‘ਮਿਸਨ ਪੰਜਾਬ 2022’ ਤਹਿਤ ਭਗਵੰਤ ਮਾਨ ਨੇ ਬਰਨਾਲਾ ਤੇ ਮਹਿਲ ਕਲਾਂ ਵਿਧਾਨ ਸਭਾ ਹਲਕਿਆਂ ‘ਚ ਕੀਤਾ ਚੋਣ ਪ੍ਰਚਾਰ, ਲੋਕਾਂ ਨਾਲ ਕੀਤੀ ਮੁਲਾਕਾਤ, ਸੁਣੀਆਂ ਸਮੱਸਿਆਵਾਂ
ਲੋਕਾਂ ਨੇ ਵਿਖਾਇਆ ਭਾਰੀ ਉਤਸਾਹ, ਫੁੱਲਾਂ ਦੀ ਵਰਖਾ ਕਰਕੇ ਅਤੇ ਹਾਰ ਪਾ ਕੇ ਕੀਤਾ ਸਵਾਗਤ
ਸੁਖਜਿੰਦਰ ਮਾਨ
ਬਰਨਾਲਾ, 4 ਫਰਵਰੀ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ‘ਮਿਸਨ ਪੰਜਾਬ 2022’ ਤਹਿਤ ਬਰਨਾਲਾ ਅਤੇ ਮਹਿਲ ਕਲਾਂ ਵਿਧਾਨ ਸਭਾ ਹਲਕਿਆਂ ਦੇ ਵੱਖ-ਵੱਖ ਇਲਾਕਿਆਂ ਵਿੱਚ ਚੋਣ ਪ੍ਰਚਾਰ ਕੀਤਾ। ਚੋਣ ਕਮਿਸਨ ਦੇ ਕੋਵਿਡ ਦਿਸਾ-ਨਿਰਦੇਸਾਂ ਦੀ ਪਾਲਣਾ ਕਰਦੇ ਹੋਏ ਮਾਨ ਨੇ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਉਨਾਂ ਦੀਆਂ ਸਮੱਸਿਆਵਾਂ ਸੁਣੀਆਂ। ਬਰਨਾਲਾ ਅਤੇ ਮਹਿਲ ਕਲਾਂ ਦੇ ਲੋਕਾਂ ਵਿੱਚ ਮਾਨ ਪ੍ਰਤੀ ਭਾਰੀ ਉਤਸਾਹ ਸੀ। ਥਾਂ-ਥਾਂ ਲੋਕਾਂ ਨੇ ਮਾਨ ਦਾ ਫੁੱਲਾਂ ਦੀ ਵਰਖਾ ਕਰਕੇ ਅਤੇ ਹਾਰ ਪਾ ਕੇ ਸਵਾਗਤ ਕੀਤਾ ਅਤੇ ਉਨਾਂ ਦੀ ਜਿੱਤ ਲਈ ਸੁਭਕਾਮਨਾਵਾਂ ਦਿੱਤੀਆਂ। ਸੁੱਕਰਵਾਰ ਨੂੰ ਮਾਨ ਆਪਣੇ ਤੈਅ ਪ੍ਰੋਗਰਾਮ ਅਨੁਸਾਰ ਮੇਹਲ ਕਲਾਂ ਵਿਧਾਨ ਸਭਾ ਹਲਕੇ ਦੇ ਖੇਤਰ ਮੇਹਲ ਕਲਾਂ, ਮਹਿਲ ਖੁਰਦ, ਪੰਡੋਰੀ, ਛਾਪਾ, ਕੁਰੜ, ਮਨਾਲ, ਮਾਂਗੇਵਾਲ, ਠੁੱਲੀਵਾਲ, ਗੁੰਮਟੀ, ਭਗਵਾਨਪੁਰ, ਸੇਰਪੁਰ, ਖੇੜੀ ਕਲਾਂ, ਗੁਰਮ, ਹਮੀਦੀ, ਵਜੀਦਕੇ ਖੁਰਦ, ਵਜੀਦਕੇ ਕਲਾਂ ਅਤੇ ਠੀਕਰੀਵਾਲ ਪਿੰਡਾਂ ਦੇ ਲੋਕਾਂ ਵਿਚਕਾਰ ਪਹੁੰਚੇ। ਇਸ ਦੇ ਨਾਲ ਹੀ ਹਲਕਾ ਬਰਨਾਲਾ ਦੇ ਪਿੰਡ ਸੰਘੇੜਾ ਅਤੇ ਹੰਢਿਆਇਆ ਅਤੇ ਸਹਿਰ ਦੇ ਸੰਧੂ ਪੱਤੀ, ਵਾਲਮੀਕੀ ਚੌਂਕ, ਸਹੀਦ ਭਗਤ ਸਿੰਘ ਚੌਂਕ ਅਤੇ ਜਵਾਹਰ ਲਾਲ ਨਹਿਰੂ ਚੌਂਕ ਦੇ ਲੋਕਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਮਾਨ ਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਸਾਥ ਦੇਣ ਦੀ ਅਪੀਲ ਕੀਤੀ ਅਤੇ ‘ਆਪ’ ਦੀ ਸਰਕਾਰ ਬਣਨ ‘ਤੇ ਉਨਾਂ ਦੀਆਂ ਸਾਰੀਆਂ ਬੁਨਿਆਦੀ ਅਤੇ ਜਰੂਰੀ ਸਮੱਸਿਆਵਾਂ ਨੂੰ ਹੱਲ ਕਰਨ ਦਾ ਵਾਅਦਾ ਕੀਤਾ। ਚੋਣ ਪ੍ਰਚਾਰ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸ਼ਾਸਨ-ਪ੍ਰਸਾਸਨ ‘ਚ ਹੋ ਰਹੀ ਲੁੱਟ ਅਤੇ ਭ੍ਰਿਸਟਾਚਾਰ ਨੂੰ ਖਤਮ ਕਰਕੇ ਪੰਜਾਬ ਦਾ ਖਜਾਨਾ ਭਰੇਗੀ ਅਤੇ ਉਸ ਪੈਸੇ ਨਾਲ ਲੋਕਾਂ ਨੂੰ ਮੁਫ਼ਤ ਵਿੱਚ ਚੰਗੀ ਸਿੱਖਿਆ ਅਤੇ ਮੈਡੀਕਲ ਵਿਵਸਥਾ, ਮੁਫਤ ਬਿਜਲੀ- ਪਾਣੀ ਅਤੇ ਹੋਰ ਸਹੂਲਤਾਂ ਮੁਹਈਆ ਕਰਵਾਏਗੀ। ਅਸੀਂ ਸ਼ਾਸਨ ਵਿਵਸਥਾ ਵਿੱਚ ਫੈਲੇ ਭ੍ਰਿਸਟਾਚਾਰ, ਰੇਤ ਮਾਫੀਆ, ਕੇਬਲ ਮਾਫੀਆ ਅਤੇ ਡਰੱਗ ਮਾਫੀਆ ਨੂੰ ਪੂਰੀ ਤਰਾਂ ਖਤਮ ਕਰਾਂਗੇ ਅਤੇ ਪੰਜਾਬ ਨੂੰ ਦੇਸ ਵਿੱਚ ਇਮਾਨਦਾਰ ਸਾਸਨ ਦੀ ਇੱਕ ਮਿਸਾਲ ਬਣਾਵਾਂਗੇ। ਮਾਨ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਆਪਣੀ ਕੁਰਸੀ ਅਤੇ ਪਰਿਵਾਰ ਬਚਾਉਣ ਲਈ ਲੜ ਰਹੀਆਂ ਹਨ। ਇਨਾਂ ਪਾਰਟੀਆਂ ਦੀ ਪਰਿਵਾਰਵਾਦ ਦੀ ਰਾਜਨੀਤੀ ਅਤੇ ਭ੍ਰਿਸਟਾਚਾਰ ਨੇ ਰਾਜਨੀਤੀ ਨੂੰ ਗੰਧਲਾ ਕਰ ਦਿੱਤਾ ਹੈ। ਸਾਡੀ ਲੜਾਈ ਪੰਜਾਬ ਬਚਾਉਣ ਦੀ ਹੈ। ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਬਚਾਉਣ ਦੀ ਹੈ। ਸਾਡੀ ਲੜਾਈ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਤੋਂ ਬਚਾਉਣ ਦੀ ਹੈ ਅਤੇ ਬੰਦ ਹੋ ਰਹੇ ਉਦਯੋਗਾਂ ਅਤੇ ਪਲਾਇਨ ਕਰ ਰਹੇ ਕਾਰੋਬਾਰੀਆਂ ਨੂੰ ਬਚਾਉਣ ਦੀ ਹੈ। ਅਸੀਂ ਪੰਜਾਬ ਦੀ ਕਿਸਾਨੀ, ਜਵਾਨੀ ਅਤੇ ਵਪਾਰੀ, ਸਾਰੀਆਂ ਨੂੰ ਬਚਾਵਾਂਗੇ। ਰੁਜਗਾਰ ਅਤੇ ਉਚੇਰੀ ਸਿੱਖਿਆ ਦੀ ਘਾਟ ਕਾਰਨ ਵਿਦੇਸ ਜਾਣ ਲਈ ਮਜਬੂਰ ਹੋ ਰਹੇ ਨੌਜਵਾਨਾਂ ਨੂੰ ਪੰਜਾਬ ਵਿੱਚ ਹੀ ਸਿੱਖਿਆ ਅਤੇ ਰੁਜਗਾਰ ਦੇ ਯੋਗ ਮੌਕੇ ਮੁਹੱਈਆ ਕਰਵਾ ਕੇ ਪੰਜਾਬ ਵਿੱਚੋਂ ਪੈਸੇ ਅਤੇ ਹੁਨਰ ਦੀ ਨਿਕਾਸੀ ਨੂੰ ਰੋਕਾਂਗੇ। ਕਿਸਾਨਾਂ ਦੇ ਮੁੱਦੇ ‘ਤੇ ਮਾਨ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਪਿਛਲੀਆਂ ਸਰਕਾਰਾਂ ਨੇ ਮੰਡੀਆਂ ਦੀ ਹਾਲਤ ਖਰਾਬ ਕਰਕੇ ਬਹੁਤ ਦੁੱਖ ਦਿੱਤਾ ਹੈ। ਦਿਨ-ਰਾਤ ਮਿਹਨਤ ਕਰਕੇ ਅਨਾਜ ਦੀ ਉਪਜ ਕਰਨ ਤੋਂ ਬਾਅਦ ਉਨਾਂ ਦਾ ਅਨਾਜ ਮੰਡੀਆਂ ਵਿੱਚ ਖਰਾਬ ਹੋ ਜਾਂਦਾ ਹੈ ਅਤੇ ਉਨਾਂ ਨੂੰ ਲੱਖਾਂ ਦਾ ਨੁਕਸਾਨ ਝੱਲਣਾ ਪੈਂਦਾ ਹੈ। ਅਸੀਂ ਕਿਸਾਨਾਂ ਨੂੰ ਕਿਸੇ ਵੀ ਕੀਮਤ ‘ਤੇ ਨੁਕਸਾਨ ਨਹੀਂ ਹੋਣ ਦੇਵਾਂਗੇ। ਟਰਾਲੀ ਮੰਡੀ ਦੇ ਅੰਦਰ ਆਉਂਦੇ ਹੀ ਅਨਾਜ ਦੀ ਸਾਰੀ ਜੰਿਮੇਵਾਰੀ ਸਰਕਾਰ ਦੀ ਹੋਵੇਗੀ। ਜੇਕਰ ਝੱਖੜ ਤੂਫ਼ਾਨ ਅਤੇ ਬਰਸਾਤ ਕਾਰਨ ਅਨਾਜ ਖਰਾਬ ਹੋ ਜਾਂਦਾ ਹੈ ਤਾਂ ਇਸ ਦਾ ਨੁਕਸਾਨ ਕਿਸਾਨ ਨਹੀਂ ਸਰਕਾਰ ਉਠਾਏਗੀ। ਅਨਾਜ ਮੰਡੀ ਵਿੱਚ ਪਹੁੰਚਣ ਦੇ 24 ਘੰਟਿਆਂ ਦੇ ਅੰਦਰ-ਅੰਦਰ ਕਿਸਾਨਾਂ ਨੂੰ ਫਸਲ ਦੀ ਪੂਰੀ ਅਦਾਇਗੀ ਕੀਤੀ ਜਾਵੇਗੀ।
ਮਾਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੋਵੇਗੀ। ‘ਆਪ’ ਸਰਕਾਰ ਵਿੱਚ ਹਰ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ ਅਤੇ ਉਨਾਂ ਦਾ ਹੱਲ ਕੀਤਾ ਜਾਵੇਗਾ। ਪੰਜਾਬ ਅਤੇ ਪੰਜਾਬੀਆਂ ਦੀ ਤਕਦੀਰ ਬਦਲਣ ਲਈ ਇਸ ਵਾਰ ਝਾੜੂ ਦਾ ਬਟਨ ਦਬਾਓ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ। ਮਾਨ ਨੇ ਕਿਹਾ ਕਿ ਜਿਸ ਤਰਾਂ ਅਸੀਂ ਸੰਗਰੂਰ ਦਾ ਸਾਂਸਦ ਹੁੰਦਿਆਂ ਹਮੇਸਾ ਹੀ ਪੰਜਾਬ ਦੀ ਆਵਾਜ ਨੂੰ ਪਾਰਲੀਮੈਂਟ ਵਿਚ ਬੁਲੰਦ ਕੀਤਾ ਹੈ, ਉਸੇ ਤਰਾਂ ਮੁੱਖ ਮੰਤਰੀ ਬਣਨ ‘ਤੇ ਅਸੀਂ ਪੰਜਾਬ ਦੇ ਹਰ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਦਿਨ-ਰਾਤ ਮਿਹਨਤ ਕਰਾਂਗੇ। ਲੋਕਾਂ ਨੂੰ ਉਨਾਂ ਦੇ ਹੱਕ ਦਿਵਾਵਾਂਗੇ।
ਭ੍ਰਿਸਟਾਚਾਰ ਅਤੇ ਮਾਫੀਆ ਦਾ ਖਾਤਮਾ ਕਰਕੇ ਦੇਸ ਵਿੱਚ ਇਮਾਨਦਾਰ ਸਾਸਨ ਦੀ ਮਿਸਾਲ ਕਾਇਮ ਕਰਾਂਗੇ-ਭਗਵੰਤ ਮਾਨ
ਕਾਂਗਰਸ ਨੇ ਪੰਜਾਬ ਨੂੰ ਪੰਜ ਸਾਲ ਵਿੱਚ ਦੋ ਬੇਈਮਾਨ ਮੁੱਖ ਮੰਤਰੀ ਦਿੱਤੇ – ਭਗਵੰਤ ਮਾਨ
ਕੈਪਟਨ ਨੇ ਮਾਫੀਆਂ ਨੂੰ ਮੰਤਰੀ ਬਣਾਇਆ, ਚੰਨੀ ਨੇ ਮੁੱਖ ਮੰਤਰੀ ਹੁੰਦਿਆਂ ਖੁਦ ਮਾਫੀਆ ਚਲਾਇਆ – ਭਗਵੰਤ ਮਾਨ
ਹਰ ਮੌਕੇ ‘ਤੇ ਮੁੱਖ ਮੰਤਰੀ ਚੰਨੀ ਦਾ ਭਤੀਜਾ ਹਨੀ ਰਹਿੰਦਾ ਸੀ ਨਾਲ, ਭਤੀਜੇ ਰਾਹੀਂ ਸਾਰਾ ਪੈਸਾ ਚਾਚਾ ਚੰਨੀ ਤੱਕ ਪਹੁੰਚਦਾ ਸੀ- ਭਗਵੰਤ ਮਾਨ
ਸੁਖਜਿੰਦਰ ਮਾਨ
ਚੰਡੀਗੜ, 4 ਫਰਵਰੀ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਵਿੱਚ ਪੂਰੀ ਤਰਾਂ ਮਾਫੀਆ ਦਾ ਕਬਜ਼ਾ ਸੀ ਅਤੇ ਰੇਤ ਅਤੇ ਨਸਅਿਾਂ ਦਾ ਗੈਰ-ਕਾਨੂੰਨੀ ਕਾਰੋਬਾਰ ਕਰਨ ਲਈ ਮਾਫੀਆ ਨੂੰ ਸਰਕਾਰੀ ਸੁਰੱਖਿਆ ਦਿੱਤੀ ਜਾਂਦੀ ਸੀ। ਕਾਂਗਰਸ ਨੇ ਆਪਣੇ ਪੰਜ ਸਾਲ ਦੇ ਰਾਜ ਦੌਰਾਨ ਪੰਜਾਬ ਨੂੰ ਦੋ ਬੇਈਮਾਨ ਮੁੱਖ ਮੰਤਰੀ ਦਿੱਤੇ। ਪਿਛਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਫੀਆ ਨੂੰ ਹੱਲਾਸੇਰੀ ਦੇਣ ਲਈ ਕਈ ਮਾਫੀਆ ਨਾਲ ਜੁੜੇ ਲੋਕਾਂ ਨੂੰ ਆਪਣੀ ਕੈਬਨਿਟ ਵਿੱਚ ਸਾਮਲ ਕੀਤਾ ਅਤੇ ਉਨਾਂ ਦੀ ਸਰਪ੍ਰਸਤੀ ਕੀਤੀ। ਦੂਜਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਰਿਸਤੇਦਾਰਾਂ ਰਾਹੀਂ ਖੁਦ ਰੇਤ ਮਾਫੀਆ ਨੂੰ ਚਲਾਉਂਦਾ ਸੀ। ਸ਼ੁਕਰਵਾਰ ਨੂੰ ਆਪਣੇ ਚੋਣ ਪ੍ਰਚਾਰ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਨੇ ਉਪਰੋਕਤ ਗੱਲਾਂ ਮਾਨ ਨੇ ਕਹੀਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੁੱਖ ਮੰਤਰੀ ਚੰਨੀ ‘ਤੇ ਹਮਲਾ ਬੋਲਿਆ। ਮਾਨ ਨੇ ਕਿਹਾ ਕਿ ਕੈਪਟਨ ਨੇ ਕਾਂਗਰਸ ਪਾਰਟੀ ਨੂੰ ਬਚਾਉਣ ਲਈ ਪੰਜਾਬ ਨੂੰ ਬਰਬਾਦ ਕਰ ਦਿੱਤਾ। ਕੈਪਟਨ ਨੇ ਖੁਦ ਕਿਹਾ ਹੈ ਕਿ ਕਾਂਗਰਸ ਦੀ ਇੱਜਤ ਬਚਾਉਣ ਲਈ ਅਸੀਂ ਆਪਣੀ ਸਰਕਾਰ ‘ਚ ਸਾਮਲ ਮਾਫੀਆ ਦੇ ਦੋਸੀ ਆਗੂਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਸੀ। ਇਸ ਦਾ ਸਪੱਸਟ ਮਤਲਬ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਨੁਕਰੇ ਲਾਕੇ ਆਪਣੀ ਪਾਰਟੀ ਕਾਂਗਰਸ ਨੂੰ ਪਹਿਲ ਦਿੱਤੀ। ਈਡੀ ਵੱਲੋਂ ਮੁੱਖ ਮੰਤਰੀ ਚੰਨੀ ਦੇ ਭਤੀਜੇ ਦੀ ਗ੍ਰਿਫਤਾਰੀ ‘ਤੇ ਮਾਨ ਨੇ ਕਿਹਾ ਕਿ ਚੰਨੀ ਨੇ ਖੁਦ ਕਬੂਲ ਕੀਤਾ ਹੈ ਕਿ ਉਹ ਆਪਣੇ ਪਰਿਵਾਰ ਵੱਲੋਂ ਕੀਤੇ ਭ੍ਰਿਸਟਾਚਾਰ ‘ਤੇ ਨਜਰ ਨਹੀਂ ਰੱਖ ਸਕੇ। ਇਸ ਦਾ ਸਪੱਸਟ ਮਤਲਬ ਇਹ ਹੈ ਕਿ ਉਨਾਂ ਦੇ ਪਰਿਵਾਰ ਅਤੇ ਰਿਸਤੇਦਾਰਾਂ ਨੇ ਭ੍ਰਿਸਟਾਚਾਰ ਕੀਤਾ ਅਤੇ ਰੇਤ ਮਾਫੀਆ ਅਤੇ ਤਬਾਦਲੇ-ਪੋਸਟਿੰਗਾਂ ਰਾਹੀਂ ਕਰੋੜਾਂ ਰੁਪਏ ਕਮਾਏ। ਮਾਨ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਸਿਰਫ ਆਮ ਆਦਮੀ ਹੋਣ ਦਾ ਨਾਟਕ ਕਰਦੇ ਹਨ। ਆਮ ਆਦਮੀ ਦੇ ਕੋਲ ਬੇਹਿਸਾਬ ਕਰੋੜਾਂ ਰੁਪਏ ਨਹੀਂ ਹੁੰਦੇ। ਚੰਨੀ ਨੇ ਸੱਤਾ ‘ਚ ਆਉਣ ਤੋਂ ਬਾਅਦ ਖੁਦ ਆਪਣੇ ਨਾਲ ਨਾਲ ਆਪਣੇ ਕਈ ਕਰੀਬੀਆਂ ਅਤੇ ਰਿਸਤੇਦਾਰਾਂ ਨੂੰ ਵੀ ਕਰੋੜਪਤੀ ਬਣਾ ਦਿੱਤਾ।
ਮਾਨ ਨੇ ਕਿਹਾ ਕਿ ਹਨੀ ਮੁੱਖ ਮੰਤਰੀ ਚੰਨੀ ਦਾ ਸਿਰਫ ਭਤੀਜਾ ਹੀ ਨਹੀਂ ਸੀ, ਉਹ ਉਨਾਂ ਦਾ ਕਾਰੋਬਾਰੀ ਭਾਈਵਾਲ ਸੀ। ਉਸ ਰਾਹੀਂ ਸਾਰਾ ਪੈਸਾ ਚੰਨੀ ਤੱਕ ਪਹੁੰਚਦਾ ਸੀ। ਹਰ ਮੌਕੇ ‘ਤੇ ਹਨੀ ਉਨਾਂ ਦੇ ਨਾਲ ਹੁੰਦਾ ਸੀ। ਮੁੱਖ ਮੰਤਰੀ ਚੰਨੀ ਨੇ ਉਨਾਂ ਨੂੰ ਵੀਆਈਪੀ ਸੁਰੱਖਿਆ ਦਿੱਤੀ ਹੋਈ ਸੀ। ਉਨਾਂ ਸਵਾਲ ਕੀਤਾ ਕਿ ਉਨਾਂ ਦਾ ਭਤੀਜਾ ਹਨੀ ਜਦੋਂ ਕੋਈ ਸੰਵਿਧਾਨਕ ਅਹੁਦਾ ਨਹੀਂ ਸੰਭਾਲ ਰਿਹਾ ਸੀ ਤਾਂ ਉਨਾਂ ਨੂੰ ਇਸ ਹੈਸੀਅਤ ਨਾਲ ਇੰਨੀ ਵੱਡੀ ਸੁਰੱਖਿਆ ਮਿਲੀ ਹੋਈ ਸੀ। ਇਸ ਦਾ ਸਪੱਸਟ ਮਤਲਬ ਹੈ ਕਿ ਭਤੀਜੇ ਰਾਹੀਂ ਮੁੱਖ ਮੰਤਰੀ ਚੰਨੀ ਖੁਦ ਆਪਣੇ ਪੈਸੇ ਕਮਾਉਂਦੇ ਸਨ।
ਮਾਨ ਨੇ ਕਿਹਾ ਕਿ ਈਡੀ ਨੇ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ ‘ਤੇ ਵੀ ਛਾਪਾ ਮਾਰਿਆ ਸੀ। ਈਡੀ ਨੂੰ ਕੇਜਰੀਵਾਲ ਦੇ ਘਰ ਤੋਂ ਈਡੀ ਨੂੰ ਸਿਰਫ ਦਸ ਮਫਲਰ ਮਿਲੇ। ਦੂਜੇ ਪਾਸੇ ਕਾਂਗਰਸ ਦੇ ਮੁੱਖ ਮੰਤਰੀ ਚੰਨੀ ਦੇ ਭਤੀਜੇ ਦੇ ਘਰ ਈਡੀ ਨੂੰ ਛਾਪੇਮਾਰੀ ਦੌਰਾਨ 10 ਕਰੋੜ ਮਿਲੇ। ਇਹੀ ਫਰਕ ਹੈ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਵਿੱਚ। ਅਸੀਂ ਜਨਤਾ ਦੇ ਪੈਸੇ ਨਾਲ ਜਨਤਾ ਨੂੰ ਸਹੂਲਤਾਂ ਪ੍ਰਦਾਨ ਕਰਦੇ ਹਾਂ। ਕਾਂਗਰਸੀ ਨੇਤਾ ਜਨਤਾ ਦੇ ਪੈਸੇ ਆਪਣੇ ਘਰਾਂ ਵਿੱਚ ਜਮਾਂ ਕਰਦੇ ਹਨ। ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਚੋਣ ਵਿੱਚ ਕਾਂਗਰਸ ਦੀ ਇਸ ਲੁੱਟ ਦਾ ਜਵਾਬ ਦੇਣਗੇ। ਲੋਕਾਂ ਨੇ ਕਾਂਗਰਸ ਨੂੰ ਝੂਠੇ ਵਾਅਦਿਆਂ ਅਤੇ ਭ੍ਰਿਸਟਾਚਾਰ ਦਾ ਸਬਕ ਸਿਖਾਉਣ ਦਾ ਮਨ ਬਣਾ ਲਿਆ ਹੈ।
ਬੇਅਦਬੀਆਂ ਦੇ ਮਾਮਲਿਆਂ ਵਿੱਚ ਇਨਸਾਫ਼ ਦੇਣ ਦੇ ਝੂਠੇ ਵਾਅਦੇ ਕਰਕੇ ਗੁਰੂ ਅਤੇ ਸੰਗਤ ਦੀ ਵਾਰ- ਵਾਰ ਬੇਅਦਬੀ ਕਰ ਰਹੇ ਨੇ ਕਾਂਗਰਸੀ: ਹਰਪਾਲ ਸਿੰਘ ਚੀਮਾ
ਕੈਪਟਨ ਵਾਂਗ ਚੰਨੀ, ਸਿੱਧੂ ਅਤੇ ਰੰਧਾਵਾ ਵੀ ਨਹੀਂ ਦੇ ਸਕੇ ਬੇਅਦਬੀਆਂ ਦਾ ਇਨਸਾਫ਼ : ਹਰਪਾਲ ਸਿੰੰਘ ਚੀਮਾ
ਕਾਂਗਰਸ, ਬਾਦਲ ਅਤੇ ਭਾਜਪਾ ਨੇ ਧਰਮ ਅਤੇ ਆਮ ਲੋਕਾਂ ਦੀਆਂ ਭਾਵਨਾਵਾਂ ਦਾ ਰਾਜਨੀਤਿਕ ਇਸਤੇਮਾਲ ਕੀਤਾ: ਹਰਪਾਲ ਸਿੰਘ ਚੀਮਾ
‘ਆਪ’ ਦੀ ਸਰਕਾਰ ਬੇਅਦਬੀ ਦੇ ਦੋਸ਼ੀਆਂ ਅਤੇ ਸਾਜਿਸ਼ਕਾਰਾਂ ਖ਼ਿਲਾਫ਼ ਕਰੇਗੀ ਮਿਸਾਲੀ ਕਾਰਵਾਈ:ਹਰਪਾਲ ਸਿੰਘ ਚੀਮਾ
ਸੁਖਜਿੰਦਰ ਮਾਨ
ਚੰਡੀਗੜ, 4 ਫਰਵਰੀ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਕਾਂਗਰਸੀ ਆਗੂ ਅਤੇ ਸੂੁਬੇ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ (ਸੁੱਖੀ ਰੰਧਾਵਾ) ਮੁੱੜ ਕਾਂਗਰਸ ਸਰਕਾਰ ਬਣਨ ‘ਤੇ ਬੇਅਦਬੀਆਂ ਦੇ ਮਾਮਲਿਆਂ ਵਿੱਚ ਇਨਸਾਫ਼ ਦੇਣ ਦੇ ਝੂਠੇ ਵਾਅਦੇ ਕਰਕੇ ਗੁਰੂ ਗਰੰਥ ਸਾਹਿਬ ਅਤੇ ਸੰਗਤ ਦੀ ਵਾਰ- ਵਾਰ ਬੇਅਦਬੀ ਕਰ ਰਹੇ ਹਨ। ਚੀਮਾ ਨੇ ਦਾਅਵਾ ਕੀਤਾ ਗੁਰੂ ਨਾਨਕ ਨਾਮ ਲੇਵਾ ਸੰਗਤ ਨੇ ਬੇਅਦਬੀਆਂ ਦੇ ਇਨਸਾਫ਼ ਸਮੇਤ ਪੰਜਾਬ ਦੀਆਂ ਹੋਰ ਸਮੱਸਿਆਵਾਂ ਦੇ ਹੱਲ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਫ਼ੈਸਲਾ ਕਰ ਲਿਆ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਾਸੀਆਂ ਦੀਆਂ ਸਾਰੀਆਂ ਉਮੀਦਾਂ ‘ਤੇ ਖਰੀ ਉਤਰੇਗੀ। ਸ਼ੁੱਕਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ, ”ਕਾਂਗਰਸ ਪਾਰਟੀ ਪੰਜ ਸਾਲ ਦੀ ਸੱਤਾ ਭੋਗ ਕੇ ਵੀ ਸ੍ਰੀ ਗੁਰੂ ਗਰੰਥ ਸਾਹਿਬ ਸਮੇਤ ਹੋਰਨਾਂ ਧਾਰਮਿਕ ਗਰੰਥਾਂ ਦੀਆਂ ਹੋਈਆਂ ਬੇਅਦਬੀਆਂ ਬਾਰੇ ਕੋਈ ਇਨਸਾਫ਼ ਨਹੀਂ ਦੇ ਸਕੀ। ਕਾਂਗਰਸ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਪਿੱਛਲੇ 7 ਸਾਲਾਂ ਤੋਂ ਗੁਰੂ ਨਾਨਕ ਨਾਮ ਲੇਵਾ ਸੰਗਤ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ।” ਉਨਾਂ ਦੋਸ਼ ਲਾਇਆ ਕਿ ਚੋਣਾ ਸਮੇਂ ਕਾਂਗਰਸ ਦੇ ਆਗੂ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਪੰਜਾਬ ਵਾਸੀਆਂ ਨਾਲ ਫਿਰ ਝੂਠਾ ਵਾਅਦਾ ਕਰ ਰਹੇ ਹਨ ਕਿ ਕਾਂਗਰਸ ਪਾਰਟੀ ਦੀ ਮੁੱੜ ਸਰਕਾਰ ਬਣਨ ‘ਤੇ ਬੇਅਦਬੀਆਂ ਦੇ ਮਾਮਲੇ ਵਿੱਚ ਇਨਸਾਫ਼ ਦਿੱਤਾ ਜਾਵੇਗਾ। ਜਦੋਂ ਕਿ ਸਚਾਈ ਸਭ ਤੇ ਸਾਹਮਣੇ ਹੈ ਕਿ ਬੇਅਦਬੀ ਤੇ ਹੋਰ ਘਟਨਾਵਾਂ ਦੀ ਜਾਂਚ ਲਈ ਕਈ ਵਿਸ਼ੇਸ਼ ਜਾਂਚ ਕਮੇਟੀਆਂ, ਸੀ.ਬੀ.ਆਈ ਜਾਂਚ, ਜਸਟਿਸ ਜੋਰਾ ਸਿੰਘ ਅਤੇ ਜਸਟਿਸ ਰਣਜੀਤ ਸਿੰਘ ਜਾਂਚ ਅਯੋਗ ਦਾ ਗਠਨ ਕੀਤਾ ਗਿਆ ਅਤੇ ਜਾਂਚ ਰਿਪੋਰਟਾਂ ਸਰਕਾਰ ਨੂੰ ਸੌਂਪੀਆਂ ਗਈਆਂ, ਪਰ ਕਿਸੇ ਦੋਸ਼ੀ ਜਾਂ ਸਾਜਿਸਕਾਰ ਨੂੰ ਸਜ਼ਾ ਨਹੀਂ ਮਿਲੀ। ਚੀਮਾ ਨੇ ਕਿਹਾ ਕਿ ਪੰਜਾਬ ‘ਚ ਬੇਅਦਬੀਆਂ ਸਿਰਫ਼ ਸ੍ਰੀ ਗੁਰੂ ਗਰੰਥ ਸਾਹਿਬ ਦੀਆਂ, ਸਗੋਂ ਸਾਰੇ ਧਾਰਮਿਕ ਗਰੰਥਾਂ ਦੀਆਂ ਹੋਈਆਂ ਹਨ। ਜੋ ਵੱਡੀ ਸਾਜਿਸ਼ ਦਾ ਹਿੱਸਾ ਹਨ। ਉਨਾਂ ਦੱਸਿਆ ਕਿ ਸਾਲ 2015 ਤੇ 2017 ਵਿਚਕਾਰ ਸ੍ਰੀ ਗੁਰੂ ਗਰੰਥ ਸਾਹਿਬ ਤੋਂ ਇਲਾਵਾ ਭਗਵਤ ਗੀਤਾ ਅਤੇ ਪਵਿੱਤਰ ਕੁਰਾਨ ਦੀਆਂ ਬੇਅਦਬੀਆਂ ਕਰਨ ਦੀਆਂ ਕਰੀਬ 170 ਘਟਨਾਵਾਂ ਹੋਈਆਂ ਹਨ। ਐਨਾ ਹੀ ਨਹੀਂ ਪੰਜਾਬ ਦੀ ਸ਼ਾਂਤੀ ਭੰਗ ਕਰਨ ਲਈ ਕਈ ਤਰਾਂ ਦੇ ਪੋਸਟਰ ਵੀ ਲਾਏ ਗਏ ਸਨ। ਬੇਅਦਬੀ ਦੀਆਂ ਘਟਨਾਵਾਂ ਕਾਂਗਰਸ ਪਾਰਟੀ ਦੇ ਸ਼ਾਸਨ ਦੌਰਾਨ ਵੀ ਬੰਦ ਨਹੀਂ ਹੋਈਆਂ ਅਤੇ ਕਿਸੇ ਵੀ ਦੋਸ਼ੀ ਨੂੰ ਸਜ਼ਾ ਨਹੀਂ ਮਿਲੀ, ਜਿਸ ਕਾਰਨ ਦੋਸ਼ੀਆਂ ਦੇ ਹੌਸਲੇ ਬੁਲੰਦ ਹੋਏ ਹਨ। ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਸ੍ਰੀ ਗੁਰੂ ਗਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਮਾਮਲੇ ਵਿੱਚ ਸੱਤ ਸਾਲਾਂ ਬਾਅਦ ਵੀ ਕੋਈ ਜਾਂਚ ਕਮੇਟੀ, ਸੀਬੀਆਈ ਅਤੇ ਜਾਂਚ ਪੈਨਲ ਬੇਅਦਬੀ ਦੇ ਮਾਮਲੇ ਵਿੱਚ ਇਨਸਾਫ਼ ਨਹੀਂ ਦੇ ਪਾਇਆ, ਕਿਉਂਕਿ ਪੰਜਾਬ ਦੀ ਸੱਤਾ ‘ਤੇ ਕਾਬਜ ਲੋਕ ਅਤੇ ਪਾਰਟੀਆਂ ਆਪਸ ਵਿੱਚ ਰਲੀਆਂ ਹੋਈਆਂ ਹਨ। ਚੀਮਾ ਨੇ ਦਾਅਵਾ ਕੀਤਾ ਕਿ ਬੇਅਦਬੀ ਅਤੇ ਗੋਲੀ ਕਾਂਡ ਮਾਮਲੇ ਬਾਰੇ ਜਾਂਚ ਰਿਪੋਰਟਾਂ ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਤੇ ਤਤਕਾਲੀ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਡੀ.ਜੀ.ਪੀ ਸੁਮੇਧ ਸੈਣੀ ਅਤੇ ਕਈ ਹੋਰ ਰਾਜਨੀਤਿਕ ਆਗੂਆਂ ਦੇ ਨਾਂਅ ਉਜਾਗਰ ਕਰ ਚੁੱਕੀਆਂ ਹਨ, ਪਰ ਕਾਂਗਰਸ ਸਰਕਾਰ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਦੇ ਵੀ ਇਨਾਂ ਜਾਂਚ ਰਿਪੋਰਟਾਂ ਨੂੰ ਲੋਕਾਂ ਵਿੱਚ ਪੇਸ਼ ਨਹੀਂ ਕੀਤਾ ਅਤੇ ਨਾ ਹੀ ਸਿੱਖਾਂ ਨੂੰ ਇਨਸਾਫ਼ ਦੇਣ ਲਈ ਕੋਈ ਠੋਸ ਕਾਰਵਾਈ ਕੀਤੀ ਹੈ। ਉਨਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਕੋਲ ਸਿੱਖਾਂ ਸਮੇਤ ਹੋਰਨਾਂ ਵਰਗਾਂ ਨੂੰ ਇਨਸਾਫ਼ ਅਤੇ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਸਮਾਂ ਸੀ, ਪਰ ਉਨਾਂ ਨੇ ਵੀ ਦੋਸ਼ੀਆਂ ਦਾ ਸਾਥ ਦਿੱਤਾ ਅਤੇ ਲੋਕਾਂ ਦੇ ਅੱਖੀਂ ਘੱਟਾ ਪਾਇਆ। ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਜਿਹੀਆਂ ਰਿਵਾਇਤੀ ਪਾਰਟੀਆਂ ਦੀ ਘਿਨੌਣੀ ਰਾਜਨੀਤੀ ਕਰਕੇ ਧਰਮ ਅਤੇ ਆਮ ਲੋਕਾਂ ਦੀਆਂ ਭਾਵਨਾਵਾਂ ਦਾ ਰਾਜਨੀਤਿਕ ਇਸਤੇਮਾਲ ਕੀਤਾ ਗਿਆ ਹੈ, ਜਦੋਂ ਕਿ ਆਮ ਆਦਮੀ ਪਾਰਟੀ ਲਈ ਬੇਅਦਬੀ, ਗੋਲੀ ਕਾਂਡ ਜਿਹੇ ਮਾਮਲਿਆਂ ‘ਚ ਸਿੱਖ ਸੰਗਤ ਨੂੰ ਇਨਸਾਫ਼ ਦੇਣਾ ਇੱਕ ਵੱਡੀ ਜ਼ਿੰਮੇਵਾਰੀ ਹੈ। ਚੀਮਾ ਨੇ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ‘ਤੇ ਬੇਅਦਬੀ ਦੇ ਦੋਸ਼ੀਆਂ ਅਤੇ ਸਾਜਿਸ਼ਕਾਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ, ਭਾਂਵੇ ਉਹ ਕਿੰਨਾ ਵੀ ਰਸੂਖਦਾਰ ਕਿਉਂ ਨਾ ਹੋਵੇ, ਪਰੰਤੂ ਕਿਸੇ ਵੀ ਨਿਰਦੋਸ਼ ਨੂੰ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ।
ਮਨਪ੍ਰੀਤ ਸਿੰਘ ਬਾਦਲ ਨੇ ਕੀਤਾ ਸ਼ਹਿਰ ਦਾ ਤੂਫਾਨੀ ਦੌਰਾ, ਭਰਵੀਆਂ ਮੀਟਿੰਗਾਂ ਨੂੰ ਕੀਤਾ ਸੰਬੋਧਨ , ਵਿਕਾਸ ਦੇ ਨਾਂ ਤੇ ਮੰਗੀ ਵੋਟ
ਪੰਜਾਬ ਦੇ ਮਜ਼ਬੂਤ ਹੋਏ ਖ਼ਜ਼ਾਨੇ ਵਿੱਚੋਂ ਪੰਜਾਬ ਵਾਸੀਆਂ ਨੂੰ ਮਿਲੀ ਵੱਡੀ ਰਾਹਤ : ਮਨਪ੍ਰੀਤ ਸਿੰਘ ਬਾਦਲ
ਸੁਖਜਿੰਦਰ ਮਾਨ
ਬਠਿੰਡਾ 4 ਫ਼ਰਵਰੀ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੀ ਚੋਣ ਮੁਹਿੰਮ ਨੂੰ ਭਖਾ ਰੂਪ ਦਿੰਦੇ ਹੋਏ ਸ਼ਹਿਰ ਦਾ ਤੂਫਾਨੀ ਦੌਰਾ ਕੀਤਾ।ਮਨਪ੍ਰੀਤ ਸਿੰਘ ਬਾਦਲ ਵੱਲੋਂ ਸ਼ਹਿਰ ਦੇ ਢਿੱਲੋਂ ਨਗਰ, ਬਲਰਾਜ ਨਗਰ, ਬਲੂਮਿੰਗ ਬਡਜ਼ ਸਕੂਲ ,ਬਾਬਾ ਦੀਪ ਸਿੰਘ ਨਗਰ, ਬੈਂਕ ਕਲੋਨੀ, ਅਫ਼ੀਮ ਵਾਲੀ ਗਲੀ, ਗੁਰੂ ਗੋਬਿੰਦ ਸਿੰਘ ਨਗਰ, ਮਾਡਲ ਟਾਊਨ, ਬਸੰਤ ਬਿਹਾਰ ਸਮੇਤ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਭਰਵੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ ਅਤੇ ਪੰਜਾਬ ਸਰਕਾਰ ਵੱਲੋਂ ਸ਼ਹਿਰ ਦੇ ਕਰਵਾਏ ਚਹੁੰ ਮੁਖੀ ਵਿਕਾਸ ਦੇ ਨਾਂ ਤੇ ਵੋਟ ਦੀ ਮੰਗ ਕੀਤੀ। ਇਸ ਮੌਕੇ ਸ਼ਹਿਰ ਵਾਸੀਆਂ ਵੱਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਅਤੇ ਚੋਣਾਂ ਵਿੱਚ ਹਰ ਤਰ੍ਹਾਂ ਦੇ ਸਹਿਯੋਗ ਦਾ ਵਿਸ਼ਵਾਸ ਦਿਵਾਇਆ ਗਿਆ। ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਸ਼ਾਮ ਢਾਬਾ ਦੇ ਪਰਿਵਾਰ ਵੱਲੋਂ ਕਾਜੂਆਂ ਨਾਲ ਤੋਲ ਕੇ ਵੀ ਗਿਆ। ਇਸ ਮੌਕੇ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਮਜ਼ਬੂਤ ਹੋਏ ਖ਼ਜ਼ਾਨੇ ਵਿੱਚੋਂ ਲੋੜਵੰਦ ਪਰਿਵਾਰਾਂ ਅਤੇ ਪੰਜਾਬ ਦੇ ਲੱਖਾਂ ਘਰਾਂ ਲਈ ਰਾਹਤ ਦੀਆਂ ਸਕੀਮਾਂ ਵੰਡੀਆਂ ਗਈਆਂ ਹਨ ਜਿਸ ਨਾਲ ਸੂਬੇ ਦੀ ਤਸਵੀਰ ਵੀ ਬਦਲੀ ਹੋਈ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਕਰਜ਼ ਮੁਆਫੀ, ਬਿਜਲੀ ਦੇ ਬਕਾਏ ਮੁਆਫ਼ ਕਰਨ, ਤਿੱਨ ਰੁਪਏ ਪ੍ਰਤੀ ਯੂਨਿਟ ਬਿਜਲੀ ਸਸਤੀ ਕਰਨ, ਪੈਟਰੋਲ ਡੀਜ਼ਲ ਸਸਤਾ ਕਰਨ ਵਰਗੇ ਇਤਿਹਾਸਕ ਫ਼ੈਸਲਿਆਂ ਨੇ ਹਰ ਵਰਗ ਨੂੰ ਰਾਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਬਠਿੰਡਾ ਦੇ ਵਿਕਾਸ ਲਈ ਉਨ੍ਹਾਂ ਨੇ ਜੀਅ ਤੋੜ ਮਿਹਨਤ ਕੀਤੀ ਅਤੇ ਹਰ ਵਰਗ ਨੂੰ ਬੁਨਿਆਦੀ ਸਹੂਲਤਾਂ ਦਾ ਲਾਭ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਤਰੱਕੀ ਅਤੇ ਹਰ ਪਰਿਵਾਰ ਦੀ ਖੁਸ਼ਹਾਲੀ ਲਈ ਕਾਂਗਰਸ ਦੀ ਦੂਸਰੀ ਵਾਰ ਸਰਕਾਰ ਸਮੇਂ ਦੀ ਜ਼ਰੂਰਤ ਹੈ ਇਸ ਲਈ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਉਹ ਕਾਂਗਰਸ ਦੇ ਹੱਥ ਮਜ਼ਬੂਤ ਕਰਨ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਦੀ ਲੀਡਰਸ਼ਿਪ ਕੌਂਸਲਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ ।
ਡੀ.ਏ.ਵੀ ਕਾਲਜ ਰਿਟਾਇਡ ਟੀਚਰਜ਼ ਐਸੋਸੀਏਸ਼ਨ ਪੰਜਾਬ ਦਾ ਵਫ਼ਦ ਜਗਰੂਪ ਸਿੰਘ ਗਿੱਲ ਨੂੰ ਮਿਲਿਆ
ਸੁਖਜਿੰਦਰ ਮਾਨ
ਬਠਿੰਡਾ, 4 ਫਰਵਰੀ: ਰਾਜਨੀਤਿਕ ਪਾਰਟੀਆਂ ਦੇ ਲਾਰਿਆਂ ਦੇ ਮਾਰੇ ਡੀ. ਏ. ਵੀ ਕਾਲਜਾਂ ਦੇ ਰਿਟਾਇਡ ਟੀਚਰਜ਼ ਐਸੋਸੀਏਸ਼ਨ ਪੰਜਾਬ ਦਾ ਵਫ਼ਦ ਪ੍ਰੋ. ਰਜਨੀਸ਼ ਕੁਮਾਰ (ਪ੍ਰਧਾਨ) ਦੀ ਰਹਿਨੁਮਾਈ ਹੇਠ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਜਗਰੂਪ ਸਿੰਘ ਗਿੱਲ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਪੈਨਸ਼ਨ ਨਾ ਮਿਲਣ ਸੰਬੰਧੀ ਆ ਰਹੀਆਂ ਦਿੱਕਤਾਂ ਤੋਂ ਜਾਣੂ ਕਰਵਾਇਆ । ਵਫ਼ਦ ਵਿੱਚ ਵਿੱਤ ਸਕੱਤਰ ਪ੍ਰੋ. ਐੱਸ. ਸੀ ਅਰੋੜਾ, ਪ੍ਰੈੱਸ ਸਕੱਤਰ ਪ੍ਰੋ. ਐੱਨ. ਕੇ ਗੌਸਾਈਂ, ਪੰਜਾਬੀ ਯੂਨੀਵਰਸਿਟੀ ਏਰੀਆ ਸਕੱਤਰ ਪ੍ਰੋ ਆਈ. ਕੇ ਸੁਖੀਜਾ, ਜਿਲ੍ਹਾ ਬਠਿੰਡਾ ਕੁਆਰਡੀਨੇਟਰ ਪ੍ਰੋ. ਸਤੀਸ਼ ਵੋਹਰਾ ਅਤੇ ਮੈਡਮ ਆਸ਼ਾ ਕੁਮਾਰ ਸ਼ਾਮਲ ਸਨ । ਪ੍ਰੋ. ਕੁਮਾਰ ਨੇ ਦੱਸਿਆ ਕਿ ਸਾਲ 1999 ਵਿੱਚ ਪੰਜਾਬ ਦੇ ਏਡਿਡ ਕਾਲਜਾਂ ਵਿਖੇ ਕੰਮ ਕਰ ਰਹੇ ਅਧਿਆਪਕਾਂ ਲਈ ਪੰਜਾਬ ਸਰਕਾਰ ਵਲੋਂ ਪੈਨਸ਼ਨ ਦੇਣ ਲਈ ਇੱਕ ਸਕੀਮ ਬਣਾਈ ਗਈ ਸੀ । ਜਿਸ ਨੂੰ ਪੰਜਾਬ ਵਿਧਾਨ ਸਭਾ ਨੇ ਪਾਸ ਕਰ ਦਿੱਤਾ ਸੀ ਅਤੇ ਮਾਣਯੋਗ ਗਵਰਨਰ ਪੰਜਾਬ ਵਲੋਂ ਮਨਜੂਰੀ ਦੇਣ ਤੋਂ ਬਾਅਦ ਇਸ ਦੀ ਗਜਟ ਨੋਟੀਫਿਕੇਸ਼ਨ ਵੀ ਕਰ ਦਿੱਤੀ ਗਈ ਸੀ । ਪਰ ਵਿਧਾਨ ਸਭਾ ਵਿੱਚ ਝੂਠੇ ਕਾਰਨ ਦੱਸ ਕੇ ਉਸ ਵੇਲੇ ਦੀ ਬਾਦਲ ਸਰਕਾਰ ਨੇ ਸੰਨ 2012 ਵਿੱਚ ਇਸ ਐਕਟ ਨੂੰ ਰੱਦ ਕਰ ਦਿੱਤਾ ਸੀ । ਉਸ ਵੇਲੇ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ 136 ਏਡਿਡ ਕਾਲਜਾਂ ਦੇ 4000 ਮੁਲਾਜਮ ਪੈਨਸ਼ਨ ਲਾਭ ਤੋਂ ਵਾਂਝੇ ਹਨ । ਪ੍ਰੈੱਸ ਸਕੱਤਰ ਪ੍ਰੋ. ਗੌਸਾਈਂ ਨੇ ਕਿਹਾ ਕਿ ਪੈਨਸ਼ਨ ਤੋਂ ਬਿਨਾਂ ਵੱਧਦੀ ਉੱਮਰ ਅਤੇ ਬਿਮਾਰੀਆਂ ਕਰਕੇ ਉਹ ਠੋਕਰਾਂ ਖਾਣ ਲਈ ਮਜ਼ਬੂਰ ਹਨ ਕਿਉਂਕਿ ਪੈਨਸ਼ਨ ਤੋਂ ਬਿਨਾਂ ਉਨ੍ਹਾਂ ਕੋਲ ਆਮਦਨ ਦਾ ਕੋਈ ਹੋਰ ਸਾਧਨ ਨਹੀ ਹੈ । ਉਨ੍ਹਾਂ ਦੀ ਜਥੇਬੰਦੀ ਨੇ ਬਠਿੰਡਾ ਦੇ ਵਿਧਾਇਕ ਅਤੇ ਪੰਜਾਬ ਦੇ ਖਜਾਨਾ ਮੰਤਰੀ ਸ੍ਰ ਮਨਪ੍ਰੀਤ ਸਿੰਘ ਬਾਦਲ ਨਾਲ ਇਸ ਸੰਬੰਧੀ ਚੰਡੀਗੜ੍ਹ ਤੇ ਬਠਿੰਡਾ ਵਿਖੇ ਕਈ ਮੀਟਿੰਗਾਂ ਕੀਤੀਆਂ ਪਰ ਲਾਰਿਆਂ ਤੋਂ ਬਿਨਾਂ ਉਨ੍ਹਾਂ ਨੂੰ ਕੁਝ ਵੀ ਹਾਸਲ ਨਹੀਂ ਹੋਇਆ । ਇਸ ਬੁੜਾਪੇ ਵਿੱਚ ਉਹ ਕਚਹਿਰੀਆਂ ਵਿੱਚ ਧੱਕੇ ਖਾਣ ਨੂੰ ਮਜ਼ਬੂਰ ਹਨ । 2015 ਵਿੱਚ ਮਾਣਯੋਗ ਸੁਪਰੀਮ ਕੋਰਟ ਵਿੱਚ ਕੀਤੇ ਕੇਸ ਦਾ ਵੀ ਅਜੇ ਤੱਕ ਕੋਈ ਨਿਪਟਾਰਾ ਨਹੀਂ ਹੋਇਆ । ਦੁੱਖ ਦੀ ਗੱਲ ਇਹ ਹੈ ਕਿ ਪੈਨਸ਼ਨ ਦਾ ਇੰਤਜ਼ਾਰ ਕਰਦੇ-ਕਰਦੇ ਹੁਣ ਤੱਕ ਤਕਰੀਬਨ ਪੰਜ ਸੋ ਰਿਟਾਇਡ ਮੁਲਾਜ਼ਮ ਅਕਾਲ ਚਲਾਣਾ ਕਰ ਚੁੱਕੇ ਹਨ । ਐਡਵੋਕੇਟ ਜਗਰੂਪ ਸਿੰਘ ਨੇ ਵਫ਼ਦ ਦੀ ਗੱਲ ਬੜੀ ਹਮਦਰਦੀ ਨਾਲ ਸੁਣੀ ਅਤੇ ਯਕੀਨ ਦਵਾਇਆ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਨ ਤੇ ਰਿਟਾਇਡ ਅਧਿਆਪਕਾਂ ਨੂੰ ਦਰਪੇਸ਼ ਆਣ ਵਾਲੀਆਂ ਤਕਲੀਫਾਂ, ਖਾਸ ਕਰਕੇ ਪੈਨਸ਼ਨ ਸੰਬੰਧੀ ਮੰਗਾਂ ਨੂੰ ਹਮਦਰਦੀ ਨਾਲ ਵਿਚਾਰਿਆ ਜਾਵੇਗਾ ਅਤੇ ਇਸ ਸੰਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ ।
ਭੁੱਚੋ ਮੰਡੀ ਤੋਂ ਭਾਜਪਾ ਦੇ ਉਮੀਦਵਾਰ ਨੇ ਖੋਲ੍ਹਿਆ ਗੋਨਿਆਣਾ ਮੰਡੀ ਵਿਖੇ ਦਫ਼ਤਰ, ਲੋਕਾਂ ਨੇ ਦੱਤਾ ਭਰਵਾਂ ਹੁੰਗਾਰਾ
ਸੁਖਜਿੰਦਰ ਮਾਨ
ਗੋਨਿਆਣਾ ਮੰਡੀ 4 ਫ਼ਰਵਰੀ: ਵਿਧਾਨ ਸਭਾ ਹਲਕਾ ਭੁੱਚੋ ਮੰਡੀ ਤੋਂ ਭਾਜਪਾ ਦੇ ਉਮੀਦਵਾਰ ਇੰਜਨੀਅਰ ਰੁਪਿੰਦਰਜੀਤ ਸਿੰਘ ਨੇ ਅੱਜ ਚੋਣ ਮੁਹਿੰਮ ਨੂੰ ਭਖਾ ਰੂਪ ਦਿੰਦੇ ਹੋਏ ਗੋਨਿਆਣਾ ਮੰਡੀ ਵਿਖੇ ਆਪਣਾ ਦਫ਼ਤਰ ਖੋਲ੍ਹਿਆ ਗਿਆ। ਇਸ ਮੌਕੇ ਭਾਜਪਾ ਦੀ ਲੀਡਰਸ਼ਿਪ ਵਰਕਰ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਤੇ ਵਪਾਰੀ ਹਾਜ਼ਰ ਸਨ, ਜਿਨ੍ਹਾਂ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਉਮੀਦਵਾਰ ਨੂੰ ਡਟ ਕੇ ਸਮਰਥਨ ਦੇਣ ਦਾ ਵਿਸ਼ਵਾਸ ਦਿਵਾਇਆ। ਇੰਜਨੀਅਰ ਰੁਪਿੰਦਰਜੀਤ ਸਿੰਘ ਨੇ ਕਿਹਾ ਕਿ ਖੁਸ਼ਹਾਲ ਪੰਜਾਬ ਬਣਾਉਣ ਲਈ ਭਾਜਪਾ ਦੀ ਸਰਕਾਰ ਸਮੇਂ ਦੀ ਲੋੜ ਹੈ, ਕਿਉਂਕਿ ਜਿੰਨੀਆਂ ਵੀ ਸਰਕਾਰਾਂ ਪੰਜਾਬ ਵਿੱਚ ਬਣੀਆਂ ਉਨ੍ਹਾਂ ਨੇ ਪੰਜਾਬ ਦੇ ਹਿੱਤਾਂ ਦੀ ਰਖਵਾਲੀ ਸਹੀ ਤਰੀਕੇ ਨਾਲ ਨਹੀਂ ਕੀਤੀ, ਅੱਜ ਦੇਸ਼ ਦੀ ਮੋਦੀ ਸਰਕਾਰ ਨੇ ਜਿੱਥੇ ਦੇਸ਼ ਨੂੰ ਆਰਥਿਕ ਪੱਖੋਂ ਮਜ਼ਬੂਤ ਕੀਤਾ ਉੱਥੇ ਹੀ ਪੰਜਾਬ ਨੂੰ ਵੀ ਹਰ ਸਹੂਲਤ ਮੁਹੱਈਆ ਕਰਵਾਉਣ ਦੇ ਯਤਨ ਹੋਏ ਪਰ ਸਮੇਂ ਦੀਆਂ ਸਰਕਾਰਾਂ ਨੇ ਉਨ੍ਹਾਂ ਦਾ ਲਾਭ ਸਹੀ ਤਰੀਕੇ ਨਾਲ ਲੋਕਾਂ ਨੂੰ ਨਹੀਂ ਦਿੱਤਾ । ਉਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਲਈ ਵੋਟ ਦੀ ਮੰਗ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਇਸ ਇਲਾਕੇ ਨੂੰ ਇੰਡਸਟੀ ,ਨਵੇਂ ਸਕੂਲ, ਕਾਲਜ, ਸਟੇਡੀਅਮ ਬਣਾ ਕੇ ਨੁਹਾਰ ਬਦਲੀ ਜਾਵੇਗੀ ਤੇ ਹਰ ਸਹੂਲਤ ਮਿਲਣੀ ਯਕੀਨੀ ਬਣਾਈ ਜਾਵੇਗੀ ।
ਸੇਂਟ ਜ਼ੇਵਿਅਰਜ਼ ਸਕੂਲ ਜੂਨੀਅਰ ਵਿੰਗ ਬਠਿੰਡਾ ਵਿਖੇ ਦਸ ਦਿਵਸੀ ਸੈਮੀਨਾਰ ਅਧਿਆਪਕਾਂ ਲਈ ਸ਼ੁਰੂ ਕੀਤਾ ਗਿਆ ਹੈ
ਸੁਖਜਿੰਦਰ ਮਾਨ
ਬਠਿੰਡਾ, 4 ਫਰਵਰੀ: ਇਸ ਸੈਮੀਨਾਰ ਵਿੱਚ ਸਕੂਲ ਦੇ ਸਤਿਕਾਰਯੋਗ ਮੈਨੇਜਰ ਫਾਦਰ ਕਿ੍ਰਸਟੋਫ ਮਾਈਕਲ,ਪਿ੍ਰੰਸੀਪਲ ਫਾਦਰ ਸਿਡਲੋਏ ਫਰਟਾਡੋ, ਫਾਦਰ ਸੈਲਵਰਾਜ ਪੀਟਰ, ਫਾਦਰ ਵਿਨੋਦ ਬਾ,ਫਾਦਰ ਜ਼ੋਸਫ ਡਿਸੂਜ਼ਾ , ਸੇਂਟ ਜ਼ੇਵਿਅਰਜ਼ ਸਕੂਲ ਬਠਿੰਡਾ ਅਤੇ ਰਾਮਪੁਰਾ ਫੁਲ ਦੇ ਅਧਿਆਪਕਾਂ ਨੇ ਸ਼ਿਰਕਤ ਕੀਤੀ । ਇਸ ਸੈਮੀਨਾਰ ਨੂੰ ਸਿੱਖਿਆ ਜਗਤ ਦੀ ਉੱਘੀ ਸਖਸ਼ੀਅਤ ਸ਼੍ਰੀਮਾਨ ਮਨੀਸ਼ ਕਨਸਾਰਾ ਜੀ ਨੇ ਆਪਣੀ ਅਗਵਾਈ ਵਿੱਚ ਚਲਾਇਆ।ਇਸ ਸੈਮੀਨਾਰ ਦਾ ਉਦੇਸ਼ ਕਲਾ ਨੂੰ ਦੂਜਿਆਂ ਵਿਸ਼ਿਆਂ ਨਾਲ ਏਕੀਕਿ੍ਰਤ ਕਰਕੇ ਬੱਚਿਆਂ ਨੂੰ ਰੌਚਕ ਢੰਗ ਨਾਲ ਸਿੱਖਿਆ ਦੇਣਾ ਹੈ। ਇਸ ਸੈਮੀਨਾਰ ਵਿੱਚ ਸ਼੍ਰੀ ਮਨੀਸ਼ ਜੀ ਨੇ ਦੱਸਿਆ ਕਿ ਅੱਜ ਦੇ ਸਮੇਂ ਕਿਵੇਂ ਅਧਿਆਪਕ ਰਚਨਾਤਮਕ ਢੰਗ ਨਾਲ ਬੱਚਿਆਂ ਨੂੰ ਸਿੱਖਿਆ ਦੇ ਸਕਦੇ ਹਨ ਅਤੇ ਅਧਿਆਪਕਾਂ ਦੁਆਰਾ ਅਲੱਗ ਤਰੀਕੇ ਨਾਲ ਸੋਚ,ਸਮਝ,ਪੜ੍ਹ ਕੇ ਅਤੇ ਯੋਜਨਾ ਬਣਾ ਕੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾ ਸਕਦੀ ਹੈ।ਸਾਨੂੰ ਆਪਣੇ ਨਹੀਂ, ਬਲਕਿ ਬੱਚਿਆਂ ਦੇ ਨਜ਼ਰੀਏ ਨੂੰ ਮੁੱਖ ਰੱਖਦੇ ਹੋਏ ਸਿੱਖਿਆ ਦੇਣੀ ਚਾਹੀਦੀ ਹੈ ।ਇਸ ਸੈਮੀਨਾਰ ਵਿੱਚ ਅਧਿਆਪਕਾਂ ਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲ ਰਿਹਾ ਹੈ।
ਚੋਣ ਅਬਜਰਵਰਾਂ ਨੇ ਜ਼ਿਲਾ ਪ੍ਰਸ਼ਾਸਨ ਨਾਲ ਬੈਠਕ ਕਰਕੇ ਚੋਣ ਤਿਆਰੀਆਂ ਦਾ ਲਿਆ ਜਾਇਜ਼ਾ
ਇੰਟਰ ਸਟੇਟ ਨਾਕਿਆਂ ਤੇ ਸਖ਼ਤੀ ਨਾਲ ਚੈਕਿੰਗ ਕਰਨ ਦੀ ਕੀਤੀ ਹਦਾਇਤ
ਕੋਵਿਡ ਹਦਾਇਤਾਂ ਦੀ ਪਾਲਣਾ ਅਤੇ ਚੋਣ ਅਮਲੇ ਦੇ ਬੂਸਟਰ ਡੋਜ਼ ਲਗਾਉਣੀ ਬਣਾਈ ਜਾਵੇ ਯਕੀਨੀ
ਸੁਖਜਿੰਦਰ ਮਾਨ
ਬਠਿੰਡਾ, 3 ਫਰਵਰੀ: ਭਾਰਤੀ ਚੋਣ ਕਮਿਸ਼ਨ ਵੱਲੋਂ ਨਿਰਪੱਖ ਚੋਣਾਂ ਲਈ ਜ਼ਿਲੇ ਵਿਚ ਤਾਇਨਾਤ ਕੀਤੇ ਗਏ ਜਨਰਲ ਅਬਜਰਵਰਾਂ, ਪੁਲਿਸ ਅਬਜਰਵਰ ਅਤੇ ਖਰਚਾ ਅਬਜਰਵਰਾਂ ਨੇ ਜ਼ਿਲਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵਿਸ਼ੇਸ਼ ਬੈਠਕ ਕਰਕੇ ਚੋਣ ਤਿਆਰੀਆਂ ਦਾ ਜਾਇਜਾ ਲਿਆ। ਇਸ ਦੌਰਾਨ ਉਹਨਾਂ ਵਲੋਂ ਚੋਣਾਂ ਸਬੰਧੀ ਨਿਰਧਾਰਿਤ ਕੀਤੀਆਂ ਗਈਆਂ ਵੱਖ ਵੱਖ ਟੀਮਾਂ ਕੋਲੋਂ ਹੁਣ ਤੱਕ ਕੀਤੇ ਗਏ ਕਾਰਜਾਂ ਸਬੰਧੀ ਜਿੱਥੇ ਜਾਣਕਾਰੀ ਹਾਸਿਲ ਕੀਤੀ, ਓਥੇ ਹੀ ਚੋਣਾਂ ਨੂੰ ਪਾਰਦਰਸ਼ੀ ਤੇ ਬਿਨਾ ਕਿਸੇ ਡਰ ਭੈਅ ਦੇ ਨੇਪਰੇ ਚੜ੍ਹਉਣ ਦੇ ਆਦੇਸ਼ ਦਿੱਤੇ ਇਸ ਮੌਕੇ ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਚੋਣ ਆਬਜਰਵਰਾਂ ਨੁੰ ਜੀ ਆਇਆਂ ਨੂੰ ਕਿਹਾ ਅਤੇ ਚੋਣਾਂ ਸਬੰਧੀ ਕੀਤੇ ਇੰਤਜਾਮ ਬਾਰੇ ਜਾਣਕਾਰੀ ਦਿੱਤੀ। ਉਨਾਂ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੀ ਚੋਣ ਪ੍ਰਕਿ੍ਰਆ ਮੁਕੰਮਲ ਕੀਤੀ ਜਾਵੇਗੀ। ਉਨਾਂ ਨੇ ਕਿਹਾ ਕਿ ਲੋਕਾਂ ਨੂੰ ਵੱਧ ਤੋਂ ਵੱਧ ਮਤਦਾਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਬੈਠਕ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਨੇ ਇਹ ਵੀ ਦਸਿਆ ਕਿ ਜਿਲੇ ਅਧੀਨ ਪੈਂਦੇ 6 ਵਿਧਾਨ ਸਭਾ ਹਲਕਿਆਂ (90- ਰਾਮਪੁਰਾ ਫੂਲ ਤੇ 91-ਭੁੱਚੋ ਮੰਡੀ ਲਈ ਸ਼੍ਰੀ ਸ਼ਿਵ ਸ਼ਾਹੇ ਅਵਾਸਤੀ ਆਈਏਐਸ , 92-ਬਠਿੰਡਾ ਸ਼ਹਿਰੀ ਤੇ 93-ਬਠਿੰਡਾ ਦਿਹਾਤੀ ਲਈ ਡਾ. ਸ਼ੈਲਜ਼ਾ ਸ਼ਰਮਾ ਆਈਏਐਸ ਤੇ 94-ਤਲਵੰਡੀ ਸਾਬੋ ਅਤੇ 95-ਮੌੜ ਸ਼੍ਰੀ ਪਵਨ ਕੁਮਾਰ ਆਈਏਐਸ ਨੂੰ ਜਨਰਲ ਆਬਜ਼ਰਬਰ ਅਤੇ ਇਸੇ ਤਰ੍ਹਾਂ 90-ਰਾਮਪੁਰਾ ਫੂਲ ਤੇ 91-ਭੁੱਚੋ ਮੰਡੀ ਲਈ ਸ਼੍ਰੀ ਮੁਨੀਸ਼ ਕੁਮਾਰ ਆਈਆਰਐੱਸ, 92-ਬਠਿੰਡਾ ਸ਼ਹਿਰੀ ਤੇ 93-ਬਠਿੰਡਾ ਦਿਹਾਤੀ ਲਈ ਸ਼੍ਰੀ ਧਰਮੇਂਦਰਾ ਸਿੰਘ ਪੁਨੀਆ ਆਈਆਰਐੱਸ ਤੇ 94-ਤਲਵੰਡੀ ਸਾਬੋ ਤੇ 95-ਮੌੜ ਲਈ ਜੋਤਿਸ਼ ਮੋਹਨ ਆਈਆਰਐਸ ਨੂੰ ਖਰਚਾ ਨਿਗਰਾਨ ਵਜੋਂ ਤਾਇਨਾਤ ਕੀਤੇ ਗਏ ਹਨ l ਇਸ ਦੌਰਾਨ ਜ਼ਿਲ੍ਹੇ ਅੰਦਰ ਵੱਖ ਵੱਖ ਹਲਕਿਆਂ ਲਈ ਨਿਯੁਕਤ ਕੀਤੇ ਗਏ ਜਨਰਲ ਆਬਜ਼ਰਵਰਾਂ ਅਤੇ ਖ਼ਰਚਾ ਨਿਗਰਾਨਾਂ ਵੱਲੋਂ ਸਬਧਿਤ ਅਧਿਕਾਰੀਆਂ ਨੂੰ ਆਪੋ ਆਪਣੇ ਕਾਰਜ ਨਿਰਪੱਖਤਾ ਅਤੇ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ l ਓਹਨਾਂ ਇਹ ਵੀ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੋਵਿਡ ਹਦਾਇਤਾਂ ਦੀ ਪਾਲਣਾ ਕਰਨਾ ਅਤੇ ਚੋਣ ਅਮਲੇ ਦੇ ਬੂਸਟਰ ਡੋਜ਼ ਲਗਾਉਣੀ ਯਕੀਨੀ ਬਣਾਈ ਜਾਵੇ l ਇਸ ਮੌਕੇ ਪੁਲਿਸ ਆਬਜ਼ਰਵਰ ਸ਼੍ਰੀ ਪਟੇਲ ਪਾਇਯੂਸ਼ ਪਰਸ਼ੋਤਮ ਦਾਸ ਨੇ ਵੀ ਚੋਣਾਂ ਦੌਰਾਨ ਸੁਰੱਖਿਆ ਲਈ ਤਾਇਨਾਤ ਕੀਤੇ ਗਏ ਪੁਲਿਸ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਦਿੰਦਿਆਂ ਇੰਟਰ ਸਟੇਟ ਨਾਕਿਆਂ ਤੇ ਸਖ਼ਤੀ ਨਾਲ ਚੈਕਿੰਗ ਕਰਨ ਦੇ ਆਦੇਸ਼ ਦਿੱਤੇ l ਇਸ ਮੌਕੇ ਐਸਐਸਪੀ ਸ਼੍ਰੀਮਤੀ ਅਮਨੀਤ ਕੋਡਲ ਨੇ ਕਿਹਾ ਕਿ ਚੋਣਾਂ ਦੌਰਾਨ ਲੋਕਾਂ ਦੀ ਸੁਰੱਖਿਆ ਲਈ ਢੁੱਕਵੇਂ ਇੰਤਜਾਮ ਕੀਤੇ ਗਏ ਹਨ ਅਤੇ ਜ਼ਰੂਰਤ ਅਨੁਸਾਰ ਪੈਰਾ ਮਿਲਟਰੀ ਫੋਰਸ ਜ਼ਿਲੇ ਵਿਚ ਪਹੁੰਚ ਚੁੱਕੀ ਹੈ। ਉਨਾਂ ਨੇ ਕਿਹਾ ਕਿ ਜ਼ਿਲੇ ਵਿਚ ਹਥਿਆਰ ਜਮਾਂ ਕਰਵਾਉਣ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ ਅਤੇ ਇੰਟਰ ਸਟੇਟ ਨਾਕਿਆਂ ਤੇ ਵੀ ਤਿੱਖੀ ਨਜਰ ਰੱਖੀ ਜਾ ਰਹੀ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਕਮ ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਟ੍ਰੇਨਿੰਗ ਅਧੀਨ ਆਈ. ਏ. ਐੱਸ. ਅਧਿਕਾਰੀ ਨਿਕਾਸ ਕੁਮਾਰ, ਐਸ. ਪੀ. ਰਾਜਵੀਰ ਸਿੰਘ ਬੋਪਾਰਾਏ, ਐਸ.ਡੀ.ਐਮ-ਕਮ-ਆਰਓ ਤਲਵੰਡੀ ਸਾਬੋ ਸ਼੍ਰੀ ਆਕਾਸ਼ ਬਾਂਸਲ, ਐਸਡੀਐਮ-ਕਮ-ਆਰਓ ਮੌੜ ਸ਼੍ਰੀਮਤੀ ਵੀਰਪਾਲ ਕੌਰ, ਆਰ.ਟੀ.ਏ-ਕਮ-ਆਰਓ ਭੁੱਚੋ ਮੰਡੀ ਸ. ਬਲਵਿੰਦਰ ਸਿੰਘ, ਐਸ.ਡੀ.ਐਮ-ਕਮ-ਆਰਓ ਬਠਿੰਡਾ ਸ਼ਹਿਰੀ ਸ਼੍ਰੀ ਕੰਵਰਜੀਤ ਸਿੰਘ, ਆਰਓ ਬਠਿੰਡਾ ਦਿਹਾਤੀ ਸ਼੍ਰੀ ਆਰ.ਪੀ ਸਿੰਘ, ਐਸਡੀਐਮ-ਕਮ-ਆਰਓ ਰਾਮਪੁਰਾ ਸ਼੍ਰੀ ਨਵਦੀਪ ਕੁਮਾਰ, ਜ਼ਿਲਾ ਟ੍ਰੇਨਿੰਗ ਕੁਆਰਡੀਨੇਟਰ ਸ੍ਰੀ ਗੁਰਦੀਪ ਸਿੰਘ ਮਾਨ, ਤਹਿਸੀਲਦਾਰ ਚੋਣਾਂ ਸ੍ਰੀ ਗੁਰਚਰਨ ਸਿੰਘ, ਵੱਖ-ਵੱਖ ਜ਼ਿਲਾ ਪੱਧਰੀ ਟੀਮਾਂ, ਪੰਜਾਬ ਪੁਲਿਸ ਤੇ ਪੈਰਾ ਮਿਲਟਰੀ ਦੇ ਉੱਚ ਅਧਿਕਾਰੀ ਹਾਜ਼ਰ ਸਨl
ਗੁਲਾਬੀ ਸੁੰਡੀ ਦੀ ਰੋਕਥਾਮ ਲਈ ਜ਼ਿਲਾ, ਬਲਾਕ ਅਤੇ ਪਿੰਡ ਪੱਧਰੀ ਟੀਮਾਂ ਕਰ ਰਹੀਆਂ ਹਨ ਕੰਮ
211 ਪਿੰਡਾਂ ਵਿੱਚ ਨਰਮੇ ਦੀਆਂ ਛਿਟੀਆਂ ਦੇ 500 ਢੇਰਾਂ ਨੂੰ ਝਾੜ ਕੇ ਟੀਂਡੇ ਤੇ ਛਟੀਆਂ ਦੀ ਰਹਿੰਦ-ਖੂੰਹਦ ਨੂੰ ਕਰਵਾਇਆ ਨਸ਼ਟ
ਸੁਖਜਿੰਦਰ ਮਾਨ
ਬਠਿੰਡਾ, 4 ਫਰਵਰੀ: ਸੰਯੁਕਤ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ (ਇਨਪੁਟਸ) ਪੰਜਾਬ ਡਾ. ਜਸਵਿੰਦਰਪਾਲ ਸਿੰਘ ਵੱਲੋਂ ਆਫ ਸੀਜ਼ਨ ਮੈਨੇਜਮੈਟ ਆਫ ਪਿੰਕ ਬਾਲਵਾਰਮ ਤਹਿਤ ਜ਼ਿਲਾ ਬਠਿੰਡਾ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨਾਂ ਵੱਲੋਂ ਆਉਣ ਵਾਲੀ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਦੇ ਹਮਲੇ ਦੀ ਰੋਕਥਾਮ ਲਈ ਸਮੂਹ ਬਲਾਕ ਖੇਤੀਬਾੜੀ ਅਫ਼ਸਰਾਂ ਨਾਲ ਸਥਾਨਕ ਖੇਤੀ ਭਵਨ ਵਿਖੇ ਖੇਤੀਬਾੜੀ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਸਬੰਧੀ ਮੀਟਿੰਗ ਕੀਤੀ ਗਈ। ਇਸ ਮੌਕੇ ਉਨਾਂ ਕਿਹਾ ਕਿ ਪਿਛਲੇ ਸਾਲ 2020-21 ਦੋਰਾਨ ਗੁਲਾਬੀ ਸੰੁਡੀ ਨਾਲ ਨਰਮੇ ਦੀ ਫਸਲ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਸੀ। ਇਸ ਦੇ ਮੱਦੇਨਜ਼ਰ ਨਰਮੇ ਵਿਚ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਗੈਰ ਮੌਸਮੀ ਪ੍ਰਬੰਧਨ ਬਹੁਤ ਜਰੂਰੀ ਹੈ। ਇਸ ਲਈ ਹੁਣ ਫਰਵਰੀ-ਮਾਰਚ ਦਾ ਸਮਾਂ ਛਟੀਆਂ ਦੇ ਢੇਰਾਂ ਵਿਚ ਪਈ ਸੁੰਡੀ ਨੂੰ ਖਤਮ ਕਰਨ ਲਈ ਬਹੁਤ ਢੁਕਵਾਂ ਹੈ। ਇਸ ਲਈ ਸਮੂਹ ਸਟਾਫ਼ ਨੂੰ ਪੂਰੀ ਤਨਦੇਹੀ ਨਾਲ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਆਉਣ ਵਾਲੀ ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਤੋਂ ਬਚਾਇਆ ਜਾ ਸਕੇ। ਇਸ ਉਪਰੰਤ ਸੰਯੁਕਤ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ (ਇਨਪੁਟਸ) ਪੰਜਾਬ ਡਾ.ਜਸਵਿੰਦਰਪਾਲ ਸਿੰਘ ਨੇ ਬਲਾਕ ਪੱਧਰੀ ਗਠਿਤ ਟੀਮ ਨਥਾਣਾ ਨਾਲ ਪਿੰਡ ਭੁਚੋ ਖਰਦ, ਲਹਿਰਾ ਬੇਗਾ ਅਤੇ ਬਲਾਕ ਰਾਮਪੁਰਾ ਵਿਚ ਪਿੰਡ ਬਾਲਿਆਂਵਾਲੀ, ਭੂੰਦੜ ਤੇ ਬਲਾਕ ਮੌੜ ਵਿਚ ਪਿੰਡ ਕੱੁਤੀਵਾਲ ਅਤੇ ਘੁੰਮਣ ਕਲਾਂ ਵਿਖੇ ਦੌਰਾ ਕੀਤਾ ਅਤੇ ਦੌਰੇ ਦੌਰਾਨ ਅਧਿਕਾਰੀਆਂ/ਕਰਮਚਾਰੀਆਂ ਨੂੰ ਅਲਾਟ ਕੀਤੇ ਪਿੰਡਾਂ ਅਨੁਸਾਰ 25 ਜਨਵਰੀ 2022 ਤੋਂ 5 ਫਰਵਰੀ 2022 ਤੱਕ ਪਿੰਡਾਂ ਜਾਂ ਖੇਤਾਂ ਵਿੱਚ ਪਏ ਨਰਮੇ ਦੀਆਂ ਛਿਟੀਆਂ ਦੇ ਢੇਰਾਂ ਨੂੰ ਖਤਮ ਕਰਨ/ਛਿਟੀਆਂ ਝਾੜ ਕੇ ਟੀਡੇ ਆਦਿ ਨੂੰ ਅਲੱਗ ਕਰਕੇ ਖਤਮ ਕਰਨ ਜਾਂ ਜ਼ਮੀਨ ਵਿੱਚ ਦੱਬਣ ਲਈ ਚਲਾਈ ਜਾ ਰਹੀ ਮੁਹਿੰਮ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਮੱੁਖ ਖੇਤੀਬਾੜੀ ਅਫ਼ਸਰ ਬਠਿੰਡਾ ਡਾ.ਪਾਖਰ ਸਿੰਘ ਨੇ ਦੱਸਿਆ ਕਿ ਗੈਰ-ਮੌਸਮੀ ਪ੍ਰਬੰਧਨ ਅਧੀਨ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਜਿਲਾ, ਬਲਾਕ ਅਤੇ ਪਿੰਡ ਪੱਧਰੀ ਟੀਮਾਂ ਕੰਮ ਕਰ ਰਹੀਆਂ ਹਨ। ਜ਼ਿਲੇ ਵਿੱਚ ਨਰਮੇ ਦੇ ਰਕਬੇ ਵਾਲੇ 286 ਪਿੰਡਾਂ ਵਿੱਚੋ 211 ਪਿੰਡਾਂ ਵਿੱਚ ਇਸ ਮੁਹਿੰਮ ਤਹਿਤ ਕਾਰਵਾਈ ਕੀਤੀ ਜਾ ਚੁੱਕੀ ਹੈ ਅਤੇ ਨਰਮੇ ਦੀਆਂ ਛਿਟੀਆਂ ਦੇ 500 ਢੇਰਾਂ ਨੂੰ ਝਾੜ ਕੇ ਟੀਡੇ ਤੇ ਛਟੀਆਂ ਦੀ ਰਹਿੰਦ-ਖੂੰਹਦ ਨੂੰ ਪਿੰਡਾਂ ਵਿਚ ਕਿਸਾਨਾਂ ਦੇ ਸਹਿਯੋਗ ਨਾਲ ਨਸ਼ਟ ਕਰਵਾਇਆ ਗਿਆ ਹੈ ਅਤੇ ਬਾਕੀ ਰਹਿੰਦਾ ਕੰਮ ਫਰਵਰੀ 2022 ਦੌਰਾਨ ਗਠਿਤ ਟੀਮਾਂ ਵੱਲੋਂ ਪੂਰਾ ਕਰ ਲਿਆ ਜਾਵੇਗਾ। ਇਸ ਮੌਕੇ ਸਹਾਇਕ ਮੰਡੀਕਰਨ ਅਫ਼ਸਰ ਬਠਿੰਡਾ ਡਾ. ਹਰਬੰਸ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲੇ ਦੇ ਵੱਖ-ਵੱਖ ਪਿੰਡਾਂ ਵਿੱਚ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਅਨਾੳਂੂਸਮਂੈਟਾਂ ਕਰਵਾਈਆਂ ਜਾ ਰਹੀਆਂ ਹਨ ਅਤੇ ਪੰਚਾਇਤਾਂ ਨਾਲ ਤਾਲਮੇਲ ਕਰਕੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ। ਜ਼ਿਲੇ ਵਿੱਚ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਪ/ਨੁੱਕੜ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੀ ਰੋਕਥਾਮਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਚੋਣ ਲੜਨ ਵਾਲੇ ਉਮੀਦਵਾਰਾਂ ਲਈ ਅਪਰਾਧਿਕ ਪਿਛੋਕੜ ਸਬੰਧੀ ਜਾਣਕਾਰੀ ਦੇਣਾ ਲਾਜ਼ਮੀ: ਜਿਲਾ ਚੋਣ ਅਧਿਕਾਰੀ
ਸੁਖਜਿੰਦਰ ਮਾਨ
ਬਠਿੰਡਾ, 4 ਫਰਵਰੀ: ਜਿਲਾ ਚੋਣ ਅਫਸਰ ਕਮ ਡਿਪਟੀ ਕਮਿਸਨਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਹੈ ਕਿ ਚੋਣ ਲੜਨ ਵਾਲੇ ਉਮੀਦਵਾਰ ਅਤੇ ਸਬੰਧਤ ਰਾਜਨੀਤਿਕ ਪਾਰਟੀ ਵਲੋਂ ਇਲਾਕੇ ਵਿੱਚ ਪ੍ਰਚੱਲਿਤ ਅਖਬਾਰਾਂ ਵਿੱਚ ਇੱਕ ਘੋਸ਼ਣਾ ਪੱਤਰ ਜਾਰੀ ਕਰਕੇ ਅਤੇ ਇਲੈਕਟ੍ਰਾਨਿਕ ਮੀਡੀਆ ਵਿੱਚ ਵਿਆਪਕ ਪ੍ਰਚਾਰ ਰਾਹੀਂ ਉਮੀਦਵਾਰ ਦੇ ਅਪਰਾਧਿਕ ਪਿਛੋਕੜ (ਜ਼ੇਕਰ ਕੋਈ ਹੋਵੇ) ਸਬੰਧੀ ਜਾਣਕਾਰੀ ਦੇਣੀ ਲਾਜ਼ਮੀ ਹੋਵੇਗੀ। ਜਿਲਾ ਚੋਣ ਅਫਸਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬੰਧਤ ਸਿਆਸੀ ਪਾਰਟੀ ਅਪਰਾਧਿਕ ਪਿਛੋਕੜ ਵਾਲੇ ਆਪਣੇ ਉਮੀਦਵਾਰਾਂ ਦੀ ਜਾਣਕਾਰੀ ਆਪਣੀ ਵੈੱਬਸਾਈਟ ’ਤੇ ਪਾਉਣ ਲਈ ਪਾਬੰਦ ਹੋਵੇਗੀ। ਉਨਾਂ ਇਹ ਵੀ ਕਿਹਾ ਕਿ ਰਾਜਨੀਤਿਕ ਪਾਰਟੀਆਂ (ਕੇਂਦਰੀ ਅਤੇ ਰਾਜ ਚੋਣ ਪੱਧਰ ’ਤੇ) ਲਈ ਇਹ ਲਾਜ਼ਮੀ ਹੋਵੇਗਾ ਕਿ ਉਹ ਆਪਣੀ ਵੈੱਬਸਾਈਟ ’ਤੇ ਲੰਬਿਤ ਅਪਰਾਧਿਕ ਕੇਸਾਂ ਵਾਲੇ ਵਿਅਕਤੀਆਂ ਜਿਨਾਂ ਨੂੰ ਉਮੀਦਵਾਰ ਵਜੋਂ ਚੁਣਿਆ ਗਿਆ ਹੈ, ਦੇ ਕੇਸਾਂ ਸਬੰਧੀ ਜਾਣਕਾਰੀ ਜਿਵੇਂ ਅਪਰਾਧਾਂ ਦੀ ਕਿਸਮ ਸਮੇਤ ਅਤੇ ਸਬੰਧਤ ਵੇਰਵੇ ਜਿਵੇਂ ਲੱਗੇ ਦੋਸ਼, ਸਬੰਧਤ ਅਦਾਲਤ, ਕੇਸ ਨੰਬਰ ਆਦਿ ਸਬੰਧੀ ਪੂਰੀ ਜਾਣਕਾਰੀ ਅਪਲੋਡ ਕਰਨ। ਜ਼ਿਲਾ ਚੋਣ ਅਫ਼ਸਰ ਨੇ ਅੱਗੇ ਇਹ ਵੀ ਦੱਸਿਆ ਕਿ ਰਾਜਨੀਤਿਕ ਪਾਰਟੀਆਂ ਲਈ ਇਹ ਵੀ ਦੱਸਣਾ ਲਾਜ਼ਮੀ ਹੋਵੇਗਾ ਕਿ ਸਾਫ ਸੁਥਰੀ ਦਿੱਖ ਵਾਲਾ ਉਮੀਦਵਾਰ ਚੁਣਨ ਦੀ ਥਾਂ ਅਪਰਾਧਿਕ ਪਿਛੋਕੜ ਵਾਲਾ ਉਮੀਦਵਾਰ ਕਿਉਂ ਚੁਣਿਆ ਗਿਆ ਅਤੇ ਇਹ ਵੀ ਸਪੱਸ਼ਟ ਕਰਨਾ ਹੋਵੇਗਾ ਕਿ ਚੁਣੇ ਗਏ ਉਮੀਦਵਾਰ ਦੀ ਵਿਦਿਅਕ ਯੋਗਤਾ ਅਤੇ ਮੈਰਿਟ ਕੀ ਸੀ ਜਿਸ ਕਾਰਨ ਉਸ ਨੂੰ ਚੋਣਾਂ ਵਿੱਚ ਉਤਾਰਿਆ ਗਿਆ ਹੈ ਨਾ ਕਿ ਸਿਰਫ ਇਹੀ ਦਰਸਾਇਆ ਜਾਵੇ ਕਿ ਇਹ ਜਿੱਤਣਯੋਗ ਸੀ। ਜਿਲਾ ਚੋਣ ਅਧਿਕਾਰੀ ਨੇ ਅੱਗੇ ਦੱਸਿਆ ਕਿ ਰਾਜਨੀਤਿਕ ਪਾਰਟੀ ਨੂੰ ਉਮੀਦਵਾਰਾਂ ਦੇ ਅਪਰਾਧਿਕ ਪਿਛੋਕੜ ਬਾਰੇ ਜਾਣਕਾਰੀ ਫੇਸਬੁੱਕ ਅਤੇ ਟਵਿੱਟਰ ਸਮੇਤ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਇਲਾਵਾ ਘੱਟੋ-ਘੱਟ ਇੱਕ ਖੇਤਰੀ ਭਾਸ਼ਾ ਵਾਲੇ ਅਖਬਾਰ ਅਤੇ ਇੱਕ ਰਾਸ਼ਟਰੀ ਅਖਬਾਰ ਵਿੱਚ ਪ੍ਰਕਾਸ਼ਤ ਕਰਨੀ ਲਾਜ਼ਮੀ ਹੋਵੇਗੀ। ਜ਼ਿਲਾ ਚੋਣ ਅਫ਼ਸਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਸਬੰਧਤ ਰਾਜਨੀਤਿਕ ਪਾਰਟੀ ਉਕਤ ਉਮੀਦਵਾਰ ਦੀ ਚੋਣ ਦੇ 72 ਘੰਟਿਆਂ ਦੇ ਅੰਦਰ ਚੋਣ ਕਮਿਸ਼ਨ ਕੋਲ ਇਹਨਾਂ ਨਿਰਦੇਸ਼ਾਂ ਦੀ ਪਾਲਣਾ ਦੀ ਰਿਪੋਰਟ ਪੇਸ਼ ਕਰੇਗੀ। ਉਨਾਂ ਕਿਹਾ ਕਿ ਜੇਕਰ ਕੋਈ ਰਾਜਨੀਤਿਕ ਪਾਰਟੀ ਚੋਣ ਕਮਿਸ਼ਨ ਕੋਲ ਅਜਿਹੀ ਪਾਲਣਾ ਰਿਪੋਰਟ ਪੇਸ਼ ਕਰਨ ਵਿੱਚ ਅਸਫਲ ਰਹਿੰਦੀ ਹੈ, ਤਾਂ ਚੋਣ ਕਮਿਸ਼ਨ ਸਬੰਧਤ ਰਾਜਨੀਤਿਕ ਪਾਰਟੀ ਦੁਆਰਾ ਅਜਿਹੀ ਪਾਲਣਾ ਨਾ ਕਰਨ ਨੂੰ ਇਸ ਅਦਾਲਤ ਦੇ ਹੁਕਮਾਂ/ਨਿਰਦੇਸ਼ਾਂ ਦੀ ਉਲੰਘਣਾ ਵਜੋਂ ਸੁਪਰੀਮ ਕੋਰਟ ਦੇ ਨੋਟਿਸ ਵਿੱਚ ਲਿਆਵੇਗਾ। ਜਿਲਾ ਚੋਣ ਅਧਿਕਾਰੀ ਨੇ ਅੱਗੇ ਦੱਸਿਆ ਕਿ ਚੋਣ ਮੁਹਿੰਮ ਦੌਰਾਨ ਵੋਟਰਾਂ ਦੀ ਸਮੇਂ-ਸਮੇਂ ’ਤੇ ਜਾਗਰੂਕਤਾ ਨੂੰ ਯਕੀਨੀ ਬਣਾਉਣ ਲਈ, ਕਮਿਸ਼ਨ ਨੇ ਹੁਣ ਸਿਆਸੀ ਪਾਰਟੀਆਂ ਅਤੇ ਚੋਣ ਲੜ ਰਹੇ ਉਮੀਦਵਾਰਾਂ ਦੁਆਰਾ ਅਪਰਾਧਿਕ ਪਿਛੋਕੜਾਂ ਦੇ ਪ੍ਰਚਾਰ ਲਈ ਸਮਾਂ ਸੀਮਾ, ਨਾਮ ਵਾਪਸ ਲੈਣ ਦੀ ਆਖਰੀ ਮਿਤੀ ਤੋਂ ਮਤਦਾਨ ਦੀ ਮਿਤੀ ਤੋਂ 48 ਘੰਟੇ ਪਹਿਲਾਂ ਤੱਕ ਨਿਰਧਾਰਤ ਕੀਤੀ ਹੈ।
ਉਨਾਂ ਇਹ ਵੀ ਦੱਸਿਆ ਕਿ ਸਮਾਂ-ਸੀਮਾ ਦੇ ਅਨੁਸਾਰ, ਪਹਿਲਾ ਇਸ਼ਤਿਹਾਰ ਨਾਮਜ਼ਦਗੀ ਵਾਪਸ ਲੈਣ ਦੇ ਪਹਿਲੇ 4 ਦਿਨਾਂ ਦੇ ਅੰਦਰ ਦਿੱਤਾ ਜਾਵੇਗਾ, ਦੂਜਾ ਅਗਲੇ 5 ਤੋਂ 8 ਦਿਨਾਂ ਦੇ ਵਿਚਕਾਰ ਦਿੱਤਾ ਜਾਵੇਗਾ, ਜਦਕਿ ਤੀਜਾ ਇਸ਼ਤਿਹਾਰ 9ਵੇਂ ਦਿਨ ਤੋਂ ਪ੍ਰਚਾਰ ਦੇ ਆਖਰੀ ਦਿਨ (ਵੋਟਾਂ ਦੀ ਮਿਤੀ ਤੋਂ ਇੱਕ ਦਿਨ ਪਹਿਲਾਂ) ਤੱਕ ਦਿੱਤਾ ਜਾਵੇਗਾ। ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਸਬੰਧਤ ਸਿਆਸੀ ਪਾਰਟੀ ਅਤੇ ਉਮੀਦਵਾਰਾਂ ਨੂੰ ਇਹ ਘੋਸ਼ਣਾ ਪੱਤਰ ਕਿਸੇ ਖੇਤਰੀ ਅਖਬਾਰਾਂ ਵਿੱਚ 12 ਫੌਂਟ ਸਾਈਜ਼ ਵਿੱਚ ਤਿੰਨ ਵਾਰ ਢੁਕਵੀਂ ਥਾਂ ’ਤੇ ਛਪਵਾਉਣਾ ਹੋਵੇਗਾ। ਜ਼ਿਲਾ ਚੋਣ ਅਫ਼ਸਰ ਨੇ ਕਿਹਾ ਕਿ ਇਸ਼ਤਿਹਾਰ ਉਪਲਬਧ ਰਿਕਾਰਡਾਂ ਵਿੱਚ ਡੀਏਵੀਪੀ/ਆਡਿਟ ਬਿਊਰੋ ਆਫ਼ ਸਰਕੂਲੇਸ਼ਨ ਦੁਆਰਾ ਦੱਸੇ ਅਨੁਸਾਰ 75000 ਤੋਂ ਵੱਧ ਸਰਕੂਲੇਸ਼ਨ ਵਾਲੇ ਘੱਟੋ-ਘੱਟ ਇੱਕ ਰਾਸ਼ਟਰੀ ਰੋਜ਼ਾਨਾ ਅਖਬਾਰ ਵਿੱਚ ਅਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਭੂਗੋਲਿਕ ਖੇਤਰ ਵਿੱਚ ਪ੍ਰਕਾਸ਼ਤ ਘੱਟੋ-ਘੱਟ 25000 ਦੇ ਸਰਕੂਲੇਸ਼ਨ ਵਾਲੇ ਇੱਕ ਸਥਾਨਕ ਵਰਨਾਕੂਲਰ ਡੇਲੀ ਅਖਬਾਰ ਵਿੱਚ ਖੇਤਰੀ ਭਾਸ਼ਾ ਵਿੱਚ ਪ੍ਰਕਾਸ਼ਤ ਕਰਵਾਉਣਾ ਹੋਵੇਗਾ। ਉਨਾਂ ਕਿਹਾ ਕਿ ਇਹ ਇਸ਼ਤਿਹਾਰ ਟੀਵੀ ਚੈਨਲਾਂ ਲਈ ਨਿਰਧਾਰਿਤ ਫਾਰਮੈਟ ਵਿੱਚ ਘੱਟੋ-ਘੱਟ ਸੱਤ ਸੈਕਿੰਡ ਲਈ ਪ੍ਰਸਾਰਿਤ ਕੀਤਾ ਜਾ ਸਕਦਾ ਹੈ ਤਾਂ ਜੋ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾ ਸਕੇ। ਉਨਾਂ ਕਿਹਾ ਕਿ ਉਮੀਦਵਾਰਾਂ ਦੇ ਅਪਰਾਧਿਕ ਪਿਛੋਕੜ ਬਾਰੇ ਜਾਣਕਾਰੀ ਦਾ ਪ੍ਰਚਾਰ ਸਵੇਰੇ 8:00 ਵਜੇ ਤੋਂ ਰਾਤ 10:00 ਵਜੇ ਤੱਕ ਸਥਾਨਕ ਭਾਸ਼ਾ ਜਾਂ ਅੰਗਰੇਜ਼ੀ ਵਿੱਚ ਟੀਵੀ ਚੈਨਲ ’ਤੇ ਪ੍ਰਸਾਰਿਤ ਕੀਤਾ ਜਾਵੇ। ਇਸ ਤੋਂ ਇਲਾਵਾ ਸਬੰਧਤ ਉਮੀਦਵਾਰ ਅਤੇ ਰਾਜਨੀਤਿਕ ਪਾਰਟੀਆਂ ਫਾਰਮ ਸੀ-4 ਅਤੇ ਸੀ-5 ਵਿੱਚ ਲੋੜੀਂਦੀ ਜਾਣਕਾਰੀ ਕ੍ਰਮਵਾਰ ਜ਼ਿਲਾ ਚੋਣ ਅਧਿਕਾਰੀ ਅਤੇ ਮੁੱਖ ਚੋਣ ਅਧਿਕਾਰੀ ਨੂੰ ਕ੍ਰਮਵਾਰ ਨਿਰਧਾਰਤ ਫਾਰਮੈਟ ਵਿੱਚ ਪ੍ਰਦਾਨ ਕਰਨਗੀਆਂ। ਜ਼ਿਲਾ ਚੋਣ ਅਫ਼ਸਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਮੀਦਵਾਰ ਵੱਲੋਂ ਗਲਤ ਜਾਣਕਾਰੀ ਦੇਣ ਦੀ ਸੂਰਤ ਵਿੱਚ ਲੋਕ ਪ੍ਰਤੀਨਿਧਤਾ ਐਕਟ ਦੀ ਧਾਰਾ 123 (4) ਅਤੇ ਆਈਪੀਸੀ ਦੀ ਧਾਰਾ 51 ਅਤੇ 171 (ਜੀ) ਤਹਿਤ ਅਪਰਾਧਿਕ ਕਾਰਵਾਈ ਕੀਤੀ ਜਾਵੇਗੀ। ਸ੍ਰੀ ਵਿਨੀਤ ਕੁਮਾਰ ਨੇ ਅੱਗੇ ਦੁਹਰਾਇਆ ਕਿ ਅਜਿਹੇ ਇਸ਼ਤਿਹਾਰ ਸਿਰਫ਼ ਉਨਾਂ ਉਮੀਦਵਾਰਾਂ ਵੱਲੋਂ ਹੀ ਪ੍ਰਕਾਸ਼ਿਤ ਕੀਤੇ ਜਾਣੇ ਹਨ, ਜੋ ਜਾਂ ਤਾਂ ਦੋਸ਼ੀ ਠਹਿਰਾਏ ਗਏ ਸਨ ਜਾਂ ਜਿਨਾਂ ’ਤੇ ਅਪਰਾਧਿਕ ਮਾਮਲੇ ਲੰਬਿਤ ਸਨ।
ਉਨਾਂ ਅੱਗੇ ਦੱਸਿਆ ਕਿ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰਾਂ ਨੂੰ ਕੇਸ ਦਾ ਸਿਰਲੇਖ,ਨੰਬਰ ਅਤੇ ਸਥਿਤੀ ਸਬੰਧੀ ਵੇਰਵੇ ਸਪੱਸ਼ਟ ਤੌਰ ’ਤੇ ਫਾਰਮ 26 ਆਈਟਮ ਨੰ: 5 ਵਿੱਚ ਦਰਜ ਕਰਨਾ ਜ਼ਰੂਰੀ ਹੈ। ਉਨਾਂ ਕਿਹਾ ਕਿ ਜੇਕਰ ਉਮੀਦਵਾਰਾਂ ਦੁਆਰਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਕੇਸ ਦੀ ਸਥਿਤੀ ਬਦਲ ਜਾਂਦੀ ਹੈ, ਤਾਂ ਇਹ ਉਮੀਦਵਾਰ ’ਤੇ ਨਿਰਭਰ ਕਰੇਗਾ ਕਿ ਉਹ ਸਬੰਧਤ ਰਿਟਰਨਿੰਗ ਅਫਸਰ ਨੂੰ ਇਸ ਸਬੰਧੀ ਨੋਟੀਫਿਕੇਸ਼ਨ ਬਾਰੇ ਜਾਣੂ ਕਰਵਾਉਣਾ ਚਾਹੁੰਦਾ ਹੈ ਜਾਂ ਨਹੀਂ। ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਜਿਹੜੇ ਉਮੀਦਵਾਰ ਦੋਸ਼ੀ ਨਹੀਂ ਠਹਿਰਾਏ ਗਏ ਜਾਂ ਉਨਾਂ ਵਿਰੁੱਧ ਕੋਈ ਅਪਰਾਧਿਕ ਮਾਮਲਾ ਲੰਬਿਤ ਨਹੀਂ ਹੈ, ਉਨਾਂ ਨੂੰ ਅਜਿਹੇ ਇਸ਼ਤਿਹਾਰ ਪ੍ਰਕਾਸ਼ਿਤ ਕਰਨ ਦੀ ਲੋੜ ਨਹੀਂ ਹੈ। ਜਿਲਾ ਚੋਣ ਅਧਿਕਾਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਸ ਸਬੰਧੀ ਇਸ਼ਤਿਹਾਰਾਂ ਦਾ ਖਰਚਾ ਸਿਆਸੀ ਪਾਰਟੀ ਅਤੇ ਉਮੀਦਵਾਰਾਂ ਵੱਲੋਂ ਕੀਤਾ ਜਾਵੇਗਾ, ਜਿਸ ਨੂੰ ਚੋਣ ਖਰਚਿਆਂ ਵਿੱਚ ਜੋੜਿਆ ਜਾਵੇਗਾ। ਜਿਲਾ ਚੋਣ ਅਫਸਰ ਨੇ ਅੱਗੇ ਕਿਹਾ ਕਿ ਉਮੀਦਵਾਰ ਅਖਬਾਰਾਂ ਅਤੇ ਟੀਵੀ ਚੈਨਲਾਂ ਵਿੱਚ ਸੀ-1 ਫਾਰਮੈਟ ਵਿੱਚ ਆਪਣੇ ਅਪਰਾਧਿਕ ਪਿਛੋਕੜਾਂ ਦਾ ਪ੍ਰਚਾਰ ਕਰਨ, ਇਸੇ ਤਰਾਂ ਰਾਜਨੀਤਿਕ ਪਾਰਟੀਆਂ ਨੂੰ ਅਖਬਾਰਾਂ ਅਤੇ ਟੀਵੀ ਚੈਨਲਾਂ ਵਿੱਚ ਸੀ-2 ਫਾਰਮੈਟ ਵਿੱਚ ਅਪਰਾਧਿਕ ਪਿਛੋਕੜਾਂ ਦਾ ਪ੍ਰਚਾਰ ਕਰਨਾ ਹੋਵੇਗਾ, ਇਸ ਤੋਂ ਇਲਾਵਾ ਰਿਟਰਨਿੰਗ ਅਧਿਕਾਰੀ ਇਸ ਸਬੰਧ ਸੀ-3 ਫਾਰਮੈਟ ਵਿੱਚ ਸਬੰਧਤ ਉਮੀਦਵਾਰ ਨੂੰ ਰੀਮਾਈਂਡਰ ਜਾਰੀ ਕਰ ਸਕਦੇ ਹਨ।





