Tuesday, May 5, 2026
Home Blog Page 2654

ਕਿਸਾਨਾਂ ਨੇ ਪਿੰਡ-ਪਿੰਡ ’ਚ ਫ਼ੂਕੇ ਮੋਦੀ ਦੇ ਪੁਤਲੇ

0

ਸੁਖਜਿੰਦਰ ਮਾਨ
ਬਠਿੰਡਾ, 02 ਜਨਵਰੀ: ਆਗਾਮੀ 5 ਜਨਵਰੀ ਨੂੰ ਪੰਜਾਬ ਫੇਰੀ ’ਤੇ ਆ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਦਿਆਂ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵਲੋਂ ਅੱਜ ਪਿੰਡ ਪਿੰਡ ’ਚ ਮੋਦੀ ਦੇ ਪੁਤਲੇ ਫ਼ੂਕੇ ਗਏ। ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨੇ ਜਥੇਬੰਦੀਆਂ ਨਾਲ ਸਮਝੌਤੇ ਦੌਰਾਨ ਮੰਨੀਆਂ ਹੋਈਆਂ ਮੰਗਾਂ ਹਾਲੇ ਤੱਕ ਲਾਗੂ ਨਹੀਂ ਕੀਤੀਆਂ। ਕਿਸਾਨ ਆਗੂ ਦਰਸ਼ਨ ਸਿੰਘ ਮਾਈਸਰਖਾਨਾ, ਪਰਮਜੀਤ ਕੌਰ ਪਿੱਥੋ, ਹਰਪ੍ਰੀਤ ਕੌਰ ਜੇਠੂਕੇ ,ਜਸਪਾਲ ਸਿੰਘ ਕੋਠਾਗੁਰੂ, ਬਲਤੇਜ ਸਿੰਘ ਚੱਕ ਫਤਿਹ ਸਿੰਘ ਵਾਲਾ ,ਗੁਰਪਾਲ ਸਿੰਘ ਦਿਉਣ,ਕੁਲਵੰਤ ਸ਼ਰਮਾ ਅਤੇ ਜਗਦੇਵ ਸਿੰਘ ਜੋਗੇਵਾਲਾ ਨੇ ਕਿਹਾ ਕਿ ਲਖੀਮਪੁਰ ਕਾਂਡ ਦੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕਰਨ ਦੀ ਬਜਾਏ ਉੱਥੋਂ ਦੇ ਕਿਸਾਨਾਂ ਨੂੰ ਹੀ ਧਮਕਾਇਆ ਜਾ ਰਿਹਾ ਹੈ । ਇਸੇ ਤਰ੍ਹਾਂ ਐਮ ਐਸ ਪੀ ਲਾਗੂ ਕਰਨ ਦੇ ਵਾਅਦੇ ’ਤੇ ਚੁੱਪ ਧਾਰੀ ਹੋਈ ਹੈ । ਖੇਤੀ ਕਾਨੂੰਨਾਂ ਖਲਿਾਫ ਮੋਰਚੇ ਦੌਰਾਨ ਸ਼ਹੀਦ ਹੋਏ ਵੱਖ ਵੱਖ ਰਾਜਾਂ ਦੇ ਕਿਸਾਨਾਂ ਨੂੰ ਮੁਆਵਜਾ ਅਤੇ ਵੀ ਨੌਕਰੀ ਨਹੀਂ ਦਿੱਤੀ ਜਾ ਰਹੀ । ਕਿਸਾਨ ਆਗੂਆਂ ਨੇ ਕਿਹਾ ਕਿ ਪੰਜ ਜਨਵਰੀ ਨੂੰ ਜ਼ਿਲ੍ਹਾ ਹੈਡਕੁਆਰਟਰ ’ਤੇ ਨਰਿੰਦਰ ਮੋਦੀ ਦਾ ਵੱਡਾ ਬੁੱਤ ਬਣਾ ਕੇ ਸਾੜਿਆ ਜਾਵੇਗਾ ।

ਡਾ: ਮੇਲਾ ਰਾਮ ਦੀ ਯਾਦ ਵਿੱਚ ਪ੍ਰਵਾਰ ਵਲੋਂ ਸਹਾਰਾ ਸੰਸਥਾ ਨੂੰ 51 ਹਜਾਰ ਰੁਪਏ ਦਾਨ

0

ਸੁਖਜਿੰਦਰ ਮਾਨ
ਬਠਿੰਡਾ, 02 ਜਨਵਰੀ: ਗਰੀਬਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਰਹੇ ਮਰਹੂਮ ਡਾ: ਮੇਲਾ ਰਾਮ ਬਾਂਸਲ ਦੀ ਯਾਦ ‘ਚ ਅੱਜ ਨਵੇਂ ਸਾਲ ਮੌਕੇ ਪ੍ਰਵਾਰ ਵਲੋਂ ਸ਼ਹਿਰ ਦੀ ਉਘੀ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਦੇ ਪ੍ਰਧਾਨ ਵਿਜੇ ਗੋਇਲ ਨੂੰ 51 ਹਜਾਰ ਰੁਪਏ ਦਾਨ ਵਜੋਂ ਦਿੱਤੇ। ਇਸ ਮੌਕੇ ਡਾ ਬਾਂਸਲ ਦੇ ਪੁੱਤਰ ਡਾ: ਭੁਪਿੰਦਰ ਬਾਂਸਲ ਅਤੇ ਪ੍ਰਵਾਰ ਨੇ ਕਿਹਾ ਕਿ ਉਹ ਅਪਣੇ ਪਿਤਾ ਦੇ ਪਾਏ ਪੂਰਨਿਆਂ ’ਤੇ ਚੱਲਦੇ ਰਹਿਣਗੇ। ਦਸਣਾ ਬਣਦਾ ਹੈ ਕਿ ਡਾ ਬਾਂਸਲ ਦੀ ਪਿਛਲੇ ਸਾਲ ਕਰੋਨਾ ਹੋਣ ਕਾਰਨ ਮੌਤ ਹੋ ਗਈ ਸੀ। ਉਹ ਜਿੱਥੇ ਅਪਣੇ ਹਸਪਤਾਲ ਗਰੀਬਾਂ ਦਾ ਮੁਫਤ ਇਲਾਜ ਕਰਦੇ ਸਨ, ਉੱਥੇ ਲੋੜਵੰਦਾਂ ਦੀ ਅਪਣੇ ਵਲੋਂ ਮੱਦਦ ਵੀ ਕਰਦੇ ਸਨ।

ਮਿੱਤਲ ਗਰੁੱਪ ਦੀ ਵੱਡੀ ਪਹਿਲਕਦਮੀ: ਗਰੀਬ ਪ੍ਰਵਾਰਾਂ ਲਈ 51 ਮਕਾਨ ਬਣਾਉਣ ਦਾ ਐਲਾਨ

0

ਅਗਲੇ ਕੁਝ ਮਹੀਨਿਆਂ ’ਚ ਹੀ ਮਕਾਨ ਲੋੜਵੰਦ ਪ੍ਰਵਾਰਾਂ ਨੂੰ ਸੌਪੇਂ ਜਾਣਗੇ-ਐਮ.ਡੀ ਰਾਜਿੰਦਰ ਮਿੱਤਲ
ਸੁਖਜਿੰਦਰ ਮਾਨ
ਬਠਿੰਡਾ, 02 ਜਨਵਰੀ: ਪੰਜਾਬ ਦੇ ਪ੍ਰਸਿੱਧ ਉਦਯੋਗਿਕ ਗਰੁੱਪ ਤੇ ਸਮਾਜ ਸੇਵਾ ਵਿਚ ਹਮੇਸ਼ਾ ਯੋਗਦਾਨ ਪਾਉਣ ਵਾਲੇ ਮਿੱਤਲ ਗਰੁੱਪ ਨੇ ਹੁਣ ਵੱਡੀ ਪਹਿਲਕਦਮੀ ਕਰਦਿਆਂ ਸਥਾਨਕ ਸ਼ਹਿਰ ਦੀ ਉੜੀਆ ਕਾਲੋਨੀ ’ਚ ਰਹਿੰਦੇ 51 ਪਰਿਵਾਰਾਂ ਲਈ ਪੱਕੇ ਮਕਾਨ ਬਣਾ ਕੇ ਦੇਣ ਦਾ ਐਲਾਨ ਕੀਤਾ ਹੈ। ਅੱਜ ਇੰਨ੍ਹਾਂ ਮਕਾਨਾਂ ਦੇ ਨਿਰਮਾਣ ਦੀ ਸ਼ੁਰੂਆਤ ਕਰਦਿਆਂ ਗਰੁੱਪ ਦੇ ਐਮ.ਡੀ ਰਜਿੰਦਰ ਮਿੱਤਲ ਨੇ ਦਸਿਆ ਕਿ ‘‘ ਉਨ੍ਹਾਂ ਦੀ ਮਾਤਾ ਸ੍ਰੀਮਤੀ ਵੇਦ ਕੁਮਾਰੀ ਮਿੱਤਲ ਦਾ ਸੁਪਨਾ ਹੈ ਕਿ ਜਦੋਂ ਉਨ੍ਹਾਂ ਦੇ ਪੋਤੇ ਕੁਸ਼ਲ ਮਿੱਤਲ ਦਾ ਵਿਆਹ ਹੋਵੇ ਤਾਂ ਉਹ ਲੋੜਵੰਦ ਪਰਿਵਾਰਾਂ ਲਈ ਪੱਕੀ ਛੱਤ ਦਾ ਪ੍ਰਬੰਧ ਕਰਨ।’’ ਜਿਸਦੇ ਚੱਲਦੇ ਦਵਾਰਕਾ ਦਾਸ ਮਿੱਤਲ ਚੈਰੀਟੇਬਲ ਟਰੱਸਟ ਦੇ ਅਧੀਨ ਇੰਨ੍ਹਾਂ ਮਕਾਨਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਰ ਮਕਾਨ ’ਤੇ ਤਿੰਨ ਲੱਖ ਰੁਪਏ ਦਾ ਖਰਚਾ ਆਏਗਾ ਅਤੇ ਹਰ ਮਕਾਨ ’ਚ ਦੋ ਕਮਰਿਆਂ ਤੋਂ ਇਲਾਵਾ ਰਸੋਈ ਅਤੇ ਬਾਥਰੂਮ ਵੀ ਬਣਾਕੇ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਕਾਨ ਉਸਾਰੀ ਦਾ ਕੰਮ ਅਗਲੇ ਕੁਝ ਮਹੀਨੇ ‘ਚ ਹੀ ਮੁਕੰਮਲ ਕਰ ਦਿੱਤਾ ਜਾਵੇਗਾ ਤਾਂ ਜੋ ਜਲਦੀ ਨਾਲ ਲੋਕ ਆਪਣੇ ਨਵੇਂ ਪੱਕੇ ਮਕਾਨਾਂ ’ਚ ਆ ਕੇ ਰਹਿ ਸਕਣ। ਸ਼੍ਰੀ ਮਿੱਤਲ ਨੇ ਦਸਿਆ ਕਿ ਆਉਣ ਵਾਲੇ ਸਮੇਂ ’ਚ ਏਮਜ ਹਸਪਤਾਲ ’ਚ ਮਰੀਜਾਂ ਦੇ ਨਾਲ ਆਉਂਦੇ ਵਾਰਸਾਂ ਲਈ ਇਕ ਸੈਲਟਰ ਹੋਮ ਬਣਾਉਣ ਦੀ ਯੋਜਨਾ ਵੀ ਹੈ।
ਇਸ ਮੌਕੇ ਪੁੱਜੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮਿੱਤਲ ਗਰੁੱਪ ਦੀ ਯੋਜਨਾ ਦੀ ਸਲਾਘਾ ਕਰਦਿਆਂ ਕਿਹਾ ਕਿ ਪੰਜਾਬ ਨੂੰ ਅੱਜ ਅਜਿਹੇ ਦੇਸ ਭਗਤਾਂ ਦੀ ਜਰੂਰਤ ਹੈ। ਉਨ੍ਹਾਂ ਇਸ ਸਮੇਂ ਇਕੱਤਰ ਲੋਕਾਂ ਨੂੰ ਮਿੱਤਲ ਪਰਿਵਾਰ ਵੱਲੋਂ ਸਮੇਂ ਸਮੇਂ ’ਤੇ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਸਬੰਧੀ ਵੀ ਜਾਣੂੰ ਕਰਵਾਇਆ। ਇਸ ਮੌਕੇ ਮਿੱਤਲ ਗਰੁੱਪ ਦੇ ਜੁਆਇੰਟ ਐੱਮਡੀ ਕੁਸ਼ਲ ਮਿੱਤਲ , ਮੈਡਮ ਸੁਨੀਤਾ ਮਿੱਤਲ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ , ਨਗਰ ਨਿਗਮ ਦੇ ਮੇਅਰ ਰਮਨ ਗੋਇਲ, ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ, ਡਿਪਟੀ ਮੇਅਰ ਹਰਮੰਦਰ ਸਿੰਘ, ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ, ਪਲੈਨਿੰਗ ਬੋਰਡ ਦੇ ਚੇਅਰਮੈਨ ਰਾਜਨ ਗਰਗ, ਇੰਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਕੇ ਕੇ ਅਗਰਵਾਲ ਅਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਅਰੁਣ ਵਧਾਵਨ ਸਮੇਤ ਸ਼ਹਿਰ ਦੇ ਕੌਂਸਲਰ ਅਤੇ ਹੋਰ ਆਗੂ ਵੀ ਮੌਜੂਦ ਸਨ।

ਪੰਜਾਬ ਕਰੋਨਾ ਦੀ ਤੀਜੀ ਲਹਿਰ ਜਾਂ ਓਮਰੀਕ੍ਰੋਨ ਨਾਲ ਨਜਿੱਠਣ ਲਈ ਪੂਰੀ ਤਰਾਂ ਤਿਆਰ: ਮੁੱਖ ਮੰਤਰੀ ਚੰਨੀ

0

ਕਰੋਨਾ ਦੀ ਪਹਿਲੀ ਅਤੇ ਦੂਜੀ ਲਹਿਰ ਦੌਰਾਨ ਕੇਜਰੀਵਾਲ ਦਾ ਬਹੁ-ਪ੍ਰਚਾਰਿਆ ਸਿਹਤ ਮਾਡਲ ਅਸਫਲ ਰਿਹਾ
ਮੁੱਖ ਮੰਤਰੀ ਵੱਲੋਂ ਹਾਕੀ ਅਤੇ ਫੁੱਟਬਾਲ ਸਟੇਡੀਅਮਾਂ ਲਈ 7 ਆਰਟੀਫੀਸ਼ਲ ਟਰਫ ਵਿਛਾਉਣ ਨੂੰ ਮਨਜ਼ੂਰੀ
ਮੁੱਖ ਮੰਤਰੀ ਚੰਨੀ ਨੇ ਨਵੇਂ ਸਾਲ ਦੇ ਤੋਹਫੇ ਵਜੋਂ ਸਿਟੀ ਸੈਂਟਰ ਸ੍ਰੀ ਚਮਕੌਰ ਸਾਹਿਬ ਕੀਤਾ ਲੋਕ ਅਰਪਣ
ਸ੍ਰੀ ਚਮਕੌਰ ਸਾਹਿਬ ਵਿਖੇ ਆਕਸੀਜਨ ਜਨਰੇਸ਼ਨ ਪਲਾਂਟ ਦਾ ਵੀ ਕੀਤਾ ਉਦਘਾਟਨ
ਸੁਖਜਿੰਦਰ ਮਾਨ
ਚਮਕੌਰ ਸਾਹਿਬ/ਮੋਰਿੰਡਾ, 1 ਜਨਵਰੀ :ਪੰਜਾਬ ਦੇ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਨਵੇਂ ਸਾਲ ਮੌਕੇ ਗੁਰਦੁਆਰਾ ਸ੍ਰੀ ਕਤਲਗੜ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਮੁੱਖ ਮੰਤਰੀ ਨੇ ਸ੍ਰੀ ਚਮਕੌਰ ਸਾਹਿਬ ਦੇ ਲੋਕਾਂ ਨੂੰ ਨਵੇਂ ਸਾਲ ਦਾ ਤੋਹਫਾ ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਸ੍ਰੀ ਚਮਕੌਰ ਸਾਹਿਬ ਵਿਖੇ ਸਿਟੀ ਸੈਂਟਰ ਲੋਕ ਅਰਪਣ ਕੀਤਾ। 5.60 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਸਿਟੀ ਸੈਂਟਰ ਚਾਰ ਏਕੜ ਦੇ ਰਕਬੇ ’ਚ ਫੈਲਿਆ ਹੈ। ਪਹਿਲਾਂ ਇਹ ਜ਼ਮੀਨ ਗੰਦੇ ਪਾਣੀ ਦਾ ਛੱਪੜ ਸੀ ,ਜਿਸਦੀ ਹੁਣ ਨੁਹਾਰ ਬਿਲਕੁਲ ਬਦਲ ਦਿੱਤੀ ਗਈ ਹੈ। ਇਸ ਸਿਟੀ ਸੈਂਟਰ ਵਿੱਚ ਕੈਫੇਟੇਰੀਆ, ਲੜਕੀਆਂ ਲਈ ਜਿਮਨੇਜ਼ੀਅਮ , 2 ਬਹੁਮੰਤਵੀ ਹਾਲ ਅਤੇ ਵਿਸ਼ੇਸ਼ ਤੌਰ ‘ਤੇ ਲੜਕੀਆਂ ਲਈ 2 ਏਕੜ ਦੇ ਖੇਡ ਮੈਦਾਨ ਦਾ ਪ੍ਰਬੰਧ ਹੈ। ਇਸ ਤੋਂ ਇਲਾਵਾ ਇਸ ਸਿਟੀ ਸੈਂਟਰ ਨੂੰ ਲੋਕਾਂ ਦੇ ਜਨਤਕ ਇਕੱਠਾਂ ਲਈ ਵਰਤਿਆ ਜਾ ਸਕੇਗਾ।ਮੁੱਖ ਮੰਤਰੀ ਚੰਨੀ ਨੇ ਸ੍ਰੀ ਚਮਕੌਰ ਸਾਹਿਬ ਦੇ ਸਰਕਾਰੀ ਹਸਪਤਾਲ ਵਿਖੇ 200 ਐਲ.ਪੀ.ਐਮ. ਪੀਸੀਏ ਆਕਸੀਜਨ ਜਨਰੇਸ਼ਨ ਪਲਾਂਟ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਕੋਰੋਨਾ ਦੀ ਤੀਜੀ ਲਹਿਰ ਜਾਂ ਓਮੀਕ੍ਰੋਨ ਦੇ ਖਤਰੇ ਨਾਲ ਨਜਿੱਠਣ ਲਈ ਪੂਰੀ ਤਰਾਂ ਤਿਆਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਦਾ ਦਿੱਲੀ ਹੈਲਥ ਮਾਡਲ ਕੋਰੋਨਾ ਦੀ ਪਹਿਲੀ ਅਤੇ ਦੂਜੀ ਲਹਿਰ ਦੌਰਾਨ ਪੂਰੀ ਤਰਾਂ ਫੇਲ ਹੋ ਗਿਆ ਸੀ, ਜਿਸ ਕਾਰਨ ਹਜਾਰਾਂ ਲੋਕਾਂ ਨੂੰ ਉਸ ਦੌਰਾਨ ਇਲਾਜ ਲਈ ਦਿੱਲੀ ਤੋਂ ਪੰਜਾਬ ਭੱਜਣਾ ਪਿਆ । ਉਨਾਂ ਕਿਹਾ ਕਿ ਹੁਣ ਕੇਜਰੀਵਾਲ ਪੰਜਾਬ ਵਿੱਚ ਦਿੱਲੀ ਸਿਹਤ ਅਤੇ ਸਿੱਖਿਆ ਮਾਡਲਾਂ ਦੇ ਅਜਿਹੇ ਝੂਠੇ ਵਾਅਦੇ ਕਰ ਰਿਹਾ ਹੈ, ਪਰ ਪੰਜਾਬ ਦੇ ਲੋਕ ਉਸਦੇ ਦੇ ਇੰਨਾਂ ਝਾਂਸਿਆਂ ਤੋਂ ਭਲੀਭਾਂਤ ਜਾਣੂ ਹਨ। ਉਨਾਂ ਕਿਹਾ ਕਿ ਜਿਹੜਾ ਵਿਅਕਤੀ ਇੱਕ ਸ਼ਹਿਰ ਵਰਗੇ ਸੂਬੇ ਨੂੰ ਵੀ ਸਹੀ ਢੰਗ ਨਾਲ ਨਹੀਂ ਸੰਭਾਲ ਸਕਿਆ, ਉਹ ਪੰਜਾਬ ਨੂੰ ਕਿਵੇਂ ਸੰਭਾਲੇਗਾ।ਮੁੱਖ ਮੰਤਰੀ ਚੰਨੀ ਨੇ ਸੂਬੇ ਦੇ ਨੌਜਵਾਨਾਂ ਨੂੰ ਖੇਡ ਸੱਭਿਆਚਾਰ ਲਈ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਨਵੇਂ ਸਾਲ ਦਾ ਤੋਹਫਾ ਦਿੰਦਿਆਂ 2 ਹਾਕੀ ਸਟੇਡੀਅਮਾਂ ਤੇ 5 ਫੁੱਟਬਾਲ ਸਟੇਡੀਅਮਾਂ ਲਈ 7 ਆਰਟੀਫੀਸ਼ਲ ਟਰਫ ਵਿਛਾਉਣ ਨੂੰ ਮਨਜ਼ੂਰੀ ਦਿੱਤੀ। ਸਟੇਡੀਅਮਾਂ ਲਈ ਐਸਟ੍ਰੋਟਰਫਾਂ ਦੀ ਇਸ ਸਹੂਲਤ ਦਾ ਸ੍ਰੀ ਚਮਕੌਰ ਸਾਹਿਬ, ਪਿੰਡ ਕਕਰਾਲੀ, ਮਹਿਟੋਤ, ਢੰਗਰਾਲੀ, ਬਹਿਰਾਮਪੁਰ ਜਿਮੀਦਾਰਾ, ਬਲਮਗੜ ਮੰਡਵਾੜਾ ਅਤੇ ਜ਼ਿਲਾ ਮੋਹਾਲੀ ਦੇ ਖਰੜ ਸ਼ਹਿਰ ਨੂੰ ਭਰਪੂਰ ਲਾਭ ਹੋਵੇੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰੋਜੈਕਟ ‘ਤੇ 5. 50 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਸੰਜੇ ਕੁਮਾਰ, ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਵਿਭਾਗ ਦੇ ਡਾਇਰੈਕਟਰ ਕਮਲਪ੍ਰੀਤ ਕੌਰ ਬਰਾੜ ,ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਅਤੇ ਐਸ.ਐਸ.ਪੀ ਵਿਕਾਸ ਐਸ. ਸੋਨੀ ਵੀ ਹਾਜ਼ਰ ਸਨ।

ਕਾਂਗਰਸੀ ਆਗੂ ਲਾਲੀ ਮਜੀਠੀਆ ਸੈਂਕੜੇ ਸਾਥੀਆਂ ਨਾਲ ਹੋਏ ‘ਆਪ’ ‘ਚ ਸ਼ਾਮਲ, ਮਜੀਠਾ ਤੋਂ ਲੜਨਗੇ ਚੋਣ

0

ਬਸਪਾ ਦੇ ਗੁਰਬਖਸ਼ ਸਿੰਘ ਅਤੇ ਸ਼ਵਿੰਦਰ ਸਿੰਘ ਛੱਜਲਵਿੱਡੀ ਨੇ ਵੀ ਚੁੱਕਿਆ ਝਾੜੂ
ਸੁਖਜਿੰਦਰ ਮਾਨ
ਸ੍ਰੀ ਅੰਮ੍ਰਿਤਸਰ, 1 ਜਨਵਰੀ 2022: ਆਮ ਆਦਮੀ ਪਾਰਟੀ (ਆਪ) ਪੰਜਾਬ ਨੂੰ ਨਵੇਂ ਸਾਲ ਦੀ ਆਮਦ ‘ਤੇ ਵੱਡਾ ਹੁਲਾਰਾ ਮਿਲਿਆ, ਜਦੋਂ ਕਾਂਗਰਸ ਦੇ ਵੱਡੇ ਆਗੂ ਅਤੇ ਪਨਗਰੇਨ ਦੇ ਸਾਬਕਾ ਚੇਅਰਮੈਨ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ, ਬਹੁਜਨ ਸਮਾਜ ਪਾਰਟੀ (ਬਸਪਾ) ਦੇ ਦੋ ਸੂਬਾ ਜਨਰਲ ਸਕੱਤਰ ਗੁਰਬਖਸ਼ ਸਿੰਘ ਅਤੇ ਸ਼ਵਿੰਦਰ ਸਿੰਘ ਛੱਜਲਵਿੱਡੀ, ਖਜਾਨ ਸਿੰਘ, ਹਰਭਜਨ ਸਿੰਘ, ਰਾਮ ਸਿੰਘ, ਅੱਖਾਂ ਦੀ ਉਘੀ ਡਾਕਟਰ ਬੀਬਾ ਬਲਜੀਤ ਕੌਰ ਸਮੇਤ ਕਾਂਗਰਸ- ਬਸਪਾ ਦੇ ਸੈਂਕੜੇ ਵਰਕਰ ‘ਆਪ’ ਵਿੱਚ ਸ਼ਾਮਲ ਹੋ ਗਏ। ‘ਆਪ’ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਅਤੇ ਵਿਧਾਇਕਾ ਬੀਬਾ ਬਲਜਿੰਦਰ ਕੌਰ ਨੇ ਇਨਾਂ ਸਾਰੇ ਆਗੂਆਂ ਨੂੰ ਪਾਰਟੀ ‘ਚ ਰਸਮੀ ਤੌਰ ‘ਤੇ ਸ਼ਾਮਲ ਕਰਕੇ ਇਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ।
ਸਿਆਸੀ ਆਗੂਆਂ ਨੂੰ ‘ਆਪ’ ਵਿੱਚ ਸ਼ਾਮਲ ਕਰਨ ਲਈ ਕਰਵਾਏ ਸਾਦੇ, ਪਰ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਪਰਿਵਾਰ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਹਰ ਦਿਨ ਵੱਡੇ ਆਗੂ, ਪੱਤਰਕਾਰ, ਵਕੀਲ, ਕਲਾਕਾਰ, ਡਾਕਟਰ, ਅਤੇ ਅਫ਼ਸਰ ‘ਆਪ’ ਦੇ ਪਰਿਵਾਰ ਦਾ ਹਿੱਸਾ ਬਣ ਰਹੇ ਹਨ। ਇਸੇ ਕੜੀ ਤਹਿਤ ਮਾਝੇ ਦੇ ਸਿਰਕੱਢ ਕਾਂਗਰਸੀ ਆਗੂ ਲਾਲੀ ਮਜੀਠੀਆ ਆਪਣੇ ਸਾਥੀਆਂ ਨਾਲ ‘ਆਪ’ ਦੇ ਪਰਿਵਾਰ ਵਿੱਚ ਸ਼ਾਮਲ ਹੋਏ ਹਨ। ਮਾਨ ਨੇ ਲਾਲੀ ਮਜੀਠੀਆ ਅਤੇ ਉਨਾਂ ਦੇ ਸਾਥੀਆਂ ਦਾ ਰਸਮੀ ਤੌਰ ‘ਤੇ ਪਾਰਟੀ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਲਾਲੀ ਮਜੀਠੀਆ ਨੇ ਗਲਤ ਨੀਤੀਆਂ ਖ਼ਿਲਾਫ਼ ਵੱਡੀ ਲੜਾਈ ਲੜੀ ਹੈ। ਮਜੀਠੀਆ ਦੇ ‘ਆਪ’ ਵਿੱਚ ਸ਼ਾਮਲ ਹੋਣ ‘ਤੇ ਜਿੱਥੇ ਪਾਰਟੀ ਨੂੰ ਮਾਝੇ ਵਿੱਚ ਵੱਡਾ ਹੁਲਾਰਾ ਮਿਲਿਆ ਹੈ, ਉਥੇ ਹੀ ਉਨਾਂ (ਮਜੀਠੀਆ) ਦਾ ਤਜਰਬਾ ਪਾਰਟੀ ਦੇ ਕੰਮ ਆਵੇਗਾ।ਭਗਵੰਤ ਮਾਨ ਨੇ ਦੱਸਿਆ ਕਿ ‘ਆਪ’ ਦੇ ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਸਾਥੀ ਪ੍ਰੋ. ਸਾਧੂ ਸਿੰਘ ਦੀ ਬੇਟੀ ਡਾ. ਬਲਜੀਤ ਕੌਰ ਸਰਕਾਰੀ ਡਾਕਟਰ ਵਜੋਂ ਸੇਵਾਵਾਂ ਦੇ ਰਹੇ ਸਨ। ਡਾ. ਬਲਜੀਤ ਕੌਰ ਨੇ ਸਰਕਾਰੀ ਨੌਕਰੀ ਛੱਡ ਕੇ ਪਾਰਟੀ ‘ਚ ਸ਼ਾਮਲ ਹੋਣ ਦਾ ਵੱਡਾ ਫ਼ੈਸਲਾ ਲਿਆ ਹੈ। ਜਿਸ ‘ਤੇ ਪਾਰਟੀ ਨੂੰ ਮਾਣ ਹੈ। ਉਨਾਂ ਕਿਹਾ ਕਿ ਫ਼ਰੀਦਕੋਟ ਅਤੇ ਸ੍ਰੀ ਮੁਕਤਸਰ ਸਾਹਿਬ ਇਲਾਕੇ ‘ਚ ਬਤੌਰ ਡਾਕਟਰ ਬਲਜੀਤ ਕੌਰ ਦੀ ਇਮਾਨਦਾਰ, ਸਾਫ਼ ਸੁਥਰੀ ਅਤੇ ਸ਼ਾਨਦਾਰ ਛਬੀ ਕਰਕੇ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋਵੇਗੀ।ਇਸ ਮੌਕੇ ਰਾਘਵ ਚੱਢਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੋਈ ਸਮਝੌਤਾਵਾਦੀ ਪਾਰਟੀ ਨਹੀਂ ਹੈ, ਸਗੋਂ ਕਾਂਗਰਸ- ਅਕਾਲੀ ਦਲ ਦੇ ਸਮਝੌਤੇ ਨੂੰ ਤੋੜਨ ਵਾਲੀ ਪਾਰਟੀ ਹੈ। ਰਾਘਵ ਚੱਢਾ ਨੇ ਦਾਅਵਾ ਕੀਤਾ ਕਿ ਲੀਲੀ ਮਜੀਠੀਆ ਵਿਧਾਨ ਸਭਾ ਹਲਕਾ ਮਜੀਠਾ ਤੋਂ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਉਣਗੇ।ਪਨਗਰੇਨ ਦੇ ਸਾਬਕਾ ਚੇਅਰਮੈਨ ਸੁਖਜਿੰਦਰ ਸਿੰਘ ਲਾਲੀ ਮਜੀਠੀਆ ਨੇ ਦੱਸਿਆ ਕਿ ਉਨਾਂ 40 ਸਾਲ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਹੈ, ਪਰ ਹੁਣ ਕਾਂਗਰਸ ਪਾਰਟੀ ਵਿੱਚ ਉਨਾਂ ਦਾ ਸਾਹ ਘੁਟ ਰਿਹਾ ਸੀ। ਉਨਾਂ ਦਾ ਮਜੀਠੀਆ ਹਲਕੇ ਤੋਂ ਬਿਕਰਮ ਸਿੰਘ ਮਜੀਠੀਆ ਨਾਲ ਮੁਕਾਬਲਾ ਹੁੰਦਾ ਰਿਹਾ ਹੈ, ਪਰ ਕਾਂਗਰਸੀ ਅਤੇ ਅਕਾਲੀ ਦਲ ਵਾਲੇ ਮਿਲ ਕੇ ਉਨਾਂ ਨੂੰ ਹਰਾਉਂਦੇ ਰਹੇ ਹਨ। ਪੰਜਾਬ ਵਾਸੀਆਂ ਨੂੰ ਬੇਅਦਬੀ, ਨਸ਼ੇ ਅਤੇ ਮਾਫੀਆ ਰਾਜ ਜਿਹੇ ਮੁੱਦਿਆਂ ‘ਤੇ ਇਨਸਾਫ਼ ਨਹੀਂ ਮਿਲਿਆ। ਭਾਵੇਂ ਹਾਈਕੋਰਟ ਦੇ ਹੁਕਮਾਂ ‘ਤੇ ਬਿਕਰਮ ਸਿੰਘ ਮਜੀਠੀਆ ਖਿਲਾਫ਼ ਪਰਚਾ ਜ਼ਰੂਰ ਦਰਜ ਕੀਤਾ ਗਿਆ, ਪਰ ਗ੍ਰਿਫਤਾਰੀ ਅਜੇ ਤੱਕ ਨਹੀਂ ਕੀਤੀ ਗਈ। ਲਾਲੀ ਮਜੀਠੀਆ ਨੇ ‘ਆਪ’ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਮਜੀਠੀਆ ਹਲਕੇ ਤੋਂ ਡੱਟ ਕੇ ਚੋਣ ਲੜੇਗੀ ਜਾਵੇਗੀ ਅਤੇ ਵਿਰੋਧੀਆਂ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ।

ਪੰਜਾਬ ਸਰਕਾਰ ਨੇ ਉਚੇਰੀ ਸਿੱਖਿਆ ਦੇ ਅਧਿਆਪਕ ਵਰਗ ਨੂੰ 7ਵੇਂ ਯੂ ਜੀ ਸੀ ਤਨਖਾਹ ਸਕੇਲ ਦੇਣ ਤੋਂ ਇਨਕਾਰ ਕਰ ਕੇ ਵੱਡਾ ਧਰੋਹ ਕਮਾਇਆ : ਚਰਨਜੀਤ ਸਿੰਘ ਬਰਾੜ

0

ਸੁਖਜਿੰਦਰ ਮਾਨ
ਚੰਡੀਗੜ੍ਹ , 1 ਜਨਵਰੀ: ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਦੀ ਉੱਚ ਸਿੱਖਿਆ ਪ੍ਰਤੀ ਅਪਣਾਈ ਕੁਰਖ਼ਤ ਪਹੁੰਚ ਤਹਿਤ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਅਧਿਆਪਕ ਵਰਗ ਨੂੰ 7ਵਾਂ ਯੂ.ਜੀ.ਸੀ. ਤਨਖਾਹ ਸਕੇਲ ਦੇਣ ਵਿੱਚ ਕੀਤੀ ਜਾ ਰਹੀ ਆਨਾਕਾਨੀ ਅਤੇ ਪੰਜਾਬ ਦੀ ਉੱਚ ਸਿੱਖਿਆ ਨੂੰ ਯੂ.ਜੀ.ਸੀ. ਤੋਂ ਡੀ-ਲਿੰਕ ਕਰਨ ਦੇ ਯਤਨਾਂ ਦੀ ਕਰੜੀ ਨਿਖੇਧੀ ਕੀਤੀ ਹੈ।ਪਾਰਟੀ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਕਿਹਾ ਹੈ ਕਿ ਪਿਛਲੇ ਇੱਕ ਮਹੀਨੇ ਤੋਂ ਪੰਜਾਬ ਦੀਆਂ ਸਮੂਹ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਅਧਿਆਪਕ ਹੜਤਾਲ ’ਤੇ ਹਨ ਜਿਸ ਦੇ ਸਿੱਟੇ ਵਜੋਂ ਅਧਿਆਪਨ ਕਾਰਜ ਮੁਕੰਮਲ ਰੂਪ ’ਚ ਠੱਪ ਹੋ ਗਿਆ ਹੈ, ਵਿਦਿਆਰਥੀ ਪੜ੍ਹਾਈ ਤੋਂ ਵਾਂਝੇ ਰਹਿ ਰਹੇ ਹਨ ਪਰ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਉਹਨਾਂ ਕਿਹਾ ਕਿ ਅਜਿਹਾ ਕਰ ਕੇ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਤੇ ਆਪਣੀ ਨਾਕਾਮੀ ਸਿੱਧ ਕਰ ਰਹੀ ਹੈ। ਉਹਨਾਂ ਕਿਹਾ ਕਿ ਯੂ.ਜੀ.ਸੀ. ਤੋਂ ਟੁੱਟ ਕੇ ਪੰਜਾਬ ਦਾ ਉੱਚ ਸਿੱਖਿਆ ਢਾਂਚਾ ਤਬਾਹ ਹੋ ਜਾਏਗਾ ਕਿਉਂਕਿ ਇਸ ਨਾਲ ਮੌਜੂਦਾ ਯੂਨੀਵਰਸਿਟੀਆਂ ਅਤੇ ਕਾਲਜ ਆਰਥਕ ਪੱਖੋਂ ਕੰਗਾਲ ਹੋ ਕੇ ਬੰਦ ਹੋ ਜਾਣਗੇ, ਖੋਜ ਕਾਰਜ ਬੰਦ ਹੋਣਗੇ, ਸਿੱਖਿਆ ਦਾ ਮੁਕੰਮਲ ਨਿੱਜੀਕਰਨ ਹੋ ਜਾਣ ਨਾਲ ਉੱਚ ਸਿੱਖਿਆ ਬੇਹੱਦ ਮਹਿੰਗੀ ਹੋ ਜਾਵੇਗੀ ਤੇ ਸਿੱਟੇ ਵਜੋਂ ਕੁਝ ਅਮੀਰ ਤਬਕੇ ਦੇ ਬੱਚਿਆਂ ਤੋਂ ਛੁੱਟ ਮੱਧਵਰਗ ਅਤੇ ਗਰੀਬ ਤਬਕੇ ਦੇ ਬੱਚਿਆਂ ਲਈ ਉੱਚ ਸਿੱਖਿਆ ਪਹੁੰਚ ਤੋਂ ਬਾਹਰ ਹੋ ਜਾਵੇਗੀ ਅਤੇ ਸਮਾਜ ਵਿੱਚ ਅਫ਼ਰਾ ਤਫ਼ਰੀ ਵਧੇਗੀ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਅਜਿਹੀ ਖ਼ਤਰਨਾਕ ਅਤੇ ਤਬਾਹਕੁੰਨ ਖੇਡ ਤੋਂ ਗੁਰੇਜ਼ ਕਰੇ। ਉਹਨਾਂ ਕਿਹਾ ਕਿ ਸਸਤੀ ਸਿੱਖਿਆ ਪ੍ਰਦਾਨ ਕਰਨਾ ਸਰਕਾਰ ਦਾ ਮੁੱਢਲਾ ਫ਼ਰਜ਼ ਹੈ। ਉਹਨਾਂ ਕਿਹਾ ਕਿ ਜਦੋਂ ਮੁਲਕ ਦੇ ਸਾਰੇ ਸੂਬੇ ਯੂ.ਜੀ.ਸੀ. ਸਕੇਲ ਲਾਗੂ ਕਰ ਚੁੱਕੇ ਹਨ ਤਾਂ ਕੇਵਲ ਪੰਜਾਬ ਸਰਕਾਰ ਦੀ ਇਸ ਪ੍ਰਤੀ ਨਾਕਾਮੀ ਸਰਕਾਰ ਦੀ ਕਿਸੇ ਮੰਦ ਭਾਵਨਾ ਵੱਲ ਇਸ਼ਾਰਾ ਕਰਦੀ ਹੈ। ਉਹਨਾਂ ਕਿਹਾ ਕਿ ਜੇ ਕਰ ਸਰਕਾਰ ਨੇ ਤੁਰੰਤ ਸਕੇਲਾਂ ਸਮੇਤ ਅਧਿਆਪਕਾਂ ਦੀਆਂ ਸਾਰੀਆਂ ਮੰਗਾਂ ਨਾ ਮੰਨੀਆਂ ਤਾਂ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਸਰਕਾਰ ਆਉਣ ’ਤੇ ਕੈਬਨਿਟ ਮੀਟਿੰਗ ਵਿੱਚ ਇਹ ਸਾਰੀਆਂ ਮੰਗਾਂ ਪ੍ਰਵਾਨ ਕੀਤੀਆਂ ਜਾਣਗੀਆਂ।

ਮੁੱਖ ਮੰਤਰੀ ਮਨੋਹਰ ਲਾਲ ਨੇ ਕੁਦਰਤੀ ਖੇਤੀ ਨੂੰ ਸਮੇਂ ਦੀ ਲੋਂੜ ਦੱਸਿਆ

0

ਸੁਖਜਿੰਦਰ ਮਾਨ
ਚੰਡੀਗੜ੍ਹ 1 ਜਨਵਰੀ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਕੁਦਰਤੀ ਖੇਤੀ ਹੋਲੀ-ਹੋਲੀ ਸਮੇਂ ਦੀ ਲੋਂੜ ਬਣਦੀ ਜਾ ਰਹੀ ਹੈ। ਇਸ ਪ੍ਰਣਾਲੀ ਨਾਲ ਘੱਟ ਖੇਤੀਬਾੜੀ ਆਦਾਨ ਦੇ ਨਾਲ ਕਿਸਾਨ ਜੈਵਿਕ ਪੈਦਾਵਾਰ ਵੱਧਾ ਸਕਦਾ ਹੈ ਅਤੇ ਆਪਣੀ ਆਮਦਨ ਵਿਚ ਵੀ ਵਾਧਾ ਕਰ ਸਕਦੇ ਹਨ। ਮੁੱਖ ਮੰਤਰੀ ਨੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਜਨਰਲ ਹਰਦੀਪ ਕੁਮਾਰ ਨੂੰ ਆਦੇਸ਼ ਦਿੱਤੇ ਕਿ ਸੂਬੇ ਵਿਚ ਕੁਦਰਤੀ ਖੇਤੀ ਨੂੰ ਪ੍ਰੋਤਸਾਹਨ ਦੇਣ ਲਈ ਕਿਸੇ ਵਿਸ਼ੇਸ਼ ਖੇਤਰ ਦੀ ਚੋਣ ਕਰਨ ਅਤੇ ਇਸ ‘ਤੇ ਛੇਤੀ ਹੀ ਇਕ ਵਰਕਸ਼ਾਪ ਦਾ ਆਯੋਜਨ ਕਰਵਾਇਆ ਜਾਵੇ ਤਾਂ ਜੋ ਕਿਸਾਨਾਂ ਨੂੰ ਕੁਦਰਤੀ ਖੇਤੀ ਦੇ ਫਾਦਿਆਂ ਬਾਰੇ ਜਾਣਕਾਰੀ ਦਿੱਤੀ ਜਾ ਸਕੇ। ਮੁੱਖ ਮੰਤਰੀ ਅੱਜ ਚੰਡੀਗੜ੍ਹ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ 10 ਕਰੋੜ ਤੋਂ ਵੱਧ ਕਿਸਾਨ ਪਰਿਵਾਰਾਂ ਨੂੰ 20,000 ਕਰੋੜ ਤੋਂ ਵੱਧ ਦੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 10ਵੀਂ ਕਿਸ਼ਤ ਕਿਸਾਨਾਂ ਦੇ ਖਾਤੇ ਵਿਚ ਸਿੱਧਾ ਟਰਾਂਸਫਰ ਕੀਤੇ ਜਾਣ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਗਏ ਦੇਸ਼ ਦੇ ਨਾਂਅ ਸੰਬੋਧਨ ਨਾਲ ਜੁੜੇ।ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿਚ ਕੁਦਰਤੀ ਖੇਤੀ, ਜੈਵਿਕ ਖੇਤੀ, ਕਿਸਾਨ ਉਤਪਾਦਨ ਸਮੂਹ, ਆਤਮਨਿਰਭਰ ਕਿਸਾਨ, ਜੈਵਿਕ ਖਾਦ ਦੀ ਉਤਪਾਦਕਤਾ ਅਤੇ ਸਿਹਤਮੰਤਰੀ ਧਰਤੀ ‘ਤੇ ਵੱਧ ਦੇਣ ਲਈ ਕਿਹਾ।ਮੁੱਖ ਮੰਤਰੀ ਮਨੋਹਰ ਲਾਲ ਨੇ ਪ੍ਰਧਾਨ ਮੰਤਰੀ ਦੇ ਸਬੰਧਨ ਤੋਂ ਪ੍ਰੇਰਿਤ ਹੋ ਕੇ ਹਰਦੀਪ ਸਿਘ ਨੂੰ ਇਹ ਆਦੇਸ਼ ਦਿੱਤੇ ਅਤੇ ਕਿਹਾ ਕਿ ਗੁਜਰਾਤ ਦੇ ਰਾਜਪਾਲ ਆਚਾਰਿਆ ਦੇਵਵਰਤ ਕੁਦਰਤੀ ਖੇਤੀ ਤੇ ਜੀਰੋ ਬਜਟ ਖੇਤੀ ‘ਤੇ ਪਹਿਲਾਂ ਤੋਂ ਹੀ ਕੰਮ ਕਰਦੇ ਆ ਰਹੇ ਹਨ। ਪ੍ਰਧਾਨ ਮੰਤਰ ਨਾਲ ਵੀਡਿਓ ਕਾਨਫਰੈਂਸਿੰਗ ਵਿਚ ਹਰਿਆਣਾ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਰਾਜਸਥਾਨ, ਗੁਜਰਾਤ, ਕਰਨਾਟਕ ਤੇ ਤ੍ਰਿਪੁਰਾ ਦੇ ਮੁੱਖ ਮੰਤਰੀ ਤੋਂ ਇਲਾਵਾ ਖੇਤੀਬਾੜੀ ਭਵਨ, ਨਵੀਂ ਦਿੱਲੀ ਤੋਂ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਤੋਂ ਇਲਾਵਾ ਅਤੇ ਕੋਈ ਸੂਬਿਆਂ ਦੇ ਕਿਸਾਨ ਉਤਪਾਦਨ ਸਮੂਹ ਦੇ ਨੁਮਾਇੰਦੇ ਵੀ ਜੁੜੇ ਅਤੇ ਉਨ੍ਹਾਂ ਨੇ ਆਪਣੇ ਤਜੁਰਬੇ ਸਾਂਝੇ ਕੀਤੇ ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀ.ਐਸ.ਢੇਸੀ, ਡਿਪਟੀ ਪ੍ਰਧਾਨ ਸਕੱਤਰ ਆਸ਼ੀਮਾ ਬਰਾੜ, ਸਰੋਤ ਸਿਰਜਣ ਸੈਲ ਇੰਚਾਰਜ ਯੋਗੇਂਦਰ ਚੌਧਰੀ ਵੀ ਹਾਜਿਰ ਸਨ।

ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੇ ਬਰਬਾਦ ਕੀਤਾ ਵਪਾਰ : ਰੁਪਿੰਦਰਜੀਤ ਸਿੰਘ

0

ਸੁਖਜਿੰਦਰ ਮਾਨ
ਬਠਿੰਡਾ, 1 ਜਨਵਰੀ: ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੇ ਸੂਬੇ ਦਾ ਵਪਾਰ ਖਤਮ ਕਰਕੇ ਰੱਖ ਦਿੱਤਾ, ਵਪਾਰੀਆਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ, ਚੋਣਾਂ ਵੇਲੇ ਕੀਤੇ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ, ਜਿਸ ਕਰਕੇ ਅੱਜ ਸੂਬੇ ਦੀ ਅਮਨ ਕਾਨੂੰਨ ਦੀ ਸਥਿਤੀ ਵੀ ਖ਼ਰਾਬ ਹੈ, ਇਸ ਲਈ ਪੰਜਾਬ ਨੂੰ ਬਚਾਉਣ ਲਈ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਜਰੂਰੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਭਾਜਪਾ ਆਗੂ ਇੰਜਨੀਅਰ ਰੁਪਿੰਦਰਜੀਤ ਸਿੰਘ ਨੇ ਅੱਜ ਸੰਗਤ ਮੰਡੀ ਵਿੱਚ ਵਪਾਰੀਆਂ ਨਾਲ ਮੁਲਾਕਾਤ ਕਰਨ, ਸਮੱਸਿਆਵਾਂ ਸੁਣਨ ਅਤੇ ਨਵੇਂ ਸਾਲ ਦੀ ਵਧਾਈ ਦੇਣ ਉਪਰੰਤ ਕੀਤਾ। ਉਨ੍ਹਾਂ ਕਿਹਾ ਕਿ ਵਪਾਰ ਨੂੰ ਹੁਲਾਰਾ ਦੇਣ ਲਈ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੰਜਾਬ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਗਈ ਪਰ ਪੰਜਾਬ ਸਰਕਾਰ ਵੱਲੋਂ ਠੋਸ ਕਦਮ ਨਾ ਉਠਾਏ ਜਾਣ ਕਰਕੇ ਅੱਜ ਵਪਾਰੀਆਂ ਦੀ ਹਾਲਤ ਤਰਸਯੋਗ ਹੈ । ਉਨ੍ਹਾਂ ਵਪਾਰੀਆਂ ਨੂੰ ਸੱਦਾ ਦਿੱਤਾ ਕਿ 5 ਜਨਵਰੀ ਨੂੰ ਪੰਜਾਬ ਦੌਰੇ ਤੇ ਆ ਰਹੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਨਿੱਘਾ ਸਵਾਗਤ ਕਰਨ ਲਈ ਫਿਰੋਜਪੁਰ ਹੁੰਮ ਹੁਮਾ ਕੇ ਪਹੁੰਚਣ ਅਤੇ “ਨਵਾਂ ਪੰਜਾਬ ਭਾਜਪਾ ਦੇ ਨਾਲ“ ਮੁਹਿੰਮ ਨੂੰ ਹੁਲਾਰਾ ਦੇਣ ਤਾਂ ਜੋ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਬਣਾ ਕੇ ਸੂਬੇ ਦਾ ਚੌਹਮੁਖੀ ਵਿਕਾਸ ਕਰਵਾਇਆ ਜਾ ਸਕੇ ।

ਵਿਧਾਇਕ ਬਣਨ ਦਾ ਚਾਅ: ਮੋੜ ਹਲਕੇ ’ਚ ਇੱਕ ਅਨਾਰ ਸੋ ਬੀਮਾਰ

0

ਮੌਜੂਦ ਵਿਧਾਇਕ ਤੇ ਹਲਕਾ ਇੰਚਾਰਜ਼ ਸਹਿਤ 28 ਨੇ ਮੰਗੀ ਟਿਕਟ
ਸੁਖਜਿੰਦਰ ਮਾਨ
ਬਠਿੰਡਾ, 01 ਜਨਵਰੀ: ਹਰ ਵਾਰ ਉਮੀਦਵਾਰ ਬਦਲਣ ਕਾਰਨ ਚਰਚਾ ਵਿਚ ਰਹਿਣ ਵਾਲੇ ਹਲਕਾ ਮੋੜ ’ਚ ਮੁੜ ਆਗਾਮੀ ਵਿਧਾਨ ਸਭਾ ਚੋਣਾਂ ’ਚ ਵਿਧਾਇਕ ਬਣਨ ਵਾਲਿਆਂ ਦੀ ਲੰਮੀ ਲਾਈਨ ਲੱਗਦੀ ਜਾ ਰਹੀ ਹੈ। ਬਠਿੰਡਾ ਲੋਕ ਸਭਾ ਹਲਕੇ ਅਧੀਨ ਆਉਂਦਾ ਮੋੜ ਵਿਧਾਨ ਸਭਾ ਹਲਕਾ ਇਕੱਲਾ ਅਜਿਹਾ ਹਲਕਾ ਹੈ, ਜਿੱਥੇ ਕਾਂਗਰਸ ਪਾਰਟੀ ਤੋਂ 28 ਵਿਅਕਤੀਆਂ ਨੇ ਟਿਕਟ ਦੀ ਮੰਗ ਕੀਤੀ ਹੈ। ਇੰਨ੍ਹਾਂ ਵਿਚ ਆਪ ਨੂੰ ਛੱਡ ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਮੌਜੂਦਾ ਵਿਧਾਇਕ ਜਗਦੇਵ ਸਿੰਘ ਕਮਾਲੂ ਤੋਂ ਇਲਾਵਾ ਹਲਕਾ ਇੰਚਾਰਜ਼ ਵਜੋਂ ਵਿਚਰ ਰਹੇ ਡਾ ਮੰਜੂ ਬਾਂਸਲ, , ਭੁਪਿੰਦਰ ਸਿੰਘ ਗੋਰਾ ਤੋਂ ਇਲਾਵਾ ਤਾਜ਼ੀ-ਤਾਜੀ ਜ਼ਿਲ੍ਹਾ ਪ੍ਰਧਾਨਗੀ ਛੱਡਣ ਵਾਲੇ ਅਵਤਾਰ ਸਿੰਘ ਗੋਨਿਆਣਾ ਵੀ ਟਿਕਟ ਦੇ ਦਾਅਵੇਦਾਰਾਂ ਦੀ ਦੋੜ ਵਿਚ ਪ੍ਰਮੁੱਖ ਹਨ। ਇਸੇ ਤਰ੍ਹਾਂ ਲੰਮੇ ਸਮੇਂ ਬਾਅਦ ਬਠਿੰਡਾ ਪੱਟੀ ’ਚ ਆਉਣ ਵਾਲੀ ਬੀਬੀ ਪਰਮਜੀਤ ਕੌਰ ਪੀਰਜਾਦਾ ਵੀ ਦੋੜ ਵਿਚ ਸ਼ਾਮਲ ਹੋ ਗਈ ਹੈ। ਜਦਂੋਂਕਿ ਰਾਮਪੁਰਾ ਫ਼ੂਲ ਤੋਂ ਵਿਧਾਇਕ ਰਹੇ ਮਹਰੂਮ ਮੰਤਰੀ ਹਰਬੰਸ ਸਿੰਘ ਸਿੱਧੂ ਦੇ ਦੋਨੋਂ ਪੁੱਤਰਾਂ ਨੇ ਵੀ ਟਿਕਟ ਦੀ ਮੰਗ ਕੀਤੀ ਹੈ। ਹਾਲਾਂਕਿ ਉਨ੍ਹਾਂ ਨੇ ਰਾਮਪੁਰਾ ਫ਼ੂਲ ’ਤੇ ਵੀ ਅਪਣੀ ਦਾਅਦੇਵਾਰੀ ਛੱਡੀ ਨਹੀਂ ਹੈ। ਕਾਂਗਰਸ ਪਾਰਟੀ ਦੇ ਉਚ ਸੂਤਰਾਂ ਮੁਤਾਬਕ ਬੇਸੱਕ ਇਸ ਹਲਕੇ ਵਿਚੋਂ ਟਿਕਟ ਦੀ ਮੰਗ ਕਰਨ ਵਾਲਿਆਂ ਦੀ ਕਤਾਰ ਕਾਫ਼ੀ ਲੰਮੀ ਹੈ ਪ੍ਰੰਤੂ ਟਿਕਟ ਦੇ ਗੰਭੀਰ ਦਾਅਵੇਦਾਰਾਂ ਵਿਚ ਮੰਜੂ ਬਾਂਸਲ, ਜਗਦੇਵ ਕਮਾਲੂ , ਭੁਪਿੰਦਰ ਗੋਰਾ, ਅਵਤਾਰ ਸਿੰਘ ਗੋਨਿਆਣਾ ਦਾ ਨਾਮ ਹੀ ਚੱਲਦਾ ਹੈ। ਇਸੇ ਤਰ੍ਹਾਂ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਨਾਲ ਵਿਚਰਨ ਵਾਲੇ ਨੌਜਵਾਨ ਆਗੂ ਤੇ ਜੱਟ ਮਹਾਂ ਸਭਾ ਦੇ ਜ਼ਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਸਿੱਪੀ ਭਾਕਰ, ਐਡਵੋਕੇਟ ਜਗਦੇਵ ਸਿੰਘ, ਅੰਮਿ੍ਰਤ ਕੌਰ ਗਿੱਲ, ਸਿਮਰਤ ਕੌਰ ਧਾਲੀਵਾਲ, ਪ੍ਰਮਾਤਮਾ ਸਿੰਘ, ਨਵਜੋਤ ਸਿੰਘ ਸੰਧੂ, ਮਨਿੰਦਰ ਸਿੰਘ ਸੇਖੋ, ਗੁਰਪਿਆਰ ਸਿੰਘ, ਅਮਰਧੀਰ ਸਿੰਘ, ਅਮਰਬੀਰ ਸਿੰਘ ਆਦਿ ਨੇ ਵੀ ਟਿਕਟ ਲਈ ਅਪਲਾਈ ਕੀਤਾ ਹੈ। ਪਾਰਟੀ ਦੇ ਉਚ ਸੂਤਰਾਂ ਮੁਤਾਬਕ ਦਾਅਵੇਦਾਰ ਬੇਸ਼ੱਕ ਕਿੰਨੇ ਵੀ ਹੋਣ ਪ੍ਰੰਤੂ ਟਿਕਟ ਮਿਲਣ ਦੀ ਸੰਭਾਵਨਾ ਮੰਜੂ ਬਾਂਸਲ ਨੂੰ ਹੀ ਹੈ।
ਰਾਮਪੁਰਾ ਫ਼ੂਲ ’ਚ 9 ਜਣੇ ਟਿਕਟ ਦੇ ਬਣੇ ਦਾਅਵੇਦਾਰ
ਬਠਿੰਡਾ: ਉਧਰ ਸੂਬੇ ਦੇ ਚਰਚਿਤ ਵਿਧਾਨ ਸਭਾ ਹਲਕਾ ਰਾਮਪੁਰਾ ਫ਼ੂਲ ’ਚ ਵੀ ਇਸ ਵਾਰ 9 ਉਮੀਦਵਾਰਾਂ ਨੇ ਟਿਕਟ ਦੀ ਮੰਗ ਕੀਤੀ ਹੈ। ਹਾਲਾਂਕਿ ਇਸ ਹਲਕੇ ਦੀ ਟਿਕਟ ਮੌਜੂਦਾ ਵਿਧਾਇਕ ਤੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ੍ਹ ਦੀ ਪੱਕੀ ਮੰਨੀ ਜਾਂਦੀ ਹੈ। ਪ੍ਰੰਤੂ ਇੱਥੋਂ ਅਮਰਧੀਰ ਸਿੰਘ, ਮਨਜੀਤ ਸਿੰਘ, ਚਮਕੌਰ ਸਿੰਘ, ਹਰਪ੍ਰੀਤ ਸਿੰਘ, ਕਮਲਜੀਤ ਸਿੰਘ, ਪਰਮਜੀਤ ਆਦਿ ਨੇ ਵੀ ਟਿਕਟ ਦੀ ਦਾਅਵੇਦਾਰੀ ਜਤਾਈ ਹੈ।

ਭਾਜਪਾ ਆਗੂ ਨੇ ਫ਼ੌਜੀ ਛਾਉਣੀ ਤੋਂ ਗੈਰ-ਉਸਾਰੀ ਦੀ ਸੀਮਾ ਵਿੱਚ ਰਾਹਤ ਦੇਣ ਲਈ ਲਿਖਿਆ ਮੋਦੀ ਨੂੰ ਪੱਤਰ

0

ਸੁਖਜਿੰਦਰ ਮਾਨ
ਬਠਿੰਡਾ, 29 ਦਸੰਬਰ: ਪਿਛਲੇ ਕਈ ਦਹਾਕਿਆਂ ਤੋਂ ਫ਼ੌਜੀ ਛਾਉਣੀ ਦੇ ਨਾਲ ਲੱਗਦੇ ਖੇਤਰਾਂ ’ਚ ਰਿਹਾਇਸ਼ੀ ਤੇ ਵਪਾਰਕ ਇਮਾਰਤਾਂ ਦੀ ਉਸਾਰੀ ’ਤੇ ਲਗਾਈ ਰੋਕ ਦੀ ਸੀਮਾ ਵਿਚ ਰਾਹਤ ਦੇਣ ਲਈ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ। ਪਾਰਟੀ ਦੇ ਸੂਬਾਈ ਬੁਲਾਰੇ ਤੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਅਡਵੋਕੇਟ ਅਸ਼ੋਕ ਭਾਰਤੀ ਨੇ ਇੱਥੇ ਦਸਿਆ ਕਿ ਨਿਯਮਾਂ ਮੁਤਾਬਕ ਫੌਜੀ ਛਾਉਣੀ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਉਸਾਰੀ ਲਈ ਤੈਅ 1200 ਗਜ ਦੀ ਸ਼ਰਤ ਲੱਗੀ ਹੋਣ ਕਾਰਨ ਉਸਾਰੀਆਂ ਲਈ ਵੱਡੀਆਂ ਦਿੱਕਤਾਂ ਆ ਰਹੀਆਂ ਹਨ। ਉਨ੍ਹਾਂ ਦਸਿਆ ਕਿ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਵਿੱਚ ਮੰਗ ਕੀਤੀ ਗਈ ਹੈ ਕਿ ਮਾਨਸਾ ਰੋਡ ਦੀ ਹੱਦ ਛਾਉਣੀ ਅੰਦਰ ਬਣੇ ਅਸਲਾ ਭੰਡਾਰ ਦੇ ਨਾਲ ਲੱਗਦੀ ਹੈ। ਜਿਸਦੇ ਚੱਲਦੇ ਇਸ ਅਸਲਾ ਡਿਪੋ ਤਂੋ ਬਾਹਰ ਤੱਕ ਕਰੀਬ 1200 ਗਜ ਖੇਤਰ ਵਿੱਚ ਨਗਰ ਨਿਗਮ ਨਾਗਰਿਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਉਸਾਰੀ ਦੀ ਆਗਿਆ ਨਹੀਂ ਦਿੰਦਾ ਹੈ । ਜਦੋਂਕਿ ਇਸ ਇਲਾਕੇ ਦੀ ਮੁੱਖ ਸੜਕ ਵਪਾਰਕ ਹੋਣ ਕਾਰਨ ਕਾਫ਼ੀ ਗਤੀਵਿਧੀਆਂ ਰੁਕੀਆਂ ਹੋਈਆਂ ਹਨ। ਉਨ੍ਹਾਂ ਉਮੀਦ ਜਾਹਰ ਕੀਤੀ ਕਿ ਪ੍ਰਧਾਨ ਮੰਤਰੀ ਲੋਕਾਂ ਦੇ ਇਸ ਗੰਭੀਰ ਮੁੱਦੇ ਪ੍ਰਤੀ ਜਰੂਰ ਧਿਆਨ ਦੇਣਗੇ।

Our Visitor

1895419