Thursday, May 7, 2026
Home Blog Page 2596

ਖਾਲਸਾ ਸੀਨੀਅਰ ਸੈਕੰਡਰੀ ਸਕੂਲ ’ਚ ਸਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ

0

ਸੁਖਜਿੰਦਰ ਮਾਨ
ਬਠਿੰਡਾ, 25 ਫਰਵਰੀ: ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੱਜ ਹਰ ਸਾਲ ਦੀ ਤਰ੍ਹਾਂ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਇੱਥੇ ਖੇਡਾਂ,ਸਿੱਖਿਆ ਅਤੇ ਸਹਿ ਕਿਰਿਆਵਾਂ ਵਿੱਚ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਦੇ ਪਿ੍ਰੰਸੀਪਲ ਜਗਤਾਰ ਸਿੰਘ ਬਰਾੜ ਨੇ ਸਲਾਨਾ ਰਿਪੋਰਟ ਪੜੀ। ਇਸ ਮੌਕੇ ਸਕੂਲ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਸਿੱਧੂ ਨੇ ਵਿਦਿਆਰਥੀਆਂ,ਸਟਾਫ਼ ਅਤੇ ਪ੍ਰਬੰਧਕਾਂ ਦੀ ਸੇਵਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਕੂਲ ਦੀ ਹਰ ਲੋੜ ਨੂੰ ਪੂਰਾ ਕੀਤਾ ਜਾਵੇਗਾ। ਇਸ ਦੌਰਾਨ ਸਕੂਲ ਦੇ ਸਾਬਕਾ ਪਿ੍ਰੰਸੀਪਲ ਡਾ.ਸੁਰਿੰਦਰ ਸਿੰਘ ਗਿੱਲ ਨੂੰ ਸਨਮਾਨਿਤ ਕੀਤਾ। ਡਾ.ਗਿੱਲ ਨੇ ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ ਵਾਸਤੇ ਆਰਥਿਕ ਸਹਾਇਤਾ ਦਿੱਤੀ। ਇਸ ਮੌਕੇ ਪੁਰਾਣੇ ਸਟਾਫ਼ ਵਿੱਚ ਕੁਲਦੀਪ ਸਿੰਘ,ਰਾਜਪਾਲ ਸਿੰਘ,ਦਿਲਬਾਗ ਸਿੰਘ ਤਲਵਾੜ ਤੋਂ ਇਲਾਵਾ ਸਾਰੀ ਪ੍ਰਬੰਧਕ ਕਮੇਟੀ ਨੇ ਵੀ ਸਮੂਲੀਅਤ ਕੀਤੀ। ਇਸ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੇ ਲੰਗਰ ਦੀ ਸੇਵਾ ਕੀਤੀ ਅਤੇ ਸਟਾਫ਼ ਨੇ ਤਨਦੇਹੀ ਨਾਲ ਡਿਊਟੀ ਨਿਭਾਈ। ਸਿੰਘ ਸਭਾ ਦੇ ਹੈਡ ਗ੍ਰੰਥੀ ਤੇ ਪ੍ਰਬੰਧਕਾਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ।

ਗੈਰ-ਸਮਾਜੀ ਅਨਸਰਾਂ ਦਾ ਖ਼ੌਫ਼: ਆਦਰਸ਼ ਸਕੂਲ ਨੇ ਮੰਗੀ ਪੁਲਿਸ ਸੁਰੱਖਿਆ

0

ਛੁੱਟੀ ਸਮੇਂ ਨੌਜਵਾਨਾਂ ਵਲੋਂ ਲੜਕੀਆਂ ਨੂੰ ਤੰਗ ਕਰਨ ਨੂੰ ਲੈ ਕੇ ਮਾਪੇ ਜਤਾ ਚੁੱਕੇ ਹਨ ਰੋਸ਼
ਸੁਖਜਿੰਦਰ ਮਾਨ
ਬਠਿੰਡਾ, 25 ਫਰਵਰੀ: ਸਥਾਨਕ ਸ਼ਹਿਰ ਦੇ ਬਾਦਲ ਰੋਡ ’ਤੇ ਐਨ ਪੁਲਿਸ ਚੌਕੀ ਦੇ ਬਿਲਕੁਲ ਸਾਹਮਣੇ ਸਥਿਤ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਵਿਚ ਪੜਦੀਆਂ ਬੱਚੀਆਂ ਨੂੰ ਕੁੱਝ ਗੈਰ ਸਮਾਜੀ ਅਨਸਰਾਂ ਵਲੋਂ ਤੰਗ ਪ੍ਰੇਸ਼ਾਨ ਕਰਨ ਤੋਂ ਦੁਖੀ ਸਕੂਲ ਪਿ੍ਰੰਸੀਪਲ ਨੇ ਹੁਣ ਐਸ.ਐਸ.ਪੀ ਨੂੰ ਪੱਤਰ ਲਿਖਕੇ ਸੁਰੱਖਿਆ ਦੀ ਮੰਗ ਕੀਤੀ ਹੈ। ਇੱਥੇ ਛੁੱਟੀ ਸਮੇਂ ਹੋਣ ਵਾਲੀਆਂ ਘਟਨਾਵਾਂ ਤੋਂ ਤੰਗ ਪ੍ਰੇਸ਼ਾਨ ਮਾਪਿਆਂ ਵਲੋਂ ਵੀ ਸਕੂਲ ਪ੍ਰਬੰਧਕਾਂ ਤੇ ਪੁਲਿਸ ਵਿਰੁਧ ਰੋਸ਼ ਪ੍ਰਗਟਾਇਆ ਜਾ ਚੁੱਕਾ ਹੈ। ਸਕੂਲ ਪਿ੍ਰੰਸੀਪਲ ਵੱਲੋਂ ਐੱਸਐੱਸਪੀ ਮੈਡਮ ਅਵਨੀਤ ਕੌਂਡਲ ਨੂੰ ਲਿਖੇ ਪੱਤਰ ਵਿੱਚ ਦਸਿਆ ਹੈ ਕਿ ਦੋ ਸਿਫ਼ਟਾਂ ’ਚ ਕੰਮ ਕਰਨ ਵਾਲੇ ਇਸ ਸਕੂਲ ਵਿਚ ਕਰੀਬ 5 ਹਜ਼ਾਰ ਵਿਦਿਆਰਥੀ ਪੜਦੇ ਹਨ। ਉਨ੍ਹਾਂ ਕਿਹਾ ਕਿ ਸਕੂਲ ਛੁੱਟੀ ਸਮੇਂ ਗੇਟ ਅੱਗੇ ਸਥਿਤੀ ਬਹੁਤ ਹੀ ਚਿੰਤਾਜਨਕ ਹੋ ਜਾਂਦੀ ਹੈ ਕਿਉਂਕਿ ਗੇਟ ਦੇ ਅੱਗੇ ਸ਼ਰਾਰਤਾਂ ਅਨਸਰਾਂ ਦਾ ਟੋਲਾ ਲੜਕੀਆਂ ਨਾਲ ਛੇੜਛਾੜ ਕਰਦਾ ਹੈ ਜਿਸ ਕਾਰਨ ਖ਼ੌਫ਼ਨਾਕ ਮਾਹੌਲ ਬਣਿਆ ਰਹਿੰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਛੁੱਟੀ ਸਮੇਂ 12 ਤੋਂ 1 ਅਤੇ ਸਾਢੇ 4 ਤੋਂ ਸਾਢੇ ਪੰਜ ਵਜੇਂ ਤੱਕ ਇੱਥੇ ਮਹਿਲਾ ਅਤੇ ਪੁਰਸ਼ ਕਰਮਚਾਰੀਆਂ ਦੀ ਪੱਕੀ ਡਿਊਟੀ ਲਗਾਈ ਜਾਵੇ ਤਾਂ ਕਿ ਇੱਥੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।

ਬਠਿੰਡਾ ’ਚ ਵਿਦੇਸ਼ ਭੇਜਣ ਦੇ ਨਾਂ ’ਤੇ ਸੈਕੜੇ ਨੌਜਵਾਨਾਂ ਨਾਲ ਕਰੋੜਾਂ ਦੀ ਠੱਗੀ

0

ਝੂੁਠੇ ਮੈਡੀਕਲ ਕਰਵਾਉਣ ਤੇ ਜਾਅਲੀ ਵੀਜ਼ੇ ਦੇਣ ਦੇ ਦੋਸ਼, ਪੁਲਿਸ ਚੁੱਪ
ਸੁਖਜਿੰਦਰ ਮਾਨ
ਬਠਿੰਡਾ, 25 ਫਰਵਰੀ: ਆਈਲੇਟਸ ਤੇ ਇੰਮੀਗ੍ਰੇਸਨ ਸੈਟਰਾਂ ਦਾ ‘ਹੱਬ’ ਬਣ ਚੁੱਕੇ ਬਠਿੰਡਾ ਸ਼ਹਿਰ ’ਚ ਹੁਣ ਨਕਲੀ ਵੀਜਿਆਂ ਤੇ ਵਿਦੇਸ਼ ਭੇਜਣ ਦੇ ਨਾਂ ਉਪਰ ਬੇਰੁਜਗਾਰਾਂ ਨਾਲ ਧੋਖਾਧੜੀ ਦਾ ਵਪਾਰ ਵਧਣ ਲੱਗਿਆ ਹੈ। ਅਜ ਮਾਲਵਾ ਪੱਟੀ ਦੇ ਵੱਖ ਵੱਖ ਖੇਤਰਾਂ ਤੋਂ ਇਕੱਤਰ ਹੋਏ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਸਥਾਨਕ ਸ਼ਹਿਰ ਦੇ ਮਹੇਸ਼ਵਰੀ ਚੌਕ ਵਿਚ ਵੱਖ ਵੱਖ ਨਾਵਾਂ ’ਤੇ ਖੁੱਲੇ ਦੋ ਇੰਮੀਗ੍ਰੇਸ਼ਨਾਂ ਸੈਂਟਰਾਂ ਦੇ ਪ੍ਰਬੰਧਕਾਂ ਉਪਰ ਵਿਦੇਸ਼ ਭੇਜਣ ਦੇ ਨਾਂ ‘ਤੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਲਗਾਏ ਹਨ। ਸਥਾਨਕ ਚਿਲਡਰਨ ਪਾਰਕ ’ਚ ਇਕੱਤਰ ਹੋਏ ਇੰਨ੍ਹਾਂ ਨੌਜਵਾਨਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਅਪਣੇ ਨਾਲ ਹੋਈ ਠੱਗੀ ਦੀ ਪੁਲਿਸ ਕੋਲ ਸਿਕਾਇਤ ਕੀਤੀ ਹੋਈ ਹੈ ਪ੍ਰੰਤੂ ਪੁਲਿਸ ਅਧਿਕਾਰੀਆਂ ਨੇ ਮਾਮਲੇ ਤੋਂ ਹੀ ਜਾਣਕਾਰੀ ਹੋਣ ਤੋਂ ਇੰਨਕਾਰ ਕੀਤਾ ਹੈ। ਸੰਗਰੂਰ ,ਬਰਨਾਲਾ ਤੇ ਬਠਿੰਡਾ ਸਹਿਤ ਹੋਰਨਾਂ ਖੇਤਰਾਂ ਦੇ ਨੌਜਵਾਨਾਂ ਨੇ ਐਸਐਸਪੀ ਤੋਂ ਇਨਸਾਫ਼ ਦੀ ਮੰਗ ਕਰਦਿਆਂ ਅਪੀਲ ਕੀਤੀ ਕਿ ਉਨ੍ਹਾਂ ਨਾਲ ਠੱਗੀ ਮਾਰਨ ਵਾਲਿਆਂ ਵਿਰੁਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇੱਕ ਨੌਜਵਾਨ ਦਲਵਿੰਦਰ ਸਿੰਘ ਨੇ ਦੱਸਿਆ ਕਿ ਸੋਸਲ ਮੀਡੀਏ ਰਾਹੀ ਕਲੀਅਰਵੇਅ ਇੰਮੀਗੇਸ਼ਨ ਅਤੇ ਬਲੂਪੈਰਾਡਾਈਜ਼ ਨਾਂ ਦੇ ਇੰਮੀਗੇ੍ਰਸ਼ਨ ਸੈਂਟਰ ਵਲੋਂ ਇੱਕ ਇਸ਼ਤਿਹਾਰ ਦਿੱਤਾ ਗਿਆ ਸੀ, ਜਿਸ ਵਿਚ ਬੇਰੁਜਗਾਰ ਨੌਜਵਾਨਾਂ ਨੂੰ ਵੱਖ ਵੱਖ ਦੇਸ਼ਾਂ ’ਚ ਕੰਮ ਦਿਵਾਉਣ ਦਾ ਦਾਅਵਾ ਕੀਤਾ ਗਿਆ ਸੀ। ਬੇਰੁਜਗਾਰੀ ਦੇ ਭੰਨੇ ਨੌਜਵਾਨਾਂ ਮੁਤਾਬਕ ਉਨ੍ਹਾਂ ਇਸਤੋਂ ਬਾਅਦ ਉਕਤ ਸੈਂਟਰ ਦੇ ਮਾਲਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾਅਵਾ ਕੀਤਾ ਕਿ ਉਹ ਪੁਰਤਗਾਲ ਸਮੇਤ ਹੋਰ ਦੇਸ਼ਾਂ ਦਾ ਵੀਜ਼ਾ ਦਿਵਾਉਣ ਦਾ ਕੰਮ ਕਰਦੇ ਹਨ। ਪੀੜਤ ਨੌਜਵਾਨਾਂ ਨੇ ਦੱਸਿਆ ਕਿ ਜਦੋਂ ਉਹ ਬਠਿੰਡਾ ਪਹੁੰਚੇ ਤੇ ਉਨ੍ਹਾਂ ਤੋਂ 5500 ਰੁਪਿਆ ਅਡਵਾਂਸ ਜਮਾਂ ਕਰਵਾਇਆ ਗਿਆ ਅਤੇ ਪਾਸਪੋਰਟ ਜਮ੍ਹਾਂ ਕਰਵਾਏ ਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ 45ਦਿਨਾਂ ਦੇ ਵਿੱਚ ਵਿੱਚ ਉਨ੍ਹਾਂ ਦਾ ਵੀਜਾ ਆ ਜਾਵੇਗਾ । 20-25 ਦਿਨਾਂ ਬਾਅਦ ਉਕਤ ਸੈਂਟਰ ਤੋਂ ਉਨ੍ਹਾਂ ਨੂੰ ਕਾਲ ਆਈ ਕਿ ਤੁਹਾਡਾ ਵੀਜਾ ਆ ਗਿਆ ਹੈ ਅਤੇ ਤੁਸੀਂ ਇੱਕ ਪ੍ਰਾਈਵੇਟ ਬੈਂਕ ਵਿੱਚ ਪੈਸੇ ਜਮ੍ਹਾ ਕਰਵਾਉਣ। ਉਨ੍ਹਾਂ ਦੱਸਿਆ ਕਿ ਇਹ ਖ਼ਾਤਾ ਵਰਿੰਦਰ ਨਾਮ ਦੇ ਵਿਅਕਤੀ ਉਪਰ ਚੱਲਦਾ ਸੀ। ਪੈਸੇ ਜਮ੍ਹਾਂ ਕਰਵਾਉਣ ਤੋਂ ਬਾਅਦ ਉਕਤ ਕੇਂਦਰ ਸੰਚਾਲਕਾਂ ਨੇ ਉਨ੍ਹਾਂ ਨੂੰ ਵੀਜ਼ੇ ਦੇਣੇ ਸ਼ੁਰੂ ਕਰ ਦਿੱਤੇ ਪ੍ਰੰਤੂ ਜਦ ਬਾਅਦ ਵਿਚ ਪੜਤਾਲ ਕੀਤੀ ਤਾਂ ਇਹ ਵੀਜ਼ੇ ਨਕਲੇ ਨਿਕਲੇ। ਇਸ ਦੌਰਾਨ ਉਹ ਬਠਿੰਡਾ ਪੁੱਜੇ ਤਾਂ ਉਹ ਉਕਤ ਸੈਂਟਰ ਮਾਲਕ ਸੈਂਟਰ ਬੰਦ ਕਰ ਕੇ ਰਫੂਚੱਕਰ ਹੋ ਗਏ ਸਨ। ਉਨ੍ਹਾਂ ਦਾਅਵਾ ਕੀਤਾ ਕਿ ਉਕਤ ਸੈਂਟਰ ਮਾਲਕ ਬਠਿੰਡਾ ਵਿਚ ਹੋਰ ਵੀ ਸੈਂਟਰ ਖੋਲ੍ਹੇ ਹੋਏ ਹਨ ਅਤੇ ਉਸ ਦੀ ਗੱਡੀ ਦਾ ਨੰਬਰ ਵੀ ਪੁਲੀਸ ਨੂੰ ਦਿੱਤਾ ਗਿਆ ਪਰ ਸਿਵਲ ਲਾਈਨ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਚੋਣਾਂ ਵਿਚ ਬਿਜ਼ੀ ਹੋਣ ਦਾ ਬਹਾਨਾ ਬਣਾਉਂਦੀ ਰਹੀ। ਪੀੜਤ ਨੌਜਵਾਨਾਂ ਨੇ ਐਸਐਸਪੀ ਬਠਿੰਡਾ ਤੋਂ ਮੰਗ ਕੀਤੀ ਹੈ ਕਿ ਉਕਤ ਧੋਖੇਬਾਜ਼ ਏਜੰਟਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਉਹ ਧਰਨਾ ਦੇਣ ਲਈ ਮਜਬੂਰ ਹੋਣਗੇ। ਉਧਰ ਇਸ ਸਬੰਧੀ ਸੰਪਰਕ ਕਰਨ ‘ਤੇ ਥਾਣਾ ਸਿਵਲ ਲਾਈਨ ਦੇ ਕਾਰਜਕਾਰੀ ਐਸਐਚਓ ਕਰਮਜੀਤ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੁਝ ਦਿਨ ਪਹਿਲਾਂ ਹੀ ਜੁਆਇਨ ਕੀਤਾ ਹੈ ਤੇ ਉਨ੍ਹਾਂ ਦੇ ਧਿਆਨ ਵਿਚ ਇਹ ਮਸਲਾ ਨਹੀਂ ਤੇ ਜੇਕਰ ਪੀੜਤ ਉਨ੍ਹਾਂ ਦੇ ਧਿਆਨ ਵਿਚ ਇਹ ਮਾਮਲਾ ਲਿਆਉਂਦੇ ਹਨ ਤਾਂ ਬਣਦੀ ਕਾਰਵਾਈ ਕਰਨਗੇ।

ਤਨਖਾਹਾਂ ਲਈ ਬਜ਼ਟ ਜਾਰੀ ਨਾ ਹੋਣ ਵਿਰੁੱਧ ਸਾਂਝੇ ਅਧਿਆਪਕ ਮੋਰਚੇ ਨੇ ਦਿੱਤਾ ‘ਰੋਸ ਪੱਤਰ’

0

4 ਮਾਰਚ ਨੂੰ ਜਿਲ੍ਹਾ ਪੱਧਰੀ ਰੋਸ ਮੁਜ਼ਾਹਰਿਆਂ ਦੀ ਚਿਤਾਵਨੀ
ਸੁਖਜਿੰਦਰ ਮਾਨ
ਬਠਿੰਡਾ, 25 ਫਰਵਰੀ: ਪੰਜਾਬ ਵਿੱਚ ਹਜਾਰਾਂ ਅਧਿਆਪਕਾਂ ਅਤੇ ਨਾਨ ਟੀਚਿੰਗ ਅਮਲੇ ਦੀਆਂ ਜਨਵਰੀ-2022 ਮਹੀਨੇ ਦੀਆਂ ਤਨਖਾਹਾਂ ਅਤੇ ਤਨਖਾਹ ਕਮੀਸ਼ਨ ਦੇ ਬਕਾਏ ਰੁਕੇ ਹੋਏ ਹਨ। ਇਸ ਤੋਂ ਇਲਾਵਾ ਸਮੁੱਚੇ ਪੰਜਾਬ ਵਿੱਚ ਫਰਵਰੀ ਮਹੀਨੇ ਦੀ ਤਨਖਾਹ ਬਨਾਉਣ ਲਈ ਵੀ ਬਜ਼ਟ ਉਪਲੱਬਧ ਨਹੀਂ ਹੈ, ਜਿਸ ਕਾਰਨ ਨੇੜ ਭਵਿੱਖ ਵਿੱਚ ਵੀ ਤਨਖਾਹਾਂ ਮਿਲਣ ਦੇ ਅਸਾਰ ਮੱਧਮ ਹਨ। ਸਾਂਝਾ ਅਧਿਆਪਕ ਮੋਰਚੇ ਵਲੋਂ ਇਸ ਸਬੰਧੀ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਸੈਕੰਡਰੀ ਰਾਹੀਂ ਪ੍ਰਮੁੱਖ ਸਕੱਤਰ ਅਤੇ ਸਿੱਖਿਆ ਮੰਤਰੀ ਦੇ ਨਾਂ ‘ਰੋਸ ਪੱਤਰ‘ ਭੇਜਦੇ ਹੋਏ ਤਨਖਾਹਾਂ ਦਾ ਮਸਲਾ ਹੱਲ ਕਰਨ ਦੀ ਮੰਗ ਕੀਤੀ ਹੈ, ਅਜਿਹਾ ਨਾ ਹੋਣ ਦੀ ਸੂਰਤ ‘ਚ 4 ਮਾਰਚ ਨੂੰ ਜਿਲ੍ਹਾ ਪੱਧਰੀ ਰੋਸ ਮੁਜਾਹਰਾ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ।
ਇਸ ਮੌਕੇ ਸਾਂਝੇ ਅਧਿਆਪਕ ਮੋਰਚੇ ਦੇ ਆਗੂਆਂ ਜਗਪਾਲ ਬੰਗੀ,ਜਗਤਾਰ ਬਾਠ, ਪਿ੍ਰਤਪਾਲ ਸਿੰਘ, ਸੁਖਦਰਸ਼ਨ ਸਿੰਘ‘ਗੁਰਜੀਤ ਸਿੰਘ ਜੱਸੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਅਤੇ ਸਿੱਖਿਆ ਵਿਭਾਗ ਵੱਲੋਂ ਤਨਖਾਹਾਂ ਤੇ ਪਿਛਲੇ ਤਨਖਾਹ ਬਕਾਏ ਦੀ ਅਦਾਇਗੀ ਲਈ ਸਮੇਂ ਸਿਰ ਬਜ਼ਟ ਨਾ ਉਪਲੱਬਧ ਹੋਣ ਕਾਰਨ ਕਰਮਚਾਰੀਆਂ ਨੂੰ ਗੰਭੀਰ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਗੂਆਂ ਨੇ ਸਿੱਖਿਆ ਵਿਭਾਗ ਵਲੋਂ ਕੁੱਝ ਅਧਿਆਪਕਾਂ ਦੇ ਤਨਖਾਹ ਏਰੀਅਰ ਕਢਵਾਉਣ ਨੂੰ ਇਸ ਸੰਕਟ ਲਈ ਜਿੰਮੇਵਾਰ ਕਹਿਣ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਨੂੰ ਦਿੱਤੇ ਲੰਗੜੇ ਤਨਖਾਹ ਕਮਿਸ਼ਨ ਦੇ ਵੀ ਪਿਛਲੇ ਸਾਢੇ ਪੰਜ ਸਾਲ ਦੇ ਬਕਾਏ ਅਤੇ ਮਹਿੰਗਾਈ ਭੱਤੇ ਦਾ ਏਰੀਅਰ ਦੱਬੇ ਹੋਏ ਹਨ।
ਅਧਿਆਪਕ ਆਗੂਆਂ ਬੂਟਾ ਸਿੰਘ ਰੋਮਾਣਾ,ਪ੍ਰਤਾਪ ਸਿੰਘ ,ਸ਼ਿਵ ਕੁਮਾਰ ਅੰਮਿ੍ਰਤਪਾਲ ਸਿੰਘ ਜਲੰਧਰ ਬੱਲੂਆਣਾ ਸੁਨੀਲ ਕੁਮਾਰ ,ਅਵਤਾਰ ਸਿੰਘ ਮਲੂਕਾ,ਗਿਰਧਾਰੀ ਲਾਲ ਨੇ ਮੰਗ ਕੀਤੀ ਕਿ, ਪੰਜਾਬ ਦੇ ਸਮੂਹ ਸਕੂਲਾਂ ਅਤੇ ਪ੍ਰਾਇਮਰੀ ਬਲਾਕਾਂ ਤੱਕ, ਮੰਗ ਅਨੁਸਾਰ ਫੌਰੀ ਲੋੜੀਦਾਂ ਤਨਖਾਹ ਬਜਟ ਜਾਰੀ ਕੀਤਾ ਜਾਵੇ, ਤਾਂ ਜੋ ਪਿਛਲੇ ਸਮੇਂ ਦੀਆਂ ਰੁਕੀਆਂ ਤਨਖਾਹਾਂ, ਤਨਖਾਹ ਕਮੀਸ਼ਨ ਦੇ ਏਰੀਅਰ ਅਤੇ ਚਾਲੂ ਮਹੀਨੇ ਫਰਵਰੀ-2022 ਦੀਆਂ ਤਨਖਾਹਾਂ ਵੀ ਬਿਨਾ ਦੇਰੀ ਰੀਲੀਜ਼ ਹੋ ਸਕਣ।

ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਤਹਿਤ ਰਚਾਇਆ ਵਿਦਿਆਰਥੀਆਂ ਨਾਲ ਸੰਵਾਦ

0

ਸੁਖਜਿੰਦਰ ਮਾਨ
ਬਠਿੰਡਾ, 25 ਫਰਵਰੀ: ਭਾਸ਼ਾ ਵਿਭਾਗ ਵੱਲੋਂ ਪੰਜਾਬੀ ਯੂਨੀਵਰਸਿਟੀ ਰਿਜ਼ਨਲ ਸੈਂਟਰ ਬਠਿੰਡਾ ਅਤੇ ਪੰਜਾਬੀ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਸਹਿਯੋਗ ਨਾਲ ‘ਅੰਤਰਾਰਾਸ਼ਟਰੀ ਮਾਤ ਭਾਸ਼ਾ ਦਿਵਸ’ ਅਧੀਨ ਵਿਦਿਆਰਥੀਆਂ ਨਾਲ ‘ਤਕਨੀਕੀ ਯੁੱਗ ਵਿੱਚ ਮਾਤ-ਭਾਸ਼ਾ ਦਾ ਸਥਾਨ ਅਤੇ ਦਰਪੇਸ਼ ਚੁਣੌਤੀਆਂ’ ਵਿਸ਼ੇ ’ਤੇ ਸੰਵਾਦ ਰਚਾਇਆ ਗਿਆ । ਇਸ ਮੌਕੇ ਸੰਵਾਦ ਲਈ ਵਿਦਵਾਨ ਦੇ ਤੌਰ ’ਤੇ ਪ੍ਰੋਫੈਸਰ ਐਮੀਰੀਟਸ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਡਾ. ਸਤੀਸ਼ ਕੁਮਾਰ ਵਰਮਾ ਅਤੇ ਪ੍ਰੋਫੈਸਰ ਤੇ ਮੁਖੀ ਪੰਜਾਬੀ ਵਿਭਾਗ ਡੀਨ ਭਾਸ਼ਾਵਾਂ ਸਾਹਿਤ ਤੇ ਸੱਭਿਆਚਾਰ ਕੇਂਦਰੀ ਯੂਨੀਵਰਸਿਟੀ ਪੰਜਾਬ ਡਾ. ਜਮੀਰਪਾਲ ਕੌਰ ਹਾਜ਼ਰ ਰਹੇ। ਸਮਾਗਮ ਦੀ ਪ੍ਰਧਾਨਗੀ ਰਿਜਨਲ ਸੈਂਟਰ ਦੇ ਡਾਇਰੈਕਟਰ ਡਾ. ਜਸਬੀਰ ਸਿੰਘ ਹੁੰਦਲ ਨੇ ਕੀਤੀ। ਮੁੱਖ ਮਹਿਮਾਨ ਦੇ ਤੌਰ ’ਤੇ ਪਿ੍ਰੰਸੀਪਲ ਸਰਕਾਰੀ ਰਜਿੰਦਰਾ ਕਾਲਜ ਡਾ. ਸੁਰਜੀਤ ਸਿੰਘ ਅਤੇ ਵਿਸ਼ੇਸ਼ ਮਹਿਮਾਨ ਵਜੋਂ ਐਮ. ਡੀ. ਫਤਹਿ ਕਾਲਜ ਰਾਮਪੁਰਾ ਸੁਖਮੰਦਰ ਸਿੰਘ ਚੱਠਾ ਤੋਂ ਇਲਾਵਾ ਖੋਜ ਅਫ਼ਸਰ ਨਵਪ੍ਰੀਤ ਸਿੰਘ , ਸ਼ਹਿਰ ਦੇ ਉੱਘੇ ਸਾਹਿਤਕਾਰਾਂ ਵਿੱਚੋਂ ਡਾ. ਅਤਰਜੀਤ, ਜਸਪਾਲ ਮਾਣਖੇੜਾ , ਸੁਰਿੰਦਰਪ੍ਰੀਤ ਘਣੀਆ, ਗੁਰਦੇਵ ਸਿੰਘ ਖੋਖਰ, ਨਿਰੰਜਨ ਸਿੰਘ ਪ੍ਰੇਮੀ ਅਤੇ ਰਿਜ਼ਨਲ ਸੈਂਟਰ ਬਠਿੰਡਾ ਕੈਂਪਸ ਦਾ ਸਮੂਹ ਸਟਾਫ ਮੌਜੂਦ ਸੀ । ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਜਾਣਕਾਰੀ ਦਿੱਤੀ ਕਿ ਮਾਤ ਭਾਸ਼ਾ ਦਿਵਸ ਨੂੰ ਇੱਕ ਸਪਤਾਹ ਵਜੋਂ ਮਨਾਉਣ ਲਈ ਇਹ ਸਮਾਗਮ ਕਰਵਾ ਰਿਹਾ ਹੈ ਅਤੇ ਇਸ ਦੇ ਨਾਲ ਭਾਸ਼ਾ ਵਿਭਾਗ ਦੀਆਂ ਕਿਤਾਬਾਂ ਦੀ ਇੱਕ ਪੁਸਤਕ ਪ੍ਰਦਰਸ਼ਨੀ ਵੀ ਇਸ ਸੰਸਥਾ ਵਿੱਚ ਲਗਾਈ ਹੈ। ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਅੱਗੇ ਬੋਲਦਿਆਂ ਕਿਹਾ ਕਿ ਸਕੱਤਰ ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗ ਪੰਜਾਬ ਕਿ੍ਰਸ਼ਨ ਕੁਮਾਰ ਦੀ ਅਗਵਾਈ ਵਿੱਚ ਵਿਭਾਗ ਨਵੀਂ ਊਰਜਾ ਨਾਲ ਕੰਮ ਕਰ ਰਿਹਾ ਹੈ । ਡਾ. ਸਤੀਸ਼ ਵਰਮਾ ਅਤੇ ਡਾ. ਜਮੀਰਪਾਲ ਕੌਰ ਨੇ ਸੰਵਾਦ ਦੌਰਾਨ ਬੜੇ ਵਿਸਥਾਰ ਨਾਲ ਵਿਦਿਆਰਥੀਆਂ ਅਤੇ ਮੌਜੂਦ ਸਾਹਿਤਕਾਰਾਂ ਦੇ ਪੰਜਾਬੀ ਮਾਂ ਬੋਲੀ ਦੇ ਸਥਾਨ ਅਤੇ ਦਰਪੇਸ਼ ਚੁਣੌਤੀਆਂ ਦੇ ਸੰਬੰਧ ’ਚ ਪੁੱਛੇ ਗਏ ਸੁਆਲਾਂ ਦੇ ਜੁਆਬ ਦਿੱਤੇ। ਮੰਚ ਦਾ ਸੰਚਾਲਨ ਡਾ ਰਵਿੰਦਰ ਸੰਧੂ ਨੇ ਕੀਤਾ ।

ਪਲਸ ਪੋਲੀਓ ਮੁਹਿੰਮ ਤਹਿਤ ਕੱਢੀ ਜਾਗਰੂਕਤਾ ਰੈਲੀ

0

ਸੁਖਜਿੰਦਰ ਮਾਨ
ਬਠਿੰਡਾ, 25 ਫਰਵਰੀ: ਜ਼ਿਲ੍ਹਾ ਸਿਹਤ ਵਿਭਾਗ ਵਲੋਂ 27 ਫਰਵਰੀ ਤੋਂ 1 ਮਾਰਚ ਤੱਕ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਤਹਿਤ ਜ਼ਿਲ੍ਹੇ ਅੰਦਰ 0-5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ। ਇਸ ਸਬੰਧ ਵਿਚ ਅੱਜ ਸਥਾਨਕ ਦੀਪ ਸਿੰਘ ਨਗਰ ਵਿਖੇ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਨੂੰ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਮੀਨਾਕਸ਼ੀ ਸਿੰਗਲਾ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਜੀ.ਐਨ.ਐਮ ਨਰਸਿੰਗ ਸਕੂਲ ਸਿਵਲ ਹਸਪਤਾਲ ਬਠਿੰਡਾ ਦੀਆਂ ਵਿਦਿਆਰਥਣਾਂ ਵਲੋਂ ਦੋ ਬੂੰਦ ਹਰ ਵਾਰ, ਪੋਲੀਓ ’ਤੇ ਜਿੱਤ ਰਹੇ ਬਰਕਰਾਰ’ ਦੇ ਸਲੋਗਨ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾ. ਮੀਨਾਕਸ਼ੀ ਸਿੰਗਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਰੈਲੀ ਦਾ ਉਦੇਸ਼ ਪੋਲੀਓ ਦੀਆਂ ਬੂੰਦਾਂ ਪਿਲਾਉਣ ਦਾ ਸੁਨੇਹਾ ਘਰ-ਘਰ ਪਹੁੰਚਾਉਣਾ ਹੈ ਤਾਂ ਕਿ ਕੋਈ ਵੀ ਬੱਚਾ ਪੋਲੀਓ ਦੀ ਖੁਰਾਕ ਤੋਂ ਵਾਂਝਾ ਨਾ ਰਹਿ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਜਾਣਕਾਰੀ ਦਿੱਤੀ ਕਿ ਪੋਲੀਓ ਬੂਥਾਂ ਦੇ ਨਾਲ-ਨਾਲ ਕੋਵਿਡ-19 ਸਬੰਧੀ ਟੀਕਾਕਰਨ ਵੀ ਕੀਤਾ ਜਾ ਰਿਹਾ ਹੈ।ਡਾ. ਮੀਨਾਕਸ਼ੀ ਸਿੰਗਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਲਸ ਪੋਲੀਓ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਸਿਹਤ ਵਿਭਾਗ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ।
ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਜਗਤਾਰ ਸਿੰਘ ਬਰਾੜ, ਬਲਾਕ ਐਕਸਟੈਂਸ਼ਨ ਐਜ਼ੂਕੇਟਰ ਪਵਨਜੀਤ ਕੌਰ, ਜ਼ਿਲ੍ਹਾ ਬੀਸੀਸੀ ਕੁਆਰਡੀਨੇਟਰ ਨਰਿੰਦਰ ਕੁਮਾਰ, ਪਿ੍ਰੰਸੀਪਲ ਮੰਗਲਾ ਰਾਣੀ, ਮੈਡਮ ਆਸ਼ਾ, ਮੈਡਮ ਰੁਪਿੰਦਰ ਕੌਰ ਅਤੇ ਬਲਦੇਵ ਸਿੰਘ ਆਦਿ ਹਾਜ਼ਰ ਸਨ।

ਯੂਕਰੇਨ ਵਿੱਚ ਫਸੇ ਪੰਜਾਬੀਆਂ ਦੀ ਮਦਦ ਲਈ ਅੱਗੇ ਆਏ ਭਗਵੰਤ ਮਾਨ

0

‘ਆਪ’ ਸੰਸਦ ਨੇ ਜਾਰੀ ਕੀਤਾ ਵਟਸਐੱਪ ਨੰਬਰ
ਸਾਰੇ ਫਸੇ ਭਾਰਤੀਆਂ ਦੀ ਸੁਰੱਖਿਅਤ ਅਤੇ ਮੁਫ਼ਤ ਘਰ ਵਾਪਸੀ ਯਕੀਨੀ ਬਣਾਏ ਮੋਦੀ ਸਰਕਾਰ: ਭਗਵੰਤ ਮਾਨ
ਸੁਖਜਿੰਦਰ ਮਾਨ
ਚੰਡੀਗੜ੍ਹ, ਫਰਵਰੀ 25: ਸੰਗਰੂਰ ਤੋਂ ਸੰਸਦ ਅਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਅੱਜ ਯੂਕਰੇਨ ਵਿੱਚ ਫਸੇ ਪੰਜਾਬੀਆਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਲਈ ਇੱਕ ਵਟਸਐੱਪ ਨੰਬਰ 9877847778 ਜਾਰੀ ਕੀਤਾ ਹੈ ਜਿਸ ਨਾਲ ਲੋਕ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ। ਭਗਵੰਤ ਮਾਨ ਨੇ ਉਹਨਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਵੱਖ- ਵੱਖ ਜ਼ਿਲਿਆਂ ਤੋਂ ਵਿਦਿਆਰਥੀ ਯੂਕਰੇਨ ਵਿੱਚ ਪੜ ਰਹੇ ਹਨ ਅਤੇ ਉਨਾਂ ਦੇ ਮਾਪੇ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਿਤ ਹਨ।
ਰੂਸ ਵੱਲੋਂ ਯੂਕਰੇਨ ‘ਤੇ ਹਮਲੇ ਵਿੱਚ 18,000 ਤੋਂ ਵੀ ਵੱਧ ਭਾਰਤੀ ਲੋਕ ਫਸੇ ਹੋਏ ਹਨ ਜਿਹਨਾਂ ਵਿੱਚੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਨ। ਭਗਵੰਤ ਮਾਨ ਨੇ ਪਹਿਲਾ ਵੀ ਮੋਦੀ ਸਰਕਾਰ ਕੋਲੋਂ ਮੰਗ ਕੀਤੀ ਸੀ ਕਿ ਉਹ ਯੂਕਰੇਨ ਵਿੱਚ ਫਸੇ ਸਾਰੇ ਵਿਦਿਆਰਥੀਆਂ ਨੂੰ ਮੁਫ਼ਤ ਅਤੇ ਸੁਰੱਖਿਅਤ ਵਾਪਿਸ ਲਿਆਉਣ। ਭਗਵੰਤ ਮਾਨ ਨੇ ਕਿਹਾ ਕਿ ਇਸ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਦਾ ਰਵਈਆ ਨਿਰਾਸ਼ ਕਰਨ ਵਾਲਾ ਹੈ, ਪਹਿਲਾਂ ਮਾਪਿਆਂ ਵੱਲੋਂ ਅੰਬੈਸੀ ਦਾ ਸਹਿਯੋਗ ਨਾ ਮਿਲਣ ਦੀਆਂ ਸ਼ਿਕਾਇਤਾਂ ਅਤੇ ਫਿਰ ਪ੍ਰਾਈਵੇਟ ਏਅਰਲਾਈਨਜ਼ ਵੱਲੋਂ ਏਅਰ ਟਿਕਟਾਂ ਦੇ ਤਿੰਨ-ਗੁਣਾਂ ਕਿਰਾਏ ਕਾਰਨ ਅੱਜ ਐਨੀ ਵੱਡੀ ਗਿਣਤੀ ਵਿੱਚ ਭਾਰਤੀ ਉੱਥੇ ਫਸੇ ਹੋਏ ਹਨ।

ਹਰਿਆਣਾ ਵਿਜੀਲੈਂਸ ਬਿਊਰੋ ਨੇ ਜਨਵਰੀ ਵਿਚ ਨੌ ਰਿਸ਼ਵਤਖੋਰ ਕੀਤੇ ਕਾਬੂ

0

ਕਈ ਕੇਸਾਂ ‘ਤੇ ਜਾਂਚ ਜਾਰੀ, ਅਪਰਾਧਿਕ ਮਾਮਲੇ ਦਰਜ ਕਰਨ ਦੀ ਵੀ ਕਰੀ ਸਿਫਾਰਿਸ਼
ਸੁਖਜਿੰਦਰ ਮਾਨ
ਚੰਡੀਗੜ੍ਹ, 25 ਫਰਵਰੀ: ਹਰਿਆਣਾ ਰਾਜ ਵਿਜੀਲੈਂਸ ਬਿਊਰੋ ਨੇ ਇਸ ਸਾਲ ਜਨਵਰੀ ਵਿਚ ਤਿੰਨ ਗਜਟਿਡ ਅਧਿਕਾਰੀਆਂ ਸਮੇਤ ਨੌ ਸਰਕਾਰੀ ਕਰਮਚਾਰੀਆਂ ਨੂੰ 1500 ਰੁਪਏ ਤੋਂ 50,000 ਰੁਪਏ ਤਕ ਦੀ ਰਿਸ਼ਵਤ ਲੈਂਦੇ ਹੋਏ ਰੰਗੀ ਹੱਥੀ ਗਿਰਫਤਾਰ ਕੀਤਾ। ਰਿਸ਼ਵਤ ਲੈਣ ਵਾਲਿਆਂ ਵਿਚ ਆਬਕਾਰੀ ਅਤੇ ਕਰਾਧਾਨ ਵਿਭਾਗ ਦਾ ਵੱਡਾ ਅਧਿਕਾਰੀ, ਸਤਨਾਲੀ ਦਾ ਨਾਇਬ ਤਹਿਸੀਲਦਾਰ, ਪਾਣੀਪਤ ਦਾ ਜਿਲ੍ਹਾ ਬਾਗਬਾਨੀ ਅਧਿਕਾਰੀ ਤੇ ਸੋਨੀਪਤ ਦਾ ਮਾਈਨਿੰਗ ਅਫਸਰ ਸ਼ਾਮਿਲ ਹਨ।
ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਦਸਿਆ ਕਿ ਇਸ ਸਮੇਂ ਵਿਚ ਬਿਊਰੋ ਨੇ ਭ੍ਰਿਸ਼ਟਾਚਾਰ ਨਿਰੋਧਕ ਐਕਟ ਦੇ ਤਹਿਤ ਸੱਤ ਮਾਮਲੇ ਦਰਜ ਕਰ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਦੇ ਇਕ ਸੇਵਾਮੁਕਤ ਮੁੱਖ ਇੰਜੀਨੀਅਰ ਸਮੇਤ ਕੁੱਲ 11 ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ।
ਜਿੱਥੇ 9 ਦੋਸ਼ੀਆਂ ਨੂੰ ਰਿਸ਼ਵਤ ਲੈਂਦੇ ਰੰਗੀ ਹੱਥ ਫੜਿਆ ਗਿਆ, ਉੱਥੇ ਕੋਰਟ ਦੇ ਆਦੇਸ਼ ‘ਤੇ ਰੋਹਤਕ ਦੇ ਮੁੱਖ ਇੰਜੀਨੀਅਰ (ਸੇਵਾਮੁਕਤ) ਧਰਮਬੀਰ ਦਹਿਆ ਅਤੇ ਸਿਦਾਂਤ ਦਹਿਆ ਦੇ ਖਿਲਾਫ ਪੀਸੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ।
ਇਨ੍ਹਾਂ ਨੂੰ ਰਿਸ਼ਵਤ ਲੈਂਦੇ ਫੜਿਆ
ਜਨਵਰੀ ਵਿਚ ਕੀਤੀ ਗਈ ਗਿਰਫਤਾਰੀਆਂ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦਸਿਆ ਕਿ ਜਿੱਥੇ ਬਹਾਦੁਰਗੜ੍ਹ ਵਿਚ ਤੈਨਾਤ ਉੱਪ ਆਬਕਾਰੀ ਅਤੇ ਕਰਾਧਾਨ ਕਮਿਸ਼ਨਰ ਰਾਜਾ ਰਾਮ ਨੈਨ ਨੂੰ 50000 ਰੁਪਏ ਦੀ ਰਿਸ਼ਵਤ ਲੈਂਦੇ ਰੰਗੀਹੱਥ ਫੜਿਆ ਗਿਆ, ਉੱਥੇ ਪਾਣੀਪਤ ਵਿਚ ਤੈਨਾਤ ਜਿਲ੍ਹਾ ਬਾਗਬਾਨੀ ਅਧਿਕਾਰੀ ਮਹਾਵੀਰ ਸ਼ਰਮਾ ਨੂੰ ਸਰਕਾਰੀ ਕੰਮ ਕਰਨ ਦੀ ਏਵਜ ਵਿਚ 30000 ਰੁਪਏ ਰਿਸ਼ਵਤ ਲੈਂਦੇ ਕਾਬੂ ਕੀਤਾ ਗਿਆ।
ਇਸੀ ਤਰ੍ਹਾ, ਸਤਨਾਲੀ ਜਿਲ੍ਹਾ ਨਾਰਨੌਲ ਦੇ ਨਾਇਬ ਤਹਿਸੀਲਦਾਰ ਅਮਿਤ ਕੁਮਾਰ ਅਤੇ ਸੋਮਵੀਰ ਸਿੰਘ, ਰਜਿਸਟਰੀ ਕਲਰਕ ਨੂੰ 14000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗਿਰਫਤਾਰ ਕੀਤਾ ਗਿਆ। ਜਿਲ੍ਹਾ ਫਰੀਦਾਬਾਦ ਦੇ ਪਿੰਡ ਧੌਜ ਵਿਚ ਬਲਜੀਤ, ਪਟਵਾਰੀ ਅਤੇ ਪਟਵਾਰੀ ਦੇ ਸਹਾਇਤ ਇਸ਼ਵਰ ਨੂੰ 1500 ਰੁਪਏ ਦੀ ਰਿਸ਼ਵਤ ਲੈਂਦੇ ਫੜਿਆ ਗਿਆ। ਖਨਨ ਅਤੇ ਭੂਵਿਗਿਆਨ ਵਿਭਾਗ ਸੋਨੀਪਤ ਵਿਚ ਗਾਰਡ ਦੇ ਅਹੁਦੇ ‘ਤੇ ਤੈਨਾਤ ਲਲਿਤ ਅਤੇ ਖਨਨ ਅਧਿਕਾਰੀ ਅਸ਼ੋਕ ਕੁਮਾਰ 8500 ਰੁਪਏ ਦੀ ਰਿਸ਼ਵਤ ਲੈਂਦੇ ਵਿਜੀਲੈਂਸ ਦੇ ਸ਼ਿਕੰਜੇ ਵਿਚ ਆਏ। ਬਿਜਲੀ ਬੋਰਡ ਨਿਸਿੰਗ ਕਰਨਾਲ ਵਿਚ ਜੂਨੀਅਰ ਇੰਜੀਨੀਅਰ ਅਮਿਤ ਕੁਮਾਰ ਨੂੰ 5000 ਰੁਪਏ ਦੀ ਰਿਸ਼ਵਤ ਲੈਂਦੇ ਧਰਿਆ ਗਿਆ।
ਬੁਲਾਰੇ ਨੇ ਅੱਗੇ ਦਸਿਆ ਕਿ ਬਿਊਰੋ ਨੇ ਰਾਜ ਸਰਕਾਰ ਦੇ ਨਿਰਦੇਸ਼ ‘ਤੇ ਕਾਰਵਾਈ ਕਰਦੇ ਹੋਏ 1 ਗਜਟਿਡਅਧਿਕਾਰੀ, 1 ਨੋਨ-ਗਜਟਿਡ ਅਧਿਕਾਰੀ ਅਤੇ 4 ਨਿਜੀ ਵਿਅਕਤੀਆਂ ਦੇ ਖਿਲਾਫ 5 ਜਾਂਚ ਦਰਜ ਕੀਤੇ ਹਨ ਜਿਨ੍ਹਾਂ ਵਿੱਚੋਂ ਤਿਨ ਜਾਂਚ ਦਾ ਨਿਪਟਾਨ ਕੀਤਾ ਜਾ ਚੁੱਕਾ ਹੈ।
ਪੂਰੀਆਂ ਹੋਈਆਂ ਜਾਂਚ ਵਿੱਚੋਂ, ਬਿਊਰੋ ਨੇ ਸਰਕਾਰ ਨੂੰ 7 ਗਜਟਿਡ ਅਧਿਕਾਰੀਆਂ, 7 ਨੋਨ-ਗਜਟਿਡ ਅਧਿਕਾਰੀਆਂ ਅਤੇ 3 ਨਿਜੀ ਵਿਅਕਤੀਆਂ ਦੇ ਖਿਲਾਫ ਅਪਰਾਧਿਕ ਕੇਸ ਦਰਜ ਕਰਨ ਦੀ ਸਿਫਾਰਿਸ਼ ਕੀਤੀ ਹੈ।ਜਨਵਰੀ ਵਿਚ ਬਿਊਰੋ ਨੇ ਦੋ ਵਿਸ਼ੇਸ਼ ਤੇ ਤਕਨੀਕੀ ਜਾਂਚ ਦੀ ਰਿਪੋਰਟ ਵੀ ਸਰਕਾਰ ਨੂ ਭੇਜੀ ਗਈ, ਜਿਸ ਵਿਚ ਤਿੰਨ ਗਜਟਿਡ ਅਧਿਕਾਰੀਆਂ, ਇਕ ਨੋਨ-ਗਜਟਿਡ ਅਧਿਕਾਰੀ ਦੇ ਖਿਲਾਫ ਵਿਭਾਗ ਦੀ ਕਾਰਵਾਈ ਦੀ ਸਿਫਾਰਿਸ਼ ਕਰਦੇ ਹੋਏ ਸਬੰਧਿਤ ਏਜੰਸੀ ਤੋਂ 15750 ਰੁਪਏ ਦੀ ਰਿਕਵਰੀ ਕਰਨ ਦੀ ਸਿਫਾਰਿਸ਼ ਕੀਤੀ ਗਈ।

ਪੰਜਾਬੀ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾ ਕੇ ਉਹਨਾਂ ਨੂੰ ਸੁਰੱਖਿਅਤ ਲਾਂਘੇ ਰਾਹੀਂ ਭਾਰਤ ਲਿਆਂਦਾ ਜਾਵੇ : ਹਰਸਿਮਰਤ ਕੌਰ ਬਾਦਲ

0

ਸੁਖਜਿੰਦਰ ਮਾਨ
ਚੰਡੀਗੜ੍ਹ, 25 ਫਰਵਰੀ: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੁੰ ਅਪੀਲ ਕੀਤੀ ਕਿ ਉਹ ਰੂਸ ਵੱਲੋਂ ਕੀਤੇ ਹਮਲੇ ਤੋਂ ਬਾਅਦ ਯੂਕਰੇਨ ਵਿਚ ਫਸੇ ਪੰਜਾਬੀ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਉਹਨਾਂ ਨੁੰ ਸੁਰੱਖਿਅਤ ਲਾਂਘੇ ਰਾਹੀਂ ਭਾਰਤ ਲਿਆਉਣ ਲਈ ਕਦਮ ਚੁੱਕਣ। ਹਰਸਿਮਰਤ ਕੌਰ ਬਾਦਲ ਨੇ ਯੂਕਰੇਨ ਦੇ ਵੱਖ ਵੱਖ ਕਾਲਜਾਂ ਵਿਚ ਪੜ੍ਹਦੇ ਪੰਜਾਬ ਦੇ 56 ਵਿਦਿਆਰਥੀਆਂ ਦੀ ਸੂਚੀ ਸਾਂਝੀ ਕੀਤੀ। ਉਹਨਾਂ ਕਿਹਾ ਕਿ ਅਜਿਹੀ ਸੰਭਾਵਨਾ ਹੈ ਕਿ ਇਹਨਾਂ 56 ਵਿਦਿਆਰਥੀਆਂ ਤੋਂ ਇਲਾਵਾ ਹੋਰ ਵੀ ਪੰਜਾਬੀ ਤੇ ਦੇਸ਼ ਦੇ ਹੋਰ ਲੋਕ ਵੀ ਯੂਕਰੇਨ ਵਿਚ ਫਸੇ ਹੋਣ। ਉਹਨਾਂ ਕਿਹਾ ਕਿ ਯੂਕਰੇਨ ਵਿਚ ਭਾਰਤੀ ਸਫਾਰਤਖਾਨੇ ਰਾਹੀਂ ਇਕਜੁੱਟ ਯਤਨ ਹੋਣੇ ਚਾਹੀਦੇ ਹਨ ਤਾਂ ਜੋ ਉਥੇ ਫਸੇ ਵਿਦਿਆਰਥੀਆਂ ਤੇ ਹੋਰ ਭਾਰਤੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਉਹਨਾਂ ਕਿਹਾ ਕਿ ਇਸਦੇ ਨਾਲ ਹੀ ਇਹ ਸੰਭਾਵਨਾ ਵੀ ਪਤਾ ਲਾਈ ਜਾਣੀ ਚਾਹੀਦੀ ਹੈ ਕਿ ਫਲਾਈਟਾਂ ਬੰਦ ਹੋਣ ਤੋਂ ਬਾਅਦ ਹੁਣ ਸਾਰੇ ਭਾਰਤੀਆਂ ਨੂੰ ਯੂਕਰੇਨ ਵਿਚੋਂ ਸੜਕ ਰਸਤੇ ਕੱਢਣ ਲਈ ਕੀ ਕੀਤਾ ਜਾ ਸਕਦਾ ਹੈ। ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਵਿਦੇਸ਼ ਮੰਤਰਾਲੇ ਵਿਚ ਸਕੱਤਰ ਪੱਛਮੀ ਸ੍ਰੀਮਤੀ ਰੀਨਤ ਸੰਧੂ ਕੋਲ ਵੀ ਪਹੁੰਚ ਕਰ ਕੇ ਬੇਨਤੀ ਕੀਤੀ ਕਿ ਯੂਕਰੇਨ ਵਿਚ ਫਸੇ ਭਾਰਤੀ ਵਿਦਿਆਰਥੀਆਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇ। ਉਹਨਾਂ ਦੱਸਿਆ ਕਿ ਉਹਨਾਂ ਨੇ ਇਹਨਾਂ 56 ਵਿਦਿਆਰਥੀਆਂ ਦੀ ਸੂਚੀ, ਉਹਨਾਂ ਦੇ ਪਤਿਆਂ ਸਮੇਤ ਯੂਕਰੇਨ ਵਿਚ ਭਾਰਤੀ ਸਫਾਰਤਖਾਨੇ ਨੁੰ ਵੀ ਭੇਜੀ ਹੈ।

ਸਰਕਾਰਾਂ ਦੀਆਂ ਨਲਾਇਕੀਆਂ ਕਾਰਨ ਪਿੰਡਾਂ ਦੇ ਕਾਨੂੰਨ ਹੱਥਾਂ ‘ਚ ਲੈਣ ਲਈ ਮਜ਼ਬੂਰ ਹੋਏ ਲੋਕ: ਹਰਪਾਲ ਸਿੰਘ ਚੀਮਾ

0

-ਪਿੰਡ ਕਾਲਝਰਾਨੀ ਦੇ ਵਸਨੀਕਾਂ ਵੱਲੋਂ ਨਸ਼ਾ ਸਮਗਰਲਰਾਂ ਦੀਆਂ ਲੱਤਾਂ ਤੋੜਨ ਦੇ ਐਲਾਨ ‘ਤੇ ਬੋਲੇ ਵਿਰੋਧੀ ਧਿਰ ਦੇ ਨੇਤਾ
-‘ਆਪ’ ਦੀ ਸਰਕਾਰ ਨਸ਼ਾ ਮਾਫੀਆ ਨੂੰ ਕਰੇਗੀ ਖ਼ਤਮ, ਸਰਪ੍ਰਸਤੀ ਦੇਣ ਵਾਲੇ ਸਿਆਸੀ ਆਗੂਆਂ ਅਤੇ ਪੁਲੀਸ ਅਧਿਕਾਰੀਆਂ ਖ਼ਿਲਾਫ਼ ਹੋਵੇਗੀ ਕਾਰਵਾਈ: ਹਰਪਾਲ ਸਿੰਘ ਚੀਮਾ
-‘ਆਪ’ ਆਗੂ ਨੇ ਲੋਕਾਂ ਨੂੰ ਕਾਨੂੰਨ ਆਪਣੇ ਹੱਥਾਂ ‘ਚ ਨਾ ਲੈਣ ਦੀ ਕੀਤੀ ਅਪੀਲ
ਸੁਖਜਿੰਦਰ ਮਾਨ
ਚੰਡੀਗੜ, 25 ਫਰਵਰੀ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪਿੰਡ ਕਾਲਝਰਾਨੀ ਦੇ ਵਸਨੀਕਾਂ ਵੱਲੋਂ ਨਸ਼ਾ ਸਮਗਰਲਰਾਂ ਦੀਆਂ ਲੱਤਾਂ ਤੋੜਨ ਦੇ ਐਲਾਨ ‘ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਕਾਂਗਰਸ ਅਤੇ ਪਿਛਲੀ ਬਾਦਲ ਸਰਕਾਰ ਦੀਆਂ ਨਲਾਇਕੀਆਂ ਕਾਰਨ ਪਿੰਡਾਂ ਦੇ ਲੋਕ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਲਈ ਮਜ਼ਬੂਰ ਹੋ ਰਹੇ ਹਨ। ਚੀਮਾ ਨੇ ਪਿੰਡ ਕਾਲਝਰਾਨੀ ਸਮੇਤ ਪੰਜਾਬਵਾਸੀਆਂ ਨੂੰ ਕਾਨੂੰਨ ਤੋਂ ਬਾਹਰ ਜਾ ਕੇ ਕੋਈ ਕਦਮ ਨਾ ਚੁਕਣ ਦੀ ਅਪੀਲ ਕਰਦਿਆਂ ਕਿਹਾ ਕਿ 10 ਮਾਰਚ ਤੋਂ ਬਾਅਦ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਵੇਗੀ ਅਤੇ ‘ਆਪ’ ਦੀ ਸਰਕਾਰ ਆਪਣੀ ਜ਼ਿੰਮੇਵਾਰੀ ਸਮਝ ਕੇ ਪੰਜਾਬ ਵਿਚੋਂ ਨਸ਼ਾ ਮਾਫੀਆ ਖ਼ਤਮ ਕਰੇਗੀ ਅਤੇ ਲੋਕਾਂ ਦੀਆਂ ਇੱਛਾਵਾਂ ਅਨੁਸਾਰ ਫ਼ੈਸਲੇ ਕਰੇਗੀ।
ਸ਼ੁੱਕਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ‘ਚ ਰਾਜ ਕਰਦੀਆਂ ਰਹੀਆਂ ਰਿਵਾਇਤੀ ਸਿਆਸੀ ਧਿਰਾਂ ਕਾਂਗਰਸ, ਕੈਪਟਨ ਅਮਰਿੰਦਰ ਸਿੰਘ, ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਹਮੇਸ਼ਾਂ ਹੀ ਲੋਕ ਭਾਵਨਾਵਾਂ ਦੇ ਖਿਲਾਫ਼ ਫ਼ੈਸਲੇ ਕੀਤੇ ਹਨ। ਰਿਵਾਇਤੀ ਪਾਰਟੀਆਂ ਨਸ਼ੇ ਖ਼ਤਮ ਕਰਨ ਦੇ ਵਾਅਦੇ ਕਰਕੇ ਸਰਕਾਰਾਂ ਬਣਾਉਂਦੀਆਂ ਰਹੀਆਂ, ਪਰ ਸਰਕਾਰ ਬਣਾ ਕੇ ਨਸ਼ਾ ਮਾਫੀਆ ਨੂੰ ਸਰਪ੍ਰਸਤੀ ਦੇ ਕੇ ਲੋਕਾਂ ਦੇ ਜੀਵਨ ਅਤੇ ਭਾਵਨਾਵਾਂ ਨਾਲ ਖਿਲਵਾੜ ਕਰਦੀਆਂ ਰਹੀਆਂ ਹਨ। ਉਨਾਂ ਕਿਹਾ ਕਿ ਪਿੰਡ ਕਾਲਝਰਾਨੀ ਜ਼ਿਲਾ ਬਠਿੰਡਾ ਦਾ ਪ੍ਰਸਿੱਧ ਪਿੰਡ ਹੈ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜ਼ਿਲਾ ਬਠਿੰਡਾ ਨੂੰ ਵਿਕਸਤ ਹੋਣ ਦਾ ਦਾਅਵਾ ਕਰਦੇ ਆ ਰਹੇ ਹਨ। ਕਰੀਬ 20 ਸਾਲ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਆਪਣੇ ਇਲਾਕਿਆਂ ਵਿੱਚੋਂ ਨਸ਼ਿਆਂ ਦਾ ਜਾਲ ਖ਼ਤਮ ਨਹੀਂ ਕਰ ਸਕੇ, ਇਸ ਲਈ ਪਿੰਡ ਕਾਲਝਰਾਨੀ ਦੇ ਵਸਨੀਕਾਂ ਨੂੰ ਨਸ਼ੇ ਸਮਗਰਲਰਾਂ ਖਿਲਾਫ਼ ਆਪਣੇ ਪੱਧਰ ‘ਤੇ ਕਾਰਵਾਈ ਕਰਨ ਦਾ ਫ਼ੈਸਲਾ ਲੈਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਸ੍ਰੀ ਗੁੱਟਕਾ ਸਾਹਿਬ ਦੀ ਸਹੁੰ ਚੁੱਕ ਕੇ ਪੰਜਾਬ ਵਿੱਚ ਨਸ਼ੇ ਦਾ ਲੱਕ ਤੋੜਨ ਦਾ ਐਲਾਨ ਕੀਤਾ ਸੀ, ਪਰ ਨਸ਼ੇ ਦੀ ਸਪਲਾਈ ਅਤੇ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਲਗਾਤਾਰ ਮੌਤਾਂ ਹੋਣ ਦਾ ਸਿਲਸਿਲਾ ਜਾਰੀ ਹੈ। ਉਨਾਂ ਕਿਹਾ ਕਿ ਰਿਵਾੲਤੀ ਪਾਰਟੀਆਂ ਦੀਆਂ ਨਸ਼ਾ ਸਮਗਲਰਾਂ ਨਾਲ ਮਿਲੀਭੁਗਤ ਅਤੇ ਸਰਪ੍ਰਸਤੀ ਕਾਰਨ ਪੰਜਾਬ ‘ਚ ਨਸ਼ੇ ਦਾ ਕਹਿਰ ਜਾਰੀ ਹੈ ਅਤੇ ਸਿਆਸੀ ਦਖਲਅੰਦਾਜੀ ਕਾਰਨ ਪੰਜਾਬ ਪੁਲੀਸ ਵੀ ਨਸ਼ਾ ਸਮਗਲਰਾਂ ਖਿਲਾਫ਼ ਕਾਰਵਾਈ ਕਰਨ ਤੋਂ ਕੰਨੀਂ ਕਤਰਾ ਰਹੀ ਹੈ, ਜਿਸ ਕਾਰਨ ਲੋਕਾਂ ਦਾ ਪੁਲੀਸ ‘ਤੇ ਵਿਸ਼ਵਾਸ਼ ਨਹੀਂ ਰਿਹਾ। ਇਸ ਕਾਰਨ ਪਿੰਡ ਕਾਲਝਰਾਨੀ ਵਾਂਗ ਪੰਜਾਬ ਦੇ ਲੋਕ ਆਪਣੀ ਨੌਜਵਾਨੀ ਨੂੰ ਬਚਾਉਣ ਲਈ ਕਾਨੂੰਨ ਆਪਣੇ ਹੱਥਾਂ ‘ਚ ਲੈਣ ਲੱਗੇ ਹਨ।
ਚੀਮਾ ਨੇ ਪਿੰਡ ਕਾਲਝਰਾਨੀ ਸਮੇਤ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਾਨੂੰਨ ਵਿੱਚ ਵਿਸ਼ਵਾਸ਼ ਰੱਖਣ ਅਤੇ ਕਾਨੂੰਨ ਨੂੰ ਆਪਣੇ ਹੱਥਾਂ ‘ਚ ਲੈਣ ਤੋਂ ਗੁਰੇਜ਼ ਕਰਨ। ਉਨਾਂ ਭਰੋਸਾ ਦਿੱਤਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਨਸ਼ਾ ਮਾਫੀਆ ਨੂੰ ਖ਼ਤਮ ਕੀਤਾ ਜਾਵੇਗਾ ਅਤੇ ਨਸ਼ਾ ਮਾਫੀਆ ਨੂੰ ਸਰਪ੍ਰਸਤੀ ਦੇਣ ਵਾਲੇ ਸਿਆਸੀ ਆਗੂਆਂ ਅਤੇ ਪੁਲੀਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

Our Visitor

1897747