Saturday, May 9, 2026
Home Blog Page 2582

ਬਠਿੰਡਾ ਦੇ ਪਾਸ਼ ਇਲਾਕੇ ’ਚ ਇੱਕ ਘਰ ਵਿਚ ਲੱਗੀ ਅੱਗ, ਲੱਖਾਂ ਦਾ ਹੋਇਆ ਨੁਕਸਾਨ

0

ਸੁਖਜਿੰਦਰ ਮਾਨ
ਬਠਿੰਡਾ, 13 ਮਾਰਚ: ਸਥਾਨਕ ਸ਼ਹਿਰ ਦੇ ਅਮਰੀਕ ਸਿੰਘ ਰੋਡ ’ਚ ਸਥਿਤ ਮਹਾਰਾਜਾ ਅਗਰਸੈਨ ਨਗਰ ਵਿਚ ਬੀਤੀ ਰਾਤ ਇਕ ਘਰ ‘ਚ ਅਚਾਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਮਾਨ ਤਬਾਹ ਹੋਣ ਦੀ ਸੂਚਨਾ ਹੈ। ਘਟਨਾ ਸਮੇਂ ਪ੍ਰਵਾਰ ਨੇ ਮੌਕੇ ’ਤੇ ਘਰੋਂ ਬਾਹਰ ਭੱਜ ਕੇ ਜਾਨ ਬਚਾਈ। ਸ਼ਹਿਰ ਦੇ ਉਘੇ ਪੱਤਰਕਾਰ ਅਤੇ ਵਿਜੇ ਪਿ੍ਰੰਟਿਗ ਪ੍ਰੈਸ ਦੇ ਮਾਲਕ ਵਿਜੇ ਕੁਮਾਰ ਨੇ ਦਸਿਆ ਕਿ ਇਹ ਘਟਨਾ ਬੀਤੀ ਅੱਧੀ ਰਾਤ ਸਮੇਂ ਵਾਪਰੀ। ਉਨ੍ਹਾਂ ਦਸਿਆ ਕਿ ਜਦ ਉਨ੍ਹਾਂ ਨੂੰ ਅੱਗ ਲੱਗਣ ਬਾਰੇ ਪਤਾ ਲੱਗਿਆ ਤਾਂ ਅੱਗ ਪੂਰੀ ਤਰ੍ਹਾਂ ਭੜਕ ਚੁੱਕੀ ਸੀ ਤੇ ਉਨ੍ਹਾਂ ਨੂੰ ਘਰੋਂ ਬਾਹਰ ਨਿਕਲ ਕੇ ਜਾਨ ਬਚਾਉਣੀ ਪਈ। ਇਸ ਦੌਰਾਨ ਆਸਪਾਸ ਦੇ ਲੋਕ ਵੀ ਇਕੱਠੇ ਹੋ ਗਏ ਤੇ ਫ਼ਾਈਰ ਬਿ੍ਰਗੇਡ ਨੂੰ ਸੂਚਿਤ ਕੀਤਾ ਗਿਆ। ਕਈ ਘੰਟਿਆਂ ਦੀ ਮੁਸੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਜਾ ਸਕਿਆ। ਸ਼੍ਰੀ ਵਰਮਾ ਮੁਤਾਬਕ ਅੱਗ ਕਾਰਨ 20-25 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਸਭ ਤੋਂ ਪਹਿਲਾਂ ਘਰ ’ਚ ਡਰਾਇੰਗ ਰੂਮ ਵਿਚ ਅੱਗ ਲੱਗੀ, ਜਿਹੜੀ ਵਧਦੀ ਵਧਦੀ ਸਾਰੇ ਘਰ ਵਿਚ ਫੈਲ ਗਈ। ਅੱਗ ਕਾਰਨ ਘਰ ਵਿਚ ਪਿਆ ਸਾਰਾ ਫਰਨੀਚਰ, ਏਸੀ, ਪੱਖੇ, ਅਲਮਾਰੀਆਂ ਅਤੇ ਹੋਰ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ। ਉਧਰ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਪ੍ਰਵਾਰ ਨਾਲ ਹਮਦਰਦੀ ਪ੍ਰਗਟਾਉਣ ਲਈ ਜਿੱਥੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਸੇਸ ਤੌਰ ’ਤੇ ਪੁੱਜੇ, ਉਥੇ ਨਵੇਂ ਚੁਣੇ ਗਏ ਐਮ.ਐਲ.ਏ ਜਗਰੂਪ ਸਿੰਘ ਗਿੱਲ ਨੇ ਵੀ ਪ੍ਰਵਾਰ ਨਾਲ ਹਮਦਰਦੀ ਪ੍ਰਗਟਾਈ। ਇਸੇ ਤਰ੍ਹਾਂ ਭਾਜਪਾ ਉਮੀਦਵਾਰ ਰਾਜ ਕੁਮਾਰ ਨੰਬਰਦਾਰ ਸਹਿਤ ਸ਼ਹਿਰ ਦੇ ਹੋਰਨਾਂ ਸਖ਼ਸੀਅਤਾਂ ਨੇ ਵੀ ਸ਼੍ਰੀ ਵਰਮਾ ਨੂੰ ਹੋਸਲਾ ਦਿੱਤਾ।

ਆਮ ਘਰ ਦੇ ਮੁੱਖ ਮੰਤਰੀ ਨੇ ‘ਉੱਡਣ ਖਟੋਲੇ’ ਉਪਰ ਉਡਾਏ ਦੋ ਕਰੋੜ ਦੇ ਕਰੀਬ

0

ਰਿਕਸ਼ਾ ਚਲਾਉਣ ਵਾਲੇ ਚੰਨੀ ਨੇ ਪੰਜ ਮਿੰਟਾਂ ਦੀ ਉਡਾਣ ਲਈ ਵੀ ਵਰਤਿਆਂ ਜਹਾਜ਼
ਸੁਖਜਿੰਦਰ ਮਾਨ
ਚੰਡੀਗੜ੍ਹ, 13 ਮਾਰਚ: ਕੈਪਟਨ ਅਮਰਿੰਦਰ ਸਿੰਘ ਦੀ ਥਾਂ ਕਾਂਗਰਸ ਪਾਰਟੀ ਵਲੋਂ ਪੰਜਾਬ ਦੇ ਬਣਾਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਪਣੇ ਕਾਰਜ਼ਕਾਲ ’ਚ ‘ਉੱਡਣ ਖਟੋਲੇ’ ਉਪਰ 1.83 ਕਰੋੜ ਰੁਪਏ ਖ਼ਰਚ ਦਿੱਤੇ। ਇੰਨ੍ਹਾਂ ਵਿਚ 33 ਲੱਖ ਦੇ ਕਰੀਬ ਰਾਸ਼ੀ ਸਰਕਾਰੀ ਹੈਲੀਕਾਪਟਰ ਦੀ ਹੈ ਜਦੋਂਕਿ ਡੇਢ ਕਰੋੜ ਤੋਂ ਵੱਧ ਰਾਸ਼ੀ ਪੰਜਾਬ ਸਰਕਾਰ ਵਲੋਂ ਵੱਖ ਵੱਖ ਸਮੇਂ ਵਰਤੇ ਗਏ ਪ੍ਰਾਈਵੇਟ ਜਹਾਜਾਂ ਦੇ ਕਿਰਾਏ ਤੇ ਹੋਰਨਾਂ ਖ਼ਰਚਿਆਂ ਵਜੋਂ ਅਦਾ ਕੀਤੀ ਰਾਸ਼ੀ ਦੇ ਹਨ। ਦਸਣਾ ਬਣਦਾ ਹੈ ਕਿ ਮੁੱਖ ਮੰਤਰੀ ਬਣਨ ਤੋਂ ਤੁਰੰਤ ਬਾਅਦ ਚਾਰਟਡ ਪਲੇਨ ਲੈ ਕੇ ਦਿੱਲੀ ਜਾਣ ਤੋਂ ਇਲਾਵਾ ਸ: ਚੰਨੀ ਵਲੋਂ ਮੁੱਖ ਮੰਤਰੀ ਹੁੰਦਿਆਂ ਬੱਚਿਆਂ ਨੂੰ ਅਪਣੇ ਸਰਕਾਰੀ ਹੈਲੀਕਾਪਟਰ ਵਿਚ ਝੂਟੇ ਦਿਵਾਉਣ ਦਾ ਵੀਡੀਓ ਵੀ ਕਾਫ਼ੀ ਚਰਚਿਤ ਹੋਇਆ ਸੀ। ਹਾਲਾਂਕਿ ਉਨ੍ਹਾਂ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਹਾਰ ਗਈ ਨਹੀਂ ਤਾਂ ਮੁੱਖ ਮੰਤਰੀ ਨੇ ਭਦੋੜ ’ਚ ਤਾਸ਼ ਖੇਡ ਰਹੇ ਬਜੁਰਗਾਂ ਨੂੰ ਵੀ ਜਹਾਜ਼ ਵਿਚ ਝੂਟੇ ਦਿਵਾਉਣ ਦਾ ਵਾਅਦਾ ਕੀਤਾ ਸੀ। ਬਠਿੰਡਾ ਦੇ ਆਰ.ਟੀ.ਆਈ ਕਾਰਕੁੰਨ ਸੰਜੀਵ ਕੁਮਾਰ ਨੇ ਪੰਜਾਬ ਸਰਕਾਰ ਦੇ ਸ਼ਹਿਰੀ ਹਵਾਬਾਜੀ ਵਿਭਾਗ ਤੋਂ ਇਕੱਤਰ ਕੀਤੇ ਅੰਕੜਿਆਂ ਮੁਤਾਬਕ ਖ਼ੁਦ ਨੂੰ ਰਿਕਸ਼ਾ ਚਾਲ ਦੱਸਣ ਵਾਲੇ ਚਰਨਜੀਤ ਸਿੰਘ ਚੰਨੀ ਨੇ 20 ਸਤੰਬਰ 2021 ਨੂੰ ਮੁੱਖ ਮੰਤਰੀ ਬਣਨ ਤੋਂ ਲੈ ਕੇ 3 ਜਨਵਰੀ ਤੱਕ ਹੈਲੀਕਾਪਟਰ/ਹਵਾਈ ਸਫਰ ਉਪਰ ਕਰੋੜਾਂ ਰੁਪਏ ਖਰਚ ਕੀਤੇ ਹਨ, ਹਾਲਾਂਕਿ ਪੰਜਾਬ ਵਿਚ ਚੋਣ ਜਾਬਤਾ ਅੱਠ ਜਨਵਰੀ ਨੂੰ ਲੱਗਿਆ ਸੀ। ਉਜ ਉਨ੍ਹਾਂ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਖ਼ੀਰ ਤੱਕ ਖ਼ਜਾਨਾ ਖਾਲੀ ਦਾ ਰੌਣਾ ਰੋਂਦੇ ਰਹੇ। 20 ਸਤੰਬਰ 2021 ਤੋਂ 03 ਜਨਵਰੀ 2022 ਤੱਕ ਸੰਜੀਵ ਕੁਮਾਰ ਨੂੰ ਸਰਕਾਰ ਵਲੋਂ ਮੁਹੱਈਆ 294 ਪੰਨਿਆਂ ਦੀ ਸੂਚਨਾ ਮੁਤਾਬਕ ਸਰਕਾਰੀ ਹੈਲੀਕਾਪਟਰ ਦੇ ਚਾਰ ਮਹੀਨਿਆਂ ਦੇ ਖਰਚੇ (ਸਤੰਬਰ 2021 ’ਚ 7,92,193.00 ਰੁਪਏ, ਅਕਤੂਬਰ 2021 ਵਿਚ 8,11,899.00 ਬਿੱਲ ਨਵੰਬਰ 2021 ਰੁਪਏ 8,11,899.00 ਬਿਲ ਦਸੰਬਰ 2021 ਦਾ ਬਿੱਲ 8,11,899.00 ਰੁਪਏ) ਭਾਵ ਕੁੱਲ 32 ਲੱਖ 27 ਹਜ਼ਾਰ 890 ਰੁਪਏ ਖ਼ਰਚੇ ਗਏ ਹਨ। ਇਸੇ ਤਰ੍ਹਾਂ ਕਿਰਾਏ ਦੇ ਜਹਾਜਾਂ ਤੇ ਹੋਰ ਸਫ਼ਰ ਯਾਤਰਾ ਉਪਰ 1 ਕਰੋੜ 51 ਲੱਖ 34 ਹਜ਼ਾਰ 818 ਰੁਪਏ ਅਦਾ ਕੀਤੇ ਗਏ। ਮੁਹੱਈਆ ਸੂਚਨਾ ਮੁਤਾਬਕ ਕਈ ਵਾਰ ਜਹਾਜ ਨੂੰ ਸਿਰਫ਼ ਪੰਜ ਮਿੰਟਾਂ ਲਈ ਹੀ ਵਰਤਿਆਂ ਗਿਆ। ਇਸਤੋਂ ਇਲਾਵਾ ਜਹਾਜ ’ਤੇ ਸਫ਼ਰ ਕਰਨ ਦੇ ਖ਼ਰਚੇ ਵਜੋਂ ਪੰਜਾਬ ਸਰਕਾਰ ਵਲੋਂ ਪ੍ਰਤੀ ਘੰਟਾ ਦੇ ਹਿਸਾਬ ਨਾਲ ਸਾਢੇ ਤਿੰਨ-ਤਿੰਨ ਲੱਖ ਰੁਪਏ ਵੀ ਅਦਾ ਕੀਤੇ ਗਏ। ਇਹੀ ਨਹੀਂ ਇੱਕ ਦਿਨ ਵਿੱਚ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਦੇ ਹੈਲੀਕਾਪਟਰਾਂ/ਹਵਾਈ ਸਫਰ ‘ਤੇ 23 ਲੱਖ ਰੁਪਏ ਤੋਂ ਵੱਧ ਖਰਚ ਕੀਤੇ ਗਏ ਹਨ। ਬਿਲ ਦੇ ਹਿਸਾਬ ਨਾਲ ਹਵਾਈ ਯਾਤਰਾ ‘ਤੇ 3.50 ਲੱਖ ਪ੍ਰਤੀ ਘੰਟਾ ਖਰਚ ਕੀਤਾ ਗਿਆ ਹੈ, ਬਾਕੀ ਖਰਚੇ ਵੱਖਰੇ ਹਨ, ਜਿੰਨ੍ਹਾਂ ਵਿਚ ਪੰਜਾਬ ਸਰਕਾਰ ਵੱਲੋਂ ਹੈਲੀਕਾਪਟਰ ਪਾਇਲਟਾਂ ਦੇ ਰੇਲ ਗੱਡੀਆਂ ਦੇ ਏਅਰ ਕੰਡੀਸਨਰ ਡੱਬਿਆਂ ਦੀ ਬੁਕਿੰਗ, ਟੈਕਸੀ ਦੇ ਕਿਰਾਏ ਅਤੇ ਪਾਇਲਟਾਂ ਦੇ ਦਿੱਲੀ ਤੋਂ ਚੰਡੀਗੜ੍ਹ ਜਾਣ ਅਤੇ ਹਵਾਈ ਜਹਾਜ ਦੀਆਂ ਟਿਕਟਾਂ ਦੀ ਬੁਕਿੰਗ ‘ਤੇ ਹਜਾਰਾਂ/ਲੱਖਾਂ ਰੁਪਏ ਖਰਚ ਕੀਤੇ ਗਏ ਹਨ। ਪਾਇਲਟਾਂ ਦੇ ਹੋਟਲਾਂ ਵਿੱਚ ਠਹਿਰਨ ਦੇ ਹਜਾਰਾਂ ਰੁਪਏ ਦੇ ਬਿੱਲਾਂ ਤੋਂ ਇਲਾਵਾ ਸੈਨੇਟਾਈਜਰ, ਚਾਹ, ਪਾਣੀ, ਡੋਸਾ, ਭੋਜਨ, ਪਾਇਲਟਾਂ ਦੀ ਸਿਖਲਾਈ ਦਾ ਖਰਚਾ, ਪਾਇਲਟਾਂ ਦੇ ਲਾਇਸੈਂਸ ਲੈਣ ਦਾ ਖਰਚ, ਕੋਰੀਅਰ ਲੈਣ ਅਤੇ ਹੋਰ ਖਰਚੇ ਸਨ, ਜਿੰਨ੍ਹਾਂ ਨੂੰ ਪੰਜਾਬ ਸਰਕਾਰ ਨੇ ਅਦਾ ਕੀਤਾ। ਇਸੇ ਤਰ੍ਹਾਂ ਹੈਲੀਕਾਪਟਰ ਦੀ ਮੁਰੰਮਤ ਅਤੇ ਇਸ ਦੇ ਨਿਰੀਖਣ ‘ਤੇ ਵੀ ਲੱਖਾਂ ਰੁਪਏ ਖਰਚ ਕੀਤੇ ਗਏ ਹਨ। ਹਵਾਈ ਸਫਰ ਦੌਰਾਨ ਪੰਜਾਬ ਸਰਕਾਰ ਵੱਲੋਂ ਦਿੱਲੀ, ਸਿਮਲਾ, ਅੰਮਿ੍ਰਤਸਰ, ਲੁਧਿਆਣਾ, ਚੰਡੀਗੜ੍ਹ ਆਦਿ ਵਿੱਚ ਲੈਂਡਿੰਗ, ਹੈਂਡਲਿੰਗ, ਕੇਅਰਿੰਗ, ਟੈਕਸ ਆਦਿ ਦੇ ਰੂਪ ਵਿੱਚ ਲੱਖਾਂ ਰੁਪਏ ਖਰਚ ਕੀਤੇ ਦੱਸੇ ਗਗਏ ਹਨ ਤੇ ਲੱਖਾਂ/ਕਰੋੜਾਂ ਦਾ ਤੇਲ ਹੈਲੀਕਾਪਟਰਾਂ ਵਿੱਚ ਪਾਇਆ ਗਿਆ ਹੈ।

ਬਠਿੰਡਾ ’ਚ 41 ਉਮੀਦਵਾਰਾਂ ਨੂੰ ਨੋਟਾ ਨਾਲੋਂ ਵੀ ਘੱਟ ਵੋਟਾਂ ਮਿਲੀਆਂ

0

ਸੰਯੁਕਤ ਸਮਾਜ ਮੋਰਚੇ ਦੇ ਲੱਖਾ ਸਿਧਾਣਾ ਨੂੰ ਛੱਡ ਬਾਕੀ ਨੋਟਾਂ ਤੋਂ ਵੀ ਰਹੇ ਥੱਲੇ
ਬਠਿੰਡਾ ਸ਼ਹਿਰੀ ਨੂੰ ਛੱਡ ਭਾਜਪਾ ਦੀ ਵੀ ਪ੍ਰਦਰਸ਼ਨ ਰਿਹਾ ਖ਼ਰਾਬ
ਸੁਖਜਿੰਦਰ ਮਾਨ
ਬਠਿੰਡਾ, 13 ਮਾਰਚ: ਲੰਘੀ 20 ਫ਼ਰਵਰੀ ਨੂੰ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ 10 ਮਾਰਚ ਨੂੰ ਆਏ ਨਤੀਜਿਆਂ ਵਿਚ ਵੋਟਰਾਂ ਨੇ ਅਜਾਦ ਖੜ੍ਹੇ ਹੋਣ ਵਾਲੇ ਉਮੀਦਵਾਰਾਂ ਨੂੰ ਜਿਅਦਾਤਰ ਰੱਦ ਕਰ ਦਿੱਤਾ ਹੈ। ਇਹੀਂ ਨਹੀਂ ਦਿੱਲੀ ’ਚ ਚੱਲੇ ਕਿਸਾਨ ਅੰਦੋਲਨ ਤੋਂ ਬਾਅਦ ਬਣੇ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰਾਂ ਨੂੰ ਵੀ ਵੋਟਰਾਂ ਨੇ ਜਿਆਦਾ ਤਵੱਜੋਂ ਨਹੀਂ ਦਿੱਤੀ, ਹਾਲਾਂਕਿ ਮੋੜ ਤੋਂ ਕਿਸਾਨਾਂ ਦਾ ਸਮਰਥਨ ਪ੍ਰਾਪਤ ਲੱਖਾ ਸਿਧਾਣਾ ਅਪਣੇ ਚੇਹਰੇ ਦੇ ਸਿਰ ’ਤੇ ਚੰਗਾ ਪ੍ਰਦਰਸ਼ਨ ਕਰਨ ਵਿਚ ਸਫ਼ਲ ਰਿਹਾ। ਇਸੇ ਤਰ੍ਹਾਂ ਕਾਂਗਰਸ ਨਾਲੋਂ ਵੱਖ ਹੋ ਕੇ ਭਾਜਪਾ ਨਾਲ ਸਾਂਝ ਪਾਉਣ ਵਾਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਬਣੀ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਉਮੀਦਵਾਰ ਤਾਂ ਅਜਾਦ ਉਮੀਦਵਾਰਾਂ ਤੋਂ ਵੀ ਬਹੁਤ ਪਿੱਛੇ ਰਹੇ। ਭਾਜਪਾ ਨੇ ਵੀ ਬਠਿੰਡਾ ਸ਼ਹਿਰੀ ਹਲਕੇ ਨੂੰ ਛੱਡ ਹੋਰਨਾਂ ਹਲਕਿਆਂ ਵਿਚ ਅਪਣਾ ਜਿਆਦਾ ਪ੍ਰਭਾਵ ਨਹੀਂ ਦਿਖਾਇਆ। ਚੋਣ ਦੇ ਪ੍ਰ੍ਰਾਪਤ ਕੀਤੇ ਅੰਕੜਿਆਂ ਮੁਤਾਬਕ ਜ਼ਿਲ੍ਹੇ ਦੇ 6 ਵਿਧਾਨ ਸਭਾ ਹਲਕਿਆਂ ਵਿਚ ਖੜ੍ਹੇ ਕੁੱਲ 69 ਉਮੀਦਵਾਰਾਂ ਵਿਚੋਂ 41 ਉਮੀਦਵਾਰਾਂ ਨੂੰ ਨੋਟਾ (ਭਾਵ ਚੋਣ ਮੈਦਾਨ ਵਿਚ ਨਿੱਤਰੇ ਉਮੀਦਵਾਰਾਂ ਵਿਚੋਂ ਕੋਈ ਪਸੰਦ ਨਹੀਂ) ਦੇ ਬਟਨ ਤੋਂ ਵੀ ਘੱਟ ਵੋਟਾਂ ਮਿਲੀਆਂ ਹਨ। ਇੰਨ੍ਹਾਂ ਵਿਚ ਸੰਯੁਕਤ ਸਮਾਜ ਮੋਰਚੇ ਦੇ ਚਾਰ ਅਤੇ ਕੈਪਟਨ ਦੀ ਪਾਰਟੀ ਦਾ ਇੱਕ ਉਮੀਦਵਾਰ ਵੀ ਸ਼ਾਮਲ ਹੈ। ਜ਼ਿਲ੍ਹੇ ਵਿਚ ਨੋਟਾ ਦੇ ਹੱਕ ’ਚ 7063 ਵੋਟਾਂ ਪਈਆਂ, ਜਿੰਨ੍ਹਾਂ ਵਿਚ ਸਭ ਤੋਂ ਵੱਧ 1555 ਭੁੱਚੋਂ ਮੰਡੀ ਹਲਕੇ ਅਤੇ ਸਭ ਤੋਂ ਘੱਟ 709 ਰਾਮਪੁਰਾ ਹਲਕੇ ਦੇ ਵੋਟਰਾਂ ਨੇ ਨੋਟਾ ਦਾ ਬਟਨ ਦਬਾਇਆ। ਜੇਕਰ ਹਲਕਾ ਵਾਈਜ਼ ਗੱਲ ਕੀਤੀ ਜਾਵੇ ਤਾਂ ਕਿ ਬਠਿੰਡਾ ਸ਼ਹਿਰੀ ਹਲਕੇ ਵਿਚੋਂ ਚੋਣ ਮੈਦਾਨ ’ਚ ਨਿੱਤਰੇ ਕੁੱਲ 13 ਉਮੀਦਵਾਰਾਂ ਵਿਚੋਂ 9 ਉਮੀਦਵਾਰਾਂ ਨੂੰ ਨੋਟਾ ਨਾਲੋਂ ਵੋਟਾਂ ਘੱਟ ਨਿਕਲੀਆਂ ਹਨ। ਇੱਥੇ ਨੋਟਾ ਦੇ ਹੱਕ ’ਚ 1190 ਵੋਟਰਾਂ ਨੇ ਬਟਨ ਦਬਾਇਆ। ਜਦੋਂਕਿ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਨੂੰ ਸਿਰਫ਼ 267 ਵੋਟਾਂ ਹੀ ਮਿਲੀਆਂ। ਇਸੇ ਤਰ੍ਹਾਂ ਅੱਠ ਹੋਰ ਉਮੀਦਵਾਰ ਵੀ ਨੋਟਾ ਦੇ ਅੰਕੜੇ ਤੋਂ ਹੇਠਾਂ ਰਹੇ। ਬਠਿੰਡਾ ਦਿਹਾਤੀ ਹਲਕੇ ਵਿਚ ਨੋਟਾ ਦੇ ਹੱਕ ’ਚ 1250 ਵੋਟਰਾਂ ਨੇ ਬਟਨ ਦਬਾਇਆ। ਇੱਥੇ ਕੁੱਲ ਅੱਠ ਉਮੀਦਵਾਰ ਸਿਆਸੀ ਮੈਦਾਨ ਵਿਚ ਨਿੱਤਰੇ ਸਨ, ਜਿੰਨ੍ਹਾਂ ਵਿਚੋਂ ਪੰਜ ਨੂੰ ਨੋਟਾ ਦੇ ਬਟਨ ਨਾਲੋਂ ਵੀ ਘੱਟ ਵੋਟਾਂ ਨਿਕਲੀਆਂ। ਇੰਨਾਂ ਵਿਚ ਸੰਯੁਕਤ ਸਮਾਜ ਮੋਰਚੇ ਅਤੇ ਕੈਪਟਨ ਦੀ ਪਾਰਟੀ ਦੇ ਉਮੀਦਵਾਰ ਵੀ ਸ਼ਾਮਲ ਹਨ। ਜੇਕਰ ਤਲਵੰਡੀ ਸਾਬੋ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕੁੱਲ 15 ਉਮੀਦਵਾਰਾਂ ਵਿਚੋਂ 9 ਉਮੀਦਵਾਰਾਂ ਨੂੰ ਨੋਟਾ ਬਟਨ ਰਾਹੀਂ ਆਈਆਂ ਕੁੱਲ 1008 ਵੋਟਾਂ ਨਾਲੋਂ ਵੀ ਘੱਟ ਵੋਟਾਂ ਮਿਲੀਆਂ। ਇੰਨ੍ਹਾਂ ਵਿਚ ਸੰਯੁਕਤ ਸਮਾਜ ਮੋਰਚੇ ਦਾ ਉਮੀਦਵਾਰ ਵੀ ਸ਼ਾਮਲ ਰਿਹਾ। ਜ਼ਿਲ੍ਹੇ ਦੇ ਚਰਚਿਤ ਵਿਧਾਨ ਸਭਾ ਹਲਕਾ ਰਾਮਪੁਰਾ ਫੁੂਲ ਵਿਚ ਵੀ 15 ਉਮੀਦਵਾਰ ਅਪਣੀ ਕਿਸਮਤ ਅਜਮਾ ਰਹੇ ਸਨ। ਪ੍ਰੰਤੂ ਇੱਥੇ ਨੋਟਾ ਨੂੰ ਮਿਲੀਆਂ 709 ਵੋਟਾਂ ਦੇ ਮੁਕਾਬਲੇ 10 ਉਮੀਦਵਾਰਾਂ ਨੂੰ ਇਸਤੋਂ ਵੀ ਘੱਟ ਵੋਟਾਂ ਮਿਲੀਆਂ। ਜਦੋਂਕਿ ਇੱਥੋਂ ਕੈਪਟਨ ਪਾਰਟੀ ਦੇ ਉਮੀਦਵਾਰ ਅਮਰਜੀਤ ਸ਼ਰਮਾ ਨੂੰ ਨੋਟਾ ਤੋਂ ਥੋੜੀਆਂ ਵੱਧ 1023 ਵੋਟਾਂ ਮਿਲੀਆਂ। ਇੱਥੇ ਕਾਂਗਰਸ ਤੇ ਅਕਾਲੀ ਦਲ ਦੇ ਸਾਬਕਾ ਮੰਤਰੀਆਂ ਦੇ ਨਾਵਾਂ ਨਾਲ ਮਿਲਦੇ ਨਾਮਾਂ ਵਾਲੇ ਤਿੰਨ ਉਮੀਦਵਾਰਾਂ ਨੂੰ ਵੀ 100 ਤੋਂ ਘੱਟ ਘੱਟ ਵੋਟਾਂ ਹਾਸਲ ਹੋਈਆਂ। ਭੁੱਚੋਂ ਮੰਡੀ ਹਲਕੇ ਵਿਚ ਨੋਟਾ ਦੇ ਹੱਕ ’ਚ 1555 ਵੋਟਰਾਂ ਨੇ ਬਟਨ ਦਬਾਇਆ। ਜਦੋਂਕਿ ਭਾਜਪਾ ਉਮੀਦਵਾਰ ਨੂੰ ਇਸਤੋਂ ਥੋੜੀਆਂ ਵੱਧ 2330 ਅਤੇ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਦੇ ਹਿੱਸੇ 2546 ਵੋਟਾਂ ਆਈਆਂ। ਇਸ ਹਲਕੇ ਵਿਚ ਕੁੱਲ ਅੱਠ ਉਮੀਦਵਾਰਾਂ ਵਿਚੋਂ 3 ਉਮੀਦਵਾਰਾਂ ਨੂੰ ਨੋਟਾ ਤੋਂ ਘੱਟ ਵੋਟਾਂ ਮਿਲੀਆਂ। ਮੋੜ ਹਲਕਾ, ਜਿੱਥੇ ਦਸ ਉਮੀਦਵਾਰ ਅਪਣੀ ਕਿਸਮਤ ਅਜ਼ਮਾ ਰਹੇ ਸਨ, ਵਿਚੋਂ ਅੱਧੇ ਉਮੀਦਵਾਰਾਂ ਦੇ ਮੁਕਾਬਲੇ ਨੋਟਾ ਦਾ ਬਟਨ ਵੱਧ ਵਾਰ ਦਬਾਇਆ ਗਿਆ। ਇੱਥੈ ਨੋਟਾ ਦੇ ਹੱਕ ’ਚ 1351 ਵਾਰ ਬਟਨ ਦੱਬਿਆ ਗਿਆ।

ਕਿਸਾਨ ਸੰਘਰਸ ’ਚ ਯੋਗਦਾਨ ਪਾਉਣ ਵਾਲੀਆਂ ਔਰਤਾਂ ਦਾ ਕੀਤਾ ਸਨਮਾਨ

0

ਸੁਖਜਿੰਦਰ ਮਾਨ
ਬਠਿੰਡਾ, 13 ਮਾਰਚ: ਕਿਰਤੀ ਕਿਸਾਨ ਯੂਨੀਅਨ ਦੇ ਔਰਤ ਵਿੰਗ ਵਲੋਂ ਪ੍ਰਧਾਨ ਮਨਜੀਤ ਕੌਰ ਪਿਆਰੋ ਦੀ ਅਗਵਾਈ ਵਿੱਚ ਦਿੱਲੀ ਕਿਸਾਨ ਮੋਰਚੇ ਵਿੱਚ ਯੋਗਦਾਨ ਪਾਉਣ ਵਾਲੀਆਂ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਨਮਾਨਿਤ ਕੀਤੀਆਂ ਗਈਆਂ ਭੁੱਚੋ ਖੁਰਦ ਦੀਆਂ 11 ਔਰਤਾਂ ਵਿਚ ਮਨਜੀਤ ਕੌਰ, ਕੁਲਦੀਪ ਕੌਰ, ਗੁਰਮੇਲ ਕੌਰ, ਰਾਣੀ ਕੌਰ, ਅਮਰਜੀਤ ਕੌਰ, ਮਨਦੀਪ ਕੌਰ ,ਜਸਬੀਰ ਕੌਰ, ਸੁਖਮੰਦਰ ਕੌਰ, ਮਨਪ੍ਰੀਤ ਕੌਰ, ਭਿੰਦਰਪਾਲ, ਹਰਵਿੰਦਰ ਕੌਰ ਸ਼ਾਮਲ ਹਨ। ਇਸ ਮੌਕੇ ਕਮੇਟੀ ਆਗੂ ਗੁਰਮੀਤ ਕੌਰ ਖਜ਼ਾਨਚੀ, ਸੀਨੀਅਰ ਮੀਤ ਪ੍ਰਧਾਨ ਪਰਮਜੀਤ ਕੌਰ, ਸਕੱਤਰ ਹਰਪ੍ਰੀਤ ਕੌਰ, ਕਿਸਾਨ ਯੂਨੀਅਨ ਦੇ ਸਕੱਤਰ ਸਵਰਨ ਸਿੰਘ ਪੂਹਲੀ, ਜ਼ਿਲ੍ਹਾ ਪ੍ਰਧਾਨ ਅਮਰਜੀਤ ਹਨੀ ਭੁੱਚੋ ਖੁਰਦ, ਔਰਤ ਵਿੰਗ ਦੇ ਪ੍ਰੈੱਸ ਸਕੱਤਰ ਜੋਤੀ ਖਾਨ ਆਦਿ ਹਾਜ਼ਰ ਰਹੇ।

ਜਮਹੂਰੀ ਅਧਿਕਾਰ ਸਭਾ ਵੱਲੋਂ ਕੌਮਾਂਤਰੀ ਔਰਤ ਦਿਵਸ ਮੌਕੇ ਕਰਵਾਇਆ ਸਮਾਗਮ ਤੇ ਕੀਤਾ ਮੁਜਾਹਰਾ

0

ਸੁਖਜਿੰਦਰ ਮਾਨ
ਬਠਿੰਡਾ, 13 ਮਾਰਚ: ਜਮਹੂਰੀ ਅਧਿਕਾਰ ਸਭਾ ਵੱਲੋਂ ਅੱਜ ਕੌਮਾਂਤਰੀ ਔਰਤ ਦਿਵਸ ਮੌਕੇ ਸਥਾਨਕ ਟੀਚਰਜ਼ ਹੋਮ ਵਿਖੇ ਸਮਾਗਮ ਕਰਵਾਉਣ ਤੋਂ ਇਲਾਵਾ ਸ਼ਹਿਰ ਵਿਚ ਪ੍ਰਭਾਵਸ਼ਾਲੀ ਮਾਰਚ ਕੀਤਾ ਗਿਆ। ਸਭਾ ਦੇ ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਦੱਸਿਆ ਕਿ ਪ੍ਰੋਗਰਾਮ ਦੇ ਸ਼ੁਰੂ ਵਿੱਚ ਲੋਕ ਘੋਲਾਂ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਜਮਹੂਰੀ ਅਧਿਕਾਰ ਸਭਾ ਦੀ ਤਰਫੋਂ ਸਮਾਗਮ ਨੂੰ ਹਰਬੰਸ ਕੌਰ ਅਤੇ ਮੁਖਤਿਆਰ ਕੌਰ ਨੇ ਸੰਬੋਧਨ ਕੀਤਾ। ਸਮਾਗਮ ਵਿਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਸੁਖਜੀਤ ਕੌਰ,ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਵੱਲੋਂ ਭੁਪਿੰਦਰਪਾਲ ਕੌਰ,ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਸੁਖਵਿੰਦਰ ਕੌਰ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਹਰਿੰਦਰ ਬਿੰਦੂ,ਈਜੀਐਸ (ਕੱਚੇ ਅਧਿਆਪਕ ਯੂਨੀਅਨ) ਵੱਲੋਂ ਛਿੰਦਰਪਾਲ ਕੌਰ ਨੇ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਵਿਚ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਇੰਦਰਜੀਤ ਕੌਰ ਤੇ ਸੁਖਪਾਲ ਸਿੰਘ,ਸਾਹਿਤ ਸਿਰਜਣਾ ਮੰਚ ਵੱਲੋਂ ਜਗਮੇਲ ਸਿੰਘ ਜਠੌਲ ਤੇ ਸੁਰਿੰਦਰਪ੍ਰੀਤ ਘਣੀਆ, ਪੰਜਾਬੀ ਸਾਹਿਤ ਸਭਾ ਵੱਲੋਂ ਰਣਬੀਰ ਰਾਣਾ,ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਵਲੋਂ ਦਰਸ਼ਨ ਮੌੜ ਅਤੇ ਡੀ ਟੀ ਐੱਫ ਵਲੋਂ ਨਵ ਚਰਨਪ੍ਰੀਤ ਕੌਰ ਸਾਮਲ ਹੋਏ।ਇਸ ਕਾਨਫ਼ਰੰਸ ਨੇ ਸੰਦੇਸ਼ ਦਿੱਤਾ ਕਿ ਔਰਤਾਂ ਦੀ ਮੁਕਤੀ ਤੇ ਵੁੱਕਤ ਲੁੱਟ ਰਹਿਤ ਅਤੇ ਬਰਾਬਰੀ ਤੇ ਆਧਾਰਿਤ ਸਮਾਜ ਵਿਚ ਹੀ ਸੰਭਵ ਹੈ। ਵੱਖ ਵੱਖ ਖੇਤਰਾਂ ਦੇ ਮਸਲਿਆਂ ਨਾਲ ਸਬੰਧਤ ਮਤੇ ਐਡਵੋਕੇਟ ਸੰਦੀਪ ਕੌਰ ਨੇ ਪੜ੍ਹੇ। ਭਾਰਤ ਦੀ ਜਾਤ ਪਾਤੀ ਵਿਵਸਥਾ-ਇਕ ਵਿਗਿਆਨਕ ਵਿਸ਼ਲੇਸ਼ਣ ਡਾ ਬਲਜਿੰਦਰ ਤੇ ਡਾ ਅਜੀਤਪਾਲ ਸਿੰਘ ਦੀ ਲਿਖੀ ਕਿਤਾਬ ਰਿਲੀਜ ਕੀਤੀ ਗਈ। ਮੰਚ ਦਾ ਸੰਚਾਲਨ ਪੁਸ਼ਪਲਤਾ ਤੇ ਕੁਲਵੰਤ ਕੌਰ ਨੇ ਸਾਂਝੇ ਤੌਰ ਤੇ ਕੀਤਾ।

ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਹੁਣ ‘ਕਾਰਪੋਰੇਸ਼ਨ’ ’ਚ ਵੀ ਉਥਲ-ਪੁਥਲ ਦੀ ਚਰਚਾ

0

ਦੋ ਕੋਂਸਲਰਾਂ ਨੇ ਮਨਪ੍ਰੀਤ ਬਾਦਲ ਨੂੰ ਮੇਅਰਸ਼ਿਪ ਦੇ ਮਾਮਲੇ ’ਤੇ ਕੀਤੀ ਪੁਨਰਵਿਚਾਰ ਦੀ ਮੰਗ
ਸੁਖਜਿੰਦਰ ਮਾਨ
ਬਠਿੰਡਾ, 13 ਮਾਰਚ: ਵਿਧਾਨ ਸਭਾ ਦੇ ਚੋਣ ਨਤੀਜਿਆਂ ’ਚ ਸਥਾਨਕ ਸ਼ਹਿਰੀ ਹਲਕੇ ਤੋਂ ਵੱਡੀ ਹਾਰ ਦਾ ਸਾਹਮਣਾ ਕਰਨ ਵਾਲੇ ਸਾਬਕਾ ਵਿਤ ਮੰਤਰੀ ਨੂੰ ਜਲਦੀ ਹੀ ਇੱਕ ਹੋਰ ਵੱਡਾ ਝਟਕਾ ਲੱਗਣ ਜਾ ਰਿਹਾ ਹੈ। ਸੂਤਰਾਂ ਮੁਤਾਬਕ ਸ਼ਹਿਰ ’ਚ ਕਾਂਗਰਸ ਪਾਰਟੀ ਨੂੰ ਹੋਈ ਨਮੋਸ਼ੀ ਭਰੀ ‘ਹਾਰ’ ਦੇ ਕੁੱਝ ਕਾਰਨਾਂ ਵਿਚੋਂ ਇੱਕ ਪ੍ਰਮੁੱਖ ਕਾਰਨ ਬਣੇ ਨਗਰ ਨਿਗਮ ਦੇ ਮੇਅਰ ਤੇ ਹੋਰਨਾਂ ਅਹੁੱਦੇਦਾਰਾਂ ਦੀ ਚੋਣ ਮੁੜ ਕਰਵਾਉਣ ਦੀ ਮੰਗ ਅੰਦਰਖ਼ਾਤੇ ਧੁਖਣੀ ਸ਼ੁਰੂ ਹੋ ਗਈ ਹੈ। ਇਸ ਮੰਗ ਨੂੰ ਲੈ ਕੇ ਅੰਦਰਖ਼ਾਤੇ ਕੁੱਝ ਕਾਂਗਰਸੀਆਂ ਨੇ ਮੁਹਿੰਮ ਵਿੱਢ ਦਿੱਤੀ ਹੈ। ਜਦੋਂਕਿ ਦੋ ਟਕਸਾਲੀ ਕੋਂਸਲਰਾਂ ਨੇ ਤਾਂ ਖੁੱਲੇ ਤੌਰ ’ਤੇ ਸ: ਬਾਦਲ ਨੂੰ ਇਸ ਪਾਸੇ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਹਾਰ ਤੋਂ ਬਾਅਦ ਮਨਪ੍ਰੀਤ ਬਾਦਲ ਨਾਲ ਪਿੰਡ ਬਾਦਲ ਵਿਖੇ ਹਮਦਰਦੀ ਪ੍ਰਗਟ ਕਰਨ ਗਏ ਸ਼ਹਿਰ ਦੇ ਸੀਨੀਅਰ ਆਗੂਆਂ ਵਿਚੋਂ ਕੁੱਝ ਇੱਕ ਨੇ ਵਾਪਸੀ ਸਮੇਂ ਵੀ ਇਸ ਗੱਲ ’ਤੇ ਚਰਚਾ ਕੀਤੀ ਸੀ। ਇਸਤੋਂ ਇਲਾਵਾ ਸਹਿਰ ਦੇ ਅੱਧੀ ਦਰਜ਼ਨ ਦੇ ਕਰੀਬ ਸੀਨੀਅਰ ਆਗੂਆਂ ਨੇ ਵੀ ਚੋਣ ਨਤੀਜਿਆਂ ਤੋਂ ਬਾਅਦ ‘ਭਾਈਚਾਰਕ’ ਗੱਲਬਾਤ ਦੌਰਾਨ ਇਸ ਗੱਲ ਨੂੰ ਮੰਨਿਆ ਹੈ ਕਿ ਨਵੇਂ ਚੁਣੇ ਗਏ ਵਿਧਾਇਕ ਜਗਰੂਪ ਸਿੰਘ ਗਿੱਲ ਨਗਰ ਨਿਗਮ ਦੀ ਰਗ-ਰਗ ਤੋਂ ਵਾਕਫ਼ ਹਨ, ਜਿਸਦੇ ਚੱਲਦੇ ਜੇਕਰ ਕਾਰਪੋਰੇਸ਼ਨ ’ਤੇ ਕਾਂਗਰਸ ਦਾ ਕਬਜ਼ਾ ਬਰਕਰਾਰ ਰੱਖਣਾ ਹੈ ਤਾਂ ਕਿਸੇ ਟਕਸਾਲੀ ਆਗੂ ਨੂੰ ਇਸਦੀ ਕਮਾਂਡ ਸੋਂਪਣੀ ਪਏਗੀ। ਗੌਰਤਲਬ ਹੈ ਕਿ ਕਰੀਬ ਇੱਕ ਸਾਲ ਪਹਿਲਾਂ ਬਠਿੰਡਾ ਨਗਰ ਨਿਗਮ ਦੇ ਮੇਅਰ ਤੇ ਹੋਰਨਾਂ ਅਹੁੱਦੇਦਾਰਾਂ ਦੀ ਹੋਈ ਚੋਣ ਵਿਚ ਮੌਜੂਦਾ ਵਿਧਾਇਕ ਜਗਰੂਪ ਸਿੰਘ ਗਿੱਲ ਖੁਦ ਕਾਂਗਰਸ ਪਾਰਟੀ ਦੀ ਤਰਫ਼ੋਂ ਮੇਅਰਸ਼ਿਪ ਦੇ ਦਾਅਵੇਦਾਰ ਸਨ ਪ੍ਰੰਤੂ ਸਾਬਕਾ ਵਿਤ ਮੰਤਰੀ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਦੇ ਨਜਦੀਕੀ ਮੰਨੇ ਜਾਂਦੇ ਕੁੱਝ ਸਰਾਬ ਕਾਰੋਬਾਰੀਆਂ ਦੇ ਪ੍ਰਭਾਵ ਕਾਰਨ ਮੇਅਰਸ਼ਿਪ ਦੀ ਪੋਸਟ ਦਾ ਤਾਜ਼ ‘ਜਨਰਲ ਭਾਵ ਹਰ ਵਰਗ ਲਈ ਖੁੱਲੀ ਹੋਣ’ ਦੇ ਬਾਵਜੂਦ ਸਿਆਸਤ ਵਿਚ ਬਿਲਕੁੱਲ ਨਵੀਂ ਇੱਕ ਮਹਿਲਾ ਕੋਂਸਲਰ ਰਮਨ ਗੋਇਲ ਦੇ ਸਿਰ ਸਜਾ ਦਿੱਤਾ ਸੀ। ਜਦੋਂਕਿ ਗਿੱਲ ਨੂੰ ਬੁਰੀ ਤਰ੍ਹਾਂ ਅਣਗੋਲਿਆ ਕਰਨ ਦੇ ਇਲਾਵਾ 40 ਸਾਲ ਤੋਂ ਕਾਂਗਰਸ ਦੀਆਂ ਦਰੀਆਂ ਝਾੜਣ ਵਾਲੇ ਪੁਰਾਣੇ ਤੇ ਸੀਨੀਅਰ ਟਕਸਾਲੀ ਕਾਂਗਰਸੀ ਆਗੂ ਅਸੋਕ ਪ੍ਰਧਾਨ ਨੂੰ ਉਨ੍ਹਾਂ ਤੋਂ ਇੱਕ ‘ਰੈਂਕ’ ਘੱਟ ਭਾਵ ਸੀਨੀਅਰ ਡਿਪਟੀ ਮੇਅਰ ਬਣਾਇਆ ਗਿਆ ਸੀ। ਇਹੀ ਨਹੀਂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਆਉਣ ਵਾਲੇ ਮਾਸਟਰ ਹਰਮਿੰਦਰ ਸਿੰਘ ਸਿੱਧੂ ਨੂੰ ਵੀ ਡਿਪਟੀ ਮੇਅਰ ਬਣਾ ਦਿੱਤਾ ਗਿਆ ਸੀ। ਉਸ ਸਮੇਂ ਸੂਬੇ ਵਿਚ ਕਾਂਗਰਸ ਦੀ ਸਰਕਾਰ ਹੋਣ ਤੇ ਮਨਪ੍ਰੀਤ ਸਿੰਘ ਬਾਦਲ ਤੇ ਜੈਜੀਤ ਸਿੰਘ ਜੌਹਲ ਦਾ ਸਿਆਸੀ ਖੇਤਰ ਵਿਚ ਦਬਦਬਾ ਹੋਣ ਕਾਰਨ ਅੰਦਰਖਾਤੇ ਕਈਆਂ ਦੇ ਨਰਾਜ਼ ਹੋਣ ਦੇ ਬਾਵਜੂਦ ਵੀ ਕੋਂਸਲਰਾਂ ਨੇ ਬਾਹਰ ‘ਚੂੰ’ ਨਹੀਂ ਕੱਢੀ ਸੀ ਪ੍ਰੰਤੂ ਹੁਣ ਜਦ ਖੁਦ ਮਨਪ੍ਰੀਤ ਸਿੰਘ ਬਾਦਲ ਇੱਕ ਕੋਂਸਲਰ ਦੇ ਹੱਥੋਂ ਬੁਰੀ ਤਰ੍ਹਾਂ ਹਾਰ ਗਏ ਹਨ ਤਾਂ ਇੰਨ੍ਹਾਂ ਆਗੂਆਂ ਨੇ ਮੁੜ ਸਰਗਰਮੀਆਂ ਵਿੱਢ ਦਿੱਤੀਆਂ ਹਨ। ਹਾਲਾਂਕਿ ਸ: ਗਿੱਲ ਨੇ ਬਗਾਵਤ ਦਾ ਰੁੱਖ ਅਪਣਾਉਂਦਿਆਂ ਕਾਂਗਰਸ ਪਾਰਟੀ ਛੱਡ ਆਮ ਆਦਮੀ ਪਾਰਟੀ ਵਿਚ ਸਮੂਲੀਅਤ ਕਰ ਲਈ ਸੀ। ਇਹ ਵੀ ਪਤਾ ਚੱਲਿਆ ਹੈ ਕਿ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਮਨਪ੍ਰੀਤ ਬਾਦਲ ਦੇ ਵਿਰੋਧੀ ਮੰਨੇ ਜਾਂਦੇ ਜ਼ਿਲ੍ਹੇ ਨਾਲ ਸਬੰਧਤ ਇਕ ਸਾਬਕਾ ਮੰਤਰੀ ਦੇ ਸ਼ਹਿਰ ਵਿਚ ਨਜਦੀਕੀ ਮੰਨੇ ਜਾਂਦੇ ਇੱਕ ਕੋਂਸਲਰ ਨੇ ਵੀ ਇਸ ਮੁੱਦੇ ’ਤੇ ਕਈ ਸਾਥੀ ਕੋਂਸਲਰਾਂ ਨਾਲ ਗੱਲ ਕੀਤੀ ਹੈ ਜਦੋਂਕਿ ਦੋ ਸੀਨੀਅਰ ਕਾਂਗਰਸੀ ਕੋਂਸਲਰਾਂ ਮਲਕੀਤ ਸਿੰਘ ਗਿੱਲ ਤੇ ਬਲਰਾਜ ਸਿੰਘ ਪੱਕਾ ਨੇ ਸਪੱਸ਼ਟ ਤੌਰ ’ਤੇ ਪਾਰਟੀ ਨੂੰ ਇਸ ਮਾਮਲੇ ’ਚ ਪੁਨਰ ਵਿਚਾਰ ਕਰਨ ਦੀ ਮੰਗ ਕੀਤੀ ਹੈ। ਕੋਂਸਲਰ ਬਲਰਾਜ ਸਿੰਘ ਪੱਕਾ ਨੇ ਕਿਹਾ ਕਿ ‘‘ਸ: ਬਾਦਲ ਦੀ ਹਾਰ ਦਾ ਮੁੱਢ ਮੇਅਰ ਦੀ ਹੀ ਚੋਣ ਤੋਂ ਬਾਅਦ ਬੱਝ ਗਿਆ ਸੀ ਤੇ ਉਹ ਮੰਗ ਕਰਦੇ ਹਨ ਕਿ ਜਲਦੀ ਹੀ ਬਠਿੰਡਾ ਨਗਰ ਨਿਗਮ ਦੇ ਮੇਅਰ ਦੀ ਕਮਾਂਡ ਕਿਸੇ ਟਕਸਾਲੀ ਕਾਂਗਰਸੀ ਨੂੰ ਸੋਂਪੀ ਜਾਵੇ। ’’ ਇਸੇ ਤਰ੍ਹਾਂ ਕੋਂਸਲਰ ਮਲਕੀਤ ਸਿੰਘ ਗਿੱਲ ਨੇ ਵੀ ਕਿਹਾ ਕਿ ‘‘ ਬਠਿੰਡਾ ਸਹਿਰ ’ਚ ਹੋਈ ਨਮੋਸ਼ੀ ਭਰੀ ਹਾਰ ਦਾ ਵਿਸਲੇਸਣ ਕਰਨਾ ਜਰੂਰ ਬਣਦਾ ਹੈ ਤੇ ਜੇਕਰ ਮਨਪ੍ਰੀਤ ਸਿੰਘ ਬਾਦਲ ਦੀ ਹਾਰ ਵਿਚ ਕਾਰਪੋਰੇਸ਼ਨ ਦੇ ਮੇਅਰਸ਼ਿਪ ਦਾ ਮੁੱਦਾ ਉਭਰ ਕੇ ਸਾਹਮਣੇ ਆਇਆ ਹੈ ਤਾਂ ਇਸ ਉਪਰ ਵੀ ਪੁਨਰ ਵਿਚਾਰ ਕਰਨਾ ਚਾਹੀਦਾ ਹੈ। ’’
ਨਿਗਮ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਜਗਰੂਪ ਗਿੱਲ ਨੂੰ ਵਿਧਾਇਕ ਬਣਨ ’ਤੇ ਦਿੱਤੀ ਵਧਾਈ
ਬਠਿੰਡਾ: ਉਧਰ ਸਥਾਨਕ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਵੱਡੀ ਗਿਣਤੀ ਅਤੇ ਇਕੱਲੇ ਇਕੱਲੇ ਪੁੱਜ ਕੇ ਅਪਣੇ ਹਾਊਸ ਦੇ ਕੋਂਸਲਰ ਦੇ ਵਿਧਾਇਕ ਬਣਨ ’ਤੇ ਵਧਾਈਆਂ ਦੇਣ ਲਈ ਉਨ੍ਹਾਂ ਦੇ ਘਰ ਵੱਲ ਰੁੱਖ ਕੀਤਾ ਗਿਆ। ਇਸ ਦੌਰਾਨ ਕਈ ਅਜਿਹੇ ਅਧਿਕਾਰੀ ਵੀ ਫੁੱਲ ਵਰਸਾਉਂਦੇ ਦਿਖਾਈ ਦਿੱਤੇ, ਜਿੰਨਾਂ ਉਪਰ ਅਕਸਰ ਸ: ਗਿੱਲ ਵੀ ਉਗਲ ਉਠਾਉਂਦੇ ਰਹਿੰਦੇ ਸਨ।

ਕਿਸਾਨ ਆਗੂਆਂ ਦੀ ਸਹਾਇਤਾ ਨਾਲ ਬਾਦਲ ਦੇ ਸਹੁਰਿਆਂ ਦੇ ਪਿੰਡ ਵਾਸੀਆਂ ਨੇ ਮੁੜ ਪੁਲਿਸ ਚੌਕੀ ਘੇਰੀ

0

ਸੁਖਜਿੰਦਰ ਮਾਨ
ਬਠਿੰਡਾ, 12 ਮਾਰਚ: ਪਿਛਲੇ ਸਮੇਂ ਦੌਰਾਨ ਪਿੰਡ ਚੱਕ ਫਤਿਹ ਸਿੰਘ ਵਾਲਾ ਵਿਖੇ ਨਸ਼ੇੜੀਆਂ ਵਲੋਂ ਕੀਤੀਆਂ ਕਥਿਤ ਚੋਰੀਆਂ ਤੋਂ ਦੁਖੀ ਕੋਈ ਕਾਰਵਾਈ ਨਾ ਹੋਣ ਦੇ ਦੋਸ਼ ਲਗਾਉਂਦਿਆਂ ਅੱਜ ਮੁੜ ਪਿੰਡ ਵਾਸੀਆਂ ਨੇ ਕਿਸਾਨ ਆਗੂਆਂ ਦੀ ਸਹਾਇਤਾ ਨਾਲ ਪੁਲਿਸ ਚੌਕੀ ਭੁੱਚੋ ਮੰਡੀ ਦਾ ਘਿਰਾਓ ਕਰ ਲਿਆ। ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ ਤੇ ਜਲਦੀ ਹੀ ਚੋਰੀ ਦੀਆਂ ਘਟਨਾਵਾਂ ਨੂੰ ਟਰੇਸ ਕਰ ਲਿਆ ਜਾਵੇਗਾ। ਇਸ ਦੌਰਾਨ ਲੱਗੇ ਧਰਨੇ ਨੂੰ ਸੰਬੋਧਨ ਕਰਦਿਆਂ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਹੁਸ਼ਿਆਰ ਸਿੰਘ ਨੇ ਕਿਹਾ ਕਿ ਪਿੰਡ ਚੱਕ ਫਤਹਿ ਸਿੰਘ ਵਾਲਾ ਵਿਖੇ ਲਗਾਤਾਰ ਚੋਰੀਆਂ ਹੋ ਰਹੀਆਂ ਹਨ ਅਤੇ ਇਸਨੂੰ ਨਸ਼ੇੜੀ ਹੀ ਅੰਜਾਮ ਦੇ ਰਹੇ ਹਨ, ਕਿਉਂਕਿ ਨਸ਼ਿਆਂ ਦਾ ਕਾਰੋਬਾਰ ਖੁੱਲੇਆਮ ਚੱਲਦਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਸਤੋਂ ਪਹਿਲਾਂ 7 ਮਾਰਚ ਨੂੰ ਵੀ ਧਰਨਾ ਲਗਾਉਂਦਿਆਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ ਪ੍ਰੰਤੂ ਹਾਲੇ ਤੱਕ ਪੁਲਿਸ ਕੁੱਝ ਵਿਸੇਸ ਨਹੀਂ ਕਰ ਸਕੀ। ਜਿਸ ਕਾਰਨ ਅੱਜ ਉਨ੍ਹਾਂ ਨੂੰ ਮੁੜ ਧਰਨਾ ਲਗਾਉਣਾ ਪਿਆ ਹੈ। ਇਸ ਮੌਕੇ ਅਜਮੇਰ ਸਿੰਘ, ਬਲਤੇਜ ਸਿੰਘ, , ਬਲਜੀਤ ਸਿੰਘ, ਲਖਵੀਰ ਸਿੰਘ, ਸਿਮਰਜੀਤ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

ਚੋਣ ਨਤੀਜ਼ੇ: ਆਖ਼ਰੀ ਉਮਰੇ ਪ੍ਰਕਾਸ਼ ਸਿੰਘ ਬਾਦਲ ਤੇ ਬਲਵੀਰ ਸਿੰਘ ਰਾਜੇਵਾਲ ਨਾਲ ਸਭ ਤੋਂ ਮਾੜੀ ਹੋਈ

0

ਸੁਖਬੀਰ ਬਾਦਲ, ਚਰਨਜੀਤ ਚੰਨੀ ਤੇ ਨਵਜੋਤ ਸਿੱਧੂ ਦਾ ਵੀ ਭਵਿੱਖ ਲੱਗਿਆ ਦਾਅ ’ਤੇ
ਸਿੱਧੂ ਮੂੁਸੇਵਾਲਾ ਤੇ ਸੋਨੂੰ ਸੂਦ ਦੀ ਵੀ ਹੁਣ ਤੱਕ ਕੀਤੀ ਕਰਾਈ ਮਿਹਨਤ ’ਤੇ ਫ਼ਿਰਿਆ ਪਾਣੀ
ਫ਼ਿਰੋਜਪੁਰ ਦਿਹਾਤੀ ਤੋਂ ਆਪ ਦੀ ਟਿਕਟ ਛੱਡ ਕੇ ਕਾਂਗਰਸ ਵਿਚ ਜਾਣ ਵਾਲੇ ਆਸੂ ਬੰਗੜ ਨਾਲ ਵੀ ਹੋਈ ਭੈੜੀ
ਸੁਖਜਿੰਦਰ ਮਾਨ
ਚੰਡੀਗੜ੍ਹ , 12 ਮਾਰਚ: ਦੋ ਦਿਨ ਪਹਿਲਾਂ ਸੋਲਵੀਂ ਪੰਜਾਬ ਵਿਧਾਨ ਸਭਾ ਦੇ ਆਏ ਹੈਰਾਨੀਜਨਕ ਨਤੀਜਿਆਂ ਨੇ ਹੁਣ ਤੱਕ ਦਾ ਸਿਆਸੀ ਇਤਿਹਾਸ ਬਦਲ ਦਿੱਤਾ ਹੈ ਪ੍ਰੰਤੂ ਆਖ਼ਰੀ ਉਮਰੇ ਮਿਲੀ ਕਰਾਰੀ ਹਾਰ ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਮੰਨੇ ਜਾਣ ਵਾਲੇ ਪ੍ਰਕਾਸ਼ ਸਿੰਘ ਬਾਦਲ ਲਈ ਕਿਸੇ ਸਦਮੇ ਤੋਂ ਘੱਟ ਨਹੀਂ ਹੈ। ਇਸੇ ਤਰ੍ਹਾਂ ਦਿੱਲੀ ’ਚ ਸਾਲ ਭਰ ਤੋਂ ਵੱਧ ਦੁਨੀਆਂ ’ਚ ਪ੍ਰਸਿੱਧੀ ਹਾਸਲ ਕਰਨ ਵਾਲੇ ਕਿਸਾਨ ਅੰਦੋਲਨ ਨੂੰ ਚਲਾਉਣ ਵਾਲੇ ਬਲਵੀਰ ਸਿੰਘ ਰਾਜੇਵਾਲ ਨਾਲ ਵੀ ਇੰਨ੍ਹਾਂ ਚੋਣਾਂ ’ਚ ਕਾਫ਼ੀ ਮਾੜੀ ਹੋਈ ਹੈ। ਦੋਨੋਂ ਆਗੂ ਬਜੁਰਗ ਉਮਰੇ ਹੋਣ ਕਾਰਨ ਛੇਤੀ ਕੀਤਿਆਂ ਹਾਰ ਦੇ ਲੱਗੇ ਧੱਬੇ ਨੂੰ ਧੋਣ ਵਾਲੀ ਸਮਰੱਥਾ ਵਿਚ ਵੀ ਨਹੀਂ ਹਨ। ਪੰਜਾਬ ਦੇ ਲੋਕਾਂ ਵਿਚ ਚੱਲ ਰਹੀ ਚਰਚਾ ਮੁਤਾਬਕ ਦੋਨਾਂ ਆਗੂਆਂ ਦੇ ਚੋਣ ਲੜਣ ਦੇ ਹੀ ਫ਼ੈਸਲੇ ਨੂੰ ਗਲਤ ਮੰਨਿਆ ਜਾ ਰਿਹਾ। ਇਸੇ ਤਰ੍ਹਾਂ ਇੰਨ੍ਹਾਂ ਚੋਣ ਨਤੀਜਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਭਵਿੱਖ ਨੂੰ ਵੀ ਦਾਅ ’ਤੇ ਲਗਾ ਦਿੱਤਾ ਹੈ। ਇਹ ਤਿੰਨੋਂ ਆਗੂ ਅਜਿਹੇ ਹਨ, ਜਿੰਨ੍ਹਾਂ ਦੀਆਂ ਲੱਤਾਂ ਖਿੱਚਣ ਵਾਲਿਆਂ ਦੀ ਪਹਿਲਾਂ ਹੀ ਲੰਮੀ ਕਤਾਰ ਹੈ। ਲਗਾਤਾਰ ਦੋ ਦਫ਼ਾ ਮਿਲੀ ਨਮੋਸੀ ਭਰੀ ਹਾਰ ਕਾਰਨ ਅਕਾਲੀ ਸੁਪਰੀਮੋ ਤੇ ਖ਼ਾਸਕਰ ਬਾਦਲ ਪ੍ਰਵਾਰ ਨੂੰ ਆਉਣ ਵਾਲੇ ਸਮੇਂ ਵਿਚ ਭਾਜਪਾ ਵੱਡੇ ਝਟਕੇ ਦੇ ਸਕਦੀ ਹੈ। ਜਦੋਂਕਿ ਚੰਨੀ ਤੇ ਸਿੱਧੂ ਦੇ ਮੁੜ ਮੁੱਖ ਮੰਤਰੀ ਬਣਨ ਦੀਆਂ ਸੰਭਾਵਨਵਾਂ ਮੱਧਮ ਹੋ ਗਈਆਂ ਹਨ। ਇਸੇ ਤਰ੍ਹਾਂ ਜੇਕਰ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਗਾਇਕ ਸਿੱਧੂ ਮੂਸੇਵਾਲ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਲਈ ਵੀ ਇਹ ਚੋਣ ਤਾਉਮਰ ਨਾ ਭੁੱਲਣ ਵਾਲੀ ਵਾਲੀ ਇੱਕ ਯਾਦ ਬਣ ਗਈ ਹੈ। ਸਿਆਸੀ ਪਿੜ ਵਿਚ ਆਉਣ ਤੋਂ ਪਹਿਲਾਂ ਸਿੱਧੂ ਮੂਸੇਵਾਲ ਹਰ ਵਰਗ ਦਾ ਗਾਇਕ ਮੰਨਿਆ ਜਾਂਦਾ ਸੀ ਪ੍ਰੰਤੂ ਚੋਣ ਮੈਦਾਨ ਵਿਚ ਕੁੱਦਣ ਤੋਂ ਬਾਅਦ ਉਹ ਕਾਂਗਰਸ ਦਾ ਇੱਕ ਆਗੂ ਬਣ ਕੇ ਰਹਿ ਗਿਆ। ਇਸਤੋਂ ਇਲਾਵਾ ਕਰੋਨਾ ਮਹਾਂਮਾਰੀ ਦੌਰਾਨ ਸੇਵਾ ਦੇ ਖੇਤਰ ਵਿਚ ਪੰਜਾਬੀਆਂ ਦਾ ਨਾਮ ਦੇਸ-ਵਿਦੇਸ਼ ’ਚ ਕਮਾਉਣ ਵਾਲੇ ਸੋਨੂੰ ਸੂਦ ਲਈ ਵੀ ਅਪਣੀ ਭੈਣ ਨੂੰ ਚੋਣ ਲੜਾਉਣਾ ਕਾਫ਼ੀ ਮਹਿੰਗਾ ਸਾਬਤ ਹੋਇਆ ਹੈ। ਉਧਰ ਜੇਕਰ ਪੰਜਾਬ ਦੇ ਕੁੱਝ ਹੋਰ ਆਗੂਆਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਵਿਚ ਫਿਰੋਜਪੁਰ ਦਿਹਾਤੀ ਤੋਂ ਆਪ ਉਮੀਦਵਾਰੀ ਛੱਡਣ ਵਾਲੇ ਆਸੂ ਬੰਗੜ ਨੂੰ ਅਪਣੇ ਫੈਸਲੇ ’ਤੇ ਸਾਰੀ ਉਮਰ ਪਛਤਾਵਾ ਰਹਿਣਾ ਹੈ। ਬਠਿੰਡਾ ਦਿਹਾਤੀ ਹਲਕੇ ਤੋਂ ਪਹਿਲੀ ਸੱਟੇ ਆਪ ਦੀ ਟਿਕਟ ’ਤੇ ਵਿਧਾਇਕ ਬਣਨ ਵਾਲੀ ਰੁਪਿੰਦਰ ਕੌਰ ਰੂਬੀ ਵਲੋਂ ਇਸ ਹਲਕੇ ਤੋਂ ਹਾਰਨ ਦੇ ਡਰੋਂ ਕਾਂਗਰਸ ਵਿਚ ਕੀਤੀ ਸਮੂਲੀਅਤ ਵੀ ਰਾਸ ਨਹੀਂ ਆਈ। ਮਲੋਟ ਹਲਕੇ ਤੋਂ ਜਮਾਨਤ ਕਰਵਾਉਣ ਵਾਲੀ ਬੀਬੀ ਰੂਬੀ ਇਹ ਫੈਸਲਾ ਦਿਵਾਉਣ ਵਿਚ ਯੋਗਦਾਨ ਪਾਉਣ ਵਾਲਿਆਂ ਨੂੰ ਵੀ ਕਦੇ ਨਹੀਂ ਭੁੱਲੇਗੀ। ਜੇਕਰ ਥੋੜਾ ਪਿੱਛੇ ਜਾਈਏ ਤਾਂ ਆਪ ਦਾ ਜਮਾਨਾ ਬੀਤਣ ਦੀ ਸੋਚ ਕੇ ਸੁਖਪਾਲ ਸਿੰਘ ਖ਼ਹਿਰਾ ਦੇ ਝੰਡੇ ਹੇਠ ਪਾਰਟੀ ਵਿਰੁਧ ਬਗਾਵਤ ਦਾ ਝੰਡਾ ਚੁੱਕਣ ਵਾਲਿਆਂ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਜਗਦੇਵ ਸਿੰਘ ਕਮਾਲੂ, ਪਿਰਮਿਲ ਸਿੰਘ ਧੋਲਾ, ਜਗਦੇਵ ਸਿੰਘ ਜੱਗਾ ਆਦਿ ਨੇ ਕਦੇ ਸੁਪਨੇ ਵਿਚ ਵੀ ਪੰਜਾਬ ’ਚ ਮੁੜ ਝਾੜੂ ਫ਼ਿਰਨ ਬਾਰੇ ਸੋਚਿਆ ਹੋਵੇਗਾ।

ਨਗਰ ਕੋਂਸਲ ਗੋਨਿਆਣਾ ਦੀ ਪ੍ਰਧਾਨਗੀ ਦਾ ਮੁੱਦਾ ਗਰਮਾਇਆ

0

ਪ੍ਰਧਾਨ ਨੇ ਆਪ ਆਗੂਆਂ ’ਤੇ ਜਬਰੀ ਕਬਜ਼ੇ ਦੇ ਲਗਾਏ ਦੋਸ਼
ਵਿਰੋਧੀਆਂ ਨੇ ਦੋਸ਼ਾਂ ਨੂੰ ਰੱਦ ਕਰਦਿਆਂ ਦਸਿਆ ਬੁਖਲਾਹਟ ਦੀ ਨਿਸ਼ਾਨੀ
ਸੁਖਜਿੰਦਰ ਮਾਨ
ਬਠਿੰਡਾ, 12 ਮਾਰਚ: ਜ਼ਿਲ੍ਹੇ ਦੀ ਨਗਰ ਕੋਂਸਲ ਗੋਨਿਆਣਾ ਮੰਡੀ ਵਿਚ ਪ੍ਰਧਾਨਗੀ ਨੂੰ ਲੈ ਕੇ ਪਿਛਲੇ ਕੁੱਝ ਸਮੇਂ ਤੋਂ ਚੱਲਦਾ ਆ ਰਿਹਾ ਰੇੜਕਾ ਵਧਣ ਲੱਗਿਆ ਹੈ। ਇਸ ਮਾਮਲੇ ਵਿਚ ਮੌਜੂਦਾ ਪ੍ਰਧਾਨ ਤੇ ਚਾਰ ਕੋਂਸਲਰਾਂ ਨੇ ਸੂਬੇ ਵਿਚ ਅਪਣੀ ਨਵੀਂ ਸਰਕਾਰ ਬਣਾਉਣ ਜਾ ਰਹੀ ਆਮ ਆਦਮੀ ਪਾਰਟੀ ਦੇ ਆਗੂਆਂ ਉਪਰ ਧੱਕੇਸ਼ਾਹੀ ਦੇ ਦੋਸ਼ ਲਗਾਏ ਹਨ। ਅੱਜ ਸਥਾਨਕ ਪ੍ਰੈਸ ਕਲੱਬ ’ਚ ਇੱਕ ਪੱਤਰਕਾਰ ਵਾਰਤਾ ਕਰਨ ਪੁੱਜੇ ਨਗਰ ਕੋਂਸਲਰ ਗੋਨਿਆਣਾ ਦੇ ਪ੍ਰਧਾਨ ਮਨਮੋਹਨ ਧੀਂਗੜਾ ਅਤੇ ਕੋਂਸਲਰਾਂ ਨੇ ਦਾਅਵਾ ਕੀਤਾ ਕਿ ‘‘ ਬਿਨ੍ਹਾਂ ਲੋਕਤੰਤਰੀ ਪ੍ਰੀ�ਿਆ ਨੂੰ ਅਪਣਾਏ ਆਪ ਨਾਲ ਸਬੰਧਤ ਕੋਂਸਲਰਾਂ ਨੇ ਨਵੇਂ ਚੁਣੇ ਗਏ ਵਿਧਾਇਕ ਦੀ ਸ਼ਹਿ ’ਤੇ ਨਗਰ ਕੋਂਸਲ ਦੇ ਦਫ਼ਤਰ ਉਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ’’ ਪ੍ਰਧਾਨ ਮੁਤਾਬਕ ਉਨ੍ਹਾਂ ਇਸਦੀ ਸਿਕਾਇਤ ਜ਼ਿਲ੍ਹਾ ਪੁਲਿਸ ਤੇ ਪ੍ਰਸ਼ਾਸਨ ਨੂੰ ਵੀ ਕੀਤੀ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਕਾਨੂੰਨ ਮੁਤਾਬਕ ਕਾਰਵਾਈ ਨਾ ਹੋਈ ਤਾਂ ਉਹ ਬਣਨ ਜਾ ਰਹੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਜਾਣਗੇ। ਸਾਥੀ ਕੋਂਸਲਰਾਂ ਤਾਰਾ ਚੰਦ ਤੇ ਮਨਦੀਪ ਮੱਕੜ ਆਦਿ ਦੀ ਹਾਜ਼ਰੀ ’ਚ ਪ੍ਰਧਾਨ ਮਨਮੋਹਨ ਧੀਂਗੜਾ ਨੇ ਇਸ ਮੌਕੇ ਦੱਸਿਆ ਕਿ ਪਿਛਲੇ ਸਾਲ ਅਪ੍ਰੈਲ ਮਹੀਨੇ ’ਚ ਹੋਈਆਂ ਨਗਰ ਕੋਂਸਲਾਂ ਚੋਣਾਂ ਵਿਚ 11 ਕੋਂਸਲਰ ਕਾਂਗਰਸ ਦੀ ਟਿਕਟ ’ਤੇ ਚੁਣੇ ਗਏ ਸਨ। ਇਸ ਦੌਰਾਨ ਹੋਈ ਚੋਣ ਵਿਚ ਉਹ ਪ੍ਰਧਾਨ ਤੇ ਕਸਮੀਰੀ ਲਾਲ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਸੀ ਪ੍ਰੰਤੂ ਵੋਟਾਂ ਤੋਂ ਕੁੱਝ ਦਿਨ ਪਹਿਲਾਂ ਕਸਮੀਰੀ ਲਾਲ ਤੇ ਅੱਧੀ ਦਰਜ਼ਨ ਦੇ ਕਰੀਬ ਹੋਰ ਕਾਂਗਰਸੀ ਕੋਂਸਲਰ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਸਨ। ਪ੍ਰਧਾਨ ਮੁਤਾਬਕ ਉਨ੍ਹਾਂ ਦੀ ਚੋਣ ਦੇ ਮਾਮਲੇ ਵਿਚ ਵਿਰੋਧੀਆਂ ਵਲੋਂ ਹਾਈਕੋਰਟ ਵਿਚ ਵੀ ਚੁਣੌਤੀ ਦਿੱਤੀ ਸੀ ਪੰ੍ਰਤੂ ਮਾਣਯੋਗ ਅਦਾਲਤ ਨੇ ਵੀ ਵਿਰੋਧੀਆਂ ਨੂੰ ਲੋਕਤੰਤਰੀ ਤਰੀਕੇ ਨਾਲ ਦੋ ਤਿਹਾਈ ਬਹੁਮਤ ਸਾਬਤ ਕਰਕੇ ਅਪਣੀ ਤਾਕਤ ਦਿਖਾਉਣ ਲਈ ਕਿਹਾ ਸੀ ਪਰ ਹੁਣ ਆਪ ਦੀ ਸਰਕਾਰ ਬਣਦਿਆਂ ਹੀ ਇੰਨ੍ਹਾਂ ਕੋਂਸਲਰਾਂ ਨੇ ਭੁੱਚੋਂ ਹਲਕੇ ਤੋਂ ਨਵੇਂ ਚੁਣ ਗਏ ਵਿਧਾਇਕ ਦੇ ਰਿਸਤੇਦਾਰ ਅਤੇ ਬਠਿੰਡਾ ਤੋਂ ਆਪ ਆਗੂਆਂ ਨੂੰ ਨਾਲ ਲੈ ਕੇ ਉਨ੍ਹਾਂ ਦੇ ਦਫ਼ਤਰ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸਦੀ ਨਾਮ ਪਲੇਟ ਵੀ ਤੋੜ ਦਿੱਤੀ। ਉਧਰ ਭੁੱਚੋ ਹਲਕੇ ਦੇ ਵਿਧਾਇਕ ਜਗਸੀਰ ਸਿੰਘ ਨੇ ਪ੍ਰਧਾਨ ਤੇ ਉਨ੍ਹਾਂ ਦੇ ਸਾਥੀਆਂ ਉਪਰ ਗੁੰਮਰਾਹ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਜਾਣਬੁੱਝ ਕੇ ਉਸਦਾ ਨਾਮ ਘਸੀਟਿਆ ਜਾ ਰਿਹਾ ਹੈ ਜਦੋਂਕਿ ਅਜਿਹੀ ਕੋਈ ਗੱਲ ਨਹੀਂ। ਜਦੋਂਕਿ ਕੋਂਸਲ ਦੇ ਸੀਨੀਅਰ ਮੀਤ ਪ੍ਰਧਾਨ ਕਸ਼ਮੀਰੀ ਲਾਲ ਨੇ ਦਾਅਵਾ ਕੀਤਾ ਕਿ ਪ੍ਰਧਾਨ ਅਪਣਾ ਵਿਸਵਾਸ ਗਵਾ ਚੁੱਕੇ ਹਨ, ਜਿਸਦੇ ਚੱਲਦੇ ਉਹ ਬੁਖ਼ਲਾਹਟ ਵਿਚ ਆ ਕੇ ਝੂਠੇ ਦੋਸ਼ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੀ ਜਿੱਤ ਦੀ ਖੁਸੀ ’ਚ ਕੋਂਸਲ ਵਿਚ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ ਤੇ ਉਹ ਚਾਹ ਪੀ ਕੇ ਅਤੇ ਲੱਡੂ ਵੰਡ ਕੇ ਵਾਪਸ ਆ ਗਏ ਪਰ ਕਬਜ਼ੇ ਵਾਲੀ ਕੋਈ ਗੱਲ ਨਹੀਂ।

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂਆਂ ਨੇ ਕੀਤੀ ਮੀਟਿੰਗ

0

ਸੁਖਜਿੰਦਰ ਮਾਨ
ਬਠਿੰਡਾ, 12 ਮਾਰਚ: ਅੱਜ ਸਥਾਨਕ ਗੁਰਦੁਆਰਾ ਹਾਜੀਰਤਨ ਸਾਹਿਬ ਵਿਖੇ ਭਾਰਤੀ ਕਿਸਾਨ ਯੁਨੀਅਨ ਲੱਖੋਵਾਲ ਟਿਕੈਤ ਦੀ ਇਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਦਾਰਾ ਸਿੰਘ ਦੀ ਅਗਵਾਈ ਹੇਠ ਕੀਤੀ ਗਈ, ਜਿਸ ਵਿਚ ਯੂਨੀਅਨ ਦੇ ਸੂਬਾ ਮੁੱਖ ਸਕੱਤਰ ਜਨਰਲ ਰਾਮਕਰਨ ਸਿੰਘ ਰਾਮਾਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਮੀਟਿੰਗ ਦੌਰਾਨ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਉਪਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਕਨੂੰਨ ਸੋਧ ਰਾਹੀਂ ਪੰਜਾਬ ਦੇ ਹੱਕਾਂ ਉਪਰ ਡਾਕਾ ਮਾਰਨ ਦਾ ਦੋਸ਼ ਲਗਾਊਂਦਿਆਂ ਇਸ ਵਿਰੁਧ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ। ਇਸਤੋਂ ਇਲਾਵਾ ਖੇਤੀ ਅੰਦੋਲਨ ਨੂੰ ਖ਼ਤਮ ਕਰਨ ਸਮੇਂ ਬਾਕੀ ਮੰਗਾਂ ਨੂੰ ਪੂਰਾ ਨਾ ਕਰਨ ’ਤੇ ਵੀ ਰੋਸ਼ ਜਤਾਇਆ ਗਿਆ। ਕਿਸਾਨ ਆਗੂ ਰਾਮਕਰਨ ਸਿੰਘ ਨੇ ਦਸਿਆ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ 25 ਮਾਰਚ ਨੂੰ ਗਵਰਨਰ ਹਾਊਸ ਚੰਡੀਗੜ੍ਹ ਵਿਖੇ ਰੋਸ਼ ਪ੍ਰਦਰਸਨ ਕਰ ਕੇ ਰਾਸ਼ਟਰਪਤੀ ਦੇ ਨਾਂ ਤੇ ਮੰਗ ਪੱਤਰ ਦਿੱਤਾ ਦੇਵੇਗਾ। ਮੀਟਿੰਗ ਵਿਚ ਸੁਖਦੇਵ ਸਿੰਘ ਗੰਗਾ, ਗੁਰਮੀਤ ਸਿੰਘ ਗਰੂਸਰ, ਬਲਵੀਰ ਸਿੰਘ ਸਰਦਾਰਗੜ੍ਹ, ਬਲਦੇਵ ਸਿੰਘ ਜੱਸੀ,ਸੁਖਦੇਵ ਸਿੰਘ ਰਾਮਾਂ, ਅਸ਼ੋਕ ਕੁਮਾਰ ਲੇਲੇਵਾਲਾ, ਕਰਮਜੀਤ ਸਿੰਘ ਜੱਜਲ, ਕਰਨੈਲ ਸਿੰਘ ਗੰਗਾ, ਗੋਬਿੰਦ ਸਿੰਘ ਮਾਈਸਰਖਾਨਾ, ਲਖਵਿੰਦਰ ਸਿੰਘ, ਕੁਲਵਿੰਦਰ ਸਿੰਘ, ਦਰਸ਼ਨ ਸਿੰਘ ਲੇਲੇਵਾਲਾ, ਜਗਸੀਰ ਸਿੰਘ ਬਰਕੰਦੀ,ਰਾਜੂ ਸਿੰਘ, ਜਗਦੇਵ ਸਿੰਘ, ਬਲਵਿੰਦਰ ਸਿੰਘ, ਰਾਜਾ ਸਿੰਘ ਤੇ ਪੇ੍ਮ ਸਿੰਘ ਬਰਕੰਦੀ ਹਾਜ਼ਰ ਸਨ।

Our Visitor

1899132