Sunday, May 10, 2026
Home Blog Page 2563

ਸਾਬਕਾ ਵਿਧਾਇਕ ਜਗਦੀਪ ਸਿੰਘ ਨਕਈ ਇਫ਼ਕੋ ਦੇ ਡਾਇਰੈਕਟਰ ਬਣੇ

0

ਕੁੱਝ ਸਮਾਂ ਪਹਿਲਾਂ ਹੋਏ ਸਨ ਭਾਜਪਾ ਵਿਚ ਸ਼ਾਮਲ
ਸੁਖਜਿੰਦਰ ਮਾਨ
ਬਠਿੰਡਾ, 25 ਮਾਰਚ: ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਜੋਗਾ ਦੇ ਸਾਬਕਾ ਵਿਧਾਇਕ ਤੇ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਜਪਾ ਵਿਚ ਸਮੂਲੀਅਤ ਕਰਨ ਵਾਲੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਜਗਦੀਪ ਸਿੰਘ ਨੱਕਈ ਨੂੰ ਸਹਿਕਾਰਤਾ ਵਿਭਾਗ ਦੇ ਵੱਡੇ ਅਦਾਰੇ ਇਫ਼ਕੋ ਦਾ ਸਰਬਸੰਮਤੀ ਨਾਲ ਡਾਇਰੈਕਟਰ ਬਣਾਇਆ ਗਿਆ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਵਿਚ ਸ: ਨਕਈ ਨੂੰ ਇਸ ਅਦਾਰੇ ਦਾ ਚੇਅਰਮੈਨ ਵੀ ਬਣਾਇਆ ਜਾ ਰਿਹਾ ਹੈ। ਦਸਣਾ ਬਣਦਾ ਹੈ ਕਿ ਸ: ਨਕਈ ਦੇ ਸਵਰਗਵਾਸੀ ਪਿਤਾ ਬਲਵਿੰਦਰ ਸਿੰਘ ਨਕਈ ਕਰੀਬ 50 ਸਾਲ ਤੱਕ ਸਹਿਕਾਰਤਾ ਲਹਿਰ ਨਾਲ ਜੁੜੇ ਰਹੇ ਤੇ ਅਪਣੇ ਅਖਰੀਲੇ ਪਲ ਤੱਕ ਉਹ ਇਫ਼ਕੋ ਦੇ ਚੇਅਰਮੈਨ ਰਹੇ। ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਜਗਦੀਪ ਸਿੰਘ ਨਕਈ ਨੇ ਵਿਧਾਨ ਸਭਾ ਚੋਣ ਲੜਣ ਦੀ ਬਜਾਏ ਆਮ ਵਰਕਰ ਦੇ ਤੌਰ ’ਤੇ ਸੇਵਾ ਕਰਨ ਦਾ ਐਲਾਨ ਕੀਤਾ ਸੀ।

ਬਠਿੰਡਾ ’ਚ ਅੱਧੀ ਦਰਜ਼ਨ ਰਾਸ਼ਨ ਡਿੱਪੂਆਂ ਦੇ ਲਾਇਸੈਂਸ ਮੁਅੱਤਲ

0

ਸੁਖਜਿੰਦਰ ਮਾਨ
ਬਠਿੰਡਾ, 25 ਮਾਰਚ: ਜ਼ਿਲ੍ਹੇ ਦੇ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਨੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਹੇਠ ਪੰਜ ਡਿੱਪੂਆਂ ਦੇ ਲਾਇੰਸੈਂਸ ਮੁਅੱਤਲ ਕਰ ਦਿੱਤੇ ਹਨ। ਅਧਿਕਾਰੀਆਂ ਮੁਤਾਬਕ ਪੜਤਾਲ ਦੌਰਾਨ ਇੰਨ੍ਹਾਂ ਡਿੱਪੂਆਂ ਵਿਚ ਕਣਕ ਦਾ ਸਟਾਕ ਘੱਟ ਪਾਏ ਜਾਣ ਤੋਂ ਇਲਾਵਾ ਹੋਰ ਅਨਿਯਮਤਿਆਂ ਸਾਹਮਣੇ ਆਈਆਂ ਸਨ। ਸੂਤਰਾਂ ਮੁਤਾਬਕ ਆਉਣ ਵਾਲੇ ਦਿਨਾਂ ‘ਚ ਵਿਭਾਗ ਵਲੋਂ ਅਜਿਹੇ ਕਈ ਹੋਰ ਡਿੱਪੂ ਹੋਲਡਰਾਂ ਵਿਰੁਧ ਆਈਆਂ ਸਿਕਾਇਤਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਜਸਪ੍ਰੀਤ ਸਿੰਘ ਕਾਹਲੋਂ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਅਜਿਹਾ ਲਾਭਪਾਤਰੀਆਂ ਦੀਆਂ ਸਿਕਾਇਤਾਂ ਦੀ ਪੜਤਾਲ ਤੋਂ ਬਾਅਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਬੰਧਤ ਡਿੱਪੂ ਹੋਲਡਰਾਂ ਨੂੰੂ ਅਪਣਾ ਪੱਖ ਰੱਖਣ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ। ਵਿਭਾਗ ਦੇ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਇੰਨ੍ਹਾਂ ਡਿੱਪੂ ਹੋਲਡਰਾਂ ਵਿਰੁਧ ਲਗਾਤਾਰ ਲੋੜਵੰਦ ਲਾਭਪਾਤਰੀਆਂ ਨੂੰ ਸਰਕਾਰ ਵਲੋਂ ਭੇਜੇ ਜਾਂਦੇ ਅਨਾਜ਼ ਦੀ ਵੰਡ ਨਾ ਕਰਨ ਤੋਂ ਇਲਾਵਾ ਘੱਟ ਕਣਕ ਦੇਣ ਆਦਿ ਦੀਆਂ ਸਿਕਾਇਤਾਂ ਮਿਲੀਆਂ ਸਨ। ਜਿਸਦੇ ਚੱਲਦੇ ਸਮਰੱਥ ਅਧਿਕਾਰੀਆਂ ਤੋਂ ਪੜਤਾਲ ਕਰਵਾਈ ਗਈ ਸੀ, ਜਿਸਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।

ਨਵੀਂ ਸਰਕਾਰ ਦਾ ਪ੍ਰਭਾਵ: ਹੁਣ ਪੁਲਿਸ ਵਿਭਾਗ ਵਲੋਂ ਵੀ ਰਾਹਤ ਕੈਂਪਾਂ ਦਾ ਆਯੋਜਨ

0

ਸੁਖਜਿੰਦਰ ਮਾਨ
ਬਠਿੰਡਾ, 25 ਮਾਰਚ: ਸੂਬੇ ’ਚ ਨਵੀਂ ਸਰਕਾਰ ਹੋਂਦ ਵਿਚ ਆਉਂਦਿਆਂ ਵੀ ਹੁਣ ਪੁਲਿਸ ਨੇ ਅਪਣਾ ਚਿਹਰਾ-ਮੁਹਰਾ ਲੋਕਪੱਖੀ ਬਣਾਉਣ ਲਈ ਮੁਹਿੰਮ ਵਿੱਢ ਦਿੱਤੀ ਹੈ। ਕਈ-ਕਈ ਚੱਕਰ ਲਗਾਉਣ ਤੋਂ ਬਾਅਦ ਵੀ ਲੋਕਾਂ ਦੀਆਂ ਸਿਕਾਇਤਾਂ ਦੀ ਸੁਣਵਾਈ ਨਾ ਕਰਨ ਦੇ ਅਕਸਰ ਹੀ ਦੋਸ਼ਾਂ ਦਾ ਸਾਹਮਣਾ ਕਰਨ ਵਾਲੀ ਪੁਲਿਸ ਨੇ ਹੁਣ ਜਨਤਕ ਸਿਕਾਇਤਾਂ ਦੇ ਨਿਪਟਾਰੇ ਲਈ ਰਾਹਤ ਕੈਪਾਂ ਦਾ ਆਯੋਜਨ ਸ਼ੁਰੂ ਕਰ ਦਿੱਤਾ ਹੈ। ਬਠਿੰਡਾ ਜ਼ਿਲ੍ਹੇ ਵਿਚ ਬੀਤੇ ਕੱਲ ਤੋਂ ਜ਼ਿਲ੍ਹਾ ਪੁਲਿਸ ਵਲੋਂ ਵੱਖ ਵੱਖ ਥਾਣਿਆਂ ਵਿਚ ਲੰਬਿਤ ਪਈਆਂ ਸਿਕਾਇਤਾਂ ਦੇ ਨਿਪਟਾਰੇ ਲਈ ਇੰਨ੍ਹਾਂ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ। ਸ਼ਹਿਰ ਦੇ ਲਾਈਨੋਪਾਰ ਇਲਾਕੇ ਵਿਚ ਪੈਂਦੇ ਥਾਣਾ ਕੈਨਾਲ ਕਲੌਨੀ ਤੋਂ ਇਲਾਵਾ ਥਾਣਾ ਕੈਂਟ ਵਿਚ ਅੱਜ ਇਹ ਰਾਹਤ ਕੈਂਪ ਲਗਾਏ ਗਏ। ਇਸੇ ਤਰ੍ਹਾਂ ਦਿਹਾਤੀ ਖੇਤਰਾਂ ਵਿਚ ਸੰਗਤ ਤੇ ਮੋੜ ਆਦਿ ਵਿਚ ਇੰਨ੍ਹਾਂ ਰਾਹਤ ਕੈਪਾਂ ਦਾ ਆਯੋਜਨ ਕੀਤਾ ਗਿਆ। ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਲੱਗੇ ਇਨਾਂ੍ਹ ਕੈਂਪਾਂ ‘ਚ ਲੋਕਾਂ ਦੀਆਂ ਲੰਬਿਤ ਸ਼ਿਕਾਇਤਾਂ ਦੇ ਨਿਪਟਾਰੇ ਲਈ ਸਬੰਧਤ ਧਿਰਾਂ ਨੂੰ ਮੌਕੇ ’ਤੇ ਬੁਲਾਇਆ ਗਿਆ। ਪੁਲਿਸ ਅਧਿਕਾਰੀਆਂ ਮੁਤਾਬਕ ਦੋਨਾਂ ਧਿਰਾਂ ਦੀ ਸਹਿਮਤੀ ਨਾਲ ਕਈ ਸਮਝੋਤੇ ਵੀ ਕਰਵਾਏ ਗਏ ਜਦੋਂਕਿ ਜਰੂਰਤ ਪੈਣ ’ਤੇ ਅਗਲੀ ਕਾਰਵਾਈ ਦੇ ਵੀ ਹੁਕਮ ਦਿੱਤੇ ਗਏ। ਬਠਿੰਡਾ ਸਿਟੀ-1 ਦੇ ਡੀਐਸਪੀ ਚਿਰੰਜੀਵ ਨੇ ਦੱਸਿਆ ਕਿ ‘‘ ਅੱਜ ਰਾਹਤ ਕੈਪ ਵਿਚ ਜ਼ਿਆਦਾਤਰ ਸ਼ਿਕਾਇਤਾਂ ਘਰੇਲੂ ਮੁੱਦਿਆਂ ਨਾਲ ਸਬੰਧਤ ਸਨ, ਜਿੰਨ੍ਹਾਂ ਵਿਚੋਂ ਕਾਫ਼ੀ ਸਿਕਾਇਤਾਂ ਦਾ ਨਿਪਟਾਰਾ ਦੋਨਾਂ ਧਿਰਾਂ ਦੀ ਸਹਿਮਤੀ ਨਾਲ ਮੌਕੇ ’ਤੇ ਹੀ ਕਰ ਦਿੱਤਾ ਗਿਆ। ’’ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਕੋਸ਼ਿਸ਼ ਰਹੇਗੀ।

ਖਾਲਸਾ ਗਰਲਜ ਕਾਲਜ ਦੀਆਂ ਵਿਦਿਆਰਥਣਾਂ ਨੇ ਮੈਨੇਜਮੈਂਟ ਵਿਰੁਧ ਖੋਲਿਆ ਮੋਰਚਾ

0

ਸੁਖਜਿੰਦਰ ਮਾਨ

ਬਠਿੰਡਾ, 25 ਮਾਰਚ: ਸਥਾਨਕ ਸ਼ਹਿਰ ਦੀ ਇਤਿਹਾਸਕ ਤੇ ਪੁਰਾਤਨ ਸੰਸਥਾ ਖ਼ਾਲਸਾ ਦੀਵਾਨ ਸ਼੍ਰੀ ਸਿੰਘ ਸਭਾ ਇੱਕ ਵਾਰ ਮੁੜ ਸੁਰਖੀਆਂ ਵਿਚ ਆ ਗਈ ਹੈ। ਸੰਸਥਾ ਅਧੀਨ ਚੱਲ ਰਹੇ ਖ਼ਾਲਸਾ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਅੱਜ ਮੈਨੇਜਮੈਂਟ ਵਿਰੁਧ ਮੋਰਚਾ ਖੋਲਦਿਆਂ ਕਲਾਸਾਂ ਦਾ ਬਾਈਕਾਟ ਕਰ ਦਿੱਤਾ। ਇਸ ਦੌਰਾਨ ਰੋਹ ਭਰਪੂਰ ਪ੍ਰਦਰਸ਼ਨ ਕਰਦਿਆਂ ਇੰਨ੍ਹਾਂ ਵਿਦਿਆਰਥਣਾਂ ਨੇ  ਮੈਨੇਜਮੈਂਟ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ। ਇਸ ਮੌਕੇ ਉਨ੍ਹਾਂ ਕਾਲਜ ਕਮੇਟੀ ਦਾ ਪ੍ਰਧਾਨ ਬਦਲਣ ਦੀ ਮੰਗ ਰੱਖਦਿਆਂ ਦੋਸ਼ ਲਗਾਇਆ ਕਿ ਕਾਲਜ ਮੈਨੇਜਮੈਂਟ ਵੱਲੋਂ ਜਿੱਥੇ ਫੀਸਾਂ ਨੂੰ ਲੈ ਕੇ ਵਿਦਿਆਰਥਣਾਂ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ ਉਥੇ ਕਾਲਜ ਵਿਚ ਖਾਣ-ਪੀਣ ਲਈ ਕੰਟੀਨ ਹੈ ਅਤੇ ਨਾ ਹੀ ਪੀਣ ਵਾਲੇ ਸਾਫ਼ ਪਾਣੀ ਦਾ ਕੋਈ ਪ੍ਰਬੰਧ ਹੈ। ਇਸਤੋਂ ਇਲਾਵਾ ਮਾੜੇ ਪ੍ਰਬੰਧਾਂ ਦਾ ਹਾਲ ਇਹ ਹੈ ਕਿ ਵਿਦਿਆਰਥਣਾਂ ਦੇ ਬਾਥਰੂਮ ’ਤੇ ਗੇਟ ਵੀ ਨਹੀਂ ਲਗਾਇਆ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਬੰਧਕੀ ਕਮੇਟੀ ਦੇ ਇਸ਼ਾਰੇ ’ਤੇ  ਚੱਲਦੇ ਸੈਸ਼ਨ ਵਿਚਕਾਰੋਂ ਹੀ ਪ੍ਰੋਫੈਸਰਾਂ ਨੂੰ ਹਟਾ ਦਿੱਤਾ ਜਾਂਦਾ ਜਿਸ ਕਾਰਨ ਪੜ੍ਹਾਈ ਦਾ ਵੀ ਬੁਰਾ ਹਾਲ ਹੈ। ਮਹੱਤਵਪੂਰਨ ਗੱਲ ਇਹ ਵੀ ਸਾਹਮਣੇ ਆਈ ਕਿ ਵਿਦਿਆਰਥਣਾਂ ਦੇ ਧਰਨੇ ਦੀ ਹਿਮਾਇਤ ਕਾਲਜ ਦੀ ਪਿ੍ਰੰਸੀਪਲ ਨੀਲਮ ਬਾਂਸਲ ਅਤੇ ਹੋਰਨਾਂ ਸਟਾਫ਼ ਵਲੋਂ ਵੀ ਕੀਤੀ ਗਈ। ਉਧਰ ਇਸ ਮਾਮਲੇ ’ਤੇ ਪੱਖ ਰੱਖਦਿਆਂ ਖਾਲਸਾ ਦੀਵਾਨ ਸ਼੍ਰੀ ਸਿੰਘ ਸਭਾ ਦੇ ਪ੍ਰਧਾਨ  ਵਰਿੰਦਰ  ਸਿੰਘ ਬੱਲਾਂ ਨੇ ਦਾਅਵਾ ਕੀਤਾ ਕਿ ਵਿਦਿਆਰਥਣਾਂ ਨੂੰ ਹੱਲਾਸ਼ੇਰੀ ਦੇ ਕੇ ਇਹ ਧਰਨਾ ਕਾਲਜ ਦੀ ਪਿ੍ਰੰਸੀਪਲ ਨੀਲਮ ਬਾਂਸਲ ਵੱਲੋਂ ਲਗਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਾਲਜ ਵਿਚ ਵਿਦਿਆਰਥਣਾਂ ਨੂੰ ਸਾਰੀਆਂ ਸਹੂਲਤਾਂ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਆਯੁਸਮਾਨ ਸਕੀਮ ’ਚ ਧੋਖਾਧੜੀ ਕਰਨ ਵਾਲਿਆਂ ਵਿਰੁਧ ਮੁਕੱਦਮਾ ਦਰਜ਼ ਕਰਨ ਲਈ ਭੇਜੀ ਸਿਕਾਇਤ

0

ਸੁਖਜਿੰਦਰ ਮਾਨ
ਬਠਿੰਡਾ, 25 ਮਾਰਚ: ਆਯੁਸਮਾਨ ਭਾਰਤ ਸਕੀਮ ਵਿੱਚ ਧੋਖਾਧੜੀ ਦੇ ਕਥਿਤ ਦੋਸ਼ਾਂ ਹੇਠ ਫ਼ਸੀਆਂ ਮੈਡੀਕਲ ਸੰਸਥਾਵਾਂ ਵਿਰੁਧ ਮੁਕੱਦਮਾ ਦਰਜ਼ ਕਰਨ ਲਈ ਇਲਾਕੇ ਦੇ ਉਘੇ ਡਾਕਟਰ ਪ੍ਰੋ ਵਿਤੁਲ ਗੁਪਤਾ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਨੂੰ ਲਿਖਤੀ ਸਿਕਾਇਤ ਭੇਜੀ ਹੈ। ਇਸਦੇ ਨਾਲ ਹੀ ਉਨ੍ਹਾਂ ਅਜਿਹੀਆਂ ਸੰਸਥਾਵਾਂ ਵਿਰੁਧ ਟੈਸਟ ਕੇਸ ਵੀ ਭੇਜੇ ਹਨ। ਇੱਥੇ ਇਸਦੀ ਕਾਪੀ ਪੱਤਰਕਾਰਾਂ ਨੂੰ ਜਾਰੀ ਕਰਦਿਆਂ ਸਿਹਤ ਅਤੇ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਪ੍ਰੋ. ਡਾ. ਵਿਤੁਲ ਕੇ. ਗੁਪਤਾ ਨੇ ਦਾਅਵਾ ਕੀਤਾ ਕਿ ਆਯੁਸਮਾਨ ਭਾਰਤ ਸਕੀਮ ਵਿਚ ਕਥਿਤ ਗੜਬੜੀ ਕਰਨ ਦੇ ਕਥਿਤ ਦੋਸ਼ਾਂ ਹੇਠ ਪੰਜਾਬ ਰਾਜ ਸਿਹਤ ਏਜੰਸੀ ਦੀ ਐਂਟੀ ਫਰਾਡ ਯੂਨਿਟ ਦੁਆਰਾ ਹੁਕਮ ਨੰ: /2020/3702 ਮਿਤੀ 22.8.2020 ਵਿਚ ਆਦੇਸ ਮੈਡੀਕਲ ਕਾਲਜ ਬਠਿੰਡਾ ਵਿਰੁਧ ਕਾਰਵਾਈ ਕਰਨ ਲਈ ਕਿਹਾ ਗਿਆ ਸੀ ਪ੍ਰੰਤੂ ਪਿਛਲੀ ਕਾਂਗਰਸ ਸਰਕਾਰ ਰਜਿਸਟਰ ਕਰਨ ਵਿੱਚ ਅਸਫਲ ਰਹੀ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਣੇ ਸਾਰੇ ਆਪ ਆਗੂਆਂ ਨੇ ਭਿ੍ਰਸਟਾਚਾਰ ਨੂੰ ‘ਜੀਰੋ ਟੋਲਰੈਂਸ’ ਲਈ ਐਲਾਨ ਕੀਤਾ ਹੈ ਤੇ ਅਜਿਹੇ ਵਿਚ ਹੁਣ ਉਨ੍ਹਾਂ ਨੂੰ ਸਖ਼ਤ ਕਾਰਵਾਈ ਕਰਕੇ ਜਨਤਾ ਸਾਹਮਣੇ ਸੱਚ ਲਿਆਉਣਾ ਚਾਹੀਦਾ ਹੈ। ਡਾ ਗੁਪਤਾ ਨੇ ਦਾਅਵਾ ਕੀਤਾ ਕਿ ਆਦੇਸ ਮੈਡੀਕਲ ਕਾਲਜ ਨੂੰ ਡੀ-ਪੈਨਲ ਕਰਨ ਤੇ ਜਨਤਾ ਦੇ ਪੈਸੇ ਨਾਲ ਧੋਖਾਧੜੀ ਕਰਨ ਦੇ ਦੋਸ਼ਾਂ ਹੇਠ ਐਫਆਈਆਰ ਦਰਜ ਕਰਨ ਲਈ ਸਾਰੇ ਸਬੰਧਤ ਅਧਿਕਾਰੀਆਂ ਨੂੰ ਦਰਖਾਸਤਾਂ ਭੇਜਣ ਦੇ ਬਾਵਜੂਦ ਵੀ ਕਾਰਵਾਈ ਨਹੀਂ ਕੀਤੀ, ਸਗੋਂ ਮੁੜ ਕਾਲਜ ਨੂੰ 2022 ਵਿੱਚ ਸੂਚੀਬੱਧ ਕੀਤਾ ਗਿਆ। ਡਾ. ਵਿਤੁਲ ਨੇ ਕਿਹਾ ਕਿ ਯੂਕਰੇਨ ਯੁੱਧ ਨੇ ਸਾਡੀ ਮੈਡੀਕਲ ਸਿੱਖਿਆ ਪ੍ਰਣਾਲੀ ਦੀ ਤਰਸਯੋਗ ਹਾਲਤ ਦਾ ਪਰਦਾਫਾਸ ਕਰ ਦਿੱਤਾ ਹੈ ਅਤੇ ਪੰਜਾਬ ਵਿੱਚ ਨਿੱਜੀ ਮੈਡੀਕਲ ਕਾਲਜਾਂ ਦੀਆਂ ਉੱਚੀਆਂ ਫੀਸਾਂ ਕਾਰਨ ਹਜਾਰਾਂ ਵਿਦਿਆਰਥੀ ਵਿਦੇਸਾਂ ਵਿੱਚ ਪੜ੍ਹਨ ਲਈ ਮਜਬੂਰ ਹਨ, ਮਾਣਯੋਗ ਪੰਜਾਬ ਵੱਲੋਂ ਉੱਚੀਆਂ ਫੀਸਾਂ ਸਬੰਧੀ ਫੈਸਲੇ ਅਤੇ ਹਰਿਆਣਾ ਹਾਈਕੋਰਟ ਬਹੁਤ ਮਹੱਤਵਪੂਰਨ ਬਣ ਗਿਆ ਹੈ। ਇਸ ਲਈ ਡਾ: ਵਿਟਲ ਨੇ ਮੈਡੀਕਲ ਸਿੱਖਿਆ ਮੰਤਰੀ ਨੂੰ ਬੇਨਤੀ ਕੀਤੀ ਕਿ ਕਿਰਪਾ ਕਰਕੇ ਹਜਾਰਾਂ ਮੈਡੀਕਲ ਵਿਦਿਆਰਥੀਆਂ ਦੇ ਹਿੱਤ ਵਿੱਚ ਇਸ ਮੁੱਦੇ ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਫਾਸਟ ਟਰੈਕ ਅਧਾਰ ‘ਤੇ ਉਠਾਇਆ ਜਾਵੇ ਅਤੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਵਾਅਦੇ ਨੂੰ ਪੂਰਾ ਕੀਤਾ ਜਾਵੇ।

ਦਸ਼ਮੇਸ਼ ਸਕੂਲ ਵਿਚ ਪ੍ਰਾਪਤੀਆਂ ਕਰਨ ਵਾਲੇ ਨਰਸਰੀ ਤੋਂ ਗਿਆਰਵੀਂ ਜਮਾਤ ਦੇ ਵਿਦਿਆਰਥੀ ਸਨਮਾਨਿਤ

0

ਡਾ. ਮਾਨ ਨੇ ਨਰਸਰੀ ਤੋਂ 10 ਤਕ ਦੇ ਵਿਦਿਆਰਥੀਆਂ ਨੂੰ ਮੁਫਤ ਕਿਤਾਬਾਂ ਦੇਣ ਦਾ ਕੀਤਾ ਐਲਾਨ
ਸਾਰੇ ਸਕੂਲ ਨੂੰ ਕੀਤਾ ਗਿਆ ਹੈ ਏਅਰਕੰਡੀਸ਼ੈਨ
ਸੁਖਜਿੰਦਰ ਮਾਨ
ਬਠਿੰਡਾ, 25 ਮਾਰਚ: ਸਥਾਨਕ 100 ਫੁੱਟੀ ਰੋਡ ’ਤੇ ਸਥਿਤ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਨਰਸਰੀ ਤੋਂ ਗਿਆਰਵੀਂ ਜਮਾਤ ਤਕ ਦੇ ਪਹਿਲੇ ਦੂਜੇ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਪਿ੍ਰੰਸੀਪਲ ਤਸ਼ਵਿੰਦਰ ਸਿੰਘ ਮਾਨ ਅਤੇ ਵਾਈਸ ਪਿ੍ਰੰਸੀਪਲ ਰੇਨੂੰ ਉੱਪਲ ਦੀ ਅਗਵਾਈ ਹੇਠ ਸਨਮਾਨਿਤ ਕੀਤਾ ਗਿਆ। ਪਿ੍ਰੰਸੀਪਲ ਮਾਨ ਨੇ ਦੱਸਿਆ ਕਿ ਨਰਸਰੀ ਜਮਾਤ ਵਿਚੋਂ ਅਵੀਦੀਪ ਸਿੰਘ ਨੇ ਪਹਿਲਾ, ਹਰਜਾਪ ਸਿੰਘ ਨੇ ਦੂਜਾ, ਕੋਮਲ ਨੇ ਤੀਜਾ, ਐਲਕੇਜੀ ਵਿਚ ਆਰੂਸ਼ੀ ਅਤੇ ਹਰਲੀਨ ਕੌਰ ਨੇ ਪਹਿਲਾ, ਗੌਰਵੀ ਅਤੇ ਜਸਨੂਰ ਨੇ ਦੂਜਾ ਅਤੇ ਸਫਲਪ੍ਰੀਤ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤਰ੍ਹਾਂ ਯੂਕੇਜੀ ਵਿਚ ਭੂਮੀ ਨੇ ਪਹਿਲਾ, ਲਵਿਸ਼ ਨੇ ਦੂਜਾ, ਖੁਸ਼ਪ੍ਰੀਤ ਨੇ ਤੀਜਾ, ਪਹਿਲੀ ਜਮਾਤ ਦੇ ਨਤੀਜਿਆਂ ਵਿਚ ਸਿਧੀ ਨੇ ਪਹਿਲਾ, ਤਨੀਸ਼ਾ ਅਤੇ ਜਸਮੀਤ ਨੇ ਦੂਜਾ, ਸਿਮਰਨ ਨੇ ਤੀਜਾ, ਦੂਜੀ ਕਲਾਸ ਵਿਚ ਹਰਜੋਤ ਨੇ ਪਹਿਲਾ, ਮੁਨੀਸ਼ ਨੇ ਦੂਜਾ ਅਤੇ ਸਿਮਰਨ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਤੀਜੀ ਜਮਾਤ ਵਿਚ ਹਰਸ਼ਵਰਧਨ ਨੇ ਪਹਿਲਾ, ਨੈਨਸੀ ਦੂਜਾ, ਰੋਜਪ੍ਰੀਤ ਨੇ ਤੀਜਾ ,ਚੌਥੀ ਕਲਾਸ ਵਿਚ ਕਰਨਪ੍ਰੀਤ ਸਿੰਘ ਨੇ ਪਹਿਲਾ, ਜੂਲੀ ਨੇ ਦੂਜਾ, ਨੈਨਸੀ ਨੇ ਤੀਜਾ, ਛੇਵੀਂ ਕਲਾਸ ਵਿਚ ਮਨਕੀਰਤ ਕੌਰ ਨੇ ਪਹਿਲਾ, ਸ਼ਫਰੀਨ ਨੇ ਦੂਜਾ, ਅਨੁਸੀਕਾ ਨੇ ਤੀਜਾ ਸਥਾਨ, ਸੱਤਵੀਂ ਕਲਾਸ ਵਿਚ ਗਿਰੀਸ਼ਾ ਨੇ ਪਹਿਲਾ, ਸੁਖਮਨਦੀਪ ਕੌਰ ਨੇ ਦੂਜਾ ਅਤੇ ਉੱਜਵਲ ਨੇ ਤੀਜਾ, ਨੌਵੀਂ ਕਲਾਸ ਦੇ ਮੁਕਾਬਲਿਆਂ ਵਿਚ ਅਦਿੱਤਿਆ ਨੇ ਪਹਿਲਾ, ਸ਼ਿਵਮ ਨੇ ਦੂਜਾ, ਪਲਕ ਪਾਂਡੇ ਨੇ ਤੀਜਾ ਸਥਾਨ ਹਾਸਲ ਕੀਤਾ ,ਜਦੋਂ ਕਿ ਗਿਆਰ੍ਹਵੀਂ ਕਲਾਸ ਆਰਟਸ ਅਤੇ ਕਾਮਰਸ ਵਿਚ ਅਮੋਲਵੀਰ ਕੌਰ ਨੇ ਪਹਿਲਾ, ਹਰਸ਼ਾ ਨੇ ਦੂਜਾ ਅਤੇ ਸੀਮਾ ਨੇ ਤੀਜਾ ਸਥਾਨ ਹਾਸਲ ਕੀਤਾ। ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਸਕੂਲ ਦੇ ਪਿ੍ਰੰਸੀਪਲ ਅਤੇ ਉਪ ਪਿ੍ਰੰਸੀਪਲ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ ਗਈ। ਸਕੂਲ ਦੇ ਐੱਮਡੀ ਡਾ. ਰਵਿੰਦਰ ਸਿੰਘ ਮਾਨ ਨੇ ਕਿਹਾ ਕਿ ਸਕੂਲ ਵਿਚ ਬੱਚਿਆਂ ਦੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਨਰਸਰੀ ਤੋਂ ਬਾਰ੍ਹਵੀਂ ਜਮਾਤ ਤਕ ਦੇ ਸਕੂਲ ਵਿਚ ਪਡ੍ਹਨ ਵਾਲੇ ਵਿਦਿਆਰਥੀਆਂ ਨੂੰ ਕਿਤਾਬਾਂ ਮੁਫਤ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸਾਰੇ ਸਕੂਲ ਦੇ ਕਮਰਿਆਂ ਨੂੰ ਏਅਰਕੰਡੀਸ਼ਨ ਕਰ ਦਿੱਤਾ ਗਿਆ ਹੈ। ਸਕੂਲ ਦੀਆਂ ਪ੍ਰਾਪਤੀਆਂ ਦੀ ਗੱਲ ਕਰਦਿਆਂ ਐਮਡੀ ਡਾ. ਮਾਨ ਨੇ ਦੱਸਿਆ ਕਿ ਦਸਮੇਸ਼ ਪਬਲਿਕ ਸਕੂਲ ਵਿੱਚੋਂ ਪੜ੍ਹਾਈ ਕਰਕੇ ਵਿਦਿਆਰਥੀ ਆਈਏਐਸ ਨਿਯੁਕਤ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੀ ਕਬੱਡੀ ਟੀਮ ਪੰਜਾਬ ਚੋਂ ਪਹਿਲੇ ਸਥਾਨ ’ਤੇ ਰਹੀ ਹੈ ਜਦੋਂਕਿ ਸੱਭਿਆਚਾਰਕ ਗਤੀਵਿਧੀਆਂ ਵਿਚ ਸਕੂਲ ਦੀ ਡਰਾਮਾ ਟੀਮ ਪੰਜਾਬ ਵਿੱਚੋਂ ਅਤੇ ਨੌਰਥ ਜ਼ੋਨ ਵਿੱਚੋਂ ਪਹਿਲੇ ਨੰਬਰ ’ਤੇ ਆਈ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦਾ ਵਿਦਿਆਰਥੀ ਮਹਾਸ਼ਾ ਅਲੀ ਵਾਈਸ ਆਫ ਪੰਜਾਬ ਤਕ ਪੁੱਜਾ ਅਤੇ ਉਸ ਨੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੇ ਖਿਡਾਰੀ ਸੌਫਟ ਟੈਨਿਸ ਵਿਚ ਕੋਰੀਆ ਅਤੇ ਚਾਇਨਾ ਵਿਚ ਆਪਣਾ ਲੋਹਾ ਮੰਨਵਾ ਚੁੱਕੇ ਹਨ। ਇਸ ਮੌਕੇ ਸਕੂਲ ਦੀ ਅਧਿਆਪਕ ਰਾਜਵਿੰਦਰ ਕੌਰ, ਪ੍ਰੀਤੀ ਤੇ ਸੁਨੀਤਾ ਸਮੇਤ ਸਕੂਲ ਦਾ ਸਮੁੱਚਾ ਸਟਾਫ ਹਾਜਰ ਰਿਹਾ।

ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ “ਸਾਇੰਸ ਅਤੇ ਟੈਕ ਐਕਸਪੋ” ਦਾ ਸ਼ਾਨਦਾਰ ਆਯੋਜਨ

0

ਏਅਰੋ ਸੋਅ ਅਤੇ ਲਾਈਵ ਮਾਡਲ ਨੇ ਆਕਰਸ਼ਿਤ ਕੀਤੇ ਹਜਾਰਾਂ ਵਿਦਿਆਰਥੀ-

ਕਿਸੇ ਵੀ ਦੇਸ ਦੀ ਤਰੱਕੀ ਦਾ ਆਧਾਰ ਵਿਗਿਆਨ ਅਤੇ ਤਕਨਾਲੋਜੀ: ਪਿ੍ਰੰਸੀਪਲ ਸਕੱਤਰ 

ਸੁਖਜਿੰਦਰ ਮਾਨ

ਬਠਿੰਡਾ, 25 ਮਾਰਚ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ “ਸਾਇੰਸ ਅਤੇ ਟੈਕ ਐਕਸਪੋ” ਦਾ ਅੱਜ ਮੁੱਖ ਕੈਂਪਸ ਵਿਖੇ ਸ਼ਾਨਦਾਰ ਆਯੋਜਨ ਕੀਤਾ ਗਿਆ। ਏਅਰੋ ਸੋਅ, ਲਾਈਵ ਮਾਡਲ ਅਤੇ ਵੱਖ-ਵੱਖ ਪ੍ਰਦਰਸਨੀਆਂ ਹਜ਼ਾਰਾਂ ਉਤਸੁਕ ਵਿਦਿਆਰਥੀਆਂ ਲਈ ਖਿੱਚ ਦਾ ਕੇਂਦਰ ਬਣੀਆਂ ਰਹੀਆਂ। “ਸਾਇੰਸ ਅਤੇ ਟੈਕ ਐਕਸਪੋ” ਦਾ ਉਦੇਸ ਵਿਦਿਆਰਥੀਆਂ ਵਿੱਚ ਵਿਗਿਆਨਕ ਸੁਭਾਅ ਵਿਕਸਿਤ ਕਰਨਾ, ਨਵੀਨਤਮ ਤਕਨਾਲੋਜੀ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਵਿਗਿਆਨ ਦੀ ਮਹੱਤਤਾ ਨੂੰ ਰੇਖਾਂਕਿਤ ਕਰਨਾ ਸੀ। ਵੱਖ-ਵੱਖ ਸਕੂਲਾਂ/ਕਾਲਜਾਂ ਅਤੇ ਮਾਨਤਾ ਪ੍ਰਾਪਤ ਸੰਸਥਾਵਾਂ ਦੇ ਹਜਾਰਾਂ ਵਿਦਿਆਰਥੀਆਂ ਨੇ ਇਸ ਵਿਲੱਖਣ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ ਅਤੇ ਮਾਹਿਰਾਂ ਨਾਲ ਸਾਇੰਸ ਅਤੇ ਟੈਕਨਾਲੋਜੀ ਬਾਰੇ ਗਿਆਨ ਹਾਸਿਲ ਕੀਤਾ। ਇਸ ਦੌਰਾਨ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ  ਵਿਕਾਸ ਗਰਗ ਨੇ ਇਸ ਮੇਲੇ ਦਾ ਉਦਘਾਟਨ ਕੀਤਾ, ਜਦੋਂ ਕਿ ਸਮਾਗਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ: ਬੂਟਾ ਸਿੰਘ ਸਿੱਧੂ ਨੇ ਕੀਤੀ। ਮਾਡਲ ਪ੍ਰਦਰਸਨੀਆਂ, ਏਅਰੋ ਸੋਅ, ਆਟੋ ਐਕਸਪੋ, ਗੋ ਕਾਰਟ/ਕਾਰ ਰੈਲੀ-ਪ੍ਰੋਜੈਕਟ, ਆਰਗੈਨਿਕ ਕਿਸਾਨ ਮੰਡੀ, ਕਰੀਅਰ ਕਾਉਂਸਲਿੰਗ, ਪ੍ਰੇਰਕ ਲੈਕਚਰ, ਸਾਇੰਸ ਲਾਈਵ ਪ੍ਰਯੋਗ, ਵੱਖ-ਵੱਖ ਵਿਭਾਗਾਂ ਦੇ ਪਵੇਲੀਅਨ, ਪੁਸਤਕ ਪ੍ਰਦਰਸਨੀਆਂ, ਏਆਈਸੀਟੀਈ ਸਕੀਮਾਂ ਅਤੇ ਸਕਾਲਰਸਿਪ, ਰਾਸਟਰੀ ਵਿਗਿਆਨ ਦਿਵਸ ਸਮਾਰੋਹ ਦੇ ਤਹਿਤ ਮੁਕਾਬਲੇ, ਸੱਭਿਆਚਾਰਕ ਗਤੀਵਿਧੀਆਂ ਅਤੇ ਫੂਡ ਕੋਰਟ ਆਦਿ ਦੇ ਸ਼ਾਨਦਾਰ ਪ੍ਰਦਰਸ਼ਨ ਇਸ “ਸਾਇੰਸ ਅਤੇ ਟੈਕ ਐਕਸਪੋ” ਦੌਰਾਨ ਮੁੱਖ ਆਕਰਸਣ ਸਨ, ਜਿਨ੍ਹਾਂ ਨੇ ਮਾਲਵਾ ਖੇਤਰ ਦੇ ਵਿਦਿਆਰਥੀਆਂ ਨੂੰ ਭਾਰੀ ਗਿਣਤੀ ਵਿਚ ਆਕਰਸਿਤ ਕੀਤਾ। ਅਪਣੇ ਭਾਸਣ ਵਿੱਚ ਸ੍ਰੀ ਵਿਕਾਸ ਗਰਗ (ਜੋ ਯੂਨੀਵਰਸਿਟੀ ਦੇ ਬੋਰਡ ਆਫ ਗਵਰਨਰਜ ਦੇ ਚੇਅਰਮੈਨ ਵੀ ਹਨ) ਨੇ ਕਿਹਾ ਕਿ ਵਿਗਿਆਨ ਅਤੇ ਤਕਨਾਲੋਜੀ ਕਿਸੇ ਵੀ ਦੇਸ ਦੀ ਤਰੱਕੀ ਦਾ ਆਧਾਰ ਹੁੰਦੇ ਹਨ। ਪ੍ਰੋ: ਬੂਟਾ ਸਿੰਘ ਸਿੱਧੂ ਨੇ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਅਤੇ “ਸਾਇੰਸ ਅਤੇ ਟੈਕ ਐਕਸਪੋ” ਦੀ ਮਹੱਤਤਾ ਬਾਰੇ ਚਾਨਣਾ ਪਾਇਆ।

ਰਸੋਈ ਗੈਸ ਤੇ ਤੇਲ ਕੀਮਤਾਂ ’ਚ ਵਾਧੇ ਦੇ ਵਿਰੋਧ ਵਿਚ ਸਾਬਕਾ ਕੋਂਸਲਰ ਨੇ ਕੀਤਾ ਪ੍ਰਦਰਸ਼ਨ

0

ਸੁਖਜਿੰਦਰ ਮਾਨ
ਬਠਿੰਡਾ, 25 ਮਾਰਚ: ਪਿਛਲੇ ਕੁੱਝ ਦਿਨਾਂ ਦੌਰਾਨ ਘਰੇਲੂ ਰਸੋਈ ਗੈਸ ਸਿਲੰਡਰ ਅਤੇ ਤੇਲ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਵਿਰੁਧ ਅੱਜ ਸਥਾਨਕ ਲਾਈਨੋਪਾਰ ਇਲਾਕੇ ਦੇ ਸਾਬਕਾ ਕੋਂਸਲਰ ਵਿਜੇ ਕੁਮਾਰ ਦੀ ਅਗਵਾਈ ਹੇਠ ਲੋਕਾਂ ਵਲੋਂ ਸਰਕਾਰ ਵਿਰੁਧ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਵਿਜੇ ਕੁਮਾਰ ਨੇ ਸਰਕਾਰ ਦੇ ਇਸ ਫੈਸਲੇ ਨਾਲ ਆਮ ਲੋਕਾਂ ’ਤੇ ਪੈਣ ਵਾਲੇ ਮਾਰੂ ਪ੍ਰਭਾਵ ਨੂੰ ਵਿਅੰਗਮਈ ਢੰਗ ਨਾਲ ਪੇਸ਼ ਕਰਦਿਆਂ ਸੜਕ ਵਿਚਕਾਰ ਗੈਸ ਸਿਲੰਡਰ, ਤੇਲ ਦੀਆਂ ਬੋਤਲਾਂ ਅਤੇ ਦਾਲਾਂ ਆਦਿ ਰੱਖ ਕੇ ਖੁਦ ਨੂੰ ਫ਼ਟੇ ਹਾਲ ਕੱਪੜਿਆਂ ਵਿਚ ਕੋਲ ਬੈਠਾ ਦਿਖਾਇਆ। ਇਸ ਮੌਕੇ ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਗਲਤ ਫੈਸਲਿਆਂ ਕਾਰਨ ਆਮ ਵਿਅਕਤੀ ਨੂੰ ਦੋ ਢੰਗ ਦੀ ਰੋਟੀ ਵੀ ਨਸੀਬ ਨਹੀਂ ਹੋ ਰਹੀਆਂ ਹੈ। ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਨ ਦੇ ਚੱਲਦਿਆਂ ਆਮ ਨਾਗਰਿਕ ਦੀਆਂ ਮੁਢਲੀਆਂ ਲੋੜਾਂ ਕੱਪੜੇ, ਰੋਟੀ ਤੇ ਮਕਾਨ ਪਹੁੰਚ ਤੋਂ ਬਾਹਰ ਹੋ ਗਈਆਂ ਹਨ। ਸਾਬਕਾ ਕੋਂਸਲਰ ਨੇ ਤਾਅਨਾ ਮਾਰਦਿਆਂ ਕਿਹਾ ਕਿ ਭਾਜਪਾ ਨੇ ਅੱਛੇ ਦਿਨਾਂ ਦਾ ਵਾਅਦਾ ਕਰਕੇ ਲੋਕਾਂ ਦਾ ਭਰੋਸਾ ਜਿੱਤਿਆ ਸੀ ਪ੍ਰੰਤੂ ਹੁਣ ਇਸਦੇ ਉਲਟ ਕੰਮ ਕਰਨਾ ਸ਼ੁਰੂ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਹਰ ਵਸਤੂ ਮਹਿੰਗੀ ਹੁੰਦੀ ਜਾ ਰਹੀ ਹੈ। ਉਨ੍ਹਾਂ ਵਿਰੋਧੀ ਪਾਰਟੀਆਂ ਵਲੋਂ ਆਮ ਲੋਕਾਂ ਦੇ ਨਾਲ ਜੁੜੇ ਇਸ ਮਸਲੇ ’ਤੇ ਧਾਰੀ ਚੁੱਪੀ ਉਪਰ ਵੀ ਸਵਾਲ ਖ਼ੜੇ ਕੀਤੇ।

ਆਂਗਣਵਾੜੀ ਮੁਲਾਜਮ ਯੂਨੀਅਨ ਨੇ ਵਿਧਾਇਕ ਜਗਰੂਪ ਸਿੰਘ ਗਿੱਲ ਨੂੰ ਦਿੱਤਾ ਮੰਗ ਪੱਤਰ

0

ਸੁਖਜਿੰਦਰ ਮਾਨ
ਬਠਿੰਡਾ, 25 ਮਾਰਚ: ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਦੇ ਵਫਦ ਵੱਲੋਂ ਅੱਜ ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੂੰ ਮਿਲ ਕੇ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਮੰਗ ਪੱਤਰ ਦਿੱਤਾ । ਆਗੂਆਂ ਨੇ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਪਿਛਲੇਂ 4 ਸਾਲਾਂ ਤੋਂ ਖਾਲੀ ਪਈਆਂ ਹਜਾਰਾਂ ਅਸਾਮੀਆਂ ਦੀ ਭਰਤੀ ਤੁਰੰਤ ਕੀਤੀ ਜਾਵੇ , ਕਿਉਂਕਿ ਵਰਕਰਾਂ ਤੇ ਹੈਲਪਰਾਂ ਤੋਂ ਬਿਨਾਂ ਆਂਗਣਵਾੜੀ ਸੈਂਟਰ ਚਲਾਉਣ ਵਿੱਚ ਬਹੁਤ ਮੁਸਕਲਾਂ ਆ ਰਹੀਆਂ ਹਨ । ਵਰਕਰਾਂ ਆਪਣੇ ਨਿਗੂਣੇ ਮਾਣ ਭੱਤੇ ਵਿਚੋਂ ਪੱਲਿਉਂ ਪੈਸੇ ਖਰਚ ਕੇ ਕੰਮ ਚਲਾ ਰਹੀਆਂ ਹਨ । ਆਂਗਣਵਾੜੀ ਸੈਂਟਰਾਂ ਵਿਚੋਂ 2017 ਦੇ ਖੋਹੇ ਹੋਏ ਬੱਚੇ ਵਾਪਸ ਸੈਂਟਰਾਂ ਵਿੱਚ ਭੇਜੇ ਜਾਣ ਤੇ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ । ਜਿੰਨਾ ਚਿਰ ਇਹ ਸੰਭਵ ਨਹੀਂ ਹੈ ਉਹਨਾਂ ਚਿਰ ਆਪ ਜੀ ਦੀ ਪਾਰਟੀ ਦੇ ਚੋਣ ਵਾਅਦੇ ਅਨੁਸਾਰ ਵਰਕਰਾਂ ਤੇ ਹੈਲਪਰਾਂ ਨੂੰ ਮਾਣ ਭੱਤਾ ਦੁੱਗਣਾ ਦਿੱਤਾ ਜਾਵੇ । ਇਸ ਮੌਕੇ ਰੂਪ ਰਾਣੀ , ਨਵਜੋਤ ਕੌਰ , ਬਲਜੀਤ ਕੌਰ , ਇੰਦੂ ਬਾਲਾ , ਵੀਰਪਾਲ ਕੌਰ ਆਦਿ ਆਗੂ ਹਾਜਰ ਸਨ ।

ਵਿਧਾਇਕ ਕੋਟਫੱਤਾ ਨੇ ਹਲਕੇ ਦੇ ਸਰਕਾਰੀ ਹਸਪਤਾਲਾਂ ਦਾ ਦੌਰਾ ਕੀਤਾ

0

ਸੁਖਜਿੰਦਰ ਮਾਨ
ਬਠਿੰਡਾ, 25 ਮਾਰਚ: ਅੱਜ ਬਠਿੰਡਾ ਦਿਹਾਤੀ ਹਲਕੇ ਦੇ ਐਮ ਐਲ ਏ ਅਮਿਤ ਰਤਨ ਕੋਟਫੱਤਾ ਵੱਲੋਂ ਸਰਕਾਰੀ ਹਸਪਤਾਲ ਘੁੱਦਾ ਅਤੇ ਸਰਕਾਰੀ ਹਸਪਤਾਲ ਸੰਗਤ ਮੰਡੀ ਦਾ ਦੌਰਾ ਕੀਤਾ ਗਿਆ। ਇਸ ਮੌਕੇ ਵਿਧਾਇਕ ਕੋਟਫੱਤਾ ਨੇ ਡਾਕਟਰਾਂ ਅਤੇ ਮਰੀਜਾਂ ਨੂੰ ਆ ਰਹੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਹਨਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ । ਉਨ੍ਹਾਂ ਦੋਵਾਂ ਹਸਪਤਾਲਾਂ ਵਿਖੇ ਆ ਰਹੀ ਸਟਾਫ ਦੀ ਘਾਟ ਨੂੰ ਜਲਦ ਪੂਰਾ ਕਰਨ ਦਾ ਭਰੋਸਾ ਵੀ ਦਿੱਤਾ ਅਤੇ ਹਸਪਤਾਲਾਂ ਦੇ ਸਟਾਫ ਵੱਲੋਂ ਮਰੀਜਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਅਤੇ ਹਸਪਤਾਲਾਂ ਨੂੰ ਸਾਫ ਸੁਥਰਾ ਰੱਖਣ ਲਈ ਸਹਿਯੋਗ ਦੇਣ ਲਈ ਕਿਹਾ । ਉਨ੍ਹਾਂ ਹਸਪਤਾਲ ਦੇ ਡਾਕਟਰਾਂ ਨੂੰ ਭਰੋਸਾ ਦਿਵਾਇਆ ਕਿ ਜਲਦੀ ਹੀ ਇਲਾਕੇ ਦੇ ਮਰੀਜ਼ਾਂ ਦੀ ਹਰ ਤਰ੍ਹਾਂ ਦੀ ਸਰੀਰਕ ਜਾਂਚ ਅਤੇ ਸਾਰੇ ਟੈਸਟਾਂ ਲਈ ਪ੍ਰਬੰਧ ਕੀਤੇ ਜਾਣਗੇ। ਸ੍ਰੀ ਕੋਟਫੱਤਾ ਨੇ ਕਿਹਾ ਕਿ ਸਿਹਤ ਸਹੂਲਤਾਂ ਨੂੰ ਪੰਜਾਬ ਦੇ ਹਰ ਨਾਗਰਿਕ ਦੀ ਪਹੁੰਚ ਵਿੱਚ ਕਰਨਾ ਸਰਕਾਰ ਦੀ ਪਹਿਲੀ ਪ੍ਰਾਥਮਿਕਤਾ ਹੈ ਅਤੇ ਇਸ ਲਈ ਸਾਰਿਆਂ ਨੂੰ ਮਿਲ ਕੇ ਮਿਹਨਤ ਕਰਨੀ ਪਵੇਗੀ। ਇਸ ਮੌਕੇ ਐਸਐਮਓ ਡਾ ਨਵਦੀਪ ਕੌਰ ਸਰਾਂ ਘੁੱਦਾ ਹਸਪਤਾਲ, ਡਾ ਪ੍ਰਦੀਪ ਬਾਂਸਲ, ਡਾ ਜੋਬਨਪ੍ਰੀਤ ਸਿੰਘ ਸਰਾਂ, ਡਾ ਰਜਿੰਦਰ ਕੁਮਾਰ ਸੰਗਤ ਮੰਡੀ ਹਸਪਤਾਲ , ਡਾ ਸਿਮਰਨ, ਡਾ ਜਗਰੂਪ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਹਾਜਰ ਸਨ।

Our Visitor

1899379