ਜਮੀਨ ਦਾ ਘੱਟ ਮੁਆਵਜ਼ਾ ਦੇਣ ’ਤੇ ਕਿਸਾਨਾਂ ਨੇ ਕੱਢਿਆ ਟਰੈਕਟਰ ਮਾਰਚ
ਸੁਖਜਿੰਦਰ ਮਾਨ
ਬਠਿੰਡਾ, 14 ਮਾਰਚ: ਜਿਲ੍ਹੇ ਦੇ ਕਈ ਪਿੰਡਾਂ ਵਿਚੋਂ ਗੁਜਰਨ ਵਾਲੀ ਭਾਰਤ ਮਾਲਾ ਯੋਜਨਾ ਤਹਿਤ ਰਿੰਗ ਰੋਡ ਲਈ ਐਕਵਾਈਰ ਕੀਤੀ ਜਾ ਰਹੀ ਜਮੀਨ ਦਾ ਘੱਟ ਮੁਆਵਜ਼ਾ ਦੇਣ ਦੇ ਵਿਰੋਧ ’ਚ ਅੱਜ ਕਿਸਾਨਾਂ ਵਲੋਂ ਸ਼ਹਿਰ ਵਿਚ ਟਰੈਕਟਰ ਮਾਰਚ ਕੱਢਿਆ ਗਿਆ। ਇਸ ਦੌਰਾਨ ਸਥਾਨਕ ਜ਼ਿਲ੍ਹਾ ਕੰਪਲੈਕਸ ਅੱਗੇ ਧਰਨਾ ਦਿੰਦਿਆਂ ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਵੀ ਸੋਪਿਆ। ਕਿਸਾਨ ਆਗੂ ਹਰਜਿੰਦਰ ਸਿੰਘ ਬੱਗੀ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦਸਿਆ ਕਿ ਭਾਰਤ ਸਰਕਾਰ ਵੱਲੋਂ ਕੌਮੀ ਮਾਰਗ ਬਠਿੰਡਾ ਡੱਬਵਾਲੀ ਰੋਡ ਨੂੰ ਚੌੜਾ ਕਰਨ ਲਈ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ,ਜਿਸ ਲਈ ਪੰਜਾਬ ਸਰਕਾਰ ਵੱਲੋਂ 24 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾ ਰਿਹਾ ਹੈ, ਪੰਤੂ ਇਹ ਮੁਆਵਜ਼ਾ ਰਾਸੀ ਬਹੁਤ ਘੱਟ ਹੈ ਕਿਉਂਕਿ ਇੱਥੇ ਮੁੱਖ ਸੜਕਾਂ ‘ਤੇ ਪਹਿਲਾਂ ਹੀ ਕਰੋੜਾਂ ਦੇ ਹਿਸਾਬ ਨਾਲ ਪ੍ਰਤੀ ਏਕੜ ਜਮੀਨ ਵਿਕ ਰਹੀ ਹੈ। ਉਨ੍ਹਾਂ ਦਸਿਆ ਕਿ ਇਸ ਮੁਆਵਜ਼ੇ ਦੀ ਰਾਸ਼ੀ ਨੂੰ ਵਧਾਉਣ ਦੀ ਮੰਗ ਨੂੰ ਲੈ ਕੇ ਇਸ ਸੜਕ ਉਪਰ ਪੈਂਦੇ ਦਰਜ਼ਨਾਂ ਪਿੰਡਾਂ ਜੋਧਪੁਰ ਰੋਮਾਣਾ, ਗੁਰੂਸਰ ਸੈਣੇਵਾਲਾ, ਗਹਿਰੀ ਬੁੱਟਰ, ਸੰਗਤ ਕਲਾਂ ,ਮਛਾਣਾ, ਗੁਰਥੜੀ, ਜੱਸੀ ਬਾਗ ਵਾਲੀ, ਕਿਸ਼ਨਪੁਰਾ ਪੁੱਟੀ ,ਚੱਕ ਰੁਲਦੂ ਸਿੰਘ ਵਾਲਾ ਅਤੇ ਪਥਰਾਲਾ ਦੇ ਕਿਸਾਨਾਂ ਵਲੋਂ ਸੰਘਰਸ ਵਿੱਢਿਆ ਹੋਇਆ ਹੈ। ਪ੍ਰੰਤੂ ਪ੍ਰਸ਼ਾਸਨ ਕਿਸਾਨਾਂ ਦੀ ਇਸ ਜਾਇਜ ਮੰਗ ਤੋਂ ਟਾਲਾ ਵੱਟ ਰਿਹਾ ਹੈ, ਜਿਸਦੇ ਚੱਲਦੇ ਅੱਜ ਡੀਸੀ ਦਫ਼ਤਰ ਦੇ ਘਿਰਾਓ ਦਾ ਐਲਾਨ ਕੀਤਾ ਹੋਇਆ ਸੀ। ਇਸ ਮੌਕੇ ਕਿਸਾਨਾਂ ਨੂੰ ਸਾਂਤ ਕਰਦਿਆਂ ਮੌਕੇ ’ਤੇ ਮੰਗ ਪੱਤਰ ਲੈਣ ਪੁੱਜੇ ਐਸ.ਡੀ.ਐਮ ਕੰਵਰਜੀਤ ਸਿੰਘ ਮਾਨ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਮੰਗ ’ਤੇ ਉਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਵੱਡੀ ਗਿਣਤੀ ਵਿਚ ਕਿਸਾਨ ਪੁੱਜੇ ਹੋਏ ਸਨ।
ਭਾਰਤ ਮਾਲਾ ਤਹਿਤ ਐਕਵਾਈਰ ਕੀਤੀ ਜਾ ਰਹੀ
ਵਕੀਲਾਂ ਨੇ ਅਪਣੇ ਸਾਥੀ ਜਗਰੂਪ ਗਿੱਲ ਦੇ ਐਮਐਲਏ ਬਣਨ ’ਤੇ ਕੀਤਾ ਸਵਾਗਤ
ਸੁਖਜਿੰਦਰ ਮਾਨ
ਬਠਿੰਡਾ, 14 ਮਾਰਚ: ੱਸਥਾਨਕ ਬਠਿੰਡਾ ਸ਼ਹਿਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਭਾਰੀ ਬਹੁਮਤ ਨਾਲ ਜਿੱਥੇ ਸੀਨੀਅਰ ਵਕੀਲ ਜਗਰੂਪ ਸਿੰਘ ਗਿੱਲ ਦਾ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲਂੋ ਭਰਵਾ ਸਵਾਗਤ ਕੀਤਾ ਗਿਆ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਰਿੰਦਰ ਸਰਮਾ, ਉਪ ਪ੍ਰਧਾਨ ਸੂਰਿਆਕਾਂਤ ਸਿੰਗਲਾ, ਸੈਕਟਰੀ ਸੁਨੀਲ ਤਿਰਪਾਠੀ,ਕੈਸੀਅਰ ਸਤਵੀਰ ਕੌਰ ਸਿੱਧੂ,ਜੁਆਇੰਟ ਸੈਕਟਰੀ ਗੁਰਪ੍ਰੀਤ ਮੌੜ ਸਾਰਿਆ ਨੇ ਸ: ਗਿੱਲ ਦਾ ਸਵਾਗਤ ਕਰਦਿਆਂ ਉਮੀਦ ਜਾਹਰ ਕੀਤੀ ਕਿ ਉਹ ਬਠਿੰਡਾ ਸ਼ਹਿਰ ਦੀ ਤਰੱਕੀ ਲਈ ਬਣਦਾ ਯੋਗਦਾਨ ਪਾਉਣਗੇ। ਇਸ ਮੌਕੇ ਗਿੱਲ ਸਾਬ ਨਾਲ ਸੁਖਦੀਪ ਢਿੱਲੋ ਐਮ ਸੀ (ਵਕੀਲ) ਨਵਦੀਪ ਜੀਦਾ ਵਕੀਲ,ਅਮਨਦੀਪ ਗੁਰਾਇਆ ਵਕੀਲ,ਲਕਿੰਦਰਦੀਪ ਭਾਈਕਾ ਵਕੀਲ ਸਾਬਕਾ ਪ੍ਰਧਾਨ,ਸੁਖਰਾਜ ਬੈਂਸ ਵਕੀਲ,ਗੁਰਪ੍ਰੀਤ ਸਿੰਘ ਰਿੰਪਲ ਜਿਲਾ ਪ੍ਰਧਾਨ ਵਕੀਲ,ਗੁਰਲਾਲ ਸਿੰਘ ਵਕੀਲ ਅਤੇ ਹੋਰਨਾਂ ਸਾਥੀ ਹਾਜਰ ਸਨ।
ਨਗਰ ਨਿਗਮ ਦੇ ਸੇਵਾਮੁਕਤ ਮੁਲਾਜਮਾਂ ਨੇ ਜਗਰੂਪ ਸਿੰਘ ਗਿੱਲ ਦੇ ਜਿੱਤਣ ਦੀ ਖ਼ੁਸੀ ’ਚ ਲੱਡੂ ਵੰਡੇ
ਸੁਖਜਿੰਦਰ ਮਾਨ
ਬਠਿੰਡਾ, 14 ਮਾਰਚ: ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਆਏ ਚਾਰ ਦਿਨ ਬੀਤਣ ਦੇ ਬਾਵਜੂਦ ਬਠਿੰਡਾ ਦੇ ਮੁਲਾਜਮਾਂ ਵਲੋਂ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਹਾਰਨ ਅਤੇ ਜਗਰੂਪ ਸਿੰਘ ਗਿੱਲ ਦੇ ਜਿੱਤਣ ਦੀ ਖ਼ੁਸੀ ’ਚ ਲੱਡੂ ਵੰਡਣ ਦਾ ਸਿਲਸਿਲਾ ਜਾਰੀ ਹੈ। ਅੱਜ ਸਥਾਨਕ ਨਗਰ ਨਿਗਮ ਦਫ਼ਤਰ ’ਚ ਵੱਡੀ ਗਿਣਤੀ ਇਕੱਤਰ ਹੋਏ ਸੇਵਾਮੁਕਤ ਮੁਲਾਜ਼ਮਾਂ ਨੇ ਵੀ ਕੋਂਸਲਰ ਜਗਰੂਪ ਸਿੰਘ ਗਿੱਲ ਦੇ ਵਿਧਾਇਕ ਬਣਨ ਦੀ ਖੁਸ਼ੀ ’ਚ ਲੱਡੂ ਵੰਡੇ। ਇਸ ਮੌਕੇ ਸੇਵਾਮੁਕਤ ਕਰਮਚਾਰੀ ਪੰਜਾਬ ਮਿਊਂਸੀਪਲ ਵਰਕਰਜ਼ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਭੋਲਾ ਸਿੰਘ ਤੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਨੇ ਕਿਹਾ ਕਿ ਸ: ਗਿੱਲ ਪਿਛਲੇ 45 ਸਾਲਾਂ ਤੋਂ ਨਗਰ ਨਿਗਮ ਨਾਲ ਬਤੌਰ ਕੌਂਸਲਰ ਜੁੜੇ ਹੋਏ ਹਨ ਅਤੇ ਉਨਾਂ ਨੂੰ ਮੁਲਾਜਮ ਮੁਸ਼ਕਿਲਾਂ ਦਾ ਨੇੜਿਓ ਪਤਾ ਹੈ। ਜਦੋਂਕਿ ਵਿੱਤ ਮੰਤਰੀ ਰਹਿਣ ਦੇ ਬਾਵਜੂਦ ਮਨਪ੍ਰੀਤ ਸਿੰਘ ਬਾਦਲ ਨੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਗੋਲਿਆ ਕਰਕੇ ਉਨ੍ਹਾਂ ’ਤੇ ਤਸਦੱਦ ਢਾਹਿਆ, ਜਿਸਦੇ ਸਿੱਟੇ ਵਜੋਂ ਮੁਲਾਜਮਾਂ ’ਚ ਗੁੱਸੇ ਦੀ ਭਾਰੀ ਲਹਿਰ ਸੀ। ਇਸ ਗੁੱਸੇ ਕਾਰਨ ਮੁਲਾਜਮਾਂ ਨੇ ਚੋਣਾਂ ਵਿਚ ਵਿਤ ਮੰਤਰੀ ਵਿਰੁਧ ਵੋਟਾਂ ਪਾ ਕੇ ਗੁੱਸਾ ਕੱਢਿਆ ਗਿਆ। ਇਸ ਮੌਕੇ ਸਾਬਕਾ ਚੀਫ ਸੈਨੇਟਰੀ ਇੰਸਪੈਕਟਰ ਜਸਪਾਲ ਮਾਨਖੇੜਾ, ਰਣਵੀਰ ਸਿੰਘ ਰਾਣਾ, ਸੁਰਜਨ ਰਾਮ, ਨਰਿੰਦਰ ਸਿੰਘ ਆਦਿ ਹਾਜ਼ਰ ਸਨ।
ਬਠਿੰਡਾ ਪੁਲਿਸ ਨੇ ਨਸਿਆਂ ਵਿਰੁਧ ਵਿੱਢੀ ਮੁਹਿੰਮ, ਦਰਜ਼ਨਾਂ ਟੀਮਾਂ ਬਣਾ ਕੇ ਨਸ਼ਾ ਤਸਕਰਾਂ ’ਤੇ ਕੀਤੀ ਰੇਡ
ਸੁਖਜਿੰਦਰ ਮਾਨ
ਬਠਿੰਡਾ, 14 ਮਾਰਚ: ਜ਼ਿਲ੍ਹੇ ’ਚ ਨਸ਼ਾ ਤਸਕਰਾਂ ’ਤੇ ਲਗਾਮ ਕਸਣ ਲਈ ਜ਼ਿਲ੍ਹਾ ਪੁਲਿਸ ਵਲੋਂ ਢਾਈ ਦਰਜ਼ਨ ਦੇ ਕਰੀਬ ਪੁਲਿਸ ਟੀਮਾਂ ਦਾ ਗਠਨ ਕਰਕੇ ਨਸ਼ਾ ਤਸਕਰਾਂ ਵਿਰੁਧ ਕਾਰਵਾਈ ਵਿੱਢ ਦਿੱਤੀ ਹੈ। ਅੱਜ ਇੱਥੈ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਨੇ ਦਸਿਆ ਕਿ ਇਸਦੇ ਲਈ ਐੱਸ.ਪੀ ਇੰਨਵੈਸਟੀਗੇਸ਼ਨ ਤਰੁਣ ਰਤਨ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਸਹਿਰੀ, ਦਿਹਾਤੀ ਥਾਣਿਆਂ ਅਤੇ ਸੀ.ਆਈ.ਏ ਸਟਾਫ-1 ਤੇ 2 ਵਲੋਂ ਨਸਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਵੱਖ-ਵੱਖ ਇਲਾਕਿਆਂ ਵਿਚ 29 ਟੀਮਾਂ ਬਣਾ ਕੇ ਰੇਡ ਕੀਤੀ ਗਈ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਰਾਮਪਾਲ ਅਤੇ ਉਸਦੀ ਪਤਨੀ ਜਸਪ੍ਰੀਤ ਕੌਰ ਵਾਸੀ ਨੇੜੇ ਪੁਰਾਣਾ ਠੇਕਾ ਕੱਚਾ ਧੋਬੀਆਣਾ ਬਠਿੰਡਾ ਪਾਸੋਂ 8 ਗਰਾਮ ਹੈਰੋਇੰਨ 1 ਲੱਖ 42 ਹਜਾਰ ਡਰੱਗ ਮਨੀ ਰਿੰਗ ਰੋਡ ਬਾਈਪਾਸ ਨੇੜੇ ਵਾਰਟ ਵਰਕਸ ਮਾਡਲ ਟਾਊਨ ਫੇਸ-1 ਬਠਿੰਡਾ ਤੋਂ ਬਰਾਮਦ ਕੀਤੀ ਗਈ। ਜਿਸ ਤੇ ਮੁੱਕਦਮਾ ਨੰਬਰ 54 ਮਿਤੀ 14-03-2022 ਅ/ਧ 21 ਬੀ ਐਨ.ਡੀ.ਪੀ.ਐਸ ਐਕਟ ਥਾਣਾ ਸਿਵਲ ਲਾਈਨ ਦਰਜ ਰਜਿਸਟਰ ਕੀਤਾ ਗਿਆ। ਦੋਨੇ ਸਕੂਟਰੀ ਐਵੀਏਟਰ ਨੰਬਰੀ 03 0469 ਰੰਗ ਗਰੇਅ ਤੇ ਸਵਾਰ ਸਨ। ਇਸੇ ਤਰ੍ਹਾਂ ਥਾਣਾ ਕੋਟਫੱਤਾ ਦੇ ਏਰੀਆਂ ਵਿੱਚੋ ਰਾਜਵੀਰ ਸਿੰਘ ਉਰਫ ਗੋਰਾ ਵਾਸੀ ਪਿੰਡ ਮਾਈਸਰ ਖਾਨਾ ਪਾਸੋਂ 50 ਨਸੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ। ਇੱਕ ਹੋਰ ਮਾਮਲੇ ਵਿਚ ਗਨੇਸ ਕੁਮਾਰ ਉਰਫ ਜੈਨੀ ਪਵਾਸੀ ਬੇਅੰਤ ਸਿੰਘ ਨਗਰ ਕਾਫੀ ਸਮੇਂ ਤੋਂ ਪੁਲਿਸ ਦੀ ਗਿ੍ਰਫਤ ਤੋਂ ਬਾਹਰ ਸੀ, ਜਿਸ ਤੇ ਮੁਕਦਮਾ ਨੰਬਰ 154 ਮਿਤੀ 25-09-2020 ਅ/ਧ 457,380,34,411 ਆਈ.ਪੀ.ਸੀ ਥਾਣਾ ਸਿਵਲ ਲਾਈਨ ਚ ਮੁਕੱਦਮੇ ਦਰਜ਼ ਹਨ, ਜਿਸ ਨੂੰ ਹਸਬ ਜਾਬਤਾ ਗਿ੍ਰਫਤਾਰ ਕਰਕੇ ਹਵਾਲਾਤ ਚ ਬੰਦ ਕੀਤਾ ਗਿਆ।
ਬਠਿੰਡਾ ਪੁਲਿਸ ਦੀ ਵੱਡੀ ਕਾਮਯਾਬੀ, ਚੋਰੀ ਦੇ 15 ਮੋਟਰਸਾਈਕਲਾਂ ਸਹਿਤ 4 ਕਾਬੂ
ਸੁਖਜਿੰਦਰ ਮਾਨ
ਬਠਿੰਡਾ, 14 ਮਾਰਚ: ਪਿਛਲੇ ਕਈ ਦਿਨਾਂ ਤੋਂ ਸ਼ਹਿਰ ਅਤੇ ਆਸਪਾਸ ਦੇ ਇਲਾਕਿਆਂ ਵਿਚ ਵਾਹਨ ਚੋਰੀ ਦੀਆਂ ਵਧ ਰਹੀਆਂ ਵਾਰਦਾਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਸਿਟੀ ਪੁਲਿਸ ਨੇ ਅੱਜ ਇੱਕ ਚੋਰ ਗਿਰੋਹ ਨੂੰ ਕਾਬੂ ਕੀਤਾ ਹੈ। ਇਸ ਗਿਰੋਹ ਕੋਲੋ 15 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ, ਜਿਹੜੇ ਪਿਛਲੇ ਸਮੇਂ ਦੌਰਾਨ ਵੱਖ ਵੱਖ ਥਾਵਾਂ ਤੋਂ ਚੋਰੀ ਕੀਤੇ ਗਏ ਸਨ। ਅੱਜ ਇੱਥੇ ਇਸਦੀ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ ਚਿਰੰਜੀਵ ਲਾਂਬਾ ਤੇ ਐਸਐਚਓ ਕੋਤਵਾਲੀ ਇੰਸਪੈਕਟਰ ਪਰਮਿੰਦਰ ਸਿੰਘ ਨੇ ਦਸਿਆ ਕਿ ਪਿਛਲੇ ਦਿਨੀਂ ਅਸੀਸ ਕੁਮਾਰ ਵਾਸੀ ਪਰਸਰਾਮ ਨਗਰ ਨੇ ਪੁਲਿਸ ਕੋਲ ਅਪਣਾ ਮੋਟਰਸਾਈਕਲ ਚੋਰੀ ਹੋਣ ਬਾਰੇ ਸੂਚਨਾ ਦਿੱਤੀ ਸੀ। ਜਿਸਤੋਂ ਬਾਅਦ ਪੁਲਿਸ ਵਲੋਂ ਕੀਤੀ ਗਈ ਪੜਤਾਲ ਦੇ ਆਧਾਰ ’ਤੇ ਜਦ ਮਨਤੇਜ ਸਿੰਘ ਵਾਸੀ ਮਲੂਕਾ ਨੂੰ ਗਿ੍ਰਫਤਾਰ ਕੀਤਾ ਗਿਆ ਤਾਂ ਕਥਿਤ ਮੁਜ਼ਰਮ ਨੇ ਪੁਛਗਿਛ ਵਿਚ ਚੋਰੀ ਦੀਆਂ ਘਟਨਾਵਾਂ ਵਿਚ ਸਮੂਲੀਅਤ ਦੀ ਪੁਸ਼ਟੀ ਕਰਦਿਆਂ ਅਪਣੇ ਗਿਰੋਹ ਬਾਰੇ ਜਾਣਕਾਰੀ ਦਿੱਤੀ। ਇਸ ਗਿਰੋਹ ਵਿਚ ਉਸਦੇ ਨਾਲ ਕੁਲਵੀਰ ਸਿੰਘ ਵਾਸੀ ਨਿਊਰ, ਕਰਤਾਰ ਸਿੰਘ ਵਾਸੀ ਮਲੂਕਾ, ਮਨਦੀਪ ਸਰਮਾ ਵਾਸੀ ਮਲੂਕਾ, ਗੁਰਵਿੰਦਰ ਸਿੰਘ ਵਾਸੀ ਮਲੂਕਾ ਵੀ ਸਾਮਲ ਹਨ। ਪੁਲਿਸ ਨੇ ਮਨਤੇਜ ਸਿੰਘ ਦੀ ਸਿਨਾਖ਼ਤ ’ਤੇ ਉਕਤ ਮੁਲਜਮਾਂ ਨੂੰ ਵੀ ਗਿ੍ਰਫਤਾਰ ਕਰ ਲਿਆ ਜਦੋਂਕਿ ਕੁਲਵੀਰ ਸਿੰਘ ਪੁਿਲਸ ਦੇ ਹੱਥ ਨਹੀਂ ਲੱਗ ਸਕਿਆ। ਪੁਲਿਸ ਵਲੋਂ ਮੁਲਜਮਾਂ ਪਾਸੋਂ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ 15 ਮੋਟਰਸਾਈਕਲ ਬਰਾਮਦ ਕੀਤੇ ਹਨ। ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਤੋਂ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕਰ ਕਥਿਤ ਚੋਰ ਨਸ਼ਾ ਕਰਨ ਦੇ ਆਦੀ ਹੋ ਸਕਦੇ ਹਨ, ਜਿਸਦੇਚੱਲਦੇ ਉਹ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।
ਡੀ.ਏ.ਵੀ. ਕਾਲਜ ਵਿਖੇ ਅਲੂਮਨੀ ਮੀਟ ਦਾ ਆਯੋਜਨ
ਸੁਖਜਿੰਦਰ ਮਾਨ
ਬਠਿੰਡਾ, 14 ਮਾਰਚ: ਸਥਾਨਕ ਡੀ.ਏ.ਵੀ ਕਾਲਜ ਵਿਖੇ ਅਲੂਮਨੀ ਮੀਟ ਦਾ ਆਯੋਜਨ ਕੀਤਾ ਗਿਆ। ਇਸ ਵਿਚ ਵੱਖ-ਵੱਖ ਸਕੂਲਾਂ ਵਿੱਚ ਅਧਿਆਪਕਾਂ ਵਜੋਂ ਸੇਵਾ ਕਰ ਰਹੇ ਸਾਬਕਾ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਗਿਆ। ਪਿ੍ਰੰਸੀਪਲ ਡਾ. ਰਾਜੀਵ ਕੁਮਾਰ ਸਰਮਾ ਅਤੇ ਪ੍ਰੋ.ਰਾਜੇਸ ਬੱਤਰਾ ਡੀਨ ਅਲੂਮਨੀ ਐਸੋਸੀਏਸਨ ਨੇ ਕਾਲਜ ਦੇ ਸਾਬਕਾ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ।ਇਸ ਅਲੂਮਨੀ ਮੀਟ ਵਿਚ 42 ਅਧਿਆਪਕਾਂ(ਸਾਬਕਾ ਵਿਦਿਆਰਥੀਆਂ)ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਡਾ.ਰਾਜੀਵ ਕੁਮਾਰ ਸਰਮਾ ਨੇ ਆਪਣੇ ਸੰਬੋਧਨ ਵਿੱਚ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਬਤੌਰ ਅਧਿਆਪਕ ਸੇਵਾਵਾਂ ਨਿਭਾ ਰਹੇ ਕਾਲਜ ਦੇ ਸਾਬਕਾ ਵਿਦਿਆਰਥੀਆਂ ਨੂੰ ਦੇਖ ਕੇ ਪ੍ਰਸੰਨਤਾ ਮਹਿਸੂਸ ਕਰਦੇ ਕਿਹਾ ਕਿ ਅਧਿਆਪਕ ਰਾਸਟਰ ਦੇ ਨਿਰਮਾਤਾ ਹੁੰਦੇ ਹਨ ਅਤੇ ਵਿਦਿਆਰਥੀਆਂ ਨੂੰ ਕੱਲ੍ਹ ਦੇ ਜਿੰਮੇਵਾਰ ਨਾਗਰਿਕ ਬਣਾਉਂਦੇ ਹਨ। ਉਨ੍ਹਾਂ ਆਖਿਆ ਕਿ ਨੌਜਵਾਨਾਂ ਦੀ ਬਿਹਤਰੀ ਅਤੇ ਦੇਸ ਦੀ ਤਰੱਕੀ ਲਈ ਸਾਬਕਾ ਵਿਦਿਆਰਥੀਆਂ ਨੂੰ ਵੀ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਸਾਬਕਾ ਵਿਦਿਆਰਥੀਆਂ ਨੂੰ ਕਾਲਜ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਜਿਵੇਂ ਕਿ ਪ੍ਰਤੀਯੋਗੀ ਪ੍ਰੀਖਿਆ ਸੈੱਲ ਅਤੇ ਕੈਰੀਅਰ ਕਾਊਂਸਲਿੰਗ ਅਤੇ ਪਲੇਸਮੈਂਟ ਸੈੱਲ ਬਾਰੇ ਜਾਣਕਾਰੀ ਦਿੱਤੀ ਗਈ। ਇਨ੍ਹਾਂ ਕਮੇਟੀਆਂ ਸਬੰਧੀ ਜਾਣਕਾਰੀ ਡਾ. ਕੁਸਮ ਗੁਪਤਾ (ਡੀਨ, ਪ੍ਰਤੀਯੋਗੀ ਪ੍ਰੀਖਿਆ ਸੈੱਲ) ਅਤੇ ਪ੍ਰੋ. ਮੀਤੂ ਐਸ. ਵਧਵਾ (ਡੀਨ, ਕੈਰੀਅਰ ਕਾਊਂਸਲਿੰਗ ਅਤੇ ਪਲੇਸਮੈਂਟ ਸੈੱਲ) ਵੱਲੋਂ ਦਿੱਤੀ ਗਈ। ਡਾ.ਸਤੀਸ ਗਰੋਵਰ (ਮੁਖੀ, ਅੰਗਰੇਜੀ ਵਿਭਾਗ) ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਪਵਿੱਤਰ ਬੰਧਨ ਬਾਰੇ ਪ੍ਰੇਰਣਾਦਾਇਕ ਭਾਸਣ ਦਿੱਤਾ। ਡਾ. ਨੀਤੂ ਪੁਰੋਹਿਤ ਅਤੇ ਪ੍ਰੋ. ਨੇਹਾ ਸਰਮਾ ਨੇ 1969 ਤੋਂ ਲੈ ਕੇ ਕਾਲਜ ਦੇ ਵਿਕਾਸ ਨੂੰ ਦਰਸਾਉਂਦੀ ਪੀ ਪੀ ਟੀ ਰਾਹੀਂ ਲੈਬ ਦੇ ਵੱਖ-ਵੱਖ ਵਾਧੇ , ਅਪਗ੍ਰੇਡੇਸਨ, ਲਾਇਬ੍ਰੇਰੀ ਵਿੱਚ ਇਨਫਲਿਬਨੈੱਟ ਦੀ ਸਹੂਲਤ, ਆਈਸੀਟੀ ਕਲਾਸਰੂਮ, ਪਲੇਸਮੈਂਟ, ਦਾਖਲਾ ਪ੍ਰਕਿਰਿਆ, ਅਕਾਦਮਿਕ, ਸੱਭਿਆਚਾਰ ਅਤੇ ਖੇਡਾਂ ਆਦਿ ਵਿੱਚ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ। ਹੈ। ਮੰਚ ਸੰਚਾਲਨ ਪ੍ਰੋ. ਰਾਜਵੀਰ ਕੌਰ ਨੇ ਕੀਤਾ।
ਏਮਜ ਵਿੱਚ ਕੈਂਸਰ ਪੀੜਤਾਂ ਲਈ ਬਾਲ ਦਾਨ ਮੁਹਿੰਮ ਦਾ ਆਯੋਜਨ
ਸੁਖਜਿੰਦਰ ਮਾਨ
ਬਠਿੰਡਾ, 14 ਮਾਰਚ: ਵਿਭਾਗ ਵਲਂੋ ਵਿੱਗ ਬਣਾਉਣ ਲਈ ਬਾਲ ਦਾਨ ਮੁਹਿੰਮ ਦਾ ਆਯੋਜਨ ਕੀਤਾ ਗਿਆ, ਜੋ ਕਿ ਕੈਂਸਰ ਦੇ ਮਰੀਜਾਂ ਨੂੰ ਮੁਫਤ ਪ੍ਰਦਾਨ ਕੀਤਾ ਜਾਵੇਗਾ। ਪ੍ਰੋਗਰਾਮ ਦਾ ਉਦਘਾਟਨ ਡੀਨ ਪ੍ਰੋ. ਡਾ: ਸਤੀਸ ਗੁਪਤਾ ਨੇ ਕੀਤਾ। ਡਾ ਸਪਨਾ ਮਾਰਕਸ ਭੱਟੀ, ਐਸੋਸੀਏਟ ਪ੍ਰੋਫੈਸਰ ਅਤੇ ਮੁਖੀ, ਰੇਡੀਏਸਨ ਓਨਕੋਲੋਜੀ ਵਿਭਾਗ ਨੇ ਬਾਲ ਦਾਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਇਸ ਮੌਕੇ ਮੈਡੀਕਲ ਫੈਕਲਟੀ, ਨਰਸਿੰਗ ਅਫਸਰ ਅਤੇ ਐਮਬੀਬੀਐਸ ਵਿਦਿਆਰਥੀ ਇਸ ਮਕਸਦ ਲਈ ਆਪਣੇ ਵਾਲ ਦਾਨ ਕਰਨ ਲਈ ਅੱਗੇ ਆਏ। ਸਾਰੇ ਭਾਗੀਦਾਰਾਂ ਨੂੰ ਉਹਨਾਂ ਦੇ ਵੱਡਮੁੱਲੇ ਯੋਗਦਾਨ ਲਈ ਪ੍ਰੋਤਸਾਹਨ ਵਜੋਂ ਡਾ: ਰੋਹਿਤ ਮਹਾਜਨ, ਸਹਾਇਕ ਪ੍ਰੋਫੈਸਰ, ਰੇਡੀਏਸਨ ਓਨਕੋਲੋਜੀ ਵਿਭਾਗ ਦੁਆਰਾ ਪ੍ਰਮਾਣ ਪੱਤਰ ਅਤੇ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ।10 ਸਾਲ ਦੀ ਬੱਚੀ ਮਿਸ ਤਨਿਸਕਾ ਡੋਗਰਾ ਦਾ ਵਿਸੇਸ ਜਿਕਰ ਕੀਤਾ।
ਬਠਿੰਡਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਗਰਵਾਲ ਵਲੋਂ ਅਸਤੀਫ਼ਾ
ਸਾਬਕਾ ਵਿਤ ਮੰਤਰੀ ’ਤੇ ਗੰਭੀਰ ਦੋਸ਼, ਮੇਅਰ ਦੀ ਚੋਣ ’ਚ ਨਹੀਂ ਪੁਛਿਆ ਕਾਂਗਰਸੀਆਂ ਨੂੰ
ਟਰੱਸਟ ਵਲੋਂ ਬਣਾਏ ਜਾਣ ਵਾਲੇ ਬੱਸ ਅੱਡੇ ਨੂੰ ਨਗਰ ਨਿਗਮ ਨੂੰ ਸੋਂਪਣ ਦੀ ਮੰਗੀ ਉਚ ਪੱਧਰੀ ਜਾਂਚ
ਸੁਖਜਿੰਦਰ ਮਾਨ
ਬਠਿੰਡਾ, 14 ਮਾਰਚ: ਪਿਛਲੇ ਦਿਨੀਂ ਬੁਰੀ ਤਰ੍ਹਾਂ ਇੱਕ ਕੋਂਸਲਰ ਦੇ ਹੱਥੋਂ ਚੋਣ ਹਾਰੇ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ’ਤੇ ਅਸਿੱਧੇ ਢੰਗ ਨਾਲ ਗੰਭੀਰ ਦੋਸ਼ ਲਗਾਉਂਦਿਆਂ ਸਥਾਨਕ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੇ ਕੇ ਅਗਰਵਾਲ ਨੇ ਅੱਜ ਅਸਤੀਫਾ ਦੇ ਦਿੱਤਾ। ਟਰੱਸਟ ਦਫ਼ਤਰ ’ਚ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਕਾਂਗਰਸ ਪਾਰਟੀ ਦੀ ਸੀਨੀਅਰ ਆਗੂ ਸ਼੍ਰੀ ਅਗਰਵਾਲ ਨੇ ਇਹ ਖ਼ੁਲਾਸਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਕਿ ਬਠਿੰਡਾ ਨਗਰ ਨਿਗਮ ਦੇ ਮੇਅਰ ਅਤੇ ਹੋਰ ਅਹੁੱਦੇਦਾਰਾਂ ਦੀ ਪਿਛਲੇ ਸਾਲ ਹੋਈ ਚੋਣ ਵਿਚ ਕਾਂਗਰਸੀਆਂ ਨੂੰ ਨਹੀਂ ਪੁੱਛਿਆ ਗਿਆ, ਬਲਕਿ ਘਰ ’ਚ ਬੈਠ ਕੇ ਹੀ ਅਜਿਹੇ ਵਿਅਕਤੀ ਨੂੰ ਮੇਅਰ ਬਣਾ ਦਿੱਤਾ ਗਿਆ, ਜਿਸਦਾ ਕਾਂਗਰਸ ਪਾਰਟੀ ਨਾਲ ਕੋਈ ਵਾਹ-ਵਾਸਤਾ ਵੀ ਨਹੀਂ ਸੀ। ਉਨ੍ਹਾਂ ਕਿਹਾ ਕਿ ਜੇਕਰ ਮੇਅਰ ਅਤੇ ਹੋਰ ਅਹੁੱਦੇਦਾਰਾਂ ਦੀ ਚੋਣ ਸਮੇਂ ਸ਼ਹਿਰ ਦੇ ਕਾਂਗਰਸੀਆਂ ਨਾਲ ਸਲਾਹ-ਮਸਵਰੇ ਕੀਤੇ ਜਾਂਦੇ ਤਾਂ ਸਾਇਦ ਅੱਜ ਵਾਲੀ ਹਾਲਾਤ ਨਾ ਹੁੰਦੀ। ਉਨ੍ਹਾਂ ਮੰਨਿਆ ਕਿ ਪਿਛਲੇ ਪੰਜ ਸਾਲਾਂ ਦੌਰਾਨ ਲਏ ਗਲਤ ਫੈਸਲਿਆਂ ਦਾ ਖਮਿਆਜ਼ਾ ਅੱਜ ਪਾਰਟੀ ਨੂੰ ਹਲਕੇ ਵਿਚ ਭੁਗਤਣਾ ਪਿਆ ਹੈ। ਉਨਾਂ ਦਾਅਵਾ ਕੀਤਾ ਕਿ ਦਫ਼ਤਰਾਂ ’ਚ ਭਿ੍ਰਸਟਾਚਾਰ ਦਾ ਬੋਲਬਾਲਾ ਵੀ ਰਿਹਾ ਤੇ ਆਮ ਵਿਅਕਤੀਆਂ ਨੂੰ ਛੱਡੋ ਆਗੂਆਂ ਦੀ ਪੁਛਪੜਤਾਲ ਨਹੀਂ ਹੋਈ। ਪਿਛਲੇ ਪੰਜ ਸਾਲ ਤੋਂ ਭਰੇ-ਪੀਤੇ ਚੇਅਰਮੈਨ ਅਗਰਵਾਲ ਨੇ ਸੂਬੇ ’ਚ ਭਗਵੰਤ ਮਾਨ ਦੀ ਅਗਵਾਈ ਹੇਠ ਨਵੀਂ ਬਣਨ ਜਾ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਟਰੱਸਟ ਵਲੋਂ ਬਣਾਏ ਜਾਣ ਵਾਲੇ ਨਵੇਂ ਬੱਸ ਅੱਡੇ ਨੂੰ ਚੁੱਪ ਚਪੀਤੇ ਨਗਰ ਨਿਗਮ ਨੂੰ ਸੋਂਪਣ ਦੇ ਮਾਮਲੇ ਦੀ ਉਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਅਸਿੱਧੇ ਢੰਗ ਨਾਲ ਸਾਬਕਾ ਵਿਤ ਮੰਤਰੀ ਤੇ ਉਸਦੇ ਰਿਸ਼ਤੇਦਾਰ ਨੂੰ ਕਟਿਹਰੇ ਵਿਚ ਖੜਾ ਕਰ ਦਿਤਾ। ਉਨ੍ਹਾਂ ਦਾਅਵਾ ਕੀਤਾ ਕਿ ‘ ਇਸ ਬੱਸ ਅੱਡੇ ਨੂੰ ਬਣਾਉਣ ਲਈ ਪਿਛਲੇ ਦੋ ਦਹਾਕਿਆਂ ਤੋਂ ਟਰੱਸਟ ਵਲੋਂ ਮਿਹਨਤ ਕੀਤੀ ਜਾ ਰਹੀ ਸੀ ਪ੍ਰੰਤੂ ਕਰੀਬ ਇੱਕ ਸਾਲ ਪਹਿਲਾਂ ਬਿਨ੍ਹਾਂ ਟਰੱਸਟ ਦੀ ਸਹਿਮਤੀ ਦੇ ਇਸਨੂੰ ਨਿਗਮ ਨੂੰ ਸੋਂਪ ਕੇ ਟੈਂਡਰ ਲਗਾ ਦਿੱਤੇ, ਜੋਕਿ ਗੈਰ-ਕਾਨੂੰਨੀ ਹੈ। ਉਨ੍ਹਾਂ ਇਸ ਗੱਲ ਦੀ ਮੰਗ ਕੀਤੀ ਕਿ ਬਠਿੰਡਾ ਵਾਲਿਆਂ ਦੇ ਸਾਹਮਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ ਕਿ ਬੱਸ ਸਟੈਂਡ ਨੂੰ ਕਿਸਦੇ ਕਹਿਣ ’ਤੇ ਟਰੱਸਟ ਤੋਂ ਖੋਹ ਕੇ ਨਿਗਮ ਨੂੰ ਦਿੱਤਾ ਗਿਆ। ਸ਼੍ਰੀ ਅਗਰਵਾਲ ਨੇ ਇਸ ਗੱਲ ਨੂੰ ਵੀ ਮੰਨਿਆ ਕਿ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਹੇਠ ਬਠਿੰਡਾ ’ਚ ਕਾਂਗਰਸੀ ਵਰਕਰਾਂ ਦੀ ਪੁਛਗਿਛ ਨਹੀਂ ਰਹੀ ਤੇ ਪਿਛਲੇ ਪੰਜ ਸਾਲਾਂ ਦੌਰਾਨ ਕਾਂਗਰਸੀ ਵਰਕਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਕਾਂਗਰਸ ਭਵਨ ਨੂੰ ਜਿੰਦਰੇ ਲੱਗੇ ਰਹੇ। ਇਸ ਮੌਕੇ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਉਹ ਜਨਮ ਜਾਤ ਤੋਂ ਕਾਂਗਰਸੀ ਹਨ ਤੇ ਕਾਂਗਰਸ ਪਾਰਟੀ ਵਿਚ ਹੀ ਰਹਿਣਗੇ ਪ੍ਰੰਤੂ ਹੁਣ ਸੂਬੇ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣ ਗਈ ਹੈ ਤੇ ਜਿਸਦੇ ਚੱਲਦੇ ਉਹ ਨੈਤਿਕ ਆਧਾਰ ’ਤੇ ਅਪਣਾ ਅਸਤੀਫ਼ਾ ਦੇ ਰਹੇ ਹਨ ਇਸ ਮੌਕੇ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਸ ਹਲਕੇ ਤੋਂ ਕਿਸ ਨੂੰ ਇੰਚਾਰਜ ਵਜੋਂ ਵਾਗਡੋਰ ਸੋਂਪਣ ਜਾ ਰਹੀ ਹੈ, ਇਸਦਾ ਇੰਤਜਾਰ ਕੀਤਾ ਜਾ ਰਿਹਾ। ਇਸ ਦੌਰਾਨ ਉਨ੍ਹਾਂ ਆਮ ਆਦਮੀ ਪਾਰਟੀ ਦੀ ਗੱਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਫ਼ਤਵਾ ਦਿੱਤਾ ਹੈ , ਪਾਰਟੀ ਨੂੰ ਲੋਕਾਂ ਦੀ ਇਛਾਵਾਂ ’ਤੇ ਪੂਰਾ ਉਤਰਨਾ ਚਾਹੀਦਾ ਹੈ, ਨਹੀਂ ਤਾਂ ਲੋਕ ਉਸਨੂੰ ਵੀ ਮੁਆਫ਼ ਨਹੀਂ ਕਰਨਗੇ।
ਮੁੱਖ ਮੰਤਰੀ ਮਨੋਹਰ ਲਾਲ ਨੇ ਯੋਗ ਨੂੰ ਜਨਤਕ ਜੀਵਨ ਦਾ ਅੰਗ ਬਣਾਉਣ ਦੀ ਕੀਤੀ ਅਪੀਲ
ਸੁਖਜਿੰਦਰ ਮਾਨ
ਚੰਡੀਗੜ੍ਹ,13 ਮਾਰਚ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਯੋਗ ਨੂੰ ਜਨਤਕ ਜੀਵਨ ਦਾ ਅੰਗ ਬਣਾਉਣ ਦੀ ਅਪੀਲ ਕਰਦਿਆਂ ਸਰਕਾਰ ਵਲੋਂ ਵਿਆਪਕ ਪੱਧਰ ‘ਤੇ ਕੰਮ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ‘ਤੇ ਕੇਂਦਰੀ ਆਯੂਸ਼ ਮੰਤਰੀ ਸਰਵਾਨੰਦ ਸੋਨੋੋਵਾਲਾ ਨੇ ਵੀ ਯੋਗ ਨੂੰ ਵਿਸਥਾਰ ਦਿੱਤੇ ਜਾਣ ਦੀ ਦਿਸ਼ਾ ਵਿਚ ਹਰਿਆਣਾ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਮੁੱਖ ਮੰਤਰੀ ਮਨੋੋਹਰ ਲਾਲ ਆਯੂਸ਼ ਮੰਤਰਾਲੇ ਦੇ ਸਹਿਯੋਗ ਨਾਲ ਮੋਰਾਰਜੀ ਦੇਸਾਈ ਕੌਮੀ ਯੋਗ ਸੰਸਥਾਨ ਵੱਲੋਂ ਵਿਗਿਆਨ ਭਵਨ, ਦਿੱਲੀ ਵਿਚ ਆਯੋਜਿਤ ਯੋਗ ਮਹੋਤਸਵ, 2022 ਪ੍ਰੋਗ੍ਰਾਮ ਵਿਚ ਬੋਲ ਰਹੇ ਸਨ। ਉਨ੍ਹਾਂ ਹਿਕਾ ਕਿ ਯੋਗ ਨਿਰੋਗੀ ਕਾਇਆ ਅਤੇ ਅਵਿਚਲ ਮਨ ਅਤੇ ਆਤਮਤਾ ਨੂੰ ਸ਼ੁੱਧ ਕਰਨ ਦਾ ਇਕ ਅਨੋਖਾ ਜਾਰਿਆ ਹੈ। ਉਨ੍ਹਾਂ ਨੇ ਯੋਗ ਰਾਹੀਂ ਆਪਣੇ ਕੰਮਾਂ ਵਿਚ ਕੁਸ਼ਲਤਾ ਲਿਆਉਣ ਤੇ ਸਮਾਜਿਕ ਜੀਵਨ ਵਿਚ ਸੰਤੁਲਨ ਦੀ ਅਪੀਲ ਕੀਤੀ।
ਮੁੱਖ ਮੰਤਰੀ ਨੇ ਯੋਗ ਨੂੰ ਵਿਸ਼ਵ ਵਿਚ ਪਛਾਣ ਦਿਵਾਉਣ ਦਾ ਸਿਹਾਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤਾ। ਹਰਿਆਣਾ ਸਰਕਾਰ ਵੱਲੋਂ ਯੋਗ ਦੇ ਨਾਲ-ਨਾਲ ਪੁਰਾਣੀ ਮੈਡੀਕਲ ਪ੍ਰਣਾਲੀਆਂ ਨੂੰ ਵੀ ਵਿਸਥਾਰ ਦਿੱਤੇ ਜਾਣ ਦੀ ਦਿਸ਼ਾ ਵਿਚ ਕੰਮ ਕੀਤਾ ਜਾ ਰਿਹਾ ਹੈ। ਹਰਿਆਣਾ ਵਿਚ ਚੇਅਰਮੈਨ ਡਾ. ਜੈਦੀਪ ਆਰਿਆ ਦੀ ਅਗਵਾਈ ਹੇਠ ਯੋਗ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ। ਸੂਬੇ ਵਿਚ 1,000 ਯੋਗ ਕਸਰਮਘਰਾਂ ਸਥਾਪਿਤ ਕੀਤੀ ਗਈ ਹੈ। ਯੋਗ ਕੋਚਾਂ ਦੀ ਨਿਯੁਕਤੀ ਕੀਤੀ ਗਈ ਹੈ। ਯੋਗ ਕੋਚਾਂ ਦੀ ਗਿਣਤੀ 2000 ਤਕ ਵਧਾਈ ਜਾ ਰਹੀ ਹੈ। ਕੁਰੂਕਸ਼ੇਤਰ ਵਿਚ 94.5 ਏਕੜ ਜਮੀਨ ‘ਤੇ 1,000 ਕਰੋੜ ਰੁਪਏ ਦੀ ਲਾਗਤ ਨਾਲ ਸ੍ਰੀਕਿ੍ਰਸ਼ਣ ਆਯੂਸ਼ ਯੂਨੀਵਰਸਿਟੀ ਸਥਾਪਿਤ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਵਿਚ ਮੁਢਲੇ ਸਿਹਤ ਕੇਂਦਰਾਂ ਵਿਚ ਆਯੂਸ਼ ਇਕਾਈਆਂ ਸ਼ੁਰੂ ਕਰਨ ਦੀ ਪ੍ਰਕਿ੍ਰਆ ਜਾਰੀ ਹੈ। ਆਯੂਸ਼ ਹੈਲਥ ਵੇਲਨੈਸ ਸੈਂਟਰ ਯੋਜਨਾ ਦੇ ਤਹਿਤ ਆਯੂਰਵੈਦਿਕ ਡਿਸਪੈਂਸਰੀਆਂ ਨੂੰ ਆਯੂਸ਼ ਹੈਲਥ ਵੇਵਨੈਸ ਸੈਂਟਰ ਵੱਜੋਂ ਅਪਗ੍ਰੇਡ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਯੋਗ ਨੂੰ ਕੋਰਸ ਵਿਚ ਸ਼ਾਮਿਲ ਕੀਤਾ ਗਿਆ ਹੈ।ਮੁੱਖ ਮੰਤਰੀ ਨੇ ਕੁਦਰਤੀ ਖੇਤੀਬਾੜੀ ਖੇਤਰ ਵਿਚ ਕੀਤੇ ਜਾ ਰਹੇ ਕੰਮਾਂ ਲਈ ਸਿਕੱਮ ਸੂਬੇ ਦੀ ਸ਼ਲਾਘਾ ਕੀਤੀ। ਕੇਂਦਰੀ ਵਣ, ਚੌਗਿਰਦਾ ਅਤੇ ਜਲਵਾਯੂ ਬਦਲਾਅ ਤੇ ਕਿਰਤ ਤੇ ਰੁਜ਼ਗਾਰ ਮੰਤਰੀ ਭੁਪੇਂਦਰ ਯਾਦਵ ਨੇ ਆਪਣੇ ਸਬੰਧੋਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੁਦਰਤੀ ਜੀਵਨ ਪ੍ਰਣਾਲੀ ਦੇ ਅਪੀਲ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ।
ਇਸ ਮੌਕੇ ‘ਤੇ ਸਿਕੱਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ, ਕੇਂਦਰੀ ਆਯੂਸ਼ ਤੇ ਮਹਿਲਾ ਤੇ ਬਾਲ ਵਿਕਾਸ ਰਾਜ ਮੰਤਰੀ ਡਾ. ਮੁੰਜਪਾਰਾ ਮਹੇਂਦਰਭਾਈ ਕਾਲੂਭਾਈ, ਕੇਂਦਰੀ ਵਿਦੇਸ਼ ਤੇ ਸਭਿਆਚਾਰਕ ਮਾਮਲ ਰਾਜ ਮੰਤਰੀ ਮੀਨਾਕਸ਼ੀ ਲੇਖੀ ਤੇ ਪਰਮਾਰਥ ਨਿਕੇਤਕ ਦੇ ਚੇਅਰਮੈਨ ਸਵਾਮੀ ਚਿਦਾਨੰਦ ਸਰਸਵਤੀ ਵੀ ਹਾਜਿਰ ਰਹੇ।
ਗੁਰੂ ਕੀ ਨਗਰੀ ‘ਚ ਨਵੇਂ ਚੁਣੇ ਵਿਧਾਇਕਾਂ ਨਾਲ ਨੱਤਮਸਤਕ ਹੋਈ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਜੋੜੀ
ਮਿਲੀ ਇਤਿਹਾਸਕ ਜਿੱਤ ਲਈ ਸ਼ਹਿਰ ’ਚ ਕੱਢਿਆ ਜੇਤੂ ਮਾਰਚ
ਸੁਖਜਿੰਦਰ ਮਾਨ
ਸ੍ਰੀ ਅੰਮਿ੍ਰਤਸਰ , 13 ਮਾਰਚ: ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਮਿਲੇ ਵੱਡੇ ਫ਼ਤਵੇ ਲਈ ਅੱਜ ਪ੍ਰਮਾਤਮਾ ਦਾ ਸ਼ੁ੍ਰੱਕਰਾਨਾ ਕਰਨ ਲਈ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਅਤੇ ‘ਆਪ‘ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਵੇਂ ਚੁਣੇ ਗਏ ਵਿਧਾਇਕਾਂ ਨਾਲ ਗੁਰੂ ਕੀ ਨਗਰੀ ਸ੍ਰੀ ਅੰਮਿ੍ਰਤਸਰ ਵਿੱਚ ਪਹੁੰਚੇ। ਦੋਵਾਂ ਆਗੂਆਂ ਸਮੇਤ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਸ੍ਰੀ ਹਰਿਮੰਦਰ ਸਾਹਿਬ, ਰਾਮ ਤੀਰਥ ਮੰਦਰ ਅਤੇ ਦੁਰਗਿਆਣਾ ਮੰਦਰ ਵਿੱਚ ਨੱਤਮਸਤਕ ਹੋ ਕੇ ਪੰਜਾਬ ਸਮੇਤ ਦੁਨੀਆਂ ਦੀ ਖੁਸ਼ਹਾਲੀ, ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਪ੍ਰਾਰਥਨਾ ਕਰਦਿਆਂ ਪੰਜਾਬ ‘ਚ ਵਿਧਾਨ ਸਭਾ ਚੋਣਾ ਵਿੱਚ ‘ਆਪ‘ ਨੂੰ ਮਿਲੀ ਵੱਡੀ ਜਿੱਤ ਲਈ ਗੁਰੂ ਘਰ ਦਾ ਸ਼ੁਕਰਾਨਾ ਕੀਤਾ ਅਤੇ ਪੰਜਾਬ ਨੂੰ ਮੁੱੜ ਖੁਸ਼ਹਾਲ ਸੂਬਾ ਬਣਾਉਣ ਲਈ ਅਸ਼ੀਰਵਾਦ ਲਿਆ। ਇਸ ਦੌਰਾਨ ਭਗਵੰਤ ਮਾਨ ਵੱਲੋਂ ਲੋਕਾਂ ਨੂੰ 16 ਮਾਰਚ ਨੂੰ ਖਟਕੜ ਕਲਾਂ ਪਹੁੰਚਣ ਦਾ ਸੱਦਾ ਦਿੱਤਾ। ਰੋਡ ਸੋਅ ਦੌਰਾਨ ਆਪਣੇ ਸੰਬੋਧਨ ਵਿੱਚ ਭਗਵੰਤ ਮਾਨ ਨੇ ਕਿਹਾ ਕਿ ਨਵੀਂ ਚੁਣੀ ਸਰਕਾਰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਵਿੱਚ ਪੂਰਨ ਵਿਸਵਾਸ ਅਤੇ ਭਰੋਸਾ ਰੱਖਣ ਵਾਲੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਪਹਿਲੇ ਦਿਨ ਤੋਂ ਹੀ ਕੰਮ ਕਰਨਾ ਸੁਰੂ ਕਰ ਦੇਵੇਗੀ। ਮਾਨ ਨੇ ਲੋਕਾਂ ਨੂੰ ਇਸ ਇਤਿਹਾਸਕ ਦਿਨ ਮੌਕੇ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਦੀ ਬਿਹਤਰੀ ਲਈ ਪ੍ਰਣ ਲੈਣ ਲਈ ਖਟਕੜ ਕਲਾਂ ਪਹੁੰਚਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ‘ਆਪ‘ ਹੀ ਹੈ, ਜਿਸ ਨੇ ਖਟਕੜ ਕਲਾਂ ਵਿਖੇ ਸਹੁੰ ਚੁੱਕ ਸਮਾਗਮ ਕਰਵਾ ਕੇ ਰੀਤ ਨੂੰ ਤੋੜਿਆ ਹੈ ਕਿਉਂਕਿ ਇਸ ਤੋਂ ਪਹਿਲਾਂ ਰਾਜ ਭਵਨ ਵਿਖੇ ਅਜਿਹੇ ਸਮਾਗਮ ਕਰਵਾਏ ਜਾਂਦੇ ਸਨ। ਉਨ੍ਹਾਂ ਕਿਹਾ ਕਿ ਇਸ ਕਦਮ ਦਾ ਮੁੱਖ ਉਦੇਸ ਸਾਡੇ ਮਹਾਨ ਸਹੀਦਾਂ ਨੂੰ ਸਰਧਾਂਜਲੀ ਭੇਟ ਕਰਨਾ ਹੈ।ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਉਹ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਸਰਕਾਰੀ ਦਫਤਰਾਂ ਵਿੱਚ ਪਿਛਲੀ ਪ੍ਰਥਾ ਦੇ ਅਨੁਸਾਰ ਹੁਣ ਮੁੱਖ ਮੰਤਰੀ ਦੀ ਫੋਟੋ ਨਹੀਂ ਲਗਾਈ ਜਾਵੇਗੀ ਅਤੇ ਹੁਣ ਸਿਰਫ ਸਹੀਦ-ਏ-ਆਜਮ ਸ. ਭਗਤ ਸਿੰਘ ਅਤੇ ਡਾ. ਬੀ.ਆਰ. ਅੰਬੇਡਕਰ ਦੀਆਂ ਤਸਵੀਰਾਂ ਹੀ ਲਗਾਈਆਂ ਜਾਣਗੀਆਂ।ਲੋਕਾਂ ਦਾ ਧੰਨਵਾਦ ਕਰਦਿਆਂ ਮਾਨ ਨੇ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ‘ਆਪ‘ ਦੀ ਅਹਿਮੀਅਤ ਨੂੰ ਘਟਾ ਕੇ ਨਵੀਂ ਸਰਕਾਰ ਬਣਾਉਣ ਲਈ ਕਮਰ ਕੱਸ ਰਹੀਆਂ ਸਨ ਪਰ ਲੋਕਾਂ ਦੀ ਏਕਤਾ ਨੇ ‘ਆਪ‘ ਦੇ ਹੱਕ ‘ਚ 92 ਸੀਟਾਂ ਦੇ ਵੱਡੇ ਫਤਵੇ ਨਾਲ ਉਨ੍ਹਾਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ।
122 ਸਿਆਸੀ ਵਿਅਕਤੀਆਂ ਤੋਂ ਸੁਰੱਖਿਆ ਵਾਪਸ ਲੈਣ ਦਾ ਜ?ਿਕਰ ਕਰਦਿਆਂ ਮਾਨ ਨੇ ਕਿਹਾ ਕਿ 27 ਪੁਲਿਸ ਵਾਹਨਾਂ ਨੂੰ ਵਾਪਸ ਲੈਣ ਸਮੇਤ 403 ਸੁਰੱਖਿਆ ਕਰਮਚਾਰੀ ਨੂੰ ਥਾਣਿਆਂ ਵਿੱਚ ਮੁੜ ਤਾਇਨਾਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਹ ਪੁਲਿਸ ਮੁਲਾਜਮ ਥਾਣਿਆਂ ਵਿੱਚ ਅਮਨ-ਕਾਨੂੰਨ ਨਾਲ ਸਬੰਧਤ ਡਿਊਟੀਆਂ ਨਿਭਾਉਣ ਲਈ ਪੇਸੇਵਰ ਢੰਗ ਨਾਲ ਕੰਮ ਕਰਨਗੇ। ਉਨ੍ਹਾਂ ਪਿਛਲੀਆਂ ਸਰਕਾਰਾਂ ਵੱਲੋਂ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਪਿੰਡਾਂ/ਮੁਹੱਲਿਆਂ ਵਿੱਚ ਆਪਣੇ ਤੌਰ ‘ਤੇ ਠੀਕਰੀ ਪਹਿਰੇ (ਰਾਤ ਦੀ ਚੌਕਸੀ) ਲਾਉਣ ਲਈ ਕਹਿ ਕੇ ਉਨ੍ਹਾਂ ਦਾ ਮਜਾਕ ਉਡਾਇਆ ਜਦੋਂ ਕਿ ਇਹ ਪੁਲਿਸ ਕਰਮੀ ਉਹਨਾਂ ਦੀ ਰਿਹਾਇਸ ਦੇ ਬਾਹਰ ਲੱਗੇ ਟੈਂਟਾਂ ਵਿੱਚ ਠਹਿਰੇ ਹੋਏ ਸਨ।ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰੋਡ ਸੋਅ ਦੌਰਾਨ ਸਪੱਸਟ ਸਬਦਾਂ ਵਿੱਚ ਕਿਹਾ ਕਿ ਪੰਜਾਬ ਨੂੰ ਲੰਮੇ ਸਮੇਂ ਬਾਅਦ ਇੱਕ ਇਮਾਨਦਾਰ ਮੁੱਖ ਮੰਤਰੀ ਮਿਲਿਆ ਹੈ, ਜੋ ਸਾਫ-ਸੁਥਰੀ ਅਤੇ ਪਾਰਦਰਸੀ ਸਰਕਾਰ ਨੂੰ ਯਕੀਨੀ ਬਣਾਏਗਾ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਦਾ ਕੋਈ ਵੀ ਮੰਤਰੀ ਅਤੇ ਵਿਧਾਇਕ ਦੁਰਵਿਵਹਾਰ ਕਰਦਾ ਹੈ ਤਾਂ ਉਸ ਨੂੰ ਬਖਸ?ਿਆ ਨਹੀਂ ਜਾਵੇਗਾ ਅਤੇ ਜੇਲ੍ਹ ਭੇਜਿਆ ਜਾਵੇਗਾ। ਕੇਜਰੀਵਾਲ ਨੇ ਅੱਗੇ ਕਿਹਾ ਕਿ ਇਹ ਇੱਕ ਸਥਾਪਿਤ ਤੱਥ ਹੈ ਕਿ ਪੰਜਾਬੀਆਂ ਨੂੰ ਕ੍ਰਾਂਤੀ ਲਿਆਉਣ ਲਈ ਜਾਣਿਆ ਜਾਂਦਾ ਹੈ ਅਤੇ ਉਨ੍ਹਾਂ ਨੇ ਸੱਚਮੁੱਚ ਇੱਕ ਮਹਾਨ ਕ੍ਰਾਂਤੀ ਲਿਆ ਕੇ ਅਜਿਹਾ ਕੀਤਾ ਹੈ।
ਪੰਜਾਬੀਆਂ ਨੂੰ ਵਧਾਈ ਦਿੰਦਿਆਂ ਕੇਜਰੀਵਾਲ ਨੇ ਕਿਹਾ, ‘‘ਤੁਸੀ ਕਮਾਲ ਕਰ ਦਿੱਤਾ ਹੈ, ਮੈਂ ਪੰਜਾਬ ਨੂੰ ਪਿਆਰ ਕਰਦਾ ਹਾਂ‘‘ ਕਿਉਂਕਿ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਅਕਾਲੀ ਦਲ ਅਤੇ ਕਾਂਗਰਸ ਦੇ ਦਿੱਗਜ ਆਗੂ ਹਾਲ ਹੀ ‘ਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਹਾਰ ਗਏ ਹਨ। ਉਨ੍ਹਾਂ ਕਿਹਾ ਕਿ ਅਕਾਲੀਆਂ ਅਤੇ ਕਾਂਗਰਸ ਦੋਵਾਂ ਦਾ ਸਫਾਇਆ ਕਰਨ ਵਰਗਾ ਕੰਮ ਪੰਜਾਬੀਆਂ ਤੋਂ ਇਲਾਵਾ ਕੋਈ ਨਹੀਂ ਕਰ ਸਕਦਾ।
ਕੇਜਰੀਵਾਲ ਨੇ ਦੁਹਰਾਇਆ ਕਿ ਅਸੀਂ ਜਲਦੀ ਹੀ ਭਿ੍ਰਸਟਾਚਾਰ ਦੀ ਅਲਾਮਤ ਤੋਂ ਮੁਕਤ ਪੰਜਾਬ (ਰੰਗਲਾ ਪੰਜਾਬ) ਬਣਾਵਾਂਗੇ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਬੇਈਮਾਨ ਅਤੇ ਦਾਗੀ ਸਿਆਸਤਦਾਨਾਂ ਤੋਂ ਛੁਟਕਾਰਾ ਮਿਲੇਗਾ, ਜੋ ਸੂਬੇ ਨੂੰ ਦੋਵੇਂ ਹੱਥਾਂ ਨਾਲ ਲੁੱਟ ਰਹੇ ਹਨ। ਕੇਜਰੀਵਾਲ ਨੇ ਲੋਕਾਂ ਨੂੰ ਭਗਵੰਤ ਮਾਨ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਮੌਕੇ ਖਟਕੜ ਕਲਾਂ ਪਹੁੰਚਣ ਦਾ ਸੱਦਾ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਵਜੋਂ ਉਨ੍ਹਾਂ ਦੇ ਛੋਟੇ ਭਰਾ ਭਗਵੰਤ ਮਾਨ ਹੀ ਨਹੀਂ, ਸਗੋਂ ਸਾਰੇ ਪੰਜਾਬ ਵਾਸੀ ਵੀ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।ਉਨ੍ਹਾਂ ਕਿਹਾ ਕਿ ਹੁਣ ਤੋਂ ਸਰਕਾਰੀ ਖਜਾਨੇ ਵਿੱਚੋਂ ਇੱਕ-ਇੱਕ ਪੈਸਾ ਲੋਕਾਂ ਦੀ ਭਲਾਈ ਲਈ ਖਰਚਿਆ ਜਾਵੇਗਾ, ਇਸ ਤੋਂ ਇਲਾਵਾ ਸਾਰੀਆਂ ਗਾਰੰਟੀਆਂ/ਵਾਅਦਿਆਂ ਨੂੰ ਸਹੀ ਮਾਅਨਿਆਂ ਵਿੱਚ ਪੂਰਾ ਕੀਤਾ ਜਾਵੇਗਾ। ਹਾਲਾਂਕਿ ਉਨ੍ਹਾਂ ਕਿਹਾ ਕਿ ਕੁਝ ਗਰੰਟੀਆਂ ਸਰਕਾਰ ਬਣਨ ਤੋਂ ਤੁਰੰਤ ਬਾਅਦ ਲਾਗੂ ਹੋ ਜਾਣਗੀਆਂ ਜਦਕਿ ਬਾਕੀਆਂ ਨੂੰ ਸਮਾਂ ਲੱਗ ਸਕਦਾ ਹੈ।
ਇਸ ਮੌਕੇ ‘ਆਪ‘ ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ ਸਿਸੋਦੀਆ, ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ, ਨਵੇਂ ਚੁਣੇ ਗਏ ਵਿਧਾਇਕ, ਸੀਨੀਅਰ ਆਗੂ ਅਤੇ ਵਲੰਟੀਅਰਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਲੋਕ ਹਾਜਰ ਸਨ।
ਰੋਡ ਸੋਅ ਦੌਰਾਨ ਉਮੜਿਆ ਜਨ ਸੈਲਾਬ
ਵਿਧਾਨ ਸਭਾ ਚੋਣਾਂ-2022 ਦੌਰਾਨ ਹਾਲ ਹੀ ਵਿੱਚ ਹੋਈ ਸਾਨਦਾਰ ਜਿੱਤ ਤੋਂ ਬਾਅਦ ਪੰਜਾਬ ਦੇ ਮਨੋਨੀਤ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ‘ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਕੱਢੇ ਗਏ ਰੋਡ ਸੋਅ ਦੌਰਾਨ ਪਵਿੱਤਰ ਸਹਿਰ ਅੰਮਿ੍ਰਤਸਰ ਦੀਆਂ ਸੜਕਾਂ ‘ਤੇ ਜਨ ਸੈਲਾਬ ਉਮੜਿਆ।ਸੜਕਾਂ ਦੇ ਦੋਵੇਂ ਪਾਸੇ ਖੜ੍ਹੇ ਲੋਕ ਫੁੱਲਾਂ ਦੀ ਵਰਖਾ ਕਰ ਰਹੇ ਸਨ ਅਤੇ ਜੋਸ ਨਾਲ ‘ਇਨਕਲਾਬ ਜ?ਿੰਦਾਬਾਦ, ਭਾਰਤ ਮਾਤਾ ਦੀ ਜੈ ਅਤੇ ਬੋਲੇ ਸੋ ਨਿਹਾਲ’ ਦੇ ਨਾਅਰੇ ਲਗਾਉਂਦੇ ਹੋਏ ਤਖਤੀਆਂ, ਝੰਡੇ ਅਤੇ ਤਿਰੰਗੇ ਫੜ ਕੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਦੋਵਾਂ ਆਗੂਆਂ ਨੇ ‘ਆਪ‘ ਨੂੰ ਇੰਨਾ ਵੱਡਾ ਫਤਵਾ ਦੇ ਕੇ ਸੂਬੇ ਦੀ ਰਾਜਨੀਤੀ ਵਿਚ ਇਕ ਨਵਾਂ ਅਧਿਆਏ ਲਿਖਣ ਵਿਚ ਉਨ੍ਹਾਂ ਦੇ ਭਰਵੇਂ ਸਹਿਯੋਗ ਲਈ ਹੱਥ ਹਿਲਾ ਕੇ ਲੋਕਾਂ ਦਾ ਧੰਨਵਾਦ ਕੀਤਾ। ਦੇਸ ਭਗਤੀ ਦਾ ਗੀਤ ‘ਰੰਗ ਦੇ ਬਸੰਤੀ ਚੋਲਾ‘ ਵਜਾਉਂਦੇ ਸਾਊਂਡ ਸਿਸਟਮ ਨਾਲ ਲਗਾਏ ਹੋਏ ਫੁੱਲਾਂ ਨਾਲ ਸਜੇ ਵਾਹਨਾਂ ਦੇ ਕਾਫਲੇ ਦੇ ਰੂਪ ਵਿਚ ਕੱਢੇ ਗਏ ਰੋਡ ਸੋਅ ਨੇ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਤੋਂ ਇਲਾਵਾ ਲੋਕਾਂ ਵਿਚ ਭਾਰੀ ਉਤਸਾਹ ਭਰਿਆ। ਸਥਾਨਕ ਕਚਹਿਰੀ ਚੌਕ ਤੋਂ ਸੁਰੂ ਹੋਏ ਰੋਡ ਸੋਅ ਦੌਰਾਨ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਖੁੱਲ੍ਹੇ ਵਾਹਨ ਵਿੱਚ ਸਵਾਰ ਹੋਏ ਅਤੇ ਇਹ ਰੋਡ ਸ਼ੋਅ 4-ਐੱਸ ਚੌਕ ਵਿਖੇ ਸਮਾਪਤ ਹੋਇਆ।





