Sunday, May 10, 2026
Home Blog Page 2570

ਥਰਮਲ ਦੇ ਠੇਕਾ ਮੁਲਾਜ਼ਮਾਂ ਨੇ ਭਗਤ ਸਿੰਘ,ਰਾਜਗੁਰੂ,ਸੁਖਦੇਵ ਨੂੰ ਸ਼ਹੀਦੀ ਦਿਹਾੜੇ ’ਤੇ ਕੀਤਾ ਨਮਨ

0

ਸਮੂਹ ਵਰਗਾਂ ਨੂੰ ਕੌਮੀ ਸ਼ਹੀਦਾਂ ਦੇ ਵਿਚਾਰਾਂ ’ਤੇ ਪਹਿਰਾ ਦੇਣ ਦੀ ਲੋੜ:-ਜਗਰੂਪ ਸਿੰਘ

ਸੁਖਜਿੰਦਰ ਮਾਨ

ਬਠਿੰਡਾ, 23 ਮਾਰਚ: ਜੀ.ਐੱਚ.ਟੀ.ਪੀ. ਲਹਿਰਾ ਮੁਹੱਬਤ ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਦੇ ਬੈਨਰ ਹੇਠ ਅੱਜ ਥਰਮਲ ਦੇ ਠੇਕਾ ਮੁਲਾਜ਼ਮਾਂ ਨੇ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ,ਰਾਜਗੁਰੂ,ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਥਰਮਲ ਦੇ ਮੁੱਖ ਗੇਟ ਰੈਲੀ ਕਰਕੇ ਕੌਮੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਇਸ ਸਮੇਂ ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਮਾ.ਗੁਰਮੁੱਖ ਸਿੰਘ ਆਗੂ ਲੋਕ ਮੋਰਚਾ ਪੰਜਾਬ,ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਸੂਬਾਈ ਆਗੂ ਜਗਰੂਪ ਸਿੰਘ ਲਹਿਰਾ,ਜਗਸੀਰ ਸਿੰਘ ਭੰਗੂ ਨੇ ਕਿਹਾ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ,ਰਾਜਗੁਰੂ,ਸੁਖਦੇਵ ਨੇ ਇਨਕਲਾਬ ਜਿੰਦਾਬਾਦ-ਸਾਮਰਾਜਬਾਦ ਮੁਰਦਾਬਾਦ ਦੇ ਨਆਰੇ ਰਾਹੀਂ ਜਗੀਰਦਾਰੀ ਦੇ ਨਾਲ਼-ਨਾਲ਼ ਸਾਮਰਾਜ ਨੂੰ ਦੇਸ ਵਿੱਚੋਂ ਬਾਹਰ ਕਰਨ ਦਾ ਸੱਦਾ ਦਿੱਤਾ ਅਤੇ ਕਿਹਾ ਸੀ ਕਿ ਜਦ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਨਹੀਂ ਹੁੰਦੀ ਅਤੇ ਜਦ ਤੱਕ ਸਮਾਜਿਕ ਬਰਾਬਰੀ ਨਹੀਂ ਹੁੰਦੀ ਤਦ ਤੱਕ ਅਸਲੀ ਆਜ਼ਾਦੀ ਦਾ ਆਨੰਦ ਨਹੀਂ ਮਾਣਿਆ ਜਾ ਸਕਦਾ। ਆਗੂਆਂ ਨੇ ਕਿਹਾ ਕਿ ਦੇਸ ਦੇ ਹਾਕਮਾਂ ਵੱਲੋਂ  ਨਿੱਜੀਕਰਨ,ਉਦਾਰੀਕਰਨ,ਸੰਸਾਰੀਕਰਨ ਦੀਆਂ ਨੀਤੀਆਂ ਨੂੰ ਲਾਗੂ ਕਰਕੇ ਜਨਤਕ ਖੇਤਰ ਦੇ ਸਮੂਹ ਲੋਕ ਅਦਾਰਿਆਂ ਬਿਜਲੀ,ਪਾਣੀ,ਸਿਹਤ,ਸਿੱਖਿਆ,ਟਰਾਂਸਪੋਰਟ,ਰੇਲਵੇ,ਬੈਂਕਾਂ,ਐੱਲ.ਆਈ.ਸੀ.,ਹਵਾਈ ਅੱਡੇ,ਹਵਾਈ ਜਹਾਜ਼,ਜਲ-ਜੰਗਲ,ਕੋਇਲਾ ਖਾਣਾ,ਸਮੁੰਦਰੀ ਟਾਪੂਆਂ,ਖੇਤੀ ਖੇਤਰ ਸਮੇਤ ਸਭ ਕੁੱਝ ਨੂੰ ਸੇਲ ਤੇ ਲਾਕੇ ਲੋਕਾਂ ਦੇ ਰੁਜਗਾਰ ਅਤੇ ਸੁੱਖ-ਸਹੂਲਤਾਂ ਤੇ ਕੁਹਾੜਾ ਵਾਹਿਆ ਜਾ ਰਿਹਾ ਹੈ,ਪੱਕੇ ਰੁਜਗਾਰ ਦੇ ਮੌਕੇ ਘਟਾਏ ਜਾ ਰਹੇ ਹਨ ਅਤੇ ਠੇਕੇਦਾਰੀ ਸਿਸਟਮ ਰਾਹੀਂ ਕਿਰਤ ਦੀ ਲੁੱਟ ਹੋਰ ਤੇਜ ਕੀਤੀ ਜਾ ਰਹੀ ਹੈ,। ਇਸ ਸਮੇਂ ਹੋਰਨਾਂ ਤੋਂ ਇਲਾਵਾ ਬਾਦਲ ਸਿੰਘ ਭੁੱਲਰ,ਬਲਜਿੰਦਰ ਸਿੰਘ ਮਾਨ, ਹਰਜਿੰਦਰ ਸਿੰਘ,ਖੋਮਪਾਲ ਸਿੰਘ,ਗੁਰਸ਼ਰਨ ਸਿੰਘ,ਸਤਨਾਮ ਸਿੰਘ ਢਿੱਲੋਂ,ਗੁਰਪ੍ਰੀਤ ਸਿੰਘ,ਲਵਪ੍ਰੀਤ ਸਿੰਘ ਬੇਗਾ,ਕੁਲਵੰਤ ਸਿੰਘ,ਬਾਵਾ ਰਾਮ ਆਦਿ ਆਗੂ ਹਾਜ਼ਿਰ ਸਨ।

ਭਗਤ ਸਿੰਘ, ਰਾਜਗੂਰ ਅਤੇ ਸੁਖਦੇਵ ਦੇ ਸਹੀਦੀ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਆਯੋਜਿਤ

0

ਸੁਖਜਿੰਦਰ ਮਾਨ
ਬਠਿੰਡਾ, 23 ਮਾਰਚ: ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ (ਰਜਿ.) ਬਠਿੰਡਾ ਵੱਲੋਂ ਸਹੀਦ-ਏ-ਆਜਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸਹੀਦੀ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ। ਸੁਸਾਇਟੀ ਪ੍ਰਧਾਨ ਅਵਤਾਰ ਸਿੰਘ ਗੋਗਾ ਅਤੇ ਪ੍ਰੈਸ ਸਕੱਤਰ ਸ੍ਰ. ਗੁਰਮੁੱਖ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਸਾਇਟੀ ਵੱਲੋਂ ਹਰ ਸਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ। ਇਸੇ ਲੜੀ ਨੂੰ ਅੱਗੇ ਵਧਾਉਦੇ ਹੋਏ ਅੱਜ ਸਿਵਲ ਹਸਪਤਾਲ ਬਲੱਡ ਬੈਕ, ਬਠਿੰਡਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ 27 ਯੂਨਿਟਾਂ ਬਲੱਡ ਇਕੱਤਰ ਕੀਤੀਆਂ ਗਈਆਂ ਹਨ। ਇਸ ਕੈਂਪ ਵਿੱਚ ਖੂਨਦਾਨੀਆਂ ਦਾ ਹੋਸਲਾ ਵਧਾਉਣ ਲਈ ਬਠਿੰਡਾ ਹਲਕੇ ਦੇ ਐਮ.ਐਲ.ਏ. ਸ੍ਰ. ਜਗਰੂਪ ਸਿੰਘ ਗਿੱਲ ਵਿਸੇਸ਼ ਤੌਰ ’ਤੇ ਪਹੁੰਚੇ। ਉਨਾਂ ਵੱਲੋਂ ਖੂਨਦਾਨੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਤੋ ਬਾਅਦ ਸੁਸਾਇਟੀ ਵੱਲੋਂ ਸ੍ਰ. ਗਿੱਲ ਅਤੇ ਬਲੱਡ ਬੈਕ ਦੀ ਟੀਮ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਕੈਂਪ ਨੂੰ ਸਫਲ ਬਣਾਉਣ ਲਈ ਸ੍ਰ. ਮਹਿੰਦਰ ਸਿੰਘ ਐਫ.ਸੀ.ਆਈ, ਸੰਜੀਵ ਕੁਮਾਰ, ਰਵੀ ਬਾਂਸਲ, ਰਾਜੇਸ ਕੁਮਾਰ ਦੁੱਗਲ ਵਕੀਲ, ਡਾ. ਗੁਲਾਬ ਸਿੰਘ, ਡਾ. ਜਸਵਿੰਦਰ ਸਿੰਘ ਐਮ.ਬੀ.ਬੀ.ਐਸ, ਚੰਦਰ, ਦੀਪਕ, ਗੁਰਚਰਨ ਸਿੰਘ ਗੋਬਿੰਦਪੁਰਾ, ਸੁਰਜੀਤ ਸਿੰਘ ਮੈਡੀਕਲ ਵਾਲੇ, ਗੁਰਮੇਲ ਸਿੰਘ, ਜਤਿੰਦਰ ਕੁਮਾਰ, ਸੁਨੀਲ, ਰਾਮਜੀ ਲਾਲ, ਰਾਜ ਮਾਨਸਾ, ਵਿਸ਼ਾਲ ਬਾਸਲ, ਰਮੇਸ ਕੁਮਾਰ, ਡਾ. ਗੁਲਾਬ ਸਿੰਘ, ਪ੍ਰੀਤਮ ਸਿੰਘ, ਯਾਦਵਿੰਦਰ ਸਿੰਘ ਰਾਮਪੁਰਾ, ਅਮਨਦੀਪ ਸਿੰਘ, ਰਿੰਕੂ ਸਿੰਘ, ਰਾਜੇਸ ਕੁਮਾਰ ਸਰਮਾ, ਮਹਿੰਦਰ ਕੁਮਾਰ, ਪ੍ਰੀਤਮ, ਰਾਜੇਸ ਬਾਸਲ, ਸੁਰਿਦੰਰਪਾਲ ਸਿੰਘ, ਅਮਨਦੀਪ ਸਿੰਘ, ਸਸੀ ਸਿਖਾ, ਰਾਕੇਸ ਨਰੂਲਾ, ਰਾਜੇਸ ਜਿੰਦਲ, ਕੁੰਦਨ, ਬੀ ਬੀ ਐਸ ਅਕੈਡਮੀ ਸੰਚਾਲਕ ਹਰਪ੍ਰੀਤ ਸਿੰਘ ਆਦਿ ਵੱਲੋਂ ਵਿਸੇਸ ਸਹਿਯੋਗ ਦਿੱਤਾ ਗਿਆ।

ਹਰਪਾਲ ਸਿੰਘ ਚੀਮਾ ਨੇ ਵਿੱਤ ਮੰਤਰੀ ਵਜੋਂ ਅਹੁਦਾ ਸੰਭਾਲਿਆ

0

ਸੁਖਜਿੰਦਰ ਮਾਨ
ਚੰਡੀਗੜ੍ਹ,21 ਮਾਰਚ: ਪਾਰਟੀ ਦੇ ਸੀਨੀਅਰ ਆਗੂ ਅਤੇ ਦਿੜ੍ਹਬਾ ਹਲਕੇ ਤੋਂ ਦੂਜੀ ਵਾਰ ਚੋਣ ਜਿੱਤੇ ਹਰਪਾਲ ਸਿੰਘ ਚੀਮਾ ਨੇ ਅੱਜ ਸਥਾਨਕ ਸਕੱਤਰੇਤ ਦੀ ਤੀਜੀ ਮੰਜ਼ਿਲ ਵਿਖੇ ਵਿੱਤ ਮੰਤਰੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਉਨ੍ਹਾਂ ਭਰੋਸਾ ਦਿਵਾਇਆ ਕਿ ਪੰਜਾਬ ਦੀ ਮਾੜੀ ਵਿੱਤੀ ਹਾਲਤ ਨੂੰ ਸੁਧਾਰਨ ਦੇ ਲਈ ਉਹ ਪੂਰੀ ਤਨਦੇਹੀ ਤੇ ਈਮਾਨਦਾਰੀ ਨਾਲ ਕੰਮ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਆਪ ਸਰਕਾਰ ਦਾ ਮੁੱਖ ਟੀਚਾ ਵੱਖ ਵੱਖ ਵਿਭਾਗਾਂ ਦੀ ਆਮਦਨੀ ਵਿੱਚ ਵਾਧਾ ਕਰਨਾ ਅਤੇ ਰਿਸ਼ਵਤਖੋਰੀ ਨੂੰ ਰੋਕਣਾ ਹੋਵੇਗਾ। ਦੱਸਣਾ ਬਣਦਾ ਹੈ ਕਿ ਪਿਛਲੀ ਕਾਂਗਰਸ ਸਰਕਾਰ ਦੌਰਾਨ ਹਰਪਾਲ ਸਿੰਘ ਚੀਮਾ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵਜੋਂ ਵੀ ਕੰਮ ਕਰ ਚੁੱਕੇ ਹਨ। ਇਸ ਵਾਰ ਉਨ੍ਹਾਂ ਨੂੰ ਵਿੱਤ ਵਿਭਾਗ ਦੇ ਨਾਲ ਨਾਲ ਯੋਜਨਾ ਤੇ ਪ੍ਰੋਗਰਾਮ ਲਾਗੂ ਕਰਨ, ਕਰ ਅਤੇ ਆਬਕਾਰੀ ਤੋਂ ਇਲਾਵਾ ਸਹਿਕਾਰਤਾ ਵਰਗੇ ਮਹੱਤਵਪੂਰਨ ਵਿਭਾਗਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਪੰਜਾਬੀ ਸੂਬਾ ਬਣਨ ਤੋਂ ਬਾਅਦ ਹਰਪਾਲ ਸਿੰਘ ਚੀਮਾ ਪਹਿਲੇ ਆਗੂ ਹਨ ਜਿਹੜੇ ਪੰਜਾਬ ਦੇ ਵਿੱਤ ਮੰਤਰੀ ਵਜੋਂ ਕੰਮ ਕਰਨਗੇ।

ਬਠਿੰਡਾ ਪੁਲਿਸ ’ਤੇ ਨਸ਼ਾ ਤਸਕਰੀ ਦੇ ਮਾਮਲੇ ’ਚ ਢਿੱਲ ਵਰਤਣ ਦੀਆਂ ਉਗਲਾਂ ਉਠਣ ਲੱਗੀਆਂ

0

ਐਂਟੀ ਚਿੱਟਾ ਫ਼ਰੰਟ ਵਲੋਂ ਥਾਣਾ ਨੰਦਗੜ੍ਹ ਦਾ ਘਿਰਾਓ
ਕਿਸਾਨ ਜਥੇਬੰਦੀਆਂ ਨੇ ਵੀ ਦਿੱਤਾ ਸਾਥ
ਸੁਖਜਿੰਦਰ ਮਾਨ
ਬਠਿੰਡਾ, 22 ਮਾਰਚ: ਜ਼ਿਲ੍ਹੇ ਵਿਚ ਪਿਛਲੇ ਦੋ-ਤਿੰਨ ਦਿਨਾਂ ਦੌਰਾਨ ਲਗਾਤਾਰ ਚਿੱਟੇ ਕਾਰਨ ਹੋ ਰਹੀਆਂ ਮੌਤਾਂ ਦੇ ਮਾਮਲੇ ਵਿਚ ਹੁਣ ਬਠਿੰਡਾ ਪੁਲਿਸ ’ਤੇ ਵੀ ਉਗਲ ਉਠਣ ਲੱਗੀ ਹੈ। ਇਸ ਮਾਮਲੇ ਵਿਚ ਅੱਕੇ ਲੋਕ ਜਿੱਥੇ ਨਸ਼ਾ ਤਸਕਰਾਂ ਨੂੰ ਫ਼ੜਾਉਣ ਲਈ ਅੱਗੇ ਆ ਰਹੇ ਹਨ, ਉਥੇ ਪੁਲਿਸ ਉਪਰ ਇੰਨ੍ਹਾਂ ਤਸਕਰਾਂ ਨੂੰ ਕਥਿਤ ਤੌਰ ’ਤੇ ਛੱਡਣ ਦੇ ਦੋਸ਼ ਲੱਗਣ ਲੱਗੇ ਹਨ। ਅੱਜ ਵੀ ਇਲਾਕੇ ’ਚ ਚਿੱਟੇ ਦੇ ਸੇਵਨ ਨਾਲ ਲਗਾਤਾਰ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਤੋਂ ਦੁਖੀ ਵਕੀਲਾਂ ਵਲੋਂ ਬਣਾਏ ਐਂਟੀ ਚਿੱਟਾ ਫਰੰਟ ਪੰਜਾਬ ਅਤੇ ਕਿਸਾਨ ਜਥੈਬੰਦੀਆਂ ਵਲੋਂ ਥਾਣਾ ਨੰਦਗੜ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਐਡਵੋਕੇਟ ਰਾਹੁਲ ਝੂੰਬਾ, ਜ਼ਿਲ੍ਹਾ ਪ੍ਰਧਾਨ ਲੱਖਣ ਸਿੰਘ, ਮੀਤ ਪ੍ਰਧਾਨ ਮਨਤੇਜ ਸਿੰਘ ਧਾਲੀਵਾਲ ਆਦਿ ਨੇ ਦਸਿਆ ਕਿ ਕਿਸਾਨ ਜਥੇਬੰਦੀਆਂ ਅਤੇ ਪਿੰਡ ਝੂੰਬਾ ਦੀ ਪੰਚਾਇਤ ਦੇ ਸਹਿਯੋਗ ਨਾਲ ਥਾਣੇ ਦਾ ਘਿਰਾਓ ਕਰਦਿਆਂ ਜ਼ੋਰਦਾਰ ਨਾਅਰੇਬਾਜੀ ਕੀਤੀ ਗਈ । ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਆਗੂ ਜਗਸੀਰ ਸਿੰਘ ਝੂੰਬਾ ਨੇ ਇਸ ਮੌਕੇ ਨੰਦਗੜ੍ਹ ਥਾਣਾ ਦੇ ਅਧਿਕਾਰੀਆਂ ’ਤੇ ਦੋਸ਼ ਲਗਾਏ ਕਿ ਲੋਕਾਂ ਦੇ ਸਹਿਯੋਗ ਨਾਲ ਪਿੰਡ ਦੇ ਇੱਕ ਵਿਅਕਤੀ ਨੂੰ ਪੁਲਿਸ ਵਲੋਂ ਚਿੱਟੇ ਸਮੇਤ ਗਿ੍ਰਫਤਾਰ ਕੀਤਾ ਸੀ ਤੇ ਉਸ ਤੋਂ ਮੌਕੇ ਤੇ 3600 ਰੁਪਏ ਨਗਦੀ ਵੀ ਬਰਾਮਦ ਕਰਵਾਈ ਗਈ ਸੀ ਪ੍ਰੰਤੂ ਬਾਅਦ ਵਿਚ ਥਾਣਾ ਨੰਦਗੜ੍ਹ੍ਹ ਦੀ ਪੁਲੀਸ ਵੱਲੋਂ ਉਕਤ ਵਿਅਕਤੀ ਨੂੰ ਇਹ ਕਹਿ ਕੇ ਛੱਡ ਦਿੱਤਾ ਕਿ ਉਹ ਨਸ਼ਾ ਤਸਕਰ ਨਹੀਂ, ਬਲਕਿ ਨਸ਼ੇ ਦਾ ਆਦੀ ਹੈ। ਜਦੋਂ ਕਿ ਪਿੰਡ ਵਾਲਿਆਂ ਦਾ ਦਾਅਵਾ ਹੈ ਕਿ ਉਕਤ ਵਿਅਕਤੀ ਨਸ਼ਾ ਤਸਕਰੀ ਦਾ ਕੰਮ ਕਰਦਾ ਹੈ। ਇਸ ਦੌਰਾਨ ਥਾਣਾ ਨੰਦਗੜ੍ਹ ਦੇ ਮੁਖੀ ਬਲਦੇਵ ਸਿੰਘ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਕਤ ਵਿਅਕਤੀ ਉੱਪਰ ਜੁਰਮ ਚ ਵਾਧਾ ਕਰਦੇ ਹੋਏ ਕਾਰਵਾਈ ਕੀਤੀ ਜਾਵੇਗੀ ਅਤੇ ਇਲਾਕੇ ਵਿੱਚ ਨਸ਼ਿਆਂ ਖ਼ਿਲਾਫ਼ ਸ਼ਿਕੰਜਾ ਕੱਸਿਆ ਜਾਵੇਗਾ। ਇਸ ਮੌਕੇ ਕਿਸਾਨਾਂ ਜਥੇਬੰਦੀਆਂ ਬੀਕੇਯੂ ਉਗਰਾਹਾਂ ਬੀਕੇਯੂ ਸਿੱਧੂਪੁਰ ,ਖੇਤ ਮਜਦੂਰ ਯੂਨੀਅਨ ਅਤੇ ਦਿਹਾਤੀ ਖੇਤ ਮਜ਼ਦੂਰ ਯੂਨੀਅਨ ਨੇ ਥਾਣਾ ਨੰਦਗੜ੍ਹ ਪੁਲਿਸ ਨੂੰ 3 ਦਿਨਾਂ ਦਾ ਸਮਾਂ ਦੇ ਕੇ ਧਰਨਾ ਚੁੱਕ ਦਿੱਤਾ।

ਤੇਲ ਤੇ ਗੈਸ ਦੀਆਂ ਕੀਮਤਾਂ ਦੇ ਵਿਰੋਧ ’ਚ ਬਠਿੰਡਾ ਦੀ ਗਰੀਬ ਬਸਤੀ ਦੇ ਲੋਕਾਂ ਦੇ ਕੀਤਾ ਪ੍ਰਦਰਸ਼ਨ

0

ਸੁਖਜਿੰਦਰ ਮਾਨ
ਬਠਿੰਡਾ, 22 ਮਾਰਚ: ਸੂਬੇ ’ਚ ਪੰਜ ਰਾਜਾਂ ਵਿਚ ਹੋਈਆਂ ਚੋਣਾਂ ਤੋਂ ਬਾਅਦ ਕੇਂਦਰ ਸਰਕਾਰ ਵਲੋਂ ਅਚਾਨਕ ਦੇਸ ਵਾਸੀਆਂ ’ਤੇ ਵੱਡਾ ਭਾਰ ਪਾਉਂਦਿਆਂ ਰਸੋਈ ਗੈਸ ਸਿਲੰਡਰਾਂ ਦੀ ਕੀਮਤਾਂ ਵਿਚ 50 ਰੁਪਏ ਵਾਧਾ ਕਰਨ ਦੇ ਵਿਰੋਧ ’ਚ ਅੱਜ ਬਠਿੰਡਾ ਦੀ ਧੋਬੀਆਣਾ ਬਸਤੀ ਦੇ ਲੋਕਾਂ ਵਲੋਂ ਸਰਕਾਰ ਵਿਰੁਧ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਅਪਣੇ ਘਰਾਂ ਦੇ ਬਾਹਰ ਖ਼ਾਲੀ ਗੈਸ ਸਿਲੈਡੰਰਾਂ ਨੂੰ ਸਿਰਾਂ ’ਤੇ ਚੱਕੀ ਬਸਤੀ ਦੇ ਲੋਕਾਂ ਨੇ ਕਿਹਾ ਕਿ ਹੁਣ ਆਮ ਵਿਅਕਤੀ ਵਲੋਂ ਦਿਹਾੜੀ ਕਰਕੇ ਅਪਣੇ ਪ੍ਰਵਾਰ ਦਾ ਪੇਟ ਪਾਲਣਾ ਵੀ ਔਖਾ ਹੋ ਗਿਆ ਹੈ। ਸੁਸੀਲ ਜਿੰਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਲੋਕਾਂ ਨੂੰ ਉਮੀਦ ਸੀ ਕਿ ਚੋਣਾਂ ਤੋਂ ਬਾਅਦ ਸਰਕਾਰ ਅਪਣੇ ਵਾਅਦੇ ਮੁਤਾਬਕ ਘਰੇਲੂ ਵਸਤੂਆਂ ਦੀਆਂ ਕੀਮਤਾਂ ਵਿਚ ਕਟੌਤੀ ਕਰੇਗੀ ਪ੍ਰੰਤੂ ਮੋਦੀ ਸਰਕਾਰ ਨੇ ਉਲਟਾ ਕਰਦਿਆਂ ਤੇਲ ਦੇ ਨਾਲ ਨਾਲ ਰਸੋਈ ਗੈਸ ਦੀਆਂ ਕੀਮਤਾਂ ਵਿਚ ਵੀ ਵੱਡਾ ਵਾਧਾ ਕਰ ਦਿੱਤਾ ਹੈ। ਜਿਸਨੇ ਆਮ ਲੋਕਾਂ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ। ਮਨਜੀਤ ਕੌਰ ਨੇ ਕਿਹਾ ਕਿ ਮੌਜੂਦਾ ਮਹਿੰਗਾਈ ਦੌਰਾਨ ਆਪ ਪ੍ਰਵਾਰਾਂ ਦਾ ਬਹੁਤ ਬੁਰਾ ਹਾਲ ਹੈ। ਰਮਨਦੀਪ ਕੌਰ ਨੇ ਕਿਹਾ ਕਿ ਤੇਲ ਤੇ ਗੈਸ ਕੀਮਤਾਂ ਦੇ ਨਾਲ-ਨਾਲ ਦਾਲਾਂ ਤੇ ਸਬਜੀਆਂ ਅਤੇ ਕਣਕ ਦੀਆਂ ਕੀਮਤਾਂ ਵੀ ਬਹੁਤ ਵਧ ਗਈਆਂ ਹਨ। ਇਸ ਮੌਕੇ ਇਕੱਠੇ ਹੋਏ ਲੋਕਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਰਾਜ ਮਿਸਤਰੀ ਦੇ ਤੌਰ ’ਤੇ ਕੰਮ ਕਰਨ ਵਾਲੇ ਮਹਾਂਦੇਵ ਧੀਰ ਨੇ ਕਿਹਾ ਕਿ ਦਿਨ-ਬ-ਦਿਨ ਵਧ ਰਹੀ ਮਹਿੰਗਾਈ ਨੇ ਆਮ ਲੋਕਾਂ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ ਜਦੋਂਕਿ ਪਹਿਲਾਂ ਹੀ ਮਹਿੰਗਾਈ ਨੇ ਅੱਤ ਚੁੱਕੀ ਹੋਈ ਸੀ। ਉਨ੍ਹਾਂ ਕਿਹਾ ਕਿ ਵਧ ਰਹੀ ਤੇਲ ਤੇ ਗੈਸ ਦੀਆਂ ਕੀਮਤਾਂ ਕਾਰਨ ਘਰ ਦਾ ਬਜ਼ਟ ਵਿਗੜ ਗਿਆ ਹੈ।

ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ’ਚ ਦਾਖ਼ਲੇ ਵਧਾਉਣ ਲਈ ਵਿੱਢੀ ਮੁਹਿੰਮ

0

ਜ਼ਿਲ੍ਹਾ ਪੱਧਰੀ ਇਨਰੋਲਮੈਂਟ ਬੂਸਟਰ ਟੀਮ ਦਾ ਗਠਨ
ਸੁਖਜਿੰਦਰ ਮਾਨ
ਬਠਿੰਡਾ, 22 ਮਾਰਚ: ਸੂਬੇ ਦੇ ਸਰਕਾਰੀ ਸਕੂਲਾਂ ’ਚ ਬੱਚਿਆਂ ਦੇ ਦਾਖ਼ਲੇ ਵਧਾਉਣ ਲਈ ਸਿੱਖਿਆ ਵਿਭਾਗ ਨੇ ਮੁਹਿੰਮ ਵਿੱਢ ਦਿੱਤੀ ਹੈ। “ਈਚ ਵਨ ਬਰਿੰਗ ਵਨ“ ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਇਨਰੋਲਮੈਂਟ ਬੂਸਟਰ ਟੀਮਾਂ ਦਾ ਗਠਨ ਕੀਤਾ ਗਿਆ ਹੈ। ਸਟੇਟ ਕੋਆਰਡੀਨੇਟਰ ਸ਼ਿਵ ਪਾਲ ਗੋਇਲ ਜੋਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਵੀ ਹਨ, ਦੀ ਅਗਵਾਈ ਹੇਠ ਪ੍ਰਾਇਮਰੀ ਵਿੰਗ ਦੀ ਇਨਰੋਲਮੈਂਟ ਬੂਸਟਰ ਟੀਮ ਦੇ ਜ਼ਿਲ੍ਹਾ ਨੋਡਲ ਅਫਸਰ ਬਲਜੀਤ ਸਿੰਘ ਸੰਦੋਹਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਬਠਿੰਡਾ, ਰਣਜੀਤ ਸਿੰਘ ਮਾਨ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਡਾਇਟ ਪਿ੍ਰੰਸੀਪਲ ਸਤਵਿੰਦਰਪਾਲ ਕੌਰ ਸਿੱਧੂ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਬਲਵੀਰ ਸਿੰਘ ਸਿੱਧੂ, ਸੁਖਪਾਲ ਸਿੰਘ ਸਿੱਧੂ ਜ਼ਿਲ੍ਹਾ ਸੋਸਲ ਮੀਡੀਆ ਕੋਆਰਡੀਨੇਟਰ ਅਤੇ ਰਮਿੰਦਰ ਸਿੰਘ ਐਮ ਆਈ ਐਸ ਕੋਆਰਡੀਨੇਟਰ ਨੂੰ ਸ਼ਾਮਿਲ ਕੀਤਾ ਗਿਆ ਹੈ।ਇਸੇ ਤਰ੍ਹਾਂ ਮੇਵਾ ਸਿੰਘ ਸਿੱਧੂ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਦੀ ਰਹਿਨੁਮਾਈ ਹੇਠ ਸੈਕੰਡਰੀ ਵਿੰਗ ਦੀ ਜ਼ਿਲ੍ਹਾ ਪੱਧਰੀ ਇਨਰੋਲਮੈਂਟ ਬੂਸਟਰ ਟੀਮ ਵਿੱਚ ਇਕਬਾਲ ਸਿੰਘ ਬੁੱਟਰ ਜ਼ਿਲ੍ਹਾ ਨੋਡਲ ਅਫਸਰ ਕਮ ਉਪ ਜ਼ਿਲ੍ਹਾ ਸਿੱਖਿਆ ਅਫਸਰ, ਭੁਪਿੰਦਰ ਕੌਰ ਉਪ ਜ਼ਿਲ੍ਹਾ ਸਿੱਖਿਆ ਅਫਸਰ, ਡਾ ਜਸਪਾਲ ਸਿੰਘ ਰੋਮਾਣਾ ਇੰਚਾਰਜ ਸਿੱਖਿਆ ਸੁਧਾਰ ਟੀਮ, ਸੰਦੀਪ ਕੁਮਾਰ ਐਨ ਜੀ ਓ ਕੋਆਰਡੀਨੇਟਰ, ਹਰਸਿਮਰਨ ਸਿੰਘ ਡੀ ਐਮ ਸਾਇੰਸ, ਬਾਲ ਕਿ੍ਰਸ਼ਨ ਡੀ ਐਮ ਅੰਗਰੇਜ਼ੀ/ ਐਸ ਐਸ ਟੀ, ਹਰਭਜਨ ਸਿੰਘ ਡੀ ਐਮ ਗਣਿਤ, ਗੁਰਪ੍ਰੀਤ ਸਿੰਘ ਡੀ ਐਮ ਪੰਜਾਬੀ, ਦੀਪਕ ਕੁਮਾਰ ਡੀ ਐਮ ਹਿੰਦੀ, ਗੁਰਚਰਨ ਸਿੰਘ ਡੀ ਐਮ ਸਰੀਰਕ ਸਿੱਖਿਆ, ਗੁਰਮੀਤ ਸਿੰਘ ਸਿੱਧੂ ਡੀ ਐਮ ਆਈ ਸੀ ਟੀ ਅਤੇ ਰਮਿੰਦਰ ਸਿੰਘ ਐਮ ਆਈ ਐਸ ਕੋਆਰਡੀਨੇਟਰ ਸ਼ਾਮਿਲ ਨੂੰ ਕੀਤਾ ਗਿਆ।ਸ਼੍ਰੀ ਗੋਇਲ ਨੇ ਦੱਸਿਆ ਕਿ ਸਕੂਲ ਮੁਖੀ ਅਤੇ ਕਰਮਚਾਰੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਨਤਕ ਥਾਵਾਂ ਅਤੇ ਧਾਰਮਿਕ ਸਥਾਨਾਂ ਤੋਂ ਪਬਲਿਕ ਅਨਾਊਂਸਮੈਂਟ ਸਿਸਟਮ ਰਾਹੀਂ ਸਥਾਨਕ ਨਿਵਾਸੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਅਤੇ ਨਵੇਂ ਦਾਖਲਿਆਂ ਸਬੰਧੀ ਮਾਪਿਆਂ ਨੂੰ ਪ੍ਰੇਰਿਤ ਕਰਨਗੇ।

ਬਠਿੰਡਾ ’ਚ ਖੇਤਰੀ ਖੋਜ ਕੇਂਦਰ ਵਲੋਂ ਕਿਸਾਨ ਮੇਲਾ 29 ਮਾਰਚ ਨੂੰ

0

ਸੁਖਜਿੰਦਰ ਮਾਨ
ਬਠਿੰਡਾ, 22 ਮਾਰਚ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਥਾਨਕ ਡੱਬਵਾਲੀ ਰੋਡ ’ਤੇ ਸਥਿਤ ਖੇਤਰੀ ਖੋਜ ਕੇਂਦਰ ਵਲੋਂ ਕੋਵਿਡ ਪ੍ਰਕੋਪ ਦੇ ਦੋ ਸਾਲ ਦੇ ਵਕਫੇ ਬਾਅਦ ਪਹਿਲੀ ਵਾਰ 29 ਮਾਰਚ ਨੂੰ ਕਿਸਾਨ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਕੇਂਦਰ ਦੇ ਡਾਇਰੈਕਟਰ ਡਾ. ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਮੇਲੇ ਦਾ ਮੁੱਖ ਉਦੇਸ਼ ‘‘ਧਰਤੀ, ਪਾਣੀ, ਪੌਣ ਬਚਾਈਏ, ਪੁਸ਼ਤਾਂ ਖਾਤਰ ਧਰਮ ਨਿਭਾਈਏ’’ ਹੈ। ਇਸ ਮੇਲੇ ਦੌਰਾਨ ਕਿਸਾਨ ਵੀਰਾਂ ਨੂੰ ਸਾਉਣੀ ਦੀਆਂ ਫ਼ਸਲਾਂ ਦੀਆਂ ਸੁਧਰੀਆਂ ਕਿਸਮਾਂ ਦੇ ਬੀਜ, ਸਬਜੀਆਂ ਦੀਆਂ ਕਿੱਟਾਂ ਅਤੇ ਫ਼ਲਦਾਰ ਬੂਟੇ ਮੁਹੱਈਆ ਕਰਵਾਏ ਜਾਣਗੇ। ਇਸ ਮੇਲੇ ’ਤੇ ਖਾਸ ਤੌਰ ’ਤੇ ਸਬਜੀਆਂ ਦੀ ਪਨੀਰੀ ਵੀ ਦਿੱਤੀ ਜਾਵੇਗੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਨਾਲ ਸਬੰਧਿਤ ਅਦਾਰਿਆਂ ਵੱਲੋਂ ਵੱਖ-ਵੱਖ ਪ੍ਰਦਰਸ਼ਨੀਆਂ ਲਾਈਆਂ ਜਾਣਗੀਆਂ ਅਤੇ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਖੇਤੀ ਅਤੇ ਹੋਰ ਸਹਾਇਕ ਧੰਦਿਆਂ ਸਬੰਧੀ ਤਕਨੀਕੀ ਜਾਣਕਾਰੀ ਮੌਕੇ ’ਤੇ ਹੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਮੇਲੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਫ਼ਸਲਾਂ, ਸਬਜੀਆਂ ਅਤੇ ਫ਼ਲਾਂ ਸਬੰਧੀ ਨੁਮਾਇਸ਼ ਲਗਾਈ ਜਾਵੇਗੀ, ਸੁਆਣੀਆਂ ਨੂੰ ਘਰੇਲੂ ਕੰਮਾਂ ਅਤੇ ਸਹਾਇਕ ਧੰਦਿਆਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਇਸ ਮੌਕੇ ਖੇਤੀ ਸਾਹਿਤ ਵੀ ਮੁਹੱਈਆ ਕਰਵਾਇਆ ਜਾਵੇਗਾ। ਡਾ. ਪਰਮਜੀਤ ਸਿੰਘ ਨੇ ਕਿਸਾਨ ਵੀਰਾਂ ਨੂੰ ਪਰਿਵਾਰ ਸਮੇਤ ਇਸ ਮੇਲੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਅਪੀਲ ਵੀ ਕੀਤੀ ਹੈ।

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਘੁੱਦਾ ਵਿਖੇ 3 ਰੋਜ਼ਾ “ਵਿਦਿਆਰਥੀ ਸ਼ਖਸੀਅਤ ਉਸਾਰੀ“ ਕੈਂਪ ਆਯੋਜਿਤ

0

ਸੁਖਜਿੰਦਰ ਮਾਨ
ਬਠਿੰਡਾ, 22 ਮਾਰਚ: ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਯੂਨੀਵਰਸਿਟੀ ਕਾਲਜ ਘੁੱਦਾ ਵਿਖੇ ਤਿੰਨ ਰੋਜਾ ਵਿਦਿਆਰਥੀ ਸ਼ਖਸੀਅਤ ਉਸਾਰੀ ਕੈਂਪ ਲਾਇਆ ਗਿਆ। ਕੈਂਪ ਵਿੱਚ ਵਿਦਿਆਰਥੀਆਂ ਦੀ ਸ਼ਖਸੀਅਤ ਦੀ ਉਸਾਰੀ ਲਈ ਚੰਗੀ ਸੋਚ, ਸੁੁਚੱਜੀ ਜੀਵਨ ਜਾਚ ਅਤੇ ਚੜ੍ਹਦੀ ਕਲਾ ਵਾਲੀ ਜਿੰਦਗੀ ਜਿਊਣ ਦੇ ਵਿਸ਼ਿਆਂ ਤੇ ਤਕਨੀਕੀ ਸੈਸ਼ਨ ਡਾ ਅਵਨਿੰਦਰਪਾਲ ਸਿੰਘ, ਪ੍ਰੋਫੈਸਰ ਮਨਿੰਦਰ ਸਿੰਘ ਤੇ ਡਾ ਗੁਰਪ੍ਰੀਤ ਸਿੰਘ ਵੱਲੋਂ ਲਾਏ ਗਏ। ਬੁਲਾਰਿਆਂ ਨੇ ਕਿਹਾ ਕਿ ਹਿੰਮਤੀ ਲੋਕ ਹੀ ਵੱਡੇ ਨਿਸ਼ਾਨੇ ਮਿਥ ਕੇ ਵੱਡੀਆਂ ਪ੍ਰਾਪਤੀਆਂ ਕਰ ਸਕਦੇ ਹਨ। ਆਮ ਸਟੇਜ ਸਕੱਤਰ ਦੀ ਭੂਮਿਕਾ ਡਾ ਗੁਰਜਿੰਦਰ ਸਿੰਘ ਰੋਮਾਣਾ ਨੇ ਨਿਭਾਈ।ਸ਼ਬਦ ਗਾਇਨ ਪ੍ਰੋ ਐਮ ਪੀ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕੀਤਾ ਗਿਆ। ਇਸ ਮੌਕੇ ਵਿਦਿਆਰਥੀ ਪੂਨਮ ਸ਼ਰਮਾ ਤੇ ਗੁਰਭੇਜ ਸਿੰਘ ਨੂੰ “ਬੈਸਟ ਕੈਂਪਰ“ ਐਲਾਨਿਆ ਗਿਆ। ਕਾਲਜ ਪਿ੍ਰੰਸੀਪਲ ਡਾ. ਜਸਪਾਲ ਸਿੰਘ, ਡਾ.ਵੀਰਪਾਲ ਕੌਰ,ਰਮਨਦੀਪ ਕੌਰ,ਜਸਵੀਰ ਕੌਰ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਦਿੱਤਾ ਗਿਆ। ਇਸ ਮੌਕੇ ਬਲਵੰਤ ਸਿੰਘ ਬਠਿੰਡਾ,ਬਲਵੰਤ ਸਿੰਘ ਕਾਲਝਰਾਣੀ,ਸੁਰਿੰਦਰਪਾਲ ਸਿੰਘ ਬੱਲੂਆਣਾ ਆਦਿ ਹਾਜਰ ਸਨ।

28-29 ਦੀ ਹੜਤਾਲ ਨੂੰ ਸਫਲ ਬਣਾਉਣ ਲਈ ਸਾਂਝਾ ਫਰੰਟ ਦੇ ਆਗੂਆਂ ਦੀ ਮੀਟਿੰਗ ਹੋਈ

0

ਸੁਖਜਿੰਦਰ ਮਾਨ
ਬਠਿੰਡਾ, 22 ਮਾਰਚ: ਪੰਜਾਬ ਯੂ ਟੀ ਮੁਲਾਜਮ ਅਤੇ ਪੈਨਸਨਰ ਸਾਂਝਾ ਫਰੰਟ ਵੱਲੋਂ 28 ਅਤੇ 29 ਮਾਰਚ ਦੀ ਹੜਤਾਲ ਨੂੰ ਸਫਲ ਬਣਾਉਣ ਲਈ ਅੱਜ ਸਥਾਨਕ ਟੀਚਰਜ਼ ਹੋਮ ਵਿਖੇ ਮੀਟਿੰਗ ਹੋਈ। ਮੀਟਿੰਗ ਦੌਰਾਨ ਜਿਲ੍ਹਾ ਕਨਵੀਨਰ ਸਾਥੀ ਦਰਸਨ ਮੌੜ ਅਤੇ ਮੱਖਣ ਸਿੰਘ ਖਣਗਵਾਲ ਨੇ ਮੁਲਾਜਮਾਂ/ਲੋਕਾਂ ਨੂੰ ਆ ਰਹੀਆਂ ਮੁਸਕਿਲਾਂ ਲਈ ਜਨਤਕ ਅਦਾਰਿਆਂ ਦੇ ਨਿੱਜੀਕਰ ਨੂੰ ਜਿੰਮੇਵਾਰ ਠਹਿਰਾਉਂਦਿਆਂ ਤਰੁੰਤ ਬੰਦ ਕਰਨ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਮਿੱਡ ਡੇ ਮੀਲ ਵਰਕਰਾਂ, ਆਸਾ ਵਰਕਰਾਂ ਤੇ ਅਤੇ ਆਂਗਣਵਾੜੀ ਵਰਕਰਾਂ ਨੂੰ ਘੱਟੋ ਘੱਟ ਉਜਰਤ ਦੇ ਘੇਰੇ ਵਿੱਚ ਲਿਆ ਕੇ ਘੱਟੋ ਘੱਟ 26000 ਉਜਰਤ ਦਾ ਕਰਨਾ,2004 ਤੋਂ ਬਾਅਦ ਭਰਤੀ ਕੀਤੇ ਮੁਲਾਜਮਾਂ ਤੇ ਪੁਰਾਣੀ ਪੈਨਸਨ ਸਕੀਮ ਲਾਗੂ ਕਰਨਾ ਅਤੇ ਰਹਿੰਦੇ ਬੋਰਡਾਂ ਕਾਰਪੋਰੇਸਨਾਂ ਦੇ ਮੁਲਾਜਮਾਂ ਲਈ ਵੀ ਪੈਨਸਨ ਲਾਗੂ ਕਰਨ ਦੀ ਮੰਗ ਕੀਤੀ ਗਈ ਹੈ। ਸਾਥੀ ਸਿੰਕਦਰ ਧਾਲੀਵਾਲ, ਜਤਿੰਦਰ ਕਿ੍ਰਸਨ ਅਤੇ ਗਗਨਦੀਪ ਸਿੰਘ ਪੈਰਾਮੈਡੀਕਲ ਨੇ ਆਖਿਆ ਕਿ ਇਸ ਹੜਤਾਲ ਨੂੰ ਸਫ਼ਲ ਬਣਾਉਣ ਲਈ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸਾਥੀ ਕਿਸੋਰ ਚੰਦ ਗਾਜ ਤੇ ਅਮਨਦੀਪ ਕੁਮਾਰ ਨੇ ਦੱਸਿਆ ਕਿ 28 ਮਾਰਚ ਨੂੰ ਸਾਂਝੇ ਫਰੰਟ ਬਠਿੰਡਾ ਵੱਲੋਂ 9 ਤੋਂ 11ਵਜੇ ਤੱਕ ਹੜਤਾਲ ਕੀਤੀ ਜਾਵੇਗੀ ਅਤੇ ਰੋਸ ਮੁਜਾਹਰਾ ਕੀਤਾ ਜਾਵੇਗਾ।

ਪੰਜਾਬ ਵਿਧਾਨ ਸਭਾ ਵੱਲੋਂ ਮਹਾਨ ਸ਼ਖ਼ਸੀਅਤਾਂ ਭਗਤ ਸਿੰਘ, ਡਾ. ਅੰਬੇਡਕਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਲਗਾਉਣ ਲਈ ਸਰਬਸੰਮਤੀ ਨਾਲ ਮਤਾ ਪਾਸ

0

ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੇ ਸ਼ਹੀਦੀ ਦਿਹਾੜੇ ‘ਤੇ 23 ਮਾਰਚ ਨੂੰ ਛੁੱਟੀ ਦਾ ਐਲਾਨ
ਸੁਖਜਿੰਦਰ ਮਾਨ
ਚੰਡੀਗੜ੍ਹ, 22 ਮਾਰਚ: ਪੰਜਾਬ ਵਿਧਾਨ ਸਭਾ ਨੇ ਅੱਜ ਸਦਨ ਦੇ ਆਗੂ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਿਧਾਨ ਸਭਾ ਦੇ ਕੰਪਲੈਕਸ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ, ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਅਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਲਗਾਉਣ ਲਈ ਪੇਸ਼ ਕੀਤਾ ਮਤਾ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਸਦਨ ਵਿੱਚ ਭਗਵੰਤ ਮਾਨ ਨੇ ਕਿਹਾ, “ਇੱਕ ਕਰਜ਼ਦਾਰ ਕੌਮ ਵਜੋਂ ਅਸੀਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਯੋਗਦਾਨ ਨੂੰ ਕਦੇ ਨਹੀਂ ਭੁੱਲ ਸਕਦੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਇਸੇ ਤਰ੍ਹਾਂ, ਡਾ. ਬੀ.ਆਰ. ਅੰਬੇਡਕਰ ਨੇ ਭਾਰਤੀ ਸੰਵਿਧਾਨ ਦੇ ਮੁੱਖ ਨਿਰਮਾਤਾ ਦੇ ਤੌਰ ‘ਤੇ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਦੇ ਯੁੱਗ ਵਿੱਚ ਦੇਸ਼ ਦੀ ਕਿਸਮਤ ਨੂੰ ਘੜਿਆ।ਇਨ੍ਹਾਂ ਮਹਾਨ ਆਗੂਆਂ ਨੂੰ ਸਾਡੇ ਸਾਰਿਆਂ ਲਈ ਦੇਸ਼ ਦਾ ਰੋਲ ਮਾਡਲ ਦੱਸਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਮਹਾਨ ਆਗੂਆਂ ਦਾ ਜੀਵਨ ਸਾਰੇ ਲੋਕਾਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਬਣਿਆ ਰਹੇਗਾ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਦੀ ਵਿਰਾਸਤ ਨੂੰ ਸਦਾ ਕਾਇਮ ਰੱਖਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਇਸੇ ਤਰ੍ਹਾਂ ਖਾਲਸਾ ਰਾਜ ਦੇ ਬਾਨੀ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਵੀ ਪੰਜਾਬ ਵਿਧਾਨ ਸਭਾ ਦੇ ਕੰਪਲੈਕਸ ਵਿੱਚ ਉਸਾਰਿਆ ਜਾਵੇਗਾ।ਇਸ ਦੌਰਾਨ ਭਗਵੰਤ ਮਾਨ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੇ ਸ਼ਹੀਦੀ ਦਿਹਾੜੇ ‘ਤੇ ਇਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਵਜੋਂ ਬੁੱਧਵਾਰ (23 ਮਾਰਚ) ਨੂੰ ਸੂਬੇ ਭਰ ਵਿੱਚ ਗਜ਼ਟਿਡ ਛੁੱਟੀ ਦਾ ਐਲਾਨ ਵੀ ਕੀਤਾ।

Our Visitor

1899312