸੀਲਦਾਰ ਚੋਣਾਂ ਸ਼੍ਰੀ ਗੁਰਚਰਨ ਸਿੰਘ ਆਦਿ ਅਧਿਕਾਰੀ ਹਾਜ਼ਰ ਸਨ।





