Sunday, May 10, 2026
Home Blog Page 2556

ਲੰਬੀ ਲਾਠੀਚਾਰਜ ਤੇ ਮਾਲ ਵਿਭਾਗ ਦੀ ਹੜਤਾਲ ਲਈ ਡਿਪਟੀ ਕਮਿਸ਼ਨਰ ਮੁਕਤਸਰ ਜ਼ਿੰਮੇਵਾਰ: ਉਗਰਾਹਾਂ

0

ਡੀ ਸੀ ਖਿਲਾਫ ਵਿਭਾਗੀ ਕਾਰਵਾਈ ‘ਤੇ ਹੋਰ ਮੰਗਾਂ ਨੂੰ ਲੈਕੇ ਇੱਕ ਅਪ੍ਰੈਲ ਨੂੰ ਮੁਕਤਸਰ ‘ਚ ਸੂਬਾਈ ਪ੍ਰਦਰਸ਼ਨ ਦਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ, 30 ਮਾਰਚ: ਲੰਬੀ ਵਿਖੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਉੱਪਰ ਹੋਏ ਲਾਠੀਚਾਰਜ ਅਤੇ ਮੌਜੂਦਾ ਸਮੇਂ ਮਾਲ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਹੜਤਾਲ ਲਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਜ਼ਿੰਮੇਵਾਰ ਹਨ ਜਿਨ੍ਹਾਂ ਖਿਲਾਫ ਤੁਰੰਤ ਸਖਤ ਵਿਭਾਗੀ ਕੀਤੀ ਜਾਵੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਕੀਤਾ ਗਿਆ। ਉਹਨਾਂ ਐਲਾਨ ਕੀਤਾ ਕਿ ਡਿਪਟੀ ਕਮਿਸ਼ਨਰ ਮੁਕਤਸਰ ਸਾਹਿਬ ਅਤੇ ਡੀ ਐਸ ਪੀ ਮਲੋਟ ਜਸਪਾਲ ਸਿੰਘ ਉਪਰ ਸਖਤ ਕਾਰਵਾਈ ਕਰਨ , ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਸਮੇਤ ਵੱਖ ਵੱਖ ਜ਼ਿਲ੍ਹਿਆਂ ਚ ਨਰਮਾ ਖਰਾਬੇ ਦਾ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਤੁਰੰਤ ਮੁਆਵਜ਼ਾ ਦੇਣ ਅਤੇ ਲੰਬੀ ਵਿਖੇ ਕਿਸਾਨਾਂ ਮਜ਼ਦੂਰਾਂ ਤੇ ਦਰਜ਼ ਕੇਸ ਵਾਪਸ ਲੈਣ ਆਦਿ ਮੰਗਾਂ ਨੂੰ ਲੈਕੇ ਮੁਕਤਸਰ ਸਾਹਿਬ ਵਿਖੇ ਮਾਲਵਾ ਖੇਤਰ ਦਾ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ।
ਉਹਨਾਂ ਡਿਪਟੀ ਕਮਿਸ਼ਨਰ ਮੁਕਤਸਰ ਉੱਪਰ ਗੰਭੀਰ ਦੋਸ਼ ਲਾਏ ਕਿ ਕੱਲ੍ਹ ਮਾਲ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਧਰਨੇ ਚ ਬੈਠ ਕੇ ਉਹਨਾਂ ਵੱਲੋਂ ਨਾਹਰੇ ਲਾਉਣੇ ਅਤੇ ਇਸ ਤੋਂ ਪਹਿਲਾਂ ਮੁਆਵਜ਼ੇ ਦੇ ਹੱਕਦਾਰ ਕਿਸਾਨਾਂ ਨੂੰ ਅਣਗੌਲਿਆਂ ਕਰਕੇ ਜਿਲੇ ਦੇ ਸਿਰਫ ਅੱਧੀ ਦਰਜਨ ਪਿੰਡਾਂ ਨੂੰ ਹੀ ਗੁਲਾਬੀ ਸੁੰਡੀ ਕਾਰਨ ਨਰਮੇ ਦੇ ਹੋਏ ਨੁਕਸਾਨ ਚ ਸ਼ਾਮਲ ਕਰਨਾ,ਪਰ ਉਹਨਾਂ ਨੂੰ ਵੀ ਫੁੱਟੀ ਕੌਡੀ ਮੁਆਵਜ਼ਾ ਨਾ ਦੇਣਾ, ਨਰਮਾ ਚੁਗਣ ਵਾਲੇ ਮਜ਼ਦੂਰਾਂ ਦੀ ਸ਼ਨਾਖਤ ਲਈ ਸਰਕਾਰੀ ਹਦਾਇਤਾਂ ਨੂੰ ਉਲੰਘ ਕੇ ਨਰਮਾ ਉਤਪਾਦਕ ਕਿਸਾਨਾਂ ਕੋਲੋਂ ਸਹੀ ਪਵਾਉਣ ਅਤੇ ਮੁਆਵਜ਼ਾ ਸੂਚੀ ਚੋਂ ਬਾਹਰ ਛੱਡੇ ਕਿਸਾਨਾਂ ਕੋਲੋਂ ਜੇ ਫਾਰਮ ਜਮ੍ਹਾਂ ਕਰਵਾਉਣ ਵਰਗੀਆਂ ਬੇਲੋੜੀ ਸ਼ਰਤ ਮੜ੍ਹਕੇ ਉਹਨਾਂ ਵੱਲੋਂ ਕਿਸਾਨਾਂ ਮਜ਼ਦੂਰਾਂ ਨੂੰ ਸੰਘਰਸ਼ ਲਈ ਮਜਬੂਰ ਕੀਤਾ ਗਿਆ। ਉਹਨਾਂ ਦੱਸਿਆ ਕਿ 28 ਮਾਰਚ ਨੂੰ ਕਿਸਾਨਾਂ ਮਜ਼ਦੂਰਾਂ ਵੱਲੋਂ ਨਾਇਬ ਤਹਿਸੀਲਦਾਰ ਲੰਬੀ ਦੇ ਘਿਰਾਓ ਸਮੇਂ ਡਿਪਟੀ ਕਮਿਸ਼ਨਰ ਮੁਕਤਸਰ ਵੱਲੋਂ ਯੂਨੀਅਨ ਦੇ ਸੂਬਾ ਆਗੂ ਸ਼ਿੰਗਾਰਾ ਸਿੰਘ ਮਾਨ ਨਾਲ਼ ਗੱਲਬਾਤ ਕਰਨ ਦਾ ਅਮਲ ਚਲਾਇਆ ਗਿਆ ਤੇ ਦੂਜੇ ਪਾਸੇ ਕਿਸਾਨਾਂ ਮਜ਼ਦੂਰਾਂ ਉਤੇ ਨਾਂ ਸਿਰਫ ਪੁਲਿਸ ਵੱਲੋਂ ਲਾਠੀਚਾਰਜ ਕਰਵਾਇਆ ਗਿਆ ਸਗੋਂ ਡੀ ਸੀ ਦਫ਼ਤਰ ਦੇ ਮੁਲਾਜ਼ਮਾਂ ਨੂੰ ਵੀ ਉਕਸਾਕੇ ਕਿਸਾਨਾਂ ਮਜ਼ਦੂਰਾਂ ਤੇ ਹਮਲਾ ਕਰਵਾਇਆ ਗਿਆ। ਉਹਨਾਂ ਕਿਹਾ ਕਿ ਘਿਰਾਓ ਦੌਰਾਨ ਪਟਵਾਰੀਆਂ ਤੇ ਹੋਰ ਅਮਲੇ ਨੂੰ ਕਿਸਾਨ ਆਗੂਆਂ ਵੱਲੋਂ ਘਰ ਜਾਣ ਦੀ ਆਗਿਆ ਦੇ ਦਿੱਤੀ ਸੀ ਪਰ ਉਹ ਡੀ ਸੀ ਤੇ ਹੋਰ ਅਧਿਕਾਰੀਆਂ ਦੇ ਦਬਾਅ ਕਾਰਨ ਨਾਂ ਸਿਰਫ ਕਿਸਾਨ ਆਗੂਆਂ ਦੇ ਕਹਿਣ ਤੇ ਬਾਹਰ ਨਹੀਂ ਆਏ ਸਗੋਂ ਪਟਵਾਰੀ ਯੂਨੀਅਨ ਦੇ ਆਗੂਆਂ ਦੇ ਕਹਿਣ ਤੇ ਬਾਹਰ ਨਹੀਂ ਆਏ। ਉਹਨਾਂ ਕਿਹਾ ਕਿ ਇਸ ਘਿਰਾਓ ਦੌਰਾਨ ਮੁਲਾਜ਼ਮਾਂ ਨਾਲ਼ ਕਿਸੇ ਕਿਸਮ ਦਾ ਦੁਰ ਵਿਵਹਾਰ ਨਹੀਂ ਕੀਤਾ ਗਿਆ। ਉਹਨਾਂ ਕਿਹਾ ਉੱਚ ਅਫ਼ਸਰਸ਼ਾਹੀ ਤੇ ਸਰਕਾਰ ਮੁਲਾਜ਼ਮਾਂ ਨੂੰ ਮੋਹਰਾ ਬਣਾ ਕੇ ਕਿਸਾਨਾਂ ਤੇ ਮੁਲਾਜ਼ਮਾਂ ਦਾ ਟਕਰਾਅ ਖੜ੍ਹਾ ਕਰਕੇ ਪਾੜੋ ਤੇ ਰਾਜ ਕਰੋ ਦੀ ਨੀਤੀ ‘ਤੇ ਚੱਲ ਰਹੀ ਹੈ। ਉਹਨਾਂ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਹੜਤਾਲ ਵਾਪਸ ਲੈਕੇ ਹੱਕੀ ਸੰਘਰਸ਼ ਕਰ ਰਹੇ ਕਿਸਾਨਾਂ ਮਜਦੂਰਾਂ ਦਾ ਸਾਥ ਦੇਣ। ਇਸ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਤੋਂ ਇਲਾਵਾ ਕਿਸਾਨ ਆਗੂ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ ਤੇ ਰੂਪ ਸਿੰਘ ਛੰਨਾ ਵੀ ਮੌਜੂਦ ਸਨ। ਉਹਨਾਂ ਦੱਸਿਆ ਕਿ ਇਸ ਸਮੁੱਚੇ ਦੇ ਹੱਲ ਲਈ ਉਹਨਾਂ ਵੱਲੋਂ ਲੰਬੀ ਹਲਕੇ ਦੇ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨਾਲ਼ ਮੁਲਾਕਾਤ ਕੀਤੀ ਗਈ ਹੈ ਜਿਹਨਾਂ ਵੱਲੋਂ ਸਭਨਾਂ ਮਸਲਿਆਂ ਦੇ ਹੱਲ ਦਾ ਭਰੋਸਾ ਦਿੱਤਾ ਗਿਆ।

ਬੀ.ਐਫ.ਜੀ.ਆਈ. ਦੇ 165 ਵਿਦਿਆਰਥੀਆਂ ਦੀ ਹੋਈ ਪਲੇਸਮੈਂਟ

0

ਸਭ ਤੋਂ ਵੱਧ 13 ਲੱਖ ਦਾ ਸਾਲਾਨਾ ਪੈਕੇਜ ਅਤੇ ਲਗਭਗ 4.50 ਲੱਖ ਦਾ ਔਸਤਨ ਸਾਲਾਨਾ ਪੈਕੇਜ ਹਾਸਲ ਕੀਤਾ
ਸੁਖਜਿੰਦਰ ਮਾਨ
ਬਠਿੰਡਾ, 30 ਮਾਰਚ:ਬੀ.ਐਫ.ਜੀ.ਆਈ. ਵੱਲੋਂ ਵਿਦਿਆਰਥੀਆਂ ਨੂੰ ਰੁਜ਼ਗਾਰ ਮੁਖੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੀ 100 ਫ਼ੀਸਦੀ ਪਲੇਸਮੈਂਟ ਵੱਲ ਵੀ ਉਚੇਚਾ ਧਿਆਨ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਸੰਸਥਾ ਵੱਲੋਂ ਕਾਰਪੋਰੇਟ ਜਗਤ ਦੀਆਂ ਲੋੜਾਂ ਅਨੁਸਾਰ ਵਿਦਿਆਰਥੀਆਂ ਨੂੰ ਹੁਨਰਮੰਦ ਵੀ ਬਣਾਇਆ ਜਾ ਰਿਹਾ ਹੈ ਜਿਸ ਦੀ ਬਦੌਲਤ ਇਸ ਸੰਸਥਾ ਦੇ ਵਿਦਿਆਰਥੀਆਂ ਦੀ ਪਲੇਸਮੈਂਟ ਦਾ ਅੰਕੜਾ ਲਗਾਤਾਰ ਵੱਧ ਰਿਹਾ ਹੈ। ਕਰੋਨਾ ਕਾਲ ਤੋਂ ਬਾਅਦ ਨੌਕਰੀ ਦੇ ਬਾਜ਼ਾਰ ਅਤੇ ਸਿੱਖਿਆ ਦੇ ਬਦਲਦੇ ਸਰੂਪ ਦੁਆਰਾ ਪੈਦਾ ਚੁਣੌਤੀਆਂ ਅਤੇ ਭਿੰਨਤਾਵਾਂ ਦੇ ਬਾਵਜੂਦ ਬੀ.ਐਫ.ਜੀ.ਆਈ. ਦੇ ਵਿਦਿਆਰਥੀਆਂ ਦੀ ਪਲੇਸਮੈਂਟ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸੰਸਥਾ ਦੇ ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਵੱਲੋਂ ਸਮੇਂ ਸਮੇਂ ‘ਤੇ ਵੱਖ-ਵੱਖ ਪ੍ਰਸਿੱਧ ਕੰਪਨੀਆਂ ਦੀ ਪਲੇਸਮੈਂਟ ਡਰਾਈਵ ਆਯੋਜਿਤ ਕਰਵਾ ਕੇ ਵਿਦਿਆਰਥੀਆਂ ਨੂੰ ਨੌਕਰੀ ਪ੍ਰਾਪਤ ਕਰਨ ਦੇ ਭਰਪੂਰ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਸੰਸਥਾ ਦੇ ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਦੇ ਅਜਿਹੇ ਸਾਰਥਿਕ ਯਤਨਾਂ ਦੀ ਬਦੌਲਤ ਵੱਖ-ਵੱਖ ਕੰਪਨੀਆਂ ਵਿੱਚ ਬੀ.ਐਫ.ਜੀ.ਆਈ. ਦੇ 165 ਵਿਦਿਆਰਥੀਆਂ ਦੀ ਪਲੇਸਮੈਂਟ ਬਹੁਤ ਹੀ ਸ਼ਾਨਦਾਰ ਪੈਕੇਜਾਂ ‘ਤੇ ਹੋਈ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ 1 ਵਿਦਿਆਰਥੀ ਦੀ 13 ਲੱਖ ਸਾਲਾਨਾ ਦੇ ਪੈਕੇਜ ‘ਤੇ ਅਤੇ 12 ਵਿਦਿਆਰਥੀਆਂ ਦੀ 10 ਲੱਖ ਸਾਲਾਨਾ ਦੇ ਪੈਕੇਜ ‘ਤੇ ਪਲੇਸਮੈਂਟ ਹੋਈ ਹੈ ਜਦੋਂ ਕਿ 5 ਤੋਂ 10 ਲੱਖ ਸਾਲਾਨਾ ਦਾ ਪੈਕੇਜ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਅੰਕੜਾ 40 ਤੋਂ ਪਾਰ ਹੋ ਗਿਆ ਹੈ।
ਵੱਖ-ਵੱਖ ਕੰਪਨੀਆਂ ਦੇ ਅਧਿਕਾਰੀਆਂ ਨੇ ਐਪਟੀਚਿਊਡ ਟੈੱਸਟ, ਗਰੁੱਪ ਡਿਸਕਸ਼ਨ ਰਾਹੀਂ ਵਿਦਿਆਰਥੀਆਂ ਦੀ ਚੋਣ ਪ੍ਰਕਿਰਿਆ ਸ਼ੁਰੂ ਕਰਨ ਤੋਂ ਤੋਂ ਬਾਅਦ ਵਿਦਿਆਰਥੀਆਂ ਦੀ ਆਨਲਾਈਨ/ਆਫ਼ਲਾਈਨ ਨਿੱਜੀ ਇੰਟਰਵਿਊ ਕੀਤੀ। ਵਿਦਿਆਰਥੀਆਂ ਨੇ ਪੂਰੇ ਹੌਸਲੇ ਅਤੇ ਸਵੈ-ਵਿਸ਼ਵਾਸ ਨਾਲ ਇੰਟਰਵਿਊ ਦਿੱਤੀ। ਵਿਦਿਆਰਥੀਆਂ ਦੀ ਕਾਰਪੋਰੇਟ ਜਗਤ ਅਤੇ ਇੰਡਸਟਰੀ ਨਾਲ ਸਬੰਧਿਤ ਸਮਝ ਅਤੇ ਤਕਨੀਕੀ ਜਾਣਕਾਰੀ ਤੋਂ ਕੰਪਨੀ ਅਧਿਕਾਰੀ ਬਹੁਤ ਪ੍ਰਭਾਵਿਤ ਹੋਏ। ਵਿਦਿਆਰਥੀਆਂ ਦੀ ਵਧੀਆ ਸੰਚਾਰ ਭਾਸ਼ਾ ਅਤੇ ਪੇਸ਼ੇਵਰ ਪਹੁੰਚ ਦੇ ਸਿੱਟੇ ਵਜੋਂ ਲਾਈਕਮਾਂਈਡਜ਼ ਕੰਪਨੀ ਨੇ ਬੀ.ਐਫ.ਜੀ.ਆਈ. ਦੇ 1 ਵਿਦਿਆਰਥੀਆਂ ਨੂੰ 13 ਲੱਖ ਤੇ ਸਾਲਾਨਾ ਪੈਕੇਜ ‘ਤੇ ਸੇਲਜ਼ ਮੈਨੇਜਰ ਵਜੋਂ ਚੁਣਿਆ ਹੈ ਜਦੋਂ ਕਿ ਬਾਇਯੂਜ ਦ ਲਰਨਿੰਗ ਐਪ ਨਾਮਕ ਪ੍ਰਮੁੱਖ ਕੰਪਨੀ ਨੇ ਬੀ.ਐਫ.ਜੀ.ਆਈ. ਦੇ 12 ਵਿਦਿਆਰਥੀਆਂ ਨੂੰ 10 ਲੱਖ ਸਾਲਾਨਾ ਪੈਕੇਜ ‘ਤੇ ਬਿਜ਼ਨਸ ਡਿਵੈਲਪਮੈਂਟ ਐਗਜ਼ੀਕਿਊਟਿਵ ਵਜੋਂ ਚੁਣਿਆ ਹੈ ਜਿਸ ਵਿੱਚ ਬੀ.ਟੈੱਕ ਦੇ 3, ਬੀ.ਕਾਮ. ਦੇ 3, ਐਮ.ਬੀ.ਏ. ਦੇ 3, ਬੀ.ਸੀ.ਏ. ਦੇ 2 ਅਤੇ ਬੀ.ਬੀ.ਏ. ਦਾ 1 ਵਿਦਿਆਰਥੀ ਸ਼ਾਮਲ ਹੈ। ਇਸ ਤੋਂ ਇਲਾਵਾ ਪ੍ਰੈਕਟੀਕਲੀ ਕੰਪਨੀ ਨੇ 8.5 ਲੱਖ ਸਾਲਾਨਾ ਪੈਕੇਜ ‘ਤੇ ਬੀ.ਐਫ.ਜੀ.ਆਈ. ਦੇ 18 ਵਿਦਿਆਰਥੀਆਂ ਨੂੰ ਅਕੈਡਮਿਕ ਕਾਊਂਸਲਰ ਵਜੋਂ ਅਤੇ 3 ਵਿਦਿਆਰਥੀਆਂ ਨੂੰ ਸੀ.ਐਸ.ਐਮ. ਵਜੋਂ ਚੁਣਿਆ ਹੈ। ਇਸੇ ਤਰ੍ਹਾਂ ਜਾਰੋ ਐਜੂਕੇਸ਼ਨ ਕੰਪਨੀ ਨੇ ਐੈਮ.ਬੀ.ਏ. ਦੇ ਇੱਕ ਵਿਦਿਆਰਥੀ ਨੂੰ 8.46 ਲੱਖ ਸਾਲਾਨਾ ਦੇ ਪੈਕੇਜ ‘ਤੇ ਮੈਨੇਜਮੈਂਟ ਟਰੇਨੀ ਵਜੋਂ ਚੁਣਿਆ ਹੈ। ਇਸ ਦੇ ਨਾਲ ਹੀ ਇੱਕ ਹੋਰ ਪਲੇਸਮੈਂਟ ਡਰਾਈਵ ਦੌਰਾਨ ਐੈਮ.ਬੀ.ਏ. ਦੇ 1 ਵਿਦਿਆਰਥੀ ਨੂੰ ਅਤੇ ਬੀ.ਕਾਮ. ਦੇ 2 ਵਿਦਿਆਰਥੀਆਂ ਨੂੰ ਕ੍ਰਮਵਾਰ 7 ਲੱਖ ਅਤੇ 6.4 ਲੱਖ ਸਾਲਾਨਾ ਦੇ ਪੈਕੇਜ ‘ਤੇ ਬਿਜ਼ਨਸ ਡਿਵੈਲਪਮੈਂਟ ਕਾਊਂਸਲਰ ਵਜੋਂ ਪਲੇਨਟ ਸਪਾਰਕ ਕੰਪਨੀ ਨੇ ਚੁਣਿਆ ਹੈ। ਇਸ ਤੋਂ ਇਲਾਵਾ ਹਾਈਕ ਐਜੂਕੇਸ਼ਨ ਕੰਪਨੀ ਨੇ ਐਮ.ਬੀ.ਏ. ਦੇ 4 ਵਿਦਿਆਰਥੀਆਂ ਨੂੰ 5.82 ਲੱਖ ਸਾਲਾਨਾ ਦੇ ਪੈਕੇਜ ‘ਤੇ, ਬੀ.ਟੈੱਕ ਦੇ 5 ਵਿਦਿਆਰਥੀਆਂ ਨੂੰ 5.58 ਲੱਖ ਸਾਲਾਨਾ ਦੇ ਪੈਕੇਜ ‘ਤੇ ਅਤੇ ਬੀ.ਬੀ.ਏ . ਦੇ 2 ਵਿਦਿਆਰਥੀਆਂ ਨੂੰ 4.86 ਲੱਖ ਸਾਲਾਨਾ ਦੇ ਪੈਕੇਜ ‘ਤੇ ਕੈਰੀਅਰ ਡਿਵੈਲਪਮੈਂਟ ਮੈਨੇਜਰ ਵਜੋਂ ਚੁਣਿਆ ਹੈ। ਇਸੇ ਤਰ੍ਹਾਂ ਵਿਪਰੋ ਕੰਪਨੀ ਨੇ ਬੀ.ਟੈੱਕ (ਕੰਪਿਊਟਰ ਸਾਇੰਸ ਇੰਜ.) ਦੇ 4 ਵਿਦਿਆਰਥੀਆਂ ਨੂੰ ਸਾਫ਼ਟਵੇਅਰ ਇੰਜੀਨੀਅਰ ਵਜੋਂ ਚੁਣਿਆ ਹੈ ਜਦੋਂ ਕਿ ਟੀ.ਸੀ.ਐਸ. ਕੰਪਨੀ ਨੇ ਬੀ.ਟੈੱਕ (ਕੰਪਿਊਟਰ ਸਾਇੰਸ ਇੰਜ.) ਦੇ 2 ਵਿਦਿਆਰਥੀਆਂ ਨੂੰ ਅਸਿਸਟੈਂਟ ਸਿਸਟਮ ਟਰੇਨੀ ਵਜੋਂ ਚੁਣ ਲਿਆ ਹੈ। ਇਸ ਤੋਂ ਇਲਾਵਾ ਲਰਨਿੰਗ ਰੂਟਸ ਪ੍ਰਾ. ਲਿਮ., ਡਿਲੋਇਟੀ, ਚਿਕਮਿਕ, ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਆਦਿ ਨੇ ਵੀ ਵਿਦਿਆਰਥੀਆਂ ਨੂੰ ਸ਼ਾਨਦਾਰ ਪੈਕੇਜਾਂ ‘ਤੇ ਨੌਕਰੀ ਲਈ ਚੁਣਿਆ ਹੈ।
ਵਿਦਿਆਰਥੀਆਂ ਦੀ ਸ਼ਾਨਦਾਰ ਪਲੇਸਮੈਂਟ ਦੀ ਖ਼ੁਸ਼ੀ ਸਾਂਝੀ ਕਰਦਿਆਂ ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਸੰਸਥਾ ਵਿਖੇ ਪਲੇਸਮੈਂਟ ਲਈ ਲਗਾਤਾਰ ਉਪਰਾਲੇ ਜਾਰੀ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਹੋਰ ਵੀ ਬਹੁਤ ਸਾਰੀਆਂ ਬਹੁਕੌਮੀ ਕੰਪਨੀਆਂ ਵਿਦਿਆਰਥੀਆਂ ਦੀ ਪਲੇਸਮੈਂਟ ਲਈ ਆ ਰਹੀਆਂ ਹਨ। ਕਾਰਪੋਰੇਟ ਜਗਤ ਅਤੇ ਇੰਡਸਟਰੀ ਦੀ ਮੰਗ ਅਨੁਸਾਰ ਸੰਸਥਾ ਵੱਲੋਂ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕੀਤਾ ਜਾਂਦਾ ਹੈ ਜਿਸ ਸਦਕਾ ਹਰ ਕੋਰਸ ਦੇ ਵਿਦਿਆਰਥੀਆਂ ਦੀ ਪਲੇਸਮੈਂਟ ਬਹੁਤ ਸ਼ਾਨਦਾਰ ਪੈਕੇਜਾਂ ‘ਤੇ ਹੋ ਰਹੀ ਹੈ । ਡਾ. ਧਾਲੀਵਾਲ ਨੇ ਕਾਲਜ ਦੇ ਮਿਹਨਤੀ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਉਣ ਲਈ ਪਾਏ ਜਾ ਰਹੇ ਯੋਗਦਾਨ ਦੀ ਪ੍ਰਸੰਸਾ ਕਰਦਿਆਂ ਸਫਲ ਹੋਏ ਸਾਰੇ ਵਿਦਿਆਰਥੀਆਂ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਬੀ.ਐਫ.ਜੀ.ਆਈ. ਦੇ ਵਿਦਿਆਰਥੀਆਂ ਨੂੰ ਪਲੇਸਮੈਂਟ ਦਾ ਮੌਕਾ ਪ੍ਰਦਾਨ ਕਰਨ ਲਈ ਉਨ੍ਹਾਂ ਨੇ ਉਪਰੋਕਤ ਸਾਰੀਆਂ ਕੰਪਨੀਆਂ ਦੇ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ।

ਐਡਡੀਏ ਦੀ ਟੀਮ ਨੇ ਫਰੀਦਾਬਾਦ ਦੇ ਸਤਆ ਹਸਪਤਾਲ ਵਿਚ ਬਿਨ੍ਹਾਂ ਲਾਇਸੈਂਸ ਦੇ ਖੁੱਲੇ ਵਿਚ ਚੱਲ ਰਹੀ ਫਾਰਮੇਸੀ ਦੇ ਕਾਊਂਟਰ ‘ਤੇ ਮਾਰਿਆ ਛਾਪਾ

0

ਦੋਸ਼ੀਆਂ ਦੇ ਖਿਲਾਫ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ – ਵਿਜ
ਸੁਖਜਿੰਦਰ ਮਾਨ
ਚੰਡੀਗੜ੍ਹ, 30 ਮਾਰਚ: ਹਰਿਆਣਾ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਨਿਲ ਵਿਜ, ਜਿਨ੍ਹਾ ਦੇ ਕੋਲ ਖੁਰਾਕ ਅਤੇ ਔਸ਼ਧੀ ਪ੍ਰਸਾਸ਼ਨ ਵਿਭਾਗ ਦਾ ਕਾਰਜਭਾਰ ਵੀ ਹੈ, ਨੇ ਕਿਹਾ ਕਿ ਖੁਰਾਕ ਅਤੇ ਔਸ਼ਧੀ ਪ੍ਰਸਾਸ਼ਨ ਵਿਭਾਗ ਦੀ ਟੀਮ ਨੇ ਆਈਪੀ ਕਲੋਨੀ, ਫਰੀਦਾਬਾਦ ਸਥਿਤ ਸਤਆ ਹਸਪਤਾਲ ਦੇ ਅੰਦਰ ਬਿਨ੍ਹਾ ਲਾਇਸੈਂਸ ਦੇ ਖੁਲੇ ਵਿਚ ਚੱਲ ਰਹੀ ਫਾਰਮੇਸੀ ਦੇ ਕਾਊਂਟਰ ‘ਤੇ ਛਾਪਾ ਮਾਰਿਆ ਅਤੇ ਕਾਰਵਾਈ ਕਰਦੇ ਹੋਏ ਆਪਣੇ ਫਾਰਮੇਸੀ ਦ ਕਾਊਂਟਰ ਨੂੰ ਬੰਦ ਕਰਵਾ ਦਿੱਤਾ ਗਿਆ ਹੈ। ਨਾਲ ਹੀ, ਜਾਂਚ ਪੂਰੀ ਕਰਨ ਦੇ ਬਾਅਦ ਦੋਸ਼ੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸ੍ਰੀ ਵਿਜ ਨੇ ਦਸਿਆ ਕਿ ਪਿਛਲੇ ਦਿਨਾਂ ਫਰੀਦਾਬਾਦ ਦੇ ਸੀਨੀਅਰ ਔਸ਼ਧੀ ਕੰਟਰੋਲ ਅਧਿਕਾਰੀ ਕਰਣ ਸਿੰਘ ਗੋਦਾਰਾ ਅਤੇ ਫਰੀਦਾਬਾਦ-1 ਦੇ ਔਸ਼ਧੀ ਕੰਟਰੋਲ ਅਧਿਕਾਰੀ ਸੰਦੀਪ ਗਹਿਲੇਨ ਨੂੰ ਟੀਮ ਨੇ ਆਈਪੀ ਕਲੋਨੀ ਫਰੀਦਾਬਾਦ ਸਥਿਤ ਸਤਆ ਹਸਪਤਾਲ ਦੇ ਅੰਦਰ ਬਿਨ੍ਹਾ ਲਾਇਸੈਂਸ ਦੇ ਪਰਿਸਰ ਵਿਚ ਓਪਨ ਕਾਊਂਟਰ ‘ਤੇ ਛਾਪਾ ਮਾਰਿਆ, ਜਿੱਥੇ ਦਿਨੇਸ਼ ਸ਼ਾਹ ਰੱਖਰਖਾਵ ਕਰਦੇ ਪਾਏ ਗਏ। ਇਸ ਹਸਪਤਾਲ ਵਿਚ ਡਾ. ਸੀਐਮ ਗੋਸਵਾਮੀ, ਜੋ ਕਿ ਹਸਪਤਾਲ ਦੇ ਮਾਲਿਕ ਵੀ ਹਨ, ਦੇ ਪ੍ਰੇਸਕਿ੍ਰਪਸ਼ਨ ‘ਤ ਕਾਊਂਟਰ ‘ਤੇ ਏਲੋਪੈਥਿਕ ਦਵਾਈਆਂ ਦੀ ਵਿਕਰੀ ਪਾਈ ਗਈ।ਉਨ੍ਹਾ ਨੇ ਦਸਿਆ ਕਿ ਹਸਪਤਾਲ ਦੇ ਮਾਲਿਕ ਗੋਸਵਾਮੀ ਅਤੇ ਹੋਰ 4-5 ਵਿਜੀਟਿੰਗ ਕੰਸਲਟੈਂਟਸ ੱਲੋਂ ਕੈਸ਼ ਮੇਮੋ (ਮੈਨੂਅਲ ਦੇ ਨਾਲ-ਨਾਲ ਕੰਪਿਉਟਰਾਇਜਡ) ਵੀ ਜਾਰੀ ਕੀਤੇ ਗਏ ਹਨ ਅਤੇ ਦਿਨੇਸ਼ ਸ਼ਾਹ ਦਵਾਈ ਅਤੇ ਕਾਸਮੈਟਿਕ ਐਕਟ ਦੀ ਧਾਰਾ 18 (ਸੀ) ਦੇ ਤਹਿਤ ਜਰੂਰੀ ਏਲੋਪੈਥਿਕ ਦਵਾਈਆਂ ਦੀ ਵਿਕਰੀ, ਰੱਖਰਖਾਵ ਜਾਂ ਵੰਡ ਲਈ ਸਟਾਕਿੰਗ ਲਈ ਜਰੂਰੀ ਕਿਸੇ ਵੀ ਦਵਾਈ ਲਾਇਸੈਂਸ ਨੂੰ ਦਿਖਾਉਣ ਵਿਚ ਅਸਫਲ ਰਹੇ, ਜਿਸ ਦੇ ਤਹਿਤ ਦਿਨੇਸ਼ ਸ਼ਾਹ ਦੇ ਕਬਜੇ ਤੋਂ 12 ਤਰ੍ਹਾ ਦੀਆਂ ਦਵਾਈਆਂ ਦੇ ਨਮੂਨੇ ਇਕੱਠਾ ਕੀਤੇ ਗਏ ਹਨ। ਇਸ ਦੌਰਾਨ ਡਾ. ਸੀਐਮ ਗੋਸਵਾਮੀ ਵੀ ਮੌਕੇ ‘ਪਹੁੰਚੇ ਅਤੇ ਬਿਨ੍ਹਾ ਲਾਇਸੈਂਸ ਦੇ ਚਲਾਈ ਜਾ ਰਹੀ ਡਿਸਪੈਂਸਰੀ ਦਾ ਸਵਾਮਿਤਵ ਸਵੀਕਾਰ ਕੀਤਾ ਅਤੇ ਟੀਮ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਸ੍ਰੀ ਵਿਜ ਨੇ ਕਿਹਾ ਕਿ ਰਾਜ ਵਿਚ ਲੋਕਾਂ ਦੇ ਸਿਹਤ ਦੇ ਨਾਲ ਖਿਲਵਾੜ ਨਹੀਂ ਹੋਣ ਦਿਤਾ ਜਾਵੇਗਾ ਅਤੇ ਇਸ ਤਰ੍ਹਾ ਦੀ ਕਾਰਵਾਈ ਅੱਗੇ ਵੀ ਜਾਰੀ ਰਹੇਗੀ ਤਾਂ ਜੋ ਲੋਕਾਂ ਨੂੰ ਚੰਗੀ ਤੇ ਬਿਹਤਰ ਦਵਾਈਆਂ ਦੀ ਸਪਲਾਈ ਯਕੀਨੀ ਹੋ ਸਕੇ।

ਕੇਂਦਰੀ ਜਲ ਸ਼ਕਤੀ ਮੰਤਰੀ ਨੇ ਕੀਤੀ ਮੁੱਖ ਮੰਤਰੀ ਮਨੋਹਰ ਲਾਲ ਦੇ ਯਤਨਾਂ ਦੀ ਸ਼ਲਾਘਾ

0

ਹਰਿਆਣਾ ਨੇ ਇਸ ਮੁਹਿੰਮ ਦੇ ਤਹਿਤ ਜਲ ਸਰੰਖਣ ਅਤੇ ਪ੍ਰਬੰਧਨ ਦੇ ਲਈ ਸ਼ੁਰੂ ਕੀਤੀ ਵੱਖ-ਵੱਖ ਪਹਿਲ
ਸੁਖਜਿੰਦਰ ਮਾਨ
ਚੰਡੀਗੜ੍ਹ, 30 ਮਾਰਚ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਜਲ ਸਰੰਖਣ ਨੂੰ ਲੈ ਕੇ ਕੀਤੇ ਜਾ ਰਹੇ ਅਣਥੱਕ ਯਤਨਾਂ ਨੰੂ ਇਕ ਵਾਰ ਮੁੜ ਕੇਂਦਰ ਸਰਕਾਰ ਨੇ ਸ਼ਲਾਘਿਆ ਹੈ। ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਜਲ ਸ਼ਕਤੀ ਮੁਹਿੰਮ ਦੇ ਲਈ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਹਰਿਆਣਾ ਨੇ ਇਸ ਮੁਹਿੰਮ ਦੇ ਤਹਿਤ ਜਲ ਸਰੰਖਣ ਅਤੇ ਪ੍ਰਬੰਧਨ ਦੇ ਲਈ ਵੱਖ-ਵੱਖ ਪਹਿਲ ਕੀਤੀਆਂ ਹਨ। ਇਸ ਮੁਹਿੰਮ ਵਿਚ ਵਧੀਆ ਕੰਮ ਲਈ ਭਿਵਾਨੀ , ਰਿਵਾੜੀ, ਮਹੇਂਦਰਗੜ੍ਹ, ਅੰਬਾਲਾ ਅਤੇ ਕੁਰੂਕਸ਼ੇਤਰ ਜਿਲ੍ਹਾ ਵਿਸ਼ੇਸ਼ ਸ਼ਲਾਘਾਯੋਗ ਹਨ। ਇਸ ਸਬੰਧ ਵਿਚ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਵੱਲੋਂ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੂੰ ਲਿਖੇ ਗਏ ਪੱਤਰ ਲਈ ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਦਾ ਧੰਨਵਾਦ ਪ੍ਰਗਟਾਇਆ ਅਤੇ ਜਲ ਸ਼ਕਤੀ ਮੁਹਿੰਮ: ਕੈਚ ਦ ਰੇਨ 2022 ਮੁਹਿੰਮ ਨੂੰ ਪ੍ਰੋਤਸਾਹਨ ਦੇਣ ਲਈ ਹਰਿਆਣਾ ਵੱਲੋਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਪੱਤਰ ਵਿਚ ਹਰਿਆਣਾ ਦੇ ਯੋਗਦਾਨ ਦੀ ਜਾਣਕਾਰੀ ਦਿੰਦੇ ਹੋਏ ਕੇਂਦਰੀ ਮੰਤਰੀ ਨੇ ਦਸਿਆ ਕਿ 1 ਮਾਰਚ, 2022 ਤਕ ਹਰਿਆਣਾ ਰਾਜ ਨੇ 89918 ਜਲ ਸਬੰਧੀ ਕੰਮ ਪੂਰੇ ਕੀਤੇ, ਜਿਨ੍ਹਾਂ ਵਿਚ 49,136 ਜਲ ਸਰੰਖਣ ਅਤੇ ਆਰਡਬਲਿਯੂਐਚ ਢਾਂਚਿਆਂ ਦਾ ਨਿਰਮਾਣ/ਰੱਖਰਖਾਵ, 8623 ਪਰੰਪਰਿਕ ਜਲ ਨਿਗਮਾਂ ਦਾ ਨਵੀਨੀਕਰਣ, 25921 ਮੁੜ ਵਰਤੋ ਅਤੇ ਪੁਨ ਸਰੰਖਣ ਢਾਂਚਿਆਂ ਦਾ ਨਿਰਮਾਣ/ਰੱਖ ਰਖਾਵ ਅਤੇ 6238 ਵਾਟਰਸ਼ੈਡ ਵਿਕਾਸ ਸਬੰਧੀ ਕਾਰਜ ਦੇ ਨਾਲ-ਨਾਲ ਲਗਭਗ 1.42 ਕਰੌੜ ਰੁੱਖ ਲਗਾਉਣ ਦਾ ਕੰਮ ਵੀ ਕੀਤੇ ਸਨ। ਉਪਰੋਕਤ ਪੂਰਣ ਕੀਤੇ ਗਏ ਕੰਮਾਂ ਤੋਂ ਇਲਾਵਾ, ਜਲ ਨਾਲ ਸਬੰਧਿਤ ਕਈ ਹੋਰ ਕਾਰਜ ਵੀ ਕੀਤੇ ਜਾ ਰਹੇ ਹਨ। ਪੱਤਰ ਵਿਚ ਇਹ ਵੀ ਦਸਿਆ ਗਿਆ ਹੈ ਕਿ ਰਾਜ ਵਿਚ 22 ਜਲ ਸ਼ਕਤੀ ਕੇਂਦਰ ਸਥਾਪਿਤ ਕੀਤੇ ਗਏ ਹਨ। ਬਰਸਾਤ ਦੇ ਮੌਸਮ ਨੂੰ ਦੇਖਦੇ ਹੋਏ ਇਸ ਸਾਲ ਵਿਚ ਜਲ ਸ਼ਕਤੀ ਮੁਹਿੰਮ: ਕੈਚ ਦੇ ਰਨ-2022 ਸ਼ੁਰੂ ਕਰਨ ਦੀ ਯੋਜਨਾ ਹੈ। ਇਸ ਨੂੰ ਮਾਰਚ 2022 ਦੇ ਅੰਤ ਵਿਚ ਸ਼ੁਰੂ ਕੀਤਾ ਜਾਵੇਗਾ। ਇਹ ਮੁਹਿੰਮ ਦੇਸ਼ ਦੇ ਸਾਰੇ ਜਿਲ੍ਹਿਆਂ (ਪੇਂਡੂ ਅਤੇ ਸ਼ਹਿਰੀ ਖੇਤਰਾਂ) ਵਿਚ ਮਾਰਚ, 2022 ਦੇ ਅੰਤ ਤੋਂ 30 ਨਵੰਬਰ, 2022 ਤਕ ਮਾਨਸੂਨ ਪੁਰਬ ਅਤੇ ਮਾਨਸੂਨ ਸਮੇਂ ਤਕ ਚਲਾਇਆ ਜਾਵੇਗਾ। ਕੇਂਦਿ੍ਰਤ ਕੰਮ ਕਾਰਜਪ੍ਰਣਾਲੀ ਵਿਚ ਹੇਠਾਂ ਲਿਖਿਤ ਕੰਮ ਕੀਤੇ ਜਾਣਗੇ ਜਿਸ ਵਿਚ ਗੰਭੀਰ ਬਰਸਾਤ ਜਲ ਇਕੱਠਾ ਕਰਨ ਅਤੇ ਜਲ ਸਰੰਖਣ ਜਿਸ ਵਿਚ ਭਵਨਾਂ ‘ਤੇ ਰੂਫ-ਟੋਪ ਬਰਸਾਤ ਜਲ ਇਕੱਠਾ ਢਾਂਚਿਆਂ (ਆਰਡਬਲਿਯੂਐਚਐਸ) ਬਨਾਉਣਾ ਅਤੇ ਪਰਿਸਰ ਵਿਚ ਜਲ ਇਕੱਠਾ ਕਰਨ ਗੱਡੇ ਖੋਦਨਾ ਸ਼ਾਮਿਲ ਹੈ। ਮੌਜੂਦਾ ਆਰਡਬਲਿਯੂਐਚਐਸ ਦਾ ਰੱਖਰਖਾਵ ਅਤੇ ਨਵੇਂ ਚੈਕ ਡੈਮ/ਤਾਲਾਬਾਂ ਦਾ ਨਿਰਮਾਣ, ਪਾਰੰਪਰਿਕ ਜਲ ਇਕੱਠਾ ਢਾਂਚਿਆਂ ਦਾ ਨਵੀਨੀਕਰਣ, ਤਾਲਾਬਾਂ/ਝੀਲਾਂ ਅਤੇ ਉਨ੍ਹਾ ਦੇ ਕੈਚਮੈਂਟ ਚੈਨਲਾਂ ਤੋਂ ਕਬਜਾ ਹਟਾਉਣਾ, ਟੈਂਕਾਂ ਦੀ ਗਾਦ ਕੱਢਣਾ, ਬੋਰਵੇਲ ਦੀ ਮੁੜ ਵਰਤੋ ਅਤੇ ਮੁੜ ਭਰਣ, ਵਾਟਰਸ਼ੈਡ ਵਿਕਾਸ, ਛੋਟੀ ਨਦੀਆਂ ਅਤੇ ਨਾਲਿਆਂ ਦਾ ਸਰੰਖਦ, ਵੈਟਲੈਂਡਸ ਦਾ ਕੁੜ ਵਿਸਥਾਰ ਅਤੇ ਹੱੜ੍ਹ-ਬੈਂਕਾਂ ਦਾ ਸਰੰਖਣ, ਝਰਨਿਆਂ ਦਾ ਵਿਕਾਸ, ਵਾਟਰ ਕੈਚਮੈਂਟ ਖੇਤਰ ਦੀ ਸੁਰੱਖਿਆ ਤੋਂ ਇਲਾਵਾ, ਸਾਰੇ ਜਲ ਨਿਗਮਾਂ ਦੀ ਗਿਣਤੀ, ਭੂ-ਟੈਗਿੰਗ ਅਤੇ ਉਨ੍ਹਾਂ ਦੀ ਸੂਚੀ ਬਨਾਉਣਾ, ਇਸ ਦੇ ਆਧਾਰ ‘ਤੇ ਜਲ ਸਰੰਖਣ ਲਈ ਵਿਗਿਆਨਕ ਯੋਜਨਾ ਤਿਆਰ ਕਰਨ, ਸਾਰੇ ਜਿਲ੍ਹਿਆਂ ਵਿਚ ਜਲ ਸ਼ਕਤੀ ਕੇਂਦਰਾਂ ਦੀ ਸਥਾਪਨਾ, ਗੰਭੀਰ ਜੰਗਲਰੋਪਨ ਅਤੇ ਜਨ ਜਾਗਰੁਕਤਾ ਲਿਆਉਣ ਵੀ ਸ਼ਾਮਿਲ ਹੈ।

ਮਾਫ਼ੀਆ ਦਾ ਲੱਕ ਤੋੜਨ ਲਈ ਟਰਾਂਸਪੋਰਟ ਮੰਤਰੀ ਭੁੱਲਰ ਵੱਲੋਂ ਸਾਰੇ ਬੱਸ ਪਰਮਿਟ ਆਨਲਾਈਨ ਕਰਨ ਦਾ ਐਲਾਨ

0

ਕਿਹਾ, “ਇੱਕ ਬੱਸ-ਇੱਕ ਪਰਮਿਟ” ਨੀਤੀ ਸ਼ਿੱਦਤ ਨਾਲ ਲਾਗੂ ਕਰਾਂਗੇ
ਡਿਪੂ ਜਨਰਲ ਮੈਨੇਜਰਾਂ ਨਾਲ ਮੀਟਿੰਗ ਦੌਰਾਨ ਪਾਰਦਰਸ਼ੀ ਤੇ ਈਮਾਨਦਾਰ ਪ੍ਰਸ਼ਾਸਨ ਦੇਣ ਦਾ ਸਪੱਸ਼ਟ ਸੰਕੇਤ
ਡਿਪੂ ਜਨਰਲ ਮੈਨੇਜਰ ਨੂੰ ਬੱਸ ਸਟੈਂਡਾਂ ਦੇ 500 ਮੀਟਰ ਖੇਤਰ ਵਿੱਚ ਨਾਜਾਇਜ਼ ਬੱਸਾਂ ‘ਤੇ ਸ਼ਿਕੰਜਾ ਕਸਣ ਦੀ ਹਦਾਇਤ
ਤੇਲ ਚੋਰੀ ਰੋਕਣ ਲਈ 4.8 ਕਿਲੋਮੀਟਰ ਪ੍ਰਤੀ ਲੀਟਰ ਤੋਂ ਘੱਟ ਮਾਈਲੇਜ ਦੇਣ ਵਾਲੇ ਬੱਸ ਡਰਾਈਵਰਾਂ ਵਿਰੁੱਧ ਕਾਰਵਾਈ ਲਈ ਜਨਰਲ ਮੈਨੇਜਰ ਕੀਤੇ ਪਾਬੰਦ
ਸੁਖਜਿੰਦਰ ਮਾਨ
ਚੰਡੀਗੜ੍ਹ, 30 ਮਾਰਚ:“ਇੱਕ ਬੱਸ-ਇੱਕ ਪਰਮਿਟ” ਨੀਤੀ ਸ਼ਿੱਦਤ ਨਾਲ ਲਾਗੂ ਕਰਨ ਦਾ ਐਲਾਨ ਕਰਦਿਆਂ ਅੱਜ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਬੱਸ ਮਾਫ਼ੀਆ ਦਾ ਲੱਕ ਤੋੜਨ ਲਈ ਸਾਰੇ ਬੱਸ ਪਰਮਿਟ ਛੇਤੀ ਹੀ ਆਨਲਾਈਨ ਕੀਤੇ ਜਾਣਗੇ।ਪੰਜਾਬ ਭਵਨ ਵਿਖੇ ਸੂਬੇ ਦੇ ਸਮੂਹ ਬੱਸ ਡਿਪੂਆਂ ਦੇ ਜਨਰਲ ਮੈਨੇਜਰਾਂ ਨਾਲ ਮੀਟਿੰਗ ਦੌਰਾਨ ਸ. ਭੁੱਲਰ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਦੇ ਕੰਮ ਵਿੱਚ ਹੋਰ ਪਾਰਦਰਸ਼ਤਾ ਲਿਆਉਣ ਦੀ ਲੋੜ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਜਾ ਰਿਹਾ ਹੈ। ਮੰਤਰੀ ਨੇ ਪ੍ਰਮੁੱਖ ਸਕੱਤਰ ਟਰਾਂਸਪੋਰਟ ਸ੍ਰੀ ਕੇ. ਸਿਵਾ ਪ੍ਰਸਾਦ ਨੂੰ ਨਿਰਦੇਸ਼ ਦਿੱਤੇ ਕਿ ਉਹ ਛੇਤੀ ਤੋਂ ਛੇਤੀ ਪਰਮਿਟ ਆਨਲਾਈਨ ਕਰਨ ਦੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ।ਬੱਸ ਅੱਡਿਆਂ ਦੇ ਬਾਹਰੋਂ ਚਲ ਰਹੀਆਂ ਨਾਜਾਇਜ਼ ਪ੍ਰਾਈਵੇਟ ਬੱਸਾਂ ‘ਤੇ ਸ਼ਿੰਕਜਾ ਕਸਣ ਦੀ ਹਦਾਇਤ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਸਮੂਹ ਡਿਪੂ ਜਨਰਲ ਮੈਨੇਜਰ ਨੂੰ ਕਿਹ ਕਿ ਵਿਭਾਗ ਵੱਲੋਂ ਪਹਿਲਾਂ ਹੀ ਉਨ੍ਹਾਂ ਨੂੰ ਬੱਸ ਸਟੈਂਡਾਂ ਦੇ 500 ਮੀਟਰ ਖੇਤਰ ਵਿੱਚ ਨਾਜਾਇਜ਼ ਬੱਸਾਂ ਰੋਕਣ ਦੇ ਅਧਿਕਾਰ ਦਿੱਤੇ ਗਏ ਹਨ। ਇਸ ਲਈ ਜਨਰਲ ਮੈਨੇਜਰ ਆਪਣੀਆਂ ਸ਼ਕਤੀਆਂ ਵਰਤਦਿਆਂ ਬੱਸ ਅੱਡਿਆਂ ਦੇ ਬਾਹਰ ਤੋਂ ਸਵਾਰੀਆਂ ਚੁੱਕਣ ਵਾਲੀਆਂ ਪ੍ਰਾਈਵੇਟ ਅਤੇ ਟਰੈਵਲ ਬੱਸਾਂ ਨੂੰ ਫੜਨ ਦੀ ਕਾਰਵਾਈ ਕਰਨ। ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਜਨਰਲ ਮੈਨੇਜਰਾਂ ਨੂੰ ਸਕੱਤਰ ਆਰ.ਟੀ.ਏ. ਦਾ ਸਹਿਯੋਗ ਲੈਣ ਦੀ ਵੀ ਹਦਾਇਤ ਕੀਤੀ ਗਈ।ਵਿਭਾਗ ਦੀ ਆਮਦਨ ਵਧਾਉਣ ਵੱਲ ਧਿਆਨ ਕੇਂਦਰਤ ਕਰਦਿਆਂ ਟਰਾਂਸਪੋਰਟ ਮੰਤਰੀ ਸ. ਭੁੱਲਰ ਨੇ ਬੇਨਿਯਮੀਆਂ ਨੂੰ ਸਖ਼ਤੀ ਨਾਲ ਰੋਕਣ ਦੇ ਨਿਰਦੇਸ਼ ਦਿੱਤੇ। ਸ. ਭੁੱਲਰ ਨੇ ਕਿਹਾ ਕਿ ਉਨ੍ਹਾਂ ਨੂੰ ਬੱਸਾਂ ਦੇ ਤੇਲ ਚੋਰੀ ਦੀਆਂ ਖ਼ਬਰਾਂ ਮਿਲ ਰਹੀਆਂ ਹਨ। ਇਸ ਲਈ ਜਨਰਲ ਮੈਨੇਜਰ ਇਹ ਯਕੀਨੀ ਬਣਾਉਣ ਕਿ ਹਰੇਕ ਬੱਸ ਤੋਂ ਘੱਟੋ-ਘੱਟ 4.8 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਮਿਲੇ। ਉਨ੍ਹਾਂ ਜਨਰਲ ਮੈਨੇਜਰ ਨੂੰ ਹਦਾਇਤ ਕੀਤੀ ਕਿ ਨਿਰਧਾਰਤ ਟੀਚੇ ਤੋਂ ਘੱਟ ਮਾਈਲੇਜ ਦੇਣ ਵਾਲੇ ਡਰਾਈਵਰਾਂ ਤੋਂ ਰਿਕਵਰੀ ਕਰਨ ਲਈ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।ਮੰਤਰੀ ਨੇ ਹਦਾਇਤ ਕੀਤੀ ਕਿ ਵਿਦਿਆਰਥੀ ਪਾਸ ਬਿਨਾਂ ਖੱਜਲ-ਖੁਆਰੀ ਅਤੇ ਸਮਾਂਬੱਧ ਤਰੀਕੇ ਨਾਲ ਬਣਾਏ ਜਾਣ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਬੱਸ ਪਾਸਾਂ ਸਬੰਧੀ ਲੰਬਤ ਕੇਸਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ ਤਾਂ ਜੋ ਵਿਦਿਆਰਥੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਸ. ਭੁੱਲਰ ਨੇ ਜਨਰਲ ਮੈਨੇਜਰਾਂ ਨੂੰ ਬੱਸ ਅੱਡਿਆਂ ‘ਤੇ ਬਣੇ ਪਖ਼ਾਨਿਆਂ ਦੀ ਸਫ਼ਾਈ, ਡਰਾਈਵਰਾਂ-ਕੰਡਕਟਰਾਂ ਦੇ ਸਵਾਰੀਆਂ ਨਾਲ ਵਿਹਾਰ ਅਤੇ ਬੱਸਾਂ ਵਿੱਚ ਸਾਫ਼ ਪੀਣਯੋਗ ਪਾਣੀ ਦਾ ਪ੍ਰਬੰਧ ਕਰਨ ਵੱਲ ਉਚੇਚਾ ਧਿਆਨ ਦੇਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ, “ਮੈਂ ਅਗਲੇ ਦਿਨਾਂ ਤੋਂ ਬੱਸ ਅੱਡਿਆਂ ਦੀ ਚੈਕਿੰਗ ਮੁਹਿੰਮ ਅਰੰਭ ਰਿਹਾ ਹਾਂ ਅਤੇ ਇਸ ਦੌਰਾਨ ਅਣਗਹਿਲੀ ਪਾਈ ਗਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।”
ਪੰਜਾਬ ਸਰਕਾਰ ਦੀ ਪਾਰਦਰਸ਼ੀ ਤੇ ਈਮਾਨਦਾਰ ਪ੍ਰਸ਼ਾਸਨ ਦੇਣ ਦੀ ਨੀਤੀ ਮੁਤਾਬਕ ਮੰਤਰੀ ਨੇ ਸਮੂਹ ਅਧਿਕਾਰੀਆਂ ਨੂੰ ਸਪੱਸ਼ਟ ਸੰਕੇਤ ਦਿੱਤਾ ਕਿ ਜੇ ਕੋਈ ਅਧਿਕਾਰੀ ਤੇ ਮੁਲਾਜ਼ਮ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਦਾ ਕੋਈ ਲਿਹਾਜ਼ ਨਹੀਂ ਕੀਤਾ ਜਾਵੇਗਾ।ਮੀਟਿੰਗ ਦੌਰਾਨ ਪ੍ਰਮੁੱਖ ਸਕੱਤਰ ਟਰਾਂਸਪੋਰਟ ਸ੍ਰੀ ਕੇ. ਸਿਵਾ ਪ੍ਰਸਾਦ, ਡਾਇਰੈਕਟਰ ਸਟੇਟ ਟਰਾਂਸਪੋਰਟ ਸ੍ਰੀਮਤੀ ਅਮਨਦੀਪ ਕੌਰ ਅਤੇ ਸਮੂਹ ਡਿਪੂ ਜਨਰਲ ਮੈਨੇਜਰ ਮੌਜੂਦ ਸਨ।

ਸਰਕਾਰ ਬਦਲਣ ਮਗਰੋਂ ਮੰਡੀ ਬੋਰਡ, ਪੀ.ਆਰ.ਟੀ.ਸੀ. ਅਤੇ ਪਨਕੋਫੈੱਡ ਸਹਿਤ 9 ਚੇਅਰਮੈਨਾਂ ਵੱਲੋਂ ਅਸਤੀਫੇ

0

ਸੁਖਜਿੰਦਰ ਮਾਨ
ਚੰਡੀਗੜ੍ਹ, 30 ਮਾਰਚ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਗਠਨ ਤੋਂ ਬਾਅਦ ਵੱਖ-ਵੱਖ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ 9 ਗੈਰ-ਸਰਕਾਰੀ ਅਹੁਦੇਦਾਰ ਅਸਤੀਫਾ ਦੇ ਚੁੱਕੇ ਹਨ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਬੋਰਡਾਂ ਤੇ ਕਾਰਪੋਰੇਸ਼ਨਾਂ ਤੋਂ ਅਸਤੀਫਾ ਦੇ ਚੁੱਕੇ ਅਹੁਦੇਦਾਰਾਂ ਵਿਚ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ, ਪਨਕੋਫੈੱਡ ਦੇ ਚੇਅਰਮੈਨ ਅਵਤਾਰ ਸਿੰਘ ਅਤੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਸਤਵਿੰਦਰ ਸਿੰਘ ਵੀ ਸ਼ਾਮਲ ਹਨ।ਇਨ੍ਹਾਂ ਤੋਂ ਇਲਾਵਾ ਪੰਜਾਬ ਲਘੂ ਉਦਯੋਗ ਤੇ ਬਰਾਮਦ ਨਿਗਮ (ਪੀ.ਐਸ.ਆਈ.ਈ.ਸੀ.) ਦੇ ਡਾਇਰੈਕਟਰ ਹਰਮੇਸ਼ ਚੰਦਰ, ਇਨਫੋਟੈੱਕ ਦੇ ਉਪ ਚੇਅਰਮੈਨ ਕਾਰਤਿਕ ਵਡੇਰਾ, ਡਾਇਰੈਕਟਰ ਮਨਜੀਤ ਸਿੰਘ ਸਰੋਆ, ਸਤੀਸ਼ ਕਾਂਸਲ, ਸੁਰਜੀਤ ਸਿੰਘ ਭੂਨ ਅਤੇ ਡਾ. ਨਰੇਸ਼ ਪਰੂਥੀ ਵੀ ਅਸਤੀਫਾ ਦੇ ਚੁੱਕੇ ਹਨ।
ਬਾਕਸ
ਨਗਰ ਸੁਧਾਰ ਟਰੱਸਟ ਦੇ ਬੋਰਡ ਭੰਗ
ਚੰਡੀਗੜ੍ਹ: ਉਧਰ ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਸੂਬੇ ਦੇ ਸਮੂਹ ਨਗਰ ਸੁਧਾਰ ਟਰੱਸਟਾਂ ਦੇ ਬੋਰਡ ਭੰਗ ਕਰ ਦਿੱਤੇ ਹਨ, ਜਿਸਤੋਂ ਬਾਅਦ ਹੁਣ ਪਿਛਲੀ ਸਰਕਾਰ ਦੁਆਰਾ ਲਗਾਏ ਗਏ ਚੇਅਰਮੈਨ ਤੇ ਮੈਂਬਰ ਸਾਬਕਾ ਹੋ ਗਏ ਹਨ। ਦਸਣਾ ਬਣਦਾ ਹੈ ਕਿ ਆਪ ਸਰਕਾਰ ਜਲਦੀ ਤੋਂ ਜਲਦੀ ਪਾਰਟੀ ਦੇ ਵਿਧਾਇਕਾਂ ਤੇ ਆਗੂਆਂ ਨੂੰ ਇੰਨ੍ਹਾਂ ਅਹੁੱਦਿਆਂ ’ਤੇ ਐਡਜੇਸਟ ਕਰਨਾ ਚਾਹੁੰਦੀ ਹੈ।

ਸਿਹਤ ਵਿਭਾਗ ਨੇ ਪੋਸ਼ਣ ਅਭਿਆਨ ਤਹਿਤ ਵਿੱਢੀ ਜਾਗਰੂਕਤਾ ਮੁਹਿੰਮ

0

ਸੁਖਜਿੰਦਰ ਮਾਨ
ਬਠਿੰਡਾ, 30 ਮਾਰਚ: ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਪੋਸ਼ਣ ਅਭਿਆਨ ਤਹਿਤ ਵਿੱਢੀ ਜਾਗਰੂਕਤਾ ਮੁਹਿੰਮ ਤਹਿਤ ਅੱਜ ਸਥਾਨਕ ਕੱਚਾ ਧੋਬੀਆਣਾ ਬੇਅੰਤ ਨਗਰ ਅਤੇ ਸਿਹਤ ਕੇਂਦਰ ਪ੍ਰਤਾਪ ਨਗਰ ਵਿਖੇ ਸਿਹਤ ਸਿੱਖਿਆ ਕੈਂਪਾਂ ਦਾ ਅਯੋਜਨ ਕੀਤਾ ਗਿਆ ।ਇਨ੍ਹਾਂ ਕੈਂਪਾਂ ਵਿੱਚ ਗਰਭਵਤੀ ਅਤੇ ਦੁੱਧ ਪਿਲਾਉਂਦੀਆਂ ਮਾਵਾਂ ਤੋਂ ਇਲਾਵਾ ਮੁਹੱਲਾ ਨਿਵਾਸੀਆਂ ਅਤੇ ਆਸ਼ਾ ਵਰਕਰ ਵੱਲੋਂ ਸ਼ਿਰਕਤ ਕੀਤੀ ਗਈ ।ਇਸ ਮੋਕੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਦੇਸ਼ ਨੂੰ ਕੁਪੋਸ਼ਣ ਮੁਕਤ ਕਰਨ ਲਈ ਪੋਸ਼ਣ ਅਭਿਆਨ ਦੀ ਸ਼ੁਰੂਆਤ 08 ਮਾਰਚ 2018 ਨੂੰ ਕੀਤੀ ਗਈ ।ਉਨ੍ਹਾਂ ਦੱਸਿਆ ਕਿ ਪੋਸ਼ਣ ਮਾਹ ਦੀਆਂ ਗਤੀਵਿਧੀਆਂ ਸਮਾਜਿਕ ਵਿਵਹਾਰ ਤਬਦੀਲੀ ਅਤੇ ਸੰਚਾਰ ਤੇ ਕੇਂਦਰਿਤ ਵਿਆਪਕ ਵਿਸ਼ੇ ਹਨ । ਇਸ ਵਿੱਚ ਜਨਮ ਤੋਂ ਪਹਿਲਾਂ ਦੀ ਦੇਖ-ਭਾਲ, ਅਨੁਕੂਲ ਛਾਤੀ ਦਾ ਦੁੱਧ ਪਿਲਾਉਣਾ , ਪੂਰਕ ਖੁਰਾਕ ,ਅਨੀਮੀਆ , ਵਿਕਾਸ ਦੀ ਨਿਗਰਾਨੀ, ਲੜਕੀਆਂ ਦੀ ਸਿੱਖਿਆ ਅਤੇ ਖੁਰਾਕ , ਵਿਆਹ ਦੀ ਸਹੀ ਉਮਰ, ਸਫਾਈ ਅਤੇ ਸਵੱਛਤਾ, ਸਿਹਤ ਮੰਦ ਖਾਣਾ ਅਤੇ ਭੋਜਨ ਦੀ ਮਜ਼ਬੂਤੀ ਆਦਿ ਵਿਸ਼ੇ ਤੇ ਜ਼ੋਰ ਦੇਣ ਦੀ ਲੋੜ ਹੈ ।ਇਸ ਮੌਕੇ ਡਿਪਟੀ ਐਮ.ਈ.ਆਈ.ਓ. ਕੁਲਵੰਤ ਸਿੰਘ ਵੱਲੋਂ ਕੈਂਪਾਂ ਵਿੱਚ ਹਾਜਰੀਨ ਨੂੰ ਅਨੀਮੀਆ ਦੀ ਰੋਕਥਾਮ , ਸੰਤੁਲਤ ਆਹਾਰ ਦੀ ਵਰਤੋਂ ਅਤੇ ਸੰਪੂਰਨ ਟੀਕਾਕਰਨ , ਆਦਿ ਵਿਸ਼ਿਆਂ ਤੇ ਜਾਗਰੂਕ ਕੀਤਾ ਗਿਅ, ਉੁੁੁੁਨ੍ਹਾਂ ਇਹ ਵੀ ਦੱਸਿਆ ਕਿ ਕਈ ਵਾਰ ਬੱਚਿਆਂ ਵਿੱਚ ਪੋਟ ਦੇ ਕੀੜੇ ਵੀ ਅਨੀਮੀਆ ਦਾ ਕਾਰਨ ਹੋ ਸਕਦੇ ਹਨ ।ਅਨੀਮੀਆਂ ਕਾਰਨ ਬੱਚੇ ਦੇ ਸਰੀਰਕ ਅਤੇ ਬੌਧਿਕ ਵਿਕਾਸ ਤੇ ਮਾੜਾ ਅਸਰ ਪੈਦਾ ਹੈ ।ਉਨ੍ਹਾਂ ਵੱਲੋਂ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ ਗਈ । ਇਸ ਮੌਕੇ ਮੈਡੀਕਲ ਅਫਸਰ ਡਾ. ਅੰਤਰਿਕਸ਼ ਗੁਪਤਾ ਵੱਲੋਂ ਗਰਭਵਤੀ ਔਰਤਾਂ ਨੂੰ ਗਰਭ ਅਵਸਥਾ ਸਮੇਂ ਆਇਰਨ, ਪ੍ਰੋਟੀਨ ਅਤੇ ਵਿਟਾਮਿਨ ਆਦਿ ਯੁਕਤ ਭੋਜਨ ਦੀ ਵਰਤੋਂ ਤੇ ਜ਼ੋਰ ਦਿੱਤਾ । ਉਨ੍ਹਾਂ ਦੱਸਿਆ ਕਿ ਗਰਵਭਤੀ ਔਰਤ ਨੂੰ ਆਮ ਦਿਨਾਂ ਦੇ ਮਬਕਾਲੇ ਜ਼ਿਆਦਾ ਭੋਜ਼ਨ ਦੀ ਜਰੂਰਤ ਹੁੰਦੀ ਹੈ । ਇਸ ਲਈ ਗਰਭਵਤੀ ਔਰਤ ਨੂੰ ਹਲਕਾ ਅਤੇ ਦਿਨ ਵਿੱਚ ਚਾਰ ਵਾਰ ਭੋਜ਼ਨ ਲੈਣ ਦੀ ਜਰੂਰਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਖਾਣ -ਪੀਣ ਦੀਆਂ ਚੀਜ਼ਾਂ ਦੀ ਵਰਤੋਂ ਸਮੇਂ ਸਫਾਈ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇ ।ਬਲਾਕ ਐਕਸਟੈਨਸਨ ਐਜੂਕੇਟਰ ਪਵਨਜੀਤ ਕੋਰ ਵੱਲੋਂ ਸਿਹਤ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ । ਇਸ ਮੌਕੇ ਐਲ.ਐਚ.ਵੀ. ਮਲਕੀਤ ਕੌਰ, ਏ.ਐਨ.ਐਮ. ਅਮਨਦੀਪ ਕੌਰ ,ਜ਼ਸਪ੍ਰੀਤ ਸ਼ਰਮਾਂ, ਪਰਮਜੀਤ ਕੌਰ, ਹਰਜਿੰਦਰ ਕੌਰ, ਊਸ਼ਾ ਕੁਮਾਰੀ, ਚਰਨਜੀਤ ਕੌਰ, ਸਰਬਜੀਤ ਕੌਰ, ਸਤਵਿੰਦਰ ਕੌਰ , ਸਮਾਜ ਸੇਵੀ ਸੁਖਜਿੰਦਰ ਸਿੰਘ ਮਾਨ ਅਤੇ ਬਲਦੇਵ ਸਿੰਘ ਹਾਜ਼ਰ ਸਨ ।

ਪਹਿਲੀ ਵਾਰ ਅਪਣੇ ‘ਦਮ’ ’ਤੇ ਚੋਣ ਲੜਣ ਵਾਲਾ ਮਨਪ੍ਰੀਤ ਬਾਦਲ ਹਾਰਿਆਂ: ਜਗਰੂਪ ਗਿੱਲ

0

ਭਗਵੰਤ ਮਾਨ ਸਰਕਾਰ ਲੋਕਾਂ ਨੇ ਕੀਤੇ ਵਾਅਦਿਆਂ ਨੂੰ ਕਰੇਗੀ ਪੂਰਾ
ਸੁਖਜਿੰਦਰ ਮਾਨ
ਬਠਿੰਡਾ, 30 ਮਾਰਚ: ਸਥਾਨਕ ਸ਼ਹਿਰੀ ਹਲਕੇ ਤੋਂ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕਰੀਬ 64 ਹਜ਼ਾਰ ਵੋਟਾਂ ਦੇ ਅੰਤਰ ਨਾਲ ਹਰਾਉਣ ਵਾਲੇ ਜਗਰੂਪ ਸਿੰਘ ਗਿੱਲ ਨੇ ਦਾਅਵਾ ਕੀਤਾ ਹੈ ਕਿ ‘‘ ਹਰ ਚੋਣ ਅਪਣੇ ਤਾਏ ਦੇ ਸਿਰ ’ਤੇ ਲੜਣ ਵਾਲੇ ਮਨਪ੍ਰੀਤ ਸਿੰਘ ਬਾਦਲ ਨੂੰ ਜਦ ਅਪਣੇ ਦਮ ’ਤੇ ਚੋਣ ਲੜਣੀ ਪਈ ਤਾਂ ਹਾਰ ਗਿਆ। ’’ ਸ਼ਹਿਰ ’ਚ ਰੱਖੇ ਧੰਨਵਾਦੀ ਦੌਰਿਆਂ ਦੌਰਾਨ ਨੈਸ਼ਨਲ ਕਲੌਨੀ ’ਚ ਪੁੱਜੇ ਸ: ਗਿੱਲ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਨੂੰ ਬਠਿੰਡਾ ਸ਼ਹਿਰ ਦੇ ਲੋਕਾਂ ਨੇ ਪਿਛਲੇ ਸਮੇਂ ਦੌਰਾਨ ਹੋਈਆਂ ਧੱਕੇਸ਼ਾਹੀਆਂ ਦਾ ਸਖ਼ਤ ਜਵਾਬ ਦਿੱਤਾ ਹੈ ਕਿ ਕੋਈ ਵੀ ਲੋਕਾਂ ਨੂੰ ਡੰਡੇ ਦੇ ਜੋਰ ਨਾਲ ਦਬਾਅ ਨਹੀਂ ਸਕਦਾ ਹੈ। ਉਨ੍ਹਾਂ ਸ਼ਹਿਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਨਤਾ ਨੇ ਜੋ ਪਿਆਰ ਦਿੱਤਾ, ਉਸਨੂੰ ਉਹ ਕਦੇ ਨਹੀਂ ਭੁਲਾ ਸਕਣਗੇ। ਵਿਧਾਇਕ ਗਿੱਲ ਨੇ ਕਿਹਾ ਕਿ ਉਹ ਲਗਾਤਾਰ ਕੋਂਸਲਰੀ ਦੀਆਂ ਚੋਣਾਂ ’ਚ ਖੜੇ ਹੁੰਦੇ ਰਹੇ ਪ੍ਰੰਤੂ ਹਰ ਵਾਰ ਲੋਕਾਂ ਨੇ ਉਨ੍ਹਾਂ ਦੀ ਚੋਣ ਲੜੀ ਤੇ ਇਸ ਵਾਰ ਵੀ ਉਸਨੂੰ ਵਿਸਵਾਸ ਸੀ ਕਿ ਲੋਕ ਹੀ ਉਸਦੀ ਚੋਣ ਲੜਣਗੇ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੁਆਰਾ ਲਗਾਤਾਰ ਪੰਜਾਬ ਦੇ ਹਿੱਤ ਵਿੱਚ ਫੈਸਲੇ ਲਏ ਜਾ ਰਹੇ ਹਨ ਅਤੇ ਛੇਤੀ ਹੀ ਚੋਣਾਂ ਤੋਂ ਪਹਿਲਾਂ ਕੀਤੇ ਗਏ ਸਾਰੇ ਵਾਅਦਿਆਂ ਨੂੰ ਪੂਰਾ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜਿੱਤ ਤੋਂ ਬਾਅਦ ਵਿਧਾਇਕ ਚੰਡੀਗੜ੍ਹ ਬੈਠਦੇ ਸਨ, ਪਰ ਉਹ ਚੰਡੀਗੜ੍ਹ ਕਿਸੇ ਕੰਮ ਕਰਕੇ ਹੀ ਜਾਣਗੇ ਅਤੇ ਆਪਣੀ ਜਨਤਾ ਨੂੰ ਬਠਿੰਡਾ ਵਿੱਚ ਹੀ ਮਿਲਣਗੇ, ਕਿਉਂਕਿ ਉਹ ਜਨਤਾ ਦੀ ਸੇਵਾ ਕਰਦੇ ਰਹੇ ਹਨ ਅਤੇ ਭਵਿੱਖ ਵਿੱਚ ਵੀ ਜਨਤਾ ਦੀ ਸੇਵਾ ਹੀ ਕਰਣਗੇ। ਇਸ ਮੌਕੇ ਗੁਰਚਰਨ ਸਿੰਘ, ਗੁਰਤੇਜ ਸਿੰਘ ਔਲਖ, ਮਹਿੰਦਰ ਸਿੰਘ ਖਾਲਸਾ, ਜੰਗੀਰ ਸਿੰਘ, ਅਮਰਜੀਤ ਸ਼ਰਮਾ, ਮੇਜਰ ਸਿੰਘ ਦਾਦੂ, ਮੱਖਨ ਸਿੰਘ ਸਿੱਧੂ, ਦਰਸ਼ਨ ਸਿੰਘ ਆਦਿ ਮੌਜੂਦ ਸਨ।

ਮਾਲ ਮੰਤਰੀ ਦੇ ਭਰੋਸੇ ਮਗਰੋਂ ਵਿਭਾਗ ਦੇ ਸਟਾਫ਼ ਨੇ ਹੜਤਾਲ ਵਾਪਸ ਲਈ

0

ਸੁਖਜਿੰਦਰ ਮਾਨ
ਚੰਡੀਗੜ੍ਹ, 30 ਮਾਰਚ: ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫਤ ਪ੍ਰਬੰਧਨ ਮੰਤਰੀ ਸ੍ਰੀ ਬ੍ਰਮ ਸੰਕਰ ਜਿੰਪਾ ਦੇ ਦਖਲ ਅਤੇ ਭਰੋਸੇ ਮਗਰੋਂ ਮਾਲ ਵਿਭਾਗ ਦੇ ਸਟਾਫ ਨੇ ਅੱਜ ਆਪਣੀ ਹੜਤਾਲ ਖ਼ਤਮ ਕਰ ਦਿੱਤੀ ਹੈ ਅਤੇ ਉਨ੍ਹਾਂ ਨੇ ਕੈਬਨਿਟ ਮੰਤਰੀ ਨੂੰ ਭਰੋਸਾ ਦਿੱਤਾ ਕਿ ਉਹ ਤੁਰੰਤ ਕੰਮ ‘ਤੇ ਵਾਪਸ ਪਰਤ ਰਹੇ ਹਨ ਅਤੇ ਜਨਤਾ ਨੂੰ ਪੂਰੇ ਪਾਰਦਰਸੀ ਢੰਗ ਨਾਲ ਨਿਰਵਿਘਨ ਸੇਵਾਵਾਂ ਪ੍ਰਦਾਨ ਕਰਨਗੇ। ਇਥੇ ਪੰਜਾਬ ਭਵਨ ਵਿਖੇ ਪੰਜਾਬ ਰੈਵੇਨਿਊ ਆਫੀਸਰਜ ਐਸੋਸੀਏਸਨ ਨਾਲ ਮੀਟਿੰਗ ਦੌਰਾਨ ਮਾਲ ਮੰਤਰੀ ਨੇ ਐਸੋਸੀਏਸਨ ਦੇ ਨੁਮਾਇੰਦਿਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾਂ ’ਤੇ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਵਡੇਰੇ ਜਨਤਕ ਹਿੱਤਾਂ ਲਈ ਤੁਰੰਤ ਆਪਣੇ ਦਫਤਰਾਂ ਵਿੱਚ ਜਾ ਕੇ ਕੰਮ ਸੁਰੂ ਕਰਨਾ ਚਾਹੀਦਾ ਹੈ।ਸ੍ਰੀ ਬ੍ਰਮ ਸੰਕਰ ਜਿੰਪਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਮੁਲਾਜਮਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਪੰਜਾਬ ਰੈਵੇਨਿਊ ਆਫੀਸਰਜ ਐਸੋਸੀਏਸਨ ਦੀਆਂ ਮੰਗਾਂ ਨੂੰ ਮੁੱਖ ਮੰਤਰੀ ਕੋਲ ਉਠਾਇਆ ਜਾਵੇਗਾ ਤਾਂ ਜੋ ਇਨ੍ਹਾਂ ਦਾ ਜਲਦੀ ਹੱਲ ਕੱਢਿਆ ਜਾ ਸਕੇ। ਇਸ ਮੀਟਿੰਗ ਦੌਰਾਨ ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸਨਰ ਮਾਲ ਸ੍ਰੀ ਵਿਜੈ ਕੁਮਾਰ ਜੰਜੂਆ ਅਤੇ ਹੋਰ ਅਧਿਕਾਰੀ ਵੀ ਹਾਜਰ ਸਨ। ਦਸਣਾ ਬਣਦਾ ਹੈ ਕਿ ਗੁਲਾਬੀ ਸੁੰਡੀ ਕਾਰਨ ਨਰਮੇ ਦੀ ਫ਼ਸਲ ਦੀ ਹੋਈ ਤਬਾਹੀ ਦਾ ਮੁਆਵਜ਼ਾ ਲੈਣ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦੌਰਾਨ ਬੀਤੇ ਕੱਲ ਲੰਬੀ ਵਿਚ ਕਿਸਾਨਾਂ ਤੇ ਮਜਦੂਰਾਂ ਵਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਦਾ ਘਿਰਾਓ ਕਰ ਲਿਆ ਸੀ। ਜਿਸਦੇ ਵਿਰੋਧ ਵਿਚ ਮਾਲ ਵਿਭਾਗ ਦੇ ਸਮੂਹ ਸਟਾਫ਼ ਨੇ ਹੜਤਾਲ ’ਤੇ ਜਾਣ ਦਾ ਐਲਾਨ ਕੀਤਾ ਸੀ।

ਬਲਵਿੰਦਰ ਸਿੰਘ ਸਰਬਸਹਿਮਤੀ ਦੇ ਨਾਲ ਬਣੇ ਕਮਲਾ ਨਹਿਰੂ ਨਗਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ

0

ਨਵੀਂ ਕਮੇਟੀ ਕਲੋਨੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਜੁਟੀ
ਸੁਖਜਿੰਦਰ ਮਾਨ
ਬਠਿੰਡਾ, 30 ਮਾਰਚ: ਕਮਲਾ ਨਹਿਰੂ ਨਗਰ ਵੈਲਫੇਅਰ ਸੁਸਾਇਟੀ ਦੀ ਨਵੀਂ ਕਮੇਟੀ ਸਰਬਸਹਿਮਤੀ ਦੇ ਨਾਲ ਚੁਣੀ ਗਈ, ਜਿਸ ਵਿੱਚ ਬਲਵਿੰਦਰ ਸਿੰਘ ਸੇਵਾ ਮੁਕਤ ਐਕਸਿਅਨ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸਦੇ ਨਾਲ ਹੀ ਲੰਬੇ ਸਮਾਂ ਬਾਅਦ ਬਣੀ ਇਸ ਕਮੇਟੀ ਵਿੱਚ ਮੀਤ-ਪ੍ਰਧਾਨ ਦੀ ਜਿੰਮੇਵਾਰੀ ਹਰਕਿਰਤ ਸਿੰਘ ਸਰਾਂ ਨੂੰ ਦਿੱਤੀ ਗਈ ਅਤੇ ਜਨਰਲ-ਸਕੱਤਰ ਜਰਨੈਲ ਸਿੰਘ, ਖਜਾਂਚੀ ਭਗੀਰਥ ਲਾਲ ਅਤੇ ਮਮਤਾ ਸਿੰਗਲਾ ਨੂੰ ਜੁਆਇੰਟ ਸਕੱਤਰ ਬਣਾਇਆ ਗਿਆ। ਇਸਦੇ ਇਲਾਵਾ ਬਣਾਏ ਗਏ ਮੈਬਰਾਂ ਵਿੱਚ ਆਦਰਸ਼ ਪਾਲ ਸਿੰਘ, ਅਨੁਰਾਗ ਵਾਸੁਦੇਵ, ਐਚਐਸ ਪੁਰੀ, ਕੌਰ ਸਿੰਘ, ਕੁਲਵੰਤ ਸਿੰਘ, ਡਾ . ਫੂਲੰਿਦਰ ਪ੍ਰੀਤ ਕੌਰ, ਰਾਜਕੁਮਾਰ ਗਰਗ, ਰੇਖਾ ਰਾਣੀ, ਵਿਜੇ ਕੁਮਾਰ, ਸੌਰਭ ਖਟਨਵਾਲ, ਕੈਪਟਨ ਗੁਰਦੇਵ ਸਿੰਘ, ਵਿਸ਼ਨ ਸਿੰਘ, ਰਾਜਵਿੰਦਰ ਸਿੰਘ, ਆਸ਼ਾ ਗੁਪਤਾ ਅਤੇ ਵਿਜੇ ਜੈਨ ਦੇ ਨਾਮ ਸ਼ਾਮਿਲ ਹੈ। ਨਵੇ ਬਣੇ ਪ੍ਰਧਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਨਵੀਂ ਕਮੇਟੀ ਕਲੋਨੀ ਦੀ ਹਰ ਸਮੱਸਿਆ ਨੂੰ ਛੇਤੀ ਤੋਂ ਛੇਤੀ ਹੱਲ ਕਰਵਾਉਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਰਹੇਗੀ, ਜਿਸ ਵਿੱਚ ਵੱਡੀ ਸਮੱਸਿਆ ਬਰਸਾਤੀ ਪਾਣੀ ਦੀ ਨਿਕਾਸੀ ਦੀ ਹੈ ਅਤੇ ਕਲੋਨੀ ਵਿੱਚ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਹੋਏ ਭਾਈਚਾਰਕ ਸਾਂਝ ਨੂੰ ਹੱਲਾਸ਼ੇਰੀ ਦਿੱਤੀ ਜਾਵੇਗੀ।

Our Visitor

1899547