ਅਧਿਕਾਰੀ ਸਾਂਝੀ ਟੀਮ ਬਣਾ ਕੇ ਅਗੇਤੇ ਪ੍ਰਬੰਧ ਕਰਨ ਮੁਕੰਮਲ : ਡਿਪਟੀ ਕਮਿਸ਼ਨਰ
ਅਗਾਊਂ ਪ੍ਰਬੰਧਾਂ ਲਈ ਅਧਿਕਾਰੀਆਂ ਨਾਲ ਕੀਤੀ ਬੈਠਕ
ਸੁਖਜਿੰਦਰ ਮਾਨ
ਬਠਿੰਡਾ, 22 ਅਪ੍ਰੈਲ : ਬਰਸਾਤੀ ਪਾਣੀ ਦੀ ਨਿਕਾਸੀ ਦੇ ਮੱਦੇਨਜ਼ਰ ਅਗਾਊਂ ਪ੍ਰਬੰਧਾਂ ਅਤੇ ਤਿਆਰੀਆਂ ਲਈ ਵਿਧਾਇਕ ਸ. ਜਗਰੂਪ ਸਿੰਘ ਗਿੱਲ ਵਲੋਂ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵਿਸ਼ੇਸ਼ ਬੈਠਕ ਕੀਤੀ ਗਈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਇਸ ਬੈਠਕ ਦੌਰਾਨ ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਬਰਸਾਤੀ ਪਾਣੀ ਦੀ ਸਮੱਸਿਆ ਤੋ ਨਿਯਾਤ ਦਿਵਾਉਣ ਲਈ ਇਸ ਨੂੰ ਉਹ ਖੁਦ ਇੱਕ ਵੱਡੀ ਚੁਣੌਤੀ ਵਜੋਂ ਲੈ ਰਹੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਵੀ ਕਿਹਾ ਕਿ ਉਹ ਵੀ ਇਸ ਸਮੱਸਿਆ ਤੋਂ ਛੁਟਕਾਰੇ ਲਈ ਇਸ ਨੂੰ ਇੱਕ ਚੁਣੌਤੀ ਵਜੋਂ ਲੈਣ ਤਾਂ ਜੋ ਸ਼ਹਿਰ ਵਾਸੀਆਂ ਨੂੰ ਬਰਸਾਤੀ ਪਾਣੀ ਦੀ ਕਿੱਲਤ ਤੋਂ ਨਿਯਾਤ ਦੁਆਈ ਜਾ ਸਕੇ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਵੀ ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਨਾਲ ਮੌਜੂਦ ਰਹੇ ਤੇ ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ ਬਰਸਾਤੀ ਪਾਣੀ ਦੇ ਹੱਲ ਲਈ ਹਰ ਸੰਭਵ ਯਤਨ ਕੀਤੇ ਜਾਣਗੇ।
ਇਸ ਮੀਟਿੰਗ ਤੋਂ ਬਾਅਦ ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਬਰਸਾਤੀ ਪਾਣੀ ਦੀ ਨਿਕਾਸੀ ਨਾਲ ਪ੍ਰਭਾਵਿਤ ਹੋਣ ਵਾਲੇ ਖੇਤਰਾਂ ਜਿਵੇਂ ਕਿ ਸਿਵਲ ਲਾਇਨ, ਪਾਵਰ ਹਾਊਸ ਰੋਡ, ਸਿਰਕੀ ਬਜ਼ਾਰ, ਧੋਬੀ ਬਜ਼ਾਰ ਤੋਂ ਇਲਾਵਾ ਸ਼ਹਿਰ ਅੰਦਰ ਪੈਂਦਿਆਂ ਵੱਖ-ਵੱਖ ਟੋਭਿਆਂ ਜਿਵੇਂ ਸੰਜੇ ਨਗਰ, ਸੰਗੂਆਣਾ, ਵਕਫ਼ ਬੋਰਡ, ਡੀਏਵੀ ਕਾਲਜ ਆਦਿ ਦੀ ਸਾਫ਼-ਸਫ਼ਾਈ ਤੇ ਹੋਰ ਲੋੜੀਂਦੇ ਪ੍ਰਬੰਧ ਕਰਨ ਲਈ ਵਿਚਾਰ-ਚਰਚਾ ਕੀਤੀ ਗਈ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਪ੍ਰਮੁੱਖ ਖੇਤਰਾਂ ਵਿੱਚ ਬਰਸਾਤੀ ਪਾਣੀ ਦੇ ਨਿਕਾਸ ਲਈ ਅਗੇਤੇ ਅਤੇ ਢੁੱਕਵੇਂ ਪ੍ਰਬੰਧ ਕਰਨਾ ਯਕੀਨੀ ਬਣਾਉਣ ਤਾਂ ਜੋ ਬਰਸਾਤੀ ਪਾਣੀ ਨਾਲ ਪ੍ਰਭਾਵਿਤ ਹੋਣ ਵਾਲੇ ਖੇਤਰਾਂ ਦੇ ਵਸਨੀਕਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਤਜ਼ਰਬੇ ਦੇ ਤੌਰ ਤੇ ਨਵੀਆਂ ਬਨਣ ਵਾਲੀਆਂ ਕਲੋਨੀਆਂ ਚ ਇਹ ਜ਼ਰੂਰੀ ਬਣਾਉਣ ਕਿ ਉਹ ਬਰਸਾਤੀ ਪਾਣੀ ਨੂੰ ਰੀਚਾਰਜ ਕਰਨ ਲਈ ਢੁੱਕਵੇਂ ਪ੍ਰਬੰਧ ਕਰਨੇ ਲਾਜ਼ਮੀ ਬਣਾਉਣ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਬਰਸਾਤੀ ਪਾਣੀ ਦੀ ਨਿਕਾਸੀ ਲਈ ਵਰਤੇ ਜਾਣ ਵਾਲੇ ਡਿਸਪੋਜ਼ਲ ਪੁਆਇੰਟਾਂ ਅਤੇ ਮੋਟਰਾਂ ਆਦਿ ਦੀ ਵਰਤੋਂ ਸਬੰਧੀ ਸਪੈਸ਼ਲ ਚੈਕਿੰਗ ਯਕੀਨੀ ਬਣਾਈ ਜਾਵੇ।
ਇਸ ਮੌਕੇ ਐਮਸੀ ਸ਼੍ਰੀ ਸੁਖਦੀਪ ਸਿੰਘ ਢਿੱਲੋਂ, ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਸ਼੍ਰੀ ਕਿਸ਼ੋਰ ਬਾਂਸਲ, ਸੀਵਰੇਜ਼ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਸ਼੍ਰੀ ਅਸ਼ਵਨੀ ਕੁਮਾਰ, ਬੀਐਂਡਆਰ ਦੇ ਕਾਰਜਕਾਰੀ ਇੰਜੀਨੀਅਰ ਸ਼੍ਰੀ ਇੰਦਰਜੀਤ ਸਿੰਘ, ਪੀਐਸਪੀਸੀਐਲ ਕਾਰਜਕਾਰੀ ਇੰਜਨੀਅਰ ਸ਼੍ਰੀ ਬਲਜੀਤ ਸਿੰਘ, ਜਲ ਸਪਲਾਈ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ਼੍ਰੀ ਮਨਪ੍ਰੀਤ ਸਿੰਘ ਅਰਸ਼ੀ ਅਤੇ ਸ਼੍ਰੀ ਅਮਿਤ ਕੁਮਾਰ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਹਾਜ਼ਰ ਸਨ।
ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਦੇ ਨਿਪਟਾਰੇ ਨੂੰ ਚੁਣੌਤੀ ਵਜੋਂ ਲੈਣ ਅਧਿਕਾਰੀ : ਜਗਰੂਪ ਗਿੱਲ
ਸਰਵੋਚ ਬਲਿਦਾਨ ਦੇ ਕਾਰਨ ਹੀ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੂੰ ਮਿਲੀ ਹਿੰਦ ਦੀ ਚਾਦਰ ਦੀ ਉਪਾਧੀ – ਮੁੱਖ ਮੰਤਰੀ
ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਮਨੁੱਖਤਾ, ਭਾਈਚਾਰਾ ਅਤੇ ਸ਼ਾਂਤੀ ਦਾ ਸੰਦੇਸ਼ ਜਨ-ਜਨ ਤਕ ਪਹੁੰਚਾਇਆ ਜਾਵੇਗਾ – ਮਨੋਹਰ ਲਾਲ*
ਸੁਖਜਿੰਦਰ ਮਾਨ
ਚੰਡੀਗੜ੍ਹ, 22 ਅਪ੍ਰੈਲ- ਸਿੱਖਾਂ ਦੇ ਨੌਂਵੇ ਗੁਰੂ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ‘ਤੇ ਹਰਿਆਣਾ ਸਰਕਾਰ ਪਾਣੀਪਤ ਵਿਚ 24 ਅਪ੍ਰੈਲ ਨੂੰ ਸ਼ਾਨਦਾਰ ਪ੍ਰੋਗ੍ਰਾਮ ਆਯੋਜਿਤ ਕਰ ਰਹੀ ਹੈ। ਇਸ ਪ੍ਰੋਗ੍ਰਾਮ ਦਾ ਉਦੇਸ਼ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਮਨੁੱਖਤਾ, ਭਾਈਚਾਰਾ ਅਤੇ ਸ਼ਾਂਤੀ ਦੇ ਸੰਦੇਸ਼ ਨੂੰ ਜਨ-ਜਨ ਤਕ ਪਹੁੰਚਾਉਣਾ ਹੈ। ਗੁਰੂ ਤੇਗ ਬਹਾਦੁਰ ਜੀ ਨੇ ਧਰਮ ਅਤੇ ਮਨੁੱਖਤਾ ਦੀ ਰੱਖਿਆ ਕਰਦੇ ਹੋਏ ਆਪਣੇ ਪ੍ਰਾਣਾਂ ਦਾ ਬਲਿਦਾਨ ਦੇ ਦਿੱਤਾ ਸੀ। ਸ਼੍ਰੀ ਗੁਰੂ ਤੇਗ ਬਹਾਦੁਰ ਜੀ ਵੱਲੋਂ ਦਿੱਤੇ ਗਏ ਬਲਿਦਾਨ ਦੇ ਕਾਰਨ ਹੀ ਉਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਿੱਖ ਧਰਮ ਨੇ ਦੇਸ਼ ਨੂੰ ਮਹਾਨ ਗੁਰੂ ਦਿੱਤੇ ਹਨ, ਜਿਨ੍ਹਾਂ ਨੇ ਸਮਾਜ ਵਿਚ ਪ੍ਰੇਮ, ਸਮਾਨਤਾ ਅਤੇ ਭਾਈਚਾਰੇ ਦੀ ਲੜੀਆਂ ਨੂੰ ਮਜਬੂਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਜਦੋਂ ਗੁਰੂ ਗੱਦੀ ‘ਤੇ ਬਿਰਾਜੇ ਉਸ ਸਮੇਂ ਦੇਸ਼ ਦੇ ਹਾਲਾਤ ਬਹੁਤ ਨਾਜੁਕ ਸਨ। ਲੋਕਾਂ ਨੂੰ ਧਰਮ ਬਦਲਣ ਲਈ ਮਜਬੂਰ ਕੀਤਾ ਜਾ ਰਿਹਾ ਸੀ, ਮਹਿਲਾਵਾਂ ਤੇ ਬੱਚਿਆਂ ‘ਤੇ ਵੀ ਜੁਲਮ ਹੋ ਰਿਹਾ ਸੀ ਅਤੇ ਦੇਵ ਸਭਿਆਚਾਰ ‘ਤੇ ਸੰਕਟ ਦੇ ਬੱਦਲ ਮੰਡਰਾ ਰਹੇ ਸਨ। ਅਜਿਹੇ ਵਿਚ ਉਨ੍ਹਾਂ ਨੇ ਨਿਰਭੈ ਹਿੰਮਤ ਦਿਖਾਉਂਦੇ ਹੋਏ ਧਰਮ ਦੀ ਰੱਖਿਆ ਲਈ ਆਪਣਾ ਸੀਸ ਕੁਰਬਾਨ ਕਰ ਦਿੱਤਾ।
ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਗੁਰੂ ਜੀ ਨੇ ਇਹ ਸ਼ਹਾਦਤ ਨਾ ਦਿੱਤੀ ਹੁੰਦੀ ਤਾਂ ਅੱਜ ਭਾਰਤ ਦਾ ਨਕਸ਼ਾ ਹੀ ਕੁੱਝ ਹੋਰ ਹੁੰਦਾ। ਗੁਰੂਜੀ ਦਾ ਇਹ ਬਲਿਦਾਨ ਸਿਰਫ ਧਰਮ ਪਾਲਨ ਲਈ ਨਹੀਂ ਸਗੋ ਸਮੂਚੇ ਮਨੁੱਖ ਦੀ ਸਭਿਆਚਾਰਕ ਵਿਰਾਸਤ ਦੀ ਖਾਤਰ ਸੀ। ਇਸੀ ਕਾਰਣ ਅੱਜ ਉਨ੍ਹਾਂ ਨੂੰ ਹਿੰਦ ਦੀ ਚਾਦਰ ਅਤੇ ਧਰਮ ਦੀ ਚਾਦਰ ਵਰਗੇ ਸਨਮਾਨਜਨਮ ਸੰਬੋਧਨਾਂ ਨਾਲ ਯਾਦ ਕੀਤਾ ਜਾਂਦਾ ਹੈ। ਬੇਸ਼ੱਕ, ਗੁਰੂ ਤੇਗ ਬਹਾਦੁਰ ਸੀ ਕੀਆ, ਕਰੀ ਨਾ ਕਿਨਹੂ ਆਨ ਮਤਲਬ ਜੋ ਵਿਲੱਖਣ ਪ੍ਰਾਕ੍ਰਮ ਗੁਰੂ ਤੇਗ ਬਹਾਦੁਰ ਜੀ ਨੇ ਕੀਤੇ ਇਹ ਕਿਸੇ ਹੋਰ ਨੇ ਨਹੀਂ ਕੀਤੇ। ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੇ ਨਾ ਸਿਰਫ ਹਿੰਦੂਆਂ ਨੂੰ ਜਬਰਨ ਧਰਮ ਬਦਲਣ ਤੋਂ ਬਚਾਇਆ, ਸਗੋ ਉਨ੍ਹਾਂ ਨੇ ਕਸ਼ਮੀਰੀ ਪੰਡਿਤਾਂ ਦੀ ਵੀ ਬਹੁਤ ਮਦਦ ਕੀਤੀ। ਮੁੱਖ ਮੰਤਰੀ ਨੇ ਇਤਿਹਾਸ ਦਾ ਹਵਾਲਾ ਦਿੰਦੇ ਹੋਏ ਦਸਿਆ ਕਿ 25 ਮਈ, 1675 ਨੂੰ ਗੁਰੂ ਤੇਗ ਬਹਾਦੁਰ ਸਾਹਿਬ ਦੇ ਦਰਬਾਰ ਸ਼੍ਰੀ ਆਨੰਦਪੁਰ ਸਾਹਿਬ ਵਿਚ ਪੰਡਿਤ ਕਿਰਪਾ ਰਾਮ ਦੱਤ ਦੀ ਅਗਵਾਈ ਹੇਠ 16 ਪੰਡਿਤਾਂ ਦਾ ਇਕ ਵਫਦ ਫਰਿਆਦ ਕਰਨ ਪਹੁੰਚਿਆ ਸੀ। ਉਨ੍ਹਾਂ ਨੇ ਗੁਰੂ ਸਾਹਿਬ ਨੂੰ ਜਬਰਨ ਧਰਮ ਬਦਲਣ, ਧਾਰਮਿਕ ਸਮਾਰੋਹਾਂ ‘ਤੇ ਪਾਬੰਦੀ, ਮੰਦਿਰਾਂ ਦੀ ਤੋੜਫੋੜ ਅਤੇ ਜਨਸਹਾਰ ‘ਤੇ ਵਿਸਤਾਰ ਨਾਲ ਦਸਿਆ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਜੁਲਮ ਨੂੰ ਰੋਕਨ ਲਈ ਬਾਦਸ਼ਾਹ ਔਰੰਗਜੇਬ ਨਾਲ ਗੱਲ ਕਰਣਗੇ। ਇਸ ਵਿਚ ਗੁਰੂ ਤੇਗ ਬਹਾਦੁਰ ਸਾਹਿਬ 10 ਜੁਲਾਈ, 1675 ਨੂੰ ਚੱਕ ਨਾਨਕੀ (ਆਨੰਦਪੁਰ ਸਾਹਿਬ) ਤੋਂ ਭਾਈ ਮਤੀਦਾਸ, ਭਾਈ ਸਤੀਦਾਸ ਅਤੇ ਭਾਈ ਦਿਆਲਾ ਜੀ ਦੇ ਨਾਲ ਦਿੱਲੀ ਲਈ ਰਾਵਾਨਾ ਹੋਏ। ਪਰ ਔਰੰਗਜੇਬ ਦੀ ਸੇਨਾ ਨੇ ਸਾਰਿਆਂ ਨੂੰ ਬੰਦੀ ਬਣਾ ਲਿਆ ਅਤੇ ਧਰਮ ਬਦਲਣ ਤੋਂ ਮਨਾ ਕਰਨ ‘ਤੇ ਖੌਫਨਾਕ ਤਸੀਹੇ ਦੇ ਕੇ ਤਿੰਨਾਂ (ਭਾਈ ਮਤੀਦਾਸ ਜੀ, ਭਾਈ ਸਤੀਦਾਸ ਜੀ ਅਤੇ ਭਾਈ ਦਿਆਲਾ ਜੀ) ਨੂੰ ਗੁਰੂ ਸਾਹਿਬ ਦੇ ਸਾਹਮਣੇ ਸ਼ਹੀਦ ਕਰ ਦਿੱਤਾ, ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੇ ਵੀ ਧਰਮ ਦੀ ਰੱਖਿਆ ਲਈ ਦਿੱਲੀ ਦੇ ਚਾਂਦਨੀ ਚੌਕ ‘ਤੇ ਆਪਣਾ ਸੀਸ ਕੁਰਬਾਨ ਕਰ ਦਿੱਤਾ।
ਸ਼੍ਰੀ ਗੁਰੂ ਤੇਗ ਬਹਾਦੁਰ ਜੀ ਮਨੁੱਖੀ ਧਰਮ ਅਤੇ ਵੈਚਾਰਿਕ ਸੁਤੰਤਰਤਾ ਦੇ ਲਈ ਆਪਣੀ ਮਹਾਨ ਸ਼ਹਾਦਤ ਦੇਣ ਵਾਲੇ ਇਕ ਕ੍ਰਾਂਤੀਕਾਰੀ ਯੁੱਗ ਪੁਰਸ਼ ਸਨ। ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੇ ਹਮੇਸ਼ਾ ਇਹੀ ਸੰਦੇਸ਼ ਦਿੱਤਾ ਕਿ ਕਿਸੇ ਵੀ ਇਨਸਾਨ ਨੂੰ ਨਾ ਤਾਂ ਡਰਾਉਂਦਾ ਚਾਹੀਦਾ ਹੈ ਅਤੇ ਨਾ ਹੀ ਡਰਨਾ ਚਾਹੀਦਾ ਹੈ। ਉਨ੍ਹਾਂ ਨੇ ਦੂਜਿਆਂ ਨੂੰ ਬਚਾਉਣ ਲਈ ਆਪਣੀ ਕੁਰਬਾਨੀ ਦਿੱਤੀ। ਉਹ ਹਮੇਸ਼ਾ ਕਮਜੋਰਾਂ ਦੇ ਰੱਖਿਅਕ ਬਣੇ।ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਸਾਰੇ ਪਾਣੀਪਤ ਵਿਚ ਐਤਵਾਰ ਨੂੰ ਆਯੋਜਿਤ ਕੀਤੇ ਜਾ ਰਹੇ ਸ਼੍ਰੀ ਗੁਰੂ ਤੇਗ ਬਹਾਦੁਰ ਦੇ 400ਵੇਂ ਪ੍ਰਕਾਸ਼ ਪੁਰਬ ਦੇ ਆਯੋਜਨ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਅਤੇ ਇਸ ਸ਼ਾਨਦਾਰ ਅਤੇ ਇਤਿਹਾਸਕ ਆਯੋਜਨ ਦਾ ਹਿੱਸਾ ਬਨਣ।
ਬਾਕਸ
ਗੁਰਪੁਰਬ ਦੇ ਲਈ ਸ਼ੁਰੂ ਹੋਈ ਲੰਗਰ ਦੀ ਤਿਆਰੀ, ਸੰਸਥਾਵਾਂ ਦੇ ਨਾਲ ਜੁਟੀ ਸੈਂਕੜਿਆ ਦੀ ਸੰਗਤ*
ਚੰਡੀਗੜ੍ਹ: ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਹਰਿਆਣਾ ਦੇ ਪਾਣੀਪਤ ਵਿਚ ਆਯੋਜਿਤ ਰਾਜ ਪੱਧਰੀ ਪ੍ਰੋਗ੍ਰਾਮ ਦੀਆਂ ਤਿਆਰੀਆਂ ਜਿੱਥੇ ਆਖੀਰੀ ਪੜਾਅ ਵਿਚ ਹਨ, ਉੱਥੇ ਗੁਰੂ ਦੇ ਲੰਗਰ ਵਿਚ ਸੇਵਾ ਦੇਣ ਵਾਲੀ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਨੇ ਲੰਗਰ ਦੀ ਤਿਆਰੀਆਂ ਸ਼ੁਰੂ ਵੀ ਕਰ ਦਿੱਤੀਆਂ ਹਨ। ਲੰਗਰ ਦੇ ਨਾਲ ਠੰਢੀ ਲੱਸੀ ਵੀ ਅਟੁੱਟ ਮਿਲੇਗੀ। ਕਰਨਾਲ ਮਹਿਜ ਇਕ ਸੰਸਥਾ ਨਿਰਮਲ ਕੁਟਿਆ ਵੱਲੋਂ ਹੀ 15 ਹਜਾਰ ਲੀਟਰ ਲੱਸੀ ਪਹੁੰਚਾਈ ਜਾਵੇਗੀ। ਇਸ ਨੂੰ ਲੈ ਕੇ ਉਨ੍ਹਾ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਨੂੰ ਬਨਾਉਣ ਵਿਚ ਸੈਕੜਿਆਂ ਦੀ ਗਿਣਤੀ ਵਿਚ ਸੰਗਤ ਜੁੱਟ ਗਈ ਹੈ। ਇਸ ਤੋਂ ਇਲਾਵਾ, ਤਿੰਨ ਹੋਰ ਸੰਸਥਾਵਾਂ ਵੀ ਡੇਢ ਤੋਂ 2 ਲੱਖ ਸੰਗਤ ਦੇ ਲਈ ਨਮਕੀਨ ਲੱਸੀ ਦੀ ਵਿਵਸਥਾ ਕਰਨ ਵਿਚ ਜੁਟੀ ਹੋਈ ਹੈ।
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਨਿਰਮਲ ਕੁਟਿਆ ਤੋਂ ਸ੍ਰੀ ਪਲਵਿੰਦ ਸਿੰਘ ਨੇ ਦਸਿਆ ਕਿ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ‘ਤੇ ਉਨ੍ਹਾਂ ਨੇ ਲੰਗਰ ਸੇਵਾ ਦਾ ਮੌਕਾ ਮਿਲ ਰਿਹਾ ਹੈ। ਇਹ ਉਨ੍ਹਾਂ ਲਈ ਖੁਸ਼ਕਿਸਮਤੀ ਦੀ ਗਲ ਹੈ। ਗੁਰੂ ਦੀ ਕਿਰਪਾ ਨਾਲ ਅਜਿਹੇ ਨੇਕ ਕੰਮ ਵਿਚ ਕਦੀ ਕਿਸੇ ਚੀਜ ਦੀ ਕਮੀ ਨਹੀਂ ਰਹਿੰਦੀ। ਉਨ੍ਹਾ ਦੇ ਵੱਲੋਂ ਲੰਗਰ ਦੇ ਨਾਲ-ਨਾਲ ਲੱਸੀ ਦੀ ਸੇਵਾ ਵੀ ਦਿੱਤੀ ਜਾਵੇਗੀ। ਇਸ ਦੇ ਲਈ ਸ਼ੁਕਰਵਾਰ ਨੂੰ ਲਗਭਗ 80 ਕੁਇੰਟਲ ਦੁੱਧ ਲਿਆਇਆ ਗਿਆ ਹੈ। ਇਸ ਨੂੰ ਗਰਮ ਕਰ ਕੇ 200-200 ਲੀਟਰ ਡਰੱਮਾਂ ਵਿਚ ਦਹੀ ਲਈ ਜਮਾਇਆ ਜਾਵੇਗਾ। ਇਸ ਦੇ ਬਾਅਦ ਵੱਡੀ-ਵੱਡੀ ਮਧਾਨੀਆਂ ਨਾਲ ਇਸ ਨਾਲ ਨਮਕੀਨ ਲੱਸੀ ਤਿਆਰ ਕੀਤੀ ਜਾਵੇਗੀ। ਇਸ ਨੂੰ ਟੈਂਕਰ ਵਿਚ ਭਰ ਕੇ ਕਰਨਾਲ ਤੋਂ ਪਾਣੀਪਤ ਆਯੋਜਨ ਸਥਾਨ ‘ਤੇ ਲਿਆਇਆ ਜਾਵੇਗਾ। ਇਸੀ ਤਰ੍ਹਾ ਲੰਗਰ ਸੇਵਾ ਦੇਣ ਵਾਲੀ ਦੂਜੀ ਸੰਸਥਾਵਾਂ ਨੇ ਵੀ ਲੱਡੂ -ਬਰਫੀ, ਗੁਲਾਬ ਜਾਮਨ ਆਦਿ ਬਨਾਉਣੇ ਸ਼ੁਰੂ ਕਰ ਦਿੱਤੇ ਹਨ।
ਵਿਸ਼ਵ ਧਰਤੀ ਦਿਵਸ ਮੌਕੇ ਜੌਗਰਫ਼ੀ ਟੀਚਰਜ਼ ਯੂਨੀਅਨ ਨੇ ਜਤਾਈ ਚਿੰਤਾ
2000 ਸਕੂਲਾਂ ਵਿੱਚੋਂ 1800 ਸਕੂਲ ਜੌਗਰਫ਼ੀ ਵਿਸ਼ੇ ਤੋਂ ਵਾਂਝੇ
ਸੁਖਜਿੰਦਰ ਮਾਨ
ਬਠਿੰਡਾ, 22 ਅਪ੍ਰੈਲ:ਵਿਸ਼ਵ ਧਰਤੀ ਦਿਵਸ ਮੌਕੇ ਜੌਗਰਫ਼ੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਵਿਸ਼ਵ ਵਿੱਚ ਜਲਵਾਯੂ ਤਬਦੀਲੀਆਂ ਤੇ ਕੁਦਰਤੀ ਅਸੰਤੁਲਨ ਨਾਲ ਆ ਰਹੀਆਂ ਮੁਸ਼ਕਲਾਂ ਅਤੇ ਪੰਜਾਬ ਦੇ ਸੈਕੰਡਰੀ ਸਕੂਲਾਂ ਵਿੱਚ ਭੂਗੋਲ (ਜੌਗਰਫ਼ੀ) ਵਿਸ਼ੇ ਦੇ ਲੈਕਚਰਾਰਾਂ ਦੀ ਘਾਟ ਸੰਬੰਧੀ ਚਰਚਾ ਕਰਨ ਲਈ ਜੱਥੇਬੰਦੀ ਦੇ ਸੂਬਾ ਪ੍ਰਧਾਨ ਲੈਕਚਰਾਰ ਸੁਖਜਿੰਦਰ ਸਿੰਘ ਸੁੱਖੀ ਚੀਫ਼ ਮਨਿਸਟਰ ਐਵਾਰਡੀ ਪੰਜਾਬ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ਵਿੱਚ ਚਿੰਤਾ ਜਾਹਰ ਕੀਤੀ ਗਈ ਕਿ ਮਨੁੱਖ ਆਪਣੀਆਂ ਜਰੂਰਤਾਂ ਦੀ ਪੂਰਤੀ ਲਈ ਕੁਦਰਤੀ ਸੋਮਿਆਂ ਦੀ ਦੁਰਵਰਤੋਂ ਅਤੇ ਵਾਤਾਵਰਣ ਨਾਲ ਖਿਲਵਾੜ ਕਰ ਰਿਹਾ ਹੈ। ਇਸ ਉਪਰੰਤ ਜੱਥੇਬੰਦੀ ਵੱਲੋਂ ਵਾਤਾਵਰਣ ਜਾਗਰੂਕਤਾ ਸੰਬੰਧੀ ਹੱਥਾਂ ਵਿੱਚ ਬੈਨਰ ਤੇ ਹੱਥ ਪਰਚਿਆਂ ਨਾਲ ਪ੍ਰਦਰਸ਼ਨ ਵੀ ਕੀਤਾ ਗਿਆ।
ਜੱਥੇਬੰਦੀ ਦੇ ਸਕੱਤਰ ਸ਼ਮਸ਼ੇਰ ਸਿੰਘ ਸ਼ੈਰੀ ਨੇ ਦੱਸਿਆ ਕਿ ਇਸ ਵਾਰ ਧਰਤੀ ਦਿਵਸ-2022 ਦਾ ਮੁੱਖ ਵਿਸ਼ਾ ‘ਕੁਦਰਤ ਨਾਲ ਇੱਕਸਾਰਤਾ ‘ ਅਤੇ ਕਾਰੋਬਾਰੀਆਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਇਸ ਤਰ੍ਹਾਂ ਨਿਵੇਸ਼ ਕਰਨ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਦਰਤੀ ਸੋਮੇ ਬਚੇ ਰਹਿਣ। ਲੈਕਚਰਾਰ ਚਰਨਜੀਤ ਸਿੰਘ ਨੇ ਕਿਹਾ ਕਿ ‘‘ਧਰਤੀ ਮਨੁੱਖ ਦਾ ਘਰ ਹੈ‘‘ ਜਿਸ ਨੂੰ ਬਚਾਉਣ ਲਈ ਭੂਗੋਲ ਵਿਸ਼ੇ ਦਾ ਗਿਆਨ ਹੋਣਾ ਅਤਿ ਜਰੂਰੀ ਹੈ। ਪਰੰਤੂ ਜਾਲਵਾਯੂ ਅਤੇ ਧਰਤੀ ਸੰਬੰਧੀ ਜਾਣਕਾਰੀ ਦੇਣ ਵਾਲੇ ਇਸ ਵਿਸ਼ੇ ਨੂੰ ਪੰਜਾਬ ਵਿੱਚ ਹਮੇਸ਼ਾ ਹੀ ਅੱਖੋਂ ਪਰੋਖੇ ਕੀਤਾ ਜਾਂਦਾ ਰਿਹਾ ਹੈ ਅਤੇ ਗੁਆਂਫੀ ਸੂਬੇ ਹਰਿਆਣਾ ਦੇ ਹਰ ਸੈਕੰਡਰੀ ਸਕੂਲ ਵਿੱਚ ਵਿਦਿਆਰਥੀਆਂ ਨੂੰ ਭੂਗੋਲ ਵਿਸ਼ਾ ਪੜ੍ਹਾਉਣ ਲਈ ਲੈਕਚਰਾਰ ਉਪਲੱਬਧ ਹਨ। ਸ਼੍ਰੀ ਸੁੱਖੀ ਨੇ ਤੱਥਾਂ ਤੇ ਅੰਕੜਿਆਂ ਸਹਿਤ ਦੱਸਿਆ ਕਿ ਪੰਜਾਬ ਦੇ ਕੁੱਲ 2000 ਸੀਨੀਅਰ ਸੈਕੰਡਰੀ ਸਕੂਲਾਂ ਵਿੱਚੋਂ 1800 ਸਕੂਲਾਂ ਵਿੱਚ ਇਸ ਵਿਸ਼ੇ ਦੇ ਲੈਕਚਰਾਰ ਹੀ ਨਹੀਂ ਹਨ ਅਤੇ ਜੌਗਰਫੀ ਲੈਕਚਰਾਰਾਂ ਦੀਆਂ ਮੰਨਜ਼ੂਰਸ਼ੁਦਾ 357 ਆਸਾਮੀਆਂ ਵਿੱਚੋਂ ਖਾਲੀ ਪਈਆਂ 170 ਆਸਾਮੀਆਂ ਨੂੰ ਇਸ ਵਿਸ਼ੇ ਦੇ ਪੋਸਟ ਗਰੈਜੂਏਟ ਅਧਿਆਪਕ ਉਪਲੱਬਧ ਹੋਣ ਦੇ ਬਾਵਜੂਦ ਵੀ ਨਹੀਂ ਭਰਿਆ ਜਾ ਰਿਹਾ।
ਇੱਥੇ ਇਹ ਵੀ ਹੈਰਾਨੀਜਨਕ ਤੱਥ ਹੈ ਕਿ ਪੰਜਾਬ ਦੇ ਸਕੂਲਾਂ ਵਿੱਚ ਵਾਤਾਵਰਣ ਵਿਸ਼ੇ ਨੂੰ ਪੜ੍ਹਾਉਣ ਲਈ ਕੋਈ ਵੀ ਆਸਾਮੀ ਮੰਨਜੂਰ ਨਹੀਂ ਹੈ, ਜਦੋਂਕਿ ਭੂਗੋਲ ਵਿਸ਼ੇ ਦਾ ਅਧਿਆਪਕ ਭੂਗੋਲ ਵਿਸ਼ਾ ਪੜ੍ਹਾਉਣ ਦੇ ਨਾਲ-ਨਾਲ ਵਾਤਾਵਰਣ ਸਿੱਖਿਆ ਪੜ੍ਹਾਉਣ ਲਈ ਸਮਰੱਥ ਹੈ, ਜਿਹੜਾ ਕਿ ਲਾਜ਼ਮੀ ਵਿਸ਼ਾ ਹੈ। ਮੀਟਿੰਗ ਦੌਰਾਨ ਜੱਥੇਬੰਦੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਵਿਸ਼ੇ ਦੀ ਮਹੱਤਤਾ ਨੂੰ ਦੇਖਦੇ ਹੋਏ ਹਰ ਸੀਨੀਅਰ ਸੈਕੰਡਰੀ ਸਕੂਲ ਵਿੱਚ ਇੱਕ-ਇੱਕ ਆਸਾਮੀ ਭੂਗੋਲ ਵਿਸ਼ੇ ਦੇ ਲੈਕਚਰਾਰ ਦੀ ਦਿੱਤੀ ਜਾਵੇ ਤਾਂ ਜੋ ਨਵੀਂ ਪੀੜ੍ਹੀ ਇਸ ਵਿਸ਼ੇ ਦਾ ਗਿਆਨ ਹਾਸਲ ਕਰਕੇ ਵਾਤਾਵਰਣ ਅਤੇ ਕੁਦਰਤੀ ਸੋਮਿਆਂ ਦੀ ਸੰਭਾਲ ਸੰਬੰਧੀ ਜਾਗਰੂਕ ਹੋ ਸਕੇ। ਮੀਟਿੰਗ ਵਿੱਚ ਸ਼੍ਰੀ ਸੁੱਖੀ ਤੋਂ ਇਲਾਵਾ ਗਗਨਦੀਪ ਸਿੰਘ ਸੰਧੂ, ਲੈਕਚਰਾਰ ਸ਼ਮਸ਼ੇਰ ਸਿੰਘ ਸ਼ੈਰੀ, ਲੈਕਚਰਾਰ ਚਰਨਜੀਤ ਸਿੰਘ, ਸੁਰਿੰਦਰ ਸਿੰਘ, ਹਰਜੋਤ ਸਿੰਘ ਬਰਾੜ ਅਤੇ ਲੈਕਚਰਾਰ ਮਦਨ ਲਾਲ ਵੀ ਸ਼ਾਮਿਲ ਸਨ।
ਐਸ.ਐਸ.ਡੀ. ਗਰਲਜ ਕਾਲਜ ’ਚ ਐਨ.ਐਸ.ਐਸ ਵਿਭਾਗ ਦੁਆਰਾ ਯੋਗ ਕੈਂਪ ਦਾ ਆਯੋਜਨ
ਸੁਖਜਿੰਦਰ ਮਾਨ
ਬਠਿੰਡਾ, 22 ਅਪ੍ਰੈਲ: ਐਸ.ਐਸ.ਡੀ. ਗਰਲਜ ਕਾਲਜ ਆਫ਼ ਐਜੂਕੇਸ਼ਨ ਦੇ ਐਨ.ਐਸ.ਐਸ. ਵਿਭਾਗ ਦੁਆਰਾ ਇਕ ਰੋਜ਼ਾ ਕੈਂਪ ਦੇ ਅਧੀਨ ਯੋਗ ਕੈਂਪ ਦਾ ਆਯੋਜਨ ਕੀਤਾ ਗਿਆ । ਪਿ੍ਰੰਸੀਪਲ ਡਾ. ਅਨੂ ਮਲਹੋਤਰਾ ਦੀ ਅਗਵਾਈ ਹੇਠ ਪ੍ਰੋਗਰਾਮ ਅਫਸਰ ਮਨਿੰਦਰ ਕੌਰ ਤੇ ਸਹਾਇਕ ਰਜਿੰਦਰ ਕੌਰ ਦੁਆਰਾ ਆਯੋਜਿਤ ਇਸ ਯੋਗ ਕੈਂਪ ਵਿਚ ਮੈਡਮ ਵੀਨਾ ਨੇ ਇਸ ਕੈਂਪ ਦੀ ਪ੍ਰਧਾਨਗੀ ਕੀਤੀ । ਕੈਂਪ ਦੀ ਸੁਰੂਆਤ ਵਿਚ ਮੈਡਮ ਮਨਿੰਦਰ ਕੌਰ ਨੇ ਯੋਗ ਤੇ ਇਤਿਹਾਸ ਤੇ ਉਸਦੀ ਅਜੌਕੇ ਜੀਵਨ ਵਿਚ ਜਰੂਰਤ ਬਾਰੇ ਵਿਦਿਆਰਥਣਾਂ ਨੂੰ ਜਾਣਕਾਰੀ ਦਿੱਤੀ। ਮੈਡਮ ਵੀਨਾ ਦੁਆਰਾ ਵਿਦਿਆਰਥਣਾਂ ਨੂੰ ਭਿੰਨ-ਭਿੰਨ ਤਰ੍ਹਾਂ ਦੇ ਆਸਣਾਂ ਬਾਰੇ ਜਾਣਕਾਰੀ ਦਿੱਤੀ ਤੇ ਆਸਣ ਕਰਵਾਏ ਗਏ । ਇਸ ਕੈਂਪ ਵਿਚ ਬੀ.ਐਡ ਦੀਆਂ ਵਿਦਿਆਰਥਣਾਂ ਨੇ ਬੜੇ ਹੀ ਜੋਸ਼ ਨਾਲ ਹਿੱਸਾ ਲਿਆ । ਐਨ.ਐਸ.ਐਸ. ਦੇ ਕੁੱਲ 60 ਵਲੰਟੀਅਰਜ਼ ਨੇ ਇਸ ਕੈਂਪ ਵਿਚ ਹਾਜ਼ਰੀ ਲਵਾਈ । ਉਸ ਤੋਂ ਬਾਅਦ ਵਿਦਿਆਰਥਣਾਂ ਨੂੰ ਰਿਫਰੈਂਸਮੈਟ ਦਿੱਤੀ ਗਈ ਤੇ ਬਾਅਦ ਵਿਚ ਵਲੰਟੀਅਰਜ਼ ਨੇ ਕਾਲਜ ਦੇ ਵੱਖ-ਵੱਖ ਹਿਸਿਆਂ ਦੀ ਸਫਾਈ ਵੀ ਕੀਤੀ । ਕੈਂਪ ਦੇ ਅੰਤ ਵਿਚ ਪਿ੍ਰੰਸੀਪਲ ਡਾ ਅਨੂ ਮਲਹੋਤਰਾ ਜੀ ਨੇ ਆਏ ਹੋਏ ਮਹਿਮਾਨਾਂ ਨੂੰ ਗਿਫਟ ਭੇਟ ਕਰਕੇ ਰਸਮੀ ਤੌਰ ਤੇ ਧੰਨਵਾਦ ਕੀਤਾ । ਕਾਲਜ ਦੇ ਪ੍ਰਧਾਨ ਐਡਵੋਕੇਟ ਸ੍ਰੀ ਸੰਜੇ ਗੋਇਲ ਅਤੇ ਸੈਕਟਰੀ ਸ੍ਰੀ ਸਤੀਸ਼ ਅਰੋੜਾ ਨੇ ਸਟਾਫ ਅਤੇ ਵਿਦਿਆਰਥਣਾਂ ਦੀ ਹੌਸ਼ਲਾ ਅਫ਼ਜ਼ਾਈ ਕੀਤੀ ।
ਵਿਸ਼ਵ ਧਰਤੀ ਦਿਵਸ ਮੌਕੇ ਯੂਥ ਵੀਰਾਂਗਨਾਵਾਂ ਨੇ ਏਮਜ਼ ਹਸਪਤਾਲ ’ਚ ਲਗਾਏ ਬੂਟੇ
ਸੁਖਜਿੰਦਰ ਮਾਨ
ਬਠਿੰਡਾ, 22 ਅਪ੍ਰੈਲ: ਯੂਥ ਵੀਰਾਂਗਨਾੲਂੇ (ਰਜਿ.) ਇਕਾਈ ਬਠਿੰਡਾ ਵੱਲੋਂ ਅੱਜ ਵਿਸ਼ਵ ਧਰਤੀ ਦਿਵਸ ਮੌਕੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼(ਏਮਜ਼) ਵਿਖੇ ਪੌਦੇ ਲਗਾ ਕੇ ਵਾਤਾਵਰਣ ਨੂੰ ਬਚਾਉਣ ਦਾ ਵੱਡਾ ਹੋਕਾ ਦਿੱਤਾ ਗਿਆ। ਇਸ ਮੌਕੇ ਕਰਵਾਏ ਸੰਖੇਪ ਪ੍ਰੋਗਰਾਮ ’ਚ ਏਮਜ ਦੇ ਫੈਕਲਟੀ ਇੰਚਾਰਜ ਹੌਰਟੀਕਲਚਰ ਡਾ. ਭੋਲਾ ਨਾਥ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪੌਦਾ ਲਗਾਉਣ ਉਪਰੰਤ ਸੰਬੋਧਨ ਕਰਦਿਆਂ ਡਾ. ਭੋਲਾ ਨਾਥ ਕਿਹਾ ਕਿ ਏਮਜ਼ ਹਸਪਤਾਲ ਵਿਚ ਲਗਭਗ 10000 ਪੌਦੇ ਲਗਾਏ ਜਾ ਚੁੱਕੇ ਹਨ ਅਤੇ ਸਾਡਾ ਮਕਸਦ ਇਸ ਕੈਂਪਸ ਨੂੰ ਗਰੀਨ ਕੈਂਪਸ ਬਨਾਉਣਾ ਹੈ। ਕੁਝ ਦਿਨ ਪਹਿਲਾਂ ਵਿਸ਼ਵ ਸਿਹਤ ਸੰਗਠਨ ਵੱਲੋਂ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ ਸੀ ਜਿਸ ਦਾ ਮੁੱਖ ਥੀਮ ਆਪਣੇ ਪਲਾਨੇਟ ਦੀ ਰੱਖਿਆ ਕਰਨਾ ਹੈ। ਉਨਾਂ ਅੱਜ ਧਰਤੀ ਦਿਵਸ ਦੇ ਮੌਕੇ ਤੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਸੀਂ ਧਰਤੀ ਨੂੰ ਆਪਣੀ ਮਾਤਰ ਭੂਮੀ ਸਮਝੀਏ ਸਾਡੇ ਜੋ ਆਪਣੀ ਮਾਤਾ ਪ੍ਰਤੀ ਕਰਤੱਵ ਹਨ ਉਸ ਨੂੰ ਪੂਰਾ ਕਰਦੇ ਹੋਏ ਵੱਧ ਤੋਂ ਵੱਧ ਪੌਦੇ ਲਗਾਈਏ ਜਿਸ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਸਹੀ ਬਣਿਆ ਰਹੇ, ਧਰਤੀ ਮਾਂ ਵੀ ਸੁਰੱਖਿਅਤ ਰਹੇਗੀ ਅਤੇ ਵਾਤਾਵਰਣ ਵੀ ਸ਼ੁੱਧ ਹੋਵੇਗਾ। ਇਸ ਮੌਕੇ ਏਮਜ ਦੇ ਡੀਨ ਕਰਨਲ ਡਾ. ਸਤੀਸ਼ ਗੁਪਤਾ ਨੇ ਯੂਥ ਵੀਰਾਂਗਣਾਂ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਅੱਜ ਜੋ ਵਿਸ਼ਵ ਧਰਤੀ ਦਿਵਸ ਮੌਕੇ ਸੰਸਥਾ ਵੱਲੋਂ ਪੌਦੇ ਲਗਾਏ ਗਏ ਹਨ ਇਸ ਨਾਲ ਵਾਤਾਵਰਣ ਸ਼ੁੱਧ ਹੋਵੇਗਾ। ਯੂਥ ਵਲੰਟੀਅਰ ਅੰਕਿਤਾ ਨੇ ਕਿਹਾ ਕਿ ਅੱਜ ਸਾਡੀ ਸੰਸਥਾ ਵਲੰਟੀਅਰਾਂ ਵੱਲੋਂ ਏਮਜ ਹਸਪਤਾਲ ਵਿਖੇ ਪੌਦੇ ਲਗਾਏ ਗਏ ਹਨ ਦਿਨ-ਬ-ਦਿਨ ਵੱਧ ਰਹੇ ਪ੍ਰਦੂਸ਼ਣ ਕਾਰਨ ਬਿਮਾਰੀਆਂ ਵਧ ਰਹੀਆਂ ਹਨ, ਦੂਸ਼ਿਤ ਹੋ ਰਿਹਾ ਪਾਣੀ ਮਨੁੱਖੀ ਸਿਹਤ ਲਈ ਮਾਰੂ ਸਾਬਤ ਹੋ ਰਹੇ ਹਨ, ਇਹਨਾਂ ਸਮੱਸਿਆਵਾਂ ਤੋਂ ਛੁਟਕਾਰਾ ਸਾਨੂੰ ਵੱਧ ਤੋਂ ਵੱਧ ਪੌਦੇ ਲਗਾ ਕੇ ਹੀ ਮਿਲ ਸਕੇਗਾ। ਇਸ ਮੌਕੇ ਯੂਥ ਵੀਰਾਂਗਨਾਂਏੇਂ ਸਪਨਾ, ਸੋਨੀ, ਗੁਰਪ੍ਰੀਤ, ਸ਼ਿੰਪੀ ਅਤੇ ਅਨੂ ਹਾਜ਼ਰ ਸਨ।
ਬਠਿੰਡਾ ਦਾ ਬਲੱਡ ਬੈਂਕ ਮੁੜ ਸੁਰਖੀਆਂ ’ਚ, ਦੋ ਐਲ.ਟੀਜ਼ ਵਿਰੁਧ ਪਰਚਾ ਦਰਜ਼
ਮਾਮਲਾ ਇੱਕ ਵਿਅਕਤੀ ਨੂੰ ਏਡਜ਼ ਪੀੜਤ ਖੂਨ ਚੜਾਉਣ ਦਾ
ਪਹਿਲਾਂ ਵੀ ਥੈਲੇਸੀਅਮ ਪੀੜ੍ਹਤ ਬੱਚਿਆਂ ਨੂੰ ਚੜਾ ਚੁੱਕੇ ਹਨ ਐਚ.ਆਈ.ਵੀ ਪਾਜ਼ੀਟਿਵ ਖੂਨ
ਸੁਖਜਿੰਦਰ ਮਾਨ
ਬਠਿੰਡਾ, 21 ਅਪ੍ਰੈਲ: ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਸੁਰਖੀਆਂ ਵਿਚ ਚੱਲੇ ਆ ਰਹੇ ਸਥਾਨਕ ਸਿਵਲ ਹਸਪਤਾਲ ’ਚ ਸਥਿਤ ਬਲੱਡ ਬੈਂਕ ਦੇ ਦੋ ਲੈਬ ਟੈਕਨੀਸ਼ੀਅਨਾਂ ਦੇ ਵਿਰੁਧ ਪੁਲਿਸ ਨੇ ਪਰਚਾ ਦਰਜ਼ ਕੀਤਾ ਹੈ। ਇੰਨ੍ਹਾਂ ਵਿਰੁਧ ਦੋਸ਼ ਹਨ ਕਿ ਲਾਪਰਵਾਹੀ ਵਰਤਤਿਆਂ ਇੱਕ ਵਿਅਕਤੀ ਨੂੰ ਏਡਜ਼ ਪੀੜਤ ਵਿਅਕਤੀ ਦਾ ਖ਼ੂਨ ਚੜਾ ਦਿੱਤਾ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਇਸਤੋਂ ਪਹਿਲਾਂ ਵੀ ਇਸ ਬਲੱਡ ਬੈਂਕ ਦੇ ਕੁੱਝ ਮੁਲਾਜਮਾਂ ਨੇ ਥੈਲੇਸੀਅਮ ਪੀੜ੍ਹਤ ਬੱਚਿਆਂ ਨਾਲ ਵੀ ਅਜਿਹਾ ਕਾਰਨਾਮਾ ਕੀਤੀ ਸੀ, ਜਿਸ ਕਾਰਨ ਕਈ ਮੁਲਾਜਮਾਂ ਦੀਆਂ ਨੌਕਰੀਆਂ ਖ਼ਤਮ ਕਰਨ ਤੋਂ ਇਲਾਵਾ ਕੁੱਝ ਇੱਕ ਵਿਰੁਧ ਪਰਚੇ ਵੀ ਦਰਜ਼ ਕੀਤੇ ਗਏ ਸਨ ਪ੍ਰੰਤੂ ਇਸਦੇ ਬਾਵਜੂਦ ਬਲੱਡ ਬੈਂਕ ਦੇ ਮੁਲਾਜਮਾਂ ਦੇ ਰਵੱਈਏ ਵਿਚ ਕੋਈ ਤਬਦੀਲੀ ਨਹੀਂ ਹੋਈ। ਮਿਲੀ ਸੂਚਨਾ ਮੁਤਾਬਕ 7 ਨਵੰਬਰ 2020 ਨੂੰ ਬਲੱਡ ਬੈਂਕ ਵਿਚ ਕੰਮ ਕਰਦੇ ਲੈਬ ਟੈਕਨੀਸ਼ੀਅਨ ਗੁਰਪ੍ਰੀਤ ਸਿੰਘ ਅਤੇ ਗੁਰਭੇਜ ਸਿੰਘ ਨੇ ਲਾਪਰਵਾਹੀ ਵਰਤਦਿਆਂ ਹੋਇਆਂ ਬਿਨਾਂ ਜਾਂਚ ਕਰੇ ਇੱਕ ਏਡਜ਼ ਪੀੜ੍ਹਤ ਵਿਅਕਤੀ ਦਾ ਖੂਨ ਲੈ ਕੇ ਇੱਕ ਹੋਰ ਮਰੀਜ਼ ਦੇ ਲਗਾ ਦਿੱਤਾ ਗਿਆ। ਜਦ ਪੀੜਤ ਵਿਅਕਤੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸ ਵਲੋਂ ਸਿਕਾਇਤ ਕੀਤੀ ਗਈ। ਜਿਸਦੇ ਆਧਾਰ ’ਤੇ ਹੋਈ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਕਤ ਦੋਨਾਂ ਟੈਕਨੀਸ਼ੀਅਨਾਂ ਨੇ ਲਾਪਰਵਾਹੀ ਵਰਤੀ ਸੀ। ਜਿਸਤੋਂ ਬਾਅਦ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਆਕਾਸ਼ਦੀਪ ਸਿੰਘ ਦੇ ਹੁਕਮਾਂ ਤਹਿਤ ਉਕਤ ਦੋਨਾਂ ਟੈਕਨੀਸ਼ੀਅਨਾਂ ਵਿਰੁਧ ਧਾਰਾ 269/270 ਆਈਪੀਸੀ ਤਹਿਤ ਇਹ ਕੇਸ ਦਰਜ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੋ ਬੱਚਿਆਂ ਤੇ ਇਕ ਔਰਤ ਨੂੰ ਵੀ ਇਸ ਬਲੱਡ ਬੈਂਕ ਦੇ ਕਰਮਚਾਰੀਆਂ ਵੱਲੋਂ ਐਚ ਆਈ ਵੀ ਪੀੜਤਾਂ ਦਾ ਖੂਨ ਚੜ੍ਹਾਉਣ ਦੇ ਮਾਮਲੇ ਵਿੱਚ ਬਲੱਡ ਬੈਂਕ ਦੇ 4 ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ ਅਤੇ ਇੱਕ ਮੁਲਾਜਮ ਵਿਰੁਧ ਪਰਚਾ ਦਰਜ਼ ਕੀਤਾ ਗਿਆ ਸੀ।
ਪੰਜਾਬ ਵਿੱਚ ਸਰਕਾਰ ਬਦਲੀ ਪਰ ਆਊਟਸੋਰਸ ਕਾਮੇ ਦੀ ਜਿੰਦਗੀ ਨਹੀ ਬਦਲੀ
ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਵੱਲੋ 24 ਅਪ੍ਰੈਲ ਨੂੰ ਪੰਜਾਬ ਸਰਕਾਰ ਨੂੰ ਦਿੱਤੇ ਜਾਣਗੇ ਯਾਦ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 21 ਅਪ੍ਰੈਲ :ਅੱਜ ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਪਾਵਰਕੋਮ ਜੋਨ ਬਠਿੰਡਾ ਵੱਲੋ ਥਰਮਲ ਕਲੋਨੀ ਮੀਟਿੰਗ ਕਰਕੇ ਆਗੂ ਗੁਰਵਿੰਦਰ ਪੰਨੂ ਨੇ ਕਿਹਾ ਕਿ ਪੰਜਾਬ ਵਿੱਚ ਆਪ ਪਾਰਟੀ ਦੀ ਸਰਕਾਰ ਸੱਤਾ ਸੰਭਾਲਣ ਲਈ ਹੈ। ਅਫਸਰਾਂ ਦੀਆਂ ਬਦਲੀਆਂ ਤੇ ਤਾਇਨਾਤੀਆਂ ਕਰ ਲਈਆਂ ਹਨ।ਸਾਡੇ ਵੱਲੋਂ ਸਭਨਾਂ ਐਮ ਐਲ ਏਆਂ ਨੂੰ ਮੰਗ ਪੱਤਰ ਦਿੱਤੇ ਗਏ। ਮੁੱਖ ਮੰਤਰੀ ਵੱਲੋਂ ਸਾਨੂੰ ਰੈਗੂਲਰ ਕਰਨ ਦੇ ਬਿਆਨ ਵੀ ਕਈ ਵਾਰ ਆ ਚੁੱਕੇ ਹਨ, ਪਰ ਬਿਆਨਾਂ ਨੂੰ ਅਮਲੀ ਜਾਮਾ ਪਹਿਨਾਏ ਜਾਣ ਦੇ ਆਸਾਰ ਕਿੱਧਰੇ ਨਜ਼ਰੀਂ ਨਹੀਂ ਪੈ ਰਹੇ।ਪਹਿਲੀਆਂ ਸਰਕਾਰਾਂ ਨੇ ਸਾਡੇ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਖੱਟੀ ਤਾਂ ਖਾਂਦੀਆਂ ਰਹੀਆਂ ਪਰ ਸਾਨੂੰ ਰੈਗੂਲਰ ਨਹੀਂ ਕੀਤਾ, ਕਾਨੂੰਨ ਦੇ ਹੁੰਦਿਆਂ ਵੀ ਸਾਨੂੰ ਰੈਗੂਲਰ ਨਹੀਂ ਕੀਤਾ। ਸਾਡੀਆਂ ਸੇਵਾਵਾਂ ਪਿਛਲੇ ਲੰਮੇ ਸਮੇਂ ਤੋਂ ਕੱਚੀਆਂ ਹੀ ਚੱਲ ਰਹੀਆਂ ਹਨ। ਸੇਵਾਵਾਂ ਕੱਚੀਆਂ ਹੋਣ ਕਰਕੇ ਜਿਥੇ ਸਦਾ ਹੀ ਨੌਕਰੀਆਂ ਕੱਢੇ ਜਾਣ ਦੀ ਲਟਕਦੀ ਤਲਵਾਰ ਡਰਾਉਂਦੀ ਰਹਿੰਦੀ ਹੈ ਉਥੇ ਨਿਗੂਣੀ ਤਨਖਾਹ ਹਮੇਸ਼ਾ ਸਾਹ ਛੂਤੀ ਰੱਖਦੀ ਹੈ। ਸੁਪਰੀਮ ਕੋਰਟ ਵੱਲੋਂ ਬਰਾਬਰ ਕੰਮ ਬਰਾਬਰ ਤਨਖਾਹ ਦੇਣ ਦੇ ਫੈਸਲੇ ਨੂੰ ਵੀ ਪਹਿਲੀਆਂ ਸਰਕਾਰਾਂ ਨੇ ਲਾਗੂ ਨਹੀਂ ਕੀਤਾ।ਇਸਦੇ ਨਾਲ ਹੀ ਜੋ ਪਾਵਰਕੌਮ ਵਿੱਚ ਆਓੁਟ ਸੋਰਸ ਪੇਸਕੋ ਮੁਲਾਜ਼ਮਾ ਦਾ ਡੀ.ਰੇਟ ਦਾ ਬਣਦਾ ੲੈਰੀਅਲ ਵੀ ਪਾਇਆ ਨਹੀ ਗਿਆ ਤੇ ਕਈ ਜੋ ਕੁਝ ਸਾਥੀਆਂ ਦਾ ੲੈਰੀਅਲ ਪਾਇਆ ਓੁਹ ਬਣਦੇ ਤੋ ਅੱਧਾ ਪਾਇਆ ਗਿਆ।ਸਾਰੇ ਮਹਿਕਮਿਆਂ ਵਿਚ ਕੰਮ ਕਰਦੇ ਠੇਕਾ ਭਰਤੀ ਮੁਲਾਜ਼ਮ ਮਹਿਕਮਿਆਂ ਵਿਚ ਖਾਲੀ ਪਈਆਂ ਅਸਾਮੀਆਂ ਵਿਰੁੱਧ ਹੀ ਭਰਤੀ ਕੀਤੇ ਗਏ ਹਨ ਅਤੇ ਅੱਜ ਉਹਨਾਂ ਆਸਾਮੀਆਂ ‘ਤੇ ਹੀ ਸੇਵਾਵਾਂ ਦੇ ਰਹੇ ਹਨ।ਸਾਡੇ ਲਈ ਇਹ ਕੱਚੀਆਂ ਨੌਕਰੀਆਂ,ਕੱਚਾ ਕੋਹੜ ਬਣ ਨਿਬੜ ਰਿਹਾ ਹੈ, ਨਾ ਇਸ ਤੋਂ ਬਾਹਰ ਹੋਰ ਕੋਈ ਕੰਮ/ਰੁਜ਼ਗਾਰ ਹੈ ਤੇ ਨਾ ਤਨਖਾਹ ਵਧ ਰਹੀ ਹੈ ਨਾ ਰੈਗੂਲਰ ਹੋਇਆ ਜਾ ਰਿਹਾ ਹੈ।ਸਾਡੇ ਕਈ ਮੁਲਾਜ਼ਮ ਆਤਮਹੱਤਿਆ ਦੇ ਰਾਹ ਪੈ ਸਾਡੇ ਕੋਲੋਂ ਸਦਾ ਲਈ ਵਿਛੜ ਚੁੱਕੇ ਹਨ।ਸਾਡੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਉਹ ਤੁਰੰਤ ਸਾਡੀਆਂ ਸੇਵਾਵਾਂ ਰੈਗੂਲਰ ਕਰੇ।ਸਾਡੀ ਮੰਗ ਹੈ ਕਿ ਜੇ ਕੋਈ ਵਿਭਾਗੀ ਜਾਂ ਕਨੂੰਨੀ ਅੜਿੱਕਾ ਹੈ ਤਾਂ ਸਰਕਾਰ ਵਿਧਾਨ ਸਭਾ ਰਾਹੀਂ ਇਹ ਅੜਿੱਕੇ ਦੂਰ ਕਰਕੇ ਸਾਡੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣ। ਬਰਾਬਰ ਕੰਮ ਬਰਾਬਰ ਤਨਖਾਹ ਦਾ ਫੈਸਲਾ ਲਾਗੂ ਕੀਤੇ ਜਾਣ ਦਾ ਯਕੀਨੀ ਫੈਸਲਾ ਕਰਨਾ ਚਾਹੀਦਾ ਹੈ,ਇਉਂ ਹੀ ਇਹ ਸਰਕਾਰ ਪਹਿਲੀਆਂ ਸਰਕਾਰਾਂ ਦੇ ਮੁਕਾਬਲੇ ਕੁਝ ਬਦਲਿਆ ਬਦਲਿਆ ਦੀ ਹਵਾ ਬਣ ਸਕਦੀ ਹੈ।ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਬੈਨਰ ਹੇਠ 24 ਅਪ੍ਰੈਲ ਨੂੰ ਯਾਦ ਪੱਤਰ ਸਾਰੇ ਪੰਜਾਬ ਵਿੱਚ ਪੰਜਾਬ ਸਰਕਾਰ ਦੇ ਮੁਖ ਮੰਤਰੀ,ਮੰਤਰੀਆਂ ,ਤੇ ਵਧਾਇਕਾ ਨੂੰ ਦਿੱਤੇ ਜਾਣਗੇ।
ਕਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਮਾਸਕ ਪਹਿਨਣਾ ਹੋਇਆ ਲਾਜਮੀ
ਸੁਖਜਿੰਦਰ ਮਾਨ
ਬਠਿੰਡਾ, 21 ਅਪ੍ਰੈਲ : ਪੰਜਾਬ ਸਰਕਾਰ, ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਵਲੋਂ ਕੋਵਿਡ-19 ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਜ਼ਿਲ੍ਹਾ ਵਾਸੀਆਂ ਲਈ ‘ਐਡਵਾਈਜ਼ਰੀ’ ਜਾਰੀ ਕੀਤੀ ਗਈ ਹੈ। ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਅਨੁਸਾਰ ਜ਼ਿਲ੍ਹਾ ਵਾਸੀਆਂ ਲਈ ਭੀੜ-ਭਾੜ ਵਾਲੇ ਸਥਾਨਾਂ ‘ਤੇ ਮਾਸਕ ਜ਼ਰੂਰ ਪਾ ਕੇ ਰੱਖਣਾ ਲਾਜ਼ਮੀ ਹੋਵੇਗਾ। ਜ਼ਿਲ੍ਹਾ ਮੈਜਿਸਟ੍ਰੇਟ ਨੇ ਜਾਰੀ ਹਦਾਇਤਾਂ ਅਨੁਸਾਰ ਕਿਹਾ ਕਿ ਬੱਸਾਂ, ਰੇਲ ਗੱਡੀਆਂ, ਹਵਾਈ ਜਹਾਜਾਂ, ਟੈਕਸੀਆਂ, ਸਿਨੇਮਾ ਹਾਲ, ਸ਼ਾਪਿੰਗ ਮਾਲ, ਸਟੋਰਾਂ, ਕਲਾਸ ਰੂਮਾਂ, ਦਫਤਰਾਂ ਤੇ ਅੰਦਰੂਨੀ ਇਕੱਠਾਂ ਵਿਚ ਮਾਸਕ ਲਾਜ਼ਮੀ ਪਾਇਆ ਜਾਵੇ।
ਸਿੱਖਿਆ ਮੰਤਰੀ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦਾ ਦੌਰਾ
ਸਿੱਖਿਆ ਸੁਧਾਰਾਂ ਲਈ ਜ਼ਮੀਨੀ ਹਕੀਕਤਾਂ ਜਾਣਨ ਵਾਸਤੇ ਲਈ ਜਾ ਰਹੀ ਹੈ ਫੀਡਬੈਕ: ਮੀਤ ਹੇਅਰ
ਸੁਖਜਿੰਦਰ ਮਾਨ
ਗੜ੍ਹਸ਼ੰਕਰ/ਚੰਡੀਗੜ੍ਹ, 21 ਅਪ੍ਰੈਲ: ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦਾ ਦੌਰਾ ਕਰਕੇ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ।ਸ੍ਰੀ ਮੀਤ ਹੇਅਰ ਨੇ ਕਿਹਾ ਕਿ ਸਿੱਖਿਆ ਵਿਭਾਗ ਸਾਡੀ ਸਰਕਾਰ ਦਾ ਤਰਜੀਹੀ ਖੇਤਰ ਹੈ ਅਤੇ ਇਸ ਵਿੱਚ ਸੁਧਾਰ ਲਈ ਜ਼ਮੀਨੀ ਪੱਧਰ ਉੱਤੇ ਫੀਡਬੈਕ ਲਈ ਜਾ ਰਹੀ ਹੈ। ਜ਼ਮੀਨੀ ਹਕੀਕਤਾਂ ਜਾਣ ਕੇ ਹੀ ਬਿਹਤਰ ਨੀਤੀ ਤਿਆਰ ਕੀਤੀ ਜਾ ਸਕਦੀ ਹੈ।ਉਨ੍ਹਾਂ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਸੁਝਾਅ ਵੀ ਮੰਗੇ। ਇਸੇ ਤਰ੍ਹਾਂ ਅਧਿਆਪਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ।ਉਨ੍ਹਾਂ ਕਿਹਾ ਕਿ ਸਿੱਖਿਆ ਖੇਤਰ ਦੇਸ਼ ਦੇ ਭਵਿੱਖ ਨਾਲ ਜੁੜਿਆ ਵਿਭਾਗ ਹੈ ਅਤੇ ਇਸ ਵਿੱਚ ਵੱਡੇ ਸੁਧਾਰ ਕੀਤੇ ਜਾ ਰਹੇ ਹਨ।
ਸਿੱਖਿਆ ਮੰਤਰੀ ਵੱਲੋਂ ਸਾਰੇ ਸਕੂਲ ਕੰਪਲੈਕਸ ਦਾ ਦੌਰਾ ਕਰਦਿਆਂ ਜਿੱਥੇ ਕਲਾਸ ਰੂਮ, ਕੰਪਿਊਟਰ ਲੈਬ, ਖੇਡ ਮੈਦਾਨ ਦੇਖੇ ਗਏ। ਸਿੱਖਿਆ ਮੰਤਰੀ ਨੇ ਵਿਦਿਆਰਥੀਆਂ ਨਾਲ ਕਲਾਸ ਰੂਮ ਵਿੱਚ ਜਾ ਕੇ ਗੱਲਬਾਤ ਕਰ ਕੇ ਉਨ੍ਹਾਂ ਦੀ ਪੜ੍ਹਾਈ ਬਾਰੇ ਜਾਣਕਾਰੀ ਵੀ ਲਈ।ਇਸ ਮੌਕੇ ਸ੍ਰੀ ਮੀਤ ਹੇਅਰ ਨੇ ਸਕੂਲੀ ਵਿਦਿਆਰਥੀਆਂ ਸੰਗ ਆਪਣਾ ਜਨਮ ਦਿਨ ਵੀ ਮਨਾਇਆ। ਸਿੱਖਿਆ ਮੰਤਰੀ ਨੇ ਬੱਚਿਆਂ ਦੀ ਹਾਜ਼ਰੀ ਵਿੱਚ ਕੇਕ ਕੱਟ ਕੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ।ਇਸ ਮੌਕੇ ਹਲਕਾ ਵਿਧਾਇਕ ਜੈ ਕ੍ਰਿਸ਼ਨ ਰੋੜੀ ਵੀ ਹਾਜ਼ਰ ਸਨ।
ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਕਿਸਾਨਾਂ ਦੇ ਗ੍ਰਿਫ਼ਤਾਰੀ ਵਰੰਟ ਤੁਰੰਤ ਰੱਦ ਕਰਨ ਦੀ ਮੰਗ
ਰੱਦ ਨਾ ਕੀਤੇ ਤਾਂ ਅੰਦੋਲਨ ਵਿੱਢਣ ਦੀ ਚਿਤਾਵਨੀ
ਸੁਖਜਿੰਦਰ ਮਾਨ
ਚੰਡੀਗੜ੍ਹ 21 ਅਪ੍ਰੈਲ : ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਅੱਜ ਇੱਥੇ ਜਾਰੀ ਕੀਤੇ ਗਏ ਸਾਂਝੇ ਪ੍ਰੈਸ ਬਿਆਨ ਰਾਹੀਂ ਪੰਜਾਬ ਦੇ ਲੈਂਡ-ਮਾਰਗੇਜ ਬੈਂਕ ਅਧਿਕਾਰੀਆਂ ਵੱਲੋਂ ਕਰਜ਼ੇ ਮੋੜਨੋਂ ਅਸਮਰੱਥ ਕਿਸਾਨਾਂ ਦੇ ਗ੍ਰਿਫ਼ਤਾਰੀ ਵਰੰਟ ਜਾਰੀ ਕਰਨ ਦੀ ਸਖ਼ਤ ਨਿੰਦਾ ਕੀਤੀ ਗਈ ਹੈ। ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਕਰਜ਼ਿਆਂ ਦੇ ਭਾਰੀ ਬੋਝ ਥੱਲੇ ਪਿਸਦੇ ਖੁਦਕੁਸ਼ੀਆਂ ਲਈ ਮਜਬੂਰ ਹੋ ਰਹੇ ਕਿਸਾਨਾਂ ਦੇ ਗ੍ਰਿਫ਼ਤਾਰੀ ਵਰੰਟਾਂ ਦਾ ਜਾਬਰ ਸਿਲਸਿਲਾ ਤੁਰੰਤ ਬੰਦ ਕੀਤਾ ਜਾਵੇ। ਆਪਣੇ ਚੋਣ ਵਾਅਦੇ ਮੁਤਾਬਕ ਅਜਿਹੇ ਬੇਬਸ ਸਮੂਹ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਸੂਦਖੋਰੀ ਸਮੇਤ ਸਮੁੱਚੇ ਕਰਜ਼ਿਆਂ ‘ਤੇ ਲਕੀਰ ਮਾਰੀ ਜਾਵੇ। ਸਰਕਾਰ ਵੱਲੋਂ ਗ੍ਰਿਫਤਾਰੀ ਵਰੰਟ ਰੱਦ ਨਾ ਕਰਨ ਦੀ ਸੂਰਤ ਵਿੱਚ ਕਿਸਾਨ ਆਗੂਆਂ ਵੱਲੋਂ ਇਸ ਜਾਬਰ ਸਿਲਸਿਲੇ ਵਿਰੁੱਧ ਤੁਰੰਤ ਅੰਦੋਲਨ ਵਿੱਢਣ ਦੀ ਚਿਤਾਵਨੀ ਵੀ ਦਿੱਤੀ ਗਈ ਹੈ।





