ਲੂਣ ’ਚ ਲੁਕੋ ਕੇ ਲਿਆਂਦੀ ਜਾ ਰਹੀ ਪੌਣੇ 12 ਕੁਇੰਟਲ ਭੁੱਕੀ ਬਰਾਮਦ
ਸੁਖਜਿੰਦਰ ਮਾਨ
ਬਠਿੰਡਾ, 30 ਦਸੰਬਰ: ਬਠਿੰਡਾ ਪੁਲਿਸ ਨੇ ਅੱਜ ਇੱਕ ਵੱਡੀ ਕਾਰਵਾਈ ਕਰਦਿਆਂ ਰਾਜਸਥਾਨ ਤੋਂ ਲੂਣ ’ਚ ਲੁਕੋਂ ਕੇ ਲਿਆਂਦੀ ਜਾ ਰਹੀ ਭੁੱਕੀ ਦਾ ਟਰੱਕ ਕਾਬੂ ਕੀਤਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਟਰੱਕ ਵਿਚੋਂ 59 ਗੱਟੇ ਭੁੱਕੀ ਦੇ ਬਰਾਮਦ ਹੋਏ ਹਨ, ਜਿਸਦਾ ਵਜ਼ਨ 11 ਕੁਇੰਟਲ 80 ਕਿਲੋਂ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਅਜੇ ਮਲੂਜਾ ਨੇ ਦਸਿਆ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਪਥਰਾਲਾ ਚੌਕੀ ਵਲੋਂ ਲਗਾਏ ਗਏ ਵਿਸੇਸ ਨਾਕੇ ’ਤੇ ਜਦ ਇਸ ਟਰੱਕ ਨੂੰ ਰੋਕ ਕੇ ਤਲਾਸ਼ੀ ਲਈ ਗਈ। ਇਸ ਮੌਕੇ ਟਰੱਕ ਨੰਬਰ ਪੀਬੀ 13-ਬੀਸੀ-8098 ਦਾ ਡਰਾਈਵਰ ਚਮਕੌਰ ਸਿੰਘ ਵਾਸੀ ਜੇਠੂਕੇ ਵੀ ਗਿ੍ਰਫਤਾਰ ਕੀਤਾ ਗਿਆ। ਮੁਢਲੀ ਪੁਛਗਿਛ ਦੌਰਾਨ ਇਹ ਭੁੱਕੀ ਰਾਜ਼ਸਥਾਨ ਵਿਚੋਂ ਲਿਆਂਦੀ ਗਈ ਹੈ ਤੇ ਪੁਲਿਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਕਿ ਅੱਗੇ ਇਹ ਸਪਲਾਈ ਕਿੱਥੇ ਦਿੱਤੀ ਜਾਣੀ ਸੀ ਤੇ ਇਸ ਵਿਚ ਹੋਰ ਕੌਣ-ਕੌਣ ਭਾਗੀਦਾਰ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸ਼ੀ ਵਿਰੁਧ ਮੁਕੱਦਮਾਂ ਨੰ: 220 ਅ/ਧ 15-ਛ/61/85 ਐਨਡੀਪੀਐਸ ਐਕਟ ਤਹਿਤ ਥਾਣਾ ਸੰਗਤ ਵਿਖੇ ਦਰਜ ਕਰ ਲਿਆ ਗਿਆ ਹੈ।
ਬਠਿੰਡਾ ’ਚ ਭੁੱਕੀ ਦਾ ਭਰਿਆ ਟਰੱਕ ਕਾਬੂ
ਸਿਹਤ ਵਿਭਾਗ ਨੇ ਮਨਾਇਆ ਆਜ਼ਾਦੀ ਦਾ ਅੰਮਿ੍ਰਤ ਮਹਾਂਉਤਸਵ
ਸੁਖਜਿੰਦਰ ਮਾਨ
ਬਠਿੰਡਾ, 30 ਦਸੰਬਰ: ਸਿਹਤ ਵਿਭਾਗ ਵਲੋਂ ਅੱਜ ਆਜ਼ਾਦੀ ਦੇ ਅੰਮਿ੍ਰਤ ਮਹਾਂਉਤਸਵ ਸਥਾਨਕ ਜੱਚਾ ਬੱਚਾ ਹਸਪਤਾਲ ਵਿਖੇ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸਿਵਲ ਸਰਜਨ ਡਾ. ਤਜਵੰਤ ਸਿੰਘ ਢਿੱਲੋਂ ਨੇ ਕੀਤੀ ਜਦੋਂਕਿ ਐਸ.ਡੀ.ਐਮ ਕੰਵਰਜੀਤ ਸਿੰਘ ਮਾਨ ਵਿਸੇਸ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਸਿਵਲ ਸਰਜਨ ਡਾ.ਢਿੱਲੋਂ ਵਲੋਂ ਕਰੋਨਾ ਤੋਂ ਬਚਾਅ ਲਈ ਟੀਕਾਕਰਨ ਦੀਆਂ ਦੋਵੇਂ ਡੋਜ਼ਾਂ ਲਗਾਉਣ ਦੀ ਮਹੱਤਤਾ ’ਤੇ ਜੋਰ ਦਿੰਦਿਆਂ ਉਮੀਕਰੋਨ ਦੀ ਤੀਜ਼ੀ ਲਹਿਰ ਤੋਂ ਬਚਣ ਲਈ ਆਮ ਲੋਕਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ। ਪ੍ਰੋਗਰਾਮ ਦੌਰਾਨ ਨਾਟਕ ਟੀਮ ਵੱਲੋਂ ਇੱਕ ਸਕਿੱਟ ਰਾਹੀਂ ਕੋਰੋਨਾ ਦੇ ਟੀਕਾਕਰਨ ਬਾਰੇ ਸੁਨੇਹਾ ਦਿੱਤਾ ਗਿਆ। ਇਸ ਮੌਕੇ ਜ਼ਿਲਾ ਟੀਕਾਕਰਨ ਅਫ਼ਸਰ ਡਾ. ਮੀਨਾਕਸ਼ੀ ਸਿੰਗਲਾ, ਡੀ.ਐਮ.ਸੀ. ਡਾ. ਰਮਨਦੀਪ ਸਿੰਗਲਾ, ਅਸਿਸਟੈਂਟ ਡਾਇਰੈਕਟਰ ਯੂਥ ਸੇਵਾਵਾਂ ਕੁਲਵਿੰਦਰ ਸਿੰਘ, ਜ਼ਿਲਾ ਮਾਸ ਮੀਡੀਆ ਅਫ਼ਸਰ ਜਗਤਾਰ ਸਿੰਘ ਬਰਾੜ, ਕੁਲਵੰਤ ਸਿੰਘ, ਪਿ੍ਰੰਸੀਪਲ ਸੁਰਜੀਤ ਕੌਰ, ਪਿ੍ਰੰਸੀਪਲ ਅਨੀਤਾ ਰਾਣੀ ਹਾਜ਼ਰ ਸਨ।
ਸ਼ਹਿਰ ਦੀ ਤਰੱਕੀ ਤੇ ਲੋਕਾਂ ਦੀ ਭਲਾਈ ਲਈ ਕੰਮ ਕਰਾਂਗਾ: ਜਗਰੂਪ ਗਿੱਲ
ਸੁਖਜਿੰਦਰ ਮਾਨ
ਬਠਿੰਡਾ, 30 ਦਸੰਬਰ: ਬੀਤੇ ਕੱਲ ਆਮ ਆਦਮੀ ਪਾਰਟੀ ਵਲੋਂ ਬਠਿੰਡਾ ਸ਼ਹਿਰੀ ਹਲਕੇ ਤੋਂ ਐਲਾਨੇਂ ਉਮੀਦਵਾਰ ਜਗਰੂਪ ਸਿੰਘ ਗਿੱਲ ਨੇ ਅੱਜ ਪਲੇਠੀ ਕਾਨਫਰੰਸ ਕਰਦਿਆਂ ਦਾਅਵਾ ਕੀਤਾ ਕਿ ਉਹ ਸ਼ਹਿਰ ਦੀ ਤਰੱਕੀ ਤੇ ਲੋਕਾਂ ਦੀ ਭਲਾਈ ਹਮੇਸ਼ਾ ਕੰਮ ਕਰਦੇ ਰਹਿਣਗੇ। ਸਥਾਨਕ ਪਾਰਟੀ ਦਫ਼ਤਰ ’ਚ ਸ਼ਹਿਰ ਦੇ ਸਮੂਹ ਆਗੂਆਂ ਨੂੰ ਇੱਕਜੁਟਤਾ ਦੀ ਲੜੀ ’ਚ ਪ੍ਰੋਰਦਿਆਂ ਸ: ਗਿੱਲ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਹੁਣ ਸੂਬੇ ਦੀਆਂ ਰਿਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਹਨ ਤੇ ਇਸ ਵਾਰ ਉਹ ਆਪ ਨੂੰ ਮੌਕਾ ਦੇਣਗੇ। ਅਪਣੇ ਸਿਆਸੀ ਵਿਰੋਧੀ ਮਨਪ੍ਰੀਤ ਸਿੰਘ ਬਾਦਲ ’ਤੇ ਸਿਆਸੀ ਹਮਲੇ ਕਰਦਿਆਂ ਸ: ਗਿੱਲ ਨੇ ਕਿਹਾ ਕਿ ਸ਼ਹਿਰ ਦੇ ਲੋਕ ਵਿਤ ਮੰਤਰੀ ਨੂੰ ਅਜਾਮ ਚੁੱਕੇ ਹਨ ਤੇ ਉਨ੍ਹਾਂ ਵਲੋਂ 2017 ਦੀਆਂ ਚੋਣਾਂ ਤੋਂ ਪਹਿਲੇ ਕੀਤੇ ਵਾਅਦੇ ਹਾਲੇ ਤੱਕ ਵਫ਼ਾ ਨਹੀਂ ਹੋ ਸਕੇ ਹਨ, ਜਿਸਦੇ ਚੱਲਦੇ ਉਹ ਵਾਅਦਿਆਂ ਦੀ ਬਜ਼ਾਏ ਕੰਮ ਨੂੰ ਤਰਜੀਹ ਦੇਣਗੇ। ਇਸ ਮੌਕੇ ਉਨ੍ਹਾਂ ਸਮੂਹ ਲੀਡਰਸ਼ਿਪ ਨੂੰ ਨਾਲ ਲੈ ਕੇ ਇਤਿਹਾਸਕ ਗੁਰਦੂਆਰਾ ਕਿਲਾ ਮੁਬਾਰਕ ਸਾਹਿਬ ਤੇ ਪ੍ਰਚੀਨ ਮੰਦਰ ਵਿਖੇ ਵੀ ਮੱਥਾ ਟੇਕਿਆ। ਗੌਰਤਲਬ ਹੈ ਕਿ ਨਗਰ ਸੁਧਾਰ ਟਰੱਸਟ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਹਿ ਚੁੱਕੇ ਸ: ਗਿੱਲ 1979 ਤੋਂ ਲਗਾਤਾਰ ਸ਼ਹਿਰ ਦੇ ਕੋਂਸਲਰ ਵੀ ਚੱਲੇ ਆ ਰਹੇ ਹਨ। ਕਰੀਬ ਦੋ ਮਹੀਨੇ ਪਹਿਲਾਂ ਪਾਰਟੀ ਨੇ ਉਨ੍ਹਾਂ ਨੂੰ ਹਲਕਾ ਇੰਚਾਰਜ਼ ਲਗਾਇਆ ਸੀ। ਅੱਜ ਦੀ ਪ੍ਰੈਸ ਕਾਨਫਰੰਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਨਵਦੀਪ ਸਿੰਘ ਜੀਦਾ, ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਅੰਮਿ੍ਰਤ ਲਾਲ ਅਗਰਵਾਲ, ਸੀਨੀਅਰ ਆਗੂ ਅਨਿਲ ਠਾਕੁਰ, ਬਲਜਿੰਦਰ ਸਿੰਘ ਬਰਾੜ, ਐੱਮ ਐੱਲ ਜਿੰਦਲ, ਸੁਖਬੀਰ ਸਿੰਘ ਬਰਾੜ, ਯੂਥ ਵਿੰਗ ਦੇ ਪ੍ਰਧਾਨ ਅਮਰਦੀਪ ਰਾਜਨ, ਸਤਵੀਰ ਕੌਰ, ਮਨਦੀਪ ਕੌਰ ਰਾਮਗੜ੍ਹੀਆ, ਮਨਜੀਤ ਸਿੰਘ ਲਹਿਰਾ, ਮਹਿੰਦਰ ਸਿੰਘ ਫੁੱਲੋ ਮਿੱਠੀ, ਗੁਰਪ੍ਰੀਤ ਸਿੰਘ ਸਿੱਧੂ, ਬਲਦੇਵ ਸਿੰਘ, ਕੋਂਸਲਰ ਸੁਖਦੀਪ ਸਿੰਘ ਆਦਿ ਵੀ ਹਾਜ਼ਰ ਰਹੇ।
ਕਿਸਾਨਾਂ ਦਾ ਪੱਕਾ ਮੋਰਚਾ ਗਿਆਰਵੇਂ ਦਿਨ ਵੀ ਜਾਰੀ
ਸੁਖਜਿੰਦਰ ਮਾਨ
ਬਠਿੰਡਾ, 30 ਦਸੰਬਰ: ਪੰਜਾਬ ਸਰਕਾਰ ਦੁਆਰਾ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸਥਾਨਕ ਮਿੰਨੀ ਸਕੱਤਰੇਤ ਅੱਗੇ ਚੱਲ ਰਿਹਾ ਦਿਨ ਰਾਤ ਦਾ ਪੱਕਾ ਕਿਸਾਨ ਮੋਰਚਾ ਅੱਜ ਗਿਆਰਵੇਂ ਦਿਨ ਵੀ ਜਾਰੀ ਰਿਹਾ। ਅੱਜ ਸਟੇਜ ਤੋਂ ਸੰਬੋਧਨ ਕਰਦਿਆਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ ਅਤੇ ਔਰਤ ਜੱਥੇਬੰਦੀ ਦੇ ਆਗੂ ਪਰਮਜੀਤ ਕੌਰ ਪਿੱਥੋ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸਿਰਫ ਐਲਾਨ ਹੀ ਕੀਤੇ ਜਾਂਦੇ ਹਨ ਤੇ ਇੰਨ੍ਹਾਂ ਐਲਾਨਾਂ ਉਪਰ ਕੋਈ ਅਮਲ ਨਹੀਂ ਹੋਇਆ। ਜਗਦੇਵ ਸਿੰਘ ਜੋਗੇਵਾਲਾ ਅਤੇ ਹਰਪ੍ਰੀਤ ਕੌਰ ਜੇਠੂਕੇ ਨੇ ਕਿਹਾ ਕਿ ਇਸ ਵਾਰ ਨਰਮੇ ਦੀ ਫਸਲ ’ਤੇ ਹੋਏ ਗੁਲਾਬੀ ਸੁੰਡੀ ਦੇ ਹਮਲੇ ਸਬੰਧੀ 29 ਸਤੰਬਰ ਤੋਂ ਕਿਸਾਨਾਂ ਨੇ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ ਪ੍ਰੰਤੂ ਹਾਲੇ ਤੱਕ ਕਿਸਾਨਾਂ ਨੂੰ ਪੂਰਨ ਮੁਆਵਜ਼ਾ ਨਹੀਂ ਮਿਲ ਸਕਿਆ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਨਰਮੇ ਦੇ ਮੁਆਵਜ਼ੇ ਸਬੰਧੀ ਪੰਜ ਏਕੜ ਤਕ ਮੁਆਵਜ਼ਾ ਦੇਣ ਦੀ ਸ਼ਰਤ ਹਟਾਈ ਜਾਵੇ ਅਤੇ ਕਿਸਾਨਾਂ ਖਿਲਾਫ਼ ਅੰਦੋਲਨ ਦੌਰਾਨ ਅਤੇ ਪਰਾਲੀ ਸਾੜਨ ਸਬੰਧੀ ਦਰਜ ਕੀਤੇ ਪੁਲਸ ਕੇਸ ਤੁਰੰਤ ਰੱਦ ਕੀਤੇ ਜਾਣ। ਅੱਜ ਦੇ ਧਰਨੇ ਦੌਰਾਨ ਡੀਟੀਐਫ ਨੇ ਕਿਸਾਨਾਂ ਦੀ ਹਿਮਾਇਤ ਦੇਣ ਦਾ ਐਲਾਨ ਕੀਤਾ। ਅੱਜ ਦੀ ਸਟੇਜ ਤੋਂ ਰਾਮ ਸਿੰਘ ਨਿਰਮਾਣ, ਹਰਮਨ ਸ਼ਤਰਾਂ, ਦਵਿੰਦਰ ਭੂੰਦੜ, ਹਰਸ਼ ਪਥਰਾਲਾ ,ਗੁਰਮੇਲ ਸਿੰਘ ਭੂੰਦੜ ਨੇ ਵੀ ਸੰਬੋਧਨ ਕੀਤਾ।
ਏਡਿਡ ਸਕੂਲ ਅਧਿਆਪਕ ਤੇ ਕਰਮਚਾਰੀ ਯੂਨੀਅਨ ਨੇ ਘੇਰਿਆ ਵਿਤ ਮੰਤਰੀ ਦਾ ਦਫ਼ਤਰ
ਸੁਖਜਿੰਦਰ ਮਾਨ
ਬਠਿੰਡਾ, 30 ਦਸੰਬਰ: ਪਿਛਲੇ ਲੰਮੇ ਸਮੇਂ ਤੋਂ ਅਪਣੀਆਂ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ’ਤੇ ਬੈਠੇਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ (ਏਡਿਡ)ਸਕੂਲਾਂ ਦੇ ਅਧਿਆਪਕਾਂ ਅਤੇ ਹੋਰ ਕਰਮਚਾਰੀ ਯੂਨੀਅਨ ਵਲੋਂ ਅੱਜ ਵਿਤ ਮੰਤਰੀ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਸੂੁਬਾ ਪੱਧਰੀ ਰੈਲੀ ਕੀਤੀ ਗਈ, ਜਿਸ ਵਿਚ ਪੰਜਾਬ ਸਰਕਾਰ ਵਿਰੁਧ ਰੋਹ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਸਰਕਾਰ ਵਿਰੁਧ ਭਾਰੀ ਨਾਅਰੇਬਾਜ਼ੀ ਕੀਤੀ। ਰੈਲੀ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਬਠਿੰਡਾ, ਜਲੰਧਰ, ਲੁਧਿਆਣਾ, ਗੁਰਦਾਸਪੁਰ, ਅੰਮਿ੍ਰਤਸਰ, ਪਟਿਆਲਾ, ਨਾਭਾ, ਫਿਰੋਜ਼ਪੁਰ, ਫਰੀਦਕੋਟ, ਕੋਟਕਪੂਰਾ, ਜੈਤੋ, ਅਬੋਹਰ, ਬਰਨਾਲਾ ਤੋਂ ਭਾਰੀ ਗਿਣਤੀ ਵਿੱਚ ਅਧਿਆਪਕਾਂ ਤੇ ਕਰਮਚਾਰੀਆਂ ਨੇ ਹਿੱਸਾ ਲਿਆ। ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸ੍ਰੀਕਾਂਤ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਏਡਿਡ ਸਕੂਲਾਂ ਦੇ ਕਰਮਚਾਰੀਆਂ ਤੇ ਛੇਵਾਂ ਪੇ-ਕਮਿਸ਼ਨ ਹਾਲੇ ਤੱਕ ਲਾਗੂ ਨਹੀਂ ਕੀਤਾ ਗਿਆ ਜਦੋਕਿ ਪੰਜਾਬ ਸਰਕਾਰ ਦੇ ਸਾਰੇ ਕਰਮਚਾਰੀਆਂ ਨੂੰ ਇਹ ਪੇ-ਕਮਿਸ਼ਨ ਦੇ ਦਿੱਤਾ ਗਿਆ ਹੈ। ਅੱਜ ਦੀ ਰੈਲੀ ਗੋਲ ਡਿੱਗੀ ਤੋਂ ਸ਼ੁਰੂ ਹੋਕੇ ਸ਼ਹਿਰ ਦੇ ਮੁੱਖ ਬਾਜ਼ਾਰ ਹਸਪਤਾਲ ਬਾਜ਼ਾਰ, ਸਦਭਾਵਨਾ ਚੋਂਕ, ਧੋਬੀ ਬਾਜ਼ਾਰ, ਫਾਇਰ ਬਿ੍ਰਗੇਡ ਚੋਂਕ, ਮਾਲ ਰੋਡ ਤੇ ਹਨੂਮਾਨ ਚੋਂਕ ’ਤੇ ਅਧਿਆਪਿਕਾਵਾ ਵਲੋਂ ਜ਼ੋਰਦਾਰ ਪਿਟ ਸਿਆਪਾ ਕਰਦਿਆਂ ਕਾਂਗਰਸ ਦਫਤਰ ਪਹੁੰਚ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਨ ਸਿੰਘ, ਪਵਨ ਸ਼ਾਸਤਰੀ, ਜਸਪਾਲ ਮਹਿਤਾ, ਦੀਪਕ ਕੁਮਾਰ, ਸਤੀਸ਼ ਸ਼ਰਮਾ, ਵਿਕਰਮਜੀਤ ਸਿੰਘ, ਗੁਰਤੇਜ ਸਿੰਘ, ਕੁਲਦੀਪ ਸਿੰਘ, ਪਿ੍ਰੰਸੀਪਲ, ਜਿਲ੍ਹਾ ਲੁਧਿਆਣਾ ਦੇ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ, ਸੈਕਟਰੀ ਕਰਮਜੀਤ ਰਾਣੋ,ਅਰਵਿੰਦ ਬੈਂਸ ਪ੍ਰਧਾਨ, ਨਰੇਂਦਰਪਾਲ ਸਿੰਘ ਸੈਕਟਰੀ, ਪਟਿਆਲਾ ਤੋਂ ਅਨਿਲ ਭਾਰਤੀ ਪ੍ਰਧਾਨ, ਜਿਲ੍ਹਾ ਗੁਦਾਸਪੁਰ ਤੋਂ ਪ੍ਰਧਾਨ ਪਰਮਜੀਤ ਸਿੰਘ, ਸੈਕਟਰੀ ਸੁਰਿੰਦਰ ਸਿੰਘ ਸੋਢੀ,ਸ੍ਰੀ ਅੰਮਿ੍ਰਤਸਰ ਤੋਂ ਪ੍ਰਧਾਨ ਰਾਜ ਕੁਮਾਰ ਮਿਸ਼ਰਾ, ਸੈਕਟਰੀ ਅਜੇ ਚੌਹਾਨ, ਫਿਰੋਜਪੁਰ ਤੋਂ ਅਸ਼ੋਕ ਵਡੇਰਾ, ਨਾਭਾ ਤੋਂ ਅਸ਼ਵਨੀ ਕੁਮਾਰ, ਫਰੀਦਕੋਟ ਤੋਂ ਪਰਮਜੀਤ ਸਿੰਘ, ਅਬੋਹਰ ਤੋਂ ਬਾਲਕਿ੍ਰਸ਼ਨ ਗੁਪਤਾ ਨੇ ਭਾਰੀ ਗਿਣਤੀ ਵਿਚ ਅਪਣੇ ਅਧਿਆਪਕ ਸਾਥੀਆਂ ਨਾਲ ਰੈਲੀ ਵਿਚ ਸ਼ਿਰਕਤ ਕੀਤੀ।
ਕਾਂਗਰਸ ਨੂੰ ਝਟਕਾ: ਬਠਿੰਡਾ ਦੇ ਟਕਸਾਲੀ ਆਗੂ ਨੇ ਫ਼ੜਿਆ ਕੈਪਟਨ ਦਾ ਪੱਲਾ
ਭਾਜਪਾ ਗਠਜੋੜ ਦਾ ਬਠਿੰਡਾ ਸ਼ਹਿਰ ਤੋਂ ਬਣ ਸਕਦਾ ਹੈ ਉਮੀਦਵਾਰ
ਸੁਖਜਿੰਦਰ ਮਾਨ
ਬਠਿੰਡਾ, 30 ਦਸੰਬਰ: ਸਥਾਨਕ ਸ਼ਹਿਰ ਦੇ ਪ੍ਰਮੁੱਖ ਕਾਂਗਰਸੀ ਆਗੂ ਰਾਜ ਨੰਬਰਦਾਰ ਨੇ ਅੱਜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਲੋਕ ਕਾਂਗਰਸ ਦਾ ਪੱਲਾ ਫ਼ੜ ਲਿਆ। ਉਨ੍ਹਾਂ ਨੂੰ ਪਾਰਟੀ ਵਿਚ ਕੈਪਟਨ ਤੋਂ ਇਲਾਵਾ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਨੇ ਜੀ ਆਇਆ ਕਿਹਾ। ਸ਼੍ਰੀ ਨੰਬਰਦਾਰ ਖ਼ੁਦ ਬਠਿੰਡਾ ਸ਼ਹਿਰੀ ਹਲਕੇ ਤੋਂ ਪਾਰਟੀ ਦੇ ਟਿਕਟ ਦਾਅਵੇਦਾਰ ਸਨ ਤੇ ਉਨ੍ਹਾਂ ਦੇ ਮਹਰੂਮ ਪਿਤਾ ਨੇ ਵੀ ਇਸ ਹਲਕੇ ਤੋਂ ਚੋਣ ਲੜੀ ਸੀ। ਜਦੋਂਕਿ ਨੰਬਰਦਾਰ ਦਾ ਪੁੱਤਰ ਸ਼ਹਿਰ ਦਾ ਕੋਂਸਲਰ ਹੈ। ਹਾਲਾਂਕਿ ਮਨਪ੍ਰੀਤ ਬਾਦਲ ਦੇ ਨਜਦੀਕੀ ਦਾਅਵਾ ਕਰ ਰਹੇ ਹਨ ਕਿ ਵਿਰੋਧੀ ਵੋਟਾਂ ਦੀ ਵੰਡ ਉਨ੍ਹਾਂ ਦੀ ਜਿੱਤ ਨੂੰ ਹੋਰ ਪੱਕਾ ਕਰੇਗੀ ਪ੍ਰੰਤੂ ਸਿਆਸੀ ਮਾਹਰ ਇਸਨੂੰ ਕਾਂਗਰਸ ਲਈ ਨੁਕਸਾਨਦੇਹ ਦੱਸ ਰਹੇ ਹਨ। ਗੌਰਤਲਬ ਹੈ ਕਿ ਵਿਤ ਮੰਤਰੀ ਨਾਲ ਨਰਾਜ਼ ਚੱਲ ਰਹੇ ਰਾਜ ਨੰਬਰਦਾਰ ਨੇ ਪਿਛਲੇ ਦਿਨੀਂ ਸ਼ਹਿਰ ਵਿਚ ਅਪਣੇ ਦਿਓ-ਕੱਦ ਫਲੈਕਸ ਲਗਾ ਕੇ ਤਰਥੱਲੀ ਮਚਾ ਦਿੱਤੀ ਸੀ, ਜਿਸ ਵਿਚ ‘ਨਾ ਡਰ ਨਾ ਭਿ੍ਰਸਟਾਚਾਰ’ ਦੀ ਇਬਾਰਤ ਲਿਖ਼ ਕੇ ਅਸਿੱਧੇ ਤੌਰ ‘ਤੇ ਵਿਤ ਮੰਤਰੀ ਉਪਰ ਚੋਟ ਕੀਤੀ ਗਈ ਸੀ। ਇਸਦੇ ਜਵਾਬ ਵਿਚ ਮੰਤਰੀ ਵਲੋਂ ਵੀ ਸ਼ਹਿਰ ਦੇ ਅੱਠ ਕਾਂਗਰਸੀ ਆਗੂਆਂ ਦੀ ਫ਼ੋਟੋਆਂ ਵਾਲੇ ਫਲੈਕਸ ਲਗਾਏ ਗਏ ਸਨ। ਇੱਥੇ ਦਸਣਾ ਬਣਦਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਤੇ ਉਸਦੀ ਟੀਮ ਵਲੋਂ ਬਠਿੰਡਾ ਵਰਗੇ ਵੱਡੇ ਮਹਾਂਨਗਰ ਨੂੰ ਗਿੱਦੜਵਹਾ ਦੀ ਤਰਜ਼ ’ਤੇ ‘ਚਲਾਉਣ’ ਕਾਰਨ ਸ਼ਹਿਰ ਦੇ ਜਿਆਦਾਤਰ ਟਕਸਾਲੀ ਕਾਂਗਰਸੀਆਂ ਵਿਚ ਨਰਾਜ਼ਗੀ ਪਾਈ ਜਾ ਰਹੀ ਹੈ। ਉਧਰ ਪਾਰਟੀ ਛੱਡਣ ਤੋਂ ਬਾਅਦ ਰਾਜ ਨੰਬਰਦਾਰ ਨੇ ਦਾਅਵਾ ਕੀਤਾ ਕਿ ‘‘ ਜਿੱਥੇ ਵੀ ਉਸਦੀ ਡਿਊਟੀ ਲਗਾਈ ਜਾਵੇਗੀ ਤੇ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਨਾਲ ਹੀ ਸ਼ਹਿਰ ’ਚ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ, ਨਜਾਇਜ਼ ਇਮਾਰਤਾਂ ਦੀਆਂ ਉਸਾਰੀਆਂ ਤੇ ਪੁਲਿਸ ਡਰਾਵੇਂ ਦੇ ਭੈਅ ਤੋਂ ਸ਼ਹਿਰੀਆਂ ਨੂੰ ਮੁਕਤ ਕਰਨ ਦਾ ਵੀ ਬੀੜਾ ਚੁੱਕਣਗੇ। ’’
ਰਣਜੀਤ ਸਿੰਘ ਬ੍ਰਹਮਪੁਰਾ ਖਡੂਰ ਸਾਹਿਬ ਤੋਂ ਹੋਣਗੇ ਅਕਾਲੀ ਦਲ ਦੇ ਉਮੀਦਵਾਰ
ਸੁਖਜਿੰਦਰ ਮਾਨ
ਚੰਡੀਗੜ੍ਹ, 28 ਦਸੰਬਰ: ਪਿਛਲੇ ਦਿਨੀਂ ਮੁੜ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲੇ ਰਣਜੀਤ ਸਿੰਘ ਬ੍ਰਹਮਬੁਰਾ ਨੂੰ ਅੱਜ ਪਾਰਟੀ ਨੇ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨਿਆ ਹੈ। ਸ: ਬ੍ਰਹਮਪੁਰਾ ਕਰੀਬ ਦੋ ਸਾਲ ਪਹਿਲਾਂ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਢਸਾ ਨਾਲ ਮਿਲਕੇ ਅਕਾਲੀ ਦਲ ਬਾਦਲ ਤਂੋ ਵੱਖ ਹੋ ਗਏ ਸਨ। ਪਰ ਉਹ ਢੀਂਢਸਾ ਨਾਲ ਵੀ ਭਾਜਪਾ ਨਾਲ ਚੋਣ ਗਠਜੋੜ ਕਰਨ ਦੇ ਮੁੱਦੇ ’ਤੇ ਵੱਖਰੇ ਹੋ ਗਏ ਸਨ। ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਦਸਿਆ ਕਿ ਸ: ਬ੍ਰਹਮਪੁਰਾ ਦੇ ਐਲਾਨ ਨਾਲ ਹੁਣ ਤੱਕ ਅਕਾਲੀ ਦਲ 93 ਉਮੀਦਵਾਰ ਐਲਾਨ ਚੁੱਕਿਆ ਹੈ ਜਦੋਂਕਿ ਹਾਲੇ ਤੱਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ਦਾ ਫੈਸਲਾ ਹੋਣਾ ਬਾਕੀ ਹੈ।
ਮੋਦੀ 5 ਨੂੰ ਪੰਜਾਬ ’ਚ ਕਰਨਗੇ ਚੋਣ ਮੁਹਿੰਮ ਸ਼ੁਰੂ
ਸੁਖਜਿੰਦਰ ਮਾਨ
ਫ਼ਿਰੋਜਪੁਰ, 28 ਦਸੰਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੇਤੀ ਬਿੱਲਾਂ ਦੀ ਵਾਪਸੀ ਤੋਂ ਬਾਅਦ ਪਹਿਲੀ ਵਾਰ ਆਗਾਮੀ 5 ਜਨਵਰੀ ਨੂੰ ਪੰਜਾਬ ਪੁੱਜ ਰਹੇ ਹਨ। ਉਕਤ ਦਿਨ ਉਹ ਭਾਜਪਾ ਵਲੋਂ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਤੇ ਹੋਰਨਾਂ ਦੀ ਅਗਵਾਈ ਵਿਚ ਰੱਖੀ ਚੋਣ ਮੁਹਿੰਮ ਨੂੰ ਸ਼ੁਰੂ ਕਰਨਗੇ। ਪਾਰਟੀ ਆਗੂਆਂ ਤੇ ਵਰਕਰਾਂ ਨੇ ਇਸ ਸਬੰਧ ਵਿਚ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਚਰਚਾ ਤਾਂ ਇਹ ਵੀ ਚੱਲ ਰਹੀ ਹੈ ਕਿ ਕਰੀਬ ਸਵਾ ਦੋ ਸਾਲਾਂ ਬਾਅਦ ਪਹਿਲੀ ਵਾਰ ਪੰਜਾਬ ਪੁੱਜ ਰਹੇ ਸ਼੍ਰੀ ਮੋਦੀ ਉਕਤ ਦਿਨ ਪੰਜਾਬ ਲਈ ਕੋਈ ਵੱਡਾ ਐਲਾਨ ਵੀ ਕਰ ਸਕਦੇ ਹਨ। ਜਿਕਰਯੋਗ ਹੈ ਕਿ ਖੇਤੀ ਬਿੱਲਾਂ ਕਾਰਨ ਅਕਾਲੀ ਦਲ ਤੋਂ ਅਲੱਗ ਹੋਣ ਤੋਂ ਬਾਅਦ ਭਾਜਪਾ ਪੰਜਾਬ ਵਿਚ ਪਹਿਲੀ ਵਾਰ ਇਕੱਲਿਆ ਵੱਡੀ ਪਾਰਟੀ ਦੇ ਰੂਪ ਵਿਚ ਚੋਣ ਲੜ ਰਹੀ ਹੈ। ਇਸ ਵਾਰ ਉਨ੍ਹਾਂ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਤੋਂ ਵੱਖ ਹੋਏ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਤੇ ਅਕਾਲੀਆਂ ਨਾਲੋਂ ਵੱਖ ਹੋ ਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਣਾਉਣ ਵਾਲੇ ਸੁਖਦੇਵ ਸਿੰਘ ਢੀਢਸਾ ਨਾਲ ਮਿਲਕੇ ਚੋਣ ਲੜ ਰਹੇ ਹਨ।
ਕਾਂਗਰਸ ਨੂੰ ਝਟਕਾ, ਦੋ ਵਿਧਾਇਕ ਭਾਜਪਾ ’ਚ ਹੋਏ ਸ਼ਾਮਲ
ਸੁਖਜਿੰਦਰ ਮਾਨ
ਚੰਡੀਗੜ੍ਹ, 28 ਦਸੰਬਰ: ਆਗਾਮੀ ਵਿਧਾਨ ਸਭਾ ਚੋਣਾਂ ’ਚ ਮੁੜ ਸਰਕਾਰ ਬਣਾਉਣ ਦੇ ਸੁਪਨੇ ਦੇਖ ਰਹੀ ਕਾਂਗਰਸ ਪਾਰਟੀ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਉਸ ਦੇ ਦੋ ਵਿਧਾਇਕ ਭਾਜਪਾ ’ਚ ਸ਼ਾਮਲ ਹੋ ਗਏ। ਇੰਨ੍ਹਾਂ ਵਿਧਾਇਕਾਂ ’ਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਚੋਣ ਮਨੋਰਥ ਪੱਤਰ ਕਮੇਟੀ ਦੇ ਚੇਅਰਮੈਨ ਪ੍ਰਤਾਪ ਸਿੰਘ ਬਾਜਵਾ ਦੇ ਛੋਟੇ ਭਰਾ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਅਤੇ ਉਨ੍ਹਾਂ ਦੇ ਨਜਦੀਕੀ ਮੰਨੇ ਜਾਂਦੇ ਬਲਵਿੰਦਰ ਸਿੰਘ ਲਾਡੀ ਸ਼ਾਮਲ ਹਨ। ਫ਼ਤਿਹ ਬਾਜਵਾ ਕਾਦੀਆ ਹਲਕੇ ਤੋਂ ਵਿਧਾਇਕ ਹਨ, ਜਿੱਥੋਂ ਹੁਣ ਉਨ੍ਹਾਂ ਦੇ ਵੱਡੇ ਭਰਾ ਪ੍ਰਤਾਪ ਸਿੰਘ ਬਾਜਵਾ ਚੋਣ ਲੜਣ ਲਈ ਕਮਰਕਸੇ ਕਸ ਰਹੇ ਹਨ। ਫ਼ਤਿਹ ਬਾਜਵਾ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਵੀ ਮੰਨਿਆ ਜਾਂਦਾ ਰਿਹਾ ਹੈ ਪ੍ਰੰਤੂ ਪਿਛਲੇ ਸਮੇਂ ਦੌਰਾਨ ਉਹ ਨਵਜੋਤ ਸਿੰਘ ਸਿੱਧੂ ਦੇ ਨੇੜੇ ਹੋ ਗਏ ਸਨ। ਸਿੱਧੂ ਨੇ ਉਨ੍ਹਾਂ ਦੇ ਹਲਕੇ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਟਿਕਟ ਦਿਵਾਉਣ ਦਾ ਵੀ ਭਰੋਸਾ ਦਿਵਾਇਆ ਸੀ। ਇਸੇ ਤਰ੍ਹਾਂ ਬਲਵਿੰਦਰ ਸਿੰਘ ਲਾਡੀ ਹਲਕਾ ਸ਼੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਹਨ। ਇਸਤੋਂ ਪਹਿਲਾਂ ਵੀ ਸਾਬਕਾ ਮੰਤਰੀ ਰਾਣਾ ਸੋਢੀ ਭਾਜਪਾ ਵਿਚ ਚਲੇ ਗਏ ਹਨ। ਸੂਤਰਾਂ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਕਾਂਗਰਸ ਨੂੰ ਹੋਰ ਵੱਡੇ ਝਟਕੇ ਲੱਗ ਸਕਦੇ ਹਨ।
ਇਲਾਕੇ ਦੇ ਉਘੇ ਵਪਾਰੀ ਅਮਰਜੀਤ ਮਹਿਤਾ ਹੋਏ ਆਪ ’ਚ ਸ਼ਾਮਲ
ਸੁਖਜਿੰਦਰ ਮਾਨ
ਬਠਿੰਡਾ, 28 ਦਸੰਬਰ: ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀਆਂ ਕਿਆਸਅਰਾਈਆਂ ਨੂੰ ਸੱਚ ਸਾਬਤ ਕਰਦੇ ਹੋਏ ਇਲਾਕੇ ਦੇ ਉਘੇ ਵਪਾਰੀ ਅਮਰਜੀਤ ਮਹਿਤਾ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ। ਇਸ ਸਬੰਧ ਵਿਚ ਚੰਡੀਗੜ੍ਹ ਵਿਖੇ ਇੱਕ ਸਮਾਗਮ ਦੌਰਾਨ ਪਾਰਟੀ ਦੇ ਕੌਮੀ ਕਨਵੀਨਰ ਤੇ ਦਿਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਦੀ ਹਾਜ਼ਰੀ ’ਚ ਝਾੜੂ ਚੁੱਕਦਿਆਂ ਸ਼੍ਰੀ ਮਹਿਤਾ ਨੇ ਪਾਰਟੀ ਲਈ ਕੰਮ ਕਰਨ ਦਾ ਭਰੋਸਾ ਦਿੱਤਾ। ਦਸਣਾ ਬਣਦਾ ਹੈ ਕਿ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਮਹਿਤਾ ਦੇ ਆਪ ’ਚ ਜਾਣ ਦੀਆਂ ਚਰਚਾਵਾਂ ਚੱਲ ਰਹੀਆਂ ਸਨ। ਉਨ੍ਹਾਂ ਵਲੋਂ ਮੁਲਾਜਮਾਂ ਦੇ ਹੱਕ ’ਚ ਬਠਿੰਡਾ ਤੋਂ ਸ਼੍ਰੀ ਅੰਮਿ੍ਰਤਸਰ ਸਾਹਿਬ ਤਕ ਪੈਦਲ ਮਾਰਚ ਕੱਢਣ ਤੋਂ ਇਲਾਵਾ ਵਪਾਰੀਆਂ ਲਈ ਵੀ ਵੱਡੇ ਮੁੱਦੇ ਚੁੱਕੇ ਗਏ ਸਨ। ਸੰਭਾਵਨਾ ਤਾਂ ਇਹ ਜਤਾਈ ਜਾ ਰਹੀ ਸੀ ਕਿ ਉਹ ਪਾਰਟੀ ਵਲਂੋ ਉਮੀਦਵਾਰ ਵੀ ਹੋ ਸਕਦੇ ਹਨ ਪ੍ਰੰਤੂ ਉਹ ਬਠਿੰਡਾ ਸਹਿਰੀ ਹਲਕੇ ਤੋਂ ਜਗਰੂਪ ਸਿੰਘ ਗਿੱਲ ਦੀ ਉਮੀਦਵਾਰੀ ਦੇ ਐਲਾਨ ਤੋਂ ਬਾਅਦ ਹੀ ਆਪ ਵਿਚ ਸ਼ਾਮਲ ਹੋਏ ਹਨ।







