Tuesday, May 5, 2026
Home Blog Page 2655

ਬਠਿੰਡਾ ’ਚਕਰੋਨਾ ਦਾ ਕਹਿਰ ਮੁੜ ਵਧਣ ਲੱਗਿਆ, ਇੱਕ ਦਿਨ ’ਚ 32 ਨਵੇਂ ਕੇਸ ਮਿਲੇ

0

ਸੁਖਜਿੰਦਰ ਮਾਨ
ਬਠਿੰਡਾ, 01 ਜਨਵਰੀ: ਦੁਨੀਆਂ ਭਰ ’ਚ ਫੈਲੇ ਕਰੋਨਾ ਮਹਾਂਮਾਰੀ ਦੇ ਨਵੇਂ ਰੂਪ ’ਓਮੀਕਰੋਨ ’ ਦੇ ਵਧਦੇ ਪ੍ਰਕੋਪ ਤੋਂ ਬਾਅਦ ਜ਼ਿਲੇ ਅੰਦਰ ਮੁੜ ਕਰੋਨਾ ਦੇ ਕੇਸ ਵਧਣ ਲੱਗੇ ਹਨ। ਹਾਲਾਂਕਿ ਪਿਛਲੇ ਸਮੇਂ ਤੋਂ ਕਰੋਨਾ ਮਹਾਂਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ ਰੁਕਣ ਕਾਰਨ ਲੋਕ ਤੇ ਸਰਕਾਰ ਨੂੰ ਵੱਡੀ ਰਾਹਤ ਹੈ ਪ੍ਰੰਤੂ ਕੇਸ ਲਗਾਤਾਰ ਵਧਣ ਲੱਗੇ ਹਨ। ਅੱਜ ਜ਼ਿਲ੍ਹੇ ਵਿਚ ਕਰੋਨਾ ਦੇ 32 ਨਵੇਂ ਕੇਸ ਸਾਹਮਣੇ ਆਏ ਹਨ। ਜਿਸਦੇ ਚੱਲਦੇ ਜ਼ਿਲ੍ਹੇ ਵਿਚ ਕੁੱਲ 73 ਕੇਸ ਐਕਟਿਵ ਹੋ ਗਏ ਹਨ। ਸਰਕਾਰੀ ਅਧਿਕਾਰੀਆਂ ਨੇ ਦਸਿਆ ਕਿ ਹੁਣ ਤੱਕ ਕੁੱਲ 610246 ਵਿਅਕਤੀਆਂ ਦੇ ਕਰੋਨਾ ਸੈਂਪਲ ਲਏ ਜਾ ਚੁੱਕੇ ਹਨ, ਜਿਨਾਂ ਚੋਂ 41890 ਪਾਜੀਟਿਵ ਕੇਸ ਮਿਲੇ ਸਨ ਤੇ ਇੰਨਾਂ ਵਿਚੋਂ40768 ਕਰੋਨਾ ਪ੍ਰਭਾਵਿਤ ਮਰੀਜ਼ ਕਰੋਨਾ ਵਾਇਰਸ ’ਤੇ ਫ਼ਤਿਹ ਹਾਸਲ ਕਰਕੇ ਆਪੋ-ਆਪਣੇ ਘਰ ਵਾਪਸ ਪਰਤ ਗਏ। ਪਰ 1049 ਕਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਨਾਲ ਕੋਈ ਮੌਤ ਨਹੀਂ ਹੋਈ। ਇੱਕ ਕਰੋਨਾ ਪ੍ਰਭਾਵਿਤ ਵਿਅਕਤੀ ਕਰੋਨਾ ਨੂੰ ਮਾਤ ਦੇ ਕੇ ਘਰ ਪਰਤਿਆ। ਜਦੋਂਕਿ18 ਮਰੀਜ਼ ਘਰਾਂ ਵਿਚ ਇਕਾਂਤਵਸ ਹਨ।

ਨਵੇਂ ਸਾਲ ’ਤੇ 1158 ਸਹਾਇਕ ਪ੍ਰੋਫੈਸਰ ਫ਼ਰੰਟ ਨੇ ਫੂਕੇ ਪੰਜਾਬ ਸਰਕਾਰ ਦੇ ਇਸ਼ਤਿਹਾਰ

0

ਸੁਖਜਿੰਦਰ ਮਾਨ
ਬਠਿੰਡਾ, 01 ਜਨਵਰੀ: ਅੱਜ ਸਾਲ 2022 ਦੇ ਪਹਿਲੇ ਦਿਨ ਪੰਜਾਬ ਸਰਕਾਰ ਵਿਰੁਧ ਅਪਣਾ ਸੰਘਰਸ਼ ਵਿੱਢਦਿਆਂ 1158 ਸਹਾਇਕ ਪ੍ਰੋਫੈਸਰ ਫ਼ਰੰਟ ਪੰਜਾਬ ਨੇ ਬਠਿੰਡਾ ’ਚ ਸਰਕਾਰ ਵਲੋਂ ਜਾਰੀ ਭਰਤੀ ਇਸ਼ਤਿਹਾਰਾਂ ਨੂੰ ਫ਼ੂਕ ਕੇ ਰੋਸ ਪ੍ਰਦਸ਼ਨ ਕੀਤਾ। ਫ਼ਰੰਟ ਦੇ ਕੋਰ ਕਮੇਟੀ ਮੇਂਬਰ ਜਸਪ੍ਰੀਤ ਸਿਵੀਆਂ ਨੇ ਦਸਿਆ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੂੰ ਰੁਜਗਾਰ ਦੇਣ ਦੇ ਮਾਮਲੇ ‘ਚ ਲਗਾਤਾਰ ਝੂਠ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਸਹਾਇਕ ਪ੍ਰੋਫੈਸਰ ਦੀ ਭਰਤੀ ਅਦਾਲਤੀ ਪ੍ਰਕਿਰਿਆ ਵਿਚ ਉਲਝੀ ਹੋਈ ਹੈ . ਸਰਕਾਰ ਅਦਾਲਤ ਚ ਪੈਰਵਾਈ ਨਾ ਕਰਕੇ ਇਸ ਭਰਤੀ ਨੂੰ ਲਮਕਾਉਣ ਦੇ ਰਾਹ ਪਈ ਹੋਈ ਹੈ। 50 ਸਰਕਾਰੀ ਕਾਲਜ ਖੋਲਣ ਦਾ ਦਾਅਵਾ ਕਰਨ ਵਾਲੀ ਕਾਂਗਰਸ ਸਰਕਾਰ ਨੇ ਸਿਰਫ 16 ਕਾਲਜ ਖੋਲ੍ਹੇ ਹਨ ਤੇ ਓਹਨਾ ਚੋ ਵੀ ਬਹੁਤੇ ਪਹਿਲਾ ਤੋਂ ਚਲਦੇ ਸਰਕਾਰੀ ਸਕੂਲਾਂ ਦੀਆ ਇਮਾਰਤਾਂ ਵਿਚ ਹੀ ਸ਼ੁਰੂ ਕੀਤੇ ਜਾ ਸਕੇ ਹਨ। ਇਸ ਸਮੇਂ ਫਰੰਟ ਦੇ ਆਗੂ ਅਤੇ ਸਮੂਹ ਟੀਮ ਦੇ ਨਾਲ ਨਾਲ ਵਿਦਿਆਰਥੀ ਵੀ ਮੌਜੂਦ ਸਨ ।

ਨਵੇਂ ਸਾਲ ਦੇ ਪਹਿਲੇ ਦਿਨ ਕਿਸਾਨਾਂ ਨੇ ਘੇਰੀ ਡਿਪਟੀ ਕਮਿਸ਼ਨਰ ਦੀ ਰਿਹਾਇਸ਼

0

12 ਦਿਨਾਂ ਤੋਂ ਨਰਮੇ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਚੱਲ ਰਿਹਾ ਹੈ ਧਰਨਾ
ਸੁਖਜਿੰਦਰ ਮਾਨ
ਬਠਿੰਡਾ, 01 ਜਨਵਰੀ: ਨਰਮੇ ਦੀ ਫਸਲ ਦੇ ਖ਼ਰਾਬੇ ਦਾ ਮੁਆਵਜ਼ਾ ਲੈਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਨੇ ਅੱਜ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦਾ ਘਿਰਾਓ ਕਰ ਲਿਆ। ਪਿਛਲੇ 12 ਦਿਨਾਂ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੀ ਅਗਵਾਈ ਹੇਠ ਸਥਾਨਕ ਮਿੰਨੀ ਸਕੱਤਰੇਤ ਦੇ ਅੱਗੇ ਧਰਨਾ ਲਗਾਈ ਬੈਠੇ ਕਿਸਾਨਾਂ ਨੇ ਬੀਤੇ ਕਲ ਤੋਂ ਸਕੱਤਰੇਤ ਦਾ ਘਿਰਾਓ ਵੀ ਕੀਤਾ ਹੋਇਆ ਹੈ। ਹਾਲਾਂਕਿ ਮਨਿਸਟਰੀਅਲ ਸਟਾਫ਼ ਤੇ ਕਿਸਾਨ ਆਗੂਆਂ ਵਿਚਕਾਰ ਅੱਜ ਬਣੀ ਸਹਿਮਤੀ ਤੋਂ ਬਾਅਦ ਸਕੱਤਰੇਤ ਦੇ ਚਾਰ ਗੇਟਾਂ ਵਿਚੋਂ ਇੱਕ ਨੂੰ ਖੋਲ ਦਿੱਤਾ ਗਿਆ, ਕਿਉਂਕਿ ਹਰ ਸਾਲ ਦੀ ਤਰ੍ਹਾਂ ਮਨਿਸਟਰੀਅਲ ਕਾਮਿਆਂ ਵਲੋਂ ਇੱਥੇ ਸ਼੍ਰੀ ਅਖੰਠ ਪਾਠ ਸਾਹਿਬ ਦੇ ਪ੍ਰਕਾਸ਼ ਕਰਵਾਏ ਜਾਂਦੇ ਹਨ। ਉਧਰ ਪੰਜ ਏਕੜ ਤੱਕ ਹੀ ਇੱਕ ਕਿਸਾਨ ਨੂੰ ਨਰਮੇ ਦੇ ਖਰਾਬੇ ਦਾ ਮੁਆਵਜਾ ਦੇਣ ਦੇ ਨੋਟੀਫਿਕੇਸਨ ਨੂੰ ਰੱਦ ਕਰਵਾਉਣ, ਕਿਸਾਨ ਅੰਦੋਲਨ ਦੌਰਾਨ ਸਹੀਦ ਹੋਏ ਕਿਸਾਨਾਂ ਦੇ ਪ੍ਰਵਾਰਾਂ ਨੂੰ ਨੌਕਰੀਆਂ ਤੇ ਮੁਆਵਜ਼ਾ ਦਿਵਾਉਣ ਤੋਂ ਇਲਾਵਾ ਕਿਸਾਨਾਂ ਵਿਰੁਧ ਦਰਜ਼ ਕੇਸਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਐਸ.ਐਸ.ਪੀ ਤੇ ਤਹਿਸੀਲਦਾਰ ਵਲੋਂ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦਾ ਘਿਰਾਓ ਖ਼ਤਮ ਕਰ ਦਿੱਤਾ, ਪ੍ਰੰਤੂ ਮਿੰਨੀ ਸਕੱਤਰੇਤ ਦੇ ਤਿੰਨ ਗੇਟਾਂ ਅੱਗੇ ਕਿਸਾਨਾਂ ਦਾ ਨਿਰਵਿਘਨ ਧਰਨਾ ਜਾਰੀ ਹੈ।ਕਿਸਾਨ ਆਗੂ ਪ੍ਰਧਾਨ ਮੋਠੂ ਸਿੰਘ ਕੋਟੜਾ , ਬਸੰਤ ਸਿੰਘ ਕੋਠਾਗੁਰੂ ਅਤੇ ਪਰਮਜੀਤ ਕੌਰ ਕੋਟੜਾ ਨੇ ਮੀਟਿੰਗ ਤੋਂ ਬਾਅਦ ਦੱਸਿਆ ਕਿ ਕਿਸਾਨ ਅੰਦੋਲਨਾਂ ਦੌਰਾਨ ਅਤੇ ਪਰਾਲੀ ਸਾੜਨ ਸਬੰਧੀ ਦਰਜ ਕੀਤੇ ਪੁਲਸ ਕੇਸਾਂ ਨੂੰ ਅਧਿਕਾਰੀਆਂ ਨੇ ਰੱਦ ਕਰਨ ਬਾਰੇ ਕਿਹਾ ਹੈ। ਇਸੇ ਤਰ੍ਹਾਂ ਨਰਮੇ ਦਾ ਮੁਆਵਜਾ ਵੰਡਣ ਦਾ ਕੰਮ ਜਾਰੀ ਹੈ ਜਿਸ ਦੀ ਪੂਰੀ ਰਿਪੋਰਟ ਸੋਮਵਾਰ ਤੱਕ ਭੇਜ ਦਿੱਤੀ ਜਾਵੇਗੀ। ਜਿਉੱਦ ਪਿੰਡ ਦੇ ਚੌਂਕੀਦਾਰ ਦੇ ਮੁਆਵਜ਼ੇ ਦੇ ਮਾਮਲੇ ਨੂੰ ਪ੍ਰਸ਼ਾਸਨ ਨੇ ਸੋਮਵਾਰ ਤੱਕ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਕਿਸਾਨ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਪਰਮਜੀਤ ਕੌਰ ਪਿੱਥੋ ਨੇ ਕਿਹਾ ਕਿ ਕਿਸਾਨਾਂ ਵੱਲੋਂ ਕੜਾਕੇ ਦੀ ਠੰਢ ਅਤੇ ਨਵੇਂ ਸਾਲ ਵਿਚ ਵੀ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ, ਜਿਸਨੂੰ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰੱਖਿਆ ਜਾਵੇਗਾ।

ਪੰਜਾਬ ਵਿਧਾਨ ਸਭਾ ਚੋਣਾਂ 2022: ਭਾਰਤੀ ਚੋਣ ਕਮਿਸ਼ਨ ਨੇ ਰਿਟਰਨਿੰਗ ਅਫਸਰਾਂ ਅਤੇ

0

ਸਹਾਇਕ ਰਿਟਰਨਿੰਗ ਅਫਸਰਾਂ ਲਈ ਮੁਲਾਂਕਣ ਪ੍ਰੋਗਰਾਮ ਕਰਵਾਇਆ
ਸੁਖਜਿੰਦਰ ਮਾਨ
ਚੰਡੀਗੜ੍ਹ, 31 ਦਸੰਬਰ: ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ) ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਦਫ਼ਤਰ ਮੁੱਖ ਚੋਣ ਅਧਿਕਾਰੀ, ਪੰਜਾਬ ਨੇ ਅੱਜ ਇੱਥੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ (ਮੈਗਸੀਪਾ) ਵਿਖੇ ਰਿਟਰਨਿੰਗ ਅਫਸਰਾਂ (ਆਰ.ਓਜ਼) ਅਤੇ ਸਹਾਇਕ ਰਿਟਰਨਿੰਗ ਅਫਸਰਾਂ (ਏ.ਆਰ.ਓਜ਼) ਲਈ ਇੱਕ ਮੁਲਾਂਕਣ ਪ੍ਰੋਗਰਾਮ ਕਰਵਾਇਆ।ਇਸ ਪ੍ਰੋਗਰਾਮ ਵਿੱਚ ਸੂਬੇ ਭਰ ਦੇ 111 ਆਰ.ਓਜ਼ ਅਤੇ ਏ.ਆਰ.ਓਜ਼ ਨੇ ਹਿੱਸਾ ਲਿਆ ਅਤੇ ਚੋਣਾਂ ਦੀ ਆਮ ਜਾਣਕਾਰੀ ਦੇ ਆਧਾਰ `ਤੇ ਆਯੋਜਿਤ ਕੀਤੇ ਗਏ ਦੋ ਆਨਲਾਈਨ ਟੈਸਟ ਵੀ ਦਿੱਤੇ।ਇਹ ਟੈਸਟ ਸੈਕਸ਼ਨ ਅਫਸਰ ਯੋਗੇਸ਼ ਸਹਾਰਨ, ਜਿਨ੍ਹਾਂ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਇਨਵਿਜੀਲੇਟਰ ਤਾਇਨਾਤ ਕੀਤਾ ਗਿਆ ਸੀ, ਦੀ ਨਿਗਰਾਨੀ ਹੇਠ ਕਰਵਾਏ ਗਏ। ਇਸ ਪ੍ਰੋਗਰਾਮ ਦੌਰਾਨ ਪੰਜਾਬ ਦੇ ਸੀਈਓ ਡਾ. ਐਸ ਕਰੁਣਾ ਰਾਜੂ, ਵਧੀਕ ਸੀਈਓ ਅਮਨਦੀਪ ਕੌਰ ਅਤੇ ਜੁਆਇੰਟ ਸੀਈਓ ਇੰਦਰਪਾਲ ਸਿੰਘ ਵੀ ਮੌਜੂਦ ਸਨ।ਡਾ. ਰਾਜੂ ਨੇ ਮੁਲਾਂਕਣ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਤੇ ਸਾਰੇ ਆਰ.ਓਜ਼ ਅਤੇ ਏ.ਆਰ.ਓਜ਼ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਕੋਈ ਪ੍ਰੀਖਿਆ ਨਹੀਂ ਸੀ ਬਲਕਿ ਚੋਣ ਕਮਿਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਚੋਣਾਂ ਕਰਵਾਉਣ ਬਾਰੇ ਹੋਰ ਜਾਣਕਾਰੀ ਦੇਣ ਦਾ ਇੱਕ ਉਪਰਾਲਾ ਸੀ।ਉਨ੍ਹਾਂ ਕਿਹਾ ਕਿ ਚੋਣਾਂ ਕਰਵਾਉਣ ਲਈ ਆਰ.ਓਜ਼ ਅਤੇ ਏ.ਆਰ.ਓਜ਼ ਦੀ ਅਹਿਮ ਭੂਮਿਕਾ ਹੁੰਦੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸੁਤੰਤਰ, ਨਿਰਪੱਖ ਅਤੇ ਸੁਰੱਖਿਅਤ ਚੋਣਾਂ ਯਕੀਨੀ ਬਣਾਉਣ ਲਈ ਆਪਣੀ ਡਿਊਟੀ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣ ਲਈ ਕਿਹਾ।ਇਸ ਦੌਰਾਨ, ਡਾ. ਰਾਜੂ ਨੇ ਆਰ.ਓਜ਼ ਅਤੇ ਏ.ਆਰ.ਓਜ਼ ਨੂੰ ਜ਼ਿਲ੍ਹਾ ਚੋਣ ਪ੍ਰਬੰਧਨ ਯੋਜਨਾ ਬਾਰੇ ਵੀ ਜਾਣੂ ਕਰਵਾਇਆ।

ਭਾਜਪਾ ਵੱਲੋਂ ਦਿੱਲੀ ਗੁਰਦੁਆਰਾ ਕਮੇਟੀ ’ਤੇ ਕੰਟਰੋਲ ਕਰਨ ਦਾ ਯਤਨ ਸਿੱਖ ਕੌਮ ਦੇ ਮਾਮਲਿਆਂ ਵਿਚ ਸਿੱਧਾ ਦਖਲ : ਅਕਾਲੀ ਦਲ

0

ਸੁਖਜਿੰਦਰ ਮਾਨ
ਚੰਡੀਗੜ੍ਹ, 31 ਦਸੰਬਰ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਨੇਜਮੈਂਟ ’ਤੇ ਕੰਟਰੋਲ ਕਰਨ ਦੇ ਯਤਨ ਨੁੰ ਸਿੱਖ ਕੌਮ ਦੇ ਧਾਰਮਿਕ ਮਾਮਲਿਆਂ ਵਿਚ ਸਿੱਧਾ ਦਖਲ ਕਰਾਰ ਦਿੱਤਾ ਹੈ।ਇਥੇ ਜਾਰੀ ਕੀਤੇ ਇਕ ਬਿਆਨ ਵਿਚ ਅਕਾਲੀ ਦਲ ਦੇ ਸੀਨੀਅਰ ਆਗੂਆਂ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਰਦਾਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵਜੋਂ ਆਪਣਾ ਅਸਤੀਫਾ ਵਾਪਸ ਲੈਣ ਦਾ ਫੈਸਲਾ ਭਾਜਪਾ ਦੇ ਕਹਿਣ ’ਤੇ ਲਿਆ ਗਿਆ ਹੈ ਤੇ ਭਾਜਪਾ ਹੀ ਧਾਰਮਿਕ ਸੰਸਥਾ ’ਤੇ ਕਾਬਜ਼ ਹੋਣ ਦਾ ਯਤਨ ਕਰ ਰਹੀ ਹੈ।ਸਿਰਸਾ ਵੱਲੋਂ ਅਸਤੀਫਾ ਦੇਣ ਮਗਰੋਂ ਭਾਜਪਾ ਵਿਚ ਸ਼ਾਮਲ ਹੋਣ ਮਗਰੋਂ ਹੁਣ ਫਿਰ ਤੋਂ ਦਿੱਲੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਬਣਨ ਦੀ ਕਾਰਵਾਈ ਨੂੰ ਅਨੈਤਿਕ ਕਰਾਰ ਦਿੰਦਿਆਂ ਸੀਨੀਅਰ ਅਕਾਲੀ ਆਗੂਆਂ ਨੇ ਕਿਹਾ ਕਿ ਸਿੱਖ ਪੰਥ ਇਸਨੁੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗਾ। ਇਹਨਾਂ ਆਗੂਆਂ ਨੇ ਕਿਹਾ ਕਿ ਇਹ ਕਦਮ ਗੈਰ ਕਾਨੂੰਨੀ ਤੇ ਗੈਰ ਸੰਵਿਧਾਨਕ ਹੈ। ਉਹਨਾਂ ਕਿਹਾ ਕਿ ਸਿਰਸਾ ਨੇ ਪਿਛਲੀ ਕਮੇਟੀ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਆਪ ਹੀ ਨਵੀਂ ਕਮੇਟੀ ਦੇ ਗਠਨ ਦਾ ਰਾਹ ਪੱਧਰਾ ਕੀਤਾ ਸੀ। ਉਹਨਾਂ ਕਿਹਾ ਕਿ ਨਵੀਂ ਕਮੇਟੀ ਦਾ ਗਠਨ ਜੋ ਕੁਝ ਮਹੀਨੇ ਪਹਿਲਾਂ ਚੋਣਾਂ ਮੁਕੰਮਲ ਹੋਣ ਤੋਂ ਬਾਅਦ ਪਹਿਲਾਂ ਹੀ ਲਟਕ ਰਿਹਾ ਹੈ। ਉਹਨਾਂ ਕਿਹਾ ਕਿ ਹੁਣ ਨਵੀਂ ਕਮੇਟੀ ਦਾ ਗਠਨ ਹੋਣ ਦੇਣ ਦੀ ਥਾਂ ’ਤੇ ਸਿਰਸਾ ਨੁੰ ਭਾਜਪਾ ਦੀ ਹਮਾਇਤ ਨਾਲ ਦਿੱਲੀ ਗੁਰਦੁਆਰਾ ਕਮੇਟੀ ਸਿਰ ਮੜ੍ਹਿਆ ਜਾ ਰਿਹਾ ਸੀ।ਅਕਾਲੀ ਦਲ ਨੇ ਕਿਹਾ ਕਿ ਭਾਜਪਾ ਦੀਆਂ ਇਹ ਤਰਕੀਬਾਂ ਸਹਾਈ ਨਹੀਂ ਹੋਣਗੀਆਂ। ਉਹਨਾਂ ਕਿਹਾ ਕਿ ਇਸ ਨਾਲ ਉਲਟਾ ਸਿੱਖ ਕੌਮ ਪਾਰਟੀ ਤੋਂ ਟੁੱਟ ਜਾਵੇਗੀ। ਉਹਨਾਂ ਕਿਹਾ ਕਿ ਭਾਜਪਾ ਸਿਰਸਾ ਵਰਗੇ ਬੰਦਿਆਂ ਦੇ ਰਾਹੀਂ ਦਿੱਲੀ ਗੁਰਦੁਆਰਾ ਕਮੇਟੀ ਦੀ ਮੈਨੇਜਮੈਂਟ ’ਤੇ ਕੰਟਰੋਲ ਕਰਨ ਦੇ ਅਜਿਹੇ ਯਤਨ ਤੁਰੰਤ ਬੰਦ ਕਰੇ।

ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਏ.ਆਰ.ਆਈ.ਆਈ.ਏ. ਰੈਂਕਿੰਗਜ 2021 ਵਿੱਚ ਚਮਕੀ

0

ਸੁਖਜਿੰਦਰ ਮਾਨ
ਬਠਿੰਡਾ, 31 ਦਸੰਬਰ: ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੇ 2021 ਲਈ ਇਨੋਵੇਸਨ ਅਚੀਵਮੈਂਟਸ ਦੀ ਅਟਲ ਰੈਂਕਿੰਗ ਦੇ ਬਿਗਨਰ ਬੈਂਡ ਵਿਚ ਭਾਰਤ ਭਰ ਚੋਂ ਚੌਥਾ ਸਥਾਨ ਅਤੇ ਓਵਰਆਲ ਭਾਰਤ ਦੀਆਂ ਸਰਕਾਰੀ ਯੂਨੀਵਰਸਿਟੀਆਂ ਵਿੱਚੋਂ 62ਵਾਂ ਸਥਾਨ ਹਾਸਿਲ ਕਰਕੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। 2021 ਦੌਰਾਨ ਰੈਂਕਿੰਗ ਦੀਆਂ ਵੱਖ-ਵੱਖ ਸ੍ਰੇਣੀਆਂ ਵਿੱਚ ਸਾਰੇ ਰਾਜਾਂ ਦੇ 1,438 ਵਿਦਿਅਕ ਸੰਸਥਾਵਾਂ ਨੇ ਭਾਗ ਲਿਆ। ਜ਼ਿਕਰਯੋਗ ਹੈ ਕਿ ਭਾਰਤ ਦੀਆਂ ਵਿਦਿਅਕ ਸੰਸਥਾਵਾਂ ਵਿੱਚ ਨਵੀਨਤਾਵਾਂ ‘ਤੇ ਜੋਰ ਦੇਣ ਲਈ, ਸਿੱਖਿਆ ਮੰਤਰਾਲੇ ਨੇ 2019 ਵਿੱਚ ਏ.ਆਰ.ਆਈ.ਆਈ.ਏ. ਦੀ ਸੁਰੂਆਤ ਕੀਤੀ ਸੀ। ਇਸ ਮਹੱਤਵਪੂਰਨ ਪ੍ਰਾਪਤੀ ਲਈ ਸਾਰੇ ਹਿੱਸੇਦਾਰਾਂ ਨੂੰ ਵਧਾਈ ਦਿੰਦੇ ਹੋਏ ਵਾਈਸ ਚਾਂਸਲਰ ਪ੍ਰੋ. ਬੂਟਾ ਸਿੰਘ ਸਿੱਧੂ ਨੇ ਕਿਹਾ ਕਿ 6 ਸਾਲਾਂ ਦੇ ਥੋੜ੍ਹੇ ਸਮੇਂ ਵਿੱਚ ਯੂਨੀਵਰਸਿਟੀ ਨੇ ਅਪਣੀ ਵੱਡੀ ਪਹਿਚਾਣ ਬਣਾਈ ਹੈ। ਡਾਇਰੈਕਟਰ ਪ੍ਰੋ. ਆਸੀਸ ਬਾਲਦੀ ਨੇ ਕਿਹਾ ਕਿ ਅਸੀਂ ਇਸ ਸਾਲ ਦੀ ਦਰਜਾਬੰਦੀ ਦੇ ਨਤੀਜੇ ਤੋਂ ਬਹੁਤ ਖੁਸ ਹਾਂ। ਉਹਨਾਂ ਕਿਹਾ ਕਿ ਐਮ.ਆਰ.ਐਸ.ਪੀ.ਟੀ.ਯੂ. ਇੱਕ ਵਿਲੱਖਣ ਯੂਨੀਵਰਸਿਟੀ ਹੈ ਜੋ ਆਪਣੇ ਮੋਢਿਆਂ ‘ਤੇ ਭਵਿੱਖਵਾਦੀ ਨਵੀਨਤਾ ਨੂੰ ਲੈ ਕੇ ਜੰਿਮੇਵਾਰੀਆਂ ਸੰਭਾਲਣ ਲਈ ਤਿਆਰ-ਬਰ-ਤਿਆਰ ਹੈ। ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਗੁਰਿੰਦਰ ਪਾਲ ਸਿੰਘ ਬਰਾੜ ਨੇ ਕਿਹਾ ਕਿ ਰਾਸ਼ਟਰੀ ਪੱਧਰ ਦੀ ਇਹ ਮਾਨਤਾ ਦਰਸਾਉਂਦੀ ਹੈ ਕਿ ਐਮ.ਆਰ.ਐਸ.ਪੀ.ਟੀ.ਯੂ. ਨੂੰ ਇੱਕ ਇਨੋਵੇਸਨ ਸੰਚਾਲਿਤ ਕੈਂਪਸ ਬਣਾਉਣ ਲਈ ਸਹੀ ਦਿਸਾ ਵੱਲ ਯਤਨ ਹੋ ਰਹੇ ਹਨ ।

ਕਿਰਤੀ ਕਿਸਾਨ ਯੂਨੀਅਨ ਨੇ ਵੀ ਵੋਟਾਂ ਤੋਂ ਕੀਤਾ ਕਿਨਾਰਾ

0

ਸੁਖਜਿੰਦਰ ਮਾਨ
ਬਠਿੰਡਾ, 31 ਦਸੰਬਰ: ਕਿਰਤੀ ਕਿਸਾਨ ਯੂਨੀਅਨ ਨੇ ਆਗਾਮੀ ਵਿਧਾਨ ਸਭਾ ਚੋਣਾਂ ’ਚ ਕਿਸੇ ਵੀ ਸਿਆਸੀ ਧਿਰ ਦੀ ਹਿਮਾਇਤ ਨਾ ਕਰਨ ਦਾ ਫੈਸਲਾ ਕੀਤਾ ਹੈ। ਅੱਜ ਇੱਥੇ ਜਾਰੀ ਬਿਆਨ ਵਿਚ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਮਰਜੀਤ ਹਨੀ ਨੇ ਦਸਿਆ ਕਿ ਇਸ ਸਬੰਧ ਵਿਚ ਜਥੇਬੰਦੀ ਦੀ ਹੋਈ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਕਿ ਜਥੇਬੰਦੀ ਖ਼ੁਦ ਵੀ ਚੋਣ ਮੈਦਾਨ ਵਿਚ ਨਹੀਂ ਨਿਤਰੇਗੀ। ਪ੍ਰੰਤੂ ਕਿਸਾਨੀ ਮੁੱਦੇ ਨੂੰ ਲੈ ਕੇ ਸੰਘਰਸ਼ ਜਾਰੀ ਰੱਖਿਆ ਜਾਵੇਗਾ । ਉਨ੍ਹਾਂ ਕਿਹਾ ਕਿ ਜਥੈਬੰਦੀ ਮੰਨਦੀ ਹੈ ਕਿ ਵੋਟ ਪਰਚੀ ਰਾਹੀਂ ਲੋਕਾਂ ਦੇ ਮਸਲੇ ਹੱਲ ਨਹੀਂ ਕੀਤੀ ਜਾ ਸਕੇ ਸਾਰੀਆਂ ਪਾਰਟੀਆਂ ਕਾਰਪੋਰੇਟ ਤੇ ਦੇਸੀ ਸਰਮਾਏਦਾਰਾਂ ਦੇ ਦਬਾਅ ਥੱਲੇ ਕੰਮ ਕਰਦੀਆਂ ਹਨ। ਜਦੋਂਕਿ ਸੰਘਰਸ਼ ਨਾਲ ਲੜਾਈ ਜਿੱਤਣ ਦੀ ਮਿਸਾਲ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਹੈ।

ਮਜਦੂਰ ਯੂਨੀਅਨ ਵੱਲੋਂ ਠੇਕਾ ਮੁਲਾਜਮਾਂ ਦੇ ਸੰਘਰਸ ਦੀ ਡਟਵੀ ਹਮਾਇਤ ਦਾ ਐਲਾਨ

0

ਸਰਕਾਰੀ ਅਦਾਰਿਆਂ ਨੂੰ ਵੇਚਣਾ ਬੰਦ ਕਰੇ ਸਰਕਾਰ — ਨਸਰਾਲੀ
ਸੁਖਜਿੰਦਰ ਮਾਨ
ਬਠਿੰਡਾ, 31 ਦਸੰਬਰ: ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਹੱਕੀ ਮੰਗਾਂ ਲਈ ਸੰਘਰਸ ਕਰਦੇ ਠੇਕਾ ਮੁਲਾਜਮਾਂ ਦੇ ਸੰਘਰਸ ਦੀ ਡਟਵੀ ਹਿਮਾਇਤ ਦਾ ਐਲਾਨ ਕੀਤਾ ਹੈ । ਉਨਾਂ ਕਿਹਾ ਕੇਂਦਰ ਦੀ ਮੋਦੀ ਹਕੂਮਤ ਤੇ ਪੰਜਾਬ ਦੀ ਚੰਨੀ ਸਰਕਾਰ ਨਿੱਜੀਕਰਨ ਦੀ ਨੀਤੀ ਤਹਿਤ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਲੋਕ ਭਲਾਈ ਲਈ ਉਸਾਰੇ ਸਰਕਾਰੀ ਅਦਾਰਿਆਂ ਨੂੰ ਦੇਸੀ-ਵਿਦੇਸ਼ੀ ਕੰਪਨੀਆਂ ਨੂੰ ਵੇਚਕੇ ਕੌਮ ਵਿਰੋਧੀ ਕਾਰਵਾਈ ਕਰ ਹੈ । ਇਨਾਂ ਕੌਮੀ ਅਦਾਰਿਆਂ ਅਤੇ ਆਪਣੇ ਰੁਜਗਾਰ ਦੀ ਰਾਖੀ ਲਈ ਸੰਘਰਸ ਕਰਦੇ ਠੇਕਾ ਮੁਲਾਜਮ ਹਰ ਤਬਕੇ ਦੇ ਲੋਕਾਂ ਦੀ ਹਮਾਇਤ ਦੇ ਹੱਕਦਾਰ ਹਨ। ਸੂਬਾ ਪ੍ਰਧਾਨ ਨੇ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸੰਘਰਸ ਕਰਦੇ ਠੇਕਾ ਮੁਲਾਜਮਾਂ ਦੇ ਘੋਲ ਨੂੰ ਪੁਲਿਸ ਦੇ ਡੰਡੇ ਨਾਲ ਦਬਾਉਣ,ਵਿਰੋਧ ਪ੍ਰਦਰਸ਼ਨ ਵਾਲੀਆਂ ਥਾਵਾਂ ‘ਤੇ ਔਰਤਾਂ ਨੂੰ ਗਿ੍ਰਫਤਾਰ ਕਰਨ ਵਾਲੀ ਨੀਤੀ ਦੀ ਕਰੜੇ ਸ਼ਬਦਾ ਵਿੱਚ ਨਿਖੇਧੀ ਕਰਦਿਆਂ ਪੁਲਿਸ ਤਸੱਦਤ ਨੂੰ ਫੌਰੀ ਬੰਦ ਕਰਨ ਅਤੇ ਮੁਲਾਜਮਾਂ ਦੀਆਂ ਮੰਗਾਂ ਪ੍ਰਵਾਨ ਕਰਨ ਦੀ ਮੰਗ ਕੀਤੀ ਹੈ । ਉਨਾਂ ਕਿਹਾ ਕਿ 2 ਜਨਵਰੀ ਨੂੰ ਖੇਤ ਮਜਦੂਰ ਖੰਨਾ ਵਿੱਚ ਲਾਏ ਜਾ ਰਹੇ ਜਾਮ ਵਿੱਚ ਸਮੂਲੀਅਤ ਕਰਨਗੇ ।

ਖੁਸ਼ਬਾਜ ਜਟਾਣਾ ਨੇ ਕੀਤਾ ਤਲਵੰਡੀ ਸਾਬੋ ਦੇ ਪਿੰਡਾਂ ਦਾ ਦੌਰਾ ਸੁਣੀਆਂ ਸਮੱਸਿਆਵਾਂ

0

ਸੁਖਜਿੰਦਰ ਮਾਨ
ਬਠਿੰਡਾ, 31 ਦਸੰਬਰ: ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਮੁੱਖ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਨੇ ਹਲਕੇ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਦਿਆਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਖੇਡ ਖੇਤਰ ਵਿੱਚ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਆਉਂਦੇ ਸਮੇਂ ਵਿੱਚ ਵੱਖ ਵੱਖ ਪਿੰਡਾਂ ਵਿੱਚ ਨਵੇਂ ਸਟੇਡੀਅਮ ਉਸਾਰੇ ਜਾਣਗੇ, ਜਿਸ ਲਈ ਉਨ੍ਹਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਗ੍ਰਾਂਟ ਮਨਜੂਰ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਹਨ । ਇਸ ਮੌਕੇ ਜਟਾਣਾ ਦਾ ਵੱਖ ਵੱਖ ਪਿੰਡਾਂ ਵਿਚ ਗ੍ਰਾਮ ਪੰਚਾਇਤਾਂ ਅਤੇ ਪਿੰਡ ਵਾਸੀਆਂ ਵਲੋਂ ਗਰਮਜੋਸੀ ਨਾਲ ਸਵਾਗਤ ਕੀਤਾ ਗਿਆ ਤੇ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੇ ਸੰਤੁਸ਼ਟੀ ਜ਼ਾਹਰ ਕਰਦੇ ਹੋਏ ਵਧਾਈ ਦਿੱਤੀ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦੇ ਹੱਥ ਮਜਬੂਤ ਕਰਨ ਤਾਂ ਜੋ ਇਸ ਵਿਕਾਸ ਲਹਿਰ ਨੂੰ ਹਨੇਰੀ ਦਾ ਰੂਪ ਦਿੰਦਿਆਂ ਇਲਾਕੇ ਨੂੰ ਪੰਜਾਬ ਦਾ ਮੋਹਰੀ ਹਲਕਾ ਬਣਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਦੇ ਨਾਲ ਨਿੱਜੀ ਸਕੱਤਰ ਰਣਜੀਤ ਸਿੰਘ ਸੰਧੂ ਸਮੇਤ ਕਾਂਗਰਸ ਦੇ ਆਗੂ ਪਿੰਡਾਂ ਦੇ ਪੰਚ ਸਰਪੰਚ ਵੀ ਹਾਜ਼ਰ ਸਨ ਜਿਨ੍ਹਾਂ ਨੇ ਜਟਾਣਾ ਦਾ ਪਿੰਡਾਂ ਦੇ ਦੌਰੇ ਦੌਰਾਨ ਕਰਵਾਏ ਵਿਕਾਸ ਕਾਰਜਾਂ ਲਈ ਧੰਨਵਾਦ ਕੀਤਾ।

ਪੰਜਾਬ ਦੇ ਵਿਕਾਸ ਲਈ ਭਾਜਪਾ ਦੀ ਸਰਕਾਰ ਜਰੂਰੀ: ਰੁਪਿੰਦਰਜੀਤ ਸਿੰਘ ਸੰਗਤ

0

5 ਜਨਵਰੀ ਨੂੰ ਮੋਦੀ ਦੀ ਰੈਲੀ ’ਚ ਹੁੰਮ-ਹੁੰਮਾ ਕੇ ਪੁੱਜਣ ਦੀ ਅਪੀਲ
ਸੁਖਜਿੰਦਰ ਮਾਨ
ਬਠਿੰਡਾ, 31 ਦਸੰਬਰ: ਪੰਜਾਬ ਦੇ ਵਿਕਾਸ ਤੇ ਤਰੱਕੀ ਲਈ ਭਾਜਪਾ ਦੀ ਸਰਕਾਰ ਜਰੂਰੀ ਹੈ, ਜਿਸਦੇ ਚੱਲਦੇ ਸੂਬੇ ਦੇ ਸਿਆਸੀ ਆਗੂ ਤੇ ਲੋਕ ਵੱਡੀ ਗਿਣਤੀ ਵਿਚ ਭਾਜਪਾ ’ਤੇ ਵਿਸ਼ਵਾਸ ਪ੍ਰਗਟ ਕਰ ਰਹੇ ਹਨ। ਇਹ ਦਾਅਵਾ ਅੱਜ ਇੱਥੇ ਜਾਰੀ ਇੱਕ ਬਿਆਨ ਵਿਚ ਬਠਿੰਡਾ ਦਿਹਾਤੀ ਤੋਂ ਭਾਜਪਾ ਦੇ ਸੀਨੀਅਰ ਆਗੂ ਰੁਪਿੰਦਰਜੀਤ ਸਿੰਘ ਸੰਗਤ ਨੇ ਕੀਤਾ। ਉਨ੍ਹਾਂ ਕਿਹਾ ਕਿ 5 ਜਨਵਰੀ ਨੂੰ ਪੰਜਾਬ ਪੁੱਜ ਰਹੇ ਹਨ, ਜਿਥੇ ਉਹ ਚੋਣ ਵਿਗਲ ਵਜਾਉਂਦਿਆਂ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਨਗੇ। ਉਨ੍ਹਾਂ ਇਸ ਰੈਲੀ ਵਿਚ ਸੂਬੇ ਦੇ ਲੋਕਾਂ ਨੂੰ ਹੁੰਮ-ਹੰੁਮਾ ਕੇ ਪੁੱਜਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਸੂਬੇ ਅੰਦਰ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਸਰਕਾਰ ਨੇ ਸਿੱਖ ਕੌਮ ਦੀ ਭਲਾਈ ਲਈ ਵੀ ਵੱਡੇ ਯਤਨ ਕੀਤੇ ਹਨ, ਜਿਸ ਵਿਚ ਦਹਾਕਿਆਂ ਤੋਂ ਕੀਤੀ ਜਾ ਰਹੀ ਅਰਦਾਸ ਨੂੰ ਪੂਰਾ ਕਰਦਿਆਂ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡਰ ਬਣਾਇਆ ਗਿਆ, ਸਿੱਖਾਂ ਦੀ ਕਾਲੀ ਸੂਚੀ ਖ਼ਤਮ ਕੀਤੀ ਗਈ ਤੇ ਦਿੱਲੀ ਦੇ ਸਿੱਖ ਦੰਗਿਆਂ ਨੂੰ ਮਿਸਾਲੀ ਸਜ਼ਾਵਾਂ ਦਿਵਾਈਆਂ ਗਈਆਂ। ਇਸੇ ਤਰ੍ਹਾਂ ਭਾਜਪਾ ਸਰਕਾਰ ਨੇ ਗਰੀਬਾਂ, ਕਿਸਾਨਾਂ ਤੇ ਵਪਾਰੀਆਂ ਆਦਿ ਹਰ ਵਰਗ ਦੀ ਭਲਾਈ ਲਈ ਵੱਡੀਆਂ ਸਕੀਮਾਂ ਚਲਾਈਆਂ, ਜਿਸਦੇ ਚੱਲਦੇ ਲੋਕ ਅੱਜ ਭਾਜਪਾ ’ਤੇ ਵਿਸਵਾਸ਼ ਕਰ ਰਹੇ ਹਨ।

Our Visitor

1895414