ਸੁਖਜਿੰਦਰ ਮਾਨ
ਚੰਡੀਗੜ੍ਹ, 25 ਮਾਰਚ: ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਕਾਦੀਆਂ ਤੋਂ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਸੂਬੇ ਦੀ ਆਪ ਸਰਕਾਰ ਵਲੋਂ ਪਿੰਡਾਂ ਦੇ ਵਿਕਾਸ ਲਈ ਪਿਛਲੀ ਕਾਂਗਰਸ ਸਰਕਾਰ ਦੁਆਰਾ ਪੰਚਾਇਤਾਂ ਨੂੰ ਜਾਰੀ ਵਿਕਾਸ ਕੰਮਾਂ ਦੀਆਂ ਗ੍ਰਾਂਟਾਂ ਰੋਕਣ ਦੀ ਨਿਖ਼ੇਧੀ ਕੀਤੀ ਹੈ। ਉਨ੍ਹਾਂ ਇਸ ਫੈਸਲੇ ਨੂੰ ਸਿਆਸੀ ਵਿਰੋਧਤਾ ਦੇ ਆਧਾਰ ’ਤੇ ਲਿਆ ਫੈਸਲਾ ਕਰਾਰ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਇਹ ਫੈਸਲਾ ਵਾਪਸ ਲੈਣ ਲਈ ਕਿਹਾ ਹੈ। ਉਨ੍ਹਾਂ ਸਰਕਾਰ ਨੂੰ ਲਿਖੇ ਇੱਕ ਪੱਤਰ ਵਿਚ ਦਾਅਵਾ ਕੀਤਾ ਹੈ ਕਿ ਸਰਕਾਰ ਦੇ ਇਸ ਫੈਸਲੇ ਨਾਲ ਪਿੰਡਾਂ ਦੇ ਵਿਕਾਸ ’ਤੇ ਮਾੜਾ ਅਸਰ ਪਵੇਗਾ। ਦਸਣਾ ਬਣਦਾ ਹੈ ਕਿ ਇਸ ਮਾਮਲੇ ਵਿਚ ਕਾਂਗਰਸ ਦੇ ਇੱਕ ਹੋਰ ਵਿਧਾਇਕ ਸੁਖਪਾਲ ਸਿੰਘ ਖ਼ਹਿਰਾ ਨੇ ਵੀ ਵਿਰੋਧ ਕੀਤਾ ਸੀ।
ਪ੍ਰਤਾਪ ਬਾਜਵਾ ਨੇ ਆਪ ਸਰਕਾਰ ਵਲੋਂ ਪੰਚਾਇਤੀ ਗ੍ਰਾਂਟਾਂ ਰੋਕਣ ਦੇ ਫੈਸਲੇ ਦਾ ਕੀਤਾ ਵਿਰੋਧ
ਹੁਣ ਸਾਬਕਾ ਵਿਧਾਇਕ ਨੂੰ ਇੱਕ ਪੈਨਸ਼ਨ ਹੀ ਮਿਲੇਗੀ, ਬੇਸ਼ੱਕ ਪੰਜ ਵਾਰ ਰਿਹਾ ਹੋਵੇ ਵਿਧਾਇਕ
ਸੁਖਜਿੰਦਰ ਮਾਨ
ਚੰਡੀਗੜ੍ਹ, 25 ਮਾਰਚ: ਹੁਣ ਪੰਜਾਬ ਦੇ ਸਾਬਕਾ ਵਿਧਾਇਕਾਂ ਨੂੰ ਸਿਰਫ ਇੱਕ ਟਰਮ ਦੀ ਪੈਨਸਨ ਹੀ ਮਿਲੇਗੀ, ਬੇਸ਼ੱਕ ਉਹ ਕਿੰਨੇਂ ਵਾਰ ਵੀ ਵਿਧਾਇਕ ਨਾ ਰਹਿ ਚੁੱਕਿਆ ਹੋਵੇ। ਇਹ ਐਲਾਨ ਅੱਜ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਹੈ। ਉਨ੍ਹਾਂ ਇਸ ਫੈਸਲਾ ਦਾ ਖ਼ੁਲਾਸਾ ਜਾਰੀ ਇੱਕ ਵੀਡੀਓ ਵਿਚ ਕਰਦਿਆਂ ਕਿਹਾ ਕਿ ਇਸ ਸਬੰਧੀ ਅਧਿਕਾਰੀਆਂ ਨੂੰ ਬਣਦੀ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਅਸਿੱਧੇ ਢੰਗ ਨਾਲ ਰਿਵਾਇਤੀ ਪਾਰਟੀਆਂ ਦੇ ਆਗੂਆਂ ਉਪਰ ਵਿਅੰਗ ਕਸਦਿਆਂ ਕਿਹਾ ਕਿ ਰਾਜ ਨਹੀਂ ਸੇਵਾ, ਦਾ ਨਾਅਰਾ ਦੇ ਸੱਤਾ ਹਾਸਲ ਕਰਨ ਵਾਲੀਆਂ ਇੰਨ੍ਹਾਂ ਪਾਰਟੀਆਂ ਦੇ ਆਗੂ ਲੱਖਾਂ ਰੁਪਏ ਮਹੀਨਾਵਾਰ ਪੈਨਸ਼ਨਾਂ ਦਾ ਸਰਕਾਰੀ ਖ਼ਜਾਨੇ ਵਿਚੋਂ ਲੈਂਦੇ ਹਨ, ਜਿਹੜਾ ਕਿ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਿਸੇ ਸਾਬਕਾ ਵਿਧਾਇਕ ਨੂੰ ਪੈਨਸਨ ਚਾਰ ਲੱਖ, ਕਿਸੇ ਨੂੰ ਸਾਢੇ ਪੰਜ ਲੱਖ ਮਿਲਦੀ ਹੈ ਪ੍ਰੰਤੂ ਹੁਣ ਸਿਰਫ ਇੱਕ ਹੀ ਪੈਨਸਨ ਮਿਲੇਗੀ। ਮਾਨ ਨੇ ਕਿਹਾ ਕਿ ਕਈ ਵਿਧਾਇਕ ਸੰਸਦ ਮੈਂਬਰ ਵੀ ਰਹਿ ਚੁੱਕੇ ਹਨ ਅਤੇ ਦੋਵੇਂ ਪੈਨਸਨ ਲੈ ਰਹੇ ਹਨ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸਾਬਕਾ ਵਿਧਾਇਕਾਂ ਦੀ ਪੈਨਸਨ ਅਤੇ ਪਰਿਵਾਰਕ ਭੱਤੇ ਦੀ ਕਟੌਤੀ ਕੀਤੀ ਜਾਵੇਗੀ, ਇਸ ਦੀ ਵਰਤੋਂ ਲੋਕ ਭਲਾਈ ਦੀਆਂ ਯੋਜਨਾਵਾਂ ਵਿੱਚ ਕੀਤੀ ਜਾਵੇਗੀ।
ਭਗਵੰਤ ਮਾਨ ਸਰਕਾਰ ਨੇ ਭਿ੍ਰਸ਼ਟਾਚਾਰੀ ਕਲਰਕ ‘ਤੇ ਕੀਤੀ ਸਖਤ ਕਾਰਵਾਈ
ਸੁਖਜਿੰਦਰ ਮਾਨ
ਚੰਡੀਗੜ੍ਹ, 25 ਮਾਰਚ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਿ੍ਰਸਟਾਚਾਰ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਭਿ੍ਰਸਟਾਚਾਰ ਵਿਰੋਧੀ ਐਕਸਨ ਹੈਲਪਲਾਈਨ ‘ਤੇ ਸਿਕਾਇਤ ਮਿਲਣ ਤੋਂ ਬਾਅਦ ਜਲੰਧਰ ਦੀ ਤਹਿਸੀਲ ‘ਚ ਕੰਮ ਕਰਦੀ ਕਲਰਕ ਮੀਨੂੰ ਖਿਲਾਫ ਨੌਕਰੀ ਦਿਵਾਉਣ ਦੇ ਨਾਂ ‘ਤੇ 4 ਲੱਖ 80 ਹਜਾਰ ਰੁਪਏ ਦੀ ਰਿਸਵਤ ਲੈਣ ਦੇ ਦੋਸ ‘ਚ ਐੱਫ.ਆਈ.ਆਰ ਦਰਜ ਕਰਨ ਦੀ ਸਿਫਾਰਿਸ ਕੀਤੀ ਗਈ ਹੈ। ਦਸਣਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ਚੋਣਾ ਸਮੇਂ ਭਿ੍ਰਸ਼ਟਾਚਾਰ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਸੀ। ਜਿਸ ‘ਤੇ ਅਮਲ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ‘ਤੇ ‘ਐਂਟੀ ਕੁਰੱਪਸ਼ਨ ਐਕਸ਼ਨ ਨੰਬਰ‘ ਜਾਰੀ ਕੀਤਾ ਸੀ ਅਤੇ ਇਸ ਨੰਬਰ ‘ਤੇ ਸਰਕਾਰੀ ਮੁਲਾਜ਼ਮਾਂ ਵੱਲੋਂ ਰਿਸ਼ਵਤ ਮੰਗਣ ਜਾਂ ਲੈਣ ਦੀ ਸ਼ਿਕਾਇਤ ਕਰਨ ਦੀ ਅਪੀਲ ਵੀ ਕੀਤੀ ਸੀ। ‘ਐਂਟੀ ਕੁਰੱਪਸ਼ਨ ਐਕਸ਼ਨ ਨੰਬਰ‘ ਉਤੇ ਤਹਿਸੀਲ ਦਫ਼ਤਰ ਜਲੰਧਰ ਦੇ ਇੱਕ ਕਲਰਕ ਵੱਲੋਂ ਨੌਕਰੀ ਦਿਵਾਉਣ ਦੇ ਮਾਮਲੇ ਵਿੱਚ ਰਿਸ਼ਵਤ ਮੰਗਣ ਦੀ ਸ਼ਿਕਾਇਤ ਪ੍ਰਾਪਤ ਹੋਈ ਸੀ, ਜਿਸ ਦਾ ਤੁਰੰਤ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਨੇ ਜ਼ਿੰਮੇਵਾਰ ਕਲਰਕ ਖ਼ਿਲਾਫ਼ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਉਧਰ ਪਾਰਟੀ ਦੇ ਆਗੂ ਮਾਲਵਿੰਦਰ ਸਿੰਘ ਕੰਗ ਨੇ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਭਿ੍ਰਸ਼ਟਾਚਾਰ ਨੂੰ ਸ਼ਹਿਣ ਨਹੀਂ ਕਰੇਗੀ ਅਤੇ ਕਾਂਗਰਸ ਸਮੇਤ ਅਕਾਲੀ ਦਲ- ਭਾਜਪਾ ਸਰਕਾਰਾਂ ਵੇੇਲੇ ਰਾਜਸੀ ਆਗੂਆਂ ਅਤੇ ਸਰਕਾਰੀ ਮੁਲਾਜ਼ਮਾਂ ਦੇ ਗੱਠਜੋੜ ਵੱਲੋਂ ਚਲਾਏ ਗਏ ਭਿ੍ਰਸ਼ਟਾਚਾਰ ਨੂੰ ਖ਼ਤਮ ਕੀਤਾ ਜਾਵੇਗਾ। ਉਨਾਂ ਕਿਹਾ ਕਿ ਪੰਜਾਬ ਨੂੰ ਭਿ੍ਰਸ਼ਟਾਚਾਰ ਮੁਕਤ ਕਰਨ ਵਾਅਦੇ ‘ਤੇ ਅੱਜ ਪਹਿਲੀ ਕਾਰਵਾਈ ਕੀਤੀ ਗਈ ਹੈ ਅਤੇ ਅੱਗੇ ਤੋਂ ਵੀ ਜਿਸ ਕਿਸੇ ਅਧਿਕਾਰੀ ਜਾਂ ਮੁਲਾਜ਼ਮ ਖ਼ਿਲਾਫ਼ ਰਿਸ਼ਵਤ ਲੈਣ ਦੀ ਸ਼ਿਕਾਇਤ ਮਿਲੇਗੀ, ਉਸ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਡਾ. ਸੰਨੀ ਆਹਲੂਵਾਲੀਆ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਿਵਾਇਤੀ ਪਾਰਟੀਆਂ ਦੇ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਪੰਜਾਬ ਸਰਕਾਰ ਦੇ ਖਜ਼ਾਨੇ ਵਿਚੋਂ ਲਈਆਂ ਜਾਂਦੀਆਂ ਪੈਨਸ਼ਨਾਂ ਦੇ ਫਾਰਮੂਲੇ ਨੂੰ ਬਦਲ ਦਿੱਤਾ ਗਿਆ ਹੈ ਅਤੇ ਹੁਣ ਇੱਕ ਵਿਧਾਇਕ ਨੂੰ ਕੇਵਲ ਇੱਕ ਹੀ ਪੈਨਸ਼ਨ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।
ਕਿਸਾਨਾਂ ਨੇ ਮੁੜ ਖੋਲਿਆ ਕੇਂਦਰ ਵਿਰੁਧ ਮੋਰਚਾ, ਮੁਹਾਲੀ ’ਚ ਧਰਨੇ ਤੋਂ ਬਾਅਦ ਦਿੱਤਾ ਰਾਜਪਾਲ ਨੂੰ ਮੰਗ ਪੱਤਰ
ਸੁਖਜਿੰਦਰ ਮਾਨ
ਚੰਡੀਗੜ੍ਹ, 25 ਮਾਰਚ: ਪਿਛਲੇ ਸਾਲ ਤੱਕ ਚੱਲੇ ਕਿਸਾਨ ਅੰਦੋਲਨ ’ਚ ਕੇਂਦਰ ਨੂੰ ਦੋ ਹੱਥ ਦਿਖਾਉਣ ਵਾਲੇ ਕਿਸਾਨਾਂ ਨੇ ਸਰਕਾਰ ਦੀਆਂ ਕਿਸਾਨ ਵਿਰੋਧੀਆਂ ਨੀਤੀਆਂ ਵਿਰੁਧ ਮੁੜ ਮੋਰਚਾ ਖੋਲ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਹੇਠ ਅੱਜ ਕਿਸਾਨ ਅੰਦੋਲਨ ਦੀਆਂ ਬਕਾਇਆ ਮੰਗਾਂ ਦੀ ਪੂਰਤੀ ਤੋਂ ਇਲਾਵਾ ਬੀਬੀਐੱਮਬੀ ਮੁੱਦੇ ‘ਤੇ ਪੰਜਾਬ ਦਾ ਹੱਕ ਖੋਹਣ ਦੇ ਵਿਰੋਧ ’ਚ ਮੋਰਚੇ ਦੇ ਆਗੂਆਂ ਹੇਠ ਵੱਡੀ ਗਿਣਤੀ ਵਿਚ ਕਿਸਾਨਾਂ ਵਲੋਂ ਮੋਹਾਲੀ ਦੇ ਗੁਰਦੂਆਰਾ ਅੰਬ ਸਾਹਿਬ ਵਿਖੇ ਇਕੱਤਰ ਹੋਏ। ਇਸ ਦੌਰਾਨ ਇਤਿਹਾਅਦ ਵਜੋਂ ਚੰਡੀਗੜ੍ਹ ਪੁਲਿਸ ਵਲੋਂ ਵੱਡੀਆਂ ਰੋਕਾਂ ਲਗਾ ਕੇ ਕਿਸਾਨਾਂ ਨੂੰ ਰੋਕਣ ਦਾ ਇੰਤਜਾਮ ਕੀਤਾ ਹੋਇਆ ਸੀ। ਅਖ਼ੀਰ ਕਿਸਾਨ ਮੋਰਚੇ ਦੇ ਆਗੂਆਂ ਦਾ ਇੱਕ ਵੱਡਾ ਵਫ਼ਦ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕੋਲ ਪੁੱਜਿਆ, ਜਿਥੈ ਮੰਗ ਪੱਤਰ ਦੇ ਇਸ ਮੁੱਦੇ ਦਾ ਹੱਲ ਕੱਢਣ ਦੀ ਅਪੀਲ ਕੀਤੀ। ਮੋਰਚੇ ਦੇ ਆਗੂ ਰਾਕੇਸ਼ ਟਿਕੈਤ, ਹਰਿੰਦਰ ਸਿੰਘ ਲੱਖੋਵਾਲ, ਜਗਜੀਤ ਸਿੰਘ ਡੱਲੇਵਾਲ, ਗੁਰਿੰਦਰ ਸਿੰਘ ਭੰਗੂ ਆਦਿ ’ਤੇ ਆਧਾਰਿਤ 40 ਮੈਂਬਰੀ ਵਫ਼ਦ ਨੇ ਪੰਜਾਬ ਤੇ ਹਰਿਆਣਾ ਦੇ ਰਾਜਪਾਲਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਕਿਸਾਨੀ ਮੰਗਾਂ ਸਬੰਧੀ ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਨਾਮ ਲਿਖੇ ਮੰਗ ਪੱਤਰ ਦਿੱਤੇ ਗਏ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਆਪਣੇ ਅਧਿਕਾਰ ਖੇਤਰ ਵਿੱਚ ਲੈਣ ਦਾ ਫੈਸਲਾ ਵਾਪਸ ਕਰਨ, ਬਕਾਇਆ ਮੰਗਾਂ ਨੂੰ ਲਾਗੂ ਕਰਨ ਲਈ ਕਿਹਾ। ਅਜਿਹਾ ਨਾ ਕਰਨ ’ਤੇ ਮੁੜ ਸੰਘਰਸ਼ ਵਿੱਢਣ ਦੀ ਚੇਤਾਵਨੀ ਵੀ ਦਿੱਤੀ ਗਈ ਹੈ।
ਬਠਿੰਡਾ ਦੇ ਥਾਣਾ ਰਾਮਪੁਰਾ ’ਚ ਐਸ.ਐਚ.ਓ ਤੇ ਨਗਰ ਕੋਂਸਲ ਦਾ ਸਾਬਕਾ ਪ੍ਰਧਾਨ ਭਿੜੇ
ਦੋਨੇਂ ਧਿਰਾਂ ਹਸਪਤਾਲ ਦਾਖ਼ਲ, ਪੁਲਿਸ ਅਧਿਕਾਰੀਆਂ ਵਲੋਂ ਮਾਮਲੇ ਦੀ ਜਾਂਚ ਸ਼ੁਰੂ
ਸੁਖਜਿੰਦਰ ਮਾਨ
ਬਠਿੰਡਾ, 25 ਮਾਰਚ: ਜ਼ਿਲ੍ਹੇ ਦੇ ਥਾਣਾ ਫ਼ੂਲ ’ਚ ਅੱਜ ਸਥਿਤੀ ਉਸ ਸਮੇਂ ਗੰਭੀਰ ਹੋ ਗਈ ਜਦ ਇੱਕ ਮਾਮਲੇ ਵਿਚ ਥਾਣੇ ਪੁੱਜੇ ਨਗਰ ਕੋਂਸਲ ਰਾਮਪੁਰਾ ਦੇ ਸਾਬਕਾ ਪ੍ਰਧਾਨ ਸੁਰਿੰਦਰ ਉਰਫ਼ ਨਿੰਨੀ ਬਾਂਸਲ ਤੇ ਥਾਣਾ ਮੁਖੀ ਐਸ.ਆਈ. ਮਨਪ੍ਰੀਤ ਸਿੰਘ ਆਪਸ ’ਚ ਲੜ ਪਏ। ਦੋਨਾਂ ਹੀ ਧਿਰਾਂ ਵਲੋਂ ਇੱਕ-ਦੂਜੇ ਵਿਰੁਧ ਹਮਲਾ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ ਅਤੇ ਦੋਨੋ ਜਣੇ ਹਸਪਤਾਲ ਵਿਚ ਦਾਖ਼ਲ ਹੋ ਗਏ ਹਨ। ਇਸ ਮਾਮਲੇ ਵਿਚ ਐਸ.ਐਸ.ਪੀ ਨੇ ਉਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਹਨ। ਜਦੋਂਕਿ ਹਲਕਾ ਵਿਧਾਇਕ ਬਲਕਾਰ ਸਿੱਧੂ ਨੇ ਘਟਨਾ ਦੀ ਨਿੰਦਾ ਕਰਦਿਆਂ ਜਿੰਮੇਵਾਰ ਵਿਅਕਤੀ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਘਟਨਾ ਤੋਂ ਬਾਅਦ ਜਿੱਥੇ ਸਾਬਕਾ ਪ੍ਰਧਾਨ ਦੇ ਪ੍ਰਵਾਰ ਤੇ ਸਮਰਥਕਾਂ ਵਲੋਂ ਥਾਣੇ ਅੱਗੇ ਨਾਅਰੇਬਾਜ਼ੀ ਕੀਤੀ ਗਈ, ਉਥੇ ਥਾਣਾ ਮੁਖੀ ਨੇ ਵੀ ਸਾਬਕਾ ਪ੍ਰਧਾਨ ਉਪਰ ਹਮਲਾ ਕਰਨ ਤੇ ਵਰਦੀ ਪਾੜਣ ਦੇ ਦੋਸ਼ ਲਗਾਏ ਹਨ। ਜਦੋਂਕਿ ਸਾਬਕਾ ਪ੍ਰਧਾਨ ਨੇ ਇਲਜ਼ਾਮ ਲਗਾਇਆ ਹੈ ਕਿ ਉਸਦੀ ਪੁਲਿਸ ਵੱਲੋਂ ਥਾਣਾ ਬੰਦ ਕਰਕੇ ਕੁੱਟਮਾਰ ਕੀਤੀ ਗਈ ਹੈ ਅਤੇ ਐਸਐਚਓ ਨੇ ਉਸਨੂੰ ਫ਼ਸਾਉਣ ਲਈ ਆਪਣੀ ਵਰਦੀ ਖੁਦ ਪਾੜੀ ਹੈ। ਜਦੋਂਕਿ ਵਿਧਾਇਕ ਬਲਕਾਰ ਸਿੱਧੂ ਨੇ ਕਿਹਾ ਕਿ ਥਾਣੇ ਵਿੱਚ ਅਜਿਹੀ ਗੁੰਡਾਗਰਦੀ ਕਰਨ ਵਾਲੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਹੀ ਕਿਉਂ ਨਾ ਹੋਣ। ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਡੀਐਸਪੀ ਸਤਨਾਮ ਸਿੰਘ ਨੇ ਕਿਹਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਮੁਢਲੀ ਪੜਤਾਲ ਮੁਤਾਬਕ ਸਾਬਕਾ ਪ੍ਰਧਾਨ ਵਲੌਂ ਧੱਕੇਸ਼ਾਹੀ ਕੀਤੀ ਗਈ ਲੱਗਦੀ ਹੈ, ਜਿਸਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਨਵਜੋਤ ਸਿੰਘ ਵਿਰੁਧ ਰੋਡਰੇਜ ਮਾਮਲਾ: ਸੁਪਰੀਮ ਕੋਰਟ ਵਲੋਂ ਫੈਸਲਾ ਸੁਰੱਖਿਅਤ
ਸੁਖਜਿੰਦਰ ਮਾਨ
ਨਵੀਂ ਦਿੱਲੀ, 25 ਮਾਰਚ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਰੁਧ 33 ਸਾਲ ਪੁਰਾਣੇ ਚੱਲ ਰਹੇ ਰੋਡਰੇਜ਼ ਮਾਮਲੇ ਨੂੰ ਅੱਜ ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ ਨੇ ਸੁਰੱਖਿਅਤ ਰੱਖ ਲਿਆ ਹੈ। ਇਸ ਮਾਮਲੇ ਵਿੱਚ ਹੁਣ 12 ਅਪ੍ਰੈਲ ਨੂੰ ਅਗਲੀ ਸੁਣਵਾਈ ਹੋਵੇਗੀ। ਇਸ ਕੇਸ ਵਿਚ ਪੀੜਤ ਧਿਰ ਵਲੋਂ ਨਵਜੋਤ ਸਿੰਘ ਸਿੱਧੂ ਵਿਰੁਧ ਨਜਰਸ਼ਾਨੀ ਪਿਟੀਸ਼ਨ ਪਾਈ ਹੋਈ ਹੈ। ਗੌਰਤਲਬ ਹੈ ਕਿ ਪਟਿਆਲਾ ਵਿਚ 1988 ’ਚ ਵਾਪਰੇ ਇਸ ਮਾਮਲੇ ਵਿਚ ਨਵਜੋਤ ਸਿੰਘ ਸਿੱਧੂ ਨਾਲ ਪਾਰਕਿੰਗ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਇੱਕ ਬਜੁਰਗ ਦੀ ਮੌਤ ਹੋ ਗਈ ਸੀ। ਮਿ੍ਰਤਕ ਬਜ਼ੁਰਗ ਦੇ ਪ੍ਰਵਾਰ ਵਾਲਿਆਂ ਨੇ ਸਿੱਧੂ ਉਪਰ ਕੁੱਟਮਾਰ ਕਰਕੇ ਮਾਰਨ ਦੇ ਦੋਸ਼ ਲਗਾਏ ਸਨ। ਇਸ ਮਾਮਲੇ ਵਿੱਚ ਹੇਠਲੀ ਅਦਾਲਤ ਦੇ ਫੈਸਲੇ ਤੋਂ ਬਾਅਦ ਮਾਣਯੋਗ ਹਾਈਕੋਰਟ ਨੇ 2006 ਵਿੱਚ ਨਵਜੋਤ ਸਿੰਘ ਸਿੱਧੂ ਨੂੰ ਦੋਸ਼ੀ ਠਹਿਰਾਉਂਦਿਆਂ 3 ਸਾਲ ਦੀ ਸਜ਼ਾ ਸੁਣਾਈ ਗਈ ਸੀ। ਜਿਸਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਅਪੀਲ ’ਤੇ ਸੁਪਰੀਮ ਕੋਰਟ ਨੇ ਇਸ ਕੇਸ ਵਿਚ ਸਿੱਧੂ ਨੂੰ ਜੁਰਮਾਨਾ ਲਗਾ ਕੇ ਛੱਡ ਦਿੱਤਾ ਸੀ। ਪ੍ਰੰਤੂ ਪੀੜਤ ਧਿਰ ਨੇ ਸੁਪਰੀਮ ਕੋਰਟ ਦੇ ਫੈਸਲੇ ਵਿਰੁਧ 2018 ਵਿਚ ਰਿਵੀਓ ਪਿਟੀਸ਼ਨ ਦਾਈਰ ਕਰ ਦਿੱਤੀ ਸੀ। ਜਿਕਰਯੋਗ ਹੈ ਕਿ ਵਿਰੋਧੀ ਧਿਰਾਂ ਪਹਿਲਾਂ ਹੀ ਇਸ ਮਾਮਲੇ ਨੂੰ ਚੁੱਕ ਰਹੀਆਂ ਹਨ ਤੇ ਜੇਕਰ 12 ਅਪ੍ਰੈਲ ਨੂੰ ਸਿੱਧੂ ਵਿਰੁਧ ਕੋਈ ਫੈਸਲਾ ਆਉਂਦਾ ਹੈ ਤਾਂ ਉਨ੍ਹਾਂ ਦੀਆਂ ਸਿਆਸੀ ਮੁਸ਼ਕਿਲਾਂ ਹੋਰ ਵਧ ਸਕਦੀਆਂ ਹਨ।
ਪੰਜਾਬ ਖਾਦੀ ਅਤੇ ਗਰਾਮ ਉਦਯੋਗ ਬੋਰਡ ਵੱਲੋਂ ਜ਼ਿਲਾ ਪੱਧਰੀ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਆਯੋਜਿਤ
ਸੁਖਜਿੰਦਰ ਮਾਨ
ਬਠਿੰਡਾ, 24 ਮਾਰਚ: ਮੱਧਮ ਅਤੇ ਲਘੂ ਉਦਯੋਗ ਮੰਤਰਾਲਾ ਭਾਰਤ ਸਰਕਾਰ ਦੀ ਹਦਾਇਤਾਂ ਤੇ ਪੰਜਾਬ ਖਾਦੀ ਅਤੇ ਗਰਾਮ ਉਦਯੋਗ ਬੋਰਡ ਚੰਡੀਗੜ ਵੱਲੋਂ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਨ ਯੋਜਨਾ (ਪੀ.ਐਮ.ਈ.ਜੀ.ਪੀ) ਆਫ ਕੇ.ਵੀ.ਆਈ.ਸੀ ਦੀ ਜ਼ਿਲਾ ਪੱਧਰੀ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਜ਼ਿਲਾ ਲੀਡ ਮੈਨੇਜਰ, ਭਾਰਤੀਆ ਸਟੇਟ ਬੈਂਕ ਆਫ ਇੰਡੀਆ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਾਰੀਆਂ ਬੈਕਾਂ ਦੇ ਜ਼ਿਲਾ ਕੁਆਰਡੀਨੇਟਿੰਗ ਅਫ਼ਸਰ ਹਾਜ਼ਰ ਹੋਏ। ਇਸ ਮੀਟਿੰਗ ਵਿੱਚ ਪੀ.ਐਮ.ਈ.ਜੀ.ਪੀ ਸਕੀਮ ਦੀ ਸਮਿਖਿਆ ਕੀਤੀ ਗਈ।ਇਸ ਦੌਰਾਨ ਜ਼ਿਲਾ ਇੰਨਚਾਰਜ ਸ੍ਰੀ ਪਵਨ ਕੁਮਾਰ ਅਨੇਜਾ ਨੇ ਦੱਸਿਆ ਕਿ ਬੋਰਡ ਵੱਲੋਂ 66 ਕੇਸ 336.22 ਲੱਖ ਦੇ ਭੇਜੇ ਗਏ ਸਨ। ਜਿਨਾਂ ਵਿੱਚੋਂ 22 ਕੇਸ 140.33 ਲੱਖ ਦੇ ਪ੍ਰਵਾਨ ਹੋ ਚੁੱਕੇ ਸਨ ਅਤੇ ਉਨਾਂ ਵਿੱਚੋਂ 19 ਕੇਸ 106.16 ਲੱਖ ਦੀ ਸਬਸਿਡੀ ਰਲੀਜ਼ ਕੀਤੀ ਗਈ ਹੈ ਅਤੇ 16 ਕੇਸ 70.63 ਲੱਖ ਦੇ ਵਿਚਾਰ ਅਧੀਨ ਹਨ।ਉਨਾਂ ਨੇ ਅੱਗੇ ਇਹ ਵੀ ਦੱਸਿਆ ਕਿ ਬਗੈਰ ਕੋਈ ਖਾਸ ਵਜਾ ਕਰਕੇ ਰੱਦ ਹੋਈਆਂ ਦਰਖਾਸਤਾਂ ਦੀ ਜਾਂਚ ਪਡਤਾਲ ਕਰਕੇ ਪ੍ਰਵਾਨ ਕਰਨ ਦਾ ਸੁਝਾਅ ਦਿੱਤਾ ਤਾਂ ਕਿ ਕੇਂਦਰ ਸਰਕਾਰ ਵੱਲੋਂ ਦਿੱਤੇ ਟੀਚਿਆਂ ਦੀ ਪੂਰਤੀ ਕੀਤੀ ਜਾ ਸਕੇ ਅਤੇ ਇਸ ਸਕੀਮ ਦਾ ਫਾਈਦਾ ਜਮੀਨੀ ਪੱਧਰ ਤੇ ਪਹੁੰਚ ਸਕੇ।ਉਨਾਂ ਬੈਕਰਜ਼ ਨੂੰ ਵੀ ਬੇਨਤੀ ਕੀਤੀ ਕਿ ਅਗਲੇ ਵਿੱਤੀ ਸਾਲ 2022-23 ਵਿੱਚ ਜ਼ਿਲੇ ਦੇ ਬੈਂਕ ਮੈਨੇਜਰ ਆਪਣੀ ਪੱਧਰ ‘ਤੇ ਲੋੜਬੰਧ ਵਿਅਕਤੀਆਂ ਦੀ ਪਹਿਚਾਣ ਕਰਕੇ ਖਾਦੀ ਬੋਰਡ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਉਹ ਦਰਖਾਸਤਾਂ ਬੋਰਡ ਬੈਕਾਂ ਨੂੰ ਭੇਜੀਆਂ ਜਾ ਸਕਣ ਅਤੇ ਬੈਕ ਵੱਲੋਂ ਰੱਦ ਹੋਣ ਵਾਲੇ ਕੇਸਾਂ ਵਿੱਚ ਕਮੀ ਲਿਆਂਦੀ ਜਾ ਸਕੇ।
ਗਰੈਜੂਏਸ਼ਨ ਪਾਸ ਵਿਦਿਆਰਥੀਆਂ ਲਈ ਇੰਟਰਵਿਊ 25 ਮਾਰਚ ਨੂੰ
ਸੁਖਜਿੰਦਰ ਮਾਨ
ਬਠਿੰਡਾ, 24 ਮਾਰਚ: ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਅਤੇ ਕਾਰੋਬਾਰ ਮਿਸ਼ਨ ਅਧੀਨ ਨੌਜਵਾਨਾਂ ਨੂੰ ਰੋਜਗਾਰ ਦੇਣ ਅਤੇ ਸਵੈ-ਰੋਜਗ਼ਾਰ ਦੇ ਕਾਬਿਲ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਠਿੰਡਾ ਦੇ ਡਿਪਟੀ ਸੀ.ਈ.ਓ. ਸ਼੍ਰੀ ਤੀਰਥਪਾਲ ਸਿੰਘ ਨੇ ਦੱਸਿਆ ਕਿ ਭਾਰਤ ਦੀ ਸਿਰਕੱਢਵੀ ਐਜੂਕੇਸ਼ਨਲ ਕੰਪਨੀ ਬਾਏਜੂਸ ਵਿੱਚ ਬਠਿੰਡਾ ਦੇ ਵਿਦਿਆਰਥੀਆਂ ਨੂੰ ਕੰਮ ਕਰਨ ਦਾ ਸੁਨਹਿਰੀ ਮੌਕਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗਰੈਜੂਏਸ਼ਨ ਪਾਸ ਵਿਦਿਆਰਥੀ ਜਿਹਨਾਂ ਦੀ ਉਮਰ 18 ਤੋਂ 30 ਸਾਲ ਵਿਚਕਾਰ ਹੋਵੇ, ਉਹ 25 ਮਾਰਚ 2022 ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਸਿਵਲ ਲਾਇਨਜ ਨੇੜੇ ਚਿਲਡਰਨ ਪਾਰਕ ਬਠਿੰਡਾ ਵਿਖੇ ਸਵੇਰੇ 9.30 ਵਜੇ ਇੰਟਰਵਿਊ ਲਈ ਪਹੁੰਚ ਸਕਦੇ ਹਨ। ਪ੍ਰਾਰਥੀ ਆਪਣੇ ਨਾਲ ਬਾਇਓਡਾਟਾ ਅਤੇ ਆਪਣੇ ਜਰੂਰੀ ਦਸਤਾਵੇਜ ਲੈ ਕੇ ਆਉਣਾ ਯਕੀਨੀ ਬਣਾਉਣ। ਉਨ੍ਹਾਂ ਦੱਸਿਆ ਕਿ ਇੰਟਰਵਿਓ ਵਿੱਚ ਸਿਲਕਟ ਹੋਏ ਪ੍ਰਾਰਥੀਆਂ ਦੀ ਘੱਟੋ ਘੱਟ ਤਨਖਾਹ 25000/- ਰੁਪਏ ਪ੍ਰਤੀ ਮਹੀਨਾ ਤੋਂ ਸ਼ੁਰੂ ਹੋਵੇਗੀ।
ਹਰਮਨਪਾਲ ਸਿੰਘ ਰਿੰਕਾ ਸਰਵਸੰਮਤੀ ਨਾਲ ਬਣੇ ਸਬਜੀ ਮੰਡੀ ਆੜ੍ਹਤੀਆ ਐਸੋਸੀਏਸਨ ਦੇ ਪ੍ਰਧਾਨ
ਸੁਖਜਿੰਦਰ ਮਾਨ
ਬਠਿੰਡਾ, 24 ਮਾਰਚ: ਸਥਾਨਕ ਸਬਜੀ ਮੰਡੀ ਆੜ੍ਹਤੀਆ ਐਸੋਸਿਏਸ਼ਨ ਵੱਲੋਂ ਅੱਜ ਸਰਵਸੰਮਿਤੀ ਨਾਲ ਕੀਤੀ ਚੋਣ ਵਿਚ ਹਰਮਨਪਾਲ ਸਿੰਘ ਰਿੰਕਾ ਸਿੱਧੂ ਨੂੰ ਪ੍ਰਧਾਨ ਚੁਣ ਲਿਆ। ਇਸ ਮੌਕੇ ਨਵਨਿਯੁਕਤ ਪ੍ਰਧਾਨ ਰਿੰਕਾ ਸਿੱਧੂ ਨੇ ਸਬਜੀ ਮੰਡੀ ਦੇ ਸਾਰੇ ਆੜ੍ਹਤੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਸਬਜੀ ਮੰਡੀ ਦੇ ਆੜ੍ਹਤੀ ਭਰਾਵਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਐਸੋਸਿਏਸ਼ਨ ਦੁਆਰਾ ਦਿੱਤੀ ਗਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਸਬਜੀ ਮੰਡੀ ਦੇ ਸੁਧਾਰ ਲਈ ਅਹਿਮ ਕਦਮ ਉਠਾਉਣਗੇ। ਉਨ੍ਹਾਂ ਕਿਹਾ ਕਿ ਉਹ ਸਬਜੀ ਮੰਡੀ ਦੇ ਸੁਧਾਰਾਂ ਲਈ ਸਾਰਿਆਂ ਨੂੰ ਨਾਲ ਲੈ ਕੇ ਕੋਸ਼ਿਸ਼ਾਂ ਕਰਨਗੇ ਤੇ ਜੇਕਰ ਇਸਦੇ ਲਈ ਜਰੂਰਤ ਪਈ ਤਾਂ ਉਹ ਹਰ ਤਰ੍ਹਾਂ ਦੇ ਸੰਘਰਸ਼ ਨੂੰ ਵੀ ਤਿਆਰ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਆਗਾਮੀ ਦਿਨਾਂ ਵਿੱਚ ਉਨ੍ਹਾਂ ਵੱਲੋਂ ਸਬਜੀ ਮੰਡੀ ਦੇ ਆੜ੍ਹਤੀਆਂ ਨੂੰ ਆ ਰਹੀਆਂ ਸਮਸਿਆਵਾਂ ਬਾਰੇ ਜਾਣਕਾਰੀ ਇਕੱਤਰ ਕਰਕੇ ਉਕਤ ਸਮਸਿਆਵਾਂ ਦੇ ਸਮਾਧਾਨ ਲਈ ਜਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਨਾਲ ਤਾਲਮੇਲ ਸ਼ੁਰੂ ਕੀਤਾ ਜਾਵੇਗਾ। ਉਧਰ ਰਿੰਕਾ ਸਿੱਧੂ ਨੂੰ ਪ੍ਰਧਾਨ ਬਣਨ ’ਤੇ ਵਧਾਈਆਂ ਦਿੰਦੇ ਹੋਏ ਕੋਲਡ ਸਟੋਰੇਜ ਐਸੋਸੀਏਸਨ ਦੇ ਆਗੂ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੂੰ ਉਂਮੀਦ ਹੈ ਕਿ ਪ੍ਰਧਾਨ ਰਿੰਕਾ ਸਬਜੀ ਮੰਡੀ ਆੜ੍ਹਤੀਆ ਐਸੋਸੀਏਸਨ ਦੀ ਭਲਾਈ ਲਈ ਤਨਦੇਹੀ ਨਾਲ ਕੰਮ ਕਰਦੇ ਰਹਿਣਗੇ।
ਮੱਝਾਂ ਗਾਵਾਂ ਦਾ ਦੁੱਧ ਵਧਾਉਣ ਲਈ ਲਗਾਉਣ ਵਾਲੇ ਨਕਲੀ ਟੀਕੇ ਬਰਾਮਦ
ਸੁਖਜਿੰਦਰ ਮਾਨ
ਬਠਿੰਡਾ, 24 ਮਾਰਚ: ਸਥਾਨਕ ਪੁਲਿਸ ਨੇ ਪਿਛਲੇ ਲੰਮੇ ਸਮਂੇ ਤੋਂ ਬੈਨ ਕੀਤੇ ਹੋਏ ਮੱਝਾਂ ਤੇ ਗਾਵਾਂ ਦਾ ਦੁੱਧ ਵਧਾਉਣ ਲਈ ਵਰਤੇ ਜਾਣ ਵਾਲੇ ਆਕਸੀਟਾਸਨ ਦੇ ਨਾਂ ਹੇਠ ਨਕਲੀ ਟੀਕਿਆਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਇੰਨ੍ਹਾਂ ਨਕਲੀ ਟੀਕਿਆਂ ਨੂੰ ਤਿਆਰ ਕਰਵਾਉਣ ਵਾਲੇ ਗਿਰੋਹ ਦਾ ਸਰਗਨਾ ਸਥਾਨਕ ਸ਼ਹਿਰ ਦਾ ਹੀ ਇੱਕ ਡੇਅਰੀ ਸੰਚਾਲਕ ਹੈ। ਪੁਲਿਸ ਨੇ ਇਸ ਮਾਮਲੇ ਵਿਚ ਚਾਰ ਵਿਅਕਤੀਆਂ ਵਿਰੁਧ ਕੇਸ ਦਰਜ਼ ਕਰਦਿਆਂ ਦੋ ਜਣਿਆਂ ਨੂੰ ਗਿ੍ਰਫਤਾਰ ਕਰ ਲਿਆ ਹੈ। ਮੌਕੇ ਤੋਂ ਪੁਲਿਸ ਨੂੰ ਨਕਲੀ ਟੀਕਿਆਂ ਦੀਆਂ 130 ਸ਼ੀਸ਼ੀਆਂ ਵੀ ਬਰਾਮਦ ਹੋਈਆਂ ਹਨ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਥਰਮਲ ਦੇ ਏਐੱਸਆਈ ਵਿਸ਼ਨੂੰ ਦਾਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਗੁਰੂ ਨਾਨਕ ਨਗਰ ਸਥਿਤ ਇਕ ਫੈਕਟਰੀ ਵਿਚ ਇਹ ਛਾਪੇਮਾਰੀ ਕੀਤੀ ਗਈ ਸੀ। ਉਨ੍ਹਾਂ ਦਸਿਆ ਕਿ ਇੰਨ੍ਹਾਂ ਟੀਕਿਆਂ ਦਾ ਉਪਯੋਗ ਪਸ਼ੂਆਂ ਤੋਂ ਵੱਧ ਦੁੱਧ ਲੈਣ ਲਈ ਕੀਤਾ ਜਾਂਦਾ ਹੈ। ਉਨ੍ਹਾਂ ਦਸਿਆ ਕਿ ਫੈਕਟਰੀ ਵਿਚ ਛਾਪੇਮਾਰੀ ਦੌਰਾਨ ਕਥਿਤ ਦੋਸ਼ੀ ਰਾਜ ਕੁਮਾਰ ਯਾਦਵ ਤੇ ਅਕਸ਼ੈ ਕੁਮਾਰ ਵਾਸੀ ਗੁਰੂ ਨਾਨਕ ਨਗਰ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਪੁੱਛ ਪੜਤਾਲ ਦੌਰਾਨ ਇਹ ਪਤਾ ਲੱਗਿਆ ਹੈ ਕਿ ਇਹ ਫੈਟਰੀ ਪ੍ਰਸ਼ੋਤਮ ਦਾਸ ਵਾਸੀ ਪਰਸਰਾਮ ਨਗਰ ਨਾਂ ਦੇ ਵਿਅਕਤੀ ਹੈ, ਜਿਸਦੇ ਇਸ਼ਾਰੇ ’ਤੇ ਇਹ ਨਕਲੀ ਟੀਕੇ ਬਣਦੇ ਸਨ। ਇੱਥੇ ਦਸਣਾ ਬਣਦਾ ਹੈ ਕਿ ਕਰੀਬ ਚਾਰ ਸਾਲ ਪਹਿਲਾਂ ਵੀ ਸ਼ਹਿਰ ਦੇ ਪ੍ਰਤਾਪ ਨਗਰ ਇਲਾਕੇ ਵਿਚ ਇੰਨ੍ਹਾਂ ਨਕਲੀ ਟੀਕਿਆਂ ਦੀ ਇੱਕ ਵੱਡੀ ਖੇਪ ਫ਼ੜੀ ਗਈ ਸੀ। ਜਦੋਂਕਿ ਹਾਲੇ ਕੁੱਝ ਦਿਨ ਪਹਿਲਾਂ ਵੀ ਰੇਲਵੇ ਵਿਭਾਗ ਦੇ ਪਾਰਸਲ ਹਾਊਸ ‘ਚੋਂ ਬਿਹਾਰ ਤੋਂ ਇੰਨ੍ਹਾਂ ਪਾਬੰਦੀਸੁਦਾ ਟੀਕਿਆਂ ਦੀਆਂ ਆਈਆਂ 15 ਪੇਟੀਆਂ ਬਰਾਮਦ ਕੀਤੀਆਂ ਗਈਆਂ ਸਨ ਪ੍ਰੰਤੂ ਹਾਲੇ ਤੱਕ ਇਨ੍ਹਾਂ ਨੂੰ ਭੇਜਣ ਤੇ ਮੰਗਵਾਉਣ ਵਾਲਿਆਂ ਦਾ ਪੁਲਿਸ ਨੂੰ ਪਤਾ ਨਹੀਂ ਚੱਲ ਸਕਿਆ ਹੈ।






