ਲੋਕਾਂ ਨੇ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਚਾੜਿਆ ਕੁਟਾਪਾ, ਪੁਲਿਸ ਵਲੋਂ ਪਰਚਾ ਦਰਜ਼
ਸੁਖਜਿੰਦਰ ਮਾਨ
ਬਠਿੰਡਾ, 31 ਮਾਰਚ : ਕੁੱਝ ਦਿਨ ਪਹਿਲਾਂ ਪਿੰਡ ਨਕੋਦਰ ਮੱਲੀਆਂ ਵਿਖੇ ਕਬੱਡੀ ਟੂਰਨਾਮੈਂਟ ਦੌਰਾਨ ਅੰਤਰਰਾਸ਼ਟਰੀ ਖਿਡਾਰੀ ਸੰਦੀਪ ਅੰਬੀਆਂ ਦੇ ਕਤਲ ਦਾ ਮਾਮਲੇ ਦੀ ਚਰਚਾ ਹਾਲੇ ਖ਼ਤਮ ਨਹੀਂ ਹੋਈ ਸੀ ਕਿ ਬੀਤੀ ਦੇਰ ਸ਼ਾਮ ਜ਼ਿਲ੍ਹੇ ਦੇ ਪਿੰਡ ਕੋਠਾ ਗੁਰੂ ਵਿਖੇ ਇਕ ਰੋਜਾ ਕਬੱਡੀ ਟੂਰਨਾਮੈਂਟ ਦੌਰਾਨ ਟੀਮ ’ਚ ਵੱਧ ਭਾਰ ਵਾਲੇ ਖਿਡਾਰੀਆਂ ਨੂੰ ਖਿਡਾਉਣ ਨੂੰ ਲੈ ਕੇ ਹੋਈ ਤਕਰਾਰ ਵਿਚ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਹੈ। ਹਾਲਾਂਕਿ ਇਸ ਘਟਨਾ ਵਿਚ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ ਪ੍ਰੰਤੂ ਮੌਕੇ ’ਤੇ ਮੌਜੂਦ ਲੋਕਾਂ ਨੇ ਗੋਲੀਆਂ ਚਲਾਉਣ ਵਾਲੇ ਨੌਜਵਾਨਾਂ ਵਿਚੋਂ ਦੋ ਨੂੰ ਕਾਬੂ ਕਰਕੇ ਚੰਗਾ ਕੁਟਾਪਾ ਚਾੜਣ ਦੀ ਸੂਚਨਾ ਹੈ। ਥਾਣਾ ਦਿਆਲਪੁਰਾ ਦੀ ਪੁਲਿਸ ਵਲੋਂ ਇਸ ਮਾਮਲੇ ਵਿਚ ਉਕਤ ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ। ਇਸ ਸਬੰਧ ਵਿਚ ਰਾਜਵਿੰਦਰ ਸਿਘ ਨਾਂ ਦੇ ਨੌਜਵਾਨ ਦੀ ਸਿਕਾਇਤ ਉਪਰ ਸੱਤ ਨੌਜਵਾਨਾਂ ਵਿਰੁਧ ਪਰਚਾ ਦਰਜ਼ ਕਰ ਲਿਆ ਹੈ। ਮਾਮਲੇ ਦੀ ਪੁਸਟੀ ਕਰਦਿਆਂ ਥਾਣਾ ਮੁਖੀ ਇੰਸਪੈਕਟਰ ਸੰਦੀਪ ਸਿੰਘ ਭਾਟੀ ਨੇ ਦਸਿਆ ਕਿ ਬੁੱਧਵਾਰ ਨੂੰ ਪਿੰਡ ਕੋਠਾ ਗੁਰੂ ਵਿਖੇ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੀ। ਇਸੇ ਦੌਰਾਨ ਦੇਰ ਸਾਮ ਜਦ ਕੋਠਾ ਗੁਰੂ ਤੇ ਚਾਉਕੇ ਦੇ ਖਿਡਾਰੀਆਂ ਵਿਚਕਾਰ 52 ਕਿਲੋ ਵਾਲੇ ਖਿਡਾਰੀਆਂ ਦਾ ਮੈਚ ਚੱਲ ਰਿਹਾ ਸੀ ਤਾਂ ਚਾਉਕੇ ਦੀ ਟੀਮ ਵਲੋਂ ਕਥਿਤ ਤੌਰ ’ਤੇ ਇੱਕ ਵੱਧ ਭਾਰ ਵਾਲੇ ਖਿਡਾਰੀਆਂ ਨੂੰ ਖਿਡਾਉਣ ਨੂੰ ਲੈ ਕੇ ਦੋਨਾਂ ਵਿਚਕਾਰ ਤਕਰਾਰ ਹੋ ਗਿਆ। ਇਸ ਦੌਰਾਨ ਕੁੱਝ ਨੌਜਵਾਨਾਂ ਨੇ ਕੋਠਾਗੁਰੂ ਟੀਮ ਦੀ ਹਿਮਾਇਤ ਕਰਦਿਆਂ ਫ਼ਾਈਰਿੰਗ ਕਰ ਦਿੱਤੀ, ਜਿਸ ਕਾਰਨ ਮੌਕੇ ’ਤੇ ਭਗਦੜ ਮੱਚ ਗਈ। ਮੌਕੇ ’ਤੇ ਹੀ ਕੁੱਝ ਨੌਜਵਾਨਾਂ ਵਲੋਂ ਗੋਲੀਆਂ ਚਲਾਉਣ ਵਾਲੇ ਨੌਜਵਾਨਾਂ ਵਿਚੋਂ ਵਿਸਨੂੰ ਉਰਫ਼ ਗੋਲਾ ਅਤੇ ਅਮਰ ਸਿੰਘ ਨੂੰ ਕਾਬੂ ਕਰਕੇ ਕੁਟਾਪਾ ਚਾੜ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪੁੱਜੀ ਤੇ ਉਕਤ ਦੋਨਾਂ ਨੂੰ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ। ਪੁਲਿਸ ਅਧਿਕਾਰੀਆਂ ਮੁਤਾਬਕ ਮੌਕੇ ਤੋਂ 12 ਬੋਰ ਦੀ ਰਾਈਫ਼ਲ ਅਤੇ 3 ਚੱਲੇ ਹੋਏ ਖ਼ਾਲੀ ਕਾਰਤੂਸ ਵੀ ਬਰਾਮਦ ਕਰ ਲਏ। ਥਾਣਾ ਮੁਖੀ ਨੇ ਦਸਿਆ ਕਿ ਵਿਸਨੂੰ ਉਰਫ਼ ਗੋਲਾ ਤੇ ਅਮਰ ਸਿੰਘ ਦੀ ਗਿ੍ਰਫਤਾਰੀ ਪਾ ਲਈ ਹੈ ਜਦੋਂਕਿ ਗੁਰਪ੍ਰੀਤ ਮੋਟਾ ਅਤੇ ਜੱਗਦੀਪ ਉਰਫ਼ ਗੱਗਾ ਤੇ ਤਿੰਨ ਅਣਪਛਾਤੇ ਵਿਅਕਤੀਆਂ ਨੂੰ ਕਾਬੂ ਕਰਨ ਵਾਲਾ ਬਾਕੀ ਹੈ। ਇੰਨ੍ਹਾਂ ਸਾਰਿਆਂ ਵਿਰੁਧ ਧਾਰਾ 307, 148,149 ਆਈ.ਪੀ.ਸੀ ਤੇ ਅਸਲਾ ਐਕਟ ਤਹਿਤ ਕੇਸ ਦਰਜ਼ ਕੀਤਾ ਗਿਆ ਹੈ।
ਬਠਿੰਡਾ ਦੇ ਕੋਠਾਗੁਰੂ ’ਚ ਕਬੱਡੀ ਟਰਨਾਮੈਂਟ ਦੌਰਾਨ ਚੱਲੀਆਂ ਗੋਲੀਆਂ
ਹਰਿਆਣਾ ਸਰਕਾਰ ਵਲੋਂ ਕੁਦਰਤੀ ਖੇਤੀ ਨੂੰ ਉਤਸਾਹਤ ਕਰਨ ਲਈ ਖੇਤੀਬਾੜੀ ਵਿਭਾਗ ਵਿਚ ਇਕ ਵੱਖਰਾ ਵਿੰਗ ਬਣਾਉਣ ਦਾ ਐਲਾਨ
ਕਿਸਾਨਾਂ ਨੂੰ ਅਨਾਜ ਦੀ ਗੁਣਵੱਤਾ ‘ਤੇ ਵੀ ਵਿਸ਼ੇਸ਼ ਧਿਆਨ ਦੇਣਾ ਹੋਵੇਗਾ – ਜੇਪੀ ਦਲਾਲ
ਕਿਸਾਨਾਂ ਨੂੰ ਸਿਖਲਾਈ ਦੇਣ ਤੋਂ ਇਲਾਵਾ ਵੱਖ-ਵੱਖ ਕਲਸਟਰ ਵੀ ਬਣਾਏ ਜਾਣਗੇ – ਦਲਾਲ
ਸੁਖਜਿੰਦਰ ਮਾਨ
ਚੰਡੀਗੜ੍ਹ, 31 ਮਾਰਚ: ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇਪੀ ਦਲਾਲ ਨੇ ਕਿਹਾ ਕਿ ਰਾਜ ਵਿਚ ਕੁਦਤਰੀ ਖੇਤੀ ਨੂੰ ਪ੍ਰੋਤਸਾਹਨ ਦੇਣ ਲਈ ਖੇਤੀਬਾੜੀ ਵਿਭਾਗ ਵਿਚ ਇਕ ਵੱਖ ਤੋਂ ਵਿੰਗ ਬਣਾਇਆ ਜਾਵੇਗਾ ਤਾਂ ਜੋ ਅਨਾਜ ਦੀ ਵੱਧ ਗਿਣਤੀ ਉਪਜ ਦੇ ਨਾਲ-ਨਾਲ ਗੁਣਵੱਤਾ ‘ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਸਕੇ। ਇਸ ਦੇ ਲਈ, ਇਸ ਵਿੰਗ ਰਾਹੀਂ ਕਿਸਾਨਾਂ ਦੇ ਲਈ ਵੱਖ ਸਿਖਲਾਈ ਦੇਣ ਤੋਂ ਇਲਾਵਾ ਵੱਖ-ਵੱਖ ਕਲਸਟਰ ਵੀ ਬਣਾਏ ਜਾਣਗੇ। ਸ੍ਰੀ ਦਲਾਲ ਅੱਜ ਇੱਥੇ ਰਾਜ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਬਾਗਬਾਨੀ ਬੀਮਾ ਯੋਜਨਾ ਦੇ ਪੋਰਟਲ ਦੀ ਸ਼ੁਰੂਆਤ ਮੌਕੇ ‘ਤੇ ਮੌਜੂਦ ਮੀਡੀਆ ਕਰਮਚਾਰੀਆਂ ਨਾਲ ਗਲਬਾਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਕੁਦਰਤੀ ਖੇਤੀਬਾੜੀ ਤੇ ਨਾਲ-ਨਾਲ ਰਾਜ ਦੇ ਕਿਸਾਨਾਂ ਨੂੰ ਵਿਵਿਧੀਕਰਣ ‘ਤੇ ਵੀ ਧਿਆਨ ਦੇਣਾ ਹੋਵੇਗਾ ਅਤੇ ਖੇਤੀ ਕਾਰਜ ਵਿਚ ਮੁੱਲ ਸੰਵਰਧਨ ‘ਤੇ ਵੀ ਧਿਆਨ ਦੇਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਕਿਸਾਨ ਹਿਤੈਸ਼ੀ ਯੋਜਨਾਵਾਂ ਤੇ ਨੀਤੀਆਂ ਨੂੰ ਲਾਗੂ ਕਰਨ ਲਈ ਵਚਨਬੱਧ ਹੈ। ਇਸੀ ਦਿਸ਼ਾ ਵਿਚ ਵਿਭਾਗ ਦੀ ਆਈਟੀ ਟੀਮ ਨੂੰ ਮਜਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਦੀ ਹਰ ਤਰ੍ਹਾ ਦੀ ਸਮਸਿਆ ਦੀ ਨਿਗਰਾਨੀ ਕਰਨ ਦੇ ਨਾਲ-ਨਾਲ ਜਲਦੀ ਤੋਂ ਜਲਦੀ ਹੱਲ ਵੀ ਕੀਤਾ ਜਾ ਸਕੇ। ਸ੍ਰੀ ਦਲਾਲ ਨੇ ਕਿਹਾ ਕਿ ਸ਼ਾਇਦ ਹਰਿਆਣਾ ਪੂਰੇ ਦੇਸ਼ ਵਿਚ ਅਜਿਹਾ ਪਹਿਲਾ ਸੂਬਾ ਹੈ, ਜਿੱਥੇ ਕਿਸਾਨ ਹਿੱਤ ਦੀ ਨੀਤੀਆਂ ਨੂੰ ਲਾਗੂ ਕਰਨ, ਫਸਲ ਖਰੀਦਣ ਦੇ ਨਾਲ-ਨਾਲ ਭਾਵਾਂਤਰ ਭਰਪਾਈ ਰਾਹੀਂ ਕਿਸਾਨਾਂ ਨੂੰ ਮੁਆਵਜਾ ਦੇਣ ਦਾ ਕਮ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਕਿਸਾਨਾਂ ਨੂੰ ਇਕ ਕਲਿਕ ਰਾਹੀਂ ਲਾਭ ਦੇਣ ਦਾ ਵੀ ਕੰਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦਾ ਕਿਸਾਨ ਖੁਸ਼ਹਾਲ ਹੈ ਅੱਜ ਦੀ ਤਾਰੀਖ ਵਿਚ ਕਈ ਫਸਲਾਂ ਦੇ ਦਾਮ ਘੱਟੋ ਘੱਟ ਸਹਾਇਕ ਮੁੱਲ ਤੋਂ ਵੱਧ ਮਿਲ ਰਹੇ ਹਨ ਜਿਵੇਂ ਕਿ ਕਪਾਅ 10 ਹਜਾਰ ਤੋਂ 12 ਹਜਾਰ ਦੇ ਵਿਚ, ਸਰੋਂ ਦਾ ਮੁੱਲ 6 ਹਜਾਰ ਤੋਂ 8 ਹਜਾਰ ਦੇ ਵਿਚ ਅਤੇ ਕਣਕ ਵੀ ਘੱਟੋ ਘੱਟ ਸਹਾਇਕ ਮੁੱਲ ਤੋਂ ਵੱਧ 2300 ਤੋਂ 2400 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਵਿੱਕ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੰਡੀਆਂ ਵਿਚ ਵੀ ਵਿਕਰੀ ਦੇ ਸਬੰਧ ਵਿਚ ਪੂਰੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਕਿਸਾਨ ਨੂੰ ਉਨ੍ਹਾਂ ਦੀ ਉਪਜ ਦਾ 72 ਘੰਟੇ ਦੇ ਅੰਦਰ ਭੁਗਤਾਨ ਕੀਤਾ ਜਾ ਰਿਹਾ ਹੈ। ਜੇਕਰ ਕਿਸੇ ਕਿਸਾਨ ਦਾ ਭੁਗਤਾਨ ਨਹੀਂ ਹੁੰਦਾ ਹੈ ਤਾਂ ਉਸ ਨੂੰ 9 ਫੀਸਦੀ ਦੇ ਅਨੁਸਾਰ ਵਿਆਜ ਦਾ ਵੀ ਭੁਗਤਾਨ ਕੀਤਾ ਜਾਂਦਾ ਹੈ। ਸ੍ਰੀ ਦਲਾਲ ਨੇ ਕਿਹਾ ਕਿ ਹਰਿਆਣਾ ਖੇਤੀਬਾੜੀ ਦੇ ਖੇਤਰ ਵਿਚ ਇਕ ਆਦਰਸ਼ ਰਾਜ ਬਣੇ ਇਸ ਦੇ ਲਈ ਉਹ ਲਗਾਤਾਰ ਯਤਨ ਕਰ ਰਹੇ ੲਨ ਅਤੇ ਉਨ੍ਹਾਂ ਸਾਰੀ ਯੋਜਨਾਵਾਂ ਤੇ ਨੀਤੀਆਂ ਨੂੰ ਵੀ ਲਾਗੂ ਕਰਨ ਦੇ ਲਈ ਉਤਸੁਕ ਰਹਿੰਦੇ ਹਨ ਜੋ ਕਿਸਾਨਾਂ ਨੂੰ ਲਾਭ ਪਹੁੰਚਾ ਸਕਦੀ ਹੈ।ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕਿਸਾਨ ਦੀ ਆਮਦਨੀ ਵਧੇ, ਇਸ ਦੇ ਲਈ ਉਨ੍ਹਾਂ ਵਿਚ ਵਿਵਸਥਾਵਾਂ ਵੀ ਕੀਤੀਆਂ ਜਾ ਰਹੀਆਂ ਹਨ ਅਤੇ ਹੁਣ ਕਿਸਾਨਾਂ ਤੇ ਖੇਤੀਬਾੜੀ ਵਿਚ ਪੜੇ-ਲਿਖੇ ਨੋਜੁਆਨ ਵੀ ਵੱਧਚੜ ਕੇ ਅੱਗੇ ਆ ਰਹੇ ਹਨ ਕਿਉਂਕਿ ਖੇਤੀ, ਪਸ਼ੂਪਾਲਨ ਤੇ ਮੱਛੀ ਪਾਲਣ ਦੇ ਵਿਵਿਧੀਕਰਣ ਨਾਲ ਕਿਸਾਨਾਂ ਪਸ਼ੂਪਾਲਕਾਂ ਤੇ ਮੱਛੀਪਾਲਕਾਂ ਨੂੰ ਲਾਭ ਹੋਣ ਲੱਗਾ ਹੈ। ਉਨ੍ਹਾਂ ਨੇ ਉਦਾਹਰਣ ਦਿੰਦੇ ਹੋਏ ਕਿਹਾ ਕਿ ਖਾਰੇ ਪਾਣੀ ਵਿਚ ਝੀਂਗਾ ਪਾਲਣ ਦਾ ਪ੍ਰਚਲਣ ਵਧਿਆ ਹੈ ਅਤੇ ਹੁਣ ਕਿਸਾਨ ਕਾਫੀ ਚੰਗੀ ਆਮਦਨੀ ਇਸ ਕਾਰੋਬਾਰ ਤੋਂ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੱਛੀ ਪਾਲਣ ਦੇ ਖੇਤਰ ਵਿਚ ਸੂਬਾ ਸਰਕਾਰ ਵੱਲੋਂ ਲਗਾਤਾਰ ਪ੍ਰੋਤਸਾਹਨ ਦਿੱਤਾ ਜਾਵੇਗਾ ਕਿਉਂਕਿ ਹਰਿਆਣਾ ਵਿਚ 10 ਲੱਖ ਏਕੜ ਖਾਰੇ ਪਾਣੀ ਦੀ ਜਮੀਨ ਹੈ।
ਸ੍ਰੀ ਦਲਾਲ ਨੇ ਕਿਹਾ ਕਿ ਕਿਸਾਨ ਕ੍ਰੇਡਿਟ ਕਾਰਡ ਦੀ ਤਰਜ ‘ਤੇ ਮੱਛੀ ਪਾਲਕਾਂ ਦੇ ਲਈ ਕਿਸਾਨ ਕ੍ਰੇਡਿਟ ਕਾਰਡ ਬਣਵਾਉਣ ਦੇ ਵੱਲ ਇਕ ਮੁਹਿੰਮ ਚਲਾਈ ਜਾਵੇਗੀ। ਇਸੀ ਤਰ੍ਹਾ ਰਾਜ ਸਰਕਾਰ ਦੇ ਸਾਲ 2022-23 ਵਿਚ ਬਾਗਬਾਨੀ ਦੇ ਬਜਟ ਨੂੰ ਵਧਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ 4.70 ਲੱਖ ਹੈਕਟੇਅਰ ਜਮੀਨ ਬਾਗਬਾਨੀ ਖੇਤਰ ਵਿਚ ਆਉਂਦੀ ਹੈ।ਇਕ ਸੁਆਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿ ਕਿਸਾਨਾਂ ਤੋਂ ਲਗਭਗ 1500 ਕਰੋੜ ਰੁਪਏ ਲਏ ਗਏ ਅਤੇ 5200 ਕਰੋੜ ਰੁਪਏ ਦਾ ਵੰਡ ਮੁਆਵਜਾ ਵਜੋ ਕਿਸਾਨਾਂ ਨੂੰ ਕੀਤਾ ਗਿਆ। ਇਸ ਯੋਜਨਾ ਨਾਲ ਕਿਸਾਨ ਖੁਸ਼ ਹਨ ਕਿਉਂਕਿ ਇਹ ਸਵੈਛਿੱਕ ਹੈ। ਉਨ੍ਹਾਂ ਨੇ ਕਿਹਸਾਨਾਂ ਨੂ ਅਪੀਲ ਕਰਦੇ ਹੋਏ ਕਿਹਾ ਕਿ ਫਸਲ ਵਿਵਿਧੀਕਰਣ ਦੇ ਤਹਿਤ ਕਿਸਾਨ ਝੀਂਗਾ ਉਤਪਾਦਨ, ਮਸ਼ਰੂਮ, ਸ਼ਹਿਦ ਤੇ ਬਾਗਬਾਨੀ ਵੱਲ ਧਿਆਨ ਦੇਣ ਤਾਂ ਜੋ ਕਿਸਾਨਾਂ ਦੀ ਆਮਦਨੀ ਵੱਧ ਸਕੇ।ਇਸ ਮੌਕੇ ‘ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਸੁਮਿਤਾ ਮਿਸ਼ਰਾ ਅਤੇ ਬਾਗਬਾਨੀ ਵਿਭਾਗ ਦੇ ਮਹਾਨਿਦੇਸ਼ਕ ਅਰਜੁਨ ਸੈਨੀ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
ਸਿਹਤ ਵਿਭਾਗ ਵਲੋਂ ਜਾਗਰੂਕਤਾ ਕੈਂਪਾਂ ਦਾ ਆਯੋਜਿਨ ਜਾਰੀ
ਸੁਖਜਿੰਦਰ ਮਾਨ
ਬਠਿੰਡਾ, 31 ਮਾਰਚ : ਸਥਾਨਕ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸਿਵਲ ਸਰਜਨ ਡਾ. ਬਲਵੰਤ ਸਿੰਘ ਦੀ ਅਗਵਾਈ ਹੇਠ ਸਥਾਨਕ ਪਿਆਰੇ ਲਾਲ ਕਰਨੈਲ ਸਿੰਘ ਚੈਰੀਟੇਬਲ ਟ੍ਰੱਸਟ ਅਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਿਹਤ ਸਿੱਖਿਆ ਕੈਂਪਾਂ ਦਾ ਅਯੋਜਨ ਕੀਤਾ ਗਿਆ । ਇਨ੍ਹਾਂ ਕੈਂਪਾਂ ਵਿੱਚ ਵਿਦਿਆਰਥੀਆਂ ਨੂੰ ਪੋਸ਼ਣ ਅਭਿਆਨ ਸਬੰਧੀ ਜਾਗਰੂਕ ਕੀਤਾ ਗਿਆ । ਇਸ ਮੋਕੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਾ ਮੁੱਖ ਉਦੇਸ਼ ਨਿਰੋਏ ਸਮਾਜ ਦੀ ਸਿਰਜਣਾ ਕਰਨਾ ਹੈ । ਉਨ੍ਹਾਂ ਜਾਣਕਰੀ ਦਿੰਦਿਆਂ ਦੱਸਿਆ ਕਿ ਮਨੁੱਖੀ ਸਰੀਰ ਦੇ ਵਾਧੇ ਤੇ ਵਿਕਾਸ ਲਈ ਆਇਰਨ , ਪ੍ਰੋਟਨ, ਕੈਲਸ਼ੀਅਮ , ਵਿਟਾਮਿਨ, ਕਾਰਬੋਹਾਈਡ੍ਰੇਟ ਆਦਿ ਤੱਤਾਂ ਦੀ ਬੜੀ ਮਹੱਤਤਾ ਹੈ ।ਉਨ੍ਹਾਂ ਵੱਲੋਂ ਸਵੱਛਤਾ ਅਤੇ ਸਾਫ ਸਫਾਈ ਬਾਰੇ ਵੀ ਜਾਗਰੂਕ ਕੀਤਾ ਗਿਆ । ਬੀ.ਈ.ਈ. ਪਵਨਜੀਤ ਕੌਰ ਵੱਲੋਂ ਬੱਚਿਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਘਰ ਦੇ ਹਰ ਕੰਮ ਵਿੱਚ ਆਪਣੇ ਮਾਤਾ ਪਿਤਾ ਨੂੰ ਸਹਿਯੋਗ ਦਿੱਤਾ ਜਾਵੇ ਅਤੇ ਆਪਣੇ ਰੂਟੀਨ ਦੇ ਕੰਮ ਆਪਣੇ ਹੱਥੀ ਕਰਨ ਦੀ ਆਦਤ ਪਾਈ ਜਾਵੇ । ਇਸ ਮੌਕੇ ਡਿਪਟੀ ਐਮ.ਈ.ਆਈ.ਓ. ਕੁਲਵੰਤ ਸਿੰਘ, ਪਿੰ੍ਰਸੀਪਲ ਜਗਤਾਰ ਸਿੰਘ ਬਰਾੜ, ਮੈਡਮ ਕਮਲੇਸ਼, ਸਿਮਰਨ, ਦਪਿੰਦਰ ਕੋਰ, ਪਿਆਰੇ ਲਾਲ ਕਰਨੈਲ ਸਿੰਘ ਚੈਰੀਟੇਬਲ ਟ੍ਰੱਸਟ ਬਠਿੰਡਾ ਦੇ ਪਿ੍ਰੰਸੀਪਲ ਅੰਮਿ੍ਰਤ ਕੌਰ, ਯੂ.ਐਸ.ਏਡ ਐਜ਼ੁਕੇਟਰ ਨਰਿੰਦਰ ਬੱਸੀ ਅਤੇ ਬਲਦੇਵ ਸਿੰਘ ਹਾਜ਼ਰ ਸਨ ।
ਏਮਜ ਬਠਿੰਡਾ ਵਿੱਚ ਆਧੁਨਿਕ ਗੈਸਟਰੋ ਇੰਟੇਸਟਾਈਨਲ ਸਰਜਰੀ ਸੁਰੂ
ਸੁਖਜਿੰਦਰ ਮਾਨ
ਬਠਿੰਡਾ, 31 ਮਾਰਚ: ਸਥਾਨਕ ਏਮਜ਼ ਵਿਖੇ ਸਰਜੀਕਲ ਗੈਸਟ੍ਰੋ ਐਂਟਰੋਲੋਜੀ ਵਿਭਾਗ ਦੁਆਰਾ ਪੈਨਕ੍ਰੀਆਟਿਕ ਟਿਊਮਰ ਦੀ ਇੱਕ ਗੁੰਝਲਦਾਰ ਸਰਜਰੀ ਸਫਲਤਾ ਪੂਰਵਕ ਕੀਤੀ ਗਈ। ਇਹ ਚੁਣੌਤੀਪੂਰਨ ਪ੍ਰਕਿਰਿਆ ਪੈਨਕ੍ਰੀਆਸ ਦੇ ਸਿਰ ਵਿੱਚ ਨਿਊਰੋਐਂਡੋਕ੍ਰਾਈਨ ਟਿਊਮਰ ਵਾਲੇ ਮਰੀਜ ‘ਤੇ ਕੀਤੀ ਗਈ ਸੀ। ਕਰੀਬ 6 ਘੰਟੇ ਚੱਲੀ ਇਹ ਸਰਜਰੀ ਡਾ: ਅਨਿਲ ਮਹਿਤਾ ਦੇ ਸਹਿਯੋਗ ਨਾਲ ਡਾ: ਗੌਰਵ ਕੌਸਲ (ਗੈਸਟ੍ਰੋ ਸਰਜਨ) ਵੱਲੋਂ ਕੀਤੀ ਗਈ, ਜਿਸ ਵਿਚ ਡਾ: ਸਸਾਂਕ ਨੇ ਐਨਸਥੀਸੀਆ ਟੀਮ ਦੀ ਅਗਵਾਈ ਕੀਤੀ। ਮਰੀਜ 30 ਦਿਨਾਂ ਦੇ ਫਾਲੋ-ਅੱਪ ‘ਤੇ ਠੀਕ ਹੋ ਰਿਹਾ ਹੈ। ਏਮਜ਼ ਦੇ ਬੁਲਾਰੇ ਨੇ ਦਸਿਆ ਕਿ ਪੈਨਕ੍ਰੀਆਟਿਕ ਸਰਜਰੀਆਂ ਗੁੰਝਲਦਾਰ ਪ੍ਰਕਿਰਿਆਵਾਂ ਹਨ ਅਤੇ ਚੋਣਵੇਂ ਵਿਸੇਸ ਕੇਂਦਰਾਂ ਵਿੱਚ ਕੀਤੀਆਂ ਜਾਂਦੀਆਂ ਹਨ। ਪਹਿਲਾਂ ਮਰੀਜਾਂ ਨੂੰ ਅਜਿਹੀਆਂ ਸਰਜਰੀਆਂ ਲਈ ਚੰਡੀਗੜ੍ਹ, ਲੁਧਿਆਣਾ ਜਾਂ ਨਵੀਂ ਦਿੱਲੀ ਜਾਣਾ ਪੈਂਦਾ ਸੀ, ਪਰ ਹੁਣ ਇਸ ਖੇਤਰ ਅਤੇ ਆਸ-ਪਾਸ ਦੇ ਰਾਜਾਂ ਦੇ ਲੋਕ ਏਮਜ ਬਠਿੰਡਾ ਵਿਖੇ ਮਾਮੂਲੀ ਕੀਮਤ ‘ਤੇ ਗੈਸਟਰੋਇੰਟੇਸਟਾਈਨਲ ਸਰਜਰੀਆਂ ਕਰਵਾ ਸਕਦੇ ਹਨ।ਏਮਜ ਬਠਿੰਡਾ ਦੇ ਡਾਇਰੈਕਟਰ ਪ੍ਰੋਫੈਸਰ ਡੀ.ਕੇ.ਸਿੰਘ ਨੇ ਇਸ ਪ੍ਰਾਪਤੀ ‘ਤੇ ਖੁਸੀ ਅਤੇ ਸੰਤੁਸਟੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਸੰਸਥਾ ਖੇਤਰ ਵਿੱਚ ਇਸ ਤੀਜੇ ਦਰਜੇ ਦੀ ਦੇਖਭਾਲ ਸੰਸਥਾ ਦੀ ਸਥਾਪਨਾ ਕਰਕੇ ਸਮਾਜ ਦੇ ਸਾਰੇ ਵਰਗਾਂ ਨੂੰ ਸੰਪੂਰਨ, ਅਤਿ-ਆਧੁਨਿਕ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਆਪਣੇ ਆਦੇਸ ਨੂੰ ਪ੍ਰਾਪਤ ਕਰਨ ਵੱਲ ਵਧ ਰਹੀ ਹੈ।ਪ੍ਰੋਫੈਸਰ ਸਤੀਸ ਗੁਪਤਾ ਡੀਨ ਏਮਜ ਬਠਿੰਡਾ ਨੇ ਵੀ ਇਹ ਦੱਸਿਆ ਕਿ ਏਮਜ ਵਿਖੇ ਗੈਸਟਰੋਇੰਟੇਸਟਾਈਨਲ ਸਰਜਰੀ ਸੇਵਾਵਾਂ ਨਾਲ ਇਸ ਖੇਤਰ ਦੇ ਲੋਕ ਗੈਸਟਰੋਇੰਟੇਸਟਾਈਨਲ ਸਮੱਸਿਆਵਾਂ ਦੇ ਇਲਾਜ ਲਈ ਕੀਮਤੀ ਸਮੇਂ ਅਤੇ ਪੈਸੇ ਦੀ ਬੱਚਤ ਕਰ ਸਕਦੇ ਹਨ। ਉਨ੍ਹਾਂ ਦਸਿਆ ਕਿ ਸਰਜੀਕਲ ਗੈਸਟ੍ਰੋਐਂਟਰੌਲੋਜੀ ਵਿਭਾਗ ਦੀ ਸਥਾਪਨਾ ਸਤੰਬਰ 2021 ਵਿੱਚ ਕੀਤੀ ਗਈ ਸੀ ਅਤੇ ਇੱਕ ਤਜਰਬੇਕਾਰ ਫੈਕਲਟੀ ਹੈ ਜਿਸ ਨੇ ਏਮਜ ਬਠਿੰਡਾ ਵਿੱਚ ਸਾਮਲ ਹੋਣ ਤੋਂ ਪਹਿਲਾਂ , ਰਿਸੀਕੇਸ ਅਤੇ ਮੈਕਸ ਹੈਲਥਕੇਅਰ ਵਰਗੀਆਂ ਚੋਟੀ ਦੀਆਂ ਸਿਹਤ ਸੰਭਾਲ ਪ੍ਰਣਾਲੀਆਂ ਵਿੱਚ ਕੰਮ ਕੀਤਾ ਹੈ। ਵਿਭਾਗ ਹਰ ਸੋਮਵਾਰ, ਬੁੱਧਵਾਰ ਅਤੇ ਸੁੱਕਰਵਾਰ ਨੂੰ ਓਪੀਡੀ ਸੇਵਾ ਚਲਾਉਂਦਾ ਹੈ।ਗੁੰਝਲਦਾਰ ਗੈਸਟਰੋਇੰਟੇਸਟਾਈਨਲ ਸਰਜਰੀ ਨਿਯਮਤ ਤੌਰ ‘ਤੇ ਮੌਜੂਦਾ ਅੰਤਰਰਾਸਟਰੀ ਮਾਪਦੰਡਾਂ ਦੇ ਮੁਕਾਬਲੇ ਨਤੀਜਿਆਂ ਨਾਲ ਕੀਤੀ ਜਾਂਦੀ ਹੈ। ਵਿਭਾਗ ਪਹਿਲਾਂ ਹੀ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਮਰੀਜਾਂ ਦੀ ਸੇਵਾ ਕਰ ਰਿਹਾ ਹੈ ਅਤੇ ਜਲਦੀ ਹੀ ਨਵੇਂ ਉਪਕਰਨਾਂ ਅਤੇ ਕਰਮਚਾਰੀਆਂ ਨਾਲ ਆਪਣੀਆਂ ਸੇਵਾਵਾਂ ਦਾ ਵਿਸਤਾਰ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਐਸ.ਐਸ.ਡੀ ਗਰਲਜ਼ ਕਾਲਜ਼ ’ਚ ਆਰਟ ਐਂਡ ਕਰਾਫ਼ਟ ਵਰਕਸ਼ਾਪ ਦਾ ਆਯੋਜਿਨ
ਸੁਖਜਿੰਦਰ ਮਾਨ
ਬਠਿੰਡਾ, 31 ਮਾਰਚ : ਸਥਾਨਕ ਐਸ.ਐਸ.ਡੀ ਗਰਲਜ਼ ਕਾਲਜ ਵਿਚ ਪਿ੍ਰੰਸੀਪਲ ਡਾ. ਸਵਿਤਾ ਭਾਟਿਆ ਦੀ ਅਗਵਾਈ ਹੇਠ ਪ੍ਰੋ ਨੇਹਾ ਭੰਡਾਰੀ ਦੁਆਰਾ ਇੱਕ ਰੋਜ਼ਾ ਫੈਵਿਕਰਿਲ ਪਿਡਿਲਾਈਟ ਵੱਲੋਂ ਆਰਟ ਐਂਡ ਕਰਾਫਟ ਦੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਮਿਸ ਭਾਵਨਾ ਵੱਲੋਂ ਵੱਖ-ਵੱਖ ਥੀਮਾਂ ਤੇ ਅਧਾਰਤ ਡੈਕੋ ਪੈਚ ਦੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਵਿਚ 35 ਵਿਦਿਆਰਤੀਆਂ ਨੇ ਪੂਰੇ ਉਤਸਾਹ ਨਾਲ ਇਸ ਗਤੀਵਿਧੀ ਵਿਚ ਹਿੱਸਾ ਲਿਆ। ਡਾ. ਸਵਿਤਾ ਭਾਟਿਆ ਅਤੇ ਡਾ. ਉਸ਼ਾ ਸ਼ਰਮਾ ਨੇ ਵੀ ਆਪਣੀ ਮੌਜੂਦਗੀ ਨਾਲ ਵਰਕਸ਼ਾਪ ਦੀ ਸ਼ੋਭਾ ਵਧਾਈ ਵਿਦਿਆਰਥਣਾਂ ਅਤੇ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤਾ।
ਐਫ਼.ਸੀ.ਆਈ ਦੇ ਨਵੇਂ ਹੁਕਮ ਕਣਕ ਖ਼ਰੀਦ ’ਚ ਆਪ ਸਰਕਾਰ ਲਈ ਖੜੀ ਕਰ ਸਕਦੇ ਹਨ ਮੁਸ਼ਕਿਲ
ਐਫ਼.ਸੀ.ਆਈ ਵਲੋਂ 40 ਫ਼ੀਸਦੀ ਕਣਕ ਮੰਡੀਆਂ ਵਿਚੋਂ ਚੁੱਕਣ ਦਾ ਫੈਸਲਾ
ਸੁਖਜਿੰਦਰ ਮਾਨ
ਚੰਡੀਗੜ੍ਹ, 30 ਮਾਰਚ : ਸੂਬੇ ਦੇ ਵਿਚ ਪਹਿਲੀ ਵਾਰ ਭਾਰੀ ਬਹੁਮਤ ਨਾਲ ਹੋਂਦ ਵਿਚ ਆਈ ਆਪ ਸਰਕਾਰ ਲਈ ਕਣਕ ਦੇ ਚਾਲੂ ਖਰੀਦ ਸ਼ੀਜਨ ’ਚ ਕੇਂਦਰੀ ਖਰੀਦ ਏਜੰਸੀ ਦੇ ਹੁਕਮ ਮੁਸ਼ਕਿਲ ਖੜੀ ਕਰ ਸਕਦੇ ਹਨ। ਕੌਮਾਂਤਰੀ ਮੰਡੀਆਂ ’ਚ ਕਣਕ ਦੀ ਭਾਰੀ ਮੰਗ ਦੇ ਚੱਲਦਿਆਂ ਇਸ ਦਫ਼ਾ ਐਫ.ਸੀ.ਆਈ ਨੇ 40 ਫ਼ੀਸਦੀ ਦੇ ਕਰੀਬ ਸਿੱਧੀ ਮੰਡੀਆਂ ਵਿਚੋਂ ਚੁੱਕਣ ਦਾ ਫੈਸਲਾ ਲਿਆ ਹੈ। ਇਸ ਫੈਸਲੇ ਤਹਿਤ ਇਹ ਕੋਟਾ ਸਿੱਧਾ ਮੰਡੀਆਂ ਵਿਚੋਂ ਚੁੱਕ ਕੇ ਸਪੈਸ਼ਲ ਗੱਡੀਆਂ ਰਾਹੀਂ ਦੂਜੇ ਸੂਬਿਆਂ ਨੂੰ ਭੇਜੀ ਜਾਣੀ ਹੈ। ਖਰੀਦ ਪ੍ਰਬੰਧਾਂ ’ਚ ਲੱਗੀਆਂ ਪੰਜਾਬ ਦੀਆਂ ਵੱਖ ਵੱਖ ਏਜੰਸੀਆਂ ਨੂੰ ਕੇਂਦਰੀ ਏਜੰਸੀ ਦੇ ਹੁਕਮਾਂ ਤੋਂ ਬਾਅਦ ਲੰਮੇਂ ਸਮੇਂ ਤੱਕ ਮੰਡੀਆਂ ’ਚ ਕਣਕ ਦੀ ਸੰਭਾਲ ਕਰਨ ਦੇ ਪ੍ਰਬੰਧ ਕਰਨੇ ਪੈਣੇ ਹਨ। ਪਤਾ ਲੱਗਿਆ ਹੈ ਕਿ ਇਸ ਮਸਲੇ ਨੂੰ ਲੈ ਕੇ ਸੂਬੇ ਦੀਆਂ ਖ਼ਰੀਦ ਏਜੰਸੀਆਂ ਦੀ ਫ਼ੀਲਡ ਮੁਲਾਜਮ ਯੂਨੀਅਨ ਦੇ ਆਗੂਆਂ ਵਲੋਂ ਖੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ ਗਈ ਹੈ। ਇਹ ਵੀ ਸੂਚਨਾ ਮਿਲੀ ਹੈ ਕਿ ਐਫ਼.ਸੀ.ਆਈ ਵਲੋਂ ਇਸ ਵਾਰ ਕਣਕ ਦੀ ਸਟੋਰੇਜ਼ ਬੰਦ ਗੋਦਾਮਾਂ ’ਚ ਹੀ ਕਰਨ ਨੂੰ ਤਰਜ਼ੀਹ ਦੇਣ ਲਈ ਕਿਹਾ ਗਿਆ ਹੈ। ਇਸਤੋਂ ਇਲਾਵਾ ਜੇਕਰ ਜਰੂਰਤ ਪੈਣ ’ਤੇ ਓਪਨ ਗੋਦਾਮਾਂ ’ਚ ਕਣਕ ਲਗਾਈ ਵੀ ਜਾਂਦੀ ਹੈ ਤਾਂ ਉਸਨੂੰ ਵੀ ਖ਼ਾਲੀ ਕਰਨ ਦਾ ਟੀਚਾ 15 ਸਤੰਬਰ ਤੈਅ ਕੀਤਾ ਗਿਆ ਹੈ। ਹਾਲਾਂਕਿ ਪੰਜਾਬ ਵਿਚ ਮੌਜੂਦਾ ਸਮੇਂ ਕਣਕ ਨੂੰ ਸਟੋਰੇਜ਼ ਕਰਨ ਦੀ ਕੋਈ ਸਮੱਸਿਆ ਨਹੀਂ, ਕਿਉਂਕਿ ਕੇਂਦਰ ਸਰਕਾਰ ਵਲੋਂ ਕਰੋਨਾ ਕਾਲ ਦੌਰਾਨ ਮੁਫ਼ਤ ’ਚ ਵੰਡੀ ਕਣਕ ਕਾਰਨ ਇਹ ਗੋਦਾਮ ਲਗਭਗ ਖ਼ਾਲੀ ਹੋ ਗਏ ਹਨ। ਗੌਰਤਲਬ ਹੈ ਕਿ ਪੰਜਾਬ ਵਿਚੋਂ 135 ਲੱਖ ਮੀਟਰਕ ਟਨ ਖ਼ਰੀਦੀ ਜਾਣੀ ਹੈ, ਜਿਸ ਵਿਚੋਂ ਪਹਿਲੀ ਵਾਰ ਐਫ.ਸੀ.ਆਈ ਵਲੋਂ 12.6 ਫ਼ੀਸਦੀ ਕਣਕ ਸਿੱਧੇ ਤੌਰ ’ਤੇ ਖ਼ਰੀਦੀ ਜਾਵੇਗੀ। ਖਰੀਦ ਏਜੰਸੀਆਂ ਦੇ ਸੂਤਰਾਂ ਮੁਤਾਬਕ ਪਿਛਲੇ ਦੋ ਦਹਾਕਿਆਂ ਵਿਚ ਇਹ ਟੀਚਾ ਸਭ ਤੋਂ ਵੱਧ ਹੈ। ਇਸਤੋਂ ਪਹਿਲਾਂ ਕੇਂਦਰੀ ਪੁੂਲ ਲਈ ਖ਼ਰੀਦੀ ਜਾਣ ਵਾਲੀ ਕਣਕ ਦਾ ਲਗਭਗ ਸਾਰਾ ਕੋਟਾ ਸੂਬਾਈ ਏਜੰਸੀਆਂ ਨੂੰ ਦਿੱਤਾ ਜਾਂਦਾ ਰਿਹਾ ਹੈ। ਉਜ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਭ ਤੋਂ ਵੱਧ (25.5 ਫ਼ੀਸਦੀ) ਪਨਗਰੇਨ ਵਲੋਂ ਖਰੀਦ ਕੀਤੀ ਜਾਣੀ ਹੈ। ਇਸੇ ਤਰ੍ਹਾਂ ਦੂੁਜੇ ਨੰਬਰ ’ਤੇ ਮਾਰਕਫ਼ੈਡ ਵਲੋਂ 24 ਫ਼ੀਸਦੀ, ਪਨਸਪ ਵਲੋਂ 23.5 ਫ਼ੀਸਦੀ ਅਤੇ ਵੇਅਰਹਾਊਸ ਵਲੋਂ 14.4 ਫ਼ੀਸਦੀ ਕਣਕ ਖ਼ਰੀਦ ਦਾ ਕੋਟਾ ਦਿੱਤਾ ਗਿਆ ਹੈ। ਕਣਕ ਦੀ ਖ਼ਰੀਦ ਲਈ ਮੰਡੀਕਰਨ ਬੋਰਡ ਵਲੋਂ 1860 ਮੰਡੀਆਂ ਬਣਾਈਆਂ ਗਈਆਂ ਹਨ। ਖਰੀਦ ਏਜੰਸੀਆਂ ਨਾਲ ਜੁੜੇ ਅਧਿਕਾਰੀਆਂ ਮੁਤਾਬਕ ਇਸ ਸੀਜ਼ਨ ਦੌਰਾਨ ਜਿੱਥੇ ਪਹਿਲੀ ਵਾਰ ਕਣਕ ਦੀ ਸਟੋਰੇਜ਼ ਲਈ ਗੋਦਾਮ ਖ਼ਾਲੀ ਹਨ ਉਥੇ ਬਾਰਦਾਨੇਂ ਦੀ ਵੀ ਕੋਈ ਸਮੱਸਿਆ ਨਹੀਂ ਹੈ। ਮੰਡੀਆਂ ਵਿਚ ਕਰੀਬ 85 ਫ਼ੀਸਦੀ ਬਾਰਦਾਨਾਂ ਪਹਿਲਾਂ ਹੀ ਪੁੱਜ ਚੁੱਕਿਆ ਹੈ ਪ੍ਰੰਤੂ ਐਫ਼.ਸੀ.ਆਈ ਵਲੋਂ ਕਰੀਬ 40 ਫ਼ੀਸਦੀ ਕਣਕ ਮੰਡੀਆਂ ਵਿਚੋਂ ਚੁੱਕ ਕੇ ਸਪੈਸ਼ਲਾਂ ਰਾਹੀਂ ਦੂਜੇ ਸੂਬਿਆਂ ਨੂੰ ਭੇਜਣ ਦਾ ਫੈਸਲਾ ਮੁਸ਼ਕਿਲ ਖੜੀ ਕਰ ਸਕਦਾ ਹੈ। ਕਿਉਂਕਿ ਇਸ ਸਮੇਂ ਦੌਰਾਨ ਕਣਕ ਨੂੰ ਬਾਰਸ਼ਾਂ ਤੇ ਚੋਰੀ ਤੋਂ ਬਚਾਉਣ ਤੋਂ ਇਲਾਵਾ ਇੱਕ ਹੋਰ ਵੱਡੀ ਸਮੱਸਿਆ ਹੈ ਕਿ ਮੌਸਮ ਦੇ ਹਿਸਾਬ ਨਾਲ ਜਿਆਦਾ ਤਪਸ਼ ਵਧਣ ਕਾਰਨ ਕਣਕ ਦੇ ਵਜ਼ਨ ਉਪਰ ਵੀ ਇਸਦਾ ਅਸਰ ਪੈਂਦਾ ਹੈ।
ਕਣਕ ਦੀ ਬੰਪਰ ਫਸਲ ਹੋਣ ਦੀ ਸੰਭਾਵਨਾ
ਚੰਡੀਗੜ੍ਹ: ਉਧਰ ਚਾਲੂ ਸੀਜ਼ਨ ਦੌਰਾਨ ਕਣਕ ਦੀ ਬੰਪਰ ਫ਼ਸਲ ਹੋਣ ਦੀ ਵੀ ਉਮੀਦ ਪ੍ਰਗਟਾਈ ਜਾ ਰਹੀ ਹੈ। ਖੇਤੀਬਾੜੀ ਵਿਭਾਗ ਦੇ ਮੁੱਖ ਅਫ਼ਸਰ ਡਾ ਪਾਖ਼ਰ ਸਿੰਘ ਨੇ ਦਸਿਆ ਕਿ ਮੌਸਮ ਦੇ ਹਿਸਾਬ ਨਾਲ ਕਣਕ ਦਾ ਝਾੜ ਵਧੀਆਂ ਨਿਕਲਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪਹਿਲਾਂ ਮੌਸਮ ਠੀਕ ਰਿਹਾ, ਉਥੇ ਹੁਣ ਜਦ ਕਣਕ ਪੱਕਣ ’ਤੇ ਆਈ ਹੋਈ ਹੈ ਤਾਂ ਰਾਤ ਸਮੇਂ ਤਾਪਮਾਨ ਦਾ ਘਟਣਾ ਵੀ ਇਸ ਫਸਲ ਲਈ ਚੰਗਾ ਹੈ।
ਭਾਰੀ ਮਾਤਰਾ ’ਚ ਹੈਰੋਇਨ ਸਹਿਤ ਦੋ ਨੌਜਵਾਨ ਗਿ੍ਰਫਤਾਰ
ਸੁਖਜਿੰਦਰ ਮਾਨ
ਬਠਿੰਡਾ, 30 ਮਾਰਚ : ਜ਼ਿਲ੍ਹਾ ਪੁਲਿਸ ਵਲੋਂ ਨਸ਼ਾ ਤਸਕਰਾਂ ਦੇ ਵਿਰੁਧ ਚਲਾਈ ਮੁਹਿੰਮ ਤਹਿਤ ਅੱਜ ਦੋ ਨੌਜਵਾਨਾਂ ਨੂੰ ਗਿ੍ਰਫਤਾਰ ਕਰਦਿਆਂ ਉਨ੍ਹਾਂ ਕੋਲੋ 80 ਗ੍ਰਾਂਮ ਹੈਰੋਇਨ ਬਰਾਮਦ ਕਰਨ ਦੀ ਸੂਚਨਾ ਹੈ। ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਸੀਆਈਏ-1 ਵਿੰਗ ਵਲੋਂ ਸਬ ਇੰਸਪੈਕਟਰ ਹਰਜੀਵਨ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਸਵਿੱਫ਼ਟ ਡਿਜ਼ਾਇਰ ਕਾਰ ’ਤੇ ਜਾ ਰਹੇ ਦੋ ਨੌਜਵਾਨਾਂ ਨੂੰ ਪਿੰਡ ਭੁੱਚੋਂ ਖੁਰਦ ਕੋਲ ਰੋਕ ਕੇ ਤਲਾਸੀ ਲਈ ਗਈ। ਤਲਾਸ਼ੀ ਦੌਰਾਨ ਉਕਤ ਨੌਜਵਾਨਾਂ ਕੋਲੋ 80 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਕਥਿਤ ਦੋਸ਼ੀਆਂ ਦੀ ਪਹਿਚਾਣ ਗੁਰਦੀਪ ਸਿੰਘ ਉਰਫ਼ ਗੋਲਾ ਵਾਸੀ ਭੁੱਚੋਂ ਕਲਾ ਤੇ ਮਨਦੀਪ ਸਿੰਘ ਵਾਸੀ ਬੁਰਜ ਸੇਮਾ ਦੇ ਤੌਰ ’ਤੇ ਹੋਈ ਹੈ। ਇੰਨ੍ਹਾਂ ਵਿਰੁਧ ਥਾਣਾ ਕੈਂਟ ਵਿਖੇ ਐੱਨਡੀਪੀਐੱਸ ਐਕਟ ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕਥਿਤ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਪੁਛਗਿਛ ਕੀਤੀ ਜਾ ਰਹੀ ਹੈ, ਜਿਸ ਵਿਚ ਇੰਨ੍ਹਾਂ ਮੰਨਿਆ ਹੈ ਕਿ ਉਹ ਫ਼ਿਰੋਜ਼ਪੁਰ ‘ਚੋਂ ਹੈਰੋਇਨ ਖਰੀਦ ਕੇ ਲਿਆਏ ਸਨ। ਇਸਤੋਂ ਇਲਾਵਾ ਇੱਕ ਹੋਰ ਮਾਮਲੇ ਵਿਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਸਥਾਨਕ ਧੋਬੀਆਣਾ ਚੌਕ ਨਜਦੀਕ ਇੱਕ ਨੌਜਵਾਨ ਨੂੰ ਗਿ੍ਰਫਤਾਰ ਕਰਕੇ ਉਸ ਕੋਲੋ ਵੀ 8 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਕਥਿਤ ਦੋਸ਼ੀ ਦੀ ਪਹਿਚਾਣ ਭੁਪਿੰਦਰਪਾਲ ਸਿੰਘ ਵਾਸੀ ਅਜੀਤ ਰੋਡ ਵਜੋਂ ਹੋਈ ਹੈ।
ਬਾਕਸ
ਬਠਿੰਡਾ ’ਚ ਦੋ ਹੋਰ ਨੌਜਵਾਨਾਂ ਦੀ ਸ਼ੱਕੀ ਹਾਲਾਤ ’ਚ ਹੋਈ ਮੌਤ
ਬਠਿੰਡਾ : ਨਸ਼ਿਆਂ ਕਾਰਨ ਲਗਾਤਾਰ ਹੋ ਰਹੀਆਂ ਮੌਤਾਂ ਕਾਰਨ ਚਰਚਾ ਵਿਚ ਚੱਲਿਆ ਆ ਰਿਹਾ ਬਠਿੰਡਾ ਜ਼ਿਲ੍ਹੇ ਵਿਚ ਅੱਜ ਦੋ ਹੋਰ ਨੌਜਵਾਨਾਂ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਹਾਲਾਂਕਿ ਪੋਸਟਮਾਰਟਮ ਰਿਪੋਰਟ ਆਉਣੀ ਬਾਕੀ ਹੈ ਪ੍ਰੰਤੂ ਚਰਚਾ ਮੁਤਾਬਕ ਇਹ ਘਟਨਾ ਵੀ ਜਿਆਦਾ ਨਸ਼ਾ ਕਾਰਨ ਵਾਪਰੀ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇੰਨ੍ਹਾਂ ਵਿਚੋਂ ਇਕ ਨੌਜਵਾਨ ਦੀ ਲਾਸ਼ ਸਥਾਨਕ ਸਾਈਂ ਨਗਰ ਵਿਚ ਸਥਿਤ ਇਕ ਖਾਲੀ ਪਲਾਟ ਵਿਚੋਂ ਮਿਲੀ ਹੈ। ਸਹਾਰਾ ਜਨ ਸੇਵਾ ਦੇ ਵਰਕਰਾਂ ਵਲੋਂ ਵਰਧਮਾਨ ਚੌਂਕੀ ਪੁਲਿਸ ਦੀ ਮਦਦ ਨਾਲ ਲਾਸ਼ ਨੂੰ ਸਥਾਨਕ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਲਿਆਂਦਾ ਗਿਆ। ਇਸੇ ਤਰ੍ਹਾਂ ਪਿੰਡ ਨਥਾਣਾ ਵਿਚ ਵੀ ਇਕ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋਈ ਹੈ। ਦਸਣਾ ਬਣਦਾ ਹੈ ਕਿ ਪਿਛਲੇ ਦੋ ਹਫ਼ਤਿਆਂ ਦੌਰਾਨ 10 ਨੌਜਵਾਨ ਨਸ਼ੇ ਦੀ ਵੱਧ ਮਾਤਰਾ ਵਿਚ ਲੈਣ ਕਾਰਨ ਮੌਤ ਹੋ ਚੁੱਕੀ ਹੈ। ਜਿੰਨ੍ਹਾਂ ਵਿਚ ਅੱਧੀ ਦਰਜ਼ਨ ਤੋਂ ਵੱਧ ਇਕੱਲੇ ਬਠਿੰਡਾ ਸ਼ਹਿਰ ’ਚ ਮੌਤਾਂ ਹੋਈਆਂ ਹਨ।
ਮੁੱਖ ਮੰਤਰੀ ਵੱਲੋਂ ਸੂਬੇ ਦੀ ਜੇਲ੍ਹ ਪ੍ਰਣਾਲੀ ਨੂੰ ਦੇਸ਼ ਭਰ ਵਿੱਚ ਸਭ ਤੋਂ ਬਿਹਤਰ ਬਣਾਉਣ ਦੀ ਲੋੜ `ਤੇ ਜ਼ੋਰ
ਕੈਦੀਆਂ ਦੇ ਆਚਰਨ ਵਿੱਚ ਸੁਧਾਰ ਲਈ ਸੁਧਾਰਾਤਮਕ ਕਦਮ ਚੁੱਕਣ ਲਈ ਕਿਹਾ
ਲੋੜੀਂਦੀ ਮਾਨਵੀ ਸ਼ਕਤੀ, ਆਈ.ਟੀ. ਅਧਾਰਤ ਨਵੀਨਤਮ ਤਕਨਾਲੋਜੀ ਅਤੇ ਢੁੱਕਵੇਂ ਫੰਡਾਂ ਲਈ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ
ਸੁਖਜਿੰਦਰ ਮਾਨ
ਚੰਡੀਗੜ੍ਹ, 30 ਮਾਰਚ: ਜੇਲ੍ਹ ਪ੍ਰਸ਼ਾਸਨ ਵਿੱਚ ਵਿਆਪਕ ਸੁਧਾਰਾਂ ਦੀ ਲੋੜ `ਤੇ ਜ਼ੋਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜੇਲ੍ਹ ਵਿਭਾਗ ਦੇ ਅਧਿਕਾਰੀਆਂ ਨੂੰ ਪੰਜਾਬ ਦੀ ਜੇਲ੍ਹ ਪ੍ਰਣਾਲੀ ਨੂੰ ਦੇਸ਼ ਭਰ ਵਿੱਚ ਸਭ ਤੋਂ ਬਿਹਤਰ ਬਣਾਉਣ ਲਈ ਆਪਣੀ ਪੂਰੀ ਸਮਰੱਥਾ ਅਤੇ ਕਾਬਲੀਅਤ ਨਾਲ ਮਿਲ ਕੇ ਕੰਮ ਕਰਨ ਲਈ ਕਿਹਾ।ਅੱਜ ਸ਼ਾਮ ਇੱਥੇ ਪੰਜਾਬ ਭਵਨ ਵਿਖੇ ਜੇਲ੍ਹ ਵਿਭਾਗ ਦੀ ਪਲੇਠੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਸ਼ਬਦਾਂ ਨਾਲੋਂ ਕੰਮ ਦੀ ਕਾਰਗੁਜ਼ਾਰੀ `ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਤੁਹਾਡੇ ਸਾਰਿਆਂ ਵੱਲੋਂ ਇੱਕ ਟੀਮ ਵਜੋਂ ਕੀਤੇ ਗਏ ਚੰਗੇ ਕੰਮਾਂ ਨੂੰ ਪ੍ਰਦਰਸ਼ਿਤ ਕਰਨ ਲਈ ਸਿਰਫ਼ ਸਫ਼ਲਤਾ ਹੀ ਨਿਰਣਾਇਕ ਕਾਰਕ ਹੋਣੀ ਚਾਹੀਦੀ ਹੈ। ਜੇਲ੍ਹ ਵਿਭਾਗ ਵੱਲੋਂ ਕੀਤੀਆਂ ਗਈਆਂ ਅਹਿਮ ਪਹਿਲਕਦਮੀਆਂ ਲਈ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਮਾਨ ਨੇ ਕਿਹਾ ਕਿ ਤੁਹਾਨੂੰ ਜੇਲ੍ਹ ਪ੍ਰਣਾਲੀ ਦੇ ਤੇਲੰਗਾਨਾ ਮਾਡਲ ਦੇ ਮਾਪਦੰਡਾਂ ਨੂੰ ਪਾਰ ਕਰਨ ਲਈ ਉੱਤਮ ਕਾਰਗੁਜ਼ਾਰੀ ਵਿਖਾਉਣੀ ਹੋਵੇਗੀ। ਉਨ੍ਹਾਂ ਵਿਭਾਗ ਨੂੰ ਲੋੜੀਂਦੀ ਮਨੁੱਖੀ ਸ਼ਕਤੀ, ਆਈਟੀ ਅਧਾਰਤ ਨਵੀਨਤਮ ਤਕਨਾਲੋਜੀ ਅਤੇ ਢੁੱਕਵੇਂ ਫੰਡਾਂ ਸਮੇਤ ਹਰ ਤਰ੍ਹਾਂ ਦੇ ਸਮਰਥਨ ਦਾ ਭਰੋਸਾ ਦਿੱਤਾ।
ਭਗਵੰਤ ਮਾਨ ਨੇ ਅੱਗੇ ਕਿਹਾ ਕਿ ਸਾਡਾ ਮੁੱਖ ਟੀਚਾ ਕੱਟੜ ਅਪਰਾਧੀਆਂ, ਗੈਂਗਸਟਰਾਂ ਅਤੇ ਨਸ਼ੇ ਦੇ ਆਦੀਆਂ ਸਮੇਤ ਕੈਦੀਆਂ ਨੂੰ ਸੁਧਾਰਨਾ ਹੋਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਂਦਾ ਜਾ ਸਕੇ।ਉਨ੍ਹਾਂ ਕਿਹਾ ਕਿ ਜੇਲ੍ਹਾਂ ਨੂੰ ਤਸ਼ੱਦਦ ਕੇਂਦਰ ਨਹੀਂ ਬਣਾਉਣਾ ਚਾਹੀਦਾ ਸਗੋਂ ਉਨ੍ਹਾਂ ਨੂੰ ਸੁਧਾਰ ਘਰ ਬਣਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਕੈਦੀਆਂ ਨੂੰ ਕਾਉਂਸਲਿੰਗ ਪ੍ਰਦਾਨ ਕੀਤੀ ਜਾ ਸਕੇ ਜਿਸ ਨਾਲ ਉਹ ਆਪਣੀ ਸਜ਼ਾ ਭੁਗਤਣ ਤੋਂ ਬਾਅਦ ਸਮਾਜ ਦੇ ਆਦਰਸ਼ ਨਾਗਰਿਕ ਬਣ ਕੇ ਸਨਮਾਨ ਨਾਲ ਜੀਵਨ ਬਤੀਤ ਕਰ ਸਕਣ ਮਾਨ ਨੇ ਅੱਗੇ ਕਿਹਾ ਕਿ ਸਾਰੇ ਕੈਦੀਆਂ ਨਾਲ ਉਨ੍ਹਾਂ ਦੀ ਸਮਾਜਿਕ ਸਥਿਤੀ ਜਾਂ ਹਾਲਾਤ ਦੀ ਪਰਵਾਹ ਕੀਤੇ ਬਿਨਾਂ ਇੱਕੋ ਜਿਹਾ ਵਿਹਾਰ ਅਪਣਾਇਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਜੇਲ੍ਹ ਅਧਿਕਾਰੀਆਂ ਨੂੰ ਕਿਹਾ ਕਿ ਉਹ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਨੂੰ ਸਭ ਤੋਂ ਵੱਧ ਤਰਜੀਹ ਦੇਣ।ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਮਰਹੂਮ ਨੈਲਸਨ ਮੰਡੇਲਾ ਦੀ ਘਟਨਾ ਜਿਨ੍ਹਾਂ ਨਾਲ ਜੇਲ੍ਹ ਦੇ ਸੁਪਰਡੈਂਟ ਵੱਲੋਂ ਜੇਲ੍ਹ ਵਿੱਚ ਬਦਸਲੂਕੀ ਕੀਤੀ ਗਈ ਸੀ, ਦਾ ਹਵਾਲਾ ਦਿੰਦੇ ਹੋਏ, ਮਾਨ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਮੁਕੱਦਮੇ ਅਧੀਨ ਅਤੇ ਦੋਸ਼ੀ ਠਹਿਰਾਏ ਗਏ ਕੈਦੀਆਂ, ਦੋਵਾਂ ਨਾਲ ਇਨਸਾਨਾਂ ਵਾਂਗ ਵਿਵਹਾਰ ਕਰਨ। ਉਨ੍ਹਾਂ ਕਿਹਾ ਕਿ ਕੈਦੀਆਂ ਨੂੰ ਜੇਲ੍ਹ ਮੈਨੂਅਲ ਅਨੁਸਾਰ ਮੈਡੀਕਲ, ਉਚਿਤ ਸਫਾਈ ਅਤੇ ਮਿਆਰੀ ਭੋਜਨ ਵਰਗੀਆਂ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।ਅਮਨ-ਕਾਨੂੰਨ ਦੀ ਸਥਿਤੀ `ਤੇ ਚਿੰਤਾ ਜ਼ਾਹਰ ਕਰਦਿਆਂ ਮਾਨ ਨੇ ਜੇਲ੍ਹ ਵਿਭਾਗ ਦੇ ਅਧਿਕਾਰੀਆਂ ਨੂੰ ਸੂਬੇ ਭਰ ਦੀਆਂ ਜੇਲ੍ਹਾਂ ਦੇ ਕੰਮਕਾਜ ਨੂੰ ਬਿਹਤਰ ਬਣਾਉਣ ਲਈ ਆਪਣੇ ਯਤਨਾਂ ਨੂੰ ਹੋਰ ਤੇਜ਼ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਅਪਰਾਧਾਂ ਨੂੰ ਅੰਜ਼ਾਮ ਦੇਣ ਲਈ ਜੇਲ੍ਹਾਂ ਵਿੱਚ ਮੋਬਾਈਲ ਫ਼ੋਨਾਂ ਦੀ ਗੈਰ-ਕਾਨੂੰਨੀ ਵਰਤੋਂ ਨੂੰ ਰੋਕਣ ਲਈ 24 ਘੰਟੇ ਸਖ਼ਤ ਚੌਕਸੀ ਰੱਖੀ ਜਾਵੇ ਅਤੇ ਭ੍ਰਿਸ਼ਟਾਚਾਰ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇ।ਮਾਨ ਨੇ ਅਧਿਕਾਰੀਆਂ ਨੂੰ ਅੱਗੇ ਦੱਸਿਆ ਕਿ ਉਨ੍ਹਾਂ ਨੂੰ ਕੁਝ ਹੋਰ ਸਮੇਂ ਤੱਕ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਉਨ੍ਹਾਂ ਦੀ ਸਰਕਾਰ ਸਾਡੇ ਨੌਜਵਾਨਾਂ ਨੂੰ ਮਿਆਰੀ ਸਿੱਖਿਆ ਅਤੇ ਰੁਜ਼ਗਾਰ ਦੇ ਵੱਡੇ ਮੌਕੇ ਪ੍ਰਦਾਨ ਕਰਨ ਲਈ ਪਹਿਲਾਂ ਹੀ ਦਿਨ-ਰਾਤ ਕੰਮ ਕਰ ਰਹੀ ਹੈ ਅਤੇ ਇਨ੍ਹਾਂ ਸਾਰੀਆਂ ਪਹਿਲਕਦਮੀਆਂ ਨਾਲ ਸੂਬੇ ਭਰ ਵਿੱਚ ਜੇਲ੍ਹਾਂ ਦੀ ਜ਼ਰੂਰਤ ਹੌਲੀ-ਹੌਲੀ ਘੱਟ ਜਾਵੇਗੀ।
ਜੇਲ੍ਹ ਵਿਭਾਗ ਦੇ ਅਧਿਕਾਰੀਆਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਭਗਵੰਤ ਮਾਨ ਨੇ ਪੁਲਿਸ ਵਿਭਾਗ ਦੀ ਤਰਜ਼ `ਤੇ ਜੇਲ੍ਹ ਵਿਭਾਗ ਦੇ ਮੁਲਾਜ਼ਮਾਂ ਨੂੰ ਵੀ ਉਨ੍ਹਾਂ ਦੇ ਜਨਮ ਦਿਨ `ਤੇ ਵਧਾਈ ਦੇਣ ਦੀ ਸਕੀਮ ਨੂੰ ਅੱਗੇ ਵਧਾਉਣ ਦਾ ਐਲਾਨ ਕੀਤਾ।ਇਸ ਤੋਂ ਪਹਿਲਾਂ ਭਗਵੰਤ ਮਾਨ ਦਾ ਸਵਾਗਤ ਕਰਦਿਆਂ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਜੇਲ੍ਹ ਪ੍ਰਸ਼ਾਸਨ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਵਿੱਚ ਜੇਲ੍ਹ ਅਧਿਕਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਦੀ ਅਸਾਮੀ ਤੁਰੰਤ ਭਰਨ ਦੀ ਬੇਨਤੀ ਕੀਤੀ ਕਿਉਂਕਿ ਡੀਜੀਪੀ ਅਤੇ ਚੇਅਰਮੈਨ-ਕਮ-ਐਮ.ਡੀ ਸ੍ਰੀ ਐਮ.ਕੇ. ਤਿਵਾੜੀ ਦੀ ਸੇਵਾਮੁਕਤੀ ਉਪਰੰਤ ਇਹ ਅਸਾਮੀ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਖਾਲੀ ਪਈ ਹੈ, ਜਿਸ ਕਾਰਨ ਜੇਲ੍ਹ ਵਿਭਾਗ ਦੇ ਕਈ ਪ੍ਰੋਜੈਕਟ ਲਟਕ ਗਏ ਹਨ। ਬੈਂਸ ਨੇ ਮੁੱਖ ਮੰਤਰੀ ਨੂੰ ਸਾਲ 2022-23 ਦੇ ਸਾਲਾਨਾ ਬਜਟ ਵਿੱਚ ਮੁਹਾਲੀ ਵਿਖੇ ਆਧੁਨਿਕ ਜੇਲ੍ਹ ਦੀ ਉਸਾਰੀ ਲਈ ਬਜਟ ਉਪਬੰਧ ਰੱਖਣ ਦੀ ਵੀ ਅਪੀਲ ਕੀਤੀ।ਜੇਲ੍ਹ ਵਿਭਾਗ ਨੂੰ ਦਰਪੇਸ਼ ਚੁਣੌਤੀਆਂ ਬਾਰੇ ਮੁੱਖ ਮੰਤਰੀ ਨੂੰ ਜਾਣੂ ਕਰਵਾਉਂਦਿਆਂ ਜੇਲ੍ਹ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਡੀ.ਕੇ. ਤਿਵਾੜੀ ਨੇ ਕਿਹਾ ਕਿ ਜੇਲ੍ਹਾਂ ਵਿੱਚ ਸਟਾਫ਼ ਦੀ ਵੱਡੀ ਘਾਟ ਹੈ ਅਤੇ ਜੇਲ੍ਹਾਂ ਵਿੱਚ ਸੰਗਠਿਤ ਅਪਰਾਧ ਵਾਲੇ ਅਪਰਾਧੀਆਂ, ਗੈਂਗਸਟਰਾਂ, ਅੱਤਵਾਦੀਆਂ, ਕੱਟੜਪੰਥੀਆਂ, ਨਾਰਕੋ-ਅੱਤਵਾਦ ਦੇ ਮੁਲਜ਼ਮਾਂ, ਨਸ਼ਿਆਂ ਸਬੰਧੀ ਅਪਰਾਧ ਦੇ ਦੋਸ਼ੀਆਂ ਅਤੇ ਨਸ਼ੇ ਦੇ ਆਦੀਆਂ ਦਾ ਵੱਡਾ ਖਤਰਾ ਹੈ। ਉਨ੍ਹਾਂ ਨੇ ਜੇਲ੍ਹ ਵਿਭਾਗ ਦੇ ਪ੍ਰਭਾਵਸ਼ਾਲੀ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਆਈ.ਟੀ./ਕੰਪਿਊਟਰ, ਕਾਨੂੰਨੀ ਮਾਮਲਿਆਂ, ਲੇਖਾ ਅਤੇ ਮਨੋਵਿਗਿਆਨੀਆਂ ਲਈ ਮਾਹਿਰ ਸਟਾਫ਼ ਦੀ ਭਰਤੀ ਦੀ ਮੰਗ ਕੀਤੀ।ਜੇਲ੍ਹ ਵਿਭਾਗ ਦੇ ਕੰਮਕਾਜ ਬਾਰੇ ਪੇਸ਼ਕਾਰੀ ਦਿੰਦਿਆਂ ਏਡੀਜੀਪੀ ਜੇਲ੍ਹਾਂ ਸ੍ਰੀ ਪੀ.ਕੇ. ਸਿਨਹਾ ਨੇ ਮੁੱਖ ਮੰਤਰੀ ਨੂੰ ਜੇਲ੍ਹ ਵਿਭਾਗ ਦਾ ਵੱਖਰਾ ਇੰਟੈਲੀਜੈਂਸ ਵਿੰਗ ਸਥਾਪਤ ਕਰਨ ਅਤੇ ਹਰ ਪੱਧਰ `ਤੇ ਖਾਲੀ ਮਨਜ਼ੂਰ ਅਸਾਮੀਆਂ ਨੂੰ ਔਸਤਨ 46.98 ਫ਼ੀਸਦ ਖਾਲੀ ਅਸਾਮੀਆਂ ਨਾਲ ਭਰਨ ਲਈ ਤੁਰੰਤ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦੀ ਅਪੀਲ ਕੀਤੀ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਣੂ ਪ੍ਰਸਾਦ ਅਤੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਵੀ ਭਗਤ ਸ਼ਾਮਲ ਸਨ।
ਮੋਦੀ ਸਰਕਾਰ ਵੱਲੋਂ ਟੋਲ ਟੈਕਸ ’ਚ 10 ਤੋਂ 18 ਫ਼ੀਸਦੀ ਕੀਤਾ ਵਾਧਾ ਜਨ- ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ: ਪ੍ਰੋ. ਬਲਜਿੰਦਰ ਕੌਰ
-ਪੰਜਾਬ ਦੇ ਪਟਿਆਲਾ ਅਤੇ ਸੰਗਰੂਰ ਦੇ ਟੋਲ ਪਲਾਜਿਆਂ ’ਤੇ 1 ਅਪ੍ਰੈਲ ਤੋਂ ਲਾਗੂ ਹੋਣਗੀਆਂ ਵਾਧੂ ਦਰਾਂ: ਪ੍ਰੋ. ਬਲਜਿੰਦਰ ਕੌਰ
ਸੁਖਜਿੰਦਰ ਮਾਨ
ਚੰਡੀਗੜ੍ਹ, 30 ਮਾਰਚ: ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਦੋਸ਼ ਲਾਇਆ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਪੈਟਰੋਲ- ਡੀਜ਼ਲ ਦੀਆਂ ਕੀਮਤਾਂ ਅਣਉਚਿਤ ਵਧਾਉਣ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਵਿੱਚ ਵਸੂਲੇ ਜਾਂਦੇ ਟੋਲ ਟੈਕਸ ’ਚ 10 ਤੋਂ 18 ਫ਼ੀਸਦੀ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ, ਜੋ ਮੋਦੀ ਸਰਕਾਰ ਦੀ ਜਨ- ਵਿਰੋਧੀ ਮਾਨਸਿਕਤਾ ਨੂੰ ਪੇਸ਼ ਕਰਦਾ ਹੈ।
ਬੁੱਧਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਦੀ ਕੇਂਦਰ ਸਰਕਾਰ ਲਗਾਤਾਰ ਕਿਸਾਨ ਅਤੇ ਮਜ਼ਦੂਰ ਵਿਰੋਧੀ ਹੋਣ ਦਾ ਸਬੂਤ ਪੇਸ਼ ਕਰ ਰਹੀ ਹੈ। ਲਗਾਤਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਕਰਨ ਤੋਂ ਬਾਅਦ ਹੁਣ ਮੋਦੀ ਸਰਕਾਰ ਦੇ ਹੁਕਮਾਂ ’ਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਪੰਜਾਬ ਦੇ ਟੋਲ ਪਲਾਜ਼ਿਆਂ ’ਤੇ ਵਸੂਲੀਆਂ ਜਾਂਦੀਆਂ ਕੀਮਤਾਂ ਵਿੱਚ 10 ਤੋਂ 18 ਫ਼ੀਸਦੀ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਇਹ ਵਧੀਆ ਹੋਈਆਂ ਕੀਮਤਾਂ 1 ਅਪ੍ਰੈਲ 2022 ਤੋਂ ਵਿਸ਼ੇਸ਼ ਕਰਕੇ ਪਟਿਆਲਾ ਅਤੇ ਸੰਗਰੂਰ ਦੇ ਟੋਲ ਪਲਾਜਿਆਂ ’ਤੇ ਵਸੂਲੀਆਂ ਜਾਣਗੀਆਂ।’’ ਉਨ੍ਹਾਂ ਕਿਹਾ ਕਿ ਟੋਲ ਪਲਾਜਾ ਦੀਆਂ ਕੀਮਤਾਂ ਵਧਾਉਣ ਦਾ ਪੰਜਾਬ ਦੇ ਕਿਸਾਨ ਵਿਰੋਧ ਕਰ ਰਹੇ ਹਨ ਅਤੇ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਸੰਘਰਸ਼ ਕਰਨ ਦਾ ਐਲਾਨ ਵੀ ਕਰ ਦਿੱਤਾ ਹੈ, ਕਿਉਂਕਿ ਮੋਦੀ ਸਰਕਾਰ ਤੇਲ ਕੀਮਤਾਂ ਵਿੱਚ ਵਾਧਾ ਕਰਨ ਤੋਂ ਬਾਅਦ ਹੁਣ ਟੋਲ ਕੀਮਤਾਂ ਦਾ ਭਾਰ ਲੋਕਾਂ ’ਤੇ ਪਾ ਰਹੀ ਹੈ।
ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਪਟਰੋਲ, ਡੀਜ਼ਲ ਦੀਆਂ ਕੀਮਤਾਂ ਅਤੇ ਮਹਿੰਗਾਈ ਦੇ ਵਾਧੇ ’ਤੇ ਪ੍ਰਦਰਸ਼ਨ ਕਰਕੇ ਅਤੇ ਚੋਣ ਮੁੱਦਾ ਬਣਾ ਕੇ ਭਾਰਤੀ ਜਨਤਾ ਪਾਰਟੀ ਦੇਸ਼ ਦੀ ਸੱਤਾ ’ਤੇ ਕਾਬਜ ਹੋਈ ਸੀ, ਪਰ ਹੁਣ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਲਗਾਤਾਰ ਪੈਟਰੋਲ ਤੇ ਡੀਜ਼ਲ ਅਤੇ ਟੋਲ ਪਲਾਜ਼ਿਆਂ ਦੀਆਂ ਕੀਮਤਾਂ ਵਧਾ ਰਹੀ ਹੈ। ਇਸ ਨਾਲ ਮਹਿੰਗਾਈ ਵਿੱਚ ਹੋਰ ਵਾਧਾ ਹੋ ਰਿਹਾ ਹੈ, ਜੋ ਦੇਸ਼ ਦੇ ਲੋਕਾਂ ਨਾਲ ਇੱਕ ਵੱਡਾ ਧੋਖ਼ਾ ਹੈ। ਉਨ੍ਹਾਂ ਕਿਹਾ ਕਿ ਤੇਲ ਅਤੇ ਟੋਲ ਟੈਕਸ ਦੀਆਂ ਕੀਮਤਾਂ ਵੱਧਣ ਨਾਲ ਆਵਾਜਾਈ ਅਤੇ ਢੋਅ ਢੁਆਈ ਮਹਿੰਗੀ ਹੋ ਜਾਵੇਗੀ, ਜਿਸ ਨਾਲ ਖਾਧ ਪਦਾਰਥ ਅਤੇ ਬੱਸਾਂ ਆਦਿ ਦੇ ਕਰਾਏ ਵੀ ਵੱਧ ਜਾਣਗੇ। ਵਿਧਾਇਕਾ ਬਲਜਿੰਦਰ ਕੌਰ ਨੇ ਟੋਲ ਟੈਕਸ ਵਿੱਚ ਕੀਤਾ ਵਾਧਾ ਵਾਪਸ ਲੈਣ ਦੀ ਮੰਗ ਕਰਦਿਆਂ ਕਿਹਾ ਕਿ 2014 ਤੋਂ ਪਹਿਲਾਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਅਤੇ ਮਹਿੰਗਾਈ ’ਚ ਵਾਧਾ ਹੋਣ ’ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂ ਅੱਧ ਨੰਗੇ ਹੋ ਕੇ ਸੜਕਾਂ ’ਤੇ ਰੋਸ ਪ੍ਰਦਰਸ਼ਨ ਕਰਿਆ ਕਰਦੇ ਸਨ, ਅੱਜ ਜਦੋਂ ਮਹਿੰਗਾਈ ਕਾਰਨ ਲੋਕਾਂ ਦਾ ਜੀਣਾ ਦੁੱਭਰ ਹੋ ਗਿਆ ਹੈ, ਉਹ ਸਾਰੇ ਆਗੂ ਚੁੱਪ ਵੱਟੀ ਬੈਠੇ ਹਨ।
ਮੁੱਖ ਮੰਤਰੀ ਦਾ ਐਲਾਨ: ਵਿਦਿਅਕ ਸੈਸ਼ਨ 2022-23 ਦੇ ਦੌਰਾਨ ਫੀਸ ਨਹੀਂ ਵਧਾ ਸਕਣਗੇ ਪ੍ਰਾਈਵੇਟ ਸਕੂਲ
ਕੋਈ ਵੀ ਸਕੂਲ ਮਾਪਿਆਂ ਨੂੰ ਕਿਸੇ ਵਿਸ਼ੇਸ਼ ਦੁਕਾਨ ਤੋਂ ਕਿਤਾਬਾਂ ਜਾਂ ਵਰਦੀ ਖਰੀਦਣ ਲਈ ਮਜਬੂਰ ਨਹੀਂ ਕਰੇਗਾ
ਸੁਖਜਿੰਦਰ ਮਾਨ
ਚੰਡੀਗੜ੍ਹ, 30 ਮਾਰਚ: ਸੂਬੇ ਦੇ ਪ੍ਰਾਈਵੇਟ ਸਕੂਲਾਂ ਵਿੱਚੋਂ ਸਿੱਖਿਆ ਹਾਸਲ ਕਰਨ ਰਹੇ ਵਿਦਿਆਰਥੀਆਂ ਦੇ ਹਿੱਤ ਵਿਚ ਵੱਡਾ ਫੈਸਲਾ ਲੈਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਲਾਨ ਕੀਤਾ ਕਿ ਸੂਬੇ ਵਿਚ ਪ੍ਰਾਈਵੇਟ ਸਕੂਲ ਵਿਦਿਅਕ ਸੈਸ਼ਨ 2022-23 ਦੇ ਮੌਜੂਦਾ ਸਮੈਸਟਰ ਦੌਰਾਨ ਫੀਸ ਵਿਚ ਕੋਈ ਵਾਧਾ ਨਹੀਂ ਕਰ ਸਕਣਗੇ ਅਤੇ ਇਹ ਆਦੇਸ਼ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਵੀਡੀਓ ਸੰਦੇਸ਼ ਰਾਹੀਂ ਇਹ ਐਲਾਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕ ਇਸ ਵਿਦਿਅਕ ਸੈਸ਼ਨ ਦੇ ਮੌਜੂਦਾ ਸਮੈਸਟਰ ਦੌਰਾਨ ਫੀਸ ਵਿਚ ਇਕ ਰੁਪਏ ਦਾ ਵਾਧਾ ਨਹੀਂ ਕਰ ਸਕਣਗੇ। ਉਨ੍ਹਾਂ ਅੱਗੇ ਦੱਸਿਆ ਕਿ ਇਸ ਬਾਰੇ ਨੀਤੀ ਸਕੂਲੀ ਬੱਚਿਆਂ ਦੇ ਮਾਪਿਆਂ, ਸਕੂਲ ਪ੍ਰਬੰਧਕਾਂ, ਪ੍ਰਿੰਸੀਪਲਾਂ ਅਤੇ ਹੋਰ ਸਬੰਧਤ ਧਿਰਾਂ ਨਾਲ ਵਿਚਾਰ-ਵਟਾਂਦਰਾ ਕਰਕੇ ਉਲੀਕੀ ਜਾਵੇਗੀ ਅਤੇ ਆਉਣ ਵਾਲੇ ਦਿਨਾਂ ਵਿਚ ਵਿਸਥਾਰ ਵਿਚ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਇਕ ਹੋਰ ਫੈਸਲਾ ਲੈਂਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਹੁਣ ਤੋਂ ਕੋਈ ਵੀ ਸਕੂਲ ਮਾਪਿਆਂ ਨੂੰ ਕਿਸੇ ਵਿਸ਼ੇਸ਼ ਦੁਕਾਨ ਤੋਂ ਕਿਤਾਬਾਂ ਜਾਂ ਵਰਦੀ ਖਰੀਦਣ ਲਈ ਮਜਬੂਰ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਸਬੰਧਤ ਇਲਾਕੇ ਦੀ ਆਬਾਦੀ ਦੇ ਮੁਤਾਬਕ ਲੋਕਾਂ ਦੀ ਸਹੂਲਤ ਲਈ ਸਕੂਲਾਂ ਨੂੰ ਵੱਧ ਦੁਕਾਨਾਂ ਬਾਰੇ ਜਾਣਕਾਰੀ ਦੇਣੀ ਹੋਵੇਗੀ ਜਿੱਥੋਂ ਮਾਪਿਆਂ ਨੂੰ ਆਪਣੀ ਮਰਜ਼ੀ ਮੁਤਾਬਕ ਇਨ੍ਹਾਂ ਨੂੰ ਖਰੀਦਣ ਦੀ ਖੁੱਲ੍ਹ ਹੋਵੇਗੀ। ਉਨ੍ਹਾਂ ਕਿਹਾ ਕਿ ਕਿਤਾਬਾਂ ਅਤੇ ਵਰਦੀ ਦੀ ਖਰੀਦ ਬਾਰੇ ਨੀਤੀ ਵੀ ਛੇਤੀ ਲਿਆਂਦੀ ਜਾਵੇਗੀ।ਉਨ੍ਹਾਂ ਕਿਹਾ, “ਸਿੱਖਿਆ ਏਨੀ ਮਹਿੰਗੀ ਹੋ ਚੁੱਕੀ ਹੈ ਕਿ ਇਹ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੀ ਜਾ ਰਹੀ ਹੈ। ਸਾਰੇ ਮਾਪੇ ਆਪਣੇ ਬੱਚਿਆਂ ਨੂੰ ਚੰਗੀ ਤਾਲੀਮ ਦਿਵਾਉਣਾ ਚਾਹੁੰਦੇ ਹਨ ਪਰ ਉਨ੍ਹਾਂ ਦੀ ਜੇਬ ਇਜਾਜ਼ਤ ਨਹੀਂ ਦਿੰਦੀ। ਮਜਬੂਰੀਵੱਸ, ਮਾਪਿਆਂ ਨੂੰ ਆਪਣੇ ਬੱਚੇ ਸਕੂਲਾਂ ਤੋਂ ਹਟਾਉਣੇ ਪੈ ਰਹੇ ਹਨ ਤੇ ਉਨ੍ਹਾਂ ਨੂੰ ਕੰਮ ਉਤੇ ਲਾਉਣਾ ਪੈ ਰਿਹਾ ਹੈ ਜਾਂ ਫੇਰ ਮਜਬੂਰਨ ਆਪਣੇ ਬੱਚਿਆਂ ਨੂੰ ਉਹ ਅਜਿਹੀ ਸਿੱਖਿਆ ਦਿਵਾ ਰਹੇ ਹਨ ਜੋ ਅੱਗੇ ਚੱਲ ਕੇ ਉਨ੍ਹਾਂ ਦੇ ਕੰਮ ਨਹੀਂ ਆਉਂਦੀ।”ਵਿਦਿਆ ਨੂੰ ਮਨੁੱਖ ਦਾ ਤੀਜਾ ਨੇਤਰ ਦੱਸਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰੇਕ ਬੱਚੇ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਪੂਰਨ ਤੌਰ ਉਤੇ ਵਚਨਬੱਧ ਹੈ।






