ਨਵਜੋਤ ਸਿੱਧੂ ਵਿਰੁਧ ਸਜ਼ਾ ਦੇ ਮਾਮਲੇ ਨੂੰ ਲੈ ਕੇ ਚੱਲ ਰਿਹਾ ਹੈ ਕੇਸ
ਸੁਖਜਿੰਦਰ ਮਾਨ
ਨਵੀਂ ਦਿੱਲੀ, 3 ਫ਼ਰਵਰੀ: ਆਗਾਮੀ 20 ਫ਼ਰਵਰੀ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਖ਼ੁਦ ਨੂੰ ਮੁੱਖ ਮੰਤਰੀ ਦੇ ਅਹੁੱਦੇ ਦੀ ਦੋੜ ’ਚ ਸ਼ਾਮਲ ਸਮਝ ਰਹੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਰੁਧ 34 ਸਾਲ ਪਹਿਲਾਂ ਰੋਡਰੇਜ (ਸੜਕ ‘ਤੇ ਹਿੰਸਾ) ਮਾਮਲੇ ’ਚ ਸਖ਼ਤ ਸਜ਼ਾ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ’ਚ ਚੱਲ ਰਹੀ ਸੁਣਵਾਈ 25 ਫ਼ਰਵਰੀ ਤੱਕ ਮੁਲਤਵੀਂ ਹੋ ਗਈ ਹੈ। ਇਸ ਮਾਮਲੇ ਵਿਚ ਸੁਪਰੀਮ ਕੋਰਟਨੇ ਸਾਲ 2018 ਵਿਚ ਸਿੱਧੂ ਨੂੰ ਸਿਰਫ਼ ਇੱਕ ਹਜਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਸੀ। ਜਿਸਦੇ ਵਿਰੁਧ ਪੀੜਤ ਧਿਰ ਵਲੋਂ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਗਈ ਹੈ। ਦਸਣਾ ਬਣਦਾ ਹੈ ਕਿ 27 ਦਸੰਬਰ 1988 ਨੂੰ ਪਟਿਆਲਾ ’ਚ ਵਾਪਰੀ ਇੱਕ ਘਟਨਾ ਵਿਚ ਗਰਮ ਸੁਭਾਅ ਦੇ ਸਮਝੇ ਜਾਂਦੇ ਨਵਜੋਤ ਸਿੱਧੂ ਨਾਲ ਇਕ ਬਜੁਰਗ ਗੁਰਨਾਮ ਸਿੰਘ ਦੀ ਕਹਾਸੁਣੀ ਹੋ ਗਈ, ਜਿਹੜੀ ਬਾਅਦ ਵਿਚ ਇੰਨੀਂ ਵਧ ਗਈ ਕਿ ਸਿੱਧੂ ਨੇ ਉਕਤ ਬਜ਼ੁਰਗ ਦੇ ਘਸੁੰਨ ਜੜ ਦਿੱਤਾ, ਜਿਸ ਕਾਰਨ ਉਸਦੀ ਬਾਅਦ ’ਚ ਇਲਾਜ ਦੌਰਾਨ ਮੌਤ ਹੋ ਗਈ। ਇਸ ਮਾਮਲੇ ਵਿਚ ਪਟਿਆਲਾ ਪੁਲਿਸ ਵਲੋਂ ਨਵਜੋਤ ਸਿੱਧੂ ਤੇ ਉਸਦੇ ਦੋਸਤ ਰੁਪਿੰਦਰ ਸਿੰਘ ਨੂੰ ਮੁਜ਼ਰਮ ਬਣਾਇਆ ਸੀ। ਇਸ ਮਾਮਲੇ ਵਿਚ ਹੇਠਲੀ ਨੇ 1999 ਵਿੱਚ ਸਿੱਧੂ ਨੂੰ ਬਰੀ ਕਰ ਦਿੱਤਾ ਸੀ। ਜਿਸਤੋਂ ਬਾਅਦ ਪੀੜਤ ਧਿਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚ ਗਈ ਸੀ ਤੇ ਹਾਈਕੋਰਟ ਨੇ 2006 ਵਿੱਚ ਸਿੱਧੂ ਨੂੰ ਤਿੰਨ ਸਾਲ ਦੀ ਸਜਾ ਸੁਣਾਈ ਸੀ। ਸਿੱਧੂ ਨੇ ਇਸ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੋਈ ਸੀ, ਜਿਸ ਵਿਚ ਅਦਾਲਤ ਨੇ ਉਸਨੂੰ 2018 ਵਿੱਚ ਦੋਸ਼ੀ ਮੰਨਦਿਆਂ ਸਿਰਫ ਇੱਕ ਹਜਾਰ ਰੁਪਏ ਜੁਰਮਾਨਾ ਲਗਾ ਕੇ ਬਰੀ ਕਰ ਦਿੱਤਾ ਸੀ। ਪੀੜਤ ਧਿਰ ਨੇ ਇਸ ਫੈਸਲੇ ਤੋਂ ਨਿਰਾਸ਼ ਹੋ ਕੇ ਹੁਣ ਸੁਪਰੀਮ ਕੋਰਟ ਵਿਚ ਰਿਵਿਊ ਪਿਟੀਸ਼ਨ ਦਾਈਰ ਕੀਤੀ ਹੋਈ ਹੈ।
ਰੋਡਰੇਜ਼ ਮਾਮਲਾ: ਸੁਪਰੀਮ ਕੋਰਟ ਨੇ 25 ਫ਼ਰਵਰੀ ਤੱਕ ਕੀਤੀ ਸੁਣਵਾਈ ਮੁਲਤਵੀਂ
ਅਕਾਲੀ-ਬਸਪਾ ਸਰਕਾਰ ਪੰਜਾਬ ਦੇ ਸਾਰੇ ਪਿੰਡਾਂ ਵਿਚ ਬਿੁਨਿਆਦੀ ਢਾਂਚੇ ’ਚ ਸੁਧਾਰ ਦੇਵੇਗੀ : ਸੁਖਬੀਰ ਬਾਦਲ
ਅਰਵਿੰਦ ਕੇਜਰੀਵਾਲ ਨੁੰ ਕਰੜੇ ਹੱਥੀਂ ਲਿਆ, ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ਵਿਚ ਮੁਫਤ ਬਿਜਲੀ ਸਹੂਲਤ, ਬੁਢਾਪਾ ਪੈਨਸ਼ਨ ਜਾਂ ਸ਼ਗਨ ਸਕੀਮ ਨਹੀਂ ਦੇ ਰਹੀ
ਲੋਕਾਂ ਨੁੰ ਕੀਤੀ ਅਪੀਲ ਕਿ ਪਿਛਲੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਕਾਰ ਜਿਸਨੇ ਸਮੁੱਚੇ ਇਲਾਕੇ ਦੀ ਨੁਹਾਰ ਬਦਲੀ, ਦੀ ਕਾਰੁਗਜ਼ਾਰੀ ਦੇ ਆਧਾਰ ’ਤੇ ਵੋਟਾਂ ਪਾਉਣ
ਸੁਖਜਿੰਦਰ ਮਾਨ
ਬਠਿੰਡਾ, 3 ਫਰਵਰੀ: ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਸੂਬੇ ਵਿਚ ਅਕਾਲੀ ਦਲ ਤੇ ਬਸਪਾ ਸਰਕਾਰ ਦੇ ਸੱਤਾ ਵਿਚ ਵਾਪਸ ਪਰਤਣ ਤੋਂ ਬਾਅਦ ਉਹ ਸਾਰੇ 12000 ਪਿੰਡਾਂ ਵਿਚ ਕੰਕ੍ਰੀਟ ਸੜਕਾਂ ਬਣਾਉਣ ਤੇ ਨਾਲ ਹੀ ਪੀਣ ਵਾਲਾ ਸਾਫ ਪਾਣੀ ਤੇ ਸੀਵਰੇਜ ਸਹੂਲਤਾਂ ਪ੍ਰਦਾਨ ਕਰਨ ਲਈ ਇਕ ਵਿਆਪਕ ਪ੍ਰਾਜੈਕਟ ਲਿਆਵੇਗੀ। ਭੁੱਚੋਂ ਮੰਡੀ ਦੇ ਉਮੀਦਵਾਰ ਦਰਸ਼ਨ ਸਿੰਘ ਕੋਟਫੱਤਾ ਦੇ ਹੱਕ ਵਿਚ ਅਲੱਗ ਅਲੱਗ ਥਾਵਾਂ ’ਤੇ ਰੱਖੀਆਂ ਜਨਤਕ ਇਕੱਠਾਂ ਨੁੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਆਪਣੇ ਪਿੰਡਾਂ ਵਿਚ ਬੁਨਿਆਦੀ ਢਾਂਚਾ ਸ਼ਹਿਰਾਂ ਵਾਂਗ ਸੁਧਾਰਨ ਲਈ ਦਿ੍ਰੜ੍ਹ ਸੰਕਲਪ ਹਾਂ। ਉਹਨਾਂ ਕਿਹਾ ਕਿ ਇਕ ਵਾਰ ਸੱਤਾ ਵਿਚ ਆਉਣ ਤੋਂ ਮਗਰੋਂ ਅਸੀਂ ਇਸ ਉਦੇਸ਼ ਦੀ ਪੂਰਤੀ ਵਾਸਤੇ ਵਿਆਪਕ ਯੋਜਨਾ ਲਿਆਵਾਂਗੇ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਸਾਰੇ ਕਿਸਾਨ ਜਿਹਨਾਂ ਕੋਲ ਟਿਊਬਵੈਲ ਕੁਨੈਕਸ਼ਨ ਨਹੀਂ ਹਨ, ਉਹਨਾਂ ਨੂੰ ਸਰਕਾਰ ਬਣਨ ਦੇ ਇਕ ਮਹੀਨੇ ਦੇ ਅੰਦਰ ਅੰਦਰ ਕੁਨੈਕਸ਼ਨ ਦਿੱਤੇ ਜਾਣਗੇ ਤੇ ਨਾਲ ਹੀ ਉਹਨਾਂ ਸਾਰੇ ਬੇਘਰੇ ਲੋਕਾਂ ਨੁੰ ਪੰਜ ਪੰਜ ਮਰਲੇ ਦੇ ਪਲਾਟ ਦੇਣ ਦਾ ਵੀ ਐਲਾਨ ਕੀਤਾ। ਉਹਨਾਂ ਕਿਹਾ ਕਿ ਪਿੰਡਾਂ ਵਿਚ ਸਾਡੇ ਕੋਲ ਸ਼ਾਮਲਾਟ ਹੈ ਜੋ ਸਰਕਾਰ ਖਰੀਦੇਗੀ ਤੇ ਇਸਨੁੰ ਬੇਘਰੇ ਲੋਕਾਂ ਨੁੰ ਦੇਵੇਗੀ। ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਇਸਦੇ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਭਗਵੰਤ ਮਾਨ ਨੁੰ ਵੀ ਕਰੜੇ ਹੱਥੀਂ ਲਿਆ। ਉਹਨਾਂ ਕਿਹਾ ਕਿ ਦਿੱਲੀ ਵਿਚ ਸ੍ਰੀ ਕੇਜਰੀਵਾਲ ਕਿਸਾਨਾਂ ਨੁੰ ਮੁਫਤ ਬਿਜਲੀ ਨਹੀਂ ਦੇ ਰਹੇ। ਕੇਜਰੀਵਾਲ ਸਰਕਾਰ ਨਾ ਤਾਂ ਬੁਢਾਪਾ ਪੈਨਸ਼ਨਾਂ ਦੇ ਰਹੀ ਹੈ ਤੇ ਨਾ ਹੀ ਸ਼ਗਨ ਸਕੀਮ ਦੇ ਰਹੀ ਹੈ। ਜੇਕਰ ਇਹ ਪੰਜਾਬ ਵਿਚ ਸੱਤਾ ਵਿਚ ਆ ਗਈ ਤਾਂ ਇਹ ਪੰਜਾਬ ਵਿਚ ਵੀ ਉਹੀ ਮਾਡਲ ਅਪਣਾਏਗੀ। ਉਹਨਾਂ ਕਿਹਾ ਕਿ ਇਹ ਸਾਰੀਆਂ ਸਹੂਲਤਾਂ ਪੰਜਾਬ ਵਿਚ ਨਹੀਂ ਦਿੱਤੀਆਂ ਜਾਣਗੀਆਂ ਤੇ ਸਗੋਂ ਦਿੱਲੀ ਦੀ ਤਰਜ ’ਤੇ ਬਿਜਲੀ ਦਰਾਂ ਵਿਚ ਵਾਧਾ ਕਰ ਦਿੱਤਾ ਜਾਵੇਗਾ।ਭਗਵੰਤ ਮਾਨ ਦੀ ਗੱਲ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਲੋਕਾਂ ਨੂੰ ਅਜਿਹਾ ਆਗੂ ਨਹੀਂ ਚਾਹੀਦਾ ਜਿਹੜਾ ਆਦਤਨ ਸ਼ਰਾਬੀ ਹੋਵੇ ਤੇ ਜਿਸਨੂੰ ਤਲਵੰਡੀ ਸਾਬੋ ਵਿਖੇ ਤਖਤ ਸ੍ਰੀ ਦਮਦਮਾ ਸਾਹਿਬ ਵਿਚ ਨਤਮਸਤਕ ਹੋਣ ਵੇਲੇ ਸ਼ਰਾਬ ਨਾਲ ਟੁੰਨ ਪਾਇਆ ਗਿਆ ਹੋਵੇ। ਉਹਨਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਉਸਨੇ ਸ਼ਰਾਬ ਨਾ ਪੀਣ ਲਈ ਆਪਣੀ ਮਾਂ ਦੀ ਝੂਠੀ ਸਹੁੰ ਖਾਧੀ ਸੀ ਤੇ ਫਿਰ ਇਹ ਸਹੰੁ ਤੋੜ ਦਿੱਤੀ। ਅਜਿਹੇ ਬੰਦੇ ’ਤੇ ਕਦੇ ਵਿਸਾਹ ਨਹੀਂ ਕੀਤਾ ਜਾ ਸਕਦਾ।ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਨੇ 2017 ਵਿਚ ਵੀ ਪੰਜਾਬੀਆਂ ਨਾਲ ਧੋਖਾ ਕੀਤਾ ਸੀ ਤੇ ਐਤਕੀਂ ਵੀ ਇਹੋ ਕੁਝ ਕੀਤਾ ਹੈ। 2017 ਵਾਂਗ ਆਮ ਆਦਮੀ ਪਾਰਟੀ ਨੇ 65 ਉਮੀਦਵਾਰਾਂ ਨੁੰ ਟਿਕਟਾਂ ਵੇਚੀਆਂ ਹਨ। ਇਸਨੇ ਦਾਗੀ ਲੋਕਾਂ ਨੁੰ ਵੀ ਟਿਕਟਾਂ ਦਿੱਤੀਆਂ ਹਨ ਤੇ ਅਮਿਤ ਰਤਨ ਵਰਗੇ ਬੰਦੇ ਨੂੰ ਬਠਿੰਡਾ ਦਿਹਾਤੀ ਹਲਕੇ ਤੋਂ ਉਮੀਦਵਾਰ ਬਣਾਇਆ ਹੈ ਜਦੋਂ ਕਿ ਅਕਾਲੀ ਦਲ ਨੇ ਕਿਸਾਨਾਂ ਨਾਲ ਠੱਗੀ ਮਾਰਨ ਦੇ ਦੋਸ਼ ਵਿਚ ਇਸਨੁੰ ਪਾਰਟੀ ਵਿਚੋਂ ਕੱਢ ਦਿੱਤਾ ਸੀ। ਉਨ੍ਹਾਂ ਲੋਕਾਂ ਨੁੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਵਰਗੀ ਭਰੋਸੇਯੋਗ ਪਾਰਟੀ ਨੂੰ ਇਕ ਮੌਕਾ ਦੇਣ ਨਾ ਕਿ ਆਮ ਆਦਮੀ ਪਾਰਟੀ ਨੂੰ। ਉਹਨਾਂ ਕਿਹਾ ਕਿ ਅਸੀਂ ਤੁਹਾਡੇ ਗੁਆਂਢ ਵਿਚ ਰਹਿੰਦੇ ਹਾਂ। ਤੁਸੀਂ ਪ੍ਰਕਾਸ਼ ਸਿੰਘ ਬਾਦਲ ਦਾ ਕੰਮ ਕਰਨ ਦਾ ਤਰੀਕਾ ਵੇਖਿਆ ਹੈ ਜੋ ਤੁਹਾਡੇ ਘਰਾਂ ਵਿਚ ਆਏ ਹਨ। ਕੇਜਰੀਵਾਲ ਦਿੱਲੀ ਰਹਿੰਦਾ ਹੈ। ਇਕ ਵਾਰ ਪੰਜਾਬ ਵਿਚ ਉਸਦੀ ਪਾਰਟੀ ਹਾਰ ਗਈ ਤਾਂ ਉਹ ਕਿਸੇ ਦੂਜੇ ਰਾਜ ਵਿਚ ਚਲਾ ਜਾਵੇਗਾ, ਤੁਸੀਂ ਉਸਨੁੰ ਕਿਥੇ ਮਿਲੋਗੇ ?ਇਲਾਕੇ ਦੇ ਵਿਕਾਸ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਤੁਸੀਂ ਬਠਿੰਡਾ ਅਤੇ ਇਸਦੇ ਆਲੇ ਦੁਆਲੇ ਦੇ ਇਲਾਕਿਆਂ ਦਾ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ ਹੋਇਆ ਵਿਕਾਸ ਵੇਖਿਆ ਹੈ। ਤੁਸੀਂ ਇਕੇ ਏਮਜ਼ ਬਣਦਾ ਵੇਖਿਆ ਹੈ। ਇਕ ਸੈਂਟਰ ਯੂਨੀਵਰਸਿਟੀ ਵੀ ਬਣੀ ਤੇ ਤੁਹਾਡੇ ਨੇੜਲੇ ਇਲਾਕੇ ਵਿਚ ਥਰਮਲ ਪਲਾਂਟ ਵੀ ਲੱਗੇ। ਤੁਸੀਂ ਵੇਖਿਆ ਕਿ ਕਿਵੇਂ ਸੜਕ ਨੈਟਵਰਕ ਵਿਚ ਸੁਧਾਰ ਕੀਤਾ ਗਿਆ। ਕਿਵੇਂ ਇਲਾਕੇ ਵਿਚ ਰਿਫਾਇਨਰੀ ਲੱਗਣ ਨਾਲ ਇਲਾਕੇ ਵਿਚ ਖੁਸ਼ਹਾਲੀ ਆਈਹੈ। ਇਹ ਸਭ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਦੂਰਅੰਦੇਸ਼ੀ ਸੋਚ ਦੀ ਰਾਜਨੀਤੀ ਸਦਕਾ ਸੰਭਵ ਹੋਇਆ ਹੈ। ਅਸੀਂ ਇਸ ਵਿਰਸੇ ਨੁੰ ਅੱਗੇ ਲਿਜਾਣ ਲਈ ਵਚਨਬੱਧ ਹਾਂ।ਇਸ ਮੌਕੇ ਸਰਦਾਰ ਬਾਦਲ ਨੇ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੀ ਸਾਬਕਾ ਚੇਅਰਪਰਸਨ ਰਾਜਵਿੰਦਰ ਕੌਰ ਤੇ ਅਕਾਲੀ ਦਲ ਸੰਯੁਕਤ ਦੇ ਐਸ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅੰਗਰੇਜ਼ ਸਿੰਘ ਨੂੰ ਅਕਾਲੀ ਦਲ ਵਿਚ ਸ਼ਾਮਲ ਵੀ ਕੀਤਾ।
ਕਾਂਗਰਸ ਦੇ ਸਾਬਕਾ ਸੂੁਬਾ ਪ੍ਰਧਾਨ ਹੰਸਪਾਲ ਤੇ ਅਕਾਲੀ ਆਗੂ ਬੱਬੀ ਬਾਦਲ ਆਪ ਵਿਚ ਸ਼ਾਮਲ
ਭਗਵੰਤ ਮਾਨ ਅਤੇ ਰਾਘਵ ਚੱਢਾ ਨੇ ਕਾਂਗਰਸੀ ਅਤੇ ਅਕਾਲੀ ਆਗੂਆਂ ਦਾ ਕੀਤਾ ਸਵਾਗਤ
ਮੁੱਖ ਮੰਤਰੀ ਚੰਨੀ ਖ਼ਿਲਾਫ਼ ਸ੍ਰੀ ਚਮਕੌਰ ਸਾਹਿਬ ਅਤੇ ਭਦੌੜ ਵਿੱਚ ਕਰਾਂਗਾ ਪ੍ਰਚਾਰ: ਜਗਮੋਹਨ ਸਿੰਘ ਕੰਗ
ਸੁਖਜਿੰਦਰ ਮਾਨ
ਚੰਡੀਗੜ, 3 ਫਰਵਰੀ: ਪੰਜਾਬ ਦੀ ਰਾਜਨੀਤੀ ਵਿੱਚ ਅੱਜ ਵੱਡਾ ਧਮਾਕਾ ਕਰਦਿਆਂ ਸੂਬਾ ਕਾਂਗਰਸ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਹੰਸਪਾਲ (ਐਚ.ਐਸ. ਹੰਸਪਾਲ), ਅਕਾਲੀ ਦਲ ਸੰਯੁਕਤ (ਢੀਡਸਾ) ਦੇ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ ਆਪਣੇ ਸਾਥੀਆਂ ਸਮੇਤ ਅਤੇ ਬੈਂਕ ਮੁਲਾਜ਼ਮ ਯੂਨੀਅਨ ਦੇ ਕੌਮੀ ਆਗੂ ਕੇ.ਕੇ. ਸਹਿਗਲ ਅੱਜ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ। ‘ਆਪ‘ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਇਨਾਂ ਆਗੂਆਂ ਦਾ ਰਸਮੀ ਤੌਰ ‘ਤੇ ਪਾਰਟੀ ਵਿੱਚ ਸਵਾਗਤ ਕੀਤਾ। ਇਸ ਦੌਰਾਨ ਪਿਛਲੇ ਦਿਨੀਂ ਆਪ ਦਾ ਪੱਲਾ ਫ਼ੜਣ ਵਾਲੇ ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਜਗਮੋਹਨ ਸਿੰਘ ਕੰਗ ਵੀ ਪੁੱਜੇ ਹੋਏ ਸਨ, ਜਿੰਨ੍ਹਾਂ ਇਸ ਮੌਕੇ ਐਲਾਨ ਕੀਤਾ ਕਿ ਉਹ ਮੁੱਖ ਮੰਤਰੀ ਚੰਨੀ ਵਿਰੁਧ ਚਮਕੌਰ ਸਾਹਿਬ ਤੇ ਭਦੋੜ ਹਲਕੇ ਵਿਚ ਪ੍ਰਚਾਰ ਕਰਨਗੇ। ਪਾਰਟੀ ਮੁੱਖ ਦਫ਼ਤਰ ਵਿੱਚ ਕਾਂਗਰਸ ਅਤੇ ਅਕਾਲੀ ਦਲ ਸੰਯੁਕਤ ਦੇ ਆਗੂਆਂ ਨੂੰ ਸ਼ਾਮਲ ਕਰਨ ਲਈ ਕਰਵਾਏ ਸਮਾਗਮ ਦੌਰਾਨ ਆਪ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਿਹਾ, ‘‘ਆਮ ਆਦਮੀ ਪਾਰਟੀ ਵਿੱਚ ਪੰਜਾਬ ਦੇ ਹਿਤੈਸ਼ੀ ਅਤੇ ਰਾਜਨੀਤਿਕ ਦਿੱਗਜਾਂ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ, ਐਚ.ਐਸ. ਹੰਸਪਾਲ (ਸਾਬਕਾ ਰਾਜ ਸਭਾ ਮੈਂਬਰ ਅਤੇ ਨਾਮਧਾਰੀ ਸੰਪਰਦਾ ਦੇ ਆਗੂ), ਅਕਾਲੀ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ ਅਤੇ ਮੁਲਾਜ਼ਮ ਆਗੂ ਕੇ. ਕੇ. ਸਹਿਗਲ ਆਦਿ ਦਾ ‘ਆਪ‘ ਵਿੱਚ ਸ਼ਾਮਲ ਹੋਣਾ ਸਿੱਧ ਕਰਦਾ ਹੈ ਕਿ ਪੰਜਾਬ ਵਿੱਚ ਰਾਜਨੀਤਿਕ ਤਬਦੀਲੀ ਦੀ ਹਵਾ ਨਹੀਂ, ਸਗੋਂ ਹਨੇਰੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਚੱਲ ਰਹੀ ਹੈ। ਪੰਜਾਬ ਨੂੰ ਬਚਾਉਣ ਦੀ ਚੱਲੀ ਲਾਮਬੰਦੀ ਵਿੱਚ ਹਰ ਇਮਾਨਦਾਰ ਆਗੂ ਆਪਣਾ ਯੋਗਦਾਨ ਪਾ ਰਿਹਾ ਹੈ ਅਤੇ ਮਾਰਚ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਰਚੰਮ ਲਹਿਰਾਏਗਾ।‘‘
ਆਮ ਆਦਮੀ ਪਾਰਟੀ ਦੇ ਦਿੱਲੀ ਦੇ ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਕਾਂਗਰਸੀ ਅਤੇ ਅਕਾਲੀ ਆਗੂਆਂ ਦਾ ਸਵਾਗਤ ਕਰਦਿਆਂ ਆਸ ਪ੍ਰਗਟ ਕੀਤੀ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ, ਕਿਉਂਕਿ ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਜੋੜੀ ਨੂੰ ਬਹੁਤ ਪਸੰਦ ਕਰਦੇ ਹਨ ਅਤੇ ਉਨਾਂ ‘ਤੇ ਪੰਜਾਬ ਨੂੰ ਬਚਾਉਣ ਲਈ ਵਿਸ਼ਵਾਸ਼ ਪ੍ਰਗਟ ਕਰਦੇ ਹਨ।ਚੱਢਾ ਨੇ ਦੱਸਿਆ ਕਿ ਅੱਜ ਜਗਮੋਹਨ ਸਿੰਘ ਕੰਗ ਨਾਲ ਉਨਾਂ ਦੇ ਦੋਵੇਂ ਪੁੱਤਰ ਜ਼ਿਲਾ ਪ੍ਰੀਸ਼ਦ ਮੈਂਬਰ ਯਾਦਵਿੰਦਰ ਸਿੰਘ ਕੰਗ ਅਤੇ ਅਮਰਿੰਦਰ ਸਿੰਘ ਕੰਗ ਵੀ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਸ਼ਾਮਲ ਹੋਏ ਹਨ, ਜਦੋਂ ਕਿ ਅਕਾਲੀ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ ਨਾਲ ਉਨਾਂ ਦੇ ਸਾਥੀ ਤੇ ਅਕਾਲੀ ਦਲ ਢੀਂਡਸਾ ਦੇ ਆਗੂ ਜਗਤਾਰ ਸਿੰਘ ਘੜੂੰਆਂ ਜ਼ਿਲਾ ਪ੍ਰਧਾਨ ਯੂਥ ਵਿੰਗ, ਰਣਜੀਤ ਸਿੰਘ ਬਰਾੜ ਕੌਮੀ ਸੀਨੀਅਰ ਮੀਤ ਪ੍ਰਧਾਨ, ਕਮਲਜੀਤ ਸਿੰਘ ਪੱਤੋਂ ਸਰਕਲ ਪ੍ਰਧਾਨ ਯੂਥ ਵਿੰਗ, ਤਰਲੋਕ ਸਿੰਘ ਸੀਨੀਅਰ ਮੀਤ ਪ੍ਰਧਾਨ, ਬਲਬੀਰ ਸਿੰਘ ਝਾਂਮਪੁਰ ਸਰਕਲ ਪ੍ਰਧਾਨ ਬਲੌਗੀ, ਰਣਧੀਰ ਸਿੰਘ ਸਰਕਲ ਪ੍ਰਧਾਨ ਸੋਹਾਣਾ, ਸੁਰਿੰਦਰ ਸਿੰਘ ਕੰਡਾਲਾ ਜਨਰਲ ਸਕੱਤਰ, ਤਿਲਕ ਰਾਜ ਸਰਕਲ ਪ੍ਰਧਾਨ ਸ਼ਹਿਰੀ, ਹਰਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਜਰਨੈਲ ਸਿੰਘ ਹੇਮਕੁੰਡ ਜਨਰਲ ਸਕੱਤਰ, ਹਰਪਾਲ ਸਿੰਘ ਸਮਾਜ ਸੇਵੀ, ਇਕਬਾਲ ਸਿੰਘ ਮੀਤ ਪ੍ਰਧਾਨ, ਨਰਿੰਦਰ ਸਿੰਘ ਮੋਨੀ ਮੀਤ ਪ੍ਰਧਾਨ, ਹਰਜੀਤ ਸਿੰਘ ਜੀਤੀ ਮੀਤ ਪ੍ਰਧਾਨ, ਬਲਵਿੰਦਰ ਸਿੰਘ ਬਿੰਦਰ ਸਰਕਲ ਪ੍ਰਧਾਨ, ਕਰਤਾਰ ਸਿੰਘ ਜਨਰਲ ਸਕੱਤਰ, ਸੁਰਿੰਦਰ ਸਿੰਘ ਝਿਊਰਹੇੜੀ, ਲਖਵੀਰ ਸਿੰਘ ਸੰਯੁਕਤ ਸਕੱਤਰ, ਬੀਬੀ ਇੰਦਰਜੀਤ ਕੌਰ ਸਾਬਕਾ ਕੌਂਸਲਰ, ਬੀਬੀ ਮਨਜੀਤ ਕੌਰ ਪ੍ਰਧਾਨ ਇਸਤਰੀ ਵਿੰਗ, ਜਵਾਲਾ ਸਿੰਘ ਬੁਲਾਰਾ ਯੂਥ ਵਿੰਗ, ਰਵਿੰਦਰ ਸਿੰਘ ਸਰਕਲ ਪ੍ਰਧਾਨ ਖਰੜ, ਕਮਲਜੀਤ ਸਿੰਘ ਅਤੇ ਮਨਜੋਤ ਸਿੰਘ ਵੀ ‘ਆਪ‘ ਵਿੱਚ ਸ਼ਾਮਲ ਹੋਏ ਹਨ।ਇਸ ਮੌਕੇ ‘ਆਪ‘ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਮੋਹਾਲੀ ਤੋਂ ਉਮੀਦਵਾਰ ਕੁਲਵੰਤ ਸਿੰਘ, ਖਰੜ ਤੋਂ ਉਮੀਦਵਾਰ ਅਨਮੋਲ ਗਗਨ ਮਾਨ, ਬੁਲਾਰਾ ਮਾਲਵਿੰਦਰ ਸਿੰਘ ਕੰਗ ਅਤੇ ਹੋਰ ਸੀਨੀਅਰ ਆਗੂ ਵੀ ਹਾਜ਼ਰ ਸਨ।
ਵੱਡਾ ਇਕੱਠ ਕਰਨ ਦੇ ਦੋਸ਼ਾਂ ਹੇਠ ਅਕਾਲੀ ਉਮੀਦਵਾਰ ਨੂੰ ਨੋਟਿਸ ਜਾਰੀ
ਸੁਖਬੀਰ ਬਾਦਲ ਦੀ ਅਗਵਾਈ ਹੇਠ ਬਠਿੰਡਾ ਦਿਹਾਤੀ ਹਲਕੇ ਦੀ ਹੋਈ ਸੀ ਰੈਲੀ
ਸੁਖਜਿੰਦਰ ਮਾਨ
ਬਠਿੰਡਾ, 3 ਫਰਵਰੀ: ਚੋਣ ਕਮਿਸ਼ਨ ਵਲੋਂ ਚੋਣ ਰੈਲੀਆਂ ਕਰਨ ’ਚ ਦਿੱਤੀ ਢਿੱਲੀ ਦਾ ਫ਼ਾਈਦਾ ਉਠਾਉਣਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਮਹਿੰਗਾ ਪਿਆ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਥਾਨਕ ਇੱਕ ਪੈਲੇਸ ’ਚ ਬਠਿੰਡਾ ਦਿਹਾਤੀ ਦੇ ਉਮੀਦਵਾਰ ਪ੍ਰਕਾਸ਼ ਸਿੰਘ ਭੱਟੀ ਦੇ ਹੱਕ ਵਿੱਚ ਹੋਈ ਇਸ ਮੀਟਿੰਗ ’ਚ ਕਮਿਸ਼ਨ ਵਲੋਂ ਤੈਅਸੁਦਾ ਨਿਯਮਾਂ ਦੀ ਉਲੰਘਣਾ ਕਰਨ ‘ਤੇ ਚੋਣ ਅਧਿਕਾਰੀਆਂ ਵਲੋਂ ਉਕਤ ਉਮੀਦਵਾਰ ਨੂੰ ਨੋਟਿਸ ਭੇਜਿਆ ਗਿਆ ਹੈ। ਚੋਣ ਅਧਿਕਾਰੀ ਆਰਪੀ ਸਿੰਘ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਸਿਕਾਇਤ ਮਿਲਣ ਤੋਂ ਬਾਅਦ ਕਰਵਾਈ ਪੜਤਾਲ ਦੇ ਆਧਾਰ ’ਤੇ ਇਹ ਨੋਟਿਸ ਜਾਰੀ ਕੀਤਾ ਗਿਆ ਹੈ। ਚੋਣ ਅਧਿਕਾਰੀਆਂ ਦੇ ਸੂਤਰਾਂ ਮੁਤਾਬਕ ਤੈਅਸ਼ੁਦਾ ਇੱਕ ਹਜ਼ਾਰ ਦੇ ਇਕੱਠ ਦੀ ਬਜ਼ਾਏ ਅਕਾਲੀ ਦਲ ਵਲੋਂ ਇਸਤੋਂਦੁਗਣਾ ਇਕੱਠ ਕੀਤਾ ਹੋਇਆ ਸੀ। ਇਸ ਮੌਕੇ 50 ਬੱਸਾਂ ਅਤੇ ਵੱਡੀ ਗਿਣਤੀ ਵਿਚ ਕਾਰਾਂ ’ਤੇ ਅਕਾਲੀ ਸਮਰਥਕ ਪੁੱਜੇ ਹੋਏ ਸਨ। ਚੋਣ ਅਧਿਕਾਰੀ ਆਰ ਪੀ ਸਿੰਘ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਬਦਲੇ ਉਕਤ ਉਮੀਦਵਾਰ ਨੂੰ 4 ਫਰਵਰੀ ਸਵੇਰ 11 ਵਜੇ ਤਕ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ। ਉਨ੍ਹਾਂ ਚਿਤਾਵਨੀ ਜਾਰੀ ਕੀਤੀ ਕਿ ਜੇਕਰ ਸਪੱਸ਼ਟੀਕਰਨ ਪ੍ਰਾਪਤ ਨਾ ਹੋਇਆ ਤਾਂ ਕੋਡ ਆਫ ਕੰਡਕਟ ਦੀ ਉਲੰਘਣਾ ਮੰਨਦੇ ਹੋਏ ਅਗਲੇਰੀ ਕਾਰਵਾਈ ਲਈ ਲਿਖਿਆ ਜਾਵੇਗਾ।
ਪੰਜਾਬ ਨੂੰ ਲੋਕ ਪੱਖੀ ਤੇ ਗੰਭੀਰ ਆਗੂਆਂ ਦੀ ਜ਼ਰੂਰਤ, ਭ੍ਰਿਸ਼ਟ,ਮੀਸਣੇ ਅਤੇ ਮਸੰਦ ਆਗੂਆਂ ਦੀ ਨਹੀਂ : ਭਗਵੰਤ ਮਾਨ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਟਿੱਪਣੀ ‘ਤੇ ਭਗਵੰਤ ਮਾਨ ਨੇ ਦਿੱਤਾ ਕਰਾਰਾ ਜਵਾਬ
ਸ੍ਰੀ ਗੁਰੂ ਗਰੰਥ ਸਾਹਿਬ ਦੀਆਂ ਬੇਅਦਬੀਆਂ, ਨੌਜਵਾਨੀ ਦਾ ਘਾਣ, ਪੰਜਾਬ ਸਿਰ ਕਰਜੇ ਦੀ ਪੰਡ, ਮਾਫ਼ੀਆ ਰਾਜ ਅਤੇ ਨਸ਼ੇ ਦਾ ਸਾਮਰਾਜ ਸਭ ਪ੍ਰਕਾਸ਼ ਸਿੰਘ ਬਾਦਲ ਦੀ ਦੇਣ: ਭਗਵੰਤ ਮਾਨ
ਬਾਦਲ ਪਰਿਵਾਰ, ਕੈਪਟਨ ਪਰਿਵਾਰ ਸਮੇਤ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੇ ਵਾਰੀ ਬੰਨ ਕੇ ਪੰਜਾਬ ਦੇ ਖ਼ਜ਼ਾਨੇ ਨੂੰ ਲੁੱਟਿਆ: ਭਗਵੰਤ ਮਾਨ
ਸੁਖਜਿੰਦਰ ਮਾਨ
ਚੰਡੀਗੜ, 2 ਫਰਵਰੀ: ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ, ਸੰਸਦ ਮੈਂਬਰ ਅਤੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਵੱਲੋਂ ਕੀਤੀ ਟਿੱਪਣੀ ਕਿ ‘ਲੋਕਾਂ ਨੂੰ ਗੰਭੀਰਤਾ ਚਾਹੀਦੀ ਹੈ, ਡਰਾਮੇਬਾਜੀ ਜਾਂ ਨੌਟੰਕੀ ਨਹੀ’ ਦੀ ਪ੍ਰੋੜਤਾ ਕਰਦਿਆਂ ਜਵਾਬੀ ਹਮਲਾ ਕੀਤਾ ਹੈ। ਮਾਨ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਸੰਬੋਧਿਤ ਹੁੰਦਿਆਂ ਕਿਹਾ, ”ਪੰਜਾਬ ਨੂੰ ਲੋਕ ਪੱਖੀ ਤੇ ਗੰਭੀਰ ਆਗੂਆਂ ਦੀ ਜ਼ਰੂਰਤ ਹੈ, ਭ੍ਰਿਸ਼ਟ, ਮੀਸਣੇ ਅਤੇ ਮਸੰਦ ਆਗੂਆਂ ਦੀ ਨਹੀਂ। ਜਿਨਾਂ ਦੇ ਰਾਜਕਾਲ ਵਿੱਚ ਪੰਜਾਬ ਨੇ ਖੂਨ ਦੇ ਹੰਝੂ ਵਹਾਏ ਹੋਣ ਅਤੇ ਪੰਜਾਬ ਦੀ ਨੌਜਵਾਨੀ ਨਸ਼ਿਆਂ ਦੀ ਦਲਦਲ ਵਿੱਚ ਡੁੱਬੀ ਹੋਵੇ।”
ਬੁੱਧਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੀ ਸਖ਼ਤ ਅਲੋਚਨਾ ਕਰਦਿਆਂ ਕਿਹਾ,”ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਦੀ ਸਿਆਸਤ ‘ਤੇ ਪ੍ਰਕਾਸ਼ ਸਿੰਘ ਬਾਦਲ ਅਤੇ ਉਨਾਂ ਦੇ ਸਾਕ- ਸੰਬੰਧੀ ਕਾਬਜ ਰਹੇ ਹਨ। ਪ੍ਰਕਾਸ਼ ਸਿੰਘ ਬਾਦਲ ਹੀ ਕਰੀਬ 19-20 ਸਾਲ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ ਅਤੇ ਉਨਾਂ ਨੂੰ ਸਿਆਣਾ ਆਗੂ ਸਮਝ ਕੇ ਪੰਜਾਬ ਵਾਸੀਆਂ ਨੇ ਪੰਜ ਵਾਰ ਮੁੱਖ ਮੰਤਰੀ ਬਣਾਇਆ ਸੀ। ਪਰ ਪ੍ਰਕਾਸ਼ ਸਿੰਘ ਬਾਦਲ ਦੇ ਰਾਜਕਾਲ ਵਿੱਚ ਜਿਹੜਾ ਹਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਹੋਇਆ ਹੈ, ਉਹ ਕਿਸੇ ਤੋਂ ਲੁਕਿਆ ਨਹੀਂ ਹੈ। ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਦੌਰ ਵਿੱਚ ਪੰਜਾਬ ਨੇ ਉਹ ਸੰਤਾਪ ਭੋਗਿਆ, ਜਿਹੜਾ ਪੰਜਾਬ ਦੀਆਂ ਕਈ ਪੀੜੀਆਂ ਭੁੱਲ ਨਹੀਂ ਸਕਦੀਆਂ। ਸ੍ਰੀ ਗੁਰੂ ਗਰੰਥ ਸਾਹਿਬ ਦੀਆਂ ਬੇਅਦਬੀਆਂ, ਨੌਜਵਾਨੀ ਦਾ ਘਾਣ, ਪੰਜਾਬ ਸਿਰ ਕਰਜੇ ਦੀ ਪੰਡ, ਮਾਫ਼ੀਆ ਰਾਜ ਅਤੇ ਨਸ਼ੇ ਦਾ ਸਾਮਰਾਜ ਸਭ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਹੈ।” ਉਨਾਂ ਸਵਾਲ ਕੀਤਾ ਕਿ ਪ੍ਰਕਾਸ਼ ਸਿੰਘ ਬਾਦਲ ਦੱਸ ਸਕਦੇ ਹਨ ਕਿ ਗੰਭੀਰਤਾ ਕੀ ਹੁੰਦੀ ਹੈ? ਗੰਭੀਰ ਆਗੂ ਕਿਹੜਾ ਹੁੰਦਾ? ਪਿਛਲੇ 50 ਸਾਲ ਪੰਜਾਬ ਡਰਾਮੇਬਾਜੀ ਕੌਣ ਕਰਦਾ ਰਿਹਾ?
ਮਾਨ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਿਆ, ”ਉਸ ਆਗੂ ਨੂੰ ਕੀ ਕਿਹਾ ਜਾਵੇ ਜਿਹੜੇ ਪੰਜਾਬ ਨੂੰ ਬਲਦੀ ਭੱਠੀ ਵਿੱਚ ਝੋਕ ਕੇ ਦੂਜੇ ਸੂਬੇ ਵਿਚਲੇ ਫਾਰਮ ਹਾਊਸ ‘ਤੇ ਜਾ ਬੈਠੇ ਅਤੇ ਆਪਣੇ ਪੁੱਤ ਨੂੰ ਵਿਦੇਸ਼ ਭੇਜ ਦੇਵੇ। ਆਮ ਲੋਕਾਂ ਦੇ ਪੁੱਤਾਂ ਨੂੰ ਪੰਥ ਬਚਾਉਣ ਲਈ ਅੱਗ ਝੋਕ ਦੇਵੇ, ਫਿਰ ਜਦੋਂ ਰਾਜਭਾਗ ਕਰਨ ਦਾ ਮੌਕਾ ਆ ਜਾਵੇ ਤਾਂ ਆਪਣੇ ਪੁੱਤ ਨੂੰ ਵਿਦੇਸ਼ ਤੋਂ ਸੱਦ ਕੇ ਸਰਕਾਰ ਦੀ ਵਾਂਗਡੋਰ ਉਸ ਦੇ ਹੱਥ ਫੜਾ ਦੇਵੇ।” ਉਨਾਂ ਕਿਹਾ ਕਿ ਸੱਤਾ ਵਿੱਚ ਰਹੇ ਬਾਦਲ ਪਰਿਵਾਰ, ਕੈਪਟਨ ਪਰਿਵਾਰ ਸਮੇਤ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੇ ਵਾਰੀ ਬੰਨ ਕੇ ਪੰਜਾਬ ਦੇ ਖ਼ਜ਼ਾਨੇ ਨੂੰ ਲੁੱਟਿਆ ਅਤੇ ਪੰਜਾਬ ਨੂੰ ਉਜਾੜਿਆ ਹੈ। ਪਿੰਡਾਂ ਵਿੱਚ ਸਿਵਿਆਂ ਦੀਆਂ ਅੱਗਾਂ ਮਚਾਈਆਂ ਅਤੇ ਚੁੱਲਿਆਂ ਦੀਆਂ ਅੱਗਾਂ ਠਾਰੀਆਂ ਹਨ। ਇਨਾਂ ਆਗੂਆਂ ਨੇ ਆਪੋ ਆਪਣੀਆਂ ਸੱਤ ਸੱਤ ਪੁਸਤਾਂ ਲਈ ਧਨ ਇੱਕਠਾ ਕਰ ਲਿਆ, ਜਦੋਂ ਕਿ ਪੰਜਾਬ ਦਾ ਇੱਕ ਇੱਕ ਜੀਅ ਕਰਜੇ ਦੇ ਦਰਿਆ ਵਿੱਚ ਡੋਬ ਦਿੱਤਾ।
ਭਗਵੰਤ ਮਾਨ ਨੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕਹੇ ਸ਼ਬਦਾਂ ਰਾਹੀਂ ਜਵਾਬ ਦਿੰਦਿਆਂ ਕਿਹਾ ਕਿ ਬਾਦਲ ਸਾਬ ਪੰਜਾਬ ‘ਤੇ ਰਹਿਮ ਕਰੋ ਅਤੇ ਕੋਈ ਗੰਭੀਰ ਗੱਲ ਕਰੋ। ਪੰਜਾਬ, ਪੰਥ ਅਤੇ ਪੰਜਾਬੀਆਂ ਨੇ ਤੁਹਾਡੇ ਰਾਜ ਦੇ ਸੰਤਾਪ ਨੂੰ ਆਪਣੇ ਪਿੰਡੇ ‘ਤੇ ਹੰਢਾਇਆ ਹੈ। ਪੰਜਾਬ ਦੇ ਲੋਕ ਇਸ ਵਾਰ ਵਿਧਾਨ ਸਭਾ ਚੋਣਾ ਨੂੰ ਜ਼ਰੂਰ ਗੰਭੀਰਤਾ ਨਾਲ ਲੈਣਗੇ। ਡਰਾਮੇਬਾਜੀ ਅਤੇ ਨੌਟੰਕੀ ਕਰਨ ਵਾਲੇ ਮੀਸਣੇ-ਮਸੰਦ ਆਗੂਆਂ ਨੂੰ ਮੂੰਹ ਨਹੀਂ ਲਾਉਣਗੇ। ਉਨਾਂ ਕਿਹਾ, ”ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਦੇ ਰਾਜਕਾਲ ਨੂੰ ਪਰਖ ਲਿਆ। ਪੰਥ ਅਤੇ ਪੰਜਾਬੀਅਤ ਦਾ ਨਕਾਬ ਪਾਉਣ ਵਾਲੇ ਦੋਗਲੇ ਚਿਹਰਿਆਂ ਵਾਲੇ ਆਗੂਆਂ ਦੀ ਪੰਜਾਬ ਦੇ ਲੋਕਾਂ ਨੂੰ ਪਛਾਣ ਹੋ ਗਈ ਹੈ। ਇਸ ਲਈ ਹੁਣ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਨਿਸ਼ਚਾ ਕੀਤਾ ਹੋਇਆ ਹੈ ਤਾਂ ਜੋ ਵਾਰੀ ਬੰਨ ਕੇ ਪੰਜਾਬ ਨੂੰ ਲੁੱਟਣ ਵਾਲੀਆਂ ਪਾਰਟੀਆਂ ਅਤੇ ਗੈਰ- ਗੰਭੀਰ ਆਗੂਆਂ ਤੋਂ ਪੰਜਾਬ ਨੂੰ ਬਚਾਇਆ ਜਾ ਸਕੇ।
ਐਸਸੀ, ਐਸਟੀ ਅਤੇ ਗਰੀਬ ਤਬਕੇ ਲਈ ਆਮ ਬਜਟ ਬਹੁਤ ਨਿਰਾਸ਼ਾਜਨਕ : ਹਰਪਾਲ ਸਿੰਘ ਚੀਮਾ
ਮਹਾਂਮਾਰੀ ਦੌਰਾਨ ਲੱਖਾਂ ਲੋਕਾਂ ਦੀ ਨੌਕਰੀ ਚਲੀ ਗਈ, ਗਰੀਬ ਵਰਗ ਸਭ ਤੋਂ ਵੱਧ ਪ੍ਰਭਾਵਿਤ ਹੋਇਆ, ਲੇਕਿਨ ਸਰਕਾਰ ਨੇ ਅੱਖਾਂ ਬੰਦ ਕਰ ਲਈਆਂ
ਮਨਰੇਗਾ ਬਜਟ ਵਿੱਚ 25 ਫੀਸਦੀ ਦੀ ਕਟੌਤੀ ਗਰੀਬਾਂ ਪ੍ਰਤੀ ਭਾਜਪਾ ਸਰਕਾਰ ਦੀ ਅਸੰਵੇਦਨਸ਼ੀਲਤਾ ਨੂੰ ਦਰਸਾਉਂਦੀ ਹੈ: ਹਰਪਾਲ ਚੀਮਾ
ਅਸਮਾਨ ਛੂਹ ਰਹੀ ਮਹਿੰਗਾਈ ‘ਤੇ ਕਾਬੂ ਪਾਉਣ ਲਈ ਇੱਕ ਵੀ ਕਦਮ ਨਹੀਂ ਚੁੱਕਿਆ, ਜਨਤਕ ਖੇਤਰ ਨੂੰ ਮਜ਼ਬੂਤ ਕਰਨ ਦੀ ਬਜਾਏ ਪੂੰਜੀਪਤੀਆਂ ‘ਤੇ ਮਿਹਰਬਾਨ ਮੋਦੀ ਸਰਕਾਰ: ਹਰਪਾਲ ਸਿੰਘ ਚੀਮਾ
ਸੁਖਜਿੰਦਰ ਮਾਨ
ਚੰਡੀਗੜ੍ਹ, 2 ਫਰਵਰੀ: ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੇਂਦਰੀ ਬਜਟ ਦੀ ਆਲੋਚਨਾ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਬਜਟ ਵਿੱਚ ਗਰੀਬ ਅਤੇ ਪਛੜੇ ਵਰਗਾਂ ਸਮੇਤ ਤਮਾਮ ਵਰਗ ਦੇ ਲੋਕਾਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਸਰਕਾਰ ਦੇ ਇਸ ਬਜਟ ਨੂੰ ਬੇਹੱਦ ਨਿਰਾਸ਼ਾਜਨਕ ਦੱਸਦਿਆਂ ਚੀਮਾ ਨੇ ਕਿਹਾ ਕਿ ਇਸ ਬਜਟ ਨੇ ਜਿੱਥੇ ਮੱਧ ਵਰਗ ਨੂੰ ਨਿਰਾਸ਼ ਕੀਤਾ ਹੈ, ਉੱਥੇ ਹੀ ਨੌਜਵਾਨਾਂ, ਕਿਸਾਨਾਂ ਅਤੇ ਨੌਕਰੀਪੇਸ਼ਾ ਲੋਕਾਂ ਦਾ ਵੀ ਧਿਆਨ ਨਹੀਂ ਰੱਖਿਆ ਗਿਆ। ਇਸ ਨਾਲ ਆਰਥਿਕ ਤ੍ਰਾਸਦੀ ਵਧੇਗੀ ਅਤੇ ਆਮ ਆਦਮੀ ਹਾਸ਼ੀਏ ‘ਤੇ ਆ ਜਾਵੇਗਾ। ਚੀਮਾ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਕਾਰਨ ਲੱਖਾਂ ਨੌਜਵਾਨ ਬੇਰੁਜ਼ਗਾਰ ਹੋ ਗਏ, ਲੋਕ ਅਜੇ ਵੀ ਮਹਾਂਮਾਰੀ ਤੋਂ ਉਭਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਨੂੰ ਬਜਟ ਤੋਂ ਬਹੁਤ ਕਾਫੀ ਉਮੀਦਾਂ ਸਨ, ਪਰ ਕੇਂਦਰ ਦੀ ਮੋਦੀ ਸਰਕਾਰ ਦਾ ਇਹ ਬਜਟ ਜਨਤਾ ਦੀ ਕਸੌਟੀ ‘ਤੇ ਪੂਰੀ ਤਰ੍ਹਾਂ ਫੇਲ ਸਾਬਤ ਹੋਇਆ ਹੈ। ਕਿਸਾਨਾਂ ਦੀ ਗੱਲ ਕਰਦਿਆਂ ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਅਤੇ ਕਿਸਾਨਾਂ ਲਈ ਕੋਈ ਵਿਸ਼ੇਸ਼ ਪੈਕੇਜ ਦਾ ਐਲਾਨ ਨਾ ਕਰਕੇ ਇੱਕ ਵਾਰ ਫਿਰ ਆਪਣੀ ਕਿਸਾਨ ਵਿਰੋਧੀ ਸੋਚ ਦਾ ਸਬੂਤ ਦਿੱਤਾ ਹੈ। ‘ਆਪ’ ਆਗੂ ਨੇ ਕਿਹਾ ਕਿ ਮਨਰੇਗਾ ਦੀ ਵੰਡ ਵਿੱਚ 25 ਫੀਸਦੀ ਦੀ ਕਟੌਤੀ ਭਾਜਪਾ ਸਰਕਾਰ ਦੀ ਗਰੀਬਾਂ ਪ੍ਰਤੀ ਅਸੰਵੇਦਨਸ਼ੀਲਤਾ ਦਾ ਸਬੂਤ ਹੈ। ਦੇਸ਼ ਵਿੱਚ ਬੇਰੁਜ਼ਗਾਰੀ ਦੀ ਦਰ ਸਿਖਰਾਂ ‘ਤੇ ਹੈ, ਸੈਂਕੜੇ ਲੋਕ ਆਪਣੀਆਂ ਨੌਕਰੀਆਂ ਗੁਆ ਚੁੱਕੇ ਹਨ, ਗਰੀਬ ਹੋਰ ਗਰੀਬ ਹੋ ਰਿਹਾ ਹੈ, ਪਰ ਭਾਜਪਾ ਸਰਕਾਰ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਆਪਣੇ ਅਮੀਰ ਕਾਰਪੋਰੇਟ ਘਰਾਣਿਆਂ ‘ਤੇ ਮਿਹਰਬਾਨ ਹੈ। ਮੋਦੀ ਸਰਕਾਰ ਦੇ ਬਜਟ ਦਾ ਮਕਸਦ ਸਿਰਫ਼ ਤੇ ਸਿਰਫ਼ ਸਰਮਾਏਦਾਰਾਂ ਨੂੰ ਲਾਭ ਦੇਣਾ ਹੈ।
ਚੀਮਾ ਨੇ ਕਿਹਾ ਕਿ ਲੰਮੇ ਸਮੇਂ ਤੋਂ ਕਿਸਾਨ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਤੈਅ ਕਰਨ ਦੀ ਮੰਗ ਕਰ ਰਹੇ ਸਨ ਪਰ ਸਰਕਾਰ ਨੇ ਕੋਈ ਠੋਸ ਕਦਮ ਨਹੀਂ ਚੁੱਕਿਆ। ਇਸ ਦੇ ਉਲਟ ਭਾਜਪਾ ਦੀ ਸੱਤਾ ਵਾਲੀ ਕੇਂਦਰ ਸਰਕਾਰ ਨੇ ਕੁੱਲ ਬਜਟ ਵਿੱਚ ਖੇਤੀ ਨਾਲ ਸਬੰਧਤ ਕਿਸਾਨਾਂ ਦੇ ਹਿੱਸੇਦਾਰੀ ਵਿੱਚ ਵੱਡੀ ਕਟੌਤੀ ਕਰ ਦਿੱਤੀ। ਆਪ ਨੇਤਾ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਸਮਾਜ ਦੇ ਹਰ ਵਰਗ ਦੇ ਵਿਕਾਸ ਨੂੰ ਯਕੀਨੀ ਬਣਾਉਣ ਅਤੇ ਰਿਕਾਰਡ ਉੱਚੀ ਮਹਿੰਗਾਈ ਦਰ ਨੂੰ ਕਾਬੂ ਕਰਨ ਲਈ ਜਨਤਕ ਖੇਤਰ ਨੂੰ ਮਜ਼ਬੂਤ ਕਰਨ ਦੀ ਬਜਾਏ ਇੱਕ ਵਾਰ ਫਿਰ ਪੂੰਜੀਪਤੀਆਂ ਦਾ ਸਾਥ ਦਿੱਤਾ ਹੈ। ਚੀਮਾ ਨੇ ਕਿਹਾ ਕਿ ਮਹਿੰਗਾਈ ਦਰ ‘ਤੇ ਕਾਬੂ ਪਾਉਣ ਲਈ ਸਰਕਾਰੀ ਵਿਭਾਗ ਸਭ ਤੋਂ ਮਹੱਤਵਪੂਰਨ ਹਨ, ਪਰ ਮੰਦਭਾਗੀ ਗੱਲ ਹੈ ਕਿ ਮੋਦੀ ਸਰਕਾਰ ਸਾਰੇ ਪ੍ਰਮੁੱਖ ਵਿਭਾਗਾਂ ਦਾ ਨਿੱਜੀਕਰਨ ਕਰ ਰਹੀ ਹੈ। ਹਰਪਾਲ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਇਸ ਬੇਰੁਖ਼ੀ ਨੇ ਨਾ ਕੇਵਲ ਕਿਸਾਨਾਂ ਸਗੋਂ ਹਰ ਵਰਗ ਦੇ ਲੋਕਾਂ ਨੂੰ ਨਿਰਾਸ਼ ਕੀਤਾ ਹੈ। ਆਮ ਲੋਕਾਂ ਦੇ ਨਜ਼ਰੀਏ ਤੋਂ ਸਰਕਾਰ ਦਾ ਇਹ ਬਜਟ ਇੱਕ ਵੱਡੀ ਨਿਰਾਸ਼ਾ ਵਾਲਾ ਹੈ, ਕਿਉਂਕਿ ਇਸ ਬਜਟ ਨਾਲ ਮਹਿੰਗਾਈ ਹੋਰ ਵਧੇਗੀ ਅਤੇ ਗਰੀਬ ਹੋਰ ਗਰੀਬ ਹੋ ਜਾਵੇਗਾ।
ਵਿਧਾਨ ਸਭਾ ਚੋਣਾਂ-2022: ਬਠਿੰਡਾ ‘ਚ 45 ਉਮੀਦਵਾਰਾਂ ਦੀ ਨਾਮਜਦਗੀ ਰੱਦ
ਜਾਂਚ-ਪੜ੍ਹਤਾਲ ਉਪਰੰਤ 75 ਨਾਮਜ਼ਦਗੀਆਂ ਪਾਈਆਂ ਗਈਆਂ ਯੋਗ : ਜ਼ਿਲ੍ਹਾ ਚੋਣ ਅਫ਼ਸਰ
ਸੁਖਜਿੰਦਰ ਮਾਨ
ਬਠਿੰਡਾ, 2 ਫ਼ਰਵਰੀ: ਆਗਾਮੀ 20 ਫ਼ਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਹੋਈ ਪੜਤਾਲ ਦੌਰਾਨ 45 ਉਮੀਦਵਾਰਾਂ ਦੀਆਂ ਨਾਮਜਦਗੀਆਂ ਰੱਦ ਹੋ ਗਈਆਂ | ਸੂਚਨਾ ਮੁਤਾਬਕ ਰੱਦ ਹੋਈਆਂ ਜਿਆਦਾਤਰ ਨਾਮਜਦਗੀਆਂ ਕਵਰਿੰਗ ਉਮੀਦਵਾਰਾਂ ਦੀਆਂ ਹੀ ਸਨ | ਇੱਥੇ ਜਾਰੀ ਦਿੰਦਿਆਂ ਦਿੰਦਿਆਂ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ-2022 ਲਈ ਜ਼ਿਲੇ ਅੰਦਰ ਕੁੱਲ 120 ਨਾਮਜ਼ਦਗੀਆਂ ਦਾਖਲ ਹੋਈਆਂ, ਜਿਨ੍ਹਾਂ ਵਿਚੋਂ 75 ਨਾਮਜ਼ਦਗੀਆਂ ਯੋਗ ਪਾਈਆਂ ਗਈਆਂ ਹਨ | ਜ਼ਿਲ੍ਹਾ ਚੋਣ ਅਫ਼ਸਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ 90-ਰਾਮਪੁਰਾ ਫ਼ੂਲ ਤੋਂ ਕੁੱਲ 29 ਨਾਮਜ਼ਦਗੀਆਂ ਦਾਖਲ ਹੋਈਆਂ ਸਨ, ਜਿਨ੍ਹਾਂ ਵਿਚੋਂ 17 ਯੋਗ, ਵਿਧਾਨ ਸਭਾ ਹਲਕਾ 91-ਭੁੱਚੋਂ ਮੰਡੀ ਤੋਂ ਕੁੱਲ 12 ਨਾਮਜ਼ਦਗੀਆਂ ਦਾਖਲ ਹੋਈਆਂ ਸਨ, ਜਿਨ੍ਹਾਂ ਵਿਚੋਂ 8 ਯੋਗ, ਵਿਧਾਨ ਸਭਾ ਹਲਕਾ 92-ਬਠਿੰਡਾ ਸ਼ਹਿਰੀ ਤੋਂ 17 ਨਾਮਜ਼ਦਗੀਆਂ ਦਾਖਲ ਹੋਈਆਂ ਸਨ, ਜਿਨ੍ਹਾਂ ਵਿਚੋਂ 13 ਯੋਗ ਪਾਈਆਂ ਗਈਆਂ ਹਨ | ਇਸੇ ਤਰ੍ਹਾਂ ਵਿਧਾਨ ਸਭਾ ਹਲਕਾ 93-ਬਠਿੰਡਾ ਦਿਹਾਤੀ ਤੋਂ 12 ਨਾਮਜ਼ਦਗੀਆਂ ਦਾਖਲ ਹੋਈਆਂ ਸਨ, ਜਿਨ੍ਹਾਂ ਵਿਚੋਂ 8 ਯੋਗ, ਵਿਧਾਨ ਸਭਾ ਹਲਕਾ 94-ਤਲਵੰਡੀ ਸਾਬੋ ਤੋਂ 28 ਨਾਮਜ਼ਦਗੀਆਂ ਦਾਖਲ ਹੋਈਆਂ ਸਨ, ਜਿਨ੍ਹਾਂ ਵਿਚੋਂ 18 ਯੋਗ, ਇਸੇ ਤਰ੍ਹਾਂ ਵਿਧਾਨ ਸਭਾ ਹਲਕਾ 95-ਮੌੜ ਤੋਂ 22 ਨਾਮਜ਼ਦਗੀਆਂ ਦਾਖਲ ਹੋਈਆਂ ਹਨ, ਜਿਨ੍ਹਾਂ ਵਿਚੋਂ 11 ਨਾਮਜ਼ਦਗੀਆਂ ਯੋਗ ਪਾਈਆਂ ਗਈਆਂ | ਜਾਂਚ-ਪੜ੍ਹਤਾਲ ਉਪਰੰਤ ਯੋਗ ਪਾਈਆਂ ਗਈਆਂ ਨਾਮਜ਼ਦਗੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 90-ਰਾਮਪੁਰਾ ਫੂਲ ਤੋਂ ਗੁਰਪ੍ਰੀਤ ਸਿੰਘ ਕਾਂਗੜ ਇੰਡੀਅਨ ਨੈਸ਼ਨਲ ਕਾਂਗਰਸ, ਸਿਕੰਦਰ ਸਿੰਘ ਮਲੂਕਾ ਸ਼੍ਰੋਮਣੀ ਅਕਾਲੀ ਦਲ, ਬਲਕਾਰ ਸਿੰਘ ਆਮ ਆਦਮੀ ਪਾਰਟੀ, ਅਮਰਜੀਤ ਸਿੰਘ ਸ਼ਰਮਾ ਪੰਜਾਬ ਲੋਕ ਕਾਂਗਰਸ ਪਾਰਟੀ, ਬਲਜਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ), ਸਿੰਕਦਰ ਸਿੰਘ, ਜਸਕਰਨ ਸਿੰਘ, ਗੁਰਪ੍ਰੀਤ ਸਿੰਘ, ਲਖਵੀਰ ਸਿੰਘ, ਮਨਜੀਤ ਕੌਰ, ਪਰਮਜੀਤ ਸਿੰਘ, ਪ੍ਰੀਤਮ ਸਿੰਘ, ਰਾਜਵੀਰ ਸਿੰਘ ਸਿੱਧੂ, ਹਰਿੰਦਰਜੀਤ ਸਿੰਘ, ਚਰਨ ਸਿੰਘ, ਬਵਲੇਸ਼ ਕੁਮਾਰ ਅਤੇ ਸਿੰਕਦਰ ਸਿੰਘ ਦੀਆਂ ਅਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀਆਂ ਯੋਗ ਪਾਈਆਂ ਗਈਆਂ |ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਵਿਨੀਤ ਕੁਮਾਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ 91-ਭੁੱਚੋਂ ਮੰਡੀ ਤੋਂ ਜਗਸੀਰ ਸਿੰਘ ਆਮ ਆਦਮੀ ਪਾਰਟੀ, ਦਰਸ਼ਨ ਸਿੰਘ ਕੋਟਫੱਤਾ ਸ਼੍ਰੋਮਣੀ ਅਕਾਲੀ ਦਲ, ਪ੍ਰੀਤਮ ਸਿੰਘ ਕੋਟਭਾਈ ਇੰਡੀਅਨ ਨੈਸ਼ਨਲ ਕਾਂਗਰਸ ਅਤੇ ਰੁਪਿੰਦਰਜੀਤ ਸਿੰਘ ਭਾਰਤੀ ਜਨਤਾ ਪਾਰਟੀ ਤੋਂ ਇਲਾਵਾ ਗੁਰਪ੍ਰੀਤ ਕੌਰ, ਜਗਸੀਰ ਸਿੰਘ, ਬਲਦੇਵ ਸਿੰਘ ਆਕਲੀਆ ਅਤੇ ਰੂਪ ਚੰਦ ਦੀਆਂ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀਆਂ ਯੋਗ ਪਾਈਆਂ ਗਈਆਂ |ਇਸੇ ਤਰ੍ਹਾਂ ਵਿਧਾਨ ਸਭਾ ਹਲਕਾ 92-ਬਠਿੰਡਾ ਸ਼ਹਿਰੀ ਤੋਂ ਸਰੂਪ ਚੰਦ ਸਿੰਗਲਾ ਸ਼੍ਰੋਮਣੀ ਅਕਾਲੀ ਦਲ, ਜਗਰੂਪ ਸਿੰਘ ਗਿੱਲ ਆਮ ਆਦਮੀ ਪਾਰਟੀ, ਮਨਪ੍ਰੀਤ ਸਿੰਘ ਬਾਦਲ ਇੰਡੀਅਨ ਨੈਸ਼ਨਲ ਕਾਂਗਰਸ, ਰਾਜ ਕੁਮਾਰ ਭਾਰਤੀ ਜਨਤਾ ਪਾਰਟੀ, ਸੁਨੀਲ ਕੁਮਾਰ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ), ਵਜ਼ੀਰ ਸਿੰਘ ਬਹੁਜਨ ਮੁਕਤੀ ਪਾਰਟੀ ਤੋਂ ਇਲਾਵਾ ਹਰਮਿਲਾਪ ਸਿੰਘ ਗਰੇਵਾਲ, ਚੰਦ ਸਿੰਘ, ਜਸਵੰਤ ਸਿੰਘ, ਪ੍ਰਵੀਨ ਹਿਤੈਸ਼ੀ, ਰਾਜ ਕੁਮਾਰ, ਰਾਮ ਕਿਸ਼ਨ ਤੇ ਰੇਸ਼ਮ ਸਿੰਘ ਦੀਆਂ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀਆਂ ਯੋਗ ਪਾਈਆਂ ਗਈਆਂ | ਵਿਧਾਨ ਸਭਾ ਹਲਕਾ 93-ਬਠਿੰਡਾ ਦਿਹਾਤੀ ਤੋਂ ਅਮਿਤ ਰਤਨ ਆਮ ਆਦਮੀ ਪਾਰਟੀ, ਸੁਰਜੀਤ ਸਿੰਘ ਕਮਿਊਨਿਸਟ ਪਾਰਟੀ ਆਫ਼ ਇੰਡੀਆ, ਹਰਵਿੰਦਰ ਸਿੰਘ ਗਿੱਲ ਇੰਡੀਅਨ ਨੈਸ਼ਨਲ ਕਾਂਗਰਸ, ਪ੍ਰਕਾਸ਼ ਸਿੰਘ ਭੱਟੀ ਸ਼੍ਰੋਮਣੀ ਅਕਾਲੀ ਦਲ, ਸਵੇਰਾ ਸਿੰਘ ਪੰਜਾਬ ਲੋਕ ਕਾਂਗਰਸ ਪਾਰਟੀ ਤੋਂ ਇਲਾਵਾ ਚਮਕੌਰ ਸਿੰਘ, ਜਗਸੀਰ ਸਿੰਘ ਅਤੇ ਜੀਤਾ ਰਾਮ ਦੀਆਂ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀਆਂ ਯੋਗ ਪਾਈਆਂ ਗਈਆਂ | ਵਿਧਾਨ ਸਭਾ ਹਲਕਾ 94-ਤਲਵੰਡੀ ਸਾਬੋ ਤੋਂ ਖੁਸ਼ਬਾਜ ਸਿੰਘ ਜਟਾਣਾ ਇੰਡੀਅਨ ਨੈਸ਼ਨਲ ਕਾਂਗਰਸ, ਜੀਤਮਹਿੰਦਰ ਸਿੰਘ ਸਿੱਧੂ ਸ਼੍ਰੋਮਣੀ ਅਕਾਲੀ ਦਲ, ਬਲਜਿੰਦਰ ਕੌਰ ਆਮ ਆਦਮੀ ਪਾਰਟੀ, ਰਵੀ ਪ੍ਰੀਤ ਸਿੰਘ ਸਿੱਧੂ ਭਾਰਤੀ ਜਨਤਾ ਪਾਰਟੀ, ਤਜਿੰਦਰਪਾਲ ਸਿੰਘ, ਗਗਨਦੀਪ ਸਿੰਘ ਜਨ ਆਸਰਾ ਪਾਰਟੀ, ਅਮਨਿੰਦਰ ਸਿੰਘ, ਅਵਤਾਰ ਸਿੰਘ, ਸੁਖਜੀਤ ਸਿੰਘ, ਸੁਖਪ੍ਰੀਤ ਸਿੰਘ, ਹਰਜਿੰਦਰ ਸਿੰਘ, ਹਰਮਿੰਦਰ ਸਿੰਘ ਜੱਸੀ, ਕਮਲਜੀਤ ਕੌਰ, ਜਗਸੀਰ ਸਿੰਘ, ਦਵਿੰਦਰ ਸਿੰਘ, ਬਲਜਿੰਦਰ ਸਿੰਘ, ਬਲਵਾਨ ਸਿੰਘ ਅਤੇ ਰੈਂਪੀ ਕੌਰ ਦੀਆਂ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀਆਂ ਯੋਗ ਪਾਈਆਂ ਗਈਆਂ |ਇਸੇ ਤਰ੍ਹਾਂ ਵਿਧਾਨ ਸਭਾ ਹਲਕਾ 95-ਮੌੜ ਤੋਂ ਸੁਖਵੀਰ ਸਿੰਘ ਮਾਈਸਰਖਾਨਾ ਆਮ ਆਦਮੀ ਪਾਰਟੀ, ਜਗਮੀਤ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ, ਦਿਆਲ ਸੋਢੀ ਭਾਰਤੀਯ ਜਨਤਾ ਪਾਰਟੀ, ਡਾ. ਮਨੋਜ ਬਾਲਾ ਬਾਂਸਲ ਇੰਡੀਅਨ ਨੈਸ਼ਨਲ ਕਾਂਗਰਸ, ਕਾਮਰੇਡ ਪਿ੍ਤਪਾਲ ਸਿੰਘ ਨੇ ਸੀਪੀਆਈ (ਐਮ.ਐਲ) ਲਿਬਰੇਸ਼ਨ ਤੋਂ ਇਲਾਵਾ ਸੁਖਜੀਤ ਕੌਰ, ਹਰਦੇਵ ਸਿੰਘ ਬੱਗੜ ਮੌੜ ਮੰਡੀ, ਦਰਸ਼ਨ ਸਿੰਘ ਬਾਜੀਗਰ, ਪ੍ਰਗਟ ਸਿੰਘ, ਮੰਗਲ ਰਾਮ, ਲੱਖਾ ਸਿੰਘ ਸਿਧਾਣਾ ਦੀਆਂ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀਆਂ ਯੋਗ ਪਾਈਆਂ ਗਈਆਂ | ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਹੋਰ ਦੱਸਿਆ ਕਿ 4 ਫ਼ਰਵਰੀ ਤੱਕ ਚੋਣ ਨਾ ਲੜਨ ਦੇ ਚਾਹਵਾਨ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਦੇ ਹਨ |
ਪਾਵਰਕੌਮ ਵਲੋਂ ਹੈਲਪਲਾਈਨ ਦੇ ਨਾਲ-ਨਾਲ ਸਿਕਾਇਕ ਨਿਵਾਰਨ ਲਈ ਹੋਰ ਨੰਬਰ ਜਾਰੀ
1912 ਗ੍ਰਾਹਕ ਸੇਵਾ ਹੈਲਪਲਾਈਨ ‘ਤੇ ਜ਼ਿਆਦਾ ਸ਼ਿਕਾਇਤਾਂ ਆਉਣ ਕਾਰਨ ਲਿਆ ਗਿਆ ਫੈਸਲਾ: ਇੰਜ: ਮੱਸਾ ਸਿੰਘ
ਸੁਖਜਿੰਦਰ ਮਾਨ
ਬਠਿੰਡਾ, 2 ਫਰਵਰੀ: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੰਚਾਲਨ ਵੈਸਟ ਜ਼ੋਨ ਬਠਿੰਡਾ ਦੇ ਮੁੱਖ ਇੰਜੀਨੀਅਰ ਇੰਜੀ: ਮੱਸਾ ਸਿੰਘ ਵਲੋ ਵੱਡਮੁੱਲੇ ਖਪਤਕਾਰਾਂ ਦੀਆ ਮੁਸ਼ਕਿਲਾਂ ਨੂੰ ਹੱਲ ਕਰਨ ਅਤੇ ਬਿਜਲੀ ਸਪਲਾਈ ਸਬੰਧੀ ਸ਼ਿਕਾਇਤਾਂ ਦੇ ਮੱਦੇਨਜ਼ਰ 1912 ਪੀ.ਐਸ.ਪੀ.ਸੀ.ਐਲ. ਗ੍ਰਾਹਕ ਸੇਵਾ ਹੈਲਪਲਾਈਨ ਵਿਅਸਤ ਰਹਿਣ ਦੇ ਮੱਦੇਨਜ਼ਰ ਖਪਤਕਾਰਾਂ ਲਈ ਕੁੱਝ ਹੋਰ ਟੈਲੀਫੋਨ ਨੰਬਰ ਅਤੇ ਐਸ.ਐਮ.ਐਸ. ਸੁਵਿਧਾ ਸਹੂਲਤ ਬਾਰੇ ਜਾਣਕਾਰੀ ਦਿੱਤੀ ਹੈ | ਮੁੱਖ ਇੰਜੀਨੀਅਰ ਵੈਸਟ ਇੰਜੀ: ਮੱਸਾ ਸਿੰਘ ਨੇ ਕਿਹਾ ਕਿ ਬਿਜਲੀ ਖਪਤਕਾਰਾਂ ਨੂੰ ਆ ਰਹੀਆ ਮੁਸ਼ਕਿਲਾਂ ਦੇ ਹੱਲ ਲਈ ਕੁੱਝ ਹੋਰ ਨੰਬਰ ਜਾਰੀ ਕੀਤੇ ਗਏ ਹਨ | ਜਦ ਵੀ ਬਿਜਲੀ ਸਪਲਾਈ ਸਬੰਧੀ ਕੋਈ ਵੱਡੀ ਮੁਸ਼ਕਿਲ ਆਉਂਦੀ ਹੈ ਤਾਂ ਜਿਆਦਾਤਰ ਇਲਾਕਿਆ ਦੀ ਬਿਜਲੀ ਦੀਆ ਸੇਵਾਵਾਂ ਪ੍ਰਭਾਵਿਤ ਹੋ ਜਾਂਦੀਆ ਹਨ, ਜਿਸ ਕਾਰਨ ਵੱਡੀ ਗਿਣਤੀ ਵਿਚ ਖਪਤਕਾਰ 1912 ਹੈਲਪਲਾਈਨ ਨੰਬਰ ਤੇ ਫੋਨ ਕਰਦੇ ਹਨ ਅਤੇ ਕਈ ਵਾਰ ਇਹ ਨੰਬਰ ਵਿਅਸਤ ਮਿਲਦਾ ਹੈ | ਅਜਿਹੇ ‘ਚ ਬਿਜਲੀ ਖਪਤਕਾਰਾਂ ਦੇ ਹਿੱਤ ਨੂੰ ਧਿਆਨ ਵਿਚ ਰੱਖਦਿਆ ਹੋਇਆ ਮੁੱਖ ਇੰਜੀਨੀਅਰ ਇੰਜ: ਮੱਸਾ ਸਿੰਘ ਨੇ ਕੁੱਝ ਹੋਰ ਟੈਲੀਫੋਨ ਨੰਬਰ ਜਾਰੀ ਕੀਤੇ ਹਨ, ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ |
ਵੰਡ ਹਲਕਾ ਬਠਿੰਡਾ :96461-16971 ,ਬਠਿੰਡਾ ਡਵੀਜਨ:-96461-15200, 96461-15201, 96461-15203, ਰਾਮਪੁਰਾ ਡਵੀਜਨ:- 96466-96362, ਮੋੜ ਡਵੀਜਨ:- 96466-96449, 96466-96453, ਮਾਨਸਾ ਡਵੀਜਨ 96461-15212,96461-15214, ਬੁਢਲਾਡਾ ਡਵੀਜਨ 96466-96573, 96466-96590
ਵੰਡ ਹਲਕਾ ਫਰੀਦਕੋਟ 96461-14452, ਫਰੀਦਕੋਟ ਡਵੀਜਨ 96461-14910, ਸਿਟੀ ਮੋਗਾ ਡਵੀਜਨ 96461-14991, ਸਬ-ਅਰਬਨ ਮੋਗਾ ਡਵੀਜਨ 96461-14981, ਬਾਘਾਪੁਰਾਣਾ ਡਵੀਜਨ 96466-96932, ਕੋਟਕਪੁਰਾ ਡਵੀਜਨ 96466-96764/01635-511260
ਵੰਡ ਹਲਕਾ ਫਿਰੋਜਪੁਰ 96461-14837, ਸਿਟੀ ਫਿਰੋਜਪੁਰ ਡਵੀਜਨ 96466-96973 ਸਬ-ਅਰਬਨ ਫਿਰੋਜਪੁਰ ਡਵੀਜਨ 96466-97044 ਜਲਾਲਾਬਾਦ ਡਵੀਜਨ 96466-97101, ਜੀਰਾ ਡਵੀਜਨ 96461-15297
ਵੰਡ ਹਲਕਾ ਸ਼੍ਰੀ ਮੁਕਤਸਰ ਸਾਹਿਬ 96461-15318 ਸ਼੍ਰੀ ਮੁਕਤਸਰ ਸਾਹਿਬ ਡਵੀਜਨ 96461-15028, ਮਲੋਟ ਡਵੀਜਨ 96466-97321, ਗਿੱਦੜਬਾਹਾ ਡਵੀਜਨ 96461-16190, ਬਾਦਲ ਡਵੀਜਨ 96461-15066, ਅਬੋਹਰ ਡਵੀਜਨ 96461-15341, ਫਾਜਿਲਕਾ ਡਵੀਜਨ 96461-97500
ਇਸ ਤੋ ਇਲਾਵਾ ਖਪਤਕਾਰ Tਪੀ.ਐਸ.ਪੀ.ਸੀ.ਐਲ ਖਪਤਕਾਰ ਸਰਵਿਸਿਜ਼T ਐਪਲੀਕੇਸ਼ਨ ਵੀ ਡਾਊਨਲੋਡ ਕਰ ਸਕਦੇ ਹਨ | ਇੰਜ: ਮੱਸਾ ਸਿੰਘ ਨੇ ਦੱਸਿਆ ਕਿ ਹੁਣ ਬਿਜਲੀ ਖਪਤਕਾਰ ਫੋਨ ਨੰਬਰ 1800 180 1512 ਤੇ ਮਿੱਸਡ ਕਾਲ ਦੇ ਕੇ ਆਪਣੀ ਬਿਜਲੀ ਸਪਲਾਈ ਸਬੰਧੀ ਮੁਸ਼ਕਿਲ ਰਜਿਸਟਰ ਕਰਵਾ ਸਕਦੇ ਹਨ ਅਤੇ 1912 ਤੇ ਐਸ.ਐਮ.ਐਸ. ਰਾਹੀਂ ਵੀ ਆਪਣੀ ਸਿਕਾਇਤ ਰਜਿਸਟਰ ਕਰਵਾ ਸਕਦੇ ਹਨ |
ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਨੇ ਸੈਂਟਰਲ ਯੂਨੀਵਰਸਿਟੀ ਨਾਲ ਕੀਤਾ ਸਮਝੌਤਾ
ਮਿਲੇਗਾ ਮਾਲਵਾ ਖੇਤਰ ਵਿੱਚ ਉੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਾਂਝਾ ਹੁਲਾਰਾ
ਸੁਖਜਿੰਦਰ ਮਾਨ
ਬਠਿੰਡਾ, 2 ਫਰਵਰੀ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐੱਮ.ਆਰ.ਐੱਸ.ਪੀ.ਟੀ.ਯੂ.), ਬਠਿੰਡਾ ਅਤੇ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ (ਸੀ.ਯੂ.ਪੀ.ਬੀ.), ਬਠਿੰਡਾ ਵੱਲੋਂ ਸਾਂਝੇ ਉਪਰਾਲੇ ਤਹਿਤ ਉੱਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਖੋਜ, ਨਵੀਨਤਾ, ਸਿੱਖਿਆ ਅਤੇ ਕੰਨਸਲਟੈਂਸੀ ਨੂੰ ਉਤਸ਼ਾਹਿਤ ਕਰਨ ਲਈ ਇਕ ਅਹਿਮ ਸਮਝੌਤਾ ਪੱਤਰ (ਐਮ.ਓ.ਯੂ.) ਸਹੀਬੰਦ ਕੀਤਾ ਗਿਆ ਹੈ |ਇਸ ਐਮ.ਓ.ਯੂ. ਉਪਰ ਹਸਤਾਖਰ ਐਮ.ਆਰ.ਐਸ.ਪੀ.ਟੀ.ਯੂ. ਦੇ ਰਜਿਸਟਰਾਰ ਡਾ. ਗੁਰਿੰਦਰ ਪਾਲ ਸਿੰਘ ਬਰਾੜ ਅਤੇ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ, ਦੇ ਰਜਿਸਟਰਾਰ ਸ੍ਰੀ ਕੰਵਲ ਪਾਲ ਸਿੰਘ ਵੱਲੋਂ ਦੋਵਾਂ ਯੂਨੀਵਰਸਿਟੀਆਂ ਦੇ ਉਪ-ਕੁਲਪਤੀਆਂ ਕ੍ਰਮਵਾਰ ਪ੍ਰੋ. ਬੂਟਾ ਸਿੰਘ ਸਿੱਧੂ (ਵਾਈਸ ਚਾਂਸਲਰ, ਐਮ.ਆਰ.ਐਸ.ਪੀ.ਟੀ.ਯੂ.) ਅਤੇ ਡਾ. ਆਰ.ਪੀ.ਤਿਵਾਰੀ (ਵਾਈਸ ਚਾਂਸਲਰ, ਸੀ.ਯੂ.ਪੀ.ਬੀ.) ਦੀ ਮੌਜੂਦਗੀ ਵਿੱਚ ਕਰਦਿਆਂ ਸਮਝੌਤੇ ਨੂੰ ਸਹੀਬੰਦ ਕੀਤਾ |ਇਸ ਸਮਝੌਤੇ ਦਾ ਮੁੱਖ ਉਦੇਸ ਵੱਖ-ਵੱਖ ਪੜਾਵਾਂ ਰਾਹੀਂ ਅਕਾਦਮਿਕ ਪ੍ਰੋਗਰਾਮਾਂ ਅਤੇ ਖੋਜ ਗਤੀਵਿਧੀਆਂ ਨੂੰ ਪ੍ਰਦਾਨ ਕਰਨ ਵਿੱਚ ਇੱਕ ਦੂਜੇ ਦੇ ਯਤਨਾਂ ਦਾ ਸਮਰਥਨ ਕਰਨਾ ਹੈ |ਪ੍ਰੋ: ਬੂਟਾ ਸਿੰਘ ਸਿੱਧੂ ਨੇ ਕਿਹਾ ਕਿ ਇਹ ਅਭਿਆਸ ਦੋਵਾਂ ਯੂਨੀਵਰਸਿਟੀਆਂ ਨੂੰ ਅਕਾਦਮਿਕ, ਅਧਿਆਪਨ, ਸਿਖਲਾਈ ਅਤੇ ਖੋਜ ਦੇ ਨਾਲ-ਨਾਲ ਕੰਨਸਲਟੈਂਸੀ ਦੇ ਵਿਸ਼ਿਆਂ ਖਾਸ ਤੌਰ ‘ਤੇ ਮਨੁੱਖਤਾ, ਪ੍ਰਬੰਧਨ, ਬੁਨਿਆਦੀ ਅਤੇ ਉਪਯੁਕਤ ਵਿਗਿਆਨ, ਗਣਿਤ, ਭਾਸਾਵਾਂ, ਕੰਪਿਊਟਰ ਐਪਲੀਕੇਸਨ, ਸਮਾਜਿਕ ਵਿਗਿਆਨ ਅਤੇ ਇੰਜੀਨੀਅਰਿਾਗ ਆਦਿ ਦੇ ਖੇਤਰ ਵਿੱਚ ਸਾਂਝੇ ਤੌਰ ‘ਤੇ ਅੱਗੇ ਵਧਣ ਵਿੱਚ ਸਹਾਇਤਾ ਕਰੇਗਾ | ਪ੍ਰੋ. ਸਿੱਧੂ ਨੇ ਕਿਹਾ ਕਿ ਸਮਝੌਤੇ ‘ਤੇ ਹਸਤਾਖਰ ਕਰਨ ਨਾਲ ਨਿਸਚਿਤ ਤੌਰ ‘ਤੇ ਦੋਵਾਂ ਯੂਨੀਵਰਸਿਟੀਆਂ ਦੇ ਅਧਿਆਪਕਾਂ, ਖੋਜ ਵਿਦਵਾਨਾਂ ਅਤੇ ਵਿਦਿਆਰਥੀਆਂ ਨੂੰ ਵਿਚਾਰਾਂ ਅਤੇ ਸਰੋਤਾਂ ਦੇ ਆਦਾਨ-ਪ੍ਰਦਾਨ ਦੁਆਰਾ ਸਿੱਖਣ ਦਾ ਸੁਨਹਿਰੀ ਮੌਕਾ ਮਿਲੇਗਾ |ਪ੍ਰੋ. ਆਰ.ਪੀ. ਤਿਵਾਰੀ, ਵਾਈਸ-ਚਾਂਸਲਰ, ਸੀ.ਯੂ.ਪੀ.ਬੀ. ਨੇ ਦਸਤਾਵੇਜ ਦੀਆਂ ਵਿਲੱਖਣ ਵਿਸੇਸਤਾਵਾਂ ਨੂੰ ਉਜਾਗਰ ਕਰਦੇ ਹੋਏ ਸਾਂਝਾ ਕੀਤਾ ਕਿ ਦੋਵੇਂ ਸੰਸਥਾਵਾਂ ਵਿਗਿਆਨਕ ਅਤੇ ਤਕਨੀਕੀ ਜਾਣਕਾਰੀ ਦਾ ਆਦਾਨ-ਪ੍ਰਦਾਨ ਕਰਨ, ਰਾਸਟਰੀ ਅਤੇ ਅੰਤਰਰਾਸਟਰੀ ਪੱਧਰ ‘ਤੇ ਫੰਡ ਪ੍ਰਾਪਤ ਪ੍ਰੋਜੈਕਟਾਂ ਵਿੱਚ ਸਹਿਯੋਗੀ ਖੋਜ ਗਤੀਵਿਧੀਆਂ ਕਰਨ, ਸਾਂਝੇ ਕੋਰਸਾਂ ਦੀ ਪੇਸਕਸ ਆਦਿ ਦਾ ਉਪਰਾਲਾ ਕਰਨਗੀਆਂ | ਉਹਨਾਂ ਅੱਗੇ ਕਿਹਾ ਕਿ ਇਹ ਸਮਝੌਤਾ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਰਾਸਟਰੀ ਅਵਿਸਕਾਰ ਅਭਿਆਨ ਲਈ ਖੋਜ ਅਤੇ ਨਵੀਨਤਾਵਾਂ ਲਈ ਨੌਜਵਾਨ ਦਿਮਾਗਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਵਿਚ ਅਹਿਮ ਰੋਲ ਅਦਾ ਕਰੇਗਾ |ਉਪਰੋਕਤ ਐਮ.ਓ.ਯੂ. ਦੀ ਪੰਜ ਸਾਲਾਂ ਦੀ ਮਿਆਦ ਦੌਰਾਨ ਦੋਵੇਂ ਯੂਨੀਵਰਸਿਟੀਆਂ ਖੋਜ, ਨਵੀਨਤਾ ਅਤੇ ਵਿਦਿਅਕ ਵਿਚਾਰਾਂ ਰਾਹੀਂ ਬੌਧਿਕ ਪੂੰਜੀ ਬਣਾਉਣ ਵਿੱਚ ਯੋਗਦਾਨ ਪਾਉਣ ਲਈ ਭਰਪੂਰ ਕੋਸਿਸ ਕਰਨਗੀਆਂ |
ਇਸ ਮੌਕੇ ਐਮ.ਆਰ.ਐਸ.ਪੀ.ਟੀ.ਯੂ., ਡੀਨ ਅਕਾਦਮਿਕ ਮਾਮਲੇ, ਡਾ. ਕਵਲਜੀਤ ਸਿੰਘ ਸੰਧੂ, ਡੀਨ, ਖੋਜ ਅਤੇ ਵਿਕਾਸ, ਡਾ. ਆਸੀਸ ਬਾਲਦੀ, ਡੀਨ ਕੰਸਲਟੈਂਸੀ ਅਤੇ ਉਦਯੋਗ ਲਿੰਕੇਜ, ਡਾ. ਮਨਜੀਤ ਬਾਂਸਲ ਅਤੇ ਡਾਇਰੈਕਟਰ, ਲੋਕ ਸੰਪਰਕ, ਸ੍ਰੀ ਹਰਜਿੰਦਰ ਸਿੱਧੂ (ਸਾਰੇ ਐਮ.ਆਰ.ਐਸ.ਪੀ.ਟੀ.ਯੂ. ) ਹਾਜਰ ਸਨ | ਜਦੋਂ ਕਿ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਤੋਂ ਡੀਨ ਵਿਦਿਆਰਥੀ ਭਲਾਈ, ਪ੍ਰੋ: ਵਿਨੋਦ ਕੁਮਾਰ ਗਰਗ, ਡੀਨ ਇੰਚਾਰਜ, ਅਕਾਦਮਿਕ, ਪ੍ਰੋ: ਰਾਮਕਿ੍ਸਨ ਵੁਸੀਰਿਕਾ, ਡੀਨ ਖੋਜ, ਪ੍ਰੋ: ਅੰਜਨਾ ਮੁਨਸੀ, ਮਾਈਕਰੋਬਾਇਓਲੋਜੀ ਵਿਭਾਗ ਦੇ ਮੁਖੀ, ਪ੍ਰੋ: ਮੋਨੀਸਾ ਧੀਮਾਨ ਅਤੇ ਕਾਰਜਕਾਰੀ ਇੰਜੀਨੀਅਰ, ਇੰਜ. ਸੌਰਭ ਗੁਪਤਾ ਵੀ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸਾਮਲ ਹੋਏ |
ਅਮਿਤ ਰਤਨ ਦੀ ਮਾਤਾ ਸੰਗਤ ਕੌਰ ਵੱਲੋਂ ਪ੍ਰਚਾਰ ਦੌਰਾਨ ਵੱਡੀ ਗਿਣਤੀ ਨੌਜਵਾਨ ਕੁੜੀਆਂ ਝਾੜੂ ਨਾਲ ਜੁੜੀਆਂ
ਸੁਖਜਿੰਦਰ ਮਾਨ
ਬਠਿੰਡਾ , 02 ਫਰਵਰੀ: ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਇੰਜ. ਅਮਿਤ ਰਤਨ ਕੋਟਫੱਤਾ ਦੀ ਚੋਣ ਮੁਹਿੰਮ ਵਿੱਚ ਪਾਰਟੀ ਦੀਆਂ ਇਸਤਰੀ ਵਰਕਰਾਂ ਵਲੋਂ ਉਨ੍ਹਾਂ ਦੇ ਮਾਤਾ ਸ੍ਰੀਮਤੀ ਸੰਗਤ ਕੌਰ ਦੀ ਅਗਵਾਈ ਵਿੱਚ ਹਲਕੇ ਦੇ ਪਿੰਡਾਂ ‘ਚ ਚੋਣ ਪ੍ਰਚਾਰ ਮੁਹਿੰਮ ਵਿੱਢੀ ਹੋਈ ਹੈ | ਇਸ ਮੁਹਿੰਮ ਤਹਿਤ ਪਿੰਡ ਤਿਉਣਾ ਵਿਖੇ ਵੱਡੀ ਗਿਣਤੀ ‘ਚ ਔਰਤਾਂ ਅਤੇ ਨੌਜਵਾਨ ਕੁੜੀਆਂ ਵਲੋਂ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਦਾ ਪੱਲਾ ਫੜਿਆ ਅਤੇ ਅਮਿਤ ਰਤਨ ਦੀ ਪੂਰੇ ਜੋਰ ਸੋਰ ਨਾਲ ਮੱਦਦ ਕਰਨ ਦਾ ਐਲਾਨ ਕੀਤਾ ਗਿਆ | ਇਸ ਮੌਕੇ ਸ੍ਰੀਮਤੀ ਸੰਗਤ ਕੌਰ ਨੇ ਦੱਸਿਆ ਕਿ ਜਿੱਥੇ ਡੋਰ ਟੂ ਡੋਰ ਮੁਹਿੰਮ ਦੌਰਾਨ ਇਸਤਰੀਆਂ ਨਾਲ ਆਮ ਆਦਮੀ ਪਾਰਟੀ ਦੇ ਹੱਕ ‘ਚ ਡੱਟਣ ਲਈ ਸੰਵਾਦ ਕੀਤਾ ਜਾ ਰਿਹਾ ਹੈ ਓਥੇ ਨੁੱਕੜ ਮੀਟਿੰਗਾਂ ਵਿੱਚ ਵੀ ਇੰਜ. ਅਮਿਤ ਰਤਨ ਕੋਟਫੱਤਾ ਦੇ ਹੱਕ ‘ਚ ਇਸਤਰੀਆਂ ਦੀ ਵੱਡੀ ਗਿਣਤੀ ਉਮੜ ਰਹੀ ਹੈ | ਸ੍ਰੀਮਤੀ ਸੰਗਤ ਕੌਰ ਨੇ ਕਿਹਾ ਕਿ ਸਾਡਾ ਪਰਿਵਾਰ ਪਿੰਡ ਕੋਟਫੱਤਾ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਸੇਵਾ ਕਰਦਾ ਆ ਰਿਹਾ ਹੈ ਤੇ ਅਸੀਂ ਇਸੇ ਤਰ੍ਹਾਂ ਹਲਕਾ ਬਠਿੰਡਾ ਦਿਹਾਤੀ ਦੇ ਲੋਕਾਂ ਨੂੰ ਵਿਸਵਾਸ ਦਵਾਉੰਦੇ ਹਾਂ ਕਿ ਲੋਕਾਂ ਦੀਆਂ ਹੱਕੀ ਤੇ ਜਾਇਜ ਮੰਗਾਂ ਵਿਧਾਨ ਸਭਾ ਵਿੱਚ ਵੀ ਨਿਡਰਤਾ ਨਾਲ ਉੱਠਣਗੀਆਂ , ਬਸ ਜਰੂਰਤ ਹੈ ਆਮ ਆਦਮੀ ਪਾਰਟੀ ਦੇ ਸਮੂਹ ਉਮੀਦਵਾਰਾਂ ਨਾਲ ਡੱਟ ਕੇ ਖੜ੍ਹਨ ਦੀ ਅਤੇ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਣ ਦੀ |






