ਮਾਨਸਾ ਤੋਂ ਬੁੱਧ ਰਾਮ ਤੇ ਮੁਕਤਸਰ ਤੋਂ ਗੁਰਮੀਤ ਖੁੱਡੀਆਂ ਨੂੰ ਵਜ਼ਾਰਤ ’ਚ ਲੈਣ ਦੀ ਸੰਭਾਵਨਾ
ਸੁਖਜਿੰਦਰ ਮਾਨ
ਬਠਿੰਡਾ, 15 ਮਾਰਚ: ਲੰਘੀ 10 ਮਾਰਚ ਨੂੰ ਆਏ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਜ਼ਦੀਕੀਆਂ ’ਚ 117 ਵਿਚੋਂ 92 ਸੀਟਾਂ ਜਿੱਤਣ ਵਾਲੀ ਆਮ ਆਦਮੀ ਪਾਰਟੀ ’ਚ ਹੁਣ ਮੰਤਰੀ ਮੰਡਲ ਦੇ ਗਠਨ ਨੂੰ ਲੈ ਕੇ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਹਾਲਾਂਕਿ ਭਲਕੇ ਖ਼ਟਕੜ ਕਲਾਂ ’ਚ ਹੋਣ ਵਾਲੇ ਸਹੁੰ ਚੁੱਕ ਸਮਾਗਮ ਵਿਚ ਇਕੱਲੇ ਭਗਵੰਤ ਮਾਨ ਵਲੋਂ ਬਤੌਰ ਮੁੱਖ ਮੰਤਰੀ ਹੀ ਸਹੁੰ ਚੁੱਕੀ ਜਾ ਰਹੀ ਹੈ ਪ੍ਰੰਤੂ ਆਉਣ ਵਾਲੇ ਦਿਨਾਂ ’ਚ ਹੀ ਪਾਰਟੀ ਵਲੋਂ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਜਾਵੇਗਾ। ਚੱਲ ਰਹੀਆਂ ਚਰਚਾਵਾਂ ਮੁਤਾਬਕ ਬਠਿੰਡਾ ਜ਼ਿਲ੍ਹੇ ਵਿਚੋਂ ਤਲਵੰਡੀ ਸਾਬੋ ਹਲਕੇ ਤੋਂ ਦੂਜੀ ਵਾਰ ਜਿੱਤੀ ਬਲਜਿੰਦਰ ਕੌਰ ਦਾ ਕੈਬਨਿਟ ਮੰਤਰੀ ਬਣਨਾ ਤੈਅ ਹੈ, ਹਾਲਾਂਕਿ ਉਨ੍ਹਾਂ ਦਾ ਨਾਮ ਪੰਜਾਬ ਵਿਧਾਨ ਸਭਾ ਦੀ ਪਹਿਲੀ ਮਹਿਲਾ ਸਪੀਕਰ ਵਜੋਂ ਵੀ ਲਿਆ ਜਾ ਰਿਹਾ ਹੈ। ਦਸਣਾ ਬਣਦਾ ਹੈ ਕਿ ਬਲਜਿੰਦਰ ਕੌਰ ਪੰਜਾਬ ’ਚ ਪਾਰਟੀ ਦੇ ਮੁਢਲੇ ਦੌਰ ਤੋਂ ਜੁੜਣ ਦੇ ਇਲਾਵਾ ਹੁਣ ਤੱਕ ਝਾੜੂ ਦੇ ਚੋਣ ਨਿਸ਼ਾਨ ’ਤੇ ਚਾਰ ਵਾਰ ਚੌਣਾਂ ਵੀ ਲੜ ਚੁੱਕੀ ਹੈ, ਜਿਸ ਵਿਚੋਂ ਦੋ ਵਾਰ ਜਿੱਤ ਤੇ ਦੋ ਵਾਰ ਹਾਰ ਵੀ ਮਿਲੀ ਹੈ। ਇਸਤੋਂ ਇਲਾਵਾ ਉਹ ਪਾਰਟੀ ਦੀ ਮਹਿਲਾ ਵਿੰਗ ਦੀ ਪ੍ਰਧਾਨ ਵੀ ਰਹਿ ਚੁੱਕੇ ਹਨ। ਹਾਈਕਮਾਂਡ ਦੇ ਅਤਿ ਨਜਦੀਕੀ ਹੋਣ ਕਾਰਨ ਇੱਕ ਵਾਰ ਤਾਂ ਉਨ੍ਹਾਂ ਦਾ ਨਾਮ ਮੁੱਖ ਮੰਤਰੀ ਦੇ ਅਹੁੱਦੇ ਲਈ ਵੀ ਚਰਚਾ ਵਿਚ ਚੱਲਿਆ ਸੀ। ਅਜਿਹੀ ਹਾਲਾਤ ’ਚ ਬਲਜਿੰਦਰ ਕੌਰ ਨੂੰ ਕੈਬਨਿਟ ਵਜ਼ੀਰੀ ਦੇ ਨਾਲ-ਨਾਲ ਮਹੱਤਵਪੂਰਨ ਵਿਭਾਗ ਮਿਲਣ ਦੇ ਵੀ ਕਿਆਸੇ ਲਗਾਏ ਜਾ ਰਹੇ ਹਨ। ਦਸਣਾ ਬਣਦਾ ਹੈ ਕਿ ਬਠਿੰਡਾ ਤੇ ਮਾਨਸਾ ਜ਼ਿਲੇ੍ਹ ਵਿਚ ਪੈਂਦੀਆਂ 9 ਵਿਧਾਨ ਸਭਾ ਸੀਟਾਂ ’ਤੇ ਆਪ ਨੇ ਹੂੰਝਾਫ਼ੇਰ ਜਿੱਤ ਹਾਸਲ ਕੀਤੀ ਹੈ। ਸੂਚਨਾ ਮੁਤਾਬਕ ਮਾਨਸਾ ਜ਼ਿਲ੍ਹੇ ਵਿਚੋਂ ਪਿ੍ਰੰਸੀਪਲ ਬੁੱਧ ਰਾਮ ਵੀ ਦੂਜੀ ਦਫ਼ਾ ਅਪਣੇ ਹਲਕੇ ਤੋਂ ਜਿੱਤੇ ਹਨ। ਉਨ੍ਹਾਂ ਦਾ ਨਾਮ ਵੀ ਮੰਤਰੀ ਮੰਡਲ ਵਿਚ ਸ਼ਾਮਲ ਕੀਤੇ ਜਾਣ ਵਾਲਿਆਂ ਵਿਚ ਲਿਆ ਜਾ ਰਿਹਾ ਹੈ। ਇਸੇ ਤਰ੍ਹਾਂ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਪੈਂਦੇ ਪੰਜਾਬ ਦੇ ਸਭ ਤੋਂ ਚਰਚਿਤ ਵਿਧਾਨ ਸਭਾ ਹਲਕਾ ਲੰਬੀ ਵਿਚੋਂ ਬਾਦਲਾਂ ਦਾ ਅਜੇਤੂ ਕਿਲਾ ਢਾਹੁਣ ਵਾਲੇ ਗੁਰਮੀਤ ਸਿੰਘ ਖੁੱਡੀਆ ਨੂੰ ਵੀ ਵਜ਼ੀਰੀ ਦੇਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਚਰਚਾ ਮੁਤਾਬਕ ਪਾਰਟੀ ਪੁਰਾਣਿਆਂ ਦੇ ਨਾਲ-ਨਾਲ ਵੱਡੇ ਆਗੂਆਂ ਨੂੰ ਹਰਾਉਣ ਵਾਲਿਆਂ ਨੂੰ ਵੀ ਮਾਣ-ਸਨਮਾਣ ਦੇਣ ਦੀ ਸੋਚ ਰਹੀ ਹੈ। ਇੰਨ੍ਹਾਂ ਵਿਚ ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਰਾਉਣ ਵਾਲੇ ਅਜੀਤ ਪਾਲ ਸਿੰਘ ਕੋਹਲੀ ਤੇ ਬਠਿੰਡਾ ਤੋਂ ਮਨਪ੍ਰੀਤ ਸਿੰਘ ਬਾਦਲ ਨੂੰ ਮਾਤ ਦੇਣ ਵਾਲੇ ਜਗਰੂਪ ਗਿੱਲ ਦੀ ਵੀ ਕਿਸਮਤ ਚਮਕ ਸਕਦੀ ਹੈ। ਇਸਤੋਂ ਇਲਾਵਾ ਫ਼ਰੀਦਕੋਟ ਜ਼ਿਲ੍ਹੇ ਦੇ ਨਿਧੜਕ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੂੰ ਅਹਿਮ ਵਜ਼ੀਰੀ ਮਿਲਣੀ ਤੈਅ ਹੈ। ਚਰਚਾ ਮੁਤਾਬਕ ਉਕਤ ਚਾਰਾਂ ਆਗੂਆਂ ਦੇ ਇਲਾਵਾ ਮਨੋਨੀਤ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਖੇਤਰ ਸੰਗਰੂਰ ਤੇ ਬਰਨਾਲਾ ਜ਼ਿਲ੍ਹੇ ਵਿਚ ਵੀ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਯੂਥ ਵਿੰਗ ਦੇ ਪ੍ਰਧਾਨ ਮੀਤ ਹੇਅਰ, ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਵੀ ਮੰਤਰੀ ਮੰਡਲ ਦੀ ਸੰਭਾਵੀ ਸੂਚੀ ਵਿਚ ਸ਼ਾਮਲ ਹੋਣ ਵਾਲੇ ਚਿਹਰੇ ਹਨ। ਸੂਤਰਾਂ ਨੇ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਉਕਤ ਚਰਚਿਤ ਚੇਹਰਿਆਂ ਤੋਂ ਇਲਾਵਾ ਅਪਣੇ ਸੁਭਾਅ ਮੁਤਾਬਕ ਪਾਰਟੀ ਬਿਲਕੁੱਲ ਨਵੇਂ ਚਿਹਰਿਆਂ ਨੂੰ ਵੀ ਵਜ਼ਾਰਤ ਵਿਚ ਥਾਂ ਦੇ ਸਕਦੀ ਹੈ। ਜਿਸਦਾ ਖ਼ੁਲਾਸਾ ਆਉਣ ਵਾਲੇ ਦਿਨਾਂ ’ਚ ਹੋਣ ਦੀ ਸੰਭਾਵਨਾ ਹੈ।
ਬਠਿੰਡਾ ਪੱਟੀ ’ਚ ਬਲਜਿੰਦਰ ਕੌਰ,ਕੁਲਤਾਰ ਸੰਧਵਾਂ ਤੇ ਗੁਰਮੀਤ ਖੁੱਡੀਆ ਸਹਿਤ ਕਈਆਂ ਦੇ ਮੰਤਰੀ ਬਣਨ ਦੀ ਚਰਚਾ
ਜੈਪੁਰ ’ਚ ਹੋਏ ਮੁਕਾਬਲਿਆਂ ਦੌਰਾਨ ਸਕੇਟਿੰਗ ਵਿੱਚ ਬਠਿੰਡਾ ਦੇ ਦੋ ਵਿਦਿਆਰਥੀਆਂ ਨੇ ਜਿੱਤੇ ਸੋਨੇ ਦੇ ਤਮਗੇ
ਸੁਖਜਿੰਦਰ ਮਾਨ
ਬਠਿੰਡਾ, 15 ਮਾਰਚ: ਪਿਛਲੇ ਦਿਨੀਂ ਜੈਪੂਰ ਯੂਨੀਵਰਸਿਟੀ ’ਚ ਹੋਏ ਸਕੇਟਿੰਗ ਮੁਕਾਬਲਿਆਂ ਵਿਚ ਸੋਨੇ ਦੇ ਤਮਗੇ ਜਿੱਤਣ ਵਾਲੇ ਬਠਿੰਡਾ ਦੇ ਦੋ ਵਿਦਿਆਰਥੀਆਂ ਦਾ ਅੱਜ ਸਥਾਨਕ ਰੇਲਵੇ ਸਟੇਸ਼ਨ ਉਪਰ ਭਰਵਾਂ ਸਵਾਗਤ ਕੀਤਾ ਗਿਆ। ਆਲ ਇੰਡੀਆ ਯੂਥ ਗੇਮਜ ਵਿਚ ਗੋਲਡ ਮੈਡਲ ਜਿੱਤ ਕੇ ਵਾਪਸ ਮੁੜੇ ਸੇਂਟ ਜੇਵੀਅਰ ਵਰਲਡ ਸਕੂਲ ਦੇ ਵਿਦਿਆਰਥੀ ਜੋਏਦੀਪ ਸਿੰਘ ਅਤੇ ਆਦਰਸ਼ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਨਵਦੀਪ ਕੌਰ ਦਾ ਸਕੂਲ ਅਧਿਆਪਕਾਂ, ਮਾਪਿਆਂ ਤੇ ਹੋਰਨਾਂ ਵਲੋਂ ਹਾਰ ਪਾ ਕੇ ਢੋਲ ਢਮੱਕੇ ਨਾਲ ਸਵਾਗਤ ਕੀਤਾ। ਸਕੂਲ ਦੇ ਸਪੋਰਟਸ ਟੀਚਰ ਸੰਜੀਵ ਕੁਮਾਰ ਅਤੇ ਮੈਡਮ ਅਨਾਮਿਕਾ ਸੰਧੂ ਨੇ ਇਸ ਮੌਕੇ ਦੱਸਿਆ ਕਿ ਕੇ ਰਾਜਸਥਾਨ ਦੇ ਜੈਪੁਰ ਯੂਨੀਵਰਸਿਟੀ ਵਿੱਚ ਹੋਏ ਸਕੇਟਿੰਗ ਮੁਕਾਬਲਿਆਂ ਵਿੱਚ ਅੰਡਰ 12 ਸਾਲਾਂ ਜੋਏਦੀਪ ਸਿੰਘ ਨੇ ਵੱਖ ਵੱਖ ਰਾਜਾਂ ਦੇ ਖਿਡਾਰੀਆਂ ਨੂੰ ਸਖਤ ਮੁਕਾਬਲੇ ਵਿਚ ਪਿਛਾੜਦਿਆਂ ਗੋਲਡ ਮੈਡਲ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਨਵਦੀਪ ਕੌਰ ਨੇ ਸੀਨੀਅਰ ਵਰਗ ਵਿੱਚ ਸੋਨੇ ਦਾ ਤਮਗਾ ਜਿੱਤ ਕੇ ਬਠਿੰਡੇ ਦਾ ਨਾਮ ਉੱਚਾ ਕੀਤਾ ਹੈ । ਸਕੂਲ ਮੁਖੀ ਨੇ ਦੱਸਿਆ ਗੁਣਵੰਤ ਕੌਰ ਨੇ ਵਿਦਿਆਰਥੀ ਜੋਏਦੀਪ ਸਿੰਘ ਦੀ ਮਿਹਨਤ ’ਤੇ ਫ਼ਖਰ ਕਰਦਿਆਂ ਦਸਿਆ ਕਿ ਬੱਚੇ ਨੂੰ ਸਕੂਲ ਵਿੱਚ ਸਪੋਰਟਸ ਕੋਚ ਸੰਜੀਵ ਕੁਮਾਰ ਦੁਆਰਾ ਬੜੀ ਮਿਹਨਤ ਨਾਲ ਤਿਆਰ ਕਰਵਾਈ ਗਈ। ਉਨ੍ਹਾਂ ਉਮੀਦਵਾਰ ਪ੍ਰਗਟਾਈ ਕਿ ਹੁਣ ਇਹ ਬੱਚਾ ਜੂਨ ਵਿੱਚ ਫਰਾਂਸ ਵਿੱਚ ਜਾ ਕੇ ਅੰਤਰਰਾਸਟਰੀ ਖੇਡਾਂ ਵਿਚ ਭਾਗ ਲਵੇਗਾ ।
ਰਾਜਾ ਵੜਿੰਗ ਤੇ ਸੁੱਖੀ ਰੰਧਾਵਾ ਨੂੰ ਕਾਂਗਰਸ ਅਹਿਮ ਜਿੰਮੇਵਾਰੀ ਦੇਣ ਦੀ ਤਿਆਰੀ ’ਚ
ਸਖ਼ਤ ਵਿਰੋਧ ਦੇ ਬਾਵਜੂਦ ਜਿੱਤ ਕੇ ਰੱਖਿਆ ਹੈ ਕਾਂਗਰਸ ਦਾ ਝੰਡਾ ਬੁਲੰਦ
ਸੁਖਜਿੰਦਰ ਮਾਨ
ਚੰਡੀਗੜ੍ਹ, 15 ਮਾਰਚ: ਲੰਘੀ 20 ਫ਼ਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ’ਚ ਬੁਰੀ ਤਰ੍ਹਾਂ ਹਾਰਨ ਵਾਲੀ ਸੂਬੇ ਦੀ ਸੱਤਾਧਿਰ ਕਾਂਗਰਸ ਪਾਰਟੀ ’ਚ ਆਉਣ ਵਾਲੇ ਦਿਨਾਂ ‘ਚ ਵੱਡੀ ਰੱਦੋ-ਬਦਲ ਹੋਣ ਜਾ ਰਹੀ ਹੈ। ਪਾਰਟੀ ਦੇ ਕੌਮੀ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਅਸਤੀਫ਼ਾ ਮੰਗ ਲਿਆ ਹੈ। ਉਜ ਵੀ ਇਸ ਇਤਿਹਾਸਕ ਹਾਰ ਲਈ ਜਿਆਦਾਤਰ ਆਗੂਆਂ ਵਲੋਂ ਚੰਨੀ ਤੇ ਸਿੱਧੂ ਦੀ ਜੋੜੀ ਨੂੰ ਜਿੰਮੇਵਾਰ ਠਹਿਰਾਇਆ ਜਾ ਰਿਹਾ। ਜਦੋਂਕਿ ਦੱਬੀ ਜੁਬਾਨ ’ਚ ਮੁਲਾਜਮ ਵਿਰੋਧੀ ਫੈਸਲੇ ਲੈਣ ਕਾਰਨ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਬਰਾਬਰ ਦਾ ਭਾਗੀਦਾਰ ਮੰਨਿਆ ਜਾ ਰਿਹਾ ਹੈ। ਉਜ ਵੀ ਨਵਜੋਤ ਸਿੱਧੂ, ਚਰਨਜੀਤ ਸਿੰਘ ਚੰਨੀ ਤੇ ਮਨਪ੍ਰੀਤ ਬਾਦਲ ਤਿੰਨੇਂ ਹੀ ਗੈਰ-ਕਾਂਗਰਸੀ ਪਿਛੋਕੜ ਵਾਲੇ ਮੰਨੇ ਜਾਂਦੇ ਹਨ। ਸਿੱਧੂ ਜਿੱਥੇ ਲੰਮਾ ਸਮਾਂ ਭਾਜਪਾ ਵਿਚ ਰਹੇ ਹਨ, ਉਥੇ ਮਨਪ੍ਰੀਤ ਅਕਾਲੀ ਦਲ ਦੀ ਪਦਾਇਸ਼ ਹਨ ਜਦੋਂਕਿ ਚੰਨੀ ਅਜਾਦ ਤੌਰ ’ਤੇ ਜਿੱਤਣ ਤੋਂ ਬਾਅਦ ਕਾਂਗਰਸ ਵਿਚ ਆਏ ਸਨ। ਜਿਸਦੇ ਚੱਲਦੇ ਸਮੇਂ-ਸਮੇਂ ’ਤੇ ਰਵਨੀਤ ਬਿੱਟੂ ਸਹਿਤ ਹੋਰ ਵੱਡੇ ਕਾਂਗਰਸੀਆਂ ਵਲੋਂ ਇੰਨ੍ਹਾਂ ਨੂੰ ਅਹਿਮ ਭੂਮਿਕਾ ’ਤੇ ਦੇਣ ਉਪਰ ਪਹਿਲਾਂ ਹੀ ਸਵਾਲ ਉਠਾਏ ਜਾਂਦੇ ਰਹੇ ਹਨ। ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ’ਚ ਪਾਰਟੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਦੀ ਜਿੰਮੇਵਾਰੀ ਵੀ ਕਿਸੇ ਟਕਸਾਲੀ ਲੀਡਰ ਨੂੰ ਦੇ ਸਕਦੀ ਹੈ। ਜਿਸਦੇ ਲਈ ਮੌਜੂਦਾ ਸਮੇਂ ਇੰਨ੍ਹਾਂ ਦੋਨਾਂ ਅਹੁੱਦਿਆਂ ਲਈ ਕਈ ਆਗੂਆਂ ਵਲੋਂ ਅੰਦਰਖ਼ਾਤੇ ਭੱਜਦੋੜ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰੰਤੂ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਚੋਣਾਂ ਤੋਂ ਐਨ ਪਹਿਲਾਂ ਕੁੱਝ ਗਲਤ ਫੈਸਲੇ ਲੈਣ ਵਾਲੀ ਕਾਂਗਰਸ ਹਾਈਕਮਾਂਡ ਹੁਣ ‘ਦੁੱਧ ਦੀ ਜਲੀ, ਲੱਸੀ ਨੂੰ ਫ਼ੂਕਾਂ’ ਮਾਰਨ ਵਾਲੀ ਕਹਾਵਤ ਤਹਿਤ ਸੋਚ ਸਮਝ ਕੇ ਅੱਗੇ ਵਧ ਰਹੀ ਹੈ। ਚੱਲ ਰਹੀ ਚਰਚਾ ਮੁਤਾਬਕ ਇੰਨ੍ਹਾਂ ਦੋਨਾਂ ਅਹੁੱਦਿਆਂ ਲਈ ਪੰਜਾਬ ਦੇ ਦੋ ਧਾਕੜ ਮੰਨੇ ਜਾਂਦੇ ਆਗੂਆਂ ਦਾ ਨਾਮ ਅੱਗੇ ਚੱਲ ਰਿਹਾ ਹੈ, ਜਿਸ ਵਿਚ ਇੱਕ ਮਾਝੇ ਦੇ ਜਰਨੈਲ ਵਜੋਂ ਮਸ਼ਹੂਰ ਹੋੲੈ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਤੇ ਦੂਜਾ ਮਾਲਵਾ ਦੇ ਤੇਜ਼-ਤਰਾਰ ਨੌਜਵਾਨ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਸ਼ਾਮਲ ਹਨ। ਇੱਥੇ ਦਸਣਾ ਬਣਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁੱਦੇ ਤੋਂ ਹਟਾਉਣ ਬਾਅਦ ਵਿਧਾਇਕਾਂ ਤੇ ਹੋਰਨਾਂ ਤੋਂ ਲਈ ਗਈ ਰਾਏ ਦੌਰਾਨ ਸੁੱਖੀ ਰੰਧਾਵਾ ਹੀ ਵਿਧਾਨ ਸਭਾ ਵਿਚ ਮੌਜੂਦ ਕਾਂਗਰਸ ਪਾਰਟੀ ਦੇ ਅਜਿਹੇ ਆਗੂ ਸਨ, ਜਿੰਨ੍ਹਾਂ ਨੂੰ ਸੁਨੀਲ ਜਾਖ਼ੜ ਤੋਂ ਬਾਅਦ ਸਭ ਤੋਂ ਵੱਧ ਪਸੰਦ ਕੀਤਾ ਗਿਆ ਸੀ। ਇਸਤੋਂ ਇਲਾਵਾ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਉਣ ਦੀ ਤਿਆਰੀ ਕਰਕੇ ਐਨ ਮੌਕੇ ’ਤੇ ਉਪ ਮੁੱਖ ਮੰਤਰੀ ਬਣਾਉਣ ਦੇ ਬਾਵਜੂਦ ਸ: ਰੰਧਾਵਾ ਨੇ ਨਾ ਸਿਰਫ਼ ਪਾਰਟੀ ਦੇ ਅਨੁਸ਼ਾਸਿਤ ਸਿਪਾਹੀ ਵਾਂਗ ਅਪਣੀ ਭੂਮਿਕਾ ਨਿਭਾਈ, ਬਲਕਿ ਧੜੱਲੇਦਾਰ ਅਕਾਲੀ ਆਗੂ ਬਿਕਰਮ ਸਿੰਘ ਮਜੀਠਿਆ ਵਿਰੁਧ ਨਸ਼ਾ ਤਸਕਰੀ ਦਾ ਪਰਚਾ ਦਰਜ਼ ਕਰਕੇ ਉਸਨੂੰ ਜੇਲ੍ਹ ਅੰਦਰ ਪਹੁੰਚਾਉਣ ਦੇ ਚੱਲਦੇ ਅਪਣੇ ਸਿਆਸੀ ਕੱਦ ਵਿਚ ਵੀ ਵਾਧਾ ਕੀਤਾ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਗੈਰ-ਕਾਂਗਰਸੀ ਪਿਛੋਕੜ ਵਾਲਿਆਂ ਨੂੰ ਟਕਸਾਲੀ ਕਾਂਗਰਸੀ ਦੇ ਸਿਰ ’ਤੇ ਬਿਠਾਉਣ ਨੂੰ ਕਾਂਗਰਸ ਦੀ ਬੁਰੀ ਤਰ੍ਹਾਂ ਹੋਈ ਹਾਰ ਲਈ ਜਿੰਮੇਵਾਰ ਮੰਨੇ ਜਾਣ ਵਾਲੇ ਇਸ ਸਿਆਸੀ ਮਾਹੌਲ ਦੌਰਾਨ ਸ: ਰੰਧਾਵਾ ਦੇ ਹੱਕ ਵਿਚ ਇਹ ਵੀ ਗੱਲ ਜਾਂਦੀ ਹੈ ਕਿ ਨਾ ਸਿਰਫ਼ ਉਹ ਜਨਮ ਜਾਤ ਤੋਂ ਕਾਂਗਰਸੀ ਹਨ, ਬਲਕਿ ਉਨ੍ਹਾਂ ਦੇ ਪਿਤਾ ਮਹਰੂਮ ਸੰਤੋਖ ਸਿੰਘ ਰੰਧਾਵਾ ਵੀ ਇਸਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਸਹਿਤ ਵੱਖ ਵੱਖ ਮਹੱਤਵਪੂਰਨ ਅਹੁੱਦਿਆਂ ’ਤੇ ਅਪਣੀ ਡਿਊਟੀ ਨਿਭਾ ਚੁੱਕੇ ਹਨ। ਇਸੇ ਤਰ੍ਹਾਂ ਜੇਕਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਸਿਰਫ਼ ਤਿੰਨ ਮਹੀਨਿਆਂ ਦੇ ਛੋਟੇ ਜਿਹੇ ਕਾਰਜ਼ਕਾਲ ਦੌਰਾਨ ਬਤੌਰ ਟ੍ਰਾਂਸਪੋਰਟ ਮੰਤਰੀ ਬਣ ਕੇ ਦੇਸ-ਵਿਦੇਸ ’ਚ ਵਸਦੇ ਪੰਜਾਬੀਆਂ ਦੇ ਦਿਲਾਂ ’ਚ ਇਕੱਲੀ ਵਿਸ਼ੇਸ ਥਾਂ ਹੀ ਨਹੀਂ ਬਣਾਈ, ਬਲਕਿ ਮਾਲਵਾ ਪੱਟੀ ’ਚ ਕੱਦਾਵਾਰ ਲੀਡਰਾਂ ਦੇ ਰੇਤ ਦੇ ਮਹਿਲ ਵਾਂਗ ਢਹਿ-ਢੇਰੀ ਹੋਣ ਦੇ ਬਾਵਜੂਦ ਬਾਦਲਾਂ ਤੇ ਆਪ ਦਾ ਗੜ੍ਹ ਮੰਨੇ ਜਾਂਦੇ ਗਿੱਦੜਵਹਾ ਹਲਕੇ ਵਿਚ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਰੱਖਿਆ ਹੈ। ਮਾਲਵਾ ਦੀਆਂ 69 ਸੀਟਾਂ ਵਿਚੋਂ ਕਾਂਗਰਸ ਪਾਰਟੀ ਦੀ ਟਿਕਟ ਜਿੱਤਣ ਵਾਲੇ ਦੋ-ਤਿੰਨ ਆਗੂਆਂ ਵਿਚੋਂ ਰਾਜਾ ਵੜਿੰਗ ਸਭ ਤੋਂ ਕੱਦਾਵਾਰ ਨੇਤਾ ਮੰਨੇ ਜਾਂਦੇ ਹਨ। ਇਸਤੋਂ ਪਹਿਲਾਂ ਉਨ੍ਹਾਂ ਦੇ ਹੱਕ ਵਿਚ ਇਹ ਵੀ ਗੱਲ ਜਾਂਦੀ ਹੈ ਕਿ ਉਹ ਲੰਮਾ ਸਮਾਂ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਵੀ ਰਹਿ ਚੁੱਕੇ ਹਨ। ਵੱਡੀ ਗੱਲ ਇਹ ਵੀ ਹੈ ਕਿ ਆਉਣ ਵਾਲੇ ਸਮੇਂ ਵਿਚ ਵੀ ਜੇਕਰ ਕਾਂਗਰਸ ਪਾਰਟੀ ਨੂੰ ਅਪਣੇ ਪੈਰਾਂ-ਸਿਰ ਖੜਾ ਕਰਨਾ ਹੈ ਤਾਂ ਹਾਈਕਮਾਂਡ ਨੂੰ ਦੋਨਾਂ ਅਹੁੱਦਿਆਂ ਵਿਚੋਂ ਇੱਕ ਅਹੁੱਦਾ ਮਾਲਵਾ ਖੇਤਰ ਨੂੰ ਦੇਣਾ ਪੈਣਾ ਹੈ, ਕਿਉਂਕਿ ਪੰਜਾਬ ਦੇ ਹੁਣ ਤੱਕ ਹੋਏ ਮੁੱਖ ਮੰਤਰੀਆਂ ਵਿਚੋਂ ਸਿਰਫ਼ ਦੋ ਨੂੰ ਛੱਡ ਬਾਕੀ ਮਾਲਵਾ ਖੇਤਰ ਵਿਚੋਂ ਹੀ ਬਣਦੇ ਰਹੇ ਹਨ। ਇਸਤੋਂ ਇਲਾਵਾ ਰਾਜਾ ਵੜਿੰਗ ਦਾ ਨਾ ਸਿਰਫ਼ ਜੱਟ ਭਾਈਚਾਰੇ, ਬਲਕਿ ਨੌਜਵਾਨਾਂ ਵਿਚ ਵੀ ਵੱਡਾ ਪ੍ਰਭਾਵ ਮੰਨਿਆ ਜਾਂਦਾ ਹੈ। ਪਾਰਟੀ ਦੇ ਸੂਤਰਾਂ ਮੁਤਾਬਕ ਮੌਜੂਦਾ ਸਮੇਂ ਜਿਆਦਾਤਰ ਹਾਰੇ ਤੇ ਜਿੱਤੇ ਹੋਏ ਪਾਰਟੀ ਦੇ ਉਮੀਦਵਾਰ ਤੇ ਹੋਰ ਆਗੂ ਵੀ ਹਾਈਕਮਾਂਡ ’ਤੇ ਤੁਰੰਤ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਣ ਅਤੇ ਵਿਧਾਨ ਸਭਾ ਵਿਚ ਆਪ ਨਾਲ ਭਰੇ ਹਾਊਸ ਦਾ ਮੁਕਾਬਲਾ ਕਰਨ ਲਈ ਕਿਸੇ ਤੇਜ-ਤਰਾਰ ਟਕਸਾਲੀ ਕਾਂਗਰਸੀ ਨੂੰ ਜਿੰਮੇਵਾਰੀ ਦੇਣ ਦੀ ਮੰਗ ਕਰ ਰਹੇ ਹਨ।
ਬੱਚਾ ਨਾ ਹੋਣ ’ਤੇ ਪਤੀ ਵਲੋਂ ਪਤਨੀ ਦਾ ਕਤਲ
ਸੁਖਜਿੰਦਰ ਮਾਨ
ਬਠਿੰਡਾ, 15 ਮਾਰਚ: ਬੀਤੀ ਦੇਰ ਸ਼ਾਮ ਸ਼ਹਿਰ ਦੇ ਧੋਬੀਆਣਾ ਬਸਤੀ ’ਚ ਇੱਕ ਪਤੀ ਵਲੋਂ ਅਪਣੇ ਪ੍ਰਵਾਰਕ ਮੈਂਬਰਾਂ ਨਾਲ ਮਿਲਕੇ ਅਪਣੀ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਢਲੀ ਪੜਤਾਲ ਮੁਤਾਬਕ ਇਸ ਘਟਨਾ ਦੇ ਪਿੱਛੇ ਮੁੱਖ ਕਾਰਨ ਮਿ੍ਰਤਕ ਦੇ ਵਿਆਹ ਤੋਂ ਅੱਠ ਸਾਲ ਬਾਅਦ ਵੀ ਬੱਚਾ ਨਾ ਹੋਣਾ ਦਸਿਆ ਜਾ ਰਿਹਾ। ਮਿ੍ਰਤਕਾ ਦੀ ਪਹਿਚਾਣ ਆਰਤੀ (25) ਦੇ ਤੌਰ ’ਤੇ ਹੋਈ ਹੈ। ਇਸ ਮਾਲਮੇ ਵਿਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਆਰਤੀ ਦੀ ਮਾਤਾ ਸੁਨੀਤਾ ਦੇਵੀ ਦੇ ਬਿਆਨਾਂ ਉਪਰ ਉਸਦੇ ਪਤੀ ਰਾਜੂ, ਦਿਉਰ ਭੋਲਾ, ਮਾਸੀ ਸ਼ਰਮ ਕਲਾ ਅਤੇ ਮਾਸੜ ਸਹੁਰਾ ਸੰਤੋਸ਼ ਵਿਰੁਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ਼ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿ੍ਰਤਕ ਦੇ ਪ੍ਰਵਾਰਕ ਮੈਂਬਰਾਂ ਨੇ ਸਥਾਨਕ ਸਿਵਲ ਹਸਪਤਾਲ ਵਿਚ ਦਸਿਆ ਕਿ ਆਰਤੀ ਦਾ ਵਿਆਹ ਅੱਠ ਸਾਲ ਪਹਿਲਾਂ ਕਥਿਤ ਦੋਸ਼ੀ ਧੋਬੀਆਣਾ ਬਸਤੀ ਦੇ ਰਾਜੂ ਨਾਲ ਹੋਇਆ ਸੀ। ਬਦਕਿਸਮਤੀ ਨਾਲ ਆਰਤੀ ਦੇ ਕੋਈ ਬੱਚਾ ਨਹੀਂ ਹੋ ਸਕਿਆ ਸੀ, ਜਿਸਦੇ ਲਈ ਸਹੁਰਾ ਪ੍ਰਵਾਰ ਉਸਨੂੰ ਜਿੰਮੇਵਾਰ ਠਹਿਰਾ ਰਿਹਾ ਸੀ। ਇਸੇ ਤਰ੍ਹਾਂ ਸਹੁਰੇ ਘਰ ਵਸਣ ਲਈ ਦਾਜ਼ ਦਹੇਜ਼ ਦੀ ਮੰਗ ਕੀਤੀ ਜਾਂਦੀ ਸੀ। ਜਿਸਦੇ ਚੱਲਦੇ ਉਸਦੀ ਕੁੱਟਮਾਰ ਵੀ ਕੀਤੀ ਜਾਂਦੀ ਰਹੀ ਸੀ। ਇਸ ਮਾਮਲੇ ਵਿਚ ਦੋਨਾਂ ਧਿਰਾਂ ਵਿਚਕਾਰ ਕਈ ਵਾਰ ਪੰਚਾਇਤੀ ਰਾਜ਼ੀਨਾਮੇ ਵੀ ਹੋਏ ਸਨ। ਬੀਤੀ ਦੇਰ ਸ਼ਾਮ ਵੀ ਕਥਿਤ ਦੋਸ਼ੀਆਂ ਵਲੋਂ ਆਰਤੀ ਦੀ ਕੁੱਟਮਾਰ ਕਰਕੇ ਉਸਨੂੰ ਗੰਭੀਰ ਜਖਮੀ ਕਰ ਦਿੱਤਾ। ਜਦ ਲੜਕੀ ਦੇ ਪੇਕੇ ਪ੍ਰਵਾਰ ਵਾਲੇ ਮੌਕੇ ’ਤੇ ਪੁੱਜੇ ਤਾਂ ਉਸਦੀ ਮੌਤ ਹੋ ਚੁੱਕੀ ਸੀ।
ਬਠਿੰਡਾ ’ਚ ਮਨਪ੍ਰੀਤ ਬਾਦਲ ਦੇ ਹਾਰਨ ਦੀ ਖ਼ੁਸੀ ’ਚ ਮੁਲਾਜਮਾਂ ਨੇ ਕੱਢਿਆ ਜੇਤੂ ਮਾਰਚ
ਸੁਖਜਿੰਦਰ ਮਾਨ
ਬਠਿੰਡਾ, 15 ਮਾਰਚ: ਬਠਿੰਡਾ ਸ਼ਹਿਰੀ ਹਲਕੇ ’ਚ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹਾਰਨ ਦੀ ਖੁਸੀ ’ਚ ਅੱਜ ਵੱਖ ਵੱਖ ਵਿਭਾਗਾਂ ਦੇ ਸੈਕੜੇ ਮੁਲਾਜਮਾਂ ਵਲੋਂ ਸ਼ਹਿਰ ਵਿਚ ਜੇਤੂ ਮਾਰਚ ਕੱਢਿਆ ਗਿਆ। ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਦੀ ਜਿਲ੍ਹਾ ਇਕਾਈ ਦੇ ਝੰਡੇ ਹੇਠ ਵੱਖ ਵੱਖ ਵਿਭਾਗਾ ਦੇ ਮੁਲਾਜਮਾਂ ਨੇ ਸ਼੍ਰੀ ਬਾਦਲ ਨੂੰ ਹਰਾਉਣ ਵਿਚ ਸਾਥ ਦੇਣ ਲਈ ਸਮੂਹ ਮੁਲਾਜਮ ਵਰਗ ਅਤੇ ਸਹਿਰ ਵਾਸੀਆਂ ਦਾ ਧੰਨਵਾਦ ਵੀ ਕੀਤਾ। ਇਸ ਜੇਤੂ ਮਾਰਚ ਦੀ ਅਗਵਾਈ ਕਰਦਿਆਂ ਯੂਨੀਅਨ ਦੇ ਸੂਬਾ ਚੇਅਰਮੈਨ ਮੇਘ ਸਿੰਘ ਸਿੱਧੂ, ਸੂਬਾ ਪ੍ਰਧਾਨ ਵਾਸਵੀਰ ਸਿੰਘ ਭੁੱਲਰ, ਡੀ.ਸੀ ਦਫਤਰ ਯੂਨੀਅਨ ਦੇ ਸੂਬਾ ਪ੍ਰਧਨ ਗੁਰਨਾਮ ਸਿੰਘ ਵਿਰਕ, ਜ਼ਿਲ੍ਹਾ ਪ੍ਰਧਾਨ ਰਾਜਵੀਰ ਸਿੰਘ ਮਾਨ ਬਠਿੰਡਾ, ਜਿਲ੍ਹਾ ਪ੍ਰਧਾਨ ਖੁਸਕਰਨਜੀਤ ਸਿੰਘ ਸ੍ਰੀ ਮੁਕਤਸਰ ਸਹਿਬ, ਅਮਰੀਕ ਸਿੰਘ ਸੰਧੂ ਜਿਲ੍ਹਾ ਪ੍ਰਧਾਨ ਫਰੀਦਕੋਟ, ਨਵਨਿੰਦਰ ਸਿੰਘ ਨਵੀ ਜਿਲ੍ਹਾ ਪ੍ਰਧਾਨ ਮੁਹਾਲੀ, ਗੁਰਜੀਵਨ ਸਿੰਘ ਬਰਾੜ ਸੂਬਾ ਪ੍ਰਧਾਨ ਪੰਚਾਇਤ ਸਕੱਤਰ ਯੂਨੀਅਨ, ਜਸਕਰਨ ਸਿੰਘ ਸੂਬਾ ਪ੍ਰਧਾਨ ਨਹਿਰੀ ਪਟਵਾਰ ਯੂਨੀਅਨ, ਜੁਗਿੰਦਰ ਕੁਮਾਰ ਜੀਰਾ ਸੂਬਾ ਜਨਰਲ ਸਕੱਤਰ ਡੀ.ਸੀ.ਦਫਤਰ ਯੂਨੀਅਨ ਪੰਜਾਬ, ਵਰਿੰਦਰ ਢੋਸੀਵਾਲ ਸੀਨੀਅਰ ਸੂਬਾ ਮੀਤ ਪ੍ਰਧਾਨ ਡੀ.ਸੀ. ਦਫਤਰ ਵੱਲੋ ਸਾਥੀਆਂ ਸਮੇਤ ਸਮੂਲੀਅਤ ਕੀਤੀ ਗਈ। ਇਸ ਜੇਤੂ ਮਾਰਚ ਵਿੱਚ ਵੱਖ-ਵੱਖ ਆਗੂਆਂ ਨੇ ਆਪਣੇ ਵਿਚਾਰ ਪੇਸ ਕਰਦਿਆਂ ਕਿਹਾ ਕਿ ਵਿੱਤ ਮੰਤਰੀ ਵੱਲੋ ਕਿਹਾ ਜਾਂਦਾ ਸੀ ਕਿ ਪੰਜਾਬ ਵਿੱਚ ਮੁਲਾਜਮਾਂ ਦੀ ਗਿਣਤੀ 2 ਪ੍ਰਤੀਸਤ ਹੈ। ਜਿਸਦੇ ਚੱਲਦੇ ਵਿੱਤ ਮੰਤਰੀ ਦੇ ਇਸ ਚੈਲਜ ਨੂੰ ਕਬੂਲਦਿਆਂ ਮੁਲਾਜਮ ਜਥੇਬੰਦੀਆਂ ਵਲੌਂ ਕਾਂਗਰਸ ਸਰਕਾਰ ਨੂੰ ਚਲਦਾ ਕਰਨ ਲਈ ਆਪਣੀ ਵੋਟ ਬੈਕ ਨੂੰ ਇਸਤੇਮਾਲ ਕਰਦਿਆਂ ਹਰ ਵਰਗ ਨੂੰ ਸਰਕਾਰ ਵਿਰੁਧ ਲਾਮਬੰਦ ਕੀਤਾ ਗਿਆ। ਜਿਸ ਕਾਰਨ ਇਕੱਲੇ ਬਠਿੰਡਾ ਵਿੱਚ ਹੀ ਨਹੀ ਸਗੋ ਸਾਰੇ ਪੰਜਾਬ ਵਿੱਚ ਮੁਲਾਜਮ ਵਰਗ ਦੀ ਵੋਟ ਨਾ ਪੈਣ ਕਾਰਨ ਕਾਂਗਰਸ ਨੂੰ ਕਰਾਰਾ ਝਟਕਾ ਲੱਗਿਆ ਹੈ। ਮੁਲਾਜਮ ਆਗੂਆਂ ਨੇ ਐਲਾਨ ਕਰਦਿਆਂ ਕਿਹਾ ਕਿ ਇਹ ਇਕ ਨਮੂਨਾ ਹੈ ਕਿ ਅੱਗੇ ਤੋਂ ਵੀ ਜਿਹੜੀ ਸਰਕਾਰ ਮੁਲਾਜਮਾਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਨਹੀ ਮੰਨੇਗੀ ਤਾਂ ਉਸ ਦਾ ਹਸਰ ਵੀ ਪੰਜਾਬ ਦੀ ਕਾਂਗਰਸ ਸਰਕਾਰ ਦੀ ਹਾਰ ਵਰਗਾ ਹੋਵੇਗਾ।
ਡੀਏਵੀ ਕਾਲਜ਼ ਦੀ ਕਬੱਡੀ ਟੀਮ ਨੇ ਸਰਕਲ ਸਟਾਈਲ ਟੂਰਨਾਮੈਂਟ ’ਚ ਜਿੱਤ ਸੋਨ ਤਮਗਾ
ਸੁਖਜਿੰਦਰ ਮਾਨ
ਬਠਿੰਡਾ, 15 ਮਾਰਚ: ਸਥਾਨਕ ਡੀ.ਏ.ਵੀ.ਕਾਲਜ ਦੇ ਕਬੱਡੀ ਖਿਡਾਰੀਆਂ ਨੇ ਏ.ਸੀ.ਪੀ.ਈ ਕਾਲਜ ਮਸਤੂਆਣਾ ਸਾਹਿਬ ਵਿਖੇ ਹੋਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਅੰਤਰ-ਕਾਲਜ ਸਰਕਲ-ਸਟਾਈਲ ਕਬੱਡੀ ਟੂਰਨਾਮੈਂਟ ਵਿਚੋਂ ਗੋਲਡ ਮੈਡਲ ਜਿੱਤਿਆ ਹੈ। ਫ਼ਾਈਨਲ ਵਿਚ ਉਕਤ ਕਾਲਜ਼ ਦੀ ਟੀਮ ਨੂੰ 40-28 ਅੰਕਾਂ ਨਾਲ ਹਰਾਉਣ ਤੋਂ ਪਹਿਲਾਂ ਕਾਲਜ਼ ਦੀ ਟੀਮ ਨੇ ਕੁਆਰਟਰ ਫਾਈਨਲ ਵਿੱਚ ਗੁਰੂ ਕਾਸੀ ਕਾਲਜ ਤਲਵੰਡੀ ਸਾਬੋ ਨੂੰ ਹਰਾਇਆ ਸੀ। ਜਦੋਂਕਿ ਸੈਮੀ ਫਾਈਨਲ ਮੈਚ ਵਿੱਚ ਐਸ.ਡੀ.ਕਾਲਜ ਬਰਨਾਲਾ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ। ਕਾਲਜ ਦੇ ਵਿਦਿਆਰਥੀ ਪਰਮਵੀਰ ਨੂੰ ਟੂਰਨਾਮੈਂਟ ਦਾ ਸਰਵੋਤਮ ਰੇਡਰ ਅਤੇ ਹਰਮੰਦਰ ਨੂੰ ਸਰਵੋਤਮ ਜਾਫੀ ਐਲਾਨਿਆ ਗਿਆ। ਕਾਲਜ ਪਿ੍ਰੰਸੀਪਲ ਡਾ: ਰਾਜੀਵ ਕੁਮਾਰ ਸਰਮਾ ਨੇ ਕਬੱਡੀ ਟੀਮ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਕੋਚ ਪ੍ਰੋ: ਮਦਨ ਲਾਲ, ਪ੍ਰੋ: ਕੁਲਦੀਪ ਸਿੰਘ ਅਤੇ ਪ੍ਰੋ: ਨਿਰਮਲ ਸਿੰਘ ਦੇ ਯਤਨਾਂ ਦੀ ਵੀ ਸਲਾਘਾ ਕੀਤੀ।
ਤੇਜ ਰਫ਼ਤਾਰ ਗੱਡੀ ਸਕੂਟਰੀ ਚਾਲਕ ’ਤੇ ਡਿੱਗੀ, ਮੌਕੇ ’ਤੇ ਪਾਵਰਕਾਮ ਦੇ ਐਸ.ਡੀ.ਓ ਦੀ ਹੋਈ ਮੌਤ
ਮਾਂ ਦੇ ਦੌਰੇ ਦੀ ਖ਼ਬਰ ਸੁਣਦਿਆਂ ਤੇਜ਼ੀ ਨਾਲ ਜਾ ਰਹੇ ਕਾਰ ਚਾਲਕ ਦਾ ਖੋਹਿਆ ਕੰਟਰੋਲ
ਸੁਖਜਿੰਦਰ ਮਾਨ
ਬਠਿੰਡਾ, 15 ਮਾਰਚ: ਅੱਜ ਬਾਅਦ ਦੁਪਹਿਰ ਸਥਾਨਕ ਗੋਨਿਆਣਾ ਰੋਡ ‘ਤੇ ਪਿੰਡ ਗਿਲਪੱਤੀ ਨਜਦੀਕੀ ਇੱਕ ਵਾਪਰੇ ਦਰਦਨਾਕ ਹਾਦਸੇ ਵਿਚ ਸਕੂਟਰੀ ਸਵਾਰ ਦੀ ਉਸ ਸਮੇਂ ਮੌਤ ਹੋ ਗਈ ਜਦ ਦੂਜੀ ਸਾਈਡ ਜਾ ਰਹੀ ਤੇਜ ਰਤਫ਼ਾਰ ਕਾਰ ਹਵਾ ਵਿਚ ਗੋਤੇ ਖ਼ਾਦੀ ਉਸ ਉਪਰ ਆ ਡਿੱਗੀ। ਪਤਾ ਲੱਗਿਆ ਹੈ ਕਿ ਕਾਰ ਚਲਾ ਰਿਹਾ ਨੌਜਵਾਨ ਬਹੁਤ ਤੇਜੀ ਨਾਲ ਜਾ ਰਿਹਾ ਸੀ ਕਿ ਅਚਾਨਕ ਉਸਦਾ ਕਾਰ ਤੋਂ ਸੰਤੁਲਨ ਖੋਹ ਗਿਆ। ਜਿਸਦੇ ਚੱਲਦੇ ਕਾਰ ਡਿਵਾਈਡਰ ਪਾਰ ਕਰਨ ਤੋਂ ਬਾਅਦ ਸੜਕ ਦੇ ਦੂਜੇ ਪਾਸੇ ਬਠਿੰਡਾ ਵੱਲ ਆ ਰਹੇ ਸਕੂਟਰ ‘ਤੇ ਜਾ ਡਿੱਗੀ। ਕਾਰ ਸਿੱਧੀ ਉਪਰ ਡਿੱਗਣ ਕਾਰਨ ਮੌਕੇ ’ਤੇ ਹੀ ਸਕੂਟਰ ਚਾਲਕ ਦਾ ਸਿਰ ਉੱਡ ਗਿਆ ਅਤੇ ਉਸਦੀ ਖੋਪੜੀ ਦਾ ਵਿਚਲਾ ਹਿੱਸਾ ਸੜਕ ‘ਤੇ ਹੀ ਖਿੱਲਰ ਗਿਆ। ਮੌਕੇ ’ਤੇ ਕਾਬੂ ਕੀਤੇ ਗਏ ਕਾਰ ਚਾਲਕ ਮੁਤਾਬਕ ਗੋਨਿਆਣਾ ਮੰਡੀ ’ਚ ਉਸਦੀ ਮਾਂ ਨੂੰ ਦੌਰਾ ਪੈ ਗਿਆ ਸੀ, ਜਿਸਦੇ ਚੱਲਦੇ ਉਹ ਤੇਜੀ ਨਾਲ ਬਠਿੰਡਾ ਤੋਂ ਗੋਨਿਆਣਾ ਜਾ ਰਹੇ ਸਨ ਕਿ ਅਚਾਨਕ ਕਾਰ ਤੋਂ ਸੰਤੁਲਤ ਖੋਹ ਗਿਆ ਤੇ ਬੇਕਾਬੂ ਹੋ ਕੇ ਦੂਜੇ ਪਾਸੇ ਪਲਟ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਨੌਜਵਾਨ ਵੈਲਫੇਅਰ ਸੁਸਾਇਟੀ ਬਠਿੰਡਾ ਦੇ ਹਾਈਵੇ ਵਰਕਰ ਮੌਕੇ ’ਤੇ ਪੁੱਜੇ ਅਤੇ ਪੁਲਿਸ ਦੀ ਹਾਜਰੀ ਵਿੱਚ ਲਾਸ ਨੂੰ ਕਬਜੇ ਵਿੱਚ ਲੈ ਕੇ ਸਿਵਲ ਹਸਪਤਾਲ ਪਹੁੰਚਾਇਆ। ਮਿ੍ਰਤਕ ਦੀ ਪਛਾਣ ਕੁਲਦੀਪ ਰਾਏ ਵਰਮਾ ਪੁੱਤਰ ਲੱਡਾ ਰਾਮ ਵਾਸੀ ਬਸੰਤ ਵਿਹਾਰ ਵਜੋਂ ਹੋਈ ਹੈ। ਪਤਾ ਚੱਲਿਆ ਹੈਕਿ ਮਿ੍ਰਤਕ ਬਿਜਲੀ ਬੋਰਡ ਦਾ ਸੇਵਾਮੁਕਤ ਐਸ.ਡੀ.ਓ. ਇਸ ਦੇ ਨਾਲ ਹੀ ਥਾਣਾ ਥਰਮਲ ਦੀ ਪੁਲਸ ਨੇ ਕਾਰ ਅਤੇ ਕਾਰ ਚਾਲਕ ਨੂੰ ਆਪਣੇ ਕਬਜੇ ‘ਚ ਲੈ ਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।
ਗੁਰਪ੍ਰੀਤ ਸਿੰਘ ਪਿੰਦਰ ਭਾਟੀ ਦੇ ਭੋਗ ’ਤੇ ਵਿਸ਼ੇਸ
ਸੁਖਜਿੰਦਰ ਮਾਨ
ਬਠਿੰਡਾ, 15 ਮਾਰਚ: ਬਹੁਤ ਹੀ ਮਿਲਣਸਾਰ ਸੁਭਾਅ ਦੇ ਮਾਲਕ ਅਤੇ ਸਮਾਜ ਸੇਵਾ ਨੂੰ ਸਮਰਪਿਤ ਗੁਰਪ੍ਰੀਤ ਸਿੰਘ ਭਾਟੀ ਇਕੱਲੇ ਮੰਡੀ ਕਿੱਲਿਆਵਾਲੀ ਹੀ ਨਹੀਂ, ਬਲਕਿ ਪੰਜਾਬ, ਹਰਿਆਣਾ ਤੇ ਰਾਜਸਥਾਨ ਵਿਚ ਕਿਸੇ ਜਾਣ-ਪਹਿਚਾਣ ਦੇ ਮੋਹਤਾਜ਼ ਨਹੀਂ ਸਨ। ਇਲਾਕੇ ’ਚ ਪਿੰਦਰ ਭਾਟੀ ਵਜੋਂ ਮਸ਼ਹੂਰ ਰਹੇ ਗੁਰਪ੍ਰੀਤ ਸਿੰਘ ਦਾ ਜਨਮ 1973 ਵਿਚ ਪਿਤਾ ਪਵਿੱਤਰ ਸਿੰਘ ਭਾਟੀ ਦੇ ਘਰ ਮਾਤਾ ਬਲਧੀਰ ਕੌਰ ਦੀ ਕੁੱਖੋਂ ਇਲਾਕੇ ਦੇ ਮੰਨੇ-ਪ੍ਰਮੰਨੇ ਭਾਟੀ ਪ੍ਰਵਾਰ ਵਿਚ ਹੋਇਆ। ਮੁਢਲੀ ਪੜਾਈ ਪਿੰਡ ਦੇ ਹੀ ਬਾਲ ਮੰਦਰ ਸਕੂਲ ਤੋਂ ਸ਼ੁਰੂ ਕਰਨ ਵਾਲੇ ਪਿੰਦਰ ਭਾਟੀ ਨੇ ਅਪਣੀ ਸਕੂਲੀ ਸਿੱਖਿਆ ਸੈਂਟ ਜੋਸਫ਼ ਸਕੂਲ ਮੰਡੀ ਡੱਬਵਾਲੀ ਤੋਂ ਪੂਰੀ ਕੀਤੀ ਤੇ ਉਚ ਸਿੱਖਿਆ ਲਈ ਗੁਰੂ ਨਾਨਕ ਕਾਲਜ਼ ਕਿੱਲਿਆਵਾਲੀ ਵਿਚ ਦਾਖ਼ਲਾ ਲਿਆ। ਛੋਟੀ ਉਮਰੇ ਹੀ ਮਾਤਾ ਦੀ ਮਮਤਾ ਸਿਰ ’ਤੇ ਨਾ ਰਹਿਣ ਕਾਰਨ ਪ੍ਰਵਾਰਕ ਜਿੰਮੇਵਾਰੀਆਂ ਦੇ ਅਹਿਸਾਸ ਵਿਚ ਡੁੱਬੇ ਪਿੰਦਰ ਭਾਟੀ ਨੇ ਖੇਤੀ ਦੇ ਨਾਲ-ਨਾਲ ਟ੍ਰਾਂਸਪੋਰਟ ਦੇ ਕਿੱਤੇ ਵਿਚ ਹੱਥ ਅਜਮਾਇਆ ਤੇ ਸਫ਼ਲਤਾ ਪ੍ਰਾਪਤ ਕੀਤੀ। 1995 ਵਿਚ ਹੋਏ ਡੱਬਵਾਲੀ ਅਗਨੀ ਕਾਂਡ ਨੇ ਮਨ ਨੂੰ ਅਜਿਹਾ ਝੰਜੋੜਿਆ ਕਿ ਪਿੰਦਰ ਨੇ ਨਾ ਸਿਰਫ਼ ਜਖ਼ਮੀਆਂ ਦਾ ਇਲਾਜ਼ ਕਰਵਾਇਆ, ਬਲਕਿ ਇਸ ਕਾਂਡ ’ਚ ਅਪਣਾ ਕਾਫ਼ੀ ਕੁੱਝ ਗਵਾਉਣ ਵਾਲਿਆਂ ਲਈ ਸਹਾਰਾ ਬਣਦੇ ਰਹੇ। ਸਮਾਜ ਸੇਵਾ ਦੀ ਸ਼ੁਰੂਆਤ ਲਈ ਬਣੇ ਯੰਗਫ਼ਲੇਮ ਕਲੱਬ ਦੇ ਪਹਿਲੇ ਪ੍ਰਧਾਨ ਬਣੇ। ਮੈਡੀਕਲ ਕੈਂਪ ਤੇ ਲੋੜਵੰਦਾਂ ਦੀ ਮੱਦਦ ਲਈ ਹਮੇਸ਼ਾ ਤਿਆਰ ਰਹਿਣ ਵਾਲੇ ਪਿੰਦਰ ਭਾਟੀ ਨੂੰ 2015 ਵਿਚ ਬਲਾਕ ਸੰਮਤੀ ਮੈਂਬਰ ਵੀ ਚੁਣਿਆ ਗਿਆ। ਸੁਡੋਲ ਸਰੀਰ ਦੇ ਮਾਲਕ ਪਿੰਦਰ ਨਾ ਸਿਰਫ਼ ਖੁਦ ਨਸ਼ਿਆਂ ਤੋਂ ਦੂਰ ਸਨ, ਬਲਕਿ ਹੋਰਨਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਹੋਕਾ ਦਿੰਦੇ ਖੇਡਾਂ ਨਾਲ ਜੋੜਣ ਲਈ ਯਤਨ ਕਰਦੇ ਰਹੇ। 6 ਮਾਰਚ ਦੀ ਕਲਿਹਣੀ ਸ਼ਾਮ ਨੂੰ ਜਦ ਉਹ ਖੇਤਾਂ ਤੋਂ ਵਾਪਸ ਆ ਰਹੇ ਸਨ ਤਾਂ ਇੱਕ ਲਾਪਰਵਾਹ ਡਰਾਈਵਰ ਦੀ ਲਾਪਰਵਾਹੀ ਦੀ ਭੇਂਟ ਚੜ੍ਹ ਕੇ ਹਮੇਸ਼ਾ ਲਈ ਅਪਣੇ ਪ੍ਰਵਾਰ ਤੇ ਚਾਹੁਣ ਵਾਲਿਆਂ ਨੂੰ ਰੋਂਦੇ-ਕਰਲਾਉਂਦਿਆਂ ਨੂੰ ਛੱਡ ਗਏ। ਅਜਿਹੇ ਰੰਗਲੇ ਸੱਜਣ ਦੀ ਆਂਤਮਿਕ ਸ਼ਾਂਤੀ ਲਈ ਸ਼੍ਰੀ ਸ਼ਹਿਜ ਪਾਠ ਦੇ ਭੋਗ ਅੱਜ ਉਨ੍ਹਾਂ ਦੇ ਜੱਦੀ ਪਿੰਡ ਮੰਡੀ ਕਿੱਲਿਆਵਾਲੀ(ਟਰੱਕ ਯੂਨੀਅਨ ਵਾਲੀ ਗਲੀ) ਨੇੜੇ ਡੱਬਵਾਲੀ ਵਿਖੇ ਦੁਪਿਹਰ ਵਿਖੇ ਪਾਏ ਜਾ ਰਹੇ ਹਨ।
ਦੂਜੀ ਵਾਰ ਜਿੱਤੇ ਆਪ ਵਿਧਾਇਕ ਕੁਲਤਾਰ ਸੰਧਵਾਂ ਨੇ ਨਵੇਂ ਵਿਧਾਇਕਾਂ ਨੂੰ ਠੰਢੇ ਮਤੇ ਨਾਲ ਚੱਲਣ ਦੀ ਦਿੱਤੀ ਸਲਾਹ
ਸੁਖਜਿੰਦਰ ਮਾਨ
ਚੰਡੀਗੜ੍ਹ, 15 ਮਾਰਚ: ਦਸ ਮਾਰਚ ਨੂੰ ਆਏ ਚੋਣ ਨਤੀਜਿਆਂ ਵਿਚ ਵੱਡੀ ਜਿੱਤ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਲੋਂ ਸਹੁੰ ਚੁੱਕਣ ਤੋਂ ਪਹਿਲਾਂ ਹੀ ਵੱਖ ਵੱਖ ਸਰਕਾਰੀ ਵਿਭਾਗਾਂ ਦੀਆਂ ਸ਼ੁਰੂ ਕੀਤੀਆਂ ਚੈਕਿੰਗਾਂ ਦੌਰਾਨ ਅਧਿਕਾਰੀਆਂ ਤੇ ਮੁਲਾਜਮਾਂ ਨਾਲ ਹੋਣ ਵਾਲੀ ਤਕਰਾਰ ਨੂੰ ਦੇਖਦਿਆਂ ਪਾਰਟੀ ਦੇ ਸੀਨੀਅਰ ਆਗੂ ਤੇ ਦੂਜੇ ਵਾਰ ਜਿੱਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਨਵੇਂ ਚੁਣੇ ਵਿਧਾਇਕਾਂ ਤੇ ਆਗੂਆਂ ਨੂੰ ਠੰਢੇ ਮਤੇ ਨਾਲ ਚੱਲਣ ਦੀ ਸਲਾਹ ਦਿੱਤੀ ਹੈ। ਅੱਜ ਸੋਸਲ ਮੀਡੀਆ ’ਤੇ ਜਾਰੀ ਇੱਕ ਵੀਡੀਓ ਵਿਚ ਸ: ਸੰਧਵਾਂ ਇਹ ਕਹਿੰਦੇ ਦਿਖ਼ਾਈ ਦਿੰਦੇ ਹਨ ਕਿ ਪੰਜਾਬ ਦੇ ਲੱਖਾਂ ਮੁਲਾਜਮਾਂ ਨੇ ਵੀ ਰਿਵਾਇਤੀ ਪਾਰਟੀ ਨੂੰ ਸੱਤਾ ਤੋਂ ਬਾਹਰ ਕੱਢਣ ਲਈ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਹੁਣ ਭਗਵੰਤ ਮਾਨ ਦੀ ਅਗਵਾਈ ਹੇਠ ਬਣਨ ਜਾ ਰਹੀ ਆਮ ਆਦਮੀ ਪਾਰਟੀ ਨੇ ਸੂਬੇ ਦੇ ਤਿੰਨ ਕਰੋੜ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਹੈ। ਉਨ੍ਹਾਂ ਅਸਿੱੱਧੇ ਢੰਗ ਨਾਲ ਇਸ਼ਾਰਾ ਕਰਦਿਆਂ ਨਵੇਂ ਬਣੇ ਵਿਧਾਇਕਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਕਾਹਲੀ ਨਾ ਕਰਨ ਕਿਉਂਕਿ 70 ਸਾਲਾਂ ਦਾ ਫੈਲਿਆ ਗੰਦ ਇੱਕ ਦਿਨ ਵਿਚ ਸਾਫ਼ ਨਹੀਂ ਹੋਣਾ ਹੈ, ਬਲਕਿ ਇਸਦੇ ਲਈ ਸਭ ਨੂੰ ਨਾਲ ਲੈ ਕੇ ਚੱਲਣਾ ਜਰੂਰੀ ਹੈ। ਉਨ੍ਹਾਂ ਸਾਥੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਹਲੀਮੀ ਤੇ ਪਿਆਰ ਨਾਲ ਸਭ ਨੂੰ ਸਾਥ ਲੈ ਕੇ ਚੱਲਣ।
ਗਰਮ ਰੁੱਤ ਦੀ ਮੂੰਗੀ ਅਤੇ ਮਾਂਹ ਦੀ ਸਮੇਂ ਸਿਰ ਬਿਜਾਈ ਬਾਰੇ ਮਾਹਰਾਂ ਨੇ ਕਿਸਾਨਾਂ ਨੂੰ ਦਿੱਤੇ ਸੁਝਾਅ
ਸੁਖਜਿੰਦਰ ਮਾਨ
ਬਠਿੰਡਾ, 15 ਮਾਰਚ: ਡਿਪਟੀ ਡਾਇਰੈਕਟਰ ਖੇਤੀਬਾੜੀ (ਦਾਲਾਂ) ਡਾ. ਅਮਨਜੀਤ ਸਿੰਘ ਨੇ ਇੱਥੇ ਜਾਰੀ ਇੱਕ ਬਿਆਨ ਰਾਹੀਂ ਕਿਸਾਨ ਵੀਰਾਂ ਨੂੰ ਸਮਰ ਮੂੰਗ ਅਤੇ ਸਮਰ ਮਾਂਹ ਦੀ ਬਿਜਾਈ ਸਮੇਂ-ਸਿਰ ਕਰਨ ਦੀ ਸਲਾਹ ਦਿੰਦਿਆਂ ਦੱਸਿਆ ਕਿ ਸਮਰ ਮੂੰਗ ਦੀ ਬਿਜਾਈ ਦਾ ਢੁੱਕਵਾਂ ਸਮਾਂ 20 ਮਾਰਚ ਤੋਂ 10 ਅਪ੍ਰੈਲ ਤੱਕ ਹੈ। ਬਿਜਾਈ ਅਪ੍ਰੈਲ ਦੇ ਤੀਜੇ ਹਫਤੇ ਤੱਕ ਵੀ ਕੀਤੀ ਜਾ ਸਕਦੀ ਹੈ। ਸਮਰ ਮਾਂਹ ਦੀ ਬਿਜਾਈ ਦਾ ਢੁੱਕਵਾਂ ਸਮਾਂ 15 ਮਾਰਚ ਤੋਂ ਅਪ੍ਰੈਲ ਦੇ ਪਹਿਲੇ ਹਫਤੇ ਤੱਕ ਹੈ।
ਉਨਾਂ ਕਿਸਾਨਾਂ ਨੂੰ ਦੱਸਿਆਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਮਰ ਮੂੰਗ ਦੀਆਂ ਸਿਫਾਰਸ਼ ਕੀਤੀਆਂ ਕਿਸਮਾਂ ਐਸ.ਐਮ.ਐਲ-832, ਐਸ.ਐਮ.ਐਲ.-668, ਟੀ.ਐਮ.ਬੀ.-37, ਐਸ.ਐਮ.ਐਲ-1827 ਅਤੇ ਸਮਰ ਮਾਂਹ ਦੀਆਂ ਕਿਸਮਾਂ ਮਾਂਹ 1008 ਅਤੇ ਮਾਂਹ 1137 ਹਨ। ਕਿਸਾਨਾਂ ਨੂੰ ਅਪੀਲ ਕੀਤੀ ਕਿ ਕੇਵਲ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਗਈਆਂ ਕਿਸਮਾਂ ਹੀ ਬੀਜੀਆਂ ਜਾ ਅਤੇ ਕਿਹਾ ਕਿ ਸਮੇਂ-ਸਿਰ ਬੀਜੀਆਂ ਦਾਲਾਂ ਨੂੰ ਬਿਮਾਰੀਆਂ ਘੱਟ ਲੱਗਦੀਆਂ ਹਨ।
ਉਨਾਂ ਅੱਗੇ ਦੱਸਿਆ ਕਿ ਸਮਰ ਮੂੰਗ ਦੀ ਫਸਲ ਤਕਰੀਬਨ 60 ਦਿਨਾਂ ਵਿੱਚ ਅਤੇ ਸਮਰ ਮਾਂਹ ਦੀ ਫਸਲ ਤਕਰੀਬਨ 75 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਕਿਸਾਨ ਆਲੂ ਦੀ ਫਸਲ ਤੋਂ ਬਾਅਦ ਝੋਨੇ ਦੀ ਬਿਜਾਈ ਤੋਂ ਪਹਿਲਾਂ ਵਿਚਲੇ ਸਮੇਂ ਦੌਰਾਨ ਇਹਨਾਂ ਫਸਲਾਂ ਨੂੰ ਬੀਜ ਕੇ ਆਪਣੀ ਕਮਾਈ ਵਿੱਚ ਵਾਧਾ ਕਰ ਸਕਦੇ ਹਨ। ਆਮਦਨੀ ਵਿੱਚ ਵਾਧੇ ਦੇ ਨਾਲ-ਨਾਲ ਇਹ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧਾਉਂਦੀਆਂ ਹਨ।
ਖੇਤੀਬਾੜੀ ਵਿਕਾਸ ਅਫਸਰ (ਦਾਲਾਂ) ਬਠਿੰਡਾ ਡਾ. ਨਵਰਤਨ ਕੌਰ ਨੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਕਿ ਦਾਲਾਂ ਦੀ ਫਸਲਾਂ ਦੇ ਬੀਜ ਨੂੰ ਜੀਵਾਣੂ ਖਾਦ ਦਾ ਟੀਕਾ ਲਗਾ ਕੇ ਬੀਜਣ ਨਾਲ ਝਾੜ ਵਿੱਚ ਕਾਫੀ ਵਾਧਾ ਹੁੰਦਾ ਹੈ। ਉਨਾਂ ਨੇ ਦੱਸਿਆ ਕਿ ਬੀਜਾਂ ਨੂੰ ਥੋੜੇ ਜਿਹੇ ਪਾਣੀ ਨਾਲ ਗਿੱਲਾ ਕਰਨ ਉਪਰੰਤ ਟੀਕਾ ਮਿਲਾਇਆ ਜਾਵੇ ਅਤੇ ਟੀਕਾ ਲਾਉਣ ਤੋਂ ਬਾਅਦ ਛਾਵੇਂ ਸੁੱਕਾ ਕੇ ਇੱਕ ਘੰਟੇ ਦੇ ਅੰਦਰ-ਅੰਦਰ ਬਿਜਾਈ ਕਰ ਦੇਣੀ ਚਾਹੀਦੀ ਹੈ।





