ਸੁਖਜਿੰਦਰ ਮਾਨ
ਬਠਿੰਡਾ, 19 ਮਾਰਚ: ਬੀਤੇ ਕੱਲ ਬਠਿੰਡਾ ਸ਼ਹਿਰ ਵਿਚ ਹੋਲੀ ਦੇ ਮਨਾਏ ਗਏ ਪਵਿੱਤਰ ਤਿਊਹਾਰ ਮੌਕੇ ਖ਼ਰੂਦ ਪਾਉਣ ਵਾਲੇ ਨੌਜਵਾਨ ਮੁੰਡੇ-ਕੁੜੀਆਂ ਦੀ ਪੁਲਿਸ ਵਲੋਂ ‘ਖੁੰਬ’ ਠੱਪਣ ਦੀ ਸੂਚਨਾ ਹੈ। ਸੂਚਨਾ ਮੁਤਾਬਕ ਸਥਾਨਕ ਅਜੀਤ ਰੋਡ, 100 ਫੁੱਟੀ ਰੋਡ, ਮਾਲ ਰੋਡ ਤੇ ਹੋਰਨਾਂ ਥਾਵਾਂ ’ਤੇ ਵੱਡੀ ਗਿਣਤੀ ਵਿਚ ਨੌਜਵਾਨਾਂ ਵਲੋਂ ਇਕੱਲੇ ਮੋਟਰਸਾਈਕਲਾਂ ਤੇ ਸਕੂਟਰਾਂ ’ਤੇ ਸਵਾਰ ਹੋ ਕੇ ਨਹੀਂ, ਬਲਕਿ ਪਿੰਡਾਂ ਵਿਚੋਂ ਵੱਡੇ ਵੱਡੇ ਟਰੈਕਟਰ ਲਿਆ ਕੇ ਉਨ੍ਹਾਂ ਉਪਰ ਉਚੀ ਉਚੀ ਅਵਾਜ਼ ’ਚ ਡੈਕ ਚਲਾ ਕੇ ਹੋਲੀ ਮਨਾਈ ਗਈ। ਤੇਜ਼ ਵਾਹਨ ਚਲਾਉਣ ਤੋਂ ਇਲਾਵਾ ਬੁਲੇਟ ਮੋਟਰਸਾਈਕਲਾਂ ਦੇ ਸਿਲੈਸਰਾਂ ਰਾਹੀ ਪਟਾਕੇ ਵੀ ਪਾਏ ਗਏ। ਇਹੀਂ ਨਹੀਂ ਖ਼ੁਸੀ ਤੇ ਜਵਾਨੀ ਦੇ ਜੋਸ਼ ’ਚ ਇੱਕ-ਇੱਕ ਮੋਟਰਸਾਈਕਲ ਉਪਰ ਤਿੰਨ-ਤਿੰਨ ਤੇ ਚਾਰ-ਚਾਰ ਜਣਿਆਂ ਨੇ ਸਵਾਰ ਹੋ ਕੇ ਹੁੱਲੜਬਾਜ਼ੀਆਂ ਕਰਨ ਦੀਆਂ ਘਟਨਾਵਾਂ ਵੀ ਵਾਪਰੀਆਂ। ਨੌਜਵਾਨਾਂ ਦੇ ਨਾਲ ਮੁਟਿਆਰਾਂ ਵੀ ਇਸ ਹੁੱਲੜਬਾਜ਼ੀ ਵਿਚ ਸ਼ਾਮਲ ਸਨ। ਵੱਡੀ ਗਿਣਤੀ ਵਿਚ ਆਏ ਇਨਾਂ੍ਹ ਨੌਜਵਾਨਾਂ ਅਤੇ ਮੁਟਿਆਰਾਂ ਨੇ ਟੋਲੀਆਂ ਦੇ ਰੂਪ ‘ਚ ਸ਼ਹਿਰ ਵਿਚ ਹੁੱਲੜਬਾਜ਼ੀ ਕੀਤੀ। ਇਸ ਤੋਂ ਇਲਾਵਾ ਟਰੈਕਟਰਾਂ ਕਾਰਾਂ ਅਤੇ ਜੀਪਾਂ ‘ਤੇ ਸਵਾਰ ਐਨੀ ਉੱਚੀ ਆਵਾਜ਼ ਵਿਚ ਡੈੱਕ ਲਗਾਏ ਹੋਏ ਸਨ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਹੁੱਲੜਬਾਜ਼ਾਂ ਵੱਲੋਂ ਦਿੱਤੀਆਂ ਜਾ ਰਹੀਆਂ ਇਨਾਂ੍ਹ ਹਰਕਤਾਂ ਦਾ ਪਤਾ ਚਲਦਿਆਂ ਹੀ ਪੁਲਿਸ ਨੂੰ ਆਪਣੇ ਰੰਗ ਵਿਚ ਆਉਣਾ ਪਿਆ ਤੇ ਹੁੜਦੰਗ ਮਚਾ ਰਹੇ ਨੌਜਵਾਨਾਂ ਅਤੇ ਮੁਟਿਆਰਾਂ ਦੀ ਖੁੰਬ ਠੱਪ ਕੇ ਉਨਾਂ੍ਹ ਨੂੰ ਘਰੋ ਘਰੀਂ ਤੋਰਿਆ। ਸ਼ਹਿਰ ਦੇ ਆਈਲੇਟਸ ਤੇ ਪੀਜੀ ਵਾਲੇ ਖੇਤਰਾਂ ਵਿਚ ਪੁਲਿਸ ਵਲੋਂ ਬੈਰੀਗੇਡਿੰਗ ਤੇ ਨਾਕਾਬੰਦੀ ਕਰਨ ਦੇ ਨਾਲ-ਨਾਲ ਗਸ਼ਤ ਰੱਖੀ ਹੋਈ ਸੀ। ਇਸ ਦੌਰਾਨ ਕਈ ਥਾਂ ਕੁੱਝ ਨੌਜਵਾਨ ਪੁਲਿਸ ਦੇ ਧੱਕੇ ਵੀ ਚੜ੍ਹੇ ਤੇ ਕਈ ਥਾਂ ਉਨ੍ਹਾਂ ਦੇ ਵਾਹਨਾਂ ਦੇ ਚਲਾਨ ਵੀ ਕੀਤੇ ਗਏ। ਇਸ ਮੌਕੇ ਕਈ ਖੇਤਰਾਂ ਦੇ ਮੁਹੱਲਾ ਵਾਸੀਆਂ ਨੇ ਇਹ ਵੀ ਦੋਸ਼ ਲਗਾਏ ਕਿ ਕਈ ਥਾਂ ਹੋਲੀ ਮਨਾਉਣ ਲਈ ਘਰੋਂ ਬਾਹਰ ਨਿਕਲੇ ਨੌਜਵਾਨ ਅਤੇ ਮੁਟਿਆਰਾਂ ਨਸ਼ੇ ਵਿਚ ਟੁੱਲ ਸਨ।
ਹੌਲੀ ਮੌਕੇ ਸ਼ਰਾਰਤੀ ਨੌਜਵਾਨਾਂ ਦੀ ਪੁਲਿਸ ਨੇ ‘ਖੁੰਬ’ ਠੱਪੀ
ਐਮ.ਐਲ.ਏ ਜਗਰੂਪ ਸਿੰਘ ਗਿੱਲ ਨੇ ਖੇਡੀ ਬਠਿੰਡਾ ਵਾਸੀਆਂ ਦੇ ਨਾਲ ਹੋਲੀ
ਸ਼ਹਿਰ ’ਚ ਦੁਕਾਨਦਾਰਾਂ ਤੇ ਵਪਾਰੀਆਂ ਨੇ ਕੀਤਾ ਗੁਲਾਬ ਦੇ ਫੁੱਲਾਂ ਦੀ ਵਰਖ਼ਾ ਨਾਲ ਸਵਾਗਤ
ਸੁਖਜਿੰਦਰ ਮਾਨ
ਬਠਿੰਡਾ, 19 ਮਾਰਚ: ਆਮ ਆਦਮੀ ਪਾਰਟੀ ਦੇ ਬਠਿੰਡਾ ਸਹਿਰੀ ਹਲਕੇ ਤੋਂ ਭਾਰੀ ਬਹੁਮਤ ਨਾਲ ਚੁਣੇ ਗਏ ਐਮ.ਐਲ.ਏ ਜਗਰੂਪ ਸਿੰਘ ਗਿੱਲ ਨੇ ਵੀ ਬੀਤੇ ਕੱਲ ਸ਼ਹਿਰੀਆਂ ਨਾਲ ਹੋਲੀ ਖੇਡੀ। ਇਸ ਮੌਕੇ ਉਹ ਆਪ ਟੀਮ ਤੇ ਸ਼ਹਿਰੀਆਂ ਦੇ ਨਾਲ ਸ਼ਹਿਰ ਦੇ ਵੱਖ ਬਜ਼ਾਰਾਂ ’ਚ ਗਏ, ਜਿੱਥੇ ਵਪਾਰੀਆਂ ਤੇ ਦੁਕਾਨਦਾਰਾਂ ਨੇ ਉਨ੍ਹਾਂ ਦਾ ਗੁਲਾਬ ਦੇ ਫੁੱਲਾਂ ਦੀ ਵਰਖ਼ਾ ਕਰਕੇ ਸਵਾਗਤ ਕੀਤਾ। ਇਸ ਮੌਕੇ ਐਮ.ਐਲ.ਏ ਸ: ਗਿੱਲ ਨੇ ਸ਼ਹਿਰੀਆਂ ਨੂੰ ਇਸ ਪਵਿੱਤਰ ਤਿਊਹਾਰ ਦੀ ਵਧਾਈ ਦਿੰਦਿਆਂ ਸ਼ਹਿਰ ਦੇ ਵਿਕਾਸ ਤੇ ਅਮਨ ਕਾਨੂੰਨ ਦੀ ਰਾਖੀ ਲਈ ਸਰਕਾਰ ਤੇ ਪ੍ਰਸ਼ਾਸਨ ਦਾ ਸਾਥ ਦੇਣ ਦੀ ਅਪੀਲ ਕੀਤੀ। ਖੁੱਲ੍ਹੀ ਜੀਪ ’ਚ ਸਵਾਰ ਹੋ ਕੇ ਆਪਣੇ ਸਮਰਥਕਾਂ ਨਾਲ ਨਿਕਲੇ ਸ: ਗਿੱਲ ਨੇ ਸਹਿਰੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਸ਼ਹਿਰ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸ ਮੌਕੇ ਵੱਡੀ ਗਿਣਤੀ ਵਿਚ ਮੌਜੂਦ ਆਪ ਸਮਰਥਕਾਂ ਨੇ ਪੰਜਾਬ ਸਰਕਾਰ ਤੇ ਐਮ.ਐਲ.ਏ ਜਗਰੂਪ ਸਿੰਘ ਗਿੱਲ ਦੇ ਹੱਕ ਵਿਚ ਨਾਅਰੇ ਲਗਾ ਕੇ ਖ਼ੁਸੀ ਦਾ ਇਜ਼ਹਾਰ ਕੀਤਾ। ਇਸ ਮੌਕੇ ਪਾਰਟੀ ਦੇ ਸੂਬਾਈ ਬੁਲਾਰੇ ਨੀਲ ਗਰਗ, ਜ਼ਿਲ੍ਹਾ ਪ੍ਰਧਾਨ ਅੰਮਿ੍ਰਤਲਾਲ ਅਗਰਵਾਲ, ਸੂਬਾਈ ਆਗੂ ਐਡਵੋਕੇਟ ਨਵਦੀਪ ਸਿੰਘ ਜੀਦਾ, ਵਪਾਰ ਵਿੰਗ ਦੇ ਆਗੂ ਅਨਿਲ ਠਾਕੁਰ, ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਮਰਦੀਪ ਰਾਜਨ, ਕੋਂਸਲਰ ਸੁਖਦੀਪ ਸਿੰਘ ਢਿੱਲੋਂ, ਮਹਿੰਦਰ ਸਿੰਘ ਫੁੱਲੋਮਿੱਠੀ, ਬੀਸੀ ਵਿੰਗ ਦੀ ਜ਼ਿਲ੍ਹਾ ਮਨਦੀਪ ਕੌਰ ਰਾਮਗੜ੍ਹੀਆ, ਸੀਨੀਅਰ ਆਗੂ ਮਨਜੀਤ ਸਿੰਘ ਲਹਿਰਾ ਆਦਿ ਤੋਂ ਇਲਾਵਾ ਸ਼ਹਿਰ ਦੀਆਂ ਵੱਖ ਵੱਖ ਜਥੇਬੰਦੀਆਂ ਤੇ ਵਪਾਰਕ ਐਸੋਸੀਏਸ਼ਨਾਂ ਦੇ ਅਹੁੱਦੇਦਾਰ ਵੀ ਹਾਜ਼ਰ ਰਹੇ।
ਸੀਨੀਅਰ ਆਗੂਆਂ ਨੂੰ ਵਜ਼ਾਰਤ ’ਚੋਂ ਬਾਹਰ ਰੱਖਣ ਦੀ ਨੀਤੀ ਦੀ ਪੰਜਾਬ ’ਚ ਚਰਚਾ
ਸੁਖਜਿੰਦਰ ਮਾਨ
ਬਠਿੰਡਾ, 19 ਮਾਰਚ: ਸੂਬੇ ’ਚ ਇਤਿਹਾਸਕ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਅੱਜ ਅਪਣੇ ਮੰਤਰੀ ਮੰਡਲ ਦਾ ਗਠਨ ਕਰਨ ਵਾਲੀ ਆਮ ਆਦਮੀ ਪਾਰਟੀ ਵਲੋਂ ਅਪਣੇ ਸੀਨੀਅਰ ਆਗੂਆਂ ਨੂੰ ਵਜ਼ਾਰਤ ਵਿਚੋਂ ਬਾਹਰ ਰੱਖਣ ਦੀ ਗੱਲ ਪੰਜਾਬੀਆਂ ਨੂੰ ਹਜਮ ਨਹੀਂ ਹੋ ਰਹੀ ਹੈ। ਹਾਲਾਂਕਿ ਮੰਤਰੀ ਮੰਡਲ ’ਚ ਸ਼ਾਮਲ ਹੋਣ ਦੇ ਪ੍ਰਮੁੱਖ ਦਾਅਵੇਦਾਰ ਰਹੇ ਕੁਲਤਾਰ ਸਿੰਘ ਸੰਧਵਾਂ ਨੂੰ ਪੰਜਾਬ ਵਿਧਾਨ ਸਭਾ ਦਾ ਸਪੀਕਰ ਬਣਾਇਆ ਜਾ ਰਿਹਾ ਹੈ ਪ੍ਰੰਤੂ ਸੁਨਾਮ ਹਲਕੇ ਤੋਂ ਪੰਜਾਬ ਵਿਚੋਂ ਸਭ ਤੋਂ ਵੱਧ ਵੋਟਾਂ ਲੈ ਕੇ ਜਿੱਤੇ ਅਮਨ ਅਰੋੜਾ ਦੇ ਨਾਲ-ਨਾਲ ਦੂਜੀ ਵਾਰ ਜਿੱਤੀਆਂ ਮਹਿਲਾ ਵਿਧਾਇਕਾਵਾਂ ਪ੍ਰੋ ਬਲਜਿੰਦਰ ਕੌਰ ਤੇ ਸਰਵਜੀਤ ਕੌਰ ਮਾਣੂਕੇ, ਬੁਲਢਾਡਾ ਤੋਂ ਪਿ੍ਰੰਸੀਪਲ ਬੁੱਧ ਰਾਮ ਸਹਿਤ ਅੰਮਿ੍ਰਤਸਰ ਜ਼ਿਲ੍ਹੇ ਵਿਚੋਂ ਸਾਬਕਾ ਆਈ.ਜੀ ਕੁੰਵਰਵਿਜੇ ਪ੍ਰਤਾਪ ਸਿੰਘ ਤੇ ਪ੍ਰੋ ਜੀਵਨਜੋਤ ਕੌਰ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆ ਨੂੰ ਭਗਵੰਤ ਮਾਨ ਵਲੋਂ ਵਜਾਰਤ ਕਰਨ ਦੀ ਆਮ ਲੋਕਾਂ ਵਿਚ ਚਰਚਾ ਚੱਲ ਰਹੀ ਸੀ। ਪ੍ਰੰਤੂ ਇਸਦੇ ਉਲਟ ਅੱਜ ਜਿੰਨ੍ਹਾਂ ਦਸ ਮੰਤਰੀਆਂ ਨੂੰ ਸਹੁੰ ਚੁਕਾਈ ਗਈ ਹੈ, ਉਨ੍ਹਾਂ ਵਿਚੋਂ ਅੱਠ ਨਵੇਂ ਵਿਧਾਇਕਾਂ ਨੂੰ ਸ਼ਾਮਲ ਕਰਕੇ ਪੁਰਾਣਿਆਂ ਨੂੰ ਅਣਗੋਲਿਆ ਕਰਨ ਦੀ ਨੀਤੀ ਆਮ ਪੰਜਾਬੀਆਂ ਦੇ ਸਮਝ ਵਿਚ ਨਹੀਂ ਆ ਰਹੀ ਹੈ। ਸਭ ਤੋਂ ਵੱਧ ਹੈਰਾਨੀ ਇਸ ਗੱਲ ਦੀ ਵੀ ਮੰਨੀ ਜਾ ਰਹੀ ਹੈ ਕਿ ਪਾਰਟੀ ਦੇ ਨਾਲ ਹਰ ਔਖ ਸੌਖ ਵਿਚ ਖੜੇ ਰਹਿਣ ਵਾਲੇ ਪਿ੍ਰੰਸੀਪਲ ਬੁੱਧ ਰਾਮ ਦੀ ਬਜਾਏ ਪਹਿਲੀ ਵਾਰ ਜਿੱਤਣ ਵਾਲੇ ਡਾ ਵਿਜੇ ਸਿੰਗਲਾ ਨੂੰ ਮੰਤਰੀ ਬਣਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹਰ ਵਜ਼ਾਰਤ ’ਚ ਵੱਡੀ ਸਮੂਲੀਅਤ ਰੱਖਣ ਵਾਲੇ ਬਠਿੰਡਾ ਜ਼ਿਲ੍ਹੇ ਨੂੰ ਵੀ ਅਣਗੋਲਿਆ ਕਰ ਦਿੱਤਾ ਹੈ। ਉਧਰ ਵਜ਼ਾਰਤ ’ਚ ਨਾ ਸ਼ਾਮਲ ਦੇ ਮੁੱਦੇ ’ਤੇ ਇੰਨ੍ਹਾਂ ਸੀਨੀਅਰ ਵਿਧਾਇਕਾਂ ਨੇ ਕੁੱਝ ਵੀ ਕਹਿਣ ਤੋਂ ਇੰਨਕਾਰ ਕਰਦਿਆਂ ਪਾਰਟੀ ਦੇ ਹਰ ਫੈਸਲੇ ਨੂੰ ਸਿਰ ਮੱਥੇ ਮੰਨਣ ਦਾ ਐਲਾਨ ਕੀਤਾ ਹੈ ਪ੍ਰੰਤੂ ਉਨ੍ਹਾਂ ਦੇ ਨਜਦੀਕੀਆਂ ਮੁਤਾਬਕ ਇੰਨ੍ਹਾਂ ਵਿਚੋਂ ਕੁੱਝ ਆਗੂ ਖੁਦ ਨੂੰ ਅਣਗੋਲਿਆ ਕਰਨ ਪਿੱਛੇ ਕਿਸੇ ਵੱਡੀ ਸ਼ਾਜਸ ਨੂੰ ਜਿੰਮੇਵਾਰ ਮੰਨ ਰਹੇ ਹਨ। ਵਿਰੋਧੀ ਹਵਾਵਾਂ ਤੇ ਧਨਾਢਾਂ ਨਾਲ ਟੱਕਰ ਲੈ ਕੇ ਲਗਾਤਾਰ ਦੂਜੀ ਵਾਰ ਤਲਵੰਡੀ ਸਾਬੋ ਹਲਕੇ ਤੋਂ ਜਿੱਤੀ ਪ੍ਰੋ. ਬਲਜਿੰਦਰ ਕੌਰ ਵਲੋਂ ਫੇਸਬੁੱਕ ’ਤੇ ਪਾਈ ਇਕ ਪੋਸਟ ਵਿਚ ਉਨ੍ਹਾਂ ਦਾ ਦਰਦ ਸਾਫ਼ ਝਲਕ ਰਿਹਾ ਹੈ। ਹਾਲਾਂਕਿ ਇਹ ਪੋਸਟ ਉਨ੍ਹਾਂ ਕੁੱਝ ਹੀ ਸਮੇਂ ਬਾਅਦ ਅਪਣੇ ਫ਼ੇਸਬੁੱਕ ਪੇਜ਼ ਤੋਂ ਹਟਾ ਦਿੱਤੀ ਪ੍ਰੰਤੂ ਇਸ ਪੋਸਟ ਦੀਆਂ ਲਿਖੀਆਂ ਦੋ ਲਾਈਨਾਂ ਨੂੰ ਲੋਕਾਂ ਨੇ ਸਕਰੀਨ ਸ਼ਾਟ ਦੇ ਤੌਰ ’ਤੇ ਸੰਭਾਲ ਕੇ ਰੱਖ ਲਿਆ ਹੈ। ਸਿਆਸੀ ਮਾਹਰਾਂ ਮੁਤਾਬਕ ਹਿੰਦੀ ਵਿਚ ਲਿਖੀਆਂ ਇੰਨ੍ਹਾਂ ਦੋ ਲਾਈਨਾਂ ‘‘ ਜਿੱਥੇ ਅਪਣਿਆਂ ਸਾਹਮਣੇ ਹੀ ਸਚਾਈ ਸਾਬਤ ਕਰਨੀ ਪਏ, ਉਥੇ ਉਹ ਬੁਰੇ ਹੀ ਚੰਗੇ ਹਨ’’ ਵੱਡੇ ਮਤਲਬ ਹਨ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਮੁੱਖ ਮੰਤਰੀ ਦੇ ਅਹੁੱਦੇ ਤੋਂ ਲੈ ਕੇ ਹੋਰਨਾਂ ਕਈ ਮੁੱਦਿਆਂ ਵਿਚ ਭਗਵੰਤ ਮਾਨ ਤੇ ਪ੍ਰੋ ਬਲਜਿੰਦਰ ਕੌਰ ਦੇ ਵਿਚਾਰਾਂ ਵਿਚ ਕਈ ਵਾਰ ਫ਼ਰਕ ਦੇਖਣ ਨੂੰ ਮਿਲਦਾ ਰਿਹਾ ਹੈ। ਇਸਦੇ ਬਾਵਜੂਦ ਪ੍ਰੋ ਬਲਜਿੰਦਰ ਕੌਰ ਹਮੇਸ਼ਾ ਦਿੱਲੀ ਹਾਈਕਮਾਂਡ ਦੇ ਹੱਕ ਵਿਚ ਖੜਦੀ ਰਹੀ ਹੈ।
ਜਲ ਸਪਲਾਈ ਕਾਮਿਆਂ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਤੋਂ ਮੁਕਰੇ ਅਧਿਕਾਰੀ
22 ਨੂੰ ਹੈਡ ਆਫਿਸ ਦਾ ਘੇਰਾਓ ਅਤੇ ਸਬ ਡਵੀਜਨ ਪੱਧਰੀ ਧਰਨੇ ਦੇ ਕੇ ਅਧਿਕਾਰੀਆਂ ਦੇ ਪੁਤਲੇ ਫੂਕਣ ਦਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ, 19 ਮਾਰਚ: ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ, ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ ਅਤੇ ਸੂਬਾ ਪ੍ਰੈਸ ਸਕੱਤਰ ਸਤਨਾਮ ਸਿੰਘ ਫਲੀਆਂਵਾਲਾ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ’ਚ ਬਤੌਰ ਇਨਲਿਸਟਮੈਂਟ ਪਾਲਸੀ, ਠੇਕੇਦਾਰਾਂ ਅਤੇ ਕੰਪਨੀਆਂ ਅਧੀਨ ਪਿਛਲੇ 15 ਸਾਲਾਂ ਤੋਂ ਪੇਂਡੂ ਜਲ ਘਰਾਂ ’ਤੇ ਵੱਖ ਵੱਖ ਪੋਸਟਾਂ ਦਾ ਕੰਮ ਕਰਦੇ ਕਾਮਿਆਂ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਤੋਂ ਸਰਕਾਰ ਮੁਕਰ ਰਹੀ ਹੈ, ਜਿਸਦੇ ਚੱਲਦੇ 22 ਮਾਰਚ ਨੂੰ ਹੈਡ ਆਫਿਸ ਦਾ ਘੇਰਾਓ ਅਤੇ ਸਬ ਡਵੀਜਨ ਪੱਧਰੀ ਧਰਨੇ ਦੇ ਕੇ ਅਧਿਕਾਰੀਆਂ ਦੇ ਪੁਤਲੇ ਫੂਕਣ ਦਾ ਫ਼ੈਸਲਾ ਕੀਤਾ ਗਿਆ ਹੈ। ਆਗੂਆਂ ਨੇ ਦਸਿਆ ਕਿ ਕਾਮਿਆਂ ਨੂੰ ਵਰਤਮਾਨ ਸਮੇਂ ਦੌਰਾਨ ਆ ਰਹੀਆਂ ਮੁਸ਼ਕਲਾਂ ਜਿਵੇਂ ਕਿ ਪਿਛਲੇ 3 ਮਹੀਨਿਆਂ ਤੋਂ ਰੁਕੀਆਂ ਤਨਖਾਹਾਂ ਲਈ ਫੰਡ ਜਾਰੀ ਕਰਨਾ, ਵਰਕਰਾਂ ਦੀਆਂ ਵਧੇ ਹੋਏ ਰੇਟ ਮੁਤਾਬਿਕ ਤਨਖਾਹਾਂ ਵਿਚੋਂ ਕਟੌਤੀ ਦੇ ਬਕਾਏ ਦੇਣਾ, ਕਿਰਤ ਕਮਿਸ਼ਨਰ ਪੰਜਾਬ ਤਹਿਤ ਵਧੀਆਂ ਉਜਰਤਾਂ ਲਾਗੂ ਕਰਨਾ, ਬਣਦਾ ਏਰੀਅਰ ਦਾ ਪਿਛਲਾ ਬਕਾਇਆ ਦੇਣਾ, ਮਿ੍ਰਤਕ ਵਰਕਰਾਂ ਦੇ ਪਰਿਵਾਰ ਦੇ ਮੈਂਬਰ ਨੂੰ ਤਰਸ ਦੇ ਅਧਾਰ ’ਤੇ ਨੋਕਰੀ ਦੇਣਾ ਆਦਿ ਹੱਕੀ ਤੇ ਜਾਇਜ ਮੰਗਾਂ ਦਾ ਹੱਲ ਕਰਨ ਦੀ ਮੰਗ ਲਈ ਜਥੇਬੰਦੀ ਵਲੋਂ ਉਲੀਕੇ ਹੋਏ ਸੰਘਰਸ਼ ਦੀ ਬਦੋਲਤ ਜਸਸ ਵਿਭਾਗ ਦੇ ਮੁੱਖੀ (ਐਚ.ਓ.ਡੀ.) ਮੋਹਾਲੀ ਵਲੋਂ ਮੁੱਖ ਇੰਜੀਨੀਅਰ (ਸੈਂਟਰਲ/ਪੀ.ਡੀ.ਕਿਊ) ਚੇਅਰਮੈਨ, ਮੁੱਖ ਇੰਜੀਨੀਅਰ (ਉਤਰ/ਦੱਖਣ) ਪੰਜਾਬ, ਵਧੀਕ ਡਾਇਰੈਕਟਰ (ਵਿੱਤ) ਪੰਜਾਬ ਅਤੇ ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਪੰਜਾਬ (ਸਾਰੇ ਮੈਂਬਰ) ਦੇ ਅਨੁਸਾਰ ਕਮੇਟੀ ਦਾ ਗਠਨ ਕਰਕੇ ਜਥੇਬੰਦੀ ਦੇ ਸੂਬਾਈ ਆਗੂਆਂ ਨਾਲ ਮਿਤੀ 15-03-2022 ਨੂੰ ਮੁੱਖ ਇੰਜੀਨੀਅਰ (ਸੈਂਟਰਲ) ਮੁੱਖ ਦਫਤਰ ਪਟਿਆਲਾ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿਚ ਵਿਭਾਗੀ ਅਧਿਕਾਰੀਆਂ ਦੀ ਗਠਿਤ ਕਮੇਟੀ ਦੇੇ ਨੁਮਾਇੰਦਿਆਂ ਵਿਚੋਂ ਸ੍ਰੀ ਸੰਦੀਪ ਸਿੰਘ ਵਧੀਕ ਡਾਇਰੈਕਟਰ (ਵਿੱਤ), ਸ਼੍ਰੀ ਅਸ਼ਵਨੀ ਅਰੋੜਾ ਡਿਪਟੀ ਡਾਇਰੈਕਟਰ (ਪ੍ਰਸ਼ਾਸਨ), ਸ੍ਰੀ ਜਸਇੰਦਰ ਸਿੰਘ ਸਿੱਧੂ ਕਾਰਜਕਾਰੀ ਇੰਜੀਨੀਅਰ (ਸੈਂਟਰਲ), ਸ਼੍ਰੀ ਮਨੋਜ ਮਲਹੋਤਰਾ ਕਾਰਜਕਾਰੀ ਇੰਜੀਨੀਅਰ (ਨੁਮਾਇੰਦਾ ਮੁੱਖ ਇੰਜੀਨੀਅਰ, ਦੱਖਣ) ਅਤੇ ਸ਼੍ਰੀ ਪੁਨੀਤ ਗਰਗ ਕਾਰਜਕਾਰੀ ਇੰਜੀਨੀਅਰ (ਨੁਮਾਇੰਦਾ, ਮੁੱਖ ਇੰਜੀਨੀਅਰ ਉਤਰ) ਅਤੇ ਜਥੇਬੰਦੀ ਦੇ ਸੂਬਾ ਆਗੂ ਹਾਜਰ ਹੋਏ। ਇਸ ਮੀਟਿੰਗ ਵਿਚ ਜਥੇਬੰਦੀ ਦੀਆਂ ਮੰਗਾਂ ਦਾ ਹੱਲ ਕਰਨ ਦੇ ਸਬੰਧ ਵਿਚ ਕਿਸੇ ਹੱਦ ਤੱਕ ਗਠਿਤ ਕਮੇਟੀ ਦੇ ਵਿਭਾਗੀ ਅਧਿਕਾਰੀਆਂ ਨਾਲ ਸਹਿਮਤੀ ਬਣੀ ਸੀ ਅਤੇ ਇਨ੍ਹਾਂ ਮੰਗਾਂ ਨੂੰ ਲਾਗੂ ਕਰਨ ਲਈ ਪ੍ਰੋਸੀਡਿੰਗ ਵੀ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ, ਪਰ ਹੁਣ ਜਦੋ ਆਗੂਆਂ ਵਲੋਂ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਪਰੋਕਤ ਜਥੇਬੰਦੀ ਦੀਆਂ ਮੰਗਾਂ ’ਤੇ ਬਣੀ ਸਹਿਮਤੀ ਮੁਤਾਬਿਕ ਪ੍ਰੋਸੀਡਿੰਗ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ, ਇਹ ਬਹੁਤ ਹੀ ਅਫਸੋਸ ਨਾਕ ਗੱਲ ਹੈ, ਜਿਸਤੋਂ ਸਾਫ ਹੁੰਦਾ ਹੈ ਕਿ ਪੰਜਾਬ ਸਰਕਾਰ ਅਤੇ ਵਿਭਾਗਾਂ ਦੇ ਅਧਿਕਾਰੀਆਂ ਦੀ ਕਹਿਣੀ ਅਤੇ ਕਰਨੀ ਵਿਚ ਬਹੁਤ ਫਰਕ ਹੈ ।ਉਨ੍ਹਾਂ ਅੱਗੇ ਕਿਹਾ ਕਿ ਹਾਲ ਹੀ ਵਿਚ ਬਣੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਪਾਸੋ ਮੰਗ ਕੀਤੀ ਜਾਵੇਗੀ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਇਨਲਿਸਟਡ ਕਾਮਿਆਂ ਨੂੰ ਸਬੰਧਤ ਵਿਭਾਗ ਵਿਚ ਬਿਨ੍ਹਾ ਸ਼ਰਤ ਦੇ ਕੰਟਰੈਕਟ ’ਤੇ ਲੈ ਕੇ ਰੈਗੂਲਰ ਕਰਨ, ਵਰਕਰਾਂ ਦੀਆਂ ਰੁਕੀਆਂ ਤਨਖਾਹਾਂ ਅਤੇ ਵਰਕਰਾਂ ਦੀਆਂ ਕਟੋਤੀ ਕੀਤੀਆਂ ਤਨਖਾਹਾਂ ਦੇ ਬਕਾਏ ਦਿੱਤੇ ਜਾਣ, ਕਿਰਤ ਕਮਿਸ਼ਨਰ ਤਹਿਤ ਵਧੀਆਂ ਉਜਰਤਾਂ ਅਤੇ ਬਣਦਾ ਏਰੀਅਰ ਦਿੱਤਾ ਜਾਵੇ, ਕੁਟੈਸ਼ਨ ਸਿਸਟਮ ਬੰਦ ਕਰਨ,ਸਰਕਾਰੀ ਖਜਾਨਾ ਦਫਤਰਾਂ ’ਚ ਲਗਾਈ ਰੋਕ ਦੇ ਫੈਸਲੇ ਨੂੰ ਤੁਰੰਤ ਵਾਪਸ ਲੈਣ ਸਮੇਤ ਜਥੇਬੰਦੀ ਦੇ ਪੱਤਰ ਵਿਚ ਦਰਜ ਤਮਾਮ ਮੰਗਾਂ ਦਾ ਹੱਲ ਕਰਨ ਦੀ ਮੰਗ ਕੀਤੀ ਜਾਵੇਗੀ। ਜੇਕਰ ਵਰਕਰਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ ਤਾਂ ਜਥੇਬੰਦੀ ਸੰਘਰਸ਼ ਨੂੰ ਜਾਰੀ ਰੱਖਣ ਲਈ ਮਜਬੂਰ ਹੋਵੇਗੀ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਦੀ ਸਿੱਧੇ ਰੂਪ ਵਿਚ ਪੰਜਾਬ ਸਰਕਾਰ ਅਤੇ ਜਸਸ ਵਿਭਾਗ ਦੇ ਅਧਿਕਾਰੀ ਹੋਣਗੇ।ਇਸ ਮੌਕੇ ਸੂਬਾ ਆਗੂ ਹਾਕਮ ਧਨੇਠਾ, ਸੁਰੇਸ਼ ਕੁਮਾਰ ਮੋਹਾਲੀ, ਮੀਤ ਪ੍ਰਧਾਨ ਮਨਪ੍ਰੀਤ ਸਿੰਘ, ਰੁਪਿੰਦਰ ਸਿੰਘ, ਭੁਪਿੰਦਰ ਸਿੰਘ ਕੁਤਬੇਵਾਲ, ਸੰਦੀਪ ਖਾਂ, ਸੁਰਿੰਦਰ ਸਿੰਘ, ਗੁਰਵਿੰਦਰ ਸਿੰਘ ਬਾਠ, ਪ੍ਰਦੂਮਣ ਸਿੰਘ, ਜਗਰੂਪ ਸਿੰਘ, ਤਰਜਿੰਦਰ ਸਿੰਘ ਮਾਨ ਆਦਿ ਮੌਜੂਦ ਸਨ।
ਪੰਜਾਬ ਦੇ ਰਾਜਪਾਲ ਨੇ ਭਗਵੰਤ ਮਾਨ ਦੀ ਅਗਵਾਈ ਵਾਲੇ ਮੰਤਰੀ ਮੰਡਲ ਦੇ 10 ਮੰਤਰੀਆਂ ਨੂੰ ਅਹੁਦੇ ਦਾ ਹਲਫ਼ ਦਿਵਾਇਆ
ਸੁਖਜਿੰਦਰ ਮਾਨ
ਚੰਡੀਗੜ੍ਹ, 19 ਮਾਰਚ: ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਅੱਜ ਇੱਥੇ ਪੰਜਾਬ ਰਾਜ ਭਵਨ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਵਿਚ ਨਵੇਂ ਬਣੇ 10 ਕੈਬਨਿਟ ਮੰਤਰੀਆਂ ਨੂੰ ਅਹੁਦਾ ਦਾ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸੂਬੇ ਦੇ ਮੁੱਖ ਸਕੱਤਰ ਅਨਿਰੁਧ ਤਿਵਾੜੀ ਨੇ ਸਹੁੰ ਚੁੱਕ ਸਮਾਗਮ ਦੀ ਕਾਰਵਾਈ ਚਲਾਈ। ਪੰਜਾਬ ਰਾਜ ਭਵਨ ਦੇ ਕੰਪਲੈਕਸ ਵਿਚ ਨਵੇਂ ਬਣੇ ਗੁਰੂ ਨਾਨਕ ਦੇਵ ਆਡੀਟੋਰੀਅਮ ਵਿਚ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਵਿਚ ਹਲਫ਼ ਲੈਣ ਵਾਲੇ ਕੈਬਨਿਟ ਮੰਤਰੀਆਂ ਵਿਚ ਦ੍ਰਿੜਬਾ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ, ਮਲੋਟ ਤੋਂ ਵਿਧਾਇਕ ਡਾ. ਬਲਜੀਤ ਕੌਰ, ਜੰਡਿਆਲਾ ਤੋਂ ਵਿਧਾਇਕ ਹਰਭਜਨ ਸਿੰਘ ਈ.ਟੀ.ਓ., ਮਾਨਸਾ ਤੋਂ ਵਿਧਾਇਕ ਡਾ. ਵਿਜੇ ਸਿੰਗਲਾ, ਭੋਆ ਤੋਂ ਵਿਧਾਇਕ ਲਾਲ ਚੰਦ, ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ, ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਪੱਟੀ ਤੋਂ ਵਿਧਾਇਕ ਲਾਲਜੀਤ ਸਿੰਘ ਭੁੱਲਰ, ਹੁਸ਼ਿਆਰਪੁਰ ਤੋਂ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਹਰਜੋਤ ਸਿੰਘ ਬੈਂਸ ਸ਼ਾਮਲ ਹਨ। ਇਸ ਮੌਕੇ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਪ੍ਰੋ-ਟੈੱਮ ਸਪੀਕਰ ਡਾ. ਇੰਦਰਬੀਰ ਸਿੰਘ ਨਿੱਜਰ ਵੀ ਹਾਜ਼ਰ ਸਨ। ਇਨ੍ਹਾਂ ਤੋਂ ਇਲਾਵਾ ਨਵੇਂ ਚੁਣੇ ਆਪ ਵਿਧਾਇਕ, ਪੰਜਾਬ ਭਰ ਤੋਂ ਸੀਨੀਅਰ ਪਾਰਟੀ ਲੀਡਰ, ਵਰਕਰ ਅਤੇ ਵਾਲੰਟੀਅਰ ਅਤੇ ਵੱਖ-ਵੱਖ ਖੇਤਰ ਦੀਆਂ ਸ਼ਖਸੀਅਤਾਂ ਹਾਜ਼ਰ ਸਨ।ਸਮਾਗਮ ਵਿਚ ਸਿਵਲ ਤੇ ਪੁਲੀਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਨਵੇਂ ਚੁਣੇ ਕੈਬਨਿਟ ਮੰਤਰੀਆਂ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਦੋਸਤ-ਮਿੱਤਰ ਹਾਜ਼ਰ ਸਨ।
ਭਗਵੰਤ ਮਾਨ ਦੀ ਅਗਵਾਈ ‘ਚ ਮੰਤਰੀ ਮੰਡਲ ਵੱਲੋਂ ਪਹਿਲੀ ਮੀਟਿੰਗ ਵਿਚ ਨੌਜਵਾਨਾਂ ਨੂੰ 25000 ਸਰਕਾਰੀ ਨੌਕਰੀਆਂ ਦੇਣ ਲਈ ਹਰੀ ਝੰਡੀ
ਮੰਤਰੀ ਮੰਡਲ ਨੇ ਪਹਿਲੀ ਮੀਟਿੰਗ ਵਿਚ ਸਾਲ 2021-22 ਲਈ ਗ੍ਰਾਂਟਾਂ ਲਈ ਅਨੁਪੂਰਕ ਮੰਗਾਂ ਪੇਸ਼ ਕਰਨ ਦੀ ਪ੍ਰਵਾਨਗੀ
ਸਾਲ 2022-23 ਲਈ ਲੇਖਾ ਅਨੁਦਾਨ ਵਾਸਤੇ ਵੀ ਮਨਜ਼ੂਰੀ ਦਿੱਤੀ
ਸੁਖਜਿੰਦਰ ਮਾਨ
ਚੰਡੀਗੜ੍ਹ, 19 ਮਾਰਚ: ਇਕ ਇਤਿਹਾਸਕ ਫੈਸਲਾ ਲੈਂਦਿਆਂ ਪੰਜਾਬ ਮੰਤਰੀ ਮੰਡਲ ਨੇ ਅੱਜ ਆਪਣੀ ਪਹਿਲੀ ਮੀਟਿੰਗ ਵਿਚ ਸੂਬਾ ਸਰਕਾਰ ਦੇ ਵੱਖ-ਵੱਖ ਵਿਭਾਗਾਂ, ਬੋਰਡਾਂ ਅਤੇ ਕਾਰਪੋਰੇਸ਼ਨਾਂ ਵਿਚ ਨੌਜਵਾਨਾਂ ਨੂੰ 25000 ਸਰਕਾਰੀ ਨੌਕਰੀਆਂ ਦੇਣ ਲਈ ਹਰੀ ਝੰਡੀ ਦੇ ਦਿੱਤੀ ਹੈ। ਇਸ ਬਾਰੇ ਫੈਸਲਾ ਅੱਜ ਦੁਪਹਿਰ ਮੁੱਖ ਮੰਤਰੀ ਦਫ਼ਤਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਮੰਤਰੀ ਮੰਡਲ ਦੀ ਪਲੇਠੀ ਮੀਟਿੰਗ ਦੌਰਾਨ ਲਿਆ ਗਿਆ। ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਇਤਿਹਾਸਕ ਫੈਸਲੇ ਰਾਹੀਂ ਸਰਕਾਰੀ ਖੇਤਰ ਵਿਚ ਨੌਜਵਾਨਾਂ ਨੂੰ ਪਾਰਦਰਸ਼ੀ ਅਤੇ ਮੈਰਿਟ ਦੇ ਆਧਾਰ ਉਤੇ ਨੌਕਰੀਆਂ ਮੁਹੱਈਆ ਕਰਵਾਉਣ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਦਿਸਹੱਦੇ ਕਾਇਮ ਹੋਣਗੇ। ਇਨ੍ਹਾਂ 25000 ਸਰਕਾਰੀ ਨੌਕਰੀਆਂ ਵਿੱਚੋਂ 10,000 ਅਸਾਮੀਆਂ ਪੰਜਾਬ ਪੁਲੀਸ ਵਿੱਚ ਭਰੀਆਂ ਜਾਣਗੀਆਂ ਜਦਕਿ 15000 ਨੌਕਰੀਆਂ ਬਾਕੀ ਵਿਭਾਗਾਂ ਵਿਚ ਦਿੱਤੀਆਂ ਜਾਣਗੀਆਂ। ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਨੌਕਰੀਆਂ ਦਾ ਇਸ਼ਤਿਹਾਰ ਦੇਣ ਅਤੇ ਨੋਟੀਫਿਕੇਸ਼ਨ ਦੀ ਪ੍ਰਕਿਰਿਆ ਇਕ ਮਹੀਨੇ ਦੇ ਅੰਦਰ ਪੂਰੀ ਹੋਵੇਗੀ। ਮੰਤਰੀ ਮੰਡਲ ਨੇ ਅਗਾਮੀ ਵਿਧਾਨ ਸਭਾ ਇਜਲਾਸ ਵਿਚ ਸਾਲ 2021-22 ਲਈ ਗ੍ਰਾਂਟਾਂ ਵਾਸਤੇ ਅਨੁਪੂਰਕ ਮੰਗਾਂ ਪੇਸ਼ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਫੈਸਲੇ ਨਾਲ ਸਾਲ 2021-22 ਦੌਰਾਨ ਵੱਖ-ਵੱਖ ਵਿਭਾਗਾਂ ਦੁਆਰਾਂ ਖਰਚ ਕੀਤੇ ਗਏ ਵਾਧੂ ਖਰਚੇ ਲਈ ਬਜਟ ਮੁਹੱਈਆ ਕਰਵਾਉਣਾ ਹੈ ਤਾਂ ਜੋ ਬਕਾਇਆ ਦੇਣਦਾਰੀਆਂ ਨੂੰ ਨਿਪਟਾਇਆ ਜਾ ਸਕੇ। ਇਸੇ ਤਰ੍ਹਾਂ ਭਾਰਤੀ ਸੰਵਿਧਾਨ ਦੀ ਧਾਰਾ 203 ਦੀ ਉਪ ਧਾਰਾ (3) ਦੇ ਉਪਬੰਧਾਂ ਅਨੁਸਾਰ ਪੰਜਾਬ ਸਰਕਾਰ ਦੇ ਸਾਲ 2021-22 ਦੇ ਖਰਚੇ ਵਾਸਤੇ ਗ੍ਰਾਂਟਾਂ ਦੇਣ ਲਈ ਅਨੁਪੂਰਕ ਮੰਗਾਂ ਵਿਧਾਨ ਸਭਾ ਵਿਚ ਪੇਸ਼ ਕੀਤੀਆਂ ਜਾਣੀਆਂ ਲੋੜੀਂਦੀਆਂ ਹਨ ਜਿਸ ਕਰਕੇ ਮੰਤਰੀ ਮੰਡਲ ਵੱਲੋਂ ਇਹ ਮੰਗਾਂ ਪੇਸ਼ ਕਰਨ ਦੀ ਪ੍ਰਵਾਨਗੀ ਦਿੱਤੀ ਗਈ।
ਇਸੇ ਤਰ੍ਹਾਂ ਮੰਤਰੀ ਮੰਡਲ ਨੇ ਪੰਜਾਬ ਵਿਧਾਨ ਸਭਾ ਵਿਚ ਕਾਰਜਵਿਧੀ ਅਤੇ ਕਾਰਜ ਸੰਚਾਲਨ ਦੇ ਨਿਯਮਾਂ ਦੇ 164 ਨਿਯਮ ਅਨੁਸਾਰ ਸਾਲ 2022-23 ਲਈ ਸੂਬੇ ਦੇ ਇਕ ਅਪ੍ਰੈਲ, 2022 ਤੋਂ 30 ਜੂਨ, 2022 ਤੱਕ ਦੇ ਅਨੁਮਾਨਿਤ ਖਰਚੇ ਦੇ ਵੇਰਵੇ (ਲੇਖਾ ਅਨੁਦਾਨ) ਵਿਧਾਨ ਸਭਾ ਵਿਚ ਪੇਸ਼ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।
ਪੰਜਾਬ ਪੁਲਿਸ ਨੇ ਨਾਮਵਰ ਕੌਮਾਂਤਰੀ ਕਬੱਡੀ ਖਿਡਾਰੀ ਦੇ ਕ਼ਤਲ ਦੀ ਗੁੱਥੀ ਸੁਲਝਾਈ; ਚਾਰ ਗ੍ਰਿਫਤਾਰ
ਵਿਦੇਸ਼ੀ ਮੂਲ ਦੇ ਤਿੰਨ ਵਿਅਕਤੀਆਂ ਦੀ ਮੁੱਖ ਸਾਜਿ਼ਸ਼-ਘਾੜਿਆਂ ਵਜੋਂ ਪਛਾਣ ; ਤਿੰਨਾਂ `ਤੇ ਮੁਕੱਦਮਾ ਦਰਜ
ਸੁਖਜਿੰਦਰ ਮਾਨ
ਜਲੰਧਰ, 19 ਮਾਰਚ: ਪੰਜਾਬ ਪੁਲਿਸ ਨੇ ਕੌਮਾਂਤਰੀ ਕਬੱਡੀ ਖਿਡਾਰੀ ਦੇ ਕਤਲ ਤੋਂ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਅੰਦਰ, ਇਸ ਕਤਲ ਦੀ ਸਾਜਿ਼ਸ਼ ਰਚਣ ਵਾਲੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਸ ਵੱਡੇ ਕਤਲ ਕਾਂਡ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਦੱਸਣਯੋਗ ਹੈ ਕਿ 14 ਮਾਰਚ, 2022 ਨੂੰ ਸ਼ਾਮ 6 ਵਜੇ ਦੇ ਕਰੀਬ ਜਲੰਧਰ ਦੇ ਪਿੰਡ ਮੱਲ੍ਹੀਆਂ ਵਿੱਚ ਚੱਲ ਰਹੇ ਕਬੱਡੀ ਮੈਚ ਦੌਰਾਨ ਪੰਜ ਅਣਪਛਾਤੇ ਹਮਲਾਵਰਾਂ ਨੇ ਨਾਮਵਰ ਕਬੱਡੀ ਖਿਡਾਰੀ ਸੰਦੀਪ ਸਿੰਘ ਉਰਫ਼ ਸੰਦੀਪ ਨੰਗਲ ਅੰਬੀਆ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਗ੍ਰਿਫਤਾਾਰ ਕੀਤੇ ਵਿਅਕਤੀਆਂ ਦੀ ਪਛਾਣ ਫਤਿਹ ਸਿੰਘ ਉਰਫ ਯੁਵਰਾਜ ਵਾਸੀ ਸੰਗਰੂਰ , ਕੌਸ਼ਲ ਚੌਧਰੀ ਵਾਸੀ ਨਾਹਰਪੁਰ ਰੂਪਾ ,ਗੁਰੂਗ੍ਰਾਮ, ਹਰਿਆਣਾ, ਹਰਿਆਣਾ ਦੇ ਪਿੰਡ ਮਹੇਸ਼ਪੁਰ ਪਲਵਾਂ ਦੇ ਅਮਿਤ ਡਾਗਰ; ਸਿਮਰਨਜੀਤ ਸਿੰਘ ਉਰਫ ਜੁਝਾਰ ਸਿੰਘ ਉਰਫ ਗੈਂਗਸਟਰ ਵਾਸੀ ਪਿੰਡ ਮਾਧੋਪੁਰ ਪੀਲੀਭੀਤ, ਯੂ.ਪੀ. ਵਜੋਂ ਹੋਈ ਹੈ। ਇਹ ਚਾਰੇ ਅਪਰਾਧੀ, ਜੋ ਹਿਸਟਰੀਸ਼ੀਟਰ ਹਨ ਅਤੇ 20 ਤੋਂ ਵੱਧ ਅਪਰਾਧਿਕ ਮਾਮਲਿਆਂ ਜਿਨ੍ਹਾਂ ਵਿੱਚ ਜਿ਼ਆਦਾਤਰ ਕਤਲ ਅਤੇ ਇਰਾਦਾ ਕ਼ਤਲ ਦੇ ਕੇਸ ਹਨ, `ਚ ਲੋੜੀਂਦੇ ਹਨ, ਨੂੰ ਵੱਖ-ਵੱਖ ਜੇਲ੍ਹਾਂ ਤੋਂ ਪ੍ਰੋਡਕਸ਼ਨ ਵਾਰੰਟ `ਤੇ ਲਿਆਂਦਾ ਗਿਆ ਸੀ।
ਪੁਲਿਸ ਨੇ ਤਿੰਨ ਮੁੱਖ ਸਾਜਿਸ਼ਘਾੜਿਆਂ ਨੂੰ ਵੀ ਨਾਮਜ਼ਦ ਕੀਤਾ ਹੈ ਜਿਨ੍ਹਾਂ ਦੀ ਪਛਾਣ ਸਨੋਵਰ ਢਿੱਲੋਂ, ਜੋ ਅੰਮ੍ਰਿਤਸਰ ਦਾ ਵਸਨੀਕ ਹੈ ਅਤੇ ਅੱਜ-ਕੱਲ੍ਹ ਬਰੈਂਪਟਨ, ਓਨਟਾਰੀਓ, ਕੈਨੇਡਾ ਵਿੱਚ ਰਹਿੰਦਾ ਹੈ ਅਤੇ ਕੈਨੇਡੀਅਨ ਸੱਥ ਟੀਵੀ ਅਤੇ ਰੇਡੀਓ ਸ਼ੋਅ ਦਾ ਨਿਰਮਾਤਾ ਅਤੇ ਨਿਰਦੇਸ਼ਕ ਹੈ; ਸੁਖਵਿੰਦਰ ਸਿੰਘ ਉਰਫ ਸੁੱਖਾ ਦੁੱਨੇਕੇ ਉਰਫ ਸੁੱਖ ਸਿੰਘ ਵਾਸੀ ਪਿੰਡ ਦੁੱਨੇਕੇ,ਵਾਸੀ ਮੋਗਾ ਅਤੇ ਜੋ ਪਿਛਲੇ ਕੁਝ ਸਾਲਾਂ ਤੋਂ ਕੈਨੇਡਾ `ਚ ਰਹਿ ਰਿਹਾ ਹੈ, ਜਗਜੀਤ ਸਿੰਘ ਉਰਫ ਗਾਂਧੀ ਵਾਸੀ ਡੇਹਲੋਂ, ਲੁਧਿਆਣਾ ਜ਼ੋ ਮੌਜੂਦਾ ਸਮੇਂ ਵਿੱਚ ਮਲੇਸ਼ੀਆ ਵਿੱਚ ਰਹਿ ਰਿਹਾ ਹੈ,ਵਜੋਂ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ ਪੁਲਿਸ (ਡੀ.ਜੀ.ਪੀ.) ਪੰਜਾਬ ਵੀ.ਕੇ ਭਾਵਰਾ ਨੇ ਸ਼ਨਿਚਵਾਰ ਨੂੰ ਦੱਸਿਆ ਕਿ ਪੂਰੀ ਬਾਰੀਕਬੀਨੀ ਜਾਂਚ ਅਤੇ ਇਤਲਾਹ ਦੇ ਅਧਾਰ `ਤੇ, ਜਲੰਧਰ ਦਿਹਾਤੀ ਪੁਲਿਸ ਨੇ ਫਤਹਿ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ `ਤੇ ਲਿਆਂਦਾ ਸੀ। ਡੀ.ਜੀ.ਪੀ. ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਫਤਹਿ ਸਿੰਘ ਨੇ ਖੁਲਾਸਾ ਕੀਤਾ ਕਿ ਸਨੋਵਰ ਢਿੱਲੋਂ ਨੇ “ਨੈਸ਼ਨਲ ਕਬੱਡੀ ਫੈਡਰੇਸ਼ਨ ਆਫ ਓਨਟਾਰੀਓ” ਬਣਾਈ ਸੀ ਅਤੇ ਵੱਖ-ਵੱਖ ਖਿਡਾਰੀਆਂ ਨੂੰ ਆਪਣੀ ਫੈਡਰੇਸ਼ਨ ਵਿੱਚ ਸ਼ਾਮਲ ਕਰਨ ਲਈ ਕੋਸਿ਼ਸ਼ ਕਰ ਰਿਹਾ ਸੀ। ਫਤਿਹ ਨੇ ਦੱਸਿਆ ਕਿ ਜਿ਼ਆਦਾਤਰ ਨਾਮਵਰ ਖਿਡਾਰੀ ਮ੍ਰਿਤਕ ਸੰਦੀਪ ਵੱਲੋਂ ਚਲਾਏ ਜਾ ਰਹੇ “ਮੇਜਰ ਲੀਗ ਕਬੱਡੀ” ਨਾਲ ਜੁੜੇ ਹੋਏ ਸਨ, ਜੋ ਕਿ ਸਨੋਵਰ ਦੀ ਫੈਡਰੇਸ਼ਨ ਲਈ ਅਸਫਲਤਾ ਸਾਬਿਤ ਹੋ ਰਹੀ ਸੀ।ਫਤਹਿ ਨੇ ਕਬੂਲਿਆ ਕਿ ਉਸਨੇ ਵੀ ਕੁਝ ਖਿਡਾਰੀਆਂ `ਤੇ ਸਨੋਵਰ ਫੈਡਰੇਸ਼ਨ ਵਿੱਚ ਸ਼ਾਮਲ ਹੋਣ ਲਈ ਦਬਾਅ ਪਾਇਆ ਸੀ। ਹੋਰ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਜਲੰਧਰ ਦਿਹਾਤੀ ਸਤਿੰਦਰ ਸਿੰਘ ਨੇ ਦੱਸਿਆ ਕਿ ਫਤਹਿ ਨੇ ਕਬੂਲਿਆ ਹੈ ਕਿ ਸਨੋਵਰ ਦੀਆਂ ਹਦਾਇਤਾਂ `ਤੇ ਉਸ ਨੇ ਅਮਿਤ ਡਾਗਰ, ਕੌਸ਼ਲ ਚੌਧਰੀ, ਜਗਜੀਤ ਸਿੰਘ, ਲੱਕੀ ਪਟਿਆਲ ਅਤੇ ਸੁੱਖਾ ਦੁੱਨੇਕੇ ਨਾਲ ਮਿਲ ਕੇ ਸੰਦੀਪ ਨੂੰ ਮੌਤ ਦੇ ਘਾਟ ਉਤਾਰਨ ਲਈ ਸ਼ੂਟਰਾਂ ਦਾ ਪ੍ਰਬੰਧ ਕੀਤਾ ਸੀ। ਉਨ੍ਹਾਂ ਦੱਸਿਆ ਕਿ ਸੁਖ ਦੁੱਨੇਕੇ ਦੇ ਨਿਰਦੇਸ਼ਾਂ `ਤੇ ਸਿਮਰਨਜੀਤ ਉਰਫ਼ ਜੁਝਾਰ ਨੇ ਅੰਮਿ੍ਤਸਰ ਦੇ ਪ੍ਰੀਤਮ ਐਨਕਲੇਵ ਵਿਖੇ ਆਪਣੇ ਰਿਸ਼ਤੇਦਾਰ ਸਵਰਨ ਸਿੰਘ ਦੇ ਘਰ ਸ਼ੂਟਰਾਂ ਨੂੰ ਛੁਪਣਗਾਹ ਮੁਹੱਈਆ ਕਰਵਾਈ ਸੀ । ਪੁਲਿਸ ਨੇ ਸਵਰਨ ਦੇ ਘਰੋਂ 18 ਜਿੰਦਾ ਕਾਰਤੂਸ ਅਤੇ 12 ਬੋਰ ਰਾਈਫਲ ਬਰਾਮਦ ਕੀਤੇ ਹਨ ਅਤੇ ਫਰਾਰ ਹੋਏ ਸਵਰਨ ਸਿੰਘ ਨੂੰ ਵੀ ਕੇਸ ਵਿੱਚ ਨਾਮਜ਼ਦ ਕਰ ਲਿਆ ਹੈ।
ਐਸ.ਐਸ.ਪੀ. ਨੇ ਕਿਹਾ ਕਿ ਗੋਲੀ ਚਲਾਉਣ ਵਾਲਿਆਂ ਦੀ ਵੀ ਪਛਾਣ ਕਰ ਲਈ ਗਈ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਦੂਜਿਆਂ ‘ਤੇ ਦੋਸ਼ ਲਾਉਣ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰਨ ਸੁਨੀਲ ਜਾਖੜ: ਦੀਵਾਨ
ਕੀ ਤੁਸੀਂ ਲੋਕਾਂ ਨੂੰ ਦੱਸੋਗੇ ਕਿ ਪੰਜਾਬ ਪ੍ਰਧਾਨ ਹੁੰਦਿਆਂ 2017 ਤੋਂ 2021 ਦਰਮਿਆਨ ਕਾਂਗਰਸ ਕਿੰਨੀ ਮਜ਼ਬੂਤ ਹੋਈ ਹੈ?
ਸੁਖਜਿੰਦਰ ਮਾਨ
ਚੰਡੀਗੜ੍ਹ, 19 ਮਾਰਚ: ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪਵਨ ਦੀਵਾਨ ਨੇ ਸੂਬਾ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਹਾਰ ਲਈ ਜ਼ਿੰਮੇਵਾਰ ਪਾਰਟੀ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਸਾਬਕਾ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਸਲਾਹ ਦਿੱਤੀ ਹੈ। ਦੀਵਾਨ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਹਾਰ ਲਈ ਜਾਖੜ ਸਭ ਤੋਂ ਵੱਡੇ ਦੋਸ਼ੀ ਹਨ, ਜੋ ਪਹਿਲਾਂ ਸੂਬਾ ਕਾਂਗਰਸ ਪ੍ਰਧਾਨ ਅਤੇ ਫਿਰ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਵਜੋਂ ਅਸਫਲ ਰਹੇ।
ਇੱਥੇ ਜਾਰੀ ਇੱਕ ਬਿਆਨ ਵਿੱਚ, ਦੀਵਾਨ ਨੇ ਕਿਹਾ ਕਿ ਸੁਨੀਲ ਜਾਖੜ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਹਾਰ ਲਈ ਦੂਜਿਆਂ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ। ਕੀ ਉਹ ਲੋਕਾਂ ਨੂੰ ਦੱਸਣਗੇ ਕਿ ਉਨ੍ਹਾਂ ਨੇ 2017 ਤੋਂ 2021 ਤੱਕ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਹਿੰਦਿਆਂ ਪਾਰਟੀ ਨੂੰ ਕਿੰਨੀ ਤਾਕਤ ਦਿੱਤੀ ਹੈ?
ਦੀਵਾਨ ਨੇ ਕਿਹਾ ਕਿ ਜਾਖੜ ਬਤੌਰ ਪੰਜਾਬ ਕਾਂਗਰਸ ਪ੍ਰਧਾਨ ਕਿਸੇ ਵਰਕਰ ਕੋਲ ਨਹੀਂ ਗਏ ਅਤੇ ਨਾ ਹੀ ਜ਼ਿਲ੍ਹਾ ਕਾਰਜਕਾਰਨੀ ਕਮੇਟੀ ਦੀ ਕੋਈ ਮੀਟਿੰਗ ਕੀਤੀ। ਇੱਥੋਂ ਤੱਕ ਕਿ ਉਹ ਦਿੱਲੀ ਤੋਂ ਸਿੱਧੀ ਫਲਾਈਟ ਰਾਹੀਂ ਚੰਡੀਗੜ੍ਹ ਆਉਂਦੇ ਸਨ ਅਤੇ ਪ੍ਰੈਸ ਕਾਨਫਰੰਸ ਕਰਕੇ ਫਲਾਈਟ ਰਾਹੀਂ ਵਾਪਸ ਚਲੇ ਜਾਂਦੇ ਸਨ। ਉਨ੍ਹਾਂ ਦੇ ਕਾਰਜਕਾਲ ਦੌਰਾਨ 120 ਮਿਊਂਸੀਪਲ ਕਮੇਟੀਆਂ ਅਤੇ 2 ਨਗਰ ਨਿਗਮਾਂ ਦੀਆਂ ਚੋਣਾਂ ਹੋਈਆਂ, ਪਰ ਉਹ ਪ੍ਰਚਾਰ ਕਰਨ ਲਈ ਕਿਤੇ ਨਹੀਂ ਗਏ। ਇਸ ਦੇ ਉਲਟ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਆਪਣੇ ਉਮੀਦਵਾਰਾਂ ਦੀ ਜਿੱਤ ਲਈ ਜ਼ੋਰਦਾਰ ਪ੍ਰਚਾਰ ਕੀਤਾ।
ਉਨ੍ਹਾਂ ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਦੇ ਚੇਅਰਮੈਨ ਵਜੋਂ ਸੁਨੀਲ ਜਾਖੜ ਦੀਆਂ ਨਾਕਾਮੀਆਂ ਦਾ ਵੀ ਪਰਦਾਫਾਸ਼ ਕੀਤਾ ਅਤੇ ਖੁਲਾਸਾ ਕੀਤਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਾਖੜ ਨੇ ਸੂਬੇ ਦੀਆਂ 117 ਵਿਧਾਨ ਸਭਾ ਸੀਟਾਂ ਵਿੱਚੋਂ ਸਿਰਫ਼ 7 ਸੀਟਾਂ ’ਤੇ ਹੀ ਚੋਣ ਪ੍ਰਚਾਰ ਕਰਨ ਲਈ ਨਹੀਂ ਗਏ।
ਦੀਵਾਨ ਨੇ ਕਿਹਾ ਕਿ ਕਾਂਗਰਸ ਦੀ ਹੋਈ ਹਾਰ ਲਈ ਸਾਬਕਾ ਪ੍ਰਧਾਨ ਵੱਲੋਂ ਆਪਣੀ ਵੋਟਾਂ ਸਮੇਂ ਜਿੰਮੇਵਾਰੀ ਨਾ ਨਿਭਾਉਣ ਦੀ ਜਗ੍ਹਾ ਉਲਟਾ ਆਪਣੀ ਪਾਰਟੀ ਦੇ ਖਿਲਾਫ ਬਿਆਨਬਾਜੀ ਕਰਕੇ ਵਿਰੋਧੀਆਂ ਨੂੰ ਲਾਭ ਪਹੁੰਚਾਇਆ ਗਿਆ। ਇਸ ਲਈ ਪੰਜਾਬ ਵਿੱਚ ਹੋਈ ਹਾਰ ਦੀ ਜਿੰਮੇਵਾਰੀ ਜਾਖੜ ਨੂੰ ਵੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਸੰਕਾ ਜਾਹਿਰ ਕੀਤੀ ਜਾ ਰਹੀ ਕਿ ਇਹ ਵਿਰੋਧੀਆਂ ਨਾਲ ਮਿਲ ਕੇ ਸਮੇਂ ਸਮੇਂ ਤੇ ਬਿਆਨਬਾਜੀ ਕਰਕੇ ਅੱਗ ਤੇ ਘੀ ਪਾਉਣ ਵਾਲਾ ਕੰਮ ਕਰਕੇ ਉਨ੍ਹਾਂ ਨੂੰ ਲਾਭ ਦਿੰਦੇ ਰਹੇ।
ਇਹੀ ਨਹੀਂ, ਕਾਂਗਰਸ ਧਰਮ ਨਿਰਪੱਖ ਪਾਰਟੀ ਹੈ ਤੇ ਇੱਥੇ ਸਾਰੇ ਧਰਮਾਂ ਦੇ ਲੋਕ ਮਿਲ ਬੈਠ ਕੇ ਭਾਈਚਾਰੇ ਦਾ ਸੰਦੇਸ਼ ਦਿੰਦੇ ਹਨ, ਪਰ ਜਾਖੜ ਆਪਣੇ ਹਿੱਤਾਂ ਲਈ ਹਿੰਦੂ-ਸਿੱਖ ਮੁੱਦਾ ਭਨਾਉਣ ਦੀ ਗੱਲ ਕਰਕੇ ਕੁੱਝ ਲੀਡਰਾਂ ਨੂੰ ਭੰਡਦੇ ਰਹੇ। ਦੀਵਾਨ ਨੇ ਕਿਹਾ ਕਿ ਹਿੰਦੂਆਂ ਅਤੇ ਸਿੱਖਾਂ ਵਿਚ ਨਹੁੰ ਮਾਸ ਦਾ ਰਿਸ਼ਤਾ ਹੈ, ਜਿਸ ਨੂੰ ਕੋਈ ਵੱਖ ਨਹੀਂ ਕਰ ਸਕਦਾ।
ਇਸ ਤਰ੍ਹਾਂ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਕਰੀਨਿੰਗ ਕਮੇਟੀ ਦੇ ਚੇਅਰਮੈਨ ਰਹੇ ਅਜੈ ਮਾਕਨ ਨੂੰ ਸੂਬੇ ‘ਚ ਹੋਈ ਹਾਰ ਉਪਰ ਮੰਥਨ ਕਰਨ ਦੀ ਜ਼ਿੰਮੇਵਾਰੀ ਦਿੱਤੇ ਜਾਣ ‘ਤੇ ਸਵਾਲ ਚੁੱਕੇ ਹਨ। ਜਿਨ੍ਹਾਂ ਦੀਆਂ ਗਲਤਬਨੀਤੀਆਂ ਕਾਰਨ ਪਹਿਲਾਂ ਦਿੱਲੀ ਵਿੱਚ ਕਾਂਗਰਸ ਦਾ ਸਫਾਇਆ ਹੋ ਗਿਆ ਸੀ। ਦੀਵਾਨ ਨੇ ਕਿਹਾ ਕਿ ਮਾਕਨ ਨੇ ਹੀ ਪੰਜਾਬ ਵਿਧਾਨ ਸਭਾ ਚੋਣਾਂ ‘ਚ ਉਮੀਦਵਾਰਾਂ ਨੂੰ ਟਿਕਟਾਂ ਦੀ ਵੰਡ ਕੀਤੀ ਸੀ। ਅਜਿਹੇ ‘ਚ ਉਹ ਆਪਣੀਆਂ ਗਲਤੀਆਂ ਦੀ ਜ਼ਿੰਮੇਵਾਰੀ ਖੁਦ ਕਿਵੇਂ ਤੈਅ ਕਰ ਸਕਣਗੇ।
ਦੋ ਸਾਲ ਦੇ ਅੰਤਰਾਲ ਦੇ ਬਾਅਦ ਸੂਰਜਕੁੰਡ ਕ੍ਰਾਫਟ ਮੇਲੇ ਦਾ ਹੋਇਆ ਆਗਾਜ਼
ਮੇਲੇ ਵਿਚ ਸੈਨਾਲੀ ਪੇਟੀਐਮ ਇਨਸਾਈਡਰ ਅਤੇ ਹਰਿਆਣਾ ਸੈਰ-ਸਪਾਟਾ ਦੀ ਵੈਬਸਾਇਟ ਤੋਂ ਐਂਟਰੀ ਅਤੇ ਪਾਰਕਿੰਗ ਟਿਕਟ ਕਰ ਸਕਦੇ ਹਨ ਬੁੱਕ
1987 ਤੋਂ ਸੂਰਜਕੁੰਡ ਕ੍ਰਾਫਟ ਮੇਲਾ ਭਾਰਤ ਦੇ ਕਾਰੀਗਰ, ਹੈਂਡਲੂਮ ਅਤੇ ਸਭਿਆਚਾਰਕ ਵਿਰਾਸਤ ਦੀ ਖੁਸ਼ਹਾਲੀ ਅਤੇ ਵਿਵਿਧਤਾ ਨੂੰ ਕਰ ਰਿਹਾ ਹੈ ਪ੍ਰਦਰਸ਼ਿਤ
ਵੈਸ਼ਣੋ ਦੇਵੀ ਮੰਦਿਰ, ਅਮਰਨਾਥ ਮੰਦਿਰ ਦੀ ਪ੍ਰਤੀਕ੍ਰਿਤੀਆਂ (ਰੇਪਲਿਕਾ) ਇਸ ਸਲਾ ਮੇਲੇ ਵਿਚ ਮੁੱਖ ਆਕਰਸ਼ਣ
ਸੁਖਜਿੰਦਰ ਮਾਨ
ਚੰਡੀਗੜ੍ਹ, 19 ਮਾਰਚ: ਆਪਣੇ ਪਸੰਦੀਦਾ ਮੇਲੇ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਸੈਨਾਨੀਆਂ ਲਈ ਲੰਬੇ ਅੰਤਰਾਲ ਬਾਅਦ ਅੰਤ ਹਰਿਆਣਾ ਦੇ ਅਨੋਖੇ ਸੂਰਜਕੁੰਡ ਕ੍ਰਾਫਟ ਮੇਲੇ ਦਾ ਅੱਜ ਤੋਂ ਅਧਿਕਾਰਿਤ ਰੂਪ ਨਾਲ ਉਦਘਾਟਨ ਹੋ ਗਿਆ। ਇਸ ਵਾਰ ਮੇਲੇ ਦੀ ਸੱਭ ਤੋਂ ਚੰਗੀ ਗਲ ਇਹ ਹੈ ਕਿ ਸੈਨਾਨੀ ਮੇਲੇ ਦੀ ਐਂਟਰੀ ਅਤੇ ਪਾਰਕਿੰਗ ਟਿਕਟ ਪੇਟੀਐਮ ਇਨਸਾਈਡਰ ਅਤੇ ਹਰਿਆਣਾ ਸੈਰ-ਸਪਾਟਾ ਦੀ ਵੈਬਸਾਇਟ ਤੋਂ ਬੁੱਕ ਕਰ ਸਕਦੇ ਹਨ, ਇਸ ਤੋਂ ਹੁਣ ਉਨ੍ਹਾਂ ਨੇ ਲੰਬੀ ਲਾਇਨਾਂ ਵਿਚ ਨਹੀਂ ਲਗਨਾ ਪਵੇਗਾ ਅਤੇ ਉਹ ਮੇਲਾ ਪਰਿਸਰ ਵਿਚ ਆਸਾਨੀ ਨਾਲ ਐਂਟਰੀ ਕਰ ਸਕਣਗੇ। ਇਸ ਤੋਂ ਇਲਾਵਾ, ਵੈਬਸਾਇਟ www.srajkundmelaauthority.com ‘ਤੇ ਇਕ ਐਪ ਰਾਹੀਂ ਵਰਚੂਅਲ ਟੂਰ ਅਤੇ ਕਾਰੀਗਰਾਂ ਦੀ ਜਾਣਕਾਰੀ ਉਪਲਬਧ ਕਰਾਈ ਜਾਵੇਗੀ। ਇਸ ਤੋਂ ਇਲਾਵਾ, ਦਿਵਆਂਗਜਨਾਂ, ਸੀਨੀਅਰ ਸਿਟੀਜਨਾਂ, ਰੱਖਿਆ ਕਰਮਚਾਰੀਆਂ ਅਤੇ ਸਾਬਕਾ ਫੌਜੀਆਂ ਨੂੰ ਐਂਟਰੀ ਟਿਕਟ 50 ਫੀਸਦੀ ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ, ਨੇੜੇ ਦੇ ਖੇਤਰਾਂ ਤੋਂ ਯਾਤਰੀਆਂ ਨੂੰ ਮੇਲਾ ਥਾਂ ਤਕ ਲੈ ਜਾਣ ਲਈ ਵੱਖ-ਵੱਖ ਸਥਾਨਾਂ ਤੋਂ ਵਿਸ਼ੇਸ਼ ਬੱਸਾਂ ਵੀ ਚਲਣਗੀਆਂ।
35ਵਾਂ ਸੂਰਜਕੁੰਡ ਕੌਮਾਂਤਰੀ ਕ੍ਰਾਫਟ ਮੇਲਾ-2022 ਨਵੀਂ ਉਰਜਾ ਦੇ ਨਾਲ ਕੀਤਾ ਗਿਆ ਹੈ ਆਯੋਜਨ ਸਾਲ 1987 ਤੋਂ ਸੂਰਜਕੁੰਡ ਕ੍ਰਾਫਟ ਮੇਲਾ ਲਗਾਤਾਰ ਭਾਰਤ ਦੀ ਹੈਂਡੀਕ੍ਰਾਫਟ, ਹੈਂਡਲੂਮ ਅਤੇ ਸਭਿਆਚਾਰਕ ਵਿਰਾਸਤ ਦੀ ਖੁਸ਼ਹਾਲ ਅਤੇ ਵਿਵਿਧਤਾ ਨੂੰ ਪ੍ਰਦਰਸ਼ਿਤ ਕਰਦਾ ਰਿਹਾ ਹੈ। ਹਾਲਾਂਕਿ ਵਿਸ਼ਵ ਕੋਵਿਡ-19 ਮਹਾਮਾਰੀ ਦੇ ਕਾਰਨ, 2 ਸਾਲ ਤੋਂ ਮੇਲੇ ਦਾ ਆਯੋਜਨ ਕੀਤਾ ਗਿਆ ਸੀ, ਪਰ 35ਵਾਂ ਸੂਰਜਕੁੰਡ ਕੌਮਾਂਤਰੀ ਕ੍ਰਾਫਟ ਮੇਲਾ-2022 ਨਵੀਂ ਉਰਜਾ ਦੇ ਨਾਲ ਇਕ ਵੱਡੇ ਆਯੋਜਨ ਦੇ ਵਾਦੇ ਦੇ ਨਾਲ ਆਇਆ ਹੈ। ਕੇਂਦਰੀ ਸੈਰ-ਸਪਾਟਾ, ਕਪੜਾ, ਸਭਿਆਚਾਰ, ਵਿਦੇਸ਼ ਮੰਤਰਾਲੇ ਅਤੇ ਹਰਿਆਣਾ ਸਰਕਾਰ ਦੇ ਸਹਿਯੋਗ ਨਾਲ ਸੂਰਜਕੁੰਡ ਮੇਲਾ ਅਥਾਰਿਟੀ ਅਤੇ ਹਰਿਆਣਾ ਸੈਰ-ਸਪਾਟਾ ਵੱਲੋਂ ਸੰਯੁਕਤ ਰੂਪ ਨਾਲ ਆਯੋਜਿਤ ਇਸ ਹੈਂਡੀਕ੍ਰਾਫਟ ਉਤਸਵ ਨੇ ਆਪਣੇ ਕ੍ਰਾਫਟ, ਸਭਿਆਚਾਰ ਅਤੇ ਭਾਰਤ ਦੇ ਭੋਜਨਾਂ ਦੇ ਪ੍ਰਦਰਸ਼ਨ ਦੇ ਲਈ ਕੌਮਾਂਤਰੀ ਸੈਰ-ਸਪਾਟਾ ਕੇਲੇਂਡਰ ‘ਤੇ ਪ੍ਰਮੁੱਖਤਾ ਤੋਂ ਆਪਣੀ ਪਹਿਚਾਣ ਕਾਇਮ ਕੀਤੀ ਹੈ, ਜੋ ਮਾਣ ਦੀ ਗਲ ਹੈ।
ਇਸ ਸਾਲ ਮੇਲੇ ਦਾ ਮੁੱਖ ਖਿੱਚ ਦਾ ਕੇਂਦਰ ਵਿਚ ਵੈਸ਼ਣੋ ਦੇਵੀ ਮੰਦਿਰ, ਅਮਰਨਾਥ ਮੰਦਿਰ, ਆਪਣੇ ਘਰ ਦੀਆਂ ਪ੍ਰਤੀਕ੍ਰਤੀਆਂ ਕਿਉਂਕਿ ਜੰਮੂ ਅਤੇ ਕਸ਼ਮੀਰ 35ਵੇਂ ਸੂਰਜਕੁੰਡ ਕੌਮਾਂਤਰੀ ਕ੍ਰਾਫਟ ਮੇਲਾ 2022 ਦਾ ਥੀਮ ਸਟੇਟ ਹੈ, ਇਸ ਲਈ ਵੇਸ਼ਣੋ ਦੇਵੀ ਮੰਦਿਰ ਅਮਰਨਾਥ ਮੰਦਿਰ, ਕਸ਼ਮੀਰ ਤੋਂ ਆਰਕੀਟੈਕਚਰ ਦਾ ਪ੍ਰਤਨਿਧੀਤਵ ਕਰਨ ਵਾਲੇ ਆਪਣਾ ਘਰ, ਹਾਉਸ ਬੋਟ ਦਾ ਲਾਇਵ ਪ੍ਰਦਰਸ਼ਨ ਅਤੇ ਸਮਾਰਕ ਦਰਵਾਜਾ ਮੁਬਾਰਕ ਮੰਡੀ- ਜੰਮੂ ਦੀ ਪ੍ਰਤੀਕ੍ਰਿਤੀਆਂ ਮੁੱਖ ਖਿੱਚ ਦੀਆਂ ਕੇਂਦਰ ਰਹਿਣਗੀਆਂ। ਨਾਲ ਹੀ ਜੰਮੂ- ਕਸ਼ਮੀਰ ਦੇ ਸੈਕੜੇ ਕਲਾਕਾਰ ਵੱਖ-ਵੱਖ ਲੋਕ ਕਲਾਵਾਂ ਅਤੇ ਨਾਚਾਂ ਦਾ ਪ੍ਰਦਰਸ਼ਨ ਕਰਣਗੇ। ਪਾਰੰਪਰਿਕ ਨਾਚ ਕਲਾ ਰੂਪਾਂ ਤੋਂ ਲੈ ਕੇ ਐਕਸੀਲੈਂਸ ਕ੍ਰਾਫਟ ਤਕ, ਜੰਮੂ ਕਸ਼ਮੀਰ ਦੀ ਵਿਰਾਸਤ ਅਤੇ ਸਭਿਟਾਚਾਰ ਦਾ ਇਕ ਗੁਲਦਸਤਾ ਵੱਖ-ਵੱਖ ਕਲਾ ਅਤੇ ਹੈਂਡੀਕ੍ਰਾਫਟ ਰਾਹੀਂ ਅਨੋਖੇ ਸਭਿਆਚਾਰ ਅਤੇ ਖੁਸ਼ਹਾਲ ਵਿਰਾਸਤ ਨੂੰ ਪ੍ਰਦਰਸ਼ਤ ਕਰਨ ਵਾਲੇ ਇਸ ਮੇਲੇ ਦਾ ਮੁੱਖ ਆਕਰਸ਼ਣ ਰਹੇਗਾ। ਭਾਰਤ ਤੋਂ ਆਉਣ ਵਾਲੇ ਹਜਾਰਾਂ ਕਾਰੀਗਰਾਂ ਨੂੰ ਆਪਣੀ ਕਲਾ ਨੂੰ ਦਰਸ਼ਕਾਂ ਦੇ ਸਾਹਮਣੇ ਪ੍ਰਦਰਸ਼ਿਤ ਕਰਨ ਦੇ ਲਈ ਇਕ ਮੰਚ ਮਿਲਦਾ ਹੈ
ਇਸ ਮੇਲੇ ਰਾਹੀਂ, ਪੂਰੇ ਭਾਰਤ ਦੇ ਹਜਾਰਾਂ ਕਾਰੀਗਰਾਂ ਨੂੰ ਆਪਦੀ ਕਲਾ ਅਤੇ ਉਤਪਾਦਾਂ ਨੂੰ ਵਿਆਪਕ ਦਰਸ਼ਕਾਂ ਦੇ ਸਾਹਮਣੇ ਪ੍ਰਦਰਸ਼ਿਤ ਕਰਨ ਦੇ ਲਈ ਇਕ ਸੁਨਹਿਰਾ ਮੰਚ ਮਿਲਦਾ ਹੈ। ਇੰਨ੍ਹਾ ਹੀ ਨਹੀਂ, ਇਹ ਮੇਲਾ ਭਾਰਤ ਦੇ ਵਿਰਾਸਤ ਕ੍ਰਾਫਟ ਨੂੰ ਮੁੜ ਜਿੰਦਾ ਕਰਨ ਵਿਚ ਵੀ ਮਹਤੱਵਪੂਰਣ ਭੁਮਿਕਾ ਨਿਭਾਉਂਦਾ ਹੈ।
ਸੂਰਜਕੁੰਡ ਕ੍ਰਾਫਟ ਮੇਲੇ ਦੇ ਇਤਿਹਾਸ ਵਿਚ ਇਕ ਬੇਂਚਮਾਰਕ ਸਥਾਪਿਤ ਹੋਇਆ ਜਦੋਂ ਇਸ ਨੂੰ ਸਾਲ 2013 ਵਿਚ ਕੌਮਾਂਤਰੀ ਪੱਧਰ ‘ਤੇ ਅਪਗੇ੍ਰਡ ਕੀਤਾ ਗਿਆ ਸੀ। 2020 ਵਿਚ, ਯੂਰੋਪ, ਅਫਰੀਕ ਅਤੇ ਏਸ਼ਿਆ ਦੇ 30 ਤੋਂ ਵੱਧ ਦੇਸ਼ਾਂ ਨੇ ਮੇਲੇ ਵਿਚ ਹਿੱਸਾ ਲਿਆ, ਜਦੋਂ ਕਿ ਇਸ ਸਾਲ ਵੀ 30 ਤੋਂ ਵੱਧ ਦੇਸ਼ ਇਸ ਮੇਲੇ ਦਾ ਹਿੱਸਾ ਬਨਣਗੇ, ਜਿਸ ਵਿਚ ਪਾਰਟਨਰ ਨੇਸ਼ਨ- ਉਜਬੇਕੀਸਤਾਨ ਸ਼ਾਮਿਲ ਹੈ। ਇਸ ਤੋਂ ਇਲਾਵਾ, ਲੈਟਿਨ ਅਮੇਰਿਕੀ ਦੇਸ਼ਾਂ, ਅਫਗਾਨੀਸਤਾਨ, ਇਥਿੋਪਿਆ, ਇਸਵਾਤਿਨੀ, ਮੋਜਾਮਿਵਿਕ, ਤੰਜਾਨਿਆ, ਜਿੰਮਬਾਵੇ, ਯੁਗਾਂਡਾ, ਨਾਮਬਿਆ, ਸੁਡਾਨ, ਲਾਈਜੀਰਿਆ, ਇਕੇਟੋਰਿਅਲ ਗਿਨੀ, ਸੈਨੇਗਲ, ਅੰਗੋਲਾ, ਘਾਨਾ, ਥਾਈਲਂੈਡ, ਨੇਪਾਲ, ਸ੍ਰੀਲੰਕਾ, ਇਰਾਨ, ਮਾਲਦੀਪ ਅਤੇ ਹੋਰ ਦੇਸ਼ਾਂ ਤੋਂ ਵੀ ਉਤਸਾਹੀ ਭਾਗੀਦਾਰੀ ਹੋਵੇਗੀ। ਆਪਣਾ ਘਰ ਹਰਿਆਣਾ ਦੀ ਪ੍ਰਮਾਣਿਕ ਜੀਵਨ ਸ਼ੈਲੀ ਨੂੰ ਪ੍ਰਦਰਸ਼ਿਤ ਕਰੇਗਾ
ਹਰਿਆਣਾ ਦਾ ਇਕ ਪਰਿਵਾਰ ਹਰਿਆਣਾ ਦੀ ਪ੍ਰਮਾਣਿਕ ਜੀਵਨ ਸ਼ੈਲੀ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਵਿਸ਼ੇਸ਼ ਰੂਪ ਨਾਲ ਬਣਾਏ ਗਏ ਆਪਣਾ ਘਰ ਵਿਚ ਰਹਿਣ ਜਾ ਰਿਹਾ ਹੈ। ਆਪਣਾ ਘਰ ਸੈਨਾਨੀਆਂ ਨੂੰ ਰਾਜ ਦੇ ਲੋਕਾਂ ਦੀ ਜੀਵਨ ਸ਼ੈਲੀ ਦਾ ਤਜਰਬਾ ਕਰਨ ਦਾ ਮੌਕਾ ਦਿੰਦਾ ਹੈ ਅਤੇ ਉਨ੍ਹਾਂ ਨੇ ਆਪਣਾ ਸਭਿਆਚਾਰ ਦੇ ਬਾਰੇ ਵਿਚ ਗਲਬਾਤ ਕਰਨ ਅਤੇ ਸਿੱਖਣ ਦਾ ਮੌਕਾ ਵੀ ਪ੍ਰਦਾਨ ਕਰਦਾ ਹੈ। ਆਪਣਾ ਘਰ ਵਿਚ ਪਾਰੰਪਰਿਕ ਮਿੱਟੀ ਦੇ ਭਾਂਡੇ ਆਦਿ ਦਿਖਾਏ ਜਾਣਗੇ ਅਤੇ ਕਾਰੀਗਰ ਇੰਨ੍ਹਾ ਪਾਰੰਪਰਿਕ ਕ੍ਰਾਫਟਸ ਦਾ ਜੀਵੰਦ ਪ੍ਰਦਰਸ਼ਨ ਕਰਣਗੇ। ਪਾਰੰਪਰਿਕ ਪ੍ਰਾਪਸ ਦੇ ਵਰਤੋ ਦੇ ਨਾਲ-ਨਾਲ ਦਰਸ਼ਕਾਂ ਦੇ ਲਈ ਪ੍ਰਦਰਸ਼ਨ ਨੂੰ ਜੀਵੰਤ ਬਨਾਉਣ ਲਈ ਇਸ ਵਾਰ ਦੋਵਾਂ ਚੌਪਾਲਾਂ ਨੂੰ ਹਿੱਸਾ ਲੇਣ ਵਾਲੇ ਰਾਜ ਅਤੇ ਭਾਗੀਦਾਰ ਰਾਸ਼ਟਰ ਦੇ ਤੱਤਾਂ ਨਾਲ ਪੇ੍ਰਰਿਤ ਹੋ ਕੇ ਇਕ ਨਵਾਂ ਰੂਪ ਦਿੱਤਾ ਗਿਆ ਹੈ।
ਦਰਸ਼ਕਾਂ ਨੂੰ ਮੰਤਰਮੁਗਧ ਕਰੇਗਾ ਕੌਮਾਂਤਰੀ ਲੋਕ ਕਲਾਕਾਰਾਂ ਦਾ ਸ਼ਾਨਦਾਰ ਪ੍ਰਦਰਸ਼ਨ
ਸੈਨਾਨੀਆਂ ਦੇ ਮੂਡ ਨੂੰ ਜਿੰਦਾ ਕਰਨ ਲਈ ਭਾਰਤ ਦੇ ਸੂਬਿਆਂ ਦੇ ਕਲਾਕਾਰਾਂ ਸਮੇਤ ਹਿੱਸਾ ਲੈਣ ਵਾਲੇ ਵਿਦੇਸ਼ਾਂ ਦੇ ਕੌਮਾਂਤਰੀ ਲੋਕ ਕਲਾਕਾਰਾਂ ਵੱਲੋਂ ਸ਼ਾਨਦਾਰ ਪੋ੍ਰਗ੍ਰਾਮ ਪੇਸ਼ ਕੀਤੇ ਜਾਣਗੇ। ਪੰਜਾਬ ਦਾ ਭੰਗੜਾ, ਅਸਮ ਦੇ ਵਿਹੁ, ਬਰਸਾਨਾ ਦੀ ਹੋਲੀ, ਹਰਿਆਣਾ ਦੇ ਲੋਕ ਨਾਚ, ਹਿਮਾਚਲ ਪ੍ਰਦੇਸ਼ ਦੇ ਜਮਾਕੜਾ, ਮਹਾਰਾਸ਼ਟਰ ਦਾ ਲਾਵਣੀ, ਹੱਥ ਦੀ ਚੱਕੀ ਦਾ ਲਾਇਵ ਪ੍ਰਦਰਸ਼ਨ ਅਤੇ ਹਮੇਸ਼ਾਂ ਤੋਂ ਮਸ਼ਹੂਰ ਰਹੇ ਬੇਹਰੂਪਿਆ ਵਰਗੇ ਵੱਖ-ਵੱਖ ਤਰ੍ਹਾ ਦੇ ਕਲਾਕਾਰ ਦਰਸ਼ਕਾਂ ਲੁਭਾਉਣਗੇ। ਇਸ ਤੋਂ ਇਲਾਵਾ, ਮੇਲਾ ਪਵਵਾੜੇ ਦੌਰਾਨ ਚੌਪਾਲ ‘ਤੇ ਸ਼ਾਮ ਸੱਤ ਵਜੇ ਤੋਂ ਸਭਿਆਚਾਰਕ ਪੋ੍ਰਗ੍ਰਾਮਾਂ ਤੋਂ ਦਰਸ਼ਕਾਂ ਦਾ ਮਨੋਰੰਜਨ ਹੋਵੇਗਾ। ਰਹਿਮਤ-ਏ-ਨੁਸਰਤ, ਰਿੰਕੂ ਕਾਲਿਆ ਦੀ ਗਜ਼ਲ, ਮੰਤਰਮੁਗਦ ਕਰ ਦੇਣ ਵਾਲੀ ਡਾਂਸ ਪਰਫੋਰਮੈਂਸ, ਭਾਵਪੁਰਣ ਸੂਫੀ ਪਰਫਾਰਮੈਂਸ, ਮਾਟੀ ਬਾਨੀ ਵੱਲੋਂ ਰਿਦਮ ਅਤੇ ਇੰਡੀਆ, ਜੰਮੂ-ਕਸ਼ਮੀਰ, ਉਜਬੇਕੀਸਤਾਨ ਅਤੇ ਹੋਰ ਕੌਮਾਂਤਰੀ ਕਲਾਕਾਰਾਂ ਦੇ ਫੁੱਟ-ਟੈਪਿੰਗ ਡਾਂਸ ਅਤੇ ਸਾਂਗ ਵਰਗੇ ਬੈਂਡ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਦਰਸ਼ਕ ਆਨੰਦ ਲੈ ਪਾਉਣਗੇ।
ਕਾਰੀਗਰਾਂ ਦੇ ਲਈ ਬਣਾਏ ਗਏ ਹਨ 1183 ਵਰਕ ਹੱਟਸ
ਮੇਲਾ ਮੈਦਾਨ 43.5 ਏਕੜ ਜਮੀਨ ਵਿਚ ਫੈਲਿਆ ਹੋਇਆ ਹੈ ਅਤੇ ਕਾਰੀਗਰ ਦੇ ਲਈ 1183 ਵਰਕ ਹੱਟਸ ਅਤੇ ਇਕ ਫੂਡ ਕੋਰਟ ਹੈ, ਜੋ ਸੈਨਾਨੀਆਂ ਦੇ ਨਾਲ ਬੇਹੱਦ ਪ੍ਰਸਿੱਦ ਹੈ। ਮੇਲੇ ਦਾ ਮਾਹੌਲ ਮਹੂਆ, ਨਰਗਿਸ, ਪੰਚਚਜਨਅ ਵਰੇ ਰੂਪਾਂਕਨਾ ਅਤੇ ਸਜਾਵਟ ਦੇ ਨਾਲ ਜਾਂਤੀ ਜੀਵੰਤਤਾ ‘ਤੇ ਲੈ ਜਾਵੇਗਾ। ਇਸ ਤੋਂ ਇਲਾਵਾ, ਸੈਨਾਨੀਆਂ ਨੂੰ ਸੁਤੰਤਰਤਾ ਮੈਡਲ ਤਿਰੰਗੇ ਬੰਟਿੰਗ ਅਤੇ ਯਾਦਗਾਰੀ ਟਿਕਟਾਂ ਦੇ ਰੂਪਾਂਕਨਾਂ ਅਤੇ ਪ੍ਰਤੀਕ੍ਰਿਤੀਆਂ ਦੇ ਨਾਲ ਸੁਤੰਤਰਾ ਦੇ 75 ਸਾਲ ਦੇ ਥੀਮ ਦੀ ਵੀ ਝਲਕ ਮਿਲੇਗੀ।
ਮੇਲੇ ਦੀ ਹੋਰ ਪ੍ਰਮੁੱਖ ਵਿਸ਼ੇਸ਼ਤਾਵਾ
ਸੁਰੱਖਿਆ ਵਿਵਸਥਾ ਨੂੰ ਮਜਬੂਤ ਕਰਨ ਦੇ ਲਈ ਮੇਲਾ ਮੈਦਾਨ ਵਿਚ ਨਾਇਟ ਵਿਜਨ ਕਮਰਿਆਂ ਦੇ ਨਾਲ 100 ਤੋਂ ਵੱਧ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਕਿਸੇ ਵੀ ਤਰ੍ਹਾ ਦੀ ਘਟਨਾ ਜਾਂ ਦੁਰਘਟਨਾ ਨੂੰ ਰੋਕਣ ਲਈ ਮੇਲਾ ਪਰਿਸਰ ਵਿਚ ਮਹਿਲਾ ਗਾਰਡ ਸਮੇਤ ਵੱਡੀ ਗਿਣਤੀ ਵਿਚ ਸੁਰੱਖਿਆ ਕਰਮਚਾਰੀਆਂ ਨੂੰ ਤੈਨਾਤ ਕੀਤਾ ਗਿਆ ਹੈ।
ਤਕਨੀਕੀ ਨਵਾਚਾਰਰਾਂ ਰਾਹੀਂ ਪਰੇਸ਼ਾਨੀ ਮੁਕਤ ਪਾਰਗਿੰਗ
ਮੇਲਾ ਪਾਰਕਿੰਗ ਵਿਚ ਪ੍ਰਵੇਸ਼ ਕਰਨ ਵਾਲੇ ਵਾਹਨਾਂ ਦੀ ਨੰਬਰ ਪਲੇਟ ਪਹਿਚਾਣ ਕਰਨ ਦੇ ਲਈ ਈ-ਨਿਗਰਾਨੀ ਦੇ ਲਈ ਐਨੀਪੀਆਰ ਤਕਨਾਲੋਜੀ ਦੀ ਵਰਤੋ ਕੀਤੀ ਜਾਵੇਗੀ।
ਭੀੜ ਗਿਨਣ ਦੀ ਤਕਨੀਕ ਦੀ ਵੀ ਵਰਤੋ ਕੀੀ ਜਾਵੇਗੀ।
ਮੇਲੇ ਵਿਚ ਪ੍ਰਵੇਸ਼ ਕਰਨ ਵਾਲੇ ਅਪਰਾਧੀਆਂ ਦੀ ਘੁਸਬੈਠ ਦੀ ਜਾਂਚ ਕੀਤੀ ਜਾਵੇਗੀ।
ਪੂਰੇ ਮੇਲੇ ਵਿਚ ਕਿਸੇ ਵੀ ਐਮਰਜੈਂਸੀ ਸਥਿਤੀ ਲਈ ਫਾਇਰ ਬ੍ਰਿਗੇਡ ਦੀ ਟੀਮ ਅਤੇ ਮੈਡੀਕਲ ਦਲ ਉਪਲਬਧ ਰਹਿਣਗੇ।
ਦਿਵਆਂਗਜਨਾਂ ਦੇ ਲਈ ਬਿਹਤਰ ਸਹੂਲਤਾਂ ਹੋਣਗੀਆਂ ਅਤੇ ਮੇਲਾ ਪਰਿਸਰ ਵਿਚ ਪਲਾਸਟਿਕ/ਪੋਲੀਥਿਨ ਥੈਲੀਆਂ ‘ਤੇ ਪੂਰੀ ਰੋਕ ਲਗਾਈ ਗਈ ਹੈ।
ਕਲਾ ਅਤੇ ਸਭਿਾਚਾਰਕ ਵਿਭਾਗ ਪਾਰੰਪਰਿਕ ਅਤੇ ਸਭਿਆਚਾਰਕ ਕਲਾਕਾਰਾਂ ਵਰਗੀ ਕੱਚੀ ਘੜੀ, ਸਟਿਕ ਵਾਕਰ, ਕਾਲਬੇਲਿਆ, ਰਾਜਸਤਾਨਤੋਂ ਬੇਹਰੂਪਿਆ, ਹਿਮਾਚਲ ਤੋਂ ਕਾਂਗੜੀ ਨਾਟੀ, ਅਸਮ ਤੋਂ ਵਿਹੂ, ਪੰਜਾਬ ਦੇ ਭੰਗੜਾ, ਜਿੰਦੂਆਂ, ਝੂਮੇਰ, ਉੱਤਰਾਖੰਡ ਦੇ ਚੈਪਲ, ਉੱਤਰ ਪ੍ਰਦੇਸ਼ ਦੇ ਬਰਸਾਨਾ ਦੀ ਹੋਲੀ, ਮੇਫਾਲਯ ਤੋਂ ਵਾਂਗਿਆ, ਸੰਭਲਪੁਰੀ ਓਡਿਸ਼ਾ, ਮੱਧ ਪ੍ਰਦੇਸ਼ ਤੋਂ ਵਧਾਈ, ਮਹਾਰਾਸ਼ਟਰ ਤੋਂ ਲਾਵਣੀ ਦਾ ਪ੍ਰਦਰਸ਼ਣ ਕਰੇਗਾ।
ਮੇਲਾ ਪਖਵਾੜੇ ਦੌਰਾਨ ਨਿਰਯਾਤਕਾਂ ਅਤੇ ਖਰੀਦਾਰਾਂ ਦੀ ਮੀਟਿੰਗ ਦਾ ਆਯੋਜਨ ਕੀਤਾ ਜਾਵੇਗਾ, ਜੋ ਕਾਰੀਗਰਾਂ ਨੂੰ ਨਿਰਯਾਤ ਬਾਜਾਰ ਤਕ ਪਹੁੰਚਣ ਅਤੇ ਇਸ ਦਾ ਦੋਹਨ ਕਰਨ ਦੇ ਲਹੀ ਹਿਕ ਤਿਆਰ ਸਮਰਥਨ ਪ੍ਰਣਾਲੀ ਪ੍ਰਦਾਨ ਕਰਦੀ ਹੈ।





