ਸੁਖਜਿੰਦਰ ਮਾਨ
ਬਠਿੰਡਾ, 9 ਮਾਰਚ: ਭਾਰਤੀ ਕਿਸਾਨ ਯੂਨੀਅਨ ਲੱਖੋਵਾਲ (ਟਿਕੈਤ) ਦੇ ਸੂਬਾ ਸਕੱਤਰ ਜਨਰਲ ਰਾਮ ਕਰਨ ਸਿੰਘ ਰਾਮਾ ਨੇ ਕੇਂਦਰ ਦੀ ਮੋਦੀ ਸਰਕਾਰ ਵਲੋ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਕਨੂੰਨ ਸ਼ੋਧ ਦੇ ਬਹਾਨੇ ਤੋੜਕੇ ਆਪਣੇ ਹਥਾਂ ਵਿਚ ਲੈਣ ਦੇ ਫੈਸਲੇ ਦੀ ਨਿਖ਼ੇਧੀ ਕਰਦਿਆਂ ਐਲਾਨ ਕੀਤਾ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ 25 ਮਾਰਚ ਨੂੰ ਗਵਰਨਰ ਹਾਊਸ ਚੰਡੀਗੜ੍ਹ ਵਿਖੇ ਰੋਸ਼ ਪ੍ਰਦਰਸਨ ਕਰ ਕੇ ਰਾਸ਼ਟਰਪਤੀ ਦੇ ਨਾਂ ਤੇ ਮੰਗ ਪੱਤਰ ਦਿੱਤਾ ਜਾਵੇਗਾ। ਅੱਜ ਇੱਥੇ ਜਾਰੀ ਬਿਆਨ ਵਿਚ ਸ: ਰਾਮਾ ਨੇ ਕਿਹਾ ਕਿ ਇਸਤੋਂ ਪਹਿਲਾਂ ਵੀ ਮੋਦੀ ਸਰਕਾਰ ਕਿਸਾਨ ਅੰਦੋਲਨ ਨੂੰ ਸਮਾਪਤ ਕਰਾਉਣ ਸਮੇਂ ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੀ ਹੈ। ਜਿਸਦੇ ਚੱਲਦੇ ਜਥੇਬੰਦੀ ਵਲੋਂ ਪੰਜਾਬ ਵਿੱਚ 12 ਮਾਰਚ ਤੋਂ ਲੈ ਕੇ 16 ਮਾਰਚ ਤੱਕ ਜ਼ਿਲਿਆਂ ਤੇ ਬਲਾਕ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਅ। ਇਸਤੋਂ ਇਲਾਵਾ ਸੰਯੁਕਤ ਕਿਸਾਨ ਮੋਰਚਾ ਵੱਲੋਂ 14 ਮਾਰਚ ਨੂੰ ਦਿੱਲੀ ਵਿੱਖੇ ਵਿਸ਼ਾਲ ਮੀੰਿਟੰਗ ਕੀਤੀ ਜਾ ਰਹੀ ਹੈ ਜਿਸ ਵਿਚ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਸਖਤ ਸਰੰਘਸ ਕਰਨ ਦਾ ਐਲਾਨ ਕੀਤਾ ਜਾਵੇਗਾ।
ਬੀਬੀਐਮਬੀ ਦੇ ਮਾਮਲੇ ’ਚ ਮੋਰਚੇ ਵਲੋਂ ਕੀਤਾ ਜਾਵੇਗਾ ਗਵਰਨਰ ਹਾਊਸ ਵੱਲ ਮਾਰਚ: ਰਾਮਕਰਨ
ਲੋਕ ਮੋਰਚਾ ਪੰਜਾਬ ਵੱਲੋਂ ਰੂਸ- ਯੂਕਰੇਨ ਜੰਗ ਵਿਰੁੱਧ ਮਾਰਚ
ਸੁਖਜਿੰਦਰ ਮਾਨ
ਬਠਿੰਡਾ, 9 ਮਾਰਚ: ਅੱਜ ਸਥਾਨਕ ਟੀਚਰਜ਼ ਹੋਮ ਵਿਖੇ ਲੋਕ ਮੋਰਚਾ ਪੰਜਾਬ ਵੱਲੋਂ ਰੂਸ-ਯੂਕਰੇਨ ਦੀ ਜੰਗ ਦੇ ਵਿਰੋਧ ਵਿੱਚ ਇਕੱਤਰਤਾ ਕੀਤੀ ਗਈ ਅਤੇ ਸ਼ਹਿਰ ਵਿਚ ਮਾਰਚ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰ, ਨੋਜਵਾਨ, ਠੇਕਾ ਕਾਮਿਆਂ, ਅਤੇ ਮੂਲਾਜਮਾਂ ਨੇ ਹਿੱਸਾ ਲਿਆ। ਜੰਗ ਵਿਰੁੱਧ ਬਣਦੀਆਂ ਮੰਗਾਂ ਲਈ ਲੋਕ ਲਹਿਰ ਉਸਾਰਨ ਤੇ ਸੰਘਰਸ਼ ਨੂੰ ਸਾਮਰਾਜੀ ਪ੍ਰਬੰਧ ਦੇ ਖਾਤਮੇ ਤੱਕ ਲੈ ਕੇ ਜਾਣ ਦਾ ਹੋਕਾ ਦਿੱਤਾ ਗਿਆ।ਇਕੱਤਰਤਾ ਨੂੰ ਸੰਬੋਧਨ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਨੇ ਕਿਹਾ ਕਿ ਇਸ ਜੰਗ ਦੇ ਸਿੱਧੇ ਤੇ ਅਸਿੱਧੇ ਮਾਰੂ ਪ੍ਰਭਾਵਾਂ ਨੇ ਨਾ ਸਿਰਫ਼ ਯੂਕਰੇਨ ਤੇ ਰੂਸ ਦੇ ਲੋਕਾਂ ਦੀ ਜਾਨ ਦੇ ਸੰਸੇ ਖੜੇ ਕਰ ਰੱਖੇ ਹਨ, ਕੁੱਲ ਦੁਨੀਆਂ ਦੇ ਲੋਕਾਂ ਦੇ ਸਾਹ ਸੂਤੇ ਹੋਏ ਹਨ। ਸਾਡੇ ਇਥੋਂ ਪੜਨ ਗਏ ਵਿਦਿਆਰਥੀ ਤੇ ਉਹਨਾਂ ਦੇ ਮਾਪੇ ਤਾਂ ਸਿੱਧੇ ਹੀ ਮਾਰ ਹੇਠ ਆਏ ਹੋਏ ਹਨ। ਪ੍ਰੋਗਰਾਮ ਦੀ ਸ਼ੁਰੂਆਤ ਨਿਰਮਲ ਸਿੰਘ ਸਿਵੀਆਂ ਵਲੋਂ ਇਨਕਲਾਬੀ ਗੀਤ ਗਾ ਕੇ ਕੀਤੀ ਗਈ ਇਸ ਦੋਰਾਨ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਜ਼ਿਲ੍ਹਾ ਕਮੇਟੀ ਮੈਂਬਰ ਪਰਮਜੀਤ ਕੌਰ ਨੇ ਨਿਭਾਈ ਅਤੇ ਜ਼ਿਲ੍ਹਾ ਸਕੱਤਰ ਸ੍ਰੀ ਸੁਖਵਿੰਦਰ ਸਿੰਘ ਨੇ ਪ੍ਰੋਗਰਾਮ ਚ ਸ਼ਾਮਲ ਹੋਣ ਲਈ ਆਏ ਲੋਕਾਂ ਦਾ ਧੰਨਵਾਦ ਕੀਤਾ।
ਸੱਤਿਆ ਭਾਰਤੀ ਐਜੂਕੇਸਨਲ ਰੌਕਸਟਾਰ ਅਚੀਵਰ ਐਵਾਰਡ 2021-22 ਦਾ ਆਯੋਜਨ
ਸੁਖਜਿੰਦਰ ਮਾਨ
ਬਠਿੰਡਾ, 9 ਮਾਰਚ: ਜ਼ਿਲ੍ਹਾ ਸਿੱਖਿਆ ਵਿਭਾਗ ਬਠਿੰਡਾ ਅਤੇ ਭਾਰਤੀ ਫਾਊਂਡੇਸ਼ਨ ਵਲੋਂ ਸਾਂਝੇ ਤੌਰ ’ਤੇ ਸੱਤਿਆ ਭਾਰਤੀ ਐਜੂਕੇਸ਼ਨਲ ਰੌਕਸਟਾਰ ਅਚੀਵਰ ਐਵਾਰਡ 2021-22 ਦੇ ਤਹਿਤ ਨੈਸ਼ਨਲ ਸਾਇੰਸ ਦਿਵਸ ਮਨਾਉਂਦਿਆਂ ਹੋਇਆਂ ਜ਼ਿਲ੍ਹਾ ਬਠਿੰਡਾ ਦੇ ਸਰਕਾਰੀ ਸਕੂਲਾਂ ਦੇ ਸਾਇੰਸ ਤੇ ਹਿਸਾਬ ਦੇ ਅਧਿਆਪਕਾਂ ਵੱਲੋਂ ਅਧਿਆਪਨ ਵਿੱਚ ਵਰਤੇ ਜਾਣ ਵਾਲੇ ਟੀ ਐਲ ਐੱਮ ਸਬੰਧੀ ਮੁਕਾਬਲਿਆਂ ਦਾ ਆਯੋਜਨ ਸ਼ਹੀਦ ਸਿਪਾਹੀ ਸੰਦੀਪ ਸਿੰਘ ਸਰਕਾਰੀ ਸਮਾਰਟ ਸੀ.ਸੈਕੰ. ਸਕੂਲ ਪਰਸਰਾਮ ਨਗਰ ਵਿਖੇ ਕੀਤਾ ਗਿਆ। ਇਸ ਮੌਕੇ ਤੇ ਜ਼ਿਲ੍ਹਾ ਬਠਿੰਡਾ ਦੇ ਸੱਤ ਵਿੱਦਿਅਕ ਬਲਾਕਾਂ ਚੋਂ ਸਿਲੈਕਟ ਹੋ ਕੇ ਆਏ ਹੋਏ 140 ਦੇ ਕਰੀਬ ਅਧਿਆਪਕਾਂ ਨੇ ਭਾਗ ਲਿਆ। ਇਸ ਮੁਕਾਬਲੇ ਚ ਸਾਇੰਸ ਅਧਿਆਪਕਾਂ ਨਿਧੀ ਗੌਰਮਿੰਟ ਮਿਡਲ ਸਕੂਲ ਮੌੜ ਚੜ੍ਹਤ ਸਿੰਘ ਪਹਿਲੇ ਸਥਾਨ, ਰਜਨੀ ਸ਼ਰਮਾ ਸ.ਸ.ਸ. ਸਕੂਲ ਪੱਕਾ ਕਲਾਂ ਦੂਸਰੇ ਸਥਾਨ ਤੇ ਜਸਵਿੰਦਰ ਸਿੰਘ ਸ.ਸ.ਸ. ਸਕੂਲ ਸਲਾਬਤਪੁਰਾ ਤੀਸਰੇ ਸਥਾਨ ਤੇ ਰਹੇ ਤੇ ਗਣਿਤ ਦੇ ਵਿਸ਼ੇ ਵਿੱਚ ਦੀਪਕ ਕੁਮਾਰ ਸ.ਸ.ਸ.ਸ. ਸਕੂਲ ਕੋਟ ਫੱਤਾ, ਰਮਨਦੀਪ ਕੌਰ ਗੌਰਮਿੰਟ ਮਾਡਲ ਸਕੂਲ ਨਥੇਹਾ, ਨੇਹਾ ਬਾਂਸਲ ਸ. ਸ. ਸ.ਸ. ਚੱਕ ਫਤਿਹ ਸਿੰਘ ਵਾਲਾ ਤੀਸਰੇ ਸਥਾਨ ਤੇ ਰਹੇ।ਇਸ ਖਾਸ ਮੌਕੇ ਉਤੇ ਇਕਬਾਲ ਸਿੰਘ ਬੁੱਟਰ ਡਿਪਟੀ ਡੀਈਓ ਸੈਕੰਡਰੀ ਐਜੂਕੇਸ਼ਨ ਬਠਿੰਡਾ, ਪਿ੍ਰੰਸੀਪਲ ਸਤਵਿੰਦਰ ਪਾਲ ਸਿੱਧੂ ਪਿ੍ਰੰਸੀਪਲ ਡਾਇਟ, ਪਿ੍ਰੰਸੀਪਲ ਗੁਰਮੇਲ ਸਿੰਘ ਸਿੱਧੂ, ਪ੍ਰਵੀਨ ਚੌਧਰੀ ਰੀਜਨਲ ਹੈੱਡ ਭਾਰਤੀ ਫਾਊਂਡੇਸ਼ਨ ਨੇ ਖਾਸ ਤੌਰ ਤੇ ਸ਼ਮੂਲੀਅਤ ਕੀਤੀ।
ਬਾਬਾ ਫ਼ਰੀਦ ਕਾਲਜ ’ਚ ‘ਕੌਮਾਂਤਰੀ ਮਹਿਲਾ ਦਿਵਸ‘ ਮਨਾਇਆ
ਸੁਖਜਿੰਦਰ ਮਾਨ
ਬਠਿੰਡਾ, 9 ਮਾਰਚ: ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਵੁਮੈਨ ਡਿਵੈਲਪਮੈਂਟ ਸੈੱਲ ਨੇ ਸੋਸ਼ਲ ਵੈੱਲਫੇਅਰ ਵਿਭਾਗ ਦੇ ਸਹਿਯੋਗ ਨਾਲ ‘ਕੌਮਾਂਤਰੀ ਮਹਿਲਾ ਦਿਵਸ‘ ਮਨਾਇਆ ਗਿਆ। ਇਸ ਮਹਿਲਾ ਦਿਵਸ-2022 ਦਾ ਥੀਮ ‘ਪਰਿਵਾਰ ਅਤੇ ਕੈਰੀਅਰ ਦਾ ਤਾਲਮੇਲ : ਚੇਤਨਾ ਦਾ ਪ੍ਰਤੀਕ ਨਾਰੀ ਸ਼ਕਤੀ‘ ਸੀ। ਇਸ ਸਮਾਗਮ ਦੌਰਾਨ ਸ਼੍ਰੀਮਤੀ ਅਮਨੀਤ ਕੋਂਡਲ ਐਸ.ਐਸ.ਪੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦੋਂ ਕਿ ਵਿਸ਼ੇਸ਼ ਮਹਿਮਾਨਾਂ ਵਿੱਚ ਐਡਵੋਕੇਟ ਪੁਸ਼ਪਿੰਦਰ ਕੌਰ ਰੰਧਾਵਾ ਅਤੇ ਨੇੜਲੇ ਪਿੰਡਾਂ ਤੋਂ ਮਹਿਲਾ ਸਰਪੰਚ ਅਤੇ ਹੋਰ ਅਹਿਮ ਸ਼ਖ਼ਸੀਅਤਾਂ ਹਾਜ਼ਰ ਸਨ। ਵੁਮੈਨ ਡਿਵੈਲਪਮੈਂਟ ਸੈੱਲ ਦੀ ਕੋਆਰਡੀਨੇਟਰ ਅਤੇ ਕਾਲਜ ਦੀ ਡੀਨ (ਟਰੇਨਿੰਗ) ਡਾ. ਨਿਮਿਸ਼ਾ ਸਿੰਘ ਨੇ ਸਾਰਿਆਂ ਦਾ ਨਿੱਘਾ ਸਵਾਗਤ ਕੀਤਾ। ਮੁੱਖ ਮਹਿਮਾਨ ਸ਼੍ਰੀਮਤੀ ਅਮਨੀਤ ਕੋਂਡਲ ਨੇ ਆਪਣਾ ਵਡਮੁੱਲਾ ਤਜਰਬਾ ਸਾਂਝਾ ਕੀਤਾ ਕਿ ਕਿਵੇਂ ਕਿਸੇ ਨੂੰ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਵਿੱਚ ਕਿਵੇਂ ਸੰਤੁਲਨ ਬਣਾਉਣਾ ਪੈਂਦਾ ਹੈੈ। ਉਨ੍ਹਾਂ ਨੇ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਵੀ ਬਹੁਤ ਧੀਰਜ ਨਾਲ ਦਿੱਤੇ। ਇਸ ਤੋਂ ਬਾਅਦ ਬੀ.ਐਫ.ਜੀ.ਆਈ. ਦੀ ਸਾਬਕਾ ਵਿਦਿਆਰਥਣ ਅਤੇ ਪਿੰਡ ਮਾਣਕ ਖ਼ਾਨਾ ਦੀ ਸਭ ਤੋਂ ਛੋਟੀ ਉਮਰ ਦੀ ਸਰਪੰਚ ਸੈਸ਼ਨਦੀਪ ਕੌਰ ਸਿੱਧੂ ਨੇ ਆਪਣੀ ਹਾਜ਼ਰੀ ਨਾਲ ਸਮਾਗਮ ਦੀ ਸੋਭਾ ਵਧਾਈ। ਅੰਤ ਵਿੱਚ ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਕਿਹਾ ‘ਪੁਰਸ਼ ਕਦੇ ਵੀ ਔਰਤਾਂ ਦੇ ਬਰਾਬਰ ਨਹੀਂ ਹੋ ਸਕਦੇ; ਕਿਉਂਕਿ ਔਰਤਾਂ ਜੀਵਨ ਦੀਆਂ ਸਿਰਜਣਹਾਰ ਹਨ । ਇਸ ਮੌਕੇ ‘ਤੇ ਬੀ.ਐਫ.ਜੀ.ਆਈ. ਦੀ ਮੈਨੇਜਿੰਗ ਡਾਇਰੈਕਟਰ ਸ਼੍ਰੀਮਤੀ ਪਰਮਜੀਤ ਕੌਰ ਧਾਲੀਵਾਲ ਅਤੇ ਐਗਜ਼ੈਕਟਿਵ ਡਾਇਰੈਕਟਰ ਡਾ. ਅਮਾਨਤ ਧਾਲੀਵਾਲ ਨੇ ਵੀ ਉਚੇਚੇ ਤੌਰ ‘ਤੇ ਆਪਣੀ ਸ਼ਮੂਲੀਅਤ ਨਾਲ ਇਸ ਸਮਾਗਮ ਦੀ ਸ਼ੋਭਾ ਵਧਾਈ ।
ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਉਤਸ਼ਾਹ ਨਾਲ ਮਨਾਇਆ
ਸੁਖਜਿੰਦਰ ਮਾਨ
ਬਠਿੰਡਾ, 9 ਮਾਰਚ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ 2022 ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰੋ: ਅੰਜਨਾ ਮੁਨਸੀ ਡੀਨ ਰਿਸਰਚ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਮੁੱਖ ਮਹਿਮਾਨ ਸਨ, ਜਦੋਂ ਕਿ ਕੈਂਪਸ ਡਾਇਰੈਕਟਰ ਪ੍ਰੋ: ਸੰਜੀਵ ਅਗਰਵਾਲ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ।ਇਸ ਮੌਕੇ ਬੋਲਦਿਆਂ ਪ੍ਰੋ: ਅੰਜਨਾ ਮੁਨਸੀ ਨੇ ਦੱਸਿਆ ਕਿ ਅੰਤਰਰਾਸਟਰੀ ਮਹਿਲਾ ਦਿਵਸ ਦਾ ਉਦੇਸ ਇੱਕ ਬਰਾਬਰੀ ਵਾਲਾ ਸਮਾਜ ਸਿਰਜਣ, ਔਰਤਾਂ ਦੀ ਅਧਿਕਾਰਾਂ ਪ੍ਰਤੀ ਜਾਗਰੂਕਤਾ ਵਧਾਉਣ ਅਤੇ ਉਨ੍ਹਾਂ ਦੇ ਸਮਾਜਿਕ ਮੁੱਦਿਆਂ ਨੂੰ ਹੱਲ ਕਰਨ ਦੇ ਉਦੇਸ ਨਾਲ ਕੀਤਾ ਜਾਂਦਾ ਹੈ।ਪ੍ਰੋ: ਸੰਜੀਵ ਅਗਰਵਾਲ ਨੇ ਕਿਹਾ ਕਿ 8 ਮਾਰਚ ਨੂੰ ਸੰਯੁਕਤ ਰਾਸਟਰ ਸੰਘ ਦੁਆਰਾ ਸਾਲ 1977 ਵਿੱਚ ਅਪਣਾਇਆ ਗਿਆ ਸੀ ਅਤੇ ਹਰ ਸਾਲ ਮਨਾਇਆ ਜਾਂਦਾ ਹੈ, ਜੋ ਕਿ ਵਿਸਵ ਭਰ ਦੀਆਂ ਔਰਤਾਂ ਦੇ ਜਜਬੇ ਅਤੇ ਦਿ੍ਰੜਤਾ ਦੀ ਯਾਦ ਦਿਵਾਉਂਦਾ ਹੈ। ਇਸ ਮੌਕੇ ਡਾ. ਆਸੀਸ ਬਾਲਦੀ ਨੇ ਵੀ ਅਪਣੇ ਵਿਚਾਰ ਰੱਖੇ। ਪ੍ਰੋਗਰਾਮ ਕੋਆਰਡੀਨੇਟਰ ਡਾ: ਮੀਨੂੰ ਅਤੇ ਸਹਾਇਕ ਪ੍ਰੋਫੈਸਰ ਡਾ: ਸੁਨੀਤਾ ਕੋਤਵਾਲ ਨੇ ਸਮਾਗਮ ਦੇ ਆਯੋਜਨ ਵਿਚ ਅਹਿਮ ਭੂਮਿਕਾ ਨਿਭਾਈ।
ਵੋਟਾਂ ਦੀ ਗਿਣਤੀ ਦੇ ਮੱਦੇਨਜ਼ਰ ਸਾਰੇ ਪ੍ਰਬੰਧ ਮੁਕੰਮਲ : ਜ਼ਿਲ੍ਹਾ ਚੋਣ ਅਫ਼ਸਰ
ਜ਼ਿਲ੍ਹੇ ਦੇ 6 ਵਿਧਾਨ ਸਭਾ ਹਲਕਿਆਂ ਲਈ 3 ਸਥਾਨਾਂ ’ਤੇ ਹੋਵੇਗੀ ਗਿਣਤੀ
ਸੁਖਜਿੰਦਰ ਮਾਨ
ਬਠਿੰਡਾ, 9 ਮਾਰਚ: ਵਿਧਾਨ ਸਭਾ ਚੋਣਾਂ-2022 ਲਈ ਭਲਕੇ ਹੋਣ ਵਾਲੀ ਗਿਣਤੀ ਦੇ ਮੱਦੇਨਜ਼ਰ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਜ਼ਿਲ੍ਹੇ ਚ ਪੈਂਦੇ 6 ਵਿਧਾਨ ਸਭਾ ਹਲਕਿਆਂ (90-ਰਾਮਪੁਰਾ, 91-ਭੁੱਚੋਂ ਮੰਡੀ, 92-ਬਠਿੰਡਾ ਸ਼ਹਿਰੀ, 93-ਬਠਿੰਡਾ ਦਿਹਾਤੀ, 94-ਤਲਵੰਡੀ ਸਾਬੋ, 95-ਮੌੜ) ਲਈ 3 ਵੱਖ-ਵੱਖ ਸਥਾਨਾਂ ’ਤੇ ਗਿਣਤੀ ਹੋਵੇਗੀ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਸਾਂਝੀ ਕੀਤੀ। ਇਸ ਮੌਕੇ ਐਸ.ਐਸ.ਪੀ ਅਮਨੀਤ ਕੋਂਡਲ ਵੀ ਮੌਜੂਦ ਸਨ। ਜ਼ਿਲ੍ਹਾ ਚੋਣ ਅਫ਼ਸਰ ਵਿਨੀਤ ਕੁਮਾਰ ਨੇ ਗਿਣਤੀ ਸੈਂਟਰਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ 90-ਰਾਮਪੁਰਾ ਤੇ 93-ਬਠਿੰਡਾ ਦਿਹਾਤੀ ਦੀ ਗਿਣਤੀ ਸਰਕਾਰੀ ਪੌਲੀਟੈਨਿਕ ਕਾਲਜ ਬਠਿੰਡਾ ਵਿਖੇ ਤੇ 91-ਭੁੱਚੋ ਮੰਡੀ ਅਤੇ 95-ਮੌੜ ਦੀ ਗਿਣਤੀ ਪੈਸਕੋ ਵੋਕੇਸ਼ਨਲ ਟ੍ਰੇਨਿੰਗ ਇੰਸਟੀਚਿਊਟ ਬਠਿੰਡਾ ਤੇ 92-ਬਠਿੰਡਾ ਸ਼ਹਿਰੀ ਤੇ 94-ਤਲਵੰਡੀ ਸਾਬੋ ਲਈ ਆਈਐਚਐਮ ਬਠਿੰਡਾ ਵਿਖੇ ਗਿਣਤੀ ਸੈਂਟਰ ਬਣਾਏ ਗਏ ਹਨ। ਇਸ ਦੇ ਨਾਲ ਹੀ ਆਈਐਚਐਮ ਬਠਿੰਡਾ ਤੇ ਸਰਕਾਰੀ ਪੌਲੀਟੈਕਨਿਕ ਕਾਲਜ ਬਠਿੰਡਾ ਵਿਖੇ ਮੀਡੀਆ ਸੈਂਟਰ ਵੀ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਗਿਣਤੀ ਸੈਂਟਰਾਂ ਤੇ ਪ੍ਰਤੀ ਵਿਧਾਨ ਸਭਾ ਸੀਟ ਲਈ 2 ਹਿੱਸਿਆਂ ਵਿਚ 7-7 ਟੇਬਲ ਲਗਾਉਣ ਦੀ ਯੋਜਨਾ ਬਣਾਈ ਗਈ ਹੈ। ਇਹ ਟੇਬਲ 1 ਹੀ ਬਿੱਲਡਿੰਗ ਵਿਚ ਸਥਿਤ ਦੋ ਵੱਖ-ਵੱਖ ਹਾਲਾਂ ਵਿਚ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿਚੋਂ ਇੱਕ ਹਾਲ ਵਿਚ ਰਿਟਨਿੰਗ ਅਫ਼ਸਰ ਤੇ ਆਬਜ਼ਰਵਰ ਤੇ ਦੂਜੇ ਹਾਲ ਵਿਚ ਏਆਰਓ ਮੌਜੂਦ ਰਹਿਣਗੇ ਜਦਕਿ ਹਰੇਕ ਰਾਉਂਡ ਦਾ ਨਤੀਜਾ ਇਕੱਠਿਆਂ ਐਲਾਨਿਆ ਜਾਵੇਗਾ। ਉਨ੍ਹਾਂ ਮੀਡੀਆ ਕਰਮੀਆਂ ਨੂੰ ਵੀ ਪੂਰਨ ਸਹਿਯੋਗ ਦੇਣ ਅਤੇ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ। ਇਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਮੈਡਮ ਅਮਨੀਤ ਕੌਂਡਲ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਨੂੰ ਸਫ਼ਲਤਾਪੂਰਵਕ ਨੇਪਰੇ ਚੜ੍ਹਾਉਣ ਲਈ ਪੁਲਿਸ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਐਸਪੀ, ਡੀਐਸਪੀ ਅਤੇ ਹੋਰ ਅਧਿਕਾਰੀਆਂ ਸਮੇਤ ਕਰੀਬ 1600 ਸੁਰੱਖਿਆ ਕਰਮੀ ਆਪਣੀਆਂ ਸੇਵਾਵਾਂ ਨਿਭਾਉਣਗੇ। ਇਸ ਮੌਕੇ ਤਹਿਸੀਲਦਾਰ ਚੋਣਾਂ ਗੁਰਚਰਨ ਸਿੰਘ ਹਾਜ਼ਰ ਰਹੇ।
ਵੋਟਾਂ ਦੀ ਗਿਣਤੀ ਸਬੰਧੀ ਤਿਆਰੀਆਂ ਮੁਕੰਮਲ: ਸੀ.ਈ.ਓ. ਡਾ. ਰਾਜੂ
ਸੁਖਜਿੰਦਰ ਮਾਨ
ਚੰਡੀਗੜ੍ਹ, 9 ਮਾਰਚ: ਪੰਜਾਬ ਰਾਜ ਵਿੱਚ ਵਿਧਾਨ ਸਭਾ ਚੋਣਾਂ 2022 ਲਈ ਵੋਟਾਂ ਦੀ ਗਿਣਤੀ ਸਬੰਧੀ ਸਾਰੇ ਪੁਖ਼ਤਾ ਪ੍ਰਬੰਧ ਕਰ ਲਏ ਗਏ ਹਨ।ਇਹ ਜਾਣਕਾਰੀ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਦੇ 117 ਵਿਧਾਨ ਸਭਾ ਚੋਣ ਹਲਕਿਆਂ ਲਈ 20 ਫਰਵਰੀ, 2022 ਨੂੰ ਪਈਆਂ ਵੋਟਾਂ ਦੀ ਗਿਣਤੀ ਦਾ ਕਾਰਜ 10 ਮਾਰਚ, 2022 ਨੂੰ ਸਵੇਰੇ 8 ਵਜੇ ਸ਼ੁਰੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ 66 ਸਥਾਨਾਂ ਉੱਤੇ 117 ਗਿਣਤੀ ਕੇਂਦਰ ਸਥਾਪਤ ਕੀਤੇ ਗਏ ਹਨ।ਸੀ.ਈ.ਓ. ਨੇ ਦੱਸਿਆ ਕਿ ਇਨ੍ਹਾਂ 117 ਕੇਂਦਰਾਂ ਦੀ ਸੁਰੱਖਿਆ ਲਈ ਤਿੰਨ ਪਰਤੀ ਸੁਰੱਖਿਆ ਘੇਰਾ ਲਗਾਇਆ ਗਿਆ ਹੈ, ਜਿਸ ਲਈ 45 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸੂਬੇ ਵਿੱਚ 7500 ਦੇ ਕਰੀਬ ਮੁਲਾਜ਼ਮ ਗਿਣਤੀ ਦੇ ਕਾਰਜ ਨੂੰ ਨੇਪਰੇ ਚਾੜ੍ਹਨਗੇ।
ਡਾ. ਰਾਜੂ ਨੇ ਦੱਸਿਆ ਕਿ ਹਰੇਕ ਗਿਣਤੀ ਕੇਂਦਰ `ਤੇ ਮੀਡੀਆ ਦੀ ਸਹੂਲਤ ਲਈ ਮੀਡੀਆ ਸੈਂਟਰ ਸਥਾਪਤ ਕੀਤੇ ਗਏ ਹਨ ਜਿੱਥੇ ਪੱਤਰਕਾਰਾਂ ਨੂੰ ਗਿਣਤੀ ਦੇ ਰਾਊਂਡ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਵਿੱਚ ਗਿਣਤੀ ਕੇਂਦਰਾਂ ਵਿੱਚ ਜਾਣ ਲਈ 3562 ਪੱਤਰਕਾਰਾਂ ਨੂੰ ਸ਼ਨਾਖ਼ਤੀ ਪੱਤਰ ਜਾਰੀ ਕੀਤੇ ਗਏ ਹਨ ਜੋ ਕਿ ਰਿਟਰਨਿੰਗ ਅਫ਼ਸਰ ਨਾਲ ਤਾਲਮੇਲ ਕਰਨ ਉਪਰੰਤ ਗਿਣਤੀ ਕੇਂਦਰ ਵਿੱਚ ਮਿੱਥੀ ਹੋਈ ਹੱਦ ਤੱਕ ਜਾ ਸਕਣਗੇ।ਉਨ੍ਹਾਂ ਇਹ ਵੀ ਦੱਸਿਆ ਕਿ ਗਿਣਤੀ ਕੇਂਦਰਾਂ ਵਿੱਚ ਸਿਰਫ਼ ਸਰਕਾਰੀ ਰਿਕਾਰਡ ਹਿੱਤ ਹੀ ਵੀਡੀਓ ਅਤੇ ਸਟਿੱਲ ਕੈਮਰਾ ਲਿਜਾਇਆ ਜਾ ਸਕੇਗਾ। ਇਸ ਤੋਂ ਇਲਾਵਾ ਕਿਸੇ ਹੋਰ ਨੂੰ ਵੀਡੀਓ ਅਤੇ ਸਟਿੱਲ ਕੈਮਰਾ ਪੱਕੇ ਤੌਰ `ਤੇ ਗਿਣਤੀ ਕੇਂਦਰ ਵਿੱਚ ਲਿਜਾਣ ਦੀ ਆਗਿਆ ਨਹੀਂ ਹੋਵੇਗੀ।ਭਾਰਤ ਚੋਣ ਕਮਿਸ਼ਨ ਵੱਲੋਂ ਅਧਿਕਾਰਤ ਪੱਤਰਕਾਰ ਰਿਟਰਨਿੰਗ ਅਫ਼ਸਰ ਦੁਆਰਾ ਨਿਰਧਾਰਤ ਸਥਾਨ ਤੋਂ ਹੀ ਫੋਟੋ ਖਿੱਚ ਸਕਣਗੇ ਅਤੇ ਵੀਡੀਓ ਬਣਾ ਸਕਣਗੇ।
ਸੀ.ਈ.ਓ. ਨੇ ਦੱਸਿਆ ਕਿ ਕਾਊਂਟਿੰਗ ਸਥਾਨ ਦੇ 100 ਮੀਟਰ ਦੇ ਦਾਇਰੇ ਨੂੰ `ਪੈਡਸਟੇਰੀਅਨ ਜ਼ੋਨ` ਐਲਾਨਿਆ ਗਿਆ ਹੈ ਜਿਸ ਦੇ ਚੱਲਦੇ ਇਸ ਖੇਤਰ ਤੋਂ ਅੱਗੇ ਕਿਸੇ ਵੀ ਵਿਅਕਤੀ ਨੂੰ ਗੱਡੀ ਲੈ ਕੇ ਜਾਣ ਦੀ ਆਗਿਆ ਨਹੀਂ ਹੋਵੇਗੀ।ਇਸ ਦੇ ਨਾਲ ਹੀ ਗਿਣਤੀ ਕੇਂਦਰਾਂ ਦੇ ਬਾਹਰ ਤਿੰਨ ਪਰਤੀ ਕੌਡਨਿੰਗ ਸਿਸਟਮ ਲਗਾਇਆ ਗਿਆ ਹੈ ਤਾਂ ਜੋ ਕਿਸੇ ਵੀ ਅਣਅਧਿਕਾਰਤ ਵਿਅਕਤੀ ਨੂੰ ਗਿਣਤੀ ਕੇਂਦਰ ਵਿੱਚ ਜਾਣ ਤੋਂ ਰੋਕਿਆ ਜਾ ਸਕੇ।ਪਹਿਲਾ ਕੌਡਨਿੰਗ ਪੁਆਇੰਟ 100 ਮੀਟਰ ਦਾਇਰੇ ਦੀ ਸ਼ੁਰੂਆਤ ਵਿੱਚ ਸਥਾਪਿਤ ਕੀਤਾ ਗਿਆ ਹੈ ਜਿੱਥੇ ਸੀਨੀਅਰ ਮੈਜਿਸਟ੍ਰੇਟ ਜ਼ਰੂਰਤ ਅਨੁਸਾਰ ਪੁਲਿਸ ਫੋਰਸ ਨਾਲ ਤਾਇਨਾਤ ਰਹਿਣਗੇ ਅਤੇ ਭੀੜ ਨੂੰ ਕੰਟਰੋਲ ਕਰਨਗੇ। ਦੂਸਰਾ ਕੌਡਨਿੰਗ ਸਿਸਟਮ ਕਾਉਂਟਿੰਗ ਸਥਾਨ ਦੇ ਗੇਟ `ਤੇ ਹੋਵੇਗਾ ਜਿੱਥੇ ਕਿ ਸਟੇਟ ਆਰਮਡ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਜਦਕਿ ਤੀਸਰਾ ਕੌਡਨਿੰਗ ਸਿਸਟਮ ਕਾਉਂਟਿੰਗ ਹਾਲ ਦੇ ਦਰਵਾਜ਼ੇ `ਤੇ ਸਥਾਪਤ ਕੀਤਾ ਗਿਆ ਹੈ ਜਿਸਦੀ ਸੁਰੱਖਿਆ ਕੇਂਦਰੀ ਹਥਿਆਰਬੰਦ ਪੁਲਿਸ ਫੋਰਸਾਂ ਹਵਾਲੇ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਹਰੇਕ ਗਿਣਤੀ ਕੇਂਦਰ `ਤੇ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੱਧ ਤੋਂ ਵੱਧ 14 ਕਾਉਂਟਿੰਗ ਟੇਬਲ ਸਥਾਪਤ ਕੀਤੇ ਜਾਣਗੇ। ਇਸ ਤੋਂ ਇਲਾਵਾ ਸਰਵਿਸ ਵੋਟਰਾਂ ਨੂੰ ਜਾਰੀ ਈ.ਟੀ.ਪੀ.ਬੀ. ਅਤੇ ਚੋਣ ਡਿਊਟੀ ਵਿੱਚ ਲੱਗੇ ਅਧਿਕਾਰੀਆਂ/ਕਰਮਚਾਰੀਆਂ ਅਤੇ ਈ.ਸੀ.ਆਈ. ਦੀਆਂ ਹਦਾਇਤਾਂ ਅਨੁਸਾਰ ਪ੍ਰਾਪਤ ਬੈਲਟ ਪੇਪਰਾਂ ਦੀ ਗਿਣਤੀ ਲਈ ਵੱਖਰੇ ਤੌਰ `ਤੇ ਟੇਬਲ ਲਗਾਏ ਜਾਣਗੇ।
ਡਾ. ਰਾਜੂ ਨੇ ਦੱਸਿਆ ਕਿ ਪੰਜਾਬ ਰਾਜ ਵਿੱਚ ਜ਼ਿਲ੍ਹਾ ਚੋਣ ਅਫ਼ਸਰਾਂ ਵੱਲੋਂ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰਜ਼ ਵੱਲੋਂ ਧਾਰਾ 144 ਲਾਗੂ ਕੀਤੀ ਗਈ ਹੈ ਜਿਸ ਦੇ ਚੱਲਦਿਆਂ ਗਿਣਤੀ ਕੇਂਦਰ ਦੇ ਬਾਹਰ ਲੋਕਾਂ ਦੇ ਇਕੱਤਰ ਹੋਣ `ਤੇ ਪਾਬੰਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਾਂ ਦੀ ਗਿਣਤੀ ਉਪਰੰਤ ਜੇਤੂ ਉਮੀਦਵਾਰ ਜਾਂ ਉਸਦਾ ਅਧਿਕਾਰਤ ਪ੍ਰਤੀਨਿਧ ਸਿਰਫ਼ ਦੋ ਵਿਅਕਤੀਆਂ ਨੂੰ ਨਾਲ ਲਿਜਾ ਕੇ ਚੋਣ ਸਬੰਧੀ ਸਰਟੀਫਿਕੇਟ ਹਾਸਲ ਕਰ ਸਕਦਾ ਹੈ।ਇਸ ਤੋਂ ਇਲਾਵਾ ਜੇਤੂ ਉਮੀਦਵਾਰਾਂ ਵੱਲੋਂ ਜਲੂਸ ਕੱਢਣ `ਤੇ ਵੀ ਮਨਾਹੀ ਹੈ।
ਸੀ.ਈ.ਓ. ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੇ ਨਤੀਜਿਆਂ ਸਬੰਧੀ ਜਾਣਕਾਰੀ ਦਫ਼ਤਰ ਮੁੱਖ ਚੋਣ ਅਫ਼ਸਰ ਪੰਜਾਬ ਦੀ ਵੈੱਬਸਾਈਟ ੀਵਵਬਤਯੇੇਮਮਮ।ਫਕਰਬਚਅਹ਼ਲ।ਪਰਡ।ਜਅ ਤੋਂ ਇਲਾਵਾ ੀਵਵਬਤਯੇੇਗਕਤਚ;ਵਤ।ਕਫਜ।ਪਰਡ।ਜਅ ਤੋਂ ਹਾਸਲ ਕੀਤੀ ਜਾ ਸਕਦੀ ਹੈ।ਇਸ ਦੇ ਨਾਲ ਹੀ ਵੋਟਰ ਹੈਲਪਲਾਈਨ ਮੋਬਾਇਲ ਐਪ ਤੋਂ ਵੀ ਵੋਟਾਂ ਦੀ ਗਿਣਤੀ ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਡਾ. ਰਾਜੂ ਨੇ ਇਹ ਵੀ ਦੱਸਿਆ ਕਿ ਕਾਊਂਟਿੰਗ ਵਾਲੇ ਦਿਨ ਭਾਵ 10 ਮਾਰਚ, 2022 ਨੂੰ ਸਰਕਾਰ ਵੱਲੋਂ ਵੋਟਾਂ ਦੀ ਗਿਣਤੀ ਮੁਕੰਮਲ ਹੋਣ ਤੱਕ ਡਰਾਈ ਡੇਅ ਘੋਸ਼ਿਤ ਕੀਤਾ ਗਿਆ ਹੈ।ਇਸ ਦੇ ਨਾਲ ਹੀ ਕੋਵਿਡ ਨਿਯਮਾਂ ਦੀ ਪਾਲਣਾ ਨੂੰ ਇੰਨ-ਬਿੰਨ ਲਾਗੂ ਕਰਨ ਲਈ ਵੀ ਕਿਹਾ ਗਿਆ ਹੈ।
ਡਾ. ਰਾਜੂ ਨੇ ਇਹ ਵੀ ਸਪੱਸ਼ਟ ਕੀਤਾ ਕਿ ਗਿਣਤੀ ਕੇਂਦਰ ਵਿਖੇ ਮੋਬਾਇਲ ਟੈਲੀਫੋਨ/ਆਈ ਪੈਡ, ਲੈਪਟਾਪ ਜਾਂ ਕੋਈ ਵੀ ਹੋਰ ਇਸ ਤਰ੍ਹਾਂ ਦਾ ਬਿਜਲਈ ਯੰਤਰ ਜੋ ਕਿ ਆਵਾਜ਼ ਅਤੇ ਵੀਡੀਓ ਰਿਕਾਰਡ ਕਰ ਸਕਦਾ ਹੋਵੇ, ਨੂੰ ਗਿਣਤੀ ਕੇਂਦਰ ਵਿੱਚ ਲਿਜਾਣ ਦੀ ਮਨਾਹੀ ਹੈ। ਉਨ੍ਹਾਂ ਕਿਹਾ ਕਿ ਇਹ ਮਨਾਹੀ ਹੁਕਮ ਕਮਿਸ਼ਨ ਵੱਲੋਂ ਲਗਾਏ ਗਏ ਆਬਜ਼ਰਵਰ `ਤੇ ਲਾਗੂ ਨਹੀਂ ਹੋਣਗੇ। ਇਸ ਦੇ ਨਾਲ ਹੀ ਗਿਣਤੀ ਸਬੰਧੀ ਜਾਣਕਾਰੀ ਨੂੰ ਸਰਕਾਰੀ ਤੌਰ `ਤੇ ਐਨਕੋਰ ਸਾਫਟਵੇਅਰ `ਤੇ ਅਪਲੋਡ ਕਰਨ ਲਈ ਲੋੜੀਂਦੇ ਕੰਪਿਊਟਰ, ਲੈਪਟਾਪ ਜਾਂ ਮੋਬਾਇਲ ਯੰਤਰ ਲਿਜਾਉਣ ਦੀ ਆਗਿਆ ਹੋਵੇਗੀ।
ਐਸ.ਐਸ.ਡੀ. ਵਿਟ ਵੱਲੋ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ
ਸੁਖਜਿੰਦਰ ਮਾਨ
ਬਠਿੰਡਾ, 9 ਮਾਰਚ: ਔਰਤਾਂ ਦਾ ਸਨਮਾਨ ਕਰਨ ਲਈ SSDWIT ਬਠਿੰਡਾ ਦੀ NSS ਅਤੇ RCC ਯੂਨਿਟ ਵੱਲੋਂ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਡਾ: ਮੋਨਿਕਾ ਬਾਂਸਲ (ਐਨ.ਐਸ.ਐਸ. ਪ੍ਰੋਗਰਾਮ ਅਫਸਰ) ਨੇ ਪ੍ਰਿੰਸੀਪਲ, ਫੈਕਲਟੀ ਮੈਂਬਰਾਂ ਅਤੇ ਸਾਰੇ ਵਲੰਟੀਅਰਾਂ ਦਾ ਰਸਮੀ ਤੌਰ ਤੇ ਸਵਾਗਤ ਕੀਤਾ।। ਪਿ੍ੰਸੀਪਲ ਡਾ: ਨੀਰੂ ਗਰਗ ਨੇ ਨਾਰੀ ਸਸ਼ਕਤੀਕਰਨ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਇਸ ਦਿਨ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਕਿਹਾ ਕਿ ਇਹ ਦਿਨ ਇਸ ਲਈ ਮਨਾਇਆ ਜਾ ਰਿਹਾ ਹੈ ਕਿਉਂਕਿ ਹੋਰ ਕਿਸੇ ਵੀ ਜਾਤੀ ਵਿੱਚ ਅਜਿਹੇ ਗੁਣ ਨਹੀਂ ਹਨ।ਉਨ੍ਹਾਂ ਵਿਦਿਆਰਥਣਾਂ ਨੂੰ ਸਿਹਤ ਅਤੇ ਕਰੀਅਰ ਪ੍ਰਤੀ ਸੁਚੇਤ, ਆਰਥਿਕ ਤੌਰ ‘ਤੇ ਸੁਤੰਤਰ ਅਤੇ ਤਕਨੀਕੀ ਤੌਰ ‘ਤੇ ਜਾਗਰੂਕ ਹੋਣ ਦੀ ਵੀ ਸਲਾਹ ਦਿੱਤੀ। ਇੱਕ ਪੋਸਟਰ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ ਜਿਸਦਾ ਵਿਸ਼ਾ “ਪੁਰਾਣੇ ਸਮੇਂ ਤੋਂ ਮੌਜੂਦਾ ਸਮੇਂ ਵਿੱਚ ਔਰਤਾਂ ਦੀ ਬਦਲਦੀ ਭੂਮਿਕਾ ਅਤੇ ਮਹਿਲਾ ਸਸ਼ਕਤੀਕਰਨ” ਸੀ। ਇਸ ਪ੍ਰੋਗਰਾਮ ਵਿੱਚ ਸਾਰੇ ਵਲੰਟੀਅਰਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।ਪਹਿਲਾ ਇਨਾਮ BCA2 ਦੀ ਕਿਰਤੀ ਨੇ ਪ੍ਰਾਪਤ ਕੀਤਾ ਅਤੇ BCA1 ਦੀ ਆਂਚਲ ਗਰਗ ਨੇ ਦੂਸਰਾ ਇਨਾਮ ਪ੍ਰਾਪਤ ਕੀਤਾ ਅਤੇ BCA 2 ਦੀ ਸਨੇਹਾ ਨੇ ਤੀਸਰਾ ਇਨਾਮ ਪ੍ਰਾਪਤ ਕੀਤਾ ਅਤੇ BCA1 ਦੀ ਹਰਮਨਦੀਪ ਕੌਰ ਨੂੰ ਕੋਨਸੋਲੇਸ਼ਨ ਇਨਾਮ ਵੀ ਦਿੱਤਾ ਗਿਆ। ਐਨਐਸਐਸ ਅਤੇ ਆਰਸੀਸੀ ਯੂਨਿਟ ਨੇ ਸੁਖਦੀਪ ਕੌਰ ਨੂੰ ਜ਼ਿਲ੍ਹਾ ਅਤੇ ਰਾਜ ਪੱਧਰ ‘ਤੇ ਹਾਕੀ ਖੇਡ ਵਿੱਚ ਖੇਡਣ ਲਈ, ਆਰਤੀ ਭੰਡਾਰੀ ਨੂੰ ਜ਼ਿਲ੍ਹਾ ਪੱਧਰ ‘ਤੇ ਨੈਸ਼ਨਲ ਯੂਥ ਪਾਰਲੀਮੈਂਟ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਲਈ ਅਤੇ ਕਰਨਵੀਰ ਕੌਰ ਨੂੰ 7 ਦਿਨਾਂ ਰਾਸ਼ਟਰੀ ਏਕਤਾ ਕੈਂਪ, ਹਿਸਾਰ ਵਿੱਚ ਭਾਗ ਲੈਣ ਲਈ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਡਾ: ਮੋਨਿਕਾ ਬਾਂਸਲ ਨੇ ਸਰਗਰਮੀ ਨਾਲ ਭਾਗ ਲੈਣ ਵਾਲੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਕੇ ਸਮਾਗਮ ਦੀ ਸਮਾਪਤੀ ਕੀਤੀ।ਸ਼੍ਰੀ ਸੰਜੇ ਗੋਇਲ (ਪ੍ਰਧਾਨ), ਸ੍ਰੀ. ਕ੍ਰਿਸ਼ਨ ਬਾਂਸਲ (ਉਪ-ਪ੍ਰਧਾਨ), ਸ਼੍ਰੀ ਵਿਕਾਸ ਗਰਗ (ਸਕੱਤਰ) , ਸ਼੍ਰੀ ਵਿਵੇਕ ਮਿੱਤਲ (ਵਧੀਕ ਸਕੱਤਰ), ਸ਼੍ਰੀ ਮਨੋਜ ਸਿੰਗਲਾ (ਵਧੀਕ ਸਕੱਤਰ) ਨੇ ਸਾਰੇ ਭਾਗਿਦਾਰਾ ਨੂੰ ਵਧਾਈ ਦਿਤੀ ਅਤੇ ਆਯੋਜਕ ਡਾ: ਮੋਨਿਕਾ ਬਾਂਸਲ (ਐਨਐਸਐਸ ਪ੍ਰੋਗਰਾਮ ਅਫਸਰ), ਸ਼੍ਰੀਮਤੀ ਮਨੂ ਕਾਰਤਿਕੀ, ਸ਼੍ਰੀਮਤੀ ਨਵਿਤਾ ਸਿੰਗਲਾ (ਆਰਆਰਸੀ ਨੋਡਲ ਅਫਸਰ) ਅਤੇ ਮੈਡਮ ਸ਼ਿਵਾਨੀ ਮਿੱਤਲ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਐਸ.ਐਸ.ਡੀ. ਗਰਲਜ਼ ਕਾਲਜ ਵੱਲੋ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ
ਸੁਖਜਿੰਦਰ ਮਾਨ
ਬਠਿੰਡਾ, 9 ਮਾਰਚ: ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਐਨ. ਐਸ. ਐਸ. ਪ੍ਰੋਗਰਾਮ ਕੋਆਰਡੀਨੇਟਰ ਡਾ. ਮਮਤਾ ਸ਼ਰਮਾ ਦੀਆਂ ਹਦਾਇਤਾਂ ਅਨੁਸਾਰ ਪ੍ਰੋਗਰਮ ਅਫਸਰ ਐਨ.ਐਸ.ਐਸ. ਡਾ. ਊਸ਼ਾ ਸ਼ਰਮਾ ਅਤੇ ਡਾ. ਸਿਮਰਜੀਤ ਕੌਰ ਦੀ ਅਗਵਾਈ ਹੇਠ ਐਸ.ਐਸ.ਡੀ. ਗਰਲਜ਼ ਕਾਲਜ, ਬਠਿੰਡਾ ਦੇ ਐਨ. ਐਸ.ਐਸ. ਯੂਨਿਟਾਂ ਅਤੇ ਰੈਡ ਰਿਬਨ ਕਲੱਬ ਵੱਲੋ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਸਮੇਂ ਐਨ. ਐਸ. ਐਸ ਵਲੰਟੀਅਰਾਂ ਵੱਲੋਂ ਐਨ.ਐਸ.ਐਸ ਪ੍ਰੋਗਰਾਮ ਅਫਸਰ ਡਾ. ਊਸ਼ਾ ਸ਼ਰਮਾ ਅਤੇ ਡਾ. ਸਿਮਰਜੀਤ ਕੌਰ ਨੂੰ ਫੁੱਲਾਂ ਦੇ ਗੁਲਦਸਤੇ ਦਿੰਦੇ ਹੋਏ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਵਧਾਈ ਦਿੱਤੀ । ਡਾ. ਊਸ਼ਾ ਸ਼ਰਮਾ ਨੇ ਇਸ ਮੌਕੇ ਤੇ ਨਾਰੀ ਸ਼ਸ਼ਕਤੀਕਰਨ ਬਾਰੇ ਦਰਸਾਉਂਦਿਆਂ ਵਿਸ਼ਵ ਪ੍ਰਸਿੱਧ ਔਰਤਾਂ ਜਿਵੇਂ ਬੀਬੀ ਭਾਨੀ ਜੀ, ਮਾਤਾ ਗੁਜਰ ਕੌਰ ਜੀ, ਕਿਰਨ ਬੇਦੀ, ਕਲਪਨਾ ਚਾਵਲਾ ਅਤੇ ਮਦਰ ਟਰੇਸਾ ਵਰਗੀਆਂ ਮਹਾਨ ਸ਼ਖਸ਼ੀਅਤਾਂ ਦੇ ਜੀਵਨ ਤੇ ਚਾਨਣਾ ਪਾਇਆ । ਡਾ. ਸਿਮਰਜੀਤ ਕੌਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਵਿਸ਼ਵ ਦੇ ਕੁੱਲ ਕੰਮ ਦਾ 66% ਔਰਤਾਂ ਦੇ ਹਿੱਸੇ ਆਉਂਦਾ ਹੈ ।
ਬੀ. ਏ ਭਾਗ ਦੂਜਾ ਦੀ ਵਿਦਿਆਰਥਣ ਗੁਰਮਿੰਦਰ ਕੌਰ ਐਂਡ ਗਰੁੱਪ ਨੇ ‘ਕੋਮਲ ਹੈ ਕਮਜ਼ੋਰ ਨਹੀਂ ਤੂੰ ਸ਼ਕਤੀ ਕਾ ਨਾਮ ਹੀ ਨਾਰੀ ਹੈ’ ਗੀਤ ਪੇਸ਼ ਕੀਤਾ। ਬੀ.ਏ ਭਾਗ ਤੀਜਾ ਦੀ ਵਿਦਿਆਰਥਣ ਹਿਮਾਨੀ ਭੱਲਾ ਨੇ ‘ਅਣਜੰਮੀ ਧੀ’ ਦੀ ਪੁਕਾਰ ਵਿਸ਼ੇ ਤੇ ਕਵਿਤਾ ਬੋਲੀ ਅਤੇ ਬੀ.ਏ ਭਾਗ ਦੂਜਾ ਦੀ ਵਿਦਿਆਰਥਣ ਰਤਨਜੋਤ ਵੱਲੋਂ ਮਾਂ ਰੱਬ ਦਾ ਰੂਪ ਹੈ ਵਿਸ਼ੇ ਤੇ ਕਵਿਤਾ ਬੋਲੀ ਗਈ। ਇਸ ਮੌਕੇ ਕਾਲਜ ਪ੍ਰਧਾਨ ਐਡਵੋਕੇਟ ਸ਼੍ਰੀ ਸੰਜੈ ਗੋਇਲ, ਸੀਨੀਅਰ ਉਪ ਪ੍ਰਧਾਨ ਪ੍ਰਮੋਦ ਮਹੇਸ਼ਵਰੀ, ਜਨਰਲ ਸਕੱਤਰ ਸ਼੍ਰੀ ਚੰਦਰ ਸ਼ੇਖਰ ਮਿੱਤਲ, ਵਿੱਟ ਸਕੱਤਰ ਸ਼੍ਰੀ ਵਿਕਾਸ ਗਰਗ, ਬੀ.ਐਡ ਸਕੱਤਰ ਸ਼੍ਰੀ ਸਤੀਸ਼ ਅਰੋੜਾ, ਕਾਲਜ ਦੇ ਪ੍ਰਿੰਸੀਪਲ ਡਾ. ਸਵਿਤਾ ਗੁਪਤਾ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਸਮੁੱਚੇ ਸਟਾਫ਼ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ।
ਡੀ.ਏ.ਵੀ. ਕਾਲਜ ਵਿਖੇ ਸਲੋਗਨ ਰਾਈਟਿੰਗ ਮੁਕਾਬਲੇ ਕਰਵਾਏ
ਸੁਖਜਿੰਦਰ ਮਾਨ
ਬਠਿੰਡਾ, 9 ਮਾਰਚ: ਡੀ.ਏ.ਵੀ. ਕਾਲਜ ਵਿਖੇ ਅਰਥ-ਸ਼ਾਸਤਰ ਵਿਭਾਗ ਨੇ ਆਲ-ਇੰਡੀਆ ਰੇਡੀਓ ਬਠਿੰਡਾ ਦੇ ਸਹਿਯੋਗ ਨਾਲ ਸਲੋਗਨ ਰਾਈਟਿੰਗ ਮੁਕਾਬਲੇ ਕਰਵਾਏ। ਇਸ ਪ੍ਰੋਗਰਾਮ ਵਿਚ ‘ਯੁੱਧ ਅਤੇ ਸ਼ਾਂਤੀ’ ਵਿਸ਼ੇ ’ਤੇ ਵਿਦਿਆਰਥੀਆਂ ਨੇ ਸਲੋਗਨ ਪੇਸ਼ ਕੀਤੇ। ਆਲ-ਇੰਡੀਆ ਰੇਡੀਓ ਤੋਂ ਸ਼੍ਰੀ ਮਨਦੀਪ ਰਾਜੋੜਾ (ਆਕਾਸ਼ਵਾਣੀ ਪ੍ਰੋਗਰਾਮ ਪ੍ਰੋਡਿਊਸਰ ਬਠਿੰਡਾ) ਨੇ ਇਸ ਮੌਕੇ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ, ਅਰਥ-ਸ਼ਾਸਤਰ ਵਿਭਾਗ ਦੇ ਮੁਖੀ ਡਾ. ਸੁਰਿੰਦਰ ਕੁਮਾਰ ਸਿੰਗਲਾ ਅਤੇ ਪ੍ਰੋਗਰਾਮ ਸੰਚਾਲਕ ਡਾ. ਪ੍ਰਭਜੋਤ ਕੌਰ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਇਸ ਮੁਕਾਬਲੇ ਵਿਚ 40 ਵਿਦਿਆਰਥੀਆਂ ਨੇ ਭਾਗ ਲਿਆ। ਉਹਨਾਂ ਵਿਭਿੰਨ ਰੰਗਾਂ ਨਾਲ ਆਪੋ-ਆਪਣੀ ਕਲਾਤਮਕਤਾ ਅਤੇ ਸਿਰਜਨਾਤਮਕਤਾ ਮੁਤਾਬਕ ਸਲੋਗਨ ਬਣਾਏ। ਸ਼੍ਰੀ ਮਨਦੀਪ ਰਾਜੋੜਾ ਅਤੇ ਪ੍ਰੋ. ਅਮਨ ਮਲਹੋਤਰਾ (ਕੈਮਿਸਟਰੀ ਵਿਭਾਗ) ਨੇ ਨਿਰਣਾਇਕ ਮੰਡਲ ਦੀ ਭੂਮਿਕਾ ਨਿਭਾਈ। ਇਸ ਮੁਕਬਲੇ ਵਿਚ ਪਹਿਲਾ ਸਥਾਨ ਸ਼੍ਰੇਆ, ਦੂਜਾ ਕਨਿਕਾ, ਤੀਜਾ ਪ੍ਰਤਿਭਾ ਅਤੇ ਚੌਥਾ ਕਸ਼ਿਸ਼ ਚੰਦਰ ਨੇ ਹਾਸਿਲ ਕੀਤਾ।ਡਾ. ਰਾਜੀਵ ਕੁਮਾਰ ਸ਼ਰਮਾ ਨੇ ਜੇਤੂ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਅਰਥ-ਸ਼ਾਸ਼ਤਰ ਵਿਭਾਗ ਦੇ ਮੁਖੀ ਡਾ. ਸੁਰਿੰਦਰ ਕੁਮਾਰ ਸਿੰਗਲਾ, ਪ੍ਰੋਗਰਾਮ ਸੰਚਾਲਕ ਡਾ. ਪ੍ਰਭਜੋਤ ਕੌਰ ਅਤੇ ਪ੍ਰੋ. ਸ਼ਮਸ਼ੇਰ ਖਾਨ ਦੀ ਇਸ ਪ੍ਰੋਗਰਾਮ ਨੂੰ ਸਫ਼ਲਤਾ ਪੂਰਵਕ ਕਰਵਾਉਣ ’ਤੇ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਕਰਵਾਉਣ ਨਾਲ ਵਿਦਿਆਰਥੀਆਂ ਦੇ ਗਿਆਨ ਅਤੇ ਹੁਨਰ ਦਾ ਵਿਕਾਸ ਹੁੰਦਾ ਹੈ। ਅੰਤ ਵਿਚ ਸਭ ਦਾ ਧੰਨਵਾਦ ਡਾ.ਸੁਰਿੰਦਰ ਕੁਮਾਰ ਸਿੰਗਲਾ ਨੇ ਅਤੇ ਮੰਚ ਸੰਚਾਲਨ ਪ੍ਰੋ. ਨੇਹਾ ਸ਼ਰਮਾ ਦੁਆਰਾ ਕੀਤਾ ਗਿਆ।





