Thursday, May 7, 2026
Home Blog Page 2587

ਸਿਲਵਰ ਓਕਸ ਸਕੂਲ ਵਲੋਂ ਲਹਿਰਾ ਬੇਗਾ ’ਚ ਨਵੀਂ ਬ੍ਰਾਂਚ ਦੀ ਸ਼ੁਰੂਆਤ

0

ਸੁਖਜਿੰਦਰ ਮਾਨ
ਬਠਿੰਡਾ, 04 ਮਾਰਚ: ਇਲਾਕੇ ਦੇ ਨਾਮਵਾਰ ਸਕੂਲਾਂ ਵਿਚ ਮੰਨੇ ਜਾਂਦੇ ਸਿਲਵਰ ਓਕਸ ਸਕੂਲ ਨੇ ਅਪਣਾ ਵਿਸਥਾਰ ਕਰਦਿਆਂ ਬਠਿੰਡਾ-ਬਰਨਾਲਾ ਰੋਡ ’ਤੇ ਪਿੰਡ ਲਹਿਰਾ ਬੇਗਾ ਕੋਲ ਅਪਣੀ ਨਵੀਂ ਬ੍ਰਾਂਚ ਦੀ ਸ਼ੁਰੂਆਤ ਕੀਤੀ ਹੈ। ਸਕੂਲ ਦੇ ਪਹਿਲੇ ਬੈਚ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸਕੂਲ ਦੇ ਵਿਹੜੇ ’ਚ ਸ੍ਰੀ ਅਖੰਡ ਪਾਠ ਸਾਹਿਬ ਦਾ ਆਰੰਭ ਕਰਵਾਇਆ ਗਿਆ, ਜਿਸਦੇ ਐਤਵਾਰ ਵਾਲੇ ਦਿਨ ਭੋਗ ਪਾਏ ਜਾਣਗੇ। ਸਕੂਲ ਦੇ ਬੁਲਾਰੇ ਨੇ ਦਸਿਆ ਕਿ ਸਿਲਵਰ ਓਕਸ ਸਕੂਲ ਭੁੱਚੋ ਉੱਤਮਤਾ ਦਾ ਕੇਂਦਰ ਹੋਣ ਦੇ ਨਾਤੇ, ਸਿਖਿਆਰਥੀਆਂ ਨੂੰ ਇਕ ਚੰਗਾ ਇਨਸਾਨ ਬਣਨ ਦੀ ਯਾਤਰਾ ਸੁਰੂ ਕਰਨ ਦੇ ਮਿਸਨ ਦੇ ਨਾਲ, ਰਵਾਇਤੀ ਕਦਰਾਂ-ਕੀਮਤਾਂ ਨਾਲ ਭਰਪੂਰ ਆਧੁਨਿਕ ਸਿੱਖਿਆ ਪ੍ਰਦਾਨ ਕਰਨ ਲਈ ਅਤੇ ਸਭ ਤੋਂ ਵਧੀਆ ਅਭਿਆਸਾਂ ਨੂੰ ਦਿਖਾਉਣ ਲਈ ਤਿਆਰ ਹੈ।

ਆਪ ਨੇ ਭਾਖੜਾ ਬਿਆਸ ਬੋਰਡ ਵਿਚੋਂ ਪੰਜਾਬ ਦੀ ਨੁਮਾਇੰਦਗੀ ਬਹਾਲ ਕਰਨ ਦੀ ਕੀਤੀ ਮੰਗ

0

ਸੁਖਜਿੰਦਰ ਮਾਨ
ਬਠਿੰਡਾ, 04 ਮਾਰਚ: ਆਮ ਆਦਮੀ ਪਾਰਟੀ ਵੱਲੋਂ ਅੱਜ ਡਿਪਟੀ ਕਮਿਸਨਰ ਰਾਹੀਂ ਰਾਜਪਾਲ ਨੂੰ ਮੰਗ ਪੱਤਰ ਭੇਜ ਕੇ ਭਾਖੜਾ ਬਿਆਸ ਮੈਨੇਜ਼ਮੈਂਟ ਬੋਰਡ (ਬੀ.ਬੀ.ਐਮ.ਬੀ) ਵਿੱਚੋਂ ਪੰਜਾਬ ਦੀ ਨੁਮਾਇੰਦਗੀ ਖ਼ਤਮ ਕਰਨ ਦਾ ਫੈਸਲਾ ਵਾਪਿਸ ਲੈਣ ਦੀ ਮੰਗ ਕੀਤੀ ਹੈ। ਪਾਰਟੀ ਦੇ ਹਲਕਾ ਬਠਿੰਡਾ ਸਹਿਰੀ ਤੋਂ ਉਮੀਦਵਾਰ ਜਗਰੂਪ ਸਿੰਘ ਗਿੱਲ, ਸੂਬਾ ਸਪੋਕਸਮੈਨ ਤੇ ਜ਼ਿਲ੍ਹਾ ਪ੍ਰਧਾਨ ਨੀਲ ਗਰਗ, ਜ਼ਿਲ੍ਹਾ ਕਾਰਜ਼ਕਾਰੀ ਪ੍ਰਧਾਨ ਅੰਮਿ੍ਰਤ ਲਾਲ ਅਗਰਵਾਲ, ਜ਼ਿਲ੍ਹਾ ਯੂਥ ਪ੍ਰਧਾਨ ਅਮਰਦੀਪ ਰਾਜਨ, ਸੀਨੀਅਰ ਆਗੂ ਐਡਵੋਕੇਟ ਨਵਦੀਪ ਜੀਦਾ, ਅਨਿਲ ਠਾਕੁਰ ਆਦਿ ਦੀ ਅਗਵਾਈ ਹੇਠ ਦਿੱਤੇ ਇਸ ਮੰਗ ਪੱਤਰ ਵਿਚ ਕੇਂਦਰ ਵੱਲੋਂ ਪੰਜਾਬ ਦੇ ਹੱਕਾਂ ’ਤੇ ਮਾਰੇ ਜਾਂਦੇ ਡਾਕੇ ਦੀ ਨਿੰਦਾ ਕਰਦਿਆਂ ਇੰਨ੍ਹਾਂ ਨੂੰ ਤੁਰੰਤ ਬੰਦ ਕਰਨ ਦੀ ਅਪੀਲ ਕੀਤੀ ਹੈ। ਆਪ ਆਗੂਆਂ ਮੁਤਾਬਕ 1966 ’ਚ ਬਣੇ ‘ਪੰਜਾਬ ਪੁਨਰਗਠਨ ਐਕਟ’ ਦੌਰਾਨ ਹੀ ਬੀ.ਬੀ.ਐਮ.ਬੀ ਦੀ ਸਥਾਪਨਾ ਹੋਈ ਸੀ, ਜਿਸ ’ਚ ਚੇਅਰਮੈਨ ਅਤੇ ਦੋ ਮੈਂਬਰ ਲਏ ਜਾਣ ਦੀ ਵਿਵਸਥਾ ਕੀਤੀ ਗਈ ਸੀ। 1967 ਤੋਂ ਹੀ ਇਹ ਵੱਡੇ ਸੂਬੇ ਅਤੇ ਹਿੱਸੇਦਾਰ ਹੋਣ ਦੇ ਨਾਤੇ ਪੰਜਾਬ ਅਤੇ ਹਰਿਆਣਾ ਤੋਂ ਹੀ ਲਏ ਜਾਂਦੇ ਰਹੇ ਹਨ। ਇਨ੍ਹਾਂ ਵਿਚੋਂ ਵੱਡੇ ਅਤੇ ਵੱਧ ਹਿੱਸੇ ਪੰਜਾਬ ਨੂੰ ਪਹਿਲੇ ਨੰਬਰ ’ਤੇ ਰੱਖਿਆ ਜਾਂਦਾ ਸੀ ਤੇ ਖਰਚਾ ਵੀ ਵਧੇਰੇ ਪੰਜਾਬ ਹੀ ਕਰਦਾ ਰਿਹਾ ਹੈ। ਪਰ ਹੁਣ ਬੀ.ਬੀ.ਐਮ.ਬੀ ਵਿਚੋਂ ਪੰਜਾਬ ਦੀ ਨੁਮਾਇੰਦਗੀ ਖ਼ਤਮ ਕੀਤੀ ਜਾ ਰਹੀ ਹੈ।

ਕਿਸਾਨ ਯੂਨੀਅਨ ਸਿੱਧੂਪੁਰ ਨੇ ਫ਼ੂਕਿਆ ਕੇਂਦਰ ਸਰਕਾਰ ਦਾ ਪੁਤਲਾ

0

ਸੁਖਜਿੰਦਰ ਮਾਨ
ਬਠਿੰਡਾ, 04 ਮਾਰਚ: ਕੇਂਦਰ ਸਰਕਾਰ ਵਲੋਂ ਲਗਾਤਾਰ ਸੂਬਾ ਵਿਰੋਧੀ ਲਏ ਜਾ ਰਹੇ ਫੈਸਲਿਆਂ ਦੇ ਵਿਰੋਧ ’ਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋ ਸਥਾਨਕ ਅੰਬੇਦਕਰ ਚੌਕ ਵਿਚ ਮੋਦੀ ਸਰਕਾਰ ਦਾ ਪੁਤਲਾ ਫ਼ੂਕਿਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਰਾਹੀ ਰਾਸਟਰਪਤੀ ਦੇ ਨਾਮ ਇੱਕ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਰੇਸਮ ਸਿੰਘ ਯਾਤਰੀ ਤੇ ਬਲਦੇਵ ਸਿੰਘ ਸੰਦੋਹਾ ਨੇ ਦੋਸ਼ ਲਗਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਪੰਜਾਬੀਅਤ ਅਤੇ ਦੇਸ਼ ਦੀ ਕਿਸਾਨੀ ਉੱਪਰ ਆਏ ਦਿਨ ਨਿੱਤ ਨਵੇਂ ਹਮਲੇ ਕਰਨ ਅਤੇ ਆਪਣੀਆਂ ਕੋਝੀਆਂ ਚਾਲਾਂ ਚੱਲਣ ਤੋਂ ਬਾਜ ਨਹੀ ਆ ਰਹੀ ਹੈ ਜਿਸ ਦੀ ਤਾਜ਼ਾ ਮਿਸਾਲ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਹਰਿਆਣਾ ਨੂੰ ਬਾਹਰ ਕੱਢਣ ਤੋਂ ਮਿਲਦੀ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋ ਰਾਜਾਂ ਦੇ ਹੱਕਾਂ ਉੱਪਰ ਮਾਰੇ ਗਏ ਇਸ ਡਾਕੇ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋ ਉਲੀਕੇ ਪ੍ਰੋਗਰਾਮ ਤਹਿਤ ਅੱਜ ਕੇਂਦਰ ਵਿਰੁਧ ਨਾਅਰੇਬਾਜ਼ੀ ਵੀ ਕੀਤੀ ਗਈ ਹੈ। ਇਸ ਮੌਕੇ ਆਗੂਆਂ ਨੇ ਰਾਸਟਰਪਤੀ ਕੋਲੋ ਮੰਗ ਕੀਤੀ ਕਿ ਉਹ ਸੰਵਿਧਾਨ ਦੀ ਰਾਖੀ ਕਰਦਿਆਂ ਪੰਜਾਬ ਅਤੇ ਹਰਿਆਣਾ ਦੀ ਭਾਖੜਾ ਬਿਆਸ ਮੈਨੇਜਮੈਂਟ ਵਿੱਚ ਬਣਦੀ ਨੁਮਾਇੰਦਗੀ ਤੁਰੰਤ ਬਹਾਲ ਕੀਤੀ ਜਾਵੇ ਅਤੇ ਕਿਸਾਨਾਂ ਦੀਆਂ ਬਾਕੀ ਰਹਿੰਦੀਆਂ ਮੰਗਾਂ ਐੱਮ.ਐੱਸ.ਪੀ. ‘ਤੇ ਗਾਰੰਟੀ ਕਾਨੂੰਨ ਬਣਾਉਣਾ, ਕਿਸਾਨਾਂ ਉੱਪਰ ਦਰਜ ਮੁਕੱਦਮੇ ਖਤਮ ਕਰਨਾ, ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਅਤੇ ਸਰਕਾਰੀ ਨੌਕਰੀ ਦੇਣਾ,ਲਖੀਮਪੁਰ ਖੀਰੀ ਦੇ ਦੋਸ਼ੀ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਨੀ ਨੂੰ ਬਰਖਾਸਤ ਕਰਨਾ ਅਤੇ ਅਸ਼ੀਸ਼ ਮਿਸ਼ਰਾ ਟੈਨੀ ਦੀ ਜਮਾਨਤ ਰੱਦ ਕਰਕੇ ਸਖਤ ਸਜਾ ਦੇਣਾ ਆਦਿ ਰਹਿੰਦੀਆਂ ਮੰਗਾਂ ਵੀ ਪੂਰੀਆਂ ਕਰਵਾਉਣ ਲਈ ਕੇਂਦਰ ਸਰਕਾਰ ਉੱਪਰ ਦਬਾਅ ਬਣਾਉਣ। ਇਸ ਮੌਕੇ ਆਗੂ ਰਣਜੀਤ ਸਿੰਘ, ਮੁਖਤਿਆਰ ਸਿੰਘ, ਅਰਜਨ ਸਿੰਘ ਫੂਲ ,ਅੰਗਰੇਜ ਸਿੰਘ ਕਲਿਆਣ, ਜਵਾਹਰ ਸਿੰਘ ਕਲਿਆਣ, ਭੋਲਾ ਸਿੰਘ ਕੋਟੜਾ, ਜਸਵੰਤ ਸਿੰਘ , ਕੁਲਵੰਤ ਸਿੰਘ, ਬਲਵਿੰਦਰ ਸਿੰਘ ਜੋਧਪੁਰ ਆਦਿ ਆਗੂ ਸਾਮਲ ਸਨ।

ਮਹਿਲਾ ਦਿਵਸ ’ਤੇ ਹੋਣਹਾਰ ਔਰਤਾਂ ਨੂੰ ਨਾਰੀ ਸ਼ਕਤੀ ਪੁਰਸਕਾਰ ਨਾਲ ਕੀਤਾ ਜਾਵੇਗਾ ਸਨਮਾਨਿਤ

0

ਸੁਖਜਿੰਦਰ ਮਾਨ
ਬਠਿੰਡਾ, 04 ਮਾਰਚ: “ਬਠਿੰਡਾ ਦੀ ਅਵਾਜ, ਨਾਰੀ ਦਾ ਸਨਮਾਨ“ ਵਿਸ਼ੇਸ਼ ਪ੍ਰੋਗ੍ਰਾਮ ਦਾ ਆਯੋਜਨ ਮਹਿਲਾ ਦਿਵਸ ਤੇ 6 ਮਾਰਚ ਨੂੰ ਸਥਾਨਕ ਇੱਕ ਪੈਲੇਸ ਵਿਚ ਕਰਵਾਇਆ ਜਾ ਰਿਹਾ ਹੈ। ਜਿਸਦਾ ਆਗਾਜ ਐਸਐਸਪੀ ਮੈਡਮ ਅਵਨੀਤ ਕੌਂਡਲ ਵੱਲੋਂ ਪੋਸਟਰ ਰਿਲੀਜ ਕਰਕੇ ਕੀਤਾ ਗਿਆ। ਇਸ ਪ੍ਰੋਗਰਾਮ ਦੀ ਆਯੋਜਿਕਾ ਤੇ ਸਮਾਜ ਸੇਵਿਕਾ ਵੀਨੂੰ ਗੋਇਲ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡਾਇਮੰਡ ਵੇਲਫੇਅਰ ਸੁਸਾਇਟੀ ਅਤੇ ਅਗਰਵਾਲ ਸਮਾਜ ਸਭਾ ਦੀਆਂ ਕੋਸ਼ਸ਼ਾਂ ਸਦਕਾ ਵਿਸ਼ੇਸ਼ ਖੇਤਰ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕਰਣ ਵਾਲੀਆਂ ਔਰਤਾਂ ਨੂੰ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਸਮਾਰੋਹ ਵਿੱਚ ਔਰਤਾਂ ਵੱਲੋਂ ਸੰਸਕਿ੍ਰਤ ਪ੍ਰੋਗ੍ਰਾਮ ਵੀ ਪੇਸ਼ ਕੀਤਾ ਜਾਵੇਗਾ। ਪੰਜਾਬ ਵਿੱਚ ਰਾਸ਼ਟਰੀ ਪੱਧਰ ਤੇ ਪਹਿਚਾਣ ਬਣਾ ਚੁੱਕੀਆਂ ਔਰਤਾਂ ਪ੍ਰੋਗ੍ਰਾਮ ਦੀ ਸੋਭਾ ਵਧਾਉਣਗੀਆਂ। ਵੀਨੂੰ ਗੋਇਲ, ਸੰਤੋਸ਼ ਸ਼ਰਮਾ ਅਤੇ ਮੀਨਾਕਸ਼ੀ ਗਰਗ ਨੇ ਐਸਐਸਪੀ ਮੈਡਮ ਅਵਨੀਤ ਕੌਂਡਲ ਦਾ ਧੰਨਵਾਦ ਕੀਤਾ। ਵੀਨੂੰ ਗੋਇਲ ਨੇ ਕਿਹਾ ਕਿ ਮੈਡਮ ਅਵਨੀਤ ਕੌਂਡਲ ਬਠਿੰਡਾ ਦੇ ਪਹਿਲੇ ਮਹਿਲਾ ਐਸਐਸਪੀ ਤੋਂ ਇਲਾਵਾ ਬਠਿੰਡਾ ਦੀਆਂ ਔਰਤਾਂ ਲਈ ਪ੍ਰੇਰਨਾ ਸ੍ਰੋਤ ਅਤੇ ਬਠਿੰਡਾ ਦੀ ਸ਼ਾਨ ਹਨ।

ਸਿਹਤ ਵਿਭਾਗ ਵਲੋਂ ਜਨ ਔਸ਼ਧੀ ਮੁਹਿੰਮ ਮੀਟਿੰਗ ਦਾ ਆਯੋਜਨ

0

ਸੁਖਜਿੰਦਰ ਮਾਨ
ਬਠਿੰਡਾ, 4 ਮਾਰਚ: ਸਿਹਤ ਵਿਭਾਗ ਵਲੋਂ ਮਨਾਏ ਜਾ ਰਹੇ ਜਨ ਔਸ਼ਧੀ ਹਫ਼ਤਾ ਮੁਹਿੰਮ ਤਹਿਤ ਸਥਾਨਕ ਸਿਵਲ ਸਰਜਨ ਦਫ਼ਤਰ ਵਿਖੇ ਸੀ.ਐਚ.ਓਜ਼ ਅਤੇ ਪੈਰਾਮੈਡੀਕਲ ਸਟਾਫ਼ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਜਨ ਔਸ਼ਧੀ ਜਾਗਰੂਕਤਾ ਹਫ਼ਤੇ ਦਾ ਉਦੇਸ਼ ਹਰ ਆਮ ਅਤੇ ਖਾਸ ਨੂੰ ਜਨ ਔਸ਼ਧੀ ’ਤੇ ਮਿਲਣ ਵਾਲੀਆਂ ਦਵਾਈਆਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਾ ਹੈ। ਉਨਾਂ ਦੱਸਿਆ ਕਿ ਪ੍ਰਧਾਨ ਮੰਤਰੀ ਭਾਰਤੀਆ ਜਨ ਔਸ਼ਧੀ ਪਰਿਯੋਜਨਾ ਤਹਿਤ ਆਮ ਲੋਕਾਂ ਨੂੰ ਵਧੀਆ ਕੁਆਲਿਟੀ ਦੀਆਂ ਜੈਨਰਿਕ ਦਵਾਈਆਂ ਕਫ਼ਾਇਤੀ ਰੇਟਾਂ ’ਤੇ ਉਪਲੱਬਧ ਕਰਵਾਈਆਂ ਜਾਂਦੀਆਂ ਹਨ। ਜਨ ਔਸ਼ਧੀ ’ਤੇ ਮਿਲਣ ਵਾਲੀਆਂ ਦਵਾਈਆਂ ਦੀ ਕੀਮਤ ਬਜ਼ਾਰ ਵਿਚਲੀਆਂ ਦਵਾਈਆਂ ਨਾਲੋਂ 50-80 ਫੀਸਦੀ ਘੱਟ ਹੁੰਦੀ ਹੈ। 7 ਮਾਰਚ ਨੂੰ ਦੇਸ਼ ਭਰ ਵਿਚ ਜਨ ਔਸ਼ਧੀ ਬਾਰੇ ਜਾਗਰੂਕਤਾ ਸੈਮੀਨਾਰਾਂ ਆਯੋਜਿਤ ਕੀਤੇ ਜਾਣਗੇ ਅਤੇ ਜਨ ਔਸ਼ਧੀ ਸਟੋਰ ਚਲਾਉਣ ਵਾਲਿਆਂ ਅਤੇ ਲਾਭਾਪਾਤਰੀਆਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾਵੇਗਾ।
ਉਨਾਂ ਵਲੋਂ ਕੋਵਿਡ-19 ਟੀਕਾਕਰਨ ਦੀ ਦੂਸਰੀ ਡੋਜ਼ ਦਾ ਟੀਚਾ ਪੂਰਾ ਕਰਨ ਲਈ ਵੀ ਮੁਲਾਜ਼ਮਾਂ ਨੂੰ ਸੁਚੇਤ ਕੀਤਾ ਗਿਆ।ਉਨਾਂ ਕਿਹਾ ਕਿ ਜਿਨਾਂ ਲਾਭਪਾਤਰੀਆਂ ਨੇ ਅੱਜ ਤੱਕ ਦੂਸਰੀ ਡੋਜ਼ ਨਹੀਂ ਲਗਵਾਈ, ਉਨਾਂ ਨੂੰ ਇਸ ਟੀਕਾਕਰਨ ਬਾਰੇ ਪ੍ਰੇਰਿਤ ਕੀਤਾ ਜਾਵੇ ਅਤੇ ਉਨਾਂ ਦਾ ਮੁਕੰਮਲ ਟੀਕਾਕਰਨ ਕੀਤਾ ਜਾਵੇ। ਇਸ ਮੌਕੇ ਜ਼ਿਲਾ ਟੀਕਾਕਰਨ ਅਫ਼ਸਰ ਡਾ. ਮੀਨਾਕਸ਼ੀ ਸਿੰਗਲਾ ਵਲੋਂ ਵੀ ਕੋਵਿਡ-19 ਟੀਕਾਕਰਨ ਬਾਰੇ ਗੱਲਬਾਤ ਕੀਤੀ ਗਈ। ਜ਼ਿਲਾ ਮਾਸ ਮੀਡੀਆ ਅਫ਼ਸਰ ਜਗਤਾਰ ਸਿੰਘ ਬਰਾੜ ਵਲੋਂ ਗੁੰਗੇ ਬੋਲੇ ਬੱਚਿਆਂ ਦੀ ਸੰਕੇਤਕ ਭਾਸ਼ਾ ਅਤੇ ਵਿਸ਼ਵ ਔਰਤ ਦਿਵਸ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਗਈ।ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਵਿਨੋਦ ਕੁਮਾਰ, ਬਲਾਕ ਐਜ਼ੂਕੇਟਰ ਪਵਨਜੀਤ ਕੌਰ, ਜ਼ਿਲਾ ਬੀਸੀਸੀ ਕੁਆਰਡੀਨੇਟਰ ਨਰਿੰਦਰ ਕੁਮਾਰ ਅਤੇ ਬਲਦੇਵ ਸਿੰਘ ਹਾਜ਼ਰ ਸਨ।

ਨਰਮੇ ਤੇ ਗੁਲਾਬੀ ਸੁੰਡੀ ਦੇ ਹਮਲੇ ਨੂੰ ਰੋਕਣ ਲਈ ਹੁਣੇ ਤੋਂ ਪ੍ਰਬੰਧ ਕਰਨ ਦੀ ਲੋੜ

0

ਸੁਖਜਿੰਦਰ ਮਾਨ
ਬਠਿੰਡਾ, 4 ਮਾਰਚ: ਨਰਮੇਂ ਦੀ ਆਉਣ ਵਾਲੀ ਫ਼ਸਲ ਵਿੱਚ ਗੁਲਾਬੀ ਸੁੰਡੀ ਦੇ ਸੰਭਾਵੀ ਹਮਲੇ ਨੂੰ ਰੋਕਣ ਲਈ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ: ਗੁਰਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਡਾ: ਪਾਖਰ ਸਿੰਘ ਦੀ ਦੇਖਰੇਖ ਹੇਠ ਬਲਾਕ ਬਠਿੰਡਾ ਦੇ ਵੱਖ ਵੱਖ ਪਿੰਡਾਂ ਵਿੱਚ ਖੇਤੀਬਾੜੀ ਅਫ਼ਸਰ ਡਾ: ਜਗਦੀਸ਼ ਸਿੰਘ ਦੀ ਅਗਵਾਈ ’ਚ ਕਿਸਾਨ ਸਿਖਲਾਈ ਕੈਂਪਾਂ ਅਤੇ ਨੁੱਕੜ ਮੀਟਿੰਗਾਂ ਦਾ ਆਯੋਜਨ ਕਰਕੇ ਕਿਸਾਨਾਂ ਨੂੰ ਸੁੰਡੀ ਦੇ ਹਮਲੇ ਦੀ ਰੋਕਥਾਮ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਡਾ: ਜਗਪਾਲ ਸਿੰਘ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਪਿਛਲੇ ਸਾਲ ਹੋਏ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਾਅਦ ਇਸ ਕੀੜੇ ਦਾ ਲਾਰਵਾ ਨਰਮੇਂ ਦੀਆਂ ਛਟੀਆਂ ਦੇ ਢੇਰਾਂ ਵਿੱਚ ਕਾਣੇ ਟੀਂਡਿਆਂ ਅਤੇ ਫੁੱਟੀਆਂ ਵਿੱਚ ਮੌਜੂਦ ਹੈ, ਜੋ ਅਨੁਕੂਲ ਸਮਾਂ ਆਉਣ ਤੇ ਨਰਮੇਂ ਦੇ ਖੇਤਾਂ ਵਿੱਚ ਫੈਲ ਕੇ ਫ਼ਸਲ ਦਾ ਵੱਡਾ ਨੁਕਸਾਨ ਕਰ ਸਕਦਾ ਹੈ। ਉਹਨਾਂ ਕਿਹਾ ਕਿ ਇਸ ਸੁੰਡੀ ਤੋਂ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਹੁਣੇ ਤੋਂ ਪ੍ਰਬੰਧ ਕਰਨ ਦੀ ਜਰੂਰਤ ਹੈ। ਉਹਨਾਂ ਕਿਸਾਨਾਂ ਨੂੰ ਸੁਝਾਅ ਦਿੱਤਾ ਕਿ ਗੁਲਾਬੀ ਸੁੰਡੀ ਦੇ ਰੋਕਥਾਮ ਲਈ ਛਟੀਆਂ ਨਾਲ ਲੱਗੇ ਖਿੜੇ ਅਤੇ ਅਣਖਿੜੇ ਟੀਡਿਆਂ ਨੂੰ ਝਾੜ ਤੋੜ ਕੇ ਹੇਠਾਂ ਬਚੀ ਰਹਿੰਦ ਖੂੰਹਦ ਸਮੇਤ ਮਾਰਚ ਮਹੀਨੇ ਦੇ ਅਖ਼ੀਰ ਤੱਕ ਹਰ ਹਾਲਤ ’ਚ ਨਸ਼ਟ ਕਰ ਦਿੱਤਾ ਜਾਵੇ। ਗਰਾਮ ਪੰਚਾਇਤ ਪਿੰਡ ਫੂਸ ਮੰਡੀ ਨਾਲ ਕੀਤੀ ਮੀਟਿੰਗ ਵਿੱਚ ਡਾ: ਜਗਦੀਸ਼ ਸਿੰਘ ਅਪੀਲ ਕੀਤੀ ਕਿ ਗੁਲਾਬੀ ਸੁੰਡੀ ਦੇ ਹਮਲੇ ਨੂੰ ਰੋਕਣ ਲਈ ਪੰਚਾਇਤਾਂ ਵੱਲੋਂ ਸਹਿਯੋਗ ਦਿੱਤਾ ਜਾਵੇ ਤਾਂ ਜੋ ਨਰਮੇਂ ਦੀ ਫ਼ਸਲ ਤੇ ਹੋਣ ਵਾਲੀਆਂ ਕੀੜੇਮਾਰ ਦਵਾਈਆਂ ਦੀਆਂ ਸਪਰੇਆਂ ਨੂੰ ਘਟਾ ਕੇ ਮੁਨਾਫ਼ਾ ਵਧਾਇਆ ਜਾ ਸਕੇ। ਮੀਟਿੰਗ ਵਿੱਚ ਸ੍ਰੀ ਗੁਰਮਿਲਾਪ ਸਿੰਘ ਬੀ ਟੀ ਐੱਮ, ਸ੍ਰੀਮਤੀ ਅਮਨਵੀਰ ਕੌਰ ਖੇਤੀਬਾੜੀ ਉਪ ਨਿਰੀਖਕ, ਸਰਪੰਚ ਸ੍ਰੀ ਗੁਰਤੇਜ ਸਿੰਘ ਸਮੇਤ ਪੰਚ ਤੇ ਪਿੰਡ ਦੇ ਪਤਵੰਤੇ ਵਿਅਕਤੀ ਹਾਜ਼ਰ ਸਨ।

ਯੂਕਰੇਨ ‘ਚ ਫਸੇ ਵਿਦਿਆਰਥੀਆਂ ਬਾਰੇ ਪ੍ਰਧਾਨ ਮੰਤਰੀ ਮੋਦੀ ਨੂੰ ਭਗਵੰਤ ਮਾਨ ਦੀ ਅਪੀਲ

0

ਇਕਮੁਸ਼ਤ ਸੁਰੱਖਿਅਤ ਵਾਪਸੀ ਉਪਰੰਤ ਦੇਸ਼ ‘ਚ ਪੂਰੀ ਕਰਵਾਈ ਜਾਵੇ ਯੂਕਰੇਨੀ ਵਿਦਿਆਰਥੀਆਂ ਦੀ ਅਧੂਰੀ ਪੜ੍ਹਾਈ: ਭਗਵੰਤ ਮਾਨ
ਮੁੱਢਲੀ ਤੋਂ ਉਚੇਰੀ ਸਿੱਖਿਆ ਤੱਕ ਹਰ ਪੜ੍ਹਾਈ ਨੂੰ ਆਮ ਲੋਕਾਂ ਦੀ ਪਹੁੰਚ ‘ਚ ਯਕੀਨੀ ਬਣਾਉਣ ਕੇਂਦਰ ਅਤੇ ਸੂਬਾ ਸਰਕਾਰਾਂ: ਭਗਵੰਤ ਮਾਨ
ਸੁਖਜਿੰਦਰ ਮਾਨ
ਚੰਡੀਗੜ੍ਹ, 4 ਮਾਰਚ: ਆਮ ਆਦਮੀ ਪਾਰਟੀ (ਆਪ) ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਉਹ ਯੂਕਰੇਨ ਅਤੇ ਯੂਕਰੇਨ ਦੇ ਸਰਹੱਦੀ ਖੇਤਰਾਂ ‘ਚ ਫਸੇ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਇਕਮੁਸ਼ਤ ਦੇਸ਼ ਵਾਪਸੀ ਕਰਵਾ ਕੇ ਉਹਨਾਂ ਦੀ ਅਧੂਰੀ ਪੜ੍ਹਾਈ ਦੇਸ਼ (ਭਾਰਤ) ਅੰਦਰ ਹੀ ਕਰਵਾਏ ਜਾਣ ਦਾ ਫੌਰੀ ਪ੍ਰਬੰਧ ਕਰਨ ਤਾਂ ਕਿ ਵਿਦਿਆਰਥੀ ਨੂੰ ਕਿਸੇ ਵੀ ਤਰ੍ਹਾਂ ਦਾ ਜਾਨੀ-ਮਾਲੀ ਅਤੇ ਅਕਾਦਮਿਕ ਪੱਧਰ ‘ਤੇ ਕੋਈ ਨੁਕਸਾਨ ਨਾ ਹੋਵੇ।
ਪਾਰਟੀ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁਖਾਤਿਬ ਹੁੰਦਿਆਂ ਕਿਹਾ, “ਅਜੇ ਵੀ ਹਜ਼ਾਰਾਂ ਭਾਰਤੀ ਵਿਦਿਆਰਥੀ ਜਿੰਨ੍ਹਾ ‘ਚ ਵੱਡੀ ਗਿਣਤੀ ਪੰਜਾਬੀ ਅਤੇ ਹਰਿਆਣਵੀ ਵਿਦਿਆਰਥੀਆਂ ਦੀ ਹੈ, ਯੂਕਰੇਨ ‘ਚ ਫਸੇ ਹੋਏ ਹਨ। ਸਾਡੇ ਕੋਲ ਵੱਡੀ ਗਿਣਤੀ ‘ਚ ਮਾਪੇ ਅਤੇ ਵਿਦਿਆਰਥੀ ਸੰਪਰਕ ਕਰ ਰਹੇ ਹਨ, ਜੋ ਕੀਵ, ਖਰਕੀਵ ਆਦਿ ਯੂਕਰੇਨੀ ਸ਼ਹਿਰਾਂ ਅਤੇ ਹੰਗਰੀ, ਪੋਲੈਂਡ, ਰੋਮਾਨੀਆ ਆਦਿ ਮੁਲਕਾਂ ਦੀਆਂ ਅੰਤਰਰਾਸ਼ਟਰੀ ਸਰਹੱਦਾਂ ‘ਤੇ ਫਸੇ ਹੋਏ ਹਨ। ਮਿਲ ਰਹੀਆਂ ਸੂਚਨਾਵਾਂ ਅਤੇ ਸ਼ਿਕਾਇਤਾਂ ਤੋਂ ਸਾਫ਼ ਹੈ ਕਿ ਭਾਰਤੀ ਸਰਕਾਰ ਖਾਸ ਕਰਕੇ ਭਾਰਤੀ ਦੂਤਾਵਾਸ ਆਪਣੇ ਨਾਗਰਿਕਾਂ-ਵਿਦਿਆਰਥੀਆਂ ਨਾਲ ਲੋੜੀਂਦਾ ਸੰਪਰਕ ਰੱਖਣ ‘ਚ ਵੀ ਬੁਰੀ ਤਰ੍ਹਾਂ ਫੇਲ ਰਹੀ ਹੈ। ਜਦਕਿ ਅਜਿਹੀ ਸੰਵੇਦਨਸ਼ੀਲ ਸਥਿਤੀ ‘ਚ ਪੋਲੈਂਡ, ਹੰਗਰੀ, ਬੇਲਾਰੂਸ, ਰੂਸ ਅਤੇ ਯੂਕਰੇਨ ਨਾਲ ਲੱਗਦੇ ਬਾਕੀ ਸਾਰੇ ਮੁਲਕਾਂ ‘ਚ ਤਾਇਨਾਤ ਭਾਰਤੀ ਮੂਲ ਦੇ ਦੂਤਾਵਾਸਾਂ ਨੂੰ ਆਪਸੀ ਤਾਲਮੇਲ ਨਾਲ ਦਿਨ-ਰਾਤ ਇਸ ਮਿਸ਼ਨ ‘ਚ ਜੁਟੇ ਹੋਣਾ ਚਾਹੀਦਾ ਸੀ, ਪ੍ਰੰਤੂ ਬਦਕਿਸਮਤੀ ਨਾਲ ਭਾਰਤੀ ਵਿਦੇਸ਼ ਮੰਤਰਾਲੇ ਅਤੇ ਸਾਡੇ ਦੂਤਾਵਾਸਾਂ ਦਾ ਸੰਬੰਧਿਤ ਮੁਲਕਾਂ ਨਾਲ ਤਾਲਮੇਲ ਬੇਹੱਦ ਢਿੱਲਾ ਰਿਹਾ ਹੈ, ਜਿਸਦੀ ਕੀਮਤ ਭਾਰਤੀ ਵਿਦਿਆਰਥੀਆਂ ਅਤੇ ਨਾਗਰਿਕਾਂ ਨੂੰ ਚੁਕਾਉਣੀ ਪੈ ਰਹੀ ਹੈ।“ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇੱਕ ਕਮੇਟੀ ਗਠਿਤ ਕਰੇ ਜੋ ਇਹ ਯਕੀਨੀ ਬਣਾਏ ਕਿ ਯੂਕਰੇਨ ਤੋਂ ਵਾਪਿਸ ਆਏ ਵਿਦਿਆਰਥੀ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਇੱਥੇ ਹੀ ਆਪਣੀ ਪੜ੍ਹਾਈ ਜਾਰੀ ਰੱਖ ਸਕਣ ਅਤੇ ਡਿਗਰੀਆਂ ਪੂਰੀਆਂ ਕਰ ਸਕਣ। ਭਗਵੰਤ ਮਾਨ ਨੇ ਇਸ ਗੱਲ ‘ਤੇ ਫਿਰ ਜ਼ੋਰ ਦਿੱਤਾ ਹੈ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਮੁੜ ਦੇਸ਼ ਦੀ ਸਿੱਖਿਆ ਪ੍ਰਣਾਲੀ ‘ਤੇ ਵਿਚਾਰ ਕਰਨ ਅਤੇ ਕਮੀਆਂ ਨੂੰ ਦੂਰ ਕਰਨ ਲਈ ਚੰਗੀਆਂ ਨੀਤੀਆਂ ਅਤੇ ਠੋਸ ਕਦਮ ਚੁੱਕਣ। ਮਾਨ ਨੇ ਕਿਹਾ ਕਿ ਵਿਦੇਸ਼ ਪੜ੍ਹਨ ਜਾ ਰਹੇ ਵਿਦਿਆਰਥੀ ਮੈਰਿਟ ਪੱਖੋਂ ਘੱਟ ਨਹੀਂ ਹਨ, ਸਗੋਂ ਉਹਨਾਂ ਨੂੰ ਯੂਕਰੇਨ ਵਰਗੇ ਦੇਸ਼ਾਂ ਵਿੱਚ ਭਾਰਤ ਨਾਲੋਂ ਕਿਤੇ ਜ਼ਿਆਦਾ ਸਸਤੀ ਪੜ੍ਹਾਈ ਦਾ ਮੌਕਾ ਮਿਲਦਾ ਹੈ ਇਸ ਲਈ ਉਹ ਇਹਨਾਂ ਦੇਸ਼ਾਂ ਦਾ ਰੁੱਖ ਕਰਦੇ ਹਨ। ਉਹਨਾਂ ਕਿਹਾ ਇਹ ਪਿਛਲੀਆਂ ਸਰਕਾਰਾਂ ਦੀਆਂ ਲਗਾਤਾਰ ਅਣਗਹਿਲੀਆਂ ਅਤੇ ਗ਼ਲਤੀਆਂ ਦਾ ਖਮਿਆਜ਼ਾ ਹੈ ਜੋ ਅੱਜ ਸਾਡੀ ਨੌਜਵਾਨ ਪੀੜ੍ਹੀ ਭੁਗਤ ਰਹੀ ਹੈ। ਮੁੱਢਲੀ ਸਿੱਖਿਆ ਤੋਂ ਲੈ ਕੇ ਉਚੇਰੀ ਸਿੱਖਿਆ ਤੱਕ ਸਾਰੀ ਪੜ੍ਹਾਈ ਆਮ ਲੋਕਾਂ ਦੀ ਪਹੁੰਚ ‘ਚ ਹੋਣੀ ਚਾਹੀਦੀ ਹੈ।

ਚੋਣ ਜਾਬਤੇ ਦੌਰਾਨ ਪੰਜਾਬ ਕਮਿਊਨੀਕੇਸ਼ਨ ਲਿਮਟਿਡ ਮੋਹਾਲੀ ਦੀ ਇਮਾਰਤ ਵੇਚਣ ਦੀ ਹੋਵੇ ਉਚ ਪੱਧਰ ਜਾਂਚ: ਹਰਪਾਲ ਸਿੰਘ ਚੀਮਾ

0

ਹਰਪਾਲ ਸਿੰਘ ਚੀਮਾ ਨੇ ਮੁੱਖ ਚੋਣ ਅਧਿਕਾਰੀ ਪੰਜਾਬ ਨੂੰ ਲਿਖਿਆ ਪੱਤਰ
ਸੁਖਜਿੰਦਰ ਮਾਨ
ਚੰਡੀਗੜ, 4 ਮਾਰਚ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੂਬੇ ਦੇ ਮੁੱਖ ਚੋਣ ਅਧਿਕਾਰੀ ਡਾ.ਐਸ. ਕਰੁਣਾ ਰਾਜੂ ਕੋਲ ਪੰਜਾਬ ਕਮਿਊਨੀਕੇਸ਼ਨ ਲਿਮਟਿਡ (ਪੀ.ਸੀ.ਐਲ.) ਮੋਹਾਲੀ ਦੀ ਇਮਾਰਤ ਵੇਚਣ ਖ਼ਿਲਾਫ਼ ਸਖ਼ਤ ਵਿਰੋਧ ਦਰਜ ਕਰਵਾਇਆ ਹੈ। ਚੀਮਾ ਨੇ ਚੋਣ ਕਮਿਸ਼ਨ ਨੂੰ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਆਦਰਸ਼ ਚੋਣ ਜਾਬਤੇ ਦੌਰਾਨ ਪੀ.ਸੀ.ਐਲ. ਦੀ ਇਮਾਰਤ ਵੇਚਣ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਬਣਦੀ ਯੋਗ ਕਾਰਵਾਈ ਕੀਤੀ ਜਾਵੇ।
ਸ਼ੁੱਕਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਕਮਿਊਨੀਕੇਸ਼ਨ ਲਿਮਟਿਡ (ਪੀ.ਸੀ.ਐਲ.) ਮੋਹਾਲੀ ਦੀ ਪ੍ਰਬੰਧਕ ਕਮੇਟੀ ਵੱਲੋਂ ਪਲਾਟ ਨੰਬਰ ਸੀ 134, ਇੰਡਸਟਰੀਅਲ ਏਰੀਆ ਫੇਜ਼ 8 ਮੋਹਾਲੀ ‘ਚ ਬਣੀ ਇਮਾਰਤ ਨੂੰ ਪੰਜਾਬ ਚੋਣਾ 2022 ਦੌਰਾਨ ਬਿਨਾਂ ਕਿਸੇ ਉਚਿਤ ਕਾਰਵਾਈ ਤੋਂ ਵੇਚ ਦਿੱਤਾ ਗਿਆ ਹੈ, ਜੋ ਸਰਕਾਰੀ ਨਿਯਮਾਂ ਅਤੇ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਹੈ। ਉਨਾਂ ਦੱਸਿਆ ਕਿ ਪੰਜਾਬ ਕਮਿਊਨੀਕੇਸ਼ਨ ਇੰਪਲਾਈਜ਼ ਯੂਨੀਅਨ ਮੋਹਾਲੀ ਵੱਲੋਂ ਇਮਾਰਤ ਵੇਚਣ ਦਾ ਸਖ਼ਤ ਵਿਰੋਧ ਕੀਤਾ ਜਾਂਦਾ ਰਿਹਾ ਹੈ, ਇਸ ਲਈ ਇਮਾਰਤ ਵੇਚਣਾ ਮੁਲਾਜ਼ਮਾਂ ਅਤੇ ਸੂਬੇ ਦੇ ਲੋਕਾਂ ਨਾਲ ਵੱਡਾ ਧੋਖ਼ਾ ਹੈ।
ਚੀਮਾ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਬਾਦਲ ਦੀਆਂ ਸਰਕਾਰਾਂ ਵੱਲੋਂ ਪੰਜਾਬ ਦੇ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਦੀਆਂ ਜਾਇਦਾਦਾਂ ਨੂੰ ਕੌਡੀਆਂ ਦੇ ਮੁੱਲ ਵੇਚਿਆ ਗਿਆ ਹੈ, ਪਰ ਆਮ ਆਦਮੀ ਪਾਰਟੀ ਮੁੱਢ ਤੋਂ ਸਰਕਾਰੀ ਜਾਇਦਾਦਾਂ ਵੇਚਣ ਦਾ ਸਖ਼ਤ ਵਿਰੋਧ ਕਰਦੀ ਆਈ ਹੈ। ਉਨਾਂ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਵੇਚੀਆਂ ਗਈਆਂ ਸਰਕਾਰੀ ਜਾਇਦਾਦਾਂ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇਗੀ ਅਤੇ ਦੋਸ਼ੀਆਂ ਖਿਲਾਫ਼ ਉਚਿਤ ਕਾਰਵਾਈ ਕੀਤੀ ਜਾਵੇਗੀ।

ਹਰਿਆਣਾ ਦੇ ਅੱਧੀ ਦਰਜ਼ਨ ਜ਼ਿਲ੍ਹਿਆਂ ’ਚ ਖੋਲੇ ਜਾਣਗੇ ਨਰਸਿੰਗ ਕਾਲਜ਼

0

ਸੁਖਜਿੰਦਰ ਮਾਨ
ਚੰਡੀਗੜ੍ਹ, 4 ਮਾਰਚ: ਹਰਿਆਣਾ ਦੇ ਮੈਡੀਕਲ ਸਿਖਿਆ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਰਾਜ ਸਰਕਾਰ 6 ਜਿਲ੍ਹਿਆਂ ਵਿਚ ਨਰਸਿੰਗ ਕਾਲਜ ਖੋਲਣ ਜਾ ਰਹੀ ਹੈ ਜਿਨ੍ਹਾਂ ਦਾ ਉਦਘਾਟਨ ਜਲਦੀ ਹੀ ਮੁੱਖ ਮੰਤਰੀ ਤੋਂ ਕਰਵਾਇਆ ਜਾਵੇਗਾ।ਸ੍ਰੀ ਵਿਜ ਅੱਜ ਇੱਥੇ ਹਰਿਆਣਾ ਵਿਧਾਨਸਭਾ ਵਿਚ ਚੱਲ ਰਹੇ ਸੈਸ਼ਨ ਦੌਰਾਨ ਲਗਾਏ ਗਏ ਸੁਆਲ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਨਵੀਂ ਨਰਸਿੰਗ ਪੋਲਿਸੀ ਬਣਾਈ ਹੈ ਜਿਸ ਦੇ ਤਹਿਤ ਨਰਸਿੰਗ ਕਾਲਜ ਵਿਚ 100 ਬੈਡ ਦਾ ਹਸਪਤਾਲ ਹੋਣਾ ਚਾਹੀਦਾ ਜਾਂ 10 ਕਿਲੋਮੀਟਰ ਦੇ ਘੇਰੇ ਵਿਚ ਸਥਿਤ ਐਨਏਬੀਐਚ ਪ੍ਰਮਾਣਿਤ ਹਸਪਤਾਲ ਤੋਂ ਨਰਸਿੰਗ ਕਾਲਜ ਏਕ੍ਰੀਡੇਟਿਡ ਹੋਣਾ ਚਾਹੀਦਾ ਹੈ ਅਤੇ ਉਸ ਹਸਪਤਾਲ ਦੀ ਸਮਰੱਥਾ 100 ਬਿਸਤਰ ਦੀ ਹੋਣੀ ਚਾਹੀਦੀ ਹੈ। ਸ੍ਰੀ ਵਿਜ ਨੇ ਕਿਹਾ ਕਿ ਨਰਸਿੰਗ ਕਾਲਜ ਵਿਚ ਬਾਇਓਮੈਟਿ੍ਰਕ ਹਾਜਿਰੀ ਦਾ ਪ੍ਰਾਵਧਾਨ ਵੀ ਪੜਣ ਵਾਲੇ ਬੱਚਿਆਂ ਦੇ ਲਈ ਹੋਣਾ ਚਾਹੀਦਾ ਹੈ।
ਇਸ ਤੋਂ ਇਲਾਵਾ, ਸ੍ਰੀ ਵਿਜ ਨੇ ਕਿਹਾ ਕਿ ਦੇਸ਼ ਅਤੇ ਸੂਬੇ ਨੂੰ ਗੁਣਵੱਤਾਪਰਕ ਪੈਰਾਮੈਡੀਕਲ ਸਟਾਫ ਮਤਲਬ ਨਰਸ ਚਾਹੀਦੀ ਹੈ। ਪਹਿਲਾਂ ਇਕੁ-ਇਕ ਕਮਰੇ ਵਿਚ ਨਰਸਿੰਗ ਕਾਲਜ ਸੰਚਾਲਿਤ ਸਨ। ਇਸ ਲਈ ਨਵੀਂ ਪੋਲਿਸੀ ਨੂੰ ਤਿਆਰ ਕਰ ਲਾਗੂ ਕਰਨ ਦਾ ਕੰਮ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਜੀਵਨ ਦੇ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਮੈਡੀਕਲ ਕਾਲਜ ਖੋਲਣ ਹਨ ਅਤੇ ਅਸੀਂ ਨਰਸਿੰਗ ਸਕੂਲ ਵੀ ਖੋਲਣ ਦੀ ਗਲ ਕਰ ਰਹੇ ਹਨ। ਸ੍ਰੀ ਵਿਜ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਬਣਾਈ ਗਈ ਨਵੀਂ ਨਰਸਿੰਗ ਪੋਲਿਸੀ ਸਟੈਂਡ ਕਰਦੀ ਹੈ ਅਤੇ ਡੇਟ ਗਲਤ ਹੋਣ ‘ਤੇ ਉਸ ਨੂੰ ਵਾਪਸ ਲਿਆ ਗਿਆ ਹੈ।

ਹਰਿਆਣਾ ਵਿਧਾਨ ਸਭਾ ਦੇ ਜੀਰੋ ਆਵਰ ’ਚ ਹੁਣ ਡਰਾਅ ਸਿਸਟਮ ਨਾਲ ਮਿਲੇਗਾ ਮੈਂਬਰਾਂ ਨੂੰ ਬੋਲਣ ਦਾ ਮੌਕਾ

0

ਸੁਖਜਿੰਦਰ ਮਾਨ
ਚੰਡੀਗੜ੍ਹ, 4 ਮਾਰਚ: ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਲੋਕਸਭਾ ਦੀ ਤਰਜ ‘ਤੇ ਵਿਧਾਨ ਸਭਾ ਦਾ ਕੰਮ ਚਲਾਉਣ ਲਈ ਇੱਕ ਨਵੀਂ ਪਿਰਤ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਨਵੀਂ ਪਿਰਤ ਤਹਿਤ ਸੈਸ਼ਨ ਦੇ ਜੀਰੋ ਆਵਰ ਵਿਚ ਡ੍ਰਰਾਅ ਆਫ ਲਾਟਸ ਰਾਹੀਂ ਮੈਂਬਰਾਂ ਦਾ ਨਾਂਅ ਕੱਢ ਕੇ ਉਨ੍ਹਾਂ ਨੂੰ ਬੋਲਣ ਦਾ ਮੌਕਾ ਪ੍ਰਦਾਨ ਕੀਤਾ ਜਾਵੇਗਾ। ਇਸਦੀ ਸ਼ੁਰੂਆਤ ਕਰਦਿਆਂ ਅੱਜ ਹਰਿਆਣਾ ਵਿਧਾਨ ਸਭਾ ਦੇ ਚਲ ਰਹੇ ਬਜਟ ਸੈਸ਼ਨ ਦੇ ਤੀਜੇ ਦਿਨ ਜੀਰੋ ਆਵਰ ਦੇ ਲਈ 13 ਵਿਧਾਇਕਾਂ ਨੇ ਬੋਲਣ ਦੇ ਲਈ ਆਪਣੇ ਨਾਂਅ ਪੇਟੀ ਵਿਚ ਪਾਏ ਸਨ, ਜਿਨ੍ਹਾਂ ਵਿੱਚੋਂ 10 ਦੀ ਪਰਜੀ ਕੱਢੀ ਗਈ ਅਤੇ ਉਨ੍ਹਾਂ ਨੂੰ 5-5 ਮਿੰਟ ਬੋਲਣ ਦਾ ਮੌਕਾ ਦਿੱਤਾ ਗਿਆ, ਜਿਸ ਵਿਚ ਕਈ ਵਿਧਾਇਕਾਂ ਨੇ ਆਪਣੇ ਵਿਧਾਨਸਭਾ ਖੇਤਰਾਂ ਦੇ ਨਾਲ-ਨਾਲ ਰਾਜ ਦੇ ਜਨਤਕ ਹਿੱਤ ਦੇ ਮੁੱਦੇ ਵੀ ਸਦਨ ਵਿਚ ਰੱਖੇ। ਰਾਜਪਾਲ ਦੇ ਭਾਸ਼ਨ ‘ਤੇ ਆਪਣੇ ਜਵਾਬ ਵਿਚ ਸਦਨ ਦੇ ਨੇਤਾ ਅਤੇ ਮੁੱਖ ਮੰਤਰੀ ਇੰਨ੍ਹਾ ਮੁਦਿਆਂ ਨੂੰ ਸਮਾਯੋਜਿਤ ਕਰਣਗੇ। ਹਰਿਆਣਾ ਵਿਧਾਨਸਭਾ ਵਿਚ 2 ਮਾਰਚ ਤੋਂ ਸ਼ੁਰੂ ਹੋਏ ਬਜਟ ਸੈਸ਼ਨ ਦੀ ਸ਼ੁਰੂਆਤ ਵੀ ਲੋਕਸਭਾ ਦੀ ਤਰਜ ‘ਤੇ ਕੀਤੀ ਗਈ, ਹਾਲਾਂਕਿ ਵਿਧਾਨਸਭਾ ਸੈਸ਼ਨ ਦੀ ਕਾਰਵਾਈ ਲਈ ਜਾਰੀ ਸਮੇਂ ਅਨੁਸਾਰ ਜੀਰੋ ਆਵਰ ਦਾ ਪ੍ਰਾਵਧਾਨ ਵੀ ਨਹੀਂ ਰੱਖਿਆ ਗਿਆ ਸੀ, ਪਰ ਸਦਨ ਵਿਚ ਮੈਂਬਰਾਂ ਦੀ ਅਪੀਲ ‘ਤੇ ਇਸਨੂੰ ਕੀਤਾ ਗਿਆ ਅਤੇ ਸੰਸਦੀ ਕਾਰਜਮੰਤਰੀ ਕੰਵਰਪਾਲ ਨੇ ਪ੍ਰਸਤਾਵ ਰੱਖਿਆ ਕਿ ਅੱਜ 4 ਮਾਰਖ ਨੂੰ ਸਦਨ ਦੀ ਕਾਰਵਾਈ 2 ਸੀਟਿੰਗਸ ਵਿਚ ਕੀਤੀ ਜਾਵੇ, ਜਿਸ ਦਾ ਸਰਵਸੰਮਤੀ ਨਾਲ ਸਾਰੇ ਮੈਂਬਰਾਂ ਨੇ ਸਮਰਥਨ ਕੀਤਾ। ਇਸ ਲਈ ਅੱਜ ਸਦਨ 10 ਵਜੇ ਤੋਂ ਸ਼ੁਰੂ ਹੋ ਕੇ ਬਾਅਦ ਦੁਪਹਿਰ 1:30 ਵਜੇ ਤੱਕ ਅਤੇ 2:30 ਵਜੇ ਤੋਂ 6:30 ਵਜੇ ਤਕ ਚੱਲੇਗਾ।

Our Visitor

1898097