ਪ੍ਰਧਾਨ ਮੰਤਰੀ ਆਪ ਦਖਲ ਦੇ ਕੇ ਭਾਈ ਰਾਜੋਆਣਾ ਦੀ ਛੇਤੀ ਰਿਹਾਈ ਯਕੀਨੀ ਬਣਾਉਣ : ਬਾਦਲ
ਕਿਹਾ ਕਿ ਸਾਰੇ ਬੰਦੀ ਸਿੰਘਾਂ ਜਿਹਨਾਂ ਨੇ ਆਪੋ ਆਪਣੀ ਉਮਰ ਕੈਦ ਦੀ ਸਜ਼ਾ ਪੂਰੀ ਕਰ ਲਈ ਹੈ, ਨੁੰ ਰਿਹਾਅ ਕਰ ਕੇ ਕੇਂਦਰ ਸਰਕਾਰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ’ਤੇ ਕੀਤਾ ਵਾਅਦਾ ਨਿਭਾਇਆ ਜਾਵੇ
ਸੁਖਜਿੰਦਰ ਮਾਨ
ਚੰਡੀਗੜ੍ਹ, 18 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੁੰ ਪੱਤਰ ਲਿਖਕੇ ਅਪੀਲ ਕੀਤੀ ਕਿ ਉਹ ਨਿੱਜੀ ਦਖਲ ਦੇ ਕੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਛੇਤੀ ਰਿਹਾਈ ਯਕੀਨੀ ਬਣਾਉਣ ਤਾਂ ਜੋ 2019 ਵਿਚ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ’ਤੇ ਅੱਠ ਬੰਦੀ ਸਿੰਘਾਂ ਨੁੰ ਰਿਹਾਅ ਕਰਨ ਦਾ ਸਰਕਾਰ ਦਾ ਸਿੱਖ ਕੌਮ ਨਾਲ ਕੀਤਾ ਵਾਅਦਾ ਪੂਰਾ ਹੋ ਸਕੇ। ਉਨ੍ਹਾਂ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਮੰਗਦਿਆਂ ਪ੍ਰਧਾਨ ਮੰਤਰੀ ਨੂੰ ਇਹ ਵੀੰ ਕਿਹਾ ਕਿ ਕੇਂਦਰ ਸਰਕਾਰ ਨੇ 2019 ਵਿਚ ਮਨੁੱਖਤਾ ਦੇ ਆਧਾਰ ’ਤੇ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫੀ ਦੀ ਮਨਜ਼ੂਰੀ ਦਿੱਤੀ ਸੀ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 25 ਮਾਰਚ 2012 ਨੁੰ ਸ਼੍ਰੋਮਣੀ ਕਮੇਟੀ ਵੱਲੋਂ ਸੰਵਿਧਾਨ ਦੀ ਧਾਰਾ 72 ਤਹਿਤ ਜੋ ਰਹਿਮ ਦੀ ਅਪੀਲ ਦਾਇਰ ਕੀਤੀ ਗਈ ਸੀ, ਉਹ ਹਾਲੇ ਵੀ ਰਾਸ਼ਟਰਪਤੀ ਕੋਲ ਪੈਂਡਿੰਗ ਪਈ ਹੈ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕਰ ਕੇ ਕੇਂਦਰ ਸਰਕਾਰ ਨੁੰ ਭਾਈ ਰਾਜੋਆਣਾ ਦੀ ਤਰਸ ਦੀ ਪਟੀਸ਼ਨ ’ਤੇ 30 ਅਪ੍ਰੈਲ ਤੱਕ ਫੈਸਲਾ ਲੈਣ ਨੁੰ ਕਿਹਾ ਹੈ।
ਸ: ਬਾਦਲ ਨੇ ਪ੍ਰਧਾਨ ਮੰਤਰੀ ਨੁੰ ਲਿਖੇ ਪੱਤਰ ਵਿਚ ਕਿਹਾ ਕਿ ਉਹਨਾਂ ਨੁੰ ਆਸ ਹੈ ਕਿ ਪ੍ਰਧਾਨ ਮੰਤਰੀ ਖੁਦ ਇਹ ਗੱਲ ਸਮਝ ਸਕਦੇ ਹਨ ਕਿ ਜਦੋਂ ਕੇਂਦਰ ਸਰਕਾਰ ਨੇ ਫਾਂਸੀ ਦੀ ਸਜ਼ਾ ਮੁਆਫ ਕਰ ਦਿੱਤੀ ਤਾਂ ਫਿਰ ਭਾਈ ਰਾਜੋਆਣਾ ਨੂੰ ਸਲਾਖ਼ਾਂ ਪਿੱਛੇ ਰੱਖਣ ਦੀ ਕੋਈ ਤੁੱਕ ਨਹੀਂ ਰਹਿ ਜਾਂਦੀ। ਉਹਨਾਂ ਕਿਹਾ ਕਿ ਸਿੱਖ ਕੌਦੀ ਪਹਿਲਾਂ ਹੀ 26 ਸਾਲਾਂ ਦੀ ਸਜ਼ਾ ਭੁਗਤ ਚੁੱਕਾ ਹੈ ਜੋ ਕਿ ਉਮਰ ਕੈਦ ਨਾਲੋਂ ਵੀ ਜ਼ਿਆਦਾ ਹੈ।ਅਕਾਲੀ ਦਲ ਦੇ ਪ੍ਰਧਾਨ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਕਰਨ ਤੇ ਫਿਰ ਉਹਨਾਂ ਦੀ ਰਿਹਾਈ ਦੀ ਬੇਨਤੀ ਕਰਦਾ ਪਾਸ ਕੀਤਾ ਮਤਾ ਪਹਿਲਾਂ ਹੀ ਸੌਂਪਿਆ ਸੀ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖ ਗੁਰਧਾਮਾਂ ਦੀ ਸੰਭਾਲ ਕਰਦੀ ਹੈ ਤੇ ਜਿਸਦੇ ਮੈਂਬਰ ਸਿੱਖ ਸੰਗਤ ਵੱਲੋਂ ਸਿੱਧੇ ਤੌਰ ’ਤੇ ਚੁਣੇ ਜਾਂਦੇ ਹਨ, ਨੇ ਅਜਿਹੇ ਹੀ ਮੰਗ ਪੱਤਰ ਕੇਂਦਰ ਸਰਕਾਰ ਨੂੰ ਸੌਂਪੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਲਗਾਤਾਰ ਭਾਈ ਰਾਜੋਆਣਾ ਨੁੰ ਫਾਂਸੀ ਦੇਣ ਦੇ ਨਿਆਂਇਕ ਹੁਕਮਾਂ ਦਾ ਵਿਰੋਧ ਕਰਦੀ ਰਹੀ ਹੈ ਤੇ ਉਸ ਵੇਲੇ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਹਨਾਂ ਹੁਕਮਾਂ ਦੀ ਪਾਲਣਾ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ। ਸ: ਬਾਦਲ ਨੇ ਕਿਹਾ ਕਿ ਦੁਨੀਆਂ ਭਰ ਦੇ ਸਿੱਖਾਂ ਦੀ ਇੱਛਾ ਹੈ ਕਿ ਭਾਈ ਰਾਜੋਆਣਾ ਨੁੰ ਰਿਹਾਅ ਕੀਤਾ ਜਾਵੇ ਤੇ ਉਹ ਪ੍ਰਧਾਨ ਮੰਤਰੀ ਵੱਲ ਵੇਖ ਰਹੇ ਹਨ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ’ਤੇ ਸਰਕਾਰ ਵੱਲੋਂ ਸਿੱਖ ਕੌਮ ਨਾਲ ਕੀਤਾ ਵਾਅਦਾ ਕਦੋਂ ਨਿਭਾਉਂਦੇ ਹਨ।ਅਕਾਲੀ ਦਲ ਦੇ ਪ੍ਰਧਾਨ ਨੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਵੀ ਅਜਿਹੀ ਹੀ ਅਪੀਲ ਕੀਤੀ।
ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਲਈ ਸੁਖਬੀਰ ਬਾਦਲ ਨੇ ਮੋਦੀ ਨੂੰ ਲਿਖਿਆ ਪੱਤਰ
ਸਵੱਛ ਭਾਰਤ ਮਿਸ਼ਨ: ਸਵੱਛ ਰਾਜ ਵਜੋ ਹਰਿਆਣਾ ਨੇ ਬਣਾਈ ਵਿਸ਼ੇਸ ਪਹਿਚਾਣ
ਸਵੱਛਤਾ ਲਈ ਹਰਿਆਣਾ ਨੂੰ ਮਿਲੇ ਦਰਜਨਾਂ ਅਵਾਰਡ
ਸਾਰਿਆਂ ਦੇ ਸਹਿਯੋਗ ਨਾਲ ਹੀ ਸਵੱਛ ਹਰਿਆਣਾ, ਸਵੱਛ ਭਾਰਤ ਦਾ ਸਪਨਾ ਹੋਵੇਗਾ ਸਾਕਾਰ: ਮੁੱਖ ਮੰਤਰੀ
ਸੁਖਜਿੰਦਰ ਮਾਨ
ਚੰਡੀਗੜ੍ਹ, 18 ਅਪ੍ਰੈਲ: ਸਵੱਛ ਭਾਰਤ ਮਿਸ਼ਨ ਦੇ ਤਹਿਤ ਹਰਿਆਣਾ ਸਰਕਾਰ ਵੱਲੋਂ ਕੀਤੇ ਗਏ ਠੋਸ ਯਤਨਾਂ ਸਦਕਾ ਹਰਿਆਣਾ ਨੇ ਸਵੱਛ ਰਾਜ ਵਜੋਂ ਵਿਸੇਸ ਪਹਿਚਾਣ ਬਣਾਈ ਹੈ। ਇਸ ਮੁਹਿੰਮ ਤਹਿਤ ਸੂਬੇ ਦੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਦੀ ਤਸਵੀਰ ਬਦਲ ਗਈ ਹੈ। ਪਿਛਲੇ ਕੁੱਝ ਸਾਲਾਂ ਵਿਚ ਹਰਿਆਣਾ ਨੂੰ ਸਵੱਛਤਾ ਦੇ ਖੇਤਰ ਵਿਚ ਦਰਜਨਾਂ ਪੁਰਸਕਾਰ ਹਾਸਲ ਹੋਏ ਹਨ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਸ਼ਹਿਰ ਅਤੇ ਪਿੰਡ ਨੂੰ ਸੁੰਦਰ ਅਤੇ ਸਾਫ ਬਨਾਉਣ ਲਈ ਹਰੇਕ ਵਿਕਅਤੀ ਦਾ ਜਾਗਰੁਕ ਹੋਣਾ ਜਰੂਰੀ ਹੈ। ਜਦੋਂ ਹਰੇਕ ਵਿਅਕਤੀ ਸਫਾਈ ਦਾ ਮਹਤੱਵ ਸਮਝਣ ਲੱਗੇਗਾ ਅਤੇ ਆਪਣੇ ਨੇੜੇ ਸਫਾਈ ਦਾ ਧਿਆਨ ਰੱਖੇਗਾ ਤਾਂ ਸਾਡੇ ਗਲੀ-ਮੁਹੱਲੇ, ਪਿੰਡ-ਸ਼ਹਿਰ ਸਵੱਛਤਾ ਦੇ ਵੱਲ ਵੱਧਣਗੇ। ਉਨ੍ਹਾਂ ਨੇ ਕਿਹਾ ਕਿ ਸਵੱਛਤਾ ਸਮਾਜ ਦੀ ਸੱਭ ਤੋਂ ਵੱਡੀ ਜਰੂਰਤ ਹੈ ਅਤੇ ਸਾਰਿਆਂ ਦੇ ਸਹਿਯੋਗ ਨਾਲ ਹੀ ਸਵੱਛ ਹਰਿਆਣਾ, ਸਵੱਛ ਭਾਰਤ ਦਾ ਸਪਨਾ ਸਾਕਾਰ ਹੋ ਸਕਦਾ ਹੈ।
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅਸੀਂ ਸਵੱਛ ਭਾਰਤ ਮਿਸਨ ਦੇ ਤਹਿਤ ਕਾਫੀ ਸਫਲਤਾ ਹਾਸਲ ਕੀਤੀ ਹੈ, ਪਰ ਹੁਣੇ ਬਹੁਤ ਕੰਮ ਕੀਤਾ ਜਾਣਾ ਬਾਕੀ ਹੈ। ਅਸੀਂ ਸੂਬੇ ਦੇ ਹਰ ਘਰ ਤਕ ਪਹੁੰਚਨਾ ਹੈ ਅਤੇ ਇਹ ਯਕੀਨੀ ਕਰਨ ਹੈ ਕਿ ਸਾਰੇ ਲੋਕ ਸਵੱਛਤਾ ਦੀ ਸਹੂਲਤਾਂ ਨਾਲ ਲੈਸ ਹੋਣ ਅਤੇ ਸਵੱਛ ਵਿਵਹਾਰ ਨੂੰ ਸਦਾ ਅਪਨਾਉਂਦੇ ਰਹਿਣ। ਸਵੱਛ ਭਾਰਤ ਮੁਹਿੰਮ ਦਾ ਉਦੇਸ ਸਿਰਫ ਨੇੜੇ ਦੀ ਸਫਾਈ ਕਰਨਾ ਹੀ ਨਹੀਂ ਹੈ ਸਗੋ ਨਾਗਰਿਕਾਂ ਦੀ ਸਹਿਭਾਗਤਾ ਨਾਲ ਵੱਧ ਤੋਂ ਵੱਧ ਪੇੜ ਲਗਾਉਣਾ, ਕੂੜਾ ਮੁਕਤ ਵਾਤਾਵਰਣ ਬਨਾਉਣਾ, ਪਖਾਨੇ ਦੀ ਸਹੂਲਤ ਉਪਲਬਧ ਕਰਾ ਕੇ ਇਕ ਸਵੱਛ ਵਾਤਾਵਰਣ ਦਾ ਨਿਰਮਾਣ ਕਰਨਾ ਹੈ।
ਹਰਿਆਣਾ ਸਰਕਾਰ ਵੱਲੋਂ ਸਮੇਂ੍ਰਸਮੇਂ ਸਵੱਛਤਾ ਨੂੰ ਲੈ ਕੇ ਜਾਗਰੁਕਤਾ ਪ੍ਰੋਗ੍ਰਾਮ ਚਲਾਏ ਜਾ ਰਹੇ ਹਨ ਅਤੇ ਵੱਖ੍ਰਵੱਖ ਸਰਕਾਰੀ ਦਫਤਰਾਂ, ਨਗਰ ਨਿਗਮ ਅਤੇ ਨਗਰ ਪਾਲਿਕਾ ਖੇਤਰਾਂ ਵਿਚ ਸਵੱਛਤਾ ਨੂੰ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਸੂਬੇ ਵਿਚ ਲਗਾਤਾਰ ਸਵੱਛਤਾ ਦੇ ਪੱਧਰ ਵਿਚ ਸੁਧਾਰ ਹੋ ਰਿਹਾ ਹੈ। ਉਨ੍ਹਾ ਨੇ ਸਵੱਛਤਾ ਦੇ ਖੇਤਰ ਵਿਚ ਹਰਿਆਣਾ ਨੂੰ ਮਿਲੇ ਪੁਰਸਕਾਰਾਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਸਵੱਛ ਸਰਵੇਖਣ ਗ੍ਰਾਮੀਣ੍ਰ2019 ਦੇ ਤਹਿਤ ਹਰਿਆਣਾ ਦੇਸ ਵਿਚ ਦੂਜੇ ਸਥਾਨ ਤੇ ਹੈ। ਸਵੱਛ ਸਰਵੇਖਣ 2020 ਵਿਚ 100 ਤੋਂ ਘੱਟ ਸਹਿਰੀ ਨਿਗਮਾਂ ਵਾਲੇ ਸੂਬਿਆਂ ਦੀ ਸ੍ਰੇਣੀ ਵਿਚ ਦੇਸ ਵਿਚ ਬੇਸਟ ਪਰਫਾਰਮਿੰਗ ਸਟੇਟ ਵਿਚ ਹਰਿਆਣਾ ਦਾ ਦੂਜਾ ਸਥਾਨ ਹੈ।
ਸਵੱਛ ਭਾਰਤ ਦਿਵਸ 2020 ਤੇ ਸੱਭ ਤੋਂ ਵੱਧ ਓਡੀਐਫ ਪਲੱਸ ਪਿੰਡ ਹੋਣ ਤੇ ਹਰਿਆਣਾ ਨੂੰ ਦੇਸ਼ ਵਿਚ ਪਹਿਲਾ ਪੁਰਸਕਾਰ ਮਿਲਿਆ ਹੈ। ਇਸ ਤੋਂ ਇਲਾਵਾ ਹਰਿਆਣਾ ਨੂੰ ਸਵੱਛ ਸਰਵੇਖਣ 2021 ਦੇ ਤਹਿਤ ਸਟੇਟ ਅਵਾਰਡ ਹਾਸਲ ਹੋਇਆ ਹੈ। ਨਗਰ ਨਿਗਮ ਗੁਰੂਗ੍ਰਾਮ ਨੂੰ ਸਫਾਈ ਮਿੱਤਰ ਸੁਰੱਖਿਆ ਚੈਲੇਂਜ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਨਗਰ ਨਿਗਮ ਕਰਨਾਲ, ਰੋਹਤਕ ਤੇ ਗੁਰੂਗ੍ਰਾਮ ਨੂੰ ਗਾਰਬੇਜ੍ਰਫਰੀ ਸਿਟੀ ਅਵਾਰਡ ਹਾਸਲ ਹੋਇਆ ਹੈ। ਉੱਥੇ ਸੂਬੇ ਦੇ 49 ਨਗਰ ਨਿਗਮ ਓਡੀਐਫ ਪਲੱਸ ਅਤੇ 13 ਨਗਰ ਨਿਗਮ ਓਡੀਐਫ ਪਲੱਸ ਪਲੱਸ ਪ੍ਰਮਾਣਤ ਕੀਤੇ ਗਏ ਹਨ। ਦੇਸ ਦਾ ਪਹਿਲਾ ਏਕੀਕਿ੍ਰਤ ਠੋਸ ਕੂੜਾ ਪ੍ਰਬੰਧਨ ਬਿਜਲੀ ਉਤਪਾਦਨ ਪਲਾਂਟ ਪੀਪੀਪੀ ਮੋਡ ਤੇ ਮੂਰਥਲ, ਜਿਲ੍ਹਾ ਸੋਨੀਪਤ ਵਿਚ ਸਥਾਪਿਤ ਕੀਤਾ ਗਿਆ ਹੈ। ਸਵੱਛ ਭਾਰਤ ਮਿਸਨ ਦੇ ਤਹਿਤ 1 ਲੱਖ ਤੋਂ ਵੱਧ ਘਰੇਲੂ ਪਖਾਨਿਆਂ, 4 ਹਜਾਰ ਤੋਂ ਵੱਧ ਸਮੂਦਾਇਕ ਪਖਾਨਿਆਂ ਤੇ ਲਗਭਗ 7 ਹਜਾਰ ਜਨਤਕ ਪਖਾਨਿਆਂ ਦਾ ਨਿਰਮਾਣ ਕੀਤਾ ਗਿਆ ਹੈ। ਪਹਿਲੇ ਪੜਾਅ ਵਿਚ ਲਗਭਗ 1100 ਪਿੰਡਾਂ ਵਿਚ ਘਰਾਂ ਤੋਂ ਕੂੜਾ ਚੁਕਣ ਦਾ ਕੰਮ ਸੁਰੂ ਕੀਤਾ ਗਿਆ ਹੈ।
ਹਰਿਆਣਾ ਦੇ ਖੇਡ ਮੰਤਰੀ ਤੇ ਐਮ.ਪੀ ਹਰਮਿੰਦਰ ਸਾਹਿਬ ਦਾ ਪਵਿੱਤਰ ਜਲ ਲੈ ਕੇ ਵਾਪਸ ਪੁੱਜੇ
ਹਰਿਆਣਾ ਸਰਕਾਰ ਪਾਣੀਪਤ ਵਿਚ ਸ਼ਾਨਦਾਰ ਢੰਗ ਨਾਲ ਮਨਾਏਗੀ ਪ੍ਰਕਾਸ਼ ਉਤਸਵ
ਸੁਖਜਿੰਦਰ ਮਾਨ
ਚੰਡੀਗੜ੍ਹ, 18 ਅਪ੍ਰੈਲ : ਹਰਿਆਣਾ ਸਰਕਾਰ ਵਲੋਂ ਸਰਕਾਰੀ ਪੱਧਰ ’ਤੇ ਧੂਮਧਾਮ ਨਾਲ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਮਨਾਏ ਜਾ ਰਹੇ 400ਵੇਂ ਪ੍ਰਕਾਸ਼ ਉਤਸਵ ਮੌਕੇ ਸਰਕਾਰ ਦਾ ਇੱਕ ਦਲ ਵਿਸੇਸ ਤੌਰ ’ਤੇ ਸ਼੍ਰੀ ਹਰਿਮੰਦਰ ਸਾਹਿਬ ਵਿਚੋਂ ਪਵਿੱਤਰ ਜਲ ਹਰਿਆਣਾ ਲੈ ਕੇ ਆਇਆ ਹੈ। ਸੂਬੇ ਦੇ ਖੇਡ ਮੰਤਰੀ ਸੰਦੀਪ ਸਿੰਘ ਦੀ ਅਗਵਾਈ ਹੇਠ ਸ਼੍ਰੀ ਅੰਮਿ੍ਰਤਸਰ ਸਾਹਿਬ ਪਹੁੰਚੇ ਦਲ ਨੇ ਇਸ ਮੌਕੇ ਇਸ ਪ੍ਰਕਾਸ਼ ਉਤਸਵ ਪ੍ਰੋਗ੍ਰਾਮ ਵਿਚ ਸਮੂਲੀਅਤ ਲਈ ਜਥੇਦਾਰ ਸਾਹਿਬ ਤੇ ਹੋਰਨਾਂ ਨੂੰ ਸੱਦਾ ਵੀ ਦਿੱਤਾ ਗਿਆ। ਇਸ ਦੌਰਾਨ ਖੇਡ ਮੰਤਰੀ ਨਾਲ ਕਰਨਾਲ ਦੇ ਐਮ.ਪੀ ਸੰਜੈ ਭਾਟਿਆ ਅਤੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ ਵੀ ਨਾਲ ਰਹੇ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੇਡ ਮੰਤਰੀ ਸੰਦੀਪ ਸਿੰਘ ਨੇ ਦਸਿਆ ਕਿ 24 ਅਪ੍ਰੈਲ ਨੂੰ ਪਾਣੀਪਤ ਦੇ ਸੈਕਟਰ-13, 17 ਵਿਚ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ਼ ਉਤਸਵ ਨੂੰ ਸ਼ਾਨਦਾਰ ਢੰਗ ਨਾਲ ਮਨਾਇਆ ਜਾਵੇਗਾ। ਉਨ੍ਹਾ ਕਿਹਾ ਕਿ ਉਹ ਖੁਸ਼ਕਿਸਮਤ ਹਨ, ਜਿੰਨ੍ਹਾਂ ਨੂੰ ਇਸ ਪਵਿੱਤਰ ਜਲ ਨੂੰ ਲੈ ਕੇ ਜਾਣ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਵੀ ਇਸ ਪ੍ਰੋਗ੍ਰਾਮ ਦਾ ਸੱਦਾ ਭੇਜਿਆ ਜਾਵੇਗਾ।
ਪ੍ਰੋਗ੍ਰਾਮ ਵਿਚ ਪਹੁੰਚਣਗੇ ਵਿਸ਼ਵ ਦੇ ਮੰਨੇ-ਪ੍ਰਮਨੇ ਰਾਗੀ ਅਤੇ ਢਾਡੀ
ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ਼ ਉਤਸਵ ਦੇ ਮੌਕੇ ‘ਤੇ ਵਿਸ਼ਵ ਦੇ ਮੰਨੇ-ਪ੍ਰਮੰਨੇ ਰਾਗੀ ਅਤੇ ਢਾਡੀ ਪਹੁੰਚਣਗੇ। ਪੰਥ ਦੇ ਸਿਰਮੌਰ ਰਾਗੀ ਭਾਈ ਚਮਨਜੀਤ ਸਿੰਘ ਜੀ ਲਾਲ, ਭਾਈ ਬਲਵਿੰਦਰ ਸਿੰਘ ਰੰਗੀਲਾ ਜੀ, ਭਾਈ ਦਵਿੰਦਰ ਸਿੰਘ ਸੋਢੀ ਜੀ, ਭਾਈ ਗਗਨਦੀਪ ਸਿੰਘ ਸ੍ਰੀਗੰਗਾਨਗਰ ਵਾਲੇ ਇਸ ਮੌਕੇ ‘ਤੇ ਸ਼ਿਰਕਤ ਕਰਣਗੇ। ਉੱਥੇ ਹੀ ਢਾਡੀ ਭਾਈ ਨਿਰਮਲ ਸਿੰਘ ਨੂਰ ਜੀ ਵੀ ਪਹੁੰਚ ਕੇ ਅਮਿ੍ਰਤਮਈ ਕੀਰਤਨ, ਗੁਰੂਮਤ ਵਿਚਾਰਾਂ ਅਤੇ ਗੁਰੂ ਇਤਿਹਾਸ ਨਾਲ ਸੰਗਤ ਨੂੰ ਨਿਹਾਲ ਕਰਣਗੇ।
ਸੂਬਾ ਹੀ ਨਹੀਂ ਪੂਰੇ ਦੇਸ਼ ਤੋਂ ਪਹੁੰਚਣਗੇ ਸ਼ਰਧਾਲੂ
ਪਾਣੀਪਤ ਵਿਚ ਮਨਾਏ ਜਾ ਰਹੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ਼ ਉਤਸਵ ਦੇ ਮੌਕੇ ‘ਤੇ ਸੂਬਾ ਹੀ ਨਹੀਂ ਪੂਰੇ ਦੇਸ਼ ਤੋਂ ਸ਼ਰਧਾਲੂ ਪਹੁੰਚਣਗੇ। ਇਸ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੁਦ ਜਨਸਭਾਵਾਂ ਤੇ ਆਪਣੇ ਜਨਤਕ ਪ੍ਰੋਗ੍ਰਾਮਾਂ ਵਿਚ ਲੋਕਾਂ ਨੂ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚਣ ਦਾ ਸੱਦਾ ਦੇ ਰਹੇ ਹਨ। ਇਸ ਤੋਂ ਇਲਾਵਾ, ਹਰਿਆਣਾ ਸਰਕਾਰ ਦੇ ਮੰਤਰੀ ਵੀ ਇਸ ਪ੍ਰੋਗ੍ਰਾਮ ਦਾ ਸੱਦਾ ਸ਼ਹਿਰ-ਸ਼ਹਿਰ ਪਹੁੰਚ ਕੇ ਦੇ ਰਹੇ ਹਨ। ਪ੍ਰੋਗ੍ਰਾਮ ਨੂੰ ਸ਼ਾਨਦਾਰ ਢੰਗ ਨਾਲ ਖੁਸ਼ੀ ਨਾਲ ਮਨਾਇਆ ਜਾਵੇਗਾ।
ਗੁਰੂ ਦੇ ਲੰਗਰ ਅਟੁੱਟ ਵਰਤਣਗੇ
ਪਾਣੀਪਤ ਦੇ ਸੈਕਟਰ-13, 17 ਵਿਚ ਆਯੋਜਿਤ ਪ੍ਰਕਾਸ਼ ਉਤਸਵ ਦੇ ਪ੍ਰੋਗ੍ਰਾਮ ਦੇ ਲਈ 60 ਏਕੜ ਤੋਂ ਵੱਧ ਥਾਂ ਵਿਚ ਮੰਚ ਤੇ ਸ਼ਰਧਾਲੂਆਂ ਦੇ ਲਈ ਬੈਠਨ ਦੀ ਥਾਂ ਤਿਆਰ ਕੀਤੀ ਗਈ ਹੈ। ਇਸ ਪ੍ਰੋਗ੍ਰਾਮ ਦੌਰਾਨ ਗੁਰੂ ਦੇ ਲੰਗਰ ਅਟੁੱਟ ਵਰਤਣਗੇ। ਲੰਗਰ ਦੀ ਸੇਵਾ ਸੰਤ-ਮਹਾਪੁਰਸ਼ ਅਤੇ ਖੇਤਰੀ ਸੰਗਤ ਕਰੇਗੀ। ਇਸ ਨੂੰ ਲੈ ਕੇ ਤਿਆਰੀਆਂ ਲਗਭਗ ਪੂਰੀਆਂ ਕਰ ਲਈਆਂ ਗਈਆਂ ਹਨ। ਸੰਤ ਸਮਾਜ ਅਤੇ ਹੋਰ ਸੰਸਥਾਵਾਂ ਲਗਾਤਾਰ ਕਾਰਜ ਕਰ ਰਹੀ ਹੈ।
ਅਪਣੀਆਂ ਮੰਗਾਂ ਨੂੰ ਲੈ ਕੇ ਡੀ ਟੀ ਐੱਫ ਦੇ ਆਗੂਆਂ ਨੇ ਸਿੱਖਿਆ ਅਧਿਕਾਰੀ ਨਾਲ ਕੀਤੀ ਮੀਟਿੰਗ
ਪੀ.ਆਰ.ਆਈ. ਅਧਿਆਪਕਾਂ ਦੀ ਪੇਅ ਅਨਾਮਲੀ ਅਤੇ ਸਿੰਗਲ ਟੀਚਰ ਸਕੂਲ ਅਧਿਆਪਕਾਂ ਦੀ ਬਦਲੀ ਲਾਗੂ ਕਰਵਾਉਣ ਲਈ ਕੀਤੀ ਮੰਗ
ਸੁਖਜਿੰਦਰ ਮਾਨ
ਬਠਿੰਡਾ, 18 ਅਪ੍ਰੈਲ: ਬਠਿੰਡਾ ਜ਼ਿਲ੍ਹੇ ਵਿੱਚ ਪੰਚਾਇਤੀ ਰਾਜ ਅਧੀਨ ਭਰਤੀ ਹੋਏ ਅਧਿਆਪਕਾਂ ਦੀ ਤਨਖਾਹ ਛੇਵਾਂ ਤਨਖਾਹ ਲਾਗੂ ਹੋਣ ’ਤੇ ਆਪਣੇ ਜੂਨੀਅਰ ਅਧਿਆਪਕਾਂ ਨਾਲੋਂ ਘੱਟ ਫਿਕਸ ਹੋਣ ਦੇ ਮਾਮਲੇ ਅਤੇ ਅਪ੍ਰੈਲ 2021 ਵਿਚ ਆਨ-ਲਾਈਨ ਸਿਸਟਮ ਅਧੀਨ ਪ੍ਰਾਇਮਰੀ ਅਧਿਆਪਕਾਂ ਦੀਆਂ ਬਦਲੀਆਂ ਹੋਈਆਂ ਸਨ ਪਰੰਤੂ ਜ਼ਿਲ੍ਹੇ ਵਿੱਚ ਪੰਜ ਅਧਿਆਪਕ ਸਿੰਗਲ ਟੀਚਰ ਹੋਣ ਕਾਰਨ ਉਨ੍ਹਾਂ ਦੀਆਂ ਬਦਲੀਆਂ ਲਾਗੂ ਨਹੀਂ ਹੋਈਆਂ ।ਇਨ੍ਹਾਂ ਮਸਲਿਆਂ ਸਬੰਧੀ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲਾ ਇਕਾਈ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਅਤੇ ਸਕੱਤਰ ਬਲਜਿੰਦਰ ਸਿੰਘ ਦੀ ਅਗਵਾਈ ਵਿੱਚ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਸ੍ਰੀ ਸ਼ਿਵਪਾਲ ਗੋਇਲ ਨੂੰ ਮਿਲਿਆ। ਜਥੇਬੰਦੀ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਿੰਗਲ ਟੀਚਰ ਅਧਿਆਪਕਾਂ ਦੀਆਂ ਬਦਲੀਆਂ ਲਾਗੂ ਨਾ ਕਰਨ ਤੇ ਸਿੱਖਿਆ ਅਧਿਕਾਰੀ ਵੱਲੋਂ ਬਦਲੀ ਨੀਤੀ ਵਿਚ ਦਰਜ ਸ਼ਰਤਾਂ ਦਾ ਹਵਾਲਾ ਦੇ ਕੇ ਬਦਲੀਆਂ ਲਾਗੂ ਕਰਨ ਤੋਂ ਅਸਮਰੱਥਾ ਪ੍ਰਗਟ ਕੀਤੀ ਪ੍ਰੰਤੂ ਜਥੇਬੰਦੀ ਵੱਲੋਂ ਮੰਗ ਤੇ ਡੀ ਪੀ ਆਈ ਐਲੀਮੈਂਟਰੀ ਸਿੱਖਿਆ ਪੰਜਾਬ ਨੂੰ ਇਨ੍ਹਾਂ ਬਦਲੀਆਂ ਨੂੰ ਲਾਗੂ ਕਰਵਾਉਣ ਲਈ ਜਥੇਬੰਦੀ ਵੱਲੋਂ ਦਿੱਤੇ ਮੰਗ ਪੱਤਰ ਦੀ ਰੋਸ਼ਨੀ ਵਿੱਚ ਅਗਵਾਈ ਲੈਣ ਤੇ ਸਹਿਮਤੀ ਪ੍ਰਗਟ ਕੀਤੀ ।ਪੰਚਾਇਤੀ ਰਾਜ ਅਧੀਨ2006 ਵਿੱਚ ਭਰਤੀ ਹੋਏ ਅਧਿਆਪਕ ਛੇਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਸਮੇਂ 01/01/02016 ਨੂੰ ਆਪਣੇ ਤੋਂ ਬਾਦ 2007 ਵਿੱਚ ਭਰਤੀ ਹੋਏ ਅਧਿਆਪਕਾਂ ਤੋਂ ਇੱਕ ਇਨਕਰੀਮੈਂਟ ਪਿੱਛੇ ਰਹਿ ਜਾਣ ਕਾਰਨ ਸੀਨੀਅਰ ਜੂਨੀਅਰ ਦੀ ਅਨਾਮਲੀ ਪੈਦਾ ਹੋਣ ਦਾ ਮਾਮਲਾ ਤੱਥਾਂ ਸਹਿਤ ਰੱਖਿਆ।ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਗੋਇਲ ਨੇ ਜਥੇਬੰਦੀ ਵੱਲੋਂ ਰੱਖੇ ਤੱਥਾਂ ਨਾਲ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਵਿਚ 2006 ਭਰਤੀ ਹੋਏ ਅਧਿਆਪਕਾਂ ਦੀ ਅਨਾਮਲੀ ਹੋਈ ਹੈ ਇਸ ਸਬੰਧੀ ਜਥੇਬੰਦੀ ਆਪਣਾ ਪੂਰਾ ਤੱਥਾਂ ਸਮੇਤ ਕੇਸ ਬਣਾ ਕੇ ਬਲਾਕ ਸਿੱਖਿਆ ਅਫ਼ਸਰ ਰਾਹੀਂ ਉਨ੍ਹਾਂ ਨੂੰ ਭੇਜਣ । ਉਹ ਅੱਗੇ ਐਫ. ਡੀ. ਪੰਜਾਬ ਤੋਂ ਅਨਾਮਲੀ ਦੂਰ ਕਰਨ ਲਈ ਕੇਸ ਫਾਰਵਰਡ ਕਰ ਕੇ ਪੇਅ ਅਨਾਮਲੀ ਦੂਰ ਕਰਵਾਉਣ ਲਈ ਜ਼ਰੂਰੀ ਕਾਰਵਾਈ ਕਰਨਗੇ ।ਜਥੇਬੰਦੀ ਦੇ ਵਫ਼ਦ ਵਿਚ ਸੂਬਾ ਕਮੇਟੀ ਮੈਂਬਰ ਨਵਚਰਨਪ੍ਰੀਤ ਜਿਲ੍ਹਾ ਮੀਤ ਪ੍ਰਧਾਨ ਪਰਵਿੰਦਰ ਸਿੰਘ ਬਲਾਕ ਬਠਿੰਡਾ ਦੇ ਪ੍ਰਧਾਨ ਭੁਪਿੰਦਰ ਮਾਈਸਰਖਾਨਾ ਜ਼ਿਲ੍ਹਾ ਕਮੇਟੀ ਮੈਂਬਰ ਬਲਜਿੰਦਰ ਕੌਰ ਸਮੇਤ ਸਿੰਗਲ ਟੀਚਰ ਅਧਿਆਪਕ ਜਿਨ੍ਹਾਂ ਦੀਆਂ ਬਦਲੀਆਂ ਅਜੇ ਲਾਗੂ ਨਹੀਂ ਹੋਈਆਂ ਵੀ ਸ਼ਾਮਲ ਸਨ ।
ਸੀ.ਆਈ.ਏ. ਦਫ਼ਤਰ ਨਵਾਂਸ਼ਹਿਰ ’ਤੇ ਗਰਨੇਡ ਹਮਲਾ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਤਿੰਨ ਗਿ੍ਰਫਤਾਰ
ਦੋਸ਼ੀਆਂ ਕੋਲੋਂ ਇੱਕ ਜਿੰਦਾ ਹੈਂਡ ਗਰਨੇਡ ਬਰਾਮਦ
ਪਾਕਿਸਤਾਨ ਅਧਾਰਤ ਗਿਰੋਹ ਦਾ ਮੁਖੀ ਹਰਵਿੰਦਰ ਸਿੰਘ ਉਰਫ਼ ਰਿੰਦਾ ਸੀ ਮੁੱਖ ਸਾਜ਼ਿਸ਼ਘਾੜਾ: ਡੀਜੀਪੀ ਪੰਜਾਬ
ਸੁਖਜਿੰਦਰ ਮਾਨ
ਐਸਬੀਐਸ ਨਗਰ 18 ਅਪ੍ਰੈਲ : ਪੰਜਾਬ ਪੁਲਿਸ ਨੇ ਹਰਵਿੰਦਰ ਸਿੰਘ ਉਰਫ ਰਿੰਦਾ ਵੱਲੋਂ ਚਲਾਏ ਜਾ ਰਹੇ ਪਾਕਿ ਅਧਾਰਾਤ ਅੱਤਵਾਦੀ ਗਿਰੋਹ ਦਾ ਪਰਦਾਫ਼ਾਸ਼ ਕਰਦਿਆਂ ਤਿੰਨ ਦੋਸ਼ੀਆਂ ਨੁੂੰ ਗਿ੍ਰਫਤਾਰ ਕਰਕੇ ਸੀ.ਆਈ.ਏ ਦਫ਼ਤਰ ਨਵਾਂਸ਼ਹਿਰ ਉੱਤੇ ਹੋਏ ਹੈਂਡ ਗਰਨੇਡ ਹਮਲੇ ਦੀ ਗੁੱਥੀ ਸੁਲਝਾ ਲਈ ਹੈ। ਇਹ ਜਾਣਕਾਰੀ ਡੀ.ਜੀ.ਪੀ. ਪੰਜਾਬ ਸ੍ਰੀ ਵੀ.ਕੇ. ਭਾਵਰਾ ਨੇ ਸੋਮਵਾਾਰ ਨੂੰ ਦਿੱਤੀ।ਜ਼ਿਕਰਯੋਗ ਹੈ ਕਿ 7 ਅਤੇ 8 ਨਵੰਬਰ,2021 ਦੇ ਦਰਮਿਆਨੀ ਰਾਤ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਪੁਲਿਸ ਕਰਮੀਆਂ ਨੂੰ ਮਾਰਨ ਦੇ ਇਰਾਦੇ ਨਾਲ ਸੀ.ਆਈ.ਏ ਦਫ਼ਤਰ ਨਵਾਂਸ਼ਹਿਰ ਵਿਖੇ ਹੈਂਡ ਗਰਨੇਡ ਸੁੱਟਿਆ ਗਿਆ ਸੀ। ਲਿਹਾਜ਼ਾ, ਸੀ.ਆਈ.ਏ ਦਫ਼ਤਰ ਵਿੱਚ ਮੌਜੂਦ ਪੁਲਿਸ ਕਰਮੀ ਹਮਲੇ ਦੌਰਾਨ ਵਾਲ ਵਾਲ ਬਚ ਗਏ ਸਨ।
ਗਿ੍ਰਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਨਵਾਂਸ਼ਹਿਰ ਦੇ ਪਿੰਡ ਬੈਂਸ ਦੇ ਰਹਿਣ ਵਾਲੇ ਮਨੀਸ਼ ਕੁਮਾਰ ਉਰਫ ਮਨੀ ਉਰਫ ਬਾਬਾ, ਜ਼ਿਲਾ ਜਲੰਧਰ ਦੇ ਗੁਰਾਇਆ ਦੇ ਪਿੰਡ ਅੱਟਾ ਦੇ ਵਾਸੀ ਰਮਨਦੀਪ ਸਿੰਘ ਉਰਫ ਜੱਖੂ ਅਤੇ ਐਸਬੀਐਸ ਨਗਰ ਦੇ ਪਿੰਡ ਸਾਹਲੋਂ ਵਾਸੀ ਪਰਦੀਪ ਸਿੰਘ ਉਰਫ ਭੱਟੀ ਵਜੋਂ ਹੋਈ ਹੈ। ਪੁਲੀਸ ਨੇ ਮੁਲਜਮਾਂ ਤੋਂ ਇੱਕ ਜਿੰਦਾ ਹੈਂਡ ਗ੍ਰੇਨੇਡ ਵੀ ਬਰਾਮਦ ਕੀਤਾ ਹੈ।ਡੀਜੀਪੀ ਵੀ.ਕੇ ਭਾਵਰਾ ਨੇ ਕਿਹਾ ਕਿ ਵਿਆਪਕ ਅਤੇ ਨਿਰੰਤਰ ਜਾਂਚ ਤੋਂ ਬਾਅਦ ਕਾਊਂਟਰ ਇੰਟੈਲੀਜੈਂਸ ਵਿੰਗ ਅਤੇ ਐਸਬੀਐਸ ਨਗਰ ਪੁਲਿਸ ਨੇ ਇਸ ਹਮਲੇ ਵਿੱਚ ਸ਼ਾਮਲ ਤਿੰਨ ਦੋਸ਼ੀਆਂ ਨੂੰ ਗਿ੍ਰਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
ਡੀਜੀਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਰਮਨਦੀਪ ਨੇ ਕਬੂਲਿਆ ਕਿ ਉਸ ਨੇ ਹਰਵਿੰਦਰ ਸਿੰਘ ਉਰਫ ਰਿੰਦਾ ਦੇ ਨਿਰਦੇਸ਼ਾਂ ‘ਤੇ ਮਨੀਸ਼ ਨਾਲ ਮਿਲ ਕੇ ਨਵਾਂਸਹਿਰ ਸੀ.ਆਈ.ਏ ਦਫਤਰ ‘ਤੇ ਹੈਂਡ ਗ੍ਰੇਨੇਡ ਸੁੱਟਿਆ ਸੀ, ਜਦਕਿ ਰਿੰਦਾ ਦੇ ਇਸ਼ਾਰੇ ’ਤੇ ਹੀ ਰਮਨਦੀਪ ਨੇ ਲੁਧਿਆਣਾ-ਫਿਰੋਜ਼ਪੁਰ ਰੋਡ ਵਿਚਲੇ ਕਿਸੇ ਟਿਕਾਣੇ ਤੋਂ ਦੋ ਹੈਂਡ ਗ੍ਰੇਨੇਡ ਪ੍ਰਾਪਤ ਕੀਤੇ ਸਨ। ਐਸ.ਐਸ.ਪੀ. ਐਸ.ਬੀ.ਐਸ. ਨਗਰ ਸੰਦੀਪ ਕੁਮਾਰ ਨੇ ਦੱਸਿਆ ਕਿ ਰਮਨਦੀਪ ਦੇ ਖੁਲਾਸੇ ਮੁਤਾਬਕ ਇਕ ਹੈਂਡ ਗ੍ਰੇਨੇਡ ਨਵਾਂਸ਼ਹਿਰ ਵਿੱਚ ਹਮਲੇ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਜਦਕਿ ਉਸਦੇ ਵਰਗਾ ਹੀ ਦੂਸਰਾ ਜਿੰਦਾ ਪੀ-80 ਹੈਂਡ ਗ੍ਰੇਨੇਡ ਬਰਾਮਦ ਕੀਤਾ ਗਿਆ । ਉਹਨਾਂ ਦੱਸਿਆ ਕਿ ਹਰਵਿੰਦਰ ਉਰਫ ਰਿੰਦਾ ਨੇ ਇਸ ਹਮਲੇ ਨੂੰ ਅੰਜਾਮ ਦੇਣ ਲਈ ਰਮਨਦੀਪ ਨਾਲ 4 ਲੱਖ ਰੁਪਏ ਵਿੱਚ ਸੌਦਾ ਕੀਤਾ ਸੀ।
ਜ਼ਿਕਰਯੋਗ ਹੈ ਕਿ ਪੰਜਾਬ, ਚੰਡੀਗੜ, ਮਹਾਰਾਸ਼ਟਰ ਅਤੇ ਹਰਿਆਣਾ ਵਿੱਚ ਸਰਗਰਮ ਗੈਂਗਸਟਰ ਹਰਵਿੰਦਰ ਸਿੰਘ ਉਰਫ ਰਿੰਦਾ ਇੱਕ ਹਿਸਟਰੀਸ਼ੀਟਰ ਹੈ ਅਤੇ ਪੰਜਾਬ ਪੁਲਿਸ ਨੂੰ ਕਤਲ, ਕੰਟਰੈਕਟ ਕਿਲਿੰਗ, ਡਕੈਤੀ, ਫਿਰੌਤੀ ਅਤੇ ਸਨੈਚਿੰਗ ਵਰਗੇ ਘਿਨਾਉਣੇ ਅਪਰਾਧਾਂ ਵਿੱਚ ਲੋੜੀਂਦਾ ਹੈ।ਦੱਸਣਯੋਗ ਹੈ ਕਿ ਪੁਲਿਸ ਵੱਲੋ ਇਸ ਮਾਮਲੇ ਵਿੱਚ ਹਰਵਿੰਦਰ ਸਿੰਘ ਉਰਫ ਰਿੰਦਾ ਨੂੰ ਵੀ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ ਅਤੇ 8 ਨਵੰਬਰ, 2021 ਦੀ ਐਫਆਈਆਰ ਵਿੱਚ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਦੀਆਂ ਧਾਰਾਵਾਂ 13/16/17/18/18-ਬੀ/20 ਸ਼ਾਮਲ ਕੀਤੀਆਂ ਗਈਆਂ ਹਨ ਜਦਕਿ ਪਹਿਲਾਂ ਇਹ ਮਾਮਲਾ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3, 4 ਅਤੇ 5 ਅਤੇ ਆਈ.ਪੀ.ਸੀ. ਦੀਆਂ ਧਾਰਾਵਾਂ 307, 427 ਅਤੇ 120-ਬੀ ਤਹਿਤ ਥਾਣਾ ਸਿਟੀ ਨਵਾਂਸਹਿਰ ਵਿਖੇ ਦਰਜ ਕੀਤਾ ਗਿਆ ਸੀ।
ਗੈਂਗਸਟਰ ਤੋਂ ਅੱਤਵਾਦੀ ਬਣੇ ਅਰਸ ਡੱਲਾ ਦੇ ਦੋ ਸਾਥੀ ਹਥਿਆਰਾਂ ਸਮੇਤ ਕਾਬੂ
ਸੁਖਜਿੰਦਰ ਮਾਨ
ਚੰਡੀਗੜ੍ਹ, 18 ਅਪ੍ਰੈਲ: ਸੂਬੇ ਦੀ ਅਮਨ-ਸਾਂਤੀ ਨੂੰ ਭੰਗ ਕਰਨ ਲਈ ਵਿਦੇਸ ਅਧਾਰਤ ਦੇਸ ਵਿਰੋਧੀ ਅਨਸਰਾਂ ਦੀਆਂ ਸੰਭਾਵਿਤ ਕੋਸਿਸਾਂ ਨੂੰ ਨਾਕਾਮ ਕਰਦਿਆਂ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਨੇ ਅੱਜ ਭਗੌੜੇ ਗੈਂਗਸਟਰ ਤੋਂ ਅੱਤਵਾਦੀ ਬਣੇ ਅਰਸਦੀਪ ਸਿੰਘ ਉਰਫ ਅਰਸ ਡੱਲਾ ਦੇ ਦੋ ਨਜਦੀਕੀ ਸਾਥੀਆਂ ਨੂੰ ਗਿ੍ਰਫਤਾਰ ਕੀਤਾ ਹੈ। ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਹਰਸ ਕੁਮਾਰ ਅਤੇ ਉਸ ਦੇ ਸਾਥੀ ਰਾਘਵ ਜੋ ਦੋਵੇਂ ਕੋਟ ਈਸੇ ਖਾਂ ਜਿਲ੍ਹਾ ਮੋਗਾ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਕੋਲੋਂ 44 ਜਿੰਦਾ ਕਾਰਤੂਸਾਂ ਸਮੇਤ ਵਿਦੇਸੀ ਐਮਪੀ-5 ਗੰਨ ਵੀ ਬਰਾਮਦ ਕੀਤੀ ਹੈ।ਹੋਰ ਵੇਰਵੇ ਦਿੰਦਿਆਂ ਡੀਜੀਪੀ ਪੰਜਾਬ ਵੀ.ਕੇ. ਭਾਵਰਾ ਨੇ ਦੱਸਿਆ ਕਿ ਖੁਫੀਆ ਏਜੰਸੀ ਦੀ ਅਗਵਾਈ ਵਿੱਚ, ਸਟੇਟ ਸਪੈਸਲ ਆਪ੍ਰੇਸਨ ਸੈੱਲ (ਐਸ.ਐਸ.ਓ.ਸੀ.), ਅੰਮਿ੍ਰਤਸਰ ਦੀ ਟੀਮ ਨੇ ਦੋਵਾਂ ਮੁਲਜਮਾਂ ਨੂੰ ਗਿ੍ਰਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਹਰਸ ਨੇ ਖੁਲਾਸਾ ਕੀਤਾ ਕਿ ਉਹ ਮੋਗਾ ਦੇ ਪਿੰਡ ਸਾਦੀਵਾਲਾ ਦੇ ਗੁਰਪ੍ਰੀਤ ਸਿੰਘ ਉਰਫ ਗੋਪੀ ਰਾਹੀਂ ਅਰਸ ਡੱਲਾ ਦੇ ਸੰਪਰਕ ਵਿੱਚ ਆਇਆ ਸੀ, ਜਿਸ ਨੂੰ ਮੋਗਾ ਪੁਲਿਸ ਨੇ ਜਨਵਰੀ 2022 ਵਿੱਚ ਹੱਥ ਗੋਲਿਆਂ ਅਤੇ ਹਥਿਆਰਾਂ ਦੀ ਖੇਪ ਸਮੇਤ ਗਿ੍ਰਫਤਾਰ ਕੀਤਾ ਸੀ।ਡੀਜੀਪੀ ਨੇ ਦੱਸਿਆ ਕਿ ਗੋਪੀ ਦੀ ਗਿ੍ਰਫਤਾਰੀ ਤੋਂ ਬਾਅਦ, ਅਰਸ ਡੱਲਾ ਨੇ ਐਨਕਿ੍ਰਪਟਡ ਐਪਸ ਰਾਹੀਂ ਹਰਸ ਕੁਮਾਰ ਨਾਲ ਸੰਪਰਕ ਬਣਾਇਆ ਅਤੇ ਉਸਨੂੰ ਆਪਣੇ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਅੱਗੇ ਦੱਸਿਆ ਕਿ ਅਰਸ ਡੱਲਾ ਨੇ ਘੱਟੋ ਘੱਟ ਦੋ ਮੌਕਿਆਂ ‘ਤੇ ਹਰਸ ਕੁਮਾਰ ਨੂੰ ਫੰਡ ਵੀ ਭੇਜੇ ਸਨ। ਉਨ੍ਹਾਂ ਦੱਸਿਆ ਕਿ ਮੌਜੂਦਾ ਖੇਪ ਦਾ ਪ੍ਰਬੰਧ ਵੀ ਅਰਸ ਡੱਲਾ ਵੱਲੋਂ ਕੀਤਾ ਗਿਆ ਹੈ।
ਏ.ਆਈ.ਜੀ. ਐਸ.ਐਸ.ਓ.ਸੀ. ਅੰਮਿ੍ਰਤਸਰ ਸੁਖਮਿੰਦਰ ਮਾਨ ਨੇ ਦੱਸਿਆ ਕਿ ਕਿਸ ਢੰਗ ਨਾਲ ਮੁਲਜਮਾਂ ਨੇ ਹਥਿਆਰ ਪ੍ਰਾਪਤ ਕੀਤੇ ਹਨ ਅਤੇ ਇਹ ਹਥਿਆਰ ਉਹਨਾਂ ਤੱਕ ਪਹੁੰਚਾਉਣ ਦੇ ਮਕਸਦ ਬਾਰੇ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।ਇਸੇ ਦੌਰਾਨ, ਇਸ ਸਬੰਧੀ ਸਟੇਟ ਸਪੈਸਲ ਆਪ੍ਰੇਸਨ ਸੈੱਲ, ਅੰਮਿ੍ਰਤਸਰ ਵਿਖੇ ਸਬੰਧਤ ਧਾਰਾਵਾਂ ਤਹਿਤ ਐਫ.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਦੋਵਾਂ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ ਕਰਕੇ ਪੁਲੀਸ ਰਿਮਾਂਡ ਲਿਆ ਜਾਵੇਗਾ। ਇਸ ਮਾਮਲੇ ਵਿੱਚ ਅਰਸ ਡੱਲਾ ਨੂੰ ਵੀ ਨਾਮਜਦ ਕੀਤਾ ਗਿਆ ਹੈ।
ਡੱਬੀ: ਅਰਸ ਡੱਲਾ ਕੌਣ ਹੈ?
ਸਰਗਰਮ ਗੈਂਗਸਟਰ ਤੋਂ ਅੱਤਵਾਦੀ ਬਣਿਆ ਅਰਸ਼ ਡੱਲਾ ਮੋਗਾ ਦਾ ਵਸਨੀਕ ਹੈ ਅਤੇ ਹੁਣ ਕਨੇਡਾ ਵਿੱਚ ਰਹਿੰਦਾ ਹੈ। ਉਹ ਪਿਛਲੇ ਸਮੇਂ ਤੋਂ ਕਈ ਗੈਂਗਸਟਰ ਅਤੇ ਅੱਤਵਾਦ ਨਾਲ ਸਬੰਧਤ ਗਤੀਵਿਧੀਆਂ ਵਿੱਚ ਸਾਮਲ ਰਿਹਾ ਹੈ। ਪੰਜਾਬ ਪੁਲਿਸ ਨੇ ਪਹਿਲਾਂ ਹੀ ਅਰਸ ਡੱਲਾ ਦੇ ਕਈ ਮਾਡਿਊਲਾਂ ਦਾ ਪਰਦਾਫਾਸ ਕਰਕੇ ਉਸਦੇ ਨਜਦੀਕੀ ਸਾਥੀਆਂ ਨੂੰ ਗਿ੍ਰਫਤਾਰ ਕੀਤਾ ਹੈ ਅਤੇ ਉਹਨਾਂ ਕੋਲੋਂ ਆਈ.ਈ.ਡੀਜ਼, ਹੱਥ ਗੋਲੇ ਅਤੇ ਹੋਰ ਹਥਿਆਰ ਤੇ ਗੋਲੀ ਸਿੱਕਾ ਬਰਾਮਦ ਕੀਤਾ ਹੈ। ਪੰਜਾਬ ਪੁਲਿਸ ਵੱਲੋਂ ਉਸ ਨੂੰ ਕਾਬੂ ਕਰਨ ਲਈ ਢੁੱਕਵੇਂ ਪੱਧਰ ‘ਤੇ ਠੋਸ ਯਤਨ ਕੀਤੇ ਜਾ ਰਹੇ ਹਨ।
ਨਕਲੀ ਨਹੀਂ, ਅਸਲੀ ਥਾਣੇਦਾਰ ਨੇ ਲੁੱਟੇ ਸਨ ਬਠਿੰਡਾ ’ਚ 42 ਲੱਖ
ਪੁੱਤ ਨੂੰ ਵੀ ਨਕਲੀ ਵਰਦੀ ਪਵਾ ਕੇ ਲਿਆਂਦਾ ਸੀ ਨਾਲ
ਸੁਖਜਿੰਦਰ ਮਾਨ
ਬਠਿੰਡਾ, 18 ਅਪ੍ਰੈਲ: ਦੋ ਦਿਨ ਪਹਿਲਾਂ ਬਠਿੰਡਾ ਸ਼ਹਿਰ ਦੇ ਹਨੂੰਮਾਨ ਚੌਕ ਨਜਦੀਕ ਸਥਿਤ ਹੋਟਲ ਫ਼ਾਈਵ ਰਿਵਰ ’ਚ ਠਹਿਰੇ ਦੋ ਵਿਅਕਤੀਆਂ ਕੋਲੋ 42 ਲੱਖ ਲੁੱਟਣ ਵਾਲਾ ਥਾਣੇਦਾਰ ਨਕਲੀ ਨਹੀਂ, ਅਸਲੀਂ ਸੀ, ਜਿਸਨੇ ਟਰੈਵਲ ਏਜੰਟਾਂ ਨਾਲ ਮਿਲਕੇ ਅਪਣੇ ਪੁੱਤ ਨੂੰ ਨਕਲੀ ਪੁਲਿਸ ਮੁਲਾਜਮ ਬਣਾ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਹਾਲਾਂਕਿ ਕਥਿਤ ਦੋਸ਼ੀ ਹਾਲੇ ਤੱਕ ਪੁਲਿਸ ਦੀ ਪਕੜ ਦੱਸੇ ਜਾ ਰਹੇ ਹਨ ਪ੍ਰੰਤੂ ਬਠਿੰਡਾ ਪੁਲਿਸ ਸੂਬੇ ’ਚ ਚਰਚਿਤ ਹੋਏ ਇਸ ਕਾਂਡ ਨੂੰ ਸੁਲਝਾਉਣ ਦੇ ਨਜਦੀਕ ਪੁੱਜ ਗਈ ਹੈ। ਇਸਦੀ ਪੁਸ਼ਟੀ ਕਰਦਿਆਂ ਥਾਣਾ ਸਿਵਲ ਲਾਈਨ ਦੇ ਇੰਚਾਰਜ਼ ਇੰਸਪੈਕਟਰ ਹਰਵਿੰਦਰ ਸਿੰਘ ਸਰਾਂ ਨੇ ਦਸਿਆ ਕਿ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਟੀਮਾਂ ਵਲੋਂ ਛਾਪੇਮਾਰੀ ਜਾਰੀ ਹੈ। ਮਿਲੀ ਸੂਚਨਾ ਮੁਤਾਬਕ ਪਟਿਆਲਾ ਦੇ ਰਹਿਣ ਵਾਲੀਆਂ ਪੀੜਤ ਧਿਰਾਂ ਦੇ ਨੌਜਵਾਨਾਂ ਸ਼ਵਿੰਦਰਪਾਲ ਸਿੰਘ ਤੇ ਦੀਪਕ ਸ਼ਰਮਾ ਦੀ ਅੰਮਿ੍ਰਤਸਰ ਦੇ ਇੱਕ ਟਰੈਵਲ ਏਜੰਟ ਜਗਦੀਸ਼ ਲੱਕੀ ਨਾਲ ਕੈਨੇਡਾ ਭੇਜਣ ਲਈ 42 ਲੱਖ ਰੁਪਏ ਵਿਚ ਡੀਲ ਹੋਈ ਸੀ। ਇਸ ਡੀਲ ਦੇ ਤਹਿਤ ਦੋਨਾਂ ਨੌਜਵਾਨਾਂ ਦੇ ਕੈਨੇਡਾ ਵਾਲੀ ਫ਼ਲਾਈਟ ’ਤੇ ਚੜ੍ਹਣ ਤੋਂ ਬਾਅਦ ਪੈਸੇ ਲਏ ਜਾਣੇ ਸਨ। ਕਾਗਜ਼ਾਂ ਪੱਤਰਾਂ ਨੂੰ ਤਿਆਰ ਕਰਨ ਤੋਂ ਬਾਅਦ ਜਗਦੀਸ਼ ਲੱਕੀ ਨੇ ਦਸਿਆ ਕਿ ਉਕਤ ਦੋਨਾਂ ਨੌਜਵਾਨਾਂ ਨੂੰ 15 ਅਪ੍ਰੈਲ ਵਾਲੇ ਦਿਨ ਜੈਪੂਰ ਤੋਂ ਕੈਨੈਡਾ ਵਾਲੀ ਫਲਾਈਟ ’ਤੇ ਭੇਜਿਆ ਜਾਵੇਗਾ। ਇਸਦੇ ਬਦਲੇ ਪੈਸੇ ਲੈਣ ਲਈ ਉਸਨੇ ਅਪਣੇ ਸਾਥੀ ਨਿਸ਼ਾਨ ਸਿੰਘ ਦੀ ਜਿੰਮੇਵਾਰੀ ਲਗਾ ਦਿੱਤੀ। ਫੈਸਲਾ ਇਹ ਹੋਇਆ ਕਿ ਸ਼ਵਿੰਦਰਪਾਲ ਤੇ ਦੀਪਕ ਇੱਕ ਪਾਸੇ ਕੈਨੇਡਾ ਵਾਲੇ ਜਹਾਜ ’ਤੇ ਚੜ੍ਹਣਗੇ ਤੇ ਦੂਜੇ ਪਾਸੇ ਉਨ੍ਹਾਂ ਦੇ ਦੋਸਤ ਗੁਰਪ੍ਰੀਤ ਸਿੰਘ ਤੇ ਵਰਿੰਦਰ ਪੈਸੇ ਨਿਸ਼ਾਨ ਸਿੰਘ ਨੂੰ ਦੇਣਗੇ। ਇਸਦੇ ਲਈ ਇਹ ਤਿੰਨੇ ਬਠਿੰਡਾ ਪੁੱਜੇ ਤੇ ਫ਼ਾਈਵ ਰਿਵਰ ਹੋਟਲ ਵਿਚ ਕਮਰਾ ਨੰਬਰ 203 ਤੇ 204 ਬੁੱਕ ਕਰਵਾਇਆ। ਘਟਨਾ ਵਾਲੀ ਰਾਤ ਨਿਸ਼ਾਨ ਸਿੰਘ ਨੇ ਤਸੱਲੀ ਲਈ ਦੋਨਾਂ ਕੋਲ 42 ਲੱਖ ਰੁਪਏ ਦੀ ਗਿਣਤੀ ਕੀਤੀ। ਇਸਤੋਂ ਪਹਿਲਾਂ ਨੌਜਵਾਨ ਜੈਪੁਰ ਤੋਂ ਜਹਾਜ਼ ਚੜ੍ਹਦੇ, ਏਜੰਟ ਵਲੋਂ ਅੰਮਿ੍ਰਤਸਰ ਵਿਚ ਹੀ ਤੈਨਾਤ ਅਪਣੇ ਇੱਕ ਥਾਣੇਦਾਰ ਦੋਸਤ ਨਾਲ ਮਿਲਕੇ ਬਠਿੰਡਾ ਠਹਿਰੇ ਦੋਨਾਂ ਨੌਜਵਾਨਾਂ ਤੋਂ ਪੈਸੇ ਲੁੱਟਣ ਦੀ ਯੋਜਨਾ ਬਣਾ ਲਈ। ਇਸ ਯੋਜਨਾ ਤਹਿਤ ਉਕਤ ਥਾਣੇਦਾਰ ਅਪਣੀ ਅਸਲੀ ਵਰਦੀ ਤੇ ਉਸਦਾ ਪੁੱਤਰ ਨਕਲੀ ਵਰਦੀ ਵਿਚ ਦੋ-ਤਿੰਨ ਜਣਿਆ ਨਾਲ ਉਕਤ ਹੋਟਲ ਵਿਚ ਸਵੇਰੇ ਸਾਢੇ ਚਾਰ ਵਜੇਂ ਦੇ ਕਰੀਬ ਪੁੱਜੇ ਤੇ ਸਭ ਤੋਂ ਪਹਿਲਾਂ ਨਿਸ਼ਾਨ ਸਿੰਘ ਦਾ ਕਮਰਾ ਖੁਲਵਾ ਕੇ ਉਸਨੂੰ ਅਪਣੇ ਨਾਲ ਲਿਆ ਤੇ ਮੁੜ ਗੁਰਪ੍ਰੀਤ ਤੇ ਵਰਿੰਦਰ ਦਾ ਕਮਰਾ ਖੁਲਵਾ ਕੇ ਉਨ੍ਹਾਂ ’ਤੇ ਚਿੱਟਾ ਵੇਚਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਪੁਲਿਸ ਟੀਮ ਨੂੰ ਪਤਾ ਚੱਲਿਆ ਹੈ ਕਿ ਉਨ੍ਹਾਂ ਕੋਲ ਡਰੱਗ ਮਨੀ ਵੀ ਹੈ, ਜਿਸਦੇ ਚੱਲਦੇ ਪੜਤਾਲ ਲਈ ਸੀਆਈਏ ਸਟਾਫ਼ ਨਾਲ ਚੱਲਣ ਲਈ ਕਿਹਾ। ਸਵੇਰ ਦਾ ਸਮਾਂ ਹੋਣ ਕਾਰਨ ਡਰਦੇ ਹੋਏ ਗੁਰਪ੍ਰੀਤ ਤੇ ਵਰਿੰਦਰ ਵੀ ਉਨ੍ਹਾਂ ਦੇ ਨਾਲ ਪੈਸਿਆ ਸਮੇਤ ਗੱਡੀ ਵਿਚ ਬੈਠ ਗਏ ਤੇ ਮਲੋਟ ਰੋਡ ’ਤੇ ਦੋਨਾਂ ਨੂੰ ਕੁੱਟਮਾਰ ਕੇ ਗੱਡੀ ਵਿਚ ਉਤਾਰ ਦਿੱਤਾ ਤੇ ਪੈਸੇ ਖੋਹ ਲਏ। ਇਸ ਦੌਰਾਨ ਸਭ ਤੋਂ ਪਹਿਲਾਂ ਸ਼ੱਕ ਦੀ ਸੂਈ ਟਰੈਵਲ ਏਜੰਟ ’ਤੇ ਇਸ ਕਰਕੇ ਗਈ ਕਿ ਉਕਤ ਅਸਲੀ ਤੇ ਨਕਲੀ ਪੁਲਿਸ ਵਾਲੇ ਟਰੈਵਲ ਏਜੰਟ ਦੇ ਸਾਥੀ ਨਿਸ਼ਾਨ ਸਿੰਘ ਨੂੰ ਵੀ ਅਪਣੇ ਨਾਲ ਲੈ ਗਏ। ਇਸ ਸਬੰਧ ਵਿਚ ਥਾਣਾ ਸਿਵਲ ਲਾਈਨ ਪੁਲਿਸ ਕੇਸ ਦਰਜ਼ ਕਰਨ ਤੋਂ ਬਾਅਦ ਜਦ ਪੜਤਾਲ ਸ਼ੁਰੂ ਕੀਤੀ ਤਾਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼, ਮੋਬਾਇਲ ਫ਼ੋਨ ਦਾ ਡਾਟਾ ਆਦਿ ਦੇ ਆਧਾਰ ’ਤੇ ਸਾਰੀ ਉਲਝੀ ਤਾਣੀ ਸੁਲਝਦੀ ਨਜ਼ਰ ਆਈ। ਪੁਲਿਸ ਸੁੂਤਰਾਂ ਨੇ ਖੁਲਾਸਾ ਕੀਤਾ ਕਿ ਫ਼ਿਲਮੀ ਸਟਾਈਲ ਵਿਚ ਲੁੱਟ ਦੀ ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਉਕਤ ਥਾਣੇਦਾਰ ਸਹਿਤ ਟਰੈਵਲ ਏਜੰਟ ਗਾਇਬ ਹਨ ਤੇ ਜੈਪੂੁਰ ਬੈਠੇ ਸ਼ਵਿੰਦਰਪਾਲ ਸਿੰਘ ਤੇ ਦੀਪਕ ਸ਼ਰਮਾ ਨੂੰ ਕਿਸੇ ਫਲਾਈਟ ’ਤੇ ਨਹੀਂ ਚੜਾਇਆ ਗਿਆ। ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਜਾਰੀ ਹੈ ਤੇ ਜਲਦੀ ਹੀ ਸਾਰੀ ਘਟਨਾ ਦਾ ਖੁਲਾਸਾ ਕੀਤਾ ਜਾਵੇਗਾ।
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 16 ਅਪੈਰਲ:-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਕਿਸਾਨ ਜਥੇਬੰਦੀਆਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਮੰਗ ਕੀਤੀ ਗਈ ਕਿ ਭਾਰਤ ਦੇ ਸਾਰੇ ਕਿਸਾਨਾਂ ਦੀਆਂ ਸਾਰੀਆਂ ਫਸਲਾਂ ਲਈ ਘੱਟੋ ਘੱਟ ਸਮਰੱਥਨ ਮੁੱਲ ਡਾ:ਸਵਾਮੀਨਾਥਨ ਅਤੇ ਰਮੇਸ਼ ਚੰਦ ਕਮੇਟੀ ਦੀਆਂ ਸਿਫ਼ਾਰਸ਼ਾਂ ਮੁਤਾਬਿਕ ਸੀ-2+50% ਦੇ ਫਾਰਮੁੱਲੇ ਮੁਤਾਬਿਕ ਦੇਣ ਦੀ ਗਾਰੰਟੀ ਕੀਤੀ ਜਾਵੇ। ਐਲਾਨ ਕੀਤੇ ਘੱਟੋ ਘੱਟ ਸਮਰੱਥਨ ਮੁੱਲ ‘ਤੇ ਫ਼ਸਲਾਂ ਦੀ ਖਰੀਦ ਦੀ ਗਾਰੰਟੀ ਕਰਨ ਲਈ ਐਮ.ਐਸ.ਪੀ. ਦੇ ਸਬੰਧ ‘ਚ ਕਾਨੂੰਨੀ ਗਾਰੰਟੀ ਕਰਨ ਲਈ ਕਾਨੂੰਨ ਬਣਾਇਆ ਜਾਵੇ।
23 ਫ਼ਸਲਾਂ ਤੋਂ ਬਾਕੀ ਬਚਦੀਆਂ ਤਮਾਮ ਫ਼ਸਲਾਂ /ਪੈਦਾਵਾਰਾਂ ਜਿਵੇਂ ਕਿ ਸਬਜ਼ੀਆਂ, ਫ਼ਲ, ਦੁਧ ਅਤੇ ਮੱਛੀ ਇਤਿਆਦੀ ਲਈ ਵੀ ਘੱਟੋ ਘੱਟ ਸਮਰੱਥਨ ਕੀਮਤ ਦਾ ਐਲਾਨ ਕੀਤਾ ਜਾਵੇ ਅਤੇ ਉਸ ਕੀਮਤ ‘ਤੇ ਹੀ ਖਰੀਦ ਦੀ ਗਾਰੰਟੀ ਕੀਤੀ ਜਾਵੇ। ਮੰਡੀਆਂ ਵਿੱਚ ਜਿਥੇ ਵੀ ਪਰਾਈਵੇਟ ਵਪਾਰੀ ਜਿਸ ਫ਼ਸਲ ਨੂੰ ਵੀ ਖਰੀਦੇਗਾ, ਉਸਦੀ ਬੋਲੀ ਐਲਾਨ ਕੀਤੇ ਗਏ ਘੱਟੋ ਘੱਟ ਸਮਰੱਥਨ ਮੁੱਲ ਤੋਂ ਹੀ ਸ਼ੁਰੂ ਕਰਨ ਦੀ ਗਾਰੰਟੀ ਕੀਤੀ ਜਾਵੇ।ਬੇਮੌਸਮੀਆਂ ਬਾਰਸ਼ਾਂ, ਮੌਸਮ ਦੀ ਖਰਾਬੀ ਅਤੇ ਇੱਕ ਦਮ ਗਰਮੀ ਵਧਣ ਨਾਲ ਜਿਥੇ ਕਣਕ ਦਾ ਝਾੜ੍ਹ ਘੱਟ ਗਿਆ ਹੈ ਉਥੇ ਰੂਸ-ਯੂਕਰੇਨ ਜੰਗ ਕਰਕੇ ਪ੍ਰਾਈਵੇਟ ਮੰਡੀ ਵਿੱਚ ਕਣਕ ਦਾ ਭਾਅ ਵਧ ਗਿਆ ਹੈ, ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਕਿਸਾਨਾਂ ਨੂੰ 300 ਰੁਪਏ ਪ੍ਰਤੀ ਕੁਇੰਟਲ ਬੋਨਸ ਦਾ ਫੌਰੀ ਐਲਾਨ ਸਰਕਾਰੀ ਖਰੀਦ ਲਈ ਕਰੇ। ਇਸ ਮੌਕੇ ਸਾਮਲ ਆਗੂ ਰੇਸਮ ਸਿੰਘ ਯਾਤਰੀ ਯੋਧਾ ਸਿੰਘ ਨੰਗਲਾ ਮੁਖਤਿਆਰ ਸਿੰਘ ਕੁੱਬੇ ਗੁਰਮੇਲ ਸਿੰਘ ਲਹਿਰਾ ਬੀ ਕੇ ਯੂ ਮਾਨਸਾ ਸੁਰਜੀਤ ਸਿੰਘ ਸੰਦੋਹਾ ਜਗਸੀਰ ਸਿੰਘ ਜੀਂਦਾ ਭੋਲਾ ਸਿੰਘ ਗਿੱਲਪੱਤੀ ਸੁੱਰਮੁਖ ਸਿੰਘ ਸਿੱਧੂ ਸੇਲਵਰਾਹ ਮਿੰਟੂ ਸਿੰਘ ਮੌੜ ਕਲਾਂ ਅੰਗਰੇਜ ਸਿੰਘ ਕਲਿਆਣ ਮਹਿੰਮਾ ਸਿੰਘ ਚੱਠੇਵਾਲ ਜਵਾਹਰ ਸਿੰਘ ਕਲਿਆਣ ਕੁਲਵੰਤ ਸਿੰਘ ਨੇਹੀਆਂਵਾਲਾ ਜਿਲਾ ਪ੍ਰਧਾਨ ਸਿੰਦਰ ਸਿੰਘ ਗਿੱਲ ਸੇਲਵਰਾਹ ਮੀਤ ਪ੍ਰਧਾਨ ਮੇਜਰ ਸਿੰਘ ਹਮੀਰਗ੍ਹੜ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜਰ ਸਨ।
ਐਮ.ਐਸ.ਪੀ. ਗਰੰਟੀ ਤੇ ਨਰਮੇ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਘੇਰੀ ਡੀਸੀ ਦੀ ਕੋਠੀ
ਮਾਮਲਾ ਵਧਦਾ ਦੇਖ ਡੀਸੀ ਨੇ ਪ੍ਰਾਪਤ ਕੀਤਾ ਮੰਗ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 16 ਅਪੈਰਲ:- ਅਪਣੇ ਤਿੱਖੇ ਸੰਘਰਸ਼ਾਂ ਨੂੰ ਜਾਣੀ ਜਾਂਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਐਮ.ਐਸ.ਪੀ. ਤੇ ਹੋਰ ਮੰਗਾਂ ਨੂੰ ਲੈ ਕੇ ਦਿੱਤੇ ਜਾ ਰਹੇ ਧਰਨੇ ਦੌਰਾਨ ਡਿਪਟੀ ਕਮਿਸ਼ਨਰ ਵਲੋਂ ਮੰਗ ਪੱਤਰ ਪ੍ਰਾਪਤ ਕਰਨ ਲਈ ਨਾ ਆਉਣ ’ਤੇ ਰੋਹ ਵਿਚ ਆਏ ਕਿਸਾਨਾਂ ਨੇ ਉਨ੍ਹਾਂ ਦੀ ਕੋਠੀ ਦਾ ਘਿਰਾਓ ਕਰ ਲਿਆ। ਇਸ ਦੌਰਾਨ ਮਾਮਲਾ ਵਧਦਾ ਦੇਖ ਨਾ ਸਿਰਫ਼ ਡੀਸੀ ਨੇ ਕਿਸਾਨ ਜਥੇਬੰਦੀਆਂ ਕੋਲੋਂ ਮੰਗ ਪੱਤਰ ਪ੍ਰਾਪਤ ਕੀਤਾ, ਬਲਕਿ ਉਨ੍ਹਾਂ ਨੂੰ ਭਰੋਸਾ ਦੁਆਇਆ ਕਿ ਕਿਸਾਨ ਮੰਗਾਂ ਦੀ ਪੂਰਤੀ ਲਈ ਇਸਨੂੰ ਉੱਚ ਅਧਿਕਾਰੀਆਂ ਤੱਕ ਪਹੁੰਚਾਇਆ ਜਾਵੇਗਾ। ਇਸੇ ਤਰ੍ਹਾਂ ਨਰਮੇ ਦੇ ਖਰਾਬੇ ਦਾ ਮੁਆਵਜ਼ਾ ਜਲਦੀ ਵੰਡਣ ਦਾ ਭਰੋਸਾ ਦਿਵਾਇਆ, ਜਿਸਤੋਂ ਬਾਅਦ ਕਿਸਾਨਾਂ ਨੇ ਕੋਠੀ ਦਾ ਘਿਰਾਓ ਸਮਾਪਤ ਕਰ ਦਿੱਤਾ। ਦਸਣਾ ਬਣਦਾ ਹੈ ਕਿ ਸੁਯੰਕਤ ਕਿਸਾਨ ਮੋਰਚੇ ਦੇ ਸੱਦੇ ਹੇਠ ਮਨਾਏ ਜਾ ਰਹੇ ਐਮਐਸਪੀ ਗਰੰਟੀ ਹਫਤੇ ਤਹਿਤ ਅੱਜ ਸਥਾਨਕ ਡੀਸੀ ਦਫ਼ਤਰ ਅੱਗੇ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ-ਮਜ਼ਦੂਰ ਪੁੱਜੇ ਹੋਏ ਸਨ। ਇਸ ਦੌਰਾਨ ਲਗਾਏ ਧਰਨੇ ਨੂੰ ਸੰਬੋਧਨ ਕਰਦੇ ਹੋਏ ਜਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਮਾਨ ਅਤੇ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਮੋਦੀ ਭਾਜਪਾ ਸਰਕਾਰ ਵੱਲੋਂ ਸਾਰੀਆਂ ਫਸਲਾਂ ਦੀ ਐਮ ਐੱਸ ਪੀ ‘ਤੇ ਖਰੀਦ ਦੀ ਕਾਨੂੰਨੀ ਗਰੰਟੀ ਕਰਨ ਬਾਰੇ ਕੀਤੇ ਗਏ ਲਿਖਤੀ ਵਾਅਦੇ ਤੋਂ ਪਿੱਛੇ ਹਟਣ ਦੀ ਜੋਰਦਾਰ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਸਾਰੀਆਂ ਫ਼ਸਲਾਂ ਦੀ ਖ਼ਰੀਦ ਦੀ ਸਰਕਾਰੀ ਜਿੰਮੇਵਾਰੀ ਤੈਅ ਕਰਦਾ ਕਾਨੂੰਨ ਬਣਾਵੇ। ਸਵਾਮੀਨਾਥਨ ਕਮਿਸਨ ਅਤੇ ਰਮੇਸ ਚੰਦਰ ਕਮੇਟੀ ਦੀਆਂ ਸਿਫਾਰਸਾਂ ਅਨੁਸਾਰ ਸਾਰੇ ਲਾਗਤ ਖਰਚੇ ਗਿਣ ਕੇ -2+50% ਫਾਰਮੂਲੇ ਦੇ ਹਿਸਾਬ ਨਾਲ ਸਾਰੀਆਂ ਫਸਲਾਂ ਦੇ ਐਮ ਐੱਸ ਪੀ ਤਹਿ ਕਰੇ।
ਉਹਨਾਂ ਬੇਮੌਸਮੀਆਂ ਬਾਰਸ਼ਾਂ ਅਤੇ ਇੱਕਦਮ ਗਰਮੀ ਵਧਣ ਕਰਕੇ ਕਣਕ ਦਾ ਝਾੜ ਘਟਣ ਨਾਲ ਹੋਏ ਨੁਕਸਾਨ ਦੀ ਪੂਰਤੀ ਲਈ ਮੰਗ ਕੀਤੀ ਗਈ ਕਿ ਸਰਕਾਰ ਕਿਸਾਨਾਂ ਨੂੰ 300 ਰੁਪਏ ਪ੍ਰਤੀ ਕੁਇੰਟਲ ਬੋਨਸ ਦਾ ਫੌਰੀ ਐਲਾਨ ਕਰੇ। ਇਸੇ ਵਜ੍ਹਾ ਕਰਕੇ ਪਤਲੇ ਰਹਿ ਗਏ ਕਣਕ ਦੇ ਦਾਣਿਆਂ ਬਾਰੇ ਖਰੀਦ ਸਮੇਂ ਲਾਈ ਗਈ ਗੈਰ-ਵਾਜਬ ਸਰਤ ਰੱਦ ਕਰਕੇ ਰੋਕੀ ਹੋਈ ਸਰਕਾਰੀ ਖਰੀਦ ਆਮ ਵਾਂਗ ਸੁਰੂ ਕਰੇ। ਉਨ੍ਹਾਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਹ ਕਿਸਾਨ ਵਿਰੋਧੀ ਸਰਤ ਨਹੀਂ ਹਟਾਈ ਜਾਂਦੀ ਤਾਂ ਸਰਕਾਰ ਨੂੰ ਤਿੱਖੇ ਕਿਸਾਨ ਰੋਹ ਦਾ ਸਾਹਮਣਾ ਕਰਨਾ ਪਵੇਗਾ। ਮੰਡੀਆਂ ਵਿੱਚ ਰੁਲ ਰਹੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਸਰਕਾਰ ਦੀ ਇਸ ਬੇਨਿਆਂਈਂ ਵਿਰੁੱਧ ਥਾਂ ਥਾਂ ਰੋਸ ਪ੍ਰਦਰਸਨ ਕੀਤੇ ਜਾਣ ਅਤੇ ਸਰਕਾਰ ਵੱਲੋਂ ਹਠਧਰਮੀ ਧਾਰਨ ਦੀ ਸੂਰਤ ਵਿੱਚ ਤਿੱਖੇ ਘੋਲ ਲਈ ਕਮਰਕੱਸੇ ਕੱਸ ਲਏ ਜਾਣ। ਪ੍ਰੰਤੂ ਇਸ ਦੌਰਾਨ ਡਿਪਟੀ ਕਮਿਸ਼ਨਰ ਦੇ ਮੰਗ ਪੱਤਰ ਲੈਣ ਨਾ ਪੁੱਜਣ ’ਤੇ ਰੋਹ ਵਿਚ ਆਏ ਕਿਸਾਨਾਂ ਨੇ ਬੈਰੀਗੇਡ ਤੋੜਦਿਆਂ ਉਨ੍ਹਾਂ ਦੀ ਰਿਹਾਇਸ਼ ਵੱਲ ਚਾਲੇ ਪਾ ਦਿੱਤੇ ਤੇ ਪੁਲਿਸ ਦੀਆਂ ਰੋਕਾਂ ਦੇ ਬਾਅਦ ਕੋਠੀ ਦਾ ਘਿਰਾਓ ਕਰ ਲਿਆ। ਜਿਸਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਤੋਂ ਮੰਗ ਪੱਤਰ ਸਵੀਕਾਰ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਕਿਸਾਨਾਂ ਦੀਆਂ ਮੰਗਾਂ ਲਈ ਇਹ ਮੰਗ ਪੱਤਰ ਉਚ ਅਧਿਕਾਰੀਆਂ ਨੂੰ ਭੇਜਿਆ ਜਾਵੇਗਾ ਤੇ ਨਾਲ ਹੀ ਪਿਛਲੇ ਸਾਲ ਨਰਮੇ ਦੀ ਗੁਲਾਬੀ ਸੁੰਡੀ ਕਾਰਨ ਖ਼ਰਾਬ ਹੋਈ ਫ਼ਸਲ ਦੇ ਮੁਆਵਜ਼ਾ ਵੰਡਣ ਵਿਚ ਤੇਜ਼ੀ ਲਿਆਂਦੀ ਜਾਵੇਗੀ। ਇਸ ਮੌਕੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ, ਬਸੰਤ ਸਿੰਘ ਕੋਠਾ ਗੁਰੂ ,ਔਰਤ ਆਗੂ ਹਰਿੰਦਰ ਬਿੰਦੂ,ਪਰਮਜੀਤ ਕੌਰ ਕੋਟੜਾ, ਜਗਦੇਵ ਸਿੰਘ ਜੋਗੇਵਾਲਾ ,ਮਾਸਟਰ ਸੁਖਦੇਵ ਸਿੰਘ,ਅਮਰੀਕ ਸਿੰਘ ਸਿਵੀਆਂ, ਕੁਲਵੰਤ ਰਾਏ ਸ਼ਰਮਾ,ਗੁਰਤੇਜ ਸਿੰਘ ਗੁਰੂਸਰ ,ਰਾਜਵਿੰਦਰ ਸਿੰਘ ਰਾਮਨਗਰ,ਹੁਸਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ ਨੇ ਵੀ ਸੰਬੋਧਨ ਕੀਤਾ।
ਬੇਖ਼ੋਫ਼ ਲੁਟੇਰੇ, ਪੁਲਿਸ ਵਰਦੀ ’ਚ ਆਏ ਲੁਟੇਰਿਆਂ ਨੇ 42 ਲੱਖ ਲੁੱਟੇ
ਏਜੰਟ ਨੂੰ ਪੈਸੇ ਦੇਣ ਲਈ ਹੋਟਲ ’ਚ ਠਹਿਰੇ ਦੋ ਵਿਅਕਤੀਆਂ ਤੇ ਏਜੰਟ ਦੇ ਸਾਥੀ ਨੂੰ ਕੀਤਾ ਅਗਵਾ
ਸੁਖਜਿੰਦਰ ਮਾਨ
ਬਠਿੰਡਾ, 16 ਅਪ੍ਰੈਲ: ਸੂਬੇ ’ਚ ਸੱਤਾ ਤਬਦੀਲੀ ਦੇ ਬਾਵਜੂਦ ਲੁਟੇਰਿਆਂ ਦੇ ਹੋਸਲੇ ਬੁਲੰਦ ਹਨ। ਅੱਜ ਬਠਿੰਡਾ ’ਚ ਹੋਈ ਵਿਲੱਖਣ ਘਟਨਾ ਵਿਚ ਪੁਲਿਸ ਵਰਦੀ ’ਚ ਪੁੱਜੇ ਲੁਟੇਰਿਆਂ ਨੇ ਸਵੇਰੇ ਕਰੀਬ ਚਾਰ ਵਜੇਂ ਇੱਕ ਹੋਟਲ ’ਚ ਠਹਿਰੇ ਦੋ ਵਿਅਕਤੀਆਂ ਤੇ ਉਨ੍ਹਾਂ ਦੇ ਨਾਲ ਰੁਕੇ ਟਰੈਵਲ ਏਜੰਟ ਦੇ ਸਾਥੀ ਨੂੰ ਅਗਵਾ ਕਰਕੇ 42 ਲੱਖ ਰੁਪਏ ਲੁੱਟ ਲਏ। ਇਹ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਪ੍ਰੰਤੂ ਸ਼ਾਮ ਤੱਕ ਲੁਟੇਰਿਆਂ ਦਾ ਕੋਈ ਪਤਾ ਨਹੀਂ ਲੱਗਿਆ ਸੀ। ਥਾਣਾ ਸਿਵਲ ਲਾਈਨ ਦੇ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਪਰਚਾ ਦਰਜ਼ ਕੀਤਾ ਜਾ ਚੁੱਕਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪੀੜਤ ਵਿਅਕਤੀ ਦੇ ਪ੍ਰਵਾਰ ਦਾ ਇੱਕ ਲੜਕਾ ਕੈਨੇਡਾ ਜਾ ਰਿਹਾ ਸੀ, ਜਿਸਨੂੰ ਭੇਜਣ ਲਈ ਉਨ੍ਹਾਂ ਵਲੋਂ ਇੱਕ ਟਰੈਵਲ ਏਜੰਟ ਨਾਲ 42 ਲੱਖ ਰੁਪਏ ਦੀ ਗੱਲ ਕੀਤੀ ਗਈ ਸੀ। ਸੂਤਰਾਂ ਮੁਤਾਬਕ ਦੋਨਾਂ ਧਿਰਾਂ ਵਿਚਕਾਰ ਤੈਅ ਹੋਈ ਡੀਲ ਮੁਤਾਬਕ ਇੱਕ ਪਾਸੇ ਲੜਕੇ ਨੇ ਕੈਨੇਡਾ ਵਾਲਾ ਜਹਾਜ਼ ਚੜਣਾ ਸੀ ਤੇ ਦੂਜੇ ਪਾਸੇ ਪ੍ਰਵਾਰ ਨੇ ਟਰੈਵਲ ਏਜੰਟ ਦੇ ਸਾਥੀ ਨੂੰ 42 ਲੱਖ ਦੇਣਾ ਸੀ। ਇਸਦੇ ਲਈ ਪ੍ਰਵਾਰ ਦੇ ਦੋ ਮੈਂਬਰ ਅਤੇ ਏਜੰਟ ਦਾ ਇੱਕ ਸਾਥੀ ਸਥਾਨਕ ਸ਼ਹਿਰ ਦੇ ਹਨੂੰਮਾਨ ਚੌਕ ਸਥਿਤ ਹੋਟਲ ਫਾਈਵ ਰਿਵਰ ਦੇ ਕਮਰਾ ਨੰਬਰ 203 ਅਤੇ 204 ਵਿਚ ਠਹਿਰੇ ਹੋਏ ਸਨ। ਇੰਨ੍ਹਾਂ ਕੋਲ 42 ਲੱਖ ਰੁਪਏ ਦੀ ਨਗਦੀ ਵੀ ਮੌਜੂਦ ਸੀ, ਜਿਹੜੇ ਲੜਕੇ ਦੇ ਜਹਾਜ ਚੜਣ ਤੋਂ ਬਾਅਦ ਦਿੱਤੀ ਜਾਣੀ ਸੀ। ਇਸ ਦੌਰਾਨ ਕਰੀਬ ਚਾਰ ਵਜੇਂ ਪੁਲਿਸ ਵਰਦੀ ਵਿਚ ਆਏ ਦੋ ਵਿਅਕਤੀਆਂ ਅਤੇ ਉਨ੍ਹਾਂ ਦੇ ਦੋ ਸਾਥੀਆਂ ਨੇ ਕਮਰੇ ਦੇ ਦਰਵਾਜ਼ੇ ’ਤੇ ਦਸਤਕ ਦਿੱਤੀ ਤੇ ਸਮੇਤ ਪੈਸੇ ਤਿੰਨਾਂ ਨੂੰ ਨਾਲ ਲੈ ਗਏ, ਜਿੰਨ੍ਹਾਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਵਾਸੀ ਪਟਿਆਲਾ, ਵਰਿੰਦਰ ਸਿੰਘ ਵਾਸੀ ਫ਼ਰੀਦਕੋਟ ਅਤੇ ਨਿਸਾਨ ਸਿੰਘ ਵਾਸੀ ਲੁਧਿਆਣਾ ਦੇ ਤੌਰ ’ਤੇ ਹੋਈ ਹੈ। ਇਸ ਦੌਰਾਨ ਵਰਦੀਧਾਰੀ ਲੁਟੇਰੇ ਉਨ੍ਹਾਂ ਤੋਂ ਪੈਸੇ ਖੋਹ ਕੇ ਉਨ੍ਹਾਂ ਨੂੰ ਮਲੋਟ ਰੋਡ ‘ਤੇ ਉਤਾਰ ਕੇ ਫਰਾਰ ਹੋ ਗਏ, ਜਿਸਤੋਂ ਬਾਅਦ ਪੀੜਤਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਜਲਦੀ ਹੀ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।






