Monday, May 11, 2026
Home Blog Page 2536

ਮਾਮਲਾ ਦਾਣਾ ਪਿਚਕਣ ਦਾ: ਐਫ਼.ਸੀ.ਆਈ ਦੇ ਅਧਿਕਾਰੀ ਪੁੱਜੇ ਮੰਡੀਆਂ ’ਚ

0

ਸੁਖਜਿੰਦਰ ਮਾਨ
ਬਠਿੰਡਾ, 14 ਅਪੈਰਲ: ਪਿਛਲੇ ਦਿਨਾਂ ’ਚ ਅਚਾਨਕ ਪਈ ਭਿਆਨਕ ਗਰਮੀ ਕਾਰਨ ਕੁਦਰਤੀ ਵਹਾਅ ਦੇ ਉਲਟ ਪੱਕੀ ਕਣਕ ਦਾ ਦਾਣਾ ਪਿਚਕਣ ਕਾਰਨ ਖ਼ਰੀਦ ਪ੍ਰਬੰਧਾਂ ’ਚ ਆਈ ਰਹੀ ਸਮੱਸਿਆ ਦੇ ਹੱਲ ਦਾ ਜਾਇਜ਼ਾ ਲੈਣ ਲਈ ਅੱਜ ਕੇਂਦਰੀ ਖੁਰਾਕ ਏਜੰਸੀ ਦੇ ਅਧਿਕਾਰੀ ਬਠਿੰਡਾ ਜ਼ਿਲ੍ਹੇ ਦੀਆਂ ਮੰਡੀਆਂ ’ਚ ਪੁੱਜੇ। ਤਿੰਨ ਮੈਂਬਰਾਂ ਵਾਲੀ ਇਸ ਕੇਂਦਰੀ ਏਜੰਸੀ ਦੀ ਟੀਮ ਵਲੋਂ ਵੱਖ ਵੱਖ ਮੰਡੀਆਂ ’ਚ ਪੁੱਜ ਕੇ ਸੈਂਪਲ ਲਏ ਗਏ। ਹਾਲਾਂਕਿ ਇਸਦੀ ਰੀਪੋਰਟ ਟੀਮ ਵਲੋਂ ਦਿੱਲੀ ਜਾ ਕੇ ਦਿੱਤੀ ਜਾਣੀ ਹੈ ਪ੍ਰੰਤੂ ਸੂਤਰਾਂ ਨੇ ਖ਼ੁਲਾਸਾ ਕੀਤਾ ਕਿ ਟੀਮ ਦੇ ਅਧਿਕਾਰੀ ਇਸ ਗੱਲ ਨਾਲ ਸਹਿਮਤ ਸਨ ਕਿ ਖੁਰਾਕ ਏਜੰਸੀ ਦੇ ਨਿਯਮਾਂ ਵਿਚ ਇਹ ਨਹੀਂ ਆ ਰਿਹਾ ਹੈ, ਜਿਸ ਕਾਰਨ ਛੋਟ ਦੇਣੀ ਬਣਦੀ ਹੈ। ਟੀਮ ਵਲੋਂ ਗੋਨਿਆਣਾ, ੁਬਠਿੰਡਾ, ਪੱਕਾ ਕਲਾਂ ਅਤੇ ਬੱਲੂਆਣਾ ਆਦਿ ਮੰਡੀਆਂ ਵਿਚੋਂ ਸੈਂਪਲ ਲਏ ਗਏ। ਇਸ ਮੌਕੇ ਟੀਮ ਨਾਲ ਵਿਭਾਗ ਦੇ ਡਿਪਟੀ ਡਾਇਰੈਟਕਰ ਨਿਰਮਲ ਸਿੰਘ, ਜ਼ਿਲ੍ਹਾ ਕੰਟਰੋਲਰ ਖੁਰਾਕ ਸਪਲਾਈ ਵਿਭਾਗ ਜਸਪ੍ਰੀਤ ਸਿੰਘ ਕਾਹਲੋ, ਮਾਰਕਫ਼ੈਡ ਦੇ ਜ਼ਿਲ੍ਹਾ ਮੈਨੈਜ਼ਰ ਐਚ.ਐਸ.ਧਾਲੀਵਾਲ, ਵੇਅਰਹਾਊਸ ਦੇ ਗਗਨਦੀਪ ਮਿੱਤਲ ਅਤੇ ਪਨਸਪ ਦੇ ਵਿਕਾਸ ਗਰਗ ਆਦਿ ਵੀ ਹਾਜ਼ਰ ਰਹੇ।

ਸਿਹਤ ਵਿਭਾਗ ਵਲੋਂ ਰਾਮਪੁਰਾ ’ਚ ਲਿੰਗ ਜਾਂਚ ਗਿਰੋਹ ਦਾ ਪਰਦਾਫ਼ਾਸ

0

ਸੁਖਜਿੰਦਰ ਮਾਨ
ਬਠਿੰਡਾ, 14 ਅਪ੍ਰੈਲ: ਜਨਮ ਤੋਂ ਪਹਿਲਾਂ ਕੁੱਖ ਵਿਚ ਬੱਚੇ ਦੇ ਲਿੰਗ ਦੱਸ ਕੇ ਮੋਟੀ ਕਮਾਈ ਕਰਨ ਵਾਲੇ ਨਿੱਜੀ ਹਸਪਤਾਲ ਦੇ ਅਲਟਰਾ ਸਾਊਂਡ ਸੈਂਟਰ ਸਹਿਤ ਇਸ ਕਾਂਡ ‘ਚ ਜੁੜੇ ਵੱਡੇ ਗਿਰੋਹ ਦਾ ਪਰਦਾਫ਼ਾਸ ਕਰਦਿਆਂ ਸਿਹਤ ਵਿਭਾਗ ਨੇ ਪੁਲਿਸ ਦੀ ਮੱਦਦ ਨਾਲ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਰਾਮਪੁਰਾ ਪੁਲਿਸ ਨੇ ਇਸ ਮਾਮਲੇ ਵਿਚ ਇਕ ਆਸ਼ਾ ਵਰਕਰ ਸਹਿਤ ਤਿੰਨ ਜਣਿਆਂ ਵਿਰੁਧ ਪਰਚਾ ਦਰਜ਼ ਕਰ ਲਿਆ ਹੈ। ਜਦੋਂਕਿ ਇੱਕ ਜਣੇ ਨੂੰ ਗਿ੍ਰਫਤਾਰ ਕਰਨ ਦੀ ਵੀ ਸੂਚਨਾ ਹੈ। ਸਿਹਤ ਵਿਭਾਗ ਨੇ ਹਸਪਤਾਲ ਵਿਚ ਲਿੰਗ ਜਾਂਚ ਲਈ ਵਰਤੀ ਜਾ ਰਹੀ ਮਸ਼ੀਨ ਨੂੰ ਵਹ ਸੀਲ ਕਰ ਦਿੱਤਾ ਹੈ। ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਬਠਿੰਡਾ ਦੇ ਸਿਵਲ ਸਰਜਨ ਡਾ: ਬਲਵੰਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਮੁਢਲੀ ਪੜਤਾਲ ਮੁਤਾਬਕ ਹਸਪਤਾਲ ਦਾ ਇੱਕ ਨਰਸਿੰਗ ਸਟਾਫ਼ ਮਸੀਨ ’ਤੇ ਲਿੰਗ ਜਾਂਚ ਕਰਦਾ ਸੀ ਜਦੋਂਕਿ ਗ੍ਰਾਹਕ ਆਸ਼ਾ ਵਰਕਰ ਸਰਬਜੀਤ ਕੌਰ ਤੇ ਇੱਕ ਹੋਰ ਵਿਅਕਤੀ ਜਗਤਾਰ ਸਿੰਘ ਲੈ ਕੇ ਆਉਂਦਾ ਸੀ। ਮਹੱਤਵਪੂਰਨ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਉਕਤ ਹਸਪਤਾਲ ਵਿਚ ਲਿੰਗ ਜਾਂਚ ਦੀ ਘਟਨਾ ਵਾਪਰਨ ਦੇ ਬਾਵਜੂਦ ਸਿਹਤ ਵਿਭਾਗ ਤੇ ਪੁਲਿਸ ਅਧਿਕਾਰੀ ਹਸਪਤਾਲ ਦੇ ਪ੍ਰਬੰਧਕਾਂ ਨੂੰ ਹਾਲੇ ਤੱਕ ਕੇਸ ਵਿਚੋਂ ਬਾਹਰ ਰੱਖ ਰਹੇ ਹਨ, ਹਾਲਾਂਕਿ ਇਹ ਵੀ ਪਤਾ ਚਲਿਆ ਹੈ ਕਿ ਕਾਬੂ ਕੀਤਾ ਗਿਆ ਵਿਅਕਤੀ ਇਸ ਕਾਂਡ ਵਿਚ ਹਸਪਤਾਲ ਦੇ ਡਾਕਟਰ ਨੂੰ ਵੀ ਬਰਾਬਰ ਦਾ ਜਿੰਮੇਵਾਰ ਠਹਿਰਾ ਰਿਹਾ ਹੈ।

ਆਪ ਦਾ ਦਾਅਵਾ: ਈ.ਡੀ ਦੀ ਜਾਂਚ ਨਾਲ ਚੰਨੀ ਦੇ ਕਾਲੇ ਕਾਰਨਾਮੇ ਆਉਣਗੇ ਜਨਤਾ ਸਾਹਮਣੇ

0

ਕਾਂਗਰਸ ਹਾਈਕਮਾਂਡ ਅਤੇ ਰਾਜਾ ਵੜਿੰਗ ਚੰਨੀ ਦੇ ਭਿ੍ਰਸ਼ਟਾਚਾਰ ਨਾਲ ਸੰਬੰਧਿਤ ਮਾਮਲਿਆਂ ਬਾਰੇ ਦੇਣ ਸਪੱਸ਼ਟੀਕਰਨ: ਮਾਲਵਿੰਦਰ ਸਿੰਘ ਕੰਗ
ਸੁਖਜਿੰਦਰ ਮਾਨ
ਚੰਡੀਗੜ੍ਹ, 14 ਅਪ੍ਰੈਲ: ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲੋਂ ਨਜਾਇਜ਼ ਰੇਤ ਖਣਨ ਅਤੇ ਮਨੀ ਲਾਂਡਰਿੰਗ ਮਾਮਲੇ ਈਡੀ ਵਲੋਂ ਜਾਂਚ- ਪੜਤਾਲ ਕਰਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਕਿ ਜਲਦੀ ਹੀ ਚੰਨੀ ਦੇ ਕਾਲ਼ੇ ਕਾਰਨਾਮੇ ਪੰਜਾਬ ਦੀ ਜਨਤਾ ਸਾਹਮਣੇ ਉਜਾਗਰ ਹੋਣਗੇੇ। ਅੱਜ ਇੱਥੇ ਜਾਰੀ ਕੀਤੇ ਇੱਕ ਬਿਆਨ ਵਿਚ ਪਾਰਟੀ ਦੇ ਸੀਨੀਅਰ ਆਗੂ ਅਤੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਦੋਸ਼ ਲਗਾਇਆ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਰਿਸਤੇਦਾਰ ਰਾਹੀਂ ਰੇਤ ਖਣਨ ਦਾ ਗੈਰਕਾਨੂੰਨੀ ਕਾਰੋਬਾਰ ਕਰਕੇ ਕਰੋੜਾਂ ਰੁਪਏ ਇੱਕਠੇ ਕੀਤੇ ਹਨ। ਇਸ ਲਈ ਕੇਂਦਰ ਸਰਕਾਰ ਦੇ ਅਦਾਰੇ ਇਨਫੋਰਸਮੈਂਟ ਡਾਇਰਕਟੋਰੇਟ ਵੱਲੋਂ ਸਾਬਕਾ ਮੁੱਖ ਮੰਤਰੀ ਕੋਲੋਂ ਰੇਤ ਖਣਨ ਅਤੇ ਮਨੀ ਲਾਂਡਰਿੰਗ ਮਾਮਲਿਆਂ ਵਿੱਚ ਤਲਬ ਕਰਕੇ ਜਾਂਚ- ਪੜਤਾਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਚੰਨੀ ਵੱਲੋਂ ਈ.ਡੀ. ਦੀ ਕਾਰਵਾਈ ਬਾਰੇ ਦਿੱਤਾ ਬਿਆਨ, ‘ਈ.ਡੀ. ਉਨ੍ਹਾਂ ਦੇ ਜਵਾਬਾਂ ਤੋਂ ਸੰਤੁਸ਼ਟ ਹੈ’ ਆਪਣੇ ਆਪ ਵਿੱਚ ਹੀ ਹਾਸੋਹੀਣਾ ਅਤੇ ਲੋਕਾਂ ਦੇ ਅੱਖੀਂ ਘੱਟਾ ਪਾਉਣ ਵਾਲਾ ਹੈ। ਅਜਿਹੇ ਬਿਆਨ ਦੇ ਕੇ ਚੰਨੀ ਆਪਣੇ- ਆਪ ਨੂੰ ਕਲੀਨ ਚਿੱਟ ਦੇ ਰਹੇ ਹਨ ਅਤੇ ਭਿ੍ਰਸ਼ਟਾਚਾਰ ਦੇ ਗੰਭੀਰ ਦੋਸ਼ਾਂ ਤੋਂ ਬਚਣ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ।
ਮਾਲਵਿੰਦਰ ਸਿੰਘ ਕੰਗ ਨੇ ਕਾਂਗਰਸ ਹਾਈਕਮਾਂਡ ਅਤੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੂੰ ਕਟਿਹਰੇ ਵਿੱਚ ਖੜ੍ਹੇ ਕਰਦਿਆਂ ਕਿਹਾ ਕਿ ਕਾਂਗਰਸ ਨੂੰ ਸਾਬਕਾ ਮੁੱਖ ਮੰਤਰੀ ਚੰਨੀ ਦੇ ਭਿ੍ਰਸ਼ਟਾਚਾਰ ਨਾਲ ਸੰਬੰਧਿਤ ਮਾਮਲਿਆਂ ਬਾਰੇ ਆਪਣਾ ਪੱਖ ਰੱਖਣਾ ਚਾਹੀਦਾ ਹੈ, ਕੀ ਕਾਂਗਰਸ ਚੰਨੀ ਦੇ ਭਿ੍ਰਸ਼ਟਾਚਾਰ ਦੇ ਨਾਲ ਖੜ੍ਹੀ ਹੈ? ਉਨ੍ਹਾਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਵਾਲ ਕੀਤਾ, ‘‘ਕੀ ਨਜਾਇਜ਼ ਰੇਤ ਖਣਨ ’ਚ ਉਹ ਵੀ ਚੰਨੀ ਦੇ ਨਾਲ 75 : 25 ਦੇ ਹਿੱਸੇਦਾਰ ਹਨ? ਜੇ ਨਹੀਂ ਤਾਂ ਕੀ ਉਹ ਚੰਨੀ ਦੇ ਖ਼ਿਲਾਫ ਕਾਰਵਾਈ ਕਰਨਗੇ ਅਤੇ ਚੰਨੀ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਣਗੇ?’’ ਕੰਗ ਨੇ ਕਿਹਾ ਕਿ ਬਤੌਰ ਮੁੱਖ ਮੰਤਰੀ ਰਹਿੰਦਿਆਂ ਚੰਨੀ ਨੇ ਸੂਬੇ ’ਚ ਵੱਡੇ ਪੱਧਰ ’ਤੇ ਰੇਤ ਮਾਫੀਆ ਚਲਾ ਕੇ ਆਪਣੀ ਅਤੇ ਆਪਣੇ ਰਿਸਤੇਦਾਰਾਂ ਦੀਆਂ ਤਿਜ਼ੌਰੀਆਂ ਭਰੀਆਂ ਸਨ। ਵਿਧਾਨ ਸਭਾ ਚੋਣਾ ਤੋਂ ਠੀਕ ਪਹਿਲਾਂ ਜਿਸ ਸਮੇਂ ‘ਆਪ’ ਆਗੂ ਰਾਘਵ ਚੱਢਾ ਨੇ ਚੰਨੀ ਦੇ ਹਲਕੇ ਸ੍ਰੀ ਚਮਕੌਰ ਸਾਹਿਬ ’ਚ ਚੱਲ ਰਹੇ ਗੈਰ ਕਾਨੂੰਨੀ ਰੇਤ ਖਣਨ ਦਾ ਪਰਦਾਫ਼ਾਸ਼ ਕੀਤਾ ਸੀ, ਤਾਂ ਉਸ ਸਮੇਂ ਚੰਨੀ ਅਤੇ ਕਾਂਗਰਸ ਦੇ ਆਗੂਆਂ ਨੇ ਰਾਘਵ ਚੱਢਾ ਅਤੇ ਪਾਰਟੀ ਦਾ ਮਜ਼ਾਕ ਬਣਾਇਆ ਸੀ। ਪਰ ਹੁਣ ਈ.ਡੀ ਦੀ ਕਾਰਵਾਈ ਨਾਲ ਕਾਂਗਰਸ ਅਤੇ ਚੰਨੀ ਦੀ ਸਚਾਈ ਲੋਕਾਂ ਸਾਹਮਣੇ ਆ ਚੁੱਕੀ ਹੈ ਅਤੇ ਉਨ੍ਹਾਂ ਦੇ ਭਿ੍ਰਸ਼ਟਾਚਾਰ ਦੀ ਪੋਲ ਖੁੱਲ੍ਹ ਰਹੀ ਹੈ।

ਬਠਿੰਡਾ ਪੁੱਜੇ ਮੁੱਖ ਮੰਤਰੀ ਵਲੋਂ ਬੇਰੁਜਗਾਰਾਂ ਨੂੰ ਨਾ ਮਿਲਣ ਕਾਰਨ ਰੋਸ਼

0

ਸੁਖਜਿੰਦਰ ਮਾਨ
ਬਠਿੰਡਾ, 14 ਅਪ੍ਰੈਲ: ਬੀਤੀ ਦੇਰ ਸ਼ਾਮ ਸਥਾਨਕ ਸ਼ਹਿਰ ਵਿਚ ਠਹਿਰਾਓ ਲਈ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪਣੀਆਂ ਮੰਗਾਂ ਲਈ ਮਿਲਣ ਦੀ ਕੋਸਿਸ਼ ਕਰਨ ਵਾਲੀ ਬੀ.ਐੱਡ ਟੈੱਟ ਪਾਸ ਬੇਰੁਜਗਾਰ ਅਧਿਆਪਕ ਯੂਨੀਅਨ ਦੇ ਆਗੂਆਂ ਨੇ ਨਾ ਮਿਲਣ ਦੇ ਚੱਲਦਿਆਂ ਰੋਸ਼ ਪ੍ਰਗਟ ਕੀਤਾ ਹੈ। ਬਲਾਕ ਪ੍ਰਧਾਨ ਗੁਰਮੁੱਖ ਸਿੰਘ ਨਸੀਬਪੁਰਾ ਤੇ ਸਟੇਟ ਕਮੇਟੀ ਮੈਂਬਰ ਮੁਨੀਸ ਫਾਜਲਿਕਾ ਨੇ ਦਸਿਆ ਕਿ ਉਨ੍ਹਾਂ ਮੁੱਖ ਮੰਤਰੀ ਨੂੰ ਪ੍ਰਸਾਸਨ ਰਾਹੀਂ ਮਿਲਣ ਦੀ ਕੋਸਿਸ ਕੀਤੀ ਸੀ ਪਰ ਪ੍ਰਸਾਸਨ ਨੇ ਸਮੇਂ ਦੀ ਘਾਟ ਤੇ ਸੁਰੱਖਿਆ ਦਾ ਹਵਾਲਾ ਦੇਕੇ ਯੂਨੀਅਨ ਦੇ ਸਾਥੀਆਂ ਦੀ ਜਗ੍ਹਾ ਆਪ ਯੂਨੀਅਨ ਦਾ ਮੰਗ ਪੱਤਰ ਮੁੱਖ ਮੰਤਰੀ ਤੱਕ ਪਹੁੰਚਾਉਣ ਦਾ ਭਰੋਸਾ ਦਿਵਾਇਆ। ਪ੍ਰੰਤੂ ਇਸਦੇ ਉਲਟ ਮੁੱਖ ਮੰਤਰੀ ਬੇਰੁਜਗਾਰਾਂ ਨੂੰ ਅੱਖੋਂ-ਪਰੋਖੇਂ ਕਰ ਆਪਣੇ ਵਿਧਾਇਕਾਂ ਤੇ ਆਗੂਆਂ ਨੂੰ ਮਿਲਦੇ ਨਜਰ ਆਏ। ਇੰਨ੍ਹਾਂ ਬੇਰੁਜ਼ਗਾਰ ਆਗੂਆਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਸੱਭ ਤੋਂ ਪਹਿਲਾਂ ਭਗਵੰਤ ਮਾਨ ਨੇ ਬੇਰੁਜਗਾਰੀ ’ਤੇ ਹਰਾ ਪਿੰਨ ਚਲਾਉਣ ਦਾ ਭਰੋਸਾ ਦਿੱਤਾ ਸੀ ਪ੍ਰੰਤੂ ਹੁਣ ਉਹ ਬੇਰੁਜ਼ਗਾਰਾਂ ਨੂੰ ਮਿਲਣ ਤੋਂ ਵੀ ਇੰਨਕਾਰੀ ਹੋਣ ਲੱਗੇ ਹਨ। ਇਸ ਮੌਕੇ ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਕਾਂਗਰਸ ਸਰਕਾਰ ਵਲੋਂ ਚੋਣ ਜਾਬਤੇ ਤੋਂ ਕੁੱਝ ਸਮਾਂ ਪਹਿਲਾਂ 4161 ਅਧਿਆਪਕਾਂ ਦੀਆਂ ਕੱਢੀਆਂ ਪੋਸਟਾਂ ਵਿੱਚ ਵਾਧਾ ਕਰਕੇ ਖਾਸਕਰ ਐੱਸ.ਐੱਸ.ਟੀ , ਪੰਜਾਬੀ, ਹਿੰਦੀ ਆਦਿ ਵਿਸ?ਿਆਂ ਦੀਆਂ ਪੋਸਟਾਂ ਵਿੱਚ ਵਾਧਾ ਕਰਕੇ ਜਲਦੀ ਭਰਤੀ ਨੂੰ ਪੂਰਾ ਕੀਤਾ ਜਾਵੇ।ਇਸ ਮੌਕੇ ਸੁਨੀਲ ਕੁਮਾਰ,,ਮਦਨ ਆਦਿ ਹਾਜਰ ਸਨ।

ਮੁੱਖ ਮੰਤਰੀ ਵੱਲੋਂ ਭਾਰਤ ਦੇ ਚੀਫ ਜਸਟਿਸ ਨੂੰ ਅੰਮਿ੍ਰਤਸਰ ਹਵਾਈ ਅੱਡੇ ਤੋਂ ਨਿੱਘੀ ਵਿਦਾਇਗੀ
ਮੁੜ ਪੰਜਾਬ ਆਉਣ ਦਾ ਦਿੱਤਾ ਸੱਦਾ

0

ਸੁਖਜਿੰਦਰ ਮਾਨ
ਅੰਮਿ੍ਰਤਸਰ, 14 ਅਪ੍ਰੈਲ: ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਅੱਜ ਭਾਰਤ ਦੇ ਚੀਫ ਜਸਟਿਸ ਐਨ.ਵੀ. ਰਮਨਾ, ਜੋ ਕਿ ਬੀਤੇ ਦਿਨ ਪਰਿਵਾਰ ਸਮੇਤ ਪਵਿੱਤਰ ਨਗਰੀ ਦੇ ਦੌਰੇ ਉਤੇ ਆਏ ਸਨ, ਨੂੰ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਨਿੱਘੀ ਵਿਦਾਇਗੀ ਦਿੱਤੀ। ਮੁੱਖ ਮੰਤਰੀ ਨੇ ਜਸਟਿਸ ਐਨ.ਵੀ. ਰਮਨਾ ਨਾਲ ਇਸ ਮੌਕੇ ਗੱਲਬਾਤ ਕੀਤੀ ਅਤੇ ਉਨਾਂ ਦਾ ਅੰਮਿ੍ਰਤਸਰ ਯਾਤਰਾ ਦਾ ਅਨੁਭਵ ਲਿਆ। ਸ੍ਰੀ ਰਮਨਾ ਨੇ ਅੰਮਿ੍ਰਤਸਰ ਦੀ ਯਾਤਰਾ ਨੂੰ ਯਾਦਗਾਰੀ ਪਲ ਦੱਸਦੇ ਅੰਮਿ੍ਰਤਸਰੀਆਂ ਵੱਲੋਂ ਕੀਤੀ ਪ੍ਰਹੁਣਚਾਰੀ ਦੀ ਸਰਾਹਨਾ ਕੀਤੀ। ਉਨਾਂ ਨੇ ਮੁੱਖ ਮੰਤਰੀ ਨੂੰ ਪੰਜਾਬ ਦੀ ਅਗਵਾਈ ਲਈ ਸ਼ੁਭ ਕਾਮਨਾਵਾਂ ਵੀ ਦਿੱਤੀਆਂ। ਇਸ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਦੇ ਵਿਕਾਸ ਲਈ ਉਲੀਕੀਆਂ ਕੁੱਝ ਯੋਜਨਾਵਾਂ ਵੀ ਚੀਫ ਜਸਟਿਸ ਸ੍ਰੀ ਰਮਨਾ ਨਾਲ ਸਾਂਝੀਆਂ ਕੀਤੀਆਂ।ਇਸ ਮੌਕੇ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ, ਜਿਲ੍ਹਾ ਤੇ ਸੈਸਨ ਜੱਜ ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ, ਮੁੱਖ ਮੰਤਰੀ ਦੇ ਵਿਸੇਸ ਪ੍ਰਮੁੱਖ ਸਕੱਤਰ ਸ੍ਰੀ ਰਵੀ ਭਗਤ, ਡਿਪਟੀ ਕਮਿਸਨਰ ਸ੍ਰੀ ਹਰਪ੍ਰੀਤ ਸੂਦਨ, ਪੁਲਿਸ ਕਮਿਸਨਰ ਅਰੁਣਪਾਲ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜਰ ਸਨ।

ਸੰਧਵਾਂ ਨੇ ਗੁਹਾਟੀ ‘ਚ 3 ਦਿਨਾਂ ਭਾਰਤੀ ਖੇਤਰੀ ਰਾਸਟਰਮੰਡਲ ਸੰਸਦੀ ਕਾਨਫਰੰਸ ਵਿੱਚ ਲਿਆ ਹਿੱਸਾ

0

ਗੁਹਾਟੀ ਅਤੇ ਨਗਾਓਂ ਦੇ ਗੁਰੂ ਘਰਾਂ ‘ਚ ਵੀ ਹੋਏ ਨਤਮਸਤਕ
ਸੁਖਜਿੰਦਰ ਮਾਨ
ਚੰਡੀਗੜ੍ਹ, 14 ਅਪ੍ਰੈਲ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ 11 ਤੋਂ 13 ਅਪ੍ਰੈਲ ਤੱਕ ਗੁਹਾਟੀ (ਆਸਾਮ) ਵਿਖੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਦੀ ਪ੍ਰਧਾਨਗੀ ਹੇਠ ਹੋਈ 8ਵੀਂ ਭਾਰਤੀ ਖੇਤਰੀ ਰਾਸਟਰਮੰਡਲ ਸੰਸਦੀ ਕਾਨਫਰੰਸ ਵਿੱਚ ਹਿੱਸਾ ਲਿਆ। ਪੰਜਾਬ ਵਿਧਾਨ ਸਭਾ ਦੇ ਸਕੱਤਰ ਸੁਰਿੰਦਰ ਪਾਲ ਵੀ ਉਹਨਾਂ ਨਾਲ ਸਨ। ਸੰਧਵਾਂ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਭਾਰਤ ਦੀਆਂ ਵੱਖ-ਵੱਖ ਵਿਧਾਨ ਸਭਾਵਾਂ ਦੇ ਸਾਰੇ ਪ੍ਰੀਜਾਈਡਿੰਗ ਅਫਸਰਾਂ (ਸਪੀਕਰ/ਚੇਅਰਮੈਨ) ਅਤੇ ਸਕੱਤਰਾਂ ਨੇ ਵਿਧਾਨ ਸਭਾਵਾਂ ਵਿੱਚ ਦਰਪੇਸ ਮੁੱਦਿਆਂ ਅਤੇ ਹੋਰ ਸਬੰਧਿਤ ਵਿਸ?ਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਸੰਧਵਾਂ ਨੇ ਵੀ ਇਸ ਕਾਨਫਰੰਸ ਵਿੱਚ ਆਪਣੇ ਵਿਚਾਰ ਪੇਸ ਕੀਤੇ। ਇਸ ਦੌਰਾਨ ਕੁਲਤਾਰ ਸਿੰਘ ਸੰਧਵਾਂ ਗੁਹਾਟੀ ਅਤੇ ਨਗਾਓਂ ਦੇ ਗੁਰੂ ਘਰਾਂ ‘ਚ ਵੀ ਨਤਮਸਤਕ ਹੋਏ। ਪਹਿਲੇ ਦਿਨ ਉਹਨਾਂ ਨੇ ਗੁਰਦੁਆਰਾ ਸਹੀਦਾਂ ਸਿੰਘਾਂ ਲਾਲਮਤੀ ਵਿਖੇ ਅਤੇ ਆਖਰੀ ਦਿਨ ਨਗਾਓਂ ਜ?ਿਲ੍ਹੇ ਦੇ ਮਾਤਾਜੀ ਗੁਰੂਦੁਆਰਾ ਸਾਹਿਬ ਛਾਪਰਮੁਖ ਵਿਖੇ ਮੱਥਾ ਟੇਕਿਆ। ਇਹਨਾਂ ਗੁਰੂਘਰਾਂ ਦੇ ਪ੍ਰਬੰਧਕਾਂ ਨੇ ਸੰਧਵਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

ਭਤੀਜ਼ੇ ‘ਹਨੀ’ ਤੋਂ ਬਾਅਦ ਸਾਬਕਾ ਮੁੱਖ ਮੰਤਰੀ ‘ਚੰਨੀ’ ਵੀ ਆਏ ਰਾਡਾਰ ’ਤੇ, ਈ.ਡੀ ਨੇ ਕੀਤੀ ਪੁਛਗਿਛ

0

ਸੁਖਜਿੰਦਰ ਮਾਨ
ਜਲੰਧਰ, 14 ਅਪ੍ਰੈਲ: ਐਨ ਚੋਣਾਂ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜ਼ੇ ਭੁਪਿੰਦਰ ਸਿੰਘ ਹਨੀ ਦੇ ਘਰ ਤੇ ਦਫ਼ਤਰ ਵਿਚ ਛਾਪੇਮਾਰੀ ਕਰਕੇ 10 ਕਰੋੜ ਦੇ ਕਰੀਬ ਨਗਦੀ ਤੇ ਹੋਰ ਕੀਮਤੀ ਸਮਾਨ ਬਰਾਮਦ ਕਰਕੇ ਪੰਜਾਬ ਦੀ ਸਿਆਸਤ ’ਚ ਤਰਥੱਲੀ ਮਚਾਉਣ ਦੇ ਬਾਅਦ ਹੁਣ ਖ਼ੁਦ ਚੰਨੀ ਵੀ ਈਡੀ ਦੀ ਰਾਡਾਰ ‘ਤੇ ਆ ਗਏ ਹਨ। ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ ਵਿਚ ਈ.ਡੀ ਵਲੋਂ ਬੀਤੀ ਦੇਰ ਰਾਤ ਸਾਬਕਾ ਮੁੱਖ ਮੰਤਰੀ ਚੰਨੀ ਕੋਲੋ ਵੀ ਕਰੀਬ 6 ਘੰਟੇ ਪੁਛਗਿਛ ਕੀਤੀ ਗਈ ਹੈ। ਹਾਲਾਂਕਿ ਚੰਨੀ ਵਲੋਂ ਕੀਤੇ ਟਵੀਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਈਡੀ ਅਧਿਕਾਰੀ ਉਨ੍ਹਾਂ ਵਲੋਂ ਦਿੱਤੇ ਸਵਾਲਾਂ ਦੇ ਜਵਾਬ ਤੋਂ ਸੰਤੁਸ਼ਟ ਹਨ ਪ੍ਰੰਤੂ ਇਸ ਘਟਨਾਕ੍ਰਮ ਨਾਲ ਨਾ ਸਿਰਫ਼ ਕਾਂਗਰਸ ਪਾਰਟੀ ਨੂੰ ਵੱਡੀ ਨਮੋਸੀ ਦਾ ਸਾਹਮਣਾ ਕਰਨਾ ਪਿਆ ਹੈ, ਬਲਕਿ ਆਉਣ ਵਾਲੇ ਦਿਨਾਂ ਵਿਚ ਚੰਨੀ ਦੀਆਂ ਮੁਸ਼ਕਿਲਾਂ ਵਿਚ ਵਾਧਾ ਹੋ ਸਕਦਾ ਹੈ। ਗੌਰਤਲਰਬ ਹੈ ਕਿ ਇਸ ਮਾਮਲੇ ਵਿਚ ਵਿਰੋਧੀ ਪਾਰਟੀਆਂ ਨੇ ਚੰਨੀ ਦੇ ਭਤੀਜ਼ੇ ਹਨੀ ਦੀ ਗਿ੍ਰਫਤਾਰੀ ਤੋਂ ਬਾਅਦ ਇਸ ਰੇਤ ਮਾਫ਼ੀਆ ਦੇ ਪਿੱਛੇ ਤਤਕਾਲੀ ਮੁੱਖ ਮੰਤਰੀ ਚੰਨੀ ਦਾ ਹੱਥ ਦਸਦਿਆਂ ਉਨ੍ਹਾਂ ਵਿਰੁਧ ਕਾਰਵਾਈ ਦੀ ਮੰਗ ਕੀਤੀ ਸੀ।

ਪੰਜਾਬ ਦੇ ਮੁੱਖ ਮੰਤਰੀ ਨੇ ਖਾਲਸਾ ਸਾਜਨਾ ਦਿਵਸ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਟੇਕਿਆ ਮੱਥਾ

0

ਲੋਕਾਂ ਨਾਲ ਕੀਤੇ ਸਾਰੇ ਵਾਅਦੇ ਇੰਨ-ਬਿੰਨ ਪੂਰੇ ਕੀਤੇ ਜਾਣਗੇ-ਭਗਵੰਤ ਮਾਨ
ਸੁਖਜਿੰਦਰ ਮਾਨ
ਤਲਵੰਡੀ ਸਾਬੋ (ਬਠਿੰਡਾ) 14 ਅਪ੍ਰੈਲ: ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਨੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਸੁਭ ਅਵਸਰ ’ਤੇ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਿਆ। ਮੁੱਖ ਮੰਤਰੀ ਬੀਤੀ ਦੇਰ ਸਾਮ ਬਠਿੰਡਾ ਪੁੱਜੇ ਅਤੇ ਇੱਥੇ ਰਾਤ ਭਰ ਠਹਿਰਣ ਤੋਂ ਬਾਅਦ ਅੱਜ ਸਵੇਰੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਮੁੱਖ ਮੰਤਰੀ ਸ. ਭਗਵੰਤ ਮਾਨ ਨੇ ਸੰਗਤਾਂ ਦੇ ਨਾਲ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ।ਇਸ ਉਪਰੰਤ ਮੀਡੀਆ ਦੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੀ ’ਆਪ’ ਸਰਕਾਰ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਆਪਣੇ ਵਾਅਦਿਆਂ ਨੂੰ ਹਰ ਹਾਲਤ ਵਿੱਚ ਪੂਰਾ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ, “ਪ੍ਰਮਾਤਮਾ ਦੇ ਆਸੀਰਵਾਦ ਅਤੇ ਜਨਤਾ ਵੱਲੋਂ ਸਾਡੇ ਵਿੱਚ ਦਿਖਾਏ ਅਥਾਹ ਵਿਸਵਾਸ ਅਤੇ ਭਰੋਸੇ ਨਾਲ, ਅਸੀਂ ਪੰਜਾਬ ਦਾ ਵਿਕਾਸ ਕਰਨ ਵਿੱਚ ਕੋਈ ਕਸਰ ਨਹੀਂ ਛੱਡਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਆਪਣੇ ਵਾਅਦਿਆਂ ਨੂੰ ਸਹੀ ਮਾਅਨਿਆਂ ਵਿੱਚ ਪੂਰਾ ਕਰਕੇ ਲੋਕਾਂ ਦੀਆਂ ਉਮੀਦਾਂ ਦੀ ਖਰਾ ਉਤਰਨ ਤੋਂ ਪਿੱਛੇ ਨਹੀਂ ਹਟਿਆ ਜਾਵੇਗਾ।”ਇਸ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਅਤੇ ਉਨ੍ਹਾਂ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਸਿਹਤ ਮੰਤਰੀ ਡਾ. ਵਿਜੈ ਸਿੰਗਲਾ, ਐਮਐਲਏ ਤਲਵੰਡੀ ਸਾਬੋ ਸ਼੍ਰੀਮਤੀ ਬਲਜਿੰਦਰ ਕੌਰ, ਐਮਐਲਏ ਮੌੜ ਸ਼੍ਰੀ ਸੁਖਬੀਰ ਸਿੰਘ ਮਾਈਸਰਖਾਨਾ, ਐਮਐਲਏ ਭੁੱਚੋਂ ਮਾਸਟਰ ਜਗਸੀਰ ਸਿੰਘ ਅਤੇ ਵਿਧਾਇਕ ਸਰਦੂਲਗੜ੍ਹ ਸ਼੍ਰੀ ਗੁਰਪ੍ਰੀਤ ਸਿੰਘ ਬਣਾਵਾਲੀ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਮੈਨੇਜ਼ਰ ਭਾਈ ਪਰਮਜੀਤ ਸਿੰਘ ਅਤੇ ਗੁਰੂਦੁਆਰਾ ਬੇਰ ਸਾਹਿਬ ਦੇਗਸਰ ਵਿਖੇ ਬੁੱਢਾਦਲ ਮੁਖੀ ਸਿੰਘ ਸਾਹਿਬ ਬਾਬਾ ਬਲਵੀਰ ਸਿੰਘ ਵਲੋਂ ਸਿਰੋਪਾਓ ਦੇ ਕੇ ਸਨਾਮਾਨਿਤ ਵੀ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਆਗੂ ਅਤੇ ਵਰਕਰ ਵੀ ਵਿਸ਼ੇਸ਼ ਤੌਰ ਤੇ ਹਾਜਰ ਸਨ।

ਦੰਦਾਂ ਦੀਆਂ ਬੀਮਾਰੀਆਂ ਤੇ ਮੂੰਹ ਦੇ ਕੈਂਸਰ ਦੇ ਮੁਫਤ ਚੈਕਅੱਪ ਸਬੰਧੀ ਕੈਂਪ ਆਯੋਜਿਤ

0

50 ਮਾਹਿਰ ਡਾਕਟਰਾਂ ਦੀਆਂ ਟੀਮਾਂ ਵਲੋਂ ਨਿਭਾਈਆਂ ਸੇਵਾਵਾਂ
ਸੁਖਜਿੰਦਰ ਮਾਨ
ਤਲਵੰਡੀ ਸਾਬੋ (ਬਠਿੰਡਾ), 14 ਅਪ੍ਰੈਲ: ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਤਖਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਵਿਸਾਖੀ ਦੇ ਦਿਹਾੜੇ ‘ਤੇ ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਤੇ ਹਸਪਤਾਲ ਲੁਧਿਆਣਾ ਵੱਲੋਂ ਦੰਦਾਂ ਦੀਆਂ ਬੀਮਾਰੀਆਂ ਅਤੇ ਮੂੰਹ ਦੇ ਕੈਂਸਰ ਦੇ ਮੁਫਤ ਚੈਕਅੱਪ ਕੈਂਪ ਦਾ ਆਯੋਜਨ ਕੀਤਾ ਗਿਆ । ਇਹ ਜਾਣਕਾਰੀ ਵਿਭਾਗ ਦੇ ਮੁਖੀ ਡਾ. ਨਵਦੀਪ ਕੌਰ ਨੇ ਸਾਂਝੀ ਕੀਤੀ।ਇਸ ਮੌਕੇ ਡਾ. ਨਵਦੀਪ ਕੌਰ ਨੇ ਹੋਰ ਦੱਸਿਆ ਕਿ ਕੈਂਪ ਦੌਰਾਨ ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਅਤੇ ਹਸਪਤਾਲ ਦੇ 50 ਮਾਹਿਰ ਡਾਕਟਰਾਂ ਦੀਆਂ ਟੀਮਾਂ ਵਲੋਂ ਆਪਣੀਆਂ ਸੇਵਾਵਾਂ ਨਿਭਾਈਆਂ ਗਈਆਂ। ਇਸ ਮੌਕੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਬਾਬਾ ਕਾਕਾ ਸਿੰਘ ਮਸਤੂਆਣਾ ਸਾਹਿਬ, ਬਾਬਾ ਕਸਮੀਰਾ ਸਿੰਘ ਕਾਰਸੇਵਾ ਭੂਰੀ ਸਾਹਿਬ ਅਤੇ ਹੋਰ ਸਖਸੀਅਤਾਂ ਸਾਮਿਲ ਹੋਈਆਂ। ਇਸ ਮੌਕੇ ਡਾਕਟਰੀ ਟੀਮ ਵਲੋਂ ਵੱਖ-ਵੱਖ ਥਾਵਾਂ ਤੋਂ ਆਏ ਸਰਧਾਲੂਆਂ ਵਿੱਚ ਦੰਦਾਂ ਅਤੇ ਮੂੰਹ ਦੀ ਸਾਫ਼-ਸਫਾਈ ਸਬੰਧੀ ਜਾਗਰੂਕ ਕੀਤਾ ਗਿਆ।

ਭਗਵੰਤ ਮਾਨ ਨੇ ਆਪਣੀਆਂ ਤਾਕਤਾਂ ਕੇਜਰੀਵਾਲ ਨੂੰ ਸੋਂਪੀਆਂ, ਕੇਜ਼ਰੀਵਾਲ ਕਰ ਰਿਹਾ ਹੈ ਐਸ ਐਸ ਪੀ ਤੇ ਡੀ ਸੀ ਦੀਆਂ ਨਿਯੁਕਤੀਆਂ : ਸੁਖਬੀਰ ਸਿੰਘ ਬਾਦਲ

0

ਕਣਕ ਦਾ ਝਾੜ ਘੱਟ ਨਿਕਲਣ ਲਈ 500 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦੀ ਕੀਤੀ ਪੰਜਾਬ ਸਰਕਾਰ ਕੋਲੋ ਮੰਗ ਸੁਖਜਿੰਦਰ ਮਾਨ
ਤਲਵੰਡੀ ਸਾਬੋ, 14 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਉਪਰ ਆਪਣੀਆਂ ਤਾਕਤਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਅੱਗੇ ਸਮਰਪਣ ਕਰਨ ਦਾ ਦੋਸ਼ ਲਗਾਉਂਦਿਆਂ ਦਾਅਵਾ ਕੀਤਾ ਕਿ ਸ੍ਰੀ ਕੇਜਰੀਵਾਲ ਹੀ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਵਿਚ ਪੰਜਾਬ ਦੇ ਅਫਸਰਾਂ ਦੀਆਂ ਨਾ ਸਿਰਫ ਮੀਟਿੰਗਾਂ ਲੈ ਰਹੇ ਹਨ ਬਲਕਿ ਐਸ ਐਸ ਪੀ ਅਤੇ ਡਿਪਟੀ ਕਮਿਸ਼ਨਰਾਂ ਦੀ ਨਿਯੁਕਤੀ ਵੀ ਕਰ ਰਹੇ ਹਨ। ਅੱਜ ਤਖਤ ਸ੍ਰੀ ਦਮਦਮ ਸਾਹਿਬ ਸਾਹਿਬ ਵਿਖੇ ਖਾਲਸਾ ਸਾਜਣਾ ਦਿਵਸ ਮੌਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਦਲ ਦੇ ਪ੍ਰਧਾਨ ਸ: ਬਾਦਲ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਨੇ ਨਾ ਸਿਰਫ ਪੰਜਾਬ ਵਿਚ ਪ੍ਰਸ਼ਾਸਨ ਦਾ ਕੰਟਰੋਲ ਆਪਣੇ ਹੱਥ ਵਿਚ ਲੈ ਲਿਆ ਹੈ ਬਲਕਿ ਉਹ ਹਿਮਾਚਲ ਪ੍ਰਦੇਸ਼ ਵਿਚ ਚੋਣ ਪ੍ਰਚਾਰ ਵਾਸਤੇ ਸੂਬੇ ਦੇ ਹੈਲੀਕਾਪਟਰ ਦੀ ਵਰਤੋਂ ਕਰਨ ਸਮੇਤ ਸੂਬੇ ਦੇ ਸਰੋਤਾਂ ਦੀ ਵੀ ਵਰਤੋਂ ਕਰ ਰਹੇ ਹਨ। ਉਹਨਾਂ ਕਿਹਾ ਕਿ ਹੁਣ ਪੰਜਾਬ ਪੁਲਿਸ ਦੇ 90 ਕਮਾਂਡੋ ਦਿੱਲੀ ਦੇ ਮੁੱਖ ਮੰਤਰੀ ਨਾਲ ਤਾਇਨਾਤ ਕਰ ਦਿੱਤੇ ਗਏ ਹਨ।ਇਸ ਤੋਂ ਪਹਿਲਾਂ ਗੁਰੂ ਸਾਹਿਬਾਨ ਨੁੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਅਤੇ ਅਕਾਲੀ ਦਲ ਤੇ ਸ੍ਰੋਮਣੀ ਅਕਾਲੀ ਦਲ ਨੁੰ ਸਿੱਖ ਕੌਮ ਦੇ ਦੋ ਥੰਮ ਹੋਣ ਦੀ ਗੱਲ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ੍ਰੀ ਭਗਵੰਤ ਮਾਨ ਅੱਜ ਸ਼ਰਾਬ ਪੀ ਕੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ। ਉਹਨਾਂ ਕਿਹਾ ਕਿ ਉਹ ਕੁਝ ਸਮੇਂ ਲਈ ਬੋਲਣਾ ਨਹੀਂ ਚਾਹੁੰਦੇ ਸਨ ਤੇ ਨਵੀਂ ਸਰਕਾਰ ਨੁੰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦਾ ਸਮਾਂ ਦੇਣਾ ਚਾਹੁੰਦੇ ਸਨ ਪਰ ਮੁੱਖ ਮੰਤਰੀ ਦੀਆਂ ਕਾਰਵਾਈਆਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਸ੍ਰੀ ਭਗਵੰਤ ਮਾਨ ਇਸ ਤਰੀਕੇ ਪੇਸ਼ ਆਏ ਹੋਣ। ਉਹਨਾਂ ਕਿਹਾ ਕਿ ਪਹਿਲਾਂ ਵੀ ਉਹਨਾਂ ਇਸ ਪਵਿੱਤਰ ਅਸਥਾਨ ’ਤੇ ਅਤੇ ਬਰਗਾੜੀ ਧਰਨੇ ‘ਤੇ ਸ਼ਰਾਬ ਪੀ ਕੇ ਸ਼ਮੂਲੀਅਤ ਕੀਤੀ ਸੀ।
ਅਕਾਲੀ ਦਲ ਦੇ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੂੰ ਸੂਬੇੇ ਦੇ ਹਿੱਤਾਂ ਦੀ ਰਾਖੀ ਕਰਨੀ ਚਾਹੀਦੀ ਹੈ ਤੇ ਉਹਨਾਂ ਦੱਸਿਆ ਕਿ ਕਿਵੇਂ ਪੰਜਾਬ ਦੇ ਪੰਜ ਆਮ ਆਦਮੀ ਪਾਰਟੀ ਰਾਜ ਸਭਾ ਮੈਂਬਰਾਂ ਨੇ ਚੰਡੀਗੜ੍ਹ ’ਤੇ ਪੰਜਾਬ ਦਾਅਵੇ ਨੁੰ ਕੇਂਦਰ ਸਰਕਾਰ ਵੱਲੋਂ ਕਮਜ਼ੋਰ ਕਰਨ ਅਤੇ ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਵਾਸਤੇ ਇਕ ਵਾਰ ਵੀ ਆਵਾਜ਼ ਬੁਲੰਦ ਨਹੀਂ ਕੀਤੀ। ਉਹਨਾਂ ਕਿਹਾ ਕਿ ਇਹ ਮਾਮਲਾ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਜ਼ੋਰਦਾਰ ਢੰਗ ਨਾਲ ਚੁੱਕਿਆ। ਸ: ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਣਕ ਦਾ ਝਾੜ ਘੱਟ ਨਿਕਲਣ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਲਈ 500 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦੇਵੇ। ਉਹਨਾਂ ਦੱਸਿਆ ਕਿ ਕਿਵੇਂ ਪੰਥ ਵਿਰੋਧੀ ਤਾਕਤਾਂ ਅਕਾਲੀ ਦਲ ਨੂੰ ਬਦਨਾਮ ਕਰ ਕੇ ਇਸਨੁੰ ਕਮਜ਼ੋਰ ਕਰਨਾ ਚਾਹੁੰਦੀਆਂ ਹਨ। ਉਹਨਾਂ ਕਿਹਾ ਕਿ ਇਹ ਤਾਕਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਸਾਡੇ ਗੁਰੂ ਘਰਾਂ ’ਤੇ ਕਬਜ਼ਾ ਚਾਹੁੰਦੀਆਂ ਹਨ ਤੇ ਹੁਣ ਨਿਸ਼ਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟ ’ਤੇ ਕਬਜ਼ਾ ਕਰਨਾ ਹੈ।
ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਕਿਵੇਂ ਸਾਰੇ ਵਿਰੋਧਾਂ ਦੇ ਬਾਵਜੁਦ ਸਿੱਖ ਡਟੇ ਹੋਏ ਹਨ। ਉਹਨਾਂ ਕਿਹਾ ਕਿ ਹੁਣ ਵੀ ਕੌਮ ਵਿਚ ਕੁਝ ਕਾਲੀਆਂ ਭੇਡਾਂ ਹਨ ਜੋ ਪੰਥ ਅਤੇ ਪੰਥਕ ਸੰਸਥਾਵਾਂ ਦੇ ਖਿਲਾਫ ਸਾਜ਼ਿਸ਼ਾਂ ਰਚ ਰਹੀਆਂ ਹਨ। ਉਹਨਾਂ ਨੇ ਕੌਮ ਨੁੰ ਅਪੀਲ ਕੀਤੀ ਕਿ ਉਹ ਪੰਥ ਦੀ ਰਾਖੀ ਵਾਸਤੇ ਕੰਮ ਕਰਨ ਅਤੇ ਸਾਰੀਆਂ ਪੰਥ ਵਿਰੋਧੀ ਤਾਕਤਾਂ ਨੂੰ ਸਮੇਂ ਸਿਰ ਮਾਤ ਦੇਣ।ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਨੂੰ ਝਾੜ ਘੱਟ ਨਿਕਲਣ ਦਾ ਮੁਆਵਜ਼ਾ ਦੇਵੇ ਤੇ ਡੀਜ਼ਲ ’ਤੇ ਵੈਟ ਘਟਾਵੇ ਅਤੇ ਨਾਲ ਹੀ ਬਿਜਲੀ ਦੀ ਢੁਕਵੀਂ ਸਪਲਾਈ ਦਾ ਪ੍ਰਬੰਧ ਕਰੇ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਉਹ ਲੰਗਰ ’ਤੇ ਜੀ ਐਸ ਟੀ ਦੇ ਮੁੱਦੇ ਅਤੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦੁਆਉਣ ਦੇ ਮੁੱਕੇ ਚੁੱਕਦੇ ਰਹੇ ਹਨ। ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਨੇ ਇਕ ਮਤਾ ਪੇਸ਼ ਕੀਤਾ ਜਿਸ ਵਿਚ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਬਲਵੰਤ ਸਿੰਘ ਰਾਜੋਆਣਾ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਤੇ ਜਗਤਾਰ ਸਿੰਘ ਹਵਾਰਾ ਸਮੇਤ ਜਿਹੜੇ ਸਿੱਖ ਕੈਦੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਉਹਨਾ ਨੁੰ ਰਿਹਾਅ ਕੀਤਾ ਜਾਵੇ। ਇਹ ਮਤਾ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿਚ ਪਾਸ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਐਮ.ਪੀ ਜਗਮੀਤ ਸਿੰਘ ਬਰਾੜ, ਸੀਨੀਅਰ ਆਗੂ ਤੇਜਿੰਦਰ ਸਿੰਘ ਮਿੱਡੂਖੇੜਾ, ਜਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ, ਸੀਨੀਅਰ ਆਗੂ ਜਗਸੀਰ ਸਿੰਘ ਜੱਗਾ ਕਲਿਆਣ, ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ, ਦਰਸ਼ਨ ਸਿੰਘ ਕੋਟਫੱਤਾ, ਜੀਤਮਹਿੰਦਰ ਸਿੱਧੂ, ਦਿਲਰਾਜ ਸਿੰਘ ਭੂੰਦੜ, ਇਕਬਾਲ ਸਿੰਘ ਬਬਲੀ ਢਿੱਲੋਂ, ਮੋਹਿਤ ਗੁਪਤਾ, ਚਮਕੌਰ ਮਾਨ ਤੇ ਹੋਰ ਆਗੂ ਵੀ ਮੌਜੂਦ ਸਨ।

Our Visitor

1899993