-
ਖਣਨ ਅਤੇ ਸੈਰ-ਸਪਾਟਾ ਵਿਭਾਗ ‘ਚ ਸਾਰਥਕ ਨਤੀਜਿਆਂ ਲਈ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ: ਹਰਜੋਤ ਸਿੰਘ ਬੈਂਸਸੁਖਜਿੰਦਰ ਮਾਨ
-
ਚੰਡੀਗੜ੍ਹ, 24 ਮਾਰਚ:ਸਮਾਂਬੱਧ ਤੇ ਕੁਸ਼ਲ ਪ੍ਰਸ਼ਾਸਨ ਸਬੰਧੀ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਸਵੇਰੇ 9 ਵਜੇ ਦਫ਼ਤਰ ਪਹੁੰਚ ਕੇ ਨਵੀਂ ਮਾਈਨਿੰਗ ਪਾਲਿਸੀ ਦੇ ਸੰਬੰਧ ‘ਚ ਮਾਹਿਰਾਂ ਨਾਲ ਮੁਲਾਕਾਤਾਂ ਕੀਤੀਆਂ।ਖਣਨ ਅਤੇ ਭੂ-ਵਿਗਿਆਨ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਜੇਲ੍ਹਾਂ ਅਤੇ ਕਾਨੂੰਨੀ ਅਤੇ ਵਿਧਾਨਿਕ ਮਾਮਲਿਆਂ ਬਾਰੇ ਮੰਤਰੀ ਨੇ ਆਪਣੇ ਵਿਭਾਗਾਂ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਹੋਰ ਸਟਾਫ਼ ਮੈਂਬਰਾਂ ਨੂੰ ਸਮੇਂ ਸਿਰ ਦਫ਼ਤਰ ਪਹੁੰਚਣ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਆਪਣੀ ਪੂਰੀ ਵਾਹ ਲਾਉਣ ਦੀ ਹਦਾਇਤ ਕਰਦਿਆਂ ਕਿਹਾ ਕਿ ਨਵੀਂ ਬਣੀ ‘ਆਪ’ ਸਰਕਾਰ ਦਾ ਉਦੇਸ਼ ਨਾਗਰਿਕਾਂ ਨੂੰ ਸਮੇਂ ਸਿਰ ਅਤੇ ਨਿਰਵਿਘਨ ਸੇਵਾਵਾਂ ਪ੍ਰਦਾਨ ਕਰਨਾ ਹੈ ਅਤੇ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।ਮੰਤਰੀ ਨੇ ਕਿਹਾ ਕਿ ਮੈਂ ਸੂਬੇ ਦੀ ਬਿਹਤਰੀ ਲਈ ਦਿਨ-ਰਾਤ ਕੰਮ ਕਰਾਂਗਾ ਅਤੇ ਖਣਨ ਅਤੇ ਸੈਰ ਸਪਾਟਾ ਵਿਭਾਗਾਂ ਵਿੱਚ ਨਵੀਆਂ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆਉਣਗੇ।ਸ੍ਰੀ ਬੈਂਸ ਨੇ ਇਸ ਗੱਲ ਦੀ ਮੁੜ ਪੁਸ਼ਟੀ ਕੀਤੀ ਕਿ ਖਣਨ ਅਤੇ ਜੇਲ੍ਹਾਂ ਵਿਭਾਗ ਵਿੱਚ ਭ੍ਰਿਸ਼ਟਾਚਾਰ ਨੂੰ ਹਰ ਹੀਲੇ ਰੋਕਿਆ ਜਾਵੇਗਾ ਅਤੇ ਪੰਜਾਬ ਸਰਕਾਰ ਵੱਲੋਂ ਨਵੀਂ ਖਣਨ ਨੀਤੀ ਬਣਾਈ ਜਾ ਰਹੀ ਹੈ ਜਿਸ ਨਾਲ ਮਾਲੀਏ ਵਿੱਚ ਭਾਰੀ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ ਅਤੇ ਇਸ ‘ਤੇ ਆਉਣ ਵਾਲੀਆਂ ਸ਼ਿਕਾਇਤਾਂ ਦਾ ਨਿਪਟਾਰਾ ਤਰਜੀਹੀ ਆਧਾਰ ’ਤੇ ਕੀਤਾ ਜਾਵੇਗਾ।
ਕੈਬਨਿਟ ਮੰਤਰੀ ਬੈਂਸ ਨੇ ਨਵੀਂ ਮਾਈਨਿੰਗ ਪਾਲਿਸੀ ਸੰਬੰਧੀ ਮਾਹਿਰਾਂ ਨਾਲ ਕੀਤੀ ਮੀਟਿੰਗ
ਤਹਿਸੀਲ ਪੱਧਰ ‘ਤੇ ਭ੍ਰਿਸ਼ਟਾਚਾਰ-ਮੁਕਤ ਤੇ ਸੁਖਾਲੀ ਪਹੁੰਚ ਵਾਲਾ ਸ਼ਾਸਨ ਪ੍ਰਦਾਨ ਕਰਾਂਗੇ: ਬ੍ਰਮ ਸ਼ੰਕਰ ਜਿੰਪਾ
ਮੁੱਖ ਮੰਤਰੀ ਵੱਲੋਂ ਚੋਹਲਾ ਸਾਹਿਬ ਵਿਖੇ ਵਾਪਰੀ ਦੁਰਘਟਨਾ ਵਿੱਚ ਹੋਈਆਂ ਦੋ ਮੌਤਾਂ ‘ਤੇ ਦੁੱਖ ਦਾ ਪ੍ਰਗਟਾਵਾ
ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਲਈ 4-4 ਲੱਖ ਰੁਪਏ
ਰੁਪਏ ਦੀ ਐਕਸ-ਗ੍ਰੇਸ਼ੀਆ ਗ੍ਰਾਂਟ ਦਾ ਐਲਾਨ
ਸੁਖਜਿੰਦਰ ਮਾਨ
ਚੰਡੀਗੜ੍ਹ, 23 ਮਾਰਚ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਤਰਨਤਾਰਨ ਜ਼ਿਲ੍ਹੇ ਦੇ ਚੋਹਲਾ ਸਾਹਿਬ ਵਿਖੇ ਵਾਪਰੇ ਇੱਕ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਜਾਣ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 4-4 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ।
ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਭਗਵੰਤ ਮਾਨ ਨੇ ਡਿਪਟੀ ਕਮਿਸ਼ਨਰ ਅਤੇ ਸੀਨੀਅਰ ਪੁਲਿਸ ਕਪਤਾਨ ਨੂੰ ਤੁਰੰਤ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜਾਂ ਦੀ ਨਿਗਰਾਨੀ ਕਰਨ ਦੇ ਆਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 4-4 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਗ੍ਰਾਂਟ ਦੇਣ ਅਤੇ ਜੇਕਰ ਕੋਈ ਜ਼ਖਮੀ ਹੋਇਆ ਤਾਂ ਉਸ ਦੇ ਮੁਫ਼ਤ ਇਲਾਜ ਦਾ ਵੀ ਐਲਾਨ ਕੀਤਾ। ਇਸ ਦੌਰਾਨ ਭਗਵੰਤ ਮਾਨ ਨੇ ਦੋ ਵਿਅਕਤੀਆਂ ਦੀ ਮੌਤ ’ਤੇ ਅਫਸੋਸ ਜ਼ਾਹਰ ਕਰਦਿਆਂ ਅਕਾਲ ਪੁਰਖ ਅੱਗੇ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਪਰਿਵਾਰਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਕਰਨ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ।
ਸਰਕਾਰ ਦੇ ਲਾਰਿਆਂ ’ਚ ਜਲ ਸਪਲਾਈ ਕਾਮੇ ਨਹੀਂ ਆਉਣਗੇ – ਵਰਿੰਦਰ ਸਿੰਘ ਮੋਮੀ
ਸੁਖਜਿੰਦਰ ਮਾਨ
ਬਠਿੰਡਾ, 23 ਮਾਰਚ :ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ, ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ ਅਤੇ ਪ੍ਰੈਸ ਸਕੱਤਰ ਸਤਨਾਮ ਸਿੰਘ ਫਲੀਆਂਵਾਲਾ ਨੇ ਅੱਜ ਇਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਹਾਲ ਹੀ ਵਿਚ ਪੰਜਾਬ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਬਣੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦਿਆਂ ਵਿਚ ਸ਼ਾਮਲ ਵਾਅਦੇ ਤਹਿਤ ਸਰਕਾਰੀ ਵਿਭਾਗਾਂ ਦੇ 35 ਹਜਾਰ ਕੱਚੇ ਮੁਲਾਜਮਾਂ ਨੂੰ ਰੈਗੂਲਾਰ ਕਰਨ ਦਾ ਐਲਾਨ ਕੀਤਾ ਹੈ ਉਥੇ ਹੀ ਅਖਬਾਰੀ ਬਿਆਨ ਮੁਤਾਬਿਕ ਪੰਜਾਬ ਸਰਕਾਰ ਵਲੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ 700 ਕਾਮੇ ਪੱਕੇ ਕੀਤੇ ਜਾਣ ਦੀ ਪ੍ਰਪੋਜਲ ਲਿਆਂਦੀ ਗਈ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵਿਚ 5 ਹਜਾਰ ਤੋਂ ਵੱਧ ਫੀਲਡ ਅਤੇ ਦਫਤਰਾਂ ਵਿਚ ਇਨਲਿਸਟਮੈਂਟ, ਠੇਕੇਦਾਰਾਂ ਅਤੇ ਕੰਪਨੀ ਅਧੀਨ ਠੇਕਾ ਮੁਲਾਜਮ ਨਿਗੁਣੀਆਂ ਤਨਖਾਹਾਂ ’ਤੇ 15 ਸਾਲਾਂ ਤੋਂ ਕੰਮ ਕਰ ਰਹੇ ਹਨ। ਜਦੋਕਿ ਨਿਗੁਣੇ ਜਿਹੇ ਹਿੱਸੇ 700 ਠੇਕਾ ਕਾਮਿਆਂ ਨੂੰ ਰੈਗੂਲਰ ਕਰਨ ਜਿਕਰ ਕੀਤਾ ਗਿਆ ਹੈ ਅਤੇ 4300 ਠੇਕਾ ਕਾਮਿਆਂ ਨੂੰ ਰੈਗੂਲਰ ਕਰਨ ਤੋਂ ਆਪ ਸਰਕਾਰ ਭੱਜ ਰਹੀ ਹੈ। ਜਿਸ ਨੂੰ ਜਥੇਬੰਦੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗੀ। ਇਸ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ (ਰਜਿ.31) ਵਲੋਂ ਫੈਸਲਾ ਕੀਤਾ ਗਿਆ ਹੈ ਕਿ ਪੰਜਾਬ ਸਰਕਾਰ ਦੇ ਅਸੀਂ ਅਜਿਹੇ ਲਾਰਿਆਂ ਵਿਚ ਨਹੀਂ ਆਉਣਾ, ਸਗੋ ਅਸੀਂ ਸਮੂਹ ਵਰਕਰਾਂ ਦੇ ਪੱਕੇ ਰੁਜਗਾਰ ਲਈ ਸੰਘਰਸ਼ ਕਰਾਂਗੇ ਅਤੇ ਜਦੋ ਤੱਕ ਸਾਡਾ ਇਕੱਲਾ ਇਕੱਲਾ ਵਰਕਰ ਰੈਗੂਲਰ ਨਹੀਂ ਹੁੰਦਾ ਅਸੀਂ ਚੁੱਪ ਕਰਕੇ ਨਹੀਂ ਬੈਠਾਗੇ। ਭਵਿੱਖ ਵਿਚ ਲੋੜ ਪੈਣ ’ਤੇ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਜਿਸ ਸਬੰਧ ਵਿਚ ਯੂਨੀਅਨ ਦੀ ਸੂਬਾ ਕਮੇਟੀ ਦੀ ਮੀਟਿੰਗ ਜਲਦੀ ਬੁਲਾ ਕੇ ਪੰਜਾਬ ਸਰਕਾਰ ਵਿਰੁੱਧ ਅਗਲੇ ਸੰਘਰਸ਼ਾਂ ਦਾ ਐਲਾਨ ਕੀਤਾ ਜਾਵੇਗਾ। ਸੂਬਾ ਆਗੂਆਂ ਨੇ ਮੰਗ ਕੀਤੀ ਕਿ ਜਸਸ ਵਿਭਾਗ ਦੇ ਇਨਲਿਸਟਮੈਂਟ, ਠੇਕੇਦਾਰਾਂ ਅਤੇ ਕੰਪਨੀ ਅਧੀਨ ਕੰਮ ਕਰਦੇ ਸਮੂਹ ਠੇਕਾ ਕਾਮਿਆਂ ਨੂੰ ਵਿਭਾਗ ਵਿਚ ਮਰਜ ਕਰਕੇ ਸਿੱਧੇ ਰੂਪ ਵਿਚ ਰੈਗੂਲਰ ਕੀਤਾ ਜਾਵੇ ਅਤੇ ਹਰੇਕ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਣ।
ਐਮ.ਐਲ.ਏ ਜਗਰੂਪ ਸਿੰਘ ਗਿੱਲ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਭੇਂਟ ਕੀਤੇ ਸ਼ਰਧਾ ਦੇ ਫੁੱਲ
ਸੁਖਜਿੰਦਰ ਮਾਨ
ਬਠਿੰਡਾ, 23 ਮਾਰਚ: ਸਥਾਨਕ ਬਠਿੰਡਾ ਸ਼ਹਿਰੀ ਹਲਕੇ ਤੋਂ ਆਪ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਵਲੋਂ ਪਾਰਟੀ ਦੇ ਵੱਡੀ ਗਿਣਤੀ ਵਿਚ ਆਗੂਆਂ ਨੂੰ ਨਾਲ ਲੈ ਕੇ ਸਥਾਨਕ ਆਰੀਆ ਸਮਾਜ ਚੌਕ ’ਚ ਸਥਿਤ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਮੂਰਤੀ ’ਤੇ ਉਨ੍ਹਾਂ ਦੇ ਗਲੇ ’ਚ ਫੁੱਲਾਂ ਦੀ ਮਾਲਾ ਪਾ ਕੇ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ’ਤੇ ਬੋਲਦਿਆਂਜਗਰੂਪ ਗਿੱਲ ਨੇ ਕਿਹਾ ਕਿ ਸਾਨੂੰ ਸ਼ਹੀਦਾਂ ਦੀ ਕੁਰਬਾਨੀ ਨੂੰ ਕਦੇ ਵੀ ਭੁਲਣਾ ਨਹੀਂ ਚਾਹੀਦਾ ਅਤੇ ਇਨ੍ਹਾਂ ਦੇ ਨਕਸ਼ੇ ਕਦਮ ’ਤੇ ਚਲਣਾ ਚਾਹੀਦਾ ਹੈ। ਇਸ ਲਈ ਆਮ ਆਦਮੀ ਪਾਰਟੀ ਵਲੋਂ ਸ਼ਹੀਦਾਂ ਦੇ ਸਨਮਾਨ ਲਈ ਅੱਜ ਪੂਰੇ ਪੰਜਾਬ ’ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਸ਼ਹੀਦਾਂ ਦੇ ਪਾਏ ਪੂਰਨਿਆਂ ’ਤੇ ਚੱਲਣ ਦੀ ਕੋਸ਼ਿਸ਼ ਕਰੇਗੀ ਤੇ ਪੰਜਾਬ ਵਿਚੋਂ ਭਿ੍ਰਸਟਾਚਾਰ ਤੇ ਨਸ਼ਾ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਖ਼ਤਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਭਿ੍ਰਸਟਾਂਚਾਰ ਰੋਕੂ ਹੈਲਪਲਾਈਨ ਦਾ ਨੰਬਰ ਜਾਰੀ ਕਰ ਦਿੱਤਾ ਗਿਆ ਹੈ ਤੇ ਜੇਕਰ ਕੋਈ ਅਧਿਕਾਰੀ ਜਾਂ ਮੁਲਾਜਮ ਕਿਸੇ ਤੋਂ ਕੋਈ ਕੰਮ ਬਦਲੇ ਰਿਸ਼ਵਤ ਮੰਗਦਾ ਹੈ ਤਾਂ ਤੁਰੰਤ ਇਂਸਦੀ ਜਾਣਕਾਰੀ ਉਕਤ ਨੰਬਰ ’ਤੇ ਦਿੱਤੀ ਜਾਵੇ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅੰਮਿ੍ਰਤ ਲਾਲ ਅਗਰਵਾਲ, ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਮਰਦੀਪ ਰਾਜਨ, ਸੀਨੀਅਰ ਆਗੂ ਐਡਵੋਕੇਟ ਨਵਦੀਪ ਸਿੰਘ ਜੀਦਾ, ਮਹਿੰਦਰ ਸਿੰਘ ਫ਼ੂਲੋਮਿੱਠੀ, ਅਨਿਲ ਠਾਕੁੁਰ ਸਹਿਤ ਵੱਡੀ ਗਿਣਤੀ ਵਿਚ ਆਗੂ ਤੇ ਵਰਕਰ ਹਾਜ਼ਰ ਰਹੇ।
ਬੱਚੇ ਨੂੰ ਅਗਵਾ ਕਰਕੇ ਫ਼ਿਰੌਤੀ ਮੰਗਣ ਵਾਲਿਆਂ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ
ਸੁਖਜਿੰਦਰ ਮਾਨ
ਬਠਿੰਡਾ, 23 ਮਾਰਚ: ਬਠਿੰਡਾ-ਭੁੱਚੋ ਰੋਡ ’ਤੇ ਸਥਿਤ ਸੰਤ ਕਬੀਰ ਕਾਨਵੈਂਟ ਸਕੂਲ ਦੇ ਐਮ.ਡੀ ਦੇ ਪੋਤਰੇ ਨੂੰ ਅਗਵਾ ਕਰਕੇ ਫ਼ਿਰੌਤੀ ਮੰਗਣ ਦੇ ਮਾਮਲੇ ਵਿਚ ਗਿ੍ਰਫਤਾਰ ਕੀਤੇ ਗਏ ਦੋ ਦੋਸ਼ੀਆਂ ਨੂੰ ਸਥਾਨਕ ਵਧੀਕ ਜ਼ਿਲ੍ਹਾ ਤੇ ਸੈਸਨ ਜੱਜ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਜਦੋਂਕਿ ਉਨ੍ਹਾਂ ਦੇ ਇੱਕ ਸਾਥੀ ਨੂੰ ਸਾਢੇ ਚਾਰ ਸਾਲ ਦੀ ਸਜ਼ਾ ਸੁਣਾਈ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਮੁਦਈ ਧਿਰ ਦੇ ਸੀਨੀਅਰ ਵਕੀਲਾਂ ਕਰਮਿੰਦਰ ਸਿੰਘ ਸੋਢੀ ਤੇ ਅੰਮਿ੍ਰਤਪਾਲ ਸਿੰਘ ਨੇ ਦਸਿਆ ਕਿ ਮੁੱਖ ਦੋਸ਼ੀ ਜੈਦੇਵ ਉਕਤ ਸਕੂਲ ਦਾ ਸਾਬਕਾ ਅਧਿਆਪਕ ਸੀ ਤੇ ਪ੍ਰਬੰਧਕਾਂ ਨਾਲ ਵਿਵਾਦ ਹੋਣ ’ਤੇ ਹਟਾ ਦਿੱਤਾ ਗਿਆ ਸੀ। ਜਿਸਤੋਂ ਬਾਅਦ ਉਸਨੇ ਬਦਲਾ ਲੈਣ ਲਈ 27 ਸਤੰਬਰ 2017 ਨੂੰ ਸਕੂਲ ਦੇ ਐਮ.ਡੀ ਪੋ੍ਫ਼ੈਸਰ ਐੱਮਐੱਲ ਅਰੋੜਾ ਦੇ ਸਥਾਨਕ ਸੈਂਟ ਜੋਸਫ਼ ਸਕੂਲ ’ਚ ਛੇਵੀਂ ਕਲਾਸ ਵਿਚ ਪੜ੍ਹਦੇ ਪੋਤਰੇ ਸੋਮਲ ਅਰੋੜਾ ਨੂੰ ਅਪਣੇ ਸਾਥੀ ਬਲਜੀਤ ਕੁਮਾਰ ਦੀ ਮੱਦਦ ਨਾਲ ਸਕੂਲ ਵਿਚੋਂ ਛੁੱਟੀ ਹੋਣ ਸਮੇਂ ਏਸੈਂਟ ਕਾਰ ’ਤੇ ਅਗਵਾ ਕਰਕੇ ਡੱਬਵਾਲੀ ਵੱਲ ਲੈ ਗਏ ਸਨ। ਇਸ ਦੌਰਾਨ ਅਰੋੜਾ ਤੋਂ ਪੋਤੇ ਨੂੰ ਸਹੀ ਸਲਾਮਤ ਛੱਡਣ ਬਦਲੇ 50 ਲੱਖ ਦੀ ਫ਼ਿਰੌਤੀ ਮੰਗੀ ਗਈ ਸੀ ਪ੍ਰੰਤੂ ਪ੍ਰਵਾਰ ਵਲੋਂ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ। ਜਿਸਤੋਂ ਬਾਅਦ ਪੁਲਿਸ ਨੰਬਰ ਨੂੰ ਟਰੇਸ ਕਰਨ ਤੋਂ ਪਿੱਛੇ ਲੱਗ ਗਈ ਤੇ ਸੰਗਤ ਮੰਡੀ ਕੋਲ ਸਥਿਤ ਪਿੰਡ ਕੁਟੀ ਕਿਸ਼ਨਪੁਰਾ ਕੋਲ ਦੋਸ਼ੀਆਂ ਦੀ ਗੱਡੀ ਨੂੰ ਪੁਲਿਸ ਨੇ ਘੇਰ ਲਿਆ ਸੀ ਪ੍ਰੰਤੂ ਇਸ ਦੌਰਾਨ ਇੰਨ੍ਹਾਂ ਦੋਸ਼ੀਆਂ ਨੇ ਪੁਲਿਸ ਉਪਰ ਵੀ ਗੱਡੀ ਚੜਾ ਕੇ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਪ੍ਰੰਤੂ ਪੁਲਿਸ ਵਾਲੇ ਬਚ ਗਏ। ਮਹੱਤਵਪੂਰਨ ਗੱਲ ਇਹ ਵੀ ਸਾਹਮਣੇ ਆਈ ਸੀ ਕਿ ਫ਼ਿਰੌਤੀ ਲਈ ਵਰਤੀ ਗਈ ਗੱਡੀ ਉਪਰ ਵੀ ਜਾਅਲੀ ਨੰਬਰ ਲਗਾਇਆ ਹੋਇਆ ਸੀ। ਬੱਚੇ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਜੈਦੇਵ ਤੇ ਬਲਜੀਤ ਕੁਮਾਰ ਵਿਰੁਧ ਧਾਰਾ 364 ਏ ਅਤੇ ਹੋਰਨਾਂ ਧਾਰਾਵਾਂ ਤਹਿਤ ਕੇਸ ਦਰਜ਼ ਕੀਤਾ ਸੀ ਜਦੋਂਕਿ ਸੰਗਤ ਪੁਲਿਸ ਨੇ ਇੰਨ੍ਹਾਂ ਵਿਰੁਧ ਪੁਲਿਸ ਜਵਾਨਾਂ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦੇ ਮਾਮਲੇ ਵਿਚ ਅਲੱਗ ਕੇਸ ਦਰਜ਼ ਕੀਤਾ ਸੀ। ਬਾਅਦ ਵਿਚ ਇਸ ਕੇਸ ਵਿਚ ਹਰਭਜਨ ਸਿੰਘ ਉਰਫ਼ ਹੈਰੀ ਨਾਂ ਦੇ ਵਿਅਕਤੀ ਦੀ ਵੀ ਸਮੂਲੀਅਤ ਸਾਹਮਣੇ ਆਈ ਸੀ। ਇਸ ਕੇਸ ਵਿਚ ਚੱਲ ਰਹੀ ਸੁਣਵਾਈ ਦਾ ਫੈਸਲਾ ਸੁਣਾਉਂਦਿਆਂ ਵਧੀਕ ਜ਼ਿਲ੍ਹਾ ਤੇ ਸੈਸਨ ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਨੇ ਬੱਚਾ ਅਗਵਾ ਕਰਨ ਦੇ ਦੋਸ਼ਾਂ ਹੇਠ ਉਮਰ ਕੈਦ, ਧਾਰਾ 353 ਤਹਿਤ 2 ਸਾਲ, 323 ਤਹਿਤ 1 ਸਾਲ, ਆਰਮਜ ਐਕਟ ਤਹਿਤ 2 ਸਾਲ ਅਤੇ 186 ਤਹਿਤ 3 ਮਹੀਨੇ ਸਜ਼ਾ ਸੁਣਾਈ ਸੀ। ਜਦੋਂਕਿ ਹਰਭਜਨ ਉਰਫ ਹੈਰੀ ਨੂੰ ਸਾਢੇ ਚਾਰ ਸਾਲ ਦੀ ਸਜ਼ਾ ਸੁਣਾਈ ਹੈ। ਇਸਤੋਂ ਇਲਾਵਾ ਦੋਸ਼ੀਆਂ ਨੂੰ ਜੁਰਮਾਨਾ ਵੀ ਕੀਤਾ ਗਿਆ ਹੈ।
ਮੁੱਖ ਮੰਤਰੀ ਦੀ ਭਿ੍ਰਸਟਾਚਾਰ ਰੋਕੂ ਹੈਲਪ ਲਾਈਨ ’ਤੇ ਬਠਿੰਡਾ ’ਚ ਤਹਿਸੀਲਦਾਰ ਵਿਰੁਧ ਹੋਈ ਪਹਿਲੀ ਸਿਕਾਇਤ
ਸੁਖਜਿੰਦਰ ਮਾਨ
ਬਠਿੰਡਾ, 23 ਮਾਰਚ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਸ਼ਹੀਦ ਭਗਤ ਸਿੰਘ ਹੋਰਾਂ ਦੇ ਸਹੀਦੀ ਦਿਹਾੜੇ ਮੌਕੇ ਸੂਬੇ ’ਚ ਭਿ੍ਰਸ਼ਟਾਚਾਰ ਨੂੰ ਰੋਕਣ ਲਈ ਜਾਰੀ ਕੀਤੇ ਹੈਲਪਲਾਈਨ ਨੰਬਰ ’ਤੇ ਪਹਿਲੀ ਸਿਕਾਇਤ ਤਲਵੰਡੀ ਸਾਬੋ ਦੇ ਇੱਕ ਤਹਿਸੀਲਦਾਰ ਦੀ ਹੋਈ ਹੈ, ਜਿਸ ਉਪਰ ਗਊਸਾਲਾ ਲਈ ਖ਼ਰੀਦੀ ਜਗ੍ਹਾਂ ਦੀ ਰਜਿਸਟਰੀ ਕਰਨ ਬਦਲੇ ਪੈਸੇ ਮੰਗਣ ’ਤੇ ਦੋਸ਼ ਲਗਾਏ ਗਏ ਹਨ। ਸਿਰਕੀ ਬਾਜ਼ਾਰ ਸਥਿਤ ਗਊਸ਼ਾਲਾ ਦੇ ਜਨਰਲ ਸਕੱਤਰ ਸਾਧੂ ਰਾਮ ਕੁਸ਼ਲਾ ਨੇ ਇੱਥੇ ਜਾਣਕਾਰੀ ਦਿੰਦਿਆਂ ਦਸਿਆ ਕਿ ਸਾਲ 1906 ਤੋਂ ਸਥਾਨਕ ਸ਼ਹਿਰ ਵਿਚ ਗਊਸ਼ਾਲਾ ਚੱਲ ਰਹੀ ਹੈ। ਇਸ ਗਊਸ਼ਾਲਾ ਦੇ ਕੰਮ ਨੂੰ ਦੇਖਦਿਆਂ ਸਾਧੂ ਰਾਮ ਗੋਇਲ ਵਲੋਂ ਤਹਿਸੀਲ ਤਲਵੰਡੀ ਸਾਬੋ ਵਿਚ ਪੈਂਦੇ ਪਿੰਡ ਸੇਖੂ ਵਿਖੇ 6 ਕਨਾਲ 15 ਮਰਲੇ ਜਮੀਨ ਦਾਨ ਕਰਨ ਦਾ ਐਲਾਨ ਕੀਤਾ ਸੀ। ਜਿਸਤੋਂ ਬਾਅਦ 28 ਜਨਵਰੀ 2022 ਨੂੰ ਉਹ ਗਊਸ਼ਾਲਾ ਦੇ ਪ੍ਰਬੰਧਕ ਵਜੋਂ ਰਜਿਸਟਰੀ ਕਰਵਾਉਣ ਲਈ ਤਹਿਸੀਲ ਵਿਚ ਗਏ ਸਨ ਜਿੱਥੇ ਉਨ੍ਹਾਂ ਨਾਲ ਜਸ਼ਵਿੰਦਰ ਗੁਪਤਾ ਕੈਸ਼ੀਅਰ ਗਊਸ਼ਾਲਾ ਬਠਿੰਡਾ, ਸੰਜੇ ਕੁਮਾਰ ਜਿੰਦਲ, ਜੋਗਿੰਦਰ ਚੰਦ ਪੁੱਤਰ ਭਾਗ ਸਿੰਘ ਵਾਸੀ ਸੇਖੂ ਵੀ ਸਨ। ਉਨ੍ਹਾਂ ਅੱਗੇ ਦਸਿਆ ਕਿ ਉਕਤ ਰਜਿਸਟਰੀ ਕਰਵਾਉਣ ਲਈ ਤਲਵੰਡੀ ਸਾਬੋ ਦੀ ਅਦਾਲਤ ਦੇ ਵਕੀਲ ਭਾਗੀਰਥ ਰਾਜ ਬਾਂਸਲ ਨੇ ਪਹਿਲਾਂ ਹੀ ਵਸੀਕੇ ਲਿਖ ਲਏ ਸਨ। ਪਰ ਉਹ ਉਕਤ ਨਾਇਬ ਤਹਿਸੀਲਦਾਰ ਦੇ ਦਫ਼ਤਰ ਵਿਚ ਰਜਿਸਟਰੀ ਕਰਵਾਉਣ ਲਈ ਖੜੇ ਕਰੀਬ ਤਿੰਨ ਘੰਟੇ ਖੜੇ ਰਹੇ ਪ੍ਰੰਤੂ ਵਿਹਲੇ ਹੋਣ ਦੇ ਬਾਵਜੂਦ ਨਾਇਬ ਤਹਿਸੀਲਦਾਰ ਨੇ ਰਜਿਸਟਰੀ ਨਹੀਂ ਕੀਤੀ। ਇਸ ਦੌਰਾਨ ਜਦ ਉਹ ਰਜਿਸਟਰੀ ਕਰਨ ਲਈ ਬੇਨਤੀ ਕਰਨ ਗਏ ਤਾਂ ਉਕਤ ਅਧਿਕਾਰੀ ਨੇ ਬਾਹਰ ਭੇਜ ਦਿੱਤਾ। ਜਿਸਤੋਂ ਬਾਅਦ ਰਜਿਸਟਰੀ ਲਿਖਣ ਵਾਲੇ ਵਕੀਲ ਦੇ ਮੁਨਸ਼ੀ ਅੰਦਰ ਗਏ ਤੇ ਉਨ੍ਹਾਂ ਕੋਈ ਗੱਲ ਕੀਤੀ। ਜਿਸਤੋਂ ਬਾਅਦ ਉਨ੍ਹਾਂ ਦੀ ਰਜਿਸਟਰੀ ਕਰ ਦਿੱਤੀ ਪ੍ਰੰਤੂ ਜਦ ਬਾਅਦ ਵਿਚ ਖ਼ਰਚਿਆਂ ਦੀ ਪਰਚੀ ਦਿੱਤੀ ਤਾਂ ਉਸ ਵਿਚ 3 ਹਜਾਰ ਰੁਪਏ ਤਹਿਸੀਲਦਾਰ ਅਤੇ 200 ਰੁਪਏ ਚਪੜਾਸੀ ਦੀ ਰਿਸ਼ਵਤ ਫ਼ੀਸ ਵਜੋਂ ਵੀ ਲਿਖੇ ਹੋਏ ਸਨ। ਮਜਬੂਰੀ ਵੱਸ ਉਹ ਵਕੀਲ ਵਲੋਂ ਦੱਸੀ 28,690 ਰੁਪਏ ਦੀ ਰਾਸ਼ੀ ਦੇ ਕੇ ਵਾਪਸ ਆ ਗਏ। ਉਨ੍ਹਾਂ ਮੁੱਖ ਮੰਤਰੀ ਨੂੰ ਭੇਜੀ ਸ਼ਿਕਾਇਤ ਦੇ ਨਾਲ ਨਾਲ ਹਲਫੀਆ ਬਿਆਨ ਅਤੇ ਵਸੀਕਾ ਲਿਖਣ ਵਾਲੇ ਵੱਲੋਂ ਖਰਚੇ ਦੀ ਭੇਜੀ ਗਈ ਹੱਥ ਲਿਖ ਡਿਟੇਲ ਵੀ ਭੇੇਜੀ ਹੈ। ਉਨ੍ਹਾਂ ਮੁੱਖ ਮੰਤਰੀ ਕੋਲੋ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਉਕਤ ਨਾਇਬ ਤਹਿਸੀਲਦਾਰ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਉਕਤ ਨਾਇਬ ਤਹਿਸੀਲਦਾਰ ਨੇ ਅਪਣੇ ਵਿਰੁਧ ਲੱਗੇ ਦੋਸਾਂ ਨੂੰ ਝੂਠਾ ਕਰਾਰ ਦਿੱਤਾ ਹੈ।
ਰਸੋਈ ਗੈਸ ਦੀਆਂ ਕੀਮਤਾਂ ’ਚ ਵਾਧੇ ਦੀ ਨਿੰਦਾ
ਸੁਖਜਿੰਦਰ ਮਾਨ
ਬਠਿੰਡਾ, 23 ਮਾਰਚ: ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕੇਂਦਰ ਸਰਕਾਰ ਵਲੋਂ ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ 50 ਰੁਪਏ ਵਾਧੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਦੋਸ਼ ਲਾਇਆ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਖੁਸ ਕਰਨ ਲਈ ਲਗਾਤਾਰ ਕੀਮਤਾਂ ਦੇ ਵਿੱਚ ਵਾਧਾ ਕਰ ਰਹੀ ਹੈ। ਇੱਥੇ ਜਾਰੀ ਬਿਆਨ ਵਿਚ ਕਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਅਮਰਜੀਤ ਹਨੀ ਭੁੱਚੋ ਖੁਰਦ ਸਕੱਤਰ ਸਵਰਨ ਸਿੰਘ ਪੂਹਲੀ ਤੋਂ ਇਲਾਵਾ ਔਰਤ ਵਿੰਗ ਭੁੱਚੋ ਖੁਰਦ ਦੇ ਪ੍ਰਧਾਨ ਮਨਜੀਤ ਪਿਆਰੋ, ਪ੍ਰੈੱਸ ਸਕੱਤਰ ਜੋਤੀ ਖਾਨ ਨੇ ਦੋਸ਼ ਲਗਾਇਆ ਕਿ ਲੋਕਾਂ ਨੇ ਅੱਛੇ ਦਿਨਾਂ ਦੇ ਨਾਅਰੇ ਦੇ ਵਿੱਚ ਆ ਕੇ ਵੋਟਾਂ ਪਾਈਆਂ ਸਨ ਅਤੇ ਉਸ ਤੋਂ ਬਾਅਦ ਜਦੋਂ ਮੋਦੀ ਸੱਤਾ ਵਿੱਚ ਆ ਗਏ, ਲੋਕਾਂ ਦੇ ਬੁਰੇ ਦਿਨ ਸ਼ੁਰੂ ਹੋ ਗਏ ਸਨ। ਮਨਜੀਤ ਕੌਰ ਪ੍ਰਧਾਨ ਨੇ ਕਿਹਾ ਕਿ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਔਰਤਾਂ ਦੇ ਜਖਮਾਂ ਤੇ ਲੂਣ ਛਿੜਕਿਆ ਹੈ। ਆਗੂਆਂ ਨੇ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਖਿਲਾਫ ਪਿੰਡਾਂ ਵਿੱਚ ਰੋਸ ਪ੍ਰਦਰਸਨ ਕੀਤੇ ਜਾਣਗੇ।
ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ’ਚ ਮੁਲਾਜਮਾਂ ਨੇ ਸਹੀਦਾਂ ਨੂੰ ਭੇਂਟ ਕੀਤੀ ਸ਼ਰਧਾਂਜਲੀ
ਸੁਖਜਿੰਦਰ ਮਾਨ
ਬਠਿੰਡਾ, 23 ਮਾਰਚ: ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਸਾਝਾਂ ਮੁਲਾਜ਼ਮ ਸੰਘਰਸ਼ ਕਮੇਟੀ ਵੱਲੋਂ ਅੱਜ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ’ਤੇ ਉਹਨਾਂ ਨੂੰ ਸ਼ਰਧਾਜਲੀ ਭੇਂਟ ਕਰਨ ਲਈ ਇੱਕ ਆਯੋਜਨ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਉਘੇ ਲੇਖਕ ਓਮ ਪ੍ਰਕਾਸ਼ ਗਾਸੋ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਜਲੀ ਦਿੱਤੀ। ਸਾਰੇ ਸਾਥੀਆਂ ਵੱਲੋਂ ਇੱਕ ਫੈਸਲਾ ਲਿਆ ਗਿਆ ਕਿ ਯੂਨੀਵਰਸਿਟੀ ਵਿੱਚ ਓਮ ਪ੍ਰਕਾਸ਼ ਗਾਸੋ ਦੇ ਨਾਮ ’ਤੇ ਇੱਕ ਸੈਕਸ਼ਨ ਖੋਲ੍ਹਿਆ ਜਾਵੇਗਾ, ਜਿਸਦਾ ਸਾਰਾ ਖਰਚਾ ਮੁਲਾਜ਼ਮ ਸਾਥੀ ਕਰਣਗੇ।ਇਸ ਮੌਕੇ ਤੇ ਯੂਨੀਵਰਸਿਟੀ ਦੇ ਵਿੱਤ ਅਫ਼ਸਰ ਡਾ. ਸੰਦੀਪ ਕਾਂਸਲ, ਫਾਰਮੈਸੀ ਵਿਭਾਗ ਤੋਂ ਡਾ. ਰਾਹੁਲ ਦੇਸ਼ਮੁੱਖ, ਡਾ. ਅਮਿਤ ਭਾਟੀਆ ਅਤੇ ਸਾਝਾਂ ਮੁਲਾਜ਼ਮ ਸੰਘਰਸ਼ ਕਮੇਟੀ ਦੇ ਆਗੂ ਰਜਿੰਦਰ ਸਿੰਘ ਨਰੂਆਣਾ, ਨੀਰਜ ਕੁਮਾਰ, ਚੰਦਰ ਗਗਨ, ਰਵਿੰਦਰ ਕੁਮਾਰ, ਰਣਜੀਤ ਸਿੰਘ, ਰਾਹੁਲ ਗਰਗ, ਕੋਮਲ ਰਾਣੀ, ਗੁਰਮੀਤ ਸਿੰਘ, ਬਲਜਿੰਦਰ ਕੁਮਾਰ, ਕੈਲਾਸ਼ ਜੋਸ਼ੀ ਅਤੇ ਹੋਰ ਮੁਲਾਜ਼ਮ ਸਾਥੀ ਅਤੇ ਵਿਦਿਆਰਥੀ ਮੌਜੂਦ ਸਨ। ਲੇਖਕ ਓਮ ਪ੍ਰਕਾਸ਼ ਗਾਸੋ ਨੇ ਭਗਤ ਸਿੰਘ ਦੇ ਪਰਿਵਾਰ ਸੰਘਰਸ਼, ਸੋਚ ਅਤੇ ਜ਼ਿੰਦਗੀ ਬਾਰੇ ਜਾਣਕਾਰੀ ਦਿੱਤੀ।
ਬਠਿੰਡਾ ਪੁਲਿਸ ਵਲੋਂ ਹਥਿਆਰਾਂ ਦੀ ਨੌਕ ’ਤੇ ਲੁੱਟ-ਖੋਹ ਕਰਨ ਵਾਲਾ ਗੈਂਗ ਕਾਬੂ
4 ਪਿਸਤੌਲ, 1 ਰਾਈਫ਼ਲ ਤੋਂ ਇਲਾਵਾ ਲੁੱਟ ਦੀ ਰਾਸ਼ੀ ਵਿਚੋਂ 4 ਲੱਖ 40 ਹਜ਼ਾਰ ਬਰਾਮਦ
ਸੁਖਜਿੰਦਰ ਮਾਨ
ਬਠਿੰਡਾ, 23 ਮਾਰਚ: ਜ਼ਿਲ੍ਹਾ ਪੁਲਿਸ ਦੇ ਸੀਆਈਏ-1 ਵਿੰਗ ਵਲੋਂ ਕੀਤੀ ਇੱਕ ਕਾਰਵਾਈ ਦੌਰਾਨ ਹਥਿਆਰਾਂ ਦੀ ਨੌਕ ’ਤੇ ਲੁੱਟ-ਖੋਹ ਕਰਨ ਵਾਲੇ ਇੱਕ ਗੈਂਗ ਦਾ ਪਰਦਾਫ਼ਾਸ ਕਰਦਿਆਂ ਇਸਦੇ ਚਾਰ ਮੈਂਬਰਾਂ ਨੂੰ ਭਾਰੀ ਹਥਿਆਰਾਂ ਤੇ ਨਗਦੀ ਰਾਸ਼ੀ ਸਹਿਤ ਗਿ੍ਰਫਤਾਰ ਕੀਤਾ ਹੈ। ਅੱਜ ਇੱਥੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਅਮਨੀਤ ਕੌਂਡਲ ਨੇ ਦਸਿਆ ਕਿ ਸੀਆਈਏ-1 ਦੇ ਥਾਣੇਦਾਰ ਮੋਹਨਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਵਲੋਂ ਗੋਨਿਆਣਾ ਨਜਦੀਕ ਉਕਤ ਗਿਰੋਹ ਦੇ ਚਾਰ ਮੈਂਬਰਾਂ ਨੂੰ ਗਿ੍ਰਫਤਾਰ ਕੀਤਾ ਹੈ, ਜਿੰਨ੍ਹਾਂ ਦੀ ਪਹਿਚਾਣ ਮਨਪ੍ਰੀਤ ਸਿੰਘ ਉਰਫ ਜੋਧਾ, ਲਖਵੀਰ ਸਿੰਘ ਉਰਫ ਲਕੀਰੋ, ਜਸਕਰਨ ਸਿੰਘ ਉਰਫ ਮੰਟੂ ਵਾਸੀਆਨ ਕੋਠੇ ਨੱਥਾ ਸਿੰਘ ਵਾਲੇ (ਮਹਿਮਾ ਸਵਾਈ) ਅਤੇ ਸੁਖਵਿੰਦਰ ਸਿੰਘ ਉਰਫ ਸੁੱਖੀ ਵਾਸੀ ਪਿੰਡ ਗਿਆਨਾ ਨੂੰ ਗਿ੍ਰਫਤਾਰ ਕੀਤਾ ਗਿਆ। ਜਦੋਂਕਿ ਇਸ ਗੈਂਗ ਦਾ ਇੱਕ ਹੋਰ ਮਹੱਤਵਪੂਰਨ ਮੈਂਬਰ ਸਾਹਿਬ ਸਿੰਘ ਉਰਫ ਬਾਬਾ ਵਾਸੀ ਹਨੂੰਮਾਨਗੜ੍ਹ (ਰਾਜਸਥਾਨ) ਹਾਲੇ ਫ਼ਰਾਰ ਹੈ। ਪੁਲਿਸ ਅਧਿਕਾਰੀ ਮੁਤਾਬਕ ਇੰਨ੍ਹਾਂ ਕੋਲੋ 03 ਪਿਸਤੋਲ 12 ਬੋਰ ਦੇਸੀ ਸਮੇਤ 05 ਕਾਰਤੂਸ, 01 ਪਿਸਤੋਲ 32 ਬੋਰ ਦੇਸੀ ਸਮੇਤ 05 ਕਾਰਤੂਸ ਅਤੇ 01 ਰਾਇਫਲ 12 ਬੋਰ ਸਿੰਗਲ ਬੈਰਲ ਬਰਾਮਦ ਕੀਤੀ ਗਈ। ਹਿਸੇ ਤਰ੍ਹਾਂ ਗਿ੍ਰਫਤਾਰ ਕੀਤੇ ਮਨਪ੍ਰੀਤ ਸਿੰਘ ਉਰਫ ਜੋਧਾ ਦੇ ਇੰਕਸਾਫ ’ਤੇ 2,90,000/- ਰੁਪਏ ਅਤੇ ਸੁਖਵਿੰਦਰ ਸਿੰਘ ਉਰਫ ਸੁੱਖੀ ਦੇ ਇੰਕਸਾਫ ’ਤੇ 1,50,000/- ਰੁਪਏ ਦੀ ਨਗਦੀ ਵੀ ਬਰਾਮਦ ਕੀਤੀ ਗਈ, ਜਿਹੜੀ ਇੰਨ੍ਹਾਂ ਕਥਿਤ ਤੌਰ ’ਤੇ ਲੰਘੀ 27 ਜਨਵਰੀ ਨੂੰ ਰਿਲਾਇੰਸ ਪੰਪ ਡੱਬਵਾਲੀ ਰੋਡ ਨੇੜੇ ਪਿੰਡ ਡੂੰਮਵਾਲੀ ਦੇ ਕਰਿੰਦੇ ਤੋਂ ਖੋਹ ਕੀਤੇ ਸਨ। ਇਸ ਲੁੱਟਖੋਹ ਦੇ ਮਾਮਲੇ ਵਿਚ ਥਾਣਾ ਸੰਗਤ ਕੇਸ ਦਰਜ ਹੋਇਆ ਸੀ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਕਥਿਤ ਦੋਸ਼ੀਆਂ ਨੇ ਬਰਾਮਦ ਹੋਈ 12 ਬੋਰ ਰਾਇਫਲ ਵੀ ਚੋਰੀ ਕੀਤੀ ਹੋਈ ਸੀ, ਜਿਸ ਸਬੰਧੀ ਮੁ: ਨੰ: 254 ਮਿਤੀ- 17.10.2018, ਅ/ਧ-380 ਹਿੰ.ਦੰ.,ਥਾਣਾ ਰਾਮਾਂ ਦਰਜ ਰਜਿਸਟਰ ਹੋਇਆ ਸੀ। ਐਸ.ਐਸ.ਪੀ ਮੁਤਾਬਕ ਮੁਢਲੀ ਪੁਛਗਿਛ ਦੌਰਾਨ ਡੂੰਮਵਾਲੀ ਦੇ ਪੈਟਰੋਲ ਪੰਪ ਦੀ ਲੁੱਟ ਤੋਂ ਇਲਾਵਾ ਚਾਰ ਹੋਰ ਕੇਸ ਹੱਲ ਹੋਏ ਹਨ। ਜਿੰਨ੍ਹਾਂ ਵਿਚ 07.11.2021 ਨੂੰ ਮਾਇਕਰੋ ਫਾਇਨਾਂਸ ਦੇ ਮੋਟਰਸਾਇਕਲ ਸਵਾਰ ਕਰਮਚਾਰੀ ਤੋਂ ਅਸਲੇ ਦੀ ਨੋਕ ਤੇ 1,44,900/- ਰੁਪਏ ਖੋਹ ਕੀਤੇ ਗਏ ਸਨ, ਜਿਸ ਸਬੰਧੀ ਮੁ. ਨੰ.- 142, ਮਿਤੀ- 07.11.2021, ਅ/ਧ- 379-ਬੀ ਹਿੰ.ਦੰ.,25,27/54/59 ਅਸਲਾ ਐਕਟ ਥਾਣਾ ਨੇਹੀਆਂਵਾਲਾ ਦਰਜ ਹੋਇਆ ਹੈ। ਇਸੇ ਤਰ੍ਹਾਂ ਮਿਤੀ- 06.12.2021 ਨੂੰ ਲਾਰਸਨ ਟਿਉਬੋਰ ਕਪਨੀ ਦੇ ਕਰਮਚਾਰੀ ਪਾਸੋਂ ਕਿਸ਼ਤਾਂ ਦੇ ਇਕੱਠੇ ਕੀਤੇ 95,900/- ਰੁਪਏ ਵੀ ਖੋਹ ਕੀਤੇ ਗਏ ਸਨ, ਜਿਸ ਸਬੰਧੀ ਮੁ: ਨੰ: 159 ਮਿਤੀ- 09.12.2021 ਅ/ਧ- 379-ਬੀ ਹਿੰ.ਦੰ., ਥਾਣਾ ਨੇਹੀਆਂਵਾਲਾ ਦਰਜ ਰਜਿਸਟਰ ਹੋਇਆ ਹੈ। ਕਥਿਤ ਦੋਸ਼ੀਆਂ ਨੇ ਇਹ ਵੀ ਮੰਨਿਆ ਕਿ ਕਰੀਬ 8 ਮਹੀਨੇ ਪਹਿਲਾਂ ਮਲੋਟ ਏਰੀਆ ਵਿੱਚ ਵੀ ਲੁੱਟ ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ। ਉਨ੍ਹਾਂ ਦਸਿਆ ਕਿ ਕਥਿਤ ਦੋਸ਼ੀਆਂ ਵਿਰੁਧ ਥਾਣਾ ਨੇਹੀਆਂਵਾਲਾ ਵਿਚ ਮੁ: ਨੰ: 43 ਅ/ਧ 399,402 ਆਈ.ਪੀ.ਸੀ, 25/54/59 ਅਸਲਾ ਐਕਟ ਦਰਜ ਕਰ ਲਿਆ ਗਿਆ ਹੈ। ਇਸ ਮੌਕੇ ਐਸ.ਪੀ. ਡੀ ਤਰੁਣ ਰਤਨ ਅਤੇ ਸੀਆਈਏ-1 ਦੇ ਇੰਚਾਰਜ਼ ਤਰਜਿੰਦਰ ਸਿੰਘ ਵੀ ਹਾਜ਼ਰ ਰਹੇ।





