ਸੁਖਜਿੰਦਰ ਮਾਨ
ਬਠਿੰਡਾ,31 ਜਨਵਰੀ: ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਜ਼ਿਲ੍ਹੇ ਚ ਸੱਤ ਅਬਜ਼ਰਵਰ ਨਿਯੁਕਤ ਕੀਤੇ ਗਏ ਹਨ, ਜੋ ਕਿ ਬਠਿੰਡਾ ਵਿਖੇ ਪਹੁੰਚ ਗਏ ਹਨ । ਇਨ੍ਹਾਂ ਚ 3 ਜਨਰਲ,3 ਖ਼ਰਚਾ ਅਤੇ 1ਪੁਲਿਸ ਆਬਜ਼ਰਬਰ ਸ਼ਾਮਲ ਹਨ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਸਾਂਝੀ ਕੀਤੀ। ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਵਿਨੀਤ ਕੁਮਾਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਠਿੰਡਾ ਜਿਲ੍ਹੇ ਅਧੀਨ ਪੈਂਦੇ 6 ਵਿਧਾਨ ਸਭਾ ਹਲਕਿਆਂ (90- ਰਾਮਪੁਰਾ ਫੂਲ ਤੇ 91-ਭੁੱਚੋ ਮੰਡੀ ਲਈ ਸ਼੍ਰੀ ਸ਼ਿਵ ਸ਼ਾਹੇ ਅਵਾਸਤੀ ਆਈਏਐਸ (88475-47411, 70609-75776), 92-ਬਠਿੰਡਾ ਸ਼ਹਿਰੀ ਤੇ 93-ਬਠਿੰਡਾ ਦਿਹਾਤੀ ਲਈ ਡਾ. ਸ਼ੈਲਜ਼ਾ ਸ਼ਰਮਾ ਆਈ ਏ ਐਸ (83606-28951, 85444-03012) ਅਤੇ 94-ਤਲਵੰਡੀ ਸਾਬੋ ਅਤੇ 95-ਮੌੜ ਸ਼੍ਰੀ ਪਵਨ ਕੁਮਾਰ ਆਈਏਐਸ (83607-57315, 94122-90079) ਨੂੰ ਜਨਰਲ ਆਬਜ਼ਰਬਰ ਵਜੋਂ ਨਿਯੁਕਤ ਕੀਤਾ ਗਿਆ ਹੈ । ਸ਼੍ਰੀ ਵਿਨੀਤ ਕੁਮਾਰ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ 90-ਰਾਮਪੁਰਾ ਫੂਲ ਤੇ 91-ਭੁੱਚੋ ਮੰਡੀ ਲਈ ਸ਼੍ਰੀ ਮੁਨੀਸ਼ ਕੁਮਾਰ ਆਈ ਆਰ ਐੱਸ (62393-46457, 81300-09747) 92-ਬਠਿੰਡਾ ਸ਼ਹਿਰੀ ਤੇ 93-ਬਠਿੰਡਾ ਦਿਹਾਤੀ ਲਈ ਸ਼੍ਰੀ ਧਰਮੇਂਦਰਾ ਸਿੰਘ ਪੁਨੀਆ ਆਈ ਆਰ ਐੱਸ (70098-22923, 94087-94090) ਅਤੇ 94-ਤਲਵੰਡੀ ਸਾਬੋ ਤੇ 95-ਮੌੜ ਲਈ ਜੋਤਿਸ਼ ਮੋਹਨ ਆਈ ਆਰ ਐਸ (98770-64421, 99692,01104) ਨੂੰ ਖਰਚਾ ਨਿਗਰਾਨ ਵਜੋਂ ਨਿਯੁਕਤ ਕੀਤਾ ਗਿਆ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਹੋਰ ਦੱਸਿਆ ਕਿ ਵਿਧਾਨ ਸਭਾ ਹਲਕਿਆਂ (90-ਰਾਮਪੁਰਾ ਫੂਲ, 91-ਭੁੱਚੋ ਮੰਡੀ, 92-ਬਠਿੰਡਾ ਸ਼ਹਿਰੀ, 93-ਬਠਿੰਡਾ ਦਿਹਾਤੀ, 94-ਤਲਵੰਡੀ ਸਾਬੋ ਅਤੇ 95-ਮੌੜ ਲਈ ਸ਼੍ਰੀ ਪਟੇਲ ਪਾਇਯੂਸ਼ ਪ੍ਰਸ਼ੋਤਮ ਦਾਸ ਨੂੰ ਪੁਲਿਸ ਨਿਗਰਾਨ ਵਜੋਂ ਨਿਯੁਕਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਤੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਚੋਣਾਂ ਸਬੰਧੀ ਉਨ੍ਹਾਂ ਨੂੰ ਕੋਈ ਸ਼ਿਕਾਇਤ ਹੋਵੇ ਤਾਂ ਉਹ ਅਬਜ਼ਰਵਰਾਂ ਨਾਲ ਉਪਰੋਕਤ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ ਇਸ ਤੋਂ ਇਲਾਵਾ ਜੇਕਰ ਉਹ ਨਿੱਜੀ ਤੌਰ ਤੇ ਮਿਲਣਾ ਚਾਹੁੰਦੇ ਹਨ ਤਾਂ ਉਹ ਪੁਲੀਸ ਤੇ ਜਨਰਲ ਅਬਜ਼ਰਵਰਾਂ ਨੂੰ ਲੇਕ ਵਿਊ ਰੈਸਟ ਹਾਊਸ ਬਠਿੰਡਾ ਵਿਖੇ , ਖ਼ਰਚਾ ਅਬਜ਼ਰਵਰਾਂ ਨੂੰ ਐੱਨਐੱਫਐੱਲ ਰੈਸਟ ਹਾਊਸ ਵਿਖੇ ਰੋਜ਼ਾਨਾ ਸਵੇਰੇ 11 ਤੋਂ ਦੁਪਹਿਰ 12 ਵਜੇ ਤੱਕ ਮਿਲ ਕੇ ਚੋਣਾਂ ਸਬੰਧੀ ਆਪਣੀ ਕੋਈ ਸ਼ਿਕਾਇਤ ਜਾਂ ਗੱਲਬਾਤ ਸਾਂਝੀ ਕਰ ਸਕਦੇ ਹਨ।
ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 7 ਚੋਣ ਆਬਜ਼ਰਵਰ ਬਠਿੰਡਾ ਪੁੱਜੇ
ਆਮ ਬਜਟ ਵਿਚ ਹਰਿਆਣਾ ਨੂੰ ਹੋਵੇਗਾ ਫਾਇਦਾ: ਦੁਸ਼ਯੰਤ ਚੌਟਾਲਾ
ਸੁਖਜਿੰਦਰ ਮਾਨ
ਚੰਡੀਗੜ੍ਹ, 31 ਜਨਵਰੀ: ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਕਲ 1 ਫਰਵਰੀ ਨੂੰ ਕੇਂਦਰ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਜਾਣ ਵਾਲੇ ਆਮ ਬਜਟ ਵਿਚ ਸਟਾਟਅਪ ਤੇ ਡ੍ਰੋਨ ਦੇ ਵਿਕਾਸ ਵਰਗੀ ਆਧੁਨਿਕ ਤਕਨੀਕਾਂ ‘ਤੇ ਫੋਕਸ ਕੀਤਾ ਜਾਵੇਗਾ, ਜਿਸ ਨਾਲ ਹਰਿਆਣਾ ਨੂੰ ਕਾਫੀ ਫਾਇਦਾ ਹੋਵੇਗਾ। ਉਹ ਅੱਜ ਸਿਰਸਾ ਵਿਚ ਮੀਡਿਆ ਵੱਲੋਂ ਪੁੱਛੇ ਗਏ ਸੁਆਲਾਂ ਦੇ ਜਵਾਬ ਦੇ ਰਹੇ ਸਨ। ਡਿਪਟੀ ਮੁੱਖ ਮੰਤਰੀ ਨੇ ਸਾਲ 2022-23 ਦੇ ਬਜਟ ਵਿਚ ਹਰਿਆਣਾ ਨੂੰ ਲਾਭ ਹੋਣ ਦੀ ਉਮੀਦ ਜਤਾਉਂਦੇ ਹੋਏ ਕਿਹਾ ਕਿ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਡ ਦੇ ਭਾਸ਼ਣ ਤੋਂ ਕੇਂਦਰ ਸਰਕਾਰ ਦਾ ਭਾਵੀ ਵਿਜਨ ਸਾਫ ਝਲਕਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਵੀ ਦੇਸ਼ ਹਿੱਤ ਵਿਚ ਕਾਫੀ ਕੰਮ ਕੀਤਾ ਹੈ ਅਤੇ ਇਸ ਬਜਟ ਤੋਂ ਵੀ ਪਹਿਲਾਂ ਦੀ ਤਰ੍ਹਾਂ ਵਿਕਾਸ ਹੋਵੇਗਾ। ਉਨ੍ਹਾਂ ਨੇ ਈ-ਵਹਿਕਲ ਨੂੰ ਮੌਜ਼ੂਦਾ ਸਮੇਂ ਦੀ ਲੋਂੜ ਦੱਸਦੇ ਹੋਏ ਕਿਹਾ ਕਿ ਹਰਿਆਣਾ ਸਰਕਾਰ ਵੀ ਕੈਬਿਨੇਟ ਦੀ ਮੀਟਿੰਗ ਵਿਚ ਈ-ਵਹਿਕਲ ਨੀਤੀ ਜਦਲ ਹੀ ਲਿਆ ਰਹੀ ਹੈ ਤਾਂ ਜੋ ਸੂਬੇ ਵਿਚ ਪ੍ਰਦੂਸ਼ਣ ਘੱਟ ਹੋਵੇ ਅਤੇ ਲੋਕਾਂ ਦੇ ਵਾਹਨ ਚੱਲਣ ਵਿਚ ਦੈਨਿਕ ਲਾਗਤ ਵੀ ਘੱਟ ਆਵੇ। ਉਨ੍ਹਾਂ ਕਿਹਾ ਕਿ ਕੇਂਦਰ ਸਕਰਾਰ ਦੇ ਇਸ ਆਮ ਬਜਟ ਵਿਚ ਈ-ਵਹਿਕਲ ‘ਤੇ ਹਾਂ-ਪੱਖੀ ਨੀਤੀ ਆਉਣ ਦੀ ਉਮੀਦ ਹੈ। ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਆਮ ਬਜਟ ਸੂਬਾ ਸਰਕਾਰਾਂ ਨੂੰ ਮਜਬੂਤ ਪ੍ਰਦਾਨ ਕਰੇਗਾ। ਉਨ੍ਹਾਂ ਨੇ ਇਹ ਵੀ ਉਮੀਦ ਜਤਾਈ ਕਿ ਕੇਂਦਰ ਸਰਕਾਰ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਅਟਲ ਬਿਹਾਰੀ ਵਾਜਪਈ ਦੇ ਉਸ ਸੁਪਨੇ ਨੂੰ ਵੀ ਸਾਕਾਰ ਕਰਨ ਲਈ ਬਜਟ ਵਿਚ ਪ੍ਰਵਧਾਨ ਕਰੇਗੀ, ਜਿਸ ਵਿਚ ਵਾਜਪਈ ਨੇ ਦੇਸ਼ ਦੀ ਨਦੀਆਂ ਨੂੰ ਆਪਸ ਵਿਚ ਜੋੜਣ ਦੀ ਗਲ ਕਹੀ ਸੀ।
ਚੰਨੀ ਦੇ ਖ਼ਿਲਾਫ਼ ਰੇਤ ਮਾਫੀਆ ਮਾਮਲੇ ‘ਚ ਰਾਜਪਾਲ ਵਲੋਂ ਉੱਚ ਪੱਧਰੀ ਜਾਂਚ ਦੇ ਹੁਕਮਾਂ ਦਾ ‘ਆਪ’ ਨੇ ਕੀਤਾ ਸਵਾਗਤ
‘ਆਪ’ ਨੇਤਾ ਰਾਘਵ ਚੱਢਾ ਨੇ ਪੰਜਾਬ ਦੇ ਡੀਜੀਪੀ ਨੂੰ ਨਿਰਪੱਖ ਅਤੇ ਸੁਤੰਤਰ ਜਾਂਚ ਦੀ ਕੀਤੀ ਅਪੀਲ
ਜਿਸ ਮੁੱਖ ਮੰਤਰੀ ‘ਤੇ ਰੇਤ ਮਾਫੀਆ ਦੇ ਦੋਸ਼ ਹੋਣ, ਉਸਦੇ ਹੱਥਾਂ ‘ਚ ਸੂਬਾ ਕਦੇ ਵੀ ਸੁਰੱਖਿਅਤ ਨਹੀਂ ਰਹਿ ਸਕਦਾ: ਰਾਘਵ ਚੱਢਾ
ਸੁਖਜਿੰਦਰ ਮਾਨ
ਚੰਡੀਗੜ੍ਹ, 31 ਜਨਵਰੀ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਲੱਗੇ ਰੇਤ ਮਾਈਨਿੰਗ ਦੇ ਦੋਸ਼ਾਂ ਨੂੰ ਲੈਕੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਡੀਜੀਪੀ ਨੂੰ ਦਿੱਤੇ ਉੱਚ ਪੱਧਰੀ ਜਾਂਚ ਦੇ ਹੁਕਮਾਂ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਸੋਮਵਾਰ ਨੂੰ ਪਾਰਟੀ ਹੈੱਡਕੁਆਰਟਰ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਰਾਜਪਾਲ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਅਸੀਂ ਰਾਜਪਾਲ ਨੂੰ ਇੱਕ ਮੰਗ-ਪੱਤਰ ਸੌਂਪ ਕੇ ਮੁੱਖ ਮੰਤਰੀ ਚੰਨੀ ਖਿਲਾਫ ਜਾਂਚ ਦੀ ਮੰਗ ਕੀਤੀ ਸੀ। ਚੱਢਾ ਨੇ ਮਾਨਯੋਗ ਰਾਜਪਾਲ ਦਾ ਆਮ ਆਦਮੀ ਪਾਰਟੀ ਦੀ ਮੰਗ ਨੂੰ ਮੰਨਣ ਲਈ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਪੰਜਾਬ ਪੁਲਿਸ ਇਸ ਮਾਮਲੇ ਦੀ ਨਿਰਪੱਖ ਅਤੇ ਸੁਤੰਤਰ ਜਾਂਚ ਕਰੇਗੀ ਅਤੇ ਦੋਸ਼ੀਆਂ ਨੂੰ ਸਜ਼ਾ ਦੇਵੇਗੀ।
ਜਾਂਚ ਦੇ ਹੁਕਮਾਂ ਨਾਲ ਸਬੰਧਤ ਪੱਤਰ ਦਾ ਹਵਾਲਾ ਦਿੰਦਿਆਂ ਚੱਢਾ ਨੇ ਕਿਹਾ ਕਿ ਮਾਨਯੋਗ ਰਾਜਪਾਲ ਨੇ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਡੀਜੀਪੀ ਵੀਕੇ ਭਾਵਰਾ ਨੂੰ ਹੁਕਮ ਦਿੱਤੇ ਹਨ ਕਿ ਉਹ ਚੰਨੀ ਵਿਰੁੱਧ ਉਨ੍ਹਾਂ ਦੇ ਹਲਕੇ ਚਮਕੌਰ ਸਾਹਿਬ ਦੇ ਪਿੰਡ ਜਿੰਦਾਪੁਰ ਵਿਖੇ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਦੀ ਉੱਚ ਪੱਧਰੀ ਜਾਂਚ ਕਰਨ ਅਤੇ ਪੂਰੇ ਮਾਮਲੇ ਦੀ ਪਲ-ਪਲ ਦੀ ਰਿਪੋਰਟ ਉਨ੍ਹਾਂ ਨੂੰ ਸੌਂਪਣ। ਚੱਢਾ ਨੇ ਡੀਜੀਪੀ ਅਤੇ ਪੰਜਾਬ ਪੁਲਿਸ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੇ ਸਿਆਸੀ ਦਬਾਅ ਹੇਠ ਨਾ ਆਉਣ ਅਤੇ ਪੂਰੇ ਮਾਮਲੇ ਦੀ ਨਿਰਪੱਖ ਅਤੇ ਸੁਤੰਤਰ ਜਾਂਚ ਕਰਕੇ ਮੁੱਖ ਮੰਤਰੀ ਚੰਨੀ ਖ਼ਿਲਾਫ਼ ਐਫਆਈਆਰ ਦਰਜ ਕਰਨ।
ਚੱਢਾ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਮੁੱਖ ਮੰਤਰੀ ਚੰਨੀ ਦੇ ਵਿਧਾਨ ਸਭਾ ਹਲਕੇ ਚਮਕੌਰ ਸਾਹਿਬ ਵਿੱਚ ਹੋ ਰਹੇ ਰੇਤ ਮਾਫੀਆ ਦਾ ਪਰਦਾਫਾਸ਼ ਕਰ ਚੁੱਕੇ ਹਾਂ ਅਤੇ ਦੱਸਿਆ ਸੀ ਕਿ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਰੇਤ ਮਾਫੀਆ ਨਾਲ ਮਿਲੇ ਹੋਏ ਹਨ। ਉਨ੍ਹਾਂ ਦੀ ਸਰਪ੍ਰਸਤੀ ਹੇਠ ਚਮਕੌਰ ਸਾਹਿਬ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਰੇਤ ਮਾਫੀਆ ਦਾ ਨਾਜਾਇਜ਼ ਕਾਰੋਬਾਰ ਚੱਲ ਰਿਹਾ ਹੈ। ਚੱਢਾ ਨੇ ਕਿਹਾ ਕਿ ਜਿਸ ਮੁੱਖ ਮੰਤਰੀ ‘ਤੇ ਰੇਤ ਮਾਫੀਆ ਚਲਾਉਣ ਦੇ ਦੋਸ਼ ਹੋਣ,ਉਸਦੇ ਹੱਥਾਂ ਵਿੱਚ ਪੰਜਾਬ ਕਦੇ ਵੀ ਸੁਰੱਖਿਅਤ ਨਹੀਂ ਰਹਿ ਸਕਦਾ।
ਚੱਢਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਪੁਲਿਸ ਦੀ ਜਾਂਚ ‘ਤੇ ਨਜ਼ਰ ਰੱਖ ਰਹੀ ਹੈ। ਇਹ ਬਹੁਤ ਗੰਭੀਰ ਮਾਮਲਾ ਹੈ। ਇਸ ਲਈ ਇਸ ਦੀ ਨਿਰਪੱਖ ਅਤੇ ਸੁਤੰਤਰ ਜਾਂਚ ਹੋਣੀ ਜ਼ਰੂਰੀ ਹੈ। ਜੇਕਰ ਜਾਂਚ ਵਿੱਚ ਕੋਈ ਕੁਤਾਹੀ ਪਾਈ ਜਾਂਦੀ ਹੈ ਤਾਂ ਅਸੀਂ ਇਸ ਵਿਰੁੱਧ ਆਵਾਜ਼ ਉਠਾਵਾਂਗੇ ਅਤੇ ਲੋਕਾਂ ਦੇ ਸਾਹਮਣੇ ਸੱਚਾਈ ਲਿਆਵਾਂਗੇ।
‘ਆਪ’ ਦੀ ਸਰਕਾਰ ਅਧੂਰੀ ਪਈ ਭਰਤੀ ਪ੍ਰਕਿਰਿਆ ਅਤੇ ਖਾਲੀ ਅਸਾਮੀਆਂ ਪਹਿਲ ਦੇ ਆਧਾਰ ‘ਤੇ ਭਰੇਗੀ: ਹਰਪਾਲ ਸਿੰਘ ਚੀਮਾ
ਸਰਕਾਰੀ ਵਿਭਾਗਾਂ ਵਿੱਚ ਇੱਕ ਲੱਖ ਤੋਂ ਜ਼ਿਆਦਾ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਕਾਂਗਰਸ ਤੇ ਬਾਦਲਾਂ ਨੇ ਨਹੀਂ ਦਿੱਤਾ ਨੌਜਵਾਨਾਂ ਨੂੰ ਰੋਜ਼ਗਾਰ: ਹਰਪਾਲ ਸਿੰਘ ਚੀਮਾ
ਕਾਂਗਰਸ ਸਰਕਾਰ ਨੇ ਵਿਧਾਇਕਾਂ ਅਤੇ ਆਗੂਆਂ ਦੇ ਧੀਆਂ- ਪੁੱਤਾਂ ਨੂੰ ਹੀ ਦਿੱਤੀਆਂ ਨੌਕਰੀਆਂ: ਹਰਪਾਲ ਸਿੰਘ ਚੀਮਾ
ਸੁਖਜਿੰਦਰ ਮਾਨ
ਚੰਡੀਗੜ, 31 ਜਨਵਰੀ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਕਰੀਬ ਇੱਕ ਲੱਖ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਕਾਂਗਰਸ ਸਰਕਾਰ ਅਤੇ ਅਕਾਲੀ ਦਲ ਬਾਦਲ- ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ, ਸਗੋਂ ਕੁੱਝ ਕੁ ਅਸਾਮੀਆਂ ਦੀ ਭਰਤੀ ਪ੍ਰਕਿਰਿਆ ਦੇ ਨਾਂਅ ‘ਤੇ ਬੇਰੁਜ਼ਗਾਰ ਨੌਜਵਾਨਾਂ ਕੋਲੋਂ ਕਰੋੜਾਂ ਰੁਪਏ ਫੀਸ ਵਜੋਂ ਵਸੂਲ ਕੇ ਉਨਾਂ ਦਾ ਆਰਥਿਕ ਸੋਸ਼ਣ ਕੀਤਾ ਹੈ। ਚੀਮਾ ਨੇ ਵਾਅਦਾ ਕੀਤਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਅਧੂਰੀ ਪਈ ਭਰਤੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ ਅਤੇ ਹੋਰ ਖਾਲੀ ਅਸਾਮੀਆਂ ‘ਤੇ ਪਹਿਲ ਦੇ ਆਧਾਰ ‘ਤੇ ਭਰਤੀ ਕੀਤੀ ਜਾਵੇਗੀ।
ਸੋਮਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚ ਇੱਕ ਲੱਖ ਅਸਾਮੀਆਂ ਖਾਲੀ ਪਈਆਂ ਹਨ। ਵੇਰਵੇ ਨਸ਼ਰ ਕਰਦਿਆਂ ਚੀਮਾ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਿੱਚ ਈਟੀਟੀ ਦੀਆਂ 8900 ਅਸਾਮੀਆਂ, ਬੀਐਡ ਦੀਆਂ 800, ਲਾਇਬ੍ਰੇਰੀਅਨ ਦੀਆਂ 200, ਕਾਲਜ ਲੈਕਚਰਾਰ ਦੀਆਂ 1100, ਐਨ.ਟੀ.ਟੀ ਦੀਆਂ 8300 ਅਸਾਮੀਆਂ ਖਾਲੀ ਪਈਆਂ ਹਨ। ਇਸੇ ਤਰਾਂ ਪੰਜਾਬ ਪੁਲੀਸ ਵਿੱਚ 10,000, ਹੋਮਗਾਰਡਜ਼ ਦੀਆਂ 5000, ਜੇਲ ਵਿਭਾਗ ‘ਚ ਵਾਰਡਨ ਦੀਆਂ 800, ਪਟਵਾਰੀ ਦੀਆਂ 1100, ਪੰਚਾਇਤ ਸਕੱਤਰ ਦੀਆਂ 800, ਐਫ.ਸੀ.ਆਈ ‘ਚ ਵਾਚਮੈਨ ਦੀਆਂ 800, ਇੰਸਪੈਕਟਰ ਦੀਆਂ 148, ਪੀਐਸਟੀਸੀਐਲ ਦੀਆ 600, ਪੀਐਸਪੀਸੀਐਲ ਦੀਆਂ 1000, ਲਾਇਨਮੈਨ 1700, ਸਿਹਤ ਵਿਭਾਗ ‘ਚ ਵਾਰਡ ਅਟੈਡੈਂਟ ਦੀਆਂ 800, ਡਰਾਫਟਸਮੈਨ ਦੀਆਂ 1000, ਇੰਜੀਨੀਅਰ ਦੀਆਂ 1000 ਅਤੇ ਸਹਿਕਾਰੀ ਬੈਕਾਂ ‘ਚ 200 ਅਸਾਮੀਆਂ ਸਮੇਤ ਹੋਰਨਾਂ ਅਦਾਰਿਆਂ ਵਿੱਚ ਕਰੀਬ ਇੱਕ ਲੱਖ ਅਸਾਮੀਆਂ ਖਾਲੀ ਪਈਆਂ ਹਨ। ਉਨਾਂ ਕਿਹਾ ਕਿ ਪੜੇ ਲਿਖੇ ਲੱਖਾਂ ਨੌਜਵਾਨ ਸਰਕਾਰੀ ਨੌਕਰੀਆਂ ਮਿਲਣ ਦਾ ਇੰਤਜ਼ਾਰ ਕਰ ਰਹੇ ਹਨ, ਪਰ ਸੱਤਾ ‘ਤੇ ਕਾਬਜ ਰਹੀਆਂ ਅਕਾਲੀ- ਭਾਜਪਾ ਅਤੇ ਕਾਂਗਰਸ ਸਰਕਾਰਾਂ ਨੇ ਬੇਰੁਜ਼ਗਾਰਾਂ ਨੂੰ ਸਰਕਾਰੀ ਨੌਕਰੀਆਂ ਨਹੀਂ ਦਿੱਤੀਆਂ।
ਹਰਪਾਲ ਸਿੰਘ ਚੀਮਾ ਨੇ ਕਾਂਗਰਸ ਪਾਰਟੀ ‘ਤੇ ਪੰਜਾਬ ਦੇ ਨੌਜਵਾਨਾਂ ਨਾਲ ਧੋਖ਼ਾਧੜੀ ਅਤੇ ਵਾਅਦਾ ਖ਼ਿਲਾਫ਼ੀ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ 2017 ਦੀਆਂ ਚੋਣਾ ਵੇਲੇ ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਨੌਜਵਾਨਾਂ ਨਾਲ ਵਾਅਦਾ ਕੀਤਾ ਕਿ ਸੂਬੇ ‘ਚ ਘਰ- ਘਰ ਸਰਕਾਰੀ ਨੌਕਰੀ ਦਿੱਤੀ ਜਾਵੇਗੀ, ਪਰ ਸੱਤਾ ‘ਤੇ ਕਾਬਜ ਹੋ ਕੇ ਕੈਪਟਨ ਅਤੇ ਕਾਂਗਰਸ ਆਮ ਲੋਕਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੇ ਵਾਅਦੇ ਤੋਂ ਹੀ ਮੁੱਕਰ ਗਈ। ਉਨਾਂ ਕਿਹਾ ਕਿ ਆਮ ਲੋਕਾਂ ਦੇ ਧੀਆਂ- ਪੁੱਤਾਂ ਨੂੰ ਧੋਖ਼ਾ ਦਿੰਦਿਆਂ ਕਾਂਗਰਸ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਸਮੇਤ ਕਾਂਗਰਸ ਦੇ ਵਿਧਾਇਕਾਂ ਅਤੇ ਆਗੂਆਂ ਦੇ ਧੀਆਂ- ਪੁੱਤਾਂ ਨੂੰ ਹੀ ਉਚ ਪੱਧਰ ਦੀਆਂ ਨੌਕਰੀਆਂ ਦੇ ਦਿੱਤੀਆਂ।
ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਅਲੋਚਨਾ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਲਗਾਤਾਰ 10 ਸਾਲ ਰਾਜ ਕਰਨ ਵਾਲੀ ਅਕਾਲੀ -ਭਾਜਪਾ ਸਰਕਾਰ ਨੇ ਵੀ ਖਾਲੀ ਅਸਾਮੀਆਂ ਭਰਨ ਦਾ ਯਤਨ ਨਹੀਂ ਕੀਤਾ, ਜਿਸ ਕਾਰਨ ਸੂਬੇ ਦੇ ਲੱਖਾਂ ਨੌਜਵਾਨ ਨੌਕਰੀ ਪ੍ਰਾਪਤ ਕਰਨ ਦੀ ਉਮਰ ਲੰਘਾ ਚੁੱਕੇ ਹਨ।
ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਨੌਜਵਾਨਾਂ ਨਾਲ ਵਾਅਦਾ ਕੀਤਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਖਾਲੀ ਪਈਆਂ ਸਰਕਾਰੀ ਅਸਾਮੀਆਂ ਤੁਰੰਤ ਭਰੀਆਂ ਜਾਣਗੀਆਂ ਅਤੇ ਵੱਖ- ਵੱਖ ਵਿਭਾਗਾਂ ‘ਚ ਅਧੂਰੀ ਪਈ ਭਰਤੀ ਪ੍ਰਕਿਰਿਆ ਨੂੰ ਮੁਕੰਮਲ ਕੀਤਾ ਜਾਵੇਗਾ। ਚੀਮਾ ਨੇ ਕਿਹਾ ਕਿ ਸਰਕਾਰੀ ਅਸਾਮੀਆਂ ਦੀ ਭਰਤੀ ਨਿਰੋਲ ਮੈਰਿਟ ਦੇ ਆਧਾਰ ‘ਤੇ ਕੀਤੀ ਜਾਵੇਗੀ ਅਤੇ ਕਿਸੇ ਵੀ ਤਰਾਂ ਦੀ ਸਿਫਾਰਸ਼, ਪੈਸੇ ਦੀ ਵਰਤੋਂ ਅਤੇ ਭਾਈ ਭਤੀਜਾਵਾਦ ਸਹਿਣ ਨਹੀਂ ਕੀਤਾ ਜਾਵੇਗਾ। ਸਗੋਂ ਸਾਸ਼ਨ- ਪ੍ਰਸ਼ਾਸਨ ਵਿੱਚ ਪਾਰਦਰਸ਼ਤਾ ਦੀ ਮਿਸਾਲ ਕਾਇਮ ਕੀਤੀ ਜਾਵੇਗੀ।
ਹਾਰ ਦੇ ਡਰ ਤੋਂ ਦੋ ਸੀਟਾਂ ਤੋਂ ਚੋਣ ਲੜ ਰਹੇ ਹਨ ਮੁੱਖ ਮੰਤਰੀ ਚੰਨੀ- ਭਗਵੰਤ ਮਾਨ
ਬੇਸ਼ੱਕ ਈਡੀ ਚੰਨੀ ਨੂੰ ਜ਼ਮਾਨਤ ਦੇ ਦੇਵੇ, ਪਰੰਤੂ ਭਦੌੜ ਦੀ ਜਨਤਾ ਚੰਨੀ ਦੀ ਜ਼ਮਾਨਤ ਜ਼ਬਤ ਕਰ ਦੇਵੇਗੀ
ਦੋ ਸੀਟਾਂ ਤੋਂ ਮੁੱਖ ਮੰਤਰੀ ਚੰਨੀ ਵੱਲੋਂ ਚੋਣ ਲੜਨ ਤੋਂ ਸਾਬਿਤ ਹੋ ਗਿਆ ਹੈ ਕਿ ਚਮਕੌਰ ਸਾਹਿਬ ਤੋਂ ਹਾਰ ਰਹੇ ਹਨ-ਭਗਵੰਤ ਮਾਨ
ਪੰਜਾਬ ਦੇ ਕਿਸਾਨਾਂ ਨੂੰ ਫ਼ਸਲ ਦੀ ਬਰਬਾਦੀ ਦੀ ਗਿਰਦਾਵਰੀ ਤੋਂ ਪਹਿਲਾਂ ਦੇਵਾਂਗੇ 20 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ : ਭਗਵੰਤ ਮਾਨ
ਸੁਖਜਿੰਦਰ ਮਾਨ
ਚੰਡੀਗੜ੍ਹ, 31 ਜਨਵਰੀ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ, ਸੰਸਦ ਮੈਂਬਰ ਅਤੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਾਰਜਕਾਰੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵਿਧਾਨ ਸਭਾ ਹਲਕਾ ਭਦੌੜ ਤੋਂ ਚੋਣ ਲੜਨ ਦਾ ਸਵਾਗਤ ਕਰਦਿਆਂ ਦਾਅਵਾ ਕੀਤਾ ਕਿ ਭਦੌੜ ਹਲਕੇ ਤੋਂ ‘ਭਦੌੜ ਦਾ ਪੁੱਤ’ (ਲਾਭ ਸਿੰਘ ਉਗੋਕੇ) ਹੀ ਜਿੱਤੇਗਾ। ਮਾਨ ਸੋਮਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿੱਚ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਭਗਵੰਤ ਮਾਨ ਨੇ ਦੱਸਿਆ ਕਿ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੰਦਿਆਂ ਦਿੱਲੀ ‘ਚ ਬੇਮੌਸਮੀ ਬਰਸਾਤ ਕਾਰਨ ਫ਼ਸਲ ਖ਼ਰਾਬ ਹੋਣ ‘ਤੇ ਦਿੱਲੀ ਦੇ ਕਿਸਾਨਾਂ ਨੂੰ ਪ੍ਰਤੀ ਏਕੜ 20, 000 ਰੁਪਏ ਦੇ ਚੈਕ ਸੌਂਪੇ ਹਨ ਅਤੇ ਇਹ ਵਿਵਸਥਾ ਪੰਜਾਬ ਵਿੱਚ ਵੀ ‘ਆਪ’ ਦੀ ਸਰਕਾਰ ਵੱਲੋਂ ਲਾਗੂ ਕੀਤੀ ਜਾਵੇਗੀ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸ੍ਰੀ ਚਮਕੌਰ ਸਾਹਿਬ ਦੇ ਨਾਲ- ਨਾਲ ਹਲਕਾ ਭਦੌੜ ਤੋਂ ਚੋਣ ਲੜਨ ਦੇ ਫ਼ੈਸਲੇ ਬਾਰੇ ਭਗਵੰਤ ਮਾਨ ਨੇ ਕਿਹਾ, ”ਹਲਕਾ ਭਦੌੜ ਮੇਰੇ ਲੋਕ ਸਭਾ ਹਲਕਾ ਸੰਗਰੂਰ ਦੇ ਅਧੀਨ ਆਉਂਦਾ ਹੈ, ਜਿਸ ਕਰਕੇ ਮੈਂ (ਮਾਨ) ਕਾਂਗਰਸ ਦੇ ਕਾਰਜਕਾਰੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਸਵਾਗਤ ਕਰਦਾ ਹਾਂ। ਪਰ ਕਾਂਗਰਸ ਦੇ ਇਸ ਫ਼ੈਸਲੇ ਤੋਂ ਪਤਾ ਚੱਲਦਾ ਕਿ ਜਾਂ ਤਾਂ ਕਾਂਗਰਸ ਵਿੱਚ ਬੌਖਲਾਹਟ ਹੈ ਜਾਂ ਫਿਰ ਮੁੱਖ ਮੰਤਰੀ ਚੰਨੀ ਸ੍ਰੀ ਚਮਕੌਰ ਸਾਹਿਬ ਸੀਟ ਤੋਂ ਪੱਕੇ ਤੌਰ ‘ਤੇ ਹਾਰ ਰਹੇ ਹਨ।”
ਭਗਵੰਤ ਮਾਨ ਨੇ ਵਿਧਾਨ ਸਭਾ ਹਲਕਾ ਭਦੌੜ ਦੀ ਰਾਜਨੀਤਿਕ ਕਾਰਗੁਜ਼ਾਰੀ ਦਾ ਵੇਰਵਾ ਦਿੰਦਿਆਂ ਕਿਹਾ ਕਿ ਹਲਕਾ ਭਦੌੜ ਦੇ ਲੋਕ ਇਨਕਲਾਬੀ ਲੋਕ ਹਨ ਅਤੇ ਉਨ੍ਹਾਂ ਕਦੇ ਵੀ ਮੁੱਖ ਮੰਤਰੀ ਅਤੇ ਅਫ਼ਸਰਸ਼ਾਹੀ ਦੀ ਪ੍ਰਵਾਹ ਨਹੀਂ ਕਰਦੇ, ਸਗੋਂ ਉਨ੍ਹਾਂ 2012 ਦੀਆਂ ਚੋਣਾ ਦੌਰਾਨ ਜੇਬਾਂ ਵਿੱਚ ਹੱਥ ਪਾ ਕੇ ਫ਼ੋਟੋਆਂ ਖਿਚਵਾਉਣ ਵਾਲੇ ਆਈ.ਏ.ਐਸ. ਅਫ਼ਸਰ ਉਮੀਦਵਾਰ ਦੇ ਜੇਬਾਂ ਵਿੱਚੋਂ ਹੱਥ ਬਾਹਰ ਕਢਵਾ ਦਿੱਤਾ ਸਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਹਲਕੇ ਦੇ ਲੋਕਾਂ ਨੇ 2014 ਵਿੱਚ ਲੋਕ ਸਭਾ ਚੋਣਾ ਦੌਰਾਨ ਆਮ ਆਦਮੀ ਪਾਰਟੀ ਨੂੰ ਵੱਡੇ ਮਾਰਜ਼ਨ ਨਾਲ ਜਿਤਾਇਆ ਸੀ। ਜਦੋਂ ਕਿ 2017 ਦੀਆਂ ਚੋਣਾ ਸਮੇਂ ‘ਆਪ’ ਉਮੀਦਵਾਰ ਜਿੱਤਿਆ ਸੀ ਅਤੇ 2019 ਦੀਆਂ ਲੋਕ ਸਭਾ ਚੋਣਾ ਸਮੇਂ ਲਾਭ ਸਿੰਘ ਉਗੋਕੇ ਅਤੇ ਹੋਰ ਵਰਕਰਾਂ ਦੀ ਸਾਂਝੀ ਟੀਮ ਨੇ ਜ਼ਬਰਦਸਤ ਕੰਮ ਕੀਤਾ, ਜਿਸ ਕਾਰਨ ‘ਆਪ’ ਨੇ ਲੋਕ ਸਭਾ ਚੋਣਾ ਵਿੱਚ ਭਦੌੜ ਤੋਂ ਵੱਡੀ ਲੀਡ ਪ੍ਰਾਪਤ ਕੀਤੀ ਸੀ।
ਮਾਨ ਨੇ ਕਿਹਾ ਕਿ ਹਲਕਾ ਭਦੌੜ ਦੇ ਲੋਕਾਂ ਨੇ ਫ਼ੈਸਲਾ ਕਰ ਲਿਆ ਹੈ ਕਿ ਭਾਵੇਂ ਇੱਥੋਂ ਚੋਣ ਕਾਂਗਰਸ ਦੇ ਕਾਰਜਕਾਰੀ ਮੁੱਖ ਮੰਤਰੀ ਲੜ ਲੈਣ, ਪਰ ਜਿੱਤੇਗਾ ਤਾਂ ਭਦੌੜ ਦਾ ਪੁੱਤ ਲਾਭ ਸਿੰਘ ਉਗੋਕੇ, ਕਿਉਂਕਿ ਲਾਭ ਸਿੰਘ ਉਗੋਕੇ ਭਦੌੜ ਹਲਕੇ ਦੇ ਵਸਨੀਕ ਹਨ ਅਤੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ, ਜਿਸ ਦਾ ਸਾਫ਼ ਸੁਥਰਾ ਅਕਸ ਲੋਕਾਂ ਦੇ ਸਾਹਮਣੇ ਹੈ। ਜਦੋਂ ਕਿ ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰਾਂ ਕੋਲੋਂ ਈ.ਡੀ ਵੱਲੋਂ ਫੜੇ ਗਏ 10 ਕਰੋੜ ਰੁਪਏ ਦੀ ਜਾਣਕਾਰੀ ਭਦੌੜ ਦੇ ਲੋਕਾਂ ਕੋਲ ਪਹੁੰਚ ਗਈ ਹੈ।
ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਹੀ ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਦੀ ਹਿਤੈਸ਼ੀ ਹੈ, ਜਿਸ ਦੀ ਉਦਾਹਰਨ ਪੇਸ਼ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਕਿਸਾਨਾਂ ਨੂੰ ਮੀਂਹ ਕਾਰਨ ਫ਼ਸਲ ਖ਼ਰਾਬ ਹੋਣ ‘ਤੇ 20 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਚੈਕ ਸੌਂਪੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੀ ‘ਆਪ’ ਦੀ ਸਰਕਾਰ ਕਿਸਾਨਾਂ ਨੂੰ ਫ਼ਸਲ ਖ਼ਰਾਬ ਹੋਣ ‘ਤੇ 20 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਵੇਗੀ ਅਤੇ ਖ਼ਰਾਬ ਫ਼ਸਲ ਦੀ ਗਿਰਦਾਵਰੀ ਮੁਆਵਜ਼ਾ ਦੇਣ ਤੋਂ ਬਾਅਦ ਕਰਵਾਇਆ ਕਰੇਗੀ, ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਾ ਹੋਵੇ।
ਅਕਾਲੀ ਦਲ ਨੂੰ ਝਟਕਾ: ਐਸਸੀ ਕਮਿਸ਼ਨ ਦੇ ਸਾਬਕਾ ਉਪ ਚੇਅਰਮੈਨ ਦਾ ਪਰਿਵਾਰ ਆਪ ਚ ਹੋਇਆ ਸ਼ਾਮਲ
ਸੁਖਜਿੰਦਰ ਮਾਨ
ਬਠਿੰਡਾ, 31 ਜਨਵਰੀ: ਅਕਾਲੀ ਦਲ ਨੂੰ ਉਸ ਵੈਲੇ ਵੱਡਾ ਝਟਕਾ ਲੱਗਿਆ ਜਦ ਅਕਾਲੀ ਦਲ ਦੇ ਆਗੂ ਅਤੇ ਐਸ.ਸੀ ਕਮਿਸ਼ਨ ਦੇ ਸਾਬਕਾ ਉਪ ਚੇਅਰਮੈਨ ਸੁਰਗਵਾਸੀ ਰਾਜਿੰਦਰ ਗੁੱਡੂ ਦਾ ਪਰਿਵਾਰ ਨੇ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਇਸ ਮੌਕੇ ਸੁਰਗਵਾਸੀ ਰਾਜਿੰਦਰ ਗੁੱਡੂ ਦੀ ਧਰਮ ਪਤਨੀ ਪਾਯਲ ਨੇ ਅਕਾਲੀ ਦਲ ਤੇ ਦੋਸ਼ ਲਾਂਦੇ ਕਿਹਾ ਕਿ ਉਸਦੇ ਪਤੀ ਨੇ ਦਿਨ ਰਾਤ ਅਕਲੀ ਦਲ ਵਿੱਚ ਰਹਿ ਕੇ ਪਾਰਟੀ ਦੀ ਸੇਵਾ ਕੀਤੀ, ਪਰ ਉਹਨਾਂ ਦੀ ਅਚਾਨਕ ਹੋਏ ਮੌਤ ਤੋਂ ਬਾਦ ਅਕਾਲੀ ਦਲ ਪਾਰਟੀ ਨੇ ਉਸਦੀ ਅਤੇ ਉਸਦੇ ਪਰਿਵਾਰ ਦੀ ਜਰਾ ਵੀ ਸਾਰ ਨਾ ਲਈ। ਇਸ ਮੌਕੇ ਪਰਿਵਾਰ ਅਤੇ ਰਿਸਤੇਦਾਰਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਜਗਰੂਪ ਸਿੰਘ ਗਿੱਲ ਵਲੋਂ ਰਾਜਿੰਦਰ ਗੁੱਡੂ ਦੇ ਪਰਿਵਾਰ ਅਤੇ ਰਿਸਤੇਦਾਰ ਸਮੇਤ ਸਾਰੀਆਂ ਨੂੰ ਪਾਰਟੀ ਚ ਸ਼ਾਮਲ ਕੀਤਾ ਗਿਆ ਅਤੇ ਪਾਰਟੀ ਵਲੋਂ ਪੂਰਾ ਮਾਨ ਅਤੇ ਸਨਮਾਨ ਦੇਣ ਦਾ ਯਕੀਨ ਦਿਵਾਇਆਂ।
ਸਾਬਕਾ ਵਿਧਾਇਕ ਸਿੰਗਲਾ ਨੇ ਕੀਤਾ ਦਾਣਾ ਮੰਡੀ, ਸਬਜ਼ੀ ਮੰਡੀ ਅਤੇ ਮੁੱਖ ਬਾਜ਼ਾਰਾਂ ਦਾ ਦੌਰਾ
ਖ਼ਜ਼ਾਨਾ ਮੰਤਰੀ ਦੀਆਂ ਮਾੜੀਆਂ ਨੀਤੀਆਂ ਨੇ ਬਰਬਾਦ ਕੀਤਾ ਪੰਜਾਬ ਦਾ ਕਾਰੋਬਾਰ:ਸਰੂਪ ਸਿੰਗਲਾ
ਸੁਖਜਿੰਦਰ ਮਾਨ
ਬਠਿੰਡਾ, 31 ਜਨਵਰੀ: ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰ ਤੋਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਅੱਜ ਦਾਣਾ ਮੰਡੀ, ਸਬਜ਼ੀ ਮੰਡੀ ਸਮੇਤ ਮੁੱਖ ਬਾਜ਼ਾਰਾਂ ਦਾ ਦੌਰਾ ਕੀਤਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵੇਲੇ ਹੋਏ ਸ਼ਹਿਰ ਦੇ ਵਿਕਾਸ ਦੇ ਨਾਮ ਤੇ ਵੋਟਾਂ ਦੀ ਮੰਗ ਕੀਤੀ ।ਇਸ ਮੌਕੇ ਦੁਕਾਨਦਾਰਾਂ ਅਤੇ ਸ਼ਹਿਰ ਦੇ ਵਪਾਰੀਆਂ ਵੱਲੋਂ ਵੱਡਾ ਸਮਰਥਨ ਦਿੰਦੇ ਹੋਏ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ੍ਰੀ ਸਿੰਗਲਾ ਦੀ ਜਿੱਤ ਲਈ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਗੁਰੂ ਨਾਨਕ ਕੈਂਟਰ ਯੂਨੀਅਨ ਵੱਲੋਂ ਵੀ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਸਰੂਪ ਚੰਦ ਸਿੰਗਲਾ ਨੇ ਪ੍ਰਭਾਵਸ਼ਾਲੀ ਸਮਾਗਮਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀਆਂ ਮਾੜੀਆਂ ਨੀਤੀਆਂ ਨੇ ਪੰਜਾਬ ਦਾ ਕਾਰੋਬਾਰ ਬਰਬਾਦ ਕਰਕੇ ਰੱਖ ਦਿੱਤਾ ਜਿਸ ਕਰਕੇ ਵਪਾਰੀ ਖਜਾਨਾ ਮੰਤਰੀ ਨੂੰ ਕਦੇ ਮੁਆਫ਼ ਨਹੀਂ ਕਰਨਗੇ।ਉਨਾਂ ਕਿਹਾ ਕਿ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਖਜਾਨਾ ਖਾਲੀ ਹੋਣ ਦੇ ਰੋਣੇ ਕਰਕੇ ਮੁਲਾਜਮ ਵੀ ਤ੍ਰਾਹੀ ਤ੍ਰਾਹੀ ਕਰ ਰਹੇ ਹਨ ਮੁਲਾਜਮਾਂ ਦੇ ਫੰਡਾਂ ਵਿੱਚ ਵੱਡੀਆਂ ਪ੍ਰਾਪਤੀਆਂ ਕਰਨ ਕਰਕੇ ਹਰ ਵਰਗ ਦੁਖੀ ਹੈ ਜਦੋਂ ਕਿ ਅਜਿਹੇ ਹਾਲਾਤ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਕਦੇ ਵੀ ਨਹੀਂ ਹੋਣ ਦਿੱਤੇ ਅਤੇ ਨਾ ਹੀ ਕਦੇ ਕਿਹਾ ਕਿ ਖ਼ਜ਼ਾਨਾ ਖਾਲੀ ਹੈ । ਇਸ ਮੌਕੇ ਵੱਡੀ ਗਿਣਤੀ ਵਿਚ ਸ਼ਹਿਰ ਦੇ ਨੌਜਵਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਵੀ ਹੋਏ ਜਿਨਾਂ ਨੂੰ ਸ੍ਰੀ ਸਿੰਗਲਾ ਨੇ ਪਾਰਟੀ ਵਿੱਚ ਸ਼ਾਮਲ ਕਰਦਿਆਂ ਪੂਰਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ । ਇਸ ਮੌਕੇ ਉਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਸ਼ਹਿਰ ਵਾਸੀ ਹਾਜਰ ਸਨ।
ਵਿੱਤ ਮੰਤਰੀ ਨੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਕੀਤੀਆਂ ਮੀਟਿੰਗਾਂ, ਵਿਕਾਸ ਦੇ ਨਾਂ ਤੇ ਕੀਤੀ ਵੋਟ ਦੀ ਮੰਗ
ਸੁਖਜਿੰਦਰ ਮਾਨ
ਬਠਿੰਡਾ, 31 ਜਨਵਰੀ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਜੋਕਿ ਬਠਿੰਡਾ ਸ਼ਹਿਰੀ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਹਨ, ਨੇ ਅੱਜ ਸ਼ਹਿਰ ਦਾ ਤੂਫਾਨੀ ਦੌਰਾ ਕੀਤਾ ਅਤੇ ਆਪਣੀ ਚੋਣ ਮੁਹਿੰਮ ਭਖਵਾ ਰੂਪ ਦਿੰਦੇ ਹੋਏ ਸ਼ਹਿਰ ਦੇ ਮਾਡਲ ਟਾਊਨ, ਜੁਝਾਰ ਸਿੰਘ ਨਗਰ, ਅਜੀਤ ਰੋਡ, ਕੋਠੇ ਸਿੱਖਾਂਵਾਲਾ ਸਿਵੀਆਂ ਰੋਡ, ਲਾਲ ਸਿੰਘ ਨਗਰ, ਪਰਸਰਾਮ ਨਗਰ, ਚੰਦਸਰ ਬਸਤੀ, ਗੁਰੂ ਨਾਨਕ ਚੌਕ ਮਿੰਨੀ ਸੈਕਟ੍ਰੀਏਟ ਰੋਡ, ਵਿਸ਼ਾਲ ਨਗਰ, ਸਿਵਲ ਲਾਈਨ ਅਤੇ ਐਨਐਫਐਲ ਕਲੋਨੀ ਵਿਖੇ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ ਅਤੇ ਉਨਾਂ ਵੱਲੋਂ ਕਰਵਾਏ ਵਿਕਾਸ ਦੇ ਨਾਂ ਤੇ ਵੋਟ ਦੀ ਮੰਗ ਕੀਤੀ। ਇੱਕਠ ਤੋਂ ਗਦਗਦ ਹੋਏ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਉਹ ਬੇਫ਼ਿਕਰ ਹਨ ਕਿ ਉਨਾਂ ਦੀ ਦੂਸਰੀ ਵਾਰ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਹਲਕੇ ਵਿੱਚੋਂ ਸ਼ਾਨਦਾਰ ਜਿੱਤ ਹੋਣੀ ਹੈ, ਕਿਉਂਕਿ ਲੋਕਾਂ ਦਾ ਸਹਿਯੋਗ ਹੀ ਵੱਡੀ ਜਿੱਤ ਹੈ। ਉਨਾਂ ਕਿਹਾ ਕਿ ਪੰਜਾਬ ਦੀ ਖ਼ੁਸ਼ਹਾਲੀ ਹਰ ਵਰਗ ਦੀ ਤਰੱਕੀ ਲਈ ਕਾਂਗਰਸ ਦੀ ਦੂਸਰੀ ਵਾਰ ਸਰਕਾਰ ਸਮੇਂ ਦੀ ਲੋਡ ਹੈ, ਜਿਸ ਲਈ ਪੰਜਾਬੀਆਂ ਨੂੰ ਹੰਭਲਾ ਮਾਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਲਾਲ ਸਿੰਘ ਨਗਰ,ਪਰਸਰਾਮ ਨਗਰ ਅਤੇ ਚੰਦਰ ਬਸਤੀ ਵਿੱਖੇ ਬੋਲਦਿਆ ਉਹਨਾਂ ਕਿਹਾ ਕਿ ਇਹਨਾਂ ਤਿੰਨੋਂ ਮੁਹੱਲਿਆਂ ਦੇ ਸਰਕਾਰੀ ਸਕੂਲਾਂ ਦੀ ਕਰੋੜਾਂ ਰੁਪਏ ਦੀ ਲਾਗਤ ਨਾਲ ਨੁਹਾਰ ਬਦਲ ਦਿੱਤੀ ਹੈ ਜਿਸ ਨਾਲ ਬੱਚਿਆਂ ਨੂੰ ਲਾਭ ਹੋਵੇਗਾ। ਇਸ ਮੌਕੇ ਉਨਾਂ ਦੇ ਨਾਲ ਕਾਂਗਰਸ ਦੀ ਲੀਡਰਸ਼ਿਪ ਅਤੇ ਵਰਕਰ ਹਾਜ਼ਰ ਸਨ ।
ਬਠਿੰਡਾ ਤੋਂ ਭਾਜਪਾ ਉਮੀਦਵਾਰ ਰਾਜ ਨੰਬਰਦਾਰ ਨੇ ਭਰੇ ਕਾਗਜ਼
ਸੁਖਜਿੰਦਰ ਮਾਨ
ਬਠਿੰਡਾ, 31 ਜਨਵਰੀ: ਬਠਿੰਡਾ ਸ਼ਹਿਰੀ ਸੀਟ ਤੋਂ ਭਾਰਤੀ ਜਨਤਾ ਪਾਰਟੀ-ਪੰਜਾਬ ਲੋਕ ਕਾਂਗਰਸ ਤੇ ਸੰਯੁਕਤ ਅਕਾਲੀ ਦਲ ਗੱਠਜੋੜ ਦੇ ਸਾਂਝੇ ਉਮੀਦਵਾਰ ਰਾਜ ਨੰਬਰਦਾਰ ਵੱਲੋਂ ਅੱਜ ਆਪਣਾ ਨਾਮਜ਼ਦਗੀ ਪੱਤਰ ਸਥਾਨਕ ਮਿੰਨੀ ਸਕੱਤਰੇਤ ਵਿਚ ਐਸਡੀਐਮ ਕੋਲ ਜਮਾਂ ਕਰਵਾਇਆ ਗਿਆ। ਇਸ ਮੌਕੇ ਉਨਾਂ ਅਪਣਾ ਕਵਰਿੰਗ ਉਮੀਦਵਾਰ ਅਪਣੇ ਪੁੱਤਰ ਤੇ ਕੋਂਸਲਰ ਵਿੱਕੀ ਨੰਬਰਦਾਰ ਨੂੰ ਬਣਾਇਆ। ਕਾਗਜ਼ ਦਾਖ਼ਲ ਕਰਨ ਸਮੇਂ ਵੱਡੀ ਗਿਣਤੀ ਵਿਚ ਭਾਜਪਾ ਤੇ ਸੰਯੁਕਤ ਅਕਾਲੀ ਦਲ ਦੇ ਆਗੂ ਪੁੱਜੇ ਹੋਏ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜ ਨੰਬਰਦਾਰ ਨੇ ਦਾਅਵਾ ਕੀਤਾ ਕਿ ਅੱਜ ਬਠਿੰਡਾ ਸ਼ਹਿਰ ਦੇ ਲੋਕ ਵਿਤ ਮੰਤਰੀ ਤੇ ਉਨਾਂ ਦੇ ਰਿਸ਼ਤੇਦਾਰ ਦੀਆਂ ਧੱਕੇਸ਼ਾਹੀਆਂ ਤੋਂ ਪੂਰੀ ਤਰਾਂ ਅੱਕ ਚੁੱਕੇ ਹਨ ਤੇ 20 ਫ਼ਰਵਰੀ ਨੂੰ ਉਹ ਕਮਲ ਦੇ ਫੁੱਲ ’ਤੇ ਮੋਹਰਾਂ ਲਗਾ ਕੇ ਇਸ ਧੱਕੇਸ਼ਾਹੀ ਦਾ ਜਵਾਬ ਦੇਣਗੇ। ਉਨਾਂ ਆਪ ਤੇ ਅਕਾਲੀ ਉਮੀਦਵਾਰ ਨੂੰ ਕਮਜੋਰ ਦਸਦਿਆਂ ਕਿਹਾ ਕਿ ਸ਼ਹਿਰ ਦੇ ਲੋਕ ਇੰਨਾਂ ਦੋਨਾਂ ਉਮੀਦਵਾਰਾਂ ਨੂੰ ਵੀ ਵਿਧਾਨ ਸਭਾ ਤੇ ਨਗਰ ਨਿਗਮ ਵਿਚ ਪਰਖ਼ ਚੁੱਕੇ ਹਨ। ਇਸ ਮੌਕੇ ਉਨਾਂ ਨਾਲ ਸੀਨੀਅਰ ਭਾਜਪਾ ਆਗੂ ਸੁਖਪਾਲ ਸਿੰਘ ਸਰਾਂ, ਬੀਬੀ ਗੁਰਿੰਦਰ ਪਾਲ ਕੌਰ ਮਾਂਗਟ, ਨਰਿੰਦਰ ਮਿੱਤਲ, ਸ਼ਾਮਲਾਲ ਬਾਂਸਲ, ਨਵੀਨ ਸਿੰਗਲਾ,ਉਮੇਸ਼ ਸ਼ਰਮਾ, ਸੁਨੀਲ ਸਿੰਗਲਾ, ਅਸ਼ੋਕ ਬਾਲਿਆਂਵਾਲੀ, ਰਾਜੇਸ਼ ਨੋਨੀ, ਵਰਿੰਦਰ ਸ਼ਰਮਾ ਤੋਂ ਇਲਾਵਾ ਛਿੰਦਰਪਾਲ ਸਿੰਘ ਬਰਾੜ ਵੀ ਹਾਜ਼ਰ ਸਨ।
ਦਿਆਲ ਸੋਢੀ ਨੇ ਮੋੜ ਹਲਕੇ ਤੋਂ ਭਾਜਪਾ ਉਮੀਦਵਾਰ ਵਜੋਂ ਕਾਗਜ਼ ਭਰੇ
ਸੁਖਜਿੰਦਰ ਮਾਨ
ਬਠਿੰਡਾ, 31 ਜਨਵਰੀ: ਵਿਧਾਨ ਸਭਾ ਹਲਕਾ ਮੌੜ ਤੋਂ ਭਾਜਪਾ ਉਮੀਦਵਾਰ ਦਿਆਲ ਦਾਸ ਸੋਢੀ ਵੱਲੋਂ ਐੱਸਡੀਐੱਮ ਮੌੜ ਕਮ-ਰਿਟਰਨਿੰਗ ਅਫ਼ਸਰ ਵੀਰਪਾਲ ਕੌਰ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਕਵਰਿੰਗ ਉਮੀਦਵਾਰ ਵਜੋਂ ਸੋਢੀ ਦੀ ਪਤਨੀ ਮਨਜੀਤ ਕੌਰ ਨੇ ਵੀ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਮੌਕੇ ਸੋਢੀ ਨੇ ਦਾਅਵਾ ਕੀਤਾ ਕਿ ਲੋਕ ਭਾਜਪਾ ਦੀਆਂ ਨੀਤੀਆਂ ਤੋਂ ਖ਼ੁਸ ਹਨ ਤੇ ਉਹ ਇਸ ਹਲਕੇ ਤੋਂ ਭਾਰੀ ਜਿੱਤ ਪ੍ਰਾਪਤ ਕਰਨਗੇ। ਉਧਰ ਇਸ ਹਲਕੇ ਤੋਂ ਸੰਯੁਕਤ ਸਮਾਜ ਮੋਰਚੇ ਵਲੋਂ ਲੱਖਾ ਸਿਧਾਣਾ ਨੇ ਅਪਣੇ ਕਾਗਜ਼ ਦਾਖ਼ਲ ਕੀਤੇ ਜਦੋਂਕਿ ਕਵਰਿੰਗ ਉਮੀਦਵਾਰ ਵਜੋਂ ਉਨਾਂ ਵੀ ਅਪਣੀ ਪਤਨੀ ਸੁਖਜੀਤ ਕੌਰ ਦੇ ਕਾਗਜ਼ ਦਾਖ਼ਲ ਕਰਵਾਏ।







