ਸੁਖਜਿੰਦਰ ਮਾਨ
ਬਠਿੰਡਾ, 12 ਮਾਰਚ: ਸਥਾਨਕ ਮਾਲਵਾ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਅਤੇ ਮਾਲਵਾ ਕਾਲਜ ਵਿਚ ਅੱਜ 16ਵੀ ਸਲਾਨਾ ਐਥਲੈਟਿਕਸ ਮੀਟ ਦਾ ਆਯੋਜਨ ਕੀਤਾ ਗਿਆ। ਇਸ ਮੀਟ ਵਿੱਚ ਹਰਵਿੰਦਰ ਸਿੰਘ ਉਲੰਪੀਅਨ (ਅਰਜੁਨ ਐਵਾਰਡੀ) ਨੇ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਿਰਕਤ ਕੀਤੀ। ਕਾਲਜ ਦੇ ਵੱਖ-2 ਹਾਊਸ ਤੋਂ ਸਲਾਮੀ ਲੈਣ ਤੋਂ ਉਪਰੰਤ ਉਹਨਾਂ ਨੇ ਆਪਣੇ ਜੀਵਨ ਦੇ ਅਤਿ ਮਹੱਤਵਪੂਰਨ ਤਜਰਬੇ ਸਾਝੇ ਕਰਦੇ ਹੋਏ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸਤੋਂ ਇਲਾਵਾ ਆਈ.ਆਰ.ਐਸ ਅਤੇ ਇੰਟਰਨੈਸ਼ਨਲ ਐਥਲੀਟ ਕੇ.ਪੀ.ਐਸ. ਬਰਾੜ ਜਨਰਲ ਸੈਕਟਰੀ ਪੰਜਾਬ ਐਥਲੈਟਿਕਸ ਐਸੋਸ਼ੀਏਸ਼ਨ ਨੇ ਵੀ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਕਾਲਜ ਡਾਇਰੈਕਟਰ ਪ੍ਰੋ. ਦਰਸ਼ਨ ਸਿੰਘ ਨੇ ਕਾਲਜ ਦੀਆਂ ਪ੍ਰਾਪਤੀਆਂ ਦੀ ਸਲਾਨਾ ਰਿਪੋਰਟ ’ ਤੇ ਚਾਨਣਾ ਪਾਇਆ। ਡੀਨ ਰਘਬੀਰ ਚੰਦ ਸ਼ਰਮਾ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਹਰਵਿੰਦਰ ਸਿੰਘ ਨੇ ਨਿਭਾਈ। ਇਨਾਮ ਵੰਡ ਸਮਾਰੋਹ ਵਿੱਚ ਅੰਤਰਰਾਸ਼ਟਰੀ ਖਿਡਾਰੀ (ਮਹਾਰਾਜਾ ਰਣਜੀਤ ਸਿੰਘ ਐਵਾਰਡੀ) ਕੰਵਲਪ੍ਰੀਤ ਸਿੰਗ ਬਾਜਵਾ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ। ਉਹਨਾਂ ਨੇ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦੇ ਹੋਏ ਖੇਡਾਂ ਦੇ ਪੱਧਰ ਉਦੇ ਯਤਨ ਕਰਨ ਲਈ ਕਾਲਜ ਦੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਰਮਨ ਸਿੰਗਲਾ ਚੇਅਰਮੈਨ ਮਾਲਵਾ ਐਡਵਾਂਡਸ ਸੁਸਾਇਟੀ ਨੇ ਮੁੱਖ ਮਹਿਮਾਨ ਅਤੇ ਰਾਕੇਸ਼ ਗੋਇਲ ਉਪ ਪ੍ਰਧਾਨ ਮਾਲਵਾ ਐਡਵਾਡਸ ਸੁਸਾਇਟੀ ਨੇ ਵੀ ਸ਼ਿਰਕਤ ਕੀਤੀ। ਉਹਨਾਂ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਐਥਲੈਟਿਕਸ ਮੀਟ ਸੁੱਚਜੇ ਢੰਗ ਨਾਲ ਕਰਵਾਉਣ ਲਈ ਪ੍ਰਸ਼ੰਸ਼ਾ ਕੀਤੀ। ਟ੍ਰੈਕ ਅਤੇ ਫੀਲਡ ਈਵੈਂਟਸ 100 ਮੀ., 200 ਮੀ., 400ਮੀ., 800ਮੀ., 4ਯ100 ਮੀ., ਗੋਲਾ ਸੁੱਟਣਾ, ਉੱਚੀ ਛਾਲ, ਲੰਬੀ ਛਾਲ, ਰੱਸਾ ਕੱਸੀ ਮੁਕਾਬਲੇ ਪ੍ਰੋ. ਰਾਜਵਿੰਦਰ ਸਿੰਘ, ਪ੍ਰੋ. ਗਰੀਸ਼ ਸ਼ਰਮਾ, ਪ੍ਰੋ. ਕਮਲਦੀਪ ਸਿੰਘ, ਪ੍ਰੋ. ਜਗਦੀਪ ਸਿੰਘ, ਪ੍ਰੋ. ਹਰਦੀਪ ਸਿੰਘ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਅਰਸ਼ਦੀਪ ਕੌਰ, ਪ੍ਰੋ. ਸੁਖਪਾਲ ਕੌਰ, ਪ੍ਰੋ. ਸੰਦੀਪ ਕੌਰ ਅਤੇ ਪ੍ਰੋ. ਰਮਨਦੀਪ ਕੌਰ ਦੀ ਅਗਵਾਈ ਹੇਠ ਕਰਵਾਏ ਗਏ। ਅੱਜ ਦੇ ਮੁਕਾਬਲਿਆ ਵਿਚ ਲੜਕੀਆ ਦੇ ਵਰਗ ਵਿੱਚ ਕੋਮਲਜੋਤ ਕੌਰ ਮਹਾਰਾਜਾ ਰਣਜੀਤ ਸਿੰਘ ਹਾਊਸ ਅਤੇ ਲੜਕਿਆ ਦੇ ਵਰਗ ਵਿਚ ਰੋਹਿਤ ਗਿੱਲ ਸ਼ਹੀਦ ਭਗਤ ਸਿੰਘ ਹਾਊਸ ਚੁਣੇ ਗਏ। ਇਸ ਸਮਾਗਮ ਵਿੱਚ ਖੁਸ਼ਵੀਰ ਸਿੰਘ ਸੀ.ਈ.ਓ. (ਰਿਟਾ), ਕੌਰ ਸਿੰਘ ਏ.ਈ.ਓ. (ਰਿਟਾ), ਹਰਨੇਕ ਸਿੰਘ ਏ.ਈ.ਓ. (ਰਿਟਾ), ਪਰਮਜੀਤ ਸਿੰਘ ਸੇਖੋ, ਪਿ੍ਰੰਸੀਪਲ ਭਾਗੀਰਥ ਗਰਗ, ਪਿ੍ਰੰਸੀਪਲ ਪਵਨ ਕੁਮਾਰ, ਪਿ੍ਰੰਸੀਪਲ ਗੁਰਮੇਲ ਸਿੰਘ, ਪਿ੍ਰੰਸੀਪਲ ਸੁਰਿੰਦਰ ਸਿੰਘ, ਗਜਲਗੋ ਸੁਰਿੰਦਰਪ੍ਰੀਤ ਘਣੀਆ, ਜਗਮੋਹਨ ਸਿੰਘ ਪੀ.ਟੀ.ਆਈ ਅਤੇ ਰਮਨਦੀਪ ਗਿੱਲ ਤੋਂ ਇਲਾਵਾ ਕਾਲਜ਼ ਦੇ ਪ੍ਰੋ. ਰਾਜਵਿੰਦਰ ਸਿੰਘ, ਡਾ. ਸਰਬਜੀਤ ਕੌਰ ਢਿੱਲੋਂ , ਸ਼੍ਰੀਮਤੀ ਬਿੰਦੂ ਡੋਡਾ , ਸ਼੍ਰੀਮਤੀ ਇੰਦਰਪ੍ਰੀਤ ਕੌਰ, ਪ੍ਰੇਮ ਸਿੰਘ ਆਦਿ ਹਾਜ਼ਰ ਰਹੇ।
ਮਾਲਵਾ ਕਾਲਜ ’ਚ 16ਵੀਂ ਐਥਲੈਟਿਕਸ ਮੀਟ 2022 ਦਾ ਆਯੋਜਨ
ਹਾਈਕੋਰਟ ਦੇ ਜਸਟਿਸ ਨੇ ਕੀਤਾ ਬਠਿੰਡਾ ਦੀ ਕੇਂਦਰੀ ਜੇਲ ਦਾ ਦੌਰਾ
ਸੁਖਜਿੰਦਰ ਮਾਨ
ਬਠਿੰਡਾ, 12 ਮਾਰਚ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਅਤੇ ਬਠਿੰਡਾ ਕੋਰਟ ਦੇ ਐਡਮਨੀਸਟਰੇਟਿਵ ਜੱਜ ਸ੍ਰੀਮਤੀ ਲੀਸਾ ਗਿੱਲ ਵਲੋਂ ਅੱਜ ਸਥਾਨਕ ਕੇਂਦਰੀ ਜੇਲ੍ਹ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਹਨਾਂ ਕੈਦੀਆਂ ਅਤੇ ਹਵਾਲਾਤੀਆਂ ਨਾਲ ਮੁਲਾਕਾਤ ਕਰਦਿਆਂ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਜੇਲ੍ਹ ਪ੍ਰਸ਼ਾਸਨ ਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ। ਇਸਤੋਂ ਇਲਾਵਾ ਅੱਜ ਕੌਮੀ ਲੋਕ ਅਦਾਲਤ ਤਹਿਤ ਜ਼ਿਲ੍ਹੇ ਵਿਚ 22 ਬੈਂਚਾਂ ਦਾ ਗਠਨ ਕਰਕੇ 1174 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ 229160969 ਰੁਪਏ ਦਾ ਅਵਾਰਡ ਪਾਸ ਕੀਤੇ ਗਏ।
ਆਂਗਣਵਾੜੀ ਮੁਲਾਜਮ ਯੂਨੀਅਨ ਨੇ ਬਠਿੰਡਾ ’ਚ ਕੀਤੀ ਜੇਤੂ ਰੈਲੀ
ਸੁਖਜਿੰਦਰ ਮਾਨ
ਬਠਿੰਡਾ, 12 ਮਾਰਚ:ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਬਲਾਕ ਬਠਿੰਡਾ ਸਹਿਰੀ ਵੱਲੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਾਣ ਭੱਤੇ ਵਿੱਚ ਚੋਣਾਂ ਤੋਂ ਪਹਿਲਾਂ ਹੋਏ ਵਾਧੇ ਦੀ ਖੁਸੀ ਵਿੱਚ ਅੱਜ ਪਰਸ ਰਾਮ ਨਗਰ ਬਠਿੰਡਾ ਵਿਖੇ ਜਿੱਤ ਰੈਲੀ ਕੀਤੀ ਗਈ । ਇਸ ਦੌਰਾਨ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ , ਸੂਬਾ ਦਫਤਰ ਸਕੱਤਰ ਛਿੰਦਰਪਾਲ ਕੌਰ ਥਾਂਦੇਵਾਲਾ ਅਤੇ ਸੂਬਾ ਜਨਰਲ ਸਕੱਤਰ ਗੁਰਮੀਤ ਕੌਰ ਗੋਨੇਆਣਾ ਨੂੰ ਸਨਮਾਨਿਤ ਕੀਤਾ ਗਿਆ । ਵਰਨਣਯੋਗ ਹੈ ਕਿ ਆਂਗਣਵਾੜੀ ਵਰਕਰਾਂ ਦਾ ਮਾਣ ਮੱਤਾ 1400 ਰੁਪਏ ਅਤੇ ਹੈਲਪਰਾਂ ਦਾ 1000 ਰੁਪਏ ਵਧਾਇਆ ਗਿਆ ਸੀ । ਇਸ ਮੌਕੇ ਬੋਲਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਵਰਕਰਾਂ ਦੀ ਮੰਗ ਹੈ ਕਿ ਉਹਨਾਂ ਨੂੰ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ਤੇ ਹੈਲਪਰਾਂ ਨੂੰ ਪੱਕਾ ਕੀਤਾ ਜਾਵੇ । ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਹੋਈਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਸਾਬਕਾ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਹੋਈ ਹਾਰ ’ਤੇ ਖੁਸੀ ਮਨਾਈ ਅਤੇ ਦੋਸ਼ ਲਗਾਇਆ ਕਿ ਵਿਤ ਮੰਤਰੀ ਰਹਿੰਦਿਆਂ ਉਨ੍ਹਾਂ ਵਰਕਰਾਂ ਤੇ ਹੈਲਪਰਾਂ ਉੱਪਰ ਬਹੁਤ ਅੱਤਿਆਚਾਰ ਕਰਵਾਏ ਸਨ ਅਤੇ ਉਹਨਾਂ ਨੂੰ ਬਠਿੰਡਾ ਵਿਖੇ ਧਰਨੇ ਮੁਜਾਹਰੇ ਕਰਨ ਲਈ ਮਜਬੂਰ ਕੀਤਾ ਸੀ । ਇਸ ਮੌਕੇ ਜਸਵੀਰ ਕੌਰ ਬਠਿੰਡਾ ਬਲਾਕ ਪ੍ਰਧਾਨ ਸਹਿਰੀ , ਅੰਮਿ੍ਰਤਪਾਲ ਕੌਰ ਬੱਲੂਆਣਾ ਦਿਹਾਤੀ ਪ੍ਰਧਾਨ ਬਠਿੰਡਾ , ਸੋਮਾ ਰਾਣੀ , ਦਰਸਨ ਕੌਰ , ਦਰਸਨਾਂ ਰਾਣੀ , ਰੁਪਿੰਦਰ ਕੌਰ , ਸੁਖਦੇਵ ਕੌਰ , ਗੁਰਵਿੰਦਰ ਕੌਰ , ਰੂਪ ਕੌਰ , ਨਵਜੋਤ ਕੌਰ , ਹਰਵੀਰ ਕੌਰ , ਲੀਲਾ ਵੰਤੀ ਤੇ ਕੰਵਲ ਕੌਰ ਆਦਿ ਆਗੂ ਹਾਜਰ ਸਨ ।
ਨਵੀਂ ਸਿੱਖਿਆ ਨੀਤੀ ਦੇ ਮਾਰੂ ਪ੍ਰਭਾਵਾਂ ਬਾਰੇ ਕਨਵੈਨਸਨ
ਸੁਖਜਿੰਦਰ ਮਾਨ
ਬਠਿੰਡਾ, 12 ਮਾਰਚ: ਸਥਾਨਕ ਟੀਚਰਜ ਹੋਮ ਵਿਖੇ ਕੁੱਲ ਹਿੰਦ ਸਿੱਖਿਆ ਅਧਿਕਾਰ ਮੰਚ ਵੱਲੋਂ “ਨਵੀਂ ਸਿੱਖਿਆ ਨੀਤੀ 2020 ਦੇ ਸਮਾਜ ‘ਤੇ ਪੈਣ ਵਾਲੇ ਪ੍ਰਭਾਵ“ ਵਿਸ਼ੇ ‘ਤੇ ਕਨਵੈਨਸ਼ਨ ਕੀਤੀ ਗਈ। ਕਮੇਟੀ ਦੇ ਕਨਵੀਨਰ ਰਜਿੰਦਰ ਢਿੱਲਵਾਂ(ਪੀ.ਐਸ.ਯੂ)ਨੇ ਆਏ ਹੋਏ ਸੱਜਣਾ ਦਾ ਸਵਾਗਤ ਕੀਤਾ,ਸਟੇਜ ਸੰਚਾਲਕ ਦੀ ਭੂਮਿਕਾ ਡੀ.ਟੀ.ਐਫ. ਦੇ ਜਗਪਾਲ ਬੰਗੀ ਨੇ ਨਿਭਾਈ ਅਤੇ ਕੋ ਕਨਵੀਨਰ ਬੇਅੰਤ ਫੂਲੇਵਾਲਾ (ਇਨਕਲਾਬੀ ਕੇਂਦਰ ਪੰਜਾਬ) ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਮੁੱਖ ਬੁਲਾਰੇ ਡਾ.ਕਮਲਜੀਤ ਸਿੰਘ ਅਤੇ ਡਾ.ਰਮਿੰਦਰ ਸਿੰਘ ਨੇ ਮੋਦੀ ਸਰਕਾਰ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਹੋਰਨਾਂ ਖੇਤਰਾਂ ਦੀ ਤਰ੍ਹਾਂ ਸਿੱਖਿਆ ਦੇ ਖੇਤਰ ਵਿੱਚ ਵੀ ਨਿੱਜੀਕਰਨ,ਭਗਵੇਂਕਰਨ ਅਤੇ ਕੇੰਦਰੀਕਰਨ ਲਈ ਨਵੀਂ ਸਿੱਖਿਆ ਨੀਤੀ 2020 ਲਾਗੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਡੀ.ਐਮ.ਐੱਫ ਦੇ ਸਿਕੰਦਰ ਧਾਲੀਵਾਲ,ਬੀ.ਕੇ.ਯੂ.(ਡਕੌੰਦਾ) ਦੇ ਚੰਦ ਸਿੰਘ ਭੁੱਚੋ ਖੁਰਦ,ਜਮਹੂਰੀ ਕਿਸਾਨ ਸਭਾ ਦੇ ਨਾਇਬ ਸਿੰਘ ਫੂਸਮੰਡੀ,ਪੈਂਸ਼ਨਰਜ ਐਸੋਸੀਏਸ਼ਨ ਦੇ ਦਰਸ਼ਨ ਮੌੜ,ਕਿਰਤੀ ਕਿਸਾਨ ਯੂਨੀਅਨ ਦੇ ਅਮਰਜੀਤ ਹਨੀ,ਜਮਹੂਰੀ ਅਧਿਕਾਰ ਸਭਾ ਦੇ ਪਿ੍ਰੰ. ਬੱਗਾ ਸਿੰਘ,ਡਾਕਟਰ ਅਜੀਤਪਾਲ ਸਿੰਘ, ਪਿ੍ਰਤਪਾਲ ਸਿੰਘ,ਬੂਟਾ ਸਿੰਘ ਤੁੰਗਵਾਲੀ,ਬੂਟਾ ਸਿੰਘ ਰੋਮਾਣਾ,ਪਿ੍ਰੰਸੀਪਲ ਰਣਜੀਤ ਸਿੰਘ ਆਦਿ ਹਾਜਰ ਸਨ।
ਸਾਰੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ: ਭਗਵੰਤ ਮਾਨ
ਕਿਸੇ ਵੀ ਧਰਮ ਦੀ ਬੇਅਦਬੀ ਸਹਿਣ ਨਹੀਂ ਕੀਤੀ ਜਾਵੇਗੀ: ਭਗਵੰਤ ਮਾਨ
ਪੰਜਾਬ ਦੀ ਅਮਨ ਸ਼ਾਂਤੀ ਅਤੇ ਭਾਈਚਾਰਾ ਕਾਇਮ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ: ਭਗਵੰਤ ਮਾਨ
ਸੁਖਜਿੰਦਰ ਮਾਨ
ਚੰਡੀਗੜ, 12 ਮਾਰਚ: ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ ‘ਚ ਵਾਪਰੇ ਸ਼ੱਕੀ ਗਊ ਮੌਤ ਦੀ ਭਗਵੰਤ ਮਾਨ ਨੇ ਸਖ਼ਤ ਨਿਖੇਧੀ ਕਰਦਿਆਂ ਪੁਲੀਸ ਨੂੰ ਜਲਦੀ ਤੋਂ ਜਲਦੀ ਦੋਸ਼ੀਆਂ ਦਾ ਪਤਾ ਲਾਉਣ ਅਤੇ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।ਇਸ ਮਾਮਲੇ ‘ਤੇ ਭਗਵੰਤ ਮਾਨ ਨੇ ਕਿਹਾ ਕਿ ‘ਆਪ’ ਦੀ ਸਰਕਾਰ ਕਿਸੇ ਵੀ ਕੀਮਤ ‘ਤੇ ਪੰਜਾਬ ਦੀ ਅਮਨ ਸ਼ਾਂਤੀ ਅਤੇ ਭਾਈਚਾਰਾ ਖ਼ਰਾਬ ਨਹੀਂ ਹੋਣ ਦੇਵੇਗੀ। ਸਮਾਜ ਵਿਰੋਧੀ ਤਾਕਤਾਂ ਵੱਲੋਂ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀਆਂ ਕੋਸ਼ਿਸ਼ਾਂ ਹੁਣ ਸਫ਼ਲ ਹੋਣ ਵਾਲੀਆਂ ਨਹੀਂ ਹਨ। ਪੰਜਾਬ ‘ਚ ਕਿਸੇ ਵੀ ਧਰਮ ਦੀ ਬੇਅਦਬੀ ਸਹਿਣ ਨਹੀਂ ਕੀਤੀ ਜਾਵੇਗੀ।
ਭਗਵੰਤ ਮਾਨ ਨੇ ਗਊ ਹੱਤਿਆ ਮਾਮਲੇ ‘ਚ ਪੁਲੀਸ ਨੂੰ ਸਖ਼ਤ ਨਿਰਦੇਸ਼ ਦਿੰਦਿਆਂ ਕਿਹਾ ਕਿ ਪੰਜਾਬ ਦੀ ਅਮਨ ਸ਼ਾਂਤੀ ਅਤੇ ਭਾਈਚਾਰਾ ਬਣਾ ਕੇ ਰੱਖਣਾ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ। ਕਿਸੇ ਵੀ ਵਿਅਕਤੀ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦੀ ਛੋਟ ਨਹੀਂ ਦਿੱਤੀ ਜਾਵੇਗੀ। ਉਨਾਂ ਵਿਸ਼ਵਾਸ਼ ਦਿਵਾਇਆ ਕਿ ਸਾਰੇ ਦੋਸ਼ੀਆਂ ਨੂੰਂ ਜਲਦੀ ਗ੍ਰਿਫ਼ਤਾਰ ਕਰਕੇ ਕਾਰਵਾਈ ਕੀਤੀ ਜਾਵੇਗੀ।
ਸਕੂਲ ਵੱਲੋਂ ਬੱਚਿਆਂ ਨੂੰ ਨਿਵੇਕਲੇ ਢੰਗ ਨਾਲ ਸਰਟੀਫਿਕੇਟ ਤਕਸੀਮ ਕੀਤੇ
ਸੁਖਜਿੰਦਰ ਮਾਨ
ਬਠਿੰਡਾ, 12 ਮਾਰਚ: ਸਥਾਨਕ ਸ਼ਹਿਰ ਵਿਚ ਚੱਲ ਰਹੇ ਡੈਡੀਜ਼ ਟੈਡੀ ਪਲੇਅ ਵੇਅ ਸਕੂਲ ਵੱਲੋਂ ਪਿ੍ਰਸੀਪਲ ਮੈਡਮ ਰੀਤੂ ਰਾਉਂਤਾ ਦੀ ਅਗਵਾਈ ਹੇਠ ਨੰਨੇ ਮੁੰਨੇ ਬੱਚਿਆਂ ਦੇ ਦਿਮਾਗ ਵਿੱਚ ਤਬਦੀਲੀ ਲਿਆ ਕੇ ਅਤੇ ਸਿੱਖਿਆ ਦਾ ਮੁੱਢ ਬੰਨ ਕੇ ਉਹਨਾਂ ਦੇ ਜੀਵਨ ਦੀ ਨੀਂਹ ਮਜਬੂਤ ਕਰਨ ਦਾ ਉਦਮ ਕੀਤਾ ਜਾ ਰਿਹਾ ਹੈ। ਇਸਦੇ ਚੱਲਦੇ ਸਕੂਲ ਪ੍ਰਬੰਧਕਾਂ ਵਲੋਂ ਬੱਚਿਆਂ ਨੂੰ ਨਿਵੇਕਲੇ ਢੰਗ ਨਾਲ ਸਰਟੀਫਿਕੇਟ ਤਕਸੀਮ ਕਰਕੇ ਉਹਨਾਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ। ਗੌਰਤਲਬ ਹੈ ਕਿ ਇੱਥੇ ਪੜਾਈ ਦੇ ਨਾਲ ਨਾਲ ਖੇਡਾਂ, ਸੱਭਿਆਚਾਰਕ ਗਤੀਵਿਧੀਆਂ ਆਦਿ ਰਾਹੀਂ ਬੱਚਿਆਂ ਦੇ ਦਿਮਾਗ ਨੂੰ ਤਰਾਸ ਕੇ ਤੇਜ ਕੀਤਾ ਜਾਂਦਾ ਹੈ। ਕਰੋਨਾ ਮਹਾਂਮਾਰੀ ਨੇ ਭਾਵੇਂ ਸਕੂਲੀ ਕੰਮਾਂ ਵਿੱਚ ਕਾਫ਼ੀ ਖੜੋਤ ਪਾਈ ਰੱਖੀ, ਪਰ ਮਾਹੌਲ ਠੀਕ ਹੋਣ ਤੇ ਮੁੜ ਸਕੂਲ ਖੋਹਲੇ ਗਏ ਸਨ। ਇਸ ਸਕੂਲ ਵੱਲੋਂ ਪਿਛਲੇ ਸਾਲ ਦੀਆਂ ਪ੍ਰਾਪਤੀਆਂ ਦਾ ਨਤੀਜਾ ਜਾਰੀ ਕੀਤਾ ਗਿਆ।
108 ਐਂਬੂਲੈਂਸ ਯੂਨੀਅਨ ਨੇ ਅਗਲੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀਆਂ ਵਧਾਈਆਂ
ਸੁਖਜਿੰਦਰ ਮਾਨ
ਬਠਿੰਡਾ, 12 ਮਾਰਚ: 108 ਐਂਬੂਲੈਂਸ ਇੰਪਲਾਈਜ ਐਸੋਸੀਏਸਨ ਪੰਜਾਬ ਦੇ ਆਗੂਆਂ ਨੇ ਆਮ ਆਦਮੀ ਪਾਰਟੀ ਨੂੰ ਸੂਬੇ ਵਿਚ ਭਾਰੀ ਬਹੁਮਤ ਮਿਲਣ ਅਤੇ ਇਸਦੇ ਪ੍ਰਧਾਨ ਭਗਵੰਤ ਸਿੰਘ ਮਾਨ ਦੇ ਨਵੇਂ ਮੁੱਖ ਮੰਤਰੀ ਬਣਨ ’ਤੇ ਵਧਾਈ ਦਿੱਤੀ ਹੈ। ਇੱਥੇ ਜਾਰੀ ਬਿਆਨ ਵਿਚ ਯੂਨੀਅਨ ਦੇ ਪ੍ਰਧਾਨ ਮਨਪ੍ਰੀਤ ਨਿੱਜਰ ਨੇ 20 ਫ਼ਰਵਰੀ ਨੂੰ ਹੋਈਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦਾ ਸਹਿਯੋਗ ਦੇਣ ਵਾਲੇ ਸਾਥੀਆਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਤੇ ਅਕਾਲੀ ਸਰਕਾਰ ਨੇ ਠੇਕੇਦਾਰੀ ਸਿਸਟਮ ਚਾਲੂ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਲੁੱਟਿਆ। ਜਿਸ ਕਾਰਨ ਆਰਥਿਕ ਤੇ ਮਾਨਸਿਕ ਸੋਸਣ ਦਾ ਸਿਕਾਰ ਹੋ ਰਹੇ ਕਈ ਮੁਲਾਜਮਾਂ ਨੇ ਆਤਮਹੱਤਿਆ ਕਰ ਲਈ ਹੈ। ਉਨ੍ਹਾਂ ਕਿਹਾ ਕਿ 108 ਐਂਬੂਲੈਂਸ ਮਹਿਕਮਾ ਕੰਪਨੀ ਤੇ ਅਫਸਰਾਂ ਦੀ ਮਿਲੀਭੁਗਤ ਨਾਲ 11 ਸਾਲਾਂ ਤੋਂ ਚੱਲ ਰਿਹਾ ਹੈ। ਨਿਗੂਣੀਆਂ ਤਨਖਾਹਾਂ ਤੇ ਕੰਮ ਕਰਦੇ ਮੁਲਾਜਮਾਂ ਨੂੰ 2-3 ਮਹੀਨਿਆਂ ਦੀ ਦੇਰੀ ਨਾਲ ਕੰਪਨੀ ਵੱਲੋਂ ਵੱਲੋਂ ਤਨਖਾਹਾਂ ਦਿੱਤੀ ਜਾਂਦੀ ਹੈ। ਜਿਸਦੇ ਚੱਲਦੇ ਹੁਣ ਉਨ੍ਹਾਂ ਨੂੰ ਨਵੀਂ ਬਣਨ ਵਾਲੀ ਸਰਕਾਰ ਤੋਂ ਭਾਰੀ ਉਮੀਦਾਂ ਹਨ।
ਡੀ. ਏ. ਵੀ. ਕਾਲਜ ਵਿਖੇ ਕੰਪਿਊਟੇਸ਼ਨਲ ਤਕਨੀਕ ਅਤੇ ਗਣਿਤਿਕ ਮਾਡਲਿੰਗ ਵਿਸ਼ੇ ’ਤੇ ਰਾਸ਼ਟਰੀ ਕਾਨਫਰੰਸ ਦਾ ਆਯੋਜਨ
ਸੁਖਜਿੰਦਰ ਮਾਨ
ਬਠਿੰਡਾ, 12 ਮਾਰਚ: ਸਥਾਨਕ ਡੀ. ਏ. ਵੀ. ਕਾਲਜ ਦੇ ਪੋਸਟ ਗ੍ਰੈਜੂਏਟ ਗਣਿਤ ਵਿਭਾਗ ਅਤੇ ਕੰਪਿਊਟਰ ਸਾਇੰਸ ਵਿਭਾਗ ਵਲੋਂ ਅੱਜ ’ਕੰਪਿਊਟੇਸ਼ਨਲ ਤਕਨੀਕ ਅਤੇ ਗਣਿਤਿਕ ਮਾਡਲਿੰਗ ਵਿਸ਼ੇ ’ਤੇ ਐਸ. ਈ. ਆਰ. ਬੀ.- ਡੀ.ਐਸ.ਟੀ. ਸਪਾਂਸਰਡ ਰਾਸ਼ਟਰੀ ਕਾਨਫਰੰਸ ਦਾ ਆਯੋਜਨ ਕਰਵਾਇਆ ਗਿਆ। ਇਸ ਕਾਨਫਰੰਸ ਵਿੱਚ 273 ਪ੍ਰਤੀਯੋਗੀਆਂ ਨੇ ਭਾਗ ਲਿਆ। ਇਸ ਮੌਕੇ ਐਬਸਟਰੈਕਟ ਪੁਸਤਕ ਵੀ ਰਿਲੀਜ਼ ਕੀਤੀ ਗਈ। ਕਾਲਜ ਪਿ੍ਰੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ, ਡਾ. ਵੰਦਨਾ ਜਿੰਦਲ (ਮੁਖੀ ਪੋਸਟ ਗੈ੍ਰਜੂਏਟ ਕੰਪਿਊਟਰ ਸਾਇੰਸ ਵਿਭਾਗ) ਅਤੇ ਪ੍ਰੋਫੈਸਰ ਅਤੁਲ ਸਿੰਗਲਾ (ਮੁਖੀ ਪੋਸਟ ਗੈ੍ਰਜੂਏਟ ਗਣਿਤ ਵਿਭਾਗ) ਨੇ ਮੁੱਖ ਮਹਿਮਾਨਾਂ (ਪ੍ਰੋਫੈਸਰ) ਡਾ. ਗੁਰਪ੍ਰੀਤ ਸਿੰਘ ਲਹਿਲ, (ਡੀਨ ਕਾਲਜ ਡਿਵੈਲਪਮੈਂਟ ਕੌਂਸਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਡਾ. ਅਨਿਲ ਕੁਮਾਰ ਵਰਮਾ (ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ, ਥਾਪਰ, ਯੂਨੀਵਰਸਿਟੀ, ਪਟਿਆਲਾ, (ਪ੍ਰੋਫੈਸਰ) ਡਾ. ਗੀਤਾ ਸਿੱਕਾ (ਡਿਪਾਰਟਮੈਂਟ ਆਫ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ, ਐਨ. ਆਈ. ਟੀ. ਜਲੰਧਰ ਅਤੇ (ਪ੍ਰੋਫੈਸਰ) ਡਾ. ਮੁਨੀਸ਼ ਜਿੰਦਲ (ਪੰਜਾਬ ਯੂਨੀਵਰਸਿਟੀ, ਰਿਜ਼ਨਲ ਸੈਂਟਰ, ਮੁਕਤਸਰ), ਡਾ. ਸੰਜੀਵ ਸ਼ਰਮਾ (ਡਾਇਰੈਕਟਰ, ਮਲੋਟ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੌਜੀ, (ਐਮ ਆਈ. ਐਮ. ਆਈ. ਟੀ.), ਮਲੋਟ ਦਾ ਕਾਲਜ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ। ਡਾ. ਵੰਦਨਾ ਜਿੰਦਲ ਨੇ ਸਵਾਗਤੀ ਭਾਸ਼ਣ ਦਿੱਤਾ। ਮੰਚ ਸੰਚਾਲਨ ਪ੍ਰੋ: ਅਨੁਜਾ ਪੁਰੀ, ਪ੍ਰੋ: ਰਮਿਲ ਗੁਪਤਾ, ਡਾ. ਰਿਸ਼ਮ ਅਤੇ ਪ੍ਰੋ: ਰਾਜਵੀਰ ਕੌਰ ਦੁਆਰਾ ਕੀਤਾ ਗਿਆ।
ਕਾਲਜ ਪਿੰ੍ਰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਆਪਣੇ ਭਾਸ਼ਣ ਵਿੱਚ ਸੱਦੇ ਨੂੰ ਸਵੀਕਾਰ ਕਰਨ ਲਈ ਸਾਰੇ ਪਤਵੰਤਿਆਂ ਨੂੰ ਜੀ ਆਇਆ ਆਖਦਿਆਂ ਉਹਨਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਗਣਿਤਕ, ਵਿਗਿਆਨਕ, ਇੰਜੀਨੀਅਰਿੰਗ, ਜਿਊਮੈਟਰੀਕਲ, ਭੂਗੋਲਿਕ ਅਤੇ ਅੰਕੜਾ ਸਬੰਧੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਤੇਜ਼, ਭਰੋਸੇਯੋਗ, ਆਸਾਨ ਅਤੇ ਕੁਸ਼ਲ ਢੰਗ ਨਾਲ ਕੰਪਿਊਟੇਸ਼ਨਲ ਤਕਨੀਕਾਂ ਦੀ ਵਰਤੋ ਨਾ ਸਿਰਫ ਵਿਗਿਆਨੀਆਂ ਬਲਕਿ ਖੋਜ਼ ਵਿਦਿਆਰਥੀਆਂ ਦੁਆਰਾ ਵੀ ਕੀਤੀ ਜਾ ਰਹੀ ਹੈ।
ਡਾ. ਗੁਰਪ੍ਰੀਤ ਸਿੰਘ ਲਹਿਲ ਨੇ ’ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਸਾਡੇ ਰੋਜਾਨਾ ਜੀਵਨ ਵਿੱਚ ਇਸ ਦਾ ਪ੍ਰਭਾਵ’ ਵਿਸ਼ੇ ’ਤੇ ਭਾਸ਼ਣ ਦਿੱਤਾ। ਉਹਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਿਵੇਂ ਆਰਟੀਫੀਸ਼ੀਅਲ ਇੰਟੈਲੀਜੈਂਸ ਸਾਡੇ ਰੋਜ਼ਾਨਾ ਜੀਵਨ ਦੀਆਂ ਗਤੀਵਿਧੀਆਂ ਜਿਵੇਂ ਸੋਸ਼ਲ ਮੀਡੀਆ, ਡਿਜ਼ੀਟਲ ਐਸੀਸਟੈਂਟ, ਸਵੈ ਡਰਾਈਵਿੰਗ, ਪਾਰਕਿੰਗ ਵਾਹਨ, ਈਮੇਲ ਸੰਚਾਰ, ਵੈਬ ਖੋਜ਼, ਸਟੋਰ ਤੇ ਸੇਵਾਵਾਂ ਗਰਾਮਰ ਚੈਕ ਅਤੇ ਮਸ਼ੀਨ ਅਨੁਵਾਦ ਵਿੱਚ ਆਪਣੀ ਭੂਮਿਕਾ ਨਿਭਾ ਰਿਹਾ ਹੈ।
ਡਾ. ਅਨਿਲ ਕੁਮਾਰ ਵਰਮਾ (ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ, ਥਾਪਰ, ਯੂਨੀਵਰਸਿਟੀ, ਪਟਿਆਲਾ) ਨੇ ’ਸਮਾਰਟ ਵਰਲਡ’ ਵਿਸ਼ੇ ’ਤੇ ਭਾਸ਼ਣ ਦਿੱਤਾ। ਉਹਨਾਂ ਆਈ. ਓ. ਟੀ. ਨੂੰ ਸਮਰੱਥ ਬਣਾਉਣ ਵਾਲੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਸੈਂਸਰ ਅਤੇ ਕਨੈਕਟੀਵਿਟੀ ਦੀ ਪ੍ਰਕਿ੍ਰਆ ਬਾਰੇ ਸਮਝਾਇਆ। ਉਹਨਾਂ ਦੱਸਿਆ ਕਿ ਸੈਂਸਰ ਦੇ ਮਾਧਿਅਮ ਨਾਲ ਡਾਟਾ ਇੱਕਠਾ ਕੀਤਾ ਜਾਂਦਾ ਹੈ। ਕਨੈਕਟੀਵਿਟੀ ਦੇ ਮਾਧਿਅਮ ਨਾਲ ਡਾਟਾ ਕਨੈਕਟ ਕੀਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਅਸੀਂ ਡਾਟਾ ਨੂੰ ਜਰੂਰਤ ਅਨੁਸਾਰ ਪ੍ਰਯੋਗ ਕਰ ਸਕਦੇ ਹਾਂ। ਉਹਨਾਂ ਵਿਭਿੰਨ ਸੈਂਸਰਾਂ ਬਾਰੇ ਜਾਣਕਾਰੀ ਦਿੱਤੀ।
ਤਕਨੀਕੀ ਸੈਸ਼ਨ ਦੀ ਪ੍ਰਧਾਨਗੀ ਡਾ. ਗੀਤਾ ਸਿੱਕਾ (ਡਿਪਾਰਟਮੈਂਟ ਆਫ ਕੰਪਿਊਟਰ ਸਾਇੰਸ ਐਂਡ ਇੰਜਨਿਅਰਿੰਗ, ਐਨ. ਆਈ. ਟੀ. ਜਲੰਧਰ ਨੇ ਅਨਰੈਵਲਿੰਗ ਡਾਟਾ ਸਾਇੰਸ ਵਿਸ਼ੇ ’ਤੇ ਜਾਣਕਾਰੀ ਦਿੱਤੀ। ਉਹਨਾਂ ਡਾਟਾ ਸਾਇੰਸ ਦੀ ਜਰੂਰਤ, ਡਾਟਾ ਵਿਕਾਸ ਕਰਨ ਦੇ ਵਿਭਿੰਨ ਤਰੀਕਿਆਂ ਬਾਰੇ ਦਸਿਆ। ਉਹਨਾਂ ਡਾਟਾ ਸਾਇੰਸ ਦੀ ਪ੍ਰਕਿਰਿਆ ਬਾਰੇ ਸਮਝਾਇਆ। ਉਹਨਾਂ ਡਾਟਾ ਵਿਸ਼ਲੇਸ਼ਣ ਕਰਨ ਦੀ ਰੂਪਰੇਖਾ, ਪੈਟਰਨ ਅਤੇ ਪ੍ਰਵਿਰਤੀਆਂ ’ਤੇ ਚਾਨਣਾ ਪਾਇਆ ਅਤੇ ਨਾਲ ਹੀ ਉਹਨਾਂ ਡਾਟਾ ਸਾਇੰਸ ਦੇ ਪ੍ਰਯੋਗਾਂ ਬਾਰੇ ਜਾਣਕਾਰੀ ਦਿੱਤੀ
(ਪ੍ਰੋਫੈਸਰ) ਡਾ. ਮੁਨੀਸ਼ ਜਿੰਦਲ (ਪੰਜਾਬ ਯੂਨੀਵਰਸਿਟੀ, ਰਿਜ਼ਨਲ ਸੈਂਟਰ, ਮੁਕਤਸਰ) ਨੇ ’ਕੈਪਚਾ’ ਦੇ ਬਾਰੇ ਦੱਸਿਆ। ਉਹਨਾਂ ਟਵਿਸਟਡ ਟਰਨਿੰਗ ਟੇਸਟ ਬਾਰੇ ਦੱਸਿਆ ਕਿ ਆਰਟੀਫੀਸ਼ਅਲ ਇੰਟੈਲੀਜੈਂਸੀ ਦੁਆਰਾ ਇੱਕ ਤਕਨੀਕ ਪ੍ਰਯੋਗ ਕੀਤੀ ਜਾਂਦੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਉਤਰ ਦੇਣ ਵਾਲਾ ਇੱਕ ਮਸ਼ੀਨ ਹੈ ਜਾਂ ਵਿਅਕਤੀ।
ਮੁੱਖ ਮਹਿਮਾਨ ਡਾ. ਸੰਜੀਵ ਸ਼ਰਮਾ (ਡਾਇਰੈਕਟਰ, ਮਲੋਟ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੌਜੀ , (ਐਮ ਆਈ. ਐਮ. ਆਈ. ਟੀ.), ਮਲੋਟ, ਨੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕੀਤੀ। ਉਹਨਾਂ ਇਸ ਕਾਨਫਰੰਸ ਨੂੰ ਸਫਲਤਾਪੂਰਵਕ ਨੇਪਰੇ ਚੜ੍ਹਣ ’ਤੇ ਕਾਲਜ, ਵਿਭਾਗਾਂ ਤੇ ਪ੍ਰਤੀਯੋਗੀਆਂ ਨੂੰ ਵਧਾਈ ਦਿੱਤੀ। ਇਸ ਕਾਨਫਰੰਸ ਵਿੱਚ ਲਗਭਗ 113 ਪੋਸਟਰ ਪੇਸ਼ਕਾਰੀਆਂ ਹੋਈਆਂ। ਅੰਤ ਵਿੱਚ ਪ੍ਰਤੀਯੋਗੀਆਂ ਨੂੰ ਸਰਟੀਫਿਕੇਟ ਦਿੱਤੇ ਗਏ। ਇਸ ਕਾਨਫਰੰਸ ਵਿੱਚ ਪੋੋਸਟਰ ਪੇਸ਼ਕਾਰੀ ਲਈ ਜੱਜਮੈਂਟ ਡਾ. ਮਨੀਸ਼ ਜਿੰਦਲ (ਪੰਜਾਬ ਯੂਨੀਵਰਸਿਟੀ, ਰਿਜ਼ਨਲ ਸੈਂਟਰ, ਮੁਕਤਸਰ) ਅਤੇ ਡਾ. ਮਨੀਸ਼ ਜਿੰਦਲ (ਗਿਆਨੀ ਜੈਲ ਸਿੰਘ ਕੈਂਪਸ ਕਾਲਜ ਆਫ ਇੰਜੀਨੀਅਰਿੰਗ ਟੈਕਨਾਲਾਜੀ, ਬਠਿੰਡਾ) ਨੇ ਕੀਤੀ। ਪ੍ਰੋਫੈਸਰ ਅਤੁਲ ਸਿੰਗਲਾ ਨੇ ਆਏ ਹੋਏ ਪ੍ਰਵਕਤਿਆਂ, ਪ੍ਰਤੀਯੋਗੀਆਂ, ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਉਹਨਾ ਡਾ. ਵੰਦਨਾ ਜਿੰਦਲ, ਪ੍ਰੋ. ਰਾਕੇਸ਼ ਪੁਰੀ, ਡਾ. ਸ਼ੀਸ਼ਪਾਲ ਜਿੰਦਲ, ਪ੍ਰੋ. ਰਾਜੇਸ਼ ਬੱਤਰਾ, ਪ੍ਰੋ. ਅਨੁਜਾ ਪੁਰੀ, ਡਾ. ਪਵਨ ਕੁਮਾਰ, ਪ੍ਰੋ. ਮੁਨੀਸ਼ ਕੁਮਾਰ, ਪ੍ਰੋ. ਰਾਮਿਲ ਗੁਪਤਾ, ਡਾ. ਰਿਸ਼ਮ, ਪ੍ਰੋ. ਰਾਜਵੀਰ ਕੌਰ, ਪ੍ਰੋ. ਅਮਿਤ ਸ਼ਰਮਾ, ਪ੍ਰੋ ਪਿ੍ਰਆ ਸਿੰਗਲਾ, ਪ੍ਰੋ. ਕੰਚਨ ਬਾਲਾ ਅਤੇ ਲੈਬ ਸਟਾਫ਼ ਦੁਆਰਾ ਕਾਨਫਰੰਸ ਵਿੱਚ ਦਿੱਤੇ ਸਹਿਯੋਗ ਲਈ ਉਹਨਾਂ ਦਾ ਵੀ ਧੰਨਵਾਦ ਕੀਤਾ।
16 ਨੂੰ ਚੁੱਕਣਗੇ ਭਗਵੰਤ ਮਾਨ ਮੁੱਖ ਮੰਤਰੀ ਅਹੁਦੇ ਦੀ ਸਹੁੰ, ਰਾਜਪਾਲ ਕੋਲ ਜਤਾਇਆ ਦਾਅਵਾ
ਆਪ ਸਰਕਾਰ ਵਿਚ ਜਿਆਦਾਤਰ ਦੂਜੀ ਵਾਰ ਜਿੱਤੇ ਵਿਧਾਇਕ ਬਣ ਸਕਦੇ ਹਨ ਮੰਤਰੀ
ਸੁਖਜਿੰਦਰ ਮਾਨ
ਚੰਡੀਗੜ੍ਹ, 12 ਮਾਰਚ: ਅਪਣੀ ਹਰਮਨਪਿਆਰਤਾ ਦੀ ਬਦੌਲਤ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਹੂੰਝਾ ਫ਼ੇਰ ਜਿੱਤ ਦਿਵਾਉਣ ਵਾਲੇ ਆਪ ਦੇ ਸੂਬਾ ਪ੍ਰਧਾਨ ਭਗਵੰਤ ਮਾਨ 16 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਮੁੱਖ ਮੰਤਰੀ ਦੇ ਅਹੁੱਦੇ ਦੀ ਸਹੁੰ ਚੁੱਕਣਗੇ। ਇਸਦੇ ਲਈ ਅੱਜ ਉਨ੍ਹਾਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮਿਲਕੇ ਆਪ ਵਲੋਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ ਹੈ। ਬੀਤੇ ਕੱਲ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਪਣੀ ਕੈਬਨਿਟ ਸਮੇਤ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਆਪ ਆਗੂਆਂ ਮੁਤਾਬਕ ਇਸ ਸਹੁੰ ਚੁੱਕ ਸਮਾਗਮ ਵਿਚ ਵਿਸੇਸ ਤੌਰ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਤੇ ਉਨ੍ਹਾਂ ਦੀ ਕੈਬਨਿਟ ਪੁੱਜ ਰਹੀ ਹੈ ਜਦੋਂਕਿ ਹਾਲੇ ਤੱਕ ਕਿਸੇ ਹੋਰ ਸੂਬੇ ਦੇ ਮੁੱਖ ਮੰਤਰੀ ਦੇ ਆਉਣ ਦੀ ਪੁਸ਼ਟੀ ਨਹੀਂ ਹੋਈ ਹੈ। ਇਸਤੋਂ ਇਲਾਵਾ ਸ਼ੁੱਕਰਵਾਰ ਨੂੰ ਦਿੱਲੀ ਵਿੱਚ ‘ਆਪ‘ ਆਗੂਆਂ ਦੀ ਬੈਠਕ ‘ਚ ਫ਼ੈਸਲਾ ਕੀਤਾ ਗਿਆ ਕਿ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ 13 ਮਾਰਚ ਨੂੰ ਗੁਰੂ ਦੀ ਨਗਰੀ ਅੰਮਿ੍ਰਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ ਅਤੇ ਰਾਮ ਤੀਰਥ ਮੰਦਰ ਦੇ ਦਰਸ਼ਨ ਕਰਨਗੇ ਅਤੇ ਇਤਿਹਾਸਕ ਜਿੱਤ ਲਈ ਮੱਥਾ ਟੇਕ ਕੇ ਪ੍ਰਮਾਤਮਾ ਦਾ ਸ਼ੁਕਰੀਆ ਕਰਨਗੇ। ਇਸ ਤੋਂ ਬਾਅਦ ਦੋਵੇਂ ਆਗੂ ਪੰਜਾਬ ਵਾਸੀਆਂ ਦਾ ਧੰਨਵਾਦ ਕਰਨ ਲਈ ਅੰਮਿ੍ਰਤਸਰ ‘ਚ ਰੋਡ ਸ਼ੋਅ ਕਰਨਗੇ। ਦਸਣਾ ਬਣਦਾ ਹੈ ਕਿ ਦੋ ਤਿਹਾਈ ਤੋਂ ਵੀ ਵੱਧ ਸੀਟਾਂ ਮਿਲਣ ਤੋਂ ਬਾਅਦ ਭਗਵੰਤ ਮਾਨ ਨੇ ਬੀਤੇ ਕੱਲ ਹੀ ਦਿੱਲੀ ਪੁੱਜ ਕੇ ਸ੍ਰੀ ਕੇਜ਼ਰੀਵਾਲ ਨੂੰ ਵਧਾਈ ਦਿੱਤੀ ਸੀ। ਇਸ ਦੌਰਾਨ ਸ: ਮਾਨ ਦੀ ਅਗਵਾਈ ਹੇਠ ਪੰਜਾਬ ਦੀ ਅਗਲੀ ਬਣਨ ਵਾਲੀ ਕੈਬਨਿਟ ਬਾਰੇ ਵੀ ਵਿਚਾਰਾਂ ਕੀਤੀਆਂ ਗਈਆਂ। ਚਰਚਾ ਮੁਤਾਬਕ ਭਗਵੰਤ ਮਾਨ ਤੇ ਕੇਜ਼ਰੀਵਾਲ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਨਾਲ ਡਟੇ ਖੜੇ ਵਿਧਾਇਕਾਂ ਤੇ ਖ਼ਾਸਤੌਰ ’ਤੇ ਦੂਜੀ ਵਾਰ ਜਿੱਤੇ ਵਿਧਾਇਕਾਂ ਨੂੰ ਮੰਤਰੀ ਮੰਡਲ ਵਿਚ ਲੈਣ ਨੂੰ ਤਰਜੀਹ ਦੇਣਗੇ। ਪਾਰਟੀ ਦੀਆਂ ਦੋ ਮਹਿਲਾਂ ਵਿਧਾਇਕ ਪ੍ਰੋ ਬਲਜਿੰਦਰ ਕੌਰ ਤੇ ਸਰਬਜੀਤ ਕੌਰ ਮਾਣੂਕੇ ਦਾ ਮੰਤਰੀ ਬਣਨਾ ਤੈਅ ਹੈ। ਇਸੇ ਤਰ੍ਹਾਂ ਸਾਬਕਾ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਯੂਥ ਆਗੂ ਮੀਤ ਹੇਅਰ, ਹਰਜੌਤ ਸਿੰਘ ਬੈਂਸ, ਸਾਬਕਾ ਆਈ.ਜੀ ਕੁੰਵਰ ਵਿਜੇ ਪ੍ਰਤਾਪ, ਫ਼ਰੀਦਕੋਟ ਤੋਂ ਕੁਲਤਾਰ ਸਿੰਘ ਸੰਧਵਾ ਦਾ ਨਾਮ ਵੀ ਮੰਤਰੀ ਬਣਨ ਵਾਲਿਆਂ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਆਪ ਸਰਕਾਰ ਬਣਨ ਤੋਂ ਪਹਿਲਾਂ ਢਾਈ ਦਰਜ਼ਨ ਸਾਬਕਾ ਮੰਤਰੀਆਂ ਸਹਿਤ 122 ਵਿਧਾਇਕਾਂ ਦੀ ਸੁਰੱਖਿਆ ਘਟਾਈ
385 ਗੰਨਮੈਨਾਂ ਨੂੰ ਵਾਪਸ ਥਾਣਿਆਂ ਵਿਚ ਸੱਦਿਆ
ਹਾਲੇ ਬਾਦਲ, ਕੈਪਟਨ, ਸਿੱਧੂ ਤੇ ਚੰਨੀ ਆਦਿ ਦੀ ਸੁਰੱਖਿਆ ਵਿਚ ਨਹੀਂ ਕੀਤੀ ਕਟੌਤੀ
ਸੁਖਜਿੰਦਰ ਮਾਨ
ਚੰਡੀਗੜ੍ਹ, 12 ਮਾਰਚ: ਸੂਬੇ ’ਚ ਆਮ ਆਦਮੀ ਪਾਰਟੀ ਦੇ ਸਹੁੰ ਚੁੱਕਣ ਤੋਂ ਪਹਿਲਾਂ ਵੀਵੀਆਈਪੀ ਕਲਚਰ ਨੂੰ ਖ਼ਤਮ ਕਰਨ ਲਈ ਪ੍ਰਸ਼ਾਸਨ ਪੱਬਾਂ ਭਾਰ ਗਿਆ ਹੈ। ਪੰਜਾਬ ਦੇ ਵੀਵੀਆਈਪੀ ਆਗੂਆਂ ਦੀ ਭਾਰੀ-ਭਰਕਮ ਸਕਿਊਰਟੀ ਦੇ ਕਾਰਨ ਸਰਕਾਰੀ ਖ਼ਜਾਨੇ ’ਤੇ ਪੈਣ ਵਾਲੇ ਕਰੋੜਾਂ-ਅਰਬਾਂ ਦੇ ਬੋਝ ਨੂੰ ਘਟਾਉਣ ਅਤੇ ਪੁਲਿਸ ਨੂੰ ਜਨਤਾ ਦੀ ਸੁਰੱਖਿਆ ਵਿਚ ਲਗਾਉਣ ਦੇ ਮੱਦੇਨਜ਼ਰ ਅੱਜ ਸੂਬੇ ਦੇ ਗ੍ਰਹਿ ਵਿਭਾਗ ਨੇ ਢਾਈ ਦਰਜ਼ਨ ਦੇ ਕਰੀਬ ਸਾਬਕਾ ਮੰਤਰੀਆਂ ਸਹਿਤ 122 ਸਾਬਕਾ ਵਿਧਾਇਕਾਂ ਦੀ ਸੁਰੱਖਿਆ ਵਿਚ ਕਟੌਤੀ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਇਸ ਫੈਸਲੇ ਨਾਲ 385 ਗੰਨਮੈਨ ਮੁੜ ਥਾਣਿਆਂ ਵਿਚ ਆ ਗਏ ਹਨ। ਉਜ ਹਾਲੇ ਤੱਕ ਪ੍ਰਸ਼ਾਸਨ ਨੇ ਜੈਡ ਪਲੱਸ ਸਕਿਊਰਟੀ ਪ੍ਰਾਪਤ ਬਾਦਲ ਪ੍ਰਵਾਰ ਤੇ ਕੈਪਟਨ ਅਮਰਿੰਦਰ ਸਿੰਘ ਸਹਿਤ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਵਿਚ ਛੇੜਛਾੜ ਨਹੀਂ ਕੀਤੀ ਹੈ। ਜਦੋਂਕਿ ਸਿੱਧੂ ਦੀ ਪਤਨੀ ਤੇ ਸਾਬਕਾ ਵਿਧਾਇਕ ਨਵਜੋਤ ਕੌਰ ਸਿੱਧੂ ਕੋਲ ਮੌਜੂਦ 7 ਸੁਰੱਖਿਆ ਮੁਲਾਜਮਾਂ ਨੂੰ ਵਾਪਸ ਬੁਲਾ ਲਿਆ ਗਿਆ ਹੈ। ਇਸੇ ਤਰ੍ਹਾਂ ਅਪਣੀ ਗੱਡੀ ਆਪ ਚਲਾ ਕੇ ਸੂਬੇ ’ਚ ਵੀਵੀਆਈ ਕਲਚਰ ਨੂੰ ਖ਼ਤਮ ਕਰਨ ਦਾ ਦਾਅਵਾ ਕਰਨ ਵਾਲੇ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸੁਰੱਖਿਆ ਵਿਚ ਲੱਗੇ 19 ਗੰਨਮੈਂਨ ਵਾਪਸ ਲਏ ਗਏ ਹਨ। ਗ੍ਰਹਿ ਵਿਭਾਗ ਦੇ ਸੂਤਰਾਂ ਮੁਤਾਬਕ ਪਿਛਲੀ ਚੰਨੀ ਤੇ ਕੈਪਟਨ ਸਰਕਾਰ ਵਿਚ ਸ਼ਾਮਲ ਰਹੇ 14 ਸਾਬਕਾ ਮੰਤਰੀਆਂ ਦੀ ਸੁਰੱਖਿਆ ਵਾਪਸ ਲਈ ਗਈ ਹੈ ਜਦੋਂਕਿ ਇੰਨੇਂ ਹੀ ਸਾਬਕਾ ਅਕਾਲੀ ਤੇ ਭਾਜਪਾਈ ਮੰਤਰੀਆਂ ਨੂੰ ਵੀ ਹੁਣ ਬਿਨ੍ਹਾਂ ਗੰਨਮੈਨਾਂ ਦੇ ਆਮ ਲੋਕਾਂ ਵਾਂਗ ਵਿਚਰਨਾ ਪੈਣਾ ਹੈ। ਪਤਾ ਲੱਗਿਆ ਹੈ ਕਿ ਸਾਬਕਾ ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ ਕੋਲ ਮੌਜੂਦ 21, ਭਾਰਤ ਭੂਸਣ ਆਗੂ ਕੋਲੋ 16, ਸੰਗਤ ਸਿੰਘ ਗਿਲਜੀਆ ਤੇ ਕਾਕਾ ਰਣਦੀਪ ਸਿੰਘ ਨਾਭਾ ਕੋਲੋ 15-15 ਅਤੇ ਅਰੁਣਾ ਚੌਧਰੀ, ਰਾਣਾ ਗੁਰਜੀਤ ਸਿੰਘ, �ਿਤਪਤ ਰਜਿੰਦਰ ਸਿੰਘ ਬਾਜਵਾ, ਸੁਖਵਿੰਦਰ ਸਿੰਘ ਸੁੱਖ ਸਰਕਾਰੀਆ, ਬ੍ਰਹਮ ਮਹਿੰਦਰਾ ਕੋਲੋ 14-14 ਸੁਰੱਖਿਆ ਕਰਮਚਾਰੀ ਵਾਪਸ ਲਏ ਗਏ ਹਨ। ਇਸਤੋਂ ਇਲਾਵਾ ਪਿਛਲੀ ਕਾਂਗਰਸ ਸਰਕਾਰ ਦੌਰਾਨ ਆਪ ਵਲੋਂ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਹੇ ਐਚ.ਐਸ.ਫ਼ੂਲਕਾ ਕੋਲ ਮੌਜੂਦ ਤਿੰਨ ਗੰਨਮੈਂਨ ਵਾਪਸ ਬੁਲਾਏ ਗਏ ਹਨ। ਸਾਬਕਾ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋੋਗੋਵਾਲ, ਸਾਬਕਾ ਆਪ ਵਿਧਾਇਕਾਂ ਨਾਜ਼ਰ ਸਿੰਘ ਮਾਨਸ਼ਾਹੀਆ, ਜਗਦੇਵ ਸਿੰਘ ਕਮਾਲੂ, ਪਿਰਮਿਲ ਸਿੰਘ ਧੋਲਾ ਤੋਂ ਇਲਾਵਾ ਕਾਂਗਰਸ ਦੇ ਕਿੱਕੀ ਢਿੱਲੋਂ, ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ, ਦਲਜੀਤ ਸਿੰਘ ਚੀਮਾ, ਸਾਬਕਾ ਸਪੀਕਰ ਰਾਣਾ ਕੇ.ਪੀ ਸਿੰਘ, ਅਨਿਲ ਜੋਸ਼ੀ, ਬੈਂਸ ਭਰਾਵਾਂ ਤੇ ਹੋਰਨਾਂ ਦਾ ਵੀ ਸੁਰੱਖਿਆ ਘੇਰਾ ਘਟਾਇਆ ਗਿਆ ਹੈ। ਸੂਬੇ ਦੇ ਪੁਲਿਸ ਵਿਭਾਗ ਦੇ ਇੱਕ ਅਫ਼ਸਰ ਨੇ ਅਪਣਾ ਨਾਮ ਨਾਂ ਛਾਪਣ ਦੀ ਸ਼ਰਤ ’ਤੇ ਦਸਿਆ ਕਿ ‘‘ ਇਹ ਪਹਿਲਾ ਗੇੜ ਹੈ ਤੇ ਜਲਦੀ ਹੀ ਦੂਜਾ ਗੇੜ ਆਵੇਗਾ, ਜਿਸ ਵਿਚ ਵੱਡੇ ਆਗੂਆਂ ਦੀ ਸੁਰੱਖਿਆ ਸਮੀਖਿਆ ਕੀਤੀ ਜਾਵੇਗੀ।
ਸਟੇਟਸ ਸਿੰਬਲ ਬਣ ਚੁੱਕਿਆ ਹੈ ਗੰਨਮੈਂਨ ਲੈਣਾ
ਚੰਡੀਗੜ੍ਹ: ਜਿਕਰਯੋਗ ਹੈ ਕਿ ਸਭ ਤੋਂ ਪਹਿਲਾਂ ਅੱਤਵਾਦ ਦੇ ਦੌਰਾਨ ਪੰਜਾਬ ਸਰਕਾਰ ਵਲੋਂ ਸਿਆਸੀ ਨੇਤਾਵਾਂ ਨੂੰ ਸੁਰੱਖਿਆ ਮੁਹੱਈਆਂ ਕਰਵਾਉਣੀ ਸ਼ੁਰੂ ਕੀਤੀ ਸੀ। ਪ੍ਰੰਤੂ ਬਾਅਦ ਵਿਚ ਪਿਛਲੀਆਂ ਅਕਾਲੀ ਤੇ ਕਾਂਗਰਸ ਦੌਰਾਨ ਗੰਨਮੈਨ ਲੈਣਾ ‘ਸਟੇਟਸ ਸਿੰਬਲ’ ਬਣਨ ਲੱਗਿਆ ਸੀ। ਜਿਸ ਆਗੂ ਕੋਲ ਜਿੰਨੇਂ ਜਿਆਦਾ ਗੰਨਮੈਂਨ ਹੋਣ ਉਸਦਾ ਪ੍ਰਭਾਵ ਉਨ੍ਹਾਂ ਵੱਧ ਮੰਨਿਆ ਜਾਂਦਾ ਹੈ। ਪੁਲਿਸ ਸੂਤਰਾਂ ਮੁਤਾਬਕ ਪਿਛਲੇ ਸਮਿਆਂ ਦੌਰਾਨ ਮੰਤਰੀਆਂ, ਵਿਧਾਇਕਾਂ ਤੇ ਹਲਕਾ ਇੰਚਾਰਜ਼ਾਂ ਸਹਿਤ ਛੋਟੇ-ਛੋਟੇ ਆਗੂਆਂ ਦੀ ਸਿਫ਼ਾਰਿਸ਼ ’ਤੇ ਕਾਗਜ਼ਾਂ ਵਿਚ ਥਾਣਿਆਂ ’ਚ ਤੈਨਾਤ ਹੌਲਦਾਰਾਂ ਤੇ ਥਾਣੇਦਾਰਾਂ ਨੂੰ ਗੈਰ-ਕਾਨੂੰਨੀ ਤੌਰ ’ਤੇ ਆਗੂਆਂ ਨਾਲ ਤੈਨਾਤ ਕਰ ਦਿੱਤਾ ਜਾਂਦਾ ਸੀ।
ਕਈ ਪੁਲਿਸ ਮੁਲਾਜਮ ਵੀ ਫ਼ਰਲੋਂ ਦੇ ਚੱਕਰ ’ਚ ਗੰਨਮੈਨ ਲੱਗਣ ਲਈ ਕਰਵਾਉਂਦੇ ਸਨ ਸਿਫ਼ਾਰਿਸ਼ਾਂ
ਚੰਡੀਗੜ੍ਹ: ਇਸ ਮਾਮਲੇ ਵਿਚ ਇਕੱਲੇ ਸਿਆਸੀ ਆਗੂਆਂ ਦਾ ਹੀ ਦੋਸ਼ ਨਹੀਂ, ਬਲਕਿ ਪੰਜਾਬ ਪੁਲਿਸ ਦੀ ਪਿਛਲੇ ਸਮਿਆਂ ਦੌਰਾਨ ਨਵੀਂ ਭਰਤੀ ਹੋਏ ਜਵਾਨਾਂ ਵਿਚੋਂ ‘ਕੁੱਝ ਕੁ’ ਜਵਾਨ ਡਿਊਟੀ ਤੋਂ ਬਚਣ ਅਤੇ ਅਪਣੇ ਸਿਆਸੀ �ਿਕ ਬਣਾਉਣ ਲਈ ਵੱਡੇ ਆਗੂਆਂ ਦਾ ਗੰਨਮੈਨ ਲੱਗਣਾ ਪਸੰਦ ਕਰਨ ਲੱਗ ਪਏ ਸਨ। ਜਦੋਂਕਿ ਕੁੱਝ ਨੇ ਤਾਂ ਸਾਰੀ ਉਮਰ ਵੱਖ ਵੱਖ ਸਿਆਸੀ ਆਗੂਆਂ ਦੀ ਗੰਨਮੈਂਨੀ ਕਰਦਿਆਂ ਹੀ ਕੱਢ ਦਿੱਤੀ ਹੈ।
ਇਕੱਲੇ ਸਿਆਸੀ ਆਗੂ ਹੀ ਨਹੀਂ, ਪੁਲਿਸ ਤੇ ਸਿਵਲ ਅਧਿਕਾਰੀਆਂ ਕੋਲ ਵੀ ਹੁੰਦੀ ਹੈ ਗੰਨਮੈਨਾਂ ਦੀ ਫ਼ੌਜ
ਚੰਡੀਗੜ੍ਹ: ਇਸ ਦੌਰਾਨ ਇਹ ਵੀ ਦੇਖਣ ਵਾਲੀ ਗੱਲ ਬਣਦੀ ਹੈ ਕਿ ਗੰਨਮੈਨ ਰੱਖਣ ਦਾ ਸੌਕ ਇਕੱਲੇ ਸਿਆਸੀ ਆਗੂਆਂ ਨੂੰ ਹੀ ਨਹੀਂ, ਬਲਕਿ ਉਚ ਪੁਲਿਸ ਤੇ ਸਿਵਲ ਅਧਿਕਾਰੀਆਂ ਨੂੰ ਵੀ ਹੁੰਦਾ ਹੈ। ਜੇਕਰ ਗੱਲ ਕੀਤੀ ਜਾਵੇ ਤਾਂ ਜ਼ਿਲ੍ਹੇ ਵਿਚ ਤੈਨਾਤ ਐਸ.ਐਸ.ਪੀਜ਼, ਜੋਨਾਂ ਦੇ ਆਈ.ਜੀ, ਡਿਪਟੀ ਕਮਿਸ਼ਨਰਾਂ ਅਤੇ ਹੋਰਨਾਂ ਅਧਿਕਾਰੀਆਂ ਕੋਲ ਵੀ ਸੁਰੱਖਿਆ ਮੁਲਾਜਮਾਂ ਦੀ ਵੱਡੀ ਫ਼ੌਜ ਹੁੰਦੀ ਹੈ।
ਮੋਦੀ ਸਰਕਾਰ ਨੇ ਪੰਜਾਬ ਦੇ ਪੰਜ ਦਰਜ਼ਨ ਆਗੂਆਂ ਨੂੰ ਦਿੱਤੀ ਥੋਕ ’ਚ ਸੁਰੱਖਿਆ
ਚੰਡੀਗੜ੍ਹ: ਸੂਬੇ ’ਚ ਨਵੀਂ ਬਣਨ ਜਾ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੀਆਂ ਰਿਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਦੇ ਉਲਟ ਕੇਂਦਰ ਦੀ ਮੋਦੀ ਸਰਕਾਰ ਨੇ ਪਿਛਲੇ ਇੱਕ-ਡੇਢ ਮਹੀਨੇ ’ਚ ਹੀ ਪੰਜਾਬ ਦੇ ਪੰਜ ਦਰਜ਼ਨ ਤੋਂ ਵੱਧ ਆਗੂਆਂ ਨੂੰ ਥੋਕ ’ਚ ਸੁਰੱਖਿਆ ਮੁਹੱਈਆ ਕਰਵਾਈ ਹੈ। ਇੰਨ੍ਹਾਂ ਵਿਚ ਜਿੱਥੇ ਕਈ ਆਗੂਆਂ ਨੂੰ ਜੈਡ ਪਲੱਸ, ਜੈਡ ਅਤੇ ਕਈਆਂ ਵਾਈ ਪਲੱਸ ਤੇ ਵਾਈ ਕੈਟਾਗਿਰੀ ਦੀ ਸੁਰੱਖਿਆ ਦਿੱਤੀ ਗਈ ਹੈ।





