ਸੁਖਜਿੰਦਰ ਮਾਨ
ਚੰਡੀਗੜ੍ਹ, 10 ਮਾਰਚ: ਸੂਬੇ ’ਚ ਪਹਿਲੀ ਵਾਰ ਇਤਿਹਾਸਕ ਜਿੱਤ ਪ੍ਰਾਪਤ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਇਸ ਲਹਿਰ ਨੇ ਕਈ ਨਵੇਂ ਰਿਕਾਰਡ ਬਣਾ ਦਿੱਤੇ ਹਨ। 20 ਫ਼ਰਵਰੀ ਨੂੰ ਹੋਈਆਂ ਇੰਨ੍ਹਾਂ ਚੋਣਾਂ ਵਿਚ ਮੈਦਾਨ ’ਚ ਨਿੱਤਰੇ ਹੋਏ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਹਿਤ ਤਿੰਨ ਸਾਬਕਾ ਮੁੱਖ ਮੰਤਰੀ ਚੋਣਾਂ ਵਿਚ ਹਾਰ ਗਏ ਹਨ। ਹਾਰਨ ਵਾਲਿਆਂ ਵਿਚ ਪੰਜ ਦਫ਼ਾ ਮੁੱਖ ਮੰਤਰੀ ਦੀ ਸਹੁੰ ਚੁੱਕਣ ਵਾਲੇ ਪ੍ਰਕਾਸ਼ ਸਿੰਘ ਬਾਦਲ, ਦੋ ਦਫ਼ਾ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਤੇ ਸੂਬੇ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਰਹੀ ਬੀਬੀ ਰਜਿੰਦਰ ਕੌਰ ਭੱਠਲ ਦਾ ਨਾਮ ਸ਼ਾਮਲ ਹਨ। ਵੱਡੀ ਗੱਲ ਇਹ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੋ ਵਿਧਾਨ ਸਭਾ ਹਲਕਿਆਂ ਚਮਕੌਰ ਸਾਹਿਬ ਤੇ ਭਦੋੜ ਹਲਕੇ ਤੋਂ ਚੋਣ ਲੜ ਰਹੇ ਸਨ ਪ੍ਰੰਤੂ ਦੋਵਾਂ ਥਾਵਾਂ ’ਤੇ ਵੋਟਰਾਂ ਨੇ ਉਨ੍ਹਾਂ ਨੂੰ ਕਰਾਰੀ ਹਾਰ ਦਿੱਤੀ ਹੈ। ਦਸਣਾ ਬਣਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਅਕਾਲੀਆਂ ਦਾ ਗੜ੍ਹ ਮੰਨੇ ਜਾਂਦੇ ਲੰਬੀ ਵਿਧਾਨ ਸਭਾ ਹਲਕੇ ਤੋਂ 11357 ਵੋਟਾਂ ਦੇ ਅੰਤਰ ਨਾਲ ਪਹਿਲੀ ਵਾਰ ਚੋਣ ਲੜਣ ਵਾਲੇ ਗੁਰਮੀਤ ਸਿੰਘ ਖੁੱਡੀਆ ਹੱਥੋਂ ਹਾਰ ਗਏ ਹਨ। ਇਸੇ ਤਰ੍ਹਾਂ ਬੀਬੀ ਰਜਿੰਦਰ ਕੌਰ ਭੱਠਲ ਵੀ ਰਿਕਾਰਡਤੋੜ ਵੋਟਾਂ ਦੇ ਅੰਤਰ ਨਾਲ ਆਪ ਦੇ ਨਵੇਂ ਸਿਆਸੀ ਖਿਲਾੜੀ ਬਰਿੰਦਰ ਕੁਮਾਰ ਗੋਇਲ ਦੇ ਹੱਥੋਂ ਅਤੇ ਕੈਪਟਨ ਅਮਰਿੰਦਰ ਸਿੰਘ ਅਪਣੇ ਜੱਦੀ ਹਲਕੇ ਪਟਿਆਲਾ ਸ਼ਹਿਰੀ ਤੋਂ ਵੀ ਆਪ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਨੇ ਵੀ 19,873 ਵੋਟਾਂ ਨਾਲ ਹਰਾ ਦਿੱਤਾ ਹੈ। ਉਧਰ ਸੂਬੇ ’ਚ ਵਿਧਾਨ ਸਭਾ ਚੋਣਾਂ ਲੜ ਰਹੇ ਦੋ ਮੌਜੂਦਾ ਉਪ ਮੁੱਖ ਮੰਤਰੀਆਂ ਤੇ ਇੱਕ ਸਾਬਕਾ ਮੁੱਖ ਮੰਤਰੀ ਵਿਚੋਂ ਸਿਰਫ਼ ਇੱਕ ਮੌਜੂਦਾ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹੀ ਵਿਧਾਨ ਸਭਾ ਚੋਣਾਂ ਦੀਆਂ ਮੁੜ ਪੋੜੀਆਂ ਚੜ੍ਹਣ ਵਿਚ ਕਾਮਯਾਬ ਹੋ ਸਕੇ ਹਨ। ਜਦੋਂਕਿ ਓਮ ਪ੍ਰਕਾਸ਼ ਸੋਨੀ ਤੇ ਸੁਖਬੀਰ ਸਿੰਘ ਬਾਦਲ ਵੀ ਆਪ ਉਮੀਦਵਾਰਾਂ ਹੱਥੋਂ ਮਾਤ ਖਾ ਗਏ ਹਨ। ਜੇਕਰ ਗੱਲ ਪਾਰਟੀਆਂ ਦੇ ਪ੍ਰਧਾਨਾਂ ਦੀ ਕੀਤੀ ਜਾਵੇ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੰਮਿ੍ਰਤਸਰ ਪੂਰਬੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਲਾਲਬਾਦ ਹਲਕੇ ਤੋਂ ਹਾਰ ਗਏ ਹਨ। ਜਦੋਂ ਕਿ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਵੀ ਹਾਰ ਗਏ ਹਨ।ਹਾਲਾਂਕਿ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਇਕਲੌਤੀ ਸੀਟ ਜਿੱਤ ਕੇ ਅਪਣੀ ਤੇ ਪਾਰਟੀ ਦੀ ਇੱਜਤ ਬਚਾਉਣ ਵਿਚ ਸਫ਼ਲ ਹੋ ਗਏ ਹਨ।
ਵਿਧਾਨ ਸਭਾ ਚੋਣਾਂ: ਪਹਿਲੀ ਵਾਰ ਮੌਜੂਦਾ ਮੁੱਖ ਮੰਤਰੀ ਤੇ ਤਿੰਨ ਸਾਬਕਾ ਮੁੱਖ ਮੰਤਰੀ ਹਾਰੇ
ਪੰਜਾਬ ’ਚ ਡੇਰਿਆਂ ਦਾ ਇਸ ਵਾਰ ਵੀ ਨਹੀਂ ਚੱਲਿਆ ਜਾਦੂ
[vsrp vsrp_id=”” class=””]ਸੌਦਾ ਸਾਧ ਦੇ ਕੁੜਮ ਸਹਿਤ ਸਮਰਥਨ ਪ੍ਰਾਪਤ ਸਾਰੇ ਉਮੀਦਵਾਰ ਹਾਰੇ
ਸੁਖਜਿੰਦਰ ਮਾਨ
ਚੰਡੀਗੜ੍ਹ, 10 ਮਾਰਚ: ਗੁਰੂਆਂ-ਪੀਰਾਂ ਦੀ ਧਰਤੀ ਮੰਨੇ ਜਾਣ ਵਾਲੇ ਪੰਜਾਬ ਵਿਚ ਸਿਆਸੀ ਆਗੂਆਂ ਦੇ ਕਧੇੜੇ ਚੜ ਕੇ ਮੁੜ ਉਨ੍ਹਾਂ ਨੂੰ ਚੋਣਾਂ ਵੇਲੇ ਉਗਲਾਂ ’ਤੇ ਨਚਾਉਣ ਵਾਲੇ ਡੇਰਿਆਂ ਦੀ ‘ਫ਼ੂਕ’ ਨਿਕਲ ਗਈ ਹੈ। ਇੰਨ੍ਹਾਂ ਵਿਚੋਂ ਹੁਣ ਤੱਕ ਖੁਦ ਨੂੰ ਸਭ ਤੋਂ ਵੱਧ ਪ੍ਰੇਮੀਆਂ ਵਾਲਾ ਡੇਰਾ ਦੱਸਣ ਵਾਲੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦਾ ਕੁੜਮ ਬੁਰੀ ਤਰ੍ਹਾਂ ਹਾਰ ਗਿਆ ਹੈ, ਬਲਕਿ ਸੌਦਾ ਸਾਧ ਦਾ ਸਮਰਥਨ ਪ੍ਰਾਪਤ ਕਰਨ ਦਾ ਦਾਅਵਾ ਕਰਨ ਵਾਲੇ ਸਾਰੇ ਉਮੀਦਵਾਰਾਂ ਦੇ ਹੱਥ ਨਮੋਸ਼ੀ ਲੱਗੀ ਹੈ। ਇਸੇ ਤਰ੍ਹਾਂ ਅੰਦਰਖ਼ਾਤੇ ਹਰ ਚੋਣਾਂ ’ਚ ਅਪਣਾ ਸਿਆਸੀ ਪ੍ਰਭਾਵ ਹੋਣ ਦਾ ਦਾਅਵਾ ਕਰਨ ਵਾਲੇ ਨੂਰਮਹਿਲੀਆਂ ਤੇ ਹੋਰਨਾਂ ਡੇਰਿਆਂ ਵੀ ਅਪਣਾ ਕੋਈ ਪ੍ਰਭਾਵ ਨਹੀਂ ਦਿਖ਼ਾ ਸਕੇ। ਦੱਸਣਾ ਬਣਦਾ ਹੈ ਕਿ ਖੁਦ ਦਾ ਮਾਲਵਾ ਖੇਤਰ ’ਚ ਵੱਡਾ ਪ੍ਰਭਾਵ ਦੱਸਣ ਵਾਲੇ ਡੇਰਾ ਸਿਰਸਾ ਵਲੋਂ 1997 ਦੀਆਂ ਵਿਧਾਨ ਸਭਾ ਚੋਣਾਂ ਤੋਂ ਹੀ ਅੰਦਰਖ਼ਾਤੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦਾ ਸਮਰਥਨ ਕਰਕੇ ਉਨ੍ਹਾਂ ਨੂੰ ਜਿੱਤ ਦਿਵਾਉਣ ਦਾ ਦਾਅਵਾ ਕੀਤਾ ਜਾਂਦਾ ਰਿਹਾ ਹੈ। ਪ੍ਰੰਤੂ 2007 ਵਿਚ ਜਨਤਕ ਤੌਰ ’ਤੇ ਕਾਂਗਰਸ ਦਾ ਸਮਰਥਨ ਕੀਤਾ ਗਿਆ ਪ੍ਰੰਤੂ ਸੂਬੇ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣ ਗਈ। ਜਿਸਤੋਂ ਬਾਅਦ ਦੋਨਾਂ ਧਿਰਾਂ ਵਿਚਕਾਰ ਪੈਦਾ ਹੋਏ ਤਨਾਅ ਨੇ ਪੰਜਾਬ ਦਾ ਵੱਡਾ ਨੁਕਸਾਨ ਕੀਤਾ, ਜਿਸਦਾ ਸੰਤਾਪ ਹਾਲੇ ਵੀ ਸੂਬੇ ਦੇ ਸੈਂਕੜੇ ਪ੍ਰਵਾਰ ਭੁਗਤਦੇ ਆ ਰਹੇ ਹਨ। ਇਸਤੋਂ ਬਾਅਦ 2012 ਵਿਚ ਮੁੜ ਕਾਂਗਰਸ ਦਾ ਸਾਥ ਦਿੱਤਾ ਗਿਆ ਪਰ ਸੂਬੇ ਵਿਚ ਮੁੜ ਅਕਾਲੀ ਸਰਕਾਰ ਬਣ ਗਈ ਜਦੋਂਕਿ 2017 ਵਿਚ ਖੁੱਲੇ ਤੌਰ ‘ਤੇ ਅਕਾਲੀ ਉਮੀਦਵਾਰ ਦੀ ਮੱਦਦ ਕੀਤੀ ਪਰ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਇਤਿਹਾਸਕ ਜਿੱਤ ਹੋਈ। ਲੰਘੀ 20 ਫ਼ਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਡੇਰਾ ਪ੍ਰੇਮੀਆਂ ਵਲੋਂ ਅੰਦਰਖ਼ਾਤੇ ਅਕਾਲੀ-ਭਾਜਪਾ ਉਮੀਦਵਾਰ ਦੀ ਮੱਦਦ ਕਰਨ ਦਾ ਦਾਅਵਾ ਕੀਤਾ ਗਿਆ ਸੀ। ਇਸਦੇ ਲਈ ਹਰਿਆਣਾ ਦੀ ਸੁਨਾਰੀਆ ਜੇਲ੍ਹ ’ਚ ਬਲਾਤਕਾਰ ਤੇ ਕਤਲ ਦੇ ਦੋਸ਼ਾਂ ਹੇਠ ਬੰਦ ਸੌਦਾ ਸਾਧ ਨੂੰ ਭਾਜਪਾ ਸਰਕਾਰ ਵਲੋਂ 21 ਦਿਨਾਂ ਦੀ ਫ਼ਰਲੋਂ ਦੇਣ ਪਿੱਛੇ ਵੀ ਸਿਆਸੀ ਲਾਹਾ ਲੈਣ ਦੇ ਦੋਸ਼ ਲੱਗੇ ਸਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇੰਨ੍ਹਾਂ ਚੋਣਾਂ ਵਿਚ ਅਜਾਦ ਉਮੀਦਵਾਰ ਵਜੋਂ ਤਲਵੰਡੀ ਸਾਬੋ ਹਲਕੇ ਤੋਂ ਚੋਣ ਮੈਦਾਨ ਵਿਚ ਨਿੱਤਰੇ ਸੌਦਾ ਸਾਧ ਦੇ ਕੁੜਮ ਤੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਨੂੰ ਸਿਰਫ਼ 12,623 ਵੋਟਾਂ ਹੀ ਨਸੀਬ ਹੋਈਆਂ ਹਨ। ਹਾਲਾਂਕਿ ਚੋਣ ਮੈਦਾਨ ਵਿਚ ਨਿੱਤਰਨ ਤੋਂ ਲੈ ਕੇ ਚੋਣ ਪ੍ਰਚਾਰ ਦਾ ਸਾਰਾ ਕੰਮ ਡੇਰਾ ਪ੍ਰੇਮੀਆਂ ਨੇ ਹੀ ਸੰਭਾਲਿਆ ਹੋਇਆ ਸੀ। ਚਰਚਾ ਮੁਤਾਬਕ ਇੱਥੋਂ ਕਾਂਗਰਸੀ ਤੇ ਅਕਾਲੀ ਉਮੀਦਵਾਰ ਤੋਂ ਔਖੇ ਵਰਕਰਾਂ ਨੇ ਵੀ ਅੰਦਰਖ਼ਾਤੇ ਜੱਸੀ ਦਾ ਸਾਥ ਦਿੱਤਾ ਸੀ, ਜਿਸਦੇ ਚੱਲਦੇ ਡੇਰਾ ਪ੍ਰੇਮੀਆਂ ਦਾ ਬੋਝਾ ਕੁੱਲ ਮਿਲਾ ਕੇ ਖਾਲੀ ਹੀ ਨਿਕਲਿਆ ਹੈ।
ਚੋਣ ਨਤੀਜ਼ੇ: ਪਹਿਲੀ ਵਾਰ ਬਾਦਲ ਰਹਿਤ ਹੋਵੇਗੀ ਵਿਧਾਨ ਸਭਾ
ਪਹਿਲੀ ਵਾਰ ਬਾਦਲ ਪ੍ਰਵਾਰ ਦਾ ਕੋਈ ਮੈਂਬਰ ਨਹੀਂ ਪੁੱਜਿਆ ਵਿਧਾਨ ਸਭਾ ਵਿਚ
ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਮਨਪ੍ਰੀਤ ਬਾਦਲ ਤਿੰਨੋਂ ਹਾਰੇ
ਸੁਖਜਿੰਦਰ ਮਾਨ
ਚੰਡੀਗੜ੍ਹ, 10 ਮਾਰਚ: ਲੰਘੀ 20 ਫ਼ਰਵਰੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਈਆਂ ਵੋਟਾਂ ਦੇ ਅੱਜ ਆਏ ਚੋਣ ਨਤੀਜ਼ੇ ਬਾਦਲ ਪ੍ਰਵਾਰ ਲਈ ਕਿਸੇ ਸਦਮੇ ਤੋਂ ਘੱਟ ਨਹੀਂ ਹਨ। ਪੰਜਾਬੀ ਸੂਬਾ ਬਣਨ ਤੋਂ ਬਾਅਦ ਇਹ ਪਹਿਲੀ ਵਿਧਾਨ ਸਭਾ ਹੋਵੇਗੀ, ਜਿਸ ਵਿਚ ਬਾਦਲ ਪ੍ਰਵਾਰ ਦਾ ਕੋਈ ਨੁਮਾਇੰਦਾ ਸ਼ਾਮਲ ਨਹੀਂ ਹੋਵੇਗਾ। ਅੱਜ ਆਏ ਨਤੀਜਿਆਂ ਵਿਚ ਨਾ ਸਿਰਫ਼ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਹਾਰ ਗਏ, ਬਲਕਿ ਸਾਬਕਾ ਉਪ ਮੁੱਖ ਮੰਤਰੀ ਰਹ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਚਚੇਰੇ ਭਰਾ ਅਤੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ। ਸਿਆਸੀ ਮਾਹਰਾਂ ਮੁਤਾਬਕ ਇਹ ਵੱਡੀ ਸਿਆਸੀ ਸੱਟ ਬਾਦਲ ਪ੍ਰਵਾਰ ਦੀ ਪੰਜਾਬ ਵਿਚ ਬੋਲਦੀ ਸਿਆਸੀ ਤੂਤੀ ’ਤੇ ਵੀ ਸਵਾਲੀਆ ਨਿਸ਼ਾਨ ਲਗਾ ਸਕਦੀ ਹੈ। ਵੱਡੇ ਤੇ ਛੋਟੇ ਬਾਦਲ ਲਈ ਜਿੱਥੇ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ’ਤੇ ਸਵਾਲ ਉਠਣਗੇ, ਉਥੇ ਸੂਬੇ ਦੇ ਮੁੱਖ ਮੰਤਰੀ ਬਣਨ ਦੇ ਸੁਪਨੇ ਲੈਣ ਵਾਲੇ ਮਨਪ੍ਰੀਤ ਬਾਦਲ ਲਈ ਵੀ ਇਹ ਹਾਰ ਕਿਸੇ ਵੱਡੇ ਸਿਆਸੀ ਨੁਕਸਾਨ ਤੋਂ ਘੱਟ ਨਹੀਂ ਹੈ। ਇੱਥੇ ਦਸਣਾ ਬਣਦਾ ਹੈ ਕਿ ਇੰਨਾਂ ਵਿਧਾਨ ਸਭਾ ਚੋਣਾਂ ’ਚ ਅਪਣੀ ਕਿਸਮਤ ਅਜਮਾ ਰਹੇ 1304 ਉਮੀਦਵਾਰਾਂ ਵਿਚੋਂ ਪ੍ਰਕਾਸ਼ ਸਿੰਘ ਬਾਦਲ ਸਭ ਤੋਂ ਵੱਡੀ ਉਮਰ (95 ਸਾਲ) ਦੇ ਸਨ। ਉਹ ਨਾ ਸਿਰਫ ਪੰਜ ਵਾਰ ਸੂਬੇ ਦੇ ਮੁੱਖ ਮੰਤਰੀ ਬਲਕਿ ਦਸ ਵਾਰ ਵਿਧਾਨ ਸਭਾ ਦੇ ਮੈਂਬਰ ਵੀ ਰਹਿ ਚੁੱਕੇ ਹਨ। ਉਨ੍ਹਾਂ ਦੀ ਇਹ ਆਖਰੀ ਚੋਣ ਮੰਨੀ ਜਾ ਰਹੀ ਸੀ ਤੇ ਅਜਿਹੀ ਹਾਲਾਤ ’ਚ ਉਨ੍ਹਾਂ ਦਾ ਹਾਰਨਾ ਬਾਦਲ ਪ੍ਰਵਾਰ ਦੀ ਦਹਾਕਿਆਂ ਤੋਂ ਪੰਜਾਬ ਦੀ ਸਿਆਸਤ ਵਿਚ ਵੱਜਦੀ ਆ ਰਹੀ ਤੂਤੀ ਨੂੰ ਖ਼ਤਰਾ ਪੈਦਾ ਕਰ ਸਕਦਾ ਹੈ। ਇਸੇ ਤਰ੍ਹਾਂ 2012 ਵਿਚ ਲਗਾਤਾਰ ਦੂਜੀ ਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਵਾਪਸੀ ਦਿਵਾ ਕੇ ਹੀਰੋ ਬਣੇ ਸੁਖਬੀਰ ਸਿੰਘ ਬਾਦਲ ਸੂਬੇ ’ਚ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਤੇ ਡੇਰਾ ਪ੍ਰੇਮੀਆਂ ਨਾਲ ਸਾਂਝ ਨੂੰ ਲੈ ਕੇ ਨਾ ਸਿਰਫ਼ ਵਿਰੋਧੀਆਂ ਬਲਕਿ ਅਕਾਲੀ ਦਲ ਦੇ ਆਗੂਆਂ ਦਾ ਸਿਆਸੀ ਸ਼ਿਕਾਰ ਬਣੇ ਸਨ। ਜਿਸਦੇ ਚੱਲਦੇ 2017 ਵਿਚ ਅਕਾਲੀ ਦਲ ਨੂੰ ਮਿਲੀ ਵੱਡੀ ਹਾਰ ਕਾਰਨ ਦਰਜ਼ਨਾਂ ਵੱਡੇ ਅਕਾਲੀ ਆਗੂ ਉਨ੍ਹਾਂ ਦਾ ਸਾਥ ਛੱਡ ਗਏ ਸਨ ਤੇ ਹੁਣ ਉਨ੍ਹਾਂ ਦੀ ਅਪਣੀ ਹਾਰ ਹੋਰ ਵੀ ਸਵਾਲ ਖ਼ੜੇ ਕਰੇਗੀ।
ਭਾਈ ਜਗਜੀਤ ਸਿੰਘ ਸਿੱਧੂ (ਜੀਤੀ ਪ੍ਰਧਾਨ) ਦੇ ਭੋਗ ’ਤੇ ਵਿਸ਼ੇਸ
ਸੁਖਜਿੰਦਰ ਮਾਨ
ਬਠਿੰਡਾ, 10 ਮਾਰਚ: ਸਕੂਲ ਅਧਿਆਪਕ ਹੁੰਦੇ ਹੋਏ ਟ੍ਰਾਂਸਪੋਰਟ, ਖੇਤੀਬਾੜੀ ਤੇ ਸਰਾਬ ਕਾਰੋਬਾਰ ’ਚ ਨਾਮ ਚਮਕਾਉਣ ਵਾਲੇ ਸਵਰਗੀ ਭਾਈ ਭਾਈ ਜਗਜੀਤ ਸਿੰਘ ਸਿੱਧੂ (ਜੀਤੀ ਪ੍ਰਧਾਨ) ਕਿਸੇ ਜਾਣ-ਪਹਿਚਾਣ ਦੇ ਮੋਹਤਾਜ਼ ਨਹੀਂ ਹਨ। ਇਲਾਕੇ ’ਚ ਜੀਤੀ ਪ੍ਰਧਾਨ ਵਜੋਂ ਮਸ਼ਹੂਰ ਰਹੇ ਜਗਜੀਤ ਸਿੰਘ ਸਿੱਧੂ ਦਾ ਜਨਮ 20 ਅਕਤੂਬਰ 1942 ਨੂੰ ਨਜਦੀਕੀ ਪਿੰਡ ਭੁੱਚੋਂ ਖ਼ੁਰਦ ਦੇ ਮੰਨੇ-ਪ੍ਰਮੰਨੇ ਭਾਈਕਾ ਪ੍ਰਵਾਰ ਵਿਚ ਪਿਤਾ ਗੰਡਾ ਸਿੰਘ ਤੇ ਮਾਤਾ ਹਰਨਾਮ ਕੌਰ ਦੀ ਕੁੱਖੋ ਹੋਇਆ। ਬਚਪਨ ਤੋਂ ਹੀ ਸੁਡੋਲ ਸਰੀਰ ਦੇ ਮਾਲਕ ਉਨ੍ਹਾਂ ਨੂੰ ਖੇਡਾਂ ਨਾਲ ਬੇਹੱਦ ਲਗਾਊ ਰਿਹਾ। ਕਬੱਡੀ ਦੇ ਨਾਮਵਾਰ ਖਿਡਾਰੀਆਂ ਵਿਚ ਸ਼ਾਮਲ ਰਹੇ ਜੀਤੀ ਪ੍ਰਧਾਨ ਸਕੂਲੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਬਤੌਰ ਖੇਡ ਅਧਿਆਪਕ ਸਿੱਖਿਆ ਵਿਭਾਗ ਵਿਚ ਭਰਤੀ ਹੋ ਗਏ। ਉਨ੍ਹਾਂ ਦਾ ਵਿਆਹ ਮਾਤਾ ਮਲਕੀਤ ਕੌਰ ਨਾਲ ਸਾਲ 1968 ਵਿਚ ਹੋਇਆ, ਜੋ ਖੁਦ ਸਕੂਲ ਅਧਿਆਪਕਾ ਸਨ। ਆਪ ਜੀ ਦੇ ਘਰ ਦੋ ਪੁੱਤਰਾਂ ਹਰਵਿੰਦਰ ਸਿੰਘ ਹੈਪੀ (ਪ੍ਰਧਾਨ ਬਠਿੰਡਾ ਬੱਸ ਅਪਰੇਟਰਜ਼ ਯੂਨੀਅਨ, ਜ਼ਿਲ੍ਹਾ ਬਠਿੰਡਾ) ਤੇ ਸਤਵਿੰਦਰ ਸਿੰਘ ਰੂਬੀ ਅਤੇ ਇੱਕ ਲੜਕੀ ਸੋਨਪ੍ਰੀਤ ਕੌਰ ਨੇ ਜਨਮ ਲਿਆ। ਉਨ੍ਹਾਂ ਅਪਣੇ ਬੱਚਿਆਂ ਨੂੰ ਉਚ ਸਿੱਖਿਆ ਪ੍ਰਦਾਨ ਕਰਵਾਈ। ਜਿਸਦੇ ਚੱਲਦੇ ਉਨ੍ਹਾਂ ਦੇ ਬੱਚਿਆਂ ਦੀ ਵੀ ਅਪਣੇ ਮਾਤਾ-ਪਿਤਾ ਦੇ ਨਕਸ਼ੇ ਕਦਮ ’ਤੇ ਚੱਲਦਿਆਂ ਸਮਾਜ ਵਿਚ ਵੱਖਰੀ ਪਹਿਚਾਣ ਹੈ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਸਕੂਲ ਅਧਿਆਪਕ ਦੀ ਨੌਕਰੀ ਕਰਨ ਦੇ ਨਾਲ-ਨਾਲ ਸਵਰਗੀ ਜਗਜੀਤ ਸਿੰਘ ਸਿੱਧੂ ਨੇ ਨਾ ਸਿਰਫ਼ ਖੇਤੀਬਾੜੀ, ਬਲਕਿ ਸ਼ਰਾਬ ਦੇ ਕਾਰੋਬਾਰ ਤੋਂ ਇਲਾਵਾ ਟ੍ਰਾਂਸਪੋਰਟ ਦੇ ਖੇਤਰ ਵਿਚ ਵੀ ਅਪਣਾ ਨਾਮ ਚਮਕਾਇਆ। ਉਹ ਲਗਾਤਾਰ 25 ਸਾਲ ਟਰੱਕ ਯੂਨੀਅਨ ਭੁੱਚੋਂ ਮੰਡੀ ਅਤੇ ਬਠਿੰਡਾ ਦੇ ਪ੍ਰਧਾਨ ਰਹੇ, ਜਿਸ ਕਾਰਨ ਉਨ੍ਹਾਂ ਦਾ ਨਾਮ ਜੀਤੀ ਪ੍ਰਧਾਨ ਵਜੋਂ ਮਸ਼ਹੂਰ ਹੋ ਗਿਆ। ਲੰਘੀ 4 ਮਾਰਚ ਨੂੰ ਉਹ ਬੀਮਾਰੀ ਕਾਰਨ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੀ ਆਂਤਮਿਕ ਸ਼ਾਂਤੀ ਲਈ ਭਲਕੇ ਬਠਿੰਡਾ ਦੇ ਗੁਰਦੂਆਰਾ ਸਾਹਿਬ ਜੀਵਨ ਪ੍ਰਕਾਸ਼, ਫ਼ੇਜ ਇੱਕ ਮਾਡਲ ਟਾਊਨ ਵਿਖੇ ਦੁਪਿਹਰ ਸਮੇਂ ਸ਼੍ਰੀ ਸ਼ਹਿਜ ਪਾਠ ਦੇ ਭੋਗ ਪਾਏ ਜਾ ਰਹੇ ਹਨ।
ਕਾਂਗਰਸ ਵਲੋਂ ਅਣਗੋਲਿਆਂ ਕਰਨ ਵਾਲਿਆਂ ਦੀ ਲੋਕਾਂ ਨੇ ਪਾਈ ਕਦਰ
ਗੁਰਮੀਤ ਖੁੱਡੀਆ ਪ੍ਰਕਾਸ਼ ਸਿੰਘ ਬਾਦਲ ਤੇ ਜਗਰੂਪ ਗਿੱਲ ਨੇ ਮਨਪ੍ਰੀਤ ਬਾਦਲ ਨੂੰ ਹਰਾ ਕੇ ਇਤਿਹਾਸ ਰਚਿਆ
ਸੁਖਜਿੰਦਰ ਮਾਨ
ਚੰਡੀਗੜ੍ਹ, 10 ਮਾਰਚ: ਕਾਂਗਰਸ ਪਾਰਟੀ ਵਲੋਂ ਅਣਗੋਲੇ ਕੀਤੇ ਚਿਹਰੇ ਅੱਜ ਚੋਣ ਨਤੀਜਿਆਂ ਬਾਅਦ ਪੰਜਾਬੀਆਂ ਦੇ ਹੀਰੋ ਬਣ ਗਏ। ਹੁਣ ਤੱਕ ਅਜੇਤੂ ਮੰਨੇ ਚੱਲੇ ਆ ਰਹੇ ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆ ਹੁਣ ਪੰਜਾਬੀਆਂ ਦੇ ਹੀਰੋ ਬਣ ਗਏ ਹਨ। ਮਹਰੂਮ ਦਰਵੇਸ਼ ਸਿਆਸਤਦਾਨ ਮੰਨੇ ਜਾਣ ਵਾਲੇ ਸਾਬਕਾ ਐਮ.ਪੀ ਜਥੇਦਾਰ ਜਗਦੇਵ ਸਿੰਘ ਖੁੱਡੀਆ ਦੀ ਵਿਰਾਸਤ ਨੂੰ ਦਹਾਕਿਆਂ ਤੋਂ ਸਬਰ ਤੇ ਸੰਤੋਖ ਨਾਲ ਨੰਗੇ ਪੈਰੀ ਅੱਗੇ ਤੋਰ ਰਹੇ ਗੁਰਮੀਤ ਸਿੰਘ ਪਿਛਲੀ ਦਫ਼ਾ ਵੀ ਬਾਦਲਾਂ ਦਾ ਤਾਕਤਵਾਰ ਕਿਲਾ ਢਾਹੁਣ ਲਈ ਤਿਆਰ-ਬਰ-ਤਿਆਰ ਸਨ ਪ੍ਰੰਤੂ ਬਾਦਲਾਂ ਨਾਲ ਮਿਲੀਭੁਗਤ ਦੇ ਦੋਸ਼ਾਂ ਕਾਰਨ ਕਾਂਗਰਸ ਵਿਚੋਂ ਬੁਰੀ ਤਰ੍ਹਾਂ ਕੱਢੇ ਗਏ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੈਦਾਨ ਵਿਚ ਆ ਜਾਣ ਕਾਰਨ ਪ੍ਰਕਾਸ਼ ਸਿੰਘ ਬਾਦਲ ਜਿੱਤਣ ਵਿਚ ਸਫ਼ਲ ਰਹੇ ਸਨ। ਹਾਲਾਂਕਿ ਸੂਬੇ ਵਿਚ ਸਰਕਾਰ ਕਾਂਗਰਸ ਦੀ ਬਣ ਗਈ ਸੀ ਪਰ ਬਕੌਲ ਗੁਰਮੀਤ ਸਿੰਘ ਖੁੱਡੀਆ ਦੇ ਦਾਅਵੇ ਮੁਤਾਬਕ ਲੰਬੀ ਹਲਕੇ ’ਚ ਚੱਲਦੀ ਬਾਦਲਾਂ ਦੀ ਹੀ ਸੀ, ਜਿਸ ਕਾਰਨ ਉਸਨੇ ਸਹੀ ਸਮੇਂ ’ਤੇ ਫੈਸਲਾ ਲੈਂਦਿਆਂ ਕਾਂਗਰਸ ਨੂੰ ਅਲਵਿਦਾ ਕਹਿੰਦੇ ਹੋਏ ਆਮ ਆਦਮੀ ਪਾਰਟੀ ਦਾ ਝਾੜੂ ਚੁੱਕ ਲਿਆ ਸੀ। ਟਿਕਟ ਮਿਲਣ ਤੋਂ ਬਾਅਦ ਲੋਕਾਂ ਨੇ ਵੀ ਖੁੱਡੀਆ ਪ੍ਰਵਾਰ ਦੀ ਸੇਵਾ ਦਾ ਮੁੱਲ ਮੋੜਦਿਆਂ ਉਨ੍ਹਾਂ ਦੀ ਝੋਲੀ ਵੋਟਾਂ ਨਾਲ ਭਰ ਦਿੱਤੀ ਅਤੇ ਉਨ੍ਹਾਂ ਪਹਿਲੀ ਸੱਟੇ ਹੀ ਪੰਜ ਵਾਰ ਸੂਬੇ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘਬਾਦਲ ਨੂੰ 11357 ਵੋਟਾਂ ਨਾਲ ਹਰਾ ਦਿੱਤਾ। ਇਸੇ ਤਰ੍ਹਾਂ ਦੀ ਦੂਜੀ ਉਦਾਹਰਨ ਬਠਿੰਡਾ ਸ਼ਹਿਰੀ ਹਲਕੇ ਤੋਂ ਰਿਕਾਰਡਤੋੜ ਵੋਟਾਂ ਨਾਲ ਜੇਤੂ ਰਹੇ ਜਗਰੂਪ ਸਿੰਘ ਗਿੱਲ ਦੀ ਹੈ, ਜਿੰਨ੍ਹਾਂ ਨੂੰ ਦਸ ਮਹੀਨੇ ਪਹਿਲਾਂ ਉਨ੍ਹਾਂ ਦੇ ਹੱਥੋਂ ਬੁਰੀ ਤਰ੍ਹਾਂ ਹਾਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜ਼ੇ ਤੇ ਸੂਬੇ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੇਅਰਸ਼ਿਪ ਦੇ ਵੀ ਕਾਬਲ ਨਹੀਂ ਸਮਝਿਆ ਸੀ। ਮਨਪ੍ਰੀਤ ਬਾਦਲ ਤੇ ਉਨ੍ਹਾਂ ਦੀ ਟੀਮ ਹੱਥੋਂ ਬੁਰੀ ਤਰ੍ਹਾਂ ਜਲੀਲ ਹੋਣ ਕਾਰਨ ਕਾਂਗਰਸ ਛੱਡਣ ਲਈ ਮਜਬੂਰ ਹੋਏ ਸ: ਗਿੱਲ ਨੇ ਵੀ ਸਮਝਦਾਰੀ ਕਰਦਿਆਂ ਆਮ ਆਦਮੀ ਪਾਰਟੀ ਦਾ ਪੱਲਾ ਫ਼ੜ ਲਿਆ, ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਵੀ ਉਨ੍ਹਾਂ ਬਠਿੰਡਾ ਸ਼ਹਿਰੀ ਹਲਕੇ ਤੋਂ ਟਿਕਟ ਦੇਣ ਦੀ ਆਫ਼ਰ ਹੋਈ ਦੱਸੀ ਜਾਂਦੀ ਹੈ। ਜਮੀਨ ਨਾਲ ਜੁੜੇ ਬਠਿੰਡਾ ਨਗਰ ਨਿਗਮ ਤੇ ਕੋਂਸਲ ਦੇ ਲਗਾਤਾਰ ਸੱਤ ਵਾਰ ਕੋਂਸਲਰ ਰਹਿਣ ਵਾਲੇ ਜਗਰੂਪ ਸਿੰਘ ਗਿੱਲ ਦੀ ਸਰੀਫ਼ਗੀ ਤੇ ਸਾਦਗੀ ਦੇ ਇੱਥੋਂ ਦੇ ਲੋਕ ਕਾਇਲ ਮੰਨੇ ਜਾਂਦੇ ਹਨ, ਜਿਸਦੇ ਚੱਲਦੇ ਹਲਕੇ ਵਿਚ ਕੁੱਲ ਪੋਲ ਹੋਈਆਂ 162698 ਵੋਟਾਂ ਵਿਚੋਂ 93057ਵੋਟਰ ਉਨ੍ਹਾਂ ਦੇ ਹੱਕ ਵਿਚ ਭੁਗਤੇ ਹਨ। ਸਿਆਸੀ ਮਾਹਰਾਂ ਮੁਤਾਬਕ ਗਿੱਲ ਦੀ ਜਿੱਤ ਪਿੱਛੇ ਸਭ ਤੋਂ ਵੱਡਾ ਕਾਰਨ ਕਾਂਗਰਸ ਤੇ ਖ਼ਾਸਕਰ ਮਨਪ੍ਰੀਤ ਸਿੰਘ ਬਾਦਲ ਵਲੋਂ ਉਨ੍ਹਾਂ ਨਾਲ ਧੱਕਾ ਤੇ ਅਣਗੋਲਿਆ ਕਰਨਾ ਮੰਨਿਆ ਜਾ ਰਿਹਾ ਹੈ। ਹਾਲਾਂਕਿ ਸ਼ਾਇਦ ਹੁਣ ਵਿਤ ਮੰਤਰੀ ਤੇ ਉਨ੍ਹਾਂ ਦੀ ਟੀਮ ਵੀ ਬੀਤੇ ’ਤੇ ਪਛਤਾ ਰਹੀ ਹੋਵੇਗੀ।
ਬਠਿੰਡਾ ਜ਼ਿਲ੍ਹੇ ’ਚ ਫ਼ਿਰਿਆ ਝਾੜੂ, ਆਪ ਦੇ ਸਾਰੇ ਉਮੀਦਵਾਰ ਰਹੇ ਜੇਤੂ
ਚਾਰ ਥਾਵਾਂ ’ਤੇ ਅਕਾਲੀ, ਇੱਕ ਥਾਂ ਕਾਂਗਰਸੀ ਤੇ ਇੱਕ ਥਾਂ ਅਜਾਦ ਰਿਹਾ ਦੂਜੇ ਸਥਾਨ ’ਤੇ
ਸੁਖਜਿੰਦਰ ਮਾਨ
ਬਠਿੰਡਾ, 10 ਮਾਰਚ: ਆਮ ਆਦਮੀ ਪਾਰਟੀ ਨੇ ਅੱਜ ਬਾਦਲਾਂ ਦਾ ਗੜ੍ਹ ਮੰਨੇ ਜਾਂਦੇ ਬਠਿੰਡਾ ਜ਼ਿਲ੍ਹੇ ’ਚ ਵੀ ਝਾੜੂ ਫ਼ੇਰ ਦਿੱਤਾ। ਪਿਛਲੀ ਵਾਰ ਤਿੰਨ ਵਿਧਾਨ ਸਭਾ ਸੀਟਾਂ ਜਿੱਤਣ ਵਾਲੀ ਆਪ ਨੇ ਅੱਜ ਜ਼ਿਲ੍ਹੇ ਦੀਆਂ ਸਮੂਹ 6 ਸੀਟਾਂ ’ਤੇ ਇਤਿਹਾਸਕ ਜਿੱਤ ਪ੍ਰਾਪਤ ਕੀਤੀ। ਵੱਡੀ ਗੱਲ ਇਹ ਰਾਹੀ ਕਿ ਜ਼ਿਲ੍ਹੇ ਵਿਚ ਮੌਜੂਦਾ ਸੱਤਾਧਾਰੀ ਕਾਂਗਰਸ ਨੂੰ ਪੰਜ ਹਲਕਿਆਂ ਵਿਚ ਤੀਜ਼ੇ ਸਥਾਨ ’ਤੇ ਹੀ ਸਬਰ ਕਰਨਾ ਪਿਆ। ਜਦੋਂਕਿ ਅਕਾਲੀ ਦਲ ਨੇ ਚਾਰ ਸੀਟਾਂ ’ਤੇ ਦੁੂਜੇ ਸਥਾਨ ਉਪਰ ਰਹਿ ਕੇ ਅਪਣੀ ਇੱਜਤ ਬਚਾਉਣ ਦੀ ਕੋਸ਼ਿਸ਼ ਕੀਤੀ। ਬਠਿੰਡਾ ਸਹਿਰੀ ਹਲਕੇ ਤੋਂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ 63,581 ਹਜ਼ਾਰ ਰਿਕਾਰਡਤੋੜ ਵੋਟਾਂ ਨਾਲ ਨਮੋਸੀ ਭਰੀ ਹਾਰ ਦਾ ਮੂੰਹ ਦੇਖਣਾ ਪਿਆ। ਇਸੇ ਤਰ੍ਹਾਂ ਭੁੱਚੋਂ ਮੰਡੀ ਤੋਂ ਆਪ ਉਮੀਦਵਾਰ 50,212 ਵੋਟਾਂ ਨਾਲ ਜਿੱਤੇ। ਇਸ ਹਲਕੇ ਤੋਂ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ, ਰਾਮਪੁਰਾ ਫ਼ੂਲ ਹਲਕੇ ਤੋਂ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ੍ਹ, ਤਲਵੰਡੀ ਸਾਬੋ ਤੋਂ ਕਾਂਗਰਸੀ ਉਮੀਦਵਾਰ ਖ਼ੁਸਬਾਜ ਸਿੰਘ ਜਟਾਣਾ ਤੇ ਬਠਿੰਡਾ ਦਿਹਾਤੀ ਤੋਂ ਹਰਵਿੰਦਰ ਸਿੰਘ ਲਾਡੀ ਤੀਜ਼ੇ ਸਥਾਨ ’ਤੇ ਰਹੇ ਜਦੋਂਕਿ ਮੋੜ ਹਲਕੇ ਤੋਂ ਮੰਜੂ ਬਾਂਸਲ ਚੌਥੇ ਸਥਾਨ ‘ਤੇ ਪੁੱਜ ਗਈ। ਇਸ ਹਲਕੇ ਵਿਚ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਲੱਖਾ ਸਿਧਾਣਾ ਨੇ ਵੀ ਆਪ ਨੂੰ ਟੱਕਰ ਦੇਣ ਦੀ ਕੋਸ਼ਿਸ਼ ਕੀਤੀ। ਪ੍ਰੰਤੂ ਉਹ ਵੀ 35 ਹਜ਼ਾਰ ਦੇ ਕਰੀਬ ਵੋਟਾਂ ਦੇ ਅੰਤਰ ਨਾਲ ਪਿੱਛੇ ਰਹੇ। ਜੇਕਰ ਹਲਕਾ ਵਾਰ ਗੱਲ ਕੀਤੀ ਜਾਵੇ ਤਾਂ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਲੈ ਕੇ ਅਖ਼ੀਰ ਤੱਕ ਜ਼ਿਲ੍ਹੇ ਦੇ ਸਿਰਫ਼ ਇੱਕ ਹਲਕੇ ਵਿਚ ਥੋੜੀ ਬਹੁਤੀ ਟੱਕਰ ਦੇਖਣ ਨੂੰ ਮਿਲੀ, ਜਿਸ ਵਿਚ ਰਾਮਪੁਰਾ ਫ਼ੂਲ ਹਲਕੇ ਤੋਂ ਸਿਕੰਦਰ ਸਿੰਘ ਮਲੂਕਾ ਥੋੜੇ ਸਮੇਂ ਲਈ ਅੱਗੇ ਰਹੇ। ਪ੍ਰੰਤੂ ਬਾਅਦ ਵਿਚ ਉਹ ਵੀ ਹਥਿਆਰ ਸੁੱਟ ਗਏ ਤੇ ਜਲਦੀ ਹੀ ਚੋਣ ਕੇਂਦਰ ਵਿਚ ਚੱਲਦੇ ਬਣੇ। ਜੇਕਰ ਹਲਕਾ ਵਾਈਜ਼ ਗੱਲ ਕੀਤੀ ਜਾਵੇ ਤਾਂ ਬਠਿੰਡਾ ਸ਼ਹਿਰੀ ਹਲਕੇ ਤੋਂ ਜਗਰੂਪ ਸਿੰਘ ਗਿੱਲ ਨੂੰ ਕੁੱਲ ਪੋਲ ਹੋਈਆਂ 1,62,698 ਹਜ਼ਾਰ ਵੋਟਾਂ ਵਿਚੋਂ 93057, ਮਨਪ੍ਰੀਤ ਬਾਦਲ ਨੂੰ 29476, ਅਕਾਲੀ ਉਮੀਦਵਾਰ ਸਰੂਪ ਸਿੰਗਲਾ ਨੂੰ 24183 ਤੇ ਭਾਜਪਾ ਉਮੀਦਵਾਰ ਰਾਜ ਨੰਬਰਦਾਰ ਨੂੰ 12761 ਵੋਟਾਂ ਪਈਆਂ। ਬਠਿੰਡਾ ਦਿਹਾਤੀ ਹਲਕੇ ਵਿਚ ਆਪ ਉਮੀਦਵਾਰ ਅਮਿਤ ਰਤਨ ਨੇ ਅਕਾਲੀ ਉਮੀਦਵਾਰ ਪ੍ਰਕਾਸ਼ ਸਿੰਘ ਭੱਟੀ ਨੂੰ 30 ਹਜ਼ਾਰ ਦੇ ਕਰੀਬ ਵੋਟਾਂ ਦੇ ਅੰਤਰ ਨਾਲ ਹਰਾਇਆ। ਇਸ ਹਲਕੇ ਤੋਂ ਅਮਿਤ ਰਤਨ ਨੂੰ 66096, ਅਕਾਲੀ ਉਮੀਦਵਾਰ ਪ੍ਰਕਾਸ਼ ਸਿੰਘ ਭੱਟੀ ਨੂੰ 30,617 ਅਤੇ ਕਾਂਗਰਸੀ ਉਮੀਦਵਾਰ ਹਰਵਿੰਦਰ ਸਿੰਘ ਲਾਡੀ ਨੂੰ 22716 ਵੋਟਾਂ ਪਈਆਂ। ਭੁੱਚੋਂ ਮੰਡੀ ਹਲਕੇ ਵਿਚ ਪਿਛਲੀ ਵਾਰ 665 ਵੋਟਾਂ ਦੇ ਅੰਤਰ ਨਾਲ ਹਾਰਨ ਵਾਲੇ ਆਪ ਉਮੀਦਵਾਰ ਮਾਸਟਰ ਜਗਸੀਰ ਸਿੰਘ ਨੇ ਇਸ ਵਾਰ 50 ਹਜ਼ਾਰ ਦੇ ਕਰੀਬ ਵੋਟਾਂ ਨਾਲ ਸਾਬਕਾ ਅਕਾਲੀ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਨੂੰ ਮਾਤ ਦਿੱਤੀ। ਇਥੋਂ ਜਗਸੀਰ ਸਿੰਘ ਨੂੰ 85778, ਅਕਾਲੀ ਉਮੀਦਵਾਰ ਕੋਟਫੱਤਾ ਨੂੰ 35566 ਅਤੇ ਕਾਂਗਰਸੀ ਉਮੀਦਵਾਰ ਪ੍ਰੀਤਮ ਸਿੰਘ ਕੋਟਭਾਈ ਨੂੰ 20,681 ਵੋਟਾਂ ਹੀ ਮਿਲੀਆਂ। ਤਲਵੰਡੀ ਸਾਬੋ ਹਲਕੇ ਤੋਂ ਆਪ ਉਮੀਦਵਾਰ ਬਲਜਿੰਦਰ ਕੌਰ ਨੇ ਲਗਾਤਾਰ ਦੂਜੀ ਵਾਰ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਨੂੰ 48753, ਅਕਾਲੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੂੰੂ 33501, ਕਾਂਗਰਸੀ ਉਮੀਦਵਾਰ ਖ਼ੁਸਬਾਜ ਸਿੰਘ ਜਟਾਣਾ ਨੂੰ 26628 ਅਤੇ ਅਜਾਦ ਚੋਣ ਲੜਣ ਵਾਲੇ ਹਰਮਿੰਦਰ ਸਿੰਘ ਜੱਸੀ ਨੂੰ 12,623 ਵੋਟਾਂ ਮਿਲੀਆਂ। ਮੋੜ ਹਲਕੇ ਵਿਚ ਆਪ ਉਮੀਦਵਾਰ ਸੁਖਵੀਰ ਮਾਈਸਰਖ਼ਾਨਾ ਨੇ ਅਜਾਦ ਉਮੀਦਵਾਰ ਲੱਖਾ ਸਿਧਾਣਾ ਨੂੰ 35008 ਵੋਟਾਂ ਨਾਲ ਹਰਾਇਆ। ਆਪ ਉਮੀਦਵਾਰ ਨੂੰ 63099, ਲੱਖਾ ਸਿਧਾਣਾ ਨੂੰ 28091, ਅਕਾਲੀ ਉਮੀਦਵਾਰ ਜਗਮੀਤ ਸਿੰਘ ਬਰਾੜ ਨੂੰ 23355 ਅਤੇ ਕਾਂਗਰਸੀ ਉਮੀਦਵਾਰ ਮੰਜੂ ਬਾਂਸਲ ਨੂੰ ਸਿਰਫ਼ 15034 ਵੋਟਾਂ ਨਾਲ ਹੀ ਸਬਰ ਕਰਨਾ ਪਿਆ। ਰਾਮਪੁਰਾ ਫ਼ੂਲ ਹਲਕੇ ਵਿਚ ਵੀ ਝਾੜੂ ਫ਼ਿਰਿਆ, ਜਿੱਥੇ ਭਗਵੰਤ ਮਾਨ ਦੇ ਨਜਦੀਕੀ ਬਲਕਾਰ ਸਿੱਧੂ ਨੇ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ 10329 ਵੋਟਾਂ ਨਾਲ ਹਾਰ ਦਿੱਤੀ। ਇੱਥੋਂ ਬਲਕਾਰ ਸਿੱਧੂ ਨੂੰ 55715, ਸਿਕੰਦਰ ਸਿੰਘ ਮਲੂਕਾ ਨੂੰ 45386, ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ੍ਹ ਨੂੰ 28077 ਵੋਟਾਂ ਹੀ ਹਾਸਲ ਹੋਈਆਂ।
ਬਠਿੰਡਾ ’ਚ ਕੋਂਸਲਰ ਦੇ ਹੱਥੋਂ ਹਾਰੇ ਪੰਜਾਬ ਦੇ ਵਿਤ ਮੰਤਰੀ
ਮਨਪ੍ਰੀਤ ਬਾਦਲ ਨੂੰ ਹਰਾ ਕੇ ਬਠਿੰਡਾ ਦੇ ਲੋਕਾਂ ਨੇ ਅਪਣੀ ਰਿਵਾਇਤ ਕਾਇਮ ਰੱਖੀ
ਸੁਖਜਿੰਦਰ ਮਾਨ
ਬਠਿੰਡਾ, 10 ਮਾਰਚ: ਅਜਾਦ ਪੰਜਾਬ ਦੇ ਸਭ ਤੋਂ ਲੰਮਾ ਸਮਾਂ ਵਿਤ ਮੰਤਰੀ ਬਣਨ ਦਾ ਖਿਤਾਬ ਅਪਣੇ ਨਾਮ ਕਰਨ ਵਾਲੇ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਆਏ ਚੋਣ ਨਤੀਜਿਆਂ ਵਿਚ ਸਥਾਨਕ ਸ਼ਹਿਰ ਦੇ ਇੱਕ ਕੋਂਸਲਰ ਹੱਥੋਂ ਹਾਰ ਕੇ ਮੁੜ ਨਵਾਂ ਇਤਿਹਾਸ ਸਿਰਜ਼ ਦਿੱਤਾ ਹੈ। ਕਰੀਬ ਇੱਕ ਸਾਲ ਪਹਿਲਾਂ ਸਥਾਨਕ ਨਗਰ ਨਿਗਮ ਦੀਆਂ ਹੋਈਆਂ ਚੋਣਾਂ ਵਿਚ ਮੇਅਰ ਦੇ ਦਾਅਵੇਦਾਰ ਰਹੇ ਜਗਰੁਪ ਸਿੰਘ ਗਿੱਲ ਨੂੰ ਮਨਪ੍ਰੀਤ ਤੇ ਉਸਦੀ ਟੀਮ ਨੇ ਉਸਨੂੰ ਇਸਦੇ ਕਾਬਲ ਨਹੀਂ ਸਮਝਿਆ। ਜਿਸ ਕਾਰਨ ਸ਼ਹਿਰੀਆਂ ਵਿਚ ਭਾਰੀ ਨਰਾਜ਼ਗੀ ਦੇਖਣ ਨੂੰ ਮਿਲੀ ਸੀ। ਇਸਤੋਂ ਇਲਾਵਾ ਸ਼ਹਿਰ ’ਚ ਕੁੱਝ ਬਾਹਰਲੇ ਵਿਅਕਤੀਆਂ ਦੀ ਹਕੂਮਤ ਵੀ ਸ਼ਹਿਰੀਆਂ ਨੂੰ ਰਾਸ਼ ਨਹੀਂ ਆਈ। ਜਿਸਦੇ ਚੱਲਦੇ ਵਿਧਾਨ ਸਭਾ ਚੋਣਾਂ ਹੋਣ ਤੋਂ ਲੈ ਕੇ ਹੀ ਬਠਿੰਡਾ ਸ਼ਹਿਰੀ ਹਲਕੇ ’ਚ ਮੁਕਾਬਲਾ ਇੱਕਪਾਸੜ ਰਿਹਾ ਤੇ ਆਪ ਉਮੀਦਵਾਰ ਜਗਰੂਪ ਸਿੰਘ ਗਿੱਲ ਨੇ ਪਹਿਲੇ ਗੇੜ੍ਹ ਤੋਂ ਅਜਿਹੀ ਲੀਡ ਬਣਾਈ ਕਿ ਆਖ਼ਰ ਤੱਕ ਉਨ੍ਹਾਂ ਦੇ ਵਿਰੋਧੀ ਨੇੜੇ ਤੇੜੇ ਵੀ ਫ਼ੜਕ ਸਕੇ। ਜੇਤੂ ਉਮੀਦਵਾਰ ਸ: ਗਿੱਲ ਨੂੰ 91509 ਹਜ਼ਾਰ ਵੋਟ ਪਈ ਜਦੋਂਕਿ ਦੂਜੇ ਸਥਾਨ ’ਤੇ ਰਹੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹਿੱਸੇ 29190 ਹਜ਼ਾਰ ਵੋਟਾਂ ਲੈਣ ਵਿਚ ਹੀ ਸਫ਼ਲ ਹੋ ਸਕੇ। ਇਸੇ ਤਰ੍ਹਾਂ ਇੱਥੋਂ ਇੱਕ ਵਾਰ ਵਿਧਾਇਕ ਰਹਿ ਚੁੱਕੇ ਅਕਾਲੀ ਉਮੀਦਵਾਰ ਸਰੂਪ ਸਿੰਗਲਾ 24 ਹਜਾਰ ਦੇ ਕਰੀਬ ਵੋਟਾਂ ਲੈ ਕੇ ਤੀਜ਼ੇ ਸਥਾਨ ’ਤੇ ਅਤੇ ਭਾਜਪਾ ਉਮੀਦਵਾਰ ਰਾਜ ਨੰਬਰਦਾਰ 11 ਹਜ਼ਾਰ ਦੇ ਕਰੀਬ ਵੋਟਾਂ ਨਾਂਲ ਚੌਥੇ ਸਥਾਨ ਉਪਰ ’ਤੇ ਰਹੇ। ਉਜ ਬਠਿੰਡਾ ਸ਼ਹਿਰੀ ਹਲਕੇ ਦੇ ਲੋਕਾਂ ਨੇ ਵੀ ਮਨਪ੍ਰੀਤ ਬਾਦਲ ਨੂੰ ਹਰਾ ਕੇ ਲਗਾਤਾਰ ਦੂਜੀ ਵਾਰ ਕਿਸੇ ਵਿਧਾਇਕ ਨੂੰ ਜਿੱਤ ਨਸੀਬ ਨਾ ਹੋਣ ਦੇਣ ਦਾ ਅਪਣਾ ਪੁਰਾਣਾ ਰਿਕਾਰਡ ਵੀ ਬਰਕਰਾਰ ਰੱਖਿਆ ਹੈ। ਸੂਚਨਾ ਮੁਤਾਬਕ ਪਿਛਲੇ ਪੰਜ ਸਾਲਾਂ ’ਚ ਅਪਣੇ ਚਹੇਤਿਆਂ ਦੀ ਛੱਡੀ ਖੁੱਲੀ ਵਾਂਗਡੋਰ ਤੇ ਉਨ੍ਹਾਂ ਵਲੋਂ ਲਏ ਗਲਤ ਫੈਸਲਿਆਂ ਦਾ ਖ਼ਮਿਆਜਾ ਮਨਪ੍ਰੀਤ ਬਾਦਲ ਨੂੰ ਅੱਜ ਖੁਦ ਭੁਗਤਣਾ ਪਿਆ ਹੈ। ਚਰਚਾ ਮੁਤਾਬਕ ਉਨ੍ਹਾਂ ਨੂੰ ਹਲਕੇ ਦੇ ਲੋਕਾਂ ਤੇ ਕਾਂਗਰਸੀ ਵਰਕਰਾਂ ਦੀ ਅਣਦੇਖੀ ਮਹਿੰਗੀ ਪੈ ਗਈ ਜਾਪਦੀ ਹੈ। ਇਸਤੋਂ ਇਲਾਵਾ ਲੋਕਾਂ ਦੇ ਮਨਾਂ ’ਚ ਵਿਤ ਮੰਤਰੀ ਦੇ ਰਿਸ਼ਤੇਦਾਰ ਜੋ-ਜੋ ਪ੍ਰਤੀ ਮਨਾਂ ’ਚ ਗੁੱਸਾ ਵੀ ਸ: ਬਾਦਲ ਦੇ ਵਿਰੁਧ ਭੁਗਤਿਆਂ ਹੈ। ਇਸੇ ਤਰ੍ਹਾਂ ਮੁਲਾਜਮਾਂ ਵਲੋਂ ਉਨ੍ਹਾਂ ਦੇ ਵਿਰੁਧ ਕੀਤੀ ਲਾਮਬੰਦੀ ਨੇ ਵੀ ਵਿਧਾਨ ਸਭਾ ਦਾ ਰਾਹ ਰੋਕਣ ਵਿਚ ਵੱਡੀ ਭੂਮਿਕਾ ਨਿਭਾਈ ਹੈ। ਬਠਿੰਡਾ ਸ਼ਹਿਰੀ ਹਲਕੇ ਤੋਂ ਦੂਜੀ ਵਾਰ ਕਾਂਗਰਸ ਪਾਰਟੀ ਦੀ ਟਿਕਟ ’ਤੇ ਚੋਣ ਲੜੇ ਮਨਪ੍ਰੀਤ ਸਿੰਘ ਬਾਦਲ ਵਿਰੁਧ ਚੋਣਾਂ ਦੇ ਦੌਰਾਨ ਹੀ ਲੋਕਾਂ ਵਿਚਕਾਰ ਵੱਡੀ ਪੱਧਰ ’ਤੇ ਨਰਾਜ਼ਗੀ ਦੇਖਣ ਨੂੰ ਮਿਲੀ ਸੀ। ਅਪਣੇ ਮਿਹਨਤੀ ਸੁਭਾਅ ਤੇ ਦੌਲਤ ਦੀ ਬਦੌਲਤ ਲੋਕਾਂ ਦੇ ਰੁੱਖ ਨੂੰ ਬਦਲਣ ਦੀ ਕੋਸ਼ਿਸ਼ ਵਿਚ ਜੀਅ-ਜਾਨ ਨਾਲ ਪ੍ਰਵਾਰ ਸਹਿਤ ਜੁਟੇ ਵਿਤ ਮੰਤਰੀ ਨੂੰ ਸਫ਼ਲਤਾ ਨਹੀਂ ਮਿਲੀ। ਉਨ੍ਹਾਂ ਨੂੰ ਅੱਜ ਜੇਤੂ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਵਲੋਂ ਸਖ਼ਤ ਟੱਕਰ ਦੇਣ ਦੀ ਪਹਿਲੀ ਹੀ ਸੰਭਾਵਨਾ ਸੀ, ਜਿੰਨ੍ਹਾਂ ਨੂੰ ਨਗਰ ਨਿਗਮ ਚੋਣਾਂ ਤੋਂ ਬਾਅਦ ਮੇਅਰ ਨਾ ਬਣਾਉਣ ਕਾਰਨ ਲੋਕਾਂ ਵਿਚ ਵੱਡੀ ਪੱਧਰ ’ਤੇ ਹਮਦਰਦੀ ਦੇਖਣ ਨੂੰ ਮਿਲੀ ਸੀ। ਉਨ੍ਹਾਂ ਦੀ ਥਾਂ ਇੱਕ ਸਰਾਬ ਕਾਰੋਬਾਰੀ ਦੀ ਪਤਨੀ ਨੂੰ ਮੇਅਰ ਬਣਾਉਣ ਕਾਰਨ ਲੋਕਾਂ ਨੇ ਨਰਾਜ਼ਗੀ ਜਤਾਈ ਸੀ। ਜਿਸਦਾ ਨਤੀਜ਼ਾ ਅੱਜ ਸਭ ਦੇ ਸਾਹਮਣੇ ਆ ਗਿਆ ਹੈ। ਉਧਰ ਬਾਦਲ ਪ੍ਰਵਾਰ (ਸੁਖਬੀਰ ਬਾਦਲ ਤੇ ਮਨਪ੍ਰੀਤ ਬਾਦਲ) ਦੇ ਅੰਦਰਖਾਤੇ ਇੱਕ ਹੋਣ ਦੇ ਚੱਲਦੇ ਪ੍ਰਚਾਰ ਕਾਰਨ ਹੋਏ ਸਿਆਸੀ ਨੁਕਸਾਨ ਦੇ ਬਾਵਜੂਦ ਅਕਾਲੀ ਦਲ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਅਪਣੀ ਨਿੱਜੀ ਮਿਹਨਤ ਦੇ ਸਦਕਾ ਚੰਗਾ ਪ੍ਰਦਰਸ਼ਨ ਕਰਨ ਵਿਚ ਸਫ਼ਲ ਰਹੇ ਹਨ। ਹਾਲਾਂਕਿ ਇੱਕ ਹੋਰ ਸਾਬਕਾ ਕਾਂਗਰਸੀ ਆਗੂ ਤੇ ਭਾਜਪਾ ਗਠਜੋੜ ਦੇ ਉਮੀਦਵਾਰ ਰਾਜ ਨੰਬਰਦਾਰ ਨੂੰ ਉਨ੍ਹਾਂ ਦੀ ਉਮੀਦ ਮੁਤਾਬਕ ਸਫ਼ਲਤਾ ਨਹੀਂ ਮਿਲੀ ਤੇ ਉਹ ਚੌਥੇ ਨੰਬਰ ’ਤੇ ਰਹੇ।
ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਖਾਣ-ਪੀਣ ਵਾਲੀਆਂ ਵਸਤੂਆਂ ਦੇ ਸੈਂਪਲ ਭਰੇ
ਸੁਖਜਿੰਦਰ ਮਾਨ
ਬਠਿੰਡਾ, 9 ਮਾਰਚ: ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ਅੱਜ ਮਿਲਾਵਟੀ ਵਸਤਾਂ ਦੀ ਵਿਕਰੀ ਨੂੰ ਰੋਕਣ ਲਈ ਕਰੀਬ ਇੱਕ ਦਰਜਨ ਢਾਬਿਆਂ ਤੋਂ ਖਾਣ ਪੀਣ ਵਸਤੂਆਂ ਦੇ ਸੈਂਪਲ ਲਏ। ਜ਼ਿਲ੍ਹਾ ਸਿਹਤ ਅਫ਼ਸਰ ਊਸ਼ਾ ਗੋਇਲ ਨੇ ਦੱਸਿਆ ਕਿ ਭਰੇ ਗਏ ਇਨ੍ਹਾਂ ਸੈਂਪਲਾਂ ਵਿੱਚ ਦੁੱਧ, ਦਹੀਂ, ਪਨੀਰ, ਸਬਜ਼ੀਆਂ, ਤੇਲ ਆਦਿ ਸ਼ਾਮਲ ਸਨ। ਉਨ੍ਹਾਂ ਦਸਿਆ ਕਿ ਇਹ ਸਾਰੇ ਨਮੂਨੇ ਜਾਂਚ ਲਈ ਚੰਡੀਗੜ੍ਹ ਦੀ ਲੈਬ ਨੂੰ ਭੇਜੇ ਜਾਣਗੇ। ਉਨ੍ਹਾਂ ਕਿਹਾ ਕਿ ਮਿਲਾਵਟੀ ਸਾਮਾਨ ਵੇਚਣ ਦੀਆਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ, ਮਿਲਾਵਟੀ ਖਾਣ-ਪੀਣ ਵਾਲੀਆਂ ਵਸਤੂਆਂ ਬਣਾਉਣ ਅਤੇ ਵੇਚਣ ’ਤੇ ਪੂਰਨ ਪਾਬੰਦੀ ਲਗਾਈ ਜਾਵੇਗੀ। ਇਸ ਤੋਂ ਇਲਾਵਾ ਕਰਿਆਨੇ ਦੀਆਂ ਦੁਕਾਨਾਂ, ਦੁੱਧ ਵਿਕਰੇਤਾਵਾਂ, ਆਈਸਕ੍ਰੀਮ, ਖਾਣ ਵਾਲੇ ਤੇਲ ਅਤੇ ਇੱਥੋਂ ਤੱਕ ਕਿ ਪਾਣੀ ਦੇ ਵੀ ਸੈਂਪਲ ਭਰੇ ਜਾਣਗੇ।
ਫੈਸਲੇ ਦੀ ਘੜੀ ਅੱਜ: ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾਂ ਵਧੀਆਂ
ਅੰਦਰਖ਼ਾਤੇ ਲੱਡੂ ਵੰਡਣ ਦੇ ਦਿੱਤੇ ਆਰਡਰ, ਬਾਹਰੋਂ ਭਾਫ਼ ਨਾ ਕੱਢਣ ਦੀਆਂ ਹਿਦਾਇਤਾਂ
ਸੁਖਜਿੰਦਰ ਮਾਨ
ਬਠਿੰਡਾ, 9 ਮਾਰਚ: ਬੀਤੇ ਕੱਲ ਤੱਕ ਜਿੱਤ ਦੇ ਦਾਅਵੇ ਕਰਨ ਵਾਲੇ ਸੂਬੇ ਦੇ 1304 ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ ਭਲਕੇ ਚੋਣ ਮਸ਼ੀਨਾਂ ਵਿਚੋਂ ਖੁੱਲਣ ਜਾ ਰਿਹਾ ਹੈ। ਫੈਸਲੇ ਦੀ ਘੜੀ ਜਿਊਂ-ਜਿਊਂ ਨਜ਼ਦੀਕ ਆਉਣ ਲੱਗੀ ਹੈ, ਇੰਨ੍ਹਾਂ ਉਮੀਦਵਾਰਾਂ ਤੇ ਉਨ੍ਹਾਂ ਦੇ ਸਮਰਥਕਾਂ ਦੀਆਂ ਦਿਲਾਂ ਦੀਆਂ ਧੜਕਣਾਂ ਵੀ ਵਧਣ ਲੱਗੀਆਂ ਹਨ। ਇੰਨ੍ਹਾਂ ਚੋਣਾਂ ਵਿਚ ਕਈ ਵੱਡੇ ਸਿਆਸੀ ਆਗੂਆਂ ਦੀ ਇੱਜ਼ਤ ਦਾਅ ’ਤੇ ਲੱਗੀ ਹੋਈ ਹੈ। ਚਰਚਾ ਮੁਤਾਬਕ ਜਿੱਤਣ ਦੀ ਸੰਭਾਵਨਾ ਵਾਲੇ ਲਗਭਗ ਸਾਰੇ ਹੀ ਉਮੀਦਵਾਰਾਂ ਨੇ ਅੰਦਰਖ਼ਾਤੇ ਲੱਡੂਆਂ, ਹਾਰਾਂ ਤੇ ਗੁਲਾਲ ਦਾ ਪ੍ਰਬੰਧ ਕੀਤਾ ਹੋਇਆ ਪ੍ਰੰਤੂ ਇਸਦੀ ਬਾਹਰ ਭਾਫ਼ ਨਹੀਂ ਕੱਢੀ ਜਾ ਰਹੀ। ਚੋਣ ਗਿਣਤੀ ਕੇਂਦਰਾਂ ਵਿਚ ਮੌਕੇ ’ਤੇ ਮੌਜੂਦ ਰਹਿਣ ਵਾਲੇ ਏਜੰਟਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਤੇ ਉਨ੍ਹਾਂ ਨੂੰ ਸੱਤ ਵਜੇਂ ਤੱਕ ਗਿਣਤੀ ਕੇਂਦਰਾਂ ਵਿਚ ਪੁੱਜਣ ਦੀਆਂ ਹਿਦਾਇਤਾਂ ਕੀਤੀਆਂ ਹਨ। ਸੂਤਰਾਂ ਨੇ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਬਹੁਕੌਣੀ ਮੁਕਾਬਲਿਆਂ ’ਚ ਨਤੀਜਿਆਂ ਦਾ ਰੁੱਖ ਕਿਸੇ ਪਾਸੇ ਵੀ ਹੋਣ ਦੇ ਚੱਲਦਿਆਂ ਪੁਰਾਣੇ ਧੁਨੰਤਰ ਖਿਲਾੜੀ ਹਵਾ ਦਾ ਰੁੱਖ ਦੇਖਣ ਤੋਂ ਬਾਅਦ ਹੀ ਗਿਣਤੀ ਕੇਂਦਰਾਂ ਵਿਚ ਜਾਣ ਨੂੰ ਤਰਜੀਹ ਦੇਣਗੇ ਜਦੋਂਕਿ ਆਪ ਤੇ ਹੋਰ ਸਿਆਸੀ ਚਾਅ ਵਾਲੇ ਉਮੀਦਵਾਰਾਂ ਨੇ ਇੰਨ੍ਹਾਂ ਕੇਂਦਰਾਂ ਵਿਚ ਜਾਣ ਲਈ ਤਿਆਰੀਆਂ ਖਿੱਚੀਆਂ ਹੋਈਆਂ ਹਨ। ਇਹ ਵੀ ਪਤਾ ਲੱਗਿਆ ਹੈ ਕਿ ਗਿਣਤੀ ਜਲਦੀ ਹੀ ਸ਼ੁਰੂ ਹੋਣ ਦੇ ਚੱਲਦਿਆਂ ਜਿਆਦਾਤਰ ਉਮੀਦਵਾਰ ਅੱਜ ਹੀ ਗੁਰੂ ਘਰਾਂ ਤੇ ਮੰਦਿਰਾਂ ਵਿਚ ਨਤਮਸਤਕ ਹੋ ਆਏ ਹਨ। ਜਦੋਂਕਿ ਬਹੁਤੇ ਉਮੀਦਵਾਰ ਇੰਨ੍ਹਾਂ ਗਿਣਤੀ ਕੇਂਦਰਾਂ ਵਿਚ ਜਾਣ ਤੋਂ ਪਹਿਲਾਂ ਅਰਦਾਸ ਕਰਵਾਉਣਗੇ। ਇਸਦੇ ਲਈ ਕਈ ਪਾਠੀਆਂ ਨੂੰ ਜਲਦੀ ਘਰਾਂ ਵਿਚ ਪੁੱਜਣ ਲਈ ਕਿਹਾ ਗਿਆ ਹੈ। ਦਸਣਾ ਬਣਦਾ ਹੈ ਕਿ ਲੰਘੀ 20 ਫ਼ਰਵਰੀ ਨੂੰ ਹੋਈਆਂ ਵਿਧਾਨ ਸਭਾ ਦੌਰਾਨ ਪਹਿਲੀ ਵਾਰ ਬਹੁਕੌਣੀ ਮੁਕਾਬਲੇ ਹੋਣ ਕਾਰਨ ਕਿਸੇ ਨੂੰ ਵੀ ਸਿਆਸੀ ਹਵਾ ਦੇ ਰੁੱਖ ਦਾ ਪਤਾ ਨਹੀਂ ਚੱਲ ਰਿਹਾ। ਹਾਲਾਂਕਿ ਜਿਆਦਾਤਰ ਚੋਣ ਸਰਵੇਖਣਾਂ ਵਿਚ ਆਮ ਆਦਮੀ ਪਾਰਟੀ ਦੀ ਚੜ੍ਹਤ ਵਿਖਾਈ ਗਈ ਹੈ ਪ੍ਰੰਤੂ ਪਿਛਲੀ ਵਾਰ ਦੇ ਤਜਰਬੇ ਕਾਰਨ ਇਸ ਪਾਰਟੀ ਦੇ ਜਿਆਦਾਤਰ ਉਮੀਦਵਾਰ ਅਪਣੇ ਸਮਰਥਕਾਂ ਨੂੰ ਭਲਕੇ ਤੱਕ ਇੰਤਜ਼ਾਰ ਕਰਨ ਲਈ ਕਹਿੰਦੇ ਦਿਖ਼ਾਈ ਦਿੱਤੇ। ਉਜ ਬਠਿੰਡਾ ’ਚ ਵਾਰਡ ਨੰਬਰ 24 ਤੇ 18 ’ਚ ਆਪ ਸਮਰਥਕਾਂ ਵਲੋਂ ਅੱਜ ਲੱਡੂ ਵੰਡਣ ਦਾ ਕੰਮ ਜੋਰਾਂ-ਸੋਰਾਂ ਨਾਲ ਸ਼ੁਰੂ ਕਰ ਦਿੱਤਾ। ਵਾਰਡ ਨੰਬਰ 24 ਤੋਂ ਪਾਰਟੀ ਦੇ ਆਗੂ ਅਸੋਕ ਨੇ ਦਾਅਵਾ ਕੀਤਾ ਕਿ ਚੋਣ ਸਰਵੇਖਣਾਂ ਨੇ ਹਵਾ ਦਾ ਰੁੱਖ ਤੈਅ ਕਰ ਦਿੱਤਾ ਹੈ ਤੇ ਭਲਕੇ ਨਤੀਜਿਆਂ ’ਤੇ ਮੋਹਰ ਹੀ ਲੱਗਣੀ ਹੈ, ਜਿਸਦੇ ਚੱਲਦੇ ਉਨ੍ਹਾਂ ਅੱਜ ਹੀ ਲੱਡੂ ਵੰਡਣ ਦਾ ਕੰਮ ਸ਼ੁਰੂ ਕਰ ਦਿੱਤਾ। ਉਧਰ ਚੋਣਾਂ ਦਾ ਕੰਮ ਨਿਬੜਣ ਤੋਂ ਬਾਅਦ ਬਠਿੰਡਾ ਪੁੱਜੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਅਪਣੇ ਦਫ਼ਤਰ ’ਚ ਸਮਰਥਕਾਂ ਨਾਲ ਮੀਟਿੰਗ ਕੀਤੀ। ਇਸੇ ਤਰ੍ਹਾਂ ਅਕਾਲੀ ਉਮੀਦਵਾਰ ਸਰੂਪ ਚੰਦ ਸਿੰਗਲਾ ਤੇ ਆਪ ਉਮੀਦਵਾਰ ਜਗਰੂਪ ਗਿੱਲ ਵੀ ਭਲਕੇ ਦੀਆਂ ਤਿਆਰੀਆਂ ਨੂੰ ਲੈ ਕੇ ਰੁੱਝੇ ਰਹੇ।
ਜਗਦੀਪ ਸਿੰਘ ਮਾਨ ਬਣੇ ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ
ਸੁਖਜਿੰਦਰ ਮਾਨ
ਬਠਿੰਡਾ, 9 ਮਾਰਚ: ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਆਗੂਆਂ ਵਲੋਂ ਅੱਜ ਸਥਾਨਕ ਨਹਿਰੂ ਚਿਲਡਰਨ ਪਾਰਕ ਵਿਖੇ ਬਲਵਿੰਦਰ ਸਿੰਘ ਗੰਗਾ ਸੂਬਾ ਸੀਨੀਅਰ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਜਥੇਬੰਦੀ ਲਈ ਪਿਛਲੇ ਸਮੇਂ ਵਿੱਚ ਕੀਤੇ ਗਏ ਕੰਮਾਂ ਲਈ ਦਿੱਤੀਆਂ ਗਈਆਂ ਸੇਵਾਵਾਂ ਦੇ ਮੱਦੇਨਜ਼ਰ ਜਗਦੀਪ ਸਿੰਘ ਮਾਨ ਖੇਮੂਆਣਾ ਨੂੰ ਜ਼ਿਲ੍ਹਾ ਬਠਿੰਡਾ ਦਾ ਪ੍ਰਧਾਨ ਅਤੇ ਬਲਕਰਨ ਸਿੰਘ ਤੂਰ ਗੋਨਿਆਣਾ ਖੁਰਦ ਨੂੰ ਬਲਾਕ ਬਠਿੰਡਾ ਦਾ ਪ੍ਰਧਾਨ ਥਾਪਿਆ ਗਿਆ ਹੈ। ਇਸ ਮੌਕੇ ਬੇਅੰਤ ਸਿੰਘ ਮਹਿਮਾ ਸਰਜਾ ਜਨਰਲ ਸਕੱਤਰ ਪੰਜਾਬ, ਸੁਖਦਰਸ਼ਨ ਸਿੰਘ ਖੇਮੂਆਣਾ,ਦਰਸ਼ਨ ਸਿੰਘ ਗੋਨਿਆਣਾ ਖੁਰਦ,ਅੰਗਰੇਜ ਸਿੰਘ ਕਟਾਰ ਸਿੰਘ ਵਾਲਾ,ਕੌਰ ਸਿੰਘ ਗੰਗਾ,ਹਰਮੰਦਰ ਸਿੰਘ ਗੋਨਿਆਣਾ ਖੁਰਦ, ਲਖਵੀਰ ਸਿੰਘ ਕੋਟਫੱਤਾ, ਹਰਪਾਲ ਸਿੰਘ ਗੰਗਾ,ਗੁਰਮੇਲ ਸਿੰਘ ਗੰਗਾ, ਹਰਫੂਲ ਸਿੰਘ,ਕਾਕਾ ਸਿੰਘ, ਲਛਮਣ ਸਿੰਘ ਮਹਿਮਾ ਸਰਜਾ ਤੋਂ ਇਲਾਵਾ ਭਾਰੀ ਗਿਣਤੀ ਵਿਚ ਜਥੇਬੰਦੀ ਦੇ ਵਰਕਰ ਹਾਜ਼ਰ ਸਨ।





