Wednesday, May 6, 2026
Home Blog Page 2622

ਨਾਮਜ਼ਦਗੀਆਂ ਦੀ ਵਾਪਸੀ ਉਪਰੰਤ 69 ਉਮੀਦਵਾਰ ਚੋਣ ਮੈਦਾਨ ’ਚ : ਜ਼ਿਲਾ ਚੋਣ ਅਫ਼ਸਰ

0

6 ਉਮੀਦਵਾਰਾਂ ਨੇ ਲਈਆਂ ਨਾਮਜ਼ਦਗੀਆਂ ਵਾਪਿਸ
ਸੁਖਜਿੰਦਰ ਮਾਨ
ਬਠਿੰਡਾ, 4 ਫ਼ਰਵਰੀ: ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਜ਼ਿਲੇ ਅਧੀਨ ਪੈਂਦੇ 6 ਵਿਧਾਨ ਸਭਾ ਹਲਕਿਆਂ ਲਈ ਦਾਖ਼ਲ ਹੋਈਆਂ ਨਾਮਜ਼ਦਗੀਆਂ ’ਚ 6 ਉਮੀਦਵਾਰਾਂ ਵੱਲੋਂ ਆਪਣੀਆਂ ਨਾਮਜ਼ਦਗੀਆਂ ਵਾਪਿਸ ਲੈਣ ਉਪਰੰਤ ਹੁਣ 69 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਉਨਾਂ ਦੱਸਿਆ ਕਿ ਰਾਮਪੁਰਾ ਫੂਲ ਹਲਕੇ ਤੋਂ 2, ਤਲਵੰਡੀ ਸਾਬੋ ਹਲਕੇ ਤੋਂ 3 ਅਤੇ ਮੌੜ ਹਲਕੇ ਤੋਂ 1 ਉਮੀਦਵਾਰ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਿਸ ਲਏ ਗਏ ਹਨ, ਜਦਕਿ ਭੁੱਚੋ, ਬਠਿੰਡਾ ਸ਼ਹਿਰੀ ਅਤੇ ਬਠਿੰਡਾ ਦਿਹਾਤੀ ਹਲਕੇ ਤੋਂ ਕਿਸੇ ਉਮੀਦਵਾਰ ਵੱਲੋਂ ਕਾਗਜ਼ ਵਾਪਿਸ ਨਹੀਂ ਲਏ ਗਏ ਹਨ। ਜ਼ਿਲਾ ਚੋਣ ਅਫ਼ਸਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ 90-ਰਾਮਪੁਰਾ ਫ਼ੂਲ ਤੋਂ 15 ਉਮੀਦਵਾਰ, ਇਸੇ ਤਰਾਂ ਵਿਧਾਨ ਸਭਾ ਹਲਕਾ 91-ਭੁੱਚੋਂ ਮੰਡੀ ਤੋਂ 8 ਉਮੀਦਵਾਰ, ਵਿਧਾਨ ਸਭਾ ਹਲਕਾ 92-ਬਠਿੰਡਾ ਸ਼ਹਿਰੀ ਤੋਂ 13 ਉਮੀਦਵਾਰ, ਇਸੇ ਤਰਾਂ ਵਿਧਾਨ ਸਭਾ ਹਲਕਾ 93-ਬਠਿੰਡਾ ਦਿਹਾਤੀ ਤੋਂ 8 ਉਮੀਦਵਾਰ, ਵਿਧਾਨ ਸਭਾ ਹਲਕਾ 94-ਤਲਵੰਡੀ ਸਾਬੋ ਤੋਂ 15 ਉਮੀਦਵਾਰ, ਇਸੇ ਤਰਾਂ ਵਿਧਾਨ ਸਭਾ ਹਲਕਾ 95-ਮੌੜ ਤੋਂ 10 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਹੋਰ ਦੱਸਿਆ ਕਿ ਵਿਧਾਨ ਸਭਾ ਦੀਆਂ ਚੋਣਾਂ 20 ਫਰਵਰੀ 2022 ਨੂੰ ਹੋਣਗੀਆਂ। ਜਦਕਿ ਵੋਟਾਂ ਦੇ ਨਤੀਜੇ 10 ਮਾਰਚ 2022 ਨੂੰ ਐਲਾਨੇ ਜਾਣਗੇ।

ਪੜ੍ਹਾਈ ਦੇ ਨੁਕਸਾਨ ਨੂੰ ਰੋਕਣ ਲਈ ਸਕੂਲ ਖੋਲ੍ਹੇ ਜਾਣ

0

ਆਨਲਾਈਨ ਪੜ੍ਹਾਈ ਗ਼ਰੀਬਾਂ ਦੇ ਬੱਚਿਆਂ ਨੂੰ ਵਾਂਝਿਆਂ ਕਰ ਦੇਵੇਗੀ- ਜਮਹੂਰੀ ਅਧਿਕਾਰ ਸਭਾ
ਸੁਖਜਿੰਦਰ ਮਾਨ
ਬਠਿੰਡਾ, 4 ਫਰਵਰੀ: ਕੋਰੋਨਾ ਮਹਾਂਮਾਰੀ ਦੀ ਤੀਜੀ ਲਹਿਰ ਨੂੰ ਰੋਕਣ ਦੇ ਨਾਂ ਤੇ ਸਕੂਲ ਕਾਲਜ ਅਣਮਿਥੇ ਸਮੇਂ ਲਈ ਬੰਦ ਕਰ ਦਿੱਤੇ ਗਏ ਹਨ ਅਤੇ ਹੋਸਟਲ ਖਾਲੀ ਕਰਵਾ ਲਏ ਗਏ ਹਨ। ਜਮਹੂਰੀ ਅਧਿਕਾਰ ਸਭਾ ਦੀ ਜਿਲ੍ਹਾ ਇਕਾਈ ਬਠਿੰਡਾ ਦੇ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ,ਜਨਰਲ ਸਕੱਤਰ ਪ੍ਰਿਤਪਾਲ ਸਿੰਘ ਅਤੇ ਪ੍ਰੈੱਸ ਸਕੱਤਰ ਡਾ ਅਜੀਤਪਾਲ ਸਿੰਘ ਦਾ ਕਹਿਣਾ ਹੈ ਕਿ ਮਹਾਂਮਾਰੀ ਦੇ ਨਾਂ ਤੇ ਆਫਲਾਈਨ ਪੜ੍ਹਾਈ ਨੂੰ ਆਨਲਾਈਨ ਪੜ੍ਹਾਈ ਵਿਚ ਬਦਲ ਕੇ ਬੱਚਿਆਂ ਦਾ ਨੁਕਸਾਨ ਕੀਤਾ ਰਿਹਾ ਹੈ। ਜੋ ਸਮਾਰਟਫੋਨ ਨੂੰ ਸਿੱਖਿਆ ਦੇ ਖੇਤਰ ਲਈ ਅੜਿੱਕਾ ਮੰਨਿਆ ਜਾਂਦਾ ਸੀ ਅੱਜ ਸਿੱਖਿਆ ਇਸ ਦੀ ਮੌਜੂਦਗੀ ਬਿਨਾ ਅਸੰਭਵ ਬਣਾ ਦਿੱਤੀ ਗਈ ਹੈ। ਇਹ ਨਵੀਂ ਨੀਤੀ ਨੇ ਅਨੇਕਾਂ ਨਵੀਆਂ ਚੁਣੌਤੀਆਂ ਪੈਦਾ ਕਰਦੀਆਂ ਹਨ ਕਿਉਂਕਿ ਹਰੇਕ ਵਿਦਿਆਰਥੀਆਂ ਕੋਲ ਮੋਬਾਇਲ ਫੋਨ ਦੀ ਸਹੂਲਤ ਨਹੀਂ ਹੈ ਤੇ ਉਸ ਤੋਂ ਬਾਅਦ ਇੰਟਰਨੈੱਟ ਦੀ ਕੁਨੈਕਟੀਵਿਟੀ, ਕੰਪਿਊਟਰ ਲੈਪਟਾਪ ਨੂੰ ਖ਼ਰੀਦਣਾ ਇਹ ਸਾਰਾ ਖਰਚਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਆਨਲਾਈਨ ਪੜ੍ਹਾਈ ਦੇ ਫਾਇਦੇ ਘੱਟ, ਨੁਕਸਾਨ ਜਿਅਾਦਾ ਹਨ। ਅੱਖਾਂ ਦੀ ਰੋਸ਼ਨੀ ਤੇ ਇਸ ਦਾ ਅਸਰ ਹੁੰਦਾ ਹੈ। ਬੱਚੇ ਗ਼ਲਤ ਆਦਤਾਂ ਦਾ ਸ਼ਿਕਾਰ ਹੁੰਦੇ ਹਨ। ਸਕੂਲ ਭਾਵੇਂ ਬੰਦ ਕਰ ਦਿੱਤੇ ਗਏ ਹਨ,ਪਰ ਬਾਜ਼ਾਰਾਂ ਵਿੱਚ ਭੀੜਾਂ, ਬੱਸਾਂ ਵਿੱਚ ਸਵਾਰੀਆਂ ਦੀ ਓਵਰਲੋਡਿੰਗ ਤੇ ਹੋਰ ਕਈ ਸੈਂਟਰਾਂ ਚ ਹੁੰਦੇ ਇਕੱਠ ਦੇਖੇ ਜਾ ਸਕਦੇ ਹਨ। ਬੱਚਿਆਂ ਨੂੰ ਸਕੂਲ ਤੋਂ ਦੂਰ ਰੱਖਣਾ ਉਹਨਾਂ ਦੀ ਪੜ੍ਹਾਈ ਨੂੰ ਖਤਮ ਕਰਨ ਦੇ ਬਰਾਬਰ ਹੈ। ਜਿਸ ਤਰ੍ਹਾਂ ਅਨੇਕਾਂ ਤਰ੍ਹਾਂ ਦੇ ਸੈਂਟਰਾਂ, ਸਿਨੇਮਾਘਰਾਂ ਅਤੇ ਹੋਰ ਭੀੜ ਵਾਲੀਆਂ ਥਾਵਾਂ ਨੂੰ ਖੋਲ੍ਹਿਆ ਗਿਆ ਹੈ, ਉਸੇ ਤਰ੍ਹਾਂ ਸਕੂਲਾਂ ਨੂੰ ਖੁੋਲ੍ਹਣਾ ਚਾਹੀਦਾ ਹੈ ਤਾਂ ਜੋ ਬੱਚਿਆਂ ਨੂੰ ਪਡ਼੍ਹਾਈ ਵੱਲ ਪ੍ਰੇਰਿਤ ਕੀਤਾ ਜਾ ਸਕੇ। ਬੱਚਿਆਂ ਨੂੰ ਲੋੜ ਮੁਤਾਬਕ ਸਿਹਤ ਸਹੂਲਤਾਂ ਅਤੇ ਟੀਕਾਕਰਣ ਮੁਹਈਅਾ ਕਰਵਾ ਕੇ ਬੱਚਿਆਂ ਨੂੰ ਸਕੂਲੀ ਸਿੱਖਿਆ ਨਾਲ ਜੋੜਨਾ ਚਾਹੀਦਾ ਹੈ। ਸਕੂਲ ਤੋਂ ਗ਼ੈਰ ਹਾਜ਼ਰ ਰਹਿਣ ਕਰ ਕੇ ਪੜ੍ਹਾਈ ਦੇ ਨਾਲ ਨਾਲ ਹੋਰ ਤਰ੍ਹਾਂ ਦੀਆਂ ਸਰਗਰਮੀਆਂ ਜਿਵੇਂ ਖੇਡਾਂ ਅਤੇ ਅਨੁਸਾਸ਼ਨ ਸਿਖਣ ਤੋਂ ਵੀ ਬੱਚੇ ਵਾਂਝੇ ਹੋ ਰਹੇ ਹਨ। ਦੂਜੇ ਪਾਸੇ ਬੱਚਿਆਂ ਤੋਂ ਪੜ੍ਹਾਈ ਦੀਆਂ ਪੂਰੀਆਂ ਫੀਸਾਂ ਭਰਵਾ ਕੇ ਉਨ੍ਹਾਂ ਦੇ ਮਾਪਿਆਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਜੋ ਅਧਿਆਪਕ ਨਾ ਮਾਤਰ ਤਨਖ਼ਾਹਾਂ ਤੇ ਸਕੂਲਾਂ,ਕਾਲਜਾਂ ਚ ਪੜ੍ਹਾਉਂਦੇ ਸਨ, ਉਹ ਵੀ ਬੇਰੁਜ਼ਗਾਰ ਹੋ ਗਏ ਹਨ। ਜੋ ਲੋਕ ਸਕੂਲਾਂ,ਕਾਲਜਾਂ ਵਿਖੇ ਵੈਨਾਂ ਚਲਾ ਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਸਨ, ਉਨ੍ਹਾਂ ਦਾ ਰੁਜ਼ਗਾਰ ਵੀ ਖੁੱਸ ਗਿਆ ਹੈ। ਜਦੋਂ ਚੋਣ ਰੈਲੀਆਂ ਹੋ ਰਹੀਆਂ ਹਨ,ਠੇਕੇ ਖੁੱਲ੍ਹੇ ਹਨ ਤਾਂ ਸਕੂਲ ਕਾਲਜ ਵੀ ਖੋਲ੍ਹ ਦੇਣੇ ਚਾਹੀਦੇ ਹਨ, ਕਿਉਂਕਿ ਉੱਥੇ ਬੱਚਿਆਂ ਦੀ ਸ਼ਖ਼ਸੀਅਤ ਦਾ ਵਿਕਾਸ ਹੁੰਦਾ ਹੈ।

ਐਮ.ਐਸ.ਸੀ. (ਮੈਥੇਮੈਟਿਕਸ) ਦੂਜਾ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ

0

ਸੁਖਜਿੰਦਰ ਮਾਨ
ਬਠਿੰਡਾ, 4 ਫਰਵਰੀ: ਬਾਬਾ ਫ਼ਰੀਦ ਕਾਲਜ ਮਾਲਵਾ ਖੇਤਰ ਵਿੱਚ ਆਪਣੀਆਂ ਸ਼ਾਨਦਾਰ ਅਕਾਦਮਿਕ ਪ੍ਰਾਪਤੀਆਂ ਲਈ ਜਾਣਿਆ ਜਾਂਦਾ ਹੈ। ਹਾਲ ਹੀ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਐਮ.ਐਸ.ਸੀ. (ਮੈਥੇਮੈਟਿਕਸ) ਦੂਜਾ ਸਮੈਸਟਰ ਦੇ ਨਤੀਜਿਆਂ ਵਿੱਚ ਵੀ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਨਤੀਜੇ ਹਾਸਲ ਕਰ ਕੇ ਸੰਸਥਾ ਦਾ ਮਾਣ ਵਧਾਇਆ ਹੈ। ਐਮ.ਐਸ.ਸੀ. (ਮੈਥੇਮੈਟਿਕਸ) ਦੂਜਾ ਸਮੈਸਟਰ (ਬੈਚ 2020-22) ਦੇ ਨਤੀਜੇ ਅਨੁਸਾਰ ਬਾਬਾ ਫ਼ਰੀਦ ਕਾਲਜ ਦੀ ਅਮਨਦੀਪ ਕੌਰ, ਚੰਚਲ, ਗਗਨਦੀਪ ਕੌਰ, ਹਰਜੋਤ ਸਿੱਧੂ, ਸੁਖਦੀਪ ਕੌਰ, ਜਿੰਮੀ ਗੋਇਲ, ਮਹਿਕ ਮੰਗਲਾ, ਨਵਦੀਪ ਕੌਰ, ਨਵਜੋਤ ਕੌਰ, ਸ਼ਬਨਮ ਵਰਮਾ, ਸਿਮਨਜੋਤ ਕੌਰ, ਸਿਮਰਨਜੀਤ ਕੌਰ ਅਤੇ ਸੁਖਦੀਪ ਕੌਰ ਨੇ 100 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਕਾਲਜ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ । ਇਸ ਤੋਂ ਇਲਾਵਾ ਗੁਰਬਾਜ਼ ਸਿੰਘ ਨੇ 94 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਦੂਸਰਾ ਸਥਾਨ ਹਾਸਲ ਕੀਤਾ ਹੈ ਜਦੋਂ ਕਿ ਰਾਜਵੀਰ ਕੌਰ ਨੇ 92 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਕਾਲਜ ਵਿੱਚੋਂ ਤੀਸਰਾ ਸਥਾਨ ਹਾਸਲ ਕੀਤਾ ਹੈ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਬਾਬਾ ਫ਼ਰੀਦ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਕੌੜਾ ਨੇ ਇਹਨਾਂ ਸ਼ਾਨਦਾਰ ਨਤੀਜਿਆਂ ਲਈ ਗਣਿਤ ਵਿਭਾਗ ਦੇ ਮੁਖੀ, ਸਟਾਫ਼ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ । ਉਨ੍ਹਾਂ ਨੇ ਕਿਹਾ ਕਿ ਤਜਰਬੇਕਾਰ ਅਧਿਆਪਕਾਂ ਦੀ ਯੋਗ ਅਗਵਾਈ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਕਰ ਕੇ ਅਜਿਹੇ ਚੰਗੇ ਨਤੀਜੇ ਪ੍ਰਾਪਤ ਹੋਏ ਹਨ। ਉਨ੍ਹਾਂ ਨੇ ਐਮ.ਐਸ.ਸੀ. (ਮੈਥੇਮੈਟਿਕਸ) ਦੂਜਾ ਸਮੈਸਟਰ ਦੇ ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਆਪਣੀਆਂ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ।

ਮੁੱਖ ਮੰਤਰੀ ਦੇ ਅਹੁੱਦੇ ਲਈ ਉਮੀਦਵਾਰ ਦੇ ਐਲਾਨ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਦਿਖਾਏ ਬਾਗੀ ਤੇਵਰ 

0
ਸੁਖਜਿੰਦਰ ਮਾਨ
ਚੰਡੀਗੜ੍ਹ,4 ਫਰਵਰੀ: ਕਾਂਗਰਸ ਪਾਰਟੀ ਚ ਮੁੱਖ ਮੰਤਰੀ ਦੇ ਅਹੁਦੇ ਦੇ ਐਲਾਨ ਤੋਂ ਪਹਿਲਾਂ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਬਾਗੀ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ।  ਸੂਬਾ ਕਾਂਗਰਸ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹੀ ਦੁਬਾਰਾ ਮੁੜ ਇਸ ਅਹੁਦੇ ਲਈ ਅੱਗੇ ਲਿਆਉਣ ਦੀਆਂ ਕਨਸੋਆਂ ਤੋਂ ਬਾਅਦ ਸ੍ਰੀ ਸਿੱਧੂ ਦੀ ਅੱਜ ਇਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਉਹ ਇਹ ਕਹਿੰਦੇ ਦਿਖਾਈ ਦੇ ਰਹੇ ਹਨ ਕਿ ਉੱਪਰਲੇ ਇਕ ਕਮਜ਼ੋਰ ਮੁੱਖ ਮੰਤਰੀ ਚਾਹੁੰਦੇ ਹਨ ਜੋ ਉਨ੍ਹਾਂ ਦੇ ਇਸ਼ਾਰਿਆਂ ਤੇ ਨੱਚਦਾ ਰਹੇ। ਉਨ੍ਹਾਂ ਦਾ ਕਾਂਗਰਸ ਹਾਈ ਕਮਾਂਡ ਬਲ ਮੰਨਿਆ ਜਾ ਰਿਹਾ ਹੈ।ਹਾਲਾਂਕਿ ਉਨ੍ਹਾਂ ਬਾਅਦ ਵਿੱਚ ਇੱਕ ਹੋਰ ਵੀਡੀਓ ਰਿਲੀਜ਼ ਕਰ ਕੇ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਦੌਰੇ ‘ਤੇ ਆਏ ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦੀ ਮੰਗ ‘ਤੇ ਜਲਦੀ ਕੀ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਦਾ ਐਲਾਨ ਕਰਨ ਦਾ ਭਰੋਸਾ ਦਿਵਾਇਆ ਸੀ ਜਿਸ ਤੋਂ ਬਾਅਦ ਹੁਣ ਮੁੜ ਸ੍ਰੀ ਗਾਂਧੀ ਛੇ ਫਰਵਰੀ ਨੂੰ ਲੁਧਿਆਣਾ ਵਿਖੇ ਆ ਰਹੇ ਹਨ, ਜਿੱਥੇ ਉਹ ਚਰਨਜੀਤ ਸਿੰਘ ਚੰਨੀ ਦਾ ਨਾਮ ਹੀ ਅੱਗੇ ਰੱਖਣਗੇ। ਇਹ ਵੀ ਦੱਸਣਾ ਬਣਦਾ ਹੈ ਕਿ ਪੰਜਾਬ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਤੋਂ ਇਲਾਵਾ ਕਈ ਮੰਤਰੀਆਂ ਨੇ ਚੰਨੀ ਦੀ ਹਮਾਇਤ ਕੀਤੀ ਹੈ। ਜਿਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਇਕੱਲੇ ਪੈਂਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਚਰਚਾ ਇਹ ਵੀ ਹੈ ਕਿ ਕਈ ਆਪਣੇ ਤੇ ਵਿਰੋਧੀ ਵੀ ਨਵਜੋਤ ਸਿੰਘ ਸਿੱਧੂ ਨੂੰ ਹਰਾਉਣ ਲਈ ਕੰਮ ਕਰ ਰਹੇ ਹਨ।

ਵੱਡੀ ਖ਼ਬਰ: ਮੁੱਖ ਮੰਤਰੀ ਚੰਨੀ ਦਾ ਭਤੀਜਾ ‘ਹਨੀ’ ਨਾਜਾਇਜ਼ ਮਾਈਨਿੰਗ ਦੇ ਮਾਮਲੇ ‘ਚ ਈ.ਡੀ ਵਲੋਂ ਗ੍ਰਿਫ਼ਤਾਰ 

0
ਜਲੰਧਰ ਵਿੱਚ ਗਿ੍ਫ਼ਤਾਰ ਕੀਤਾ ਤੇ ਅੱਜ ਮੋਹਾਲੀ ਕੋਰਟ ‘ਚ ਪੇਸ਼ ਕਰੇਗੀ ਈਡੀ  
ਸੁਖਜਿੰਦਰ ਮਾਨ
ਚੰਡੀਗੜ੍ਹ, 4 ਫਰਵਰੀ: ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਅੱਜ ਮੁਸ਼ਕਿਲਾਂ ਉਸ ਸਮੇਂ ਵਧਦੀਆ ਨਜ਼ਰ ਆਈਆਂ ਜਦ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਨਜਾਇਜ ਮਾਇਨਗ ਦੇ ਮਾਮੇ ਵਿੱਚ ਚਰਚਾ ਵਿੱਚ ਆਏ ਬੀਤੀ ਰਾਤ ਉਨ੍ਹਾਂ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਨੂੰ ਜਲੰਧਰ ਵਿੱਚ ਗ੍ਰਿਫ਼ਤਾਰ ਕਰ ਲਿਆ। ਪਤਾ ਲੱਗਿਆ ਹੈ ਕਿ ਬੀਤੀ ਰਾਤ ਹੀ ਉਸ ਦਾ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ ਅਤੇ ਅੱਜ ਉਸ ਨੂੰ ਅਗਲੇਰੀ ਪੁੱਛਗਿੱਛ ਲਈ ਮੁਹਾਲੀ ਦੀ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਬੇਸ਼ੱਕ ਮੁੱਖ ਮੰਤਰੀ ਚੰਨੀ ਈਡੀ ਦੀ ਇਸ ਕਾਰਵਾਈ ਨੂੰ ਬਦਲੇਖੋਰੀ ਦੀ ਭਾਵਨਾ ਨਾਲ ਕੀਤੀ ਹੋਈ ਦੱਸ ਰਹੇ ਹਨ ਪ੍ਰੰਤੂ ਬਿਨਾਂ ਸ਼ੱਕ ਛੇ ਫਰਵਰੀ ਨੂੰ ਰਾਹੁਲ ਗਾਂਧੀ ਵੱਲੋਂ ਪੰਜਾਬ ਚ ਮੁੱਖ ਮੰਤਰੀ ਦੇ ਚਿਹਰੇ ਦੇ ਕੀਤੇ ਜਾਣ ਵਾਲੇ ਐਲਾਨ ਉੱਪਰ ਇਸ ਦਾ ਜ਼ਰੂਰ ਪ੍ਰਭਾਵ ਪਵੇਗਾ। ਇਥੇ ਦੱਸਣਾ ਬਣਦਾ ਹੈ ਕਿ ਪਿਛਲੇ ਦਿਨਾਂ ਵਿੱਚ ਈਡੀ ਵੱਲੋਂ ਪੰਜਾਬ ਭਰ ‘ਚ ਵੱਖ ਵੱਖ ਥਾਵਾਂ ‘ਤੇ  ਕੀਤੀ ਛਾਪੇਮਾਰੀ ਦੌਰਾਨ ਭੁਪਿੰਦਰ ਸਿੰਘ ਹਨੀ ਦੇ ਮੁਹਾਲੀ ਸਥਿਤ ਹੋਮਲੈਡ ਵਿੱਚ ਕਿਰਾਏ ਦੇ ਫਲੈਟ ਵਿੱਚੋਂ ਕਰੀਬ ਅੱਠ ਕਰੋੜ ਦੀ ਨਕਦੀ ਕੀਮਤੀ ਸੋਨੇ ਦੇ ਗਹਿਣੇ ਅਤੇ ਬਾਰਾਂ ਲੱਖ ਦੀ ਘੜੀ ਬਰਾਮਦ ਹੋਈ ਸੀ। ਇਸੇ ਤਰ੍ਹਾਂ ਸਨੀ ਦੇ ਦੋਸਤ ਸੰਦੀਪ ਦੇ ਕੋਲੋਂ ਵੀ ਈਡੀ ਨੂੰ ਦੋ ਕਰੋੜ ਰੁਪਏ ਨਕਦੀ ਮਿਲੇ ਸਨ ਜਿਸ ਤੋਂ ਬਾਅਦ ਈਡੀ ਦੇ ਅਧਿਕਾਰੀ ਛਾਪਾਮਾਰੀ ਦੌਰਾਨ ਬਰਾਮਦ ਦਸਤਾਵੇਜ਼ਾਂ ਅਤੇ ਹੋਰ ਸਾਮਾਨ ਨੂੰ ਆਪਣੇ ਨਾਲ ਲੈ ਗਈ ਸੀ। ਉਸ ਸਮੇਂ ਤੋਂ ਹੀ ਹਨੀ ਨੂੰ ਗ੍ਰਿਫ਼ਤਾਰ ਕਰਨ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਸੀ ਪ੍ਰੰਤੂ ਹੁਣ ਈਡੀ ਦੀ ਇਸ ਤਾਜ਼ਾ ਕਾਰਵਾਈ ਕਾਰਨ ਪੰਜਾਬ ਦੇ ਚੁਣਾਵੀ ਮਾਹੌਲ ਉੱਪਰ ਇਸ ਦਾ ਅਸਰ ਵੇਖਣ ਨੂੰ ਮਿਲ ਸਕਦਾ ਹੈ।

ਮੁੱਖ ਮੰਤਰੀ ਮਨੋਹਰ ਲਾਲ ਦਾ ਅੱਧਾ ਦਰਜਨ ਪਿੰਡਾਂ ਵਿਚ ਭਰਵਾਂ ਸੁਆਗਤ

0

ਸੁਖਜਿੰਦਰ ਮਾਨ
ਚੰਡੀਗੜ੍ਹ, 3 ਫਰਵਰੀ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦਾ ਜਿਲਾ ਕਰਨਾਲ ਦੇ ਕੈਮਲਾ ਸਮੇਤ ਅੱਧਾ ਦਰਜਨ ਪਿੰਡਾਂ ਵਿਚ ਭਰਵਾਂ ਸੁਆਗਤ ਕੀਤਾ ਗਿਆ। ਮੁੱਖ ਮੰਤਰੀ ਨੂੰ ਵੇਖਣ ਆਈ ਭੀੜ ਨੇ ਫੂਲ ਬਰਸਾਕੇ ਪਿੰਡਾਂ ਵਿਚ ਸੁਆਗਤ ਕੀਤਾ ਅਤੇ ਉਨ੍ਹਾਂ ਨੇ ਸੂਬੇ ਦੇ ਚਹੁੰਮੁੱਖੀ ਵਿਕਾਸ ਲਈ ਵੱਧਾਈ ਦਿੱਤੀ। ਮੁੱਖ ਮੰਤਰੀ ਨੇ ਵੀ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਕੈਮਲਾ ਤੇ ਅਰਾਈਪੁਰਾ ਪਿੰਡ ਦੇ ਦੋ ਧਾਰਮਿਕ ਥਾਂਵਾਂ ‘ਤੇ ਲੰਗਰ ਹਾਲ ਬਣਾਉਣ ਲਈ 51-51 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਮਨੋਹਰ ਲਾਲ ਅੱਜ ਦੁਪਹਿਰ ਨੂੰ ਆਪਣੇ ਵਿਧਾਨ ਸਭਾ ਹਲਕੇ ਕਰਨਾਲ ਪੁੱਜੇ। ਇਸ ਤੋਂ ਬਾਅਦ ਉਨ੍ਹਾਂ ਨੇ ਘਰੌਂਡਾ ਵਿਧਾਨ ਸਭਾ ਦੇ ਦੌਰੇ ਦੀ ਸ਼ੁਰੂਆਤ ਕੀਤੀ। ਮੁੱਖ ਮੰਤਰੀ ਦਾ ਕਾਫਿਲਾ ਜਿਵੇਂ ਵੀ ਪਿੰਡ ਕੈਮਲਾ ਵੱਲ ਵੱਧੇ ਤਾਂ ਵਰਖਾ ਵੀ ਪਿੰਡ ਵਾਸੀਆਂ ਦੀ ਭੀੜ ਨੂੰ ਰੋਕ ਨਹੀਂ ਪਾਈ। ਮੁੱਖ ਮੰਤਤਰੀ ਨੂੰ ਵੇਖਣ ਲਈ ਸੈਕੜਾਂ ਦੀ ਗਿਣਤੀ ਵਿਚ ਪਿੰਡ ਵਾਸੀ ਆਏ। ਇਹ ਵੇਖ ਮੁੱਖ ਮੰਤਰੀ ਨੇ ਕਾਫਿਲੇ ਨੂੰ ਰੋਕਿਆ ਅਤੇ ਪਿੰਡ ਵਾਸੀਆਂ ਨਾਲ ਗਲਬਾਤ ਕੀਤੀ। ਮੁੱਖ ਮੰਤਰੀ ਮਨੋਹਰ ਲਾਲ ਨੇ 5 ਸੂਬਿਆਂ ਵਿਚ ਹੋ ਰਹੇ ਵਿਧਾਨ ਸਭਾ ਚੋਣ ‘ਤੇ ਵੀ ਆਪਣੀ ਪ੍ਰਤੀਕ੍ਰਿਆ ਦਿੱਤੀ। ਉਨ੍ਹਾਂ ਕਿਹਾ ਕਿ ਇੰਨ੍ਹਾਂ ਸਾਰੇ ਸੂਬਿਆਂ ਵਿਚ ਭਾਜਪਾ ਲਈ ਮਾਹੌਲ ਚੰਗਾ ਹੈ। ਉੱਤਰਾਖੰਡ ਦੀ ਦੋ ਵਿਧਾਨ ਸਭਾ ਵਿਚ ਤਾਂ ਉਹ ਖੁਦ ਚੋਣ ਪ੍ਰਚਾਰ ਕਰਕੇ ਆਏ ਹਨ। ਉੱਤਰ ਪ੍ਰਦੇਸ਼, ਉੱਤਰਾਖੰਡ, ਮਣਿਪੁਰ ਅਤੇ ਗੋਆ ਵਿਚ ਭਾਜਪਾ ਯਕੀਨੀ ਤੌਰ ‘ਤੇ ਸਰਕਾਰ ਬਣਾ ਰਹੀ ਹੈ। ਉੱਥੇ ਪੰਜਾਬ ਵਿਚ ਵੀ ਭਾਜਪਾ ਚੰਗੀ ਹਾਜ਼ਿਰੀ ਦਰਜ ਕਰਵਾਏਗੀ। ਇੱਥੇ ਵੀ ਸਮ ਵਿਚਾਰ ਦੇ ਲੋੋਕਾਂ ਦੇ ਨਾਲ ਸਰਕਾਰ ਬਣਾਉਣ ਵਿਚ ਕਾਮਯਾਬੀ ਹਾਸਲ ਕਰੇਗੀ। ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਨਿੱਜੀ ਖੇਤਰ ਵਿਚ ਹਰਿਆਣਾ ਦੇ ਨੌਜੁਆਨਾਂ ਨੂੰ 75 ਫੀਸਦੀ ਰਾਂਖਵੇ ਦਿੱਤੇ ਜਾਣ ਦੇ ਮਾਮਲੇ ‘ਤੇ ਭਲੇ ਹੀ ਹਾਈਕੋੋਰਟ ਵਿਚ ਫਿਲਹਾਲ ਸਟੇ ਲਗ ਗਈ ਹੋਵੇ ਲੇਕਿਨ ਇਸ ਕਾਨੂੰਨ ‘ਤੇ ਸਰਕਾਰ ਮਜਬੂਤੀ ਨਾਲ ਆਪਣਾ ਪੱਖ ਰੱਖੇਗੀ ਅਤੇ ਅਦਾਲਤ ਵਿਚ ਲੜੇਗੀ। ਹਰਿਆਣਾ ਵਿਚ ਜਦ ਪੜ੍ਹੀ-ਲਿਖੀ ਪੰਚਾਇਤ ਦਾ ਕਾਨੂੰਨ ਲਾਗੂ ਕੀਤਾ ਗਿਆ ਸੀ, ਤਦ ਵੀ ਹਾਈਕੋਰਟ ਨੇ ਸਟੇ ਲਗਾ ਦਿੱਤਾ ਸੀ। ਇਸ ਤੋਂ ਬਾਅਦ ਇਸ ਕਾਨੂੰਨ ਦੇ ਉਲਟ ਫੈਸਲੇ ਵੀ ਦਿੱਤਾ ਸੀ ਲੇਕਿਨ ਫਿਰ ਸੁਪਰੀਮ ਕੋਰਟ ਤੋਂ ਇਸ ਮਾਮਲੇ ਵਿਚ ਜਿੱਤ ਕੇ ਆਏ ਸਨ। ਬਾਅਦ ਵਿਚ ਇਸ ਨੂੰ ਲਾਗੂ ਕੀਤਾ ਗਿਆ। 75 ਫੀਸਦੀ ਰਾਂਖਵੇਂ ਦੇ ਕਾਨੂੰਨ ‘ਤੇ ਵੀ ਲੜਾਈ ਲੜਣਗੇ ਅਤੇ ਲੋਂੜ ਪੈਣ ਤਾਂ ਸੁਪਰੀਮ ਕੋਰਟ ਤਕ ਜਾਣਗੇ।

ਕੋਵਿਡ ਦੀ ਸਥਿਤੀ ‘ਤੇ ਨਜ਼ਰ ਰੱਖੇ ਹੋਏ ਹਾਂ: ਅਨਿਲ ਵਿਜ

0

ਸੁਖਜਿੰਦਰ ਮਾਨ
ਚੰਡੀਗੜ੍ਹ, 3 ਫਰਵਰੀ: ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਕੋਵਿਡ ਸੰਕਰਮਣ ਦਾ ਆਂਕਲਨ ਕੀਤਾ ਜਾਂਦਾ ਹੈ, ਉਸ ਅਨੁਸਾਰ ਵੱਲੋਂ ਹਿਦਾਇਤਾਂ ਤ ਪਾਬੰਦੀਆਂ ਦੇ ਸਬੰਧ ਵਿਚ ਗਾਇਡ ਲਾਇਨ ਜਾਰੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮੈਂ ਰੋਜਾਨਾ ਕੋਵਿਡ ਦੇ ਚਾਰਟ ਨੂੰ ਵੇਖਦਾ ਹਾਂ, ਕੋਵਿਡ ਵੱਧ ਰਿਹਾ ਹੈ ਜਾਂ ਨਹੀਂ ਵੱਧ ਰਿਹਾ ਹੈ ਜਾਂ ਕਿੱਥੇ ‘ਤੇ ਵੱਧ ਰਿਹਾ ਹੈ, ਉਸ ਦੇ ਮੁਤਾਬਿਕ ਹਿਦਾਇਤਾਂ ਨੂੰ ਲਗਾਇਆ ਜਾਂਦਾ ਹੈ।ਸ੍ਰੀ ਵਿਜ ਅੱਜ ਇੱਥੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸੁਆਲਾਂ ਦਾ ਜਵਾਬ ਦੇ ਰਹੇ ਸਨ। ਨਾਇਟ ਕਰਫਿਊ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਅਸੀਂ ਕੋਵਿਡ ਦੀ ਸਥਿਤੀ ‘ਤੇ ਨਜ਼ਰ ਰੱਖੇ ਹੋਏ ਹਾਂ ਅਤੇ ਵਿਚਾਰ ਕਰ ਰਹੇ ਹਾਂ, ਲੇਕਿਨ ਲੋਕਾਂ ਨੂੰ ਕੋਵਿਡ ਨੂੰ ਹਲਕੇ ਵਿਚ ਨਹੀਂ ਲੈਣਾ ਚਾਹੀਦਾ ਹੈ, ਲੋਕਾਂ ਨੂੰ ਕੋਵਿਡ ਪੋ੍ਰਟੋਕਾਲ ਦੇ ਤਹਿਤ ਪੂਰੀ ਇਤਿਆਤ ਵਰਤਨੀ ਚਾਹੀਦੀ ਹੈ। ਪੇਸ਼ ਹੋਏ ਕੇਂਦਰੀ ਬਜਟ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਸ੍ਰੀ ਵਿਜ ਨੇ ਕਿਹਾ ਕਿ ਕੇਂਦਰੀ ਬਜਟ ਦਾ ਡੂੰਘਾਈ ਨਾਲ ਅਧਿਐਨ ਕਰੋ ਤਾਂ ਸਰਕਾਰ ਨੇ ਹਿੰਦੁਸਤਾਨ ਨੂੰ ਨਵੀਂ ਡਗਰ ਅਤੇ ਉੱਚਾਈਆਂ ਦੀ ਡਗਰ ‘ਤੇ ਪਾਉਣ ਦਾ ਕੰਮ ਕੀਤਾ ਹੈ। ਉਨ੍ਹਾ ਕਿਹਾ ਕਿ ਸਰਕਾਰ ਵੱਲੋਂ ਡਿਜੀਟਲੀਕਰਣ ਨੂੰ ਬਹੁਤ ਵੱਧ ਵਰਤੋਂ ਕਰਨ ਦੀ ਗਲ ਬਜਟ ਵਿਚ ਕਹੀ ਗਈ ਹੈ, ਸਰਕਾਰ ਨੇ ਡਿਜੀਟਲ ਕਰੇਂਸੀ ਸ਼ੁਰੂ ਕਰਨ ਦੀ ਗੱਲ ਕਹੀ ਹੈ, ਡਿਜੀਟਲ ਯੂਨੀਵਰਸਿਟੀ ਖੋਲ੍ਹਣ ਦੀ ਗਲ ਕਹੀ ਹੈ। ਕਿਸਾਨਾਂ ਲਈ ਡਿਜੀਟਲ ਪਲੇਟਫਾਰਮ ਬਣਾਉਣ ਦੀ ਗਲ ਕਹੀ ਹੈ, ਹੈਥਲ ਲਈ ਵੀ ਡਿਜੀਟਲ ਪਲੇਟਫਾਰਮ ਬਣਾਉਣ ਦੀ ਗਲ ਕਹੀ ਹੈ, ਜਿਸ ਨਾਲ ਹੈਲਥ ਦਾ ਸਾਰਾ ਰਿਕਾਰਡ ਰੱਖਿਆ ਜਾਵੇਗਾ ਅਤੇ ਵੱਖ-ਵੱਖ ਖੇਤਰਾਂ ਵਿਚ ਡਿਜੀਟਲੀਕਰਣ ਦਾ ਦਬਾਅ ਦਿੱਤਾ ਗਿਆ ਹੈ। ਸ੍ਰੀ ਵਿਜ ਨੇ ਕਿਹਾ ਕਿ ਜਦ ਡਿਜੀਟਲੀਕਰਦ ਕੀਤੀ ਜਾਂਦੀ ਹੈ ਤਾਂ ਪਾਰਦਰਸ਼ਤਾ ਆਉਂਦੀ ਹੈ, ਬੇਬਜਹ ਕੰਮਾਂ ਵਿਚ ਜੋ ਦੇਰ ਹੁੰਦੀ ਹੈ, ਉਹ ਰੁੱਕਦਾ ਹੈ ਅਤੇ ਦੇਸ਼ ਅੱਗੇ ਵੱਧਦਾ ਹੈ।

ਤਨਖਾਹਾਂ ਨਾ ਮਿਲਣ ਦੇ ਵਿਰੁੱਧ 8 ਫਰਵਰੀ ਨੂੰ ਤਹਿਸੀਲ ਪੱਧਰ ’ਤੇ ਵਿਭਾਗੀ ਮੁੱਖੀ ਦੇ ਖਿਲਾਫ ਅਰਥੀ ਫੂਕ ਮੁਜਾਹਰੇ ਕਰਨ ਦਾ ਐਲਾਨ

0

ਸੁਖਜਿੰਦਰ ਮਾਨ
ਚੰਡੀਗੜ, 3 ਫਰਵਰੀ: ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵਿਚ ਇਨਲਿਸਟਮੈਂਟ ਅਤੇ ਠੇਕੇਦਾਰਾਂ ਦੇ ਅਧੀਨ ਕੰਮ ਕਰਦੇ ਕਾਮਿਆਂ ਨੂੰ ਪਿਛਲੇ 2 ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ ਹਨ, ਜਿਸਦੇ ਕਾਰਨ ਇਨ੍ਹਾਂ ਕਾਮਿਆਂ ਨੂੰ ਅੰਤ ਦੀ ਪੈ ਰਹੀ ਮਹਿੰਗਾਈ ਦੇ ਦੌਰਾਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਇਥੇ ਇਸ ਸਬੰਧੀ ਪ੍ਰੈਸ ਨੋਟ ਜਾਰੀ ਕਰਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ, ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ ਅਤੇ ਸੂਬਾ ਪ੍ਰੈਸ ਸਕੱਤਰ ਸਤਨਾਮ ਸਿੰਘ ਫਲੀਆਂਵਾਲਾ ਨੇ ਕਿਹਾ ਕਿ ਜਸਸ ਵਿਭਾਗ ਦੇ ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਪਟਿਆਲਾ ਵਲੋਂ ਭਾਵੇ ਕਿ ਠੇਕਾ ਵਰਕਰਾਂ ਨੂੰ ਹਰੇਕ ਮਹੀਨੇ ਦੀ 7 ਤਰੀਖ ਤੱਕ ਤਨਖਾਹਾਂ ਦੇਣ ਲਈ ਪੱਤਰ ਵੀ ਜਾਰੀ ਕੀਤਾ ਹੋਇਆ ਹੈ ਪਰੰਤੂ ਫਿਰ ਵੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵਿਚ ਕੰਮ ਕਰਦੇ ਇਨਲਿਸਟਮੈਂਟ ਅਤੇ ਠੇਕੇਦਾਰਾਂ ਦੇ ਅਧੀਨ ਫੀਲਡ ਤੇ ਦਫਤਰੀ ਕਾਮਿਆਂ ਨੂੰ ਕਈ ਜਿਲ੍ਹਿਆਂ ਵਿਚ ਪਿਛਲੇ 2 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ। ਇਨ੍ਹਾਂ ਕਾਮਿਆਂ ਦੀਆਂ ਰੁਕੀਆਂ ਤਨਖਾਹਾਂ ਦੇ ਫੰਡਾਂ ਬਾਰੇ, ਪੰਜਾਬ ਵਿਚ ਕੁਝ ਡਵੀਜਨਾਂ ’ਚ ਮਿ੍ਰਤਕ ਵਰਕਰਾਂ ਦੇ ਵਾਰਸਾਂ ਨੂੰ ਨੌਕਰੀ ਦੇਣ ਲਈ ਇਨਲਿਸਟਮੈਂਟ ਦੇ ਅਪੈਡਿੰਗ ਪਏ ਕੇਸਾਂ ਅਤੇ ਹੋਰ ਜਥੇਬੰਦੀ ਦੀਆਂ ਮੰਗਾਂ ਦੇ ਸਬੰਧ ਵਿਚ ਮਿਤੀ 31 ਜਨਵਰੀ 2022 ਨੂੰ ਜਸਸ ਵਿਭਾਗ ਦੇ ਮੁੱਖੀ (ਐਚ.ਓ.ਡੀ.) ਦੇ ਨਾਲ ਉਨ੍ਹਾਂ ਦੇ ਦਫਤਰ ਮੁਹਾਲੀ ਵਿਖੇ ਜਥੇਬੰਦੀ ਦੇ ਆਗੂਆਂ ਦੀ ਮੀਟਿੰਗ ਹੋਈ ਸੀ, ਜਿਸ ਵਿਚ ਰੁਕੀਆਂ ਤਨਖਾਹਾਂ ਦੇ ਫੰਡ ਜਾਰੀ ਕਰਨ ਅਤੇ ਮਿ੍ਰਤਕ ਵਰਕਰਾਂ ਦੇ ਵਾਰਸਾਂ ਨੂੰ ਨੋਕਰੀ ਦੇਣ ਕੇਸਾਂ ਦਾ ਹੱਲ ਕਰਨ ਲਈ ਐਚ.ਓ.ਡੀ. ਵਲੋਂ ਭਰੋਸਾ ਦਿੱਤਾ ਗਿਆ ਸੀ ਪਰ ਤ੍ਰਾਂਸਦੀ ਇਹ ਹੈ ਕਿ ਅਜੇ ਤੱਕ ਰੁਕੀਆਂ ਤਨਖਾਹਾਂ ਦੇ ਫੰਡ ਜਾਰੀ ਨਹੀਂ ਕੀਤੇ ਗਏ ਹਨ ਉਥੇ ਹੀ ਮਿ੍ਰਤਕ ਵਰਕਰਾਂ ਦੇ ਵਾਰਸਾਂ ਨੂੰ ਨੋਕਰੀ ਦੇਣ ਦੇ ਕੇਸ ਦਾ ਹੱਲ ਨਹੀਂ ਕੀਤਾ ਗਿਆ ਹੈ।
ਉਪਰੋਕਤ ਮੰਗਾਂ ਦਾ ਹੱਲ ਕਰਨ ਸਬੰਧੀ ਵਾਅਦਾ ਕਰਕੇ ਵੀ ਅਪਣਾਈ ਜਾ ਰਹੀ ਟਾਲ ਮਟੋਲ ਵਾਲੀ ਨੀਤੀ ਦੇ ਕਾਰਨ ਜਥੇਬੰਦੀ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਲਈ ਜਥੇਬੰਦੀ ਵਲੋਂ ਅੱਜ ਫਿਰ ਵਿਭਾਗੀ ਮੁੱਖੀ ਨੂੰ ਨੋਟਿਸ ਭੇਜ ਕੇ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਰੁਕੀਆਂ ਤਨਖਾਹਾਂ ਦੇ ਫੰਡ ਅਤੇ ਮਿ੍ਰਤਕ ਵਰਕਰਾਂ ਦੇ ਵਾਰਸਾਂ ਨੂੰ ਨੋਕਰੀ ਦੇਣ ਦੇ ਕੇਸਾਂ ਦਾ ਹੱਲ ਮਿਤੀ 7 ਫਰਵਰੀ 2022 ਤੱਕ ਨਹੀਂ ਕੀਤਾ ਗਿਆ ਤਾਂ ਮਜਬੂਰ ਹੋ ਕੇ ਜੱਥੇਬੰਦੀ ਵਲੋਂ ਮਿਤੀ 8 ਫਰਵਰੀ 2022 ਨੂੰ ਸਾਰੇ ਪੰਜਾਬ ਵਿਚ ਜਸਸ ਵਿਭਾਗ ਦੇ ਸਬ ਡਵੀਜਨ ਦਫਤਰਾਂ ਅੱਗੇ ਬ੍ਰਾਂਚ/ਤਹਿਸੀਲ ਪੱਧਰ ’ਤੇ ਜਸਸ ਵਿਭਾਗ ਦੇ ਮੁੱਖੀ (ਐਚ.ਓ.ਡੀ.) ਦੇ ਵਿਰੁੱਧ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਦੀ ਜਿੰਮੇਵਾਰੀ ਵਿਭਾਗੀ ਮੁੱਖੀ ਦੀ ਸਿੱਧੇ ਤੌਰ ’ਤੇ ਹੋਵੇਗੀ।

ਪਾਰਟੀ ‘ਚ ਟੁੱਟ ਦੇ ਡਰ ਤੋਂ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਨ ‘ਚ ਦੇਰੀ ਕਰ ਰਹੀ ਕਾਂਗਰਸ – ਭਗਵੰਤ ਮਾਨ

0

5 ਫਰਵਰੀ ਨਾਮਜ਼ਦਗੀਆਂ ਵਾਪਸ ਲੈਣ ਦਾ ਆਖਰੀ ਦਿਨ, ਕਾਂਗਰਸ ਨੂੰ ਡਰ ਹੈ ਕਿ ਜੇਕਰ ਮੁੱਖ ਮੰਤਰੀ ਚਿਹਰਾ ਐਲਾਨ ਕੀਤਾ ਤਾਂ ਵਿਰੋਧੀ ਧੜੇ ਦੇ ਉਮੀਦਵਾਰ ਨਾਮਜ਼ਦਗੀਆਂ ਵਾਪਸ ਲੈ ਲੈਣਗੇ- ਭਗਵੰਤ ਮਾਨ
‘ਆਪ’ ਦੇ ਮੁੱਖਮੰਤਰੀ ਸਰਵੇ ‘ਤੇ ਕਾਂਗਰਸ ਉਠਾ ਰਹੀ ਸੀ ਸਵਾਲ, ਹੁਣ ਕਰ ਰਹੀ ਸਾਡੀ ਨਕਲ – ਭਗਵੰਤ ਮਾਨ
ਸੁਖਜਿੰਦਰ ਮਾਨ
ਚੰਡੀਗੜ੍ਹ, 3 ਫਰਵਰੀ: ਆਮ ਆਦਮੀ ਪਾਰਟੀ (ਆਪ) ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਕਾਂਗਰਸ ‘ਤੇ ਹਮਲਾ ਬੋਲਦਿਆਂ ਕਿਹਾ ਕਿ ਕਾਂਗਰਸ ਪਾਰਟੀ ‘ਚ ਟੁੱਟ ਦੇ ਡਰ ਕਾਰਨ ਪੰਜਾਬ ‘ਚ ਆਪਣੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨ ‘ਚ ਦੇਰ ਕਰ ਰਹੀ ਹੈ। ਕਾਂਗਰਸ ਹਾਰ ਦੇ ਡਰ ਤੋਂ ਬੌਖਲਾ ਗਈ ਹੈ। ਉਨ੍ਹਾਂ ਨੂੰ ਕੁੱਝ ਵੀ ਸੁੱਝ ਨਹੀਂ ਰਿਹਾ ਕਿ ਮੁੱਖ ਮੰਤਰੀ ਦਾ ਚਿਹਰਾ ਕਿਸ ਨੂੰ ਬਣਾਇਆ ਜਾਵੇ। ਕਾਂਗਰਸ ਹਾਈਕਮਾਂਡ ਅਜੇ ਵੀ ਇਸ ਸ਼ੰਕੇ ਵਿੱਚ ਹੈ ਕਿ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਨਾਂ ਦਾ ਐਲਾਨ ਕਰੇ ਜਾਂ ਦੂਜੇ ਸੂਬਿਆਂ ਵਾਂਗ ਪੰਜਾਬ ਵਿੱਚ ਵੀ ਦੋ-ਤਿੰਨ ਨੇਤਾਵਾਂ ਦੇ ਨਾਂ ’ਤੇ ਚੋਣ ਲੜੇ। ਵੀਰਵਾਰ ਨੂੰ ਪਾਰਟੀ ਹੈੱਡਕੁਆਰਟਰ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਮੂਡ ਦੇਖ ਕੇ ਕਾਂਗਰਸ ਚਿੰਤਾ ਵਿੱਚ ਡੁੱਬ ਗਈ ਹੈ। ਸਾਰੇ ਮੀਡੀਆ ਸਰਵੇਖਣਾਂ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਦੇਖ ਕਾਂਗਰਸ ਬੌਖਲਾ ਗਈ ਹੈ ਅਤੇ ਪਾਰਟੀ ‘ਚ ਫੁੱਟ ਕਾਰਨ ਆਪਣੇ ਕਿਸੇ ਵੀ ਆਗੂ ਨੂੰ ਸਿੱਧੇ ਤੌਰ ‘ਤੇ ਅੱਗੇ ਨਹੀਂ ਕਰ ਰਹੀ। ਮਾਨ ਨੇ ਕਿਹਾ ਕਿ 5 ਫਰਵਰੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਵਾਪਸ ਲੈਣ ਦਾ ਆਖਰੀ ਦਿਨ ਹੈ। ਇਸੇ ਲਈ ਕਾਂਗਰਸ ਨੇ ਆਪਣੇ ਮੁੱਖ ਮੰਤਰੀ ਦੇ ਚਿਹਰੇ ਦੇ ਐਲਾਨ ਲਈ 6 ਫਰਵਰੀ ਦਾ ਦਿਨ ਰੱਖਿਆ ਹੈ। ਕਾਂਗਰਸ ਨੂੰ ਡਰ ਹੈ ਕਿ ਜੇਕਰ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਨਾਂ ਦਾ ਐਲਾਨ ਪਹਿਲਾਂ ਕਰ ਦਿੱਤਾ ਗਿਆ ਤਾਂ ਉਨ੍ਹਾਂ ਦੀ ਪਾਰਟੀ (ਕਾਂਗਰਸ) ‘ਚ ਵਿਰੋਧੀ ਧੜਿਆਂ ਦੇ ਉਮੀਦਵਾਰ ਵੱਡੀ ਗਿਣਤੀ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਲੈਣਗੇ ਅਤੇ ਉਮੀਦਵਾਰੀ ਛੱਡ ਦੇਣਗੇ। ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਲਈ ਕਾਂਗਰਸ ਦੇ ਸਰਵੇ ‘ਤੇ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਦਾ ਚਿਹਰਾ ਚੁਣਨ ਲਈ ਆਮ ਆਦਮੀ ਪਾਰਟੀ ਵੱਲੋਂ ਜਨਤਾ ਤੋਂ ਲਈ ਗਈ ਰਾਇ ‘ਤੇ ਕਾਂਗਰਸੀ ਆਗੂ ਸਵਾਲ ਚੁੱਕਦੇ ਸਨ ਅਤੇ ਇਸ ਨੂੰ ਫਰਜ਼ੀ ਦੱਸਦੇ ਸਨ। ਹੁਣ ਆਮ ਆਦਮੀ ਪਾਰਟੀ ਦੀ ਨਕਲ ਕਰਕੇ ਕਾਂਗਰਸ ਖੁਦ ਸਰਵੇ ਕਰਵਾ ਰਹੀ ਹੈ। ਕਾਂਗਰਸ ਹਰ ਮਾਮਲੇ ਵਿੱਚ ਪਹਿਲਾਂ ਸਾਡੇ ‘ਤੇ ਸਵਾਲ ਕਰਦੀ ਹੈ, ਫਿਰ ਸਾਡੀ ਨਕਲ ਕਰਦੀ ਹੈ। ਮਾਨ ਨੇ ਕਿਹਾ ਕਿ ਹੁਣ ਲੋਕਾਂ ਨੇ ਕਾਂਗਰਸ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ ਹੈ। ਪੰਜਾਬ ਦੇ ਲੋਕ ਇਸ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦੇਣ ਲਈ ਪੂਰੀ ਤਰ੍ਹਾਂ ਦ੍ਰਿੜ ਹਨ।

ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਕੇਂਦਰੀ ਬਜਟ ਕਿਸਾਨ ਵਿਰੋਧੀ ਕਰਾਰ

0

ਮੋਦੀ ਸਰਕਾਰ ਵੱਲੋਂ ਫਸਲਾਂ ਦੀ ਖਰੀਦ ਅਤੇ ਖੇਤੀ ਸਬਸਿਡੀਆਂ ਦੇ ਬਜਟ ‘ਤੇ ਕੈਂਚੀ ਫੇਰਨ ਦਾ ਦੋਸ਼ – ਉਗਰਾਹਾਂ, ਕੋਕਰੀ
ਸੁਖਜਿੰਦਰ ਮਾਨ
ਚੰਡੀਗੜ੍ਹ, 3 ਫਰਵਰੀ: ਪਾਰਲੀਮੈਂਟ ਵਿੱਚ ਪੇਸ਼ ਕੀਤੇ ਗਏ ਕੇਂਦਰੀ ਬਜਟ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਭਾਜਪਾ ਮੋਦੀ ਸਰਕਾਰ ਦੀ ਸਖ਼ਤ ਅਲੋਚਨਾ ਕੀਤੀ ਗਈ ਹੈ। ਇਸ ਸੰਬੰਧੀ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਤੱਥਾਂ ਸਹਿਤ ਕੇਂਦਰ ਸਰਕਾਰ ‘ਤੇ ਦੋਸ਼ ਲਾਇਆ ਹੈ ਕਿ ਐਮ ਐੱਸ ਪੀ ‘ਤੇ ਫਸਲਾਂ ਦੀ ਸਰਕਾਰੀ ਖਰੀਦ ਦੇ ਬਜਟ ਅਤੇ ਖੇਤੀ ਸਬਸਿਡੀਆਂ ਦੇ ਬਜਟ ਉੱਤੇ ਕੈਂਚੀ ਫੇਰੀ ਗਈ ਹੈ। ਫ਼ਸਲੀ ਖਰੀਦ ਲਈ ਬਜਟ ਅਨੁਮਾਨ ਪਿਛਲੇ ਸਾਲ ਦੇ 2.48 ਲੱਖ ਕ੍ਰੋੜ ਰੁਪਏ ਤੋਂ ਘਟਾ ਕੇ 2.37 ਲੱਖ ਕ੍ਰੋੜ ਕਰ ਦਿੱਤਾ ਗਿਆ ਹੈ। ਯਾਨੀ ਐਮ ਐੱਸ ਪੀ ‘ਚ ਕੀਤੇ ਮਾਮੂਲੀ ਵਾਧੇ ਦੇ ਮੱਦੇਨਜ਼ਰ ਵੀ ਪਿਛਲੇ ਸਾਲ ਨਾਲੋਂ ਘੱਟ ਖਰੀਦ ਹੋ ਸਕੇਗੀ, ਜਦੋਂ ਕਿ ਕਿਸਾਨਾਂ ਵੱਲੋਂ ਸਾਰੀਆਂ ਫ਼ਸਲਾਂ ਦੀ ਮੁਕੰਮਲ ਖਰੀਦ ਦੀ ਕਾਨੂੰਨੀ ਗਰੰਟੀ ਕਰਨ ਦੀ ਜ਼ੋਰਦਾਰ ਮੰਗ ਹੈ। ਇਸ ਤਰ੍ਹਾਂ ਕਿਸਾਨਾਂ ਦੀ ਇਸ ਹੱਕੀ ਮੰਗ ਨੂੰ ਵਿਚਾਰਨ ਤੋਂ ਵੀ ਲੁਕਵੇਂ ਤਰੀਕੇ ਨਾਲ ਕੋਰਾ ਜਵਾਬ ਦੇ ਦਿੱਤਾ ਗਿਆ ਹੈ। ਖਾਦਾਂ ‘ਤੇ ਸਬਸਿਡੀ ‘ਚ ਪਿਛਲੇ ਸਾਲ ਨਾਲੋਂ 25% ਕਟੌਤੀ ਕਰਕੇ 1.40 ਲੱਖ ਕ੍ਰੋੜ ਤੋਂ ਘਟਾ ਕੇ 1.05 ਲੱਖ ਕ੍ਰੋੜ ਰੁਪਏ ਕਰਨ ਰਾਹੀਂ 35000 ਕ੍ਰੋੜ ਰੁਪਏ ਦੀ ਕੈਂਚੀ ਫੇਰੀ ਗਈ ਹੈ। ਇਕੱਲੀ ਯੂਰੀਆ ਖਾਦ ‘ਤੇ 17% ਅਤੇ ਪੋਟਾਸ਼ ਫਾਸਫੇਟ ਖਾਦਾਂ ‘ਤੇ 15% ਸਬਸਿਡੀ ਕਟੌਤੀ ਕੀਤੀ ਗਈ ਹੈ। ਜਨਤਕ ਵੰਡ ਪ੍ਰਣਾਲੀ ਰਾਹੀਂ ਵੰਡੇ ਜਾਂਦੇ ਖਾਧ ਪਦਾਰਥਾਂ ‘ਤੇ ਪਿਛਲੇ ਸਾਲ ਦੀ ਅਨੁਮਾਨਿਤ ਰਾਸ਼ੀ 2.86 ਲੱਖ ਕ੍ਰੋੜ ਨਾਲੋਂ ਘਟਾ ਕੇ ਐਤਕੀਂ 2.06 ਲੱਖ ਕ੍ਰੋੜ ਰੁਪਏ ਕਰ ਕੇ 80000 ਕ੍ਰੋੜ ਰੁਪਏ ਦੀ ਕੈਂਚੀ ਫੇਰੀ ਗਈ ਹੈ। ਬਿਜਲੀ ਅਤੇ ਹੋਰ ਖੇਤਰਾਂ ਸਮੇਤ ਕੁੱਲ ਸਬਸਿਡੀਆਂ ਦੀ ਅਨੁਮਾਨਿਤ ਰਾਸ਼ੀ ਪਿਛਲੇ ਸਾਲ ਨਾਲੋਂ 39% ਛਾਂਗੀ ਗਈ ਹੈ। ਇਸ ਤਰ੍ਹਾਂ ਕਿਸਾਨਾਂ ਨੂੰ ਖੇਤੀ ਲਾਗਤਾਂ ਦੀ ਪੈਦਾਵਾਰ ‘ਤੇ ਕਾਬਜ ਮੌਨਸੈਂਟੋ, ਫੋਰਡ ਵਰਗੀਆਂ ਕਾਰਪੋਰੇਟ ਕੰਪਨੀਆਂ ਦਾ ਲੋਟੂ ਸ਼ਿਕੰਜਾ ਹੋਰ ਵੀ ਕੱਸਿਆ ਗਿਆ ਹੈ। ਕਿਸਾਨ ਤਾਂ ਦਹਾਕਿਆਂ ਤੋਂ ਜ਼ੋਰਦਾਰ ਮੰਗ ਕਰ ਰਹੇ ਹਨ ਕਿ ਕਾਰਪੋਰੇਟ ਮੁਨਾਫਿਆਂ ‘ਤੇ ਆਧਾਰਿਤ ਜ਼ਹਿਰੀਲੇ ਰਸਾਇਣਕ ਖੇਤੀ ਮਾਡਲ ਦੀ ਥਾਂ ਦੇਸੀ ਖੇਤੀ ਖੋਜਾਂ ‘ਤੇ ਆਧਾਰਿਤ ਜ਼ਹਿਰ-ਮੁਕਤ ਰੁਜ਼ਗਾਰ-ਮੁਖੀ ਖੇਤੀ ਮਾਡਲ ਲਾਗੂ ਕਰਨ ਲਈ ਲੋੜੀਂਦੇ ਨਿਵੇਸ਼ ਖਾਤਰ ਖੇਤੀ ਖੇਤਰ ਦੀ ਵਿਸ਼ੇਸ਼ ਮਦ ਬਜਟ ਵਿੱਚ ਰੱਖੀ ਜਾਵੇ। ਪੇਂਡੂ ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ਲਈ ਰੁਜ਼ਗਾਰ ਦੀ ਚੂਣ -ਭੂਣ ਵਾਲ਼ੀ ਮਗਨਰੇਗਾ ਸਕੀਮ ਲਈ ਪਿਛਲੇ ਸਾਲ ਦੀ ਅਨੁਮਾਨਿਤ ਰਾਸ਼ੀ 98000 ਕ੍ਰੋੜ ਤੋਂ ਘਟਾ ਕੇ 73000 ਕ੍ਰੋੜ ਰੁਪਏ ਕਰ ਦਿੱਤੀ ਗਈ ਹੈ। ਯਾਨੀ ਮਗਨਰੇਗਾ ਤਹਿਤ ਰੁਜ਼ਗਾਰ ਦੇ ਮੌਕੇ ਹੋਰ ਵੀ ਸੁੰਗੇੜ ਦਿੱਤੇ ਹਨ। ਸੱਤ ਸਾਲਾਂ ਤੋਂ ਲੈ ਕੇ ਹਰ ਸਾਲ 2 ਕ੍ਰੋੜ ਨੌਕਰੀਆਂ ਦੇਣ ਲਈ ਕਦੇ ਇੱਕ ਪੈਸਾ ਵੀ ਨਹੀਂ ਰੱਖਿਆ ਗਿਆ। ਉਦੋਂ ਤੋਂ ਚੋਣ ਵਾਅਦੇ ਮੁਤਾਬਕ ਬਣਦੀਆਂ 14 ਕ੍ਰੋੜ ਨੌਕਰੀਆਂ ਦੇਣ ਦੀ ਬਜਾਏ ਇਨ੍ਹਾਂ ਸਾਲਾਂ ਅੰਦਰ ਹੀ 9 ਕ੍ਰੋੜ ਹੋਰ ਲੋਕਾਂ ਨੂੰ ਬੇਰੁਜ਼ਗਾਰੀ ਦੀ ਭੱਠੀ ਵਿੱਚ ਝੋਕ ਦਿੱਤਾ ਗਿਆ ਹੈ। ਐਤਕੀਂ ਵੀ 60 ਲੱਖ ਨੌਕਰੀਆਂ ਦੇਣ ਦਾ ਸ਼ੋਸ਼ਾ ਛੱਡਿਆ ਗਿਆ ਹੈ ਪਰ ਇਹਦੀ ਖਾਤਰ ਬਜਟ ‘ਚ ਇੱਕ ਪੈਸਾ ਵੀ ਨਹੀਂ ਰੱਖਿਆ ਗਿਆ। ਕੋਵਿਡ ਮਹਾਂਮਾਰੀ ਹੰਗਾਮੀ ਖ਼ਰਚਿਆਂ ਦਾ ਪਿਛਲੇ ਸਾਲ ਦਾ ਬਜਟ 15730 ਕ੍ਰੋੜ ਰੁਪਏ ਪੂਰੀ ਤਰ੍ਹਾਂ ਛਾਂਗ ਕੇ ਸਿਫ਼ਰ ਕਰ ਦਿੱਤਾ ਗਿਆ ਹੈ। ਪਰ ਦੂਜੇ ਪਾਸੇ ਕਰੋਨਾ ਦੀ ਤੀਜੀ ਲਹਿਰ ਦਾ ਚੀਕ ਚਿਹਾੜਾ ਸਿਖਰਾਂ ‘ਤੇ ਪਹੁੰਚਾ ਰੱਖਿਆ ਹੈ। ਸਿਰੇ ਦੀ ਦੇਸ਼ਧ੍ਰੋਹੀ ਇਹ ਕਿ ਆਰਥਿਕ ਰਿਪੋਰਟ ਵਿੱਚ ਇਹ 15730 ਕ੍ਰੋੜ ਖਰਚਣ ਦਾ ਵੀ ਕੋਈ ਵੇਰਵਾ ਨਹੀਂ ਹੈ। ਇਨ੍ਹਾਂ ਤੱਥਾਂ ਦੇ ਮੱਦੇਨਜ਼ਰ ਕਿਸਾਨ ਆਗੂਆਂ ਵੱਲੋਂ ਸਮੂਹ ਕਿਸਾਨਾਂ ਮਜ਼ਦੂਰਾਂ ਤੇ ਹੋਰ ਕਿਰਤੀਆਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਇਸ ਲੋਕ ਵਿਰੋਧੀ ਕੇਂਦਰੀ ਭਾਜਪਾ ਹਕੂਮਤ ਵਿਰੁੱਧ ਸਾਂਝੇ ਸੰਘਰਸ਼ਾਂ ਦੀ ਜ਼ੋਰਦਾਰ ਲਹਿਰ ਉਸਾਰਨ ਲਈ ਕਰੰਘੜੀਆਂ ਪਾ ਕੇ ਮੈਦਾਨ ਵਿਚ ਨਿੱਤਰਨਾ ਚਾਹੀਦਾ ਹੈ।

Our Visitor

1896562