ਸੁਖਜਿੰਦਰ ਮਾਨ
ਬਠਿੰਡਾ, 30 ਮਾਰਚ: ਪੇਂਡੂ ਸਾਹਿਤ ਸਭਾ ਰਜਿ: ਬਾਲਿਆਂਵਾਲੀ ਵੱਲੋਂ ਕਵੀਸ਼ਰ ਮਾਘੀ ਸਿੰਘ ਗਿੱਲ ਯਾਦਗਾਰੀ ਲਾਇਬਰੇਰੀ ਵਿਖੇ ਪ੍ਰਵਾਸੀ ਲੇਖਕ ਤੇ ਮੈਗਜੀਨ ਚਰਚਾ ਦੇ ਸੰਪਾਦਕ ਸ੍ਰ: ਦਰਸ਼ਨ ਸਿੰਘ ਢਿੱਲੋਂ ਯੂ ਕੇ ਦਾ ਰੂਬਰੂ ਤੇ ਸਨਮਾਨ ਅਤੇ ਪੁਸਤਕ ਰਿਲੀਜ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸ੍ਰੀ ਗੁਰਦੇਵ ਖੋਖਰ ਨੇ ਕੀਤੀ ਅਤੇ ਮੁੱਖ ਮਹਿਮਾਨ ਸ੍ਰ: ਦਰਸਨ ਸਿੰਘ ਢਿੱਲੋਂ ਤੋਂ ਇਲਾਵਾ ਮੰਚ ਤੇ ਸ੍ਰ: ਜੀਤ ਸਿੰਘ ਚਹਿਲ, ਸ੍ਰੀ ਜਗਮੇਲ ਸਿੰਘ ਜਠੌਲ ਤੇ ਸ੍ਰੀ ਸੁਰਿੰਦਰਪ੍ਰੀਤ ਸਿੰਘ ਘਣੀਆ ਵੀ ਹਾਜਰ ਸਨ। ਸਮਾਗਮ ਦੇ ਸੁਰੂਆਤ ਵਿੱਚ ਸਭਾ ਦੇ ਜਨਰਲ ਸਕੱਤਰ ਸ੍ਰੀ ਸੁਖਦਰਸ਼ਨ ਗਰਗ ਨੇ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਫਿਰ ਵਿਛੜ ਚੁੱਕੇ ਸਾਹਿਤਕਾਰਾਂ ਨੂੰ ਸਰਧਾਂਜਲੀ ਭੇਂਟ ਕੀਤੀ ਗਈ। ਉਸਤੋਂ ਬਾਅਦ ਸ੍ਰੀ ਬਲਵਿੰਦਰ ਸਿੰਘ ਭੁੱਲਰ ਦਾ ਕਾਵਿ ਸੰਗ੍ਰਹਿ ‘ਸ਼ਾਇਰ ਉਦਾਸ ਹੈ’, ਡਾ: ਬਲਜਿੰਦਰ ਤੇ ਡਾ: ਅਜੀਤਪਾਲ ਸਿੰਘ ਦੀ ਪੁਸਤਕ ‘ਭਾਰਤ ਦੀ ਜਾਤੀ ਪਾਤੀ ਵਿਵਸਥਾ ਵਿਗਿਆਨਕ ਵਿਸ਼ਲੇਸਣ’ ਅਤੇ ਮੰਗਤ ਕੁਲਜਿੰਦ ਦੀ ਪੁਸਤਕ ‘ ਕਲੀਨ ਚਿੱਟ ਦੇ ਦਿਓ ਜੀ’ ਰਿਲੀਜ਼ ਕੀਤੀਆਂ ਗਈਆਂ। ਬਜੁਰਗ ਸਾਹਿਤਕਾਰ ਸ੍ਰ: ਅਜਮੇਰ ਸਿੰਘ ਦੀਵਾਨਾ ਨੇ ਕਾਵਿ ਸੰਗ੍ਰਹਿ ਤੇ ਖੁਲ੍ਹ ਕੇ ਚਰਚਾ ਕਰਦਿਆਂ ਕਿਹਾ ਕਿ ਕਵਿਤਾਵਾਂ ਵਿੱਚ ਭਾਵੇਂ ਕੁਝ ਰਚਨਾਵਾ ਪਿਆਰ ਨਾਲ ਵੀ ਸਬੰਧਿਤ ਹਨ, ਪਰ ਬਹੁਤੀਆਂ ਰਚਨਾਵਾਂ ਲੋਕ ਪੱਖੀ, ਔਰਤ ਦੀ ਆਜ਼ਾਦੀ, ਸੰਘਰਸ਼ ਅਤੇ ਵਿਗਿਆਨ ਨਾਲ ਸਬੰਧ ਰਖਦੀਆਂ ਹਨ। ਉਹਨਾਂ ਕਿਹਾ ਕਿ ਇਹੋ ਜਿਹਾ ਸਾਹਿਤ ਹੀ ਰਚਨਾ ਚਾਹੀਦਾ ਹੈ। ਇਸ ਚਰਚਾ ਵਿੱਚ ਸ੍ਰੀ ਜਗਨ ਨਾਥ, ਸੁਖਦਰਸ਼ਨ ਗਰਗ, ਦਰਸਨ ਸਿੰਘ ਜੋਗਾ ਹੋਰਾਂ ਵੀ ਹਿੱਸਾ ਲਿਆ। ਇਸ ਉਪਰੰਤ ਰੂਬਰੂ ਦੇ ਦੌਰ ਵਿੱਚ ਸ੍ਰ: ਦਰਸਨ ਸਿੰਘ ਢਿੱਲੋਂ ਨੇ ਆਪਣੀ ਜਿੰਦਗੀ ਦੇ ਅਨੁਭਵ ਤੇ ਹਾਲਾਤਾਂ ਬਾਰੇ ਦਸਦਿਆਂ ਕਿਹਾ ਕਿ ਪੰਜਾਬ ਦੇ ਕਾਲੇ ਦੌਰ ਸਮੇਂ ਪ੍ਰਵਾਸ਼ ਕਰਨ ਸਬੰਧੀ ਜਾਣਕਾਰੀ ਦਿੱਤੀ, ਜਿਸਦਾ ਕਾਰਨ ਉਹਨਾਂ ਦੀ ਸੋਚ ਸੀ ਜੋ ਕੱਟੜਤਾ ਵਿਰੋਧੀ ਸੀ। ਉਹਨਾਂ ਦੱਸਿਆ ਕਿ ਕੁੱਝ ਹਮਦਰਦ ਦੋਸਤਾਂ ਨੇ ਹੀ ਉਸਨੂੰ ਪ੍ਰਵਾਸ਼ ਕਰਨ ਲਈ ਜੋਰ ਪਾਇਆ ਸੀ। ਉਹਨਾਂ ਦੱਸਿਆ ਕਿ ਸਕੂਲ ’ਚ ਪੜ੍ਹਦਿਆਂ ਹੀ ਉਹਨਾਂ ਗੀਤ ਲਿਖਣੇ ਸੁਰੂ ਕਰ ਦਿੱਤੇ ਸਨ, ਹੁਣ ਤੱਕ ਉਹ ਸਾਹਿਤ ਰਚ ਰਹੇ ਹਨ ਅਤੇ ਮੈਗਜੀਨ ਦੇ ਸੰਪਾਦਕ ਵਜੋਂ ਸੇਵਾਵਾਂ ਨਿਭਾ ਰਹੇ ਹਨ।ਸੁਆਲਾਂ ਦੇ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਦੁਨੀਆਂ ਦੇ ਹਰ ਦੇਸ਼ ਵਿੱਚ ਬੈਠੇ ਪੰਜਾਬੀ ਸਾਹਿਤ ਰਚ ਰਹੇ ਹਨ। ਵਿਦੇਸ਼ਾਂ ਵਿਚਲੇ ਸਾਹਿਤਕਾਰਾਂ ਦਾ ਉਹਨਾਂ ਦੀਆਂ ਰਚਨਾਵਾਂ ਵਿੱਚ ਉੱਥੋਂ ਦੇ ਸੱਭਿਆਚਾਰ ਦਾ ਪ੍ਰਭਾਵ ਤਾਂ ਦਿਸਦਾ ਹੈ, ਪਰ ਪੰਜਾਬੀ ਸਾਹਿਤ ਦੂਜੀਆਂ ਭਾਸ਼ਾਵਾਂ ਨਾਲੋਂ ਕਿਸੇ ਪੱਖ ਤੋਂ ਘੱਟ ਨਹੀਂ ਹੈ। ੳਹਨਾਂ ਆਪਣੀ ਇੱਕ ਰਚਨਾ ‘ਗੀਤ’ ਵੀ ਪੇਸ ਕੀਤਾ। ਉਹਨਾਂ ਕਿਹਾ ਕਿ ਜਿਹੜਾ ਸਾਹਿਤ ਵਿਗਿਆਨ ਤੋਂ ਵਿਰਬਾ ਹੋਵੇਗਾ ਤੇ ਲੋਕ ਪੱਖੀ ਨਹੀਂ ਹੋਵੇਗਾ, ਆਖ਼ਰ ਉਹ ਮਰ ਜਾਵੇਗਾ। ਉਹਨਾਂ ਸਾਹਿਤਕਾਰਾਂ ਨੂੰ ਲੋਕ ਪੱਖੀ ਸਾਹਿਤ ਰਚਣ ਦੀ ਲੋੜ ਤੇ ਜੋਰ ਦਿੱਤਾ।ਕਵੀਸ਼ਰ ਸੱਤਪਾਲ ਸਿੰਘ ਨੇ ਲੜਕੀਆਂ ਦੀ ਪੜ੍ਹਾਈ ਨੂੰ ਜਰੂਰੀ ਕਰਾਰ ਦੇਣ ਵਾਲੀ ਮਾਘੀ ਸਿੰਘ ਗਿੱਲ ਦੀ ਰਚਨਾ ਪੁਰਾਤਨ ਵਿਧਾ ਛੰਦ ਵਿੱਚ ਪੇਸ਼ ਕੀਤੀ। ਸ੍ਰੀ ਗੁਰਦੇਵ ਖੋਖਰ ਨੇ ਰਿਲੀਜ ਪੁਸਤਕਾਂ ਬਾਰੇ ਚਰਚਾ ਕੀਤੀ। ਭਾਰਤ ਦੀ ਜਾਤੀ ਪਾਤੀ ਵਿਵਸਥਾ ਵਿਗਿਆਨਕ ਵਿਸ਼ਲੇਸਣ ਤੇ ਲੰਬੀ ਗੱਲ ਕਰਦਿਆਂ ਇਸ ਪੁਸਤਕ ਨੂੰ ਇਤਿਹਾਸਕ ਲਿਖਤ ਕਿਹਾ। ਅੰਤ ਵਿੱਚ ਸ੍ਰੀ ਅਜਮੇਰ ਸਿੰਘ ਦੀਵਾਨਾ ਨੇ ਮਹਿਮਾਨਾਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਟੇਟ ਐਵਾਰਡੀ ਸ੍ਰੀ ਅਮਰਜੀਤ ਸਿੰਘ ਪੇਂਟਰ, ਬੋਘੜ ਸਿੰਘ ਖੋਖਰ, ਹਰਮਿੰਦਰ ਸਿੰਘ ਢਿੱਲੋਂ ਆਦਿ ਵੀ ਹਾਜ਼ਰ ਸਨ। ਸ੍ਰੀ ਜਗਨ ਨਾਥ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ।
ਪੇਂਡੂ ਸਾਹਿਤ ਸਭਾ ਬਾਲਿਆਂਵਾਲੀ ਵੱਲੋਂ ਰੂਬਰੂ ਤੇ ਪੁਸਤਕ ਰਿਲੀਜ ਸਮਾਗਮ ਕਰਵਾਇਆ ਗਿਆ
ਜੁਆਇੰਟ ਐਸੋਸੀਏਸਨ ਆਫ ਕਾਲੇਜਿਸ ਨੇ ਭਗਵੰਤ ਮਾਨ ਸਰਕਾਰ ਦਾ ਪੂਰਨ ਸਹਿਯੋਗ ਦੇਣ ਦਾ ਦਿੱਤਾ ਭਰੋਸਾ
ਸੁਖਜਿੰਦਰ ਮਾਨ
ਬਠਿੰਡਾ, 30 ਮਾਰਚ: ਜੁਆਇੰਟ ਐਸੋਸੀਏਸਨ ਆਫ ਕਾਲੇਜਿਸ ਦੀਆਂ 13 ਐਸੋਸੀਏਸਨਾਂ ਦੀ ਮੋਹਾਲੀ ਵਿਖੇ ਸਰਬਸੰਮਤੀ ਨਾਲ ਮੀਟਿੰਗ ਹੋਈ, ਜਿਸ ਵਿੱਚ ਸਾਰੇ ਐਸੋਸੀਏਸਨ ਮੈਂਬਰਾਂ ਨੇ ਸ. ਭਗਵੰਤ ਮਾਨ ਦੀ ਨਵੀਂ ਬਣੀ ਸਰਕਾਰ ਦਾ ਸਵਾਗਤ ਕੀਤਾ ਅਤੇ ਪੰਜਾਬ ਦੇ 1650 ਅਨਏਡਿਡ ਕਾਲਜਾਂ ਦੀ ਤਰਫੋਂ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ।ਡਾ. ਅੰਸੂ ਕਟਾਰੀਆ ਕੋ-ਚੇਅਰਮੈਨ ਜੈਕ ਨੇ ਪ੍ਰੈਸ ਨੂੰ ਦੱਸਿਆ ਕਿ ਪੰਜਾਬ ਦੇ 75% ਵਿਦਿਆਰਥੀ ਨਿੱਜੀ ਸੈਲਫ ਫਾਇਨੈਸਿੰਗ ਸੰਸਥਾਵਾਂ ਵਿੱਚ ਪੜ੍ਹ ਰਹੇ ਹਨ ਅਤੇ ਮਿਆਰੀ ਸਿੱਖਿਆ ਨੂੰ ਉੱਚਾ ਚੁੱਕਣ ਲਈ ਸਰਕਾਰ ਨੂੰ ਜੋ ਵੀ ਉਮੀਦ ਹੈ, ਕਾਲਜ ਉਸ ਕਸੋਟੀ ਉੱਤੇ ਖਰੇ ਉਤਰਨਗੇ।ਮੀਟਿੰਗ ਵਿੱਚ ਸਤਨਾਮ ਸਿੰਘ ਸੰਧੂ ਚੀਫ ਪੈਟਰਨ ਜੈਕ ; ਮਨਜੀਤ ਸਿੰਘ ਪੈਟਰਨ, ਜਗਜੀਤ ਸਿੰਘ ਪ੍ਰਧਾਨ, ਡਾ. ਗੁਰਮੀਤ ਸਿੰਘ ਧਾਲੀਵਾਲ ਚੇਅਰਮੈਨ, ਅਤੇ ਸੁਖਮੰਦਰ ਸਿੰਘ ਚੱਠਾ ਜਨਰਲ ਸਕੱਤਰ ਸਮੇਤ ਹੋਰ 13 ਐਸੋਸੀਏਸਨਾਂ ਨੇ ਭਾਗ ਲਿਆ।ਸ. ਜਗਜੀਤ ਅਤੇ ਡਾ. ਧਾਲੀਵਾਲ ਨੇ ਕਿਹਾ ਕਿ ਜਲਦੀ ਹੀ ਪ੍ਰਤੀਨਿਧੀ ਮੰਡਲ ਪੰਜਾਬ ਦੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਮਿਲੇਗਾ ਅਤੇ ਜੈਕ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਜਾਵੇਗਾ। ਉਹ ਪੋਸਟ ਮੈਟਿ੍ਰਕ ਸਕਾਲਰਸਿਪ ਸਮੇਤ ਅਨਏਡਿਡ ਕਾਲਜਾਂ ਨੂੰ ਪੇਸ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਬਾਰੇ ਵੀ ਜਾਣੂ ਕਰਵਾਉਣਗੇ।
ਭਾਜਪਾ ਯੁਵਾ ਮੋਰਚਾ ਨੇ ਨਸ਼ੇ ਖਿਲਾਫ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 30 ਮਾਰਚ: ਪੰਜਾਬ ਲਈ ਸ਼ਰਾਪ ਬਣ ਚੁੱਕੇ ਨਸ਼ੇ ’ਤੇ ਲਗਾਮ ਲਗਾਉਣ ਲਈ ਅੱਜ ਭਾਜਪਾ ਯੁਵਾ ਮੋਰਚਾ ਨੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਸੌਂਪਿਆ। ਇਸ ਮੌਕੇ ਵਿਸ਼ੇਸ ਤੌਰ ’ਤੇ ਪੁੱਜੇ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਦਿਆਲ ਸੋਢੀ ਦੀ ਅਗਵਾਈ ਹੇਠ ਪੁੱਜੇ ਯੂਵਾ ਆਗੂੁਆਂ ਨੇ ਕਿਹਾ ਕਿ ਸੂਬੇ ਵਿੱਚ ਹੋਰ ਨਸ਼ੇ ਨਾਲ ਨੌਜਵਾਨਾਂ ਦੀ ਮੌਤ ਬੇਹੱਦ ਚਿੰਤਾ ਦਾ ਵਿਸ਼ਾ ਹੈ । ਸ੍ਰੀ ਸੋਢੀ ਨੇ ਕਿਹਾ ਕਿ ਸੂਬੇ ਵਿਚ ਨਸ਼ੇ ਨਾਲ ਪਰਿਵਾਰਾਂ ਦੇ ਪਰਿਵਾਰ ਉੱਜੜ ਰਹੇ ਹਨ ਜਿਸ ਨੂੰ ਬਚਾਉਣ ਲਈ ਮੁੱਖ ਮੰਤਰੀ ਨੂੰ ਆਲ ਪਾਰਟੀ ਮੀਟਿੰਗ ਬੁਲਾ ਕੇ ਸਭ ਦਾ ਸਹਿਯੋਗ ਲੈਣਾ ਹੈ ਤਾਂ ਜੋ ਇਸ ਮਹਾਂਮਾਰੀ ਨਾਲ ਲੜਿਆ ਜਾ ਸਕੇ। ਯਿੁਵਾ ਮੋਰਚੇ ਦੇ ਆਗੂਆਂ ਕਿਹਾ ਕਿ ਰੋਜ਼ਾਨਾ ਵੱਡੀ ਗਿਣਤੀ ਵਿੱਚ ਨੌਜਵਾਨ ਚਿੱਟੇ ਅਤੇ ਮੈਡੀਕਲ ਦੇ ਨਸ਼ੇ ਦਾ ਸ਼ਿਕਾਰ ਹੋ ਕੇ ਮੌਤ ਦੇ ਜਾਲ ਵਿੱਚ ਫਸ ਰਹੇ ਹਨ। ਜਿਸ ਨੂੰ ਰੋਕਣ ਲਈ ਸੂਬਾ ਸਰਕਾਰ ਸਪੈਸ਼ਲ ਟਾਸਕ ਫੋਰਸ ਬਣਾ ਕੇ ਨਸ਼ਾ ਵੇਚਣ ਵਾਲਿਆਂ ਤੇ ਸਖਤ ਕਾਰਵਾਈ ਕਰੇ। ਉਥੇ ਹੀ ਨੌਜਵਾਨਾਂ ਨੂੰ ਬਚਾਉਣ ਲਈ ਖੇਡਾਂ ਪ੍ਰਤੀ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਲਈ ਸੂਬੇ ਵਿਚ ਰੋਜਗਾਰ ਵੀ ਪੈਦਾ ਕਰਨਾ ਹੋਵੇਗਾ ਤਾਂ ਜੋ ਨੌਜਵਾਨ ਇਨ੍ਹਾਂ ਕੁਰੀਤੀਆਂ ਵੱਲ ਨਾ ਜਾ ਸਕਣ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨਸ਼ੇ ਨੂੰ ਖਤਮ ਕਰਨ ਵਿੱਚ ਨਾਕਾਮਯਾਬ ਰਹੀਆਂ ਅਤੇ ਆਮ ਆਦਮੀ ਪਾਰਟੀ ਨੇ ਨਸ਼ੇ ਨੂੰ ਰੋਕਣ ਲਈ ਵੱਡੇ ਵੱਡੇ ਵਾਅਦੇ ਕੀਤੇ ਸੀ। ਜਿਸ ਨੂੰ ਦੇਖ ਕੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੱਡੀ ਗਿਣਤੀ ਵਿੱਚ ਬਹੁਮਤ ਦੇ ਕੇ ਸਰਕਾਰ ਬਣਾਈ ਅਤੇ ਹੁਣ ਮੁੱਖ ਮੰਤਰੀ ਨੂੰ ਨਸ਼ਿਆਂ ਖਿਲਾਫ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ। ਇਸ ਮੌਕੇ ਯੁਵਾ ਮੋਰਚਾ ਦੇ ਪ੍ਰਦੇਸ਼ ਕਾਰਜਕਾਰਨੀ ਮੈਂਬਰ ਐਡਵੋਕੇਟ ਮੀਨੂੰ ਬੇਗਮ ਅਤੇ ਮਹਾਂਮੰਤਰੀ ਗਗਨ ਗੋਇਲ, ਜ਼ਿਲ੍ਹਾ ਪ੍ਰਧਾਨ ਸੰਦੀਪ ਅਗਰਵਾਲ, ਸੈਂਟਰਲ ਮੰਡਲ ਦੇ ਪ੍ਰਧਾਨ ਸੁਮਿਤ ਕੇਜਰੀਵਾਲ ਹਾਜ਼ਰ ਸਨ।
ਬਠਿੰਡਾ ਦੇ ਸਿਵਲ ਹਸਪਤਾਲ ’ਚ ਸ਼ੁਰੂ ਹੋਈ ਮੁਫ਼ਤ ਲੰਗਰ ਸੇਵਾ
ਡਿਪਟੀ ਕਮਿਸ਼ਨਰ ਨੇ ਲੋੜਬੰਦਾਂ ਨੂੰ ਲੰਘਰ ਵੰਡ ਕੇ ਸ਼ੁਰੂ ਕੀਤੀ ਇਹ ਸੇਵਾ
ਧੰਨ ਗੁਰੂ ਰਾਮਦਾਸ ਲੰਗਰ ਸੇਵਾ ਸਥਾਨ ਨੇ ਕੀਤੀ ਪਹਿਲਕਦਮੀ
ਡੀਸੀ ਨੇ ਹਸਪਤਾਲ ਦੇ ਐਂਮਰਜੈਂਸੀ ਵਾਰਡ ਦਾ ਦੌਰਾ ਕਰਕੇ ਮਰੀਜ਼ਾ ਦਾ ਪੁੱਛਿਆ ਹਾਲ-ਚਾਲ
ਸੁਖਜਿੰਦਰ ਮਾਨ
ਬਠਿੰਡਾ, 30 ਮਾਰਚ: ਸਥਾਨਕ ਭਾਈ ਮਨੀ ਸਿੰਘ ਸਿਵਲ ਹਸਪਤਾਲ ’ਚ ਮਰੀਜ਼ਾਂ ਤੇ ਉਨ੍ਹਾਂ ਦੀ ਸਾਂਭ-ਸੰਭਾਲ ਵਾਲਿਆਂ ਨੂੰ ਲੰਘਰ ਮਿਲੇਗਾ। ਧੰਨ ਗੁਰੂ ਰਾਮਦਾਸ ਲੰਗਰ ਸੇਵਾ ਸੰਸਥਾਂ ਦੀ ਪਹਿਲਕਦਮੀ ’ਤੇ ਸ਼ੁਰੂ ਹੋਈ ਇਸ ਸੇਵਾ ਮੌਕੇ ਡਿਪਟੀ ਕਮਿਸ਼ਨਰ ਨੇ ਲੋੜਬੰਦਾਂ ਨੂੰ ਅਪਣੇ ਹੱਥੀ ਲੰਘਰ ਵੰਡਦਿਆਂ ਇਸਦੀ ਸਲਾਘਾ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵਲੋਂ ਇਸ ਸੁਭ ਕੰਮ ਲਈ ਹਰ ਸੰਭਵ ਮੱਦਦ ਦਿੱਤੀ ਜਾਵੇਗੀ। ਇਸ ਮੌਕੇ ਧੰਨ ਗੁਰੂ ਰਾਮਦਾਸ ਲੰਗਰ ਸੇਵਾ ਸਥਾਨ ਪੁਰ ਹੀਰਾ ਦੇ ਨੁਮਾਇੰਦੇ ਮੱਖਣ ਸਿੰਘ ਨੇ ਦੱਸਿਆ ਕਿ ਇਥੇ ਐਤਵਾਰ ਨੂੰ ਛੱਡ ਕੇ ਹਫ਼ਤੇ ਦੇ ਬਾਕੀ ਸਾਰੇ ਦਿਨ ਲੋੜਵੰਦਾਂ ਲਈ ਰੋਜ਼ਾਨਾ ਸਵੇਰੇ 7 ਤੋਂ 10 ਵਜੇ ਤੱਕ ਚਾਹ-ਬਿਸਕੁਟ ਅਤੇ 10 ਤੋਂ ਸ਼ਾਮ 4 ਵਜੇ ਤੱਕ ਲੰਗਰ ਵਰਤਾਇਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਲੰਗਰ ਸੇਵਾ ਸਥਾਨ ਵਲੋਂ ਬਠਿੰਡਾ ਤੋਂ ਇਲਾਵਾ ਮਾਲਵਾ ਖੇਤਰ ਨਾਲ ਸਬੰਧਤ ਸਿਵਲ ਹਸਪਤਾਲਾਂ ਫਾਜ਼ਿਲਕਾ, ਸ਼੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ, ਫ਼ਿਰੋਜ਼ਪੁਰ ਅਤੇ ਮੋਗਾ ਵਿਖੇ ਅਜਿਹੀਆਂ ਮੁਫ਼ਤ ਸੇਵਾਵਾਂ ਮੁਹੱਈਆ ਕਰਵਾਈਆ ਜਾ ਰਹੀਆਂ ਹਨ। ਇਸ ਦੌਰਾਨ ਸਿਵਲ ਹਸਪਤਾਲ ਪੁੱਜੇ ਡਿਪਟੀ ਕਮਿਸ਼ਨਰ ਨੇ ਐਮਰਜੈਂਸੀ ਵਾਰਡ ’ਚ ਦਾਖ਼ਲ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਸਿਹਤ ਵਿਭਾਗ ਵਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸਹੂਲਤਾਂ ਤੇ ਤਸੱਲੀ ਪ੍ਰਗਟ ਕੀਤੀ। ਇਸ ਦੌਰਾਨ ਉਨ੍ਹਾਂ ਵਲੋਂ ਹਸਪਤਾਲ ਵਿਖੇ ਚੱਲ ਰਹੇ ਜਨ ਔਸ਼ਦੀ ਮੈਡੀਕਲ ਸਟੋਰ ਦੀ ਵੀ ਚੈਕਿੰਗ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਡਾ. ਬਲਵਿੰਦਰ ਸਿੰਘ, ਜ਼ਿਲ੍ਹਾ ਟੀਕਾਕਰਨ ਅਫ਼ਸਰ ਮੈਡਮ ਮਿਨਾਕਸ਼ੀ ਸਿੰਗਲਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਮਨ ਸਿੰਗਲਾ, ਲੰਗਰ ਸੇਵਾ ਸਥਾਨ ਦੇ ਸੇਵਾਦਾਰ ਬਾਬਾ ਮਨਜੀਤ ਸਿੰਘ ਯੂਐਸਏ, ਸ਼੍ਰੀ ਬੂਟਾ ਸਿੰਘ ਅਤੇ ਗੁਰਲਿਆਕਤ ਸਿੰਘ ਤੋਂ ਇਲਾਵਾ ਹਸਪਤਾਲ ਦਾ ਹੋਰ ਡਾਕਟਰੀ ਸਟਾਫ਼ ਹਾਜ਼ਰ ਰਿਹਾ।
ਲਗਾਤਾਰ ਹੋ ਰਹੀਆਂ ਮੌਤਾਂ ਤੋਂ ਬਾਅਦ ਧੋਬੀਆਣਾ ਬਸਤੀ ਦੇ ਲੋਕਾਂ ਨੇ ਦਿੱਤਾ ਧਰਨਾ
ਸੁਖਜਿੰਦਰ ਮਾਨ
ਬਠਿੰਡਾ, 29 ਮਾਰਚ: ਪਿਛਲੇ ਕੁੱਝ ਦਿਨਾਂ ਤੋਂ ਸ਼ਹਿਰ ਦੀ ਧੋਬੀਆਣਾ ਬਸਤੀ ਵਿਚ ਨਸ਼ਿਆਂ ਕਾਰਨ ਹੋ ਰਹੀਆਂ ਲਗਾਤਾਰ ਮੌਤਾਂ ਤੋਂ ਬਾਅਦ ਅੱਜ ਖੇਤਰ ਦੇ ਲੋਕਾਂ ਨੇ ਪਾਰਟੀ ਪੱਧਰ ਤੋਂ ਉਪਰ ਉਠਦਿਆਂ ਧਰਨਾ ਦਿੱਤਾ। ਸਥਾਨਕ ਧੋਬੀਆਣਾ ਚੌਕ ’ਚ ਇਕੱਠੇ ਹੋਏ ਵੱਡੀ ਗਿਣਤੀ ਵਿਚ ਲੋਕਾਂ ਨੇ ਦੋਸ਼ ਲਗਾਇਆ ਕਿ ਇਸ ਖੇਤਰ ਵਿਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਪ੍ਰੰਤੂ ਪ੍ਰਸ਼ਾਸਨ ਗੋਗਲੂਆਂ ਤੋਂ ਮਿੱਟੀ ਝਾੜਣ ਦੀ ਬਜਾਏ ਹੋਰ ਕੁੱਝ ਨਹੀਂ ਕਰ ਰਿਹਾ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਜੇਕਰ ਕੋਈ ਵਿਅਕਤੀ ਨਸ਼ਾ ਤਸਕਰਾਂ ਬਾਰੇ ਪੁਲਿਸ ਨੂੰ ਸੂਚਿਤ ਕਰਦਾ ਹੈ ਤਾਂ ਉਸਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਆਪ ਆਗੂ ਮਨਜੀਤ ਸਿੰਘ ਨੇ ਇਸ ਮੌਕੇ ਦਸਿਆ ਕਿ ਪੰਜਾਬ ਸਰਕਾਰ ਨਸ਼ਿਆਂ ਵਿਰੁਧ ਸਖ਼ਤ ਕਦਮ ਉਠਾ ਰਹੀ ਹੈ ਪ੍ਰੰਤੂ ਨਸ਼ਾ ਤਸਕਰਾਂ ਦਾ ਪੁਲਿਸ ਨਾਲ ਪੁਰਾਣਾ ਗਠਜੋੜ ਰੁਕਾਵਟ ਬਣ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਇਸਦੇ ਵਿਰੋਧ ’ਚ ਉੱਠਣ ਤਾਂ ਕਿ ਇਸਨੂੰ ਲੋਕ ਲਹਿਰ ਬਣਾਇਆ ਜਾ ਸਕੇ। ਕਾਂਗਰਸ ਪਾਰਟੀ ਦੀ ਮਹਿਲਾ ਆਗੂ ਰਾਣੀ ਕੌਰ ਨੇ ਦਾਅਵਾ ਕੀਤਾ ਕਿ ਇਹ ਚੌਕ ਪੂਰੀ ਤਰ੍ਹਾਂ ਨਸ਼ਿਆਂ ਦਾ ਗੜ੍ਹ ਬਣਿਆ ਹੋਇਆ ਹੈ। ਉਨ੍ਹਾਂ ਦੋਸ਼ ਲਗਾਏ ਕਿ ਕੁੱਝ ਪੁਲਿਸ ਵਾਲੇ ਵੀ ਨਸ਼ਾ ਤਸਕਰਾਂ ਦਾ ਸਾਥ ਦੇ ਰਹੇ ਹਨ। ਮਹਿਲਾ ਆਗੂ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਬੀਤੇ ਕੱਲ ਨਸ਼ਿਆਂ ਕਾਰਨ ਮਰਨ ਵਾਲੇ ਇੱਕ ਨੌਜਵਾਨ ਦਾ ਮੁੱਦਾ ਚੁੱਕਣ ਦੇ ਵਿਰੋਧ ’ਚ ਰਾਤ ਸਮੇਂ ਉਸਦੇ ਘਰ ਇੱਟਾਂ ਰੋੜੇ ਸੁੱਟੇ ਗਏ। ਧਰਨਾਕਾਰੀ ਮੰਗ ਕਰ ਰਹੇ ਸਨ ਕਿ ਧੋਬੀਆਣਾ ਬਸਤੀ ਵਿਚ ਚੱਲ ਰਹੇ ਨਸ਼ੇ ਦੇ ਵਪਾਰ ਨੂੰ ਤੁਰੰਤ ਬੰਦ ਕਰਵਾਇਆ ਜਾਵੇ। ਇਸ ਮੌਕੇ ਧਰਨਾਕਾਰੀਆਂ ਨੇ ਕੁੱਝ ਵਿਅਕਤੀਆਂ ਦੇ ਨਾਮ ਵੀ ਦੱਸੇ, ਜਿਹੜਾ ਨਸ਼ਾ ਤਸਕਰੀ ਦਾ ਕੰਮ ਕਰਦੇ ਹਨ। ਇਸ ਦੌਰਾਨ ਮੌਕੇ ’ਤੇ ਪੁੱਜੀ ਪੁਲਿਸ ਪਾਰਟੀ ਉਕਤ ਵਿਅਕਤੀ ਨੂੰ ਕਾਫ਼ੀ ਵਿਰੋਧ ਦੇ ਬਾਅਦ ਗਿ੍ਰਫਤਾਰ ਕਰਕੇ ਲਿਆਈ, ਜਿਸਨੇ ਕੁੱਝ ਹੋਰਨਾਂ ਨਸ਼ਾ ਤਸਕਰਾਂ ਦੇ ਨਾਮ ਵੀ ਜਨਤਕ ਕੀਤੇ। ਹਾਲਾਂਕਿ ਇਸ ਦੌਰਾਨ ਧਰਨੇ ਵਿਚ ਹਾਜ਼ਰ ਇੱਕ ਮਹਿਲਾ ਆਗੂ ਉਪਰ ਵੀ ਕਾਂਗਰਸ ਦੀ ਸਰਕਾਰ ਸਮੇਂ ਨਸ਼ਾ ਤਸਕਰੀ ਕਰਵਾਉਣ ਦੇ ਦੋਸ਼ ਲਗਾਏ ਗਏ। ਉਧਰ ਇਸ ਇਲਾਕੇ ਵਿਚ ਖੁੱਲੇ ਸ਼ਰਾਬ ਦੇ ਠੇਕੇ ਨੂੰ ਵੀ ਬੰਦ ਕਰਨ ਲਈ ਅੱਜ ਕੁੱਝ ਲੋਕਾਂ ਵਲੋਂ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਗਈ।
ਮੇਅਰ ਨੂੰ ਬਦਲਣ ਦੀ ਉੱਠੀ ਮੰਗ ਦੌਰਾਨ ‘ਜੋ-ਜੋ’ ਨੇ ਮੁੜ ਸੰਭਾਲੀ ਕਮਾਂਡ
ਕਾਂਗਰਸੀ ਕੋਂਸਲਰਾਂ ਨੂੰ ਪੜਾਇਆ ਇਕਜੁਟਤਾ ਦਾ ਪਾਠ, 6 ਮਹੀਨੇ ਚੁੱਪ ਰਹਿਣ ਦੀ ਦਿੱਤੀ ਸਲਾਹ
ਸੁਖਜਿੰਦਰ ਮਾਨ
ਬਠਿੰਡਾ, 29 ਮਾਰਚ: ਵਿਧਾਨ ਸਭਾ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਬਠਿੰਡਾ ਨਗਰ ਨਿਗਮ ਦੇ ਮੇਅਰ ਨੂੰ ਬਦਲਣ ਦੀ ਉਠੀ ਅਵਾਜ਼ ਦੌਰਾਨ ਮਨਪ੍ਰੀਤ ਸਿੰਘ ਬਾਦਲ ਦੇ ‘ਰਿਸਤੇਦਾਰ’ ਜੈਜੀਤ ਸਿੰਘ ਜੌਹਲ ਉਰਫ਼ ਜੋ ਜੋ ਨੇ ਬਠਿੰਡਾ ਦੀ ਕਮਾਂਡ ਸੰਭਾਲਦਿਆਂ ਕੌਂਸਲਰਾਂ ਨੂੰ ਇੱਕਜੁਟਤਾ ਦਾ ਪਾਠ ਪੜ੍ਹਾਇਆ ਹੈ। ਅੱਜ ਸਥਾਨਕ ਗੋਨਿਆਣਾ ਰੋਡ ’ਤੇ ਸਥਿਤ ਇੱਕ ਲਗਜਰੀ ਹੋਟਲ ’ਚ ਸੱਦੀ ਮੀਟਿੰਗ ਦੌਰਾਨ ਕਾਂਗਰਸੀ ਕੋਂਸਲਰਾਂ ਨੂੰ ਪਾਰਟੀ ਦੀ ਗੱਲ ਪਾਰਟੀ ਦੇ ਅੰਦਰ ਹੀ ਰੱਖਣ ਦੀ ਇੱਕ ਤਰਾਂ ਨਾਲ ਕਸਮ ਖਵਾਉਂਦਿਆਂ ਅਗਲੇ 6 ਮਹੀਨਿਆਂ ਤੱਕ ਮੇਅਰ ਨੂੰ ਬਦਲਣ ਜਾ ਕੋਈ ਅਜਿਹੀ ਗੱਲ ਨਾ ਛੇੜਣ ਦੀ ਅਪੀਲ ਕੀਤੀ ਹੈ, ਜਿਸਦੇ ਨਾਲ ਪਾਰਟੀ ਨੂੰ ਕੋਈ ਨੁਕਸਾਨ ਹੁੰਦਾ ਹੋਵੇ। ਮਹੱਤਵਪੂਰਨ ਗੱਲ ਇਹ ਵੀ ਸਾਹਮਣੇ ਆਈ ਮੀਟਿੰਗ ਦੌਰਾਨ ਮੇਅਰ ਰਮਨ ਗੋਇਲ ਤੇ ਉਸਦੇ ਪਤੀਦੇਵ ਸੰਦੀਪ ਗੋਇਲ ਨੂੰ ਨਹੀਂ ਸੱਦਿਆ ਹੋਇਆ ਸੀ। ਇਸਦਾ ਖ਼ੁਲਾਸਾ ਵੀ ਖੁਦ ਜੋਜੋ ਨੇ ਮੀਟਿੰਗ ਦੌਰਾਨ ਕਰਦਿਆਂ ਕਿਹਾ ਕਿ ‘‘ ਉਹ ਚਾਹੁੰਦੇ ਸਨ ਕਿ ਜੇਕਰ ਕਿਸੇ ਕੋਂਸਲਰ ਨੂੰ ਕੋਈ ਗਿਲਾ ਸਿਕਵਾ ਹੈ ਤਾਂ ਉਹ ਖੁੱਲ ਕੇ ਬੋਲ ਸਕਦਾ ਹੈ। ’’ ਸੂਤਰਾਂ ਮੁਤਾਬਕ ਮੇਅਰ ਨੂੰ ਬਦਲਣ ਦੀ ਮੰਗ ਰੱਖਣ ਵਾਲਾ ਕੋਂਸਲਰ ਬਲਰਾਜ ਪੱਕਾ ਅੱਜ ਦੀ ਮੀਟਿੰਗ ਦੌਰਾਨ ਗੈਰ ਹਾਜ਼ਰ ਰਹੇ। ਇਸਤੋਂ ਇਲਾਵਾ ਲਾਇਨੋਪਾਰ ਇਲਾਕੇ ਦਾ ਕੋਸਲਰ ਪ੍ਰਦੀਪ ਗੋਲਾ, ਕਾਂਗਰਸੀ ਆਗੂ ਅਨਿਲ ਭੋਲਾ ਦਾ ਸਾਥੀ ਜਸਵੀਰ ਸਿੰਘ ਜੱਸਾ ਅਤੇ ਉਮੇਸ ਗੋਗੀ ਮੀਟਿੰਗ ਵਿੱਚ ਹਾਜਰ ਨਹੀਂ ਸਨ। ਦੱਸਣ ਵਾਲਿਆਂ ਮੁਤਾਬਕ ਮੇਅਰ ਬਣਨ ਦੇ ‘ਚਾਹਵਾਨ’ ਰਹੇ ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ ਨੇ ਮੀਟਿੰਗ ਦੌਰਾਨ ਬੋਲਦਿਆਂ ਅਕਾਲੀ ਦਲ ਦੀ ਉਦਾਹਰਨ ਵੀ ਦਿੱਤੀ ਕਿ ਕਿਸ ਤਰ੍ਹਾਂ ਪਿਛਲੇ ਪੰਜ ਸਾਲਾਂ ਦੌਰਾਨ ਉਹ ਇਕੱਠੇ ਰਹੇ ਤੇ ਕਾਂਗਰਸ ਉਨ੍ਹਾਂ ਦਾ ਕੁੱਝ ਵੀ ਨਹੀਂ ਕਰ ਸਕੀ। ਇਸਦੇ ਲਈ ਜੇਕਰ ਅਸੀਂ ਵੀ ਇਕੱਠੇ ਰਹਾਂਗਾ ਤੇ ਸਾਡੇ ਵੀ ਕੋਈ ਵਾਲ ਵਿੰਗਾਂ ਨਹੀਂ ਕਰ ਸਕਦਾ। ਮੀਟਿੰਗ ਦੌਰਾਨ ਬਲਾਕ ਪ੍ਰਧਾਨ ਹਰਵਿੰਦਰ ਸਿੰਘ ਲੱਡੂ ਨੇ ਵੀ ਸਾਥੀ ਕੋਂਸਲਰਾਂ ਨੂੰ ਮਨਪ੍ਰੀਤ ਬਾਦਲ ਨਾਲ ਖੜਣ ਦਾ ਸੱਦਾ ਦਿੰਦਿਆਂ ਐਲਾਨ ਕੀਤਾ ਕਿ ‘‘ਜਗਰੂਪ ਗਿੱਲ ਦੇ ਘਰ ਅੱਗੇ ਟੱਪਣਾ ਮੈਨੂੰ ਔਖਾ ਹੁੰਦਾ ਹੈ ,ਪਰ ਇਸਦੇ ਬਾਵਜੂਦ ਉਹ ਮਨਪ੍ਰੀਤ ਦਾ ਸਾਥ ਨਹੀਂ ਛੱਡੇਗਾ।’’ ਇਸਤੋਂ ਇਲਾਵਾ ਇਹ ਵੀ ਪਤਾ ਲੱਗਿਆ ਕਿ ਮੀਟਿੰਗ ਤੋਂ ਬਾਅਦ ਹੋਏ ਫੋਟੋ ਸੈਸਨ ਦੌਰਾਨ ਟੀਮ ਮਨਪ੍ਰੀਤ ਦੀਆਂ ਨਜ਼ਰਾਂ ’ਚ ‘ਰਾਜਾ ਵੜਿੰਗ’ ਦੇ ਪੱਕੇ ਸਾਥੀ ਮੰਨੇ ਜਾਂਦੇ ਮਲਕੀਤ ਕੌਂਸਲਰ ਨੇ ਸਭ ਤੋਂ ਵੱਧ ਜ਼ੋਰ ਨਾਲ ਜੋਜੋ ਦੇ ਹੱਕ ਵਿੱਚ ਨਾਅਰੇ ਲਗਾਏ। ਮੀਟਿੰਗ ਦੌਰਾਨ ਕਾਂਗਰਸੀ ਵਰਕਰਾਂ ਨੂੰ ਇਕਜੁਟਤਾ ਦਾ ਪਾਠ ਪੜਾਉਂਦਿਆਂ ਜੈਜੀਤ ਜੌਹਲ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਬਠਿੰਡਾ ਹਲਕਾ ਦੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ ਅਤੇ ਉਨ੍ਹਾਂ ਦਾ ਦਫ਼ਤਰ ਇਸੇ ਤਰ੍ਹਾਂ ਕੰਮ ਕਰਦਾ ਰਹੇਗਾ। ਉਨ੍ਹਾਂ ਕਾਗਰਸੀ ਕੋਂਸਲਰਾਂ ਨੂੰ ਵੀ ਅਪਣੀ ਡਿਊਟੀ ਬਾਖੂੁਬੀ ਨਿਭਾਂਉਂਦੇ ਰਹਿਣ ਲਈ ਕਹਿੰਦਿਆ ਲੋਕਾਂ ਨਾਲ ਖੜਣ ਦੀ ਸਲਾਹ ਦਿੱਤੀ। ਉਨ੍ਹਾਂ ਇੰਨ੍ਹਾਂ ਚੋਣਾਂ ਵਿਚ ਹਾਰ ਦੀ ਜਿੰਮੇਵਾਰੀ ਮੁੜ ਅਪਣੇ ਸਿਰ ਲੈਂਦਿਆਂ ਅਪਣੇ ਪ੍ਰਤੀ ਸ਼ਹਿਰ ਵਿਚ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਨੂੰ ਉਨ੍ਹਾਂ ਦੇ ਧਿਆਨ ਵਿਚ ਲਿਆਉਣ ਦੀ ਵੀ ਅਪੀਲ ਕੀਤੀ। ਪਤਾ ਲੱਗਿਆ ਹੈ ਕਿ ਮੀਟਿੰਗ ਵਿਚ ਕਾਂਗਰਸੀ ਕੋਂਸਲਰਾਂ ਨੂੰ ਅਪਣੇ ਮੁੱਦੇ ਜੋਜੋ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ, ਡਿਪਟੀ ਮੇਅਰ ਅਸੋਕ ਪ੍ਰਧਾਨ ਤੇ ਮਾਸਟਰ ਹਰਮਿੰਦਰ ਸਿੰਘ ਦੇ ਧਿਆਨ ਵਿਚ ਲਿਆਉਣ ਲਈ ਵੀ ਕਿਹਾ ਗਿਆ ਹੈ। ਉਜ ਕੋਂਸਲਰਾਂ ਨੂੰ 6 ਮਹੀਨੇ ਤੱਕ ਕਿਸੇ ਬਾਰੇ ਕੋਈ ਗਲਤ ਟਿੱਪਣੀ ਕਰਨ ਤੋਂ ਬਚਣ ਦੀ ਸਲਾਹ ਦਿੰਦਿਆਂ ਸ਼ਾਂਤ ਰਹਿੰਦਿਆਂ ਨਗਰ ਨਿਗਮ ਦੇ ਬਜਟ ਮੀਟਿੰਗ ਵਿੱਚ ਪੁੱਜਣ ‘ਤੇ ਸਵਾਗਤ ਕਰਨ ਲਈ ਕਿਹਾ।
ਭਗਵੰਤ ਮਾਨ ਵੱਲੋਂ ਪੰਜਾਬੀ ਯੂਨੀਵਰਸਿਟੀ ਨੂੰ ਕਰਜ਼ਾ ਮੁਕਤ ਕਰਨ ਦੀ ਗਾਰੰਟੀ
-ਉਚੇਰੀ ਸਿੱਖਿਆ ਦੀ ਵੱਕਾਰੀ ਸੰਸਥਾ ਦੀ ਅਸਲ ਸ਼ਾਨ ਬਹਾਲ ਕਰਨ ਦਾ ਵਾਅਦਾ
-ਪੰਜਾਬੀ ਫਿਲਮ ਤੇ ਟੀ.ਵੀ. ਐਕਟਰਜ਼ ਐਸੋਸੀਏਸ਼ਨ ਅਤੇ ਯੂਨੀਵਰਸਿਟੀ ਵੱਲੋਂ ਕਰਵਾਏ ਤਿੰਨ ਰੋਜ਼ਾ ਸਮਾਗਮ ਦੇ ਆਖਰੀ ਦਿਨ ਫਿਲਮ ਤੇ ਟੀ.ਵੀ. ਖੇਤਰ ਦੀਆਂ ਵੱਖ-ਵੱਖ ਸ਼ਖਸੀਅਤਾਂ ਦਾ ਸਨਮਾਨ
ਸੁਖਜਿੰਦਰ ਮਾਨ
ਪਟਿਆਲਾ, 29 ਮਾਰਚ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬੀ ਯੂਨੀਵਰਸਿਟੀ ਨੂੰ ਕਰਜ਼ੇ ਦੇ ਵੱਡੇ ਬੋਝ ਤੋਂ ਮੁਕਤ ਕਰਨ ਦੀ ਗਾਰੰਟੀ ਦਾ ਐਲਾਨ ਕਰਦਿਆਂ ਕਿਹਾ ਕਿ ਉੱਤਰੀ ਭਾਰਤ ਵਿਚ ਉਚੇਰੀ ਸਿੱਖਿਆ ਪ੍ਰਦਾਨ ਕਰਨ ਵਾਲੀ ਇਸ ਨਾਮਵਰ ਯੂਨੀਵਰਸਿਟੀ ਦੀ ਮਾਣਮੱਤੀ ਅਤੇ ਅਸਲ ਸ਼ਾਨ ਨੂੰ ਬਹਾਲ ਕੀਤਾ ਜਾਵੇਗਾ।ਅੱਜ ਇੱਥੇ ਗੁਰੂ ਤੇਗ ਬਹਾਦਰ ਹਾਲ ਵਿਖੇ ਪੰਜਾਬੀ ਫਿਲਮ ਤੇ ਟੀ.ਵੀ. ਐਕਟਰਜ਼ ਐਸੋਸੀਏਸ਼ਨ ਅਤੇ ਯੂਨੀਵਰਸਿਟੀ ਵੱਲੋਂ ਕਰਵਾਏ ਤਿੰਨ ਰੋਜ਼ਾ ਪੰਜਾਬੀ ਸਿਨੇਮਾ, ਟੈਲੀਵੀਜ਼ਨ ਤੇ ਥੀਏਟਰ ਵਿਸ਼ਾਲ ਸ਼ੋਅ ਦੇ ਆਖਰੀ ਦਿਨ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਫੰਡਾਂ ਦੀ ਘਾਟ ਕਰਕੇ ਕਿਸੇ ਵੀ ਵਿਦਿਆਰਥੀ ਨੂੰ ਉਚੇਰੀ ਸਿੱਖਿਆ ਹਾਸਲ ਕਰਨ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੀ ਮੁੱਖ ਤਰਜੀਹ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣਾ ਹੈ।
ਸੂਬੇ ਨੂੰ ‘ਰੰਗਲਾ ਪੰਜਾਬ’ ਬਣਾਉਣ ਲਈ ਨੌਜਵਾਨਾਂ ਤੋਂ ਪੂਰਨ ਸਹਿਯੋਗ ਤੇ ਸਮਰਥਨ ਦੀ ਮੰਗ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਨੌਜਵਾਨ ਮਹਾਨ ਗੁਰੂਆਂ, ਪੀਰਾਂ-ਪੈਗੰਬਰਾਂ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਵਰਗੇ ਬਹਾਦਰ ਨਾਇਕਾਂ ਤੋਂ ਸਦਾ ਪ੍ਰੇਰਨਾ ਲੈਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵਿਚ ਬਦਲਾਖੋਰੀ ਲਈ ਕੋਈ ਥਾਂ ਨਹੀਂ ਹੈ ਅਤੇ ਇਸ ਲਈ ਕਿਸੇ ਨੂੰ ਵੀ ਤੰਗ-ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ।
ਭਗਵੰਤ ਮਾਨ ਨੇ ਅਧਿਆਪਕਾਂ ਦੇ ਲਮਕਦੇ ਸਾਰੇ ਮਸਲਿਆਂ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਨੂੰ ਬਹੁਤ ਜਲਦ ਹੱਲ ਕੀਤਾ ਜਾਵੇਗਾ ਅਤੇ ਹੁਣ ਕਿਸੇ ਵੀ ਅਧਿਆਪਕ ਨੂੰ ਆਪਣੀਆਂ ਮੰਗਾਂ ਮਨਵਾਉਣ ਲਈ ਪਾਣੀ ਦੀਆਂ ਟੈਂਕੀਆਂ ‘ਤੇ ਨਹੀਂ ਚੜਨਾ ਪਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਦੀ ਤਰਜ਼ ‘ਤੇ ਪੰਜਾਬ ਦੇ ਸਕੂਲ-ਕਾਲਜ ਅਧਿਆਪਕਾਂ ਤੋਂ ਸਿੱਖਿਆ ਤੋਂ ਬਿਨ੍ਹਾਂ ਕੋਈ ਹੋਰ ਕੰਮ ਨਹੀਂ ਲਿਆ ਜਾਵੇਗਾ।ਵਿਦੇਸ਼ਾਂ ਵੱਲ ਵਹੀਰਾਂ ਘੱਤ ਰਹੀ ਜਵਾਨੀ ‘ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਭਗਵੰਤ ਮਾਨ ਨੇ ਕਿਹਾ, ਨੌਜਵਾਨਾਂ ਨੂੰ ਆਪਣੀ ਕਾਬਲੀਅਤ ਦਿਖਾਉਣ ਦੇ ਮੌਕੇ ਪੰਜਾਬ ‘ਚ ਹੀ ਪ੍ਰਦਾਨ ਹੋਣਗੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ‘ਚ ਅਥਾਹ ਸ਼ਕਤੀ ਹੈ ਅਤੇ ਹੁਣ ਇਸ ਨੂੰ ਨਵੀਂ ਸੇਧ ਦਿੱਤੀ ਜਾਵੇਗੀ ਤਾਂ ਕਿ ਉਹ ਹੁਨਰਮੰਦ ਬਣਕੇ ਸਮਾਜ ਦੇ ਚੰਗੇ ਨਾਗਰਿਕ ਸਣ ਸਕਣ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਵਿਸ਼ਵ ਮਿਆਰੀ ਸਿੱਖਿਆ ਪ੍ਰਦਾਨ ਕਰਕੇ ਸੂਬੇ ਵਿੱਚ ਹੀ ਰੋਜ਼ਗਾਰ ਦੇ ਵਧੀਆ ਮੌਕੇ ਪ੍ਰਦਾਨ ਕੀਤੇ ਜਾਣਗੇ ਤਾਂ ਜੋ ਉਨ੍ਹਾਂ ਨੂੰ ਆਪਣੇ ਬਿਹਤਰ ਭਵਿੱਖ ਲਈ ਵਿਦੇਸ਼ ਜਾਣ ਦੀ ਲੋੜ ਹੀ ਨਾ ਪਵੇ।
ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਆਪਣੇ ਵਿਦਿਆਰਥੀ ਜੀਵਨ ਦੀਆਂ ਯਾਦਾਂ ਤਾਜਾ ਕਰਦਿਆਂ ਕਿਹਾ ਕਿ ਜਦੋਂ ਉਹ ਕਾਲਜ ਪੜ੍ਹਦੇ ਸੀ ਤਾਂ ਉਹ ਪੰਜਾਬੀ ਯੂਨੀਵਰਸਿਟੀ ਦੇ ਯੂਥ ਫੈਸਟੀਵਲ ਵਿੱਚ ਭਾਗ ਲੈਣ ਲਈ ਆਉਂਦੇ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ ਹਾਰਾਂ-ਜਿੱਤਾਂ ਦੇ ਕਈ ਉਤਰਾਅ ਚੜ੍ਹਾਅ ਵੀ ਵੇਖੇ। ਮੁੱਖ ਮੰਤਰੀ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਸਲਾਹ ਦਿੱਤੀ ਕਿ ਉਹ ਆਪਣੇ ਬੱਚਿਆਂ ‘ਤੇ ਆਪਣੀਆਂ ਇੱਛਾਵਾਂ ਨਾ ਥੋਪਣ ਬਲਕਿ ਬੱਚਿਆਂ ਦੇ ਹੁਨਰ ਨੂੰ ਪਛਾਣ ਕੇ ਉਨ੍ਹਾਂ ਨੂੰ ਜੀਵਨ ‘ਚ ਅੱਗੇ ਵਧਣ ਦੀ ਖੁੱਲ੍ਹ ਦੇਣ। ਇਸ ਦੌਰਾਨ ਪੰਜਾਬ ਦੇ ਸਿੱਖਿਆ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਭਰੋਸਾ ਦਿਵਾਇਆ ਕਿ ਪੰਜਾਬੀ ਯੂਨੀਵਰਸਿਟੀ ਨੂੰ ਸਿੱਖਿਆ ਅਤੇ ਖੇਡਾਂ ਦੇ ਖੇਤਰ ‘ਚ ਅੱਗੇ ਲਿਆਉਣ ਲਈ ਪੰਜਾਬ ਸਰਕਾਰ ਵੱਲੋਂ 100 ਫ਼ੀਸਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਸ. ਮੀਤ ਹੇਅਰ ਨੇ ਨੌਜਵਾਨ ਸ਼ਕਤੀ ਨੂੰ ਸਕਾਰਤਮਕ ਤੌਰ ‘ਤੇ ਵਰਤਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ, ਪੰਜਾਬ ਦੀ ਨੌਜਵਾਨ ਦੇ ਜੋਸ਼ ਨੂੰ ਸੂਬੇ ਨੂੰ ਅੱਗੇ ਵਧਾਉਣ ਲਈ ਵਰਤੇਗੀ।ਸਿੱਖਿਆ ਮੰਤਰੀ ਨੇ ਹੋਰ ਕਿਹਾ ਕਿ ਪੰਜਾਬੀ ਯੂਨੀਵਰਸਿਟੀ, ਵਿਸ਼ਵ ‘ਚ ਵੱਸਦੇ ਸਮੁਚੇ ਪੰਜਾਬੀਆਂ ਦੀ ਯੂਨੀਵਰਸਿਟੀ ਹੈ ਅਤੇ ਇਹ ਰਹਿੰਦੀ ਦੁਨੀਆਂ ਤੱਕ ਕਾਇਮ ਰਹੇਗੀ। ਉਨ੍ਹਾਂ ਨੇ ਕਿਹਾ ਕਿ ਸ੍ਰੀ ਭਗਵੰਤ ਮਾਨ ਵੱਲੋਂ ਮੁੱਖ ਮੰਤਰੀ ਬਨਣ ਦੇ ਕੁਝ ਦਿਨਾਂ ਅੰਦਰ ਹੀ ਇੱਥੇ ਆਉਣ ਦਾ ਫੈਸਲਾ ਕਰਨਾ ਸ. ਮਾਨ ਦੀ ਪੰਜਾਬੀ ਯੂਨੀਵਰਸਿਟੀ ਪ੍ਰਤੀ ਫ਼ਿਕਰਮੰਦੀ ਨੂੰ ਦਰਸਾਉਂਦਾ ਹੈ।ਇਸ ਦੌਰਾਨ ਮੁੱਖ ਮੰਤਰੀ ਨੇ ਪੰਜਾਬੀ ਫ਼ਿਲਮ ਐਂਡ ਟੀ.ਵੀ. ਐਕਟਰਜ਼ ਐਸੋਸੀਏਸ਼ਨ ਅਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਤਿੰਨ ਰੋਜ਼ਾ ਪੰਜਾਬੀ ਸਿਨੇਮਾ, ਟੈਲੀਵਿਜ਼ਨ ਅਤੇ ਰੰਗ ਮੰਚ ਮਹਾਂ ਉਤਸਵ ਦੇ ਸਮਾਪਤੀ ਮੌਕੇ ਉਘੇ ਫ਼ਿਲਮਕਾਰ ਮਨਮੋਹਨ ਸਿੰਘ, ਪ੍ਰਸਿੱਧ ਪੰਜਾਬੀ ਅਦਾਕਾਰ ਯੋਗਰਾਜ ਸਿੰਘ, ਗੁੱਗੂ ਗਿੱਲ, ਵਿਜੇ ਟੰਡਨ, ਗਾਇਕ ਮੁਹੰਮਦ ਸਦੀਕ ਤੇ ਸੁਰਿੰਦਰ ਛਿੰਦਾ ਅਤੇ ਫ਼ਿਲਮ ਨਿਰਦੇਸ਼ਕ ਸੁਮੀਤ ਕੰਗ ਦਾ ਸਨਮਾਨ ਕੀਤਾ। ਮੁੱਖ ਮੰਤਰੀ ਨੇ ਐਸੋਸੀਏਸ਼ਨ ਦਾ ਸੋਵੀਨਰ ਵੀ ਰੀਲੀਜ਼ ਕੀਤਾ। ਇਸ ਤੋਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਅਰਵਿੰਦ ਨੇ ਮੁੱਖ ਮੰਤਰੀ ਸ. ਭਗਵੰਤ ਮਾਨ ਦਾ ਸਵਾਗਤ ਕਰਦਿਆਂ ਪੰਜਾਬੀ ਯੂਨੀਵਰਸਿਟੀ ਬਾਰੇ ਵਿਸਤ੍ਰਤ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਪਟਿਆਲਾ ਜ਼ਿਲ੍ਹੇ ਦੇ ਵਿਧਾਇਕ ਗੁਰਲਾਲ ਘਨੌਰ, ਅਜੀਤਪਾਲ ਸਿੰਘ ਕੋਹਲੀ, ਡਾ. ਬਲਬੀਰ ਸਿੰਘ, ਨੀਨਾ ਮਿੱਤਲ, ਚੇਤੰਨ ਸਿੰਘ ਜੌੜੇਮਾਜਰਾ, ਹਰਮੀਤ ਸਿੰਘ ਪਠਾਣਮਾਜਰਾ, ਕੁਲਵੰਤ ਸਿੰਘ ਬਾਜ਼ੀਗਰ, ਪੰਜਾਬੀ ਫ਼ਿਲਮ ਐਂਡ ਟੀ.ਵੀ. ਐਕਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਘੁੱਗੀ, ਮੀਤ ਪ੍ਰਧਾਨ ਬੀਨੂ ਢਿੱਲੋਂ, ਸਕੱਤਰ ਮਲਕੀਤ ਰੌਣੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੰਜਾਬੀ ਫ਼ਿਲਮਾਂ ਦੇ ਅਤੇ ਟੀ.ਵੀ. ਕਲਾਕਾਰ ਅਤੇ ਵਿਦਿਆਰਥੀ ਮੌਜੂਦ ਸਨ।
ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਆਰ.ਟੀ.ਏਜ਼. ਨੂੰ ਨਾਜਾਇਜ਼ ਬੱਸਾਂ ਰੋਕਣ ਲਈ ਚੈਕਿੰਗ ਮੁਹਿੰਮ ਵਿੱਢਣ ਦੀ ਹਦਾਇਤ
ਸਮੂਹ ਛੋਟੇ-ਵੱਡੇ ਬੱਸ ਆਪ੍ਰੇਟਰਾਂ ਨੂੰ ਟਾਈਮ ਟੇਬਲ ਵਿੱਚ ਤਰਕਸੰਗਤ ਸਮਾਂ ਦੇਣ ਦੇ ਨਿਰਦੇਸ਼
ਕਿਹਾ, ਟਾਈਮ ਟੇਬਲ ਵਿੱਚ ਵਿਤਕਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ
ਸੁਖਜਿੰਦਰ ਮਾਨ
ਚੰਡੀਗੜ੍ਹ, 29 ਮਾਰਚ: ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਰਿਜਨਲ ਟਰਾਂਸਪੋਰਟ ਅਥਾਰਿਟੀਜ਼ (ਆਰ.ਟੀ.ਏ.) ਦੇ ਸਮੂਹ ਸਕੱਤਰਾਂ ਨਾਲ ਹੰਗਾਮੀ ਮੀਟਿੰਗ ਕਰਦਿਆਂ ਸੂਬੇ ਵਿੱਚ ਨਾਜਾਇਜ਼ ਚਲ ਰਹੀਆਂ ਬੱਸਾਂ ਨੂੰ ਰੋਕਣ ਸਬੰਧੀ ਚੈਕਿੰਗ ਮੁਹਿੰਮ ਵਿੱਢਣ ਦੀ ਹਦਾਇਤ ਦਿੱਤੀ। ਉਨ੍ਹਾਂ ਕਿਹਾ ਕਿ ਜਿੱਥੇ ਡਿਫ਼ਾਲਟਰ ਅਤੇ ਨਾਜਾਇਜ਼ ਚਲਦੀਆਂ ਬੱਸਾਂ ਵਿਰੁੱਧ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ, ਉਥੇ ਸਮੂਹ ਛੋਟੇ-ਵੱਡੇ ਬੱਸ ਆਪ੍ਰੇਟਰਾਂ ਨੂੰ ਟਾਈਮ ਟੇਬਲ ਵਿੱਚ ਤਰਕਸੰਗਤ ਤੇ ਢੁਕਵਾਂ ਸਮਾਂ ਦਿੱਤਾ ਜਾਵੇ ਅਤੇ ਟਾਈਮ ਟੇਬਲ ਵਿੱਚ ਕਿਸੇ ਨਾਲ ਵਿਤਕਰਾ ਨਾ ਕੀਤਾ ਜਾਵੇ।ਸਟੇਟ ਟਰਾਂਸਪੋਰਟ ਕਮਿਸ਼ਨਰ ਦੇ ਦਫ਼ਤਰ ਵਿਖੇ ਮੀਟਿੰਗ ਦੌਰਾਨ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਸਮੂਹ ਸਕੱਤਰਾਂ ਨੂੰ ਹਦਾਇਤ ਕੀਤੀ ਕਿ ਬੱਸਾਂ ਦੇ ਨਾਜਾਇਜ਼ ਆਪ੍ਰੇਸ਼ਨ ਨੂੰ ਰੋਕਣ ਸਬੰਧੀ ਸਕੱਤਰ ਆਰ.ਟੀ.ਏ., ਪੰਜਾਬ ਰੋਡਵੇਜ਼ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਚੈਕਿੰਗ ਮੁਹਿੰਮ ਵਿੱਢਣਗੇ। ਉਨ੍ਹਾਂ ਕਿਹਾ ਕਿ ਪੰਜਾਬ ਰੋਡਵੇਜ਼ ਦੇ ਅਧਿਕਾਰੀ ਇਹ ਵੀ ਯਕੀਨੀ ਬਣਾਉਣਗੇ ਕਿ ਬੱਸ ਅੱਡੇ ਤੋਂ ਕੋਈ ਵੀ ਨਾਜਾਇਜ਼ ਬੱਸ ਨਹੀਂ ਚੱਲੇਗੀ। ਜੇ ਕੋਈ ਅਜਿਹੀ ਬੱਸ ਚਲਦੀ ਪਾਈ ਜਾਂਦੀ ਹੈ ਤਾਂ ਉਸ ਬਾਰੇ ਤੁਰੰਤ ਸਬੰਧਤ ਆਰ.ਟੀ.ਏ. ਨੂੰ ਸੂਚਿਤ ਕੀਤਾ ਜਾਵੇ।ਬੱਸ ਅੱਡਿਆਂ ਤੋਂ ਬਾਹਰ ਨਾਜਾਇਜ਼ ਚਲ ਰਹੀਆਂ ਕਨਟ੍ਰੈਕਟ ਕੈਰਿਜ ਬੱਸਾਂ ਅਤੇ ਦੂਜੀਆਂ ਬੱਸਾਂ ਵਿਰੁੱਧ ਕਾਰਵਾਈ ਯਕੀਨੀ ਬਣਾਉਣ ਦੇ ਸਖ਼ਤ ਆਦੇਸ਼ ਦਿੰਦਿਆਂ ਸ. ਭੁੱਲਰ ਨੇ ਕਿਹਾ ਕਿ ਇਸ ਤੋਂ ਇਲਾਵਾ ਨਿਯਮਾਂ ਦੀ ਉਲੰਘਣਾ ਕਰ ਰਹੀਆਂ ਸਕੂਲੀ ਬੱਸਾਂ ਦੇ ਆਪ੍ਰੇਟਰਾਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅਤੇ ਸੇਫ਼ ਸਕੂਲ ਵਾਹਨ ਸਕੀਮ ਵਿੱਚ ਦਰਸਾਏ ਉਪਬੰਧਾਂ ਨੂੰ ਹੂਬਹੂ ਲਾਗੂ ਕੀਤਾ ਜਾਵੇ।ਟਾਈਮ ਟੇਬਲ ਵਿੱਚ ਸਭ ਨੂੰ ਢੁਕਵਾਂ ਸਮਾਂ ਦੇਣ ਦੀ ਗੱਲ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਨਿਰਦੇਸ਼ ਦਿੱਤੇ, “ਭਾਵੇਂ ਕੋਈ ਵੱਡਾ ਬੱਸ ਆਪ੍ਰੇਟਰ ਹੈ ਜਾਂ ਛੋਟਾ, ਸਾਰਿਆਂ ਨੂੰ ਟਾਈਮ ਟੇਬਲ ਵਿੱਚ ਤਰਕਸੰਗਤ ਤੇ ਢੁਕਵਾਂ ਸਮਾਂ ਦਿੱਤਾ ਜਾਵੇ।” ਉਨ੍ਹਾਂ ਕਿਹਾ ਕਿ ਟਾਈਮ ਟੇਬਲ ਲਾਗੂ ਕਰਨ ਸਮੇਂ ਕਿਸੇ ਵੀ ਕਿਸਮ ਦਾ ਵਿਤਕਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਟਰਾਂਸਪੋਰਟ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਵਿਭਾਗ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਪਬਲਿਕ ਦੇ ਹਿੱਤਾਂ ਲਈ ਮਿਹਨਤ ਤੇ ਲਗਨ ਨਾਲ ਕੰਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਧਿਕਾਰੀ ਆਪਸ ਵਿੱਚ ਤਾਲਮੇਲ ਰੱਖਣ ਅਤੇ ਦਫ਼ਤਰੀ ਸਮੇਂ ਦੌਰਾਨ ਦਫ਼ਤਰ ਵਿੱਚ ਹਾਜ਼ਰ ਰਹਿ ਕੇ ਪਬਲਿਕ ਦੇ ਕੰਮਾਂ ਦਾ ਸਮੇਂ ਸਿਰ ਨਿਪਟਾਰਾ ਕਰਨਾ ਯਕੀਨੀ ਬਣਾਉਣ।ਮੀਟਿੰਗ ਦੌਰਾਨ ਪ੍ਰਮੁੱਖ ਸਕੱਤਰ ਟਰਾਂਸਪੋਰਟ ਸ੍ਰੀ ਕੇ. ਸਿਵਾ ਪ੍ਰਸਾਦ, ਸਟੇਟ ਟਰਾਂਸਪੋਰਟ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ, ਵਧੀਕ ਸਟੇਟ ਟਰਾਂਸਪੋਰਟ ਕਮਿਸ਼ਨਰ ਸ੍ਰੀ ਅਮਰਬੀਰ ਸਿੰਘ ਸਿੱਧੂ, ਡਾਇਰੈਕਟਰ ਸਟੇਟ ਟਰਾਂਸਪੋਰਟ ਸ੍ਰੀਮਤੀ ਅਮਨਦੀਪ ਕੌਰ ਅਤੇ ਮੈਨੇਜਿੰਗ ਡਾਇਰੈਕਟਰ ਪੀ.ਆਰ.ਟੀ.ਸੀ. ਪਟਿਆਲਾ ਪਵਨਦੀਪ ਕੌਰ ਸਣੇ ਸਮੂਹ ਸਕੱਤਰ, ਰਿਜਨਲ ਟਰਾਂਸਪੋਰਟ ਅਥਾਰਟੀ ਅਤੇ ਪੰਜਾਬ ਰੋਡਵੇਜ਼ ਦੇ ਅਧਿਕਾਰੀ ਮੌਜੂਦ ਸਨ।
ਪੋਸਟ ਮੈਟ੍ਰਿਕ ਸਕਾਲਰਸ਼ਿਪ ਅਤੇ ਸ਼ਗਨ ਸਕੀਮ ਤਹਿਤ 214.16 ਕਰੋੜ ਰੁਪਏ ਜਾਰੀ : ਡਾ. ਬਲਜੀਤ ਕੌਰ
ਹਰ ਜ਼ਿਲ੍ਹੇ ਵਿੱਚ ਬਣਾਏ ਜਾਣਗੇ ਅੰਬੇਡਕਰ ਭਵਨ
ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਹੋਰਨਾਂ ਭਾਈਵਾਲਾਂ ਨਾਲ ਮਿਲ ਕੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼
ਕੈਬਨਿਟ ਮੰਤਰੀ ਨੇ ਵੱਖ-ਵੱਖ ਭਲਾਈ ਸਕੀਮਾਂ ਦਾ ਲਿਆ ਜਾਇਜ਼ਾ
ਸੁਖਜਿੰਦਰ ਮਾਨ
ਚੰਡੀਗੜ੍ਹ, 29 ਮਾਰਚ: `ਆਪ` ਸਰਕਾਰ ਵੱਲੋਂ ਦਿੱਤੇ ਗਏ ਭਰੋਸੇ `ਤੇ ਖ਼ਰਾ ਉਤਰਦਿਆਂ ਪੰਜਾਬ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਪੋਸਟ ਮੈਟ੍ਰਿਕ ਸਕਾਲਰਸ਼ਿਪ ਅਤੇ ਸ਼ਗਨ ਸਕੀਮ ਤਹਿਤ 214.16 ਕਰੋੜ ਰੁਪਏ ਜਾਰੀ ਕੀਤੇ।
ਇਸ ਬਾਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਵਿਭਾਗ ਦਾ ਚਾਰਜ ਸੰਭਾਲਣ ਤੋਂ ਬਾਅਦ ਉਨ੍ਹਾਂ ਵੱਲੋਂ ਬਕਾਏ ਨਿਪਟਾਉਣ ਸਬੰਧੀ ਕੀਤੇ ਗਏ ਵਾਅਦੇ ਮੁਤਾਬਕ ਪੋਸਟ-ਮੈਟ੍ਰਿਕ ਸਕਾਲਰਸ਼ਿਪ ਤਹਿਤ ਮਾਰਚ 2022 ਤੱਕ ਦੇ ਬਕਾਇਆ ਨੂੰ ਕਲੀਅਰ ਕਰਦਿਆਂ 184 ਕਰੋੜ ਰੁਪਏ ਜਾਰੀ ਕੀਤੇ ਗਏ ਹਨ, ਜਦੋਂ ਕਿ ਸ਼ਗਨ ਸਕੀਮ ਤਹਿਤ ਦਸੰਬਰ 2021 ਤੱਕ 30.16 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਹਰ ਜ਼ਿਲ੍ਹੇ ਵਿੱਚ ਅੰਬੇਡਕਰ ਭਵਨ ਬਣਾਏ ਜਾਣਗੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਨ੍ਹਾਂ ਭਵਨਾਂ ਦੀ ਉਸਾਰੀ ਲਈ ਕਿਫ਼ਾਇਤੀ ਢੰਗ ਨਾਲ ਹੋਰ ਸਰਕਾਰੀ ਅਦਾਰਿਆਂ ਦੀ ਮੁਹਾਰਤ ਪ੍ਰਾਪਤ ਕਰਨ। ਮੌਜੂਦਾ ਅੰਬੇਡਕਰ ਭਵਨਾਂ ਦੀ ਸਾਂਭ-ਸੰਭਾਲ ਦੀ ਲੋੜ `ਤੇ ਜ਼ੋਰ ਦਿੰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਕੁਝ ਪੁਰਾਣੀਆਂ ਇਮਾਰਤਾਂ ਦੀ ਫੌਰੀ ਸਾਂਭ-ਸੰਭਾਲ ਦੀ ਲੋੜ ਹੈ ਅਤੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਦੂਰਅੰਦੇਸ਼ੀ ਅਗਵਾਈ ਹੇਠ `ਆਪ` ਸਰਕਾਰ ਅੰਬੇਡਕਰ ਭਵਨਾਂ ਦੀ ਉਸਾਰੀ ਅਤੇ ਸਾਂਭ-ਸੰਭਾਲ ਲਈ ਵਚਨਬੱਧ ਹੈ।ਵੱਖ-ਵੱਖ ਭਲਾਈ ਸਕੀਮਾਂ ਦਾ ਜਾਇਜ਼ਾ ਲੈਂਦਿਆਂ ਕੈਬਨਿਟ ਮੰਤਰੀ ਨੇ ਸਾਰੀਆਂ ਭਲਾਈ ਸਕੀਮਾਂ ਲਈ ਵਾਧੂ ਫੰਡ ਅਲਾਟ ਕਰਨ ਦਾ ਭਰੋਸਾ ਦਿੱਤਾ। ਕੇਂਦਰੀ ਫੰਡ ਵਾਲੀਆਂ ਸਕੀਮਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਅੱਗੇ ਕਿਹਾ ਕਿ ਉਹ ਫੰਡ ਜਲਦੀ ਜਾਰੀ ਕਰਨ ਲਈ ਕੇਂਦਰ ਸਰਕਾਰ ਦੇ ਸਬੰਧਤ ਵਿਭਾਗਾਂ ਕੋਲ ਮਾਮਲਾ ਉਠਾਉਣਗੇ ਤਾਂ ਜੋ ਸਾਡੇ ਕਮਜ਼ੋਰ ਵਰਗਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।ਡਾ. ਕੌਰ ਨੇ ਅੱਗੇ ਕਿਹਾ ਕਿ ਬੈਕਫਿੰਕੋ ਦੀਆਂ ਵੱਖ-ਵੱਖ ਲੋਨ ਸਕੀਮਾਂ ਜਿਵੇਂ ਕਿ ਡਾਇਰੈਕਟ ਲੋਨ ਸਕੀਮ, ਐਨ.ਬੀ.ਸੀ.ਐਫ.ਡੀ.ਸੀ., ਐਜੂਕੇਸ਼ਨ ਲੋਨ ਸਕੀਮ, ਮਾਈਕਰੋ ਫਾਈਨਾਂਸ ਸਕੀਮ, ਮਹਿਲਾ ਸਮਰਿਧੀ ਯੋਜਨਾ ਅਤੇ ਹੋਰ ਸਕੀਮਾਂ ਦਾ ਲਾਭ ਲੋਕਾਂ ਨੂੰ ਯਕੀਨੀ ਬਣਾਇਆ ਜਾਵੇ।ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਸਮਾਜਿਕ ਨਿਆਂ ਤੇ ਅਧਿਕਾਰਤਾ ਅਤੇ ਘੱਟ ਗਿਣਤੀ ਜੀ. ਰਮੇਸ਼ ਗੰਟਾ, ਕਾਰਜਕਾਰੀ ਡਾਇਰੈਕਟਰ ਐਸ.ਸੀ ਅਤੇ ਬੀ.ਸੀ ਕਾਰਪੋਰੇਸ਼ਨ ਸ੍ਰੀ ਮਾਲਵਿੰਦਰ ਸਿੰਘ ਜੱਗੀ, ਡਾਇਰੈਕਟਰ ਐਸਜੇਈਐਮ ਅਤੇ ਸਬ ਪਲਾਨ ਰਾਜ ਬਹਾਦਰ ਸਿੰਘ ਹਾਜ਼ਰ ਸਨ।
ਬਿਜ਼ਨਸ ਸਟੱਡੀਜ਼ ਵਿਭਾਗ ਨੇ ਐਮ.ਬੀ.ਏ. ਪਹਿਲਾ ਸਮੈਸਟਰ ਦੇ ਵਿਦਿਆਰਥੀਆਂ ਲਈ 5 ਦਿਨਾਂ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ
ਸੁਖਜਿੰਦਰ ਮਾਨ
ਬਠਿੰਡਾ, 29 ਮਾਰਚ: ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ (ਇੱਕ ਮੋਹਰੀ ਬੀ-ਸਕੂਲ) ਦੇ ਬਿਜ਼ਨਸ ਸਟੱਡੀਜ਼ ਵਿਭਾਗ ਨੇ ਐਮ.ਬੀ.ਏ (ਬੈਚ 2021-23) ਦੇ ਵਿਦਿਆਰਥੀਆਂ ਲਈ 5 ਦਿਨਾਂ ਓਰੀਐਂਟੇਸ਼ਨ ਪ੍ਰੋਗਰਾਮ ਦਾ ਸਫਲਤਾਪੂਰਵਕ ਆਯੋਜਨ ਕੀਤਾ ਸਾਰੇ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਵੱਖ-ਵੱਖ ਮਾਹਿਰਾਂ ਦੁਆਰਾ ਲਏ ਗਏ ਵੱਖ-ਵੱਖ ਸੈਸ਼ਨਾਂ ਦੌਰਾਨ ਬਹੁਤ ਕੁੱਝ ਸਿੱਖਿਆ।
ਓਰੀਐਂਟੇਸ਼ਨ ਪ੍ਰੋਗਰਾਮ ਦੀ ਸ਼ੁਰੂਆਤ ਬਿਜ਼ਨਸ ਸਟੱਡੀਜ਼ ਵਿਭਾਗ ਦੀ ਮੁਖੀ ਭਾਵਨਾ ਖੰਨਾ ਨੇ ਆਪਣੇ ਸਵਾਗਤੀ ਭਾਸ਼ਣ ਨਾਲ ਕੀਤੀ । ਉਨ੍ਹਾਂ ਨੇ ਨਵੇਂ ਸਮੈਸਟਰ ਦੇ ਵਿਸ਼ਿਆਂ ਬਾਰੇ, ਯੂਨੀਵਰਸਿਟੀ ਨਿਯਮਾਂ ਅਨੁਸਾਰ ਹਾਜ਼ਰੀ ਮਾਪਦੰਡ, ਸੰਚਾਰ ਭਾਸ਼ਾ ਦੇ ਪੈਮਾਨੇ ਅਤੇ ਯੂਨੀਫ਼ਾਰਮ ਡੇਅ ਆਦਿ ਬਾਰੇ ਦੱਸਿਆ। ਫਿਰ ਉਨ੍ਹਾਂ ਨੇ ਲਾਈਵ ਪ੍ਰੋਜੈਕਟਾਂ, ਸਰਟੀਫਿਕੇਟ ਕੋਰਸਾਂ, ਵੱਖ-ਵੱਖ ਵਿਸ਼ਿਆਂ ਦੇ ਟੀਚਿੰਗ ਸਹਾਇਕਾਂ ਅਤੇ ਕਾਲਜ ਦੇ ਵਿਭਿੰਨ ਕਲੱਬਾਂ, ਕਮੇਟੀਆਂ ਅਤੇ ਸੈੱਲਾਂ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਟੀਚਿੰਗ ਸਹਾਇਕ (ਟੀ.ਏ.) ਦੀ ਭੂਮਿਕਾ ਅਤੇ ਜ਼ਿੰਮੇਵਾਰੀਆਂ ਬਾਰੇ ਵੀ ਵਿਚਾਰ ਚਰਚਾ ਕੀਤੀ।
ਇਸ ਦੇ ਨਾਲ ਹੀ ਵਿਦਿਆਰਥੀਆਂ ਲਈ ਵਰਕਸ਼ਾਪ ਸੈਸ਼ਨ ਵੀ ਕਰਵਾਏ ਗਏ ਤਾਂ ਜੋ ਵਿਦਿਆਰਥੀ ਆਪਣੇ ਗਿਆਨ ਅਤੇ ਹੋਰ ਹੁਨਰਾਂ ਨੂੰ ਵਧਾ ਸਕਣ । ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਈ.ਆਰ.ਪੀ. ਸਿਸਟਮ ਬਾਰੇ ਜਾਣੂ ਕਰਵਾਉਣ ਲਈ ਆਈ.ਸੀ.ਟੀ. ‘ਤੇ ਇੱਕ ਦਿਨਾਂ ਵਰਕਸ਼ਾਪ ਕਰਵਾਈ ਗਈ। ਅਖੀਰ ਵਿੱਚ ਬਿਜ਼ਨਸ ਸਟੱਡੀਜ਼ ਵਿਭਾਗ ਦੀ ਮੁਖੀ ਮਿਸ ਭਾਵਨਾ ਖੰਨਾ ਨੇ ਵਿਦਿਆਰਥੀਆਂ ਦੀ ਸ਼ਮੂਲੀਅਤ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। । ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਕਾਲਜ ਦੇ ਪਿ੍ਰੰਸੀਪਲ ਡਾ. ਆਰ. ਕੇ .ਉੱਪਲ , ਵਾਈਸ ਪਿ੍ਰੰਸੀਪਲ ਡਾ. ਸਚਿਨ ਦੇਵ ਨੇ ਐਮ.ਬੀ.ਏ. ਦੇ ਵਿਦਿਆਰਥੀਆਂ ਲਈ ਕਰਵਾਏ ਗਏ ਇਸ ਮਿਆਰੀ ਓਰੀਐਂਟੇਸ਼ਨ ਪ੍ਰੋਗਰਾਮ ਦੀ ਸਫਲਤਾ ਲਈ ਸਮੁੱਚੇ ਐਮ.ਬੀ.ਏ. ਵਿਭਾਗ ਨੂੰ ਵਧਾਈ ਦਿੱਤੀ। ਕੁਲ ਮਿਲਾ ਕੇ ਇਹ ਇੱਕ ਦਿਲਚਸਪ ਅਤੇ ਜਾਣਕਾਰੀ ਭਰਪੂਰ ਪ੍ਰੋਗਰਾਮ ਸੀ।





