ਸੁਖਜਿੰਦਰ ਮਾਨ
ਬਠਿੰਡਾ, 2 ਫ਼ਰਵਰੀ: ਪੰਜਾਬ ਸਰਕਾਰ ਦੀ ਅਫਸਰਸ਼ਾਹੀ ਮੁਲਾਜਮ ਵਰਗ ਨੂੰ ਜਬਰੀ ਕੋਵਿਡ ਵੈਕਸੀਨ ਲਵਾਉਣ ਲਈ ਹਰ ਰੋਜ ਨਵੇੰ ਨਵੇੰ ਫੁਰਮਾਨ ਜਾਰੀ ਕਰ ਰਹੀ ਹੈ | ਡੈਮੋਕਰੈਟਿਕ ਟੀਚਰ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ, ਸੂਬਾ ਸਕੱਤਰ ਸਰਵਣ ਸਿੰਘ ਔਜਲਾ ਤੇ ਵਿੱਤ ਸਕੱਤਰ ਜਸਵਿੰਦਰ ਬਠਿੰਡਾ ਨੇ ਅੱਜ ਵੈਕਸੀਨੇਸ਼ਨ ਲਗਾਉਣ ਦੇ ਤਾਨਾਸ਼ਾਹੀ ਫੁਰਮਾਨਾਂ ਦਾ ਸਖ਼ਤ ਵਿਰੋਧ ਕਰਦੇ ਹੋਏ ਕਿਹਾ ਕਿ ਵੈਕਸੀਨ ਲਗਵਾਉਣਾ ਜਾਂ ਨਾ ਲਗਵਾਉਣਾ ਵਿਅਕਤੀ ਦਾ ਮੌਲਿਕ ਅਧਿਕਾਰ ਹੈ | ਹਰੇਕ ਵਿਦਿਆਰਥੀ ਨੂੰ ਵੈਕਸੀਨੇਟਡ ਕਰਾਉਣ ਦੀ ਜਿੰਮੇਵਾਰੀ ਅਧਿਆਪਕਾਂ ਤੇ ਥੋਪਣਾ ਤਾਨਾਸ਼ਾਹੀ ਫਰਮਾਨ ਹੈ | ਉਨ੍ਹਾਂ ਕਿਹਾ ਕਿ ਸਿਹਤ ਮਾਹਰਾਂ ਦੇ ਸੁਝਾਅ ਮੁਤਾਬਕ ਬੂਸਟਰ ਡੋਜ਼ ਅਤੇ ਆਖਰੀ ਡੋਜ਼ ਵਿਚ ਨੌਂ ਮਹੀਨੇ ਦਾ ਫਾਸਲਾ ਹੋਣਾ ਜਰੂਰੀ ਹੈ ਪਰ ਹਰੇਕ ਅਧਿਆਪਕ ਨੂੰ ਬੂਸਟਰ ਡੋਜ ਵਾਸਤੇ ਮਜਬੂਰ ਕਰਨਾ ਅੱਤ ਦੀ ਤਾਨਾਸ਼ਾਹੀ ਹੈ | ਇੱਥੇ ਇਹ ਜਿਕਰ ਕਰਨਾ ਵੀ ਜਰੂਰੀ ਕਿ ਸੁਪਰੀਮ ਕੋਰਟ ਆਖ ਰਹੀ ਹੈ ਕਿ ਵੈਕਸੀਨੇਸ਼ਨ ਲਗਾਉਣਾ ਲਾਜਮੀ ਨਹੀਂ ਹੈ | ਇਸ ਸਬੰਧੀ ਪਿਛਲੇ ਦਿਨੀਂ ਸਾਡੀ ਕੇੰਦਰ ਸਰਕਾਰ ਨੇ ਸੁਪਰੀਮ ਕੋਰਟ ਵਿਖੇ ਸਰਕਾਰ ਵੱਲੋਂ ਹਲਫਨਾਮਾ ਦੀ ਦਿੱਤਾ ਕਿ ਵੈਕਸੀਨੇਸ਼ਨ ਲਈ ਸਰਕਾਰ ਵੱਲੋਂ ਕਿਸੇ ਨੂੰ ਵੀ ਮਜਬੂਰ ਨਹੀਂ ਕੀਤਾ ਜਾ ਸਕਦਾ, ਵੈਕਸੀਨੇਸ਼ਨ ਕਰਵਾਉਣ ਜਾਂ ਨਾ ਕਰਵਾਉਣਾ ਵਿਅਕਤੀ ਦੀ ਇੱਛਾ ਤੇ ਨਿਰਭਰ ਕਰਦਾ ਹੈ | ਇਸ ਲਈ ਡੀ.ਟੀ.ਐੱਫ. ਪੰਜਾਬ ਅਧਿਆਪਕਾਂ ਉੱਤੇ ਇਸ ਕਿਸਮ ਦੀ ਤਾਨਾਸ਼ਾਹੀ ਦਾ ਸਖ਼ਤ ਵਿਰੋਧ ਕਰਦੀ ਹੈ | ਜੇਕਰ ਪੰਜਾਬ ਸਰਕਾਰ ਨੇ ਇਹਨਾਂ ਜਬਰੀ ਹੁਕਮਾਂ ਨੂੰ ਵਾਪਸ ਨਾ ਲਿਆ ਤਾਂ ਜਥੇਬੰਦੀ ਨੂੰ ਮਜਬੂਰੀ ਵੱਸ ਸੰਘਰਸ਼ ਦਾ ਬਿਗਲ ਵਜਾਉਣਾ ਪਵੇਗਾ |
ਡੈਮੋਕਰੈਟਿਕ ਟੀਚਰਜ਼ ਫਰੰਟ ਵੱਲੋਂ ਵੈਕਸੀਨੇਸ਼ਨ ਲਗਵਾਉਣ ਦੇ ਤਾਨਾਸ਼ਾਹੀ ਫੁਰਮਾਨਾਂ ਦਾ ਵਿਰੋਧ
ਪੰਜਾਬ ਸਟੂਡੈਂਟਸ ਯੂਨੀਅਨ ਦੇ ਸੱਦੇ ਤਹਿਤ ਦਿੱਲੀ ਗੈਂਗਰੇਪ ਦੇ ਵਿਰੋਧ ‘ਚ ਕੇਂਦਰ ਦਾ ਪੁਤਲਾ ਫੂਕਿਆ
ਸੁਖਜਿੰਦਰ ਮਾਨ
ਬਠਿੰਡਾ, 2 ਫ਼ਰਵਰੀ: ਪਿਛਲੇ ਦਿਨੀਂ ਦਿੱਲੀ ‘ਚ ਵਾਪਰੀ ਗੈਂਗਰੇਪ ਦੀ ਘਟਨਾ ਦੇ ਵਿਰੋਧ ਵਿਚ ਅੱਜ ਪੀਐਸਯੂ ਵਲੋਂ ਸਥਾਨਕ ਸਰਕਾਰੀ ਰਜਿੰਦਰਾ ਕਾਲਜ਼ ਦੇ ਗੇਟ ਅੱਗੇ ਕੇਂਦਰ ਸਰਕਾਰ ਦਾ ਪੁਤਲਾ ਫ਼ੂਕਿਆ ਗਿਆ | ਯੂਨੀਅਨ ਦੇ ਜ਼ਿਲ੍ਹਾ ਆਗੂ ਰਜਿੰਦਰ ਢਿਲਵਾਂ ਅਤੇ ਮਨਦੀਪ ਬਾਜਾਖਾਨਾ ਨੇ ਦੱਸਿਆ ਕਿ ਛੱਬੀ ਜਨਵਰੀ ਜਦੋਂ ਕੇਂਦਰ ਸਰਕਾਰ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਜਮਹੂਰੀਅਤ ਦਾ ਢੌਂਗ ਰਚਿਆ ਜਾ ਰਿਹਾ ਸੀ ਤਾਂ ਦੂਜੇ ਪਾਸੇ ਦਿੱਲੀ ਵਿੱਚ ਇਕ 21 ਸਾਲਾ ਲੜਕੀ ਨਾਲ ਗੈੰਗਰੇਪ ਵਰਗੀ ਅਣਮਨੁੱਖੀ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ | ਉਨ੍ਹਾਂ ਕਿਹਾ ਕਿ ਇਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਦਾ ਨਾਅਰਾ ਦਿੱਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਔਰਤਾਂ ਖਿਲਾਫ ਵਾਪਰ ਰਹੀਆਂ ਘਟਨਾਵਾਂ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ ਹੈ,ਪਰ ਭਾਰਤ ਸਰਕਾਰ ਵੱਲੋਂ ਔਰਤਾਂ ਦੀ ਸੁਰੱਖਿਆ ਲਈ ਕਿਸੇ ਵੀ ਕਿਸਮ ਦੇ ਸਖਤ ਕਦਮ ਨਹੀਂ ਚੁੱਕੇ ਜਾ ਰਹੇ ਜਿਸ ਤੋਂ ਸਰਕਾਰ ਦੀ ਔਰਤ ਵਿਰੋਧੀ ਮਾਨਸਿਕਤਾ ਸਾਫ ਤੌਰ ਤੇ ਝਲਕਦੀ ਹੈ | ਪੀਐਸਯੂ ਦੇ ਕਾਲਜ ਕਮੇਟੀ ਪ੍ਰਧਾਨ ਅਰਸਦੀਪ ਕੌਰ ਨੇ ਦੱਸਿਆ ਕਿ ਦਿੱਲੀ ਚ ਵਾਪਰੀ ਇਸ ਘਟਨਾ ਪਿੱਛੇ ਭਾਜਪਾ ਦਾ ਰਾਹ ਦਰਸਾਵਾ ਕਰਨ ਵਾਲੇ ਫ਼ਿਰਕੂ ਸੰਘ ਆਰ.ਐੱਸ.ਐੱਸ ਦਾ ਘੱਟ ਗਿਣਤੀਆਂ ਤੇ ਔਰਤ ਵਿਰੋਧੀ ਏਜੰਡਾ ਕੰਮ ਕਰ ਰਿਹਾ ਹੈ | ਇਸ ਮੌਕੇ ਕਾਲਜ ਕਮੇਟੀ ਮੈੰਬਰ ਰੀਮਾ,ਵੀਰਪਾਲ,ਹੁਸਨਦੀਪ ਕੌਰ,ਰੇਨੂੰ,ਗੁਰਪ੍ਰੀਤ ਸਿੰਘ ਆਦਿ ਹਾਜਰ ਸਨ |
ਮਨਰੇਗਾ ਫੰਡਾਂ ‘ਚ ਕਟੌਤੀ ਕਰਨ ਵਾਲੀ ਮੋਦੀ ਸਰਕਾਰ ਦੇ ਨੱਕ ‘ਚ ਦਮ ਕਰਾਂਗੇ’- ਘੁੱਦਾ
ਗਰੀਬ ਮਾਰੂ- ਕਾਰਪੋਰੇਟ ਪੱਖੀ ਬਜਟ ਖਿਲਾਫ ਸੰਘਰਸ਼ ਤਿੱਖਾ ਕੀਤਾ ਜਾਵੇਗਾ- ਨੰਦਗੜ੍ਹ
ਸੁਖਜਿੰਦਰ ਮਾਨ
ਬਠਿੰਡਾ, 2 ਫਰਵਰੀ: ਦਿਹਾਤੀ ਮਜ਼ਦੂਰ ਸਭਾ ਪੰਜਾਬ ਦੀ ਬਠਿੰਡਾ ਜਿਲ੍ਹਾ ਕਮੇਟੀ ਦੇ ਸੱਦੇ ‘ਤੇ ਇਕੱਤਰ ਹੋਏ ਸੈਂਕੜੇ ਬੇਜਮੀਨ ਮਜ਼ਦੂਰਾਂ, ਜਿਨ੍ਹਾਂ ਵਿੱਚ ਭਾਰੀ ਗਿਣਤੀ ‘ਚ ਔਰਤਾਂ ਵੀ ਸ਼ਾਮਲ ਸਨ, ਨੇ ਅੱਜ ਕੇਂਦਰੀ ਸਰਕਾਰ ਦਾ ਪੁਤਲਾ ਫੂਕ ਕੇ ਮੁੱਖ ਬਾਜ਼ਾਰਾਂ ਵਿੱਚ ਜਬਰਦਸਤ ਰੋਸ ਮੁਜਾਹਰਾ ਕੀਤਾ | ਇਕੱਤਰ ਕਿਰਤੀਆਂ ਨੇ ਬੀਤੇ ਕੱਲ੍ਹ ਲੋਕ ਸਭਾ ਵਿੱਚ ਪੇਸ਼ ਕੀਤੇ ਗਏ ਸਾਲ 2022-23 ਦੇ ਆਮ ਬਜਟ ਵਿੱਚ ਮਨਰੇਗਾ ਲਈ ਰਾਖਵੀਂ ਰੱਖੀ ਜਾਣ ਵਾਲੀ ਰਕਮ ਵਿੱਚ ਬੀਤੇ ਸਾਲ ਦੇ ਮੁਕਾਬਲੇ ਕੀਤੀ ਗਈ 25% ਦੀ ਵੱਡੀ ਕਟੌਤੀ ਕਰਨ ਬਦਲੇ ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰੀ ਵਿੱਤ ਮੰਤਰੀ ਸ਼੍ਰੀ ਮਤੀ ਨਿਰਮਲਾ ਸੀਤਾਰਮਨ ਦੀ ਜੋਰਦਾਰ ਨਿਖੇਧੀ ਕੀਤੀ |
ਇਸ ਮੌਕੇ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਮਿੱਠੂ ਸਿੰਘ ਘੁੱਦਾ ਅਤੇ ਜਨਰਲ ਸਕੱਤਰ ਪ੍ਰਕਾਸ਼ ਸਿੰਘ ਨੰਦਗੜ੍ਹ ਨੇ ਕਿਹਾ ਮਨਰੇਗਾ ਫੰਡਾਂ ‘ਚ ਭਾਰੀ ਕਟੌਤੀ ਕਰਨ ਅਤੇ ਕਾਰਪੋਰੇਟ ਘਰਾਣਿਆਂ ਤੋਂ ਵਸੂਲਿਆ ਜਾਣ ਵਾਲਾ ਟੈਕਸ 18% ਤੋਂ ਘਟਾ ਕੇ 15% ਕਰਨ ਨਾਲ ਕੇਂਦਰੀ ਬਜਟ ਦਾ ਗਰੀਬ ਮਾਰੂ ਖਾਸਾ ਉਜਾਗਰ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਝੰਬੇ, ਜਾਨਲੇਵਾ ਬੇਰੁਜ਼ਗਾਰ ਅਤੇ ਵਿਤੋਂ ਬਾਹਰੀ ਮਹਿੰਗਾਈ ਦੀ ਮਾਰ ਝੱਲ ਰਹੇ ਸ਼ਹਿਰੀ ਤੇ ਪੇਂਡੂ ਗਰੀਬਾਂ ਦੀ ਬਜਟ ਵਿੱਚ ਉੱਕਾ ਹੀ ਅਣਦੇਖੀ ਕੀਤੀ ਗਈ ਹੈ ਅਤੇ ਬਜਟ ਦੀ ਦਿਸ਼ਾ ਅਡਾਨੀਆਂ-ਅੰਬਾਨੀਆਂ ਦੀਆਂ ਤਿਜੌਰੀਆਂ ਭਰਨ ਵੱਲ ਸੇਧਤ ਹੈ | ਉਨ੍ਹਾਂ ਦੋਸ਼ ਲਾਇਆ ਕਿ ਖਾਦ ਸਬਸਿਡੀ, ਫਸਲਾਂ ਦੀ ਖ੍ਰੀਦ ਅਤੇ ਭੋਜਨ ਪਦਾਰਥਾਂ ਲਈ ਰੱਖੀਆਂ ਜਾਣ ਵਾਲੀਆਂ ਰਕਮਾਂ ‘ਚ ਕਟੌਤੀ ਕੀਤੀ ਗਈ ਹੈ ਜਿਸ ਨਾਲ ਦੋ ਤਿਹਾਈ ਵਸੋਂ ਨੂੰ ਰੁਜ਼ਗਾਰ ਦੇਣ ਵਾਲੀ ਖੇਤੀ ਹੋਰ ਨਿਵਾਣਾਂ ਵੱਲ ਜਾਵੇਗੀ |ਇਕੱਤਰ ਮਜ਼ਦੂਰਾਂ ਨੇ ਫਸਲ ਖਰਾਬੇ ਤੋਂ ਖੇਤ ਮਜਦੂਰਾਂ ਨੂੰ ਵਾਂਝੇ ਰੱਖਣ ਵਾਲੀ ਚੰਨੀ ਸਰਕਾਰ ਦਾ ਵੀ ਜੋਰਦਾਰ ਪਿੱਟ ਸਿਆਪਾ ਕੀਤਾ |ਇਸ ਮੌਕੇ ਗੁਰਮੀਤ ਸਿੰਘ ਜੈ ਸਿੰਘ ਵਾਲਾ, ਚੰਦ ਸਿੰਘ ਜੱਸੀ, ਉਮਰ ਦੀਨ ਜੱਸੀ, ਲਛਮਣ ਸਿੰਘ ਘੁੱਦਾ ਨੇ ਵੀ ਵਿਚਾਰ ਰੱਖੇ |
ਮੋਦੀ ਸਰਕਾਰ ਦੀ ਸੋਚ ਪੰਜਾਬ ਕਰੇ ਤਰੱਕੀ, ਪੰਜਾਬੀ ਬਣਾਉਣ ਸਰਕਾਰ:ਇੰਜ ਰੁਪਿੰਦਰਜੀਤ ਸਿੰਘ
ਸੁਖਜਿੰਦਰ ਮਾਨ
ਬਠਿੰਡਾ, 2 ਫਰਵਰੀ: ਵਿਧਾਨ ਸਭਾ ਹਲਕਾ ਭੁੱਚੋ ਮੰਡੀ ਤੋਂ ਭਾਜਪਾ ਦੇ ਉਮੀਦਵਾਰ ਇੰਜਨੀਅਰ ਰੁਪਿੰਦਰਜੀਤ ਸਿੰਘ ਵੱਲੋਂ ਅੱਜ ਦੂਜੇ ਦਿਨ ਭੁੱਚੋ ਮੰਡੀ ਦੇ ਵੱਖ ਵੱਖ ਬਾਜ਼ਾਰਾਂ ਦਾ ਦੌਰਾ ਕੀਤਾ | ਇਸ ਮੌਕੇ ਦੁਕਾਨਦਾਰਾਂ ,ਸ਼ਹਿਰੀਆਂ ਤੇ ਵਪਾਰੀਆਂ ਵੱਲੋਂ ਭਾਜਪਾ ਆਗੂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਭਰਵਾਂ ਹੁੰਗਾਰਾ ਦਿੱਤਾ | ਇੰਜਨੀਅਰ ਰੁਪਿੰਦਰਜੀਤ ਸਿੰਘ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਸੋਚ ਪੰਜਾਬ ਨੂੰ ਤਰੱਕੀ ਵੱਲ ਲਿਜਾਣ ਦੀ ਹੈ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਪੰਜਾਬੀਆਂ ਨੂੰ ਭਾਜਪਾ ਦੀ ਸਰਕਾਰ ਬਣਾਉਣ ਲਈ ਕਮਲ ਦੇ ਫੁੱਲ ਤੇ ਮੋਹਰ ਲਾਉਣੀ ਚਾਹੀਦੀ ਹੈ ਤਾਂ ਜੋ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵਿਚ ਸੂਬਾ ਤਰੱਕੀ ਕਰ ਸਕੇ ,ਕਿਸਾਨ, ਮਜਦੂਰ, ਮੁਲਾਜਮ, ਵਪਾਰੀਆਂ ਨੂੰ ਹਰ ਸਹੂਲਤ ਮੁਹੱਈਆ ਹੋ ਸਕੇ | ਇੰਜਨੀਅਰ ਰੁਪਿੰਦਰਜੀਤ ਸਿੰਘ ਨੇ ਦੋਸ਼ ਲਾਇਆ ਕਿ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਦੇ ਨੁਮਾਇੰਦਿਆਂ ਵੱਲੋਂ ਕਦੇ ਵੀ ਇਸ ਇਲਾਕੇ ਨੂੰ ਵਿਕਾਸ ਦੀ ਰਾਹ ਤੇ ਲਿਜਾਣ ਲਈ ਯਤਨ ਨਹੀਂ ਕੀਤੇ ਬਲਕਿ ਆਪਣੇ ਨਿੱਜੀ ਲੋਭ ਲਾਲਚ ਲਈ ਕੰਮ ਕੀਤਾ | ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਨੂੰ ਮੌਕਾ ਮਿਲਦਾ ਹੈ ਤਾਂ ਇਸ ਇਲਾਕੇ ਵਿਚ ਵੱਡੀ ਇੰਡਸਟਰੀ, ਵਧੀਆ ਸਟੇਡੀਅਮ ,ਵਧੀਆ ਹਸਪਤਾਲ, ਵਧੀਆ ਕਾਲਜ, ਵਧੀਆ ਸਿਲਾਈ ਸੈਂਟਰ ਸਮੇਤ ਹਰ ਸਹੂਲਤ ਮੁਹੱਈਆ ਕਰਵਾਉਣ ਦੇ ਯਤਨ ਹੋਣਗੇ |ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਦੇ ਪਿੰਡਾਂ ਦੇ ਵਸਨੀਕ ਕਿਸਾਨਾਂ ਦੇ ਨੌਜਵਾਨ ਪੁੱਤਰਾਂ ਨੂੰ ਅਗਾਂਹ ਵਧੂ ਸੋਚ ਲਈ ਤਿਆਰ ਕਰਨ ਦੀ ਜਿਸ ਲਈ ਭਾਜਪਾ ਸਰਕਾਰ ਵੱਡੇ ਯਤਨ ਕਰੇਗੀ | ਇਸ ਮੌਕੇ ਉਨ੍ਹਾਂ ਦੇ ਨਾਲ ਭਾਜਪਾ ਲੀਡਰਸ਼ਿਪ ਅਤੇ ਸ਼ਹਿਰ ਵਾਸੀ ਹਾਜਰ ਸਨ |
ਆਪ ਆਦਮੀ ਪਾਰਟੀ ਵਿੱਚ ਵੱਡੀ ਗਿਣਤੀ ‘ਚ ਹੋਏ ਲੋਕ ਸ਼ਾਮਲ
ਰਿਆਇਤੀ ਪਾਰਟੀਆਂ ਦਾ ਖੇਡ ਖਤਮ, ਭਰਮਾ ਚ ਨਹੀਂ ਆਉਣਗੇ ਸ਼ਹਿਰ ਵਾਸੀ- ਗਿੱਲ
ਸੁਖਜਿੰਦਰ ਮਾਨ
ਬਠਿੰਡਾ, 02 ਜਨਵਰੀ: ਆਮ ਆਦਮੀ ਪਾਰਟੀ ਵਿਚ ਅੱਜ ਪਾਰਟੀ ਉਮੀਦਵਾਰ ਜਗਰੂਪ ਸਿੰਘ ਗਿੱਲ ਦੀ ਅਗਵਾਈ ਹੇਠ ਅੱਜ ਹੰਸ ਨਗਰ ਵਿਚੇ ਸੈਂਕੜਾਂ ਪਰਿਵਾਰ ਸ਼ਾਮਲ ਹੋ ਗਏ | ਇਸ ਮੌਕੇ ਵਾਰਡ ਪ੍ਰਧਾਨ ਮੈਡਮ ਅਲਕਾ ਸ਼ਰਮਾ ਦੀ ਪ੍ਰਧਾਨਗੀ ਹੇਂਠ ਵਿਨੋਦ ਕੁਮਾਰ, ਸੰਦੀਪ ਕੁਮਾਰ, ਰਾਮ ਚੰਦਰ, ਮਹਿੰਦਰ ਸਿੰਘ, ਪ੍ਰਦੀਪ ਕੁਮਾਰ, ਗੌਰਵ ਸਿੰਘ, ਮੰਗਾ ਸਿੰਘ, ਰੋਬਿਨ, ਅਕਾਸ਼, ਮਾਣਿਕ, ਹੰਸ ਰਾਜ, ਸੰਤੋਸ਼, ਸੁਖਪਾਲ ਕੌਰ, ਪਿਆਰਾ ਸਿੰਘ, ਅੰਗਰੇਜ ਕੌਰ, ਸੰਤਰੋੰ ਦੇਵੀ, ਬਿੱਲੂ, ਸ਼ੀਤਲ, ਅਮਿਤ ਕੁਮਾਰ, ਗੁਰਦੀਪ ਕੁਮਾਰ, ਸੰਤੋਸ਼ ਰਾਣੀ, ਸੁਖਚੈ ਸਿੰਘ, ਸੰਜੇ ਬਤਰਾ, ਅਮਨਦੀਪ ਸਿੰਘ, ਭੋਲਾ ਸਿੰਘ, ਸੁਰਿੰਦਰ ਸਿੰਘ, ਗਾਇਤ੍ਰੀ ਦੇਵੀ, ਸੰਤੋਸ਼ , ਦਿਸ਼ਾ ਐਡਵੋਕੇਟ ਆਦਿ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ | ਇਸ ਮੌਕੇ ਜਗਰੂਪ ਸਿੰਘ ਗਿੱਲ ਵਲੋਂ ਸਾਰੀਆਂ ਵਾਰਡ ਵਾਸੀਆਂ ਨੂੰ ਪਾਰਟੀ ਝੰਡਾ ਗੱਲ ਵਿੱਚ ਪਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਅਤੇ ਪਾਰਟੀ ਵਲੋਂ ਮਾਨ ਅਤੇ ਸਨਮਾਣ ਦੇਣ ਦਾ ਯਕੀਨ | ਸ: ਗਿੱਲ ਨੇ ਕਿਹਾ ਕਿ ਪੰਜਾਬ ਦੀ ਰਿਵਾਇਤੀ ਪਾਰਟੀਆਂ ਨੇ 15 ਸਾਲ ਬਰਬਾਦ ਕਰ ਦਿੱਤੇ ਹਨ, ਪੰਜਾਬ ਦੇ ਭਲੇ ਲਈ ਕੋਈ ਕਦਮ ਨਹੀਂ ਉਠਾਇਆ, ਸ਼ਹਿਰਾਂ ਵਿੱਚ ਲੋਕ ਮੁੱਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ, ਬਠਿੰਡਾ ਸ਼ਹਿਰ ਵਿੱਚ ਦਹਿਸ਼ਤ ਬਣੀ ਹੋਈ ਹੈ, ਲੁੱਟਾਂ ਖੋਹਾਂ, ਕੈਸੀਨੋ, ਜੂਏ ਦੇ ਅੱਡੇ, ਨਸ਼ਾ ਸਮੱਗਲਿੰਗ ਜ਼ੋਰਾਂ ਤੇ ਹੈ ਜਿਸ ਪਾਸੇ ਸਰਕਾਰ ਅਤੇ ਪ੍ਰਸ਼ਾਸਨ ਦਾ ਵੀ ਕੋਈ ਧਿਆਨ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਰਿਵਾਇਤੀ ਪਾਰਟੀਆਂ ਦੀ ਖੇਡ ਖ਼ਤਮ ਹੋ ਚੁੱਕੀ ਹੈ, ਲੋਕ ਇਨ੍ਹਾਂ ਦੇ ਝਾਂਸੇ ਵਿਚ ਨਹੀਂ ਆਉਣਗੇ | ਇਸ ਮੌਕੇ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਉਨ੍ਹਾਂ ਨੂੰ ਸਹਿਯੋਗ ਦੇਣ ਤਾਂ ਜੋ ਸ਼ਹਿਰ ਦਾ ਚਹੁੰਮੁਖੀ ਵਿਕਾਸ ਸ਼ੁਰੂ ਕਰਵਾਇਆ ਜਾ ਸਕੇ | ਇਸ ਮੌਕੇ ਉਨ੍ਹਾਂ ਦੇ ਨਾਲ ਆਪ ਲੀਡਰਸ਼ਿਪ ਅਤੇ ਸ਼ਹਿਰ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ |
ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ 97 ਫੀਸਦੀ ਤੋਂ ਵੱਧ ਲਾਇਸੈਂਸੀ ਹਥਿਆਰ ਜਮਾਂ ਕਰਵਾਏ
ਪੰਜਾਬ ਵਿੱਚ ਆਦਰਸ ਚੋਣ ਜਾਬਤਾ ਲਾਗੂ ਹੋਣ ਪਿੱਛੋਂ 313.44 ਕਰੋੜ ਰੁਪਏ ਦੀਆਂ ਕੀਮਤ ਦੀਆਂ ਵਸਤਾਂ ਕੀਤੀਆ ਜਬਤ: ਮੁੱਖ ਚੋਣ ਅਧਿਕਾਰੀ ਪੰਜਾਬ
ਚੰਡੀਗੜ੍ਹ, 02 ਫਰਵਰੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਡਾ. ਐਸ ਕਰੁਣਾ ਰਾਜੂ ਨੇ ਅੱਜ ਇੱਥੇ ਦੱਸਿਆ ਕਿ ਭਾਰਤੀ ਚੋਣ ਕਮਿਸਨ (ਈ.ਸੀ.ਆਈ.) ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ 20 ਫਰਵਰੀ, 2022 ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਸੂਬੇ ‘ਚ 3,76,542 ਲਾਇਸੰਸਸੁਦਾ ਹਥਿਆਰ ਜਮਾਂ ਕਰਵਾਏ ਗਏ ਹਨ | ਉਨ੍ਹਾਂ ਕਿਹਾ ਕਿ ਇਹ ਸੂਬੇ ਦੇ ਕੁੱਲ 3,90,275 ਲਾਇਸੈਂਸੀ ਹਥਿਆਰਾਂ ਦਾ 97.43 ਫੀਸਦੀ ਬਣਦਾ ਹੈ, ਜਦ ਕਿ ਸੂਬੇ ਵਿੱਚ 72 ਬਿਨਾਂ ਲਾਇਸੈਂਸ ਵਾਲੇ ਹਥਿਆਰ ਵੀ ਜਬਤ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਰਾਸਟਰੀ/ਪ੍ਰਾਈਵੇਟ ਬੈਂਕਾਂ ਵਿੱਚ ਤਾਇਨਾਤ ਸੁਰੱਖਿਆ ਕਰਮੀਆਂ ਸਮੇਤ ਨਿੱਜੀ ਸੁਰੱਖਿਆ ਲਈ ਲਾਇਸੰਸਸੁਦਾ ਹਥਿਆਰ ਰੱਖਣ ਵਾਲੇ ਕੁਝ ਵਿਅਕਤੀਆਂ ਨੂੰ ਕਿਸੇ ਵੀ ਕਿਸਮ ਦੀ ਵਾਜਿਬ ਛੋਟ ਲੈਣ ਜਾਂ ਸਿ�ਕਾਇਤਾਂ ਦੇ ਨਿਪਟਾਰੇ ਲਈ ਡਿਪਟੀ ਕਮਿਸਨਰ ਤੱਕ ਪਹੁੰਚ ਕਰਨੀ ਹੋਵੇਗੀ |
ਡਾ.ਰਾਜੂ ਨੇ ਇਹ ਵੀ ਦੱਸਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਦਰਸ ਚੋਣ ਜਾਬਤਾ ਲਾਗੂ ਹੋਣ ਉਪਰੰਤ ਵੱਖ-ਵੱਖ ਇਨਫੋਰਸਮੈਂਟ ਟੀਮਾਂ ਨੇ 01 ਫਰਵਰੀ 2022 ਤੱਕ ਜਾਬਤੇ ਦੀ ਉਲੰਘਣਾ ਕਰਨ ਦੇ ਦੋਸ ਹੇਠ 313.44 ਕਰੋੜ ਰੁਪਏ ਕੀਮਤ ਦਾ ਸਮਾਨ ਜਬਤ ਕੀਤਾ ਹੈ |ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਨਿਗਰਾਨ ਟੀਮਾਂ ਨੇ 15.49 ਕਰੋੜ ਰੁਪਏ ਦੀ ਕੀਮਤ ਵਾਲੀ 28.91 ਲੱਖ ਲੀਟਰ ਸਰਾਬ ਬਰਾਮਦ ਕੀਤੀ ਹੈ | ਇਸੇ ਤਰ੍ਹਾਂ ਇਨਫੋਰਸਮੈਂਟ ਵਿੰਗਾਂ ਨੇ 276.51 ਕਰੋੜ ਰੁਪਏ ਦੇ ਨਸੀਲੇ ਪਦਾਰਥ ਬਰਾਮਦ ਕੀਤੇ ਹਨ ਅਤੇ 20 ਕਰੋੜ ਰੁਪਏ ਦੀ ਬੇਨਾਮੀ ਨਕਦੀ ਵੀ ਜਬਤ ਕੀਤੀ ਹੈ |ਮੁੱਖ ਚੋਣ ਅਫਸਰ ਨੇ ਦੱਸਿਆ ਕਿ 1209 ਵੱਧ ਸੰਵੇਦਨਸੀਲ ਖੇਤਰਾਂ ਦੀ ਪਛਾਣ ਕੀਤੀ ਗਈ ਹੈ | ਇਸ ਤੋਂ ਇਲਾਵਾ ਗੜਬੜੀ ਕਰਨ ਦੀ ਸੰਭਾਵਨਾ ਵਾਲੇ 2906 ਵਿਅਕਤੀਆਂ ਦੀ ਸਨਾਖਤ ਵੀ ਕੀਤੀ ਗਈ ਹੈ, ਜਿਨਾਂ ਵਿੱਚੋਂ 1990 ਵਿਅਕਤੀਆਂ ਵਿਰੁੱਧ ਪਹਿਲਾਂ ਹੀ ਕਾਰਵਾਈ ਵਿੱਢੀ ਜਾ ਚੁੱਕੀ ਹੈ ਅਤੇ ਬਾਕੀਆਂ ਵਿਰੁੱਧ ਵੀ ਜਲਦ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਇਹ ਵੀ ਦੱਸਿਆ ਕਿ ਸੁਰੱਖਿਆ ਦੇ ਨਜਰੀਏ ਤੋਂ ਸੀ.ਆਰ.ਪੀ.ਸੀ. ਐਕਟ ਦੀਆਂ ਰੋਕਥਾਮ ਸਬੰਧੀ ਧਾਰਾਵਾਂ ਤਹਿਤ 891 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ |ਉਨ੍ਹਾਂ ਦੱਸਿਆ ਕਿ ਗੈਰ- ਜਮਾਨਤੀ ਵਾਰੰਟਾਂ ਦੇ 2731 ਕੇਸਾਂ ‘ਤੇ ਕਾਰਵਾਈ ਕੀਤੀ ਜਾ ਚੁੱਕੀ ਹੈ, ਜਦਕਿ 15 ਕੇਸਾਂ ‘ਤੇ ਕਾਰਵਾਈ ਅਮਲ ਅਧੀਨ ਹੈ | ਉਨ੍ਹਾਂ ਅੱਗੇ ਕਿਹਾ ਕਿ ਸੂਬੇ ਭਰ ‘ਚ 16448 ਨਾਕੇ ਲਗਾਏ ਗਏ ਹਨ |
ਨੌਜਵਾਨ ਵਰਗ ਨੇ ਦਿੱਤਾ ਸਾਬਕਾ ਵਿਧਾਇਕ ਦੀ ਚੋਣ ਮੁਹਿੰਮ ਨੂੰ ਸਮਰਥਨ
ਸ਼੍ਰੋਮਣੀ ਅਕਾਲੀ ਦਲ ਦੇ 13 ਨੁਕਾਤੀ ਪ੍ਰੋਗਰਾਮ ਪੰਜਾਬ ਦੇ ਹਰ ਵਰਗ ਨੂੰ ਦੇਣਗੇ ਤਾਕਤ : ਦੀਨਵ ਸਿੰਗਲਾ
ਸੁਖਜਿੰਦਰ ਮਾਨ
ਬਠਿੰਡਾ, 2 ਫਰਵਰੀ: ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਦੀ ਚੋਣ ਮੁਹਿੰਮ ਨੂੰ ਨੌਜਵਾਨ ਵਰਗ ਵੱਲੋਂ ਭਵਾਂ ਸਮਰਥਨ ਦਿੱਤਾ ਜਾ ਰਿਹਾ ਹੈ | ਵੱਖ ਵੱਖ ਵਾਰਡਾਂ ਵਿਚ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਲੀਡਰਸਿਪ ਅਤੇ ਯੂਥ ਅਕਾਲੀ ਦਲ ਦੇ ਵਰਕਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ 10 ਸਾਲ ਵੇਲੇ ਹੋਏ ਵਿਕਾਸ ਅਤੇ ਆਉਂਦੀ ਅਕਾਲੀ ਬਸਪਾ ਸਰਕਾਰ ਵਿਚ 13 ਨੁਕਾਤੀ ਪ੍ਰੋਗਰਾਮਾਂ ਨਾਲ ਸੂਬੇ ਦੇ ਹਰ ਵਰਗ ਨੂੰ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੰਦਿਆਂ ਉਮੀਦਵਾਰ ਸਰੂਪ ਚੰਦ ਸਿੰਗਲਾ ਦੀ ਸਾਫ਼ ਛਵੀ ਵਾਲੀ ਸਿਆਸਤ ਦੇ ਨਾਮ ਤੇ ਵੋਟਾਂ ਦੀ ਮੰਗ ਕੀਤੀ ਜਾ ਰਹੀ ਹੈ | ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਵਕੀਲ ਰਾਜਵਿੰਦਰ ਸਿੰਘ,ਯੂਥ ਅਕਾਲੀ ਦਲ ਦੇ ਕੋਆਰਡੀਨੇਟਰ ਦੀਨਵ ਸਿੰਗਲਾ, ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਹਰਪਾਲ ਸਿੰਘ ਢਿੱਲੋਂ,ਵਪਾਰ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਵਿਰਦੀ, ਵਪਾਰ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਕੇਸ਼ ਸਿੰਗਲਾ, ਹਰਵਿੰਦਰ ਗੰਜੁ, ਸੀਰਾ ਸਿੱਧੂ, ਭੁਪਿੰਦਰ ਭੁਪਾ, ਬਲਵਿੰਦਰ ਬੱਲੀ, ਜਗਦੀਪ ਗਹਿਰੀ, ਸੁਖੀ ਢਿੱਲੋਂ, ਡਾਇਮੰਡ ਖੰਨਾ, ਰਘਵੀਰ ਬਰਾੜ ਆਦਿ ਨੇ ਕਿਹਾ ਕਿ ਉਨ੍ਹਾਂ ਦੀ ਸੋਚ ਹੈ ਕਿ ਪੰਜਾਬ ਵਿੱਚ ਅਕਾਲੀ ਬਸਪਾ ਗੱਠਜੋਡ ਦੀ ਸਰਕਾਰ ਬਣੇ ਅਤੇ ਵਿਧਾਨ ਸਭਾ ਹਲਕਾ ਬਠਿੰਡਾ ਤੋਂ ਸਰੂਪ ਚੰਦ ਸਿੰਗਲਾ ਦੀ ਵੱਡੀ ਜਿੱਤ ਹੋਵੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਮਾਂ ਬੋਲੀ ਪਾਰਟੀ ਹੈ ਤੇ ਸਿੰਗਲਾ ਪਰਿਵਾਰ ਦੀ ਸੋਚ ਹਰ ਵਰਗ ਦੀ ਤਰੱਕੀ ਅਤੇ ਖੁਸ਼ਹਾਲੀ ਹੈ, ਜਿਸ ਲਈ ਸ਼ਹਿਰ ਵਾਸੀਆਂ ਨੂੰ ਉਨ੍ਹਾਂ ਦਾ ਡਟ ਕੇ ਸਾਥ ਦੇਣਾ ਸਮੇਂ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਉਲੀਕੇ 13 ਨੁਕਾਤੀ ਪ੍ਰੋਗਰਾਮ ਨੌਜਵਾਨਾਂ ਦੀ ਤਸਵੀਰ ਬਦਲ ਕੇ ਰੱਖ ਦੇਣਗੇ, ਸਟੂਡੈਂਟ ਕਾਰਡ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੇ ਹੁਸ਼ਿਆਰ ਬੱਚਿਆਂ ਲਈ ਵੱਡੀ ਤਾਕਤ ਹੈ , ਜਿਸ ਕਰਕੇ ਉਹ ਆਪਣੇ ਉਜਵਲ ਭਵਿੱਖ ਲਈ ਵਿਦੇਸ਼ਾਂ ਵਿੱਚ ਵੀ ਪੜ੍ਹਨ ਦਾ ਜਜਬਾ ਪੂਰਾ ਕਰ ਸਕਦੇ ਹਨ | ਯੂਥ ਅਕਾਲੀ ਦਲ ਸਮੇਤ ਸ਼ਹਿਰ ਦੇ ਨੌਜਵਾਨ ਵਰਗ ਨੇ ਸਿੰਗਲਾ ਲਈ ਘਰ ਘਰ ਵੋਟਾਂ ਮੰਗੀਆਂ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਬਸਪਾ ਸਰਕਾਰ ਬਣਨ ਤੇ ਇਸ ਇਲਾਕੇ ਨੂੰ ਚਹੁੰਮੁਖੀ ਵਿਕਾਸ ਦੀ ਰਾਹ ਤੇ ਤੋਰਨ ਦਾ ਵਿਸ਼ਵਾਸ ਦਿਵਾਇਆ |
ਸਾਬਕਾ ਵਿਧਾਇਕ ਪਹੁੰਚੇ ਵਕੀਲ ਭਾਈਚਾਰੇ ਦੇ ਦਰਬਾਰ, ਮੰਗੀਆਂ ਵਿਕਾਸ ਦੇ ਨਾਮ ‘ਤੇ ਵੋਟਾਂ
ਬਠਿੰਡਾ ਨਿਵਾਸੀਆਂ ਲਈ ਹਮੇਸ਼ਾਂ ਇਨਸਾਫ਼ ਦਿਵਾਉਣ ਲਈ ਕੀਤੀ ਮਿਹਨਤ, ਨਹੀ ਕੀਤੀ ਧੋਖੇ ਵਾਲੀ ਸਿਆਸਤ : ਸਰੂਪ ਸਿੰਗਲਾ
ਸੁਖਜਿੰਦਰ ਮਾਨ
ਬਠਿੰਡਾ, 2 ਫਰਵਰੀ: ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਆਪਣੀ ਚੋਣ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਅੱਜ ਅਦਾਲਤ ਕੰਪਲੈਕਸ ਦਾ ਦੌਰਾ ਕੀਤਾ ਤੇ ਵਕੀਲ ਭਾਈਚਾਰੇ ਦੇ ਦਰਬਾਰ ਵਿੱਚ ਬੇਨਤੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵੇਲੇ ਹੋਏ ਪੰਜਾਬ ਅਤੇ ਸ਼ਹਿਰ ਬਠਿੰਡਾ ਦੇ ਵਿਕਾਸ ਦੇ ਨਾਮ ‘ਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਵੋਟ ਦੀ ਮੰਗ ਕੀਤੀ | ਇਸ ਮੌਕੇ ਵਕੀਲ ਭਾਈਚਾਰੇ ਵੱਲੋਂ ਗਰਮਜੋਸ਼ੀ ਨਾਲ ਸਾਬਕਾ ਵਿਧਾਇਕ ਦਾ ਸਵਾਗਤ ਕੀਤਾ ਅਤੇ ਪੂਰਨ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ |ਇਸ ਮੌਕੇ ਉਨ੍ਹਾਂ ਦੇ ਨਾਲ ਵਕੀਲ ਦਲਜੀਤ ਸਿੰਘ ਬਰਾੜ, ਵਕੀਲ ਜਤਿੰਦਰ ਰਾਏ ਖੱਟੜ, ਵਕੀਲ ਗੁਰਸੇਵਕ ਸਿੰਘ ਸਿੱਧੂ ,ਵਕੀਲ ਰਾਜਵਿੰਦਰ ਸਿੰਘ ਸਿੱਧੂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ , ਵਕੀਲ ਹਰਪਾਲ ਸਿੰਘ ਢਿੱਲੋਂ ਪ੍ਰਧਾਨ ਯੂਥ ਅਕਾਲੀ ਦਲ ਬਠਿੰਡਾ ਸ਼ਹਿਰੀ, ਵਕੀਲ ਬੀਰ ਬਹਾਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਵਕੀਲ ਮੈਂਬਰ ਸਾਹਿਬਾਨ ਅਤੇ ਬਾਰ ਐਸੋਸੀਏਸ਼ਨ ਦੇ ਅਹੁਦੇਦਾਰ ਸਾਹਿਬਾਨ ਹਾਜ਼ਰ ਸਨ |ਇਸ ਮੌਕੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਮੇਸ਼ਾਂ ਹੀ ਸਾਫ਼ ਸੁਥਰੀ ਸਿਆਸਤ ਕੀਤੀ ਹੈ ,ਕਦੇ ਵੀ ਧੋਖਿਆਂ ਵਾਲੀ ਸਿਆਸਤ ਨਹੀਂ ਕੀਤੀ, ਨਾ ਹੀ ਕਦੇ ਜਾਤੀ ਰੰਜਿਸ਼ ਤਹਿਤ ਕਿਸੇ ਵੀ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਬਾਰੇ ਕੰਮ ਕੀਤਾ |ਉਨ੍ਹਾਂ ਕਿਹਾ ਕਿ ਸਿੰਗਲਾ ਪਰਿਵਾਰ ਕਿਸੇ ਵੀ ਪਰਿਵਾਰ ਦੇ ਮਨਾਂ ਨੂੰ ਠੇਸ ਪਹੁੰਚਾਉਣ ਬਾਰੇ ਸੋਚ ਵੀ ਨਹੀਂ ਸਕਦਾ, ਤੇ ਸ਼ਹਿਰ ਵਾਸੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ,ਪੰਜਾਬ ਸਰਕਾਰ ਤੋਂ ਇਨਸਾਫ਼ ਦਿਵਾਉਣ ਲਈ ਹੀ ਕੰਮ ਕੀਤਾ, ਜਦੋਂ ਕਿ 5 ਸਾਲ ਪਹਿਲਾਂ ਬਠਿੰਡਾ ਸ਼ਹਿਰ ਵਿੱਚ ਆਏ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਧੋਖਿਆਂ ਦੀ ਸਿਆਸਤ, ਝੂਠੇ ਪਰਚਿਆਂ ਦੀ ਸਿਆਸਤ, ਗੁੰਮਰਾਹ ਕਰਨ ਦੀ ਸਿਆਸਤ ,ਕਬਜਿਆਂ ਦੀ ਸਿਆਸਤ, ਨਸ਼ਾ ਸਮੱਗਲਿੰਗ,ਜੂਏ ਦੇ ਅੱਡੇ ਖਲਵਾਉਣ ਦੀ ਸਿਆਸਤ ਨੂੰ ਪਹਿਲ ਦਿੱਤੀ, ਜਿਸ ਕਰਕੇ ਅੱਜ ਸ਼ਹਿਰ ਦਾ ਮਾਹੌਲ ਵੀ ਦਹਿਸਤ ਵਾਲਾ ਬਣਿਆ ਹੋਇਆ ਹੈ |ਉਨ੍ਹਾਂ ਕਿਹਾ ਕਿ ਆਪ ਉਮੀਦਵਾਰ ਜਗਰੂਪ ਸਿੰਘ ਗਿੱਲ ਜੋ ਸਾਢੇ ਚਾਰ ਸਾਲ ਮਨਪ੍ਰੀਤ ਬਾਦਲ ਵੱਲੋਂ ਕੀਤੀਆਂ ਧੱਕੇਸ਼ਾਹੀਆਂ ਦਾ ਹਿੱਸਾ ਰਹੇ ਹਨ ਉਹ ਅੱਜ ਮੇਅਰ ਦੀ ਕੁਰਸੀ ਨਾ ਮਿਲਣ ਕਰਕੇ ਵੋਟਾਂ ਮੰਗ ਰਹੇ ਹਨ, ਹੈਰਾਨਗੀ ਦੀ ਗੱਲ ਹੈ ਕਿ 40 ਸਾਲ ਦੀ ਸਿਆਸਤ ਵਿੱਚ ਉਨ੍ਹਾਂ ਕਦੇ ਵੀ ਬਠਿੰਡਾ ਸ਼ਹਿਰ ਦੇ ਭਲੇ ਲਈ ਕੋਈ ਕੰਮ ਨਹੀਂ ਕੀਤਾ ਜਦੋਂ ਕਿ ਉਨ੍ਹਾਂ ਵੱਲੋਂ ਰਿਕਾਰਡ ਵਿਕਾਸ ਕਰਵਾਏ ਤੇ ਸ਼ਹਿਰ ਬਠਿੰਡਾ ਦੀ ਤਸਵੀਰ ਬਦਲਣ ਵਿਚ ਅਹਿਮ ਰੋਲ ਨਿਭਾਇਆ | ਸਿੰਗਲਾ ਨੇ ਵਕੀਲ ਭਾਈਚਾਰੇ ਤੋਂ ਵਿਕਾਸ ਅਤੇ ਸਾਫ ਸੁਥਰੀ ਸਿਆਸਤ ਦੇ ਨਾਮ ਤੇ ਵੋਟ ਦੀ ਮੰਗ ਕਰਦਿਆਂ ਕਿਹਾ ਕਿ ਧੱਕੇਸ਼ਾਹੀਆਂ ਦਾ ਜਵਾਬ ਸ਼ਹਿਰ ਵਾਸੀ ਦੇਣਗੇ ,ਉਨ੍ਹਾਂ ਦਾ ਕੰਮ ਲੋਕਾਂ ਦੀ ਸੇਵਾ ਹੈ ਜਿਸ ਨੂੰ ਹਮੇਸ਼ਾਂ ਜਾਰੀ ਰੱਖਿਆ ਜਾਵੇਗਾ |ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਵਕੀਲ ਭਾਈਚਾਰੇ ਦੇ ਮੈਂਬਰ ਹਾਜ਼ਰ ਸਨ |
ਪੰਜਾਬ ਵਾਸੀ ਚਾਹੁੰਦੇ ਹਨ ਵਿਕਾਸ: ਅਕਾਲੀ ਦਲ ਅਤੇ ਆਪ ਕਰਦੇ ਨੇ ਗੁਮਰਾਹਕੁਨ ਪ੍ਰਚਾਰ- ਮਨਪ੍ਰੀਤ ਬਾਦਲ
ਕਾਂਗਰਸ ਦੀ ਦੂਸਰੀ ਵਾਰ ਬਣੇਗੀ ਸਰਕਾਰ
ਵਿੱਤ ਮੰਤਰੀ ਪੰਜਾਬ ਨੇ ਕੀਤਾ ਸ਼ਹਿਰ ਦਾ ਤੂਫਾਨੀ ਦੌਰਾ ਵੱਖ ਵੱਖ ਹਿੱਸਿਆਂ ਵਿੱਚ ਭਰਵੀਆਂ ਮੀਟਿੰਗਾਂ ਨੂੰ ਕੀਤਾ ਸੰਬੋਧਨ
ਸੁਖਜਿੰਦਰ ਮਾਨ
ਬਠਿੰਡਾ, 2 ਫਰਵਰੀ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਵਿਧਾਨ ਸਭਾ ਚੋਣਾਂ ਲਈ ਆਪਣੀ ਚੋਣ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਭਾਗੂ ਰੋਡ, ਸੰਜੇ ਨਗਰ, ਮਿੰਨੀ ਸੈਕਟਰੀਏਟ ਰੋਡ, ਅਰਜਨ ਨਗਰ, ਪੀਰਖਾਨਾ ਰੋਡ, ਮਹਿਣਾ ਚੌਕ, ਹੰਸ ਨਗਰ, ਹਾਜੀ ਰਤਨ, ਮਤੀ ਦਾਸ ਨਗਰ, ਬਾਬਾ ਫਰੀਦ ਨਗਰ ਅਤੇ ਬੀਬੀ ਵਾਲਾ ਰੋਡ ਵਿਖੇ ਭਰਵੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ ਅਤੇ ਕਾਂਗਰਸ ਸਰਕਾਰ ਵੱਲੋਂ ਦਿੱਤੀਆਂ ਵੱਡੀਆਂ ਰਾਹਤਾਂ ਅਤੇ ਸ਼ਹਿਰ ਦੇ ਕਰਵਾਏ ਚਹੁੰਮੁਖੀ ਵਿਕਾਸ ਦੇ ਨਾਮ ਤੇ ਵੋਟਾਂ ਦੀ ਮੰਗ ਕੀਤੀ | ਇਸ ਮੌਕੇ ਸ਼ਹਿਰ ਵਾਸੀਆਂ ਵੱਲੋਂ ਵਿੱਤ ਮੰਤਰੀ ਪੰਜਾਬ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਚੋਣਾਂ ਵਿੱਚ ਪੂਰਨ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ | ਮਨਪ੍ਰੀਤ ਸਿੰਘ ਬਾਦਲ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਖ਼ੁਸ਼ਹਾਲ ਭਵਿੱਖ ਲਈ ਕਾਂਗਰਸ ਦੀ ਦੂਸਰੀ ਵਾਰ ਸਰਕਾਰ ਬਣਾਉਣਾ ਸਮੇਂ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵਿਚ ਬੜੀ ਜੱਦੋ ਜਹਿਦ ਤਹਿਤ ਪੰਜਾਬ ਦੇ ਖਜਾਨੇ ਨੂੰ ਮਜਬੂਤ ਬਣਾਉਣ ਲਈ ਉਪਰਾਲੇ ਕੀਤੇ ਹਨ, ਉਨ੍ਹਾਂ ਉਪਰਾਲਿਆਂ ਨੂੰ ਨਿਰੰਤਰ ਜਾਰੀ ਰੱਖਣ ਲਈ ਕਾਂਗਰਸ ਦੇ ਹੱਥ ਮਜ਼ਬੂਤ ਕਰਨੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਬਠਿੰਡਾ ਸ਼ਹਿਰ ਦੇ ਵਿਕਾਸ ਲਈ ਉਨ੍ਹਾਂ ਜੋ ਕਿਹਾ ਕਰ ਕੇ ਵਖਾਇਆ ਅਤੇ ਹਰ ਵਰਗ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ, ਜਿਸ ਦੇ ਆਧਾਰ ਤੇ ਉਹ ਵੋਟਾਂ ਦੀ ਮੰਗ ਕਰਦੇ ਹਨ | ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਦੀ ਲੀਡਰਸਸਿਪ, ਕੌਂਸਲਰ ਅਤੇ ਵਰਕਰ ਵੱਡੀ ਗਿਣਤੀ ਵਿਚ ਹਾਜਰ ਸਨ |
ਮਨਪ੍ਰੀਤ ਤੋਂ ਬਾਅਦ ਉਸਦੇ ਸਮਰਥਕਾਂ ਦਾ ਵੀ ਵਿਰੋਧ ਸ਼ੁਰੂ
ਕਾਂਗਰਸੀ ਕੋਂਸਲਰ ‘ਤੇ ਲਗਾਏ ਨਸ਼ਾ ਵਿਕਾਉਣ ਦੇ ਦੋਸ਼, ਵੀਡੀਓ ਵਾਈਰਲ
ਸੁਖਜਿੰਦਰ ਮਾਨ
ਬਠਿੰਡਾ, 2 ਫ਼ਰਵਰੀ: ਬਠਿੰਡਾ ਸ਼ਹਿਰੀ ਹਲਕੇ ਤੋਂ ਦੂਜੀ ਵਾਰ ਚੋਣ ਲੜ ਰਹੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਉਨ੍ਹਾਂ ਦੇ ਸਮਰਥਕਾਂ ਦਾ ਵਿਰੋਧ ਸ਼ੁਰੂ ਹੋ ਗਿਆ ਹੈ | ਬੀਤੇ ਕੱਲ ਇੱਕ ਠੇਕਾ ਮੁਲਾਜਮ ਵਲੋਂ ਵਿਤ ਮੰਤਰੀ ਨੂੰ ਥਰਮਲ ਬੰਦ ਕਰਨ ਤੇ ਕੱਚੇ ਮੁਲਾਜਮ ਪੱਕੇ ਕਰਨ ਦੇ ਮਾਮਲੇ ‘ਚ ਘੇਰਣ ਦੀ ਵਾਈਰਲ ਹੋਈ ਵੀਡੀਓ ਤੋਂ ਬਾਅਦ ਅੱਜ ਸਥਾਨਕ ਮੁਲਤਾਨੀਆ ਰੋਡ ‘ਤੇ ਵੋਟਾਂ ਮੰਗਣ ਜਾ ਰਹੇ ਇੱਕ ਕਾਂਗਰਸੀ ਕੋਂਸਲਰ ‘ਤੇ ਇੱਕ ਵਿਅਕਤੀ ਵਲੋਂ ਸ਼ਹਿਰ ਵਿਚ ਨਸ਼ਾ ਵਿਕਾਉਣ ਦੇ ਦੋਸ ਲਗਾ ਦਿੱਤੇ | ਇਸ ਘਟਨਾ ਦੀ ਵੀਡੀਓ ਵੀ ਸ਼ਹਿਰ ਵਿਚ ਅੱਗ ਵਾਂਗ ਫੈਲ ਗਈ | ਵਿਰੋਧੀਆਂ ਨੇ ਵੀ ਇਸ ਮਾਮਲੇ ‘ਤੇ ਵਿਤ ਮੰਤਰੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ | ਸੂਚਨਾ ਮੁਤਾਬਕ ਕੋਂਸਲਰ ਆਤਮਾ ਸਿੰਘ ਅਪਣੇ ਸਮਰਥਕਾਂ ਨਾਲ ਅੱਜ ਸ਼ਹਿਰ ਵਿਚ ਵਿਤ ਮੰਤਰੀ ਦੇ ਲਈ ਵੋਟਾਂ ਮੰਗ ਰਹੇ ਸਨ | ਇਸ ਦੌਰਾਨ ਬਲਦੇਵ ਸਿੰਘ ਨਾਂ ਦੇ ਇਕ ਵਿਅਕਤੀ ਨੇ ਉਨ੍ਹਾਂ ਨੂੰ ਰੋਕ ਕੇ ਸਵਾਲ ਦਾਗਣੇ ਸ਼ੁਰੂ ਕਰ ਦਿੱਤੇ | ਉਕਤ ਵਿਅਕਤੀ ਨੇ ਦਾਅਵਾ ਕੀਤਾ ਕਿ ਕੋਂਸਲਰ ਨੇ ਨਾ ਸਿਰਫ਼ ਉਸਦੇ ਬੇਟੇ ਦੇ ਕਾਤਲਾਂ ਨੂੰ ਕੇਸ ਵਿਚੋਂ ਕਢਵਾਇਆ, ਬਲਕਿ ਮੁਹੱਲੇ ‘ਚ ਨਸ਼ਾ ਵਿਕਾਉਣ ਦੇ ਵੀ ਦੋਸ਼ ਲਗਾਏ | ਹਾਲਾਂਕਿ ਕੋਂਸਲਰ ਆਤਮਾ ਸਿੰਘ ਨੇ ਉਸ ‘ਤੇ ਮੋੜਵਾ ਹਮਲਾ ਕਰਦਿਆਂ ਦਾਅਵਾ ਕੀਤਾ ਕਿ ਉਸਦਾ ਪੁੱਤਰ ਚਿੱਟਾ ਪੀ ਕੇ ਮਰਿਆ ਸੀ | ਜਿਸਤੋਂ ਬਾਅਦ ਬਲਦੇਵ ਸਿੰਘ ਹੋਰ ਭੜਕ ਗਿਆ ਤੇ ਉਸਨੇ ਸ਼ਰੇਆਮ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਕਿ ਉਹ ਚਿੱਟਾ ਵਿਕਾਉਦਾ ਹੈ | ਉਧਰ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਇਸ ਮਸਲੇ ‘ਤੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਘੇਰਦਿਆਂ ਉਨ੍ਹਾਂ ਉਪਰ ਗੈਂਗਸਟਰਾਂ ਦੀ ਮਦਦ ਕਰਨ ਅਤੇ ਨਸ਼ਾ ਸਮੱਗਲਿੰਗ ਕਰਵਾਉਣ ਦੇ ਗੰਭੀਰ ਦੋਸ਼ ਲੱਗਣ ਦਾ ਜਵਾਬ ਮੰਗਿਆ ਹੈ | ਸ਼੍ਰੀ ਸਿੰਗਲਾ ਨੇ ਕਿਹਾ ਕਿ ਵਿਤ ਮੰਤਰੀ ਤੇ ਉਸਦੀ ਟੀਮ ਤੋਂ ਪੀੜਤ ਵਿਅਕਤੀ ਹੁਣ ਸਾਹਮਣੇ ਆ ਰਹੇ ਹਨ | ਜਿਸਦਾ ਵਿੱਤ ਮੰਤਰੀ ਨੂੰ ਜਵਾਬ ਦੇਣਾ ਚਾਹੀਦਾ ਹੈ | ਸਿੰਗਲਾ ਨੇ ਕਿਹਾ ਕਿ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣਦਿਆਂ ਅਜਿਹੇ ਸਾਰੇ ਮਾਮਲਿਆਂ ਦੀ ਜਾਂਚ ਕਰਵਾ ਕੇ ਪੀੜਤਾਂ ਨੂੰ ਇਨਸਾਫ ਦਿਵਾਇਆ ਜਾਵੇਗਾ ਅਤੇ ਦੋਸ਼ੀਆਂ ਨੂੰ ਜੇਲ੍ਹਾਂ ਵਿਚ ਸੁੱਟਿਆ ਜਾਵੇਗਾ |






