ਸੁਖਜਿੰਦਰ ਮਾਨ
ਬਠਿੰਡਾ, 24 ਮਾਰਚ: ਬੀਤੀ ਦੇਰ ਸ਼ਾਮ ਸਥਾਨਕ ਸਿਵਲ ਹਸਪਤਾਲ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦ ਇੱਕ ਮਰੀਜ਼ ਦੇ ਨਾਲ ਆਏ ਨੌਜਵਾਨ ਨੇ ਖ਼ੁਦ ਨੂੰ ਆਮ ਆਦਮੀ ਪਾਰਟੀ ਦਾ ਵਲੰਟੀਅਰ ਦੱਸਦੇ ਹੋਏ ਐਮਰਜੈਂਸੀ ਡਿਊਟੀ ’ਤੇ ਤੈਨਾਤ ਡਾਕਟਰ ਉਪਰ ਰੋਹਬ ਝਾੜਣਾ ਸ਼ੁਰੂ ਕਰ ਦਿੱਤਾ। ਇਹ ਮਾਮਲਾ ਉਸ ਸਮੇਂ ਹੋਰ ਵੀ ਵਧ ਗਿਆ ਜਦ ਡਾਕਟਰਾਂ ਵਲੋਂ ਸਥਾਨਕ ਸ਼ਹਿਰ ਦੇ ਸੀਨੀਅਰ ਆਪ ਆਗੂਆਂ ਨੂੰ ਮੌਕੇ ’ਤੇ ਸੱਦ ਲਿਆ ਪ੍ਰੰਤੂ ਉਕਤ ਨੌਜਵਾਨ ਨੇ ਇੰਨ੍ਹਾਂ ਆਗੂਆਂ ਨੂੰ ਵੀ ਬੁਰਾ ਭਲਾ ਕਿਹਾ। ਜਿਸਤੋਂ ਬਾਅਦ ਮੌਕੇ ’ਤੇ ਪੁੱਜੀ ਪੁਲਿਸ ਟੀਮ ਨੇ ਇਸ ਨੌਜਵਾਨ ਨੂੰ ਹਿਰਾਸਤ ਵਿਚ ਲੈ ਲਿਆ। ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਉਕਤ ਨੌਜਵਾਨ, ਜਿਸਦੀ ਪਹਿਚਾਣ ਸਤਨਾਮ ਸਿੰਘ ਵਾਸੀ ਪਿੰਡ ਮਾਨਵਾਲਾ ਦੇ ਤੌਰ ’ਤੇ ਹੋਈ ਹੈ, ਵਿਰੁਧ ਡਾ ਸਾਹਿਲ ਗੁਪਤਾ ਦੀ ਸਿਕਾਇਤ ’ਤੇ ਧਾਰਾ 353, 186, 506 ਆਈ.ਪੀ.ਸੀ ਤਹਿਤ ਕੇਸ ਦਰਜ਼ ਕਰ ਲਿਆ ਗਿਆ ਹੈ। ਜ਼ਿਲ੍ਹਾ ਮੈਡੀਕਲ ਸਰਜਿਸ ਯੂਨੀਅਨ ਦੇ ਪ੍ਰਧਾਨ ਡਾ ਗੁਰਮੇਲ ਸਿੰਘ ਨੇ ਇਸ ਘਟਨਾ ਦੀ ਨਿੰਦਿਆਂ ਕਰਦਿਆਂ ਕਿਹਾ ਕਿ ਪੰਜਾਬ ਦੇ ਸਮੂਹ ਮੁਲਾਜਮ ਨੂੰ ਸੂਬੇ ’ਚ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਤੋਂ ਵੱਡੀਆਂ ਉਮੀਦਾਂ ਹਨ ਤੇ ਉਹ ਉਨ੍ਹਾਂ ਨਾਲ ਮੋਢਾ ਜੋੜ ਕੇ ਕੰਮ ਵੀ ਕਰ ਰਹੇ ਹਨ ਪ੍ਰੰਤੂ ਅਜਿਹੇ ਲੋਕਾਂ ਨੂੰ ਨੱਥ ਪਾਉਣੀ ਬਹੁਤ ਜਰੂਰੀ ਹੈ। ਡਾਕਟਰਾਂ ਨੇ ਦਸਿਆ ਕਿ ਉਕਤ ਨੌਵਜਾਨ ਅਪਣੇ ਨਾਲ ਇਕ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਨੂੰ ਲੈ ਕੇ ਸਿਵਲ ਹਸਤਪਾਲ ਆਇਆ ਸੀ ਇਸ ਦੌਰਾਨ ਇਲਾਜ ਨੂੰ ਲੈ ਕੇ ਉਸਨੇ ਡਾਕਟਰ ’ਤੇ ਰੋਹਬ ਮਾਰਨਾ ਸ਼ੁਰੂ ਕਰ ਦਿੱਤਾ। ਉਧਰ ਮੌਕੇ ’ਤੇ ਪੁੱਜੇ ਆਪ ਦੇ ਜ਼ਿਲ੍ਹਾ ਪ੍ਰਧਾਨ ਅੰਮਿ੍ਰਤ ਲਾਲ ਅਗਰਵਾਲ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਕੌਮੀ ਕਨਵੀਨਰ ਤੇ ਮੁੱਖ ਮੰਤਰੀ ਵਲੋਂ ਸਪੱਸ਼ਟ ਹਿਦਾਇਤਾਂ ਹਨ ਕਿ ਮੁਲਾਜਮਾਂ ਨੂੰ ਨਿਮਰਤਾ ਨਾਲ ਲੈ ਕੇ ਚੱਲਿਆ ਜਾਵੇ, ਜਿਸਦੇ ਚੱਲਦੇ ਉਕਤ ਨੌਜਵਾਨ ਨੂੰ ਸਮਝਾਉਣ ਦੀ ਕੋਸ਼ਿਸ ਕੀਤੀ ਪ੍ਰੰਤੂ ਉਸਨੇ ਉਨ੍ਹਾਂ ਨੂੰ ਵੀ ਬੁਰਾ ਭਲਾ ਕਿਹਾ।
ਸਿਵਲ ਹਸਪਤਾਲ ਦੇ ਡਾਕਟਰ ਨੂੰ ਧਮਕਾਉਣ ਵਾਲੇ ਆਪ ਵਲੰਟੀਅਰ ’ਤੇ ਪਰਚਾ ਦਰਜ਼
ਪੁਲਿਸ ਲਾਈਨ ਵਿਖੇ ਤੀਸਰੀ ਹੈਲਥ ਅਤੇ ਵੈਲਨੈੱਸ ਵਰਕਸ਼ਾਪ ਆਯੋਜਿਤ
ਸੁਖਜਿੰਦਰ ਮਾਨ
ਬਠਿੰਡਾ, 24 ਮਾਰਚ: ਸਥਾਨਕ ਪੁਲਿਸ ਲਾਈਨ ਵਿਖੇ ਹੈਲਥ ਅਤੇ ਵੈਲਨੈੱਸ ਪ੍ਰੋਗਰਾਮ ਅਧੀਨ ਤੀਸਰੀ ਵਰਕਸ਼ਾਪ ਹੈਲਥ ਅਤੇ ਨਿਊਟਰੇਸ਼ੀਨ ਵਿਸ਼ੇ ਤੇ ਸੀਨੀਅਰ ਮੈਡੀਕਲ ਅਫ਼ਸਰ ਪੁਲਿਸ ਹਸਪਤਾਲ ਬਠਿੰਡਾ ਡਾ.ਉਮੇਸ਼ ਗੁਪਤਾ ਦੀ ਅਗਵਾਈ ਹੇਠ ਕਰਵਾਈ ਗਈ। ਇਸ ਵਿੱਚ ਐਸ.ਐਸ.ਪੀ ਮੈਡਮ ਅਵਨੀਤ ਕੋਡਲ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਕਪਤਾਨ ਪੁਲਿਸ ਸਥਾਨਕ ਬਠਿੰਡਾ ਰਾਜਵੀਰ ਸਿੰਘ ਬੋਪਾਰਾਏ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਮਨੋਰੋਗ ਮਾਹਿਰ ਸਿਵਲ ਹਸਪਤਾਲ ਡਾ ਅਰੁਣ ਬਾਂਸਲ , ਡਾਈਟੀਸੀਅਨ ਦਿੱਲ ਹਾਰਟ ਡਾ.ਰੇਨੂਕਾ ਮਧੋਕ, ਰਾਧੇ ਸ਼ਾਮ ਬਾਂਸਲ ਨੇ ਆਏ ਹੋਏ ਪੁਿਲਸ ਮੁਲਾਜਮਾਂ ਨੂੰ ਸਰੀਰਿਕ ਅਤੇ ਮਾਨਸਿਕ ਤੌਰ ਤੇ ਫਿੱਟ ਰਹਿਣ ਲਈ ਨੁਕਤੇ ਸਾਂਝੇ ਕੀਤੇ। ਇਸ ਮੌਕੇ ਸਟੇਜ਼ ਦੀ ਕਾਰਵਾਈ ਫਾਰਮੇਸੀ ਅਫ਼ਸਰ ਪੁਲਿਸ ਹਸਪਤਾਲ ਬਠਿੰਡਾ ਸ੍ਰੀ ਸੁਖਮੰਦਰ ਸਿੰਘ ਸਿੱਧੂ ਵੱਲੋਂ ਚਲਾਈ ਗਈ। ਇਸ ਮੌਕੇ ਐਸ.ਐਸ.ਪੀ ਮੈਡਮ ਅਵਨੀਤ ਕੌਂਡਲ ਨੇ ਆਪਣੇ ਭਾਸ਼ਣ ਵਿੱਚ ਪੁਲਿਸ ਮੁਲਾਜਮਾਂ ਦੀ ਭਲਾਈ ਲਈ ਸ਼ੁਰੂ ਕੀਤੇ ਕੈਂਪਾਂ ਤੇ ਤਸੱਲੀ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਮਾਨਸਿਕ ਅਤੇ ਸਰੀਰਿਕ ਤੌਰ ਤੇ ਫਿੱਟ ਰਹਿਣ ਲਈ ਪ੍ਰੇਰਿਆ। ਉਨ੍ਹਾਂ ਭਵਿੱਖ ਵਿੱਚ ਅਜਿਹੇ ਹੋਰ ਪ੍ਰੋਗਰਾਮ ਮੁਲਾਜਮਾਂ ਦੀ ਭਲਾਈ ਲਈ ਚਾਲੂ ਰੱਖਣ ਤੇ ਜ਼ੋਰ ਦਿੱਤਾ।
ਬਾਬਾ ਫ਼ਰੀਦ ਕਾਲਜ ਦੇ ਐਨ.ਐਸ.ਐਸ. ਯੂਨਿਟ ਨੇ ‘ਵਿਸ਼ਵ ਜਲ ਦਿਵਸ’ ਦੇ ਸੰਬੰਧ ਵਿੱਚ ਇੱਕ ਜਾਗਰੂਕਤਾ ਰੈਲੀ ਕੱਢੀ
ਸੁਖਜਿੰਦਰ ਮਾਨ
ਬਠਿੰਡਾ, 24 ਮਾਰਚ: ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਬਾਬਾ ਫ਼ਰੀਦ ਕਾਲਜ ਦੇ ਐਨ.ਐਸ.ਐਸ. ਯੂਨਿਟ ਵੱਲੋਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਬਠਿੰਡਾ ਦੇ ਸਹਿਯੋਗ ਨਾਲ ‘ਵਿਸ਼ਵ ਜਲ ਦਿਵਸ’ ਦੇ ਸੰਬੰਧ ਵਿੱਚ ਇੱਕ ਜਾਗਰੂਕਤਾ ਰੈਲੀ ਕੱਢੀ ਗਈ । ਇਸ ਰੈਲੀ ਵਿੱਚ ਕਾਲਜ ਦੇ 83 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਰੈਲੀ ਨੂੰ ਸ੍ਰੀ ਨਵੀਨ ਗਡਵਾਲ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਬਠਿੰਡਾ, ਡਾ. ਪ੍ਰਦੀਪ ਕੌੜਾ, ਪ੍ਰਿੰਸੀਪਲ, ਬਾਬਾ ਫ਼ਰੀਦ ਕਾਲਜ ਅਤੇ ਡਾ. ਤਰੁਣ ਗੋਇਲ, ਡੀਨ, ਡਿਪਾਰਟਮੈਂਟ ਆਫ਼ ਐਗਰੀਕਲਚਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਨੇ ਸਾਰੇ ਵਲੰਟੀਅਰਾਂ ਨੂੰ ਪਾਣੀ ਦੀ ਸੰਭਾਲ ਸੰਬੰਧੀ ਜਾਗਰੂਕ ਕੀਤਾ ਅਤੇ ਪਾਣੀ ਦੀ ਵਰਤੋਂ ਸੁਚੱਜੇ ਢੰਗ ਨਾਲ ਕਰਨ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਚੰਗੇ ਉਪਰਾਲਿਆਂ ਵਿੱਚ ਨੌਜਵਾਨਾਂ ਨੂੰ ਵੱਧ ਚੜ੍ਹ ਕੇ ਉਤਸ਼ਾਹ ਨਾਲ ਅਤੇ ਸੱਚੇ ਦਿਲੋਂ ਕੰਮ ਕਰਨਾ ਚਾਹੀਦਾ ਹੈ। ਐਨ.ਐਸ.ਐਸ. ਕੋਆਰਡੀਨੇਟਰ ਸ਼੍ਰੀਮਤੀ ਸੁਖਜਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਵਿਸ਼ਵ ਜਲ ਦਿਵਸ ਦੀ ਮਹੱਤਤਾ ਅਤੇ ਇਤਿਹਾਸ ਬਾਰੇ ਜਾਣੂ ਕਰਵਾਇਆ ਅਤੇ ਉਨ੍ਹਾਂ ਨੂੰ ਪਾਣੀ ਦੀ ਸੁਚੱਜੀ ਸੰਭਾਲ ਬਾਰੇ ਪ੍ਰੇਰਿਤ ਕੀਤਾ। ਐਨ.ਐਸ.ਐਸ. ਵਲੰਟੀਅਰਾਂ ਅਤੇ ਵਿਦਿਆਰਥੀਆਂ ਨੇ ਇਸ ਦਿਨ ਦੇ ਮਹੱਤਵ ਬਾਰੇ ਸਿੱਖਿਆ ਅਤੇ ਪਾਣੀ ਦੀ ਸੰਭਾਲ ਬਾਰੇ ਅਹਿਦ ਲਿਆ। ਵਲੰਟੀਅਰਾਂ ਨੇ ਇਸ ਰੈਲੀ ਰਾਹੀਂ ਪਾਣੀ ਬਚਾਉਣ ਸੰਬੰਧੀ ਹੋਕਾ ਦੇਣ ਲਈ ਬੀ.ਐਫ.ਜੀ.ਆਈ. ਕੈਂਪਸ ਦੇ ਮੇਨ ਗੇਟ ਤੋਂ ਲੈ ਕੇ ਪੂਰੇ ਕੈਂਪਸ ਵਿੱਚ ਅਤੇ ਫਿਰ ਪਿੰਡ ਦਿਉਣ ਦਾ ਦੌਰਾ ਕੀਤਾ ਅਤੇ ਹੋਰਨਾਂ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੂੰ ਪਾਣੀ ਦੀ ਸੰਭਾਲ ਬਾਰੇ ਜਾਗਰੂਕ ਕੀਤਾ । ਵਿਦਿਆਰਥੀਆਂ ਨੇ ਪਾਣੀ ਦੀ ਸੰਭਾਲ ਅਤੇ ਪਾਣੀ ਦੀ ਮਹੱਤਤਾ ਬਾਰੇ ਸਲੋਗਨਾਂ ਦੀਆਂ ਤਖ਼ਤੀਆਂ ਫੜ ਕੇ ਨਾਅਰੇ ਵੀ ਲਗਾਏ। ਵਿਦਿਆਰਥੀ ਇਸ ਗਤੀਵਿਧੀ ਤੋਂ ਬਹੁਤ ਸੰਤੁਸ਼ਟ ਨਜ਼ਰ ਆਏ। ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਕੌੜਾ ਅਤੇ ਐਨ.ਐਸ.ਐਸ. ਕੋਆਰਡੀਨੇਟਰ ਸ਼੍ਰੀਮਤੀ ਸੁਖਜਿੰਦਰ ਕੌਰ ਨੇ ਮੁੱਖ ਮਹਿਮਾਨ ਸ੍ਰੀ ਨਵੀਨ ਗਡਵਾਲ,ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਬਠਿੰਡਾ ਦਾ ਵਿਸ਼ੇਸ਼ ਧੰਨਵਾਦ ਕੀਤਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਦੇ ਐਨ.ਐਸ.ਐਸ. ਯੂਨਿਟ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਗਰ ਧਰਤੀ ਤੇ ਪਾਣੀ ਹੈ ਤਾਂ ਹੀ ਜੀਵਨ ਸੰਭਵ ਹੈ।
ਸਿਹਤ ਵਿਭਾਗ ਵਲੋਂ ਵਿਸ਼ਵ ਟੀ.ਬੀ. ਦਿਵਸ ਮੌਕੇ ਸਮਾਗਮ ਦਾ ਆਯੋਜਨ
ਸੁਖਜਿੰਦਰ ਮਾਨ
ਬਠਿੰਡਾ, 24 ਮਾਰਚ: ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਬਲਵੰਤ ਸਿੰਘ ਦੀ ਦੇਖ ਰੇਖ ਹੇਠ ਵਿਸ਼ਵ ਟੀ.ਬੀ. ਦਿਵਸ ਦਾ ਸਮਾਗਮ ਟੀ.ਬੀ.ਹਸਪਤਾਲ ਵਿਖੇ ਅਯੋਜਿਤ ਕੀਤਾ ਗਿਆ । ਇਸ ਮੌਕੇ ਸਿਵਲ ਸਰਜਨ ਬਠਿੰੰਡਾ ਡਾ. ਬਲਵੰਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਟੀ.ਬੀ. ਦੀ ਬਿਮਾਰੀ ਮਾਈਕੋਬੈਕਟੀਰੀਅਮ ਟੁਬਰਕਲੋਸਿਸ ਨਾਮਕ ਬੈਕਟੀਰੀਆ ਕਾਰਣ ਫੈਲਦੀ ਹੈ ।ਟੀ.ਬੀ. ਕਈ ਪ੍ਰਕਾਰ ਦੀ ਹੋ ਸਕਦੀ ਹੈ ਜਿਵੇਂ ਕਿ ਫੇਫੜਿਆਂ ਦੀ ਟੀ.ਬੀ., ਦਿਮਾਗ,ਅੰਤੜੀਆਂ, ਹੱਡੀਆਂ ,ਜ਼ੋੜਾਂ ਦੀ ਟੀ.ਬੀ. ਅਤੇ ਔਰਤਾਂ ਵਿੱਚ ਬੱਚੇ ਦਾਨੀ ਦੀ ਟੀ.ਬੀ. ਵੀ ਹੋ ਸਕਦੀ ਹੈ । ਉਨ੍ਹਾਂ ਨਰਸਿੰਗ ਦੀਆਂ ਵਿਦਿਆਰਥਣਾਂ ਨੂੰ ਅਪੀਲ ਕੀਤੀ ਕਿ ਆਪਣੀ ਫੀਲਡ ਵਿਜ਼ਟ ਦੌਰਾਨ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ।ਇਸ ਮੌਕੇ ਜ਼ਿਲ੍ਹਾ ਟੀ.ਬੀ.ਅਫਸਰ ਡਾ. ਰੋਜ਼ੀ ਅਗਰਵਾਲ ਨੇ ਦੱਸਿਆ ਕਿ ਇਸ ਬਿਮਾਰੀ ਵਿੱਚ ਮਰੀਜ਼ ਦੀ ਕੌਂਸਲਿੰਗ ਬਹੁਤ ਜਰੂਰੀ ਹੈ ਤਾਂ ਜ਼ੋ ਮਰੀਜ਼ ਦਾ ਸਮੇਂ ਸਮੇਂ ਸਿਰ ਫਾਲੋਅੱਪ ਕੀਤਾ ਜਾ ਸਕੇ ।ਉਨ੍ਹਾਂ ਦੱਸਿਆ ਕਿ ਬਲਗਮ ਦੀ ਜਾਂਚ ਨਜ਼ਦੀਕ ਜਾਂਚ ਕੇਂਦਰ(ਡੀ.ਐਮ.ਸੀ.) ਵਿਖੇ ਮੁਫਤ ਕੀਤੀ ਜਾਂਦੀ ਹੈ ।ਸਾਰੇ ਹਸਪਤਾਲਾਂ ਵਿੱਚ ਟੀ.ਬੀ. ਦੀ ਦਵਾਈ ਮੁਫਤ ਦਿੱਤੀ ਜਾਂਦੀ ਹੈ ।, ਜ਼ਿਲ੍ਹਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦੋ ਹਫਤੇ ਤੋਂ ਜ਼ਿਆਦਾ ਖਾਂਸੀ, ਮਿੰਨਾ -ਮਿੰਨਾ ਬੁਖਾਰ, ਵਜ਼ਨ ਦਾ ਘੱਟ ਜਾਣਾ, ਭੁੱਖ ਨਾ ਲੱਗਣਾ ਅਤੇ ਰਾਤ ਨੂੰ ਤਰੇਲੀਆਂ ਔਣਾ ਅਤੇ ਥੁੱਕ ਵਿੱਚ ਖੂਨ ਆਉਣਾ ਟੀ.ਬੀ. ਦੇ ਮੁੱਖ ਲੱਛਣ ਹਨ ।ਉਨ੍ਹਾਂ ਕਿਹਾ ਕਿ ਜੇਕਰ ਆਪ ਦੇ ਆਲੇ-ਦੁਆਲੇ ਜਾਂ ਆਂਢ- ਗੁਆਂਢ ਅਜਿਹਾ ਮਰੀਜ਼ ਮਿਲਦਾ ਹੈ ਤਾ ਉਸਨੂੰ ਜਲਦੀ ਤੋਂ ਜਲਦੀ ਹਸਪਤਾਲ ਭੇਜਿਆ ਜਾਵੇ ਤਾਂ ਜ਼ੋ ਉਸ ਦਾ ਸਮੇਂ ਸਿਰ ਇਲਾਜ਼ ਚਾਲੂ ਕੀਤਾ ਜਾ ਸਕੇ । ਉਨ੍ਹਾ ਦੱਸਿਆ ਕਿ ਟੀ.ਬੀ. ਦੇ ਮਰੀਜ਼ ਨੂੰ ਰਿਚ ਡਾਈਟ ਲਈ ਸਰਕਾਰ ਵੱਲੋਂ 500/- ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਜਾਾਂਦੀ ਹੈ ਜ਼ਿਨ੍ਹਾ ਚਿਰ ਉਸ ਦਾ ਇਲਾਜ਼ ਚੱਲਦਾ ਹੈ । ਇਸ ਸਮੇਂ ਡਿਪਟੀ ਐਮ.ਈ.ਆਈ.ਓ. ਕੁਲਵੰਤ ਸਿੰਘ, ਬੀ.ਈ.ਈ. ਗਗਨਦੀਪ ਸਿੰਘ ਭੁੱਲਰ, ਪਵਨਜੀਤ ਕੌਰ,ਜ਼ਿਲ੍ਹਾ ਬੀ.ਸੀ.ਸੀ. ਕੁਆਰਡੀਨੇਟਰ ਨਰਿੰਦਰ ਕੁਮਾਰ, ਸ਼੍ਰੀ ਹਰੀਸ਼ ਕੁਮਾਰ ਐਸ.ਟੀ.ਐਸ. ਅਤੇ ਸਮੁੱਚਾ ਟੀ.ਵੀ. ਸਟਾਫ ,ਅਤੇ ਬਲਦੇਵ ਸਿੰਘ ਹਾਜ਼ਰ ਸਨ ।
ਸਾਹਿਤ ਸਭਿਆਚਾਰ ਮੰਚ ਦਾ ਸਾਲਾਨਾ ਸਨਮਾਨ ਸਮਾਰੋਹ ਯਾਦਗਾਰੀ ਹੋ ਨਿੱਬੜਿਆ
ਸੁਖਜਿੰਦਰ ਮਾਨ
ਬਠਿੰਡਾ, 24 ਮਾਰਚ: ਸਾਹਿਤ ਸਭਿਆਚਾਰ ਮੰਚ (ਰਜਿ.) ਬਠਿੰਡਾ ਵਲੋਂ ਕਰਵਾਇਆ ਗਿਆ ਸਾਲਾਨਾ ਸਨਮਾਨ ਸਮਾਰੋਹ ਯਾਦਗਾਰੀ ਹੋ ਨਿੱਬੜਿਆ। ਇਸ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ, ਅਧਿਆਪਕਾਂ, ਕਾਲਜ ਪ੍ਰੋਫੈਸਰਾਂ, ਵਿਦਿਆਰਥੀਆਂ ਆਦਿ ਦੀ ਹਾਜਰੀ ਵਿੱਚ ਦਿੱਲੀ ਜਨ ਅੰਦੋਲਨ ਨੂੰ ਸਮਰਪਿਤ ਪਰਵਾਜ -“ਜਿੱਤ ਦੇ ਜਸਨ“- ਰੀਲੀਜ ਕਰਨ ਬਾਅਦ, ਪੁਸਤਕ ਉੱਪਰ ਪ੍ਰਸਿੱਧ ਆਲੋਚਕ ਤੇ ਲੇਖਕ ਨਿਰੰਜਣ ਬੋਹਾ ਨੇ ਕਾਵਿਤਾਵਾਂ, ਗੀਤਾਂ, ਲੇਖਾਂ, ਰਿਪੋਰਟਾਂ ਕਹਾਣੀਆਂ ਆਦਿ ਦੀ ਸਮੀਖਿਆ ਕਰਦਾ ਪਰਚਾ ਪੜ੍ਹਿਆ ਜਿਸ ਉੱਪਰ ਸਾਹਿਤ ਦੀ ਜੀਵਨ ਵਿੱਚ ਭੂਮਿਕਾ ਬਾਰੇ ਪਰਵਾਜ ਮੈਗਜੀਨ ਦਾ ਸਥਾਨ ਨਿਸਚਿਤ ਕਰਦਿਆਂ, ਡਾ. ਕੁਲਦੀਪ ਸਿੰਘ ਦੀਪ ਨੇ ਵਿਦਵਤਾ ਭਰਪੂਰ ਸੰਵਾਦ ਰਚਾਇਆ। ਪੰਜਾਬੀ ਦੇ ਸਿਰਮੌਰ ਲੇਖਕ,ਆਲੋਚਕ ਅਤੇ ਸੰਪਾਦਕ ਡਾ. ਜੋਗਿੰਦਰ ਸਿੰਘ ਨਿਰਾਲਾ ਅਤੇ ਯੁਵਾ ਕਵੀ ਦਿਨੇਸ ਕੁਮਾਰ ਨੰਦੀ ਨੂੰ ਵਧੀਆ ਸਨਮਾਨ ਪੱਤਰ, ਲੋਈਆਂ ਅਤੇ ਤੁੱਛ ਜਿਹੀ 21-21 ਸੌ ਦੀ ਰਾਸੀ ਨਾਲ ਸਨਮਾਨਿਤ ਕੀਤਾ ਗਿਆ। ਡ. ਕੁਲਦੀਪ ਨੂੰ ਵੀ ਮੁੱਖ ਮਹਿਮਾਨ ਵਜੋਂ ਸਨਮਾਨਿਤ ਕੀਤਾ ਗਿਆ।ਪਿ੍ਰੰਸੀਪਲ ਸੁਰਜੀਤ ਸਿੰਘ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਪਰਸਾ ਨਾਵਲ ਨਾਇਕ ਸ੍ਰੀ ਸਿਰੀ ਰਾਮ ਭੁੱਚੋ ਕਲਾਂ ਦੇ ਪੋਤਰੇ ਦੇ ਸਹਿਯੋਗ ਬਲਕਿ ਅਗਵਾਈ ਹੇਠ ਸੈਂਕੜੇ ਸਰੋਤਿਆਂ-ਦਰਸਕਾਂ ਦੀ ਹਾਜਰੀ ਵਿੱਚ ਸਮਾਗਮ ਵਿਸਾਲ ਕਵੀ ਦਰਬਾਰ ਦਾ ਰੂਪ ਅਖਤਿਆਰ ਕਰ ਗਿਆ। ਕਵੀ ਦਰਬਾਰ ਵਿੱਚ ਰਜਿੰਦਰਾ ਕਾਲਜ ਦੇ ਵਿਦਿਆਰਥੀਆਂ ਸਤਿੰਦਰਪਾਲ ਸਿੰਘ, ਹਰਪ੍ਰੀਤ ਕੋਟਫਤਾ,ਅਕਵੀਰ ਕੌਰ, ਜਸਨਦੀਪ ਕੌਰ,ਮਨਜੋਤ ਕੌਰ,ਸੁਰਜੀਤ ਕੌਰ, ਅੰਮਿ੍ਰਤਪਾਲ ਸਿੰਘ,ਸੰਦੀਪ ਸਿੰਘ, ਕੁਲਵਿੰਦਰ ਸਿੰਘ,ਖੁਸਪ੍ਰੀਤ ਕੌਰ,ਕੋਮਲ,ਗਗਨਦੀਪ ਸਿੰਘ ਅਤੇ ਇੰਦਰਜੀਤ ਸਿੰਘ ਤੋਂ ਇਲਾਵਾ ਉੱਘੇ ਕਵੀਆਂ ਅਮਿ੍ਰਤਪਾਲ, ਅਮਰਜੀਤ ਜੀਤ, ਰਣਬੀਰ ਰਾਣਾ, ਆਤਮਾ ਰਾਮ ਰੰਜਨ, ਸੁਰਿੰਦਰ ਪ੍ਰੀਤ ਘਣੀਆਂ, ਹਰਦੇਵ ਹਮਦਰਦ, ਗੁਰਸੇਵਕ ਬੀੜ, ਰਾਜਿੰਦਰ ਸੌਂਕੀ, ਅਮਨ ਦਾਤੇਵਾਸ, ਪੋਰਿੰਦਰ ਸਿੰਗਲਾ, ਡਾ ਸੁਖਦੇਵ, ਦਵੀ ਸਿੱਧੂ, ਵੀਰਪਾਲ ਕੌਰ ਕਮਲ,ਹਰਦੀਪ ਬਾਵਾ ਨੇ ਹਾਜਰੀ ਲਵਾਈ।
ਐਸ.ਐਸ. ਡੀ. ਗਰਲਜ਼ ਵਿਖੇ ਸੁਤੰਤਰਤਾ ਸੈਨਾਨੀਆਂ ਦੀ ਯਾਦ ’ਚ ਸਮਾਗਮ ਦਾ ਆਯੋਜਨ
ਸੁਖਜਿੰਦਰ ਮਾਨ
ਬਠਿੰਡਾ, 24 ਮਾਰਚ: ਸਥਾਨਕ ਐਸ.ਐਸ. ਡੀ. ਗਰਲਜ਼ ਵਿਖੇ ਭਾਰਤ ਦੇ ਮਹਾਨ ਸੁਤੰਤਰਤਾ ਸੈਨਾਨੀ ਵੀਰ ਸਪੂਤ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨੂੰ ਜਾਨਣ ਅਤੇ ਅਪਣਾਉਣ ਲਈ ਇਤਿਹਾਸ ਅਤੇ ਰਾਜਨੀਤੀ ਸ਼ਾਸਤਰ ਐਸੋਸੀਏਸ਼ਨ ਦੁਆਰਾ ਪਿ੍ਰੰਸੀਪਲ ਡਾ. ਸਵਿਤਾ ਭਾਟੀਆ ਦੀ ਅਗਵਾਈ ਹੇਠ ਯਾਦ ਕਰੋ ਕੁਰਬਾਨੀ ਗਤੀਵਿਧੀ ਆਯੋਜਿਤ ਕੀਤੀ ਗਈ । ਇਸ ਦੌਰਾਨ ਵਿਦਿਆਰਥੀਆਂ ਨੇ ਸ਼ਹੀਦਾਂ ਪ੍ਰਤੀ ਭਾਵਨਾਵਾਂ ਨੂੰ ਪੋਸਟਰ, ਸਲੋਗਨ, ਸਪੀਚ, ਕਵਿਤਾ ਉਚਾਰਨ ਅਤੇ ਗੀਤ ਦੁਆਰਾ ਪ੍ਰਗਟ ਕੀਤਾ। ਜਿਸ ਤੋਂ ਪਤਾ ਲਗਦਾ ਹੈ ਕਿ ਅੱਜ ਵੀ ਸ਼ਹੀਦ ਭਗਤ ਸਿੰਘ ਦੇ ਕ੍ਰਾਂਤੀਕਾਰੀ ਵਿਚਾਰ ਲੋਕਾਂ ਦੇ ਦਿਲਾਂ ਵਿਚ ਜਿੰਦਾ ਹਨ ਅਤੇ ਉਹ ਯੁਵਾ ਵਰਗ ਲਈ ਪ੍ਰੇਰਨਾ ਦਾ ਸ੍ਰੋਤ ਹਨ । ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਵਸ ਤੇ ਆਯੋਜਿਤ ਇਸ ਗਤੀਵਿਧੀ ਵਿਚ 30 ਵਿਦਿਆਰਥੀਆਂ ਨੇ ਹਿੱਸਾ ਲਿਆ । ਪੋਸਟਰ ਬਣਾਉਣਾ ਅਤੇ ਸਲੋਗਨ ਲੇਖਨ ਦੀ ਜੱਜਮੈਂਟ ਡਾ. ਊਸ਼ਾ ਸ਼ਰਮਾ, ਡਾ. ਪੌਮੀ ਬਾਂਸਲ ਅਤੇ ਡਾ. ਤਰੂ ਮਿੱਤਲ ਵੱਲੋਂ ਕੀਤੀ ਗਈ ਜਿਸ ਵਿਚ ਖੁਸ਼ੀ ਜਿੰਦਲ ਅਤੇ ਵੰਸ਼ਿਕਾ ਸ਼ਰਮਾ (ਬੀ.ਏ ਭਾਗ-ਤੀਜਾ) ਨੇ ਸਲੋਗਨ ਲੇਖਨ ਵਿਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ, ਪੋਸਟਰ ਬਣਾਉਣ ਵਿਚ ਰਾਧਿਕਾ, ਖੁਸ਼ੀ ਜਿੰਦਲ, ਕੋਮਲ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ । ਅੰਤ ਇਸ ਆਜ਼ਾਦੀ ਦਿਵਸ ਤੇ ਦਿਕਸ਼ਾ ਕਪਿਲਾ ਨੇ ਗੀਤ ਦੁਆਰਾ ਆਪਣੇ ਵਿਚਾਰ ਪੇਸ਼ ਕੀਤੇ । ਡਾ. ਊਸ਼ਾ ਸ਼ਰਮਾ ਵੱਲੋਂ ਵੱਲੋਂ ਵੀ ਸ. ਭਗਤ ਸਿੰਘ ਦੇ ਵਿਚਾਰਾਂ ਤੇ ਚਾਨਣਾ ਪਾਇਆ । ਇਸ ਮੌਕੇ ਕਾਲਜ ਪ੍ਰਧਾਨ ਐਡਵੋਕੇਟ ਸ਼੍ਰੀ ਸੰਜੈ ਗੋਇਲ, ਸੀਨੀਅਰ ਉਪ ਪ੍ਰਧਾਨ ਪ੍ਰਮੋਦ ਮਹੇਸ਼ਵਰੀ, ਜਨਰਲ ਸਕੱਤਰ ਸ਼੍ਰੀ ਚੰਦਰ ਸ਼ੇਖਰ ਮਿੱਤਲ, ਵਿੱਟ ਦੇ ਸਕੱਤਰ ਸ਼੍ਰੀ ਵਿਕਾਸ ਗਰਗ, ਬੀ.ਐਡ ਕਾਲਜ ਦੇ ਸਕੱਤਰ ਸ਼੍ਰੀ ਸਤੀਸ਼ ਅਰੋੜਾ ਨੇ ਸ. ਭਗਤ ਸਿੰਘ ਦੇ ਮੁੱਲਾਂ ਅਤੇ ਸੋਚ ਦੇ ਪ੍ਰਤੀ ਜਾਗਰੂਕ ਰਹਿਣ ਲਈ ਪ੍ਰੇਰਿਤ ਕੀਤਾ ।
ਭਿ੍ਰਸ਼ਟਾਚਾਰ ਦੇ ਖਿਲਾਫ ਇਕ ਨਵੀਂ ਹਾਈ ਪਾਵਰ ਕਮੇਟੀ ਦਾ ਗਠਨ – ਮੁੱਖ ਮੰਤਰੀ
ਡਿਵੀਜਨ ਲੇਵਲ ‘ਤੇ ਹਰਿਆਣਾ ਵਿਜੀਲੈਂਸ ਦੀ 6 ਨਵੀਂ ਇਕਾਈਆਂ ਦਾ ਗਠਨ
ਮੁੱਖ ਮੰਤਰੀ ਨੇ ਲੈਪ ਨੈਸ਼ਨਲ ਟ੍ਰੇਜਰੀ ਕਹਾਣੀ ਦਾ ਉਦਾਹਰਣ ਦੇ ਕੇ ਦਿੱਤੀ ਸਿੱਖ
ਸੁਖਜਿੰਦਰ ਮਾਨ
ਚੰਡੀਗੜ੍ਹ, 24 ਮਾਰਚ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਲੈਪ ਨੈਸ਼ਨਲ ਟ੍ਰੇਜਰੀ ਕਹਾਣੀ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਜਿਵੇਂ ਚਾਣਕਅ ਨੇ ਆਪਣੇ ਨਿਜੀ ਕੰਮ ਦੇ ਲਈ ਕੌਮੀ ਸੰਪਦਾ ਦਾ ਇਸਤੇਮਾਲ ਨਾ ਕਰ ਕੇ ਨਿਜੀ ਸੰਪਦਾ ਦਾ ਇਸਤੇਮਾਲ ਕੀਤਾ, ਵੈਸੇ ਹੀ ਸਾਨੂੰ ਸਰਕਾਰੀ ਸੰਸਾਧਨਾਂ ਦੀ ਦੁਰਵਰਤੋ ਰੋਕਣ ਦੇ ਨਾਲ-ਨਾਲ ਚਰਿੱਤਰ ਨਿਰਮਾਣ ਕਰਨਾ ਹੋਵੇਗਾ। ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਭਿ੍ਰਸ਼ਟਾਚਾਰ ਦੇ ਖਿਲਾਫ ਇਕ ਨਵੀਂ ਹਾਈ ਪਾਵਰ ਕਮੇਟੀ ਦੇ ਗਠਨ ਅਤੇ ਵਿਚੀਲੈਂਸ ਦਾ ਡਿਵੀਜਨ ਲੇਵਲ ਤਕ ਵਿਸਤਾਰ ਕਰਨ ਦਾ ਵੀ ਐਲਾਨ ਕੀਤਾ। ਮੁੱਖ ਮੰਤਰੀ ਅੱਜ ਹਰਿਆਣਾ ਨਿਵਾਸ ਵਿਚ ਪੂਰੇ ਸੂਬੇ ਦੇ ਜਿਲ੍ਹਾ ਡਿਪਟੀ ਕਮਿਸ਼ਨਰ ਤੇ ਪੁਲਿਸ ਸੁਪਰਡੈਂਟਾਂ ਦੀ ਮੀਟਿੰਗ ਦੇ ਬਾਅਦ ਪ੍ਰੈਸ ਨੂੰ ਸੰਬੋਧਿਤ ਕਰ ਰਹੇ ਸਨ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਕੋਰੋਨਾ ਦੀ ਵਜ੍ਹਾ ਨਾਲ ਪੂਰੇ ਸੂਬੇ ਦੇ ਜਿਲ੍ਹਾ ਡਿਪਟੀ ਕਮਿਸ਼ਨਰਾਂ ਤੇ ਪੁਲਿਸ ਸੁਪਰਡੈਂਟਾਂ ਨਾਲ ਨਿਜੀ ਤੌਰ ‘ਤੇ ਕੋਈ ਮੀਟਿੰਗ ਨਹੀਂ ਹੋ ਪਾਈ ਸੀ। 2 ਸਾਲ ਦੇ ਬਾਅਦ ਇਹ ਮੀਟਿੰਗ ਆਯੋਜਿਤ ਕੀਤੀ ਗਈ ਹੈ। ਇਸ ਕੜੀ ਵਿਚ ਇਹ 16ਵੀਂ ਮੀਟਿੰਗ ਹੈ। ਇਸ ਵਿਚ ਮੁੱਖ ਰੂਪ ਨਾਲ ਹਾਲ ਹੀ ਵਿਚ ਪੇਸ਼ ਕੀਤੇ ਗਏ ਬਜਟ ਦੇ ਫੋਕਸ ਬਿੰਦੂਆਂ ‘ਤੇ ਚਰਚਾ ਕੀਤੀ ਗਈ। ਇਸ ਦੇ ਨਾਲ-ਨਾਲ ਭਿ੍ਰਸ਼ਟਾਚਾਰ ‘ਤੇ ਕਿਵੇਂ ਰੋਕ ਲਗਾਈ ਜਾਵੇ, ਇਸ ਵਿਸ਼ਾ ‘ਤੇ ਵੀ ਵਿਚਾਰ ਕੀਤਾ ਗਿਆ।
ਮੁੱਖ ਮੰਤਰੀ ਨੇ ਕਿਹਾ ਕਿ ਭਿ੍ਰਸ਼ਟਾਚਾਰ ‘ਤੇ ਰੋਕ ਦੇ ਲਈ ਹਰਿਆਣਾ ਸਟੇਟ ਵਿਜੀਲੈਂਸ ਬਿਊਰੋ ਦਾ ਵਿੇਂਦਰੀਕਰਣ ਕਰਦੇ ਹੋਏ ਦਡਵੀਜਨ ਲੇਵਲ ‘ਤੇ 6 ਸੁਤੰਤਰ ਇਕਾਈਆਂ ਗਠਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਡਿਵੀਜਨ ਲੇਵਲ ‘ਤੇ ਇੰਨ੍ਹਾ ਇਕਾਈਆਂ ਦੀ ਪ੍ਰੋਸੀਕਿਯੂਸ਼ਨ ਸੈਂਕਸ਼ਨ ਡਿਵੀਜਨਲ ਕਮਿਸ਼ਨਰ ਦੇ ਕੋਲ ਰਹੇਗੀ। ਇਸ ਇਕਾਈਆਂ ਦਾ ਮੁੱਖ ਕਾਰਜ ਗਰੁੱਪ ਬੀ, ਸੀ ਤੇ ਡੀ ਸ਼੍ਰੇਣੀ ਦੇ ਸਰਕਾਰੀ ਕਰਮਚਾਰੀਆਂ ਦੇ ਵਿਰੁੱਧ ਮਿਲੀ 1 ਕਰੋੜ ਰੁਪਏ ਰਕਮ ਤਕ ਦੀ ਸ਼ਿਕਾਇਤਾਂ ਦੀ ਜਾਂਚ ਕਰਨ ਦੀ ਜਿਮੇਵਾਰੀ ਹੋਵੇਗੀ। ਗਰੁੱਪ ਏ ਸ਼੍ਰੇਣੀ ਦੇ ਕਰਮਚਾਰੀਆਂ ਤੇ 1 ਕਰੋੜ ਤੋਂ ਵੱਧ ਰਕਮ ਦੀ ਸ਼ਿਕਾਇਤਾਂ ਦੀ ਜਾਂਚ ਸਟੇਟੇ ਵਿਜੀਲੇਂਸ ਬਿਊਰੋ ਪਹਿਲਾਂ ਦੀ ਤਰ੍ਹਾ ਕਰਦਾ ਰਹੇਗਾ। ਇਸ ਤੋਂ ਇਲਾਵਾ, ਵਿਜੀਲੈਂਸ ਵਿਭਾਗ ਵੱਲੋਂ ਵਧੀਕ ਜਿਲ੍ਹਾ ਡਿਪਟੀ ਕਮਿਸ਼ਨਰਾਂ ਦੀ ਅਗਵਾਈ ਹੇਠ ਪਹਿਲਾਂ ਹੀ ਜਿਲ੍ਹਾ ਵਿਜੀਲੈਂਸ ਟੀਮ ਕੰਮ ਕਰ ਰਹੀ ਹੈ। ਸਰਕਾਰ ਨੇ ਇੰਨ੍ਹਾਂ ਨੁੰ ਵੀ ਮਜਬੂਤ ਕੀਤਾ ਹੈ। ਪਿਛਲੇ 2 ਮਹੀਨਿਆਂਵਿਚ ਇੰਨ੍ਹਾ ਦੇ ਕੋਲ ਵੀ 98 ਸ਼ਿਕਾਇਤਾਂ ਆਈਆਂ ਹਨ, ਜਿਨ੍ਹਾਂ ਦੀ ਜਾਂਚ ਜਾਰੀ ਹੈ।
ਭਿ੍ਰਸ਼ਟਾਚਾਰ ਦੇ ਖਿਲਾਫ ਹਾਈ ਪਾਵਰ ਕਮੇਟੀ ਦਾ ਗਠਨ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਭਿ੍ਰਸ਼ਟਾਚਾਰ ‘ਤੇ ਹੋਰ ਵੱਧ ਪ੍ਰਭਾਵੀ ਢੰਗ ਨਾਲ ਰੋਕ ਲਗਾਉਣ ਲਈ ਸਰਕਾਰ ਨੇ ਪਹਿਲੀ ਵਾਰ ਹਾਈ ਪਾਵਰ ਕਮੇਟੀ ਦਾ ਗਠਨ ਕੀਤਾ ਹੈ। ਇਸ ਦੀ ਅਗਵਾਈ ਮੁੱਖ ਸਕੱਤਰ, ਹਰਿਆਣਾ ਕਰਣਗੇ। ਇਸ ਤੋਂ ਇਲਾਵਾ, ਇਸ ਵਿਚ ਮਾਲ ਵਿੱਤ ਕਮਿਸ਼ਨਰ, ਵਧੀਕ ਮੁੱਖ ਸਕੱਤਰ ਗ੍ਰਹਿ, ਪੁਲਿਸ ਡਾਇਰੈਕਟਰ ਜਨਰਲ, ਵਧੀਕ ਪੁਲਿਸ ਡਾਇਰੈਕਟਰ ਜਨਰਲ (ਸੀਆਈਡੀ) ਅਤੇ ਡਾਇਰੈਕਟਰ ਸਟੇਟ ਵਿਜੀਲੈਂਸ ਬਿਊਰੋ ਇਸ ਦੇ ਮੈਂਬਰ ਵਜੋ ਸ਼ਾਮਿਲ ਹੋਣਗੇ। ਭਿ੍ਰਸ਼ਟਾਚਾਰ ਦੀ ਸ਼ਿਕਾਇਤਾਂ ਦੇ ਹੱਲ ਜਲਦੀ ਤੋਂ ਜਲਦੀ ਕਰਨ ਲਈ ਇਸ ਕਮੇਟੀ ਦੀ ਹਰ ਮਹੀਨੇ ਮੀਟਿੰਗ ਹੋਵੇਗੀ।
ਮੁੱਖ ਮੰਤਰੀ ਨੇ ਚਾਣਕਅ ਦੀ ਕਹਾਣੀ ਦਾ ਊਦਾਹਰਣ ਦੇਖ ਕੇ ਦਿੱਤੀ ਸੀਖ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਚਰਿੱਤਰ ਨਿਰਮਾਣ ਦੇ ਲਈ ਚਾਣਕਅ ਨਾਲ ਜੁੜੀ ਲੈਂਪ ਨੈਸ਼ਨਲ ਟ੍ਰੇਜਰੀ ਕਿਹਾਣੀ ਦਾ ਉਦਾਹਰਣ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਕ ਵਾਰ ਚਾਣਕਅ ਲੈਂਪ ਦੀ ਰੋਸ਼ਨੀ ਵਿਚ ਸਰਕਾਰੀ ਕੰਮ ਕਰ ਰਹੇ ਸਨ। ਅਚਾਨਕ ਤੋਂ ਉਨ੍ਹਾਂ ਨਾਲ ਮਿਲਣ ਲਈ ਇਕ ਦੋਸਤ ਆ ਗਿਆ। ਚਾਣਕਅ ਨੇ ਉਨ੍ਹਾਂ ਨੂ ਰੁਕਣ ਲਈ ਕਿਹਾ, ਥੋੜੀ ਦੇ ਬਾਅਦ ਚਾਣਕਅ ਨੇ ਆਪਣਾ ਇਹ ਲੈਂਪ ਬੁਝਾ ਦਿੱਤਾ ਅਤੇ ਦੂਜਾ ਲੈਂਪ ਜਲਾ ਕੇ ਆਪਣੇ ਦੋਸਤ ਨਾਲ ਗਲਬਾਤ ਸ਼ੁਰੂ ਕਰ ਦਿੱਤੀ। ਇਹ ਦੇਖ ਦੋਸਤ ਨੇ ਲੈਂਪ ਬੁਝਾਉਣ ਦਾ ਕਾਰਣ ਪੁਛਿਆ, ਤਾਂ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਤੋਂ ਸਰਕਾਰੀ ਖਜਾਨੇ ਦੇ ਤੇਲ ਨਾਲ ਜਲ ਰਹੇ ਲੈਂਪ ਵਿਚ ਸਰਕਾਰੀ ਕੰਮ ਕਰ ਰਿਹਾ ਸੀ। ਹੁਣ ਤੁਹਾਡੇ ਨਾਲ ਮੇਰੀ ਮੁਲਾਕਾਤ ਨਿਜੀ ਹੈ, ਇਸ ਲਈ ਮੈਂ ਆਪਣਾ ਲੈਂਪ ਜਲਾਇਆ ਹੈ, ਜਿਸ ਵਿਚ ਮੇਰੇ ਨਿਜੀ ਖਜਾਨੇ ਤੋਂ ਖਰੀਦਿਆ ਗਿਆ ਤੇਲ ਇਸਤੇਮਾਲ ਹੋ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਸਾਨੂੰ ਅਜਿਹੇ ਕੌਮੀ ਚਰਿੱਤ ਦੀ ਜਰੂਰਤ ਹੈ, ਜਿਨ੍ਹਾਂ ਤੋਂ ਪੂਰਾ ਦੇਸ਼ ਪੇ੍ਰਰਣਾ ਲੈ ਸਕੇ।
ਕਰਮਚਾਰੀਆਂ ਦੇ ਲਈ ਵੱਖ ਤੋਂ ਮਨੁੰਖ ਸੰਸਾਧਨ ਵਿਭਾਗ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਰਕਾਰੀ ਕਰਮਚਾਰੀਆਂ ਦੇ ਅਸੀਂ ਇਕ ਨਵੇਂ ਵਿਭਾਗ ਮਨੁੱਖ ਸੰਸਾਧਨ (ਐਚਆਰ) ਦੇ ਗਠਨ ਕਰਨ ਦਾ ਵੀ ਫੈਸਲਾ ਕੀਤਾ ਹੈ। ਇਸ ਵਿਭਾਗ ਦੇ ਤਹਿਤ ਕਰਮਚਾਰੀਆਂ ਨਾਲ ਜੁੜਿਆ ਰਿਕਾਰਡ, ਉਨ੍ਹਾਂ ਦੀ ਟ੍ਰਾਂਸਫਰ, ਉਨ੍ਹਾਂ ਦੇ ਉੱਪਰ ਚੱਲ ਰਹੇ ਮਾਮਲੇ ਤੇ ਸੇਵਾਮੁਕਤੀ ਦੇ ਬਾਅਦ ਪੈਂਸ਼ਨ ਨਾਲ ਜੁੜੇ ਮਾਮਲੇ ਰਹਿਣਗੇ। ਇਹ ਵਿਭਾਗ ਖੁਦ ਮੁੱਖ ਮੰਤਰੀ ਦੇ ਕੋਲ ਰਹੇਗਾ। ਫਿਲਹਾਲ ਇਸ ਦੇ ਸਕੱਤਰ ਆਈਏਅੇਸ ਚੰਦਰਸ਼ੇਖਰ ਖਰੇ ਨੂੰ ਬਣਾਇਆ ਗਿਆ ਹੈ।
ਭਿ੍ਰਸ਼ਟਾਚਾਰ ‘ਤੇ ਰੋਕ ਲਈ ਸਜਾ, ਸੁਧਾਰਾਤਮਕ ਅਤੇ ਚਰਿੱਤਰ ਨਿਰਮਾਣ ‘ਤੇ ਧਿਆਨ
ਮੁੱਖ ਮੰਤਰੀ ਨੇ ਕਿਹਾ ਕਿ ਭਿ੍ਰਸ਼ਟਾਚਾਰ ‘ਤੇ ਰੋਕ ਲਗਾਉਣ ਲਈ ਸਜਾ, ਸੁਧਾਰਾਤਮਕ ਅਤੇ ਚਰਿੱਤਰ ਨਿਰਮਾਣ ‘ਤੇ ਧਿਆਨ ਦਿੱਤਾ ਜਾ ਰਿਹਾ ਹੈ। ਭਿ੍ਰਸ਼ਟਾਚਾਰ ਅੱਜ ਡੁੰਘਾਈ ਤਕ ਜਾ ਚੁੱਕਾ ਹੈ, ਪਹਿਲਾਂ ਲੋਕ ਇਸ ਨੂੰ ਉਜਾਗਰ ਨਹੀਂ ਕਰਦੇ ਸਨ ਪਰ ਅਸੀਂਂ ਇਸ ਨੂੰ ਫੜਨ ਦਾ ਕਮ ਕੀਤਾ ਹੈ। ਸਰਕਾਰ ਦਾ ਮੁੱਖ ਟੀਚਾ ਹੈ ਕਿ ਭਿ੍ਰਸ਼ਟਾਚਾਰ ਕਰਨ ਵਾਲਿਆਂ ਦੇ ਮਨ ਵਿਚ ਡਰ ਦਾ ਮਾਹੌਲ ਬਣੇ। ਇਸ ਦੇ ਲਈ ਸਰਕਾਰ ਨੇ ਆਨਲਾਇਨ ਸਿਸਟਮ ਤਿਆਰ ਕੀਤਾ ਹੈ।
30 ਮਾਰਚ ਤੋਂ ਲੋਨ ਦੇਣ ਦਾ ਪੜਾਅ ਹੋਵੇਗਾ ਸ਼ੁਰੂ
ਮੁੱਖ ਮੰਤਰੀ ਨੇ ਕਿਹਾ ਕਿ 1 ਲੱਖ ਤੋਂ ਘੱਟ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦੀ ਆਮਦਨ ਵਧਾਉਣ ਲਈ ਸ਼ੁਰੂ ਕੀਤੇ ਗਏ ਅੰਤੋਂਦੇਯ ਰੁਜਗਾਰ ਮੇਲਿਆਂ ਦੇ 2 ਪੜਾਅ ਪੂਰੇ ਹੋ ਚੁੱਕੇ ਹਨ। ਇਨ੍ਹਾਂ ਦੇ ਲਾਭਪਾਤਰਾਂ ਨੂੰ 30 ਮਾਰਚ ਤੋਂ ਲੋਨ ਦੇਣ ਦਾ ਪੜਾਅ ਸ਼ੁਰੂ ਹੋਵੇਗਾ। ਹੁਣ ਤਕ 1 ਲੱਖ 42 ਹਜਾਰ ਪਰਿਵਾਰ ਇੰਨ੍ਹਾ ਮੇਲਿਆਂ ਵਿਚ ਪਹੁੰਚੇ ਹਨ, ਜਿਨ੍ਹਾ ਵਿੱਚੋਂ 82 ਹਜਾਰ ਪਰਿਵਾਰਾਂ ਦੇ ਬਿਨੈ ਤਸਦੀਕ ਕੀਤੇ ਗਏ ਹਨ। ਭਵਿੱਖ ਵਿਚ ਵੀ ਇਹ ਪ੍ਰਕਿ੍ਰਆ ਇਸੀ ਤਰ੍ਹਾ ਜਾਰੀ ਰਹੇਗੀ। ਅੰਤੋਂਦੇਯ ਮੇਲਿਆਂ ਦਾ ਮਈ ਵਿਚ ਤੀਜਾ ਪੜਾਅ ਸ਼ੁਰੂ ਹੋਵੇਗਾ।
ਵਾਰਡ 8 ਦੇ ਪਾਰਕ ਨੰ 39 ਨੇੜੇ ਹੁੱਲੜਬਾਜਾਂ ਦੀ ਗੁੰਡਾਗਰਦੀ ਰੋਕਣ ਲਈ ਸ਼ਹਿਰੀਆਂ ਨੇ ਦਿੱਤਾ ਮੰਗ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 24 ਮਾਰਚ : ਸਥਾਨਕ ਸ਼ਹਿਰ ਦੇ ਵਾਰਡ 8 ਦੇ ਨਿਵਾਸੀਆਂ ਨੇ ਅੱਜ ਸਥਾਨਕ ਵਿਧਾਇਕ ਜਗਰੂਪ ਸਿੰਘ ਗਿੱਲ ਨੂੰ ਸੱਦ ਕੇ ਪਾਰਕ ਨੰਬਰ 39 ਚ ਹੁਲ੍ਹੜਬਾਜ ਰੋਕਣ ਲਈ ਮੰਗ ਪੱਤਰ ਦਿੱਤਾ। ਨਾਗਰਿਕ ਚੇਤਨਾ ਮੰਚ ਦੇ ਆਗੂ ਪਿ੍ਰੰਸੀਪਲ ਬੱਗਾ ਸਿੰਘ ਤੇ ਡਾ ਅਜੀਤ ਪਾਲ ਸਿੰਘ ਆਦਿ ਨੇ ਦਸਿਆ ਿਕ ਇੱਥੇ ਵੱਡੇ ਘਰਾਂ ਦੇ ਕੁਝ ਕਾਕਿਆਂ ਦੀ ਸ਼ਰੇਆਮ ਗੁੰਡਾਗਰਦੀ ਨੂੰ ਰੁਕਵਾਉਣ ਲਈ ਐਸ ਐਸ ਪੀ ਬਠਿੰਡਾ ਨੂੰ ਸਿਕਾਇਤ ਦਿੱਤੀ ਗਈ ਸੀ ਪ੍ਰੰਤੂ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇੱਥੇ ਲੜਕੀਆਂ ਨੂੰ ਵਿਸ਼ੇਸ਼ ਤੌਰ ਤੇ ਜਿਣਸੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਤੋਂ ਇਲਾਵਾ ਪਿਛਲੇ ਦਿਨੀਂ ਕੁਝ ਲੜਕਿਆਂ ਨੇ ਪਾਰਕ ਵਿੱਚ ਬਜੁਰਗਾਂ ਦੇ ਸਾਹਮਣੇ ਹੀ ਲੜਕੀਆਂ ਦਾ ਰਾਹ ਰੋਕ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਦੀ ਕੋਸਿਸ ਕੀਤੀ। ਜਦ ਉਹਨਾਂ ਨੂੰ ਰੋਕਿਆ ਗਿਆ ਉਨ੍ਹਾਂ ਨੇ ਬਜੁਰਗਾਂ ਦੀ ਵੀ ਰੱਜ ਕੇ ਬੇਇੱਜ਼ਤੀ ਕੀਤੀ,ਜਿਸ ਕਰਕੇ ਪੁਲਿਸ ਬੁਲਾਉਣੀ ਪਈ ਅਤੇ ਫਿਰ ਉਨ੍ਹਾਂ ਨੂੰ ਥਾਣੇ ਲਿਜਾਇਆ ਗਿਆ। ਇਹ ਵਰਤਾਰਾ ਰੋਜ਼ ਵਾਪਰਦਾ ਹੈ,ਕਿਉਂਕਿ ਇਹ ਇਲਾਕਾ ਅਜੀਤ ਰੋਡ ਤੇ ਆਸਪਾਸ ਪੈਂਦਾ ਹੈ, ਜਿਥੇ ਵੱਡੀ ਗਿਣਤੀ ਚ ਆਈਲੈਟਸ ਸੈਂਟਰ ਹਨ। ਮੁਹੱਲਾ ਵਾਸੀਆਂ ਮੁਤਾਬਕ ਇੱਥੇ ਆਈਲੈਟਸ ਸੈਂਟਰਾਂ ਵਿਚ ਪੜ੍ਹਦੇ ਵਿਦਿਆਰਥੀ ਬੁਲਟ ਮੋਟਰਸਾਈਕਲਾਂ ਅਤੇ ਖੁੱਲ੍ਹੀਆਂ ਜੀਪਾਂ/ਜੌਗਿਆਂ ਤੇ ਚੜ੍ਹ ਕੇ ਗਲੀਆਂ ਚ ਘੁੰਮਦੇ, ਉਚੀ ਆਵਾਜ ਚ ਪਟਾਖੇ ਪਾਉਂਦੇ ਅਤੇ ਛੇੜਖਾਨੀਆਂ ਕਰਦੇ ਹਨ। ਜਿਸ ਕਾਰਨ ਮੁਹੱਲੇ ਦੇ ਘਰਾਂ ਦੀਆਂ ਔਰਤਾਂ ਅਤੇ ਲੜਕੀਆਂ ਨੂੰ ਗਲੀਆਂ ਵਿੱਚੋਂ ਦੀ ਲੰਘਣ ਅਤੇ ਪਾਰਕ ਵਿੱਚ ਸੈਰ ਕਰਨ ਤੋਂ ਡਰ ਲੱਗਦਾ ਹੈ ਕਿਉਂਕਿ ਇਹਨਾਂ ਲੜਕਿਆਂ ਤੇ ਕਿਸੇ ਦਾ ਕੋਈ ਕੰਟਰੋਲ ਨਹੀਂ। ਕੁਝ ਅਰਸਾ ਪਹਿਲਾਂ ਤਾਂ ਅਜੀਤ ਰੋਡ ਦੀ ਗਲੀ ਨੰਬਰ ਤਿੱਨ-ਚਾਰ ਦੇ ਵਿਚ ਫਾਇਰਿੰਗ ਤੱਕ ਵੀ ਹੋਈ ਤੇ ਕਤਲ ਵੀ ਹੋਏ । ਉਨ੍ਹਾਂ ਇੱਥੇ ਗ਼ੈਰ ਸਮਾਜੀ ਅਨਸਰਾਂ ਨੂੰ ਨੱਥ ਪਾਉਣ ਲਈ ਪੁਲਸ ਪ੍ਰਸ਼ਾਸਨ ਵੱਲੋਂ ਵਿਆਪਕ ਪੱਧਰ ਤੇ ਚੈਕਿੰਗ ਦੀ ਮੰਗ ਕਰਦਿਆਂ ਗੈਰ-ਕਾਨੂੰਨੀ ਵਾਹਨਾਂ ਦੇ ਚਲਾਨ ਕੱਟੇ ਜਾਣ ਅਤੇ ਗੈਰ-ਕਨੂੰਨੀ ਅਨਸਰਾਂ ਨੂੰ ਥਾਣੇ ਡੱਕਿਆ ਜਾਵੇ ਤਾਂ ਕਿ ਲੋਕ ਆਰਾਮ ਨਾਲ ਜਿੰਦਗੀ ਬਸਰ ਕਰਨ ਅਤੇ ਪਾਰਕ ਵਿੱਚ ਸੈਰ ਵੀ ਕਰ ਸਕਣ।
ਸ਼੍ਰੋਮਣੀ ਅਕਾਲੀ ਦਲ ਵਿੱਚ ਵੱਡੀਆਂ ਤਬਦੀਲੀਆਂ ਕਰਨ ਲਈ ਉਚ ਪੱਧਰੀ ਕਮੇਟੀ ਦਾ ਗਠਨ
ਸੁਖਜਿੰਦਰ ਮਾਨ
ਚੰਡੀਗੜ੍ਹ, 24 ਮਾਰਚ: ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਮੱਦੇਨਜ਼ਰ ਪਾਰਟੀ ਦੀ ਕਾਰਜਸ਼ੈਲੀ, ਜਥੇਬੰਦਕ ਢਾਂਚਾ, ਪਾਰਟੀ ਨੂੰ ਸਿਧਾਂਤਕ ਲੀਹਾਂ ਤੇ ਲਿਆਉਣ, ਪਾਰਟੀ ਦੀਆਂ ਨੀਤੀਆਂ ਵਿੱਚ ਵੱਡੀਆਂ ਤਬਦੀਲੀਆਂ ਕਰਨ ਅਤੇ ਪਿੰਡ ਪੱਧਰ ਤੱਕ ਪਾਰਟੀ ਵਿੱਚ ਨਵੀਂ ਰੂਹ ਫੂਕਣ ਲਈ ਇੱਕ 16 ਮੈਂਬਰੀ ਉਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਇਹ ਐਲਾਨ ਪਾਰਟੀ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਚੰਡੀਗੜ੍ਹ ਵਿੱਚ ਕੀਤਾ। ਕਮੇਟੀ ਵਿੱਚ ਜਿਹਨਾਂ ਮੈਂਬਰ ਨੂੰ ਸ਼ਾਮਲ ਕੀਤਾ ਗਿਆ ਹੈ ਉਹਨਾਂ ਵਿੱਚ ਸ. ਬਲਵਿੰਦਰ ਸਿੰਘ ਭੂੰਦੜ, ਸ.ਚਰਨਜੀਤ ਸਿੰਘ ਅਟਵਾਲ, ਬੀਬੀ ਜਗੀਰ ਕੌਰ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸ. ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ, ਸ. ਸਿਕੰਦਰ ਸਿੰਘ ਮਲੂਕਾ, ਸ.ਹੀਰਾ ਸਿੰਘ ਗਾਬੜੀਆ, ਸ. ਗੁਲਜਾਰ ਸਿੰਘ ਰਾਣੀਕੇ, ਸ. ਸ਼ਰਨਜੀਤ ਸਿੰਘ ਢਿੱਲੋਂ, ਸ. ਜਨਮੇਜਾ ਸਿੰਘ ਸੇਖੋ, ਸੁਰਜੀਤ ਸਿੰਘ ਰੱਖੜਾ, ਵਿਧਾਇਕ ਦਲ ਦੇ ਨੇਤਾ ਸਰਦਾਰ ਮਨਪ੍ਰੀਤ ਸਿੰਘ ਇਆਲੀ, ਚੀਫ ਵਿਪ੍ਹ ਡਾ. ਸੁਖਵਿੰਦਰ ਕੁਮਾਰ ਸੁੱਖੀ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਅਤੇ ਐਸ ਓ ਆਈ ਦੇ ਪ੍ਰਧਾਨ ਸਰਦਾਰ ਰੋਬਿਨ ਬਰਾੜ ਸ਼ਾਮਲ ਹਨ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਹਿਲਾਂ ਵਿਧਾਨ ਸਭਾ ਚੋਣਾਂ ਦੇ ਸਬੰਧ ਵਿੱਚ ਪਹਿਲਾਂ ਕੋਰ ਕਮੇਟੀ ਵਿੱਚ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ, ਫਿਰ ਜਿਲਾ ਜਥੇਦਾਰ ਸਹਿਬਾਨ, ਪਾਰਟੀ ਦੇ ਸਾਰੇ ਉਮੀਦਵਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰਾਂ, ਯੂਥ ਵਿੰਗ ਅਤੇ ਐਸ.ਓ.ਆਈ ਦੇ ਅਹੁਦੇਦਾਰਾਂ ਆਦਿ ਨਾਲ ਵਿਸਥਾਰ ਨਾਲ ਮੀਟਿੰਗਾਂ ਕੀਤੀਆਂ ਗਈਆਂ। ਇਹਨਾਂ ਮੀਟਿੰਗਾਂ ਵਿੱਚ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਪਾਰਟੀ ਵਿੱਚ ਸਮੇ ਦੇ ਅਨੁਸਾਰ ਵੱਡੀਆਂ ਤਬਦੀਲੀਆਂ ਕਰਨ ਅਤੇ ਸਾਰੇ ਮਸਲੇ ਦੀ ਘੋਖ ਕਰਨ ਲਈ ਉਚ ਪੱਧਰੀ ਕਮੇਟੀ ਬਣਾਈ ਜਾਵੇ। ਇਹ ਕਮੇਟੀ ਹਰ ਪੱਧਰ ਤੇ ਤਾਲਮੇਲ ਕਰਕੇ ਵਿਸਥਾਰਤ ਰਿਪੋਰਟ ਪਾਰਟੀ ਦੀ ਕੋਰ ਕਮੇਟੀ ਨੂੰ ਸੌਂਪੇਗੀ ਜਿੱਥੇ ਕਮੇਟੀ ਦੀ ਰਾਏ ਅਨੁਸਾਰ ਵੱਡੇ ਫੈਸਲੇ ਲਏ ਜਾਣਗੇ।
ਫਰਵਰੀ ਮਹੀਨੇ ਦੀ ਤਨਖ਼ਾਹ ਉਡੀਕਦੇ ਅਧਿਆਪਕਾਂ ਨੇ ਸਰਕਾਰ ਵਿਰੁੱਧ ਕੀਤਾ ਪ੍ਰਦਰਸ਼ਨ
ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੁੱਖ ਮੰਤਰੀ ਦੇ ਨਾਂ ਭੇਜਿਆ ਮੰਗ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 24 ਮਾਰਚ : ਪੰਜਾਬ ਸਰਕਾਰ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਪ੍ਰਾਇਮਰੀ ਅਧਿਆਪਕਾਂ (ਸੀ ਐਚ ਟੀ /ਐਚ ਟੀ ਅਤੇ ਈਟੀਟੀ) ਨੂੰ ਮਾਰਚ ਮਹੀਨਾ ਖਤਮ ਹੋਣ ਤੱਕ ਵੀ ਫਰਵਰੀ ਮਹੀਨੇ ਦੀ ਤਨਖਾਹ ਨਸੀਬ ਨਹੀਂ ਹੋਈ। ਤਨਖ਼ਾਹ ਉਡੀਕੇ ਹੋਏ ਅਧਿਆਪਕਾਂ ਨੇ ਅੱਜ ਡੀ.ਟੀ. ਐੱਫ. ਜਥੇਬੰਦੀ ਦੀ ਅਗਵਾਈ ਹੇਠ ਸਥਾਨਕ ਪ੍ਰਬੰਧਕੀ ਕੰਪਲੈਕਸ ਅੱਗੇ ਰੋਸ਼ ਪ੍ਰਦਰਸ਼ਨ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ। ਜਥੇਬੰਦੀ ਦੇ ਆਗੂਆਂ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ, ਸਕੱਤਰ ਬਲਜਿੰਦਰ ਸਿੰਘ ਅਤੇ ਵਿੱਤ ਸਕੱਤਰ ਅਨਿਲ ਭੱਟ ਨੇ ਇਸ ਮੌਕੇ ਦੱਸਿਆ ਕਿ ਹਰ ਸਾਲ ਅਧਿਆਪਕਾਂ ਨੂੰ ਫਰਵਰੀ ਮਹੀਨੇ ਦੀ ਤਨਖਾਹ ਲਈ ਸੰਘਰਸ਼ ਕਰਨਾ ਪੈਂਦਾ ਹੈ । ਸਾਲ 2022 ਫਰਵਰੀ ਮਹੀਨੇ ਦੀ ਤਨਖ਼ਾਹ ਲੈਣ ਲਈ ਡੀ.ਟੀ. ਐੱਫ. ਵੱਲੋਂ 17 ਮਾਰਚ ਨੂੰ ਜ਼ਿਲ੍ਹਾ ਪੱਧਰੀ ਧਰਨਾ ਮਿੰਨੀ ਸਕੱਤਰੇਤ ਬਠਿੰਡਾ ਅੱਗੇ ਦੇ ਕੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਗਈ ਸੀ ਪ੍ਰੰਤੂ ਸਰਕਾਰ ਵੱਲੋਂ ਅਧਿਆਪਕਾਂ ਦੀ ਤਨਖ਼ਾਹ ਨੂੰ ਅਣਗੌਲਿਆ ਕੀਤਾ ਹੋਇਆ ਹੈ ।ਡੈਮੋਕਰੈਟਿਕ ਟੀਚਰ ਫਰੰਟ ਪੰਜਾਬ ਦੇ ਸੱਦੇ ਉਪਰ ਅੱਜ ਹੋਰਨਾ ਜ਼ਿਲ੍ਹਿਆਂ ਵਾਂਗ ਬਠਿੰਡਾ ਜ਼ਿਲ੍ਹੇ ਵਿੱਚ ਵੀ ਅਧਿਆਪਕਾਂ ਨੇ ਟੀਚਰਜ਼ ਹੋਮ ਵਿਖੇ ਇਕੱਤਰਤਾ ਕਰ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।ਉਸ ਤੋਂ ਬਾਅਦ ਮਿੰਨੀ ਸਕੱਤਰੇਤ ਵਿਖੇ ਡਿਪਟੀ ਕਮਿਸ਼ਨਰ ਨੂੰ ਜਥੇਬੰਦੀ ਦਾ ਵੱਡਾ ਵਫਦ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂ ਮੰਗ ਪੱਤਰ ਦੇ ਕੇ ਅਧਿਆਪਕਾਂ ਦੀ ਫਰਵਰੀ ਮਹੀਨੇ ਦੀ ਤਨਖਾਹ ਜਾਰੀ ਕਰਨ ਲਈ ਬਜਟ ਦੀ ਮੰਗ ਕੀਤੀ । ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਨੇ ਤੁਰੰਤ ਪੰਜਾਬ ਵਿੱਤ ਸਕੱਤਰ ਕੇ ਪੀ. ਐੱਸ. ਸਿਨਹਾ ਨੂੰ ਜਥੇਬੰਦੀ ਦੀ ਤਨਖਾਹ ਦੀ ਮੰਗ ਸਬੰਧੀ ਉਨ੍ਹਾਂ ਨਾਲ ਸੰਪਰਕ ਕਰ ਕੇ ਅਧਿਆਪਕਾਂ ਦੀ ਤਕਲੀਫ ਤੋਂ ਜਾਣੂ ਕਰਵਾਇਆ ਅਤੇ ਜਥੇਬੰਦੀ ਨੂੰ ਭਰੋਸਾ ਦਿੱਤਾ ਕਿ ਸਰਕਾਰ ਜਲਦੀ ਹੀ ਤਨਖਾਹ ਤਾਂ ਬਜਟ ਜਾਰੀ ਕਰ ਦਿੱਤਾ ਜਾਵੇਗਾ ।ਅੱਜ ਦੇ ਵਫਦ ਦੀ ਅਗਵਾਈ ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਬਠਿੰਡਾ ਅਤੇ ਨਵਚਰਨਪ੍ਰੀਤ ਨੇ ਕੀਤੀ ।ਰੈਲੀ ਨੂੰ ਡੀ.ਟੀ. ਐੱਫ. ਬਠਿੰਡਾ ਦੇ ਬਲਾਕ ਪ੍ਰਧਾਨ ਭੁਪਿੰਦਰ ਮਾਇਸਰਖਾਨਾ ,ਤਲਵੰਡੀ ਦੇ ਪ੍ਰਧਾਨ ਭੋਲਾ ਰਾਮ,ਭਗਤਾ ਬਲਾਕ ਦੇ ਪ੍ਰਧਾਨ ਰਾਜਵਿੰਦਰ ਜਲਾਲ ਅਤੇ ਮੀਤ ਪ੍ਰਧਾਨ ਪਰਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।





