ਤਿੰਨ ਆਈਜੀ ਸਹਿਤ 17 ਆਈਪੀਐਸ ਬਦਲੇ
ਸੁਖਜਿੰਦਰ ਮਾਨ
ਚੰਡੀਗੜ੍ਹ, 15 ਅਪਰੈਲ: ਇੱਕ ਮਹੀਨਾ ਪਹਿਲਾਂ ਹੋਂਦ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅੱਜ ਮੁੜ ਵੱਡੇ ਪੱਧਰ ‘ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਬਦਲੇ ਗਏ ਅਧਿਕਾਰੀਆਂ ਵਿਚ ਤਿੰਨ ਆਈਜੀ ਤੇ ਚਾਰ ਡੀਆਈਜੀ ਵੀ ਸਾਮਲ ਹਨ। ਇਸ ਤੋਂ ਇਲਾਵਾ ਕਈ ਅਜਿਹੇ ਅਧਿਕਾਰੀਆਂ ਨੂੰ ਵੀ ਪੋਸਟਿੰਗ ਮਿਲੀ ਹੈ, ਜਿਨ੍ਹਾਂ ਦੇ ਪਿਛਲੇ ਦਿਨਾਂ ਵਿੱਚ ਤਬਾਦਲੇ ਕੀਤੇ ਗਏ ਗਏ ਸਨ। ਬਦਲੇ ਗਏ ਅਧਿਕਾਰੀਆਂ ਵਿੱਚ ਨੌਨਿਹਾਲ ਸਿੰਘ ਨੂੰ ਆਈਜੀ ਪ੍ਰਸੋਨਲ, ਡਾ ਸੁਖਚੈਨ ਸਿੰਘ ਗਿੱਲ ਨੂੰ ਆਈਜੀ ਹੈੱਡਕੁਆਰਟਰ, ਆਈ ਜੀ ਰੂਪਨਗਰ ਏਕੇ ਮਿੱਤਲ ਨੂੰ ਆਈਜੀ ਕ੍ਰਾਈਮ ਬੀ ਓ ਆਈ ਚੰਡੀਗਡ਼੍ਹ ਤੇ ਗੁਰਪ੍ਰੀਤ ਸਿੰਘ ਭੁੱਲਰ ਨੂੰ ਉਨ੍ਹਾਂ ਦੀ ਥਾਂ ਰੂਪਨਗਰ ਰੇਂਜ ਦਾ ਨਵਾਂ ਡੀਆਈਜੀ ਲਗਾਇਆ ਗਿਆ ਹੈ। ਇਸੇ ਤਰ੍ਹਾਂ ਐਸ ਭੂਪਤੀ ਨੂੰ ਡੀਆਈਜੀ ਜਲੰਧਰ ਰੇਂਜ, ਰਾਹੁਲ ਐੱਸ ਨੂੰ ਡੀਆਈਜੀ ਪ੍ਰਸ਼ਾਸਨ ਚੰਡੀਗੜ੍ਹ, ਜਗਦਾਲੇ ਨਿਲੰਭਰੀ ਨੂੰ ਡੀਆਈਜੀ ਸਾਈਬਰ ਕ੍ਰਾਈਮ ਚੰਡੀਗਡ਼੍ਹ, ਪਾਟਿਲ ਕੇਤਨ ਬਾਲੀਰਾਮ ਨੂੰ ਏਆਈਜੀ ਟ੍ਰੇਨਿੰਗ ਚੰਡੀਗੜ੍ਹ, ਗੌਰਵ ਗਰਗ ਨੂੰ ਏਆਈਜੀ ਕ੍ਰਾਈਮ ਬੀਓਆਈ ਚੰਡੀਗਡ਼੍ਹ, ਚੌਧਰੀ ਨੂੰ ਏਆਈਜੀ ਪ੍ਰਸੋਨਲ 2 ਤੋਂ ਏਆਈਜੀ ਪ੍ਰਸੋਨਲ 3, ਅਮਨੀਤ ਕੌਂਡਲ ਨੂੰ ਏਆਈਜੀ ਕਾਉਂਟਰ ਇੰਟੈਲੀਜੈਂਸ ਚੰਡੀਗੜ੍ਹ, ਕੰਵਰਦੀਪ ਕੌਰ ਨੂੰ ਏਆਈਜੀਪੀ ਪ੍ਰਸੋਨਲ 2, ਦੀਪਕ ਪਾਰਿਕ ਨੂੰ ਏਆਈਜੀ ਪ੍ਰਸੋਨਲ 1, ਸਚਿਨ ਗੁਪਤਾ ਏਆਈਜੀ ਇੰਟੈਲੀਜੈਂਸ ਚੰਡੀਗਡ਼੍ਹ, ਵਾਇਰਲ ਕੁਮਾਰ ਏਆਈਜੀ ਇੰਟੈਲੀਜੈਂਸ ਚੰਡੀਗਡ਼੍ਹ, ਸਤਿੰਦਰ ਸਿੰਘ ਨੂੰ ਕਮਾਂਡੈਂਟ ਆਈਐਸਟੀਸੀ ਕਪੂਰਥਲਾ, ਨਰਿੰਦਰ ਭਾਰਗਵ ਨੂੰ ਏਆਈਜੀ ਕ੍ਰਾਈਮ ਬੀਓਆਈ ਚੰਡੀਗਡ਼੍ਹ ਅਤੇ ਹਰਕਮਲਪ੍ਰੀਤ ਸਿੰਘ ਨੂੰ ਏਆਈਜੀ ਸੱਤਵੀਂ ਬਟਾਲੀਅਨ ਜਲੰਧਰ ਦਾ ਕਮਾਂਡੈਂਟ ਲਗਾਇਆ ਗਿਆ ਹੈ।
ਪੰਜਾਬ ਪੁਲਿਸ ਵਿੱਚ ਮੁੜ ਵੱਡੇ ਪੱਧਰ ‘ਤੇ ਤਬਾਦਲੇ
ਮੁੱਖ ਮੰਤਰੀ ਦੂਹਰੇ ਅਧਿਕਾਰ ਖੇਤਰ ਕਾਰਨ ਸਮਗਲਰਾਂ ਦੇ ਖਿਲਾਫ ਕਾਰਵਾਈ ਦੇ ਰਾਹ ਵਿਚ ਪੈ ਰਹੇ ਅੜਿਕੇ ਤੋਂ ਅਮਿਤ ਸ਼ਾਹ ਨੁੰ ਜਾਣੂ ਕਰਵਾਉਣ : ਅਕਾਲੀ ਦਲ
ਮੁੱਖ ਮੰਤਰੀ ਗ੍ਰਹਿ ਮੰਤਰੀ ਨੂੰ ਆਖਣ ਕਿ ਉਹ ਬੀ ਐਸ ਐਫ ਦੇ ਅਧਿਕਾਰ ਖੇਤਰ ਵਿਚ ਕੀਤਾ ਵਾਧਾ ਵਾਪਸ ਲੈਣ : ਡਾ. ਦਲਜੀਤ ਸਿੰਘ ਚੀਮਾ
ਮੁੱਖ ਮੰਤਰੀ ਨੂੰ ਇਹ ਵੀ ਆਖਿਆ ਕਿ ਉਹ ਗ੍ਰਹਿ ਮੰਤਰੀ ਨੁੰ ਰਾਜਪਾਲ ਵੱਲੋਂ ਸਰਹੱਦੀ ਜ਼ਿਲਿ੍ਹਆਂ ਵਿਚ ਵਾਰ ਵਾਰ ਮੀਟਿੰਗਾਂ ਕਰ ਕੇ ਪੰਜਾਬ ਵਿਚ ਕਮਾਂਡ ਚੇਨ ਬਾਰੇ ਭੰਬਲਭੂਸਾ ਪੈਦਾ ਕਰਨ ਤੋਂ ਜਾਣੂ ਕਰਵਾਉਣ
ਸੁਖਜਿੰਦਰ ਮਾਨ
ਚੰਡੀਗੜ੍ਹ, 15 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੁੰ ਅਪੀਲ ਕੀਤੀ ਕਿ ਉਹ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੁੰ ਬੀ ਐਸ ਐਫ ਦੇ ਅਧਿਕਾਰ ਖੇਤਰ ਵਿਚ ਕੀਤੇ ਵਾਧੇ ਨਾਲ ਸਰਹੱਦੀ ਪੱਟੀ ਪੰਜਾਬ ਪੁਲਿਸ ਨੁੰ ਨਸ਼ਾ ਤੇ ਹਥਿਆਰ ਸਮਗਲਰਾਂ ਖਿਲਾਫ ਕਾਰਵਾਈ ਕਰਨ ਵਿਚ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਉਣ। ਉਹਨਾਂ ਕਿਹਾ ਕਿ ਮੁੱਖ ਮੰਤਰੀ ਬੀ ਐਸ ਐਫ ਦੇ ਅਧਿਕਾਰ ਖੇਤਰ ਵਿਚ ਕੀਤਾ ਵਾਧਾ ਵਾਪਸ ਲੈਣ ਦੀ ਮੰਗ ਕਰਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਦੋ ਨਸ਼ਾ ਤੇ ਹਥਿਆਰ ਸਮਗਲਰ ਇਸ ਲਈ ਕਾਨੂੰਨ ਤੋਂ ਬੱਚ ਗਏ ਕਿਉਂਕਿ ਫਰੀਦਕੋਟ ਜ਼ਿਲ੍ਹੇ ਵਿਚ ਬੀ ਐਸ ਐਫ ਨੇ ਇਸ ਮਾਮਲੇ ਵਿਚ ਸਹਿਯੋਗ ਨਹੀਂ ਦਿੱਤਾ ਤੇ ਇਹ ਮਾਮਲਾ ਕੇਂਦਰ ਦੀਆਂ ਅੱਖਾਂ ਖੋਹਣ ਵਾਲਾ ਬਣ ਗਿਆ ਹੈ। ਉਹਨਾਂ ਕਿਹਾ ਕਿ ਹੁਣ ਸਪਸ਼ਟ ਹੈ ਕਿ ਦੂਹਰਾ ਅਧਿਕਾਰ ਖੇਤਰ ਸਰਹੱਦੀ ਇਲਾਕਿਆਂ ਵਿਚ ਪੁਲਿਸ ਦੇ ਕੰਮ ਵਿਚ ਅੜਿਕਾ ਬਣ ਰਿਹਾ ਹੈ। ਇਸ ਤੋਂ ਪਹਿਲਾਂ ਜਦੋਂ ਬੀ ਐਸ ਐਫ ਦਾ ਅਧਿਕਾਰ ਖੇਤਰ ਸਰਹੱਦ ਤੋਂ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕੀਤਾ ਗਿਆ ਸੀ ਤਾਂ ਇਹ ਕਿਹਾ ਗਿਆ ਸੀ ਕਿ ਇਹ ਤਕਨੀਕੀ ਮਾਮਲਾ ਹੈ ਤੇ ਬੀ ਐਸ ਐਫ ਸੂਬੇ ਦੀ ਪੁਲਿਸ ਦੀ ਮਦਦਗਾਰ ਸਾਬਤ ਹੋਵੇਗੀ। ਉਹਨਾਂ ਕਿਹਾ ਕਿ ਫਰੀਦਕੋਟ ਦੀ ਘਟਨਾ ਤੇ ਅਨੇਕਾਂ ਹੋਰਨਾਂ ਤੋਂ ਇਹ ਸਪਸ਼ਟ ਹੋ ਗਿਆ ਹੈ ਕਿ ਬੀ ਐਸ ਐਫ ਆਜ਼ਾਦਾਨਾ ਤੌਰ ’ਤੇ ਕੰਮ ਕਰਨਾ ਚਾਹੁੰਦੀ ਹੈ ਤੇ ਇਹ ਪੰਜਾਬ ਪੁਲਿਸ ਨਾਲ ਸਹਿਯੋਗ ਕਰਨ ਦੇ ਖਿਲਾਫ ਹੈ। ਉਹਨਾਂ ਕਿਹਾ ਕਿ ਇਹ ਸੰਘੀ ਢਾਂਚੇ ਦੇ ਤੱਤਸਾਰ ’ਤੇ ਹੀ ਹਮਲਾ ਹੈ ਤੇ ਮੁੱਖ ਮੰਤਰੀ ਤੁਰੰਤ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਹੈ ਅਤੇ ਬੇਨਤੀ ਕਰਨਾ ਚਾਹੀਦਾ ਹੈ ਕਿ ਬੀ ਐਸ ਐਫ ਦਾ ਅਧਿਕਾਰ ਖੇਤਰ ਫਿਰ ਤੋਂ 15 ਕਿਲੋਮੀਟਰ ਤੱਕ ਸੀਮਤ ਕੀਤਾ ਜਾਵੇ।ਡਾ. ਚੀਮਾ ਨੇ ਕਿਹਾ ਕਿ ਨਾਲ ਹੀ ਮੁੱਖ ਮੰਤਰੀ ਕੇਂਦਰੀ ਗ੍ਰਹਿ ਮੰਤਰੀ ਨੂੰ ਇਹ ਬੇਨਤੀ ਕਰਨ ਕਿ ਬੀ ਐਸ ਐਫ ਵੱਲੋਂ 15 ਕਿਲੋਮੀਟਰ ਤੱਕ ਅਧਿਕਾਰ ਖੇਤਰ ਲਾਗੂ ਹੋਣ ਤੋਂ ਬਾਅਦ ਵੀ ਪੰਜਾਬ ਪੁਲਿਸ ਨਾਲ ਸਹਿਯੋਗ ਕੀਤਾ ਜਾਵੇ। ਉਹਨਾਂ ਹਿਕਾ ਕਿ ਸਮਗਲਰ ਤੇ ਨਾਰਕੋ ਅਤਿਵਾਦੀਆਂ ਨੂੰ ਦੂਹਰੇ ਅਧਿਕਾਰ ਖੇਤਰ ਕਾਰਨ ਕਾਨੂੰਨ ਦੇ ਸਿਕੰਜੇ ਤੋਂ ਬਚਣ ਦੀ ਆਗਿਆ ਨਹੀਂ ਮਿਲਣੀ ਚਾਹੀਦੀ ਭਾਵੇਂ ਇਸ ਵਾਸਤੇ ਨੇੜਲਾ ਸਹਿਯੋਗ ਕਰ ਕੇ ਪਾਕਿਸਤਾਨ ਵੱਲੋਂ ਸਰਹੱਦੀ ਇਲਾਕੇ ਵਿਚ ਗੜਬੜ ਕਰਾਉਣ ਦੇ ਯਤਨਾਂ ਨੂੰ ਅਸਫਲ ਬਣਾਉਣਾ ਪਵੇ।ਅਕਾਲੀ ਆਗੂ ਨੇ ਮੁੱਖ ਮੰਤਰੀ ਨੁੰ ਇਹ ਵੀ ਕਿਹਾ ਕਿ ਉਹ ਗ੍ਰਹਿ ਮੰਤਰੀ ਨੂੰ ਰਾਜ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਵੱਲੋਂ ਹਾਲ ਹੀ ਵਿਚ ਸਰਹੱਦੀ ਜ਼ਿਲਿ੍ਹਆਂ ਦਾ ਦੌਰਾ ਕਰ ਕੇ ਪੰਜਾਬ ਵਿਚ ਕਮਾਂਡ ਚੇਨ ਬਾਰੇ ਭੰਬਲਭੂਸਾ ਪੈਦਾ ਕਰਨ ਦੇ ਮਾਮਲੇ ਤੋਂ ਵੀ ਜਾਣੂ ਕਰਵਾਉਣ। ਉਹਨਾਂ ਕਿਹਾ ਕਿ ਸਥਾਪਿਤ ਨਿਯਮਾਂ ਮੁਤਾਬਕ ਸਿਰਫ ਕੇਂਦਰ ਸਰਕਾਰ ਹੀ ਸੰਵਿਧਾਨਕ ਮਸ਼ੀਨਰੀ ਢਹਿ ਢੇਰੀ ਹੋਣ ’ਤੇ ਸੂਬੇ ਵਿਚ ਦਖਲ ਦੇ ਸਕਦੀ ਹੈ। ਹੋਰਨਾਂ ਮਾਮਲਿਆਂ ਵਿਚ ਸਿਰਫ ਰਾਜ ਸਰਕਾਰ ਹੀ ਅਮਨ ਕਾਨੂੰਨ ਦੀ ਵਿਵਸਥਾ ਦੇ ਮਾਮਲਿਆਂ ਨਾਲ ਨਜਿੱਠਦੀ ਹੈ। ਉਹਨਾਂ ਕਿਹਾ ਕਿ ਇਹ ਭਾਵਨਾ ਮੁੱਖ ਮੰਤਰੀ ਵੱਲੋਂ ਕੇਂਦਰ ਕੋਲ ਪਹੁੰਚਾਉਣੀ ਚਾਹੀਦੀ ਹੈ ਤਾਂ ਜੋ ਦੇਸ਼ ਵਿਚ ਸੰਘੀ ਢਾਂਚੇ ਵਿਚ ਕਿਸੇ ਵੀ ਤਰੀਕੇ ਕੋਈ ਤਬਦੀਲੀ ਨਾ ਹੋਵੇ।
ਪੰਜਾਬ ਵਿੱਚ 18 ਅਪਰੈਲ ਤੋਂ ਬਲਾਕ ਸਿਹਤ ਮੇਲੇ ਲਗਾਏ ਜਾਣਗੇ: ਡਾ. ਵਿਜੇ ਸਿੰਗਲਾ
ਸੰਚਾਰੀ ਅਤੇ ਗੈਰ-ਸੰਚਾਰੀ ਬਿਮਾਰੀਆਂ ਦੀ ਰੋਕਥਾਮ ਲਈ ਜਾਗਰੂਕਤਾ ਵਧਾਉਣ `ਤੇ ਜ਼ੋਰ ਦਿੱਤਾ
ਸੁਖਜਿੰਦਰ ਮਾਨ
ਚੰਡੀਗੜ੍ਹ, 15 ਅਪ੍ਰੈਲ: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਵਿਜੇ ਸਿੰਗਲਾ ਨੇ ਅੱਜ ਐਲਾਨ ਕੀਤਾ ਕਿ ਸੂਬੇ ਵਿੱਚ 18 ਅਪ੍ਰੈਲ ਤੋਂ ਸਿਹਤ ਮੇਲੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਸੂਬਾ ਵਾਸੀ ਸੰਚਾਰੀ ਅਤੇ ਗੈਰ-ਸੰਚਾਰੀ ਬਿਮਾਰੀਆਂ ਦੀ ਦੋਹਰੀ ਮਾਰ ਝੱਲ ਰਹੇ ਹਨ ਅਤੇ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਬਿਮਾਰੀਆਂ ਦੀ ਰੋਕਥਾਮ ਜਲਦੀ ਜਾਂਚ ਕਰਕੇ, ਸਿਹਤ ਸਿੱਖਿਆ ਪ੍ਰਦਾਨ ਕਰਕੇ, ਸਮੇਂ ਸਿਰ ਰੈਫਰਲ ਅਤੇ ਪ੍ਰਬੰਧਨ ਨਾਲ ਕੀਤੀ ਜਾ ਸਕਦੀ ਹੈ। ਡਾ. ਸਿੰਗਲਾ ਨੇ ਕਿਹਾ ਕਿ ਇਸ ਤੋਂ ਇਲਾਵਾ ਜਾਗਰੂਕਤਾ ਦੀ ਘਾਟ ਅਤੇ ਸਿਹਤ ਪ੍ਰਤੀ ਮਾੜੀਆਂ ਆਦਤਾਂ ਕਈ ਬਿਮਾਰੀਆਂ ਦੇ ਮੁੱਖ ਕਾਰਨ ਪਾਏ ਗਏ ਹਨ।
ਇਨ੍ਹਾਂ ਸਿਹਤ ਮੇਲਿਆਂ ਦੇ ਆਯੋਜਨ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਅੱਗੇ ਦੱਸਿਆ ਕਿ ਜਲਦੀ ਜਾਂਚ ਅਤੇ ਰੋਕਥਾਮ ਨਾਲ ਬੀਮਾਰੀਆਂ ਦੀ ਦਰ ਅਤੇ ਰੋਕਥਾਮਯੋਗ ਮੌਤ ਦਰ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਇਹ ਮੇਲੇ ਬਲਾਕ ਪੱਧਰ `ਤੇ ਆਯੋਜਿਤ ਕੀਤੇ ਜਾਣਗੇ ਜਿੱਥੇ ਸਿਹਤ ਸੇਵਾਵਾਂ ਦੇ ਨਾਲ-ਨਾਲ ਵੱਖ-ਵੱਖ ਬਿਮਾਰੀਆਂ ਅਤੇ ਉਨ੍ਹਾਂ ਤੋਂ ਬਚਾਅ ਦੇ ਉਪਾਵਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।ਸਿਹਤ ਮੰਤਰੀ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਮੇਲੇ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਅਤੇ ਪ੍ਰੋਗਰਾਮਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਹੱਤਵਪੂਰਨ ਸਿੱਧ ਹੋਣਗੇ।ਇਨ੍ਹਾਂ ਮੇਲਿਆਂ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਤੋਂ ਇਲਾਵਾ ਸਰਕਾਰ ਦੇ ਹੋਰ ਕਈ ਵਿਭਾਗ ਜਿਵੇਂ ਖੁਰਾਕ ਅਤੇ ਸਪਲਾਈਜ਼ ਵਿਭਾਗ, ਯੁਵਕ ਮਾਮਲੇ ਅਤੇ ਖੇਡ ਵਿਭਾਗ, ਆਯੂਸ਼ ਵਿਭਾਗ, ਸਕੂਲ ਸਿੱਖਿਆ ਵਿਭਾਗ, ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਚਾਇਤੀ ਰਾਜ ਸੰਸਥਾ ਅਤੇ ਸ਼ਹਿਰੀ ਵਿਕਾਸ ਵਿਭਾਗ ਹਿੱਸਾ ਲੈਣਗੇ।ਕੈਬਨਿਟ ਮੰਤਰੀ ਨੇ ਵੱਖ-ਵੱਖ ਸੰਚਾਰੀ ਅਤੇ ਗੈਰ-ਸੰਚਾਰੀ ਬਿਮਾਰੀਆਂ ਦੀ ਰੋਕਥਾਮ ਲਈ ਲੋਕਾਂ ਵਿੱਚ ਸਿਹਤ ਸਬੰਧੀ ਜਾਗਰੂਕਤਾ ਵਧਾਉਣ ਦੀ ਲੋੜ `ਤੇ ਜ਼ੋਰ ਦਿੱਤਾ ਅਤੇ ਇਹ ਮੇਲੇ ਸਿਹਤ ਵਿਵਹਾਰ ਵਿੱਚ ਸਕਾਰਾਤਮਕ ਤਬਦੀਲੀਆਂ ਲਿਆਉਣ ਲਈ ਨਵੀਨਤਾਕਾਰੀ ਮਾਸ ਮੀਡੀਆ ਅਤੇ ਮਿਡ-ਮੀਡੀਆ ਗਤੀਵਿਧੀਆਂ ਰਾਹੀਂ ਲਾਭਪਾਤਰੀਆਂ ਨੂੰ ਪ੍ਰੇਰਿਤ ਕਰਨਗੇ।
ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਜ ਕਮਲ ਚੌਧਰੀ ਨੇ ਦੱਸਿਆ ਕਿ ਇਨ੍ਹਾਂ ਸਿਹਤ ਮੇਲਿਆਂ ਦੇ ਸਫਲ ਆਯੋਜਨ ਸਬੰਧੀ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਵਿਸਥਾਰਤ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਇਹ ਪਰਿਕਲਪਨਾ ਕੀਤੀ ਗਈ ਹੈ ਕਿ ਇਹ ਸਿਹਤ ਮੇਲੇ ਅਜਿਹੇ ਲੋਕਾਂ ਨੂੰ ਵੱਡੇ ਪੱਧਰ `ਤੇ ਆਕਰਸ਼ਿਤ ਕਰਨਗੇ, ਜੋ ਮੁਫ਼ਤ ਜ਼ਰੂਰੀ ਪੈਥੋਲੋਜੀਕਲ ਟੈਸਟਾਂ ਅਤੇ ਦਵਾਈਆਂ ਦੇ ਨਾਲ ਮਿਆਰੀ ਸਿਹਤ ਸੰਭਾਲ ਸੇਵਾਵਾਂ ਪ੍ਰਾਪਤ ਕਰਨ ਦੇ ਚਾਹਵਾਨ ਹਨ।ਪ੍ਰਮੁੱਖ ਸਕੱਤਰ ਨੇ ਅੱਗੇ ਕਿਹਾ ਕਿ ਇਹ ਮੇਲੇ ਲੋਕਾਂ ਨੂੰ ਸਰਕਾਰ ਦੁਆਰਾ ਚਲਾਏ ਜਾ ਰਹੇ ਵੱਖ-ਵੱਖ ਸਿਹਤ ਪ੍ਰੋਗਰਾਮਾਂ ਬਾਰੇ ਜਾਣਕਾਰੀ ਦੇਣ ਵਿੱਚ ਵੀ ਮਦਦ ਕਰਨਗੇ ਅਤੇ ਲੈਬਾਟਰੀ ਸੇਵਾਵਾਂ, ਕੰਸਲਟੇਸ਼ਨ, ਦਵਾਈ ਅਤੇ ਇਲਾਜ, ਰੈਫਰਲ ਆਦਿ ਵੱਖ-ਵੱਖ ਸਹੂਲਤਾਂ ਇੱਕ ਥਾਂ `ਤੇ ਉਪਲਬਧ ਹੋਣਗੀਆਂ।
ਐੱਸ.ਐੱਸ.ਡੀ ਕਾਲਜ ਆਫ ਪ੍ਰੋਫੈਸਨਲ ਸਟੱਡੀਜ ਭੋਖੜਾ ਵੱਲੋਂ ਵਿਸਾਖੀ ਦਾ ਤਿਉਹਾਰ ਮਨਾਇਆ
ਸੁਖਜਿੰਦਰ ਮਾਨ
ਬਠਿੰਡਾ, 15 ਅਪ੍ਰੈਲ: ਐੱਸ.ਐੱਸ.ਡੀ ਕਾਲਜ ਆਫ ਪ੍ਰੋਫੈਸਨਲ ਸਟੱਡੀਜ ਭੋਖੜਾ ਗੋਨਿਆਨਾ ਰੋਡ ਵਿੱਚ ਪਿ੍ਰੰਸੀਪਲ ਡਾ. ਰਾਜੇਸ ਸਿੰਗਲਾ ਦੀ ਅਗਵਾਈ ਵਿੱਚ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ । ਤਿਉਹਾਰ ਦਾ ਆਰੰਭ ਸਮੂਹ ਕਾਲਜ ਸਟਾਫ ਤੇ ਵਿਦਿਆਰਥੀਆਂ ਨੇ ਸਰਬੱਤ ਦੇ ਭਲੇ ਲਈ ਪ੍ਰਮਾਤਮਾ ਦੇ ਚਰਨਾਂ ‘ਚ ਅਰਦਾਸ ਕਰਦਿਆਂ ਕੀਤਾ ਅਤੇ ਕਲਾਜ ਵਿੱਚ ਫਲਦਾਰ ਤੇ ਫੁੱਲਦਾਰ ਬੂਟੇ ਲਗਾਏ ਗਏ । ਇਸ ਤੋਂ ਬਾਅਦ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਦਾ ਆਰੰਭ ਡਾ. ਰਾਜੇਸ ਸਿੰਗਲਾ ਨੇ ਗੁਰੂ ਗੋਬਿੰਦ ਸਿੰਘ ਜੀ ਉੱਪਰ ਭਾਸਣ ਦੇ ਕਿ ਆਰੰਭ ਕੀਤਾ ਉਨ੍ਹਾਂ ਨੇ ਗੁਰੂ ਜੀ ਦੀਆਂ ਅਦੁੱਤੀ ਸਹੀਦੀਆਂ ਬਾਰੇ ਵਿਚਾਰ ਕੀਤੀ ਤੇ ‘ਖਾਲਸਾ ਸਾਜਨਾ’ ਨੂੰ ਇਤਹਾਸ ਵਿੱਚ ਕ੍ਰਾਂਤੀਕਾਰੀ ਘਟਨਾਂ ਦੱਸਦਿਆਂ ਵਿਦਿਆਰਥੀਆਂ ਨੂੰ ਇਸਦੇ ਮਹੱਤਵ ਬਾਰੇ ਦੱਸਿਆ ਗਿਆ । ਇਸ ਤੋ ਬਾਅਦ ਵਿਦਿਆਰਥੀਆਂ ਨੇ ਮੰਨੋਰੰਜਨ ਕਰਦੇ ਹੋਏ ਵਿਸਾਖੀ ਤੇ ਖਾਲਸਾ ਸਾਜਨਾ ਦਿਹਾੜੇ ਨਾਲ ਸੰਬੰਧਿਤ ਕਵਿਤਾ, ਗੀਤ ਗਾਇਨ ਕਰਕੇ ਸਹੀਦਾ ਨੂੰ ਯਾਦ ਕੀਤਾ । ਇਸ ਪ੍ਰੋਗਰਾਮ ਦੌਰਾਨ ਮੈਡਮ ਮਨਜੋਤ ਕੌਰ, ਮਨਪ੍ਰੀਤ ਕੌਰ, ਯਾਦਵਿੰਦਰ ਕੌਰ, ਗੁਰਸੀਨ ਕੌਰ, ਮਨਪ੍ਰੀਤ ਕੌਰ, ਅਮਨਦੀਪ ਕੌਰ, ਬਬਰੀਕ ਸਿੰਘ ਕਲੈਰੀਕਲ ਸਟਾਫ ਵੱਲੋਂ, ਕੁਲਭੂਸਨ ਅਤੇ ਲਵਪ੍ਰੀਤ ਸਿੰਘ ਆਦਿ ਹਾਜਰ ਸਨ । ਅਖੀਰ ’ਤੇ ਕਾਲਜ ਦੇ ਪ੍ਰਧਾਨ ਇੰਜ. ਭੂਸਣ ਜਿੰਦਲ ਅਤੇ ਸੈਕਟਰੀ ਇੰਜ. ਪ੍ਰਦੀਪ ਮੰਗਲਾਂ ਨੇ ਸਮਾਪਤੀ ਭਾਸਣ ਵਿੱਚ ਸਮੂਹ ਸਟਾਫ ਤੇ ਵਿਦਿਆਰਥੀਆਂ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਇਹੋ ਜਿਹੇ ਪ੍ਰੋਗਰਾਮ ਨਾਲ ਮਨੁੱਖ ਸਮਾਜ ਦੇ ਸਰੋਕਾਰਾ ਨਾਲ ਜੁੜਿਆਂ ਰਹਿੰਦਾ ਹੈ ਜਿਸ ਨਾਲ ਉਸਦਾ ਸਰਵਪੱਖੀ ਵਿਕਾਸ ਹੁੰਦਾ ਹੈ ।
ਭਾਕਿਯੂ (ਏਕਤਾ-ਉਗਰਾਹਾਂ) ਨੇ ਐਮ ਐੱਸ ਪੀ ਗਰੰਟੀ ਹਫਤੇ ਦੌਰਾਨ 4 ਜਿਲ੍ਹਿਆਂ ’ਚ ਕੀਤੇ ਰੋਸ ਪ੍ਰਦਰਸਨ
ਕਣਕ ਦੇ ਘਟੇ ਝਾੜ ਦੀ ਪੂਰਤੀ ਲਈ 300 ਰੁਪਏ ਪ੍ਰਤੀ ਕੁਇੰਟਲ ਬੋਨਸ ਦੀ ਕੀਤੀ ਮੰਗ
ਸੁਖਜਿੰਦਰ ਮਾਨ
ਚੰਡੀਗੜ੍ਹ, 15 ਅਪ੍ਰੈਲ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਐਮ ਐੱਸ ਪੀ ਗਰੰਟੀ ਹਫਤੇ ਦੌਰਾਨ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਅੱਜ ਸੰਗਰੂਰ, ਮੁਕਤਸਰ, ਫਾਜਲਿਕਾ ਅਤੇ ਹੁਸਿਆਰਪੁਰ ਜਿਲ੍ਹਿਆਂ ਵਿੱਚ 6 ਥਾਂਵਾਂ ‘ਤੇ ਰੋਸ ਪ੍ਰਦਰਸਨ ਕਰਕੇ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਸਥਾਨਕ ਅਧਿਕਾਰੀਆਂ ਰਾਹੀਂ ਭੇਜੇ ਗਏ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਇਸ ਮੌਕੇ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੋਂ ਇਲਾਵਾ ਜਿਲ੍ਹਾ ਸੰਗਰੂਰ ਦੇ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਫਾਜਲਿਕਾ ਦੇ ਪ੍ਰਧਾਨ ਗੁਰਭੇਜ ਸਿੰਘ ਰੋਹੀਵਾਲਾ, ਮੁਕਤਸਰ ਦੇ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਅਤੇ ਹੁਸਿਆਰਪੁਰ ਦੇ ਕਾਰਜਕਾਰੀ ਪ੍ਰਧਾਨ ਮਦਨ ਲਾਲ ਸਮੇਤ ਹੋਰ ਸਥਾਨਕ ਆਗੂ ਸਾਮਲ ਸਨ।
ਬੁਲਾਰਿਆਂ ਨੇ ਮੋਦੀ ਭਾਜਪਾ ਸਰਕਾਰ ਵੱਲੋਂ ਸਾਰੀਆਂ ਫਸਲਾਂ ਦੀ ਐਮ ਐੱਸ ਪੀ ‘ਤੇ ਖਰੀਦ ਦੀ ਕਾਨੂੰਨੀ ਗਰੰਟੀ ਕਰਨ ਬਾਰੇ ਕੀਤੇ ਗਏ ਲਿਖਤੀ ਵਾਅਦੇ ਤੋਂ ਪਿੱਛੇ ਹਟਣ ਦੀ ਜੋਰਦਾਰ ਨਿਖੇਧੀ ਕੀਤੀ। ਪ੍ਰਧਾਨ ਮੰਤਰੀ ਨੂੰ ਭੇਜੇ ਗਏ ਮੰਗ ਪੱਤਰਾਂ ਰਾਹੀਂ ਮੰਗ ਕੀਤੀ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਸਾਰੀਆਂ ਫ਼ਸਲਾਂ ਦੀ ਖ਼ਰੀਦ ਦੀ ਸਰਕਾਰੀ ਜ?ਿੰਮੇਵਾਰੀ ਤੈਅ ਕਰਦਾ ਕਾਨੂੰਨ ਬਣਾਵੇ। ਸਵਾਮੀਨਾਥਨ ਕਮਿਸਨ ਅਤੇ ਰਮੇਸ ਚੰਦਰ ਕਮੇਟੀ ਦੀਆਂ ਸਿਫਾਰਸਾਂ ਅਨੁਸਾਰ ਸਾਰੇ ਲਾਗਤ ਖਰਚੇ ਗਿਣ ਕੇ -2+50% ਫਾਰਮੂਲੇ ਦੇ ਹਿਸਾਬ ਨਾਲ ਸਾਰੀਆਂ ਫਸਲਾਂ ਦੇ ਐਮ ਐੱਸ ਪੀ ਤਹਿ ਕਰੇ।
ਕਿਸਾਨਾਂ ਦੇ ਲਾਗਤ ਖਰਚੇ ਘਟਾਉਣ ਲਈ ਸਬਸਿਡੀਆਂ ਘਟਾਉਣ ਦੀ ਨੀਤੀ ਰੱਦ ਕਰੇ ਤੇ ਸਬਸਿਡੀਆਂ ਚ ਵਾਧਾ ਕਰੇ ਜਿਵੇਂ ਖੇਤੀ ਲਈ ਡੀਜ਼ਲ ਵੀ ਸਸਤੇ ਭਾਅ ਦੇਣਾ ਯਕੀਨੀ ਕਰੇ। ਸਾਮਰਾਜੀ ਬਹੁਕੌਮੀ ਕੰਪਨੀਆਂ ਵੱਲੋਂ ਰੇਹਾਂ, ਸਪਰ੍ਹੇਆਂ, ਮਸ਼ੀਨਰੀ ਤੇ ਬੀਜਾਂ ਰਾਹੀਂ ਕੀਤੀ ਜਾ ਰਹੀ ਅੰਨ੍ਹੀ ਲੁੱਟ ਦਾ ਖਾਤਮਾ ਕਰੇ ਤੇ ਇਹ ਖੇਤੀ-ਲਾਗਤ ਵਸਤਾਂ ਸਸਤੇ ਰੇਟਾਂ ‘ਤੇ ਮੁਹੱਈਆ ਕਰਵਾਏ। ਸਰਕਾਰੀ ਖਰੀਦ ਦਾ ਭੋਗ ਪਾਉਣ ਤੇ ਐਫ ਸੀ ਆਈ ਨੂੰ ਤੋੜਨ ਵਰਗੀਆਂ ਸਿਫ਼ਾਰਸ਼ਾਂ ਕਰਨ ਵਾਲੀ ਸ਼ਾਂਤਾ ਕੁਮਾਰ ਕਮੇਟੀ ਦੀ ਰਿਪੋਰਟ ਰੱਦ ਕਰੇ। ਉਨ੍ਹਾਂ ਦੋਸ ਲਾਇਆ ਕਿ ਸਰਕਾਰ ਨੇ ਖੇਤੀ ਕਾਨੂੰਨ ਤਾਂ ਸੰਘਰਸ਼ ਦੇ ਦਬਾਅ ਕਾਰਨ ਰੱਦ ਕਰ ਦਿੱਤੇ ਹਨ ਪ੍ਰੰਤੂ ਇਨ੍ਹਾਂ ਕਾਨੂੰਨਾਂ ਰਾਹੀਂ ਪੂਰਾ ਖੇਤੀ ਕਾਰੋਬਾਰ ਸਾਮਰਾਜੀ ਕਾਰਪੋਰੇਟਾਂ ਹਵਾਲੇ ਕਰਨ ਵਾਲੀ ਨੀਤੀ ਨਹੀਂ ਬਦਲੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਸ ਨੀਤੀ ਨੂੰ ਫੌਰੀ ਰੱਦ ਕਰੇ।
ਏ ਪੀ ਐਮ ਸੀ ਐਕਟ 1961 ਨੂੰ ਬਹਾਲ ਕਰਕੇ ਇਸ ਵਿੱਚ ਵੱਖ ਵੱਖ ਮੌਕਿਆਂ ‘ਤੇ ਕੀਤੀਆਂ ਕਿਸਾਨ ਵਿਰੋਧੀ ਸੋਧਾਂ ਰੱਦ ਕਰੇ। ਇਸ ਦੀਆਂ ਖਾਮੀਆਂ ਨੂੰ ਦੂਰ ਕਰਕੇ ਫਸਲੀ ਵਪਾਰ ਵਿੱਚ ਸਿੱਧੇ ਪ੍ਰਾਈਵੇਟ ਵਪਾਰੀਆਂ ਦੇ ਦਾਖਲੇ ਦੇ ਰਾਹ ਬੰਦ ਕਰੇ। ਪ੍ਰਾਈਵੇਟ ਵਪਾਰੀਆਂ ਦੁਆਰਾ ਖਰੀਦ ਸਰਕਾਰੀ ਮੰਡੀਆਂ ਵਿੱਚ ਹੀ ਕਰਨ ਅਤੇ ਉਨ੍ਹਾਂ ਤੋਂ ਸਾਰੇ ਨਿਰਧਾਰਤ ਟੈਕਸ ਵਸੂਲਣ ਤੋਂ ਇਲਾਵਾ ਫਸਲ ਦੀ ਬੋਲੀ ਐਮ ਐੱਸ ਪੀ ਤੋਂ ਉੱਪਰ ਸੁਰੂ ਕਰਨ ਦੀ ਗਰੰਟੀ ਕਰੇ। ਫਸਲਾਂ ਦੇ ਭਵਿੱਖੀ ਵਪਾਰ ਦੇ ਨਾਂ ਹੇਠ ਕੀਤੀ ਜਾਂਦੀ ਸੱਟੇਬਾਜ਼ੀ ਨੂੰ ਸਰਕਾਰ ਬੰਦ ਕਰਵਾਵੇ ਅਤੇ ਫ਼ਸਲੀ ਵਪਾਰ ਵਿੱਚ ਸਾਮਰਾਜੀ ਬਹੁਕੌਮੀ ਕੰਪਨੀਆਂ ਤੇ ਦੇਸੀ ਕਾਰਪੋਰੇਟਾਂ ਦਾ ਸਿੱਧਾ ਦਾਖਲਾ ਬੰਦ ਕਰੇ।
ਜਨਤਕ ਵੰਡ ਪ੍ਰਣਾਲੀ ‘ਚ ਸਭਨਾਂ ਗਰੀਬ ਲੋਕਾਂ ਨੂੰ ਸ਼ਾਮਲ ਕਰਕੇ ਅਨਾਜ ਸਮੇਤ ਸਾਰੀਆਂ ਲੋੜੀਂਦੀਆਂ ਵਸਤਾਂ ਨੂੰ ਸਰਕਾਰ ਖ਼ਰੀਦੇ, ਭੰਡਾਰ ਕਰੇ ਤੇ ਲੋੜਵੰਦ ਲੋਕਾਂ ਨੂੰ ਸਸਤੇ ਰੇਟ ‘ਤੇ ਮੁਹੱਈਆ ਕਰਵਾਏ। ਜਨਤਕ ਵੰਡ ਪ੍ਰਣਾਲੀ ਨੂੰ ਸੁੰਗੇੜਨ ਦੀ ਟੀਚਾ-ਆਧਾਰਿਤ ਨੀਤੀ ਰੱਦ ਕਰੇ। ਐਫ ਸੀ ਆਈ ਨੂੰ ਮਜਬੂਤ ਕਰਨ ਦੇ ਕਦਮ ਚੁੱਕੇ ਤੇ ਅਡਾਨੀ ਵਰਗਿਆਂ ਦੇ ਕਾਰਪੋਰੇਟ ਸਾਇਲੋ ਗੋਦਾਮਾਂ ਨੂੰ ਬੰਦ ਕਰਵਾਵੇ। ਫ਼ਸਲਾਂ ਦੀ ਸਰਕਾਰੀ ਖਰੀਦ ਦਾ ਭੋਗ ਪਾਉਣ ਤੇ ਜਨਤਕ ਵੰਡ ਪ੍ਰਣਾਲੀ ਦਾ ਖਾਤਮਾ ਕਰਨ ਦੀਆਂ ਹਦਾਇਤਾਂ ਕਰਨ ਵਾਲੀ ਵਿਸ਼ਵ ਵਪਾਰ ਸੰਸਥਾ ਦੀਆਂ ਹਦਾਇਤਾਂ ਮੰਨਣੀਆਂ ਬੰਦ ਕਰੇ ਤੇ ਇਸਦੇ ਮੱਕੜਜਾਲ ‘ਚੋਂ ਬਾਹਰ ਨਿਕਲੇ। ਕਿਸਾਨਾਂ ਦੇ ਹਿੱਤ ਵਿੱਚ ਹੋਰ ਵੀ ਕਈ ਸਿਫ਼ਾਰਸ਼ਾਂ ਕਰਨ ਵਾਲੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ। ਇੱਕ ਪਾਸੇ ਕਿਸਾਨਾਂ ਨੂੰ ਫਸਲਾਂ ਦੇ ਲਾਹੇਵੰਦ ਭਾਅ ਦੇਣ ਤੇ ਦੂਜੇ ਪਾਸੇ ਲੋਕਾਂ ਨੂੰ ਸਸਤਾ ਅਨਾਜ ਮੁਹੱਈਆ ਕਰਾਉਣ ਲਈ ਸਰਕਾਰੀ ਖਜਾਨੇ ਨੂੰ ਖੋਲ੍ਹਿਆ ਜਾਵੇ। ਇਸ ਨੂੰ ਭਰਨ ਖ਼ਾਤਰ ਸਾਮਰਾਜੀ ਬਹੁਕੌਮੀ ਕੰਪਨੀਆਂ, ਦੇਸੀ ਕਾਰਪੋਰੇਟਾਂ ਤੇ ਜਗੀਰਦਾਰਾਂ ਉੱਪਰ ਮੋਟੇ ਟੈਕਸ ਲਾਏ ਜਾਣ ਤੇ ਉਗਰਾਹੇ ਜਾਣ।
ਬੇਮੌਸਮੀਆਂ ਬਾਰਸ਼ਾਂ ਅਤੇ ਇੱਕਦਮ ਗਰਮੀ ਵਧਣ ਕਰਕੇ ਕਣਕ ਦਾ ਝਾੜ ਘਟਣ ਨਾਲ ਹੋਏ ਨੁਕਸਾਨ ਦੀ ਪੂਰਤੀ ਲਈ ਮੰਗ ਕੀਤੀ ਗਈ ਕਿ ਸਰਕਾਰ ਕਿਸਾਨਾਂ ਨੂੰ 300 ਰੁਪਏ ਪ੍ਰਤੀ ਕੁਇੰਟਲ ਬੋਨਸ ਦਾ ਫੌਰੀ ਐਲਾਨ ਕਰੇ। ਇਸੇ ਵਜ੍ਹਾ ਕਰਕੇ ਪਤਲੇ ਰਹਿ ਗਏ ਕਣਕ ਦੇ ਦਾਣਿਆਂ ਬਾਰੇ ਖਰੀਦ ਸਮੇਂ ਲਾਈ ਗਈ ਗੈਰ-ਵਾਜਬ ਸਰਤ ਰੱਦ ਕਰਕੇ ਰੋਕੀ ਹੋਈ ਸਰਕਾਰੀ ਖਰੀਦ ਆਮ ਵਾਂਗ ਸੁਰੂ ਕਰੇ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਹ ਕਿਸਾਨ ਵਿਰੋਧੀ ਸਰਤ ਨਹੀਂ ਹਟਾਈ ਜਾਂਦੀ ਤਾਂ ਸਰਕਾਰ ਨੂੰ ਤਿੱਖੇ ਕਿਸਾਨ ਰੋਹ ਦਾ ਸਾਹਮਣਾ ਕਰਨਾ ਪਵੇਗਾ। ਮੰਡੀਆਂ ਵਿੱਚ ਰੁਲ ਰਹੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਸਰਕਾਰ ਦੀ ਇਸ ਬੇਨਿਆਂਈਂ ਵਿਰੁੱਧ ਥਾਂ ਥਾਂ ਰੋਸ ਪ੍ਰਦਰਸਨ ਕੀਤੇ ਜਾਣ ਅਤੇ ਸਰਕਾਰ ਵੱਲੋਂ ਹਠਧਰਮੀ ਧਾਰਨ ਦੀ ਸੂਰਤ ਵਿੱਚ ਤਿੱਖੇ ਘੋਲ ਲਈ ਕਮਰਕੱਸੇ ਕੱਸ ਲਏ ਜਾਣ।
ਨਵਜੋਤ ਸਿੱਧੂ ਦੀਆਂ ਸਿਆਸੀ ਸਰਗਰਮੀਆਂ ਵਧੀਆਂ, ਸੁਨੀਲ ਜਾਖ਼ੜ ਨਾਲ ਕੀਤੀ ਮੀਟਿੰਗ
ਸਮਰਾਲਾ ’ਚ ਸਾਬਕਾ ਵਿਧਾਇਕ ਅਮਰੀਕ ਢਿੱਲੋਂ ਦਾ ਪੁੱਛਿਆ ਹਾਲਚਾਲ, ਅਨਾਜ਼ ਮੰਡੀ ਦਾ ਕੀਤਾ ਦੌਰਾ
ਸੁਖਜਿੰਦਰ ਮਾਨ
ਚੰਡੀਗੜ੍ਹ, 15 ਅਪੈਰਲ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਪਣੀਆਂ ਸਿਆਸੀ ਸਰਗਰਮੀਆਂ ਨੂੰ ਵਧਾ ਦਿੱਤਾ ਹੈ। ਸੂਬੇ ’ਚ ਕਾਂਗਰਸ ਨੂੰ ਮਿਲੀ ਨਮੋਸ਼ੀਜਨਕ ਹਾਰ ਤੋਂ ਬਾਅਦ ਸ: ਸਿੱਧੂ ਤੇ ਉਸਦੇ ਸਮਰਥਕਾਂ ਵਲੋਂ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਪਿਛਲੇ ਕੁੱਝ ਦਿਨਾਂ ਤੋਂ ਇਸ ਧੜੇ ਵਲੋਂ ਅਚਾਨਕ ਵਧਾਈਆਂ ਸਿਆਸੀ ਸਰਗਰਮੀਆਂ ਕਾਰਨ ਸੂਬੇ ਦੇ ਸਿਆਸੀ ਮਾਹਰ ਵੀ ਹੈਰਾਨ ਹਨ। ਅੱਜ ਵੀ ਸਿੱਧੂ ਅਤੇ ਉਸਦੇ ਸਾਥੀਆਂ ਵਲੋਂ ਪੰਜਾਬ ਕਾਂਗਰਸ ਦੇ ਇੱਕ ਹੋਰ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਹਾਲਾਂਕਿ ਦੋਨਾਂ ਆਗੂਆਂ ਨੇ ਇਸ ਮੀਟਿੰਗ ਨੂੰ ਰੁਟੀਨ ਦੀ ਮੀਟਿੰਗ ਦੱਸੀ। ਪ੍ਰੰਤੂ ਮਾਹਰ ਇਸਦੇ ਵੱਡੇ ਸਿਆਸੀ ਮਾਅਨੇ ਕੱਢ ਰਹੇ ਹਨ। ਦਸਣਾ ਬਣਦਾ ਹੈ ਕਿ ਅਨੁਸਾਸਨਹੀਣਤਾ ਨੂੰ ਲੈ ਕੇ ਪਾਰਟੀ ਹਾਈਕਮਾਂਡ ਨੇ ਸ਼੍ਰੀ ਜਾਖੜ ਨੂੰ ਕਾਰਨ ਦੱਸੋ ਨੋਟਿਸ ਵੀ ਕੱਢਿਆ ਹੋਇਆ ਹੈ। ਇਸਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਵਲੋਂ ਅੱਜ ਹੀ ਸਮਰਾਲਾ ਦੇ ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਦਾ ਅਪਣੇ ਸਾਥੀਆਂ ਨਾਲ ਜਾ ਕੇ ਹਾਲ ਚਾਲ ਪੁਛਿਆ। ਇਸਤੋਂ ਇਲਾਵਾ ਉਨ੍ਹਾਂ ਮਾਛੀਵਾੜਾ ਅਨਾਜ ਮੰਡੀ ਦਾ ਦੌਰਾ ਕੀਤਾ ਤੇ ਕਿਸਾਨਾਂ ਨਾਲ ਗੱਲਬਾਤ ਕੀਤੀ।
ਨਵਨਿਯੁਕਤ ਪ੍ਰਧਾਨ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਹੋਏ ਨਤਮਸਤਕ
ਸ੍ਰੀ ਹਰਮਿੰਦਰ ਸਾਹਿਬ ਦੇ ਨਾਲ-ਨਾਲ ਸ੍ਰੀ ਦੁਗਿਆਣਾ ਤੀਰਥ ਤੇ ਸ੍ਰੀ ਰਾਮ ਤੀਰਥ ਵਿਖੇ ਮੱਥਾ ਟੇਕਿਆ
ਸੁਖਜਿੰਦਰ ਮਾਨ
ਸ਼੍ਰੀ ਅੰਮਿ੍ਰਤਸਰ ਸਾਹਿਬ, 15 ਅਪੈਰਲ: ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਨਵਨਿਯੁਕਤ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਪਣੇ ਸਾਥੀਆਂ ਨਾਲ ਅੱਜ ਸਵੇਰੇ ਸ਼੍ਰੀ ਅੰਮਿ੍ਰਤਸਰ ਸਾਹਿਬ ਵਿਖੇ ਪੁੱਜੇ, ਜਿੱਥੇ ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਰਾਮ ਤੀਰਥ ਵਿਖੇ ਮੱਥਾ ਟੇਕਿਆ। ਇਸ ਮੌਕੇ ਕਾਰਜਕਾਰੀ ਪ੍ਰਧਾਨ ਭਾਰਤ ਭੂਸਣ ਆਸੂ ਤੇ ਉਪ ਨੇਤਾ ਰਾਜ ਕੁਮਾਰ ਚੱਬੇਵਾਲ ਸਹਿਤ ਕਾਂਗਰਸ ਦੇ ਕਈ ਹੋਰ ਵੱਡੇ ਨੇਤਾਵਾਂ ਤੋਂ ਇਲਾਵਾ ਨਵੇਂ ਅਹੁੱਦੇਦਾਰਾਂ ਦੇ ਪ੍ਰਵਾਰਕ ਮੈਂਬਰ ਵੀ ਹਾਜ਼ਰ ਰਹੇ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਜਲਦੀ ਹੀ ਪੰਜਾਬ ਵਿਚ ਵਾਪਸੀ ਕਰੇਗੀ ਤੇ ਕਮੀਆਂ ਨੂੰ ਦੂਰ ਕੀਤਾ ਜਾਵੇਗਾ ਅਤੇ ਪਾਰਟੀ ਅੰਦਰ ਅਨੁਸਾਸ਼ਨਹੀਣਤਾ ਨੂੰ ਬਿਲਕੁੱਲ ਬਰਦਾਸਤ ਨਹੀਂ ਕੀਤਾ ਜਾਵੇਗਾ। ਪੰਜਾਬ ਪ੍ਰਧਾਨ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਸਾਰੇ ਸੀਨੀਅਰ ਆਗੂਆਂ ਤੋਂ ਅਸੀਰਵਾਦ ਲੈਣ ਜਾਣਗੇ। ਆਪ ਸਰਕਾਰ ਬਾਰੇ ਟਿੱਪਣੀ ਕਰਦਿਆਂ ਸ਼੍ਰੀ ਵੜਿੰਗ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਹੁਣ ਪੂਰਾ ਕਰਨਾ ਚਾਹੀਦਾ ਹੈ। ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਕੇਜ਼ਰੀਵਾਲ ਵਲੋਂ ਪੰਜਾਬ ਦੇ ਮਾਮਲਿਆਂ ’ਚ ਦਖ਼ਲਅੰਦਾਜ਼ੀ ਦੇਣ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਪੰਜਾਬੀ ਇਸਨੂੰ ਬਰਦਾਸ਼ਤ ਨਹੀਂ ਕਰਨਗੇ।
ਬਾਕਸ
ਅੰਮਿ੍ਰਤਸਰ ਜ਼ਿਲ੍ਹੇ ਦੇ ਦਰਜ਼ਨਾਂ ਆਗੂਆਂ ਨਾਲ ਕੀਤੀਆਂ ਮੀਟਿੰਗਾਂ
ਸ਼੍ਰੀ ਹਰਮਿੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਨਵਨਿਯੁਕਤ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਥੋਂ ਦੇ ਦਰਜ਼ਨਾਂ ਆਗੂਆਂ ਨਾਲ ਮੁਲਾਕਾਤਾਂ ਕਰਦਿਆਂ ਕਾਂਗਰਸ ਪਾਰਟੀ ਨੂੰ ਮੁੜ ਚੜ੍ਹਦੀ ਕਲਾਂ ’ਚ ਲਿਜਾਣ ਲਈ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਸਾਬਕਾ ਉਪ ਮੁੱਖ ਮੰਤਰੀ ਓ.ਪੀ.ਸੋਨੀ, ਸਾਬਕਾ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਐਮ.ਪੀ ਗੁਰਜੀਤ ਸਿੰਘ ਔਜਲਾ, ਰਾਜ ਕੁਮਾਰ ਵੇਰਕਾ, ਹਰਮਿੰਦਰ ਸਿੰਘ ਗਿੱਲ, ਹਰਪ੍ਰਤਾਪ ਸਿੰਘ ਅਜਨਾਲਾ, ਸੁਖਵਿੰਦਰ ਸਿੰਘ ਡੈਨੀ ਤੋਂ ਇਲਾਵਾ ਸ਼੍ਰੀ ਅੰਮਿ੍ਰਤਸਰ ਸਾਹਿਬ ਦੇ ਕਾਂਗਰਸੀ ਕੋਂਸਲਰਾਂ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਨੂੰ ਇਕਜੁਟ ਰਹਿਣ ਦੀ ਹੱਲਾਸੇਰੀ ਦਿੱਤੀ।
ਹਰਪ੍ਰੀਤ ਕੌਰ ਦੇ ਕਾਤਲਾਂ ਦੀ ਗਿ੍ਰਫਤਾਰੀ ਦੀ ਮੰਗ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ ਕਰੇਗੀ ਸੰਘਰਸ਼: ਹਨੀ
ਸੁਖਜਿੰਦਰ ਮਾਨ
ਬਠਿੰਡਾ, 15 ਅਪੈਰਲ: ਹਰਪ੍ਰੀਤ ਕੌਰ ਭੁੱਚੋ ਖੁਰਦ ਦੇ ਕਤਲ ਮਾਮਲੇ ਦੇ ਵਿੱਚ ਕਥਿਤ ਉਸਦੀ ਦੋਸ਼ੀ ਸੱਸ ਬਲਜਿੰਦਰ ਕੌਰ ਨੂੰ ਗਿ੍ਫਤਾਰ ਕਰਾਉਣ ਨੂੰ ਲੈ ਕੇ ਚੱਲ ਰਹੇ ਸੰਘਰਸ ਦੇ ਸਬੰਧ ਵਿੱਚ ਕਿਰਤੀ ਕਿਸਾਨ ਯੂਨੀਅਨ ਔਰਤ ਵਿੰਗ ਦੇ ਪ੍ਰਧਾਨ ਮਨਜੀਤ ਕੌਰ ਦੀ ਅਗਵਾਈ ਦੇ ਵਿੱਚ ਉਨ੍ਹਾਂ ਦੇ ਘਰ ਇੱਕ ਜਰੂਰੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਮਰਜੀਤ ਹਨੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰਪ੍ਰੀਤ ਕੌਰ ਦੀ ਸੱਸ ਬਲਜਿੰਦਰ ਕੌਰ ਨੂੰ ਗਿ੍ਫਤਾਰ ਕਰਾਉਣ ਲਈ ਕਿਰਤੀ ਕਿਸਾਨ ਯੂਨੀਅਨ ਔਰਤ ਵਿੰਗ ਭੁੱਚੋ ਖੁਰਦ ਦੀ ਅਗਵਾਈ ਦੇ ਵਿੱਚ ਸੰਘਰਸ ਲੜਿਆ ਜਾ ਰਿਹਾ ਹੈ। ਦੋ ਵਾਰ ਬਠਿੰਡਾ ਨੈਸਨਲ ਹਾਈਵੇ (7) ਜਾਮ ਕੀਤੀ ਗਈ। ਦੋਨ੍ਹੋਂ ਵਾਰ ਉੱਚ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਦੋਸ਼ੀ ਨੂੰ ਜਲਦੀ ਗਿ੍ਫਤਾਰ ਕੀਤਾ ਜਾਵੇਗਾ। ਅਜੇ ਤੱਕ ਕਥਿਤ ਦੋਸ਼ੀ ਨੂੰ ਗਿ੍ਫਤਾਰ ਨਹੀਂ ਕੀਤਾ ਗਿਆ। ਪ੍ਰਸ਼ਾਸਨ ਟਾਲ-ਮਟੋਲ ਦੀ ਨੀਤੀ ’ਤੇ ਚੱਲ ਰਿਹਾ ਹੈ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਔਰਤ ਵਿੰਗ ਦੇ ਸਕੱਤਰ ਹਰਪ੍ਰੀਤ ਕੌਰ ਨੇ ਕਿਹਾ ਕਿ ਲੋਕਾਂ ਨੂੰ ਭਰੇ ਇੱਕਠ ਦੇ ਵਿੱਚ ਵਿਸ਼ਵਾਸ ਦਿਵਾਇਆ ਸੀ ਕਿ ਬਲਜਿੰਦਰ ਕੌਰ ਨੂੰ ਜਲਦੀ ਗਿ੍ਫਤਾਰ ਕੀਤਾ ਜਾਵੇਗਾ। ਪੁਲਿਸ ਅਜੇ ਤੱਕ ਉਸਨੂੰ ਗਿ੍ਫਤਾਰ ਕਰ ਨਹੀਂ ਸਕੀ। ਉਨ੍ਹਾਂ ਮੰਗ ਕੀਤੀ ਕਿ ਕਥਿਤ ਦੋਸ਼ੀ ਦੇ ਪ੍ਰਵਾਰ ਨੂੰ ਬਚਾਉਣ ’ਚ ਲੱਗੇ ਉਸਦੇ ਰਿਸ਼ਤੇਦਾਰ ਸਾਬਕਾ ਪੁਲਿਸ ਮੁਲਾਜਮ ਵਿਰੁਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਪ੍ਰੈੱਸ ਸਕੱਤਰ ਜੋਤੀ ਭੁੱਚੋ ਖੁਰਦ,ਪੈਨਸ਼ਨਰਜ ਐਸੋਸੀਏਸ਼ਨ ਦੇ ਪ੍ਰਧਾਨ ਦਰਸਨ ਮੌੜ,ਸਕੱਤਰ ਰਣਜੀਤ ਸਿੰਘ, ਜਿਲ੍ਹਾ ਬਠਿੰਡਾ ਦੇ ਪ੍ਰਧਾਨ ਰਵੀ ਢਿਲਵਾਂ,ਔਰਤ ਆਗੂ ਮੀਤ ਪ੍ਰਧਾਨ ਗੁਰਮੇਲ ਕੌਰ,ਗੁਰਮੀਤ ਕੌਰ,ਭਿੰਦਰ ਕੌਰ,ਪ੍ਰਵੀਨ ਬੇਗਮ,ਕੁਲਦੀਪ ਕੌਰ,ਰਣਜੀਤ ਸਿੰਘ ਭਾਊ ਆਦਿ ਮੌਜੂਦ ਸਨ।
ਵਿਕਾਸ ਕੰਮਾਂ ਦੀ ਜਾਂਚ ਕਰਨ ਪਿੰਡ ਪੱਧਰ ਦੀਆਂ ਕਮੇਟੀਆਂ – ਦੇਵੇਂਦਰ ਸਿੰਘ ਬਬਲੀ
ਸੁਖਜਿੰਦਰ ਮਾਨ
ਚੰਡੀਗੜ੍ਹ, 15 ਅਪ੍ਰੈਲ: ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਤੇ ਪੁਰਾਤੱਤਵ ਅਤੇ ਅਜਾਇਬਘਰ ਮੰਤਰੀ ਦੇਵੇਂਦਰ ਸਿੰਘ ਬਬਲੀ ਨੇ ਕਿਹਾ ਕਿ ਪਿੰਡ ਪੱਧਰ ‘ਤੇ ਕਮੇਟੀਆਂ ਦਾ ਗਠਨ ਕਰ ਵਿਕਾਸ ਕੰਮਾਂ ਦੀ ਗੁਣਵੱਤਾ ਦੀ ਜਾਂਚ ਕੀਤੀ ਜਾਵੇ। ਜੇਕਰ ਕਿਸੇ ਤਰ੍ਹਾ ਦੀ ਅਨਿਯਮਤਤਾ ਪਾਈ ਜਾਂਦੀ ਹੈ, ਤਾਂ ਕਮੇਟੀਆਂ ਇਸ ਨੂੰ ਸਰਕਾਰ ਦੀ ਜਾਣਕਾਰੀ ਵਿਚ ਲਿਆਉਣ ਤਾਂ ਜੋ ਉਨ੍ਹਾਂ ‘ਤੇ ਤੁਰੰਤ ਕਾਰਵਾਈ ਕੀਤੀ ਜਾ ਸਕੇ।ਵਿਕਾਸ ਅਤੇ ਪੰਚਾਇਤ ਮੰਤਰੀ ਟੋੋਹਾਨਾ ਸਥਿਤ ਨਿਵਾਸ ਸਥਾਨ ‘ਤੇ ਨਾਗਰਿਕਾਂ ਦੀ ਸਮਸਿਆਵਾਂ ਸੁਣ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਵਿਕਾਸ ਕੰਮ ਦੀ ਪਿੰਡ ਆਪਣੇ ਪੱਧਰ ‘ਤੇ ਜਾਂਚ ਅਤੇ ਨਿਗਰਾਨੀ ਕਰਣਗੇ ਤਾਂ ਵਿਕਾਸ ਕੰਮ ਵਿਚ ਵੱਧ ਗੁਣਵੱਤਾ ਆਵੇਗੀ ਅਤੇ ਕਾਰਜ ਵੀ ਯਕੀਨੀ ਸਮੇਂ ‘ਤੇ ਪੂਰੇ ਹੋਣਗੇ। ਇਸ ਤੋਂ ਇਲਾਵਾ, ਨਾਗਰਿਕਾਂ ਨੂੰ ਵਿਕਾਸ ਕੰਮਾਂ ਦਾ ਲਾਭ ਵੀ ਜਲਦੀ ਮਿਲੇਗਾ।
ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨਾਗਰਿਕਾਂ ਨੂੰ ਸੂਗਮਤਾ ਅਤੇ ਸਰਲਤਾ ਨਾਲ ਮੁੱਢਲੀ ਸਹੂਲਤਾਂ ਮਹੁਇਆ ਕਰਵਾਉਣ ਲਈ ਵਚਨਬੱਧ ਹੈ ਅਤੇ ਲਾਇਨ ਦੇ ਆਖੀਰ ‘ਤੇ ਖੜੇ ਵਿਅਕਤੀ ਨੂੰ ਸਰਕਾਰ ਦੀ ਭਲਾਈਕਾਰੀ ਯੋਜਨਾਵਾਂ ਦਾ ਲਾਭ ਦੇਣ ਦੇ ਲਈ ਕਾਰਜ ਕਰ ਰਹੀ ਹੈ, ਤਾਂ ਜੋ ਕੋਈ ਵੀ ਯੋਗ ਵਿਅਕਤੀ ਯੋਜਨਾਵਾਂ ਦੇ ਲਾਭ ਤੋਂ ਵਾਂਝੇ ਨਾ ਰਹਿਣ। ਉਨ੍ਹਾਂ ਨੇ ਵਿਕਾਸ ਕੰਮਾਂ ਦੀ ਗੁਣਵੱਤਾ ਵਿਚ ਹੋਣ ਵਾਲੀ ਲਾਪ੍ਰਵਾਹੀ ਦੀ ਸ਼ਿਕਾਇਤ ‘ਤੇ ਸਬੰਧਿਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਵਿਕਾਸ ਕੰਮਾਂ ਦੀ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਲਈ ਅਧਿਕਾਰੀ ਵਿਕਾਸ ਕੰਮਾਂ ਨੂੰ ਪੂਰਾ ਸਜਗਤਾ ਨਾਲ ਕਰਨ।
ਉਨ੍ਹਾਂ ਨੇ ਕਿਹਾ ਕਿ ਜਨਤਾ ਦੇ ਕੰਮਾਂ ਲਈ ਉਨ੍ਹਾਂ ਦੇ ਦਰਵਾਜੇ ਹਮੇਸ਼ਾ ਖੁੱਲੇ ਹਨ। ਨਾਗਰਿਕਾਂ ਨੂੰ ਸਰਕਾਰ ਵੱਲੋਂ ਲਾਗੂ ਕੀਤੀ ਗਈ ਜਨ ਭਲਾਈਕਾਰੀ ਯੋਜਨਾਵਾਂ ਅਤੇ ਵੱਖ-ਵੱਖ ਸੇਵਾਵਾਂ ਦਾ ਲਾਭ ਦੇਣਾ ਉਨ੍ਹਾਂ ਦੀ ਪ੍ਰਾਥਮਿਕਤਾ ਹੈ। ਉਨ੍ਹਾਂ ਨੇ ਨਾਗਰਿਕਾਂ ਦੀ ਸਮਸਿਆਵਾਂ ਸੁਣੀਆਂ ਅਤੇ ਉਨ੍ਹਾਂ ਦੀ ਸਮੀਖਿਆ ਕਰ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਤੋਂ ਜਲਦੀ ਨਿਪਟਾਨ ਕਰਨ ਦੇ ਨਿਰਦੇਸ਼ ਦਿੱਤੇ। ਕੈਬੀਨੇਟ ਮੰਤਰੀ ਨੇ ਕਲਸਟਰ ਸਕੀਮ ਦੇ ਤਹਿਤ ਆਉਣ ਵਾਲੇ ਪਿੰਡਾਂ ਵਿਚ ਪੀਣ ਦਾ ਪਾਣੀ, ਗ੍ਰੇ ਵਾਟਰ ਮੈਨੇਜਮੈਂਟ, ਲਾਇਬ੍ਰੇਰੀ, ਜਿਸ ਤੇ ਮਹਿਲਾ ਸਭਿਆਚਾਰ ਕੇਂਦਰ ਦਾ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਤੋਂ ਚਾਰਟ ਪਲਾਨ ਦੇ ਬਾਰੇ ਜਾਣਕਾਰੀ। ਇਸ ਮੌਕੇ ‘ਤੇ ਕੈਬੀਨੇਟ ਮੰਤਰੀ ਦੇਵੇਂਦਰ ਸਿੰਘ ਬਬਲੀ ਨੇ ਜਰੂਰਤਮੰਦ ਲੋਕਾਂ ਨੂੰ ਚੈਕ ਵੀ ਵੰਡੇ।
ਰੈਗਰ ਨੌਜਵਾਨ ਵੈੱਲਫੇਅਰ ਸੁਸਾਇਟੀ ਦੁਆਰਾ ਛੇਵਾਂ ਮੁਫ਼ਤ ਮੈਡੀਕਲ ਕੈਂਪ ਤੇ ਖ਼ੂਨਦਾਨ ਕੈਂਪ ਲਗਾਇਆ
ਸਵੈਇੱਛਤਾ ਨਾਲ ਖ਼ੂਨਦਾਨ ਕਰਨ ਵਾਲੇ ਖ਼ੂਨਦਾਨੀਆਂ ਨੂੰ ਸੰਸਥਾ ਵਲੋਂ ਸਨਮਾਨਿਤ ਕੀਤਾ ਗਿਆ
ਸੁਖਜਿੰਦਰ ਮਾਨ
ਬਠਿੰਡਾ, 15 ਅਪੈਰਲ: ਰੈਗਰ ਨੌਜਵਾਨ ਵੈੱਲਫੇਅਰ ਸੁਸਾਇਟੀ ਵਲੋਂ ਡਾ. ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਹਾੜੇ ਮੌਕੇ ਛੇਵਾਂ ਮੁਫ਼ਤ ਮੈਡੀਕਲ ਕੈਂਪ ਅਤੇ ਖ਼ੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿਚ ਡਾ. ਜੰਗ ਬਹਾਦਰ ਸਿੰਘ ਅਤੇ ਸਿਵਲ ਹਸਪਤਾਲ ਦੇ ਬਲੱਡ ਬੈਂਕ ਦੇ ਇੰਚਾਰਜ ਰੀਤਿਕਾ ਗਰਗ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਸੰਸਥਾ ਦੇ ਪ੍ਰਧਾਨ ਲਲਿਤ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨਾਂ ਵਲੋਂ ਡਾ. ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਹਾੜੇ ਮੌਕੇ ਮੁਫ਼ਤ ਮੈਡੀਕਲ ਅਤੇ ਖ਼ੂਨਦਾਨ ਕੈਂਪ ਲਗਾਏ ਜਾਂਦੇ ਹਨ। ਜਿਸ ’ਚ ਡਾ. ਜੰਗ ਬਹਾਦਰ ਵਲੋਂ ਮਰੀਜ਼ਾਂ ਦਾ ਚੈੱਕਅਪ ਕਰਨ ਉਪਰੰਤ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਡਾ. ਜੰਗ ਬਹਾਦਰ ਨੇ ਕਿਹਾ ਕਿ ਮੈਡੀਕਲ ਕੈਂਪ ਵਿਚ ਲੋਕਾਂ ਦੇ ਸ਼ੂਗਰ, ਬੀ ਪੀ, ਲੀਵਰ ਦੇ ਟੈੱਸਟ ਕੀਤੇ ਗਏ ਹਨ। ਉਨਾਂ ਕਿਹਾ ਕਿ ਕੈਂਪ ਵਿਚ ਦਿਲ, ਛਾਤੀ, ਪੇਟ, ਸ਼ੂਗਰ ਦੀਆ ਬਿਮਾਰੀਆਂ ਸਬੰਧੀ ਲੋਕਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਲਲਿਤ ਕੁਮਾਰ ਨੇ ਕਿਹਾ ਕਿ ਉਹਨਾ ਦੁਆਰਾ ਛੇਵਾਂ ਮੁਫ਼ਤ ਮੈਡੀਕਲ ਕੈਂਪ ਇਸ ਲਈ ਲਗਾਇਆ ਗਿਆ ਹੈ, ਤਾਂ ਜੋ ਲੋੜਵੰਦ ਤੇ ਸਲੱਮ ਏਰੀਏ ਦੇ ਲੋਕਾਂ ਨੂੰ ਮੁਫ਼ਤ ਤੇ ਚੰਗੀਆਂ ਸਿਹਤ ਸਹੂਲਤਾਂ ਮੁਹਾਇਆ ਕਰਵਾਈਆਂ ਜਾ ਸਕਣ। ਇਸ ਦੌਰਾਨ ਸੰਸਥਾ ਦੁਆਰਾ ਡਾ. ਭੀਮ ਰਾਓ ਅੰਬੇਦਕਰ ਜੀ ਦੇ ਜੀਵਨ ਤੇ ਬੱਚਿਆ ਤੋਂ ਪੇਪਰ ਲੈ ਕੇ ਪਹਿਲਾ ਸਥਾਨ ਹਾਸਲ ਕਰਨ ਵਾਲੇ ਬੱਚਿਆ ਨੂੰ ਇਨਾਮ ਦਿੱਤੇ ਗਏ। ਇਸ ਮੌਕੇ ਸੰਸਥਾ ਦੁਆਰਾ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਰੁਣ ਵਧਾਵਨ, ਡਾ. ਜੰਗ ਬਹਾਦਰ, ਬਲੱਡ ਬੈਂਕ ਦੇ ਇੰਚਾਰਜ ਰੀਤਿਕਾ ਗਰਗ ਤੋਂ ਇਲਾਵਾ ਖ਼ੂਨਦਾਨੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਰੁਣ ਵਧਾਵਨ, ਮੁਨਸ਼ੀ ਸਿੰਘ, ਜਗਦੀਸ਼ ਕੁਮਾਰ, ਕਾਲੀ, ਦੀਪਕ ਕੁਮਾਰ, ਮਦਨ ਲਾਲ, ਅਜੇ ਕੁਮਾਰ, ਕਿਸ਼ੋਰੀ ਲਾਲ, ਜੀਵਨ ਸਿੰਘ, ਅਮਿਤ ਕੁਮਾਰ ਤੋਂ ਇਲਾਵਾ ਸਾਰੇ ਮੈਂਬਰ ਮੌਜੂਦ ਸਨ।



