ਵਿਭਾਗ ਦੇ ਇੰਸਪੈਕਟਰ ਨੂੰ ਕਾਰਨ ਦੱਸੋ ਨੋਟਿਸ ਤੇ ਡਿੱਪੂ ਹੋਲਡਰ ਦਾ ਲਾਇਸੰਸ ਮੁਅੱਤਲ
ਸੁਖਜਿੰਦਰ ਮਾਨ
ਬਠਿੰਡਾ, 28 ਮਾਰਚ: ਬੀਤੇ ਕੱਲ ਸਥਾਨਕ ਸ਼ਹਿਰ ਦੇ ਬਲਰਾਜ ਨਗਰ ‘ਚ ਸਥਿਤ ਇੱਕ ਰਾਸ਼ਨ ਡੀਪੂ ਸੰਚਾਲਕ ਵਲੋਂ ਵਿਭਾਗ ਦੇ ਇੰਸਪੈਕਟਰ ਦੀ ਮੌਜੂਦਗੀ ’ਚ ਲਾਭਪਾਤਰੀਆਂ ਨੂੰ ਵੰਡੀ ਜਾਣ ਵਾਲੀ ਕਣਕ ਵਿਚ ਖਰਾਬ ਕਣਕ ‘ਮਿਕਸ’ ਕਰਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਭਾਗ ਨੇ ਅੱਜ ਜਿੱਥੇ ਉਕਤ ਡਿੱਪੂ ਹੋਲਡਰ ਦਾ ਲਾਇਸੰਸ ਮੁਅੱਤਲ ਕਰ ਦਿੱਤਾ ਹੈ, ਉਥੇ ਉਕਤ ਇੰਸਪੈਕਟਰ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਸਦੀ ਪੁਸ਼ਟੀ ਕਰਦਿਆਂ ਜ਼ਿਲ੍ਹਾ ਖ਼ੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੇ ਦਸਿਆ ਕਿ ਇਹ ਬਹੁਤ ਗੰਭੀਰ ਮਾਮਲਾ ਹੈ, ਜਿਸਦੀ ਤੁਰੰਤ ਸਹਾਇਕ ਖੁਰਾਕ ਤੇ ਸਪਲਾਈ ਅਫ਼ਸਰ ਸੰਗਤ ਕੋਲੋ ਜਾਂਚ ਕਰਵਾਈ ਗਈ ਸੀ। ਮੁਢਲੀ ਪੜਤਾਲ ਮੁਤਾਬਕ ਡਿੱਪੂ ਹੋਲਡਰ ਇਸ ਘਟਨਾ ਲਈ ਜਿੰਮੇਵਾਰ ਪਾਇਆ ਗਿਆ ਹੈ ਜਦੋਂਕਿ ਮੌਕੇ ’ਤੇ ਮੌਜੂਦ ਵਿਭਾਗ ਦੇ ਇੰਸਪੈਕਟਰ ਲੀਲਾਧਰ ਸ਼ਰਮਾ ਨੇ ਅਪਣੀ ਜਿੰਮੇਵਾਰ ਨਹੀਂ ਨਿਭਾਈ, ਜਿਸ ਕਾਰਨ ਉਹ ਵੀ ਬਰਾਬਰ ਦੇ ਭਾਗੀਦਾਰ ਹਨ। ਸੂਚਨਾ ਮੁਤਾਬਕ ਵਿਭਾਗ ਵਲੋਂ ਅੱਜ ਜਾਰੀ ਪੱਤਰ (ਨੰਬਰ 1919) ਤਹਿਤ ਉਕਤ ਇੰਸਪੈਕਟਰ ਨੂੰ ਅਪਣਾ ਦੋ ਦਿਨਾਂ ਅੰਦਰ ਪੱਖ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਇਸੇ ਤਰ੍ਹਾਂ ਡਿੱਪੂ ਹੋਲਡਰ ਸ਼੍ਰੀਮਤੀ ਰਾਜ ਕੁਮਾਰੀ ਨੂੰ ਵੀ ਜਾਰੀ ਪੱਤਰ (ਨੰਬਰ 1920) ਵਿਚ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਅਜਿਹਾ ਕਰਕੇ ਪੰਜਾਬ ਟਾਰਗੇਟਿਡ ਪਬਲਿਕ ਡਿਸਟਰੀਬਿਊਸਨਜ਼ ਲਾਇਸੰਸ ਐਂਡ ਕੰਟਰੋਲ ਐਕਟ 2016 ਦੀ ਧਾਰਾ 2(1) ਅਤੇ 10 (7) ਦੀ ਉਲੰਘਣਾ ਕੀਤੀ ਹੈ, ਜਿਸਦੇ ਚੱਲਦੇ ਉਸਦਾ ਲਾਇਸੰਸ ਕੈਂਸਲ ਕੀਤਾ ਜਾਂਦਾ ਹੈ। ਅਧਿਕਾਰੀਆਂ ਨੇ ਦਸਿਆ ਕਿ ਉਕਤ ਡਿੱਪੂ ਹੋਲਡਰ ਕੋਲ ਮੌਜੂਦ ਲਾਭਪਾਤਰੀਆਂ ਨੂੰ ਹੁਣ ਬਦਲਵੇਂ ਢੰਗ ਨਾਲ ਅਨਾਜ਼ ਦੀ ਵੰਡ ਕੀਤੀ ਜਾਵੇਗੀ। ਦਸਣਾ ਬਣਦਾ ਹੈ ਕਿ ਕਣਕ ਦੀ ਵੰਡ ਤੋਂ ਪਹਿਲਾਂ ਕਥਿਤ ਤੌਰ ’ਤੇ ਵਿਭਾਗ ਵਲੋਂ ਭੇਜੀ ਚੰਗੀ ਕਣਕ ਵਿਚ ਮਾੜੀ ਦੀ ਮਿਲਾਵਟ ਕੀਤੀ ਜਾ ਰਹੀ ਸੀ ਕਿ ਮੌਕੇ ’ਤੇ ਲੋਕ ਪੁੱਜ ਗਏ। ਉਨ੍ਹਾਂ ਇਸਦਾ ਵਿਰੋਧ ਕਰਦਿਆਂ ਇੱਥੇ ਮੌਜੂਦਾ ਵਿਭਾਗ ਦੇ ਇੰਸਪੈਕਟਰ ਸਹਿਤ ਡਿੱਪੂ ਹੋਲਡਰ ਦਾ ਘਿਰਾਓ ਕਰ ਲਿਆ ਸੀ।
ਮਾਮਲਾ ਜਨਤਾ ਨੂੰ ਮਾੜੀ ਗੁਣਵੰਤਾ ਵਾਲੀ ਕਣਕ ਵੰਡਣ ਦਾ
ਸ਼ਹਿਰ ’ਚ ਬਣੀਆਂ ਨਜਾਇਜ਼ ਇਮਾਰਤਾਂ ਤੇ ਚੋਣਾਂ ਤੋਂ ਪਹਿਲਾਂ ਵੰਡੇ ਸੋਲਰ ਪੈਨਲਾਂ ਦੀ ਹੋਵੇਗੀ ਜਾਂਚ: ਗਿੱਲ
ਨਿਗਮ ਦੇ ਮੁਲਾਜਮਾਂ ਨੇ ਕੋਂਸਲਰ ਗਿੱਲ ਦੇ ਵਿਧਾਇਕ ਬਣਨ ਤੋਂ ਬਾਅਦ ਪੁੱਜਣ ’ਤੇ ਹੱਥਾਂ ਉਪਰ ਚੂੱਕਿਆ
ਸੁਖਜਿੰਦਰ ਮਾਨ
ਬਠਿੰਡਾ, 28 ਮਾਰਚ: ਸ਼ਹਿਰ ’ਚ ਪਿਛਲੇ ਸਮੇਂ ਦੌਰਾਨ ਉਸਰੀਆਂ ਨਜਾਇਜ਼ ਇਮਾਰਤਾਂ ਤੇ ਚੋਣਾਂ ਤੋਂ ਪਹਿਲਾਂ ਚਹੇਤਿਆਂ ਨੂੰ ਵੰਡੇ ਸੋਲਰ ਪੈਨਲਾਂ ਦੀ ਉਚ ਪੱਧਰੀ ਜਾਂਚ ਹੋਵੇਗੀ ਤੇ ਜਿੰਮੇਵਾਰਾਂ ਵਿਰੁਧ ਕਾਰਵਾਈ ਕੀਤੀ ਜਾਵੇਗੀ। ਇਹ ਦਾਅਵਾ ਅੱਜ ਸਥਾਨਕ ਨਗਰ ਨਿਗਮ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਠਿੰਡਾ ਸ਼ਹਿਰੀ ਹਲਕੇ ਦੇ ਐਮ.ਐਲ.ਏ ਜਗਰੂਪ ਸਿੰਘ ਗਿੱਲ ਨੇ ਕੀਤਾ। ਉਹ ਵਿਧਾਇਕ ਬਣਨ ਤੋਂ ਬਾਅਦ ਪਹਿਲੀ ਵਾਰ ਨਿਗਮ ਦਫ਼ਤਰ ਪੁੱਜੇ ਹੋਏ ਸਨ, ਜਿੱਥੇ ਅਪਣੇ ਕੋਂਸਲਰ ਤੇ ਐਮ.ਐਲ.ਏ ਬਣਨ ਤੋਂ ਬਾਅਦ ਨਿਗਮ ਦੇ ਸਮੂਹ ਮੁਲਾਜਮਾਂ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਹਾਲਾਂਕਿ ਇਸ ਮੌਕੇ ਕਾਂਗਰਸ ਨਾਲ ਸਬੰਧਤ ਤਿੰਨਾਂ ਮੇਅਰਾਂ ਤੋਂ ਇਲਾਵਾ ਕੋਂਸਲਰ ਵੀ ਦਿਖ਼ਾਈ ਨਹੀਂ ਦਿੱਤੇ। ਇਸ ਮੌਕੇ ਗੱਲਬਾਤ ਕਰਦਿਆਂ ਸ: ਗਿੱਲ ਨੇ ਕਿਹਾ ਕਿ ਉਹ ਨਗਰ ਨਿਗਮ ਤੇ ਇਸਤੋਂ ਪਹਿਲਾਂ ਰਹੀ ਕੋਂਸਲ ਦੇ ਨਾਲ ਪਿਛਲੇ ਕਰੀਬ ਸਾਢੇੇ ਚਾਰ ਦਹਾਕਿਆਂ ਤੋਂ ਜੁੜੇ ਹੋਏ ਹਨ, ਜਿੱਥੇ ਉਨ੍ਹਾਂ ਨੂੰ ਹਮੇਸ਼ਾ ਹੀ ਭਰਵਾਂ ਪਿਆਰ ਮਿਲਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਨਾਲ ਵੀ ਪੱਖਪਾਤ ਨਹੀਂ ਕਰਨਗੇ, ਬਲਕਿ ਨਿਗਮ ਦੇ ਅਹੁੱਦੇਦਾਰਾਂ ਤੇ ਸ਼ਹਿਰੀਆਂ ਨੂੰ ਨਾਲ ਲੈ ਕੇ ਸ਼ਹਿਰ ਦੇ ਵਿਕਾਸ ਕਾਰਜ਼ਾਂ ਨੂੰ ਨੇਪਰੇ ਚਾੜਣਗੇ। ਐਮ.ਐਲ.ਏ ਗਿੱਲ ਨੇ ਕਿਹਾ ਕਿ ਨਸ਼ੇ ਦਾ ਖ਼ਾਤਮਾ, ਬੇਰੁਜ਼ਗਾਰੀ ਤੇ ਭਿ੍ਰਸਟਾਚਾਰ ਦੀ ਅਲਾਮਤ ਨੂੰ ਖ਼ਤਮ ਕਰਨਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਹਿਲਾਂ ਟੀਚਾ ਹੈ ਤੇ ਉਹ ਬਠਿੰਡਾ ਵਿਚ ਵੀ ਭਿ੍ਰਸਟਾਚਾਰ ਨੂੰ ਸਹਿਣ ਨਹੀਂ ਕਰਨਗੇ। ਉਨ੍ਹਾਂ ਬਠਿੰਡਾ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਸ਼ਹਿਰ ਦੇ ਆਸ ਪਾਸ ਦੇ ਖੇਤਰ ਵਿੱਚ ਵੱਡੇ ਪ੍ਰਾਜੈਕਟ ਲੈ ਕੇ ਆਉਣਗੇ ਜਿਸ ਨਾਲ ਹਜਾਰਾਂ ਲੋਕਾਂ ਨੂੰ ਰੁਜਗਾਰ ਦੇ ਮੌਕੇ ਪੈਦਾ ਹੋਣਗੇ ਕਿਉਂਕਿ ਬਠਿੰਡਾ ਵਿੱਚ ਬਠਿੰਡਾ ਥਰਮਲ ਸਮੇਤ ਵੱਡੇ ਪ੍ਰਾਜੈਕਟ ਬੰਦ ਹੋ ਗਏ ਸਨ । ਉੁਨ੍ਹਾਂ ਇਹ ਵੀ ਐਲਾਨ ਕੀਤਾ ਕਿ ਉਹ ਚੰਡੀਗੜ੍ਹ ਦੀ ਬਜਾਏ ਬਠਿੰਡਾ ’ਚ ਹੀ ਰਹਿਣਗੇ ਤੇ ਇੱਥੋਂ ਦੇ ਲੋਕਾਂ ਚ ਵਿਚਰ ਕੇ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣਗੇ । ਗਿੱਲ ਨੇ ਕਿਹਾ ਕਿ ਸ਼ਹਿਰ ਵਿੱਚ ਆਉਣ ਵਾਲੇ ਸਮੇਂ ਚ ਪੀਣ ਵਾਲੇ ਪਾਣੀ ਦੀ ਸਮੱਸਿਆ ਤੇ ਮੀਂਹ ਦੇ ਪਾਣੀ ਦੇ ਸ਼ਹਿਰ ਵਿਚ ਖੜਣ ਦੀ ਸਮੱਸਿਆ ਨੂੰ ਨਿਗਮ ਦੇ ਕੋਂਸਲਰਾਂ ਨੂੰ ਨਾਲ ਲੈ ਕੇ ਦੂਰ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਕੋਂਸਲਰ ਸੁਖਦੀਪ ਸਿੰਘ ਢਿੱਲੋਂ ਤੋਂ ਇਲਾਵਾ ਨਿਗਮ ਦੇ ਐਸ.ਈ. ਹਰਪਾਲ ਸਿੰਘ ਭੁੱਲਰ, ਦਵਿੰਦਰ ਸਿੰਘ ਜੋੜਾ, ਕਿਸੋਰ ਚੰਦ ਬਾਂਸਲ ਤੋਂ ਇਲਾਵਾ ਨਿਗਮ ਦੀਆਂ ਸਮੂਹ ਜਥੇਬੰਦੀਆਂ ਦੇ ਅਹੁੱਦੇਦਾਰ ਤੇ ਹਰ ਛੋਟਾ ਵੱਡਾ ਮੁਲਾਜਮ ਹਾਜ਼ਰ ਰਿਹਾ।
ਚਿੱਟੇ ਦਾ ਕਹਿਰ: ਬਠਿੰਡਾ ’ਚ ਦੋ ਨੌਜਵਾਨਾਂ ਦੀ ਸ਼ੱਕੀ ਹਾਲਾਤਾਂ ’ਚ ਮੌਤ
ਸੁਖਜਿੰਦਰ ਮਾਨ
ਬਠਿੰਡਾ, 28 ਮਾਰਚ: ਕਹਿਰ ਬਣ ਕੇ ਨੌਜਵਾਨਾਂ ਨੂੰ ਅਪਣੀ ਚਪੇਟ ’ਚ ਲੈ ਰਹੇ ਚਿੱਟੇ ਦੇ ਨਸ਼ੇ ਕਾਰਨ ਅੱਜ ਸਥਾਨਕ ਸ਼ਹਿਰ ਵਿਚ ਦੋ ਨੌਜਵਾਨਾਂ ਦੀ ਮੌਤ ਹੋਣ ਦੀ ਸੂਚਨਾ ਹੈ। ਹਾਲਾਂਕਿ ਪੁਲਿਸ ਵਲੋਂ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ ਪ੍ਰੰਤੂ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਇਹ ਮੌਤਾਂ ਨਸ਼ੇ ਦੀ ਓਵਰਡੋਜ਼ ਕਾਰਨ ਹੋਈਆਂ ਹਨ। ਪਹਿਲੀ ਘਟਨਾ ਸਥਾਨਕ ਸੈਂਟ ਜੈਵੀਅਰ ਸਕੂਲ ਕੋਲ ਸਥਿਤ ਇੱਕ ਖ਼ਾਲੀ ਪਏ ਪਲਾਟ ਦੀ ਹੈ, ਜਿੱਥੋਂ ਇੱਕ 22 ਸਾਲਾਂ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਮਿ੍ਰਤਕ ਦੀ ਲਾਸ਼ ਕੋਲ ਖ਼ਾਲੀ ਸਰਿੰਜ਼ਾਂ ਬਰਾਮਦ ਹੋਈਆਂ ਹਨ। ਘਟਨਾ ਦਾ ਪਤਾ ਲੱਗਦੇ ਹੀ ਥਾਣਾ ਸਿਵਲ ਲਾਈਨ ਦੀ ਪੁਲਿਸ ਦੇ ਅਧਿਕਾਰੀ ਮੌਕੇ ’ਤੇ ਪੁੱਜੇ। ਮਿ੍ਰਤਕ ਇੱਥੋਂ ਨਜਦੀਕ ਹੀ ਧੋਬੀਆਣਾ ਬਸਤੀ ’ਚ ਬਣੇ 25 ਗਜ਼ ਪਲਾਟਾਂ ਵਿਚ ਰਹਿਣ ਵਾਲਾ ਦਸਿਆ ਜਾ ਰਿਹਾ ਹੈ। ਇਸ ਮੌਕੇ ਮੁਹੱਲੇ ਦੀ ਇੱਕ ਔਰਤ ਨੇ ਪੁਲਿਸ ਦੀ ਹਾਜ਼ਰੀ ’ਚ ਇਲਾਕੇ ਵਿਚ ਖੁੱਲੇ ਤੌਰ ’ਤੇ ਨਸ਼ੇ ਦੀ ਵਿੱਕਰੀ ਦਾ ਦੋਸ਼ ਲਗਾਇਆ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਨਸ਼ੇ ਕਰਦਾ ਸੀ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਐਂਬੂਲੈਂਸ ਮੰਗਵਾ ਕੇ ਮਿ੍ਰਤਕ ਨੌਜਵਾਨ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਪ੍ਰੰਤੂ ਪਰਿਵਾਰਕ ਮੈਂਬਰ ਨੌਜਵਾਨ ਦੇ ਜਿੰਦਾ ਹੋਣ ਦਾ ਦਾਅਵਾ ਕਰਕੇ ਉਸਨੇ ਕਿਸੇ ਪ੍ਰਾਈਵੇਟ ਹਸਪਤਾਲ ਵਿਚ ਦਿਖਾਉਣ ਲਈ ਕਹਿ ਕੇ ਮੁੜ ਅਪਣੇ ਨਾਲ ਲੈ ਗਏ। ਉਧਰ ਸਥਾਨਕ ਸਹਿਰ ਦੇ ਖੇਡ ਸਟੇਡੀਅਮ ਦੇ ਕੋਲੋ ਵੀ ਇੱਕ 17 ਸਾਲਾ ਨੌਜਵਾਨ ਦੀ ਲਾਸ ਮਿਲਣ ਦੀ ਸੂਚਨਾ ਹੈ। ਹਾਲਾਂਕਿ ਮਿ੍ਰਤਕ ਨੌਜਵਾਨ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪ੍ਰੰਤੂ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਮਿ੍ਰਤਕ ਨੌਜਵਾਨ ਨੇ ਨਸ਼ਾ ਕੀਤਾ ਹੋਇਆ ਸੀ। ਮਿ੍ਰਤਕ ਨੌਜਵਾਨ ਸਥਾਨਕ ਗਣੈਸਾ ਬਸਤੀ ਦਾ ਰਹਿਣ ਵਾਲਾ ਦਸਿਆ ਜਾ ਰਿਹਾ ਹੈ। ਇੱਥੇ ਦਸਣਾ ਬਣਦਾ ਹੈ ਕਿ ਨਸ਼ੇ ਕਾਰਨ ਹਰ ਦਿਨ ਹੋਣ ਵਾਲੀਆਂ ਮੌਤਾਂ ਦਾ ਅੰਕੜਾਂ ਵਧ ਰਿਹਾ ਹੈ। ਪਿਛਲੇ ਦਸ ਦਿਨਾਂ ਵਿਚ ਅੱਧੀ ਦਰਜ਼ਨਦੇ ਕਰੀਬ ਨੌਜਵਾਨਾਂ ਦੀ ਕਥਿਤ ਨਸ਼ੇ ਨਾਲ ਮੌਤ ਹੋ ਚੁੱਕੀ ਹੈ।
ਡੀਏਵੀ ਸਕੂਲ ’ਚ ਅੱਠ ਰੋਜ਼ਾ ਸਪਰਿੰਗ ਕੈਂਪ ਦਾ ਹੋਇਆ ਸਮਾਪਤ ਸਮਾਰੋਹ
ਸੁਖਜਿੰਦਰ ਮਾਨ
ਬਠਿੰਡਾ, 28 ਮਾਰਚ: ਸਥਾਨਕ ਸੰਸਥਾ ਆਰਬੀਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿੱਚ ਸਕੂਲ ਪਿ੍ਰੰਸੀਪਲ ਰਾਜਨ ਸੇਠੀ ਦੀ ਅਗਵਾਈ ਅਤੇ ਬਲਾਕ ਕੋਆਰਡੀਨੇਟਰ ਪਿ੍ਰਤਪਾਲ ਸਿੰਘ ਦੀ ਦੇਖ ਰੇਖ ਹੇਠ ਅੱਠ ਰੋਜ਼ਾ ਸਪਰਿੰਗ ਕੈੰਪ ਸਮਾਪਣ ਸਮਾਰੋਹ ਹੋਇਆ। ਮਾਮਲੇ ਦੀ ਜਾਣਕਾਰੀ ਦਿੰਦੇ ਪਿ੍ਰੰਸੀਪਲ ਰਾਜਨ ਸੇਠੀ ਨੇ ਦੱਸਿਆ ਕਿ ਬਲਾਕ ਦਾ 2021-22 ਦਾ ਅਕਾਦਿਮਿਕ ਸੈਸ਼ਨ ਪੂਰਾ ਹੋਣ ਤੋਂ ਬਾਅਦ ਬੱਚਿਆਂ ਦੇ ਸਰਬਪੱਖੀ ਵਿਕਾਸ ਦੇ ਲਈ ਬੱਚਿਆਂ ਵਿੱਚ ਉਹਨਾਂ ਅੰਦਰ ਛੁਪੀ ਪ੍ਰਤਿਭਾ ਨੂੰ ਨਿਖਾਰਨ ਦੇ ਲਈ ਇਹ ਸਪਰਿੰਗ ਕੈਂਪ ਦਾ ਆਜੋਜਨ ਕੀਤਾ ਗਿਆ ਸੀ। ਇਸ ਮੌਕੇ ਕੋਆਰਡੀਨੇਟਰ ਪਿ੍ਰਤਪਾਲ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਤਕਰੀਬਨ 200 ਬੱਚਿਆਂ ਨੇ ਭਾਗ ਲਿਆ ਅਤੇ ਉਹਨਾਂ ਨੂੰ ਮੈਡੀਟੇਸ਼ਨ, ਯੋਗਾ, ਸੰਗੀਤ, ਡਾਂਸ ਅਤੇ ਚਿੱਤਰਕਲਾ ਜਿਹੀਆਂ ਗਤੀਵਿਧੀਆਂ ਕਾਰਵਾਈਆਂ ਗਈਆਂ। ਇਸ ਮੌਕੇ ਸਾਰੇ ਕੋਆਰਡੀਨੇਟਰਜ , ਹਾਊਸ ਮਾਸਟਰਜ ਅਤੇ ਵਾਈਸ ਹਾਊਸ ਮਾਸਟਰਜ ਅਤੇ ਬਲਾਕ ਦੇ ਸਾਰੇ ਅਧਿਆਪਕਾਂ ਨੇ ਬੱਚਿਆਂ ਨਾਲ ਮਿਲਕੇ ਸੈਸ਼ਨ 2021-22 ਨੂੰ ਬਾਏ ਬਾਏ ਅਤੇ 2022-23 ਦਾ ਸਵਾਗਤ ਕਰਦੇ ਗੁਬਾਰੇ ਉਡਾ ਕੇ ਸ਼ੁਰੂ ਕੀਤੀ। ਅੰਤ ਵਿੱਚ ਸਕੂਲ ਪਿ੍ਰੰਸੀਪਲ ਰਾਜਨ ਸੇਠੀ ਨੇ ਕੈੰਪ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।
ਕੇਂਦਰੀ ਟਰੇਂਡ ਯੂਨੀਅਨਾਂ ਦੇ ਸੱਦੇ ਹੇਠ ਬਠਿੰਡਾ ’ਚ ਥਾਂ ਥਾਂ ਰੋਸ ਪ੍ਰਦਰਸਨ
ਸੁਖਜਿੰਦਰ ਮਾਨ
ਬਠਿੰਡਾ, 28 ਮਾਰਚ: ਕੇਂਦਰ ਸਰਕਾਰ ਵਿਰੁਧ ਵੱਖ ਵੱਖ ਟਰੇਡ ਜਥੇਬੰਦੀਆਂ ਵਲੋਂ ਦਿੱਤੇ ਦੋ ਰੋਜ਼ਾਂ ਹੜਤਾਲ ਦਿੱਤੇ ਸੱਦੇ ਹੇਠ ਅੱਜ ਸਥਾਨਕ ਸ਼ਹਿਰ ਵਿਚ ਵੱਖ ਵੱਖ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਬੈਂਕਾਂ ਅਤੇ ਹੋਰ ਕੇਂਦਰੀ ਦਫ਼ਤਰਾਂ ਵਿਚ ਕੰਮਕਾਜ਼ ਪ੍ਰਭਾਵਿਤ ਰਿਹਾ। ਕੇਂਦਰ ਜਥੇਬੰਦੀਆਂ ਦੇ ਸੱਦੇ ਹੇਠ ਪੰਜਾਬ ਅਤੇ ਯੂਟੀ ਮੁਲਾਜ਼ਮ ਸੰਘਰਸ਼ ਕਮੇਟੀ ਦੇ ਝੰਡੇ ਹੇਠ ਇਕੱਤਰ ਹੋ ਕੇ ਸਥਾਨਕ ਸਿਵਲ ਹਸਪਤਾਲ ਵਿਚ ਹੜਤਾਲ ਕਰਦਿਆਂ ਰੋਸ਼ ਪ੍ਰਦਰਸਨ ਕੀਤਾ ਗਿਆ। ਇਸੇ ਤਰ੍ਹਾਂ ਪੀਆਰਟੀਸੀ ਯੂਨੀਅਨਾਂ ਵਲੋਂ ਸੂਰਜ ਸਿੰਘ, ਜਸਵਿੰਦਰ ਸਿੰਘ, ਗੰਡਾ ਸਿੰਘ, ਰਾਮ ਸਿੰਘ, ਮਹਿੰਦਰ ਭੱਟੀ, ਕੁਲਵੰਤ ਸਿੰਘ, ਗੁਰਜੰਟ ਸਿੰਘ, ਸੁਖਵਿੰਦਰ ਸਿੰਘ, ਰਾਮ ਸਿੰਘ, ਮੋਹਕਮ ਸਿੰਘ ਆਦਿ ਦੀ ਅਗਵਾਈ ਹੇਠ ਸਥਾਨਕ ਬੱਸ ਸਟੈਂਡ ਵਿਚ ਗੇਟ ਰੈਲੀ ਕੀਤੀ ਗਈ। ਜਦੋਂਕਿ ਜੀਐੱਚਟੀਪੀ ਕੰਟਰੈਕਟ ਇੰਪਲਾਈਜ਼ ਯੂਨੀਅਨ ਲਹਿਰਾ ਮੁਹੱਬਤ ਵਲੋਂ ਪ੍ਰਧਾਨ ਜਗਰੂਪ ਸਿੰਘ ਦੀ ਅਗਵਾਈ ਹੇਠ ਥਰਮਲ ਕਾਮਿਆਂ ਨੇ ਗੇਟ ਰੈਲੀ ਕੀਤੀ। ਜਦੋਂਕਿ ਪੰਜਾਬ ਯੂ ਟੀ ਮੁਲਾਜਮ ਅਤੇ ਪੈਨਸਨਰ ਸਾਂਝਾ ਫਰੰਟ ਵੱਲੋਂ ਸਥਾਨਕ ਸਿਵਲ ਹਸਪਤਾਲ ਵਿਖੇ ਭਰਵਾਂ ਰੋਸ ਪ੍ਰਦਰਸਨ ਕੀਤਾ ਗਿਆ। ਜਥੇਬੰਦੀ ਦੇ ਜਿਲ੍ਹਾ ਕਨਵੀਨਰਾਂ ਦਰਸਨ ਸਿੰਘ ਮੌੜ,ਮੱਖਣ ਖਣਗਵਾਲ ਅਤੇ ਗਗਨਦੀਪ ਸਿੰਘ, ਸਿਕੰਦਰ ਧਾਲੀਵਾਲ, ਜਤਿੰਦਰ ਕਿ੍ਰਸਨ ਅਤੇ ਮਨਜੀਤ ਸਿੰਘ ਨੇ ਸਰਕਾਰ ਦੀਆਂ ਮੁਲਾਜਮ/ਮਜਦੂਰ/ਕਿਸਾਨ/ਲੋਕ ਮਾਰੂ ਨੀਤੀਆਂ ਦਾ ਵਿਰੋਧ ਕਰਦਿਆਂ ਕਿਹਾ ਕਿ ਜਨਤਕ ਅਦਾਰਿਆਂ ਦਾ ਨਿੱਜੀਕਰਨ ਕਰਨਾ ਤਰੁੰਤ ਬੰਦ ਕੀਤਾ ਜਾਵੈ। ਅੱਜ ਦੇ ਇਸ ਰੋਸ ਪ੍ਰਦਰਸਨ ਵਿਚ ਕਿਸੋਰ ਚੰਦ ਗਾਜ,ਜੀਤੋ ਮਾਨ, ਭੁਪਿੰਦਰ ਕੌਰ,ਹਰਮਿੰਦਰ ਸਿੰਘ ਢਿੱਲੋਂ, ਜਗਪਾਲ ਸਿੰਘ ਬੰਗੀ,ਐਸ ਐਸ ਯਾਦਵ,ਮੋਹਨ ਲਾਲ ਟੀ ਐਸ ਯੂ, ਰਣਜੀਤ ਸਿੰਘ ਪਿ੍ਰੰਸੀਪਲ, ਅਮਰਜੀਤ ਸਿੰਘ ਹਨੀ ਕਿਰਤੀ ਕਿਸਾਨ ਯੂਨੀਅਨ, ਅਮਿ੍ਰਤਪਾਲ ਸਿੰਘ ਅਤੇ ਸੁਖਚੈਨ ਸਿੰਘ ਆਦਿ ਆਗੂਆਂ ਨੇ ਹਾਜਰੀ ਭਰੀ।ਇਸੇ ਤਰ੍ਹਾਂ ਸਥਾਨਕ ਮੁੱਖ ਡਾਕਘਰ ਦੇ ਅੱਗੇ ਵੀ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਕੇਂਦਰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਕੰਮਕਾਜ ਠੱਪ ਰੱਖਿਆ। ੳਿੁਧਰ ਸਥਾਨਕ ਚਿਲਡਰਨ ਪਾਰਕ ’ਚ ਧਰਨਾ ਲਗਾਉਣ ਤੋਂ ਬਾਅਦ ਸੀਟੂ ਵਰਕਰਾਂ ਨੇ ਸ਼ਹਿਰ ਵਿਚ ਕੇਂਦਰ ਸਰਕਾਰ ਵਿਰੁਧ ਰੋਸ ਮਾਰਚ ਕੱਿਢਆ। ਇਸ ਧਰਨੇ ਨੂੰ ਬਲਕਾਰ ਸਿੰਘ, ਗਗਨਦੀਪ ਸਿੰਘ, ਪ੍ਰਕਾਸ਼ ਕੌਰ ਸੋਹੀ, ਪ੍ਰਤਿਭਾ ਸ਼ਰਮਾ, ਕੁਲਜੀਤ ਪਾਲ ਗੋਲਡੀ, ਅਮੀ ਲਾਲ, ਸ੍ਰੀਨਿਵਾਸ ਚੌਧਰੀ, ਹਰਮੰਦਰ ਸਿੰਘ ਆਦਿ ਹਨੇ ਸੰਬੋਧਨ ਕੀਤਾ। ਇਸਤੋਂ ਇਲਾਵਾ ਪਾਵਰਕਾਮ ਦੀਆਂ ਜਥੈਬੰਦੀਆਂ ਨੇ ਵੀ ਸਥਾਨਕ ਸਿਰਕੀ ਬਜ਼ਾਰ ’ਚ ਇਕੱਠੇ ਹੋ ਕੇ ਕੇਂਦਰ ਸਰਕਾਰ ਦੀ ਅਰਥੀ ਫ਼ੂਕੀ। ਉਧਰ ਬੈਂਕ ਮੁਲਾਜਮਾਂ ਨੇ ਵੀ ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਵੱਲੋਂ ਦਿੱਤੇ ਦੋ ਰੋਜ਼ਾ ਹੜਤਾਲ ਦੇ ਸੱਦੇ ਹੇਠ ਸਥਾਨਕ ਸਿਵਲ ਲਾਈਨ ’ਚ ਪੰਜਾਬ ਨੈਸ਼ਨਲ ਬੈਂਕ ਅੱਗੇ ਧਰਨਾ ਦੇ ਕੇ ਰੋਸ਼ ਪ੍ਰਦਰਸ਼ਨ ਕੀਤਾ। ਬੈਂਕ ਮੁਲਾਜਮ ਯੂਨੀਅਨ ਦੇ ਆਗੂਆਂ ਪਵਨ ਜਿੰਦਲ, ਕੁਲਦੀਪ ਸਿੰਗਲਾ, ਪੇ੍ਮ ਭੂਸ਼ਨ ਅਰੋੜਾ, ਸੁਰਿੰਦਰ ਗੋਇਲ ਆਦਿ ਨੇ ਕੇਂਦਰ ਉਪਰ ਜਨਤਕ ਅਦਾਰਿਆਂ ਦਾ ਨਿੱਜੀਕਰਨ ਕਰਨ ਤੇ ਮੁਲਾਜਮਾਂ ਦੀ ਪੈਨਸ਼ਨ ਖੋਹਣ ਦੇ ਦੋਸ਼ ਲਗਾਏ।
ਜਿਲਾ ਪ੍ਰਸਾਸਨ ਨੂੰ ਕੀਤੇ ਵਾਅਦੇ ਤੋਂ ਨਹੀਂ ਭੱਜਣ ਦਿੱਤਾ ਜਾਵੇਗਾ: ਸਿੱਧੂਪੁਰ
ਸੁਖਜਿੰਦਰ ਮਾਨ
ਬਠਿੰਡਾ, 28 ਮਾਰਚ: ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਮੀਟਿੰਗ ਸਥਾਨਕ ਚਿਲਡਰਨ ਪਾਰਕ ਵਿਖੇ ਜਿਲ੍ਹਾ ਪ੍ਰਧਾਨ ਬਲਦੇਵ ਸਿੰਘ ਸਦੋਹਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਜਰਨਲ ਸਕੱਤਰ ਕਾਕਾ ਸਿੰਘ ਕੋਟੜਾ, ਰੇਸਮ ਸਿੰਘ ਯਾਤਰੀ, ਅਰਜਨ ਸਿੰਘ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਿਛਲੇ ਸਮੇਂ ਦੌਰਾਨ ਜਥੇਬੰਦੀ ਨਾਲ ਕੀਤੇ ਵਾਅਦਿਆਂ ਤੋਂ ਭੱਜਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਜਥੇਬੰਦੀ ਦੇ ਵਰਕਰਾਂ ਨਾਲ ਹੋਈ ਧੱਕੇਸ਼ਾਹੀ ਦੇ ਵਿਚ ਹਾਲੇ ਤੱਕ ਇਨਸਾਫ਼ ਨਹੀਂ ਮਿਲ ਚੁੱਕਿਆ ਹੈ। ਜਿਸਦੇ ਚੱਲਦੇ ਆਉਣ ਵਾਲੇ ਸਮੇਂ ਵਿਚ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਵੀ ਦਿੱਤਾ ਜਾਵੇਗਾ। ਇਸ ਮੌਕੇ ਕਿਸਾਨ ਆਗੂ ਰਣਜੀਤ ਸਿੰਘ, ਮੁਖਤਿਆਰ ਸਿੰਘ ,ਅਰਜਨ ਸਿੰਘ, ਅੰਗਰੇਜ ਸਿੰਘ, ਜਸਵੀਰ ਸਿੰਘ, ਕੁਲਵੰਤ ਸਿੰਘ, ਮਹਿਮਾ ਸਿੰਘ, ਗੁਰਮੇਲ ਸਿੰਘ, ਬਾਜਾ ਸਿੰਘ, ਜਬਰਜੰਗ ਸਿੰਘ ਆਦਿ ਵੀ ਹਾਜ਼ਰ ਸਨ।
ਬਠਿੰਡਾ ਦੀਆਂ ਗਲੀਆਂ-ਮੁਹੱਲਿਆਂ ’ਚ ਲੱਗੇ ਗੇਟਾਂ ਦੇ ਤਾਲੇ ਖੁੱਲੇ
ਸੁਖਜਿੰਦਰ ਮਾਨ
ਬਠਿੰਡਾ, 28 ਮਾਰਚ: ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਵਾਸੀਆਂ ਲਈ ਸਮੱਸਿਆ ਦਾ ਕਾਰਨ ਬਣੇ ਵੱਖ ਵੱਖ ਮੁਹੱਲਿਆਂ ਵਿਚ ਲੱਗੇ ਗੇਟਾਂ ਦੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਤਾਲੇ ਖੋਲ ਦਿੱਤੇ ਗਏ। ਇਸਦੇ ਨਾਲ ਹੀ ਨਗਰ ਨਿਗਮ ਵਲੋਂ ਕਾਰਵਾਈ ਕਰਦਿਆਂ ਸਬੰਧਤ ਮੁਹੱਲਿਆਂ ਦੀ ਵੈਲਫ਼ੇਅਰ ਕਮੇਟੀਆਂ ਤੇ ਹੋਰਨਾਂ ਨੂੰ ਨੋਟਿਸ ਜਾਰੀ ਕਰਨ ਦੀ ਵੀ ਸੂਚਨਾ ਹੈ। ਦਸਣਾ ਬਣਦਾ ਹੈ ਕਿ ਇਸ ਸਬੰਧ ਵਿਚ ਅੱਜ ਸਮਾਜ ਸੇਵੀ ਜਥੇਬੰਦੀਆਂ ਵਲੋਂ ਵੀ ਜ਼ਿਲ੍ਹਾ ਕੰਪਲੈਕਸ ਅੱਗੇ ਧਰਨਾ ਦਿੱਤਾ ਗਿਆ ਸੀ। ਜਦੋਂਕਿ ਇਸਤੋਂ ਪਹਿਲਾਂ ਵੀ ਕਈ ਵਾਰ ਨਗਰ ਨਿਗਮ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ। ਨਿਗਮ ਦੇ ਐਸ.ਈ. ਦਵਿੰਦਰ ਜੋੜਾ ਨੇ ਦਸਿਆ ਕਿ ਅੱਜ ਸਵੇਰੇ ਇੰਨ੍ਹਾਂ ਗੇਟਾਂ ਨੂੰ ਖੋਲਣ ਲਈ ਮੁਹਿੰਮ ਚਲਾਈ ਗਈ ਸੀ। ਉਨ੍ਹਾਂ ਕਿਹਾ ਕਿ ਜਿੰਨਾਂ ਗੇਟਾਂ ਨੂੰ ਖੋਲਿਆ ਨਹੀਂ ਗਿਆ ਸੀ, ਉਸਦੇ ਤਾਲੇ ਤੋੜ ਦਿੱਤੇ ਗਏ। ਇਸਤੋਂ ਇਲਾਵਾ ਇੰਨ੍ਹਾਂ ਗੇਟਾਂ ਉਪਰ ਨੋਟਿਸ ਚਿਪਕਾ ਦਿੱਤੇ ਗਏ ਹਨ, ਇੰਨ੍ਹਾਂ ਗੇਟਾਂ ਨੂੰ ਬੰਦ ਕਰਨਾ ਗੈਰ-ਕਾਨੂੰਨੀ ਹੈ, ਜਿਸਦੇ ਚੱਲਦੇ ਗੇਟਾਂ ਨੂੰ ਬੰਦ ਨਾ ਕੀਤਾ ਜਾਵੇ। ਇੱਥੇ ਦਸਣਾ ਬਦਦਾ ਹੈ ਕਿ ਚੋਣਾਂ ਤੋਂ ਐਨ ਪਹਿਲਾਂ ਸ਼ਹਿਰ ਦੇ ਇੱਕ ਦਰਜ਼ਨ ਦੇ ਕਰੀਬ ਪਾਸ਼ ਇਲਾਕਿਆਂ ਦੇ ਮੁਹੱਲਿਆਂ ਦੀਆਂ ਗਲੀਆਂ ਵਿਚ ਗੇਟ ਲੱਗਣੇ ਸ਼ੁਰੂ ਹੋ ਗਏ ਸਨ, ਇੰਨ੍ਹਾਂ ਵਿਚੋਂ ਜਿਆਦਾਤਰ ਗੇਟਾਂ ਨੂੰ ਬਣਾਉਣ ਲਈ ਸਰਕਾਰ ਦੀਆਂ ਵੱਖ ਵੱਖ ਏਜੰਸੀਆਂ ਵਲੋਂ ਰਾਸ਼ੀ ਵੀ ਜਾਰੀ ਕੀਤੀ ਗਈ ਸੀ।
ਹਲਕਾ ਮੌੜ ਤੇ ਭੁੱਚੋਂ ਦੇ ਵਿਧਾਇਕਾਂ ਹਲਕਿਆਂ ਦੇ ਵਿਕਾਸ ਕੰਮਾਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ
ਲੋਕ ਮਸਲਿਆਂ ਦਾ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ ਨਿਪਟਾਰਾ : ਡਿਪਟੀ ਕਮਿਸ਼ਨਰ
ਸੁਖਜਿੰਦਰ ਮਾਨ
ਬਠਿੰਡਾ, 28 ਮਾਰਚ: ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੂਬੇ ਦੀ ਬਿਹਤਰੀ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਹ ਜਾਣਕਾਰੀ ਵਿਧਾਇਕ ਮੌੜ ਸੁਖਵੀਰ ਸਿੰਘ ਮਾਈਸਰਖਾਨਾ ਅਤੇ ਵਿਧਾਇਕ ਭੁੱਚੋਂ ਮੰਡੀ ਮਾਸਟਰ ਜਗਸੀਰ ਸਿੰਘ ਵਲੋਂ ਆਪੋਂ-ਆਪਣੇ ਹਲਕਿਆਂ ਦੀਆਂ ਸਮੱਸਿਆ ਦੇ ਨਿਪਟਾਰੇ ਅਤੇ ਵਿਕਾਸ ਕਾਰਜਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਕੀਤੀ ਗਈ ਵਿਸ਼ੇਸ਼ ਬੈਠਕ ਦੌਰਾਨ ਸਾਂਝੀ ਕੀਤੀ। ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਵਿਸ਼ਵਾਸ ਦਿਵਾਇਆ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਤੇ ਨਿਪਟਾਰਾ ਕੀਤਾ ਜਾਵੇਗਾ। ਵਿਧਾਇਕਾਂ ਵਲੋਂ ਕੀਤੀ ਗਈ ਪਲੇਠੀ ਬੈਠਕ ਦੌਰਾਨ ਆਪੋਂ-ਆਪਣੇ ਹਲਕੇ ਨਾਲ ਸਬੰਧਤ ਸਮੱਸਿਆਵਾਂ ਜਿਵੇਂ ਕਿ ਪੀਣ ਵਾਲੇ ਪਾਣੀ, ਸੀਵਰੇਜ਼, ਸੜਕਾਂ, ਸਕੂਲਾਂ, ਸਿਹਤ ਵਿਭਾਗ ਨਾਲ ਸਬੰਧਤ ਹਸਪਤਾਲਾਂ ਅਤੇ ਡਿਸਪੈਂਸਰੀਆਂ ਤੋਂ ਇਲਾਵਾ ਜ਼ਿਲ੍ਹੇ ਅੰਦਰ ਹੋਰ ਚੱਲ ਰਹੇ ਵਿਕਾਸ ਕਾਰਜਾਂ ਤੇ ਨਵੇਂ ਹੋਣ ਵਾਲੇ ਕੰਮਾਂ ਸਬੰਧੀ ਜਾਣਕਾਰੀ ਹਾਸਲ ਕੀਤੀ। ਬੈਠਕ ਦੌਰਾਨ ਵਿਧਾਇਕਾਂ ਵਲੋਂ ਮਗਨਰੇਗਾ ਸਕੀਮ ਤਹਿਤ ਕੀਤੇ ਜਾਣ ਵਾਲੇ ਕੰਮਾਂ ਦੀ ਜਾਣਕਾਰੀ ਹਾਸਲ ਕੀਤੀ ਅਤੇ ਵਿਕਾਸ ਕਾਰਜਾਂ ਨੂੰ ਮਗਨਰੇਗਾ ਰਾਹੀਂ ਕਰਵਾਉਣ ਨੂੰ ਤਰਜੀਹ ਦੇਣ ਲਈ ਕਿਹਾ। ਇਸ ਦੌਰਾਨ ਹਲਕਾ ਮੌੜ ਦੇ ਵਿਧਾਇਕ ਵਲੋਂ ਪਿੰਡ ਮਾਈਸਰਖਾਨਾ ਵਿੱਚ ਸੀਵਰੇਜ਼ ਅਤੇ ਨਿਕਾਸੀ ਦੇ ਪਾਣੀ ਦੀ ਸਮੱਸਿਆ ਉਠਾਉਣ ਤੇ ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਤਰੁੰਤ ਮਾਈਸਰਖਾਨਾ ਦਾ ਦੌਰਾ ਕਰਕੇ ਜਾਂਚ-ਪੜ੍ਹਤਾਲ ਕਰਨ ਦੀ ਹਦਾਇਤ ਕੀਤੀ ਅਤੇ ਜਲਦ ਹੀ ਇਸ ਸਮੱਸਿਆ ਦਾ ਹੱਲ ਕਰਨ ਲਈ ਕਿਹਾ।
ਇਸੇ ਤਰ੍ਹਾਂ ਗੋਨਿਆਣਾ ਵਿਖੇ ਸਾਫ਼-ਸਫ਼ਾਈ ਦੇ ਮਾੜੇ ਪ੍ਰਬੰਧਾਂ ਦੀ ਸਮੱਸਿਆ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਵਲੋਂ ਸਾਹਮਣੇ ਲਿਆਉਣ ਤੇ ਡਿਪਟੀ ਕਮਿਸ਼ਨਰ ਵਲੋਂ ਇਸ ਦਾ ਵੀ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਨਿਪਟਾਰਾ ਕਰਨ ਲਈ ਕਿਹਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਰਿੰਦਰ ਪਾਲ ਸਿੰਘ, ਐਸਡੀਐਮ ਬਠਿੰਡਾ ਸ਼੍ਰੀ ਕੰਵਰਜੀਤ ਸਿੰਘ, ਐਸਡੀਐਮ ਰਾਮਪੁਰਾ ਨਵਦੀਪ ਕੁਮਾਰ, ਜ਼ਿਲ੍ਹਾ ਸਿੱਖਿਆ ਅਫ਼ਸਰ ਮੇਵਾ ਸਿੰਘ, ਸਬੰਧਤ ਬੀਡੀਪੀਓਜ਼, ਈਓਜ਼ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਮਾਲਵਾ ਕਾਲਜ ਆਫ ਫਿਜ਼ੀਕਲ ਐਜ਼ੂਕੇਸ਼ਨ ਦੀ ਭਾਰ ਤੋਲਕ ਨੇ ਜਿੱਤਿਆ ਸੋਨ ਤਮਗਾ
ਸੁਖਜਿੰਦਰ ਮਾਨ
ਬਠਿੰਡਾ, 28 ਮਾਰਚ: ਸਥਾਨਕ ਮਾਲਵਾ ਕਾਲਜ ਆਫ ਫਿਜ਼ੀਕਲ ਐਜ਼ੂਕੇਸ਼ਨ ਦੀ ਬੀ.ਪੀ.ਐਡ. ਭਾਗ ਪਹਿਲਾ ਦੀ ਹੋਣਹਾਰ ਵਿਦਿਆਰਥਣ ਗਗਨਜੋਤ ਕੌਰ ਨੇ ਪਟਿਆਲਾ ਵਿਖੇ ਬੀਤੇ ਕੱਲ ਸੰਪਨ ਹੋਏ ਸਟੇਟ ਪੱਧਰੀ ਪਾਵਰ ਲਿਫਟਿੰਗ ਮੁਕਾਬਲਿਆਂ ਵਿੱਚ 47 ਕਿਲੋ ਵਰਗ ਵਿੱਚ 220 ਕਿਲੋ ਭਾਰ ਚੁੱਕ ਕੇ ਸੋਨ ਤਮਗਾ ਕਾਲਜ ਜਿੱਤ ਕੇ ਨਾਮ ਰੋਸ਼ਨ ਕੀਤਾ ਹੈ। ਜਿਕਰਯੌਗ ਹੈ ਕਿ ਇਹ ਵਿਦਿਆਰਥਣ ਪਹਿਲਾਂ ਵੀ ਰਾਜ ਅਤੇ ਰਾਸ਼ਟਰੀ ਪੱਧਰ ਤੇ ਪਾਵਰ ਲਿਫਟਿੰਗ ਵਿੱਚੋਂ ਮੈਡਲ ਪ੍ਰਾਪਤ ਕਰ ਚੁੱਕੀ ਹੈ। ਕਾਲਜ ਮੈਨੇਜਮੈਂਟ ਦੇ ਸਕੱਤਰ ਸ਼੍ਰੀ ਰਮਨ ਸਿੰਗਲਾ ਅਤੇ ਮੀਤ ਪ੍ਰਧਾਨ ਸ਼੍ਰੀ ਰਾਕੇਸ਼ ਗੋਇਲ ਤੋਂ ਇਲਾਵਾ ਡਾਇਰੈਕਟਰ ਪ੍ਰੋ. ਦਰਸ਼ਨ ਸਿੰਘ, ਡੀਨ ਸ਼੍ਰੀ ਰਘਬੀਰ ਚੰਦ ਸ਼ਰਮਾ ਅਤੇ ਸਮੂਹ ਸਟਾਫ ਨੇ ਗਗਨਜੋਤ ਕੌਰ ਨੂੰ ਉਸਦੀ ਜਿਕਰਯੌਗ ਪ੍ਰਾਪਤੀ ਦੀ ਵਿਧਾਈ ਦਿੱਤੀ ਅਤੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਗੁਰੂਗ੍ਰਾਮ ਵਿਚ 50 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲਾ ਵਿਅਕਤੀ ਗਿਰਫਤਾਰ
ਸੁਖਜਿੰਦਰ ਮਾਨ
ਚੰਡੀਗੜ੍ਹ, 28 ਮਾਰਚ: ਹਰਿਆਣਾ ਪੁਲਿਸ ਨੇ ਗੁਰੂਗ੍ਰਾਮ ਜਿਲ੍ਹਾ ਦੇ ਇਕ ਨਿਵਾਸੀ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ੀ ਵਿਚ ਇਕ ਦੋਸ਼ੀ ਨੁੰ ਗਿਰਫਤਾਰ ਕਰ ਉਸ ਦੇ ਕਬਜੇ ਤੋਂ ਇਕ ਪਿਸਟਲ, ਦੋ ਕਾਰਤੂਸ ਅਤੇ ਹਿਕ ਕਾਰ ਵੀ ਬਰਾਮਦ ਕੀਤੀ ਹੈ।
ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਹਰਿਆਣਾ ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਦੋਸ਼ੀ ਨੇ ਗੁਰੂਗ੍ਰਾਮ ਵਿਚ ਡੀਐਲਐਫ ਫੇਜ-5 ਨਿਵਾਸੀ ਨੂੰ ਫਿਰੌਤੀ ਦੀ ਰਕਮ ਨਾ ਦੇਣ ‘ਤੇ ਜਾਣ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। ਉਸ ਨੇ ਸ਼ਿਕਾਇਤਕਰਤਾ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਲਈ ਇਕ ਅੰਜਾਨ ਵਾਟਸਐਪ ਨੰਬਰ ਤੋਂ ਫੋਨ ਕੀਤਾ ਸੀ। ਸ਼ੁਰੂਆਤ ਵਿਚ, ਫੋਨ ਕਰਨ ਵਾਲੇ ਵਿਅਕਤੀ ਨੇ ਕੁਖਿਆਤ ਗੈਂਗਸਟਰ ਨੀਰਜ ਬਿਆਨਾ ਹੋਣ ਦਾ ਦਾਵਾ ਕੀਤਾ ਪਰ ਬਾਅਦ ਵਿਚ, ਉਸ ਨੇ ਪੀੜਤ ਨੂੰ ਆਪਣੀ ਅਸਲੀ ਪਹਿਚਾਣ ਦੱਸਣ ਤੋਂ ਇਨਕਾਰ ਕਰ ਦਿੱਤਾ।
ਪੁੱਛਗਿਛ ਵਿਚ ਇਹ ਵੀ ਪਤਾ ਚਲਿਆ ਕਿ ਗਿਰਫਤਾਰ ਦੋਸ਼ੀ ਦੇ ਖਿਲਾਫ ਹੱਤਿਆ ਦੇ ਯਤਨ, ਸੱਟ ਦੇ ਨਾਲ ਖਿੱਚਧੋਹ ਅਤੇ ਝੂਠੇ ਗਵਾਹ ਪੇਸ਼ ਕਰਨ ਆਦਿ ਵਰਗੇ ਮਾਮਲੇ ਪਹਿਲਾਂ ਤੋਂ ਹੀ ਦਰਜ ਹਨ।
ਮਾਮਲੇ ਦੀ ਜਾਂਚ ਲਹੀ ਇਕ ਪੁਲਿਸ ਟੀਮ ਦ; ਗਠਨ ਕੀਤਾ ਗਿਆ ਸੀ, ਜਿਸ ਨੇ ਫੋਨ ਕਰਨ ਵਾਲੇ ਦਾ ਪਤਾ ਲਗਾ ਕੇ ਉਸ ਨੂੰ ਦਰੋਚ ਲਿਆ। ਦੋਸ਼ੀ ਦੀ ਪਹਿਚਾਣ ਫਰੀਦਾਬਾਦ ਜਿਲ੍ਹੇ ਦੇ ਬੀਪੀਟੀਪੀ ਸਥਿਤ ਦੀਪਕ ਉਰਫ ਮੀਠੀ ਹੋਈ। ਗਿਰਫਤਾਰ ਦੋਸ਼ੀ ਜਨਵਰੀ 2022 ਵਿਚ ਜੇਲ ਤੋਂ ਬਾਹਰ ਆਇਆ ਸੀ। ਜਿਸ ਦੇ ਬਾਅਦ ਦੀਪਕ ਨੇ ਆਪਣੇ ਹੋਰ ਦੋਸਤਾਂ ਦੇ ਨਾਲ ਮਿਲ ਕੇ ਰੰਗਦਾਰੀ ਦੀ ਕਾਲ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ ਸੀ। ਦੋਸ਼ੀ ਦੀਪਕ ਮਿੱਝੀ ਦੇ ਖਿਲਾਫ ਹੱਤਿਆ ਦੇ ਯਤਨ, ਮਾਰਪੀਟ, ਮਾਰਪੀਟ, ਮਾਰਪੀਟ ਤੇ ਝੂਠੇ ਗਵਾਹ ਪੇਸ਼ ਕਰਨ ਦੇ ਦੋਸ਼ ਵਿਚ ਕੋਰਟ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲਾ ਦਰਜ ਕਰ ਦੋਸ਼ੀ ਨੂੰ ਕੋਰਟ ਵਿਚ ਪੇਸ਼ ਕਰ ਰਿਮਾਂਡ ‘ਤੇ ਲਿਆ ਗਿਆ ਹੈ। ਮਾਮਲੇ ਵਿਚ ਅੱਗੇ ਦੀ ਜਾਂਚ ਜਾਰੀ ਹੈ।





