Tuesday, May 5, 2026
Home Blog Page 2656

ਕਿਸਾਨਾਂ ਨੇ ਸਾਲ ਦੇ ਆਖ਼ਰੀ ਦਿਨ ਮੁੜ ਮਿੰਨੀ ਸਕੱਤਰੇਤ ਦਾ ਕੀਤਾ ਘਿਰਾਓ

0

ਨਰਮੇ ਦੀ ਫ਼ਸਲ ਦੇ ਖ਼ਰਾਬੇ ਦਾ ਮੁਆਜਵਾ ਦੇਣ ਦੀ ਕਰ ਰਹੇ ਹਨ ਮੰਗ
ਸੁਖਜਿੰਦਰ ਮਾਨ
ਬਠਿੰਡਾ, 31 ਦਸੰਬਰ: ਪਿਛਲੇ 12 ਦਿਨਾਂ ਤੋਂ ਸਥਾਨਕ ਮਿੰਨੀ ਸਕੱਤਰੇਤ ਦੇ ਅੱਗੇ ਧਰਨਾ ਲਗਾਈ ਬੈਠੇ ਕਿਸਾਨਾਂ ਨੇ ਅੱਜ ਸਾਲ ਦੇ ਆਖ਼ਰੀ ਦਿਨ ਮੁੜ ਸਕੱਤਰੇਤ ਦੇ ਚਾਰੇ ਗੇਟਾਂ ਨੂੰ ਘੇਰ ਲਿਆ ਗਿਅ। ਮਾੜੇ ਬੀਜਾਂ, ਸਪਰੇਆਂ ਜਾਂ ਹੋਰ ਕੁਦਰਤੀ ਕਾਰਨਾਂ ਕਰਕੇ ਤਬਾਹ ਹੋਈਆਂ ਫਸਲਾਂ ਦਾ ਮੁਆਵਜਾ ਦੇਣ ਦੀ ਮੰਗ ਕਰ ਰਹੇ ਕਿਸਾਨ ਆਗੂਆਂ ਨੇ ਚੰਨੀ ਸਰਕਾਰ ’ਤੇ ਕਿਸਾਨਾਂ ਦੀ ਬਾਂਹ ਨਾ ਫੜਣ ਦਾ ਦੋਸ਼ ਲਗਾਇਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਐਲਾਨ ਕੀਤਾ ਕਿ ਜਿੰਨ੍ਹਾਂ ਸਮਾਂ ਸਰਕਾਰ ਮੁਆਵਜ਼ਾ ਦੇਣ ਲਈ ਪੰਜ ਏਕੜ ਦੀ ਲਗਾਈ ਸ਼ਰਤ ਰੱਦ ਨਹੀਂ ਕਰਦੀ ਤੇ ਸਮੂਹ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਜਾਰੀਨਹੀਂ ਕਰਦੀ, ਉਨ੍ਹਾਂ ਸਮਾਂ ਉਹ ਅਪਣਾ ਸੰਘਰਸ਼ ਜਾਰੀ ਰੱਖਣਗੇ। ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ, ਹਰਜਿੰਦਰ ਸਿੰਘ ਬੱਗੀ ਤੇ ਪਰਮਜੀਤ ਕੌਰ ਪਿੱਥੋ ਨੇ ਦੋਸ਼ ਲਗਾਇਆ ਕਿ ਲੰਮੇ ਸੰਘਰਸ਼ ਤੋਂ ਬਾਅਦ ਸਰਕਾਰ ਨੇ ਕਿਸਾਨਾਂ ਨੂੰ 17000 ਰੁਪਏ ਪ੍ਰਤੀ ਏਕੜ ਅਤੇ ਕੁੱਲ ਰਾਸ਼ੀ ਦਾ 10% ਵੱਖਰਾ ਮਜਦੂਰਾਂ ਨੂੰ ਰੁਜਗਾਰ ਉਜਾੜੇ ਦਾ ਮੁਆਵਜ਼ਾ ਦੇਣਾ ਮੰਨਿਆ ਹੈ ਪਰ ਇਸ ਦੇ ਨਾਲ ਹੀ ਇਹ ਸ਼ਰਤ ਲਗਾ ਦਿੱਤੀ, ਜਿਸਦੇ ਤਹਿਤ ਇਕ ਕਿਸਾਨ ਨੂੰ ਪੰਜ ਏਕੜ ਤੋਂ ਵੱਧ ਦਾ ਮੁਆਵਜ਼ਾ ਨਹੀਂ ਦਿੱਤਾ ਜਾ ਸਕਦਾ। ਕਿਸਾਨ ਆਗੂਆਂ ਨੇ ਦਾਅਵਾ ਕੀਤ ਕਿ ਬਹੁਤ ਸਾਰੇ ਅਜਿਹੇ ਕਿਸਾਨ ਹਨ, ਜਿਨ੍ਹਾਂ ਨੇ ਅਪਣੀ ਜਾਂ ਠੇਕੇ ’ਤੇ ਲੈ ਕੇ ਪੰਜ ਏਕੜ ਤੋਂ ਵੱਧ ਨਰਮੇ ਦੀ ਫ਼ਸਲ ਬੀਜ਼ੀ ਹੋਈ ਸੀ ਪ੍ਰੰਤੂ ਉਹ ਸਾਰੀ ਦੀ ਸਾਰੀ ਤਬਾਹ ਹੋ ਗਈ। ਉਨ੍ਹਾਂ ਮੰਗ ਕੀਤੀ ਕਿ ਇਸ ਨੋਟੀਫਿਕੇਸ਼ਨ ਨੂੰ ਤੁਰੰਤ ਰੱਦ ਕੀਤਾ ਜਾਵੇ। ਕਿਸਾਨ ਆਗੂ ਬਸੰਤ ਸਿੰਘ ਕੋਠਾਗੁਰੂ, ਪਰਮਜੀਤ ਕੌਰ ਕੋਟੜਾ,ਜਗਸੀਰ ਸਿੰਘ ਝੂੰਬਾ ਅਤੇ ਜਗਦੇਵ ਸਿੰਘ ਜੋਗੇਵਾਲਾ ਨੇ ਕਾਂਗਰਸ ਸਰਕਾਰ ਨੂੰ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਤਹਿਤ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨ ਤੇ ਕਿਸਾਨ ਸੰਘਰਸ਼ਾਂ ਤੇ ਪਰਾਲੀ ਸਾੜਣ ਦੇ ਦੋਸ਼ਾਂ ਹੇਠ ਦਰਜ਼ ਕੀਤੇ ਕੇਸਾਂ ਨੂੰ ਰੱਦ ਕੀਤਾ ਜਾਵੇ। ਇਸ ਦੌਰਾਨ ਕਿਸਾਨ ਆਗੂਆਂ ਨੂੰ ਏਡੀਸੀ ਜਨਰਲ ਵਲੋਂ ਮੀਟਿੰਗ ਲਈ ਸੱਦਿਆ ਗਿਆ। ਪ੍ਰੰਤੂ ਖ਼ਬਰ ਲਿਖੇ ਜਾਣ ਤੱਕ ਮੀਟਿੰਗ ਦਾ ਸਿੱਟਾ ਨਹੀਂ ਨਿਕਲਿਆ ਤੇ ਕਿਸਾਨ ਵਲੋਂ ਸਕੱਤਰੇਤ ਦਾ ਘਿਰਾਓ ਜਾਰੀ ਸੀ। ਅੱਜ ਦੇ ਧਰਨੇ ਨੂੰ ਅਜੈਪਾਲ ਸਿੰਘ ਘੁੱਦਾ,ਹੁਸਿਆਰ ਸਿੰਘ ,ਬਲਜੀਤ ਸਿੰਘ ਪੂਹਲਾ, ਜਸਪਾਲ ਸਿੰਘ ਕੋਠਾ ਗੁਰੂ,ਗੁਰਪਾਲ ਸਿੰਘ ਦਿਓਣ, ਮਾਲਣ ਕੌਰ,ਗੁਲਾਬ ਸਿੰਘ ਜਿਊਂਦ,ਰਾਮ ਸਿੰਘ ਕੋਟ ਗੁਰੂ ,ਰਣਧੀਰ ਸਿੰਘ ਮਲੂਕਾ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਬਲਕਾਰ ਸਿੰਘ ਨੇ ਵੀ ਸੰਬੋਧਨ ਕੀਤਾ। ਸੱਤਪਾਲ ਸਿੰਘ ਸਫਰੀ ਨੇ ਢਾਡੀ ਵਾਰਾਂ ਪੇਸ਼ ਕੀਤੀਆਂ । ਹਰਬੰਸ ਸਿੰਘ ਘਣੀਆਂ ਸਮੇਤ ਹੋਰ ਲੋਕ ਪੱਖੀ ਗੀਤਕਾਰਾਂ ਨੇ ਗੀਤ ਪੇਸ਼ ਕੀਤੇ ।

ਬਠਿੰਡਾ ਦੀ ਕੇਂਦਰੀ ਜੇਲ੍ਹ ’ਚ ਬੰਦ ਗੈਗਸਟਰਾਂ ਵਲੋਂ ਸੀਆਰਪੀਐਫ਼ ਜਵਾਨਾਂ ’ਤੇ ਹਮਲਾ

0

ਜੇਲ੍ਹ ਦਾ ਪ੍ਰਬੰਧ ਹੈ ਕਿ ਬੀਐਸਐਫ਼ ਤੇ ਸੀਆਰਪੀਐਫ਼ ਕੋਲ
ਸੁਖਜਿੰਦਰ ਮਾਨ
ਬਠਿੰਡਾ, 31 ਦਸੰਬਰ: ਹਮੇਸ਼ਾ ਚਰਚਾ ’ਚ ਰਹਿਣਵਾਲੀ ਸਥਾਨਕ ਕੇਂਦਰੀ ਜੇਲ੍ਹ ਵਿਚ ਬੰਦ ਗੈਂਗਸਟਰਾਂ ਵੱਲੋਂ ਸੀਆਰਪੀਐਫ ਦੇ ਜਵਾਨਾਂ ‘ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਤੁਰੰਤ ਬਾਅਦ ਜੇਲ੍ਹ ਅਧਿਕਾਰੀਆਂ ਨੇ ਪੁਲਿਸ ਨੂੰ ਵੀ ਸੂਚਿਤ ਕੀਤਾ। ਪੁਲਿਸ ਦੇ ਉਚ ਅਧਿਕਾਰੀਆਂ ਵਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਹਮਲਾਵਾਰਾਂ ਵਿਚ ਖਤਰਨਾਕ ਗੈਂਗਸਟਰ ਦਿਲਪ੍ਰੀਤ ਬਾਬਾ ਅਤੇ ਰਾਜਵੀਰ ਵੀ ਸ਼ਾਮਲ ਹੈ। ਥਾਣਾ ਕੈਂਟ ਦੀ ਪੁਲਿਸ ਨੇ ਕਥਿਤ ਦੋਸ਼ੀਆਂ ਵਿਰੁਧ ਕੇਸ ਦਰਜ਼ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਜੇਲ੍ਹ ਦੇ ਹਾਈਸਕਿਊਰਟੀ ਜੋਨ ਅੰਦਰ ਕਰੀਬ ਤਿੰਨ ਦਰਜ਼ਨ ਗੈਗਸਟਰ ਬੰਦ ਹਨ, ਜਿੰਨ੍ਹਾਂ ਨੂੰ ਇਸ ਸਾਲ ਮਾਰਚ ਮਹੀਨੇ ਵਿਚ ਵੱਖ ਵੱਖ ਜੇਲ੍ਹਾਂ ਵਿਚੋਂ ਲਿਆਂਦਾ ਗਿਆ ਸੀ। ਸੂਤਰਾਂ ਅਨੁਸਾਰ ਜੇਲ੍ਹ ਵਿਚ ਸੀਆਰਪੀਐਫ ਦੇ ਜਵਾਨ ਡਿਊਟੀ ’ਤੇ ਸਨ। ਇਸ ਦੌਰਾਨ ਗੈਂਗਸਟਰ ਦਿਲਪ੍ਰੀਤ ਬਾਬਾ, ਰਾਜਵੀਰ ਸਿੰਘ ਤੇ ਕਰਮਜੀਤ ਸਿੰਘ ਆਦਿ ਨੇ ਸੁਰੱਖਿਆ ਮੁਲਾਜਮਾਂ ਨਾਲ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ ਤੇ ਉਸਤੋਂ ਬਾਅਦ ਉਨ੍ਹਾਂ ਉਪਰ ਹਮਲਾ ਕਰ ਦਿੱਤਾ। ਜਿਸਤੋਂ ਬਾਅਦ ਹੋਰਨਾਂ ਸੁਰੱਖਿਆ ਮੁਲਾਜਮਾਂ ਦੀ ਮੱਦਦ ਨਾਲ ਇੰਨ੍ਹਾਂ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ। ਜੇਲ੍ਹ ਸੁਪਰਡੈਂਟ ਐਨ.ਡੀ. ਨੇਗੀ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਪੁਲਿਸ ਕੋਲ ਸਿਕਾਇਤ ਕੀਤੀ ਗਈ ਹੈ।

ਮਜੀਠੀਆ ਦੇ ਹੱਕ ਵਿੱਚ ਬਠਿੰਡਾ ’ਚ ਯੂਥ ਅਕਾਲੀ ਦਲ ਵੱਲੋਂ ਪ੍ਰਦਰਸ਼ਨ

0

ਪਰਚਾ ਰੱਦ ਕਰਨ ਲਈ ਦਿੱਤਾ ਮੰਗ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 31 ਦਸੰਬਰ: ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਵਿਰੁਧ ਪੰਜਾਬ ਪੁਲਿਸ ਵਲੋਂ ਦਰਜ਼ ਕੀਤੇ ਪਰਚੇ ਨੂੰ ਰੱਦ ਕਰਨ ਲਈ ਅੱਜ ਬਠਿੰਡਾ ’ਚ ਯੂਥ ਅਕਾਲੀ ਦਲ ਵੱਲੋਂ ਸਥਾਨਕ ਮਿੰਨੀ ਸਕੱਤਰੇਤ ਅੱਗੇ ਰੋਸ ਪ੍ਰਦਰਸ਼ਨ ਕੀਤਾ। ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਭ ਸਿੰਘ ਢੇੇਲਵਾਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਇਕੱਤਰ ਹੋਏ ਯੂਥ ਆਗੂਆਂ ਨੇ ਇਸ ਮੌਕੇ ਡੀਜੀਪੀ ਨੂੰ ਮੰਗ ਪੱਤਰ ਵੀ ਦਿੱਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਰਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਗੁਰਲਾਭ ਸਿੰਘ ਢੇਲਵਾਂ, ਹਰਪਾਲ ਸਿੰਘ ਢਿੱਲੋਂ ਸਹਿਰੀ ਪ੍ਰਧਾਨ, ਸੰਦੀਪ ਸਿੰਘ ਬਾਠ, ਗੁਰਦੀਪ ਸਿੰਘ ਕੋਟ ਸਮੀਰ, ਹਰਮੀਤ ਸਿੰਘ ਬਾਹੀਆ, ਐਡਵੋਕੇਟ ਜਗਤਾਰ ਸਿੰਘ ਸੇਮਾ, ਜਗਮੀਤ ਸਿੰਘ ਭੋਖੜਾ, ਹਰਿੰਦਰ ਸਿੰਘ ਆਦਿ ਨੇ ਪੰਜਾਬ ਸਰਕਾਰ ’ਤੇ ਸਿਆਸੀ ਬਦਲੇਖੋਰੀ ਤਹਿਤ ਬਿਕਰਮ ਸਿੰਘ ਮਜੀਠੀਆ ਵਿਰੁਧ ਪਰਚਾ ਦਰਜ਼ ਕਰਨ ਦੇ ਦੋਸ਼ ਲਗਾਉਂਦਿਆਂ ਦਾਅਵਾ ਕੀਤਾ ਕਿ ਨਸ਼ਿਆਂ ਦੇ ਖਾਤਮੇ ਦੀ ਸਹੁੰ ਖਾ ਕੇ ਸੱਤਾ ਵਿਚ ਆਈ ਕਾਂਗਰਸ ਸਰਕਾਰ ਦੇ ਰਾਜ਼ ਵਿਚ ਅੱਜ ਨਸ਼ਾ ਸ਼ਰ੍ਹੇਆਮ ਵਿਕ ਰਿਹਾ ਹੈ ਤੇ ਅਪਣੀ ਸਰਕਾਰ ਦੀਆਂ ਨਲਾਇਕੀਆਂ ਨੂੰ ਛੁਪਾਉਣ ਲਈ ਵਿਰੋਧੀਆਂ ਵਿਰੁਧ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਰਾਜ ਸਿੰਘ ਬੀਬੀ ਵਾਲਾ, ਸੁਖਦਰਸਨ ਸਿੰਘ ਪੰਨੂ ਘੁੱਦਾ, ਤਰਸੇਮ ਸਰਮਾ ਤਲਵੰਡੀ, ਹਰਮੀਤ ਸਿੰਘ ਜੰਡਾਵਾਲਾ, ਨਰਵਿੰਦਰ ਸਿੰਘ ਨਕਈ, ਮਨਦੀਪ ਸਿੰਘ ਹਰਰੰਗਪੁਰਾ,ਟਹਿਲ ਸਿੰਘ ਬੱਲੂਆਣਾ ਆਦਿ ਹਾਜਰ ਸਨ।

ਕੋਰੋਨਾ ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਅਡਵਾਈਜਰੀ ਜਾਰੀ

0

ਕੋਰੋਨਾ ਦੀ ਤੀਜੀ ਲਹਿਰ ਤੋਂ ਬਚਣ ਲਈ ਸਾਵਧਾਨੀਆਂ ਜਰੂਰੀ: ਸਿਵਲ ਸਰਜਨ
ਸੁਖਜਿੰਦਰ ਮਾਨ
ਬਠਿੰਡਾ, 31 ਦਸੰਬਰ: ਪੰਜਾਬ ਵਿੱਚ ਕੋਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਅਡਵਾਈਜ਼ਰੀ ਜਾਰੀ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੋਰੋਨਾ ਦਾ ਨਵਾਂ ਸਰੂਪ ਓਮੀਕ੍ਰੋਨ ਸਮਾਜ ਲਈ ਖਤਰਾ ਹੈ। ਇਸ ਲਈ ਜਿਨ੍ਹਾਂ ਲੋਕਾਂ ਨੇ ਅਜੇ ਤੱਕ ਕੋਰੋਨਾ ਟੀਕਾਕਰਣ ਦੀ ਕੋਈ ਵੀ ਖੁਰਾਕ ਜਾਂ ਦੂਜੀ ਖੁਰਾਕ ਨਹੀਂ ਲਗਾਈ, ਉਹਨਾਂ ਲੋਕਾਂ ਨੂੰ ਜ਼ਿਆਦਾ ਸਾਵਧਾਨੀਆਂ ਵਰਤਣ ਅਤੇ ਕੋਰੋਨਾ ਟੀਕਾਕਰਣ ਕਰਵਾਉਣ ਦੀ ਜਰੂਰਤ ਹੈ। ਪੰਜਾਬ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਜਿਨ੍ਹਾਂ ਲੋਕਾਂ ਨੇ ਕੋਰੋਨਾ ਟੀਕਾਕਰਣ ਨਹੀਂ ਕਰਵਾਇਆ ਉਹ ਆਪਣੇ ਘਰਾਂ ਵਿੱਚ ਹੀ ਰਹਿਣ ਅਤੇ ਉਹਨਾਂ ਲੋਕਾਂ ਦੀ ਕਿਸੇ ਵੀ ਦਫ਼ਤਰਾਂ ਵਿੱਚ, ਸਰਕਾਰੀ ਅਤੇ ਪ੍ਰਾਈਵੇਟ ਬੈਂਕ (ਸਟਾਫ਼ ਅਤੇ ਆਮ ਲੋਕਾਂ ਦੋਨਾਂ ਲਈ) ਪਬਲਿਕ ਸਥਾਨ, ਸਿਨੇਮਾ ਹਾਲ, ਜਿਮ, ਫਿਟਨੈਸ ਸੈਂਟਰ, ਮਾਰਕਿਟ, ਫੰਕਸ਼ਨ, ਧਾਰਮਿਕ ਸਥਾਨ, ਪਬਲਿਕ ਟਰਾਂਸਪੋਰਟ, ਪਾਰਕ, ਸਬਜੀ ਮੰਡੀ, ਦਾਣਾ ਮੰਡੀ ਵਿਖੇ ਜਾਣ ਦੀ ਮਨ੍ਹਾਹੀ ਹੋਵੇਗੀ। ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਰੋਨਾ ਟੀਕਾਕਰਣ ਦੀ ਦੂਜ਼ੀ ਖੁਰਾਕ ਲਗਾ ਕੇ ਹੀ ਕੋਰੋਨਾ ਵਿਰੁੱਧ ਸੰਪੂਰਨ ਇਮਿਊਨਿਟੀ ਪੈਦਾ ਕੀਤੀ ਜਾ ਸਕਦੀ ਹੈ।
ਡਾ ਢਿੱਲੋਂ ਨੇ ਦਸਿਆ ਕਿ ਹੁਣ ਤੱਕ ਜਿਲ੍ਹਾ ਬਠਿੰਡਾ ਵਿੱਚ 994000 ਵਿਅਕਤੀਆਂ ਦੇ ਟੀਕਾਕਰਣ ਕੀਤਾ ਜਾ ਚੁੱਕਾ ਹੈ, ਲੱਗਭਗ 678000 ਵਿਅਕਤੀਆਂ ਦੇ ਪਹਿਲੀ ਅਤੇ 316000 ਵਿਅਕਤੀਆਂ ਦੇ ਕੋਰੋਨਾ ਟੀਕਾਕਰਣ ਦੀ ਦੂਜੀ ਖੁਰਾਕ ਲਗਾਈ ਜਾ ਚੁੱਕੀ ਹੈ, ਜਦੋਂ ਕਿ ਜਿਲ੍ਹਾ ਬਠਿੰਡਾ ਵਿੱਚ ਲਗਭਗ 369000 ਲੋਕਾਂ ਦੇ ਪਹਿਲੀ ਖੁਰਾਕ ਅਤੇ ਲਗਭਗ 731000 ਲੋਕਾਂ ਦੇ ਦੂਜੀ ਖੁਰਾਕ ਲੱਗਣੀ ਅਜੇ ਬਾਕੀ ਹੈ।

ਮਿੱਤਲ ਗਰੁੱਪ ਵਲੋਂ ਸ਼ੀਸ਼ ਮਹਿਲ ਕਾਲੋਨੀ ’ਚ ‘ਕਨਵੀਨੀਅੰਟ ਮਾਰਕਿਟ’ ਦਾ ਨਿਰਮਾਣ ਸ਼ੁਰੂ

0

ਐੱਮਡੀ ਰਾਜਿੰਦਰ ਮਿੱਤਲ ਅਤੇ ਜੁਆਇੰਟ ਐੱਮਡੀ ਕੁਸ਼ਲ ਮਿੱਤਲ ਨੇ ਟੱਕ ਲਗਾਕੇ ਕੀਤੀ ਨਿਰਮਾਣ ਦੀ ਰਸ਼ਮੀ ਸ਼ੁਰਆਤ
ਸੁਖਜਿੰਦਰ ਮਾਨ
ਬਠਿੰਡਾ, 31 ਦਸੰਬਰ: ਅਪਣੇ ਰਿਹਾਇਸ਼ੀ ਪ੍ਰੋਜੈਕਟਾਂ ਲਈ ਪੂਰੇ ਪੰਜਾਬ ’ਚ ਨਾਮਣਾ ਖੱਟਣ ਵਾਲੇ ਮਿੱਤਲ ਗਰੁੱਪ ਵਲੋਂ ਹੁਣ ਸਥਾਨਕ ਸ਼ੀਸ਼ ਮਹਿਲ ਕਾਲੋਨੀ ’ਚ ਮੌਜੂਦ ਕਮਰਸੀਅਲ ਸਾਈਟ ਉਪਰ ਕਨਵੀਨੀਅੰਟ ਮਾਰਕਿਟ ਦੇ ਨਿਰਮਾਣ ਦਾ ਐਲਾਨ ਕੀਤਾ ਗਿਆ ਹੈ, ਜਿਸਦੀ ਰਸ਼ਮੀ ਸ਼ੁਰੁਆਤ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਅਤੇ ਜੁਆਇੰਟ ਐੱਮ ਡੀ ਕੁਸ਼ਲ ਮਿੱਤਲ ਵੱਲੋਂ ਕਹੀ ਦਾ ਟੱਕ ਲਗਾ ਕੇ ਕੀਤੀ ਗਈ। ਗਰੁੱਪ ਦੇ ਬੁਲਾਰੇ ਤੇਜਿੰਦਰ ਸਿੰਘ ਭੁੱਲਰ ਨੇ ਦਸਿਆ ਕਿ ਇਸ ਨਵੀਂ ਬਣ ਰਹੀ ਕਮਰਸੀਅਲ ਮਾਰਕਿਟ ’ਚ ਕਾਲੋਨੀ ਦੇ ਮੁੱਖ ਗੇਟ ਦੇ ਨਾਲ ਸਥਿਤ ਜਗ੍ਹਾ ’ਤੇ 22 ਨਵੀਆਂ ਦੁਕਾਨਾਂ ਦਾ ਨਿਮਰਾਣ ਕੀਤਾ ਜਾ ਰਿਹਾ ਹੈ। ਐੱਮਡੀ ਰਾਜਿੰਦਰ ਮਿੱਤਲ ਨੇ ਦੱਸਿਆ ਕਿ ਇਸ ਮਾਰਕਿਟ ਦੇ ਤਿਆਰ ਹੋਣ ਨਾਲ ਜਿਥੇ ਸ਼ੀਸ਼ ਮਹਿਲ ਕਾਲੋਨੀ ਤੋਂ ਇਲਾਵਾ ਨਵੇਂ ਬਣੇ ਰਹੇ ਪ੍ਰੋਜੈਕਟ ਸ਼ੀਸ਼ ਮਹਿਲ ਹਾਈਟਸ ਤੋਂ ਇਲਾਵਾ ਨੇੜਲੇ ਸਮੇਂ ’ਚ ਜਿਹੜੇ ਹੋਰ ਹਾਊਸਿੰਗ ਪ੍ਰੋਜੈਕਟ ਤਿਆਰ ਹੋਣੇ ਹਨ ਉਨ੍ਹਾਂ ’ਚ ਰਹਿਣ ਵਾਲੇ ਪਰਿਵਾਰਾਂ ਨੂੰ ਸੁਵਿਧਾਵਾਂ ਮੁਹੱਇਆ ਕਰਵਾਈਆਂ ਜਾ ਸਕਣ। ਇਸ ਮੌਕੇ ਜੀ ਐੱਮ ਪ੍ਰੋਜੈਕਟਸ ਤਰੁਣ ਬਹਿਲ, ਸੇਲਜ ਹੈੱਡ ਦੀਪਕ ਬਾਂਸਲ, ਹਰਬੰਸ ਸਿੰਘ ਅਤੇ ਦਿਲਰਾਜ ਚਾਵਲਾ ਸਮੇਤ ਹੋਰ ਅਧਿਕਾਰੀ ਵੀ ਮੌਜਦ ਸਨ।

ਮੁੱਖ ਚੋਣ ਅਫ਼ਸਰ ਵੱਲੋਂ ਲੋਕਤੰਤਰ ਦੀ ਮਜ਼ਬੂਤੀ ਲਈ ਟਰਾਂਸਜੈਂਡਰਾਂ ਨੂੰ ਚੋਣਾਂ ਵਿੱਚ ਵੋਟ ਦੇਣ ਦਾ ਸੱਦਾ

0

ਟਰਾਂਸਜੈਂਡਰ ਕਮਿਉਨਿਟੀ ਨਾਲ ਸਬੰਧਤ ਜ਼ਿਲ੍ਹਾ ਕੋਆਰਡੀਨੇਟਰ ਟਰਾਂਸਜੈਂਡਰ ਵੋਟਰਾਂ ਦੇ 100 ਫੀਸਦੀ ਨਾਮਾਂਕਣ ਨੂੰ ਯਕੀਨੀ ਬਣਾਉਣ ਵਿੱਚ ਦੇਣਗੇ ਸਹਾਇਤਾ: ਸੀਈਓ ਪੰਜਾਬ
ਪਤੇ ਦਾ ਸਬੂਤ ਨਾ ਹੋਣ `ਤੇ ਟਰਾਂਸਜੈਂਡਰ ਆਪਣੇ ਆਪ ਨੂੰ ਵੋਟਰਾਂ ਵਜੋਂ ਰਜਿਸਟਰ ਕਰਨ ਲਈ ਦੇ ਸਕਦੇ ਹਨ ਅੰਡਰਟੇਕਿੰਗ
ਸੁਖਜਿੰਦਰ ਮਾਨ
ਚੰਡੀਗੜ੍ਹ, 30 ਦਸੰਬਰ: ਟਰਾਂਸਜੈਂਡਰਾਂ ਨੂੰ ਸਮਾਜ ਦਾ ਇੱਕ ਮਹੱਤਵਪੂਰਨ ਹਿੱਸਾ ਦੱਸਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨੇ ਅੱਜ ਟਰਾਂਸਜੈਂਡਰਾਂ ਨੂੰ ਲੋਕਤੰਤਰ ਦੀ ਮਜ਼ਬੂਤੀ ਲਈ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਸੱਦਾ ਦਿੱਤਾ।ਸੀਈਓ ਡਾ. ਰਾਜੂ ਅਤੇ ਵਧੀਕ ਸੀਈਓ ਅਮਨਦੀਪ ਕੌਰ ਟਰਾਂਸਜੈਂਡਰ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਇੱਕ ਵਰਚੁਅਲ ਮੀਟਿੰਗ ਕਰ ਰਹੇ ਸਨ ਤਾਂ ਜੋ ਯੋਗ ਟਰਾਂਸਜੈਂਡਰ ਵੋਟਰਾਂ ਦੇ 100 ਫੀਸਦੀ ਨਾਮਾਂਕਣ ਲਈ ਰਣਨੀਤੀ ਤਿਆਰ ਕੀਤੀ ਜਾ ਸਕੇ ਜਿਸ ਨਾਲ ਉਹ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ। ਹਮਸਫਰ ਟਰੱਸਟ ਤੋਂ ਯਸ਼ਵਿੰਦਰ ਸਿੰਘ ਅਤੇ ਮਨੋਜ ਬੈਂਜਵਾਲ, ਨੈਟਰੀਚ ਤੋਂ ਸਮ੍ਰਿਤੀ ਅਚਾਰੀਆ ਅਤੇ ਅਰਚਨਾ ਸ਼ੈਟੀ ਅਤੇ ਮਾਨਸਾ ਫਾਊਂਡੇਸ਼ਨ ਤੋਂ ਮੋਹਿਨੀ ਮਹੰਤ ਅਤੇ ਮਦਨ ਨੇ ਮੀਟਿੰਗ ਵਿੱਚ ਹਿੱਸਾ ਲਿਆ।ਸੀਈਓ ਡਾ. ਰਾਜੂ ਨੇ ਹਰੇਕ ਜ਼ਿਲ੍ਹੇ ਵਿੱਚ ਟਰਾਂਸਜੈਂਡਰ ਭਾਈਚਾਰੇ ਨਾਲ ਸਬੰਧਤ ਜ਼ਿਲ੍ਹਾ ਕੋਆਰਡੀਨੇਟਰ ਨਿਯੁਕਤ ਕਰਨ ਦਾ ਸੁਝਾਅ ਦਿੱਤਾ, ਜੋ ਟਰਾਂਸਜੈਂਡਰਾਂ ਵੋਟਰਾਂ ਦੇ ਵੋਟਰ ਆਈਡੀ ਕਾਰਡ ਬਣਾਉਣ ਵਿੱਚ ਮਦਦ ਕਰਨਗੇ ਅਤੇ ਉਨ੍ਹਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਨਗੇ।ਉਨ੍ਹਾਂ ਭਰੋਸਾ ਦਿਵਾਇਆ ਕਿ ਟਰਾਂਸਜੈਂਡਰਾਂ ਨੂੰ ਆਪਣੇ ਵੋਟਰ ਆਈਡੀ ਕਾਰਡ ਬਣਾਉਣ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ, ਕਿਉਂਕਿ ਚੋਣ ਕਮਿਸ਼ਨ ਨੇ ਦਸਤਾਵੇਜ਼ਾਂ ਦੀ ਪ੍ਰਕਿਰਿਆ ਨੂੰ ਵੀ ਸਰਲ ਬਣਾ ਦਿੱਤਾ ਹੈ। ਪਤੇ ਦਾ ਸਬੂਤ ਨਾ ਹੋਣ ਦੀ ਸੂਰਤ ਵਿੱਚ ਟਰਾਂਸਜੈਂਡਰ ਸਿਰਫ਼ ਅੰਡਰਟੇਕਿੰਗ ਦੇ ਕੇ ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰ ਕਰ ਸਕਦੇ ਹਨ।ਡਾ. ਰਾਜੂ ਨੇ ਦੱਸਿਆ ਕਿ ਸਿਸਟਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ (ਸਵੀਪ) ਪ੍ਰੋਗਰਾਮ ਤਹਿਤ ਟਰਾਂਸਜੈਂਡਰਾਂ ਨੂੰ ਉਨ੍ਹਾਂ ਦੇ ਵੋਟਿੰਗ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ “ਇਸ ਵਾਰ ਅਸੀਂ ਥਰਡ ਜੈਂਡਰ ਦੇ ਵੋਟਰਾਂ ਨੂੰ ਆਪਣੀ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਵਾਸਤੇ `ਮਹਿਲਾ, ਪੁਰਸ਼ ਅਤੇ ਟਰਾਂਸਜੈਂਡਰ, ਲੋਕਤੰਤਰ ਵਿੱਚ ਸਭ ਬਰਾਬਰ` ਦੇ ਨਾਅਰੇ ਹੇਠ ਜਾਗਰੂਕਤਾ ਪੈਦਾ ਕਰ ਰਹੇ ਹਾਂ।”
ਡਾ. ਰਾਜੂ ਨੇ ਟਰਾਂਸਜੈਂਡਰ ਭਾਈਚਾਰੇ ਦੇ ਨੁਮਾਇੰਦਿਆਂ ਵੱਲੋਂ ਟਰਾਂਸਜੈਂਡਰ ਵੋਟਰਾਂ ਨੂੰ ਉਨ੍ਹਾਂ ਦੇ ਵੋਟ ਦੇ ਅਧਿਕਾਰ ਬਾਰੇ ਜਾਗਰੂਕ ਕਰਨ ਲਈ ਇੱਕ ਵਰਕਸ਼ਾਪ ਜਾਂ ਸੈਮੀਨਾਰ ਦਾ ਆਯੋਜਨ ਕਰਨ ਦੀ ਮੰਗ ਨੂੰ ਵੀ ਸਵੀਕਾਰ ਕੀਤਾ।ਦੱਸਣਯੋਗ ਹੈ ਕਿ ਵੋਟਰ ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰ ਕਰਨ ਲਈ ਬਲਾਕ ਪੱਧਰੀ ਅਧਿਕਾਰੀ (ਬੀ.ਐਲ.ਓ.) ਨਾਲ ਸੰਪਰਕ ਕਰ ਸਕਦੇ ਹਨ ਜਾਂ 1950 `ਤੇ ਕਾਲ ਕਰ ਸਕਦੇ ਹਨ ਜਾਂ ਐਂਡਰਾਇਡ ਅਤੇ ਆਈਓਐਸ `ਤੇ ਉਪਲਬਧ ਵੋਟਰ ਹੈਲਪਲਾਈਨ ਐਪਲੀਕੇਸ਼ਨ ਦੀ ਵਰਤੋਂ ਕਰ ਸਕਦੇ ਹਨ।

ਮੁੱਖ ਮੰਤਰੀ ਚੰਨੀ ਵੱਲੋਂ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਸਰਕਾਰ ਵੱਲੋਂ ਸ਼ੁਰੂ ਕੀਤੇ ਵਿਕਾਸ ਦੇ ਪਹੀਏ ਨੂੰ ਜਾਰੀ ਰੱਖਣ ਦਾ ਸੱਦਾ

0

-ਰਾਮਪੁਰਾ ਫੂਲ ਹਲਕੇ ਦੇ ਵਿਕਾਸ ਲਈ 10 ਕਰੋੜ ਰੁਪਏ ਦੇਣ ਦਾ ਕੀਤਾ ਐਲਾਣ
-ਰਾਮਪੁਰਾ ਦੇ ਸਿਵਲ ਹਸਪਤਾਲ ਨੂੰ ਕੀਤਾ ਜਾਵੇਗਾ ਅਪਗ੍ਰੇਡ, ਬਣੇਗਾ ਟਰੋਮਾ ਸੈਂਟਰ
-65.55 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਰੇਲਵੇ ਓਵਰ ਬ੍ਰਿਜ ਦਾ ਰੱਖਿਆ ਨੀਂਹ ਪੱਥਰ
-105 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਵੈਟਰਨਰੀ ਕਾਲਜ ਦੀ ਇਮਾਰਤ ਨੂੰ ਕੀਤਾ ਲੋਕ ਸਮਰਪਿਤ
ਸੁਖਜਿੰਦਰ ਮਾਨ
ਰਾਮਪੁਰਾ (ਬਠਿੰਡਾ), 30 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀਰਵਾਰ ਨੂੰ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਸਰਕਾਰ ਵੱਲੋਂ ਸ਼ੁਰੂ ਕੀਤੇ ਵਿਕਾਸ ਦੇ ਪਹੀਏ ਨੂੰ ਜਾਰੀ ਰੱਖਣ ਦਾ ਸੱਦਾ ਦਿੰਦਿਆ ਅਜਿਹੀ ਸਰਕਾਰ ਦੇ ਨਾਲ ਖੜਨ ਲਈ ਕਿਹਾ ਹੈ ਜੋ ਕਥਨੀ ਅਤੇ ਕਰਨੀ ਪੱਖੋਂ ਪੂਰੀ ਤਰਾਂ ਨਾਲ ਲੋਕਾਂ ਨੂੰ ਸਮਰਪਿਤ ਹੋਵੇ।ਅੱਜ ਇੱਥੇ ਦਾਣਾ ਮੰਡੀ ਵਿਚ ਵੱਡੇ ਇੱਕਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਰਾਮਪੁਰਾ ਫੂਲ ਹਲਕੇ ਦੇ ਵਿਕਾਸ ਲਈ 10 ਕਰੋੜ ਰੁਪਏ ਦੇ ਫੰਡ ਜਾਰੀ ਕਰਨ ਦਾ ਐਲਾਣ ਵੀ ਕੀਤਾ। ਇਸ ਤੋਂ ਬਿਨ੍ਹਾਂ ਉਨ੍ਹਾਂ ਨੇ ਇਲਾਕੇ ਦੀ ਲੰਬੇ ਸਮੇਂ ਤੋਂ ਬਕਾਇਆ ਮੰਗ ਨੂੰ ਪੂਰਾ ਕਰਦਿਆਂ ਰਾਮਪੁਰਾ ਦੇ ਸਿਵਲ ਹਸਪਤਾਲ ਨੂੰ 100 ਬੈਡ ਤੱਕ ਅਪਗ੍ਰੇਡ ਕਰਨ ਅਤੇ ਇੱਥੇ ਟਰੋਮਾ ਸੈਂਟਰ ਬਣਾਉਣ ਦਾ ਐਲਾਨ ਵੀ ਕੀਤਾ। ਉਨ੍ਹਾਂ ਨੇ ਰਾਮਪੁਰਾ ਸ਼ਹਿਰ ਵਿਚ ਰੇਲਵੇ ਉਵਰ ਬ੍ਰਿਜ ਦਾ ਨੀਂਹ ਪੱਥਰ ਵੀ ਰੱਖਿਆ ਜਿਸ ਦੇ ਬਣਨ ਨਾਲ ਸ਼ਹਿਰ ਦੀ ਯਾਤਾਯਾਤ ਸਮੱਸਿਆ ਦਾ ਸਥਾਈ ਹੱਲ ਹੋ ਜਾਵੇਗਾ। ਇਹ ਰੇਲਵੇ ਓਵਰ ਬ੍ਰਿਜ ਰੇਲਵੇ ਸਟੇਸ਼ਨ ਅਤੇ ਗੀਤਾ ਭਵਨ ਰੋਡ ਤੇ ਬਣਾਇਆ ਜਾ ਰਿਹਾ ਹੈ ਅਤੇ ਇਸ ਤੇ 63.55 ਕਰੋੜ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਨੇ ਭਾਈ ਰੂਪਾ ਵਿਖੇ ਅੰਬੇਦਕਰ ਭਵਨ ਬਣਾਉਣ ਦਾ ਐਲਾਨ ਵੀ ਇਸ ਮੌਕੇ ਕੀਤਾ।ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬਾਹਰੀ ਗਰਦਾਨਦਿਆਂ, ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ਦੇ ਸੂਝਵਾਨ ਲੋਕ ਜਾਣਦੇ ਹਨ ਕਿ ਉਨ੍ਹਾਂ ਨੇ ਪੰਜਾਬ ਦੀ ਵਾਂਗਡੋਰ ਕੇਵਲ ਪੰਜਾਬੀਆਂ ਦੇ ਹੱਥ ਹੀ ਦੇਣੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕੈਪਟਨ ਅਤੇ ਬਾਦਲ ਘਰਾਣੇ ਦਾ ਰਾਜ ਪਹਿਲਾਂ ਵੇਖ ਲਿਆ ਹੈ, ਪਰ ਹੁਣ ਸਮਾਂ ਹੈ ਜਦ ਰਾਜ ਵਿਚ ਅਮਨ, ਭਾਈਚਾਰਾ ਸਥਾਪਿਤ ਕਰਨ ਅਤੇ ਵਿਕਾਸ ਦੀ ਗੱਲ ਤੋਰਨ ਵਾਲੀ ਕਾਂਗਰਸ ਸਰਕਾਰ ਨੂੰ ਮੁੜ ਮੌਕਾ ਦਿੱਤਾ ਜਾਵੇ।ਇਸ ਮੌਕੇ ਬਲਦਿਆਂ ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਮੁੱਖ ਮੰਤਰੀ ਵੱਲੋਂ 90 ਦਿਨ ਵਿਚ ਲੋਕ ਹਿੱਤ ਦੇ ਲਏ ਗਏ 99 ਫੈਸਲਿਆਂ ਦਾ ਜਿਕਰ ਕਰਦਿਆਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਲੋਕਾਂ ਦੀਆਂ ਮੁਸਕਿਲਾਂ ਨੂੰ ਸਮਝ ਕੇ ਲਗਾਤਾਰ ਹੱਲ ਕਰਦੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਰਾਮਪੁਰਾ ਵਿਚ ਜਲਦ ਦੋ ਆਈ ਟੀ ਆਈ ਬਣਨਗੀਆਂ ਜਿੰਨ੍ਹਾਂ ਦਾ ਨੀਂਹ ਪੱਥਰ ਅੱਜ ਮੁੱਖ ਮੰਤਰੀ ਨੇ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਦੇ ਨਿਰਮਾਣ ਤੇ 6 ਕਰੋੜ ਰੁਪਏ ਦਾ ਖਰਚ ਆਵੇਗਾ ਜਦ ਕਿ ਇੰਨ੍ਹਾਂ ਵਿਚ 3.6 ਕਰੋੜ ਦਾ ਸਮਾਨ ਮੁਹਈਆ ਕਰਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਆਈ ਟੀ ਆਈ ਵਿਚ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੀ ਮੰਗ ਅਨੁਸਾਰ ਕੋਰਸ ਕਰਵਾਏ ਜਾਣਗੇ ਤਾਂ ਜੋ ਇੱਥੋਂ ਕੋਰਸ ਕਰਕੇ ਨੌਜਵਾਨ ਰੋਜਗਾਰ ਨਾਲ ਜੁੜ ਸਕਣ। ਸਾਬਕਾ ਮੰਤਰੀ ਅਤੇ ਰਾਮਪੁਰਾ ਦੇ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੇ ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੂੰ ਜੀ ਆਇਆਂ ਨੂੰ ਆਖਦਿਆਂ ਕਿਹਾ ਕਿ ਮੁੱਖ ਮੰਤਰੀ ਆਮ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਬਹੁਜਨ ਸਮਾਜ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ ਮੱਖਣ ਸਿੰਘ ਨੂੰ ਵੀ ਜੀ ਆਇਆਂ ਨੂੰ ਕਿਹਾ। ਉਨ੍ਹਾਂ ਨੇ ਹਲਕੇ ਦੇ ਵਿਕਾਸ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਵੀ ਕੀਤਾ।ਇਸ ਦੌਰੇ ਦੌਰਾਨ ਮੁੱਖ ਮੰਤਰੀ ਨੇ ਰਾਮਪੁਰਾ ਵਿਚ 105 ਕਰੋੜ ਦੀ ਲਾਗਤ ਨਾਲ 67 ਏਕੜ ਵਿਚ ਬਣੇ ਵੈਟਰਨਰੀ ਸਾਇੰਸ ਕਾਲਜ ਨੂੰ ਵੀ ਲੋਕਾਂ ਨੂੰ ਸਮਰਪਿਤ ਕੀਤਾ।ਇਸ ਮੌਕੇ ਸਾਂਸਦ ਮੁੰਹਮਦ ਸਦੀਕ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਲਲਾਬਾਦ ਦੇ ਵਿਧਾਇਕ ਰਮਿੰਦਰ ਆਵਲਾ, ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ, ਆਈਜੀ ਸ. ਜਸਕਰਨ ਸਿੰਘ, ਐਸਐਸਪੀ ਅਜੈ ਮਲੂਜਾ, ਐਸਡੀਐਮ ਨਵਦੀਪ ਕੁਮਾਰ ਤੇ ਸ਼੍ਰੀ ਨਰਿੰਦਰ ਭਲੇਰੀਆ ਤੋਂ ਇਲਾਵਾ ਹੋਰ ਕਾਂਗਰਸੀ ਆਗੂ ਹਾਜ਼ਰ ਸਨ।

ਟਰਾਂਸਪੋਰਟ ਮੰਤਰੀ ਵੱਲੋਂ ਨਵਿਆਉਣਯੋਗ ਊਰਜਾ ਖੇਤਰ ਵਿੱਚ ਸੰਭਾਵਨਾਵਾਂ ਦਾ ਪਤਾ ਲਗਾਉਣ ‘ਤੇ ਜ਼ੋਰ

0

ਪੇਡਾ ਦੇ ਸੀਈਓ ਨਵਜੋਤ ਪਾਲ ਸਿੰਘ ਰੰਧਾਵਾ ਨੇ ਰਾਜਾ ਵੜਿੰਗ ਨੂੰ ਸੂਬੇ ਵਿੱਚ ਨਵਿਆਉਣਯੋਗ ਊਰਜਾ ਗਤੀਵਿਧੀਆਂ ਬਾਰੇ ਦਿੱਤੀ ਜਾਣਕਾਰੀ
ਸੁਖਜਿੰਦਰ ਮਾਨ
ਚੰਡੀਗੜ, 30 ਦਸੰਬਰ: ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਵਿਆਉਣਯੋਗ ਊਰਜਾ ਖੇਤਰ ਨੂੰ ਉਤਸ਼ਾਹਿਤ ਕਰਨ ਅਤੇ ਸੂਬੇ ਵਿੱਚ ਹੋਰ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ‘ਤੇ ਜ਼ੋਰ ਦਿੱਤਾ ਹੈ। ਉਨਾਂ ਨੇ ਪੰਜਾਬ ਦੇ ਸ਼ਹਿਰਾਂ ਵਿੱਚ ਸੌਰ ਊਰਜਾ ਸਬੰਧੀ ਪ੍ਰਾਜੈਕਟਾਂ, ਬਾਇਓਮਾਸ-ਸੀਐਨਜੀ ਪ੍ਰੋਜੈਕਟਾਂ, ਹਾਈਡਲ ਪ੍ਰੋਜੈਕਟਾਂ ਆਦਿ ਬਾਰੇ ਡੂੰਘੀ ਦਿਲਚਸਪੀ ਦਿਖਾਈ। ਸ੍ਰੀ ਵੜਿੰਗ ਨੇ ਪੇਡਾ ਨੂੰ ਕਿਹਾ ਕਿ ਉਹ ਸੋਲਰ ਸਟਰੀਟ ਲਾਈਟਾਂ ਵਿੱਚ ਸੋਧ ਕਰਨ ਜੋ ਕਿ ਏ.ਐਮ.ਸੀ. ਮਿਆਦ ਅਧੀਨ ਹਨ।ਸ੍ਰੀ ਵੜਿੰਗ ਨੇ ਅੱਜ ਇੱਥੇ ਪੰਜਾਬ ਊਰਜਾ ਵਿਕਾਸ ਏਜੰਸੀ ਦੇ ਦਫਤਰ ਦਾ ਦੌਰਾ ਕੀਤਾ। ਇਸ ਮੌਕੇ ਉਹਨਾਂ ਨਾਲ ਪੇਡਾ ਦੇ ਚੇਅਰਮੈਨ ਐਚ.ਐਸ.ਹੰਸਪਾਲ, ਪੀ.ਜੀ.ਐਲ. ਦੇ ਚੇਅਰਮੈਨ ਸ੍ਰੀ ਧਨਜੀਤ ਸਿੰਘ ਵਿਰਕ, ਪੀ.ਜੀ.ਐਲ. ਦੇ ਸੀਨੀਅਰ ਵਾਈਸ ਚੇਅਰਮੈਨ ਸ੍ਰੀ ਫਕੀਰ ਚੰਦ ਬਾਂਸਲ, ਪੀ.ਜੀ.ਐਲ ਦੇ ਵਾਈਸ ਚੇਅਰਮੈਨ ਸ੍ਰੀ ਰਜਨੀਸ਼ ਭਗਤ, ਪੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਨਵਜੋਤ ਪਾਲ ਸਿੰਘ ਰੰਧਾਵਾ, ਪੇਡਾ ਦੇ ਡਾਇਰੈਕਟਰ ਸ੍ਰੀ ਐਮ.ਪੀ. ਸਿੰਘ ਅਤੇ ਪੇਡਾ ਦੇ ਵਧੀਕ ਡਾਇਰੈਕਟਰ ਸ੍ਰੀ ਜਸਪਾਲ ਸਿੰਘ ਮੌਜੂਦ ਸਨ।ਪੇਡਾ ਦੇ ਮੁੱਖ ਕਾਰਜਕਾਰੀ ਸ੍ਰੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਟਰਾਂਸਪੋਰਟ ਮੰਤਰੀ ਨੂੰ ਪੇਡਾ/ਪੀਜੀਐਲ ਦੇ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ/ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਸ੍ਰੀ ਵੜਿੰਗ ਨੇ ਨਵਿਆਉਣਯੋਗ ਊਰਜਾ ਗਤੀਵਿਧੀਆਂ ਵਿੱਚ ਸ੍ਰੀ ਰੰਧਾਵਾ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਬਸਪਾ, ਅਕਾਲੀ ਦਲ ਤੇ ਲੋਜਪਾ ਦੀ ਟੀਮ ਕਾਂਗਰਸ ਵਿੱਚ ਸ਼ਾਮਲ

0

ਸੁਖਜਿੰਦਰ ਮਾਨ
ਬਠਿੰਡਾ, 30 ਦਸੰਬਰ: ਕਾਂਗਰਸ ਪਾਰਟੀ ਨੂੰ ਅੱਜ ਹਲਕਾ ਤਲਵੰਡੀ ਸਾਬੋ ਵਿਚ ਉਸ ਸਮੇਂ ਮਜਬੂਤੀ ਮਿਲੀ ਜਦ ਬਸਪਾ, ਅਕਾਲੀ ਦਲ ਤੇ ਲੋਜਪਾ ਦੀ ਟੀਮ ਨੇ ਪਾਰਟੀ ਵਿਚ ਸਮੂਲੀਅਤ ਦਾ ਐਲਾਨ ਕਰ ਦਿੱਤਾ। ਹਲਕਾ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ ਦੀ ਅਗਵਾਈ ਹੇਠ ਹੋਏ ਸਮਾਗਮਾਂ ਦੌਰਾਨ ਲੋਜਪਾ ਦੇ ਸਾਬਕਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਲੋਜਪਾ ਤਲਵੰਡੀ ਸਾਬੋ ਦੀ ਸਾਰੀ ਟੀਮ ਕਾਂਗਰਸ ਪਾਰਟੀ ਵਿੱਚ ਸ਼ਾਮਲ ਕੀਤਾ। ਜਟਾਣਾ ਨੇ ਹਲਕਾ ਤਲਵੰਡੀ ਦੇ ਪ੍ਰਧਾਨ ਜਸਵਿੰਦਰ ਸਿੰਘ ਬਲਜੀਤ ਸਿੰਘ ਜੱਜਲ ਗੁਰਪ੍ਰੀਤ ਸਿੰਘ ਗੁਰਦੀਪ ਸਿੰਘ ਗਿਆਨ ਸਿੰਘ ਅਤੇ ਹੋਰ ਲੋਜਪਾ ਆਗੂਆਂ ਨੂੰ ਕਾਂਗਰਸ ਪਾਰਟੀ ਦੇ ਨਿਸ਼ਾਨ ਵਾਲੇ ਮਫਲਰ ਪਾ ਕੇ ਸਨਮਾਨਤ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਲਾਲ ਲਕੀਰ ਖਤਮ ਕਰਕੇ ਬਿਜਲੀ ਦੇ ਬਿੱਲ ਮੁਆਫ ਕਰਕੇ ਤੇ ਹੋਰ ਗਰੀਬ ਭਲਾਈ ਸਕੀਮਾਂ ਲਿਆ ਕੇ ਗ਼ਰੀਬ ਵਰਗ ਦੇ ਲੋਕਾਂ ਵਿੱਚ ਵਿਸ਼ਵਾਸ ਬਣਾਇਆ ਹੈ ਇਸ ਕਰਕੇ ਮੁੜ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਲਿਆਉਣ ਲਈ ਇਹ ਸਾਰੀ ਟੀਮ ਕੰਮ ਕਰੇਗੀ। ਹਲਕਾ ਇੰਚਾਰਜ ਤਲਵੰਡੀ ਸਾਬੋ ਖੁਸ਼ਬਾਜ ਸਿੰਘ ਜਟਾਣਾ ਨੇ ਸਾਰੇ ਵਰਕਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਮਾਣ ਸਨਮਾਨ ਦਿੱਤਾ ਜਾਵੇਗਾ ਅਤੇ ਹਰ ਕੰਮ ਕਰਵਾਉਣ ਉਨ੍ਹਾਂ ਦੀ ਹਰ ਸੰਭਵ ਮੱਦਦ ਕੀਤੀ ਜਾਵੇਗੀ।

ਬਾਂਸਲ ਪਰਿਵਾਰ ਨੇ ਮੋੜ ਹਲਕੇ ’ਚ ਵੰਡੀਆਂ ਕਰੋੜਾਂ ਦੀ ਗ੍ਰਾਂਟਾਂ

0

ਸੁਖਜਿੰਦਰ ਮਾਨ
ਬਠਿੰਡਾ, 30 ਦਸੰਬਰ: ਆਗਾਮੀ ਵਿਧਾਨ ਸਭਾ ਚੋਣਾਂ ਲਈ ਹਲਕਾ ਮੋੜ ਤੋਂ ਕਾਂਗਰਸ ਪਾਰਟੀ ਦੇ ਸੰਭਾਵਿਤ ਉਮੀਦਵਾਰ ਡਾ ਮਨੋਜ ਬਾਂਸਲ ਤੇ ਉਨ੍ਹਾਂ ਦੇ ਪਤੀ ਮੰਗਤ ਰਾਏ ਬਾਂਸਲ ਨੇ ਅੱਜ ਹਲਕੇ ’ਚ ਕਰੋੜਾਂ ਦੀਆਂ ਗ੍ਰਾਂਟਾਂ ਦੇ ਗੱਫੇ ਵੰਡੇ। ਇਸ ਦੌਰਾਨ ਉਨ੍ਹਾਂ ਕਈ ਪਿੰਡਾਂ ’ਚ ਭਰਵੀਆਂ ਨੁੱਕੜ ਮੀਟਿੰਗਾਂ ਨੂੰ ਵੀ ਸੰਬੋਧਨ ਕੀਤਾ। ਇਸ ਮੌਕੇ ਬੀਬੀ ਮਨੋਜ ਬਾਂਸਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਮਕਸਦ ਹਲਕੇ ਦਾ ਵਿਕਾਸ ਤੇ ਤਰੱਕੀ ਹੈ, ਜਿਸਦੇ ਲਈ ਉਹ ਤੇ ਬਾਂਸਲ ਸਾਹਿਬ ਹਮੇਸ਼ਾ ਤਤਪਰ ਰਹਿੰਦੇ ਹਨ। ਇਸ ਦੌਰਾਨ ਉਨ੍ਹਾਂ ਮੌੜ ਮੰਡੀ ਦੀਆਂ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ, ਗਊਸ਼ਾਲਾ, ਵੱਖ-ਵੱਖ ਧਰਮਸ਼ਾਲਾ ਅਤੇ ਮੰਦਰਾਂ ਅਤੇ ਕਲੱਬਾਂ ਦੇ ਵਿਕਾਸ ਕਾਰਜਾਂ ਲਈ 1 ਕਰੋੜ 18 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ।ਉਨ੍ਹਾਂ ਵੱਲੋਂ ਸ਼੍ਰੀ ਸਨਾਤਨ ਧਰਮਸ਼ਾਲਾ ਕਮੇਟੀ , ਸ਼੍ਰੀ ਗਊਸ਼ਾਲਾ ਕਮੇਟੀ,ਸ਼੍ਰੀ ਗੋਬਿੰਦ ਗੋਪਾਲ ਸਰਬਸਾਂਝੀ ਗਊਸ਼ਾਲਾ,ਬੇਸਹਾਰਾ ਨੰਦਨੀ ਗਊਸ਼ਾਲਾ,ਸ਼੍ਰੀ ਰਾਮ ਬਾਗ ਪ੍ਰਬੰਧਕ ਕਮੇਟੀ,ਹੈਲਪਿੰਗ ਹੈਡਜ ਚੈਰੀਟੇਬਲ ਟਰੱਸਟ,ਸ਼੍ਰੀ ਕਰਿਸ਼ਨਾਂ ਡਰਾਮਾਟਿਕ ਕਲੱਬ, ਸ਼੍ਰੀ ਗਊ ਸੇਵਾ ਸੰਮਤੀ, ਧਾਰਨ ਸਮਾਜ ਧਰਮਸ਼ਾਲਾ ਵੈਲਫੇਅਰ ਸੋਸਾਇਟੀ ਮੌੜ ਖੁਰਦ, ਸ਼੍ਰੀ ਗੁਰੂ ਰਵੀਦਾਸ ਮੰਦਰ ਅਤੇ ਧਰਮਸ਼ਾਲਾ,ਸੰਤ ਕਬੀਰ ਧਾਨਕ ਸਮਾਜ,ਧਰਮਸ਼ਾਲਾ ਕਮੇਟੀ,ਸ੍ਰੀ ਗੁਰੂ ਰਵਿਦਾਸ ਜੀ ਧਰਮਸ਼ਾਲਾ ਕਮੇਟੀ, ਪਾਰਕ ਵਿੱਚ ਓਪਨ ਜਿੰਮ ਵਾਰਡ ਨੰਬਰ 2 ,ਮਾਲਵਾ ਐਜੂਕੇਸ਼ਨ ਐਂਡ ਅਵੇਰਨੈਸ ਫਾਊਡੇਸਨ,ਸਰਬਸਾਝੀ ਧਰਮਸ਼ਾਲਾ ਪ੍ਰਬੰਧਕ ਕਮੇਟੀ ਗਾਂਧੀ ਬਸਤੀ ਨੂੰ ਗ੍ਰਾਂਟ ਜਾਰੀ ਕੀਤੀ ਗਈ। ਪਿੰਡ ਰਾਏਖਾਨਾ ਨੂੰ 91 ਲੱਖ 35 ਹਜ਼ਾਰ ਰੁਪਏ ਦੀ ਗ੍ਰਾਂਟ ਦਿੱਤੀ ਤੇ ਨਾਲ ਹੀ ਹੋਰਨਾਂ ਪਿੰਡਾਂ ਲਈ 56 ਲੱਖ 35 ਹਜ਼ਾਰ ਰੁਪਏ ਦਾ ਚੈੱਕ ਦਿੱਤਾ ਗਿਆ ਅਤੇ ਮੇਨ ਸੜਕ ਤੋਂ ਛੱਪੜਾਂ ਵਾਲੇ ਕੱਚੇ ਰਸਤੇ ਤੇ ਨਵੀਂ ਸੜਕ ਬਣਾਉਣ ਲਈ 54 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਮੌੜ ਹਲਕੇ ਵਿੱਚ ਵਿਕਾਸ ਕਾਰਜਾਂ ਲਈ ਹੋਰ ਗ੍ਰਾਂਟ ਦੇ ਚੈੱਕ ਵੰਡੇ ਜਾਣਗੇ।

Our Visitor

1895411