ਕਾਂਗਰਸ ਦੇ ਨਾਲ ਅਕਾਲੀ ਉਮੀਦਵਾਰ ਲਈ ਖ਼ੜੀਆਂ ਕਰ ਸਕਦੇ ਹਨ ਮੁਸ਼ਕਿਲਾਂ
ਸੁਖਜਿੰਦਰ ਮਾਨ
ਬਠਿੰਡਾ, 31 ਜਨਵਰੀ: ਆਗਾਮੀ 20 ਫ਼ਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਟਿਕਟ ਨਾ ਮਿਲਣ ਕਾਰਨ ਅਜਾਦ ਉਮੀਦਵਾਰ ਵਜੋਂ ਹਲਕਾ ਤਲਵੰਡੀ ਸਾਬੋ ਤੋਂ ਚੋਣ ਮੈਦਾਨ ਵਿਚ ਨਿੱਤਰੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਨੇ ਕਈ ਉਮੀਦਵਾਰਾਂ ਦੇ ਸਿਆਸੀ ਗਣਿਤ ਵਿਗਾੜ ਦਿੱਤੇ ਹਨ। ਹਾਲਾਂਕਿ ਵਿਰੋਧੀ ਜੱਸੀ ਦੇ ਮੈਦਾਨ ’ਚ ਆਉਣ ਨਾਲ ਇਕੱਲੀ ਕਾਂਗਰਸ ਦੇ ਸਿਆਸੀ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਦੇ ਚੱਲਦਿਆਂ ਖ਼ੁਸੀ ’ਚ ਕੱਛਾਂ ਵਜਾਉਂਦੇ ਨਹੀਂ ਥੱਕ ਰਹੇ ਪ੍ਰੰਤੂ ਸਿਆਸੀ ਮਾਹਰਾਂ ਦਾ ਦਾਅਵਾ ਹੈ ਕਿ ਉਹ ਕਾਂਗਰਸ ਦੇ ਨਾਲ-ਨਾਲ ਅਕਾਲੀ ਉਮੀਦਵਾਰ ਲਈ ਵੀ ਮੁਸ਼ਕਿਲਾਂ ਖ਼ੜੀਆਂ ਕਰ ਸਕਦੇ ਹਨ। ਮਹੱਤਵਪੂਰਨ ਗੱਲ ਇਹ ਵੀ ਦੇਖਣ ਨੂੰ ਮਿਲ ਰਹੀ ਹੈ ਕਿ ਡੇਰਾ ਸਿਰਸਾ ਦੀ ਵੋਟ ਵੀ ਜੱਸੀ ਦੇ ਹੱਕ ’ਚ ਇਕਜੁਟ ਹੁੰਦੀ ਦਿਖ਼ਾਈ ਦੇ ਰਹੀ ਹੈ ਜਦੋਂਕਿ ਨਰਾਜ਼ ਕਾਂਗਰਸੀ ਤੇ ਅਕਾਲੀ ਵੀ ਉਨਾਂ ਦੀ ਗੱਡੀ ਵਿਚ ਚੜ ਸਕਦੇ ਹਨ। ਇਸਤੋਂ ਇਲਾਵਾ ਆਪ ਵਿਧਾਇਕਾਂ ਨਾਲ ਨਰਾਜ਼ ਦਿਖ਼ਾਈ ਦੇ ਰਹੇ ਵਲੰਟੀਅਰ ਵੀ ਉਨਾਂ ਦਾ ਰੁੱਖ ਕਰ ਸਕਦੇ ਹਨ। ਗੌਰਤਲਬ ਹੈ ਕਿ ਜੱਸੀ ਦਾ ਇਸ ਹਲਕੇ ਨਾਲ ਲੰਮਾ ਵਾਹ ਵਾਸਤਾ ਹੈ ਤੇ ਉਹ 1992 ਤੋਂ ਇੱਥੋਂ ਚੋਣ ਲੜਦੇ ਆ ਰਹੇ ਹਨ। ਪਿਛਲੇ ਕੁੱਝ ਸਾਲਾਂ ’ਚ ਜਿਆਦਾਤਰ ਕਾਂਗਰਸੀ ਅਕਾਲੀ ਹੋ ਗਏ ਹਨ ਤੇ ਕਈ ਅਕਾਲੀ ਕਾਂਗਰਸ ਵੱਲ ਚਲੇ ਗਏ ਹਨ। ਅਜਿਹੀ ਹਾਲਾਤ ’ਚ ਬਿਨਾਂ ਸ਼ੱਕ ਸਾਬਕਾ ਮੰਤਰੀ ਅਕਾਲੀ ਉਮੀਦਾਵਰ ਜੀਤ ਮਹਿੰਦਰ ਸਿੰਘ ਸਿੱਧੂ ਦੀਆਂ ਵੋਟਾਂ ਨੂੰ ਵੀ ਸੰਨ ਲਗਾਉਣਗੇ। ਜੱਸੀ ਦੇ ਇੱਕ ਨਜਦੀਕੀ ਨੇ ਦਾਅਵਾ ਕੀਤਾ ਕਿ ਕੁੱਝ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਪਿਛਲੇ ਦਿਨਾਂ ‘ਚ ਗੁਪਤ ਮੀਟਿੰਗਾਂ ਵੀ ਹੋਈਆਂ ਹਨ, ਜਿਸਦਾ ਨਤੀਜ਼ਾ ਆਉਣ ਵਾਲੇ ਦਿਨਾਂ ‘ਚ ਦਿਖ਼ਾਈ ਦੇਵੇਗਾ। ਇੱਥੇ ਦਸਣਾ ਬਣਦਾ ਹੈ ਕਿ ਕਾਂਗਰਸ ਪਾਰਟੀ ਵਲੋਂ ਇਸ ਵਾਰ ਜੱਸੀ ਨੂੰ ਅਣਗੋਲਿਆ ਕਰ ਦਿੱਤਾ ਗਿਆ ਹੈ। ਉਨਾਂ ਦੇ ਮੁਕਾਬਲੇ ਪਾਰਟੀ ਵੱਲੋਂ ਖੁਸ਼ਬਾਜ ਸਿੰਘ ਜਟਾਣਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਜੱਸੀ ਡੇਰਾ ਸਿਰਸਾ ਮੁਖੀ ਦੇ ਕੁੜਮ ਹਨ ਤੇ 2007 ਤੋਂ ਬਾਅਦ ਖੁੱਲ ਕੇ ਡੇਰਾ ਪ੍ਰੇਮੀ ਉਨਾਂ ਦੇ ਹੱਕ ’ਚ ਪਿੰਡ ਪਿੰਡ ਵਿਚ ਜਾ ਰਹੇ ਹਨ। ਜਿਕਰ ਕਰਨਾ ਬਣਦਾ ਹੈ ਕਿ ਸਾਲ 2002 ਵਿਚ ਅਜਾਦ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਹੱਥੋਂ 237 ਵੋਟਾਂ ਦੇ ਅੰਤਰ ਨਾਲ ਹਾਰਨ ਤੋਂ ਬਾਅਦ ਉਨਾਂ ਨੂੰ ਤਲਵੰਡੀ ਸਾਬੋ ਹਲਕਾ ਛੱਡਣਾ ਪਿਆ ਸੀ ਕਿਉਂਕਿ ਕਾਂਗਰਸ ਪਾਰਟੀ ਨੇ 2007 ਵਿਚ ਇੱਥੋਂ ਟਿਕਟ ਜੀਤ ਮਹਿੰਦਰ ਸਿੰਘ ਨੂੰ ਦੇ ਦਿੱਤੀ ਸੀ। ਜਿਸ ਕਾਰਨ ਜੱਸੀ ਬਠਿੰਡਾ ਸ਼ਹਿਰੀ ਹਲਕੇ ਤੋਂ ਚੋਣ ਲੜ ਕੇ ਜਿੱਤੇ ਸਨ ਪ੍ਰੰਤੂ 2012 ਵਿਚ ਬਠਿੰਡਾ ਤੋਂ ਹਾਰ ਗਏ ਸਨ। ਜਿਸਦੇ ਚੱਲਦੇ 2017 ਵਿਚ ਪਾਰਟੀ ਨੇ ਉਨਾਂ ਨੂੰ ਮੋੜ ਤੋਂ ਟਿਕਟ ਦਿੱਤੀ ਸੀ ਪ੍ਰੰਤੂ ਚੋਣਾਂ ਤੋਂ ਚਾਰ ਦਿਨ ਪਹਿਲਾਂ ਬੰਬ ਬਲਾਸਟ ਹੋਣ ਕਾਰਨ ਉਨਾਂ ਅਪਣੀ ਚੋਣ ਮੁਹਿੰਮ ਅੱਧ ਵਾਟੇ ਛੱਡ ਦਿੱਤੀ ਸੀ। ਹੁਣ ਉਹ ਮੁੜ ਤਲਵੰਡੀ ਸਾਬੋ ਹਲਕੇ ਤੋਂ ਟਿਕਟ ਮੰਗ ਰਹੇ ਸਨ। ਪ੍ਰੰਤੂ ਟਿਕਟ ਨਾ ਮਿਲਣ ਕਾਰਨ ਅੱਜ ਉਨਾਂ ਅਜਾਦ ਉਮੀਦਵਾਰ ਦੇ ਤੌਰ ’ਤੇ ਕਾਗਜ਼ ਦਾਖ਼ਲ ਕਰ ਦਿੱਤੇ ਹਨ।
ਜੱਸੀ ਦੇ ਚੋਣ ਮੈਦਾਨ ’ਚ ਨਿੱਤਰਨ ਤੋਂ ਬਾਅਦ ਤਲਵੰਡੀ ਸਾਬੋ ਹਲਕੇ ’ਚ ਸਿਆਸੀ ਸਮੀਕਰਨ ਬਦਲੇ
ਆਪ ਉਮੀਦਵਾਰ ਅਮਿਤ ਰਤਨ ਨੇ ਬਠਿੰਡਾ ਦਿਹਾਤੀ ਤੋਂ ਕਾਗਜ਼ ਭਰੇ
ਸੁਖਜਿੰਦਰ ਮਾਨ
ਬਠਿੰਡਾ, 31 ਜਨਵਰੀ: ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਿਤ ਰਤਨ ਨੇ ਅੱਜ ਅਪਣੇ ਕਾਗਜ਼ ਚੋਣ ਅਧਿਕਾਰੀ ਆਰ.ਪੀ ਸਿੰਘ ਕੋਲ ਦਾਖਲ ਕੀਤੇ। ਇਸ ਮੌਕੇ ਉਨਾਂ ਨਾਲ ਪਾਰਟੀ ਦੇ ਸੀਨੀਅਰ ਆਗੂ ਮੌਜੂਦ ਰਹੇ। ਸ਼੍ਰੀ ਰਤਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਪੰਜਾਬ ਅੰਦਰ ਆਪ ਦੀ ਵੱਡੀ ਲਹਿਰ ਚੱਲ ਰਹੀ ਹੈ ਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁੱਦੇ ਦਾ ਉਮੀਦਵਾਰ ਐਲਾਨਣ ਦਾ ਪੂਰਾ ਪੰਜਾਬ ਸਵਾਗਤ ਕਰ ਰਿਹਾ ਹੈ। ਜਿਸਦੇ ਚੱਲਦੇ ਬਠਿੰਡਾ ਦਿਹਾਤੀ ਸਹਿਤ ਪੂਰੇ ਪੰਜਾਬ ਵਿਚ ਆਪ ਵੱਡੀ ਜਿੱਤ ਪ੍ਰਾਪਤ ਕਰੇਗੀ।
ਬਠਿੰਡਾ ਦਿਹਾਤੀ ਤੋਂ ਹਰਵਿੰਦਰ ਲਾਡੀ ਨੇ ਭਰੇ ਕਾਗਜ਼
ਸੁਖਜਿੰਦਰ ਮਾਨ
ਬਠਿੰਡਾ, 31 ਜਨਵਰੀ: ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਵਿੰਦਰ ਸਿੰਘ ਲਾਡੀ ਨੇ ਅੱਜ ਅਪਣੇ ਕਾਗਜ਼ ਦਾਖਲ ਕੀਤੇ। ਉਨਾਂ ਨੂੰ ਪਾਰਟੀ ਵਲੋਂ ਲਗਾਤਾਰ ਦੂਜੀ ਵਾਰ ਇਸ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ ਹੈ ਹਾਲਾਂਕਿ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਉਨਾਂ ਨੂੰ ਟਿਕਟ ਦੇਣ ਦਾ ਅੰਦਰਖ਼ਾਤੇ ਵਿਰੋਧ ਕਰ ਰਹੇ ਸਨ। ਕਾਗਜ਼ ਦਾਖ਼ਲ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਲਾਡੀ ਨੇ ਦਾਅਵਾ ਕੀਤਾ ਕਿ ਉਹ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਸਮੁੱਚੀ ਕਾਂਗਰਸ ਹਾਈਕਮਾਂਡ ਦੇ ਧੰਨਵਾਦੀ ਹਨ, ਜਿੰਨਾਂ ਉਨਾਂ ’ਤੇ ਮੁੜ ਵਿਸਵਾਸ਼ ਪ੍ਰਗਟਾਇਆ ਹੈ। ਉਨਾਂ ਕਿਹਾ ਕਿ ਲੋਕਾਂ ਵਿਚ ਭਾਰੀ ਉਤਸ਼ਾਹ ਹੈ ਤੇ ਉਹ ਇਸ ਵਾਰ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ। ਇਸ ਮੌਕੋ ਉਨ੍ਹਾਂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਉਪਰ ਵੀ ਸਿਆਸੀ ਹਮਲੇ ਕੀਤੇ। ਇਸ ਦੌਰਾਨ ਉਨ੍ਹਾਂ ਦੇ ਨਾਲ ਪਾਰਟੀ ਦੇ ਸੀਨੀਅਰ ਆਗੂ ਤੇ ਵੱਡੀ ਗਿਣਤੀ ਵਿਚ ਵਰਕਰ ਵੀ ਪੁੱਜੇ ਹੋਏ ਸਨ।
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਕਿਸਾਨੀ ਮੰਗਾਂ ਲਈ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 31 ਜਨਵਰੀ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਹੇਠ ਕੇਂਦਰ ਸਰਕਾਰ ਵਿਰੁਧ ਵਿਸਵਾਸਘਾਤ ਦਿਵਸ ਮਨਾਉਣ ਲਈ ਸਥਾਨਕ ਚਿਲਡਰਨ ਪਾਰਕ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ ਹੇਠ ਇਕੱਠੇ ਹੋਏ ਕਿਸਾਨਾਂ ਵਲੋਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਕੇਂਦਰਜ ਸਰਕਾਰ ਵਿਰੁਧ ਨਾਅਰੇਬਾਜ਼ੀ ਵੀ ਕੀਤੀ ਗਈ। ਕਿਸਾਨ ਆਗੂ ਕਾਕਾ ਸਿੰਘ ਕੋਟੜਾ, ਬਲਦੇਵ ਸਿੰਘ ਸੰਦੋਹਾ ਤੇ ਰੇਸ਼ਮ ਸਿੰਘ ਯਾਤਰੀ ਨੇ ਦਸਿਆ ਕਿ ਤਿੰਨ ਖੇਤੀ ਬਿੱਲਾਂ ਨੂੰ ਲੈ ਕੇ ਦਿੱਲੀ ’ਚ ਚੱਲੇ ਕਿਸਾਨ ਸੰਘਰਸ਼ ਦੇ ਖ਼ਾਤਮੇ ਸਮੇਂ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਬਾਕੀ ਰਹਿ ਗਈਆਂ ਮੰਗਾਂ ਨੂੰ ਜਲਦੀ ਲਾਗੂ ਕਰਨ ਦਾ ਭਰੋਸਾ ਦਿੱਤਾ ਸੀ ਪ੍ਰੰਤੂ ਹੁਣ ਸਰਕਾਰ ਟਾਲ ਮਟੋਲ ਕਰ ਰਹੀ ਹੈ। ਜਿਸਦੇ ਚੱਲਦੇ ਕਿਸਾਨਾਂ ਵਿਚ ਭਾਰੀ ਗੁੱਸੇ ਦੀ ਲਹਿਰ ਹੈ। ਕਿਸਾਨ ਆਗੂਆਂ ਨੇ ਦਸਿਆ ਕਿ ਬਾਕੀ ਮੰਗਾਂ ’ਚ ਲਖੀਮਪੁਰ ਖੀਰੀ ਕਾਂਡ ਦੇ ਕਥਿਤ ਮੁੱਖ ਦੋਸੀ ਕੇਂਦਰੀ ਮੰਤਰੀ ਅਜੇ ਮਿਸਰਾ ਨੂੰ ਬਰਖਾਸਤ ਕਰਨਾ,ਐਮ ਐਸ ਪੀ ਤੇ ਗਰੰਟੀ ਕਾਨੂੰਨ ਬਣਾਉਣਾ, ਸਹੀਦ ਹੋਏ ਕਿਸਾਨਾਂ/ਮਜਦੂਰਾਂ ਦੇ ਵਾਰਸਾਂ ਨੂੰ ਮੁਆਵਜਾ ਤੇ ਸਰਕਾਰੀ ਨੌਕਰੀ ਦੇਣਾ, ਅੰਦੋਲਨਕਾਰੀ ਕਿਸਾਨਾਂ ਤੇ ਕੇਂਦਰ ਵਲੋਂ ਬਣਾਏ ਝੂਠੇ ਪੁਲਿਸ ਕੇਸਾਂ ਦੀ ਵਾਪਸੀ,ਐਮ ਐਸ ਪੀ ਸਬੰਧੀ ਕਮੇਟੀ ਦਾ ਗਠਨ ਕਰਨਾ, ਡਾਕਟਰ ਸਵਾਮੀ ਨਥਨ ਦੀ ਰਿਪੋਰਟ ਨੂੰ ਲਾਗੂ ਕਰਨਾ, ਕਿਸਾਨਾਂ/ਮਜਦੂਰਾਂ ਦਾ ਮੁਕੰਮਲ ਕਰਜਾ ਖਤਮ ਕਰਨਾ ਸ਼ਾਮਲ ਹੈ। ਇਸ ਮੌਕੇ ਕਿਸਾਨ ਜਥੇਬੰਦੀ ਦੇ ਆਗੂ ਜੋਧਾ ਸਿੰਘ ਨੰਗਲਾ, ਮੁਖਤਿਆਰ ਸਿੰਘ ਕੁੱਬੇ, ਅਰਜੁਨ ਸਿੰਘ ਫ਼ੂਲ, ਰਵਜੀਤ ਸਿੰਘ ਜੀਦਾ, ਗੁਰਮੇਲ ਸਿੰਘ, ਬਲਕਾਰ ਸਿੰਘ,ਰਾਜਵੀਰ ਸਿੰਘ, ਜਬਰਜੰਗ ਸਿੰਘ, ਬਲਵਿੰਦਰ ਸਿੰਘ ਜੋਧਪੁਰ, ਅੰਗਰੇਜ ਕਲਿਆਣ ਤੇ ਸੁਖਦੇਵ ਸਿੰਘ ਫ਼ੂਲ ਆਦਿ ਹਾਜ਼ਰ ਸਨ।
ਬੀ.ਐਲ.ਓਜ ਨੇ ਅਪਣੀਆਂ ਮੰਗਾਂ ਨੂੰ ਲੈ ਕੇ ਖੋਲਿਆ ਮੋਰਚਾ, ਦਿੱਤੀ ਸੰਘਰਸ਼ ਦੀ ਚਿਤਾਵਨੀ
ਸੁਖਜਿੰਦਰ ਮਾਨ
ਬਠਿੰਡਾ, 31 ਜਨਵਰੀ: ਚੋਣਾਂ ਦੇ ਲਗਾਤਾਰ ਅਤੇ ਨਿਰੰਤਰ ਚੱਲਣ ਵਾਲੇ ਕੰਮ ਲਈ ਵੱਖ ਵੱਖ ਮਹਿਕਮਿਆਂ ਤੋਂ ਨਿਯੁਕਤ ਕੀਤੇ ਬੂਥ ਲੈਵਲ ਅਫਸਰ ਜਿੱਥੇ ਆਪਣੇ ਮਹਿਕਮਿਆਂ ਦੀ ਡਿਉਟੀ ਨਿਭਾਉਂਦੇ ਹਨ ਉੱਥੇ ਚੋਣ ਕਮਿਸ਼ਨ ਵੱਲੋਂ ਦਿੱਤੀ ਦੂਹਰੀ ਸਾਰਾ ਸਾਲ ਚੋਣ ਡਿਉਟੀ ਨਿਭਾਉਣ ਲਈ ਮਜਬੂਰ ਹਨ । ਜਦ ਕਿ ਚੋਣ ਕਮਿਸ਼ਨ ਵੱਲੋਂ ਬੇਹੱਦ ਨਿਗੂਣਾ ਮੇਹਨਤਾਨਾ ਦੇ ਕੇ ਸਾਰਾ ਸਾਲ ਵੋਟਾਂ ਦੀ ਸੁਧਾਈ ਤੋਂ ਬਿਨਾਂ ਹੋਰ ਬਹੁਤ ਤਰਾਂ ਦੇ ਸਰਵੇ ਵੀ ਕਰਵਾਏ ਜਾਂਦੇ ਹਨ । ਇਸ ਸਬੰਧੀ ਅੱਜ ਬੀ.ਐਲ.ਓ ਯੂਨੀਅਨ ਜ਼ਿਲ੍ਹਾ ਬਠਿੰਡਾ ਦੀ ਮੀਟਿੰਗ ਅੰਬੇਦਕਰ ਪਾਰਕ ਬਠਿੰਡਾ ਵਿਖੇ ਕੀਤੀ ਗਈ । ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀ.ਐਲ.ਓ ਯੂਨੀਅਨ ਬਠਿੰਡਾ ਦੇ ਆਗੂ ਗੁਰਵਿੰਦਰ ਸਿੰਘ ,ਭੋਲਾ ਰਾਮ ਹਰਮੰਦਰ ਸਿੰਘ , ਜਸਵਿੰਦਰ ਸਿੰਘ , ਹਰਿੰਦਰ ਸਿੰਘ ਮੱਲ ਆਦਿ ਨੇ ਚੋਣ ਕਮਿਸ਼ਨ ਤੋਂ ਮੰਗ ਕਰਦੇ ਹੋਏ ਕਿਹਾ ਕਿ ਸਮੂਹ ਬੀ.ਐਲ ਓ ਦਾ ਮਿਹਨਤਾਨਾ ਘੱਟੋ ਘੱਟ 31000/- ਰੁਪਏ ਕੀਤਾ ਜਾਵੇ , ਵੋਟਾਂ ਦੀ ਸੁਧਾਈ ਤੋਂ ਬਿਨਾਂ ਹੋਰ ਕਿਸੇ ਵੀ ਤਰਾਂ ਦਾ ਕੰਮ ਬੀ.ਐਲ ਓਜ਼ ਤੋਂ ਨਾ ਲਿਆ ਜਾਵੇ , ਛੁੱਟੀ ਵਾਲੇ ਦਿਨਾ ਵਿੱੱਚ ਕੀਤੇ ਕੰਮ ਦੇ ਬਦਲੇ ਸਪੈਸ਼ਲ ਛੁੱਟੀ ਦਿੱਤੀ ਜਾਵੇ , ਬੀ.ਐਲ.ਓਜ ਦੀ ਡਿਉਟੀ ਦੌਰਾਨ ਮੌਤ ਹੋਣ ਉਪਰੰਤ 25 ਲੱਖ ਰੁਪਏ ਦਾ ਮੁਆਵਜ਼ਾ ਅਤੇ ਫੱਟੜ ਹੋਣ ਦੀ ਸੂਰਤ ਵਿੱੱਚ ਇਲਾਜ ਦਾ ਸਮੁੱਚਾ ਖਰਚ ਚੋਣ ਕਮਿਸ਼ਨ ਆਪਣੇ ਪੱਲਿਓਂ ਕਰੇ , ਚੋਣਾਂ ਦੇ ਕੰਮ ਲਈ ਸਟੇਸ਼ਨਰੀ , ਲੈਪਟਾਪ , ਪਿ੍ਰੰਟਰ , ਨੈੱਟ ਪੈਕ ਅਤੇ ਰਿਕਾਰਡ ਦੀ ਸਾਂਭ ਸੰਭਾਲ ਲਈ ਲੋਂੜੀਂਦੀ ਸਮੱਗਰੀ ਮੁਹੱਈਆ ਕਰਵਾਈ ਜਾਵੇ , ਪੰਜ ਸਾਲ ਤੋਂ ਵੱਧ ਸਮੇਂ ਤੋਂ ਕੰਮ ਕਰ ਰਹੇ ਬੀ.ਐਲ.ਓਜ਼ ਦੀ ਜਗ੍ਹਾ ਰੁਟੇਸਨ ਵਾਈਜ਼ ਕਿਸੇ ਹੋਰ ਕਰਮਚਾਰੀ ਦੀ ਡਿਉਟੀ ਲਗਾਈ ਜਾਵੇ । ਚੋਣਾਂ ਦੇ ਕੰਮ ਸਮੇਂ ਬੀ.ਐਲ.ਓਜ਼ ਨੂੰ ਓਹਨਾ ਦੇ ਪਿੱਤਰੀ ਵਿਭਾਗ ਦੀ ਡਿਊਟੀ ਤੋਂ ਪੂਰੀ ਤਰਾਂ ਮੁਕਤ ਕੀਤਾ ਜਾਵੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਪ੍ਰਕਾਸ਼ ਸਿੰਘ , ਜਸਵਿੰਦਰ ਸਿੰਘ ਸੰਦੋਹਾ , ਗੁਰਮੁੱਖ ਸਿੰਘ ਨਥਾਣਾ , ਗੁਰਪ੍ਰੀਤ ਸਿੰਘ ਖੇਮੋਆਣਾ , ਰਾਮ ਸਿੰਘ ਆਦਿ ਵੀ ਹਾਜ਼ਰ ਸਨ
ਉਗਰਾਹਾਂ ਨੇ ਸ਼ਹਿਰ ’ਚ ਵਿਸ਼ਾਲ ਰੋਸ ਮਾਰਚ ਤੋਂ ਬਾਅਦ ਕੇਂਦਰ ਦੀ ਫ਼ੂਕੀ ਅਰਥੀ
ਸੁਖਜਿੰਦਰ ਮਾਨ
ਬਠਿੰਡਾ, 31 ਜਨਵਰੀ: ਖੇਤੀ ਵਿਰੋਧੀ ਤਿੰਨੇ ਕਾਲੇ ਕਾਨੂੰਨ ਵਾਪਸ ਲੈਣ ਤੋਂ ਬਾਅਦ ਕਿਸਾਨ ਸ਼ੰਘਰਸ ਦੌਰਾਨ ਕੇਂਦਰ ਸਰਕਾਰ ਵੱਲੋਂ ਸੰਯੁਕਤ ਕਿਸਾਨ ਮੋਰਚੇ ਨੂੰ ਰਹਿੰਦੀਆਂ ਮੰਗਾਂ ਲਾਗੂ ਕਰਨ ਦੇ ਦਿੱਤੇ ਲਿਖਤੀ ਭਰੋਸੇ ਨੂੰ ਲਾਗੂ ਨਾ ਕਰਕੇ ਕੀਤੇ ਵਿਸ਼ਵਾਸਘਾਤ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਵੱਲੋਂ ਡਿਪਟੀ ਕਮਿਸਨਰ ਦਫਤਰ ਬਠਿੰਡਾ ਅੱਗੇ ਧਰਨਾ ਦੇ ਕੇ ਸ਼ਹਿਰ ਵਿੱਚ ਰੋਸ ਮਾਰਚ ਕਰ ਤੇ ਹਨੂੰਮਾਨ ਚੌਕ ਕੋਲ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ । ਇਸ ਮੌਕੇ ਜਥੇਬੰਦੀ ਵੱਲੋਂ ਅੱਜ ਡਿਪਟੀ ਕਮਿਸ਼ਨਰ ਬਠਿੰਡਾ ਰਾਹੀਂ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਵੀ ਭੇਜਿਆ ਗਿਆ ।ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਔਰਤ ਜੱਥੇਬੰਦੀ ਦੇ ਸੂਬਾ ਆਗੂ ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਵਿਰੋਧੀ ਕਾਲੇ ਕਾਨੂੰਨ ,ਬਿਜਲੀ ਸੋਧ ਬਿੱਲ 2020 ਅਤੇ ਵਾਤਾਵਰਣ ਰੱਖਿਆ ਹੇਠ ਕਿਸਾਨਾਂ ਨੂੰ ਪਰਾਲੀ ਸਾੜਨ ਤੇ ਕਰੋੜਾਂ ਰੁਪਏ ਦੇ ਜੁਰਮਾਨੇ ਅਤੇ ਸਜ਼ਾਵਾਂ ਸਬੰਧੀ ਕਾਨੂੰਨ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਸਰਹੱਦਾਂ ਤੇ ਇਕ ਸਾਲ ਤੋਂ ਵੀ ਵੱਧ ਸਮੇਂ ਤੱਕ ਚੱਲੇ ਦੇਸ਼ ਦੇ ਕਿਸਾਨਾਂ ਦੇ ਅੰਦੋਲਨ ਦੇ ਦਬਾਅ ਸਦਕਾ ਪ੍ਰਧਾਨਮੰਤਰੀ ਵੱਲੋਂ 19 ਨਵੰਬਰ 2021 ਨੂੰ ਕਾਲੇ ਕਾਨੂੰਨ ਰੱਦ ਕਰ ਦਿੱਤੇ ਸਨ । ਇਸ ਤੋਂ ਬਿਨਾਂ ਬਾਕੀ ਮੰਗਾਂ ਅਤੇ ਅੰਦੋਲਨ ਦੌਰਾਨ ਉੱਭਰੀਆਂ ਮੰਗਾਂ ਨੂੰ ਲਾਗੂ ਕਰਨ ਦਾ ਲਿਖਤੀ ਭਰੋਸਾ ਵੀ ਦਿੱਤਾ ਸੀ ਪ੍ਰੰਤੂ ਹਾਲੇ ਤੱਕ ਇੰਨ੍ਹਾਂ ਨੂੰ ਲਾਗੂ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਫੌਰੀ ਉਪਰੋਕਤ ਮੰਗਾਂ ਸਬੰਧੀ ਲਿਖਤੀ ਦਿੱਤਾ ਹੋਇਆ ਭਰੋਸਾ ਲਾਗੂ ਨਾ ਕੀਤਾ ਤਾਂ ਇਸ ਤੋਂ ਬਾਅਦ ਅੰਦੋਲਨ ਤਿੱਖਾ ਕੀਤਾ ਜਾਵੇਗਾ । ਉਪਰੋਕਤ ਬੁਲਾਰਿਆਂ ਤੋਂ ਇਲਾਵਾ ਅੱਜ ਦੇ ਇਕੱਠ ਨੂੰ ਬਸੰਤ ਸਿੰਘ ਕੋਠਾਗੁਰੂ ਜਗਦੇਵ ਸਿੰਘ ਜੋਗੇਵਾਲਾ ਪਰਨੀਤ ਕੌਰ ਪਿਥੋ ਹਰਪ੍ਰੀਤ ਕੌਰ ਜੇਠੂਕੇ ਨੇ ਵੀ ਸੰਬੋਧਨ ਕੀਤਾ ।
ਕਿਸਾਨ ਮੋਰਚੇ ਦੇ ਸੱਦੇ ’ਤੇ ਜਥੇਬੰਦੀਆਂ ਨੇ ਡੀਸੀ ਦਫ਼ਤਰ ਅੱਗੇ ਦਿੱਤਾ ਧਰਨਾ
ਸੁਖਜਿੰਦਰ ਮਾਨ
ਬਠਿੰਡਾ, 31 ਜਨਵਰੀ: ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਵਲੋਂ ਸਥਾਨਕ ਡੀ ਸੀ ਦਫਤਰ ਸਾਹਮਣੇ ਬੀਜੇਪੀ ਦੀ ਕੇਂਦਰ ਸਰਕਾਰ ਵੱਲੋਂ ਮੰਗਾਂ ਸਬੰਧੀ ਕੀਤੀ ਵਾਇਦਾ ਖਿਲਾਫੀ ਦੇ ਖਿਲਾਫ ਧਰਨਾ ਦਿੱਤਾ ਗਿਆ। ਇਸ ਮੌਕੇ ਮੰਗ ਕੀਤੀ ਗਈ ਕਿ ਲਖੀਮਪੁਰ ਖੀਰੀ ਕਾਂਡ ਦੇ ਕਥਿਤ ਮੁੱਖ ਦੋਸੀ ਕੇਂਦਰੀ ਮੰਤਰੀ ਅਜੇ ਮਿਸਰਾ ਨੂੰ ਬਰਖਾਸਤ ਕਰਨਾ,ਐਮ ਐਸ ਪੀ ਤੇ ਗਰੰਟੀ ਕਾਨੂੰਨ ਬਣਾਉਣਾ, ਸਹੀਦ ਹੋਏ ਕਿਸਾਨਾਂ/ਮਜਦੂਰਾਂ ਦੇ ਵਾਰਸਾਂ ਨੂੰ ਮੁਆਵਜਾ ਤੇ ਸਰਕਾਰੀ ਨੌਕਰੀ ਦੇਣਾ, ਅੰਦੋਲਨਕਾਰੀ ਕਿਸਾਨਾਂ ਤੇ ਕੇਂਦਰ ਵਲੋਂ ਬਣਾਏ ਝੂਠੇ ਪੁਲਿਸ ਕੇਸਾਂ ਦੀ ਵਾਪਸੀ,ਐਮ ਐਸ ਪੀ ਸਬੰਧੀ ਕਮੇਟੀ ਦਾ ਗਠਨ ਕਰਨਾ, ਡਾਕਟਰ ਸਵਾਮੀ ਨਥਨ ਦੀ ਰਿਪੋਰਟ ਨੂੰ ਲਾਗੂ ਕਰਨਾ, ਕਿਸਾਨਾਂ/ਮਜਦੂਰਾਂ ਦਾ ਮੁਕੰਮਲ ਕਰਜਾ ਖਤਮ ਕਰਨ ਵੱਲ ਤੁਰੰਤ ਕਦਮ ਚੁੱਕਿਆ ਜਾਵੇ। ਇਸਦੇ ਨਾਲ ਹੀ ਕਿਸਾਨ ਆਗੂਆਂ ਨੇ ਦੋਸ ਲਗਾਇਆ ਕਿ ਪੰਜਾਬ ਸਰਕਾਰ ਵੱਲੋਂ ਕਰੋਨਾ ਦੀ ਆੜ ਵਿੱਚ ਸਕੂਲ ਬੰਦ ਕੀਤੇ ਹੋਏ ਹਨ ਅਤੇ ਸਰਾਬ ਦੇ ਠੇਕਿਆਂ ਨੂੰ ਖੁੱਲ੍ਹੇ ਰੱਖਿਆ ਹੋਇਆ ਹੈ। ਜਿਸਦੇ ਚੱਲਦੇ ਇਸ ਦੋਗਲੀ ਨੀਤੀ ਦੇ ਖਿਲਾਫ 7 ਫਰਵਰੀ ਨੂੰ ਪੂਰੇ ਪੰਜਾਬ ਵਿੱਚ 3 ਘੰਟੇ ਸਾਰੇ ਨੈਸਨਲ ਹਾਈਵੇ ਜਾਮ ਕਰਕੇ ਰੋਸ ਪ੍ਰਦਰਸਨ ਕਰਨ ਦਾ ਐਲਾਨ ਕੀਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਗੁਰਦੀਪ ਸਿੰਘ ਰਾਮਪੁਰਾ ਸੂਬਾ ਮੀਤ ਪ੍ਰਧਾਨ, ਬਲਵਿੰਦਰ ਸਿੰਘ ਜੇਠੂਕੇ, ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਹਨੀ, ਜਿਲ੍ਹਾ ਸਕੱਤਰ ਸਵਰਨ ਸਿੰਘ ਪੂਹਲੀ, ਜਮਹੂਰੀ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਨਾਇਬ ਸਿੰਘ ਫੂਸ ਮੰਡੀ,ਤਾਰਾ ਸਿੰਘ ਖਜਾਨਚੀ,ਕੁੱਲ ਹਿੰਦ ਕਿਸਾਨ ਸਭਾ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ, ਜਿਲ੍ਹਾ ਪ੍ਰਧਾਨ ਹਰਨੇਕ ਸਿੰਘ ਆਲੀਕੇ,ਦਿਹਾਤੀ ਮਜਦੂਰ ਸਭਾ ਮਿੱਠੂ ਸਿੰਘ ਘੁੱਦਾ, ਪ੍ਰਕਾਸ ਸਿੰਘ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ। ਸਮਾਪਤੀ ਤੇ ਰੋਸ ਮੁਜਾਹਰਾ ਕੀਤਾ ਗਿਆ ਤੇ ਦੋਵੇਂ ਸਰਕਾਰਾਂ ਦੀਆਂ ਅਰਥੀਆਂ ਫੂਕੀਆਂ ਗਈਆਂ।
24 ਸਾਲ ਦੀ ਸੇਵਾ ਨਿਭਾਉਣ ਉਪਰੰਤ ਮਨਿੰਦਰ ਕੌਰ ਹੋਏ ਸੇਵਾ ਮੁਕਤ
ਡੀਪੀਆਰਓ ਦਫਤਰ ਵੱਲੋਂ ਦਿੱਤੀ ਗਈ ਨਿੱਘੀ ਵਿਦਾਇਗੀ ਪਾਰਟੀ
ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਕਲਾਕਾਰ ਰਾਜ਼ੇਸ ਨੇ ਬੰਨ੍ਹਿਆਂ ਸਮਾਂ
ਸੁਖਜਿੰਦਰ ਮਾਨ
ਬਠਿੰਡਾ, 31 ਜਨਵਰੀ: ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿੱਚ ਲਗਭਗ 24 ਸਾਲ ਦੀਆਂ ਬਤੌਰ ਸੀਨੀਅਰ ਸਹਾਇਕ ਵਜੋਂ ਆਪਣੀਆਂ ਸੇਵਾਵਾਂ ਨਿਭਾਉਣ ਉਪਰੰਤ ਇਸ ਦਫਤਰ ਦੀ ਕਰਮਚਾਰਨ ਸ਼੍ਰੀਮਤੀ ਮਨਿੰਦਰ ਕੌਰ ਸੇਵਾ ਮੁਕਤ ਹੋ ਗਏ ਹਨ। ਇਸ ਮੌਕੇ ਉਨਾਂ ਨੂੰ ਦਫਤਰ ਜ਼ਿਲ੍ਹਾ ਲੋਕ ਸੰਪਰਕ ਵਿਭਾਗ ਦੇ ਸਮੂਹ ਮੁਲਾਜ਼ਮਾਂ ਵੱਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ ਤੇ ਉਨਾਂ ਵੱਲੋਂ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਵੀ ਕੀਤੀ ਗਈ। ਇਸ ਮੌਕੇ ਦਫ਼ਤਰ ਦੇ ਸੇਵਾ ਮੁਕਤ ਕਰਮਚਾਰੀ ਸ਼੍ਰੀ ਰਾਜੇਸ਼ ਕੁਮਾਰ ਨੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਹਸਮੁੱਖ ਗੱਲ੍ਹਾ ਕਰਕੇ ਸਮੇਂ ਨੂੰ ਠੱਲਿਆ। ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ਼੍ਰੀ ਗੁਰਦਾਸ ਸਿੰਘ ਨੇ ਸ਼੍ਰੀਮਤੀ ਮਨਿੰਦਰ ਕੌਰ ਵੱਲੋਂ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਈਆਂ ਸੇਵਾਵਾਂ ਦਾ ਜ਼ਿਕਰ ਕਰਦਿਆਂ ਉਨਾਂ ਦੇ ਸੁਨਿਹਰੀ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਬਲਵੰਤ ਸਿੰਘ ਸਟੈਨੋ, ਕਲਰਕ ਮਿਸ ਗਗਨਦੀਪ ਕੌਰ, ਡਰਾਇਵਰ ਬਲਵਿੰਦਰ ਸਿੰਘ, ਹਰਪ੍ਰੀਤ ਸਿੰਘ, ਸ਼੍ਰੀ ਸੰਦੀਪ ਸਿੰਘ ਜੌੜਾ ਤੋਂ ਇਲਾਵਾ ਦਫ਼ਤਰ ਦੇ ਸੇਵਾ ਮੁਕਤ ਕਰਮਚਾਰੀ ਸ਼੍ਰੀ ਮੁਖਤਿਆਰ ਸਿੰਘ ਅਤੇ ਸ਼੍ਰੀ ਸਤਨਾਮ ਸਿੰਘ ਆਦਿ ਹਾਜ਼ਰ ਸਨ। ਵਿਦਾਇਗੀ ਸਮੇਂ ਦਫ਼ਤਰ ਦੇ ਸਮੂਹ ਸਟਾਫ ਵੱਲੋਂ ਸ਼੍ਰੀਮਤੀ ਮਨਿੰਦਰ ਕੌਰ ਨੂੰ ਯਾਦਗਾਰੀ ਤੋਹਫਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨਾਂ ਦੇ ਪਰਿਵਾਰਕ ਮੈਂਬਰ ਸ਼੍ਰੀ ਤੇਜਿੰਦਰ ਸਿੰਘ ਬੇਦੀ, ਸ਼੍ਰੀ ਜਤਿੰਦਰ ਸਿੰਘ ਅਤੇ ਸ਼੍ਰੀਮਤੀ ਅਦਰਸ਼ ਕੌਰ ਆਦਿ ਹਾਜ਼ਰ ਸਨ।
ਮੁੱਖ ਮੰਤਰੀ ਚੰਨੀ ਹੁਣ ਦੋ ਸੀਟਾਂ ਤੋਂ ਲੜਣਗੇ ਚੋਣ
ਖ਼ੁਸਬਾਜ ਜਟਾਣਾ ਨੇ ਸ਼ਹਿਰਾਂ ਤੋਂ ਬਾਅਦ ਪਿੰਡਾਂ ’ਚ ਡੋਰ-ਟੂ-ਡੋਰ ਮੁਹਿੰਮ ਵਿੱਢੀ
ਸੁਖਜਿੰਦਰ ਮਾਨ
ਬਠਿੰਡਾ, 30 ਜਨਵਰੀ: ਜ਼ਿਲ੍ਹੇ ਦੇ ਤਲਵੰਡੀ ਸਾਬੋ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਖ਼ੁਸਬਾਜ ਸਿੰਘ ਜਟਾਣਾ ਨੇ ਹਲਕੇ ’ਚ ਪੈਂਦੇ ਵੱਡੇ ਸ਼ਹਿਰਾਂ ਰਾਮਾ ਮੰਡੀ ਤੇ ਤਲਵੰਡੀ ਸਾਬੋ ਤੋਂ ਬਾਅਦ ਹੁਣ ਪਿੰਡਾਂ ’ਚ ਡੋਰ-ਟੂ-ਡੋਰ ਮੁਹਿੰਮ ਵਿੱਢ ਦਿੱਤੀ ਹੈ। ਅੱਜ ਉਨ੍ਹਾਂ ਅਪਣੇ ਕਾਂਗਰਸ ਦੇ ਆਗੂਆਂ ਦੀ ਟੀਮ ਨਾਲ ਹਲਕੇ ਦੇ ਦਰਜ਼ਨਾਂ ਪਿੰਡਾਂ ’ਚ ਸਮਾਗਮ ਕਰਦਿਆਂ ਲੋਕਾਂ ਤੱਕ ਪਹੁੰਚ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ’ਚ ਹਲਕੇ ਦੇ ਹੋਏ ਵਿਕਾਸ ਨੂੰ ਮੁੱਖ ਰੱਖਦਿਆਂ ਕਾਂਗਰਸ ਪਾਰਟੀ ਨੂੰ ਵੋਟ ਦਿੱਤੀ ਜਾਵੇ। ਕਾਂਗਰਸੀ ਉਮੀਦਵਾਰ ਨੇ ਹਲਕੇ ਦੇ ਵਿਕਾਸ ਕਾਰਜ਼ਾਂ ਨੂੰ ਗਿਣਾਉਂਦਿਆਂ ਸੜਕਾਂ, ਨਹਿਰੀ ਪਾਣੀ ਦੀ ਘਾਟ ਨੂੰ ਦੇਖਦਿਆਂ ਨਵੇਂ ਸੂਏ ਤੇ ਕੱਸੀਆਂ ਦਾ ਨਿਰਮਾਣ, ਸਕੂਲਾਂ ਦੀ ਨੁਹਾਰ ਬਦਲਣ ਆਦਿ ਦਾ ਹਵਾਲਾ ਦਿੱਤਾ। ਇਸਤੋਂ ਇਲਾਵਾ ਕਾਂਗਰਸ ਸਰਕਾਰ ਵਲਂੋ ਆਮ ਲੋਕਾਂ ਲਈ ਕੀਤੇ ਲੋਕ ਭਲਾਈ ਦੇ ਕੰਮਾਂ ਦੀ ਸੂਚੀ ਜਨਤਾ ਸਾਹਮਣੇ ਰੱਖਦਿਆਂ ਬਿਜਲੀ ਦੇ ਬਿੱਲਾਂ ਦੇ ਰੇਟ ਘਟਾਉਣ, ਪੈਨਸ਼ਨਾਂ ’ਚ ਵਾਧਾ ਕਰਨ, ਸਿਹਤ ਸਹੂਲਤਾਂ ਮੁਹੱਈਆਂ ਕਰਵਾਉਣ, ਔਰਤਾਂ ਦਾ ਸਰਕਾਰੀ ਬੱਸਾਂ ’ਚ ਮੁਫ਼ਤ ਸਫ਼ਰ ਸਹੂਲਤ ਦੇਣ ਆਦਿ ਦਾ ਜਿਕਰ ਕਰਦਿਆਂ ਸੂਬੇ ’ਚ ਮੁੜ ਵਿਕਾਸ ਤੇ ਲੋਕ ਭਲਾਈ ਸਕੀਮਾਂ ਦਾ ਪਹੀਆ ਚੱਲਦਾ ਰੱਖਣ ਲਈ ਕਾਂਗਰਸ ਪਾਰਟੀ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨਾਲ ਨਿੱਜੀ ਸਹਾਇਕ ਰਣਜੀਤ ਸਿੱਧੂ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਹਾਜ਼ਰ ਰਹੇ।





