ਸੁਖਜਿੰਦਰ ਮਾਨ
ਬਠਿੰਡਾ, 21 ਫਰਵਰੀ: ਹਲਕਾ ਤਲਵੰਡੀ ਸਾਬੋ ਤੋਂ ਭਾਜਪਾ ਦੇ ਉਮੀਦਵਾਰ ਰਵੀਪਰੀਤ ਸਿੰਘ ਸਿੱਧੂ ਨੇ ਚੋਣ ਮੁਹਿੰਮ ਦੌਰਾਨ ਪਿਛਲੇ ਦਿਨੀਂ ਦਿਨ ਰਾਤ ਕਠਿਨ ਮਿਹਨਤ ਕਰਨ ਵਾਲੇ ਸਾਥੀਆਂ ਦਾ ਧੰਨਵਾਦ ਕਰਦਿਆਂ ਨਾਲ ਹੀ ਹਲਕੇ ਦੇ ਸਮੂਹ ਵੋਟਰਾਂ ਦਾ ਵੀ ਧੰਨਵਾਦ ਕੀਤਾ, ਜਿੰਨ੍ਹਾਂ ਸ਼ਾਂਤਮਈ ਤਰੀਕੇ ਨਾਲ ਵੋਟਰਾਂ ਦਾ ਕੰਮ ਨੇਪਰੇ ਚਾੜਿਆ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਦੀ ਤਰ੍ਹਾਂ ਹਲਕੇ ਦੀ ਸੇਵਾ ਕਰਦੇ ਰਹਿਣਗੇ। ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ਵਿਚ ਸਮਰਥਕ ਹਾਜ਼ਰ ਸਨ।ਅੱਜ ਇਸ ਮੌਕੇ ਉਨ੍ਹਾਂ ਨਾਲ ਜੋਰਾਵਰ ਸਿੰਘ ਗਿੱਲ, ਰਤਨਦੀਪ ਸਿੰਘ ਧਾਲੀਵਾਲ ਪਟਿਆਲਾ,ਚਿਰਾਗ਼ਬੀਰ ਸਿੰਘ ਧਾਲੀਵਾਲ, ਧਰਮਿੰਦਰ ਦਮਦਮੀ ਮੀਡੀਆ ਸਲਾਹਕਾਰ, ਸੋਨੀ ਸਰਪੰਚ ਕੋਟ ਬਖਤੂ, ਰਾਜੂ ਪ੍ਰਧਾਨ, ਲਾਡੀ ਜਗਾ ਰਾਮ ਤੀਰਥ, ਹਰਿੰਦਰ ਸੇਖੋ, ਮਨਜੀਤ ਭਾਗੀਵਾਂਦਰ, ਕੁਲਵਿੰਦਰ ਗਾਟਵਾਲੀ, ਗੋਲਡੀ ਮਹੇਸ਼ਵਰੀ, ਦਵਿੰਦਰ ਜੈਨ, ਠੇਕੇਦਾਰ ਮਨਜੀਤ ਸਿੰਘ ਜਗਾ ਰਾਮ ਤੀਰਥ, ਬਲਵਾਨ ਵਰਮਾ, ਬਲਕਾਰ ਨਵਾਂ ਪਿੰਡ, ਜਸਪ੍ਰੀਤ ਲੇਲੇਵਾਲਾ, ਬਲਕੌਰ ਲੇਲੇਵਾਲਾ, ਸੁਖਵਿੰਦਰ ਸਿੰਘ ਸੁੱਖੀ ਅਤੇ ਦੇਬੂ ਕਬਾੜੀਆ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂਆਂ ਨੇ ਸ਼ਿਰਕਤ ਕੀਤੀ।
ਭਾਜਪਾ ਉਮੀਦਵਾਰ ਰਵੀਪ੍ਰੀਤ ਸਿੱਧੂ ਨੇ ਕੀਤਾ ਹਲਕਾ ਵਾਸੀਆਂ ਦਾ ਧੰਨਵਾਦ
ਜਗਰੂਪ ਸਿੰਘ ਗਿੱਲ ਨੇ ਸ਼ਹਿਰ ਵਾਸੀਆਂ ਤੇ ਪਾਰਟੀ ਵਰਕਰਾਂ ਦਾ ਕੀਤਾ ਧੰਨਵਾਦ
ਸੁਖਜਿੰਦਰ ਮਾਨ
ਬਠਿੰਡਾ, 21 ਫਰਵਰੀ: ਆਮ ਆਦਮੀ ਪਾਰਟੀ ਦੇ ਬਠਿੰਡਾ ਸ਼ਹਿਰੀ ਹਲਕੇ ਤੋਂ ਉਮੀਦਵਾਰ ਜਗਰੂਪ ਸਿੰਘ ਗਿੱਲ ਵਲੋਂ ਅੱਜ ਅਮਨ-ਸ਼ਾਂਤੀ ਨਾਲ ਵੋਟਾਂ ਪਾਉਣ ਲਈ ਬਠਿੰਡਾ ਵਾਸੀਆਂ ਅਤੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ ਗਿਆ। ਅੱਜ ਪਾਰਟੀ ਦੇ ਮੁੱਖ ਦਫਤਰ ਵਿਚ ਵੱਡੀ ਗਿਣਤੀ ’ਚ ਪੁੱਜੇ ਪਾਰਟੀ ਵਰਕਰਾਂ ਦੇ ਨਾਲ ਗਲਬਾਤ ਕਰਦਿਆਂ ਸ: ਗਿੱਲ ਕੇ ਕਿਹਾ ਕਿ ਉਹ ਧੰਨਵਾਦ ਕਰਦੇ ਹਨ, ਆਪਣੇ ਉਹਨਾਂ ਸਾਥੀਆਂ ਦਾ ਜਿਹਨਾਂ ਨੇ ਦਿਨ ਰਾਤ ਇੱਕ ਕਰ ਕੇ ਪਾਰਟੀ ਨੂੰ ਮਜਬੂਤ ਕਰਨ ਲਈ ਮੇਹਨਤ ਕੀਤੀ ਹੈ । ਉਹਨਾਂ ਕਿਹਾ ਕਿ ਉਹਨਾਂ ਦੀ ਮੇਹਨਤ 10 ਮਾਰਚ ਨੂੰ ਰਿਜਲਟ ਦੇ ਤੋਰ ਤੇ ਰੰਗ ਲਿਆਏਗੀ। ਉਹਨਾਂ ਸ਼ਹਿਰ ਵਾਸੀਆਂ ਨੂੰ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਜਨਤਾ ਜਨਾਰਦਨ ਦਾ ਫੈਸਲਾ ਕਦੇ ਗਲਤ ਨਹੀਂ ਹੋਇਆ। ਉਨ੍ਹਾਂ ਲੋਕਾਂ ਨੂੰ ਯਕੀਨ ਦਿਵਾਇਆ ਕਿ ਉਹਨਾਂ ਦੀ ਸਰਕਾਰ ਹਕੂਮਤ ਕਰਣ ਵਾਲੀ ਨਹੀਂ, ਸੇਵਾ ਕਰਨ ਵਾਲੀ ਹੋਵੇਗੀ। ਇਸ ਮੌਕੇ ਵੱਖ ਵੱਖ ਵਾਰਡਾਂ ਤੇ ਇੰਚਾਰਜਾਂ ਤੇ ਪਾਰਟੀ ਵਰਕਰਾਂ ਵਲੋਂ ਆਪਣੇ ਆਪਣੇ ਵਿਚਾਰ ਸਾਂਝੇ ਕਰਦਿਆਂ ਚੌਣਾਂ ਦੌਰਾਨ ਵਾਪਰੀਆਂ ਘਟਨਾਵਾਂ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਪਾਰਟੀ ਦੇ ਸੂਬਾ ਆਗੂ ਨੀਲ ਗਰਗ, ਐਡਵੋਕੇਟ ਨਵਦੀਪ ਸਿੰਘ ਜੀਦਾ, ਜ਼ਿਲ੍ਹਾ ਪ੍ਰਧਾਨ ਅੰਮਿ੍ਰਤ ਲਾਲ ਅਗਰਵਾਲ, ਯੂਥ ਪ੍ਰਧਾਨ ਅਮਰਦੀਪ ਰਾਜਨ ਆਦਿ ਹਾਜ਼ਰ ਸਨ।
ਬਠਿੰਡਾ ’ਚ ਨੌਜਵਾਨਾਂ ਨੇ ਦੀਪ ਸਿੱਧੂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਕੱਢਿਆ ਕੇਸਰੀ ਮਾਰਚ
ਸੁਖਜਿੰਦਰ ਮਾਨ
ਬਠਿੰਡਾ, 21 ਫਰਵਰੀ: ਪਿਛਲੇ ਦਿਨੀਂ ਇੱਕ ਸੜਕ ਹਾਦਸੇ ਵਿਚ ਮਾਰੇ ਗਏ ਉਘੇ ਐਕਟਰ ਤੇ ਸਮਾਜਿਕ ਕਾਰਕੁੰਨ ਦੀਪ ਸਿੱਧੂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਅੱਜ ਨੌਜਵਾਨਾਂ ਵਲੋਂ ਸਥਾਨਕ ਸ਼ਹਿਰ ਵਿਚ ਕੇਸਰੀ ਮਾਰਚ ਕੱਢਿਆ ਗਿਆ। ਹੱਥਾਂ ਵਿਚ ਕੇਸਰੀ ਝੰਡੇ ਤੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੀ ਫ਼ੋਟੋ ਨਾਲ ਦੀਪ ਸਿੱਧੂ ਦੀ ਫ਼ੋਟੋ ਵਾਲੇ ਬੈਨਰ ਫ਼ੜੀ ਇੰਨ੍ਹਾਂ ਨੌਜਵਾਨਾਂ ਵਲੋਂ ਦੀਪ ਸਿੱਧੂ ਅਮਰ ਰਹੇ ਦੇ ਨਾਅਰੇ ਵੀ ਲਗਾਏ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਸਰਕਾਰ ਵਲੋਂ ਇਸ ਹਾਦਸੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਕਿ ਇਹ ਇੱਕ ਸ਼ਾਜਸ ਤਹਿਤ ਕੀਤਾ ਗਿਆ ਕਤਲ ਹੈ ਜਾਂ ਫ਼ਿਰ ਹਾਦਸਾ। ਬੁਲਾਰਿਆਂ ਨੇ ਨੌਜਵਾਨਾਂ ਨੂੰ ਦੀਪ ਸਿੱਧੂ ਦੀ ਸੋਚ ’ਤੇ ਚੱਲਣ ਲਈ ਵੀ ਪ੍ਰੇਰਿਆ।
ਬਹੁਕੌਣੇ ਮੁਕਾਬਲਿਆਂ ਦੇ ਬਾਵਜੂਦ ਬਠਿੰਡਾ ’ਚ ਵੋਟ ਪ੍ਰਤੀਸ਼ਤਾ ਚਾਰ ਫ਼ੀਸਦੀ ਘਟੀ
2017 ਦੀਆਂ ਵਿਧਾਨ ਸਭਾ ਚੋਣਾਂ ’ਚ ਹੋਈ ਸੀ 82 ਫ਼ੀਸਦੀ ਤੇ 2022 ’ਚ ਹੋਈ 78 ਫ਼ੀਸਦੀ ਪੋਲਿੰਗ
2019 ਦੀਆਂ ਲੋਕ ਸਭਾ ਚੋਣਾਂ ’ਚ ਰਹੀ ਸੀ 74 ਫ਼ੀਸਦੀ ਪੋਲਿੰਗ
ਸੁਖਜਿੰਦਰ ਮਾਨ
ਬਠਿੰਡਾ, 21 ਫਰਵਰੀ: ਇਸ ਵਾਰ ਸੂਬੇ ’ਚ ਬਹੁਕੌਣੇ ਮੁਕਾਬਲੇ ਹੌਣ ਦੇ ਬਾਵਜੂਦ ਵੋਟ ਪ੍ਰਤੀਸ਼ਤਾ ਕਾਫ਼ੀ ਘਟ ਗਈ ਹੈ। ਹਾਲਾਂਕਿ ਚੋਣ ਮੈਦਾਨ ’ਚ ਨਿੱਤਰੇ ਉਮੀਦਵਾਰਾਂ ਵਲੋਂ ਵੋਟਰਾਂ ਨੂੰ ਖਿੱਚਣ ਲਈ ਕਾਫ਼ੀ ਜੋਰ ਲਗਾਇਆ ਗਿਆ ਸੀ। ਉਪਲਬਧ ਅੰਕੜਿਆਂ ਮੁਤਾਬਕ ਬਠਿੰਡਾ ਜ਼ਿਲ੍ਹੇ ਵਿਚ ਵੀ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਇਸ ਵਾਰ ਚਾਰ ਫ਼ੀਸਦੀ ਵੋਟ ਘੱਟ ਪੋਲ ਹੋਈ ਹੈ। 2017 ਦੀਆਂ ਚੋਣਾਂ ‘ਚ ਜ਼ਿਲ੍ਹੇ ਵਿਚ ਕੁੱਲ ਵੋਟ ਪ੍ਰਤੀਸ਼ਤਾ 82.26 ਫ਼ੀਸਦੀ ਰਹੀ ਸੀ, ਜਿਹੜੀ 2022 ਵਿਚ ਘਟ ਕੇ 78.19 ਫ਼ੀਸਦੀ ਰਹਿ ਗਈ ਹੈ। ਉਜ 2019 ਵਿਚ ਹੋਈਆਂ ਲੋਕ ਸਭਾ ਚੋਣਾਂ ਤੋਂ ਇਹ ਚਾਰ ਫ਼ੀਸਦੀ ਵਧ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਜ਼ਿਲੇ ’ਚ ਸਭ ਤੋਂ ਵੱਧ ਰਾਮਪੁਰਾ ਫ਼ੂਲ ਹਲਕੇ ’ਚ 85.9 ਫ਼ੀਸਦੀ ਪੋਲਿੰਗ ਸੀ ਪ੍ਰੰਤੂ ਇਸ ਵਾਰ ਤਲਵੰਡੀ ਸਾਬੋ ਨੇ ਬਾਜ਼ੀ ਮਾਰੀ ਹੈ, ਜਿੱਥੇ 83.69 ਫ਼ੀਸਦੀ ਪੋਲਿੰਗ ਰਹੀ ਹੈ। ਹਾਲਾਂਕਿ ਇਹ ਵੋਟ ਪ੍ਰਤੀਸ਼ਤਾ ਪਿਛਲੀਆਂ ਚੋਣਾਂ ਦੇ ਮੁਕਾਬਲੇ 2 ਫ਼ੀਸਦੀ ਘਟ ਹੈ। ਇਸ ਹਲਕੇ ਵਿਚ ਪੰਜ ਕੌਣਾ ਮੁਕਾਬਲਾ ਸੀ, ਜਿੱਥੇ ਕਾਂਗਰਸ ਦੇ ਖ਼ੁਸਬਾਜ ਜਟਾਣਾ, ਆਪ ਦੀ ਬਲਜਿੰਦਰ ਕੌਰ ਤੇ ਅਕਾਲੀ ਦਲ ਦੇ ਜੀਤਮਹਿੰਦਰ ਸਿੱਧੂ ਤੋਂ ਇਲਾਵਾ ਹਰਮਿੰਦਰ ਸਿੰਘ ਜੱਸੀ ਨੇ ਅਜਾਦ ਅਤੇ ਤਲਵੰਡੀ ਸਾਬੋ ਹਲਕੇ ਦੇ ਵਾਸੀ ਰਵੀਪੀ੍ਰਤ ਸਿੱਧੂ ਨੇ ਭਾਜਪਾ ਵਲੋਂ ਪੂਰੀ ਤਰ੍ਹਾਂ ਚੋਣ ਮੈਦਾਨ ਭਖਾਇਆ ਹੋਇਆ ਸੀ। ਹਾਲਾਂਕਿ ਸਿਆਸੀ ਮਾਹਰ ਬੰਪਰ ਵੋਟਿੰਗ ਨੂੰ ਸੱਤਾ ਵਿਰੋਧੀ ਗੁੱਸਾ ਦੱਸਦੇ ਹਨ ਪ੍ਰੰਤੂ ਇਸ ਵਾਰ ਘੱਟ ਵੋਟ ਪ੍ਰਤੀਸ਼ਤਾ ਦੇ ਬਾਵਜੂਦ ਅਣਕਿਆਸੇ ਨਤੀਜ਼ੇ ਆਉਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਵੋਟ ਪ੍ਰਤੀਸ਼ਤਤਾ ਦੇ ਵਿਚ ਤਲਵੰਡੀ ਸਾਬੋ ਤੋਂ ਬਾਅਦ ਮੋੜ ਹਲਕਾ ਦੂਜੇ ਨੰਬਰ ’ਤੇ ਰਿਹਾ ਹੈ, ਇੱਥੇ ਵੀ ਪੰਜ ਕੌਣਾ ਮੁਕਾਬਲਾ ਸੀ। ਆਪ ਦੇ ਸੁਖਵੀਰ ਸਿੰਘ, ਕਾਂਗਰਸ ਦੀ ਮੰਜੂ ਬਾਂਸਲ, ਅਕਾਲੀ ਦਲ ਦੇ ਜਗਮੀਤ ਬਰਾੜ ਤੋਂ ਇਲਾਵਾ ਅਜਾਦ ਉਮੀਦਵਾਰ ਲੱਖਾ ਸਿਧਾਣਾ ਤੇ ਭਾਜਪਾ ਦੇ ਦਿਆਲ ਸੋੋਢੀ ਵਲੋਂ ਵੀ ਇੱਕ-ਇੱਕ ਵੋਟ ਲਈ ਪੂਰੀ ਵਾਹ ਲਾਈ ਹੋਈ ਸੀ। ਸੱਤਾ ਵਿਰੋਧੀ ਲਹਿਰ ਦੇ ਬਾਵਜੂਦ ਬਠਿੰਡਾ ਸਹਿਰੀ ਹਲਕੇ ਵਿਚ ਸਭ ਤੋਂ ਘੱਟ ਵੋਟ ਪੋਲ ਹੋਈ। ਇੱਥੇ ਚੋਣ ਕਮਿਸ਼ਨ ਵਲੋਂ 69.89 ਫੀਸਦੀ ਪੋਲਿੰਗ ਪ੍ਰਤੀਸਤਾ ਦਰਜ਼ ਕੀਤੀ ਗਈ। ਇਸ ਹਲਕੇ ਵਿਚ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਆਪ ਦੇ ਜਗਰੂਪ ਸਿੰਘ ਗਿੱਲ, ਅਕਾਲੀ ਦਲ ਦੇ ਸਰੂਪ ਸਿੰਗਲਾ ਤੇ ਭਾਜਪਾ ਦੇ ਰਾਜ ਨੰਬਰਦਾਰ ਵਲੋਂ ਪੂਰਾ ਜੋਰ ਲਗਾਇਆ ਹੋਇਆ ਸੀ। ਉਜ ਇਸ ਹਲਕੇ ਵਿਚ ਸਭ ਤੋਂ ਵੱਧ ਵੋਟ ਵਿਕਣ ਦੀਆਂ ਚਰਚਾਵਾਂ ਵੀ ਚੱਲਦੀਆਂ ਰਹੀਆਂ ਸਨ। ਉਧਰ ਰਾਮਪੁਰਾ ਫ਼ੂਲ ’ਚ ਦੋ ਸਾਬਕਾ ਮੰਤਰੀਆਂ ਗੁਰਪ੍ਰੀਤ ਸਿੰਘ ਕਾਂਗੜ੍ਹ ਤੇ ਸਿਕੰਦਰ ਸਿੰਘ ਮਲੂਕਾ ਤੋਂ ਇਲਾਵਾ ਆਪ ਉਮੀਦਵਾਰ ਬਲਕਾਰ ਸਿੱਧੂ ਵਿਚਕਾਰ ਤਿਕੌਣੀ ਟੱਕਰ ਸੀ। ਇੱਥੇ 79.55 ਫ਼ੀਸਦੀ ਪੋਲਿੰਗ ਦਰਜ਼ ਕੀਤੀ ਗਈ ਹੈ। ਜਦੋਂਕਿ ਬਠਿੰਡਾ ਦਿਹਾਤੀ ਹਲਕੇ ਵਿਚ ਵੀ ਤਿਕੌਣੀ ਟੱਕਰ ਦੇ ਬਾਵਜੂਦ 78.24 ਫ਼ੀਸਦੀ ਪੋਲਿੰਗ ਹੋਈ।
ਬਾਕਸ
ਹਲਕਾ ਸਾਲ 2017 ਵਿਚ ਵੋਟ ਪ੍ਰਤੀਸ਼ਤਾ ਸਾਲ 2022 ਵਿਚ ਵੋਟ ਪ੍ਰਤੀਸ਼ਤਾ
ਰਾਮਪੁਰਾ ਫ਼ੂਲ 85.9 ਫ਼ੀਸਦੀ 79.55 ਫ਼ੀਸਦੀ
ਭੁੱਚੋਂ ਮੰਡੀ 83.9 ਫ਼ੀਸਦੀ 80.40 ਫ਼ੀਸਦੀ
ਬਠਿੰਡਾ ਸ਼ਹਿਰੀ 73.5 ਫ਼ੀਸਦੀ 69.89 ਫ਼ੀਸਦੀ
ਬਠਿੰਡਾ ਦਿਹਾਤੀ 81.1 ਫ਼ੀਸਦੀ 78.24 ਫ਼ੀਸਦੀ
ਤਲਵੰਡੀ ਸਾਬੋ 85.6 ਫ਼ੀਸਦੀ 83.69 ਫ਼ੀਸਦੀ
ਮੋੜ 84.0 ਫ਼ੀਸਦੀ 80.54 ਫ਼ੀਸਦੀ
ਕੁੱਲ ਵੋਟ ਪ੍ਰਤੀਸ਼ਤਾ 82.26 ਫ਼ੀਸਦੀ 74.16 ਫ਼ੀਸਦੀ
ਬਾਕਸ
ਹਲਕਾ ਕੁੱਲ ਵੋਟਰ ਪੋਲ ਹੋਈਆਂ ਵੋਟਾਂ
ਰਾਮਪੁਰਾ 1,69,859 1,35,133
ਭੁੱਚੋਂ 1,84,785 1,48,570
ਬਠਿੰਡਾ ਸ਼ਹਿਰੀ 2,29,525 1,60,420
ਬਠਿੰਡਾ ਦਿਹਾਤੀ 1,58,082 1,23,685
ਤਲਵੰਡੀ ਸਾਬੋ 1,56,336 1,30,848
ਮੋੜ 1,67,547 1,35,000
ਜ਼ਿਲ੍ਹੇ ’ਚ ਕੁੱਲ ਵੋਟਾਂ 10,66,134 8,33,656
ਉਮੀਦਵਾਰਾਂ ਨੇ ਚੋਣ ਪ੍ਰਚਾਰ ਦਾ ਥਕੇਵਾਂ ਉਤਾਰਿਆ, ਪ੍ਰਵਾਰ ਨਾਲ ਬਤਾਇਆ ਸਮਾਂ
ਸੁਖਜਿੰਦਰ ਮਾਨ
ਬਠਿੰਡਾ, 21 ਫਰਵਰੀ: ਪਿਛਲੇ ਕਰੀਬ ਇੱਕ ਮਹੀਨੇ ਤੋਂ ਚੋਣ ਪ੍ਰਚਾਰ ’ਚ ਰੁੱਝੇ ਰਹੇ ਵੱਖ ਵੱਖ ਉਮੀਦਵਾਰਾਂ ਨੇ ਅੱਜ ਅਪਣਾ ਰੱਜ਼ ਕੇ ਥਕੇਵਾਂ ਉਤਾਰਿਆ। ਹਾਲਾਂਕਿ ਕਈ ਉਮੀਦਵਾਰਾਂ ਨੂੰ ਅੱਜ ਕੋਈ ਰੁਝੇਵਾਂ ਨਾ ਹੋਣ ਕਾਰਨ ਦਿਨ ਓਪਰਾ-ਓਪਰਾ ਵੀ ਲੱਗਿਆ। ਪ੍ਰੰਤੂ ਪ੍ਰਵਾਰ ਤੇ ਛੋਟੇ ਬੱਚਿਆਂ ਦੀਆਂ ਜੱਫ਼ੀਆਂ ਤੇ ਲਾਡ ਨੇ ਉਨ੍ਹਾਂ ਦਾ ਮਨ ਪ੍ਰਚਾਇਆ। ਬਠਿੰਡਾ ਸ਼ਹਿਰੀ ਹਲਕੇ ਤੋਂ ਅਗੇਤੀ ਚੋਣ ਮੁਹਿੰਮ ਵਿੱਢਣ ਵਾਲੇ ਅਕਾਲੀ ਉਮੀਦਵਾਰ ਸਰੂਪ ਸਿੰਗਲਾ ਨੇ ਦਸਿਆ ਕਿ ‘‘ ਅੱਜ ਕਾਫ਼ੀ ਲੰਮੇ ਸਮੇਂ ਬਾਅਦ ਉਹ ਤਨਾਅ ਮੁਕਤ ਵਾਲੀ ਸਥਿਤੀ ਵਿਚ ਆਏ। ਪੋਤੇ-ਪੋਤਰੀਆਂ ਤੇ ਦੋਹਤੇ-ਦੋਹਤੀਆਂ ਦੇ ਪਿਆਰ-ਲਾਡ ਨੇ ਉਨ੍ਹਾਂ ਨੂੰ ਮੁੜ ਬੱਚਾ ਬਣਾ ਦਿੱਤਾ। ’’ ਹਾਲਾਂਕਿ ਉਨ੍ਹਾਂ ਦੇ ਮਨ ਉਪਰ ਬੀਤੇ ਕੱਲ ਪਈਆਂ ਵੋਟਾਂ ਦੇ ਵਿਸਲੇਸਣ ਦਾ ਭਾਰ ਜਰੂਰ ਰਿਹਾ। ਉਨ੍ਹਾਂ ਅਪਣੇ ਸਮਰਥਕਾਂ ਨਾਲ ਬੂਥ ਮੁਤਾਬਕ ਪਈਆਂ ਵੋਟਾਂ ਦਾ ਜੋੜ-ਘੁਟਾਓ ਵੀ ਕੀਤਾ। ਨਾਲ ਹੀ ਪਿਛਲੇ ਲੰਮੇ ਸਮਂੇ ਤੋਂ ਨਾਲ ਡਟੇ ਸਮਰਥਕਾਂ ਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸ਼ਾਬਾਸੀ ਵੀ ਦਿੱਤੀ। ਉਨ੍ਹਾਂ ਦਸਿਆ ਕਿ ਸਮਾਂ ਕੱਢ ਕੇ ਨਜਦੀਕੀਆਂ ਦੇ ਵਿਆਹ ਸਮਾਗਮ ਵਿਚ ਵੀ ਸਮੂਲੀਅਤ ਕੀਤੀ। ਇਸੇ ਤਰ੍ਹਾਂ ਤਲਵੰਡੀ ਸਾਬੋ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਖ਼ੁਸਬਾਜ ਸਿੰਘ ਜਟਾਣਾ ਤਾਂ ਅੱਜ ਰੱਜ਼ ਕੇ ਸੁੱਤੇ। ਉਨ੍ਹਾਂ ਦਸਿਆ ਕਿ ਚੋਣ ਪ੍ਰਚਾਰ ’ਚ ਰਾਤ ਇੱਕ-ਦੋ ਵਜੇਂ ਸੌਂ ਕੇ ਮੁੜ 6 ਵਜੇਂ ਉਠਣ ਕਾਰਨ ਸਰੀਰ ਵਿਚ ਕਾਫ਼ੀ ਥਕਾਵਟ ਸੀ, ਜਿਸਦੇ ਚੱਲਦੇ ਅੱਜ ਸਾਰਾ ਦਿਨ ਅਰਾਮ ਨੂੰ ਹੀ ਤਰਜੀਹ ਦਿੱਤੀ। ਹਾਲਾਂਕਿ ਫ਼ੋਨ ’ਤੇ ਸਾਥੀਆਂ ਦਾ ਧੰਨਵਾਦ ਤੇ ਵੋਟਾਂ ਦੀ ਗਿਣਤੀ-ਮਿਣਤੀ ਜਰੂਰ ਜਾਰੀ ਰੱਖੀ। ਜਟਾਣਾ ਨੇ ਦਸਿਆ ਕਿ ਉਨ੍ਹਾਂ ਅੱਜ ਅਪਣੇ ਪ੍ਰਵਾਰ ਤੇ ਬੱਚਿਆਂ ਸਹਿਤ ਪੂਰਾ ਦਿਨ ਬਤੀਤ ਕੀਤਾ। ਬੱਚਿਆਂ ਨਾਲ ਛੋਟੀਆਂ-ਛੋਟੀਆਂ ਗੱਲਾਂ ਕੀਤੀਆਂ ਤੇ ਚੋਣ ਪ੍ਰਚਾਰ ’ਚ ਯਾਦਗਾਰੀ ਰਹੇ ਪਲਾਂ ਨੂੰ ਵੀ ਸਾਂਝਾ ਕੀਤਾ। ਬਠਿੰਡਾ ਦਿਹਾਤੀ ਤੋਂ ਆਪ ਉਮੀਦਵਾਰ ਅਮਿਤ ਰਤਨ ਨੇ ਦਸਿਆ ਕਿ ਉਹ ਦੇਰ ਰਾਤ ਸੁੱਤੇ ਹੋਣ ਕਾਰਨ ਅੱਜ ਅਰਾਮ ਨਾਲ ਉੱਠੇ ਤੇ ਮੁੜ ਪ੍ਰਵਾਰ ਨਾਲ ਨਾਸਤਾ ਵਗੈਰਾ ਕਰਨ ਤੋਂ ਬਾਅਦ ਸਮਰਥਕਾਂ ਨਾਲ ਮੁਲਾਕਾਤਾਂ ਕੀਤੀਆਂ। ਇਸਤੋਂ ਇਲਾਵਾ ਹਲਕੇ ਵਿਚ ਇੱਕ ਵਿਆਹ ਸਮਾਗਮ ਵਿਚ ਵੀ ਸਮੂਲੀਅਤ ਕੀਤੀ। ਭੁੱਚੋਂ ਮੰਡੀ ਹਲਕੇ ਤੋਂ ਵਿਧਾਇਕ ਤੇ ਉਮੀਦਵਾਰ ਪ੍ਰੀਤਮ ਸਿੰਘ ਕੋਟਭਾਈ ਨੇ ਦਸਿਆ ਕਿ ਉਹ ਰੋਜ਼ ਦੀ ਤਰ੍ਹਾਂ ਸੁਵੱਖਤੇ ਉਠੇ ਤੇ ਵਹਿਗੁਰੂ ਦਾ ਨਾਮ ਲੈਣ ਤੋਂ ਬਾਅਦ ਫ਼ਾਰਮ ਹਾਊਸ ਵਿਚ ਹਲਕੀ ਫ਼ੁਲਕੀ ਸੈਰ ਕੀਤੀ। ਹਾਲਾਂਕਿ ਪਿਛਲੇ ਮਹੀਨੇ-ਡੇਢ ਮਹੀਨੇ ਤੋਂ ਭੱਜ ਨੱਠ ਵਾਲੀ ਆਦਤ ਪੈਣ ਕਾਰਨ ਅੱਜ ਸਵੇਰ ਸਮੇਂ ਦਿਨ ਖ਼ਾਲੀ ਖਾਲੀ ਜਿਹਾ ਲੱਗਿਆ। ਜਿਸਦੇ ਚੱਲਦੇ ਚੋਣ ਪ੍ਰਚਾਰ ’ਚ ਲਗਾਤਾਰ ਖੜਾ ਰਹਿਣ ਤੇ ਭੱਜਦੋੜ ਚੱਲਦੀ ਰਹਿਣ ਕਾਰਨ ਆਕੜ ਚੁੱਕੇ ਸਰੀਰ ਦੀ ਮਾਲਸ਼ ਕਰਕੇ ਧੁੱਪ ਦਾ ਅਨੰਦ ਮਾਣਿਆ। ਉਨ੍ਹਾਂ ਦਸਿਆ ਕਿ ਮੁੜ ਵੋਟਾਂ ਦੇ ਵੇਰਵੇ ਲੈ ਕੇ ਪੁੱਜੇ ਹਲਕੇ ਦੇ ਵਰਕਰਾਂ ਨਾਲ ਹਲਕੀਆਂ ਫੁਲਕੀਆਂ ਗੱਲਾਂ ਕੀਤੀਆਂ ਤੇ ਦੋ ਵਿਆਹ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਇਆ। ਬਠਿੰਡਾ ਦਿਹਾਤੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਹਰਵਿੰਦਰ ਸਿੰਘ ਲਾਡੀ ਵੀ ਅੱਜ ਸਾਰਾ ਦਿਨ ਅਪਣੀ ਬਠਿੰਡਾ ਸਥਿਤ ਰਿਹਾਇਸ਼ ’ਤੇ ਰਹੇ। ਹਾਲਾਂਕਿ ਵਰਕਰ ਉਨ੍ਹਾਂ ਕੋਲ ਆਉਂਦੇ ਜਾਂਦੇ ਰਹੇ ਪ੍ਰੰਤੂ ਦਿਨ ਤਨਾਅਰਹਿਤ ਮਹਿਸੂਸ ਹੋਇਆ। ਤਲਵੰਡੀ ਸਾਬੋ ਤੋਂ ਭਾਜਪਾ ਉਮੀਦਵਾਰ ਰਵੀਪ੍ਰੀਤ ਸਿੰਘ ਸਿੱਧੂ ਨੇ ਦਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਤਿਆਰ-ਬਰ-ਤਿਆਰ ਹੋਣ ਤੋਂ ਬਾਅਦ ਸ਼੍ਰੀ ਅਕਾਲ ਪੁਰਖ਼ ਦਾ ਸੁਕਰਾਨਾ ਕੀਤਾ। ਉਸਤੋਂ ਬਾਅਦ ਲੰਮੇ ਸਮੇਂ ਤੋਂ ਚੋਣ ਮੁਹਿੰਮ ਵਿਚ ਜੁੜੇ ਸਾਥੀਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨਾਲ ਚਾਹ ਦਾ ਕੱਪ ਸਾਂਝਾ ਕੀਤਾ।
ਜਿਲ੍ਹਾ ਭਾਸਾ ਵਿਭਾਗ ਵੱਲੋਂ ਮਨਾਇਆ ਗਿਆ ਅੰਤਰਰਾਸਟਰੀ ਮਾਤਾ ਭਾਸਾ ਦਿਵਸ
ਸੁਖਜਿੰਦਰ ਮਾਨ
ਬਠਿੰਡਾ, 21 ਫਰਵਰੀ: ਜਿਲ੍ਹਾ ਭਾਸਾ ਵਿਭਾਗ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਸਥਾਨਕ ਰਿਜਨਲ ਸੈਂਟਰ ਦੇ ਸਹਿਯੋਗ ਨਾਲ ਅੱਜ ਇੱਥੇ ਅੰਤਰਾਰਾਸਟਰੀ ਮਾਤ ਭਾਸਾ ਦਿਵਸ ਮਨਾਇਆ ਗਿਆ। ਇਸ ਮੌਕੇ ਪੰਜਾਬੀ ਮਾਂ- ਬੋਲੀ ਦੀ ਪ੍ਰਫੁੱਲਤਾ, ਪ੍ਰਚਾਰ, ਪ੍ਰਸਾਰ ਅਤੇ ਸੰਚਾਰ ਦਾ ਅਹਿਦ ਲਿਆ ਗਿਆ। ਇਸ ਸਮਾਗਮ ਦੌਰਾਨ ਡਾ. ਜਸਬੀਰ ਸਿੰਘ ਹੁੰਦਲ ਡਾਇਰੈਕਟਰ ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਮੁੱਖ ਮਹਿਮਾਨ ਅਤੇ ਇਕਬਾਲ ਸਿੰਘ ਬੁੱਟਰ ਉੱਪ ਜਿਲ੍ਹਾ ਸਿੱਖਿਆ ਅਫਸਰ ਵਿਸੇਸ ਮਹਿਮਾਨ ਵਜੋਂ ਮੌਜੂਦ ਸਨ । ਜਿਲ੍ਹਾ ਭਾਸਾ ਅਫਸਰ ਕੀਰਤੀ ਕਿਰਪਾਲ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਦਸਿਆ ਕਿ ਵਿਭਾਗ ਇਸ ਦਿਵਸ ਨੂੰ ਇੱਕ ਸਪਤਾਹ ਵਜੋਂ ਮਨਾ ਰਿਹਾ ਹੈ ਜਿਸ ਤਹਿਤ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਸਾਹਿਤਕ ਸਰਗਰਮੀਆਂ ਉਲੀਕੀਆਂ ਗਈਆਂ ਹਨ । ਮੁੱਖ ਵਕਤਾ ਦੇ ਤੌਰ ‘ਤੇ ਉੱਘੇ ਕਹਾਣੀਕਾਰ ਅਤਰਜੀਤ ਨੇ ਆਪਣੇ ਵਿਚਾਰ ਰਖਦਿਆਂ ਮਾਂ ਬੋਲੀ ਦਿਵਸ ਦੇ ਇਤਿਹਾਸ ਅਤੇ ਮਹੱਤਤਾ ਉੱਤੇ ਚਾਨਣਾ ਪਾਇਆ। ਸੰਸਥਾ ਦੇ ਪੋਸਟ ਗ੍ਰੈਜੂਏਟ ਵਿਭਾਗ ਦੇ ਮੁਖੀ ਡਾ ਰਜਿੰਦਰ ਸਿੰਘ ਨੇ ਅਜੋਕੇ ਯੁੱਗ ਵਿੱਚ ਮਾਤ ਭਾਸਾ ਦੇ ਸਥਾਨ ਬਾਬਤ ਗੱਲ ਕੀਤੀ। ਵਿਸੇਸ ਮਹਿਮਾਨ ਇਕਬਾਲ ਸਿੰਘ ਬੁੱਟਰ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਾਨੂੰ ਆਪਣੇ ਘਰਾਂ ਵਿੱਚ ਵੱਧ ਤੋਂ ਵੱਧ ਮਾਂ ਬੋਲੀ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਬੱਚਿਆਂ ਨਾਲ ਇਸਦਾ ਮੋਹ ਪੈ ਸਕੇ ।
ਮੁੱਖ ਮਹਿਮਾਨ ਡਾ. ਜਸਬੀਰ ਸਿੰਘ ਹੁੰਦਲ ਨੇ ਭਾਸਾ ਵਿਭਾਗ ਪੰਜਾਬ ਦੇ ਇਸ ਉਪਰਾਲੇ ਦੀ ਸਲਾਘਾ ਕਰਦਿਆ ਕਿਹਾ ਕਿ ਵਿੱਦਿਅਕ ਅਦਾਰਿਆਂ ‘ਚ ਅਜਿਹੇ ਸਮਾਗਮ ਹੁੰਦੇ ਰਹਿਣੇ ਚਾਹੀਦੇ ਹਨ ਤਾਂ ਜੋ ਵਿਦਿਆਰਥੀ ਵਰਗ ਨੂੰ ਮਾਂ ਬੋਲੀ ਨਾਲ ਜੋੜਿਆ ਜਾ ਸਕੇ । ਸੁਰੀਲੀ ਆਵਾਜ ਦੇ ਮਾਲਿਕ ਗਾਇਕ ਰਮਨਦੀਪ ਸਿੰਘ ਨੇ ਮਾਂ ਬੋਲੀ ਦੇ ਸੰਦਰਭ ‘ਚ ਖੂਬਸੂਰਤ ਗੀਤਾਂ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਵੀ ਗੀਤ ਅਤੇ ਕਵਿਤਾਵਾਂ ਦੀ ਪੇਸਕਾਰੀ ਕੀਤੀ ਗਈ । ਸਮਾਗਮ ਦੌਰਾਨ ਮੰਚ ਸੰਚਾਲਨ ਖੋਜ ਅਫਸਰ ਨਵਪ੍ਰੀਤ ਸਿੰਘ ਨੇ ਕੀਤਾ । ਇਸ ਮੌਕੇ ਸਹਿਰ ਦੇ ਉੱਘੇ ਸਾਹਿਤਕਾਰਾਂ ਵਿੱਚੋਂ ਸੁਰਿੰਦਰਪ੍ਰੀਤ ਘਣੀਆ, ਗੁਰਦੇਵ ਸਿੰਘ ਖੋਖਰ, ਸੁਦਰਸਨ ਗਰਗ, ਨਿਰੰਜਨ ਸਿੰਘ ਪ੍ਰੇਮੀ, ਡਾ. ਰਵਿੰਦਰ ਸੰਧੂ, ਰਣਬੀਰ ਰਾਣਾ, ਲਛਮਣ ਸਿੰਘ ਮਲੂਕਾ ਅਤੇ ਰੀਜਨਲ ਸੈਂਟਰ ਬਠਿੰਡਾ ਕੈਂਪਸ ਦਾ ਸਮੂਹ ਸਟਾਫ ਮੌਜੂਦ ਰਿਹਾ ।
ਪੀ ਏ ਯੂ ਚ ਆਨਲਾਈਨ ਪੇਪਰਾਂ ਦੀ ਮੰਗ ਨੂੰ ਵਿਦਿਆਰਥੀਆਂ ਦਾ ਮੋਰਚਾ ਲਗਾਤਾਰ 7 ਵੇਂ ਦਿਨ ਜਾਰੀ
ਸੈਂਕੜੇ ਵਿਦਿਆਰਥੀ ਮੋਰਚੇ ਕਾਰਨ ਵੋਟ ਪਾਉਣ ਨਹੀਂ ਗਏ
ਹਰਪ੍ਰੀਤ ਬਰਾੜ
ਲੁਧਿਆਣਾ ,20 ਫਰਵਰੀ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਪਿਛਲੇ ਪਿਛਲੇ 7 ਦਿਨਾਂ ਤੋਂ ਵਿਦਿਆਰਥੀ ਅਣਮਿੱਥੇ ਸਮੇਂ ਲਈ ਧਰਨਾ ਲਗਾ ਕੇ ਆਨਲਾਈਨ ਪੇਪਰਾਂ ਦੀ ਮੰਗ ਕਰ ਰਹੇ ਨੇ। ਵਿਦਿਆਰਥੀਆ ਵੱਲੋਂ ਅੱਜ ਐਤਵਾਰ ਚੋਣਾਂ ਵਾਲੇ ਦਿਨ ਵੀ ਮੋਰਚਾ ਜਾਰੀ ਰੱਖਿਆ ਗਿਆ। ਬੁਲਾਰਿਆਂ ਨੇ ਧਰਨੇ ਚ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਵਿਦਿਆਰਥੀਆਂ ਨੇ ਗੀਤਾਂ ਕਵਿਤਾਵਾਂ ਅਤੇ ਨਾਹਰਿਆਂ ਰਾਹੀਂ ਆਪਣਾ ਰੋਸ ਜਾਹਰ ਕੀਤਾ। ਅਤੇ 4 ਵਜੇ ਪੀ ਏ ਯੂ ਪ੍ਰੋਫੈਸਰ ਅਤੇ ਡਾਕਟਰਾਂ ਦੀ ਰਿਹਾਇਸ਼ ਅਤੇ ਕੈਂਪਸ ਵਿਚ ਪੈਦਲ ਰੋਸ ਮਾਰਚ ਕੱਢ ਕੇ ਰੋਸ ਜਾਹਿਰ ਕੀਤਾ।
ਵਿਦਿਆਰਥੀਆਂ ਨੇ ਕਿਹਾ ਕੇ ਓਹਨਾ ਨੇ ਯੂਨੀਵਰਸਿਟੀ ਅਧਿਕਾਰੀਆਂ ਨੂੰ ਹਰ ਮੀਟਿੰਗ ਚ ਪੇਪਰ ਪਹਿਲਾਂ ਵਾਲੇ ਤਰੀਕੇ ਨਾਲ ਹੀ ਲੈਣ ਦੀ ਅਪੀਲ ਕੀਤੀ ਕਿਉਕਿ ਪੜਾਈ ਸਿਖਲਾਈ ਵੀ ਆਨਲਾਈਨ ਤਰੀਕੇ ਨਾਲ ਹੋਈ ਸੀ। ਵਿਦਿਆਰਥੀਆਂ ਨੇ ਦੱਸਿਆ ਕਿ ਸਾਰੇ ਪ੍ਰੈਕਟਿਕਲ ਵੀ ਆਨਲਾਈਨ ਹੋਏ ਜਦ ਕਿ ਪ੍ਰੈਕਟਿਕਲ ਤਾਂ ਹੁੰਦੇ ਹੀ ਹੱਥੀਂ ਕਰਨ ਵਾਲੇ ਹੁੰਦੇ ਨੇ। ਜਦੋਂ ਇਹ ਸਭ ਆਨਲਾਈਨ ਕੀਤਾ ਜਾ ਸਕਦਾ ਹੈ ਤਾਂ ਆਖਰੀ ਪੇਪਰਾਂ ਵੇਲੇ ਕਿਉਂ ਨਹੀਂ ਵਿਦਿਆਰਥੀਆਂ ਦੀ ਮੰਗ ਮੰਨ ਕੇ ਪੇਪਰ ਪਹਿਲਾਂ ਵਾਂਗ ਆਨਲਾਈਨ ਲੈਕੇ ਅਗਲਾ ਸਮੈਸਟਰ ਸ਼ੁਰੂ ਕੀਤਾ ਜਾ ਰਿਹਾ।ਵਿਦਿਆਰਥੀਆਂ ਨੇ ਅਧਿਕਾਰੀਆਂ ਵੱਲੋਂ ਕਿਸੇ ਕੰਪਨੀ ਰਾਹੀਂ ਆਨਲਾਈਨ ਪੇਪਰ ਕਰਾਉਣ ਦੀ ਪੇਸ਼ਕਸ਼ ਵੀ ਠੁਕਰਾਈ ਕਿਉਂਕਿ ਪੇਪਰ ਪਹਿਲਾਂ ਵੀ ਬਿਨਾ ਕਿਸੇ ਕੰਪਨੀ / ਖਾਸ ਸਾਫਟਵੇਅਰ ਦੇ ਹੁੰਦੇ ਸਨ ਤਾਂ ਹੁਣ ਕਿਉਂ ਓਹਨਾ ਦੀ ਜਰੂਰਤ ਪੈ ਰਹੀ ਹੈ। ਕੀ ਜੇਹੜੇ ਪਹਿਲਾਂ ਤਿੰਨ ਸਮੈਸਟਰ ਚ ਪੇਪਰ ਲਏ ਸਨ ਓਹ ਗਲਤ ਲਏ ਗਏ ? ਫੇਰ ਆਖਰੀ ਪੇਪਰਾਂ ਵੇਲੇ ਕਿਉਂ ਮਸਲਾ ਲਟਕਾਇਆ ਜਾ ਰਿਹਾ ਹੈ। ਅੱਜ ਵਿਦਿਆਰਥੀਆਂ ਦੇ ਸੰਘਰਸ਼ ਦੀ ਹਮਾਇਤ ਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ (ਸਿੱਧੂਪੁਰ) ਵੱਲੋਂ ਬਿਆਨ ਜਾਰੀ ਕਰਕੇ ਯੂਨੀਵਰਸਿਟੀ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਵਿਦਿਆਰਥੀਆਂ ਦੀ ਮੰਗ ਜਲਦੀ ਮੰਨੀ ਜਾਵੇ।
ਬਠਿੰਡਾ ’ਚ 76 ਫ਼ੀਸਦੀ ਦੇ ਕਰੀਬ ਹੋਈ ਪੋਲਿੰਗ
ਮੋੜ ਨੇ ਮਾਰੀ ਬਾਜ਼ੀ, ਬਠਿੰਡਾ ਸ਼ਹਿਰੀ ਪਿਛੜਿਆ
ਬਠਿੰਡਾ ’ਚ 69 ਉਮੀਦਵਾਰ ਦੀ ਕਿਸਮਤ ਹੋਈ ‘ਬਕਸਿਆਂ’ ’ਚ ਬੰਦ
ਸੁਖਜਿੰਦਰ ਮਾਨ
ਬਠਿੰਡਾ, 20 ਫਰਵਰੀ: ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ ਪਈਆਂ ਵੋਟਾਂ ਦੌਰਾਨ ਬਠਿੰਡਾ ਜ਼ਿਲ੍ਹੇ ਵਿਚ ਕੁੱਝ ਛੋਟੀਆਂ-ਮੋਟੀਆਂ ਘਟਨਾਵਾਂ ਨੂੰ ਛੱਡ ਵੋਟ ਪ੍ਕਿ੍ਆ ਅਮਨ ਤੇ ਸ਼ਾਂਤੀ ਨਾਲ ਖ਼ਤਮ ਹੋ ਗਈ। ਜ਼ਿਲ੍ਹੇ ’ਚ ਦੇਰ ਸ਼ਾਮ ਤੱਕ ਮਿਲੀ ਸੂਚਨਾ ਮੁਤਾਬਕ ਕਰੀਬ 76.20 ਫ਼ੀਸਦੀ ਪੋਲਿੰਗ ਦਰਜ਼ ਕੀਤੀ ਗਈ ਹੈ। ਵੋਟ ਪ੍ਰਤੀਸ਼ਤਾਂ ਵਿਚ ਮੋੜ ਹਲਕੇ ਦੇ ਵੋਟਰ ਬਾਜ਼ੀ ਮਾਰ ਗਏ ਜਦੋਂਕਿ ਸਭ ਤੋਂ ਘੱਟ ਪੋਲਿੰਗ ਬਠਿੰਡਾ ਸ਼ਹਿਰੀ ਹਲਕੇ ਵਿਚ ਰਹੀ। ਜੇਕਰ ਹਲਕਾ ਵਾਇਜ ਗੱਲ ਕੀਤੀ ਜਾਵੇ ਤਾਂ ਰਾਮਪੁਰਾ ਫੂਲ ਹਲਕੇ ਵਿਚ 76.8 ਫੀਸਦੀ, ਭੁੱਚੋ ਮੰਡੀ ਵਿਚ 76 ਫੀਸਦੀ, ਬਠਿੰਡਾ ਸਹਿਰੀ ਵਿਚ 69.9 ਫੀਸਦੀ, ਬਠਿੰਡਾ ਦਿਹਾਤੀ ਵਿਚ 74.9 ਫੀਸਦੀ, ਤਲਵੰਡੀ ਸਾਬੋ 79.9 ਅਤੇ ਮੋੜ ਹਲਕੇ ਵਿਚ ਸਭ ਤੋਂ ਵੱਧ 80.57 ਫੀਸਦੀ ਵੋਟਾਂ ਪਈਆਂ। ਪੋਲਿੰਗ ਸ਼ੁਰੂ ਹੁੰਦੇ ਹੀ ਵੋਟਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਜਿਆਦਾਤਰ ਪੋਲਿੰਗ ਬੂਥਾਂ ਉਪਰ ਵੋਟਰ ਸਵੇਰੇ ਅੱਠ ਵਜੇਂ ਤੋਂ ਹੀ ਲਾਈਨਾਂ ਵਿਚ ਲੱਗਣੇ ਸ਼ੁਰੂ ਹੋ ਗਏ। ਹਾਲਾਂਕਿ ਵੋਟਿੰਗ ਦੇ ਆਖ਼ਰੀ ਦੋ ਘੰਟਿਆਂ ਦੌਰਾਨ ਵੀ ਪੋਲਿੰਗ ਬੂਥਾਂ ’ਤੇ ਹੈਰਾਨੀਜਨਕ ਤਰੀਕੇ ਨਾਲ ਭੀੜ ਦੇਖਣ ਨੂੰ ਮਿਲੀ ਜਦੋਂ ਕਿ ਦੁਪਿਹਰ ਸਮੇਂ ਕਈ ਪੋਲਿੰਗ ਬੂਥ ਖਾਲੀ ਵੀ ਦੇਖੇ ਗਏ। ਵੋਟ ਪ੍ਰਕਿਰਿਆ ਸਮਾਪਤ ਹੋਣ ਦੇ ਚੱਲਦੇ ਜ਼ਿਲ੍ਹੇ ਅਧੀਨ ਆਉਂਦੇ 6 ਵਿਧਾਨ ਸਭਾ ਹਲਕਿਆਂ ਵਿਚ ਖੜੇ ਕੁੱਲ 69 ਉਮੀਦਵਾਰਾਂ ਦੀ ਕਿਸਮਤ ਸ਼ਾਮ ਸਮੇਂ ਮਸ਼ੀਨਾਂ ਵਿਚ ਬੰਦ ਹੋ ਗਈ। ਇੰਨ੍ਹਾਂ ਚੋਣਾਂ ਲਈ ਚੋਣ ਮੈਦਾਨ ਵਿਚ ਨਿੱਤਰੇ ਉਮੀਦਵਾਰਾਂ ਵਲੋਂ ਪਿਛਲੇ ਕਈ ਮਹੀਨਿਆਂ ਤੋਂ ਹੀ ਅਪਣੀ ਜਿੱਤ ਲਈ ਮਿਹਨਤ ਕੀਤੀ ਜਾ ਰਹੀ ਸੀ। ਜਿਸਦੇ ਚੱਲਦੇ ਵੋਟਾਂ ਦਾ ਕੰਮ ਸੁੱਖੀ-ਸਾਂਦੀ ਨਿਬੜਣ ਕਾਰਨ ਇੰਨ੍ਹਾਂ ਉਮੀਦਵਾਰਾਂ ਨੇ ਵੀ ਸੁੱਖ ਦਾ ਸਾਹ ਲਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇੰਨ੍ਹਾਂ ਵੋਟਾਂ ਲਈ ਜਿੱਥੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ, ਉਥੇ ਸਿਵਲ ਪ੍ਰਸ਼ਾਸਨ ਨੇ ਵੀ ਪੋਲਿੰਗ ਬੂਥਾਂ ’ਤੇ ਹਰ ਤਰ੍ਹਾਂ ਦੇ ਇੰਤਜਾਮ ਕੀਤੇ ਹੋਏ ਸਨ। ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨ ਲਈ ਵੱਡੀ ਗਿਣਤੀ ਵਿੱਚ ਅੱਗੇ ਆਉਣ ਲਈ ਜ਼ਿਲ੍ਹੇ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਅਮਨ ਅਮਾਨ ਨਾਲ ਵੋਟਰਾਂ ਨੇ ਵੋਟਾਂ ਵਿੱਚ ਵਧ-ਚੜ੍ਹਕੇ ਹਿੱਸਾ ਲਿਆ ਹੈ, ਉਸਦੇ ਲਈ ਉਹ ਵਧਾਈ ਦੇ ਪਾਤਰ ਹਨ। ਇਸੇ ਤਰ੍ਹਾਂ ਐਸ.ਐਸ.ਪੀ ਅਮਨੀਤ ਕੋਂਡਲ ਨੇ ਵੀ ਜ਼ਿਲ੍ਹੇ ਵਿਚ ਸ਼ਾਂਤੀ ਬਣਾਈ ਰੱਖਣ ਲਈ ਵੋਟਰਾਂ ਦੀ ਪ੍ਰਸੰਸਾਂ ਕੀਤੀ। ਉਨ੍ਹਾਂ ਦਸਿਆ ਕਿ ਛੋਟੀਆਂ-ਮੋਟੀਆਂ ਘਟਨਾਵਾਂ ਨੂੰ ਛੱਡ ਜ਼ਿਲ੍ਹੇ ਵਿਚ ਕੁੱਲ ਮਿਲਾ ਕੇ ਸ਼ਾਂਤੀ ਬਣੀ ਰਹੀ ਤੇ ਵੋਟਰਾਂ ਨੇ ਜ਼ਿਲ੍ਹਾ ਪੁਲਿਸ ਦਾ ਪੂਰਾ ਸਾਥ ਦਿੱਤਾ।
ਵਿਧਾਨ ਸਭਾ ਹਲਕਾ 9 ਵਜੇਂ 11 ਵਜੇਂ 1ਵਜੇਂ 3 ਵਜੇਂ 5ਵਜੇਂ ਕੁੱਲ ਪੋਲਿੰਗ
ਵਿਧਾਨ ਸਭਾ ਹਲਕਾ 9 ਵਜੇਂ 11 ਵਜੇਂ 1ਵਜੇਂ 3 ਵਜੇਂ 5ਵਜੇਂ ਕੁੱਲ ਪੋਲਿੰਗ
Rampura Phul 7 23.4 41.4 59 72.40 76.8
Bhucho Mandi 5.03 20.5 38.7 55 65.13 76
Bathinda Urban 5.5 20.1 35.4 49.8 63.6 69.9
Bathinda Rural 4.03 19.2 35.3 54.3 70.2 74.9
Talwandi Sabo 6.95 22.5 42.06 59.99 74.96 79
Maur 6.1 21.14 40.86 57.11 72.87 80.57
Total Distt 5.75 21.8 38.75 55.48 69.37 76.20
ਵੋਟ ਪਾਉਣ ਆਏੇ ਬਜੁਰਗ ਦੀ ਦਿਲ ਦੇ ਦੌਰੇ ਨਾਲ ਹੋਈ ਮੌਤ
ਸੁਖਜਿੰਦਰ ਮਾਨ
ਬਠਿੰਡਾ, 20 ਫਰਵਰੀ: ਬਠਿੰਡਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਭੁੱਚੋ ਰਾਖਵਾਂ ਅਧੀਨ ਪੈਂਦੇ ਪਿੰਡ ਆਕਲੀਆਂ ਕਲਾਂ ਵਿੱਚ ਅੱਜ ਸਵੇਰੇ ਵੋਟ ਪਾਉਣ ਆਏ ਇੱਕ ਬਜੁਰਗ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿ੍ਰਤਕ ਬਜ਼ੁਰਗ ਦੀ ਪਹਿਚਾਣ ਹਰਬੰਸ ਸਿੰਘ 65 ਪੁੱਤਰ ਨਛੱਤਰ ਸਿੰਘ ਵਾਸੀ ਆਕਲੀਆ ਕਲਾਂ ਦੇ ਤੌਰ ’ਤੇ ਹੋਈ ਹੈ। ਚੋਣ ਅਧਿਕਾਰੀਆਂ ਨੇ ਦਸਿਆ ਕਿ ਮਿ੍ਰਤਕ ਹਰਬੰਸ ਸਿੰਘ ਅੱਜ ਸਵੇਰੇ ਅਪਣੇ ਪਿੰਡ ਦੇ ਸਕੂਲ ਵਿਚ ਪੋ�ਿਗ ਬੂਥ ਨੰਬਰ 11 ਵਿਚ ਪੁੱਜਿਆ ਸੀ। ਇਸ ਦੌਰਾਨ ਸਕੂਲ ਦੇ ਗੇਟ ਅੱਗੇ ਪਹੁੰਚਦਿਆਂ ਹੀ ਉਸਨੂੰ ਦਿਲ ਦਾ ਦੌਰਾ ਪੈ ਗਿਆ , ਜਿਸ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ।
ਬਠਿੰਡਾ ’ਚ ਜਿਆਦਾਤਰ ਉਮੀਦਵਾਰ ਅਪਣੇ ਹੱਕ ਵਿਚ ਨਹੀਂ ਪਾ ਸਕੇ ਅਪਣੀ ਵੋਟ
ਕਈ ਉਮੀਦਵਾਰਾਂ ਨੇ ਸਵੇਰੇ-ਸਵੇਰੇ ਵੋਟ ਭੁਗਤਾਈ
ਸੁਖਜਿੰਦਰ ਮਾਨ
ਬਠਿੰਡਾ, 20 ਫਰਵਰੀ: ਅਪਣੇ ਹੱਕ ’ਚ ਇੱਕ-ਇੱਕ ਵੋਟ ਲਈ ਵੋਟਰਾਂ ਨੂੰ ਅਪੀਲ ਕਰਨ ਵਾਲੇ ਜ਼ਿਲ੍ਹੇ ਦੇ ਜਿਆਦਾ ਉਮੀਦਵਾਰ ਅਪਣੀ ਵੋਟ ਅਪਣੇ ਹੱਕ ਵਿਚ ਨਹੀਂ ਪਾ ਸਕੇ। ਇਸਦਾ ਮੁੱਖ ਕਾਰਨ ਜਿਆਦਾਤਰ ਪ੍ਰਮੁੱਖ ਪਾਰਟੀਆਂ ਦੇ ਵਲੋਂ ਚੋਣ ਮੈਦਾਨ ਵਿਚ ਉਤਾਰੇ ਗਏ ਉਮੀਦਵਾਰਾਂ ਦਾ ਹਲਕੇ ਤੋਂ ਬਾਹਰੀ ਹੋਣਾ ਹੈ। ਬਠਿੰਡਾ ਸ਼ਹਿਰੀ ਹਲਕੇ ਤੋਂ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਅਪਣੀ ਵੋਟ ਲੰਬੀ ਹਲਕੇ ’ਚ ਅਪਣੇ ਜੱਦੀ ਪਿੰਡ ਬਾਦਲ ਵਿਖੇ ਪਾਈ। ਅਪਣੇ ਹਲਕੇ ’ਚ ਆਉਣ ਤੋਂ ਪਹਿਲਾਂ ਉਨ੍ਹਾਂ ਕਰੀਬ ਸਵਾ ਅੱਠ ਵਜੇਂ ਹੀ ਅਪਣੀ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਕੀਤਾ। ਜਦੋਂਕਿ ਉਨ੍ਹਾਂ ਦੇ ਵਿਰੋਧੀਆਂ ਅਕਾਲੀ ਦਲ ਦੇ ਸਰੂਪ ਚੰਦ ਸਿੰਗਲਾ ਤੇ ਆਪ ਦੇ ਜਗਰੂਪ ਗਿੱਲ ਨੇ ਅਪਣੇ ਹੱਕ ’ਚ ਅਪਣੀਆਂ ਵੋਟਾਂ ਪਾਈਆਂ। ਇਸੇ ਤਰ੍ਹਾਂ ਹਲਕੇ ਮੋੜ ਵਿਚ ਜਿੱਥੇ ਪੰਜ ਕੌਣਾ ਮੁਕਾਬਲਾ ਹੈ, ਪ੍ਰੰਤੂ ਤਿੰਨ ਉਮੀਦਵਾਰ ਅਪਣੀ ਵੋਟ ਅਪਣੇ ਹੱਕ ਵਿਚ ਨਹੀਂ ਪਾ ਸਕੇ। ਇੰਨ੍ਹਾਂ ਵਿਚ ਕਾਂਗਰਸ ਪਾਰਟੀ ਦੀ ਉਮੀਦਵਾਰ ਮੰਜੂ ਬਾਂਸਲ, ਭਾਜਪਾ ਉਮੀਦਵਾਰ ਦਿਆਲ ਸੋਢੀ ਤੇ ਸਮਾਜ ਮੋਰਚੇ ਵਲੋਂ ਲੱਖਾ ਸਿਧਾਣਾ ਦਾ ਨਾਮ ਸ਼ਾਮਲ ਹੈ। ਮੰਜੂ ਬਾਂਸਲ ਦੀ ਵੋਟ ਮਾਨਸਾ ਸਹਿਰੀ ਹਲਕੇ ਵਿਚ ਬਣੀ ਹੋਈ ਹੈ। ਜਦੋਂਕਿ ਦਿਆਲ ਸੋਢੀ ਦੀ ਅਪਣੀ ਵੋਟ ਭੁੱਚੋਂ ਮੰਡੀ ਹਲਕੇ ਦੇ ਪਿੰਡ ਤੂੰਗਵਾਲੀ ਵਿਚ ਹੈ। ਲੱਖਾ ਸਿਧਾਣਾ ਦੀ ਵੋਟ ਰਾਮਪੁਰਾ ਹਲਕੇ ਦੇ ਪਿੰਡ ਸਿਧਾਣਾ ਵਿਚ ਹੈ। ਇਸੇ ਤਰ੍ਹਾਂ ਬਠਿੰਡਾ ਦਿਹਾਤੀ ਹਲਕੇ ਤੋਂ ਚੋਣ ਲੜ ਰਹੇ ਹਰਵਿੰਦਰ ਸਿੰਘ ਲਾਡੀ ਤੇ ਪ੍ਰਕਾਸ਼ ਸਿੰਘ ਭੱਟੀ ਦੀ ਹਲਕੇ ਵਿਚ ਵੋਟ ਨਹੀਂ ਹੈ। ਹਰਵਿੰਦਰ ਸਿੰਘ ਲਾਡੀ ਦੀ ਵੋਟ ਭੁੱਚੋਂ ਮੰਡੀ ਦੇ ਪਿੰਡ ਹਰਰਾਏਪੁਰ ਵਿਚ ਹੈ। ਇਸ ਹਲਕੇ ਤੋਂ ਆਪ ਉਮੀਦਵਾਰ ਅਮਿਤ ਰਤਨ ਦੀ ਪਟਿਆਲਾ ਵਿਖੇ ਰਿਹਾਇਸ਼ ਹੋਣ ਦੇ ਬਾਵਜੂਦ ਵੋਟ ਹਲਕੇ ’ਚ ਪੈਂਦੇ ਅਪਣੇ ਜੱਦੀ ਪਿੰਡ ਕੋਟਫੱਤਾ ਵਿਖੇ ਬਣੀ ਹੋਈ ਹੈ, ਜਿੱਥੇ ਉਨ੍ਹਾਂ ਅਪਣੇ ਪ੍ਰਵਾਰ ਸਮੇਤ ਅਪਣੇ ਹੱਕ ਵਿਚ ਅਪਣੀਆਂ ਵੋਟਾਂ ਪਾਈਆਂ। ਉਧਰ ਭੁੱਚੋਂ ਮੰਡੀ ਵਿਚ ਤਿੰਨ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ, ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਤੇ ਰੁਪਿੰਦਰਜੀਤ ਸਿੰਘ ਵੀ ਹਲਕੇ ਤੋਂ ਬਾਹਰਲੇ ਹਨ। ਵਿਧਾਇਕ ਕੋਟਭਾਈ ਨੇ ਦਸਿਆ ਕਿ ਉਨ੍ਹਾਂ ਅਪਣੇ ਪਿੰਡ ਦੇ ਦੇ ਸਕੂਲ ਵਿਚ ਸਵੇਰੇ ਸਵਾ ਅੱਠ ਵਜੇਂ ਹੀ ਅਪਣੀ ਪਤਨੀ ਨਾਲ ਵੋਟ ਪਾ ਦਿੱਤੀ ਸੀ ਕਿਉਂਕਿ ਮੁੜ ਭੁੱਚੋਂ ਮੰਡੀ ਹਲਕੇ ਵਿਚ ਆਉਣਾ ਸੀ।ਇਸੇ ਤਰ੍ਹਾਂ ਰੁਪਿੰਦਰਜੀਤ ਸਿੰਘ ਨੇ ਭੁੱਚੋਂ ਮੰਡੀ ਹਲਕੇ ਵਿਚ ਜਾਣ ਤੋਂ ਪਹਿਲਾਂ ਬਠਿੰਡਾ ਸ਼ਹਿਰੀ ਹਲਕੇ ਵਿਚ ਅਪਣੇ ਪ੍ਰਵਾਰ ਸਹਿਤ ਵੋਟ ਪਾਈ। ਤਲਵੰਡੀ ਸਾਬੋ ਹਲਕੇ ਵਿਚ ਹਰਮਿੰਦਰ ਸਿੰਘ ਜੱਸੀ, ਜੀਤਮਹਿੰਦਰ ਸਿੱਧੂ ਤੇ ਖ਼ੁਸਬਾਜ ਸਿੰਘ ਜਟਾਣਾ ਵੀ ਹਲਕੇ ਤੋਂ ਬਾਹਰਲੇ ਹਨ, ਉਹ ਵੀ ਅਪਣੇ ਹੱਕ ਵਿਚ ਤਲਵੰਡੀ ਸਾਬੋ ਹਲਕੇ ਵਿਚ ਵੋਟ ਨਹੀਂ ਪਾ ਸਕਦੇ ਸਨ। ਇਸਤੋਂ ਇਲਾਵਾ ਰਾਮਪੁਰਾ ਫ਼ੂਲ ਹਲਕੇ ਤੋਂ ਬਲਕਾਰ ਸਿੱਧੂ ਦੀ ਵੀ ਹਲਕੇ ਵਿਚ ਵੋਟ ਨਹੀਂ ਹੈ।





