Tuesday, May 5, 2026
Home Blog Page 2643

ਲਾਇਨੋਪਾਰ ਵਿੱਖੇ ਸਰੂਪ ਚੰਦ ਸਿੰਗਲਾ ਦੇ ਹੱਕ ਚ ਮੀਟਿੰਗ

0

ਸੁਖਜਿੰਦਰ ਮਾਨ
ਬਠਿੰਡਾ, 16 ਜਨਵਰੀ :ਅੱਜ ਲਾਇਨੋਪਾਰ ਬਠਿੰਡਾ ਦੇ ਵਾਰਡ ਨੂੰ 41 ਸੁਰਖਪੀਰ ਰੋਡ ਵਿੱਖੇ ਅਕਾਲੀ ਬਸਪਾ ਉਮੀਦਵਾਰ ਸਰੂਪ ਚੰਦ ਸਿੰਗਲਾ ਦੇ ਹੱਕ ਚ ਮੀਟਿੰਗ ਕਰਵਾਈ ਮੀਟਿੰਗ ਚ ਚਮਕੌਰ ਸਿੰਘ ਮਾਨ ਪ੍ਰਧਾਨ ਕਿਸਾਨ ਵਿੰਗ ਜਿਲ੍ਹਾ ਬਠਿੰਡਾ ਸ਼ਹਿਰੀ ਨੇ ਸੰਬੋਧਨ ਕਰਦਿਆਂ ਅਕਾਲੀ ਬਸਪਾ ਗਠਜੋੜ ਸਰਕਾਰ ਆਉਣ ਤੇ ਪਬਲਿਕ ਨੂੰ ਵਡੀਆਂ ਸਹੂਲਤਾਂ ਦੇਣ ਬਾਰੇ ਵਿਸਤਾਰ ਨਾਲ ਦੱਸਿਆ ਸ਼੍ਰੀ ਸਿੰਗਲਾ ਨੇ ਆਪਣੇ ਸੰਬੋਧਨ ਚ ਨਗਰ ਨਿਵਾਸੀਆਂ ਨੂੰ ਸਰਕਾਰ ਆਉਣ ਤੇ ਬਠਿੰਡਾ ਨੂੰ ਖੂਬਸੂਰਤ ਸ਼ਹਿਰ ਬਣਾਉਣ ਵੱਡੇ ਪ੍ਰੋਜੈਕਟ ਲਾਉਣ ਤੇ ਰੋਜਗਾਰ ਪੈਦਾ ਕਰਨ ਦੀ ਗੱਲ ਆਖੀ ਇਸ ਮੌਕੇ ਸਰਕਲ ਪ੍ਰਧਾਨ ਸੁਖਦੇਵ ਸਿੰਘ ਗੁਰਥੜੀ ਸਾਬਕਾ ਕੌਂਸਲਰ ਬੰਤ ਸਿੰਘ ਸਿੱਧੂ ਗੁਰਸੇਵਕ ਮਾਨ ਅਮਰਜੀਤ ਸਿੰਘ ਵਿਰਦੀ ਮਨਦੀਪ ਸਿੰਘ ਲਾਡੀ ਮਨਜੀਤ ਕੌਰ ਚਹਿਲ ਕੁਲਦੀਪ ਕੌਰ ਹਿਤੈਸ਼ੀ ਸੁਰਜੀਤ ਕੌਰ ਬੌਰੀਆ ਸਿੰਘ ਬਲਵਿੰਦਰ ਸਿੰਘ ਮਾਣਾ ਅਨਿਲ ਯਾਦਵ ਕਰਮਜੀਤ ਕੌਰ ਗੁਰਥੜੀ ਸੁਖਪ੍ਰੀਤ ਕੌਰ ਸੁਰਿੰਦਰ ਯਾਦਵ ਗੁਰਪ੍ਰੀਤ ਸਿੱਧੂ ਜਸਵੀਰ ਸਿੰਘ ਹੰਸ ਨਗਰ ਅਤੇ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਹਾਜ਼ਿਰ ਸਨ ਇਸ ਮੌਕੇ ਬੀਬੀ ਸੀਮਾ ਰਾਣੀ ਨੂੰ ਵਾਰਡ 41 ਇਸਤਰੀ ਵਿੰਗ ਦਾ ਪ੍ਰਧਾਨ ਨਿੱਯੁਕਤ ਕੀਤਾ!

ਚੋਣ ਜ਼ਾਬਤਾ ਲਾਗੂ ਹੋਣ ਉਪਰੰਤ 40.31 ਕਰੋੜ ਦੀਆਂ ਵਸਤਾਂ ਜ਼ਬਤ

0

ਸੁਖਜਿੰਦਰ ਮਾਨ
ਚੰਡੀਗੜ, 15 ਜਨਵਰੀ:ਪੰਜਾਬ ਰਾਜ ਵਿੱਚ ਵਿਧਾਨ ਸਭਾ ਚੋਣਾਂ ਦੇ ਐਲਾਨ ਹੋਣ ਉਪਰੰਤ ਸੂਬੇ ਵਿੱਚ ਲਾਗੂ ਹੋਏ ਆਦਰਸ਼ ਚੋਣ ਜ਼ਾਬਤੇ ਦੌਰਾਨ ਮਿਤੀ 14 ਜਨਵਰੀ 2022 ਤੱਕ ਕੁਲ 40.31 ਕਰੋੜ ਦੀਆਂ ਵਸਤਾਂ ਅਤੇ ਨਗਦੀ ਜ਼ਬਤ ਕੀਤੀ ਗਈ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਸੂਬੇ ਵਿੱਚ ਵੱਖ ਵੱਖ ਸਰਵਾਈਲੈਂਸ ਟੀਮਾਂ ਵੱਲੋਂ 2.72 ਲੱਖ ਲੀਟਰ ਸ਼ਰਾਬ ਫੜੀ ਗਈ ਹੈ ਜਿਸ ਦੀ ਕੀਮਤ 81 ਲੱਖ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਇਸੇ ਤਰ੍ਹਾਂ ਸੂਬੇ ਵਿੱਚ ਨਸ਼ੀਲੇ ਪਦਾਰਥ ਵੀ ਫੜ੍ਹੇ ਗਏ ਹਨ, ਜਿਨ੍ਹਾਂ ਦੀ ਕੀਮਤ 38.93 ਕਰੋੜ ਬਣਦੀ ਹੈ। ਇਸ ਤੋਂ ਇਲਾਵਾ ਸੂਬੇ ਵਿੱਚ 14 ਲੱਖ ਰੁਪਏ ਦੀ ਨਗਦ ਰਾਸ਼ੀ ਵੀ ਜਬਤ ਕੀਤੀ ਗਈ ਹੈ।ਡਾ. ਰਾਜੂ ਨੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤੇ ਦੇ ਮੱਦੇਨਜਰ ਰਾਜ ਵਿੱਚ 1064 ਸੰਵੇਦਨਸ਼ੀਲ ਸਥਾਨਾਂ ਦੀ ਪਹਿਚਾਣ ਕੀਤੀ ਗਈ ਹੈ। ਇਸ ਤੋਂ ਇਲਾਵਾ ਸੂਬੇ ਵਿੱਚ 2222 ਅਜਿਹੇ ਲੋਕਾਂ ਦੀ ਪਹਿਚਾਣ ਕੀਤੀ ਹੈ ਜੋ ਕਿ ਅਮਨ ਅਮਾਨ ਵਿਚ ਖਲਲ ਪਾ ਸਕਦੇ ਹਨ, ਜਿਨ੍ਹਾਂ ਵਿਚੋਂ 894 ਖ਼ਿਲਾਫ਼ ਕਾਰਵਾਈ ਕਰ ਦਿੱਤੀ ਗਈ ਹੈ ਅਤੇ ਬਾਕੀ ਰਹਿੰਦੇ ਵਿਅਕਤੀਆਂ ਖ਼ਿਲਾਫ਼ ਜਲਦ ਕਾਰਵਾਈ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ 3692 ਨਾਕੇ ਸਥਾਪਿਤ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸੁਰੱਖਿਆ ਦੀ ਦਿ੍ਰਸ਼ਟੀ ਤੋਂ ਕਾਰਵਾਈ ਕਰਦਿਆਂ 118 ਲੋਕਾਂ ਖ਼ਿਲਾਫ਼ ਅਹਿਤਿਆਤਨ ਕਾਰਵਾਈ ਅਮਲ ਵਿੱਚ ਲਿਆਂਦੀ ਹੈ। ਸੂਬੇ ਵਿੱਚ ਇਸ ਸਮੇਂ 2064 ਗ਼ੈਰ ਜ਼ਮਾਨਤੀ ਵਾਰੰਟ ਦੇ ਮਾਮਲਿਆਂ ਤੇ ਕਾਰਵਾਈ ਕੀਤੀ ਜਾ ਚੁੱਕੀ ਹੈ ਜਦਕਿ ਬਾਕੀ 239 ਖ਼ਿਲਾਫ਼ ਕਾਰਵਾਈ ਜਾਰੀ ਹੈ।ਮੁੱਖ ਚੋਣ ਅਫਸਰ ਨੇ ਦੱਸਿਆ ਕਿ ਸੂਬੇ ਵਿੱਚ ਹੁਣ ਤੱਕ 323102 ਲਾਈਸੈਂਸੀ ਹਥਿਆਰ ਜਮ੍ਹਾਂ ਹੋ ਚੁਕੇ ਹਨ ਅਤੇ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ 20 ਗ਼ੈਰ ਲਾਈਸੈਂਸੀ ਹਥਿਆਰ ਫੜ੍ਹੇ ਗਏ ਹਨ।ਡਾ. ਰਾਜੂ ਨੇ ਦੱਸਿਆ ਕਿ ਸੂਬੇ ਵਿੱਚ ਚੋਣ ਅਮਲ ਵਿੱਚ ਡਿਊਟੀਆਂ ਨਿਭਾਉਣ ਵਾਲੇ ਅਮਲੇ ਦੇ ਕੋਵਿਡ-19 ਵੈਕਸੀਨੇਸ਼ਨ ਦੀ ਪਹਿਲੀ ਡੋਜ਼ 84.3% ਲੱਗ ਚੁੱਕੀ ਹੈ, ਜਦਕਿ ਦੂਸਰੀ ਡੋਜ਼ 49.9% ਮੁਲਾਜ਼ਮਾਂ ਨੂੰ ਲੱਗ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਵਿੱਚ ਆਰਦਸ ਚੋਣ ਜ਼ਾਬਤਾ ਲਾਗੂ ਹੋਣ ਤੇ ਵੱਖ ਵੱਖ ਟੀਮਾਂ ਵੱਲੋਂ 53610 ਸਰਕਾਰੀ ਥਾਵਾਂ ਅਤੇ 14911 ਨਿੱਜੀ ਥਾਵਾਂ ਤੋਂ ਬੈਨਰ ਪੋਸਟਰ ਅਤੇ ਦੀਵਾਰੀ ਇਸ਼ਤਿਹਾਰ ਹਟਾਏ ਗਏ ਹਨ।

ਕਾਂਗਰਸੀ ਵਿਧਾਇਕ ਹਰਜੋਤ ਕਮਲ ਭਾਜਪਾ ’ਚ ਸ਼ਾਮਲ

0

ਮੋਗਾ ਤੋ ਟਿਕਟ ਮਾਲਵਿਕਾ ਸੂਦ ਨੂੰ ਦੇਣ ਦੇ ਫੈਸਲਾ ਦਾ ਕੀਤਾ ਵਿਰੋਧ
ਸੁਖਜਿੰਦਰ ਮਾਨ
ਚੰਡੀਗੜ, 15 ਜਨਵਰੀ: ਕਾਂਗਰਸ ਪਾਰਟੀ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ 86 ਉਮੀਦਵਾਰਾਂ ਦੀ ਜਾਰੀ ਪਹਿਲੀ ਸੂਚੀ ਤੋਂ ਤੁਰੰਤ ਬਾਅਦ ਮੋਗਾ ਹਲਕੇ ਤੋਂ ਵਿਧਾਇਕ ਹਰਜੋਤ ਕਮਲ ਨੇ ਕਾਂਗਰਸ ਨੂੰੂ ਅਲਵਿਦਾ ਕਹਿੰਦਿਆਂ ਭਾਜਪਾ ਦਾ ਪੱਲਾ ਫ਼ੜ ਲਿਆ। ਅੱਜ ਇੱਥੇ ਪੰਜਾਬ ਭਾਜਪਾ ਦੇ ਪ੍ਰਧਾਨ ਅਸਵਨੀ ਸ਼ਰਮਾ ਦੀ ਅਗਵਾਈ ਹੇਠ ਸਮਾਗਮ ਦੌਰਾਨ ਸ਼੍ਰੀ ਕਮਲ ਨੇ ਸਮੂਲੀਅਤ ਕੀਤੀ। ਇਸ ਦੌਰਾਨ ਉਨ੍ਹਾਂ ਕਾਂਗਰਸ ਪਾਰਟੀ ਲਈ ਕੀਤੇ ਕੰਮਾਂ ਦੇ ਬਦਲੇ ਦਿੱਤੇ ਸਿਲੇ ’ਤੇ ਦੁੱਖ ਪ੍ਰਗਟਾਇਆ। ਇਸ ਦੌਰਾਨ ਉਨ੍ਹਾਂ ਦੇ ਨਾਲ ਸਾਬਕਾ ਵਿਧਾਇਕ ਅਜੀਤ ਸਿੰਘ ਸ਼ਾਂਤ ਵੀ ਭਾਜਪਾ ਵਿਚ ਸ਼ਾਮਲ ਹੋ ਗਏ।

ਵਿਧਾਨ ਸਭਾ ਚੋਣਾਂ: ਚੋਣ ਰੈਲੀਆਂ ਤੇ ਰੋਡ ਸ਼ੋਅ ’ਤੇ ਪਾਬੰਦੀ 22 ਤੱਕ ਵਧੀ

0

ਸੁਖਜਿੰਦਰ ਮਾਨ
ਚੰਡੀਗੜ, 15 ਜਨਵਰੀ: ਪਹਿਲੀ ਵਾਰ ਕਰੋਨਾ ਮਹਾਂਮਾਰੀ ਦੇ ਸਾਏ ਹੇਠ ਹੋਈਆਂ ਦੇਸ ਦੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਰਤ ਦੇ ਮੁੱਖ ਚੋਣ ਕਮਿਸ਼ਨ ਵਲੋਂ ਸਿਆਸੀ ਪਾਰਟੀਆਂ ’ਤੇ ਰੈਲੀਆਂ ਕਰਨ ਅਤੇ ਰੋਡ ਸੋਅ ਕੱਢਣ ਉਪਰ ਲਗਾਈ ਪਾਬੰਦੀ ਦੀ ਸੀਮਾ ਹੁਣ 22 ਜਨਵਰੀ ਤੱਕ ਵਧਾ ਦਿੱਤੀ ਹੈ। ਇਹ ਫੈਸਲਾ ਅੱਜ ਪੰਜ ਰਾਜਾਂ ਦੇ ਮੁੱਖ ਸਕੱਤਰਾਂ, ਸਿਹਤ ਸਕੱਤਰਾਂ ਅਤੇ ਰਾਜਾਂ ਦੇ ਮੁੱਖ ਚੋਣ ਕਮਿਸ਼ਨ ਨਾਲ ਭਾਰਤੀ ਚੋਣ ਕਮਿਸ਼ਨ ਦੀ ਬੈਠਕ ਦੌਰਾਨ ਕੀਤਾ ਗਿਆ। ਚੋਣ ਕਮਿਸ਼ਨ ਵਲੋਂ ਲੰਘੀ 8 ਜਨਵਰੀ ਨੂੰ ਚੋਣਾਂ ਦਾ ਐਲਾਨ ਕਰਨ ਸਮੇਂ ਇਹ ਪਾਬੰਦੀਆਂ 15 ਜਨਵਰੀ ਤੱਕ ਲਗਾਈਆਂ ਗਈਆਂ ਸਨ ਤੇ ਮੁੜ ਕਰੋਨਾ ਮਹਾਮਾਰੀ ਦੇ ਹਾਲਾਤਾਂ ਦਾ ਜਾਇਜਾ ਲੈਣ ਬਾਅਦ ਫੈਸਲਾ ਲੈਣ ਦਾ ਭਰੋਸਾ ਦਿੱਤਾ ਸੀ। ਪ੍ਰੰਤੂ ਅੱਜ ਹੋਈ ਮੀਟਿੰਗ ਵਿਚ ਦੇਸ ਭਰ ’ਚ ਕਰੋਨਾ ਦੇ ਵਧਦੇ ਕੇਸਾਂ ਉਪਰ ਚਿੰਤਾ ਜਾਹਰ ਕਰਦਿਆਂ ਇਹ ਪਾਬੰਦੀਆਂ ਵਧਾਉਣ ਦਾ ਫੈਸਲਾ ਕੀਤਾ ਗਿਆ। ਦਸਣਾ ਬਣਦਾ ਹੈ ਕਿ ਪੰਜਾਬ ਸਹਿਤ ਉੱਤਰ ਪ੍ਰਦੇਸ, ਉੱਤਰਾਖੰਡ, ਗੋਆ ਅਤੇ ਮਨੀਪੁਰ ਵਿੱਚ ਇਹ ਚੋਣਾਂ ਹੋਣ ਜਾ ਰਹੀਆਂ ਹਨ।

ਸਿਆਸੀ ਪਿੜ ’ਚ ਕੁੱਦੀਆਂ ਕਿਸਾਨ ਜਥੇਬੰਦੀਆਂ ਕਿਸਾਨ ਮੋਰਚੇ ਵਿਚੋਂ ਬਾਹਰ

ਸੰਯੁਕਤ ਕਿਸਾਨ ਮੋਰਚੇ ਦੀ ਹੋਈ ਮੀਟਿੰਗ ’ਚ ਕੇਂਦਰ ’ਤੇ ਕੀਤੇ ਵਾਅਦਿਆਂ ਤੋਂ ਮੁਕਰਨ ਦੇ ਲਗਾਏ ਦੋਸ਼
ਸੁਖਜਿੰਦਰ ਮਾਨ
ਨਵੀਂ ਦਿੱਲੀ, 15 ਜਨਵਰੀ: ਤਿੰਨ ਖੇਤੀ ਬਿੱਲਾਂ ਨੂੰ ਲੈ ਕੇ ਇੱਕ ਸਾਲ ਤੋਂ ਵੱਧ ਚੱਲੇ ਕਿਸਾਨ ਸੰਘਰਸ਼ ਦੌਰਾਨ ਇਤਿਹਾਸਕ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਪਹਿਲੀ ਵਾਰ ਅੱਜ ਦਿੱਲੀ ’ਚ ਸੰਯੁਕਤ ਕਿਸਾਨ ਮੋਰਚਾ ਦੀ ਕੁੰਡਲੀ ਵਿਖੇ ਹੋਈ ਅਹਿਮ ਮੀਟਿੰਗ ਵਿਚ ਸਿਆਸੀ ਮੈਦਾਨ ਵਿਚ ਕੁੱਦਣ ਵਾਲੀਆਂ ਕਿਸਾਨ ਜਥੇਬੰਦੀਆਂ ਨੂੰ ਮੋਰਚੇ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ। ਇੰਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਮੋਰਚੇ ਵਿਚ ਸ਼ਾਮਲ ਕਰਨ ਜਾਂ ਨਾ ਕਰਨ ਬਾਰੇ ਫੈਸਲਾ ਹੁਣ ਚਾਰ ਮਹੀਨਿਆਂ ਬਾਅਦ ਲਿਆ ਜਾਵੇਗਾ। ਇਸਦੇ ਇਲਾਵਾ ਕੇਂਦਰ ਸਰਕਾਰ ’ਤੇ ਵਾਅਦਾ ਖਿਲਾਫ਼ੀ ਦਾ ਦੋਸ਼ ਲਗਾਉਂਦਿਆਂ ਕਿਸਾਨ ਜਥੇਬੰਦੀਆਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਚੱਲਦਿਆਂ ਆਗਾਮੀ 31 ਜਨਵਰੀ ਨੂੰ ਮੁੜ ਪ੍ਰਦਰਸ਼ਨ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ। ਮੀਟਿੰਗ ਵਿੱਚ ਸਮੂਹ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਦੱਸੇ ਜਾ ਰਹੇ ਹਨ। ਆਗੂਆਂ ਨੇ ਇਸ ਮੀਟਿੰਗ ਦੌਰਾਨ ਕਿਸਾਨ ਅੰਦੋਲਨ ਮੁਲਤਵੀ ਕਰਨ ਤੋਂ ਬਾਅਦ ਦੀ ਹਾਲਾਤ ਦੀ ਸਮੀਖਿਆ ਕੀਤੀ ਤੇ ਸਰਕਾਰ ਦੇ ਇਸ ਰਵੱਈਏ ਬਾਰੇ ਚਰਚਾ ਕੀਤੀ।

ਵਿਤ ਮੰਤਰੀ ਦਾ ਨਿਰਮਾਣ ਅਧੀਨ ਪਲਾਂਟ ਮੁੜ ਵਿਵਾਦਾਂ ’ਚ

0

ਸਾਬਕਾ ਵਿਧਾਇਕ ਦੀ ਸਿਕਾਇਤ ’ਤੇ ਲੋਕਪਾਲ ਵਲੋਂ ਨੋਟਿਸ ਜਾਰੀ
ਸੁਖਜਿੰਦਰ ਮਾਨ
ਬਠਿੰਡਾ, 15 ਜਨਵਰੀ : ਸਥਾਨਕ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ਵਿਚ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੁਆਰਾ ਪੁੱਡਾ ਕੋਲੋ ਖਰੀਦਿਆਂ 1500 ਗਜ਼ ਦਾ ਪਲਾਂਟ ਮੁੜ ਵਿਵਾਦਾਂ ਦੇ ਘੇਰੇ ਵਿਚ ਆ ਗਿਆ ਹੈ। ਸਾਬਕਾ ਵਿਧਾਇਕ ਸਰੂਪ ਸਿੰਗਲਾ ਦੀ ਸ਼ਿਕਾਇਤ ’ਤੇ ਲੋਕਪਾਲ ਪੰਜਾਬ ਨੇ ਹੁਣ ਸ: ਬਾਦਲ ਨੂੰ ਆਗਾੀ 18 ਫ਼ਰਵਰੀ ਲਈ ਨੋਟਿਸ ਜਾਰੀ ਕੀਤਾ ਹੈ। ਸਾਬਕਾ ਵਿਧਾਇਕ ਨੇ ਅੱਜ ਇੱਥੇ ਵਿਤ ਮੰਤਰੀ ਦੇ ਨਿਰਮਾਣ ਅਧੀਨ ਇਸ ਪਲਾਂਟ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦਾਅਵਾ ਕੀਤਾ ਕਿ ‘‘ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅਪਣਾ ਸਿਆਸੀ ਪ੍ਰਭਾਵ ਵਰਤਿਆਂ ਪੁੱਡਾ ਦੀ ਵਪਾਰਕ ਜਗਾ ਨੂੰ ਰਿਹਾਇਸ਼ੀ ਖੇਤਰ ਵਿਚ ਤਬਦੀਲ ਕਰਵਾ ਕੇ ਸਸਤੇ ਭਾਅ ਖ਼ਰੀਦਣ ਦੀ ਸਿਕਾਇਤ ਕੀਤੀ ਗਈ ਸੀ। ’’ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਚਿਰ ਆਰਾਮ ਨਾਲ ਨਹੀਂ ਬੈਠਣਗੇ ਜਦੋ ਤਕ ਖ਼ਜ਼ਾਨਾ ਮੰਤਰੀ ਵਲੋਂ ਪੁੱਡਾ ਦੇ ਅਧਿਕਾਰੀਆਂ ਨਾਲ ਮਿਲਕੇ ਖ਼ਜਾਨੇ ਨੂੰ ਪਹੁੰਚਾਏ ਗਏ ਨੁਕਸਾਨ ਦੀ ਭਰਪਾਈ ਤੇ ਜਿੰਮੇਵਾਰਾਂ ਖਿਲਾਫ਼ ਕਾਰਵਾਈ ਨਹੀਂ ਹੋ ਜਾਂਦੀ। ਉਨ੍ਹਾਂ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਵਧੀਕੀਆਂ ਨੂੰ ਧਿਆਨ ਵਿੱਚ ਰੱਖ ਕੇ ਆਉਦੀਆ ਵਿਧਾਨ ਸਭਾ ਚੋਣਾਂ ਲਈ ਵੋਟ ਦਾ ਇਸਤੇਮਾਲ ਕਰਨ।

ਬਠਿੰਡਾ ’ਚ ਕਰੋਨਾ ਦਾ ਕਹਿਰ, ਗਰਭਵਤੀ ਔਰਤ ਤੇ ਨਵਜੰਮੀ ਬੱਚੀ ਦੀ ਹੋਈ ਮੌਤ

0

588 ਪਾਜੀਟਿਵ ਕੇਸ ਨਵੇਂ ਆਏ, ਕੁੱਲ ਕਰੋਨਾ ਕੇਸਾਂ ਦੀ ਗਿਣਤੀ 2336 ਹੋਈ
15 ਦਿਨਾਂ ’ਚ 6 ਮੌਤਾਂ ਹੋਈਆਂ
ਸੁਖਜਿੰਦਰ ਮਾਨ
ਬਠਿੰਡਾ, 15 ਜਨਵਰੀ : ਓਮੀਕਰੋਨਾ ਦੇ ਨਾਂ ’ਤੇ ਸ਼ੁਰੂ ਹੋਈ ਕਰੋਨਾ ਦੀ ਤੀਜੀ ਲਹਿਰ ਨੇ ਹੁਣ ਅਪਣਾ ਕਹਿਰ ਵਰਸਾਉਣਾ ਸ਼ੁਰੂ ਕਰ ਦਿੱਤਾ ਹੈ। ਅੱਜ ਕਰੋਨਾ ਤੋਂ ਪੀੜਤ ਪੀਜੀਆਈ ਵਿਚ ਦਾਖ਼ਲ ਇੱਕ 24 ਸਾਲਾ ਗਰਭਵਤੀ ਔਰਤ ਅਤੇ ਉਸਦੀ ਨਵਜੰਮੀ ਬੱਚੀ ਦੀ ਮੌਤ ਹੋ ਗਈ। ਜਦੋਂਕਿ 588 ਪਾਜ਼ੀਟਿਵ ਨਵੇਂ ਸਾਹਮਣੇ ਆਏ ਹਨ। ਜਿਸਤੋਂ ਬਾਅਦ ਹੁਣ ਜ਼ਿਲ੍ਹੇ ਵਿਚ ਕਰੋਨਾ ਕੇਸਾਂ ਦੀ ਗਿਣਤੀ 2336 ਹੋ ਗਈ ਹੈ। ਉਧਰ, ਮਿ੍ਰਤਕ ਔਰਤ ਤੇ ਉਸਦੀ ਨਵਜੰਮੀ ਬੱਚੀ ਦਾ ਅੰਤਿਮ ਸੰਸਕਾਰ ਅੱਜ ਸਹਾਰਾ ਜਨ ਸੇਵਾ ਦੇ ਵਰਕਰਾਂ ਵਲੋਂ ਕਰ ਦਿੱਤਾ ਗਿਆ। ਸਹਾਰਾ ਪ੍ਰਧਾਨ ਵਿਜੇ ਗੋਇਲ ਨੇ ਦਸਿਆ ਕਿ ਮੋੜ ਨਜਦੀਕ ਇੱਕ ਪਿੰਡ ਦੀ ਰਹਿਣ ਵਾਲੀ ਉਕਤ ਔਰਤ ਨੂੰ ਕੁੱਝ ਦਿਨ ਪਹਿਲਾਂ ਕਰੋਨਾ ਹੋਇਆ ਸੀ। ਜਿਸਤੋਂ ਬਾਅਦ ਹਾਲਾਤ ਗੰਭੀਰ ਹੋਣ ’ਤੇ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਪ੍ਰੰਤੂ ਹਾਲਾਤ ਵਿਗੜਣ ’ਤੇ ਚੰਡੀਗੜ੍ਹ ਪੀਜੀਪਆਈ ਵਿਚ ਲਿਜਾਇਆ ਗਿਆ, ਜਿੱਥੇ ਅੱਜ ਲੋਹੜੀ ਵਾਲੇ ਦਿਨ ਔਰਤ ਨੇ ਬੱਚੀ ਨੂੰ ਜਨਮ ਦਿੱਤਾ ਸੀ। ਇੱਥੇ ਦਸਣਾ ਬਣਦਾ ਹੈ ਕਿ ਪਿਛਲੇ ਇੱਕ ਹਫ਼ਤੇ ਦੇ ਵਿਚ ਹੀ ਸਾਢੇ 24 ਸੋ ਦੇ ਕਰੀਬ ਕਰੋਨਾ ਕੇਸ ਮਿਲ ਚੁੱਕੇ ਹਨ।

ਮਿਤੀ                       ਕੁੱਲ ਨਵੇਂ ਕੇਸ                   ਮੌਤਾਂ
7 ਜਨਵਰੀ                     63                             0
8 ਜਨਵਰੀ                     119                           0
9 ਜਨਵਰੀ                     204                           2
10 ਜਨਵਰੀ                   203                          0
11 ਜਨਵਰੀ                   233                          1
12 ਜਨਵਰੀ                   172                          1
13 ਜਨਵਰੀ                   404                          0
14 ਜਨਵਰੀ                   469                         0
15 ਜਨਵਰੀ                   588                          2

ਬਗਾਵਤ ਦਾ ਡਰ: ਕਾਂਗਰਸ ਨੇ ਕੈਪਟਨ ਹਿਮਾਇਤੀਆਂ ਨੂੰ ਟਿਕਟਾਂ ਨਾਲ ਨਿਵਾਜ਼ਿਆਂ

0

ਡਿਪਟੀ ਸਪੀਕਰ ਅਜਾਇਬ ਭੱਟੀ ਦੀ ਟਿਕਟ ਕੱਟੀ
ਸੁਖਜਿੰਦਰ ਮਾਨ
ਚੰਡੀਗੜ੍ਹ, 15 ਜਨਵਰੀ : ਪੰਜਾਬ ਦੇ ਰਾਹੀਂ ਦੇਸ ’ਚ ਮੁੜ ਅਪਣੀ ਵਾਪਸੀ ਦੇ ਸੁਪਨੇ ਦੇਖ ਰਹੀ ਕਾਂਗਰਸ ਪਾਰਟੀ ਨੇ ਹੁਣ ਬਗਾਵਤ ਦੇ ਡਰੋਂ ਕੈਪਟਨ ਅਮਰਿੰਦਰ ਸਿੰਘ ਦੇ ਹਿਮਾਇਤੀਆਂ ਨੂੰ ਵੀ ਟਿਕਟਾਂ ਨਾਲ ਨਿਵਾਜ਼ਿਆਂ ਹੈ। ਚੱਲ ਰਹੀ ਚਰਚਾ ਮੁਤਾਬਕ ਪਾਰਟੀ ਹਾਈਕਮਾਂਡ ਨੂੰ ਇਸ ਗੱਲ ਦੀ ਚਿੰਤਾ ਸਤਾ ਰਹੀ ਸੀ ਕਿ ਕਾਂਗਰਸ ਦੀ ਬੇੜੀ ਨੂੰ ‘ਡੋਬਣ’ ਲਈ ਪੰਜਾਬ ਨਾਲ ਮਿਲਕੇ ਚੱਲ ਰਹੇ ਸਾਬਕਾ ਮੁੱਖ ਮੰਤਰੀ ਨੇ ਕਾਂਗਰਸ ਦੇ ਬਾਗੀ ਉਮੀਦਵਾਰਾਂ ਉੱਤੇ ਟੇਕ ਰੱਖੀ ਹੋਈ ਹੈ। ਜਿਸਦੇ ਚੱਲਦੇ ਅੱਜ ਪਾਰਟੀ ਵਲੋਂ ਜਾਰੀ 86 ਉਮੀਦਵਾਰਾਂ ਦੀ ਸੂਚੀ ਦਾ ਵਿਸਲੇਸ਼ਣ ਕਰਨ ’ਤੇ ਇਹ ਗਲ ਸਾਹਮਣੇ ਆਉਂਦੀ ਹੈ ਕਿ ਪਾਰਟੀ ਹਾਈਕਮਾਂਡ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦਾ ਖੁੱਲਮਖੁੱਲਾ ਵਿਰੋਧ ਕਰਨ ਵਾਲਿਆਂ ਨੂੰ ਟਿਕਟਾਂ ਦੇ ਕੇ ਖ਼ੁਸ ਕੀਤਾ ਹੈ। ਉਜ ਕੈਪਟਨ ਦੇ ਇੱਕ ਹੋਰ ਨਜਦੀਕੀ ਮੰਨੇ ਜਾਂਦੇ ਮੌਜੂਦਾ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੀ ਮਲੋਟ ਹਲਕੇ ਤੋਂ ਟਿਕਟ ਕੱਟ ਦਿੱਤੀ ਗਈ ਹੈ। ਗੌਰਤਲਬ ਹੈ ਕਿ ਕਰੀਬ ਤਿੰਨ ਮਹੀਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਉਤਾਰਨ ਦੇ ਬਾਅਦ ਪੰਜਾਬ ਸਰਕਾਰ ’ਚ ਕੈਪਟਨ ਹਿਮਾਇਤੀਆਂ ਨੂੰ ਕਲੀਨ ਕਰਨ ਦੀ ਮੁਹਿੰਮ ਚਲਾਈ ਗਈ ਸੀ। ਇਸ ਮੁਹਿੰਮ ਦੀ ਸ਼ੁਰੂਆਤ ਕੈਪਟਨ ਪੱਖੀ ਮੰਨੇ ਜਾਂਦੇ ਪੰਜ ਮੰਤਰੀਆਂ ਨੂੰ ਮੰਤਰੀ ਮੰਡਲ ਵਿਚੋਂ ਬਾਹਰ ਕਰਕੇ ਕੀਤੀ ਸੀ, ਜਿਸਤੋਂ ਬਾਅਦ ਕਈ ਆਗੂਆਂ ਨੂੰ ਵੱਖ ਵੱਖ ਚੇਅਰਮੈਨੀਆਂ ਤੋਂ ਵੀ ਵੱਖ ਕੀਤਾ ਗਿਆ। ਪ੍ਰੰਤੂ ਹੁਣ ਬਦਲੇ ਹੋਏ ਸਿਆਸੀ ਹਾਲਾਤਾਂ ਮੁਤਾਬਕ ਸਮੂਹ ਕੈਪਟਨ ਹਿਮਾਇਤੀ ਰਹੇ ਕਾਂਗਰਸੀ ਆਗੂਆਂ ਨੂੰ ਖ਼ੁਸ ਕਰਨ ਦਾ ਯਤਨ ਕੀਤਾ ਗਿਆ ਹੈ। ਟਿਕਟ ਦੀ ਜਾਰੀ ਸੂਚੀ ਵਿਚ ਸਾਬਕਾ ਮੁੱਖ ਮੰਤਰੀ ਦੇ ਸਭ ਤੋਂ ਨਜਦੀਕੀ ਮੰਨੇ ਜਾਂਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਨੂੰ ਪਾਰਟੀ ਨੇ ਹਲਕਾ ਦਾਖ਼ਾ ਤੋਂ ਟਿਕਟ ਦਿੱਤੀ ਹੈ। ਇਸੇ ਤਰਾਂ ਸਾਧੂ ਸਿੰਘ ਧਰਮਸੋਤ ਨੂੰ ਨਾਭਾ, ਬਲਵੀਰ ਸਿੰਘ ਸਿੱਧੂ ਨੂੰ ਮੋਹਾਲੀ, ਗੁਰਪ੍ਰੀਤ ਸਿੰਘ ਕਾਂਗੜ੍ਹ ਨੂੰ ਫ਼ੂਲ ਤੇ ਹੁਸਿਆਰਪੁਰਤੋਂ ਸੁੰਦਰ ਸ਼ਾਮ ਅਰੋੜਾ ਦੇ ਨਾਮ ਮੁੱਖ ਤੌਰ ’ਤੇ ਸ਼ਾਮਲ ਹਨ। ਇਸੇ ਤਰ੍ਹਾਂ ਕੈਪਟਨ ਦੇ ਖ਼ਾਸਮਖ਼ਾਸ ਰਹੇ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਕਪੂਰਥਲਾ ਤੋਂ ਟਿਕਟ ਮਿਲੀ ਹੈ। ਸੂਬਾਈ ਕਾਂਗਰਸ ਨਾਲ ਸਬੰਧਤ ਇੱਕ ਸੀਨੀਅਰ ਆਗੂ ਨੇ ਇਸ ਘਟਨਾਕ੍ਰਮ ’ਤੇ ਟਿੱਪਣੀ ਕਰਦਿਆਂ ਕਿਹਾ ਕਿ‘‘ ਬਦਲਦੇ ਸਿਆਸੀ ਹਾਲਾਤਾਂ ਮੁਤਾਬਕ ਪਾਰਟੀ ਨੂੰ ਇਕਜੁਟ ਰੱਖਣਾ ਬਹੁਤ ਜਰੂਰੀ ਹੈ ਤੇ ਇਸਦੇ ਲਈ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹ ਸਮਝਦਾਰੀ ਸੀ। ’’

ਬਠਿੰਡਾ ਦੀ ਸਿਆਸਤ ’ਚ 3 ਮੁਕਤਸਰੀਆਂ ਦਾ ਦਬਦਬਾ

0

6 ਹਲਕਿਆਂ ਵਿਚੋਂ ਚਾਰ ਉਮੀਦਵਾਰ ਦੂਜੇ ਜ਼ਿਲ੍ਹਿਆਂ ਨਾਲ ਸਬੰਧਤ
ਸੁਖਜਿੰਦਰ ਮਾਨ
ਬਠਿੰਡਾ, 15 ਜਨਵਰੀ: ਬਠਿੰਡਾ ’ਚ ਕਾਂਗਰਸ ਪਾਰਟੀ ਨੇ ਟਕਸਾਲੀਆਂ ਦਾ ਸਫ਼ਾਇਆ ਕਰਦਿਆਂ ਕੁੱਲ 6 ਵਿਧਾਨ ਸਭਾ ਹਲਕਿਆਂ ਵਿਚੋਂ 4 ਉਮੀਦਵਾਰ ਦੂਜੇ ਜ਼ਿਲ੍ਹਿਆਂ ਨਾਲ ਸਬੰਧਤ ਉਤਾਰ ਦਿੱਤੇ ਹਨ। ਅੱਜ ਪਾਰਟੀ ਵਲੋਂ ਜਾਰੀ ਲਿਸਟ ਦੀ ਪੜਤਾਲ ਕਰਦਿਆਂ ਇਹ ਗੱਲ ਸਾਹਮਣੇ ਆਈ ਹੈ ਕਿ ਬਠਿੰਡਾ ਜ਼ਿਲੇ੍ਹੇ ਦੇ 6 ਵਿਧਾਨ ਸਭਾ ਹਲਕਿਆਂ ਵਿਚੋਂ ਪਾਰਟੀ ਨੇ ਤਿੰਨ ਹਲਕਿਆਂ ਵਿਚੋਂ ਸ਼੍ਰੀ ਮੁਕਤਸਰ ਸਾਹਿਬ ਨਾਲ ਸਬੰਧਤ ਆਗੂਆਂ ਨੂੰ ਟਿਕਟ ਦਿੱਤੀ ਹੈ ਜਦੋਂਕਿ ਇੱਕ ਹਲਕੇ ਤੋਂ ਮਾਨਸਾ ਸਹਿਰ ਦੇ ਵਾਸੀ ਨੂੰ ਟਿਕਟ ਦਿੱਤੀ ਹੈ। ਬਾਹਰਲਿਆਂ ਨੂੰ ਟਿਕਟ ਮਿਲਣ ’ਤੇ ਬਠਿੰਡਾ ਨਾਲ ਸਬੰਧਤ ਕਾਂਗਰਸੀ ਠੱਗੇ ਮਹਿਸੂਸ ਕਰ ਰਹੇ ਹਨ। ਇੱਕ ਕਾਂਗਰਸੀ ਆਗੂ ਨੇ ਨਾਮ ਨਾਂ ਛਾਪਣ ਦੀ ਸਰਤ ’ਤੇ ਦਸਿਆ ਕਿ ‘‘ ਬਠਿੰਡਾ ਜ਼ਿਲ੍ਹੇ ਦੇ ਕਾਂਗਰਸੀਆਂ ਨੂੰ ਪਾਰਟੀ ਖੂੰਜੇ ਲਗਾਉਣ ਲੱਗੀ ਹੋਈ ਹੈ। ’’ ਵਿਸਲੇਸ਼ਣ ਮੁਤਾਬਕ ਬਠਿੰਡਾ ਸ਼ਹਿਰੀ ਹਲਕੇ ਤੋਂ ਪਾਰਟੀ ਦੇ ਮੁੜ ਉਮੀਦਵਾਰ ਬਣਾਏ ਗਏ ਮਨਪ੍ਰੀਤ ਸਿੰਘ ਬਾਦਲ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਦਲ ਦੇ ਰਹਿਣ ਵਾਲੇ ਹਨ। ਹਾਲਾਂਕਿ ਉਨ੍ਹਾਂ ਐਨ ਚੌਣਾਂ ਦੇ ਮੌਕੇ ਬਠਿੰਡਾ ’ਚ ਇੱਕ ਪਲਾਟ ਲੈ ਕੇ ਚਾਰਦੀਵਾਰੀ ਕੀਤੀ ਹੈ ਪ੍ਰੰਤੂ ਉਨ੍ਹਾਂ ਦੀ ਪੱਕੀ ਰਿਹਾਇਸ਼ ਪਿੰਡ ਬਾਦਲ ਵਿਖੇ ਹੀ ਹੈ। ਇਸੇ ਤਰ੍ਹਾਂ ਭੁੱਚੋਂ ਮੰਡੀ ਹਲਕੇ ਤੋਂ ਮੌਜੂਦਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਵੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਕੋਟਭਾਈ ਦੇ ਰਹਿਣ ਵਾਲੇ ਹਨ। ਉਨ੍ਹਾਂ ਦੀ ਪੱਕੀ ਰਿਹਾਇਸ਼ ਵੀ ਪਿੰਡ ਕੋਟਭਾਈ ਵਿਚ ਹੀ ਹੈ। ਉਧਰ ਤਲਵੰਡੀ ਸਾਬੋ ਤੋਂ ਦੂਜੀ ਵਾਰ ਚੋਣ ਲੜਣ ਵਾਲੇ ਖ਼ੁਸਬਾਜ ਸਿੰਘ ਜਟਾਣਾ ਦਾ ਜੱਦੀ ਪਿੰਡ ਪੰਨੀਵਾਲਾ ਵੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਚ ਪੈਂਦਾ ਹੈ। ਉਜ ਉਨ੍ਹਾਂ ਪਿਛਲੇ ਸਮੇਂ ਤੋਂ ਅਪਣੀ ਰਿਹਾਇਸ਼ ਬਠਿੰਡਾ ਸ਼ਹਿਰ ਵਿਚ ਰੱਖੀ ਹੋਈ ਹੈ। ਇਸੇ ਤਰ੍ਹਾਂ ਜੇਕਰ ਗੱਲ ਜ਼ਿਲ੍ਹੇ ਵਿਚ ਪੈਂਦੇ ਵਿਧਾਨ ਸਭਾ ਹਲਕਾ ਮੋੜ ਦੀ ਕੀਤੀ ਜਾਵੇ ਤਾਂ ਇੱਥੋਂ ਵੀ ਕਾਂਗਰਸ ਪਾਰਟੀ ਨੇ ਮਾਨਸਾ ਸ਼ਹਿਰ ਦੀ ਵਸਨੀਕ ਸ਼੍ਰੀ ਮੰਜੂ ਬਾਂਸਲ ਨੂੰ ਟਿਕਟ ਦੇ ਕੇ ਨਿਵਾਜ਼ਿਆ ਹੈ। ਜਿਸਤੋਂ ਬਾਅਦ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਸਿਰਫ਼ ਦੋ ਕਾਂਗਰਸੀਆਂ ਨੂੰ ਹੀ ਟਿਕਟ ਮਿਲੀ ਹੈ, ਜਿੰਨ੍ਹਾਂ ਵਿਚੋਂ ਫ਼ੂਲ ਹਲਕੇ ਤੋਂ ਮੌਜੂਦਾ ਵਿਧਾਇਕ ਤੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ੍ਹ ਅਤੇ ਬਠਿੰਡ ਦਿਹਾਤੀ ਤੋਂ ਹਰਵਿੰਦਰ ਸਿੰਘ ਲਾਡੀ ਸ਼ਾਮਲ ਹਨ।

ਬਾਕਸ
ਮੌਜੂਦਾ ਉਮੀਦਵਾਰਾਂ ਵਿਚੋਂ ਜਿਆਦਾਤਰ ਦਾ ਪਿਛੋਕੜ ਵੀ ਗੈਰ-ਕਾਂਗਰਸੀ
ਬਠਿੰਡਾ: ਜ਼ਿਲ੍ਹੇ ਵਿਚ ਕਾਂਗਰਸ ਪਾਰਟੀ ਵਲੋਂ ਉਤਾਰੇ 6 ਉਮੀਦਵਾਰਾਂ ਵਿਚੋਂ ਜਿਆਦਾਤਰ ਦਾ ਪਿਛੋਕੜ ਵੀ ਗੈਰ-ਕਾਂਗਰਸੀ ਹੈ। ਬਠਿੰਡਾ ਸ਼ਹਿਰੀ ਹਲਕੇ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਕੱਟੜ ਅਕਾਲੀ ਰਹੇ ਹਨ ਤੇ ਉਨ੍ਹਾਂ ਉਪਰ ਗਿੱਦੜਵਹਾ ਹਲਕੇ ਤੋਂ ਵਿਧਾਇਕ ਰਹਿੰਦੇ ਸਮੇਂ ਕਾਂਗਰਸੀਆਂ ਨਾਲ ਧੱਕੇਸ਼ਾਹੀ ਦੇ ਆਰੋਪ ਲੱਗਦੇ ਰਹੇ ਹਨ। ਇਸੇ ਤਰ੍ਹਾਂ ਪ੍ਰੀਤਮ ਸਿੰਘ ਕੋਟਭਾਈ ਨੇ ਵੀ ਅਪਣਾ ਸਿਆਸੀ ਕੈਰੀਅਰ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜਕੇ ਕੀਤਾ ਸੀ। ਹਲਕਾ ਫ਼ੂਲ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ੍ਹ ਵੀ ਲੰਮਾ ਸਮਾਂ ਅਕਾਲੀ ਦਲ ਵਿਚ ਰਹਿਣ ਤੋਂ ਬਾਅਦ ਬਤੌਰ ਅਜਾਦ ਵਿਧਾਇਕ ਜਿੱਤ ਕੇ ਕਾਂਗਰਸ ਵਿਚ ਸ਼ਾਮਲ ਹੋਏ ਸਨ। ਮੋੜ ਤੋਂ ਮੰਜੂ ਬਾਂਸਲ ਦੇ ਪਤੀ ਮੰਗਤ ਰਾਏ ਬਾਂਸਲ ਪਹਿਲਾਂ ਬਸਪਾ ਵਿਚ ਰਹੇ ਹਨ ਤੇ ਇੱਕ ਵਾਰ ਉਹ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਵੀ ਸ਼ਾਮਲ ਹੋ ਗਏ ਸਨ। ਬਠਿੰਡਾ ਦਿਹਾਤੀ ਤੋਂ ਹਰਵਿੰਦਰ ਸਿੰਘ ਲਾਡੀ ਵੀ ਕਾਂਗਰਸ ਛੱਡ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਵਿਚ ਸ਼ਾਮਲ ਹੋਣ ਤੋਂ ਇਲਾਵਾ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਾਲੀ ਪੀਪਲਜ਼ ਪਾਰਟੀ ਵਿਚ ਰਹੇ ਹਨ।

ਇਨਕਲਾਬੀ ਬਦਲ ਦਾ ਪ੍ਰਚਾਰ ਕਰਨ ਲਈ ਲੋਕ ਮੋਰਚਾ ਚਲਾਵੇਗਾ ਜਨਤਕ ਮੁਹਿੰਮ

0

ਸੁਖਜਿੰਦਰ ਮਾਨ
ਬਠਿੰਡਾ, 15 ਜਨਵਰੀ : ਇਨਕਲਾਬੀ ਜਥੇਬੰਦੀ ਲੋਕ ਮੋਰਚਾ ਪੰਜਾਬ ਨੇ ਪੰਜਾਬ ਚੋਣਾਂ ਦੌਰਾਨ ਇਨਕਲਾਬੀ ਬਦਲ ਦਾ ਸੁਨੇਹਾ ਲੈਣ ਦੇਣ ਲਈ ਕਈ ਮਿਹਨਤਕਸ਼ ਤਬਕਿਆਂ ਦੀਆਂ ਜਥੇਬੰਦੀਆਂ ਨਾਲ ਮਿਲ ਕੇ ਵਿਸ਼ਾਲ ਜਨਤਕ ਮੁਹਿੰਮ ਹੱਥ ਲੈਣ ਦਾ ਫੈਸਲਾ ਕੀਤਾ ਹੈ ਜਿਸ ਦੇ ਸੁਨੇਹੇ ਦਾ ਸੰਚਾਰ ਕਰਨ ਲਈ ਕਈ ਉੱਘੀਆਂ ਜਨਤਕ ਸਖਸੀਅਤਾਂ ਵੀ ਸਹਿਯੋਗ ਕਰਨਗੀਆਂ।ਇਸ ਜਨਤਕ ਮੁਹਿੰਮ ਬਾਰੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਨੇ ਦੱਸਿਆ ਕਿ ਅੱਜ ਤਰਕਸ਼ੀਲ ਭਵਨ ਬਰਨਾਲਾ ‘ਚ ਲੋਕ ਮੋਰਚਾ ਪੰਜਾਬ ਵੱਲੋਂ ਸੱਦੀ ਗਈ ਮੀਟਿੰਗ ‘ਚ ਪੰਜਾਬ ਖੇਤ ਮਜਦੂਰ ਯੂਨੀਅਨ, ਨੌਜਵਾਨ ਭਾਰਤ ਸਭਾ ਤੇ ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ ਦੇ ਆਗੂ ਸ਼ਾਮਲ ਹੋਏ। ਇਸ ਤੋਂ ਇਲਾਵਾ ਇਨਕਲਾਬੀ ਜਮਹੂਰੀ ਲਹਿਰ ਦੇ ਵੱਖ ਵੱਖ ਖੇਤਰਾਂ ‘ਚ ਸਰਗਰਮ ਸ਼ਖਸੀਅਤਾਂ ਸ੍ਰੀ ਅਮੋਲਕ ਸਿੰਘ, ਐਨ ਕੇ ਜੀਤ , ਯਸ਼ਪਾਲ, ਗੁਰਦਿਆਲ ਭੰਗਲ, ਵਿਦਿਆਰਥੀ ਆਗੂ ਹੁਸ਼ਿਆਰ ਸਿੰਘ ਤੇ ਕਿਸਾਨ ਆਗੂ ਹਰਦੀਪ ਸਿੰਘ ਟੱਲੇਵਾਲ ਨੇ ਵੀ ਮੁਹਿੰਮ ਦਾ ਅੰਗ ਬਣਨ ਲਈ ਮੀਟਿੰਗ ਵਿੱਚ ਹਿੱਸਾ ਲਿਆ । ਆਗੂਆਂ ਨੇ ਸਾਂਝੇ ਤੌਰ ਤੇ ਕਿਹਾ ਕਿ ਮਹਿੰਮ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਲਈ ਮੀਟਿੰਗਾਂ ਰੈਲੀਆਂ ਜਨਤਕ ਇਕੱਤਰਤਾਵਾਂ ਕੀਤੀਆਂ ਜਾਣਗੀਆਂ ਤੇ ਹੱਥ ਪਰਚਿਆਂ, ਪੋਸਟਰਾਂ ਦੀ ਪ੍ਰਕਾਸ਼ਨਾ ਕੀਤੀ ਜਾਵੇਗੀ। ਇਸ ਮੁਹਿੰਮ ਦੀ ਤਿਆਰੀ ਵਿੱਚ 22 ਜਨਵਰੀ ਨੂੰ ਟੀਚਰਜ਼ ਹੋਮ ਬਠਿੰਡਾ ਵਿਖੇ ਸਰਗਰਮ ਕਾਰਕੁੰਨਾਂ ਦੀ ਸੂਬਾਈ ਇਕੱਤਰਤਾ ਵੀ ਕੀਤੀ ਜਾਵੇਗੀ। ਅੱਜ ਦੀ ਇਸ ਮੀਟਿੰਗ ਵਿੱਚ ਲਛਮਣ ਸਿੰਘ ਸੇਵੇਵਾਲਾ, ਅਸ਼ਵਨੀ ਕੁਮਾਰ, ਹਰਜਿੰਦਰ ਸਿੰਘ, ਸੁਖਵਿੰਦਰ ਸਿੰਘ, ਸ਼ੀਰੀਂ, ਸਤਨਾਮ ਸਿੰਘ ਦੀਵਾਨਾ ਵੀ ਹਾਜਰ ਸਨ।

Our Visitor

1895649