ਸੁਖਜਿੰਦਰ ਮਾਨ
ਬਠਿੰਡਾ, 12 ਫ਼ਰਵਰੀ: ਬਠਿੰਡਾ ਸ਼ਹਿਰੀ ਤੋਂ ਅਕਾਲੀ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਸਰੂਪ ਚੰਦ ਸਿੰਗਲਾ ਦੀ ਨੂੰਹ ਗੁਰਰੀਤ ਸਿੰਗਲਾ ਵੱਲੋਂ ਅੱਜ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਚੋਣ ਮੀਟਿੰਗਾਂ ਕੀਤੀਆਂ ਗਈਆਂ। ਪੰਚਵਟੀ ਨਗਰ ਵਿੱਚ ਰਤਨ ਸ਼ਰਮਾ ਮਲੂਕਾ ਦੇ ਗ੍ਰਹਿ ਵਿਖੇ ਔਰਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਗੁਰਰੀਤ ਸਿੰਗਲਾ ਨੇ ਕਿਹਾ ਕਿ ਅਗਾਂਹ ਵਧੂ ਸੋਚ ਵਾਲੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਸੂਬੇ ਦੀ ਤਰੱਕੀ ਲਈ ਏਅਰਪੋਰਟ ਅਤੇ ਚਾਰ ਤੇ ਛੇ ਮਾਰਗੀ ਸੜਕਾਂ ਬਣਾਈਆਂ ਗਈਆਂ ਸਨ। ਇਸ ਤੋਂ ਇਲਾਵਾ ਸੂਬੇ ਨੂੰ ਸਰਪਲੱਸ ਪਾਵਰ ਸਟੇਟ ਬਣਾਇਆ ਗਿਆ । ਬੁਨਿਆਦੀ ਸਹੂਲਤਾਂ ਤੋਂ ਬਾਅਦ ਸੂਬੇ ਵਿਚ ਵਪਾਰ ਅਤੇ ਵਿਕਾਸ ਦੇ ਰਾਹ ਸੁਖਾਲੇ ਹੋ ਗਏ ਸਨ ਸੂਬੇ ਵਿੱਚ ਸੱਤਾ ਪਰਿਵਰਤਨ ਤੋਂ ਬਾਅਦ ਕਾਂਗਰਸ ਨੇ ਵੱਡੇ ਉਦਯੋਗਾਂ ਨੂੰ ਉਤਸ਼ਾਹਤ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ। ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣਨ ਤੇ ਦੇਸ਼ ਤੇ ਵਿਦੇਸ਼ ਤੋਂ ਵੱਡੇ ਵਪਾਰਕ ਘਰਾਣਿਆਂ ਨੂੰ ਸੂਬੇ ਵਿੱਚ ਪੂੰਜੀ ਨਿਵੇਸ਼ ਦਾ ਸੱਦਾ ਦਿੱਤਾ ਜਾਵੇਗਾ । ਸੂਬੇ ਵਿੱਚ ਵੱਧ ਤੋਂ ਵੱਧ ਉਦਯੋਗ ਲਗਾਉਣ ਲਈ ਸਿੰਗਲ ਵਿੰਡੋ ਸਿਸਟਮ ਤੇ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣਗੀਆਂ ਵੱਡੇ ਉਦਯੋਗਾਂ ਦੀ ਸਥਾਪਨਾ ਕਰਕੇ ਹੀ ਨੌਜਵਾਨ ਵਰਗ ਨੂੰ ਵੱਧ ਤੋਂ ਵੱਧ ਰੁਜਗਾਰ ਦਿੱਤਾ ਜਾ ਸਕਦਾ ਹੈ ਤੇ ਮਾਲੀਏ ਵਿੱਚ ਵਾਧਾ ਕੀਤਾ ਜਾ ਸਕਦਾ ਹੈ ਗੁਰਰੀਤ ਸਿੰਗਲਾ ਨੇ ਦਾਅਵਾ ਕੀਤਾ ਕਿ ਅਕਾਲੀ ਬਸਪਾ ਗੱਠਜੋਡ ਦੀ ਸਰਕਾਰ ਬਣਨ ਤੇ ਸ਼ਹਿਰ ਨੂੰ ਆਈ ਟੀ ਹੱਬ ਵਜੋਂ ਵਿਕਸਤ ਕੀਤਾ ਜਾਵੇਗਾ ਤੇ ਬਠਿੰਡਾ ਦੇਸ਼ ਦਾ ਦੂਜਾ ਗੁਰੂਗ੍ਰਾਮ ਬਣੇਗਾ । ਆਮ ਆਦਮੀ ਪਾਰਟੀ ਤੇ ਵਰ੍ਹਦਿਆਂ ਸਿੰਗਲਾ ਨੇ ਕਿਹਾ ਕਿ ਕੇਜਰੀਵਾਲ ਦਿੱਲੀ ਦਾ ਖੋਖਲਾ ਮਾਡਲ ਦਿਖਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ । ਆਮ ਆਦਮੀ ਪਾਰਟੀ ਸਿਰਫ਼ ਸੋਸਲ ਮੀਡੀਆ ਤਕ ਹੀ ਸੀਮਤ ਹੈ ਜ਼ਮੀਨੀ ਪੱਧਰ ਤੇ ਆਪ ਦਾ ਕੋਈ ਆਧਾਰ ਨਹੀਂ ਹੈ ਇਸ ਮੌਕੇ ਕਿਰਨ ਬਾਂਸਲ‘ ਰੇਖਾ ਰਾਣੀ, ਰੋਜ਼ੀ, ਸਵਿੱਤਰੀ ਦੇਵੀ, ਕੰਚਨ ਸ਼ਰਮਾ, ਜਸਵਿੰਦਰ ਕੌਰ, ਭਰਪੂਰ ਕੌਰ, ਮੰਜੂ ਰਾਣੀ, ਊਸ਼ਾ ਰਾਣੀ, ਚਿਤਰਾ ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੁਹੱਲਾ ਨਿਵਾਸੀ ਹਾਜਰ ਸਨ ।
ਸਰੂਪ ਸਿੰਗਲਾ ਦੀ ਨੂੰਹ ਦਾ ਦਾਅਵਾ: ਬਠਿੰਡਾ ਬਣੇਗਾ ਭਾਰਤ ਦਾ ਦੂਜਾ ਗੁਰੂਗ੍ਰਾਮ
ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਨੇ 7 ਵਾਂ ਸਥਾਪਨਾ ਦਿਵਸ ਸਮਾਪਨ
ਸਿੱਖ ਗੁਰੂ ਸਾਹਿਬਾਨ ਦਾ ਦਰਸ਼ਨ ਅਤੇ ਸਿੱਖਿਆ ਮਨੁੱਖਤਾ ਲਈ ਮਾਰਗ-ਨਿਰਦੇਸ਼ਕ ਸ਼ਕਤੀ: ਵੀ.ਸੀ.
ਸੁਖਜਿੰਦਰ ਮਾਨ
ਬਠਿੰਡਾ, 12 ਫਰਵਰੀ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਨੇ 7ਵਾਂ ਸਥਾਪਨਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ। ਤਿੰਨ ਦਿਨਾਂ ਸਮਾਰੋਹ ਦਾ ਸਮਾਪਨ ਅੱਜ ਯੂਨੀਵਰਸਿਟੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਨਾਲ ਹੋਇਆ। ਜਦੋਂ ਕਿ ਮਾਹਿਰਾਂ ਨੇ ਸਿੱਖ ਗੁਰੂ ਸਾਹਿਬਾਨ ਦੇ ਜੀਵਨ, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਮਨੁੱਖਤਾ ਲਈ ਉਨ੍ਹਾਂ ਦੀ ਸਾਰਥਕਤਾ ਉੱਤੇ ਚਾਨਣਾ ਪਾਇਆ।ਇਸ ਮੌਕੇ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਿਮਰਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੀਰਤਨ ਕੀਤਾ, ਜਿਸ ਨੇ ਮਲਟੀਪਰਪਜ਼ ਹਾਲ ਵਿਖੇ ਹਾਜ਼ਰੀਨ ਨੂੰ ਰਸਭਿੰਨੇ ਕੀਰਤਨ ਨਾਲ ਨਿਹਾਲ ਕੀਤਾ। ਵਿਦਵਾਨਾਂ, ਐਫੀਲੀਏਟਿਡ ਕਾਲਜਾਂ ਅਤੇ ਕਾਂਸਟੀਚੂਐਂਟ ਕਾਲਜਾਂ/ਪੀਆਈਟੀ ਦੇ ਚੇਅਰਮੈਨ ਅਤੇ ਡਾਇਰੈਕਟਰਜ, ਉੱਘੀਆਂ ਸ਼ਖਸੀਅਤਾਂ ਅਤੇ ਵਿਦਿਆਰਥੀਆਂ ਨੇ ਇਨ੍ਹਾਂ ਸਮਾਰੋਹਾਂ ਵਿਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਇਕੱਠਿਆਂ ‘ਗੁਰੂ ਕਾ ਲੰਗਰ’ ਛੱਕਿਆ । ਯੂਨੀਵਰਸਿਟੀ ਦਾ ਵਿਸ਼ਾਲ ਅਤੇ ਹਰਿਆ ਭਰਿਆ ਕੈਂਪਸ ਖੂਬਸੂਰਤ ਢੰਗ ਨਾਲ ਸਜਾਏ ਗਏ ਸਨ। ਇਸ ਮੌਕੇ ਬੋਲਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ: ਬੂਟਾ ਸਿੰਘ ਸਿੱਧੂ ਨੇ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਦਾ ਫਲਸਫਾ ਅਤੇ ਸਿੱਖਿਆਵਾਂ ਮਨੁੱਖਤਾ ਲਈ ਸਭ ਤੋਂ ਵੱਧ ਪ੍ਰਸੰਗਿਕ ਅਤੇ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੇ ਸੰਦੇਸ਼, ਸ਼ਾਂਤੀ, ਮਨੁੱਖਤਾ, ਬਰਾਬਰੀ, ਹਮਦਰਦੀ, ਬਿਹਤਰ ਸਮਾਜ ਦੀ ਸਿਰਜਣਾ ਅਤੇ ਸਵੱਛ ਹਰਿਆਵਲ ਦੇ ਉਪਦੇਸ਼ ਸਮੇਂ ਦੀ ਲੋੜ ਹਨ।ਪ੍ਰੋਫੈਸਰ ਸਿੱਧੂ ਨੇ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਯੂਨੀਵਰਸਿਟੀ ਦਾ ਛੇ ਸਾਲ ਦਾ ਸਫ਼ਰ ਬੇਹੱਦ ਸ਼ਲਾਘਾਯੋਗ ਰਿਹਾ ਹੈ ਅਤੇ ਯੂਨੀਵਰਸਿਟੀ ਨੂੰ ਨਵੀਆਂ ਉਚਾਈਆਂ ਤੇ ਲਿਜਾਣ ਲਈ ਸਭਨਾਂ ਦੇ ਸਹਿਯੋਗ ਲਈ ਅਪੀਲ ਕੀਤੀ।ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਗੁਰਿੰਦਰਪਾਲ ਸਿੰਘ ਬਰਾੜ ਨੇ ਯੂਨੀਵਰਸਿਟੀ ਦੇ ਫੈਕਲਟੀ ਅਤੇ ਸਟਾਫ ਨੂੰ ਬੜੀ ਸਫਲਤਾ ਨਾਲ ਸਮਾਗਮ ਦੇ ਆਯੋਜਨ ਕਰਨ ਲਈ ਸ਼ਲਾਘਾ ਕੀਤੀ ਅਤੇ ਆਈਆਂ ਸ਼ੰਗਤਾਂ ਲਈ ਧੰਨਵਾਦ ਦਾ ਮਤਾ ਪੇਸ਼ ਕੀਤਾ। ਪ੍ਰੋਗਰਾਮ ਦੇ ਕਨਵੀਨਰ ਅਤੇ ਡਾਇਰੈਕਟਰ ਸਪੋਰਟਸ ਐਂਡ ਯੂਥ ਵੈਲਫੇਅਰ, ਪ੍ਰੋ: ਭੁਪਿੰਦਰ ਪਾਲ ਸਿੰਘ ਢੋਟ ਦੀ ਅਗਵਾਈ ਹੇਠ ਸੀਨੀਅਰ ਫੈਕਲਟੀ ਦੀ ਟੀਮ ਨੇ ਪ੍ਰੋਗਰਾਮ ਦੀ ਸਫਲਤਾ ਲਈ ਸਖਤ ਮਿਹਨਤ ਕੀਤੀ। ਇਸ ਮੌਕੇ ਯੂਨੀਵਰਸਿਟੀ ਦੇ ਸਟਾਫ, ਡੀਨਜ਼ ਅਤੇ ਡਾਇਰੈਕਟਰਾਂ ਨੇ ਪਰਿਵਾਰਾ ਸਮੇਤ ਸ਼ਿਰਕਤ ਕੀਤੀ। ਪੁਟੀਆ – ਐਮਆਰਐਸਪੀਟੀਯੂ ਦੇ ਕਨਵੀਨਰ ਸ਼. ਦਵਿੰਦਰਪਾਲ ਸਿੰਘ ਅਤੇ ਨਾਮਵਰ ਸਖਸੀਅਤ ਆਰਟਿਸਟ ਗੁਰਪ੍ਰੀਤ ਸਿੰਘ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ।
ਕਿਸਾਨ ਜਥੇਬੰਦੀ ਵਲੋਂ ਚੋਣਾਂ ਦੌਰਾਨ ਭਾਜਪਾ ਆਗੂਆਂ ਦੇ ਵਿਰੋਧ ਦਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ, 12 ਫਰਵਰੀ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਹਿਮ ਮੀਟਿੰਗ ਜਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਦੀ ਪ੍ਰਧਾਨਗੀ ਹੇਠ ਸਥਾਨਕ ਚਿਲਡਰਨ ਪਾਰਕ ਵਿਖੇ ਹੋਈ ਜਿਸ ਵਿੱਚ ਅਹਿਮ ਮਸਲਿਆਂ ’ਤੇ ਵਿਚਾਰ ਚਰਚਾ ਹੋਈ। ਮੀਟਿੰਗ ਦੌਰਾਨ ਬੋਲਦਿਆਂ ਰੇਸਮ ਸਿੰਘ ਯਾਤਰੀ ਅਤੇ ਮੁਖਤਿਆਰ ਸਿੰਘ ਕੁੱਬੇ ਨੇ ਬੋਲਦਿਆਂ ਕਿਹਾ ਕਿ ਸੰਯੁਕਤ ਮੋਰਚੇ ਦੇ ਫੈਸਲੇ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ 14 ਫਰਵਰੀ ਨੂੰ ਮੌੜ ਮੰਡੀ ਵਿੱਚ ਹੇਮਾ ਮਾਲਿਨੀ ਅਤੇ ਇਹਨਾਂ ਦੇ ਸਟਾਰ ਪ੍ਰਚਾਰਕਾਂ ਦਾ ਪੂਰਨ ਰੂਪ ਵਿਚ ਵਿਰੋਧ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਕਿਸਾਨੀ ਮੋਰਚੇ ਦੌਰਾਨ ਮੰਨੀਆਂ ਮੰਗਾਂ ਐਮਐਸਪੀ ’ਤੇ ਗਰੰਟੀ ਕਨੂੰਨ ਬਣਾਉਣਾ, ਸਮੁੱਚੇ ਅੰਦੋਲਨ ਦੌਰਾਨ ਕਿਸਾਨਾਂ ਵਿਰੁਧ ਦਰਜ ਪਰਚੇ ਰੱਦ ਕਰਨੇ ਅਤੇ ਸਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਯੋਗ ਮੁਆਵਜਾ ਦੇਣਾ ਤੇ ਸਰਕਾਰੀ ਨੌਕਰੀ ਦੇਣਾ, ਬਿਜਲੀ ਐਕਟ 2021 ਖਤਮ ਕਰਨਾ, ਪ੍ਰਦੂਸਣ ਕੰਟਰੋਲ ਐਕਟ ਵਿੱਚੋਂ ਕਿਸਾਨੀ ਨੂੰ ਬਾਹਰ ਕੱਢਿਆ ਜਾਣਾ, ਲਖੀਮਪੁਰਖੀਰੀ ਕਾਂਡ ਵਿਚ ਦੋਸੀ ਮੁਜਰਮਾਂ ਨੂੰ ਸਖਤ ਸਜਾ ਵਾਂ ਦੇਣੀਆਂ ਦੇਣਾ ਆਦਿ ਨੂੰ ਹਾਲੇ ਤੱਕ ਪੂਰਾ ਨਹੀਂ ਕੀਤਾ ਗਿਆ। ਜਿਸਦੇ ਚੱਲਦੇ ਜਦੋਂ ਤੱਕ ਇਹ ਮੰਨੀਆ ਹੋਈਆਂ ਮੰਗਾਂ ਲਾਗੂ ਨਹੀਂ ਹੁੰਦੀਆਂ ਤਦ ਤਕ ਭਾਜਪਾ ਅਤੇ ਇਸਦੀਆਂ ਸਹਿਯੋਗੀ ਪਾਰਟੀ ਦਾ ਵਿਰੋਧ ਜਾਰੀ ਰਹੇਗਾ। ਇਸ ਮੀਟਿੰਗ ਵਿਚ ਜੋਧਾ ਸਿੰਘ ਨੰਗਲਾ, ਗੁਰਮੇਲ ਸਿੰਘ ਲਹਿਰਾ, ਅਰਜਨ ਸਿੰਘ ਫੂਲ, ਬਲਵਿੰਦਰ ਸਿੰਘ ਜੋਧਪੁਰ,ਮਹਿੰਮਾ ਸਿੰਘ ਸਿੰਘ ਚੱਠੇਵਾਲਾ, ਸੁਖਦੇਵ ਸਿੰਘ ਫੂਲ, ਜਵਾਹਰ ਸਿੰਘ ਨਥਾਣਾ, ਅੰਗਰੇਜ ਸਿੰਘ ਕਲਿਆਣ, ਕੁਲਵੰਤ ਸਿੰਘ ਬਠਿੰਡਾ, ਬਲਜੀਤ ਸਿੰਘ ਗੁਰਥੜੀ , ਜਗਦੇਵ ਸਿੰਘ ਮਹਿਤਾ ਆਦਿ ਹਾਜ਼ਰ ਸਨ।
ਟੀਚਰਜ਼ ਹੋਮ ਵਿਖੇ ਚੋਣਾਂ ਅਤੇ ਲੋਕ ਮੁੱਦੇ ਵਿਸ਼ੇ ’ਤੇ ਕਾਨਫਰੰਸ ਆਯੋਜਿਤ
ਸੁਖਜਿੰਦਰ ਮਾਨ
ਬਠਿੰਡਾ, 12 ਫਰਵਰੀ : ਅੱਜ ਸਥਾਨਕ ਟੀਚਰਜ਼ ਹੋਮ ਵਿਖੇ ਕਿਰਤੀ ਕਿਸਾਨ ਯੂਨੀਅਨ,ਡੈਮੋਕਰੈਟਿਕ ਟੀਚਰਜ ਫਰੰਟ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ “ਚੋਣਾਂ ਅਤੇ ਲੋਕ ਮੁੱਦੇ“ ਵਿਸ਼ੇ ‘ਤੇ ਇਨਕਲਾਬੀ ਬਦਲ ਉਸਾਰੋ ਕਾਨਫਰੰਸ ਕੀਤੀ ਗਈ। ਕਾਨਫਰੰਸ ਦੇ ਮੁੱਖ ਬੁਲਾਰੇ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਭੁਪਿੰਦਰ ਸਿੰਘ ਵੜੈਂਚ ਨੇ ਇਸ ਮੌਕੇ ਕਿਹਾ ਕਿ ਪੰਜਾਬ ਸਮੇਤ ਪੰਜ ਸੂਬਿਆਂ ਚ ਵਿਧਾਨ ਸਭਾ ਦੀਆਂ ਚੋਣਾਂ ਦਾ ਪ੍ਰਚਾਰ ਜੋਰਾਂ-ਸ਼ੋਰਾਂ ‘ਤੇ ਚੱਲ ਰਿਹਾ ਹੈ। ਪ੍ਰੰਤੂ ਵਿੱਦਿਆ-ਸਿਹਤ ਤੇ ਰੁਜਗਾਰ ਦਾ ਸੰਕਟ,ਖੇਤੀਬਾੜੀ ਦਾ ਸੰਕਟ,ਵਾਤਾਵਰਣ ਤੇ ਡੂੰਘੇ ਹੋ ਰਹੇ ਪਾਣੀ ਦਾ ਸੰਕਟ,ਨਸ਼ਾਖੋਰੀ ਆਦਿ ਵਰਗੇ ਲੋਕਾਂ ਦੇ ਬੁਨਿਆਦੀ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਇਆ ਜਾ ਰਿਹਾ ਅਤੇ ਕੋਈ ਵੀ ਪਾਰਟੀ ਇਨਾਂ ਮਸਲਿਆਂ ਦੇ ਹੱਲ ਕਰਨ ਦੀ ਗੱਲ ਨਹੀਂ ਕਰਦੀ।ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਨਾਂ ਮਸਲਿਆਂ ਦਾ ਇੱਕੋ ਇੱਕ ਹੱਲ ਇਨਾਂ ਸਾਮਰਾਜ ਪੱਖੀ ਤੇ ਕਾਰਪੋਰੇਟ ਪੱਖੀ ਨੀਤੀਆਂ ਦਾ ਖਾਤਮਾ ਹੈ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਮਰਜੀਤ ਹਨੀ,ਡੀ.ਟੀ.ਐੱਫ(ਪੰਜਾਬ) ਦੇ ਜਿਲ੍ਹਾ ਪ੍ਰਧਾਨ ਜਗਪਾਲ ਬੰਗੀ,ਪੀ.ਐੱਸ.ਯੂ ਦੇ ਜਿਲ੍ਹਾ ਆਗੂ ਰਜਿੰਦਰ ਢਿਲਵਾਂ, ਡੀ.ਐੱਮ.ਐੱਫ ਦੇ ਆਗੂ ਸਿਕੰਦਰ ਧਾਲੀਵਾਲ,ਪੈਂਸ਼ਨਰ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਦਰਸ਼ਨ ਮੌੜ ਨੇ ਵੀ ਸੰਬੋਧਨ ਕੀਤਾ।
ਪੰਥ ਤੇ ਪੰਜਾਬ ਨੂੰ ਬਚਾਉਣ ਲਈ ਦਾਦੂਵਾਲ ਵਲੋਂ ਬਾਦਲਾਂ ਨੂੰ ਹਰਾਉਣ ਦਾ ਸੱਦਾ
ਮਨਪ੍ਰੀਤ ਨੇ ਥਰਮਲ ਦੀਆਂ ਚਿਮਨੀਆਂ ਦੀ ਬਜ਼ਾਏ ਬਠਿੰਡਾ ਦਾ ਧੂੰਆਂ ਕੱਢਿਆ
ਸੁਖਜਿੰਦਰ ਮਾਨ
ਬਠਿੰਡਾ, 12 ਫਰਵਰੀ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਪੰਥ ਤੇ ਪੰਜਾਬ ਨੂੰ ਬਚਾਉਣ ਲਈ ਬਾਦਲਾਂ ਨੂੰ ਹਰਾਉਣ ਦਾ ਸੱਦਾ ਦਿੱਤਾ ਹੈ। ਅੱਜ ਸਥਾਨਕ ਪ੍ਰੈੱਸ ਕਲੱਬ ਵਿਖੇ ਇੱਕ ਪੱਤਰਕਾਰ ਵਾਰਤਾ ਨੂੰ ਸੰਬੋਧਨ ਕਰਨ ਪੁੱਜੇ ਭਾਈ ਦਾਦੂਵਾਲ ਨੇ ਦਾਅਵਾ ਕੀਤਾ ਕਿ ਜਿੰਨ੍ਹਾਂ ਨੁਕਸਾਨ ਪੰਜਾਬ ਤੇ ਪੰਥ ਦਾ ਬਾਦਲਾਂ ਨੇ ਕੀਤਾ ਹੈ, ਉਹ ਮੁਗਲ ਵੀ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਮਨਪ੍ਰੀਤ ਸਿੰਘ ਬਾਦਲ ਤੇ ਬਿਕਰਮ ਮਜੀਠੀਆ ਨੇ ਰਲ ਕੇ ਪੰਜਾਬ ਵਿੱਚ ਡਰੱਗ ,ਟਰਾਂਸਪੋਰਟ, ਲੈਂਡ, ਸੈਂਡ, ਕੇਬਲ ਮਾਫੀਆ ਬਣਾ ਕੇ ਪੰਜਾਬ ਨੂੰ ਲੁੱਟਿਆ। ਉਨ੍ਹਾਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਰਾਹ ਪਾਇਆ ਤੇ ਗੁਰੂਆਂ ਦੇ ਨਾਂ ’ਤੇ ਪੰਜਾਬ ਵਿਚ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਰਵਾਈ। ਉਨ੍ਹਾਂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਲੰਮੇ ਹੱਥੀਂ ਲੈਦਿਆਂ ਕਿਹਾ ਕਿ ‘‘ ਲੋਕਾਂ ਨੂੰ ਇਸ ਭੁਲੇਖੇ ਵਿਚ ਨਹੀਂ ਰਹਿਣਾ ਚਾਹੀਦਾ ਕਿ ਬਾਦਲ ਪ੍ਰਵਾਰ ਅਲੱਗ ਅਲੱਗ ਹੈ, ਬਲਕਿ ਇੰਨਾਂ ਦੇ ਹਿੱਤ ਸਾਂਝੇ ਹਨ। ’’ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਵੀ ਪੰਥ ਅਤੇ ਪੰਜਾਬ ਦਾ ਹਮੇਸ਼ਾਂ ਵਿਰੋਧੀ ਰਿਹਾ ਹੈ। ਇਹ ਆਪਣੀ ਪਾਰਟੀ ਪ੍ਰਤੀ ਵੀ ਵਫਾਦਾਰ ਨਹੀਂ ਹੈ ਗਿੱਦੜਬਾਹਾ ਅਤੇ ਬਠਿੰਡਾ ਦਿਹਾਤੀ ਵਿੱਚ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਹਰਾਉਣ ਵਾਸਤੇ ਅਤੇ ਸੁਖਬੀਰ ਬਾਦਲ ਦੇ ਉਮੀਦਵਾਰਾਂ ਨੂੰ ਜਿਤਾਉਣ ਵਾਸਤੇ ਪੂਰਾ ਜ਼ੋਰ ਲਗਾ ਰਿਹਾ ਹੈ ਜਦੋਂਕਿ ਵੱਡਾ ਛੋਟਾ ਬਾਦਲ ਮਨਪ੍ਰੀਤ ਬਾਦਲ ਨੂੰ ਬਠਿੰਡਾ ਤੋਂ ਜਿਤਾਉਣ ਵਾਸਤੇ ਪੂਰਾ ਜੋਰ ਲਗਾ ਰਹੇ ਹਨ । ਉਨ੍ਹਾਂ ਕਿਹਾ ਕਿ ਬਠਿੰਡਾ ਵਿਚ ਹੀ ਨਹੀਂ ਪੂਰੇ ਪੰਜਾਬ ਵਿਚ ਜੋ-ਜੋ ਟੈਕਸ ਮਸ਼ਹੂਰ ਹੈ। ਵਿਤ ਮੰਤਰੀ ’ਤੇ ਸਥਾਨਕ ਸਿਵਲ ਲਾਈਨ ਕਲੱਬ ’ਚ ਬਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ’ਤੇ ਬਣੀ ਲਾਇਬਰੇਰੀ ਵੀ ਬੰਦ ਕਰਵਾਉਣ ਦਾ ਦੋਸ਼ ਲਗਾਏ। ਇਸ ਮੌਕੇ ਉਨ੍ਹਾਂ ਰਾਮ ਰਹੀਮ ਨੂੰ ਫ਼ਰਲੋ ਦੇਣ ਦਾ ਵੀ ਸਖ਼ਤ ਵਿਰੋਧ ਕਰਦਿਆਂ ਤੁਰੰਤ ਉਸਨੂੰ ਰੱਦ ਕਰਨ ਲਈ ਕਿਹਾ।
ਕਾਂਗਰਸ ਦੀ ਲੋਕ ਹਿੱਤ ਸੋਚ ਦੇ ਮੁਕਾਬਲੇ ਵਿਰੋਧੀਆਂ ਕੋਲ ਕੋਈ ਏਜੰਡਾ ਨਹੀਂ : ਮਨਪ੍ਰੀਤ ਬਾਦਲ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੀਤਾ ਸ਼ਹਿਰ ਦਾ ਤੂਫਾਨੀ ਦੌਰਾ, ਭਰਵੇਂ ਚੋਣ ਜਲਸਿਆਂ ਨੂੰ ਕੀਤਾ ਸੰਬੋਧਨ, ਵਿਕਾਸ ਦੇ ਨਾਮ ਤੇ ਮੰਗੀ ਵੋਟ
ਸੁਖਜਿੰਦਰ ਮਾਨ
ਬਠਿੰਡਾ, 12 ਫ਼ਰਵਰੀ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਚੋਣ ਮੁਹਿੰਮ ਸਿਖਰਾਂ ਤੇ ਪਹੁੰਚਦੀ ਹੋਈ ਦਿਖਾਈ ਦੇ ਰਹੀ ਹੈ, ਸ਼ਹਿਰ ਵਾਸੀਆਂ ਵਲੋਂ ਮਿਲ ਰਹੇ ਸਮਰਥਨ ਤੋਂ ਸਿਆਸੀ ਤਸਵੀਰ ਵੀ ਬਦਲਦੀ ਹੋਈ ਨਜ਼ਰ ਆ ਰਹੀ ਹੈ, ਜਿਸ ਨੇ ਵਿਰੋਧੀਆਂ ਦੀ ਚਿੰਤਾ ਵੀ ਵਧਾ ਦਿੱਤੀ ਹੈ । ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਸ਼ਹਿਰ ਦਾ ਤੂਫਾਨੀ ਦੌਰਾ ਕੀਤਾ ਗਿਆ, ਵੱਖ ਵੱਖ ਵਾਰਡਾਂ ਵਿਚ ਆਵਾ ਬਸਤੀ,ਅਮਰੀਕ ਸਿੰਘ ਰੋਡ, ਉਦਮ ਸਿੰਘ ਨਗਰ,ਮਾਡਲ ਟਾਊਨ ਫੇਸ 3,ਗਰੀਨ ਸਿਟੀ, ਵਾਰਡ ਨੰਬਰ 31 ਵਿਚ ਭਰਵੇਂ ਚੋਣ ਜਲਸਿਆਂ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਸਰਕਾਰ ਵਲੋਂ ਲੋਕ ਹਿੱਤ ਵਿੱਚ ਉਲੀਕੀਆਂ ਰਾਹਤ ਦੇਣ ਵਾਲੀਆਂ ਸਕੀਮਾਂ ਅਤੇ ਬਠਿੰਡਾ ਸ਼ਹਿਰ ਦੇ ਕਰਵਾਏ ਵਿਕਾਸ ਦੇ ਨਾਮ ਤੇ ਕਾਂਗਰਸ ਦੀ ਦੂਸਰੀ ਵਾਰ ਸਰਕਾਰ ਬਣਾਉਣ ਲਈ ਵੋਟ ਦੀ ਮੰਗ ਕੀਤੀ ਤੇ ਵਿਸਵਾਸ਼ ਦਵਾਇਆ ਕਿ ਆੳਦੇਂ 5 ਸਾਲਾਂ ਵਿੱਚ ਬਠਿੰਡਾ ਨੂੰ 5 ਸਤਾਰਾ ਸ਼ਹਿਰ ਬਣਾਉਣ ਦਾ ਵਾਅਦਾ ਕੀਤਾ। ਇਸ ਮੌਕੇ ਸ਼ਹਿਰ ਕਈ ਹਿੱਸਿਆਂ ਇਕ ਪਾਸੜ ਲੜਾਈ ਨਜ਼ਰ ਆਈ ਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਗਰਮਜੋਸ਼ੀ ਨਾਲ ਵਿੱਤ ਮੰਤਰੀ ਦਾ ਸਵਾਗਤ ਕੀਤਾ । ਇਸ ਮੌਕੇ ਵਿੱਤ ਮੰਤਰੀ ਪੰਜਾਬ ਵੱਲੋਂ ਬਠਿੰਡਾ ਦੇ ਆਵਾ ਬਸਤੀ ਵਿੱਖੇ ਸ਼੍ਰੀ ਗੁਰੂ ਰਵਿਦਾਸ ਸ਼ੋਭਾ ਯਾਤਰਾ ਦੇ ਸ਼ੁਭ ਆਰੰਭ ਦੀ ਵੀ ਹਾਜ਼ਰੀ ਲਵਾਈ ਇਸ ਮੌਕੇ ਸ਼ਹਿਰ ਦੀਆਂ ਸਮੂਹ ਗੁਰੂ ਰਵਿਦਾਸ ਸਭਾਵਾਂ ਦੇ ਮੈਂਬਰ ਹਾਜ਼ਰ ਰਹੇ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਦੀ ਲੋਕ ਹਿੱਤ ਸੋਚ ਦੇ ਮੁਕਾਬਲੇ ਅੱਜ ਵਿਰੋਧੀਆਂ ਕੋਲ ਕੋਈ ਏਜੰਡਾ ਨਹੀਂ, ਉਨ੍ਹਾਂ ਨੇ ਪੰਜ ਸਾਲ ਪਹਿਲਾਂ ਜੋ ਕਿਹਾ ਸੀ ਉਹ ਕੰਮ ਪੂਰੇ ਕਰਕੇ ਵਿਖਾਏ ਹਨ, ਜਿਸ ਕਰਕੇ ਉਹ ਕਾਂਗਰਸ ਲਈ ਵੋਟ ਮੰਗਦੇ ਹਨ । ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਅੱਜ ਪੰਜਾਬ ਨੂੰ ਆਰਥਿਕਤਾ ਪੱਖੋਂ ਮਜ਼ਬੂਤ ਬਣਾਉਣ ਲਈ ਕਾਂਗਰਸ ਨੇ ਪੂਰੀ ਜ਼ਿੰਮੇਵਾਰੀ ਨਿਭਾਈ ਹੈ ਜਿਸ ਕਰਕੇ ਹਰ ਵਰਗ ਨੂੰ ਬੁਨਿਆਦੀ ਸਹੂਲਤਾਂ ਮਿਲੀਆਂ ਹਨ ਵੱਡੀਆਂ ਰਾਹਤਾਂ ਮਿਲੀਆਂ ਹਨ । ਉਨ੍ਹਾਂ ਕਿਹਾ ਕਿ ਇਸ ਵਿਕਾਸ ਲਹਿਰ ਨੂੰ ਨਿਰੰਤਰ ਜਾਰੀ ਰੱਖਣ ਲਈ ਉਨ੍ਹਾਂ ਦੇ ਹੱਥ ਮਜ਼ਬੂਤ ਕਰਨ ਲਈ ਸ਼ਹਿਰ ਵਾਸੀਆਂ ਤੋਂ ਵੋਟ ਦੀ ਮੰਗ ਕਰਦੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਦੀ ਲੀਡਰਸ਼ਿਪ ,ਕੌਂਸਲਰ ਅਤੇ ਵਰਕਰ ਹਾਜ਼ਰ ਸਨ ।
ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਨੇ ਕੀਤਾ ਚੋਣ ਮੈਨੀਫੈਸਟੋ ਜਾਰੀ
ਸ਼੍ਰੋਮਣੀ ਅਕਾਲੀ ਦਲ ਦੀ ਸੋਚ “ਜੋ ਕਿਹਾ ਕਰਕੇ ਵਿਖਾਇਆ, ਜੋ ਕਹਾਂਗੇ ਕਰਕੇ ਵਿਖਾਵਾਂਗੇ” ਲੋਕਾਂ ਨੂੰ ਮਿਲੇਗੀ ਹਰ ਸਹੂਲਤ : ਸਰੂਪ ਸਿੰਗਲਾ
ਸੁਖਜਿੰਦਰ ਮਾਨ
ਬਠਿੰਡਾ 12 ਫ਼ਰਵਰੀ:-ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਅੱਜ ਪਾਰਟੀ ਦੀ ਸਮੂਹ ਲੀਡਰਸ਼ਿਪ ਦੀ ਮੌਜੂਦਗੀ ਵਿੱਚ ਬਠਿੰਡਾ ਸ਼ਹਿਰ ਦੇ ਵਿਕਾਸ ਨੂੰ ਅੱਗੇ ਲਿਜਾਣ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸੋਚ “ਜੋ ਕਿਹਾ ਕਰ ਕੇ ਵਿਖਾਇਆ ਜੋ ਕਹਾਂਗੇ ਕਰਕੇ ਵਿਖਾਵਾਂਗੇ” ਤਹਿਤ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ ।”10 ਸਾਲ ਜੋ ਕੀਤਾ ਵਿਕਾਸ, ਇਸੇ ਕਰਕੇ ਬਠਿੰਡਾ ਨੂੰ ਸਰੂਪ ਤੋਂ ਆਸ” ਦੇ ਬੈਨਰ ਹੇਠ ਜਾਰੀ ਕੀਤੇ ਚੋਣ ਮੈਨੀਫੈਸਟੋ ਵਿਚ ਸਾਬਕਾ ਵਿਧਾਇਕ ਅਤੇ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ 18 ਏਜੰਡਿਆਂ ਤੇ ਪਹਿਲ ਦੇ ਆਧਾਰ ਤੇ ਕੰਮ ਹੋਵੇਗਾ, ਬਠਿੰਡਾ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਉਪਰਾਲੇ ਹੋਣਗੇ, ਮੁੱਖ ਕੰਮ ਬਰਨਾਲਾ ਬਾਈਪਾਸ ਤੇ ਪਿੱਲਰਾਂ ਵਾਲਾ ਪੁਲ ਬਣਾਉਣ, ਬਾਜ਼ਾਰਾਂ ਵਿੱਚ ਟਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਪਾਰਕਿੰਗਾਂ ਦਾ ਪ੍ਰਬੰਧ, ਬਠਿੰਡਾ ਸ਼ਹਿਰ ਦੇ ਗਰੋਥ ਸੈਂਟਰ ਤੇ ਲਾਈਨੋਂ ਪਾਰ ਇਲਾਕੇ ਵਿੱਚ ਫਾਇਰ ਬਿਗ੍ਰੇਡ ਸਥਾਪਤ ਕਰਨ, ਲੋਕਲ ਬੱਸ ਸਰਵਿਸ ਸ਼ੁਰੂ ਕਰਨ, ਤਾਰਾਂ ਦੇ ਜੰਜਾਲ ਨੂੰ ਖ਼ਤਮ ਕਰਨ, ਬਠਿੰਡਾ ਨੂੰ ਟੂਰਿਸਟ ਅਤੇ ਟੈਕਸਟਾਈਲ ਹੱਬ ਬਣਾਉਣ , ਕਚਰਾ ਪਲਾਂਟ ਨੂੰ ਬਾਹਰ ਕੱਢਣ ਦੇ ਨਾਲ ਲਾਈਨੋ ਪਾਰ ਇਲਾਕੇ ਨੂੰ ਸਭ ਤੋਂ ਸੁੰਦਰ ਇਲਾਕਾ ਬਣਾਉਣ ਲਈ ਯਤਨ ਕਰਕੇ ਵਿਖਾਵਾਂਗੇ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਸਰੂਪ ਸਿੰਗਲਾ ਨੇ ਵਾਅਦਾ ਕੀਤਾ ਕਿ ਬਠਿੰਡਾ ਤੋਂ “ਜਿਤਾ ਦਿਉ ਅਕਾਲੀ ਬਸਪਾ ਸਰਕਾਰ ਬਣਾ ਦਿਓ” ਪੰਜਾਬ ਨੂੰ ਖੁਸ਼ਹਾਲ ਬਣਾਉਣ ਦੇ ਨਾਲ ਸ਼ਹਿਰ ਵਾਸੀਆਂ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ, ਹਰ ਸਮੱਸਿਆ ਦਾ ਹੱਲ ਹੋਵੇਗਾ ।ਉਨ੍ਹਾਂ ਦਾਅਵਾ ਕੀਤਾ ਕਿ ਨਸ਼ਿਆਂ ਦੇ ਖਾਤਮੇ ਲਈ ਕਮਰਕੱਸੇ ਕੀਤੇ ਜਾਣਗੇ, ਸੀਸੀਟੀਵੀ ਕੈਮਰੇ ਲਾ ਕੇ ਸੁਰੱਖਿਆ ਯਕੀਨੀ ਬਣਾਈ ਜਾਵੇਗੀ, ਚੌਵੀ ਘੰਟਿਆਂ ਵਿੱਚ ਸ਼ਿਕਾਇਤਾਂ ਤੇ ਹੱਲ ਕਰਨ ਲਈ ਪੁਲੀਸ ਨੂੰ ਬਚਨਬੱਧ ਕੀਤਾ ਜਾਵੇਗਾ। ਇਸ ਦੇ ਨਾਲ ਗ਼ਰੀਬ ਤੇ ਮੱਧ ਵਰਗ ਦੀਆਂ ਔਰਤਾਂ ਨੂੰ ਰੁਜ਼ਗਾਰ ਤੇ ਪੜ੍ਹੇ ਲਿਖੇ ਬੱਚਿਆਂ ਨੂੰ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਾਉਣ ਲਈ ਯਤਨ ਕਰਾਂਗੇ, ਬਰਸਾਤੀ ਪਾਣੀ ਦੇ ਨਿਕਾਸ, ਸੁੰਦਰ ਸਟਰੀਟ ਲਾਈਟਾਂ, ਸੁੰਦਰ ਸੜਕਾਂ, ਸੀਵਰੇਜ ਦੇ ਵਧੀਆ ਪ੍ਰਬੰਧ ਅਤੇ ਹਰਿਆਲੀ ਭਰਿਆ ਬਠਿੰਡਾ ਬਣਾਉਣ ਲਈ ਕੋਸ਼ਿਸ਼ਾਂ ਕਰਾਂਗੇ ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸੋਚ “ਸਾਡਾ ਪੰਜਾਬ ਹੋਵੇ ਖ਼ੁਸ਼ਹਾਲ” ਹੈ ਜਿਸ ਤੇ ਪੂਰੀ ਵਚਨਬੱਧਤਾ ਦੁਹਰਾਈ ਜਾਏਗੀ, ਜਿਸ ਲਈ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣਾਉਣ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦੇ ਹਨ । ਉਨ੍ਹਾਂ ਦਾਅਵਾ ਕੀਤਾ ਕਿ ਖ਼ਜ਼ਾਨਾ ਮੰਤਰੀ ਨੇ ਤਾਂ ਆਪਣੇ ਚੋਣ ਮੈਨੀਫੈਸਟੋ ਵਿੱਚ ਗੁੰਮਰਾਹ ਹੀ ਕੀਤਾ, ਪਰ ਅਸੀਂ ਦਸ ਸਾਲ ਵਿਕਾਸ ਕੀਤਾ ਤੇ ਹੁਣ ਵੀ ਕੰਮ ਕਰਕੇ ਵਿਖਾਵਾਂਗੇ । ਇਸ ਮੌਕੇ ਉਨ੍ਹਾਂ ਦੇ ਨਾਲ ਪਾਰਟੀ ਦੀ ਸੀਨੀਅਰ ਲੀਡਰਸ਼ਿਪ, ਕੋਰ ਕਮੇਟੀ ਦੇ ਮੈਂਬਰ ਅਤੇ ਵੱਖ ਵੱਖ ਵਿੰਗਾਂ ਦੇ ਪ੍ਰਧਾਨ ਸਾਹਿਬ ਹਾਜ਼ਰ ਸਨ ।
ਜਮੀਨੀ ਸੁਧਾਰ ਕਾਨੂੰਨ ਲਾਗੂ ਹੋਣ ਨਾਲ ਹੀ ਖਤਮ ਹੋਵੇਗਾ ਪੇਂਡੂ ਬੇਰੁਗਾਰੀ ਦਾ ਖਾਤਮਾ – ਨਸਰਾਲੀ
17 ਨੂੰ ਬਰਨਾਲਾ ਰੈਲੀ ਵਿੱਚ ਸਮੂਲੀਅਤ ਕਰਨ ਦਾ ਐਲਾਨ
ਸੁਖਜਿੰਦਰ ਮਾਨ
ਮੌੜ ਮੰਡੀ,12 ਫਰਵਰੀ: ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਅੱਜ ਪਿੰਡ ਮਾਈਸਰ ਖਾਨਾ ਵਿੱਚ ਵਿੱਚ ਮਜ਼ਦੂਰਾਂ ਦੀ ਮੀਟਿੰਗ ਕੀਤੀ ਗਈ । ਜਿਸ ਵਿੱਚ ਮਜ਼ਦੂਰਾਂ ਨੂੰ ਸਮਾਜਿਕ ਤਬਦੀਲੀ ਦਾ ਅਧਾਰ ਬਣਦੇ ਬੁਨਿਆਦੀ ਮੁਦਿਆ ‘ਤੇ ਸੰਘਰਸ਼ ਕਰਨ ਅਤੇ ਵੋਟ ਪਾਰਟੀਆਂ ਤੋਂ ਭਲੇ ਦੀ ਝਾਕ ਛੱਡਕੇ ਲੁੱਟੇ ਜਾ ਰਹੇ ਲੋਕਾਂ ਦਾ ਵਿਸ਼ਾਲ ਏਕਾ ਉਸਾਰਨ ਲਈ ਵਿਚਾਰਾਂ ਕੀਤੀਆਂ ਗਈਆਂ । ਮੀਟਿੰਗ ਨੂੰ ਸਬੋਧਨ ਕਰਦੇ ਹੋਏ ਜੱਥੇਬੰਦੀ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਇਕਾਈ ਪ੍ਰਧਾਨ ਗੁਲਾਬ ਸਿੰਘ ਨੇ ਕਿਹਾ ਕਿ ਵੋਟ ਪਾਰਟੀਆਂ ਲੋਕਾਂ ਨੂੰ ਮਾਮੂਲੀ ਰਿਆਇਤਾਂ ਦੇਣ ਦੇ ਵਾਅਦੇ ਤਾਂ ਕਰ ਰਹੀਆਂ ਹਨ। ਪਰ ਉਨਾਂ ਦੀ ਜਿੰਦਗੀ ਵਿੱਚ ਬੁਨਿਆਦੀ ਤਬਦੀਲੀ ਲਿਆਉਣ ਵਾਲੇ ਜਮੀਨੀ ਸੁਧਾਰ ਕਾਨੂੰਨ ਲਾਗੂ ਕਰਨ,ਰੁਜਗਾਰ ਦਾ ਉਜਾੜਾ ਕਰਦੀ ਨਿੱਜੀ ਕਰਨ ਦੀ ਨੀਤੀ ਨੂੰ ਬੰਦ ਕਰਨ, ਕਾਰਪੋਰੇਟ ਘਰਾਣਿਆਂ ‘ਤੇ ਟੈਕਸ ਲਾਉਣ ਅਤੇ ਕਿਸਾਨ ਮਜ਼ਦੂਰ ਪੱਖੀ ਕਰਜਾ ਨੀਤੀ ਬਨਾਉਣ ਆਦਿ ਮਸਲਿਆਂ ‘ਤੇ ਵੋਟ ਪਾਰਟੀਆਂ ਨੇ ਜਾਣਬੁੱਝ ਕੇ ਚੁੱਪ ਵੱਟ ਰੱਖੀ ਹੈ। ਉਨਾਂ ਕਿਹਾ ਕਿ 75 ਸਾਲਾਂ ਦੇ ਰਾਜ ਅੰਦਰ ਰੰਗ ਬਰੰਗੀਆਂ ਸਾਰੀਆਂ ਹੀ ਹਕੂਮਤੀ ਪਾਰਟੀਆਂ ਨੇ ਲੋਕਾਂ ਨੂੰ ਲੁੱਟਣ ਕੁੱਟਣ ਤੋਂ ਸਿਵਾਏ ਹੋਰ ਕੁਝ ਨਹੀਂ ਕੀਤਾ । ਉਨਾਂ ਮਜ਼ਦੂਰਾਂ ਨੂੰ ਜਮੀਨਾਂ ਦੀ ਵੰਡ ਕਰਵਾਉਣ , ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਦੀ ਨੀਤੀ ਨੂੰ ਬੰਦ ਕਰਵਾਉਣ, ਸਿਹਤ ਤੇ ਵਿਦਿਆ ਮੁਫ਼ਤ ਦੇਣ,ਕਰਜਾ ਮਾਫੀ , ਜਗੀਰਦਾਰਾਂ ਤੇ ਸਰਮਾਏਦਾਰਾ ਤੇ ਮੋਟੇ ਟੈਕਸ ਲਾਉਣ ਆਦਿ ਮੁੱਦਿਆਂ ਉਤੇ ਕਿਸਾਨਾਂ ਮਜ਼ਦੂਰਾਂ ਨੂੰ ਜੋਟੀ ਪਾਕੇ ਅਤੇ ਹੋਰਨਾਂ ਸੰਘਰਸ਼ਸ਼ੀਲ ਤਬਕਿਆਂ ਨਾਲ ਏਕਾ ਕਰਕੇ ਖਾੜਕੂ ਸੰਘਰਸ਼ਾਂ ਦੇ ਰਾਹ ਪੈਣ ਦੀ ਲੋੜ ਹੈ । ਮਜ਼ਦੂਰਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 17 ਫਰਵਰੀ ਨੂੰ ਬਰਨਾਲਾ ਵਿੱਚ ਕੀਤੀ ਜਾ ਰਹੀ ਲੋਕ ਕਲਿਆਣ ਰੈਲੀ ਵਿੱਚ ਭਰਵੀਂ ਸਮੂਲੀਅਤ ਕਰਨ ਦਾ ਫੈਸਲਾ ਵੀ ਕੀਤਾ ।
ਜਗਰੂਪ ਸਿੰਘ ਗਿੱਲ ਨੇ ਕੀਤਾ ਵੱਖ ਵੱਖ ਵਾਰਡਾਂ ਦਾ ਦੌਰਾ, ਕੀਤਾ ਨੁੱਕੜ ਮੀਟਿੰਗਾਂ ਨੂੰ ਸੰਬੋਧਨ
-ਸ਼ਹਿਰ ਵਾਸੀਆਂ ਵਲੋਂ ਲੱਡੂਆਂ ਨਾਲ ਤੋਲ ਸਿਰੋਪੇ ਪਾ ਗਿੱਲ ਦਾ ਕੀਤਾ ਸਵਾਗਤ
ਸੁਖਜਿੰਦਰ ਮਾਨ
ਬਠਿੰਡਾ, 12 ਫਰਵਰੀ : ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਉਮੀਦਵਾਰ ਜਗਰੂਪ ਸਿੰਘ ਗਿੱਲ ਨੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਦਾ ਦੌਰਾ ਕੀਤਾ ਅਤੇ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਸ਼ਹਿਰ ਵਾਸੀਆਂ ਵੱਲੋਂ ਵੱਖ ਵੱਖ ਥਾਵਾਂ ਤੇ ਜਗਰੂਪ ਸਿੰਘ ਗਿੱਲ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਤੇ ਵਿਧਾਨ ਸਭਾ ਚੋਣਾਂ ਵਿੱਚ ਪੂਰਨ ਸਹਿਯੋਗ ਦਾ ਵਿਸ਼ਵਾਸ ਦਿਵਾਇਆ । ਇਸ ਮੌਕੇ ਵੱਖ ਵੱਖ ਥਾਵਾਂ ਹਜ਼ੂਰਾ ਕਪੂਰਾ ਨਗਰ ਵਾਰਡ ਨੰਬਰ 03, ਅਮਰਪੁਰਾ ਕੋਠੇ ਵਾਰਡ ਨੰਬਰ 01, ਜੋਗੀ ਨਗਰ ਗਲੀ ਨੰਬਰ 5, ਸਮੇਤ ਕਈ ਸਥਾਨਾਂ ਤੇ ਜਗਰੂਪ ਸਿੰਘ ਗਿੱਲ ਨੂੰ ਲੱਡੂਆਂ ਨਾਲ ਤੋਲਿਆ ਗਿਆ ਅਤੇ ਸਿਰੋਪੇ ਪਾ ਉਹਨਾਂ ਨਾ ਸਨਮਾਨ ਕੀਤਾ ਗਿਆ I ਗਿੱਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਮੇਸ਼ਾਂ ਹੀ ਸ਼ਹਿਰ ਦੇ ਵਿਕਾਸ ਲਈ ਸਾਫ਼ ਨੀਅਤ ਅਤੇ ਨੀਤੀ ਨਾਲ ਕੰਮ ਕੀਤਾ ਪਰ ਕਦੇ ਵੀ ਗ਼ਲਤ ਧੰਦਿਆਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਨਾ ਹੀ ਗਲਤ ਦਾ ਸਾਥ ਦਿੱਤਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਸਹਿਯੋਗ ਦੇਣ ਅਤੇ ਜਿੱਤਣ ਉਪਰੰਤ ਆਪ ਦੀ ਸਰਕਾਰ ਬਣਨ ਤੇ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਕੀਤੀ ਜਾਵੇਗੀ ਅਤੇ ਹਰ ਵਰਗ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਲੀਡਰ ਵਰਕਰ ਅਤੇ ਮੁਹੱਲਾ ਨਿਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।






