16 ਮਾਰਚ ਨੂੰ ਭਗਵੰਤ ਮਾਨ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ‘ਚ ਚੁੱਕਣਗੇ ਮੁੱਖ ਮੰਤਰੀ ਦੀ ਸਹੁੰ
13 ਮਾਰਚ ਨੂੰ ਕੇਜਰੀਵਾਲ ਅਤੇ ਭਗਵੰਤ ਮਾਨ ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਟੇਕਣਗੇ ਮੱਥਾ, ਫਿਰ ਕਰਨਗੇ ਰੋਡ ਸ਼ੋਅ
ਸੁਖਜਿੰਦਰ ਮਾਨ
ਦਿੱਲੀ, 11 ਮਾਰਚ: ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਵਿੱਚ ਸ਼ਾਨਦਾਰ ਜਿੱਤ ਤੋਂ ਬਾਅਦ ਅੱਜ ਭਗਵੰਤ ਮਾਨ ਨੇ ‘ਆਪ’ ਸੁਪਰੀਮੋਂ ਅਰਵਿੰਦ ਕੇਜਰੀਵਾਲ ਨਾਲ ਦਿੱਲੀ ਵਿੱਚ ਉਨਾਂ ਦੀ ਰਿਹਾਇਸ ‘ਤੇ ਮੁਲਾਕਾਤ ਕੀਤੀ ਅਤੇ ਸਹੁੰ ਚੁੱਕ ਸਮਾਗਮ ਵਿੱਚ ਆਉਣ ਲਈ ਸੱਦਾ ਦਿੱਤਾ। ਇਸ ਮੌਕੇ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ, ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਬਾਰੇ ਸਹਿ ਪ੍ਰਭਾਰੀ ਰਾਘਵ ਚੱਢਾ ਨਾਲ ਮੀਟਿੰਗ ਕਰਕੇ ਅੱਗੇ ਦੀ ਰਣਨੀਤੀ ਬਾਰੇ ਚਰਚਾ ਕੀਤੀ। ਸ਼ੁੱਕਰਵਾਰ ਨੂੰ ਦਿੱਲੀ ਵਿੱਚ ‘ਆਪ’ ਆਗੂਆਂ ਦੀ ਬੈਠਕ ‘ਚ ਫ਼ੈਸਲਾ ਕੀਤਾ ਗਿਆ ਕਿ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ 13 ਮਾਰਚ ਨੂੰ ਗੁਰੂ ਦੀ ਨਗਰੀ ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ ਅਤੇ ਰਾਮ ਤੀਰਥ ਮੰਦਰ ਦੇ ਦਰਸ਼ਨ ਕਰਨਗੇ ਅਤੇ ਇਤਿਹਾਸਕ ਜਿੱਤ ਲਈ ਮੱਥਾ ਟੇਕ ਕੇ ਪ੍ਰਮਾਤਮਾ ਦਾ ਸ਼ੁਕਰੀਆ ਕਰਨਗੇ। ਇਸ ਤੋਂ ਬਾਅਦ ਦੋਵੇਂ ਆਗੂ ਪੰਜਾਬ ਵਾਸੀਆਂ ਦਾ ਧੰਨਵਾਦ ਕਰਨ ਲਈ ਅੰਮ੍ਰਿਤਸਰ ‘ਚ ਰੋਡ ਸ਼ੋਅ ਕਰਨਗੇ। ਜਦੋਂ ਕਿ 16 ਮਾਰਚ ਨੂੰ ਭਗਵੰਤ ਮਾਨ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਣਗੇ। ਜ਼ਿਕਰਯੋਗ ਹੈ ਕਿ ‘ਆਪ’ ਦੀ ਪੰਜਾਬ ‘ਚ ਸ਼ਾਨਦਾਰ ਜਿੱਤ ਤੋਂ ਬਾਅਦ ਵੀਰਵਾਰ ਨੂੰ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਉਹ ਸ਼ਹੀਦ ਭਗਤ ਸਿੰਘ ਦੇ ਸਨਮਾਨ ‘ਚ ਅਤੇ ਸ਼ਰਧਾਂਜਲੀ ਦੇਣ ਲਈ ਖਟਕੜ ਕਲਾਂ ਵਿੱਚ ਸਹੁੰ ਚੁਕਣਗੇ।
ਜਿੱਤ ਤੋਂ ਬਾਅਦ ਭਗਵੰਤ ਮਾਨ ਨੇ ‘ਆਪ’ ਸੁਪਰੀਮੋਂ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ, ਸਹੁੰ ਚੁੱਕ ਸਮਾਗਮ ਲਈ ਦਿੱਤਾ ਸੱਦਾ
ਬਠਿੰਡਾ ਪੱਟੀ ’ਚ ਕਈ ਸਿਆਸੀ ਧੁਨੰਤਰਾਂ ਦੀਆਂ ਹੋਈਆਂ ਜਮਾਨਤਾਂ ਜਬਤ
ਸੁਖਜਿੰਦਰ ਮਾਨ
ਬਠਿੰਡਾ, 11 ਮਾਰਚ: ਬੀਤੇ ਕੱਲ ਆਏ ਚੋਣ ਨਤੀਜਿਆਂ ਵਿਚ ਬਠਿੰਡਾ ਪੱਟੀ ਦੇ ਦਰਜ਼ਨਾਂ ਵੱਡੇ ਆਗੂ ਅਪਣੀਆਂ ਜਮਾਨਤਾਂ ਬਚਾਉਣ ’ਚ ਵੀ ਅਸਫ਼ਲ ਰਹੇ ਹਨ। ਆਮ ਆਦਮੀ ਪਾਰਟੀ ਦੇ ਹੱਕ ’ਚ ਚੱਲੀ ਸਿਆਸੀ ਹਨੇਰੀ ਕਾਰਨ ਕਈ ਵੱਡੇ ਸਿਆਸੀ ਥੰਮ ਵੀ ਰੁੜਦੇ ਵਿਖਾਈ ਦਿੱਤੇ। ਨਿਯਮਾਂ ਮੁਤਾਬਕ ਜੇਕਰ ਕੋਈ ਉਮੀਦਵਾਰ ਆਪਣੇ ਹਲਕੇ ਵਿੱਚ ਪਈਆਂ ਕੁੱਲ ਵੋਟਾਂ ਦਾ ਛੇਵਾਂ ਹਿੱਸਾ ਲੈਣ ਵਿਚ ਸਫ਼ਲ ਨਹੀਂ ਹੁੰਦਾ ਤਾਂ ਉਸ ਵਲੋਂ ਨਾਮਜਦਗੀ ਦਰਜ਼ ਕਰਨ ਸਮੇਂ ਭਰੀ ਦਸ ਹਜ਼ਾਰ ਦੀ ਰਾਸ਼ੀ ਜਬਤ ਕਰ ਲਈ ਜਾਂਦੀ ਹੈ। ਗੌਰਤਲਬ ਹੈ ਕਿ ਇਕੱਲੇ ਬਠਿੰਡਾ ਜ਼ਿਲ੍ਹੇ ਵਿਚ ਹੀ ਪੈਂਦੇ ਕੁੱਲ 6 ਵਿਧਾਨ ਸਭਾ ਹਲਕਿਆਂ ਵਿਚੋਂ 69 ਉਮੀਦਵਾਰ ਚੋਣ ਲੜ ਰਹੇ ਸਨ ਪ੍ਰੰਤੂ ਉਨ੍ਹਾਂ ਵਿਚ ਜੇਤੂ 6 ਉਮੀਦਵਾਰਾਂ ਸਹਿਤ ਕੁੱਲ 13 ਉਮੀਦਵਾਰ ਹੀ ਅਪਣੀ ਜਮਾਨਤ ਰਾਸ਼ੀ ਬਚਾਉਣ ਵਿਚ ਸਫ਼ਲ ਰਹੇ ਹਨ। ਬਠਿੰਡਾ ਸ਼ਹਿਰੀ ਹਲਕੇ ਵਿਚ ਕੁੱਲ 13 ਉਮੀਦਵਾਰਾਂ ਵਿਚ ਸਨ ਪ੍ਰੰਤੂ ਜਗਰੂਪ ਸਿੰਘ ਗਿੱਲ ਦੇ ਹੱਕ ਵਿਚ ਚੱਲੀ ਹਨੇਰੀ ਦੌਰਾਨ ਕਰੀਬ ਦੋ ਹਜ਼ਾਰ ਵੱਧ ਵੋਟਾਂ ਲਿਜਾਣ ਕਾਰਨ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਹੀ ਜਮਾਨਤ ਰਾਸ਼ੀ ਬਚ ਸਕੀ ਹੈ। ਇੱਥੇ ਸਾਬਕਾ ਅਕਾਲੀ ਵਿਧਾਇਕ ਤੇ ਭਾਜਪਾ ਉਮੀਦਵਾਰ ਸਹਿਤ ਬਾਕੀ 11 ਉਮੀਦਵਾਰਾਂ ਦੀਆਂ ਜਮਾਨਤ ਜਬਤ ਹੋ ਗਈ ਹੈ। ਇਸੇ ਤਰ੍ਹਾਂ ਮੋੜ ਹਲਕੇ ਵਿਚ ਸਾਬਕਾ ਕਾਂਗਰਸੀ ਵਿਧਾਇਕ ਮੰਗਤ ਰਾਏ ਬਾਂਸਲ ਦੀ ਪਤਨੀ ਤੇ ਦੂਜੀ ਵਾਰ ਚੋਣ ਮੈਦਾਨ ਵਿਚੋਂ ਹਾਰਨ ਵਾਲੀ ਡਾ ਮਨੋਜ ਬਾਲਾ ਬਾਂਸਲ ਵੀ ਅਪਣੀ ਜਮਾਨਤ ਬਚਾ ਨਹੀਂ ਸਕੇ। ਇਸ ਹਲਕੇ ਵਿਚੋਂ ਚੋਣ ਮੈਦਾਨ ਵਿਚ ਨਿੱਤਰੇ 13 ਉਮੀਦਵਾਰਾਂ ਵਿਚੋਂ ਜੇਤੂ ਰਹੇ ਆਪ ਦੇ ਸੁਖਵੀਰ ਸਿੰਘ ਮਾਈਸਰਖ਼ਾਨਾ ਤੋਂ ਇਲਾਵਾ ਅਜਾਦ ਉਮੀਦਵਾਰ ਲੱਖਾ ਸਿਧਾਣਾ ਅਤੇ ਅਕਾਲੀ ਉਮੀਦਵਾਰ ਜਗਮੀਤ ਸਿੰਘ ਬਰਾੜ ਹੀ ਅਪਣੀ ਜਮਾਨਤ ਰਾਸ਼ੀ ਬਚਾਉਣ ਵਿਚ ਸਫ਼ਲ ਰਹੇ ਹਨ। ਉਧਰ ਵਿਧਾਨ ਸਭਾ ਹਲਕਾ ਭੁੱਚੁ ਮੰਡੀ ਤੋਂ ਮੌਜੂਦਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਵੀ ਇਸ ਮਾਮਲੇ ਵਿਚ ਪਿੱਛੇ ਰਹਿ ਗਏ ਹਨ। ਇਸ ਹਲਕੇ ਵਿਚ ਕੁੱਲ 8 ਉਮੀਦਵਾਰਾਂ ਵਿਚੋਂ ਜੇਤੂ ਆਪ ਉਮੀਦਵਾਰ ਤੇ ਦੂਜੇ ਨੰਬਰ ’ਤੇ ਰਹੇ ਅਕਾਲੀ ਉਮੀਦਵਾਰ ਨੂੰ ਛੱਡ ਬਾਕੀ ਜਮਾਨਤ ਜਬਤ ਕਰਾ ਬੈਠੇ ਹਨ। ਹਲਕਾ ਤਲਵੰਡੀ ਸਾਬੋ ’ਚ ਅਜਾਦ ਉਮੀਦਵਾਰ ਵਜੋਂ ਅਪਣੀ ਕਿਸਮਤ ਅਜਮਾ ਰਹੇ ਸੌਦਾ ਸਾਧ ਦੇ ਕੁੜਮ ਤੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਦੀ ਵੀ ਜਮਾਨਤ ਜਬਤ ਹੋ ਗਈ ਹੈ। ਇਸ ਹਲਕੇ ਦੇ ਕੁੱਲ 15 ਉਮੀਦਵਾਰਾਂ ਵਿਚੋਂ ਜੇਤੂ ਆਪ ਵਿਧਾਇਕ ਬਲਜਿੰਦਰ ਕੌਰ ਸਹਿਤ ਅਕਾਲੀ ਉਮੀਦਵਾਰ ਜੀਤਮਹਿੰਦਰ ਸਿੰਘ ਤੇ ਕਾਂਗਰਸੀ ਉਮੀਦਵਾਰ ਖੁਸਬਾਜ ਸਿੰਘ ਜਟਾਣਾ ਹੀ ਇਸ ਮਾਮਲੇ ਵਿਚ ਬਚੇ ਹਨ। ਜਦੋਂਕਿ ਬਾਕੀ 12 ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਹੋ ਗਈਆਂ ਹਨ। ਬਠਿੰਡਾ ਦਿਹਾਤੀ ਹਲਕੇ ਵਿਚ ਕੁੱਲ ਅੱਠ ਉਮੀਦਵਾਰ ਚੋਣ ਮੈਦਾਨ ਵਿਚ ਸਨ ਪੰ੍ਰੰਤੂ ਜੇਤੂ ਆਪ ਉਮੀਦਵਾਰ ਅਮਿਤ ਰਤਨ ਸਹਿਤ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਭੱਟੀ ਤੇ ਕਾਂਗਰਸੀ ਉਮੀਦਵਾਰ ਹਰਵਿੰਦਰ ਸਿੰਘ ਲਾਡੀ ਦੀ ਜਮਾਨਤ ਬਚੀ ਹੈ। ਰਾਮਪੁਰਾ ਫੂਲ ਹਲਕੇ ਤੋਂ ਚੋਣ ਲੜਨ ਵਾਲੇ 15 ਉਮੀਦਵਾਰਾਂ ਵਿੱਚੋਂ 12 ਦੀ ਜਮਾਨਤ ਜਬਤ ਹੋਈ ਹੈ। ਇੱਥੇ ਜੇਤੂ ਆਪ ਉਮੀਦਵਾਰ ਬਲਕਾਰ ਸਿੱਧੂ ਸਹਿਤ ਕਾਂਗਰਸ ਤੇ ਅਕਾਲੀ ਦਲ ਨਾਲ ਸਬੰਧਤ ਸਾਬਕਾ ਮੰਤਰੀਆਂ ਦੀ ਹੀ ਜਮਾਨਤ ਬਚੀ ਹੈ।
ਬਾਕਸ
ਜਿਆਦਾ ਖਾਂਦੀ-ਖ਼ਾਂਦੀ ਥੋੜੇ ਤੋਂ ਵੀ ਗਈ ਰੂਬੀ!
ਬਠਿੰਡਾ: ਉਧਰ ਪਿਛਲੀ ਵਾਰ ਜ਼ਿਲ੍ਹੇ ਦੇ ਬਠਿੰਡਾ ਦਿਹਾਤੀ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਹਾਸਲ ਕਰਨ ਵਾਲੀ ਸਾਬਕਾ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੂੰ ਇਸ ਵਾਰ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣਾ ਫਿੱਟ ਨਹੀਂ ਬੈਠਿਆ। ਚਰਚਾ ਮੁਤਾਬਕ ਉਹ ਬਠਿੰਡਾ ਦਿਹਾਤੀ ਹਲਕੇ ਦੀ ਬਜਾਏ ਪਾਰਟੀ ਤੋਂ ਕੋਈ ਹੋਰ ਹਲਕਾ ਮੰਗ ਰਹੀ ਸੀ ਪ੍ਰੰਤੂ ਆਪ ਦੀ ਹਾਈਕਮਾਂਡ ਵਲੋਂ ਲਏ ਫੈਸਲੇ ਮੁਤਾਬਕ ਵਿਧਾਇਕਾਂ ਨੂੰ ਮੌਜੂਦਾ ਹਲਕਿਆਂ ਤੋਂ ਹੀ ਚੋਣ ਲੜਣ ਲਈ ਕਿਹਾ ਗਿਆ ਸੀ। ਚਰਚਾਵਾਂ ਮੁਤਾਬਕ ਬਠਿੰਡਾ ਦਿਹਾਤੀ ਹਲਕੇ ’ਚ ਜਿਆਦਾ ਨਾ ਵਿਚਰਨ ਦੇ ਚੱਲਦਿਆਂ ਹਾਰ ਦੇ ਡਰੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਨਾਂ ਐਲਾਨਣ ਦੀ ਨਰਾਜ਼ਗੀ ਦਾ ਦਾਅਵਾ ਕਰਕੇ ਕਾਂਗਰਸ ਪਾਰਟੀ ਵਿਚ ਗਈ ਬੀਬੀ ਰੂਬੀ ਮਲੋਟ ਹਲਕੇ ਵਿਚੋਂ ਵੀ ਖ਼ਾਲੀ ਹੱਥ ਵਾਪਸ ਮੁੜਣਾ ਪਿਆਹੈ, ਜਿੱਥੇ ਕਿਸੇ ਵਿਸੇਸ ਚਮਤਕਾਰ ਦੀ ਆਸ ਵਿਚ ਕਾਂਗਰਸ ਹਾਈਕਮਾਂਡ ਨੇ ਵੀ ਮੌਜੂਦਾ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਦੀ ਟਿਕਟ ਕੱਟ ਕੇ ਰੂਬੀ ਨੂੰ ਇੱਥੋਂ ਚੋਣ ਲੜਾਈ ਸੀ। ਇਸ ਹਲਕੇ ਦੇ ਆਏ ਨਤੀਜਿਆਂ ਮੁਤਾਬਕ ਬੀਬੀ ਰੂਬੀ ਨੂੰ ਸਿਰਫ਼ 17,652 ਵੋਟਾਂ ਹੀ ਪਈਆਂ ਹਨ। ਹਾਲਾਂਕਿ ਚੋਣ ਨਤੀਜਿਆਂ ਤੋਂ ਬਾਅਦ ਚੱਲ ਰਹੀ ਚਰਚਾ ਮੁਤਾਬਕ ਜੇਕਰ ਰੁਪਿੰਦਰ ਕੌਰ ਰੂਬੀ ਬਠਿੰਡਾ ਦਿਹਾਤੀ ਹਲਕੇ ਤੋਂ ਆਪ ਦੀ ਟਿਕਟ ’ਤੇ ਹੀ ਚੋਣ ਲੜਦੀ ਤਾਂ ਉਹ ਜਿੱਤ ਸਕਦੀ ਸੀ।
ਬਠਿੰਡਾ ’ਚ ਅਕਾਲੀ ਉਮੀਦਵਾਰ ਨੂੰ ਬਾਦਲਾਂ ਦੇ ਗੁਪਤ ਸਮਝੋਤੇ ਦਾ ਪ੍ਰਚਾਰ ਲੈ ਬੈਠਾ!
ਸੁਖਜਿੰਦਰ ਮਾਨ
ਬਠਿੰਡਾ, 11 ਮਾਰਚ: ਲੰਘੀ 20 ਫ਼ਰਵਰੀ ਨੂੰ ਪੰਜਾਬ ਵਿਧਾਨ ਸਭਾ ਲਈ ਪਈਆਂ ਵੋਟਾਂ ਦੇ ਬੀਤੇ ਕੱਲ ਆਏ ਚੋਣ ਨਤੀਜਿਆਂ ਵਿਚ ਜਿੱਥੇ ਬਠਿੰਡਾ ਸ਼ਹਿਰੀ ਹਲਕੇ ’ਚ ਆਪ ਉਮੀਦਵਾਰ ਨੂੰ ਹੂੁੰਝਾ ਫ਼ੇਰ ਜਿੱਤ ਹਾਸਲ ਹੋਈ ਹੈ, ਉਥੇ ਆਸ ਮੁਤਾਬਕ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਵੋਟਾਂ ਪਈਆਂ ਹਨ। ਪ੍ਰੰਤੂ ਪਿਛਲੇ ਕਈ ਮਹੀਨਿਆਂ ਤੋਂ ਸ਼ਹਿਰ ਵਿਚ ਬਾਦਲ ਪ੍ਰਵਾਰ ਦੇ ਕਥਿਤ ਗੁਪਤ ਸਮਝੋਤੇ ਦੇ ਚੱਲੇ ਪ੍ਰਚਾਰ ਨੇ ਅਕਾਲੀ ਉਮੀਦਵਾਰ ਸਰੂਪ ਚੰਦ ਸਿੰਗਲਾ ਨੂੰ ਵੱਡੀ ਢਾਹ ਲਗਾਈ ਹੈ। ਸ਼ਹਿਰੀਆਂ ਵਿਚ ਇਸ ਪ੍ਰਚਾਰ ਦਾ ਇੰਨ੍ਹਾਂ ਅਸਰ ਰਿਹਾ ਕਿ ਮੁਢ ਤੋਂ ਅਕਾਲੀ ਦਲ ਨੂੰ ਵੋਟਾਂ ਪਾਉਣ ਵਾਲੇ ਕੁੱਝ ਪ੍ਰਵਾਰਾਂ ਨੇ ਵੀ ਵਿਤ ਮੰਤਰੀ ਮਨਪ੍ਰੀਤ ਬਾਦਲ ਨੂੰ ਹਰਾਉਣ ਲਈ ਝਾੜੂ ਨੂੰ ਵੋਟਾਂ ਪਾ ਦਿੱਤੀਆਂ। ਉਜ ਇਸ ਪ੍ਰਚਾਰ ਤੋਂ ਦੁਖੀ ਅਕਾਲੀ ਉਮੀਦਵਾਰ ਸ਼੍ਰੀ ਸਿੰਗਲਾ ਨੂੰ ਚੋਣਾਂ ਦੇ ਦੌਰਾਨ ਹੀ ਬਠਿੰਡਾ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੋਂ ਸਪੱਸ਼ਟੀਕਰਨ ਮੰਗਣਾ ਪਿਆ ਸੀ। ਹਾਲਾਂਕਿ ਇਸ ਸਪੱਸ਼ਟੀਕਰਨ ਦੌਰਾਨ ‘ਜੋੜੀ’ ਵਲੋਂ ਸਪੱਸ਼ਟ ਤੌਰ ’ਤੇ ਅਕਾਲੀ ਵਰਕਰਾਂ ਨੂੰ ਸਰੂਪ ਸਿੰਗਲਾ ਨੂੰ ਜਿਤਾਉਣ ਦੀ ਅਪੀਲ ਕੀਤੀ ਸੀ ਪ੍ਰੰਤੂ ਹੁਣ ਚੋਣ ਨਤੀਜਿਆਂ ਤੋਂ ਬਾਅਦ ਪੁਣਛਿਣ ਕੇ ਸਾਹਮਣੇ ਆ ਰਹੀਆਂ ਸੂਚਨਾਵਾਂ ਕਾਫ਼ੀ ਹੈਰਾਨ ਕਰਨ ਵਾਲੀਆਂ ਦੱਸੀਆਂ ਜਾ ਰਹੀਆਂ ਹਨ। ਅਕਾਲੀ ਉਮੀਦਵਾਰ ਦੇ ਨਜਦੀਕੀਆਂ ਨੇ ਦਾਅਵਾ ਕੀਤਾ ਹੈ ਕਿ ਵਿਰੋਧੀਆਂ ਵਲੋਂ ਪ੍ਰਕਾਸ਼ ਸਿੰਘ ਬਾਦਲ ਦੇ ਅਪਣੇ ਭਤੀਜੇ ਪ੍ਰਤੀ ਹੇਜ਼ ਰੱਖਣ ਦੀਆਂ ਖ਼ਬਰਾਂ ਨੂੰੂ ਠੱਲ ਪਾਉਣ ਲਈ ਸ਼੍ਰੀ ਸਿੰਗਲਾ ਵਲੋਂ ਸ: ਬਾਦਲ ਨੂੰ ਬਠਿੰਡਾ ਸ਼ਹਿਰੀ ਹਲਕੇ ’ਚ ਇੱਕ ਵਾਰ ਆ ਕੇ ਚੋਣ ਪ੍ਰਚਾਰ ਕਰਨ ਲਈ ਕਈ ਅਪੀਲਾਂ ਕੀਤੀਆਂ ਗਈਆਂ ਸਨ ਪ੍ਰੰਤੂ ਉਨ੍ਹਾਂ ਅਪਣੀ ਸਿਹਤ ਦਾ ਹਵਾਲਾ ਦਿੰਦਿਆਂ ਜਵਾਬ ਦੇ ਦਿੱਤਾ ਸੀ। ਜਿਸਦੇ ਚੱਲਦੇ ਉਨ੍ਹਾਂ ਨੂੰ ਇਸ ਪ੍ਰਚਾਰ ਨੂੰ ਰੋਕਣ ਲਈ ਇੱਕ ਵੀਡੀਓ ਸੰਦੇਸ ਦੇਣ ਲਈ ਵੀ ਕਿਹਾ ਗਿਆ ਸੀ ਪ੍ਰੰਤੂ ਉਹ ਵੀ ਨਹੀਂ ਮਿਲਿਆ। ਉਧਰ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਅਕਾਲੀ ਉਮੀਦਵਾਰ ਸਰੂਪ ਸਿੰਗਲਾ ਦੇ ਇੱਕ ਨਜਦੀਕੀ ਮੰਨੇ ਜਾਣ ਵਾਲੇ ਆਗੂ ਨੇ ਅਪਣਾ ਨਾਮ ਨਾਂ ਛਾਪਣ ਦੀ ਸ਼ਰਤ ’ਤੇ ਇਹ ਵੀ ਖੁਲਾਸਾ ਕੀਤਾ ਕਿ ‘‘ ਅਸਲ ਵਿਚ ਇਹ ਇਕੱਲੀਆਂ ਅਫ਼ਵਾਹਾਂ ਹੀ ਨਹੀਂ ਸਨ, ਬਲਕਿ ਬਾਦਲ ਪ੍ਰਵਾਰ ਨਾਲ ਜੁੜੇ ਰਹੇ ਕੁੱਝ ਵਿਅਕਤੀਆਂ ਦੀਆਂ ਬਠਿੰਡਾ ਸ਼ਹਿਰ ਵਿਚ ਸ਼ੱਕੀ ਗਤੀਵਿਧੀਆਂ ਬਾਰੇ ਗੰਭੀਰ ਪੜਚਾਲ ਦੀ ਲੋੜ ਹੈ। ’’ ਇਸ ਆਗੂ ਮੁਤਾਬਕ ਲੰਬੀ ਹਲਕੇ ਨਾਲ ਸਬੰਧਤ ਇੱਕ ਆਗੂ ਵਲੋਂ ਸ਼ਹਿਰ ਦੇ ਇੱਕ ਨੌਜਵਾਨ ਠੇਕੇਦਾਰ ਨਾਲ ਇਸ ਸਬੰਧੀ ਮੀਟਿੰਗਾਂ ਵੀ ਕੀਤੀਆਂ ਗਈਆਂ ਸਨ। ਇਸੇ ਤਰ੍ਹਾਂ ਲਾਈਨੋਪਾਰ ਇਲਾਕੇ ਦੇ ਇੱਕ ਸਿਰਕੱਢ ਨੌਜਵਾਨ ਆਗੂ ਨੂੰ ਵੀ ਭਰਮਾਉਣ ਦੀ ਕੋਸ਼ਿਸ਼ ਕੀਤੀ ਗਈ। ਚਰਚਾ ਮੁਤਾਬਕ ਇੱਕ ਸ਼੍ਰੋਮਣੀ ਕਮੇਟੀ ਦੇ ਮੈਂਬਰ ਦੀਆਂ ਵੀ ਬਠਿੰਡਾ ਸ਼ਹਿਰੀ ਹਲਕੇ ਵਿਚ ਕੁੱਝ ਗਤੀਵਿਧੀਆਂ ਰਹੀਆਂ। ਇਸਤੋਂ ਇਲਾਵਾ ਕਈ ਦਹਾਕੇ ਤੱਕ ਮਨ੍ਰਮੀਤ ਬਾਦਲ ਨਾਲ ਸਾਏ ਵਾਂਗ ਜੁੜੇ ਰਹੇ ਇੱਕ ਆਗੂ ਉਪਰ ਵੀ ਉਗਲਾਂ ਉਠਾਈਆਂ ਜਾ ਰਹੀਆਂ ਹਨ। ਉਧਰ ਇੰਨ੍ਹਾਂ ਚਰਚਾਵਾਂ ਸਬੰਧੀ ਗੱਲ ਕਰਨ ’ਤੇ ਸਰੂਪ ਸਿੰਗਲਾ ਨੇ ਕੋਈ ਵੀ ਟਿੱਪਣੀ ਕਰਨ ਤੋਂ ਇੰਨਕਾਰ ਕਰਦਿਆਂ ਕਿਹਾ ਕਿ ਉਹ ਹਾਲੇ ਅਪਣੀ ਹਾਰ ਦਾ ਵਿਸਲੇਸ਼ਣ ਕਰ ਰਹੇ ਹਨ। ਗੌਰਤਲਬ ਹੈ ਕਿ ਭਾਜਪਾ ਦਾ ਸਾਥ ਨਾ ਹੋਣ ਦੇ ਬਾਵਜੂਦ ਵੀ ਸ਼੍ਰੀ ਸਿੰਗਲਾ ਸਾਢੇ 24 ਹਜ਼ਾਰ ਦੇ ਕਰੀਬ ਵੋਟਾਂ ਲੈਣ ਵਿਚ ਸਫ਼ਲ ਰਹੇ ਹਨ। ਸ਼ਹਿਰ ਦੇ ਇੱਕ ਸਿਆਸੀ ਵਿਸਲੇਸ਼ਕ ਨੇ ਇੰਨ੍ਹਾਂ ਚੋਣਾਂ ’ਤੇ ਟਿੱਪਣੀ ਕਰਦਿਆਂ ਕਿਹਾ ਕਿ ‘‘ ਬੇਸ਼ੱਕ ਅਕਾਲੀ ਉਮੀਦਵਾਰ ਸਫ਼ਲ ਨਹੀਂ ਹੋ ਸਕਿਆ ਪ੍ਰੰਤੂ ਉਸਦੇ ਇੰਨੀਂ ਵੋਟ ਲੈਣ ਪਿੱਛੇ ਵੀ ਉਸਦੀ ਅਪਣੀ ਨਿੱਜੀ ਦਿੱਖ ’ਤੇ ਪਿਛਲੇ 15 ਸਾਲਾਂ ਤੋਂ ਸ਼ਹਿਰੀਆਂ ਨਾਲ ਬਣਾਇਆ ਮੇਲ ਜੋਲ ਹੋਣਾ ਹੈ। ’’
ਵਿਤ ਮੰਤਰੀ ਦੇ ਹਾਰਨ ਦੀ ਖ਼ੁਸੀ ’ਚ ਬਠਿੰਡਾ ਦੇ ਮੁਲਾਜਮ 14 ਮਾਰਚ ਨੂੰ ਕੱਢਣਗੇ ਜੇਤੂੁ ਮਾਰਚ
ਸੁਖਜਿੰਦਰ ਮਾਨ
ਬਠਿੰਡਾ, 11 ਮਾਰਚ: ਲਗਾਤਾਰ ਪੰਜ ਸਾਲ ਮੁਲਾਜਮਾਂ ਦੇ ਨਿਸ਼ਾਨੇ ’ਤੇ ਰਹੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਮਿਲੀ ਹਾਰ ਦੀ ਖ਼ੁਸੀ ਵਿਚ ਬਠਿੰਡਾ ਦੇ ਮੁਲਾਜਮਾਂ ਨੇ ਆਗਾਮੀ 14 ਮਾਰਚ ਨੂੰ ਸ਼ਹਿਰ ਵਿਚ ਜੇਤੂ ਮਾਰਚ ਕੱਢਣ ਦਾ ਐਲਾਨ ਕੀਤਾ ਹੈ। ਅੱਜ ਇੱਥੇ ਕੀਤੀ ਇੱਕ ਪ੍ਰੈਸ ਕਾਨਫਰੰਸ ਵਿਚ ਮਨਿਸਟਰੀਅਲ ਸਰਵਿਸਜ਼ ਯੂਨੀਅਨ ਦੇ ਆਗੂਆਂ ਮੇਘ ਸਿੰਘ ਧਾਲੀਵਾਲ, ਰਾਜਵੀਰ ਸਿੰਘ ਮਾਨ, ਕੁਲਦੀਪ ਸ਼ਰਮਾ, ਸੁਰਜੀਤ ਸਿੰਘ ਆਦਿ ਨੇ ਦਾਅਵਾ ਕੀਤਾ ਕਿ ਵਿਤ ਮੰਤਰੀ ਰਹਿੰਦਿਆਂ ਮੁਲਾਜਮ ਵਿਰੋਧੀ ਫੈਸਲਾ ਲੈਣ ਵਾਲੇ ਸ: ਬਾਦਲ ਅਤੇ ਉਸਦੇ ਪੁੱਤਰ ਨੇ ਚੋਣਾਂ ਦੌਰਾਨ ਵੀ ਮੁਲਾਜਮਾਂ ਨੂੰ ਦੋ ਫ਼ੀਸਦੀ ਦਸਦਿਆਂ ਇੱਕ ਤਰ੍ਹਾਂ ਨਾਲ ਚੁਣੌਤੀ ਦਿੱਤੀ ਸੀ। ਮੁਲਾਜਮ ਆਗੂਆਂ ਮੁਤਾਬਕ ਬਠਿੰਡਾ ਸ਼ਹਿਰ ਵਿਚ ਵਿਤ ਮੰਤਰੀ ਦੀ ਹਾਰ ਪਿੱਛੇ ਮੁਲਾਜਮ ਵਰਗ ਦਾ ਵੱਡਾ ਯੋਗਦਾਨ ਹੈ। ਜਿਸਦੇ ਚੱਲਦੇ ਮੁਲਾਜਮ ਵਰਗ ਦੀ ਭਰਵੀਂ ਸਮੂਲੀਅਤ ਵਾਲਾ ਇਹ ਮਾਰਚ ਸਥਾਨਕ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚੋਂ ਦੀ ਹੁੰਦਾ ਹੋਇਆ ਦਾਣਾ ਮੰਡੀ ਵਿਚ ਆ ਕੇ ਸਮਾਪਤ ਹੋਵੇਗਾ। ਮੁਲਾਜਮ ਆਗੂਆਂ ਨੇ ਦੋਸ਼ ਲਗਾਇਆ ਕਿ ਪਿਛਲੀ ਸਰਕਾਰ ਨੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਮੰਨਣ ਦੀ ਬਜਾਏ ਆਖਰ ਤਕ ਲਾਰਿਆਂ ਵਿਚ ਰੱਖਿਆ। ਹਾਲਾਂਕਿ ਬਠਿੰਡਾ ਸ਼ਹਿਰ ਤੋਂ ਨੁਮਾਇੰਦਾ ਹੋਣ ਕਾਰਨ ਦਰਜਨਾਂ ਵਾਰ ਮੁਲਾਜ਼ਮ ਆਗੂ ਮਨਪ੍ਰੀਤ ਸਿੰਘ ਬਾਦਲ ਨੂੰ ਮਿਲ ਚੁੱਕੇ ਸਨ ਪ੍ਰੰਤੂ ੳਨਾਂ ਨੂੰ ਹਰ ਵਾਰ ਟਰਕਾ ਦਿੱਤਾ ਜਾਂਦਾ ਰਿਹਾ। ਜਿਸਦੇ ਚੱਲਦੇ ਸਮੂਹ ਮੁਲਾਜ਼ਮ ਜਥੇਬੰਦੀਆਂ ਨੇ ਫ਼ੈਸਲਾ ਕੀਤਾ ਸੀ ਕਿ ਕਾਂਗਰਸ ਪਾਰਟੀ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਨਹੀਂ ਚੜ੍ਹਨ ਦਿੱਤੀਆਂ ਜਾਣਗੀਆਂ। ਇਸ ਮੌਕੇ ਆਗੂਆਂ ਨੇ ਸਮੂਹ ਮੁਲਾਜ਼ਮ ਵਰਗ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਇਕਜੁਟਤਾ ਦਿਖਾਉਂਦਿਆਂ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਹੈ।
ਕਾਪਾ ਦਿਖ਼ਾਕੇ ਦੁਕਾਨਦਾਰ ਤੋਂ ਨਗਦੀ ਲੁੱਟੀ
ਸੁਖਜਿੰਦਰ ਮਾਨ
ਬਠਿੰਡਾ, 11 ਮਾਰਚ: ਸਥਾਨਕ ਭਾਗੂ ਰੋਡ ‘ਤੇ ਸਥਿਤ ਇੱਕ ਪ੍ਰਾਈਵੇਟ ਸਕੂਲ ਦੇ ਸਾਹਮਣੇ ਇਕ ਦੁਕਾਨ ਦੇ ਮਾਲਕ ਕੋਲੋ ਤੇਜਧਾਰ ਹਥਿਆਰ ਦੀ ਨੌਕ ’ਤੇ ਲੁਟੈਰਿਆਂ ਵਲੋਂ ਨਗਦੀ ਲੁੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਇਸ ਮਾਮਲੇ ਵਿਚ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪ੍ਰੰਤੂ ਹਾਲੇ ਤੱਕ ਲੁਟੇਰਿਆਂ ਦਾ ਪਤਾ ਨਹੀਂ ਲੱਗ ਸਕਿਆ ਹੈ। ਗਿਫਟ ਐਂਡ ਗਾਰਮੈਂਟਸ ਸਟੋਰ ਦੇ ਮਾਲਕ ਇੰਦਰਜੀਤ ਸਿੰਘ ਨੇ ਦਸਿਆ ਕਿ ਬੀਤੀ ਸ਼ਾਮ ਦੋ ਨੌਜਵਾਨ ਦੁਕਾਨ ਅੰਦਰ ਦਾਖਲ ਹੋਏ ਤੇ ਕਾਪਾ ਦਿਖਾ ਕੇ ਉਸ ਕੋਲੋ ਨਗਦੀ ਦੀ ਮੰਗ ਕੀਤੀ। ਉਸਨੇ ਡਰਦੇ ਮਾਰੇ ਅਪਣੇ ਪਰਸ ਵਿਚ ਮੌਜੂਦ 2500 ਰੁਪਏ ਦੇਣੇ ਪਏ ਪ੍ਰੰਤੂ ਜਦ ਲੁਟੇਰੇ ਬਾਹਰ ਨਿਕਲੇ ਤਾਂ ਇਸਦੀ ਸੂਚਨਾ ਤੁੂਰੰਤ ਕੰਟਰੋਲ ਰੂਮ ’ਤੇ ਦਿੱਤੀ ਗਈ ਪ੍ਰੰਤੂ ਹਾਲੇ ਤੱਕ ਲੁਟੇਰਿਆਂ ਦਾ ਪਤਾ ਨਹੀਂ ਲੱਗ ਸਕਿਆ। ਉਧਰ ਸਥਾਨਕ ਅਮਰੀਕ ਸਿੰਘ ਰੋਡ ਤੋਂ ਇੱਕ ਮੋਟਰਸਾਈਕਲ ਚੋਰੀ ਹੋਣ ਦੀ ਸੂਚਨਾ ਮਿਲੀ ਹੈ। ਇਸ ਮਾਮਲੇ ਵਿਚ ਪੁਲਿਸ ਨੇ ਕਾਰਵਾਈ ਕਰਦਿਆਂ ਦੋ ਨੌਜਵਾਨਾਂ ਨੂੰ ਗਿ੍ਰਫਤਾਰ ਕਰਕੇ ਮੋਟਰਸਾਈਲ ਬਰਾਮਦ ਕਰਵਾ ਲਿਆ ਹੈ। ।
ਸਰਕਾਰ ਬਦਲਦੇ ਹੀ ਮੰਡੀਕਰਨ ਬੋਰਡ ਦੀ ਵੱਡੀ ਕਾਰਵਾਈ, ਫਰੂਟ ਮੰਡੀ ਚੋਂ ਨਾਜਾਇਜ਼ ਸ਼ੈੱਡ ਉਤਾਰੇ
ਸੁਖਜਿੰਦਰ ਮਾਨ
ਬਠਿੰਡਾ, 11 ਮਾਰਚ: ਸੂਬੇ ’ਚ ਸਰਕਾਰ ਬਦਲਦਿਆਂ ਅਧਿਕਾਰੀਆਂ ਦਾ ਰੁੱਖ ਵੀ ਬਦਲਦਾ ਨਜ਼ਰ ਆ ਰਿਹਾ ਹੈ। ਬੀਤੇ ਕੱਲ ਤੱਕ ਅੱਖਾਂ ਬੰਦ ਕਰਕੇ ਬੈਠੇ ਮੰਡੀਕਰਨ ਬੋਰਡ ਦੇ ਅਧਿਕਾਰੀਆਂ ਨੇ ਅੱਜ ਵੱਡਾ ਲਾਮਲਸ਼ਕਰ ਲੈ ਕੇ ਸਥਾਨਕ ਸ਼ਹਿਰ ਦੀ ਫਰੂਟ ਮੰਡੀ ਵਿਚ ਬਣੇ ਕਥਿਤ ਨਜਾਇਜ਼ ਸੈੱਡ ਹਟਾ ਦਿੱਤਾ। ਇਸ ਮੌਕੇ ਕੁੱਝ ਫਰੂਟ ਵਪਾਰੀਆਂ ਨੇ ਦੋਸ਼ ਲਗਾਇਆ ਕਿ ਇੱਥੇ ਨਾਜਾਇਜ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਲ੍ਹਾ ਮੰਡੀ ਅਫਸਰ ਕੰਵਰਪ੍ਰੀਤ ਸਿੰਘ ਬਰਾੜ ਨੇ ਦਾਅਵਾ ਕੀਤਾ ਕਿ ਕੁੱਝ ਲੋਕ ਲੰਮੇ ਸਮੇਂ ਤੋਂ ਨਾਜਾਇਜ਼ ਕਬਜ਼ੇ ਜਮਾਈ ਬੈਠੇ ਸਨ, ਜਿੰਨ੍ਹਾਂ ਵਿਰੁਧ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਵਿਅਕਤੀ ਫਰੂਟ ਮੰਡੀ ਵਿੱਚ ਨਜਾਇਜ਼ ਕੰਮ ਕਰ ਸਕੇਗਾ ਤਾਂ ਉਸਨੂੰ ਬਖਸਿਆਂ ਨਹੀਂ ਜਾਵੇਗਾ। ਪਤਾ ਚੱਲਿਆ ਹੈ ਿਕ ਇਨ੍ਹਾਂ ਸੈਡਾਂ ਦੀ ਦੀ ਉਸਾਰੀ ਪਿਛਲੀ ਕਾਂਗਰਸ ਸਰਕਾਰ ਦੌਰਾਨ ਕਰਵਾਈ ਗਈ ਸੀ ਤੇ ਹੁਣ ਵੋਟਾਂ ਦੌਰਾਨ ਕੁੱਝ ਵਿਅਕਤੀ ਇੱਥੇ ਬੋਰਡ ਲਗਾ ਗਏ ਸਨ। ਹਾਲਾਂਕਿ ਫਲ ਮੰਡੀ ਦੇ ਕੁੱਝ ਆੜਤੀਆਂ ਵਲੋਂ ਇੱਥੇ ਗੱਡੀਆਂ ਦੀ ਪਾਰਕਿੰਗ ਹੋਣ ਕਾਰਨ ਉਨ੍ਹਾਂ ਫੜਾਂ੍ਹ ਦੀ ਉਸਾਰੀ ਦਾ ਵਿਰੋਧ ਕੀਤਾ ਸੀ। ਇਸ ਵਿਚਕਾਰ ਚੋਣ ਜਾਬਤਾ ਲੱਗਣ ਕਾਰਨ ਫੜਾਂ੍ਹ ਦੀ ਵੰਡ ਨਹੀਂ ਹੋ ਸਕੀ ਸੀ ਤੇ ਹੁਣ ਚੋਣਾਂ ਤੋਂ ਪਹਿਲਾਂ ਰਾਤੋਂ-ਰਾਤ ਕੁਝ ਵਿਅਕਤੀਆਂ ਵਲੋਂ ਉਕਤ ਫੜਾਂ੍ਹ ‘ਤੇ ਕਬਜ਼ੇ ਕਰਕੇ ਆਪਣੀਆਂ ਫਲੈਕਸਾਂ ਲਗਾਂ ਲਈਆਂ ਸਨ। ਇਸ ਦੇ ਵਿਰੋਧ ਵਜੋਂ ਫਲ ਮੰਡੀ ਵਲੋਂ ਸ਼ਨੀਵਾਰ ਤੋਂ ਮੰਡੀ ਬੰਦ ਦਾ ਐਲਾਨ ਕੀਤਾ ਗਿਆ ਸੀ। ਮਾਮਲਾ ਗਰਮਾਉਂਦਾ ਵੇਖ ਸ਼ੁੱਕਰਵਾਰ ਸਵੇਰੇ ਮੰਡੀ ਬੋਰਡ ਦੇ ਅਧਿਕਾਰੀ ਅਤੇ ਥਾਣਾ ਕੋਤਵਾਲੀ ਦੇ ਐੱਸਐੱਚਓ ਪੁਲਿਸ ਪਾਰਟੀ ਨਾਲ ਮੰਡੀ ਵਿਚ ਪਹੁੰਚੇ ਅਤੇ ਉਕਤ ਫੜਾਂ੍ਹ ਤੋਂ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ। ਜ਼ਿਕਰਯੋਗ ਹੈ ਕਿ ਦੱਸ ਮਾਰਚ ਨੂੰ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਇਕ ਦਿਨ ਪਹਿਲਾਂ ਸ਼ੁੱਕਰਵਾਰ ਸ਼ਾਮ ਨੂੰ ਅਣਪਛਾਤੇ ਵਿਅਕਤੀਆਂ ਨੇ ਮੰਡੀ ਵਿਚ ਸਥਿਤ ਫੜਾਂ੍ਹ ‘ਤੇ ਕਬਜ਼ਾ ਕਰ ਕੇ ਜਾਅਲੀ ਫਰਮਾਂ ਦੇ ਬੋਰਡ ਲਗਾ ਦਿੱਤੇ ਸਨ। ਇਸ ਮੌਕੇ ਵਪਾਰੀ ਰਮੇਸ਼ ਕੁਮਾਰ ਨੇ ਕਿਹਾ ਕਿ ਉਹ ਪਿਛਲੇ 50 ਸਾਲਾਂ ਤੋਂ ਮੰਡੀ ਵਿਚ ਕੰਮ ਕਰ ਰਿਹਾ ਹੈ ਤੇ ਉਹ ਮਾਰਕੀਟ ਫ਼ੀਸ ਵੀ ਭਰ ਰਿਹਾ ਹੈ।
ਥਰਮਲ ਦੇ ਠੇਕਾ ਮੁਲਾਜ਼ਮਾਂ ਨੇ ਫੂਕਿਆ ਮੋਦੀ ਸਰਕਾਰ ਦਾ ਪੁਤਲਾ
ਸੁਖਜਿੰਦਰ ਮਾਨ
ਬਠਿੰਡਾ, 11 ਮਾਰਚ: ਜੀ.ਐੱਚ.ਟੀ.ਪੀ.ਠੇਕਾ ਮੁਲਾਜਮ ਯੂਨੀਅਨ (ਆਜ਼ਾਦ) ਦੇ ਬੈਨਰ ਹੇਠ ਅੱਜ ਗੁਰੂ ਹਰਗੋਬਿੰਦ ਥਰਮਲ ਪਲਾਂਟ ਦੇ ਠੇਕਾ ਮੁਲਾਜ਼ਮਾਂ ਨੇ ਭਾਖੜਾ-ਬਿਆਸ ਪ੍ਰੋਜੈਕਟ ਦੇ ਕੇਂਦਰੀਕਰਨ ਕਰਨ ਦੇ ਵਿਰੋਧ ਵਜੋਂ ਥਰਮਲ ਦੇ ਮੁੱਖ ਗੇਟ ਤੇ ਰੋਸ਼ ਰੈਲੀ ਕਰਨ ਉਪਰੰਤ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ 07 ਨੂੰ ਜਾਮ ਕਰਕੇਮੋਦੀ ਸਰਕਾਰ ਦਾ ਪੁਤਲਾ ਫੂਕਿਆ। ਇਸ ਸਮੇਂ ਭਰਵੀਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜਗਰੂਪ ਸਿੰਘ,ਜਨਰਲ ਸਕੱਤਰ ਜਗਸੀਰ ਸਿੰਘ ਭੰਗੂ,ਸੀਨੀਅਰ ਮੀਤ ਪ੍ਰਧਾਨ ਬਾਦਲ ਸਿੰਘ ਭੁੱਲਰ ਨੇ ਕਿਹਾ ਕਿ ਮੋਦੀ ਸਰਕਾਰ ਨੇ ਭਾਖੜਾ-ਬਿਆਸ ਪ੍ਰਬੰਧਕ ਬੋਰਡ ਦਾ ਕੇਂਦਰੀਕਰਨ ਕਰਕੇ ਇਨ੍ਹਾਂ ਪ੍ਰੋਜੈਕਟਾਂ ਦੀ ਸੁਰੱਖਿਆ ਦਾ ਪ੍ਰਬੰਧ ਰਾਜਾਂ ਤੋਂ ਖੋਹਕੇ ਕੇਂਦਰ ਅਧੀਨ ਕਰਨ ਦਾ ਨਾਦਰਸ਼ਾਹੀ ਫੈਸਲਾ ਕੀਤਾ ਹੈ। ਆਗੂਆਂ ਨੇ ਕਿਹਾ ਕਿ ਭਾਖੜਾ-ਬਿਆਸ ਡੈਮ ਪੰਜਾਬ,ਹਰਿਆਣਾ,ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਰਾਜਾਂ ਦੀ ਹਿੱਸੇਦਾਰੀ ਅਨੁਸਾਰ ਸਾਂਝੀ ਮਾਲਕੀ ਵਾਲਾ ਪ੍ਰੋਜੈਕਟ ਹੈ ਤੇ ਸਾਂਝੀ ਉਸਾਰੀ ਕਾਰਨ ਤਹਿਸ਼ੁਦਾ ਹਿੱਸੇਦਾਰੀ ਮੁਤਾਬਕ ਇਸ ਦਾ ਪ੍ਰਬੰਧ ਵੀ ਪਿਛਲੇ ਸਾਲਾਂ ਤੋਂ ਲਗਾਤਾਰ ਰਾਜ ਸਰਕਾਰਾਂ ਸਾਂਝੇ ਤੌਰ ਤੇ ਚਲਾਉਂਦੀਆਂ ਆ ਰਹੀਆਂ ਸਨ। ਆਗੂਆਂ ਨੇ ਕਿਹਾ ਕਿ ਪੰਜ ਰਾਜਾਂ ਦੀਆਂ ਚੋਣਾਂ ਦੇ ਸਮੇਂ ਵਿੱਚ ਰੋਪੜ ਥਰਮਲ ਪਲਾਂਟ ਦਾ ਉਜਾੜਾ ਕਰਨਾ,ਯੂ.ਟੀ. ਚੰਡੀਗੜ੍ਹ ਦੇ ਤਿੰਨ ਸੌ ਕਰੋੜ ਰੁਪਏ ਸਾਲਾਨਾ ਮੁਨਾਫ਼ਾ ਕਮਾਉਣ ਦੇ ਬਾਵਜੂਦ ਉਸ ਦੇ ਨਿੱਜੀਕਰਨ ਦਾ ਫੈਸਲਾ ਕਰਨਾ,ਠੀਕ ਇਸ ਹੀ ਸਮੇਂ ਭਾਖੜਾ-ਬਿਆਸ ਪ੍ਰਬੰਧਕੀ ਬੋਰਡ ਦਾ ਰਾਜਾਂ ਤੋਂ ਅਧਿਕਾਰ ਖੋਹਕੇ ਇਸ ਦਾ ਕੇਂਦਰੀਕਰਨ ਕਰਨਾ,ਇਸ ਦੀ ਸੁਰੱਖਿਆ ਦਾ ਪ੍ਰਬੰਧ ਰਾਜ ਸਰਕਾਰਾਂ ਤੋਂ ਖੋਹਕੇ ਇੱਥੇ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਕਰਨਾ ਕੇਂਦਰੀ ਹਕੂਮਤ ਦੇ ਇਸ ਫੈਸਲੇ ਪਿੱਛੇ ਲੁਕਵੇਂ ਏਜੰਡੇ ਨੂੰ ਪਛਾਛਣ ਦੀ ਲੋੜ ਹੈ । ਆਗੂਆਂ ਨੇ ਕੇਂਦਰ ਸਰਕਾਰ ਨੂੰ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਦੇਸ਼ ਅਤੇ ਲੋਕ ਵਿਰੋਧੀ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ।
ਜਗਜੀਤ ਸਿੰਘ ਭਾਈਕਾ ਨੂੰ ਸੈਂਕੜੇ ਲੋਕਾਂ ਨੇ ਭੇਂਟ ਕੀਤੀਆਂ ਸ਼ਰਧਾਂਜਲੀਆਂ
ਸੁਖਜਿੰਦਰ ਮਾਨ
ਬਠਿੰਡਾ, 11 ਮਾਰਚ: ਲੰਘੀ 4 ਮਾਰਚ ਨੂੰ ਗੁਰੂ ਚਰਨਾਂ ’ਚ ਜਾ ਬਿਰਾਜ਼ੇ ਇਲਾਕੇ ਦੇ ਉਘੇ ਟ੍ਰਾਂਸਪੋਟਰ ਭਾਈ ਜਗਜੀਤ ਸਿੰਘ ਸਿੱਧੂ (ਜੀਤੀ ਪ੍ਰਧਾਨ) ਦੀ ਆਂਤਮਿਕ ਸ਼ਾਂਤੀ ਲਈ ਅੱਜ ਸਥਾਨਕ ਗੁਰਦੂਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਵਿਖੇ ਸ਼੍ਰੀ ਸ਼ਹਿਜ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਸੈਂਕੜੇ ਲੋਕਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਉਨ੍ਹਾਂ ਦੀ ਆਂਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਇਸ ਦੌਰਾਨ ਪੁੱਜੀਆਂ ਇਲਾਕੇ ਦੀਆਂ ਉਘੀਆਂ ਸਖ਼ਸੀਅਤਾਂ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਕਰਦਿਆਂ ਕਿਹਾ ਕਿ ਜਗਜੀਤ ਸਿੰਘ ਸਿੱਧੂ ਇੱਕ ਵਿਅਕਤੀ ਨਹੀਂ, ਬਲਕਿ ਸਖ਼ਸੀਅਤ ਸਨ ਜਿੰਨ੍ਹਾਂ ਦੇ ਜਾਣ ਨਾਲ ਸਮਾਜ ਨੂੰ ਵੱਡਾ ਘਾਟਾ ਪਿਆ ਹੈ। ਇਸ ਦੌਰਾਨ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ, ਸਾਬਕਾ ਮੰਤਰੀ ਚਿਰੰਜੀ ਲਾਲ ਗਰਗ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੇ.ਕੇ.ਅਗਰਵਾਲ, ਕਾਂਗਰਸ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਅਰਸਦੀਪ ਗਾਗੋਵਾਲ ਜ਼ਿਲ੍ਹਾ ਪ੍ਰਧਾਨ, ਹਾਊਸਫੈਡ ਪੰਜਾਬ ਦੇ ਚੇਅਰਮੈਨ ਨਰਿੰਦਰ ਸਿੰਘ ਭਲੇਰੀਆ, ਸੀਨੀਅਰ ਕਾਂਗਰਸੀ ਆਗੂ ਬਲਵੀਰ ਸਿੰਘ ਸਿੱਧੂ, ਭਾਜਪਾ ਆਗੂ ਰਵੀਪ੍ਰੀਤ ਸਿੰਘ ਸਿੱਧੂ, ਯੂਥ ਅਕਾਲੀ ਆਗੂ ਬਬਲੀ ਢਿੱਲੋਂ, ਸੀਨੀਅਰ ਆਗੂ ਭੋਲਾ ਸਿੰਘ ਗਿੱਲਪਤੀ, ਗੁਰਪ੍ਰੀਤ ਸਿੰਘ ਪੀਰਕੋਟ, ਡਿਪਟੀ ਮੇਅਰ ਮਾਸਟਰ ਹਰਮਿੰਦਰ ਸਿੰਘ ਸਿੱਧੂ, ਸ਼ਹਿਰ ਦੇ ਕਈ ਕੋਂਸਲਰਾਂ ਤੋਂ ਇਲਾਵਾ ਉਚ ਅਧਿਕਾਰੀ, ਟ੍ਰਾਂਸਪੋਟਰ, ਬਾਰ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ, ਸਾਬਕਾ ਪ੍ਰਧਾਨ ਤੇ ਵੱਡੀ ਗਿਣਤੀ ਵਿਚ ਵਕੀਲਾਂ ਤੋਂ ਇਲਾਵਾ ਸਮਾਜ ਦੇ ਹਰ ਖੇਤਰ ਤੋਂ ਸਖ਼ਸੀਅਤਾਂ ਪੁੱਜੀਆਂ ਹੋਈਆਂ ਸਨ। ਇਸ ਦੌਰਾਨ ਪ੍ਰਵਾਰ ਦੀ ਤਰਫ਼ੋਂ ਪੁੱਜੀਆਂ ਹੋਈਆਂ ਸੰਗਤਾਂ ਦਾ ਧੰਨਵਾਦ ਮਹਰੂਮ ਜਗਜੀਤ ਸਿੰਘ ਸਿੱਧੂ ਦੇ ਪੁੱਤਰ ਹਰਵਿੰਦਰ ਸਿੰਘ ਹੈਪੀ ਪ੍ਰਧਾਨ ਜ਼ਿਲ੍ਹਾ ਪ੍ਰਾਈਵੇਟ ਬੱਸ ਅਪਰੇਟਰਜ਼ ਯੂਨੀਅਨ ਤੇ ਸਤਵਿੰਦਰ ਸਿੰਘ ਹੈਪੀ ਨੇ ਕੀਤਾ।
ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਹੁਣ ‘ਕਾਰਪੋਰੇਸ਼ਨ’ ’ਚ ਵੀ ਉਥਲ-ਪੁਥਲ ਦੀ ਚਰਚਾ
ਦੋ ਕੋਂਸਲਰਾਂ ਨੇ ਮਨਪ੍ਰੀਤ ਬਾਦਲ ਨੂੰ ਮੇਅਰਸ਼ਿਪ ਦੇ ਮਾਮਲੇ ’ਤੇ ਕੀਤੀ ਪੁਨਰਵਿਚਾਰ ਦੀ ਮੰਗ
ਸੁਖਜਿੰਦਰ ਮਾਨ
ਬਠਿੰਡਾ, 11 ਮਾਰਚ: ਬੀਤੇ ਕੱਲ ਆਏ ਵਿਧਾਨ ਸਭਾ ਦੇ ਚੋਣ ਨਤੀਜਿਆਂ ’ਚ ਵੱਡੀ ਹਾਰ ਦਾ ਸਾਹਮਣਾ ਕਰਨ ਵਾਲੇ ਸਾਬਕਾ ਵਿਤ ਮੰਤਰੀ ਨੂੰ ਜਲਦੀ ਹੀ ਇੱਕ ਹੋਰ ਵੱਡਾ ਝਟਕਾ ਲੱਗਣ ਜਾ ਰਿਹਾ ਹੈ। ਸੂਤਰਾਂ ਮੁਤਾਬਕ ਸ਼ਹਿਰ ’ਚ ਕਾਂਗਰਸ ਪਾਰਟੀ ਨੂੰ ਹੋਈ ਨਮੋਸ਼ੀ ਭਰੀ ‘ਹਾਰ’ ਦੇ ਕੁੱਝ ਕਾਰਨਾਂ ਵਿਚੋਂ ਇੱਕ ਪ੍ਰਮੁੱਖ ਕਾਰਨ ਬਣੇ ਨਗਰ ਨਿਗਮ ਦੇ ਮੇਅਰ ਤੇ ਹੋਰਨਾਂ ਅਹੁੱਦੇਦਾਰਾਂ ਦੀ ਚੋਣ ਮੁੜ ਕਰਵਾਉਣ ਦੀ ਮੰਗ ਨੂੰ ਲੈ ਕੇ ਅੰਦਰਖ਼ਾਤੇ ਕੁੱਝ ਕਾਂਗਰਸੀਆਂ ਨੇ ਹੀ ਮੁਹਿੰਮ ਵਿੱਢ ਦਿੱਤੀ ਹੈ। ਜਦੋਂਕਿ ਦੋ ਟਕਸਾਲੀ ਕੋਂਸਲਰਾਂ ਨੇ ਤਾਂ ਖੁੱਲੇ ਤੌਰ ’ਤੇ ਸ: ਬਾਦਲ ਨੂੰ ਇਸ ਪਾਸੇ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਬੀਤੇ ਕੱਲ ਮਨਪ੍ਰੀਤ ਨਾਲ ਉਨ੍ਹਾਂ ਦੇ ਪਿੰਡ ਬਾਦਲ ਵਿਖੇ ਹਮਦਰਦੀ ਪ੍ਰਗਟ ਕਰਨ ਗਏ ਸ਼ਹਿਰ ਦੇ ਸੀਨੀਅਰ ਆਗੂਆਂ ਵਿਚੋਂ ਕੁੱਝ ਇੱਕ ਨੇ ਆਪਸ ਵਿੱਚ ਵਾਪਸੀ ਸਮੇਂ ਵੀ ਇਸ ਗੱਲ ’ਤੇ ਚਰਚਾ ਕੀਤੀ ਹੈ। ਸਹਿਰ ਦੇ ਅੱਧੀ ਦਰਜ਼ਨ ਦੇ ਕਰੀਬ ਸੀਨੀਅਰ ਆਗੂਆਂ ਨੇ ਚੋਣ ਨਤੀਜਿਆਂ ਤੋਂ ਬਾਅਦ ‘ਭਾਈਚਾਰਕ’ ਗੱਲਬਾਤ ਦੌਰਾਨ ਇਸ ਗੱਲ ਨੂੰ ਮੰਨਿਆ ਹੈ ਕਿ ਨਵੇਂ ਚੁਣੇ ਗਏ ਵਿਧਾਇਕ ਜਗਰੂਪ ਸਿੰਘ ਗਿੱਲ ਨਗਰ ਨਿਗਮ ਦੀ ਰਗ-ਰਗ ਤੋਂ ਵਾਕਫ਼ ਹੋਣ ਕਾਰਨ ਕੋਈ ਖ਼ਤਰਾ ਖੜਾ ਕਰ ਸਕਦੇ ਹਨ ਤੇ ਇਸਤੋਂ ਪਹਿਲਾਂ ਕਾਂਗਰਸ ਨੂੰ ਹੋਰ ਨੁਕਸਾਨ ਹੋਵੇ, ਫੈਸਲਾ ਲੈ ਲੈਣਾ ਚਾਹੀਦਾ ਹੈ। ਗੌਰਤਲਬ ਹੈ ਕਿ ਕਰੀਬ ਇੱਕ ਸਾਲ ਪਹਿਲਾਂ ਬਠਿੰਡਾ ਨਗਰ ਨਿਗਮ ਦੇ ਮੇਅਰ ਤੇ ਹੋਰਨਾਂ ਅਹੁੱਦੇਦਾਰਾਂ ਦੀ ਹੋਈ ਚੋਣ ਵਿਚ ਮੌਜੂਦਾ ਵਿਧਾਇਕ ਸ: ਗਿੱਲ ਖੁਦ ਮੇਅਰਸ਼ਿਪ ਦੇ ਦਾਅਵੇਦਾਰ ਸਨ ਪ੍ਰੰਤੂ ਸਾਬਕਾ ਵਿਤ ਮੰਤਰੀ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਦੇ ਨਜਦੀਕੀ ਮੰਨੇ ਜਾਂਦੇ ਕੁੱਝ ਸਰਾਬ ਕਾਰੋਬਾਰੀਆਂ ਦੇ ਪ੍ਰਭਾਵ ਕਾਰਨ ਮੇਅਰਸ਼ਿਪ ਦੀ ਪੋਸਟ ਦਾ ਤਾਜ਼ ‘ਜਨਰਲ ਭਾਵ ਹਰ ਵਰਗ ਲਈ ਖੁੱਲੀ ਹੋਣ’ ਦੇ ਬਾਵਜੂਦ ਸਿਆਸਤ ਵਿਚ ਬਿਲਕੁੱਲ ਨਵੀਂ ਇੱਕ ਮਹਿਲਾ ਕੋਂਸਲਰ ਰਮਨ ਗੋਇਲ ਦੇ ਸਿਰ ਸਜਾ ਦਿੱਤਾ ਸੀ। ਜਦੋਂਕਿ 40 ਸਾਲ ਤੋਂ ਕਾਂਗਰਸ ਦੀਆਂ ਦਰੀਆਂ ਝਾੜਣ ਵਾਲੇ ਪੁਰਾਣੇ ਤੇ ਸੀਨੀਅਰ ਟਕਸਾਲੀ ਕਾਂਗਰਸੀ ਆਗੂ ਅਸੋਕ ਪ੍ਰਧਾਨ ਨੂੰ ਉਨ੍ਹਾਂ ਤੋਂ ਇੱਕ ‘ਰੈਂਕ’ ਘੱਟ ਭਾਵ ਸੀਨੀਅਰ ਡਿਪਟੀ ਮੇਅਰ ਬਣਾਇਆ ਗਿਆ ਸੀ। ਇਹੀ ਨਹੀਂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਆਉਣ ਵਾਲੇ ਮਾਸਟਰ ਹਰਮਿੰਦਰ ਸਿੰਘ ਸਿੱਧੂ ਨੂੰ ਵੀ ਡਿਪਟੀ ਮੇਅਰ ਬਣਾ ਦਿੱਤਾ ਗਿਆ ਸੀ। ਉਸ ਸਮੇਂ ਸੂਬੇ ਵਿਚ ਕਾਂਗਰਸ ਦੀ ਸਰਕਾਰ ਹੋਣ ਤੇ ਮਨਪ੍ਰੀਤ ਸਿੰਘ ਬਾਦਲ ਤੇ ਜੈਜੀਤ ਸਿੰਘ ਜੌਹਲ ਦਾ ਸਿਆਸੀ ਖੇਤਰ ਵਿਚ ਦਬਦਬਾ ਹੋਣ ਕਾਰਨ ਅੰਦਰਖਾਤੇ ਕਈਆਂ ਦੇ ਨਰਾਜ਼ ਹੋਣ ਦੇ ਬਾਵਜੂਦ ਵੀ ਕੋਂਸਲਰਾਂ ਨੇ ਬਾਹਰ ‘ਚੂੰ’ ਨਹੀਂ ਕੱਢੀ ਸੀ ਪ੍ਰੰਤੂ ਹੁਣ ਜਦ ਖੁਦ ਮਨਪ੍ਰੀਤ ਸਿੰਘ ਬਾਦਲ ਇੱਕ ਕੋਂਸਲਰ ਦੇ ਹੱਥੋਂ ਬੁਰੀ ਤਰ੍ਹਾਂ ਹਾਰ ਗਏ ਹਨ ਤਾਂ ਇੰਨ੍ਹਾਂ ਆਗੂਆਂ ਨੇ ਮੁੜ ਸਰਗਰਮੀਆਂ ਵਿੱਢ ਦਿੱਤੀਆਂ ਹਨ। ਕਾਂਗਰਸ ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਅਪਣਾ ਨਾਮ ਨਾਂ ਛਾਪਣ ਦੀ ਸਰਤ ’ਤੇ ਦਸਿਆ ਕਿ ਇਹ ਮਸਲਾ ਬੀਤੇ ਕੱਲ ਹੀ ਸਾਬਕਾ ਵਿਤ ਮੰਤਰੀ ਦੇ ਧਿਆਨ ਵਿਚ ਲਿਆ ਦਿੱਤਾ ਹੈ ਕਿ ਜੇਕਰ ਕਾਰਪੋਰੇਸ਼ਨ ’ਤੇ ਕਾਂਗਰਸ ਦਾ ਕਬਜ਼ਾ ਬਰਕਰਾਰ ਰੱਖਣਾ ਹੈ ਤਾਂ ਕਿਸੇ ਟਕਸਾਲੀ ਆਗੂ ਨੂੰ ਇਸਦੀ ਕਮਾਂਡ ਸੋਂਪਣੀ ਪਏਗੀ। ਇਹ ਵੀ ਪਤਾ ਚੱਲਿਆ ਹੈ ਕਿ ਮਨਪ੍ਰੀਤ ਦੇ ਵਿਰੋਧੀ ਮੰਨੇ ਜਾਂਦੇ ਜ਼ਿਲ੍ਹੇ ਨਾਲ ਸਬੰਧਤ ਇਕ ਸਾਬਕਾ ਕਾਗਰਸ ਮੰਤਰੀ ਦੇ ਬਠਿੰਡਾ ਸ਼ਹਿਰ ਵਿਚ ਨਜਦੀਕੀ ਮੰਨੇ ਜਾਦੇ ਇੱਕ ਅਹੁੱਦੇਦਾਰ ਤੇ ਕੋਂਸਲਰ, ਜੋ ਖੁਦ ਵੀ ਟਕਸਾਲੀ ਕਾਗਰਸੀ ਪ੍ਰਵਾਰ ਨਾਲ ਸਬੰਧਤ ਹੈ ਤੇ ਚੋਣ ਸਮੇਂ ਇੱਕ ਅਹੁੱਦੇ ਲਈ ਦਾਅਵੇਦਾਰ ਮੰਨਿਆ ਜਾ ਰਿਹਾ ਸੀ, ਨੇ ਵੀ ਇਸ ਮੁੱਦੇ ’ਤੇ ਕਈ ਸਾਥੀ ਕੋਂਸਲਰਾਂ ਨਾਲ ਗੱਲ ਕੀਤੀ ਹੈ ਜਦੋਂਕਿ ਦੋ ਸੀਨੀਅਰ ਕਾਂਗਰਸੀ ਕੋਂਸਲਰਾਂ ਮਲਕੀਤ ਸਿੰਘ ਗਿੱਲ ਤੇ ਬਲਰਾਜ ਸਿੰਘ ਪੱਕਾ ਨੇ ਤਾਂ ਸਪੱਸ਼ਟ ਤੌਰ ’ਤੇ ਪਾਰਟੀ ਨੂੰ ਇਸ ਮਾਮਲੇ ’ਚ ਪੁਨਰ ਵਿਚਾਰ ਕਰਨ ਦੀ ਮੰਗ ਕੀਤੀ ਹੈ। ਕੋਂਸਲਰ ਬਲਰਾਜ ਸਿੰਘ ਪੱਕਾ ਨੇ ਕਿਹਾ ਕਿ ‘‘ਸ: ਬਾਦਲ ਦੀ ਹਾਰ ਦਾ ਮੁੱਢ ਮੇਅਰ ਦੀ ਹੀ ਚੋਣ ਤੋਂ ਬਾਅਦ ਬੱਝ ਗਿਆ ਸੀ ਤੇ ਉਹ ਮੰਗ ਕਰਦੇ ਹਨ ਕਿ ਜਲਦੀ ਹੀ ਬਠਿੰਡਾ ਨਗਰ ਨਿਗਮ ਦੇ ਮੇਅਰ ਦੀ ਕਮਾਂਡ ਕਿਸੇ ਟਕਸਾਲੀ ਕਾਂਗਰਸੀ ਨੂੰ ਸੋਂਪੀ ਜਾਵੇ। ’’ ਇਸੇ ਤਰ੍ਹਾਂ ਕੋਂਸਲਰ ਮਲਕੀਤ ਸਿੰਘ ਗਿੱਲ ਨੇ ਵੀ ਕਿਹਾ ਕਿ ‘‘ ਬਠਿੰਡਾ ਸਹਿਰ ’ਚ ਹੋਈ ਨਮੋਸ਼ੀ ਭਰੀ ਹਾਰ ਦਾ ਵਿਸਲੇਸਣ ਕਰਨਾ ਜਰੂਰ ਬਣਦਾ ਹੈ ਤੇ ਜੇਕਰ ਮਨਪ੍ਰੀਤ ਸਿੰਘ ਬਾਦਲ ਦੀ ਹਾਰ ਵਿਚ ਕਾਰਪੋਰੇਸ਼ਨ ਦੇ ਮੇਅਰਸ਼ਿਪ ਦਾ ਮੁੱਦਾ ਉਭਰ ਕੇ ਸਾਹਮਣੇ ਆਇਆ ਹੈ ਤਾਂ ਇਸ ਉਪਰ ਵੀ ਪੁਨਰ ਵਿਚਾਰ ਕਰਨਾ ਚਾਹੀਦਾ ਹੈ। ’’
ਨਿਗਮ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਜਗਰੂਪ ਗਿੱਲ ਨੂੰ ਵਿਧਾਇਕ ਬਣਨ ’ਤੇ ਦਿੱਤੀ ਵਧਾਈ
ਬਠਿੰਡਾ: ਉਧਰ ਸਥਾਨਕ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਅੱਜ ਵੱਡੀ ਗਿਣਤੀ ਅਤੇ ਇਕੱਲੇ ਇਕੱਲੇ ਪੁੱਜ ਕੇ ਅਪਣੇ ਹਾਊਸ ਦੇ ਕੋਂਸਲਰ ਦੇ ਵਿਧਾਇਕ ਬਣਨ ’ਤੇ ਵਧਾਈਆਂ ਦੇਣ ਲਈ ਉਨ੍ਹਾਂ ਦੇ ਘਰ ਵੱਲ ਰੁੱਖ ਕੀਤਾ ਗਿਆ। ਇਸ ਦੌਰਾਨ ਕਈ ਅਜਿਹੇ ਅਧਿਕਾਰੀ ਵੀ ਫੁੱਲ ਵਰਸਾਉਂਦੇ ਦਿਖਾਈ ਦਿੱਤੇ, ਜਿੰਨਾਂ ਉਪਰ ਅਕਸਰ ਸ: ਗਿੱਲ ਵੀ ਉਗਲ ਉਠਾਉਂਦੇ ਰਹਿੰਦੇ ਸਨ।
ਅਕਾਲੀ ਦਲ ਨੇ ਚੋਣ ਨਤੀਜਿਆਂ ’ਤੇ ਵਿਸਲੇਸ਼ਣ ਕਰਨ ਲਈ 14 ਨੂੰ ਸੱਦੀ ਮੀਟਿੰਗ
ਸੁਖਬੀਰ ਬਾਦਲ ਨੇ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਬਣਨ ਵਾਲੀ ਆਪ ਸਰਕਾਰ ਕੀਤੀ ਸਹਿਯੋਗ ਦੀ ਪੇਸ਼ਕਸ਼
ਸੁਖਜਿੰਦਰ ਮਾਨ
ਮੁਕਤਸਰ, 11 ਮਾਰਚ: ਲੰਘੀ 20 ਫ਼ਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਅਪਣੇ ਇਤਿਹਾਸ ਦੇ ਸਭ ਤੋਂ ਮਾੜੇ ਪ੍ਰਦਰਸ਼ਨ ਦਾ ਸਾਹਮਣਾ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਹਾਰ ਦੇ ਕਾਰਨਾਂ ਦਾ ਵਿਸਲੇਸਣ ਕਰਨ ਲਈ ਆਗਾਮੀ 14 ਮਾਰਚ ਨੂੰ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਕੋਰ ਕਮੇਟੀ ਮੈਂਬਰਾਂ ਅਤੇ ਸਮੂਹ ਚੋਣ ਲੜਣ ਵਾਲੇ ਆਗੂਆਂ ਦੀ ਮੀਟਿੰਗ ਸੱਦ ਲਈ ਹੈ। ਅੱਜ ਇੱਥੇ ਜਾਣਕਾਰੀ ਦਿੰਦਿਆਂ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਪੰਜਾਬ ਦੇ ਹਿੱਤਾਂ ਖ਼ਾਤਰ ਉਹਨਾਂ ਦੀ ਪਾਰਟੀ ਭਗਵੰਤ ਮਾਨ ਦੀ ਅਗਵਾਈ ਹੇਠ ਬਣਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੂਰਾ ਸਹਿਯੋਗ ਦੇਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਕ ਜ਼ਿੰਮੇਵਾਰ ਪੰਥਕ ਪਾਰਟੀ ਵਜੋਂ ਅਸੀਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਪ੍ਰਤੀ ਵਚਨਬੱਧ ਹਾਂ। ਉਹਨਾਂ ਕਿਹਾ ਕਿ ਅਕਾਲੀ ਦਲ ਪੰਜਾਬੀਆਂ ਦੀ ਭਲਾਈ ਤੇ ਖੁਸ਼ਹਾਲੀ ਵਾਸਤੇ ਅਤੇ ਸੂਬੇ ਦੇ ਧਾਰਮਿਕ, ਆਰਥਿਕ, ਖੇਤਰੀ ਤੇ ਦਰਿਆਈ ਪਾਣੀਆਂ ਦੇ ਮਾਮਲਿਆਂ ਵਿਚ ਹਿੱਤਾਂ ਦੀ ਰਾਖੀ ਵਾਸਤੇ ਨਵੇਂ ਮੁੱਖ ਮੰਤਰੀ ਦੀ ਹਮਾਇਤ ਵਾਸਤੇ ਇਕ ਹੋਰ ਵਾਧੂ ਕਦਮ ਚੁੱਕਣ ਵਾਸਤੇ ਤਿਆਰ ਹਾਂ।ਉਹਨਾਂ ਕਿਹਾ ਕਿ ਭਾਵੇਂ ਅਸੀਂ ਸੱਤਾ ਵਿਚ ਹਾਂ ਜਾਂ ਫਿਰ ਸੱਤਾ ਤੋਂ ਬਾਹਰ ਹਾਂ, ਅਕਾਲੀ ਦਲ ਹਮੇਸ਼ਾ ਖਾਲਸਾ ਪੰਥ ਅਤੇ ਪੰਜਾਬ ਦੀ ਚੜ੍ਹਦੀਕਲਾ ਵਾਸਤੇ ਅਤੇ ਸੂਬੇ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਵਾਸਤੇ ਕੰਮ ਕਰਦੇ ਰਹੇ ਹਾਂ ਤੇ ਕਰਦੇ ਰਹਾਂਗੇ। ਉਹਨਾਂ ਕਿਹਾ ਕਿ ਅਸੀਂ ਆਉਂਦੇ ਮੁੱਖ ਮੰਤਰੀ ਤੇ ਉਹਨਾਂ ਦੀ ਪਾਰਟੀ ਨੁੰ ਦਿਲੋਂ ਮੁਬਾਰਕਾਂ ਦਿੰਦੇ ਹਾਂ ਤੇ ਸ਼ੁਭਕਾਮਨਾਵਾਂ ਦਿੰਦੇ ਹਾਂ। ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਲੱਖਾਂ ਪੰਜਾਬੀਆਂ ਦਾ ਦਿਲੋਂ ਧੰਨਵਾਦ ਕੀਤਾ ਜਿਹਨਾਂ ਨੇ ਅਕਾਲੀ ਦਲ ਤੇ ਬਸਪਾ ਗਠਜੋੜ ਵਾਸਤੇ ਵੋਟਾਂ ਪਾਈਆਂ। ਉਹਨਾਂ ਕਿਹਾ ਕਿ ਉਹ ਦੋਹਾਂ ਪਾਰਟੀਆਂ ਦੇ ਵਰਕਰਾਂ ਵੱਲੋਂ ਕੀਤੀ ਸਖ਼ਤ ਮਿਹਨਤ ਦੇ ਕਾਇਲ ਹਨ। ਉਹਨਾਂ ਕਿਹਾ ਕਿ ਭਾਵੇਂ ਅਸੀਂ ਸੱਤਾ ਵਿਚੋਂ ਬਾਹਰ ਹਾਂ ਪਰ ਸਾਡੀ ਇਹ ਲੱਖਾਂ ਲੋਕਾਂ ਪ੍ਰਤੀ ਜ਼ਿੰਮੇਵਾਰੀ ਬਣਦੀ ਹੈ ਜਿਹਨਾਂ ਨੇ ਸਾਡੀਆਂ ਪਾਰਟੀਆਂ ਲਈ ਵੋਟਾਂ ਪਾਈਆਂ। ਉਹਨਾਂ ਕਿਹਾ ਕਿ ਅਸੀਂ ਸੰਜੀਦਗੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ।




