Wednesday, May 6, 2026
Home Blog Page 2623

ਕੇਜਰੀਵਾਲ-ਮਾਨ ਦੀ ਜੋੜੀ ਨੁੰ ਪੰਜਾਬੀ ਸਿੱਧਾ ਨਕਾਰ ਦੇਣਗੇ : ਸੁਖਬੀਰ ਸਿੰਘ ਬਾਦਲ

0

ਕੇਂਦਰ ਨੁੰ ਕਿਹਾ ਕਿ ਉਹ ਖਾਦਾਂ ’ਤੇ ਸਬਸਿਡੀ ਘਟਾਉਣ ਦੇ ਬਜਟ ਦੇ ਫੈਸਲੇ ਦੀ ਸਮੀਖਿਆ ਕਰੇ ਕਿਉਂਕਿ ਇਸ ਨਾਲ ਪੰਜਾਬ ਦੇ ਕਿਸਾਨਾਂ ’ਤੇ ਮਾਰੂ ਅਸਰ ਪਵੇਗਾ
ਸੁਖਜਿੰਦਰ ਮਾਨ
ਮੌੜ, 3 ਫਰਵਰੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਅਰਵਿੰਦ ਕੇਜਰੀਵਾਲ-ਭਗਵੰਤ ਮਾਨ ਦੀ ਜੋੜੀ ਨੁੰ ਪੰਜਾਬੀ ਸਿੱਧੇ ਤੌਰ ’ਤੇ ਨਕਾਰ ਦੇਣਗੇ ਕਿਉਂਕਿ ਉਹਨਾਂ ਨੇ ਸੂਬੇ ਵਿਚ ਮਾਨ ਨੁੰ ਡੰਮੀ ਚੇਹਰਾ ਬਣਾ ਕੇ ਕੇਜਰੀਵਾਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੀ ਆਮ ਆਦਮੀ ਪਾਰਟੀ ਦੀ ਸਾਜ਼ਿਸ਼ ਨੁੰ ਸਮਝ ਲਿਆ ਹੈ।ਅਕਾਲੀ ਦਲ ਦੇ ਪ੍ਰਧਾਨ, ਜੋ ਪਾਰਟੀ ਦੇ ਉਮੀਦਵਾਰ ਜਗਮੀਤ ਸਿੰਘ ਬਰਾੜ ਦੇ ਹੱਕ ਵਿਚ ਹਲਕੇ ਦਾ ਦੌਰਾ ਕਰ ਰਹੇ ਸਨ, ਨੇ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਇਹ ਦਾਅਵੇ ਕਰ ਰਹੀ ਹੈ ਕਿ ਕੇਜਰੀਵਾਲ-ਮਾਨ ਦੀ ਜੋੜੀ ਸੂਬੇ ਵਿਚ ਇਸਦੇ ਜਿੱਤਣ ਦੀ ਸੰਭਾਵਨਾ ਨੁੰ ਮਜ਼ਬੂਤ ਕਰੇਗੀ ਜਦੋਂ ਕਿ ਹੋਵੇਗਾ ਇਸ ਤੋਂ ਬਿਲਕੁਲ ਉਲਟ। ਉਹਨਾਂ ਕਿਹਾ ਕਿ ਲੋਕਾਂ ਨੇ ਆਪਣੀਆਂ ਅੱਖਾਂ ਨਾਲ ਵੇਖ ਲਿਆ ਹੈ ਕਿ ਕੇਜਰੀਵਾਲ ਹੀ ਮੁੱਖ ਮੰਤਰੀ ਬਣਨ ਦੀ ਝਾਕ ਵਿਚ ਹੈ ਤੇ ਉਸਨੇ ਪੰਜਾਬੀਆਂ ਨੁੰ ਧੋਖਾ ਦੇਣ ਲਈ ਇਕ ਜਾਅਲੀ ਸਰਵੇਖਣ ਮਗਰੋਂ ਮਾਨ ਨੁੰ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਬਣਾ ਕੇ ਪੇਸ਼ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਵੋਟਰ ਅਜਿਹੀਆਂ ਚਲਾਕੀਆਂ ਨਾਲ ਧੋਖਾ ਨਹੀਂ ਖਾਣ ਵਾਲੇ ਤੇ ਉਹ ਜੋੜੀ ਨੂੰ ਸਿੱਧਾ ਨਕਾਰ ਦੇਣਗੇ ਤੇ ਆਮ ਆਦਮੀ ਪਾਰਟੀ ਨੁੰ ਦੂਹਰੇ ਅੰਕਾਂ ਵਿਚ ਵੀ ਸੀਟਾਂ ਨਹੀਂ ਮਿਲਣਗੀਆਂ।ਸੁਖਬੀਰ ਸਿੰਘ ਬਾਦਲ ਨੇ ਇਥੇ ਜਨਤਕ ਇਕੱਠ ਨੁੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਪੱਖੀ ਤੇ ਵਿਕਾਸ ਪੱਖੀ ਲਹਿਰ ਸੂਬੇ ਵਿਚ ਚਲ ਰਹੀ ਹੈ ਜਿਸਦੇ ਨਤੀਜੇ ਵਜੋਂ ਸੂਬੇ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਸੱਤਾ ਵਿਚ ਆਵੇਗੀ। ਉਹਨਾਂ ਕਿਹਾ ਕਿ ਰੋਜ਼ਾਨਾ ਸੈਂਕੜੇ ਆਮ ਆਦਮੀ ਪਾਰਟੀ ਵਰਕਰ ਤੇ ਕਾਂਗਰਸ ਵਰਕਰ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ। ਉਹਨਾਂ ਕਿਹਾ ਕਿ ਲੋਕਾਂ ਨੇ ਮਹਿਸੂਸ ਕਰ ਲਿਆ ਹੈ ਕਿ ਪਿਛਲੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੇ ਨਾ ਸਿਰਫ ਬੁਨਿਆਦੀ ਢਾਂਚੇ ਦੇ ਪ੍ਰਾਜੈਕਟ ਲਿਆਂਦੇ ਬਲਕਿ ਸੜਕ ਤੇ ਸਿੰਜਾਈ ਨੈਟਵਰਕ ਵਿਚ ਸੁਧਾਰ ਕੀਤਾ, ਹਵਾਈ ਸੰਪਰਕ ਲਿਆਂਦਾ ਤੇ ਸਮਾਜ ਦੇ ਗਰੀਬ ਵਰਗਾਂ ਦਾ ਵਿਲੱਖਣ ਸਮਾਜ ਭਲਾਈ ਸਕੀਮਾਂ ਲਿਆ ਕੇ ਭਲਾ ਕੀਤਾ।ਉਹਨਾਂ ਕਿਹਾ ਕਿ ਪਾਰਟੀ ਇਸ ਵਿਰਸੇ ਨੁੰ ਅੱਗੇ ਲਿਜਾਏਗੀ ਤੇ ਇਸੇ ਲਈ ਉਸਨੇ ਸੂਬੇ ਵਿਚ ਗਰੀਬੀ ਰੇਖਾਂ ਤੋਂ ਹੇਠਾਂ ਦੀਆਂ ਪਰਿਵਾਰਾਂ ਦੀ ਅਗਵਾਈ ਕਰਨ ਵਾਲੀਆਂ ਮਹਿਲਾਵਾਂ ਨੁੰ ਹਰ ਮਹੀਨੇ 2 ਹਜ਼ਾਰ ਰੁਪਏ ਦੇਣ ਦਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਦਿਹਾਤੀ ਖੇਤਰਾਂ ਵਿਚ ਮਿਆਰੀ ਸਿੱਖਿਆ ਯਕੀਨੀ ਬਣਾਉਣ ਵਾਸਤੇ ਵਿਆਪਕ ਨੀਤੀ ਬਣਾਈ ਜਾ ਰਹੀ ਹੈ ਜਿਸ ਤਹਿਤ ਹਰ ਬਲਾਕ ਵਿਚ ਅਤਿ ਆਧੁਨਿਕ ਸਹੂਲਤਾਂ ਵਾਲੇ ਮੈਗਾ ਸਕੂਲ ਬਣਾਏ ਜਾਣਗੇ। ਉਹਨਾਂ ਕਿਹਾ ਕਿ ਅਸੀਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਤਕਨੀਕੀ ਸਿੱਖਿਆ ਸੰਸਥਾਵਾਂ ਵਿਚ 33 ਫੀਸਦੀ ਸੀਟਾਂ ਰਾਖਵੀਂਆਂ ਰੱਖ ਕੇ ਤੇ ਉਹਨਾਂ ਦੀ ਸਿੱਖਿਆ ਦਾ ਖਰਚ ਚੁੱਕ ਕੇ ਵਿਦਿਆਰਥੀਆਂ ਨੁੰ ਸਰਕਾਰੀ ਸਕੂਲਾਂ ਵਿਚ ਪੜ੍ਹਨ ਲਈ ਉਤਸ਼ਾਹਿਤ ਕਰਾਂਗੇ। ਉਹਨਾਂ ਕਿਹਾ ਕਿ ਵਿਦਿਆਰਥੀਆਂ ਲਈ 10 ਲੱਖ ਰੁਪਏ ਦਾ ਸਟੂਡੈਂਟ ਕਾਰਡ ਸ਼ੁਰੂ ਕੀਤਾ ਜਾਵੇਗਾ ਜਿਸ ਤਹਿਤ ਉਹ ਭਾਰਤ ਜਾਂ ਵਿਦੇਸ਼ ਵਿਚ ਉਚੇਰੀ ਸਿੱਖਿਆ ਪ੍ਰਾਪਤ ਕਰਨ ਵਾਸਤੇ ਵਿਆਜ਼ ਮੁਕਤ ਕਰਜ਼ਾ ਲੈ ਸਕੇਗਾ।ਇਸ ਦੌਰਾਨ ਸਰਦਾਰ ਬਾਦਲ ਨੇ ਹਾਲ ਵਿਚ ਪੇਸ਼ ਕੀਤੇ ਬਜਟ ਵਿਚ ਖਾਦਾਂ ’ਤੇ ਸਬਸਿਡੀ ਘਟਾਉਣ ਦੇ ਫੈਸਲੇ ਨੁੰ ਮੰਦਭਾਗਾ ਕਰਾਰ ਦਿੰਦਿਆਂ ਇਸ ਫੈਸਲੇ ਦੀ ਤੁਰੰਤ ਸਮੀਖਿਆ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਖਾਦ ਸਬਸਿਡੀ ਵਿਚ 35000 ਕਰੋੜ ਰੁਪਏ ਦੀ ਕਟੌਤੀ ਕਰ ਦਿੱਤੀ ਹੈ। ਇਸ ਕਦਮ ਨਾਲ ਪੰਜਾਬ ਵਿਚ ਕਿਸਾਨਾਂ ਨੁੰ ਵੱਡੀ ਮਾਰ ਪਵੇਗੀ ਕਿਉਂਕਿ ਇਥੇ ਹੀ ਖਾਦਾਂ ਲਈ 3141 ਕਰੋੜ ਰੁਪਏ ਦੀ ਸਬਸਿਡੀ ਦਾ ਨੁਕਸਾਨ ਹੋਵੇਗਾ। ਉਹਨਾਂ ਕਿਹਾ ਕਿ ਇਸ ਨਾਲ ਯੂਰੀਆ ਤੇ ਡੀ ਏ ਪੀ ਦੀਆਂ ਕੀਮਤਾਂ ਵਿਚ ਵਾਧਾ ਹੋਵੇਗਾ ਤੇ ਇਸ ਨਾਲ ਪੰਜਾਬ ਦੇ ਕਿਸਾਨ ਬਹੁਤ ਪ੍ਰਭਾਵਤ ਹੋਣਗੇ ਕਿਉਂਕਿ ਦੇਸ਼ ਵਿਚ ਪੰਜਾਬ ਵਿਚ ਹੀ ਪ੍ਰਤੀ ਹੈਕਟੇਅਰ ਖਾਦਾਂ ਦੀ ਸਭ ਤੋਂ ਵੱਧ ਖਪਤ ਹੁੰਦੀ ਹੈ।ਜਗਮੀਤ ਬਰਾੜ ਦੀ ਬੇਨਤੀ ਦਾ ਜਵਾਬ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਐਲਾਨ ਕੀਤਾ ਕਿ ਸਿਵਲ ਹਸਪਤਾਲ ਮੌੜ ਨੁੰ ਅਪਗ੍ਰੇਡ ਕੀਤਾ ਜਾਵੇਗਾ, ਸ਼ਹਿਰ ਵਿਚ ਇਕ ਕਾਲਜ ਖੋਲਿ੍ਹਆ ਜਾਵੇਗਾ, ਮੰਡੀ ਵਿਚ ਦੁਕਾਨਾਂ ਦੀ ਰਜਿਸਟਰੇਸ਼ਨ ਦੀ ਆਗਿਆ ਹੋਵੇਗੀ ਤੇ ਮਾਏਸਰਖਾਨਾ ਪਿੰਡ ਨੁੰ ਵਿਸ਼ੇਸ਼ ਗ੍ਰਾਂਟ ਦਿੱਤੀ ਜਾਵੇਗੀ।ਇਸ ਮੌਕੇ ਮੌੜ ਮੰਡੀ ਦੇ ਪ੍ਰਮੁੱਖ ਵਪਾਰੀ ਮੋਹਨ ਲਾਲ ਗਰਗ, ਸੋਹਣ ਲਾਲ ਗਰਗ, ਮਨੋਜ ਗਰਗ ਸਮੇਤ ਉਹਨਾਂ ਦੇ ਪਰਿਵਾਰ ਅਕਾਲੀ ਦਲ ਵਿਚ ਸ਼ਾਮਲ ਹੋ ਗਏ।

ਵਿਧਾਨ ਸਭਾ ਚੋਣਾਂ: ਹੁਣ ਤੱਕ 607 ਸ਼ਿਕਾਇਤਾਂ ਹੋਈਆਂ ਪ੍ਰਾਪਤ : ਡਿਪਟੀ ਕਮਿਸ਼ਨਰ

0

550 ਸ਼ਿਕਾਇਤਾਂ ਦਾ ਹੋਇਆ ਨਿਪਟਾਰਾ
ਸੁਖਜਿੰਦਰ ਮਾਨ
ਬਠਿੰਡਾ, 3 ਫਰਵਰੀ: ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਅੰਦਰ ਚੋਣਾਂ ਨਾਲ ਸਬੰਧਤ ਸ਼ਿਕਾਇਤ ਸੈੱਲ ਨੂੰ ਹੁਣ ਤੱਕ ਕੁੱਲ 607 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨਾਂ ਵਿੱਚੋਂ 550 ਸ਼ਿਕਾਇਤਾਂ ਦਾ ਨਿਪਟਾਰਾ ਹੋ ਚੁੱਕਾ ਹੈ।
ਉਨਾਂ ਪ੍ਰਾਪਤ ਹੋਈਆਂ ਸ਼ਿਕਾਇਤਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ-ਵਿਜ਼ਿਲ ਤੇ ਹੁਣ ਤੱਕ ਕੁੱਲ 485 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨਾਂ ਵਿੱਚੋਂ 443 ਸ਼ਿਕਾਇਤਾਂ ਦਾ ਨਿਪਟਾਰਾ ਹੋ ਚੁੱਕਾ ਹੈ ਅਤੇ 42 ਸ਼ਿਕਾਇਤਾਂ ਆਯੋਗ ਪਾਈਆਂ ਗਈਆਂ। ਇਸ ਤੋਂ ਇਲਾਵਾ ਈ-ਮੇਲ ਅਤੇ ਨਿੱਜੀ ਤੌਰ ’ਤੇ ਪ੍ਰਾਪਤ ਹੋਈਆਂ 122 ਸ਼ਿਕਾਇਤਾਂ ਵਿੱਚੋਂ 107 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ, ਜਦਕਿ 15 ਸ਼ਿਕਾਇਤਾਂ ਕਾਰਵਾਈ ਅਧੀਨ ਹਨ। ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਚੋਣਾਂ ਸਬੰਧੀ ਕਿਸੇ ਵੀ ਤਰਾਂ ਦੀ ਸ਼ਿਕਾਇਤ ਲਈ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੀ ਪਹਿਲੀ ਮੰਜ਼ਿਲ ’ਤੇ ਸਥਿਤ ਕਮਰਾ ਨੰਬਰ 235 ਈ ਵਿਖੇ ਸਥਾਪਿਤ ਕੀਤੇ ਗਏ ਸ਼ਿਕਾਇਤ ਸੈਲ ਵਿਖੇ 0164-2211915 ਅਤੇ 0164-2211389 ਨੰਬਰਾਂ ’ਤੇ ਸੰਪਰਕ ਕਰ ਸਕਦੇ ਹਨ। ਉਨਾਂ ਇਹ ਵੀ ਦੱਸਿਆ ਕਿ ਚੋਣਾਂ ਸਬੰਧੀ ਜ਼ਿਲਾ ਪੱਧਰ ’ਤੇ ਟੋਲ ਫਰੀ ਨੰਬਰ 18003451545 ਵੀ ਜਾਰੀ ਕੀਤਾ ਗਿਆ ਹੈ।

ਆਉਣ ਵਾਲੀ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਦੇ ਹਮਲੇ ਦੀ ਰੋਕਥਾਮ ਸਬੰਧੀ ਮੀਟਿੰਗ ਆਯੋਜਿਤ

0

ਸੁਖਜਿੰਦਰ ਮਾਨ
ਬਠਿੰਡਾ, 3 ਫਰਵਰੀ: ਸੰਯੁਕਤ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ. ਸੁਸ਼ੀਲ ਕੁਮਾਰ ਵੱਲੋਂ ਆਫ ਸੀਜ਼ਨ ਮੈਨੇਜਮੈਟ ਆਫ ਪਿੰਕ ਬਾਲਵਾਰਮ ਤਹਿਤ ਜ਼ਿਲਾ ਬਠਿੰਡਾ ਦਾ ਦੌਰਾ ਕੀਤਾ ਗਿਆ। ਉਨਾਂ ਵੱਲੋਂ ਆਉਣ ਵਾਲੀ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਦੇ ਹਮਲੇ ਦੀ ਰੋਕਥਾਮ ਲਈ ਸਮੂਹ ਬਲਾਕ ਖੇਤੀਬਾੜੀ ਅਫਸਰਾਂ ਨਾਲ ਖੇਤੀ ਭਵਨ ਬਠਿੰਡਾ ਵਿਖੇ ਖੇਤੀਬਾੜੀ ਵਿਭਾਗ ਬਠਿੰਡਾ ਵੱਲੋ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਸਬੰਧੀ ਇੱਕ ਮੀਟਿੰਗ ਕੀਤੀ ਗਈ। ਉਨ੍ਹਾਂ ਪਿੰਡ ਪੱਧਰ ਤੇ ਅਧਿਕਾਰੀਆਂ/ਕਰਮਚਾਰੀਆਂ ਨੂੰ ਅਲਾਟ ਕੀਤੇ ਪਿੰਡਾਂ ਅਨੁਸਾਰ 25 ਜਨਵਰੀ 2022 ਤੋਂ 5 ਫਰਵਰੀ 2022 ਤੱਕ ਪਿੰਡਾਂ ਜਾਂ ਖੇਤਾਂ ਵਿੱਚ ਪਏ ਨਰਮੇ ਦੀਆਂ ਛਿਟੀਆਂ ਦੇ ਢੇਰਾਂ ਨੂੰ ਖਤਮ ਕਰਨ/ਛਿਟੀਆਂ ਝਾੜ ਕੇ ਟੀਡੇ ਆਦਿ ਨੂੰ ਅਲੱਗ ਕਰਕੇ ਖਤਮ ਕਰਨ ਜਾਂ ਜ਼ਮੀਨ ਵਿੱਚ ਦੱਬਣ ਲਈ ਚਲਾਈ ਜਾ ਰਹੀ ਮੁਹਿੰਮ ਦਾ ਜਾਇਜ਼ਾ ਲਿਆ ਗਿਆ।ਸਹਾਇਕ ਮੰਡੀਕਰਨ ਅਫਸਰ ਬਠਿੰਡਾ-ਕਮ-ਮੁੱਖ ਖੇਤੀਬਾੜੀ ਅਫਸਰ ਬਠਿੰਡਾ ਡਾ.ਹਰਬੰਸ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲੇ ਵਿੱਚ ਨਰਮੇ ਦੇ ਰਕਬੇ ਵਾਲੇ 286 ਪਿੰਡਾਂ ਵਿੱਚੋਂ 172 ਪਿੰਡਾਂ ਵਿੱਚ ਇਸ ਮੁਹਿੰਮ ਤਹਿਤ ਕਾਰਵਾਈ ਕੀਤੀ ਜਾ ਚੁੱਕੀ ਹੈ ਅਤੇ ਨਰਮੇ ਦੀਆਂ ਛਿਟੀਆਂ ਦੇ 380 ਛਿਟੀਆਂ ਦੇ ਢੇਰਾਂ ਨੂੰ ਖਤਮ ਕਰਨ/ਛਿਟੀਆਂ ਝਾੜ ਕੇ ਟੀਡੇ ਆਦਿ ਨੂੰ ਅਲੱਗ ਕਰਕੇ ਖਤਮ ਕਰਨ ਜਾਂ ਜ਼ਮੀਨ ਵਿੱਚ ਦੱਬ ਦਿੱਤਾ ਗਿਆ ਹੈ ਅਤੇ ਬਾਕੀ ਰਹਿੰਦਾ ਕੰਮ ਫਰਵਰੀ 2022 ਦੌਰਾਨ ਪੂਰਾ ਕਰ ਲਿਆ ਜਾਵੇਗਾ।ਇਸ ਤੋਂ ਇਲਾਵਾ ਜ਼ਿਲੇ ਦੇ ਵੱਖ-ਵੱਖ ਪਿੰਡਾਂ ਵਿੱਚ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਅਨਾਊਸਮੈਟਾਂ ਕਰਵਾਈਆਂ ਜਾ ਰਹੀਆਂ ਹਨ ਅਤੇ ਪੰਚਾਇਤਾਂ ਨਾਲ ਤਾਲਮੇਲ ਕਰਕੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ। ਜ਼ਿਲੇ ਵਿੱਚ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ/ਨੁੱਕੜ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ।

ਇਨਕਲਾਬੀ ਬਦਲ ਉਸਾਰਨ ਦਾ ਸੱਦਾ, ਲੋਕ ਦੋਖੀ ਨੀਤੀਆਂ ਨੂੰ ਸੰਘਰਸਾਂ ਦਾ ਮੁੱਦਾ ਬਣਾਓ: ਲੋਕ ਮੋਰਚਾ

0

ਸੁਖਜਿੰਦਰ ਮਾਨ
ਬਠਿੰਡਾ, 3 ਫਰਵਰੀ: ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਲੋਕ ਮੋਰਚਾ ਪੰਜਾਬ ਵੱਲੋਂ ਵਿੱਢੀ “ਇਨਕਲਾਬੀ ਬਦਲ ਉਸਾਰੋ“ ਮੁਹਿੰਮ ਤਹਿਤ ਅੱਜ ਜ਼ਿਲ੍ਹੇ ਦੇ ਪਿੰਡ ਘੁੱਦਾ ਵਿਖੇ ਵਿਸਾਲ ਇਕੱਤਰਤਾ ਕੀਤੀ ਗਈ। ਜਿਸ ਵਿੱਚ ਨੇੜਲੇ ਪਿੰਡਾਂ ਦੇ ਕਿਸਾਨਾਂ, ਮਜਦੂਰਾਂ, ਅਧਿਆਪਕਾਂ, ਮੁਲਾਜਮਾਂ, ਵਿਦਿਆਰਥੀਆਂ, ਨੌਜਵਾਨਾਂ ਨੇ ਹਿੱਸਾ ਲਿਆ।ਇਕੱਤਰਤਾ ਵਿੱਚ ਬੋਲਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾ ਜਥੇਬੰਦਕ ਸਕੱਤਰ ਜਗਮੇਲ ਸਿੰਘ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਲੋਕ ਮੋਰਚਾ ਪੰਜਾਬ ਦੇ ਲੋਕਾਂ ਨੂੰ ਸਰਕਾਰ ਨਹੀਂ, ਰਾਜ ਬਦਲਣ ਲਈ ਜੂਝਣ ਦਾ ਸੱਦਾ ਦੇ ਰਿਹਾ ਹੈ। ਉਹਨਾਂ ਕਿਹਾ ਕਿ ਸੰਕਟਾਂ ਵਿਚ ਘਿਰੇ ਪੰਜਾਬ ਦੇ ਲੋਕਾਂ ਦੇ ਦੁੱਖਾਂ ਦੀ ਦਾਰੂ ਇਹ ਵਿਧਾਨ ਸਭਾ ਨਹੀਂ ਹੈ।ਇਹ ਤਾਂ ਸਰਮਾਏਦਾਰਾਂ, ਜਗੀਰਦਾਰਾਂ ਤੇ ਸਾਮਰਾਜੀਆਂ ਦਾ ਪਾਣੀ ਭਰਦੀ ਹੈ।ਇਥੇ ਇਹਨਾਂ ਦੀ ਹੀ ਪੁੱਗਦੀ ਹੈ। ਲੋਕਾਂ ਦੀ ਤਾਂ ਸੰਘਰਸਾਂ ਦੇ ਜੋਰ ਹੀ ਪੁੱਗਦੀ ਹੈ। ਉਹਨਾਂ ਲੋਕਾਂ ਨੂੰ ਆਪਣੀ ਜਥੇਬੰਦ ਤਾਕਤ ਦਾ ਕਿਲ੍ਹਾ ਤਕੜਾ ਕਰਦਿਆਂ ਸਰਕਾਰ ਦੀ ਬਜਾਏ ਰਾਜ ਤੇ ਸਮਾਜ ਬਦਲਣ ਲਈ ਜੂਝਣ ਦੀ ਦਿਸਾ ਵਿੱਚ ਅੱਗੇ ਵਧਣ ਦਾ ਸੱਦਾ ਦਿੱਤਾ।ਮੋਰਚੇ ਦੀ ਸਹਿਯੋਗੀ ਕਮੇਟੀ ਮੈਂਬਰ ਤੇ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਲੋਕਾਂ ਦੇ ਮੌਜੂਦਾ ਸੰਘਰਸਾਂ ਦੀਆਂ ਮੰਗਾਂ ਨੂੰ ਸਰਕਾਰੀ ਨੀਤੀਆਂ ਕਾਨੂੰਨਾਂ ਨਾਲ ਜੁੜਦੀਆਂ ਮੰਗਾਂ ਵਿਚ ਤਬਦੀਲ ਕਰਨ ਦਾ ਸੱਦਾ ਦਿੱਤਾ। ਉਹਨਾਂ ਗਰੀਬੀ, ਬੇਰੁਜਗਾਰੀ, ਮਹਿੰਗਾਈ, ਕਰਜੇ, ਖੁਦਕੁਸੀਆਂ ਤੇ ਗੰਧਲੇ ਵਾਤਾਵਰਨ ਵਰਗੀਆਂ ਸਮੱਸਿਆਵਾਂ ਦੇ ਹੱਲ ਲਈ ਸਾਮਰਾਜੀ ਅਤੇ ਜਗੀਰਦਾਰੀ ਤੇ ਸੂਦਖੋਰੀ ਲੁੱਟ ਤੇ ਦਾਬੇ ਦੇ ਖਾਤਮੇ ਦੀ ਲੋੜ ਨੂੰ ਉਭਾਰਦਿਆਂ ਜਮੀਨਾਂ ਤੇ ਸੰਦ ਸਾਧਨਾਂ ਦੀ ਮੁੜ ਵੰਡ ਕਰਕੇ ਹਰ ਪੱਧਰ ਉੱਤੇ ਲੋਕਾਂ ਦੀ ਪੁੱਗਤ ਕਾਇਮ ਕਰਨ ਲਈ ਦੇਸ ਦੇ ਸਾਰੇ ਧਨ ਦੌਲਤਾਂ ਤੇ ਕੁਦਰਤੀ ਸੋਮੇ ਲੋਕਾਂ ਲਈ ਜੁਟਾਉਣ ਆਦਿ ਮੰਗਾਂ ‘ਤੇ ਸੰਘਰਸਾਂ ਨੂੰ ਅੱਗੇ ਵਧਾਉਣ ਦਾ ਸੱਦਾ ਦਿੱਤਾ।ਮੋਰਚੇ ਦੀ ਸੂਬਾ ਕਮੇਟੀ ਮੈਂਬਰ ਸੀਰੀਂ ਨੇ ਲੋਕਾਂ ਨੂੰ ਮੌਜੂਦਾ ਰਾਜ ਦੀਆਂ ਸੰਸਥਾਵਾਂ ਦੀ ਲੋਕ ਵਿਰੋਧੀ ਖਸਲਤ ਨੂੰ ਸਮਝ ਕੇ ਲੋਕਾਂ ਦੀ ਪੁੱਗਤ ਦੀਆਂ ਸੰਸਥਾਵਾਂ ਉਸਾਰਨ ਨੂੰ ਸਰਗਰਮੀਆਂ ਦਾ ਹਿੱਸਾ ਬਣਾਉਣ ਲਈ ਕਦਮ ਵਧਾਉਣ ਦੀ ਲੋੜ ‘ਤੇ ਜੋਰ ਦਿੱਤਾ। ਉਹਨਾਂ ਕਿਹਾ ਕਿ ਕਿਸਾਨ ਸੰਘਰਸ ਸਮੇਤ ਲੋਕਾਂ ਦੇ ਅਨੇਕਾਂ ਘੋਲ ਲੋਕਾਂ ਦੀ ਆਵਦੀ ਪੁੱਗਤ ਸਥਾਪਤੀ ਲਈ ਮੌਜੂਦਾ ਸੰਸਥਾਵਾਂ ਦੇ ਮੁਕਾਬਲੇ ਆਪਣੀ ਪੁੱਗਤ ਦੇ ਅਦਾਰੇ ਉਸਾਰਨ ਲਈ ਆਧਾਰ ਮੁਹੱਈਆ ਕਰਦੇ ਹਨ ਅਤੇ ਉਤਸਾਹ ਤੇ ਦਿਸਾ ਦਿੰਦੇ ਹਨ। ਮੋਰਚੇ ਦੇ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਤੇ ਨੌਜਵਾਨ ਭਾਰਤ ਸਭਾ ਦੇ ਆਗੂ ਅਸਵਨੀ ਘੁੱਦਾ ਨੇ ਕਿਹਾ ਵੋਟਾਂ ਵਟੋਰਨ ਚੜ੍ਹੀਆਂ ਸਭਨਾਂ ਮੌਕਾਪ੍ਰਸਤ ਵੋਟ ਪਾਰਟੀਆਂ ਕੋਲ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਬੇਰੁਜਗਾਰੀ, ਕਰਜੇ, ਖੁਦਕੁਸੀਆਂ, ਮਹਿੰਗਾਈ ਤੇ ਭਿਰਸਟਾਚਰ ਨੂੰ ਖਤਮ ਕਰਨ ਦਾ ਕੋਈ ਠੋਸ ਪ੍ਰੋਗਰਾਮ ਨਹੀਂ।

ਸਾਬਕਾ ਵਿਧਾਇਕ ਦਾ ਸ਼ਹਿਰ ਵਾਸੀਆਂ ਨਾਲ ਵਾਅਦਾ, ਹੋਵੇਗਾ ਚਹੁੰਮੁਖੀ ਵਿਕਾਸ

0

ਅਕਾਲੀ ਬਸਪਾ ਸਰਕਾਰ ਚ ਨਸ਼ਾ ਸਮੱਗਲਿੰਗ ਅਤੇ ਗੁੰਡਾ ਰਾਜ ਤੋਂ ਮੁਕਤ ਹੋਵੇਗਾ ਬਠਿੰਡਾ ਸ਼ਹਿਰ : ਸਰੂਪ ਸਿੰਗਲਾ
ਸੁਖਜਿੰਦਰ ਮਾਨ
ਬਠਿੰਡਾ, 3 ਫ਼ਰਵਰੀ: ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਸੀਟ ਤੋਂ ਉਮੀਦਵਾਰ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਮੀਟਿੰਗਾਂ ਨੂੰ ਸੰਬੋਧਨ ਕੀਤਾ ਅਤੇ ਸ਼ਹਿਰ ਦੇ ਵਿਕਾਸ ਕਰਵਾਉਣ ਦੇ ਨਾਮ ’ਤੇ ਵੋਟਾਂ ਦੀ ਮੰਗ ਕੀਤੀ। ਇਸ ਮੌਕੇ ਦਰਜਨਾਂ ਪਰਿਵਾਰ ਕਾਂਗਰਸ ਪਾਰਟੀ ਅਤੇ ਆਪ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਜਿਨ੍ਹਾਂ ਨੂੰ ਸਾਬਕਾ ਵਿਧਾਇਕ ਨੇ ਪਾਰਟੀ ਦਾ ਝੰਡਾ ਗਲ ਵਿੱਚ ਪਾ ਕੇ ਜੀ ਆਇਆਂ ਕਿਹਾ। ਇਸ ਮੌਕੇ ਪ੍ਰਭਾਵਸ਼ਾਲੀ ਸਮਾਗਮਾਂ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਵਿਧਾਇਕ ਨੇ ਸ਼ਹਿਰ ਵਾਸੀਆਂ ਨਾਲ ਵਾਅਦਾ ਕੀਤਾ ਕਿ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣਾ ਦਿਓ ਹਰ ਇਲਾਕੇ ਦਾ ਵਿਕਾਸ ਹੋਵੇਗਾ, ਹਰ ਸਹੂਲਤ ਮੁਹੱਈਆ ਹੋਵੇਗੀ ,ਸਰਕਾਰ ਦੀਆਂ ਸਕੀਮਾਂ ਦਾ ਲੋੜਵੰਦ ਪਰਿਵਾਰਾਂ ਨੂੰ ਲਾਭ ਮਿਲੇਗਾ।ਇਸ ਮੌਕੇ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਨਸ਼ਾ ਸਮੱਗਲਿੰਗ ਅਤੇ ਗੁੰਡਾ ਰਾਜ ਮੁਕਤ ਬਠਿੰਡਾ ਸ਼ਹਿਰ ਬਣਾਉਣ ਦਾ ਹੋਵੇਗਾ ਤੇ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਵਿਕਣ ਦਿੱਤਾ ਜਾਵੇਗਾ ।ਉਨ੍ਹਾਂ ਦੋਸ਼ ਲਾਇਆ ਕਿ ਖ਼ਜ਼ਾਨਾ ਮੰਤਰੀ ਨੇ ਬਠਿੰਡਾ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣਾਇਆ ਹੈ ਜਿਸ ਨੂੰ ਅਕਾਲੀ ਬਸਪਾ ਸਰਕਾਰ ਬਣਨ ਤੇ ਦਹਿਸ਼ਤ ਮੁਕਤ ਬਣਾ ਕੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਕਾਇਮ ਕੀਤੀ ਜਾਵੇਗੀ ।ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਕੌਂਸਲਰ ਅਤੇ ਵਰਕਰ ਹਾਜਰ ਸਨ।

ਆਪ ਉਮੀਦਵਾਰ ਜਗਰੂਪ ਸਿੰਘ ਗਿੱਲ ਨੂੰ ਸਦਮਾ, ਬਹਿਨੋਈ ਸਵਰਗਵਾਸ

0

ਸੁਖਜਿੰਦਰ ਮਾਨ
ਬਠਿੰਡਾ, 2 ਫਰਵਰੀ: ਵਿਧਾਨ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਨੂੰ ਅੱਜ ਡੂੰਘਾ ਸਦਮਾ ਪੁੱਜਾ ਜਦੋਂ ਉਨਾਂ ਦੇ ਬਹਿਨੋਈ ਨੱਥਾ ਸਿੰਘ ਸਿੱਧੂ ਦਾ ਦਿਲ ਦਾ ਦੌਰਾ ਪੈਣ ਸਦਕਾ ਦੇਹਾਂਤ ਹੋ ਗਿਆ। ਉਹ 70 ਵਰਿਆਂ ਦੇ ਸਨ। ਆਪ ਦੇ ਇਕ ਬੁਲਾਰੇ ਨੇ ਦੱਸਿਆ ਕਿ ਬੀਤੀ ਰਾਤ ਸ. ਸਿੱਧੂ ਦੀ ਤਬੀਅਤ ਖਰਾਬ ਹੋਈ ਤਾਂ ਉਨਾਂ ਨੂੰ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਦਿਲ ਦਾ ਦੌਰਾ ਪੈਣ ਕਾਰਨ ਉਨਾਂ ਦਾ ਦੇਹਾਂਤ ਹੋ ਗਿਆ। ਅੱਜ ਦੁਪਹਿਰ ਸਮੇਂ ਉਨਾਂ ਦਾ ਅੰਤਿਮ ਸੰਸਕਾਰ ਸਥਾਨਕ ਰਾਮ ਬਾਗ, ਦਾਣਾ ਮੰਡੀ ਵਿਖੇ ਕੀਤਾ ਗਿਆ, ਜਿਥੇ ਸਿਆਸਤ ਤੋਂ ਉੱਪਰ ਉੱਠ ਕੇ ਸ਼ਹਿਰ ਦੇ ਪ੍ਰਮੁੱਖ ਸਿਆਸੀ ਆਗੂ ਵੀ ਪਹੁੰਚੇ। ਇਸ ਤੋਂ ਇਲਾਵਾ ਧਾਰਮਿਕ, ਸਮਾਜਿਕ, ਪ੍ਰਸ਼ਾਸਨਿਕ ਅਧਿਕਾਰੀ, ਪੱਤਰਕਾਰ, ਵਕੀਲ ਭਾਈਚਾਰਾ, ਵਪਾਰੀ ਵਰਗ ਅਤੇ ਵੱਡੀ ਗਿਣਤੀ ਸ਼ਹਿਰੀ ਵੀ ਸ. ਗਿੱਲ ਦੇ ਦੁੱਖ ’ਚ ਸ਼ਾਮਲ ਹੋਣ ਲਈ ਪਹੁੰਚੇ।ਇਸ ਮੌਕੇ ਅਮਨਦੀਪ ਸਿੰਘ ਸਿੱਧੂ ਤੇ ਗਗਨਦੀਪ ਸਿੰਘ ਸਿੱਧੂ ਦਾ ਵਿਰਲਾਪ ਦੇਖ ਕੇ ਸਭ ਦੀਆਂ ਅੱਖਾਂ ਨਮ ਹੋ ਗਈਆਂ। ਸ. ਸਿੱਧੂ ਦੇ ਪੁੱਤਰਾਂ ਨੇ ਦੱਸਿਆ ਕਿ ਉਨਾਂ ਦੇ ਪਿਤਾ ਇਕ ਸਮਾਜ ਸੇਵੀ ਪ੍ਰਵਿਰਤੀ ਦੇ ਹੋਣ ਸਦਕਾ ਸ਼ਹਿਰ ਵਿਚ ਸਿੱਧੂ ਭਾਈਚਾਰੇ ਦਾ ਪ੍ਰਮੁੱਖ ਚਿਹਰਾ ਸਨ।ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਸੂਬਾ ਪ੍ਰਧਾਨ ਭਗਵੰਤ ਸਿੰਘ ਮਾਨ ਤੇ ਹੋਰ ਲੀਡਰਸ਼ਿਪ ਨੇ ਵੀ ਸੰਪਰਕ ਕਰਕੇ ਜਗਰੂਪ ਸਿੰਘ ਗਿੱਲ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਆਪ ਦੇ ਬੁਲਾਰੇ ਨੇ ਦੱਸਿਆ ਕਿ ਸ. ਸਿੱਧੂ ਨਮਿੱਤ ਸ੍ਰੀ ਅਖੰਡ ਪਾਠ ਦਾ ਭੋਗ 6 ਫਰਵਰੀ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਸਾਹਿਬ ਥਰਮਲ ਕਾਲੌਨੀ ਬਠਿੰਡਾ ਵਿਖੇ ਪਾਇਆ ਜਾਵੇਗਾ।

ਪੰਜਾਬ ਦੇ ਖਜਾਨੇ ਨੂੰ ਮਜਬੂਤ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੀਤਾ ਕੰਮ: ਮਨਪ੍ਰੀਤ ਬਾਦਲ

0

ਬਾਦਲ ਪਰਿਵਾਰ ਨਾਲ ਬਹੁਤ ਚਿਰ ਤੋਂ ਰਿਸ਼ਤਾ ਖਤਮ
ਸੁਖਜਿੰਦਰ ਮਾਨ
ਬਠਿੰਡਾ, 3 ਫਰਵਰੀ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅਪਣੀ ਚੋਣ ਮੁਹਿੰਮ ਦੌਰਾਨ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਖ਼ਜਾਨੇ ਦਾ ਵਜੀਰ ਹੁੰਦਿਆਂ ਪੰਜ ਸਾਲ ਦੇ ਸਮੇਂ ਵਿੱਚ ਸੂਬੇ ਦੇ ਹਿੱਤਾਂ ਦੀ ਪੈਰਵਾਈ ਕਰਨ ਅਤੇ ਲੋਕ ਹਿੱਤਾਂ ਦੀ ਰਖਵਾਲੀ ਲਈ ਪੂਰੀ ਵਚਨਬੱਧਤਾ ਤਹਿਤ ਜਿੰਮੇਵਾਰੀ ਨਾਲ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜ ਸਾਲ ਪਹਿਲਾਂ ਅਕਾਲੀ ਦਲ ਸਮੇਂ ਜਿਹੜੇ ਹਾਲਾਤ ਖਜ਼ਾਨੇ ਦੇ ਸਨ ਉਸ ਖਜਾਨੇ ਵਿੱਚੋਂ ਕਿਸੇ ਲਈ ਕੁਝ ਵੀ ਨਹੀਂ ਦਿੱਤਾ ਜਾ ਸਕਦਾ ਸੀ ਜਿਸ ਨੂੰ ਉਨ੍ਹਾਂ ਵੱਲੋਂ ਪੂਰੀ ਤਨਦੇਹੀ ਨਾਲ ਕੰਮ ਕਰਕੇ ਮਜਬੂਤ ਬਣਾਇਆ ਅਤੇ ਲੋਕਾਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ, ਵੱਡੀਆਂ ਰਾਹਤਾਂ ਦਿੱਤੀਆਂ, ਇਥੋਂ ਤੱਕ ਕਿ ਕਦੇ ਵੀ ਪੈਨਸ਼ਨਰਾਂ ਜਾਂ ਮੁਲਾਜ਼ਮਾਂ ਨੂੰ ਪੈਨਸ਼ਨ ਜਾਂ ਤਨਖ਼ਾਹ ਤੋਂ ਵਾਂਝੇ ਨਹੀਂ ਰਹਿਣ ਦਿੱਤਾ, ਕੋਰੋਨਾ ਮਹਾਂਮਾਰੀ ਦੇ ਦੌਰ ਵਿੱਚ ਜਿੱਥੇ ਹੋਰਨਾਂ ਸੂਬਿਆਂ ਜਾਂ ਦੇਸ਼ਾਂ ਦੀਆਂ ਸਰਕਾਰਾਂ ਬੇਵੱਸ ਹੋ ਗਈਆਂ, ਉਨ੍ਹਾਂ ਮਾੜੇ ਹਾਲਾਤ ਵਿੱਚ ਵੀ ਪੰਜਾਬ ਸਰਕਾਰ ਨੇ ਅਪਣੇ ਮੁਲਾਜ਼ਮਾਂ ਨੂੰ ਪੂਰੀ ਤਨਖਾਹ ਦਿਤੀ ਅਤੇ ਪੀਡਤ ਪਰਿਵਾਰਾਂ ਦੀ ਬਾਂਹ ਫੜੀ ਅਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਔਖਾ ਨਹੀਂ ਹੋਣ ਦਿੱਤਾ ਤੇ ਹਰ ਸਹੂਲਤ ਮੁਹੱਈਆ ਕਰਵਾਈ । ਉਨ੍ਹਾਂ ਕਿਹਾ ਕਿ ਸੂਬੇ ਨੂੰ ਆਰਥਿਕਤਾ ਪੱਖੋਂ ਮਜ਼ਬੂਤ ਕਰਕੇ ਵੱਡਿਆਂ ਪ੍ਰਾਜੈਕਟਾਂ ਨਾਲ ਵਿਕਾਸ ਦੀ ਰਾਹ ਤੇ ਤੋਰਨਾ ਵੱਡੀ ਪ੍ਰਾਪਤੀ ਹੈ। ਵਿੱਤ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਹਿੱਤ ਵਿੱਚ ਲੰਬੀਆਂ ਲੜਾਈਆਂ ਲੜਕੇ ਹੋਂਦ ਵਿੱਚ ਆਈ ਹੈ ਤੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਹ ਕਾਂਗਰਸ ਪਾਰਟੀ ਦੇ ਵਫਾਦਾਰ ਸਿਪਾਹੀ ਹਨ, ਜਿਸ ਨੇ ਦੇਸ਼ ਨੂੰ ਬਹੁਤ ਵੱਡੇ ਫੈਸਲਿਆਂ ਨਾਲ ਸੁਰੱਖਿਅਤ ਰੱਖਿਆ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸੂਬੇ ਦੇ ਪੰਜ ਸਾਲ ਦੇ ਸਮੇਂ ਵਿੱਚ ਕਰਵਾਏ ਵਿਕਾਸ ਦੇ ਨਾਂ ਤੇ ਦੂਸਰੀ ਵਾਰ ਸਰਕਾਰ ਬਣਾਏਗੀ ਤੇ ਉਹ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ। ਬਾਦਲ ਪਰਿਵਾਰ ਨਾਲ ਮਿਲੀਭੁਗਤ ਜਾਂ ਨੇੜਤਾ ਦੇ ਲੱਗ ਰਹੇ ਦੋਸ਼ਾਂ ਤੇ ਖੁੱਲ੍ਹ ਕੇ ਬੋਲਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਬਾਦਲ ਪਰਿਵਾਰ ਨਾਲ ਪਿਛਲੇ ਗਿਆਰਾਂ ਸਾਲ ਤੋਂ ਰਿਸ਼ਤਾ ਖਤਮ ਕੀਤਾ ਹੋਇਆ ਹੈ।

ਰਵੀਪ੍ਰੀਤ ਸਿੱਧੂ ਨੇ ਤਲਵੰਡੀ ਸਾਬੋ ਹਲਕੇ ’ਚ ਭਖਾਈ ਅਪਣੀ ਚੋਣ ਮੁਹਿੰਮ

0

ਸੁਖਜਿੰਦਰ ਮਾਨ
ਬਠਿੰਡਾ, 3 ਫਰਵਰੀ: ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਭਾਜਪਾ ਦੇ ਉਮੀਦਵਾਰ ਰਵੀਪ੍ਰੀਤ ਸਿੰਘ ਸਿੱਧੂ ਨੇ ਅਪਣੀ ਚੋਣ ਮੁਹਿੰਮ ਨੂੰ ਭਖਾਉਂਦਿਆਂ ਹਲਕੇ ਦਾ ਚਹੁੰਮੁਖੀ ਵਿਕਾਸ ਕਰਨ ਦਾ ਭਰੋਸਾ ਦਿਵਾਇਆ। ਅੱਜ ਉਨ੍ਹਾਂ ਹਲਕੇ ਦੇ ਵਖ ਵਖ ਪਿੰਡਾਂ ’ਚ ਕੀਤੀਆਂ ਨੁੱਕੜ ਮੀਟਿੰਗਾਂ ਦੌਰਾਨ ਸੂਬੇ ਦੇ ਵਿਕਾਸ ਲਈ ਲੋਕਾਂ ਨੂੰ ਭਾਜਪਾ ਦਾ ਸਾਥ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚੋਂ ਨਸ਼ਾ, ਬੇਰੁਜ਼ਗਾਰੀ ਅਤੇ ਗੁੰਡਾ ਟੈਕਸ ਖ਼ਤਮ ਕਰਕੇ ਭਿ੍ਰਸ਼ਟਾਚਾਰ ਮੁਕਤ ਸਿਸਟਮ ਲਾਗੂ ਕਰਵਾਉਣ ਲਈ ਭਾਜਪਾ ਦੀ ਸਰਕਾਰ ਬਣਾਉਣ ਖ਼ਾਤਰ ਕਮਲ ਫੁੱਲ ਦੇ ਚੋਣ ਨਿਸ਼ਾਨ ਵਾਲਾ ਬਟਨ ਦੱਬ ਕੇ ਵੋਟਾਂ ਪਾਉਣ।ਇਸ ਮੌਕੇ ਉਨ੍ਹਾਂ ਨਾਲ ਜੋਰਾਵਰ ਸਿੰਘ, ਗੋਲਡੀ ਮਹੇਸ਼ਵਰੀ ਰਾਮਾ ਮੰਡੀ, ਰਿਸ਼ੂ ਰਾਮਾਂ ਮੰਡੀ , ਸਰਪੰਚ ਸੋਨੀ ਸਿੰਘ ਕੋਟ ਬਖਤੂ, ਸੁਖਵਿੰਦਰ ਸਿੰਘ ਸੁੱਖੀ, ਧਰਮਿੰਦਰ ਦਮਦਮੀ ਮੀਡੀਆ ਸਲਾਹਕਾਰ, ਲਾਡੀ ਜਗਾ ਰਾਮ ਤੀਰਥ ਠੇਕੇਦਾਰ ਮਨਜੀਤ ਸਿੰਘ ਜਗਾ ਰਾਮ ਤੀਰਥ, ਬਲਵਾਨ ਵਰਮਾ ਅਤੇ ਕੁਲਵਿੰਦਰ ਗਾਟਵਾਲੀ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂਆਂ ਨੇ ਸ਼ਿਰਕਤ ਕੀਤੀ

ਭੱਟੀ ਦੇ ਹੱਕ ’ਚ ਸੁਖਬੀਰ ਬਾਦਲ ਨੇ ਕੀਤੀ ਚੋਣ ਰੈਲੀ

0

ਸੁਖਜਿੰਦਰ ਮਾਨ
ਬਠਿੰਡਾ, 3 ਫਰਵਰੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਬਠਿੰਡਾ ਦਿਹਾਤੀ ਤੋਂ ਉਮੀਦਵਾਰ ਪ੍ਰਕਾਸ਼ ਸਿੰਘ ਭੱਟੀ ਦੇ ਹੱਕ ਵਿੱਚ ਭਰਵੇਂ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਹਲਕੇ ਦੇ ਵਿਕਾਸ ਲਈ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਸੀਨੀਅਰ ਲੀਡਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਜਿਨ੍ਹਾਂ ਨੂੰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦਾ ਝੰਡਾ ਗਲ ਵਿੱਚ ਪਾ ਕੇ ਜੀ ਆਇਆਂ ਕਿਹਾ। ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਅੱਜ ਅਕਾਲੀ ਬਸਪਾ ਗੱਠਜੋੜ ਦੇ ਹੱਕ ਵਿਚ ਲਹਿਰ ਚੱਲ ਰਹੀ ਹੈ, ਲੋਕ ਪੰਜਾਬ ਦਾ ਵਿਕਾਸ ਚਾਹੁੰਦੇ ਹਨ, ਹਰ ਵਰਗ ਨੂੰ ਬੁਨਿਆਦੀ ਸਹੂਲਤਾਂ ਤੇ ਲੋੜਵੰਦ ਪਰਿਵਾਰਾਂ ਨੂੰ ਸਰਕਾਰ ਦੀ ਸਹਾਇਤਾ ਚਾਹੁੰਦੇ ਹਨ ,ਜੋ ਕਾਂਗਰਸ ਸਰਕਾਰ ਦੇਣ ਵਿੱਚ ਅਸਮਰੱਥ ਰਹੀ ਤੇ ਆਪਣੀ ਗੁੱਟਬਾਜ਼ੀ ਦਾ ਸ਼ਿਕਾਰ ਹੋ ਕੇ ਪਾਟੋ ਧਾੜ ਹੋ ਕੇ ਰਹਿ ਗਈ, ਜਿਸ ਕੋਲ ਪੰਜਾਬ ਦੇ ਵਿਕਾਸ ਲਈ ਕੋਈ ਏਜੰਡਾ ਨਹੀਂ । ਉਨ੍ਹਾਂ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਵਿਰੋਧੀ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕੇਜਰੀਵਾਲ ਦੀ ਸੋਚ ਪੰਜਾਬ ਦੇ ਪਾਣੀਆਂ ਨੂੰ ਖੋਹਣ ਦੀ ਹੈ ਜਿਸ ਦੇ ਮਨਸੂਬੇ ਪੰਜਾਬੀ ਕਦੇ ਕਾਮਯਾਬ ਨਹੀਂ ਹੋਣ ਦੇਣਗੇ। ਉਨ੍ਹਾਂ ਅਕਾਲੀ ਬਸਪਾ ਸਰਕਾਰ ਬਣਨ ਤੇ ਸੂਬੇ ਦਾ ਚੌਹਮੁਖੀ ਵਿਕਾਸ ਕਰਵਾਉਣ ਦਾ ਵਾਅਦਾ ਕਰਦਿਆਂ ਕਿਹਾ ਕਿ ਸੂਬੇ ਦਾ ਮੁੱਖ ਮੰਤਰੀ ਉਹ ਹੋਣਾ ਚਾਹੀਦਾ ਹੈ ਜਿਸ ਦੀ ਸੋਚ ਵਿਕਾਸ ਅਤੇ ਹਰ ਵਰਗ ਦੀ ਖੁਸ਼ਹਾਲੀ ਹੋਵੇ ਨਾ ਕਿ ਭਗਵੰਤ ਮਾਨ ਵਰਗਾ ਸ਼ਰਾਬੀ ਅਤੇ ਨਵਜੋਤ ਸਿੰਘ ਸਿੱਧੂ ਵਰਗਾ ਕਮੇਡੀ ਜਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਰਗਾ ਘਪਲੇਬਾਜ਼ ਜੋ 111 ਦਿਨਾਂ ਵਿੱਚ 1100 ਕਰੋੜ ਤੋਂ ਵੱਧ ਦੇ ਘਪਲੇ ਕਰਨ ਵਿੱਚ ਸਾਮਲ ਹੈ। ਉਨ੍ਹਾਂ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਨੂੰ ਸਭ ਤੋਂ ਸ਼ਰੀਫ਼ ਸਿਆਸੀ ਲੀਡਰ ਆਖਦਿਆਂ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਪ੍ਰਕਾਸ਼ ਸਿੰਘ ਭੱਟੀ ਨੇ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਜਿੱਤ ਤੇ ਇਲਾਕਾ ਨਿਵਾਸੀਆਂ ਨੇ ਮੋਹਰ ਲਾ ਦਿੱਤੀ ਹੈ ਤੇ ਉਹ ਵਿਸ਼ਵਾਸ ਦਿਵਾਉਂਦੇ ਹਨ ਕਿ ਉਹ ਇਲਾਕਾ ਨਿਵਾਸੀਆਂ ਦੀ ਉਮੀਦ ਤੇ ਖਰੇ ਉਤਰਨਗੇ ਤੇ ਇਲਾਕੇ ਨੂੰ ਵਿਕਾਸ ਦੀ ਰਾਹ ਤੇ ਲਿਜਾਣ ਲਈ ਜੀਅ ਤੋੜ ਯਤਨ ਕੀਤੇ ਜਾਣਗੇ । ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ, ਹਰਪਿੰਦਰ ਹਨੀ, ਗੋਲਡੀ ਸੰਗਤ, ਸੁਖਦੇਵ ਸਿੰਘ ਚਹਿਲ, ਹਰਜੀਤ ਸਿੰਘ ਕਾਲ ਝਰਾਣੀ, ਜਗਰੂਪ ਸਿੰਘ ਸੰਗਤ ,ਮੋਹਿਤ ਗੁਪਤਾ, ਬਲਜੀਤ ਸਿੰਘ ਬੀੜ ਬਹਿਮਣ ਸਮੇਤ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹਾਜ਼ਰ ਰਹੀ।

ਗੁਰੂ ਉਤਰੇ ਅਕਾਲੀ ਦਲ ਦੀ ਤੱਕੜੀ ’ਚੋਂ, ਕਾਂਗਰਸ ਨਾਲ ਹੱਥ ਮਿਲਾਉਣ ਦੀ ਚਰਚਾ

0

ਸੁਖਜਿੰਦਰ ਮਾਨ
ਚੰਡੀਗੜ੍ਹ, 3 ਫ਼ਰਵਰੀ: ਬਿਊਰੋਕਰੇਸੀ ਤੋਂ ਬਾਅਦ ਸਿਆਸਤ ’ਚ ਆਏ ਦਰਬਾਰਾ ਸਿੰਘ ਗੁਰੂ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ਼ ਦਿੱਤਾ ਹੈ। ਚਰਚਾ ਮੁਤਾਬਕ ਉਹ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕਾਂਗਰਸ ’ਚ ਸ਼ਾਮਲ ਹੋਣ ਜਾ ਰਹੇ ਹਨ। ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਜਦੀਕੀ ਮੰਨੇ ਜਾਣ ਵਾਲੇ ਗੁਰੂ ਉਨ੍ਹਾਂ ਦੇ ਲੰਮਾ ਸਮਾਂ ਪਿ੍ਰੰਸੀਪਲ ਸਕੱਤਰ ਰਹੇ ਤੇ ਬਾਅਦਵਿਚ ਅਸਤੀਫ਼ਾ ਦੇ ਕੇ ਉਨ੍ਹਾਂ ਅਕਾਲੀ ਦਲ ਵਲੋਂ ਭਦੋੜ ਹਲਕੇ ਤੋਂ ਚੋਣ ਲੜੀ ਸੀ ਪ੍ਰੰਤੂ ਸਫ਼ਲਤਾ ਨਹੀਂ ਮਿਲੀ। ਇਸੇ ਤਰ੍ਹਾਂ ਸਾਲ 2017 ਵਿਚ ਅਕਾਲੀ ਦਲ ਨੇ ਮੁੜ ਉਨ੍ਹਾਂ ਨੂੰ ਬੱਸੀ ਪਠਾਣਾਂ ਹਲਕੇ ਤੋਂ ਟਿਕਟ ਦਿੱਤੀ ਪ੍ਰੰਤੂ ਉਹ ਉਥੇ ਵੀ ਹਾਰ ਗਏ ਤੇ ਹੁਣ ਅਕਾਲੀ ਦਲ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਸੀ। ਹਾਲਾਂਕਿ ਬਾਅਦ ਵਿਚ ਸ: ਬਾਦਲ ਅਪਣੇ ਵਫ਼ਾਦਾਰ ਸਾਥੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਵਿਚ ਵੀ ਅਡਜਸਟ ਕਰ ਦਿੱਤਾ ਸੀ ਪ੍ਰੰਤੂ ਉਹ ਅੱਜ ਕਲ ਨਿਰਾਸ ਚੱਲ ਰਹੇ ਸਨ। ਉਨ੍ਹਾਂ ਦਾ ਭਦੋੜ ਹਲਕੇ ’ਚ ਕਾਫ਼ੀ ਆਧਾਰ ਮੰਨਿਆਂ ਜਾਂਦਾ ਹੈ ਤੇ ਮੁੱਖ ਮੰਤਰੀ ਚੰਨੀ ਇਸ ਹਲਕੇ ਤੋਂ ਚੋਣ ਲੜ ਰਹੇ ਹਨ, ਜਿਸਦਾ ਫ਼ਾਈਦਾ ਉਨ੍ਹਾਂ ਨੂੰ ਮਿਲੇਗਾ।

Our Visitor

1896538