ਸੁਖਜਿੰਦਰ ਮਾਨ
ਬਠਿੰਡਾ, 28 ਦਸੰਬਰ: ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਹਲਕਾ ਮੌੜ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ ਜਾਰੀ ਕੀਤੀ ਵਿਸ਼ੇਸ ਗਰਾਂਟ ਦੇ ਚੈਕ ਅੱਜ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਾਜਨ ਗਰਗ ਵੱਲੋਂ ਹਲਕਾ ਇੰਚਾਰਜ਼ ਸ਼੍ਰੀਮਤੀ ਮੰਜੂ ਬਾਂਸਲ ਨੂੰ ਸੋਂਪੇ ਗਏ।ਸਥਾਨਕ ਕਮੇਟੀ ਦਫ਼ਤਰ ’ਚ ਹੋਏ ਸੰਖੇਪ ਦੌਰਾਨ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਪਤਨੀ ਵੀਨੂੰ ਬਾਦਲ ਵੀ ਪੁੱਜੇ ਹੋਏ ਸਨ। ਇਸ ਮੌਕੇ ਚੇਅਰਮੈਨ ਸ੍ਰੀ ਗਰਗ ਨੇ ਦਸਿਆ ਕਿ ਸੂਬਾ ਸਰਕਾਰ ਵੱਲੋਂ ਹਲਕੇ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ 14 ਕਰੋੜ 99 ਲੱਖ 63 ਹਜ਼ਾਰ ਦੀ ਗ੍ਰਾਂਟ ਦੇ ਚੈੱਕ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਇਨਾਂ ’ਚ ਬਲਾਕ ਮੌੜ ਦੇ ਵੱਖ-ਵੱਖ 102 ਵਿਕਾਸ ਕਾਰਜਾਂ ਲਈ 628.73 ਲੱਖ, ਬਲਾਕ ਰਾਮਪੁਰਾ ਦੇ ਵੱਖ-ਵੱਖ 127 ਵਿਕਾਸ ਕਾਰਜਾਂ ਲਈ 752.90 ਲੱਖ, ਨਗਰ ਕੌਂਸਲ ਮੌੜ ਦੇ 15 ਵਿਕਾਸ ਕਾਰਜਾਂ ਲਈ 118.00 ਲੱਖ ਦੀ ਗਰਾਂਟ ਦੇ ਚੈੱਕ ਦਿੱਤੇ ਗਏ ਹਨ। ਇਸ ਮੌਕੇ ਮੇਅਰ ਨਗਰ ਨਿਗਮ ਸ਼੍ਰੀਮਤੀ ਰਮਨ ਗੋਇਲ, ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ, ਡਿਪਟੀ ਮੇਅਰ ਹਰਮੰਦਰ ਸਿੱਧੂ, ਚੇਅਰਮੈਨ ਮਾਰਕਿਟ ਕਮੇਟੀ ਮੋਹਨ ਲਾਲ ਝੂੰਬਾ, ਵਾਇਸ ਚੇਅਰਮੈਨ ਗੁਰਇਕਬਾਲ ਸਿੰਘ ਚਾਹਲ, ਸੀਨੀਅਰ ਕਾਂਗਰਸੀ ਆਗੂ ਸੰਦੀਪ ਗੋਇਲ, ਕਾਂਗਰਸ ਦੇ ਜਿਲ੍ਹਾ ਪ੍ਰਧਾਨ ਅਰੁਣ ਵਧਾਵਨ, ਚੇਅਰਪ੍ਰਸਨ ਬਲਾਕ ਸੰਮਤੀ ਮੌੜ ਸ਼੍ਰੀਮਤੀ ਸ਼ਰਨਜੀਤ ਕੌਰ, ਵਾਇਸ ਚੇਅਰਮੈਨ ਸ਼੍ਰੀਮਤੀ ਕੁਲਜੀਤ ਕੌਰ, ਵਾਇਸ ਪ੍ਰਧਾਨ ਮੌੜ ਦੀਪਕ ਮਿੱਤਲ, ਕਾਂਗਰਸ ਸੇਵਾ ਦਲ ਦੇ ਜਨਰਲ ਸਕੱਤਰ ਤਰਸੇਮ ਸਿੰਘ, ਚੇਅਰਮੈਨ ਬਲਾਕ ਸੰਮਤੀ ਰਾਮਪੁਰਾ ਸੈਂਬਰ ਸਿੰਘ,ਜਗਤਾਰ ਸਿੰਘ, ਭੋਜ ਰਾਜ, ਮਨਦੀਪ ਸਿੰਘ ਸਿੱਧੂ ਆਦਿ ਹਾਜ਼ਰ ਸਨ।
ਮੌੜ ਹਲਕੇ ਦੇਵੱਖ-ਵੱਖ ਵਿਕਾਸ ਕਾਰਜਾਂ ਲਈ ਕਰੀਬ 15 ਕਰੋੜ ਦੀ ਗ੍ਰਾਂਟ ਜਾਰੀ
ਪੰਜਾਬ ਨੁੰ ਬਚਾਉਣ ਲਈ ਸੂਬੇ ਵਿਚ ਭਾਜਪਾ ਸਰਕਾਰ ਜ਼ਰੂਰੀ : ਮਨਜਿੰਦਰ ਸਿੰਘ ਸਿਰਸਾ
ਸੰਜੀਦਾ ਆਗੂਆਂ ਦਾ ਪਾਰਟੀ ਵਿਚ ਸ਼ਾਮਲ ਹੋਣਾ ਭਾਜਪਾ ਵੱਲੋਂ ਸੂਬੇ ਵਿਚ ਸਰਕਾਰ ਬਣਾਉਣ ਦਾ ਸੰਕੇਤ
ਸੁਖਜਿੰਦਰ ਮਾਨ
ਚੰਡੀਗੜ, 28 ਦਸੰਬਰ : ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਿਹਾ ਕਿ ਪੰਜਾਬ ਨੁੰ ਹੋਰ ਤਬਾਹੀ ਤੋਂ ਬਚਾਉਣ ਵਾਸਤੇ ਸੂਬੇ ਵਿਚ ਭਾਜਪਾ ਸਰਕਾਰ ਦਾ ਬਣਨਾ ਜ਼ਰੂਰੀ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਿਰਸਾ ਨੇ ਕਿਹਾ ਕਿ ਜੇਕਰ ਭਾਜਪਾ ਨੇ ਸੂਬੇ ਦੀ ਵਾਗਡੋਰ ਸੰਭਾਲੀ ਹੁੰਦੀ ਤਾਂ ਹਾਲਾਤ ਵੱਖਰੇ ਹੁੰਦੇ । ਉਹਨਾਂ ਕਿਹਾ ਕਿ ਅੱਜ ਪੰਜਾਬ ਦੇ ਸਿਰ 4 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸੁਬੇ ਨੁੰ ਨਸ਼ਿਆਂ ਦਾ ਮਸਲਾ ਤੇ ਗੈਂਗਸਟਰ ਸਭਿਆਚਾਰ ਦਰਪੇਸ਼ ਹੈ। ਉਹਨਾਂ ਕਿਹਾ ਕਿ ਜੇਕਰ ਪੰਜਾਬ ਨੂੰ ਤਰੱਕੀ ਦੇ ਅਗਲੇ ਪੜਾਅ ਵਿਚ ਲੈ ਕੇ ਜਾਣਾ ਹੈ ਤਾਂ ਫਿਰ ਇਹ ਮਸਲੇ ਹੱਲ ਕਰਨੇ ਪੈਣਗੇ।
ਸਿਰਸਾ ਨੇ ਕਿਹਾ ਕਿ ਭਾਜਪਾ ਇਹ ਸਮਝਦੀ ਹੈ ਕਿ ਪੰਜਾਬ ਅਤੇ ਇਸਦੇ ਲੋਕਾਂ ਦੀ ਦੇਸ਼ ਵਾਸਤੇ ਅਤੇ ਦੁਨੀਆਂ ਵਾਸਤੇ ਅਹਿਮੀਅਤ ਕੀ ਹੈ ਤੇ ਸਿਰਫ ਭਾਜਪਾ ਹੀ ਸੂਬੇ ਨੁੰ ਤਰੱਕੀ ਦੇ ਰਾਹ ਲੈ ਕੇ ਜਾ ਸਕਦੀ ਹੈ ਤੇ ਸੁਬੇ ਨੁੰ ਦਰਪੇਸ਼ ਮੁਸ਼ਕਿਲਾਂ ਤੋਂ ਇਸਦਾ ਖਹਿਣਾ ਛੁਡਾ ਸਕਦੀ ਹੈ।
ਉਹਨਾਂ ਕਿਹਾ ਕਿ ਹੋਰ ਪਾਰਟੀਆਂ ਵਿਚ ਸੇਂਧ ਲਾਉਣ ਦੇ ਦਾਅਵੇ ਬਿਲਕੁਲ ਗਲਤ ਹਨ ਅਤੇ ਜਿਹੜੇ ਵੀ ਪੰਜਾਬ ਅਤੇ ਇਸਦੇ ਲੋਕਾਂ ਦੀ ਭਲਾਈ ਸੋਚਦੇ ਹਨ, ਉਹ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ। ਉਹਨਾਂ ਕਿਹਾ ਕਿ ਅੱਜ ਵੱਖ ਵੱਖ ਪਾਰਟੀਆਂ ਦੇਆਗੂ ਘਟੀਆ ਰਾਜਨੀਤੀ ਕਰ ਰਹੇ ਹਨ ਤੇ ਕੋਈ ਪੁਲਿਸ ਨੁੰ ਮਾੜਾ ਆਖ ਰਿਹਾ ਹੈ ਤੇ ਕੋਈ ਲੋਕਾਂ ਨੁੰ ਖੁਸ਼ ਕਰਨ ਵਾਸਤੇ ਭੰਗੜੇ ਪਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਨੁੰ ਸੰਜੀਦਾ ਲੀਡਰਸ਼ਿਪ ਦੀ ਜ਼ਰੂਰਤ ਹੈ ਜੋ ਪੰਜਾਬ ਦੀਆਂ ਸਮੱਸਿਆਵਾਂ ਸਮਝਦੀ ਹੋਵੇ, ਇਸਦੇ ਭੁਗੌਲਿਕ ਮਸਲੇ ਸਮਝਦੀ ਹੋਵੇ ਅਤੇ ਇਸਦੇ ਮਸਲੇ ਹੱਲ ਕਰ ਸਕਦੀ ਹੋਵੇ।
ਸਿਰਸਾ ਨੇ ਕਿਹਾ ਕਿ ਸੂਬੇ ਨੁੰ ਅੱਜ ਭਾਜਪਾ ਸਰਕਾਰ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਸਮੇਂ ਦੇ ਸ਼ਾਸਕਾਂ ਨੇ ਇਸ ਸੂਬੇ ਦਾ ਵੱਡਾ ਨੁਕਸਾਨ ਕੀਤਾ ਹੈ। ਉਹਨਾਂ ਕਿਹਾ ਕਿ ਅੱਜ ਭਾਜਪਾ ਇਹ ਸੋਚਦੀ ਹੈ ਕਿ ਇਸ ਵੱਲੋਂ ਆਪਣੇ ਭਾਈਵਾਲਾਂ ਨੂੰ ਰਾਜ ਸੱਤਾ ਚਲਾਉਣ ਦੇਣ ਦਾ ਪੰਜਾਬ ਨੁੰ ਵੱਡਾ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਤੁਲਨਾ ਹਿਮਾਚਲ ਪ੍ਰਦੇਸ਼ ਜਾਂ ਉੜੀਸਾ ਸਮੇਤ ਹੋਰ ਰਾਜਾਂ ਨਾਲ ਨਹੀਂ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਪੰਜਾਬ ਦੀ ਸਿਰਫ ਦੇਸ਼ ਹੀ ਨਹੀਂ ਬਲਕਿ ਪੂਰੇ ਵਿਸ਼ਵ ਵਿਚ ਬਹੁਤ ਮਹੱਤਤਾ ਹੈ। ਉਹਨਾਂ ਕਿਹਾ ਕਿ ਜਦੋਂ ਕਰਤਾਰਪੁਰ ਸਾਹਿਬ ਲਾਂਘਾ ਖੋਲਿਆ ਗਿਆ ਸੀ ਤਾਂ ਅਮਰੀਕਾ ਦੇ ਰਾਸ਼ਟਰਪਤੀ ਨੇ ਵੀ ਇਸਦੀ ਵਡਿਆਈ ਕੀਤੀ ਸੀ।
ਉਹਨਾਂ ਕਿਹਾ ਕਿ ਭਾਜਪਾ ਸਮਝਦੀ ਹੈ ਕਿ ਇਹ ਢੁਕਵਾਂ ਸਮਾਂ ਹੈ ਸੂਬੇ ਨੂੰ ਸਹੀ ਰਾਹ ਪਾਇਅ ਜਾਵੇ ਅਤੇ ਲੋਕ ਸਮਝਣ ਕਿ ਭਾਜਪਾ ਇਸਦੇ ਲਈ ਕਿੰਨੀ ਸੰਜੀਦਾ ਹੈ। ਉਹਨਾਂ ਕਿਹਾ ਕਿ ਆਉਦੀਆਂ ਚੋਣਾਂ ਤੋਂ ਬਾਅਦ ਸੂਬੇ ਵਿਚ ਭਾਜਪਾ ਦਾ ਆਪਣਾ ਮੁੱਖ ਮੰਤਰੀ ਹੋਵੇਗਾ ਜੋ ਸੂਬੇ ਦੀ ਤਰੱਕੀ, ਲੋਕਾਂ ਦੀ ਭਲਾਈ ਤੇ ਸੂਬੇ ਦੀ ਖੁਸ਼ਹਾਲੀ ਵਾਸਤੇ ਕੰਮ ਕਰੇਗਾ।
ਜੇ ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਲਈ ਜਨਰਲ ਡਾਇਰ ਜ਼ਿੰਮੇਵਾਰ ਸੀ ਤਾਂ ਬਰਗਾੜੀ ਮਾਮਲੇ ‘ਚ ਗੋਲੀ ਕਾਂਡ ਲਈ ਬਾਦਲ ਕਿਉਂ ਨਹੀਂ : ਚੰਨੀ
ਮੁੱਖ ਮੰਤਰੀ ਵੱਲੋਂ ਸੁਨਾਮ ਅਤੇ ਲੌਂਗੋਵਾਲ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਨੂੰ ਅਪਗ੍ਰੇਡ ਕਰਨ ਦਾ ਐਲਾਨ
ਸੁਨਾਮ ਵਿਧਾਨ ਸਭਾ ਹਲਕੇ ਦੀਆਂ ਸੜਕਾਂ ਦੇ ਨਵੀਨੀਕਰਨ ਅਤੇ ਮੁਰੰਮਤ ਲਈ 7 ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ
ਸੁਨਾਮ ਦੀਆਂ ਪੰਚਾਇਤਾਂ ਨੂੰ ਪੰਜਾਬ ਨਿਰਮਾਣ ਪ੍ਰੋਗਰਾਮ ਤਹਿਤ ਵੰਡੇ ਗ੍ਰਾਂਟਾਂ ਦੇ ਚੈੱਕ
ਸੁਖਜਿੰਦਰ ਮਾਨ
ਸੁਨਾਮ ਊਧਮ ਸਿੰਘ ਵਾਲਾ, 28 ਦਸੰਬਰ :ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕਿਹਾ ਕਿ ਜੇ ਜਲ੍ਹਿਆਂਵਾਲਾ ਕਤਲੇਆਮ ਲਈ ਜਨਰਲ ਡਾਇਰ ਜ਼ਿੰਮੇਵਾਰ ਸੀ ਤਾਂ ਬਰਗਾੜੀ ਮਾਮਲੇ ‘ਚ ਬੇਕਸੂਰ ਅਤੇ ਸ਼ਾਂਤਮਈ ਪ੍ਰਦਰਸ਼ਨਕਾਰੀਆਂ ‘ਤੇ ਗੋਲੀ ਚਲਾਉਣ ਲਈ ਬਾਦਲ ਕਿਉਂ ਨਹੀਂ ਹਨ।
ਇੱਥੇ ਸੁਨਾਮ ਦੀ ਅਨਾਜ ਮੰਡੀ ਵਿਖੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸਾਡੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਨੇ ਜਲ੍ਹਿਆਂਵਾਲਾ ਬਾਗ ਹੱਥਿਆਕਾਂਡ ਦਾ ਬਦਲਾ ਲੈਣ ਲਈ ਸਾਲਾਂ ਬੱਧੀ ਉਡੀਕ ਕੀਤੀ ਸੀ, ਜਿੱਥੇ ਜਨਰਲ ਡਾਇਰ ਦੇ ਹੁਕਮਾਂ `ਤੇ ਅੰਗਰੇਜ਼ਾਂ ਵੱਲੋਂ ਸੈਂਕੜੇ ਬੇਗੁਨਾਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ।
ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਬਰਗਾੜੀ ਮਾਮਲੇ ‘ਚ ਸ਼ਾਂਤਮਈ ਢੰਗ ਨਾਲ ਸ਼ਬਦ ਗਾਇਨ ਕਰ ਰਹੇ ਨਿਹੱਥੇ ਸਿੱਖ ਗੋਲੀਬਾਰੀ ਵਿੱਚ ਮਾਰੇ ਗਏ ਸਨ ਅਤੇ ਇਸ ਘਟਨਾ ਲਈ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਹੀ ਜ਼ਿੰਮੇਵਾਰ ਹਨ।ਸ਼ਹੀਦ ਊਧਮ ਸਿੰਘ ਦੇ ਅਜ਼ਾਦੀ ਸੰਘਰਸ਼ ਵਿੱਚ ਪਾਏ ਯੋਗਦਾਨ ਨੂੰ ਸਿਜਦਾ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਨੂੰ ਜਨਮ ਦੇਣ ਵਾਲੀ ਇਸ ਧਰਤੀ ਲਈ ਉਨ੍ਹਾਂ ਦਾ ਸਿਰ ਸ਼ਰਧਾ ਨਾਲ ਝੁਕਦਾ ਹੈ ਅਤੇ ੳਨ੍ਹਾਂ ਨੂੰ ਇਸ ਗੱਲ `ਤੇ ਮਾਣ ਹੈ ਕਿ ਉਨ੍ਹਾਂ ਦੇ ਸਰਕਾਰ ਦੇ ਕਾਰਜਕਾਲ ਦੌਰਾਨ ਸੁਨਾਮ ਊਧਮ ਸਿੰਘ ਵਾਲਾ ਵਿਖੇ ਯਾਦਗਾਰ ਬਣ ਗਈ ਹੈ। ਉਨ੍ਹਾਂ ਦੱਸਿਆ ਕਿ ਉਸ ਸਮੇਂ ਉਹ ਸੈਰ-ਸਪਾਟਾ ਮੰਤਰੀ ਸਨ ਅਤੇ ਦਮਨ ਥਿੰਦ ਬਾਜਵਾ ਨੇ ਉਨ੍ਹਾਂ ਕੋਲ ਪਹੁੰਚ ਕਰਕੇ ਯਾਦਗਾਰ ਦੀ ਮਨਜ਼ੂਰੀ ਲਈ ਬੇਨਤੀ ਕੀਤੀ ਸੀ ਜਿਸ ਉਪਰੰਤ ਇਹ ਯਾਦਗਾਰ ਉਸਾਰੀ ਗਈ।
ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਜਲਦ ਹੀ ਸੰਗਰੂਰ ਸ਼ਹਿਰ ਦੇ ਨੇੜੇ ਪਿੰਡ ਬਡਰੁੱਖਾਂ ਵਿਖੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦਾ ਉਦਘਾਟਨ ਕਰੇਗੀ ਅਤੇ ਇਸ ਸਬੰਧੀ ਤਿਆਰੀਆਂ ਪਹਿਲਾਂ ਹੀ ਜ਼ੋਰਾਂ `ਤੇ ਹਨ।ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਆਮ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਰਗਰਮੀ ਨਾਲ ਜੁਟੀ ਹੋਈ ਹੈ ਜੋ ਕਿ ਹਾਲ ਹੀ ਦੇ ਫੈਸਲਿਆਂ ਤੋਂ ਸਪੱਸ਼ਟ ਦਿਖਾਈ ਦੇ ਰਿਹਾ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਬਾਦਲਾਂ ਨੇ ਸਰਕਾਰੀ ਖਜ਼ਾਨੇ ਨੂੰ ਲੁੱਟਿਆ ਅਤੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਨਵੇਂ ਬਣੇ ਕੈਬਨਿਟ ਮੰਤਰੀ ਰਾਜਾ ਵੜਿੰਗ ਨੂੰ ਬਾਦਲਾਂ ਦੇ ਗੈਰਕਾਨੂੰਨੀ ਟਰਾਂਸਪੋਰਟ ਕਾਰੋਬਾਰ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ।ਮੁੱਖ ਮੰਤਰੀ ਚੰਨੀ ਨੇ ਆਪਣੇ ਕੈਬਨਿਟ ਸਾਥੀ ਦੀ ਸ਼ਲਾਘਾ ਕਰਦਿਆਂ ਕਿਹਾ, “ਮੈਂ ਰਾਜਾ ਵੜਿੰਗ ਨੂੰ ਕਿਹਾ ਕਿ ਮੈਂ ਬਾਦਲਾਂ ਦੀਆਂ ਗੈਰ-ਕਾਨੂੰਨੀ ਬੱਸਾਂ ਨੂੰ ਥਾਣਿਆਂ ਵਿੱਚ ਵੇਖਣਾ ਚਾਹੁੰਦਾ ਹਾਂ। ਉਹਨਾਂ ਨੇ ਇਸੇ ਅਨੁਸਾਰ ਕਾਰਵਾਈ ਕੀਤੀ ਅਤੇ ਪੂਰੀ ਤਨਦੇਹੀ ਨਾਲ ਗੈਰ-ਕਾਨੂੰਨਨੀ ਬੱਸਾਂ ਦਾ ਪਤਾ ਲਗਾਇਆ ਅਤੇ ਡਿਫਾਲਟਰਾਂ ਵਿਰੁੱਧ ਸਖ਼ਤੀ ਨਾਲ ਕਾਰਵਾਈ ਕੀਤੀ।”ਸੁਖਬੀਰ ਸਿੰਘ ਬਾਦਲ ‘ਤੇ ਨਿਸ਼ਾਨਾ ਵਿੰਨ੍ਹਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਹ ਉਹਨਾਂ ਦੀਆਂ ਕਾਰਵਾਈਆਂ ਦੀ ਨਕਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਹ ਲੋਕਾਂ ਦਾ ਭਰੋਸਾ ਜਿੱਤਣ ‘ਚ ਬੁਰੀ ਤਰ੍ਹਾਂ ਅਸਫਲ ਰਹੇ ਹਨ, ਜਿਨ੍ਹਾਂ ਨੂੰ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਬੇਰਹਿਮੀ ਨਾਲ ਲੁੱਟਿਆ ਹੈ।’ਆਪ’ ਆਗੂ ਕੇਜਰੀਵਾਲ ਨੂੰ ਬਾਹਰੀ ਵਿਅਕਤੀ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸ਼ਾਮਲਾਟ ਨਹੀਂ ਹੈ ਅਤੇ ਪੰਜਾਬ ਵਾਸੀ ਕਦੇ ਵੀ ਕਿਸੇ ਬਾਹਰੀ ਵਿਅਕਤੀ ਨੂੰ ਪੰਜਾਬ ਦੀ ਸੱਤਾ ‘ਤੇ ਕਾਬਜ਼ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਨਸ਼ਿਆਂ ਦੇ ਮਾਮਲੇ ਵਿੱਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗੀ ਸੀ ਪਰ ਉਨ੍ਹਾਂ ਦੀ ਸਰਕਾਰ ਨੇ ਮਜੀਠੀਆ ਖ਼ਿਲਾਫ਼ ਐਫਆਈਆਰ ਦਰਜ ਕਰਕੇ ਅਕਾਲੀ ਆਗੂ ਦੀ ਨੀਂਦ ਉੱਡ ਦਿੱਤੀ ਹੈ।ਮੁੱਖ ਮੰਤਰੀ ਚੰਨੀ ਨੇ ਸੁਨਾਮ ਅਤੇ ਲੌਂਗੋਵਾਲ ਵਿਖੇ ਸਰਕਾਰੀ ਸਿਹਤ ਸੰਸਥਾਵਾਂ ਨੂੰ ਅਪਗ੍ਰੇਡ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸੁਨਾਮ ਹਲਕੇ ਦੀਆਂ ਸੜਕਾਂ ਦੇ ਨਵੀਨੀਕਰਨ ਲਈ 7 ਕਰੋੜ ਰੁਪਏ ਵੀ ਮਨਜ਼ੂਰ ਕੀਤੇ ਹਨ। ਉਨ੍ਹਾਂ ਸੁਨਾਮ ਦੀਆਂ ਪੰਚਾਇਤਾਂ ਨੂੰ ‘ਪੰਜਾਬ ਨਿਰਮਾਣ ਪ੍ਰੋਗਰਾਮ’ ਤਹਿਤ ਵਿਕਾਸ ਗ੍ਰਾਂਟਾਂ ਦੇ ਚੈੱਕ ਵੀ ਸੌਂਪੇ। ਉਨ੍ਹਾਂ ਜ਼ਿਲ੍ਹੇ ਦੇ ਕਸਬਾ ਲਹਿਰਾ ਦੀ ਰਹਿਣ ਵਾਲੀ ਇੱਕ ਲੋੜਵੰਦ ਔਰਤ ਕਿਰਨਾ ਰਾਣੀ ਨੂੰ 1 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਚੈੱਕ ਵੀ ਦਿੱਤਾ।ਇਸ ਦੌਰਾਨ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਵੀ ਪੰਜਾਬ ਵਾਸੀਆਂ ਨੂੰ ਲੋੜੀਂਦੀ ਰਾਹਤ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਸਿੰਗਲਾ ਨੇ ਮੁੱਖ ਮੰਤਰੀ ਅਤੇ ਲੋਕਾਂ ਨੂੰ ਸੰਗਰੂਰ ਜ਼ਿਲ੍ਹੇ ਵਿੱਚ ਹਾਲ ਹੀ ਵਿੱਚ ਕੀਤੇ ਵਿਕਾਸ ਕਾਰਜਾਂ ਬਾਰੇ ਵੀ ਜਾਣੂ ਕਰਵਾਇਆ ਜੋ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ‘ਤੇ ਕੇਂਦਰਿਤ ਹਨ।ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸੁਨਾਮ ਵਿਖੇ ਸ਼ਹੀਦ ਊਧਮ ਸਿੰਘ ਦੀ ਯਾਦਗਾਰ ਬਣਾਉਣ ਲਈ ਮੁੱਖ ਮੰਤਰੀ ਚੰਨੀ ਦਾ ਧੰਨਵਾਦ ਕੀਤਾ।ਕਾਂਗਰਸ ਆਗੂ ਦਮਨ ਥਿੰਦ ਬਾਜਵਾ ਨੇ ਮੁੱਖ ਮੰਤਰੀ ਚੰਨੀ ਦਾ ਉਨ੍ਹਾਂ ਦੇ ਲੋਕ ਪੱਖੀ ਫੈਸਲਿਆਂ ਲਈ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਚੰਨੀ ਕਿਸੇ ਪਾਰਟੀ ਵਿਸ਼ੇਸ਼ ਦੇ ਮੁੱਖ ਮੰਤਰੀ ਨਹੀਂ ਹਨ, ਸਗੋਂ ਉਨ੍ਹਾਂ ਨੇ ਸੂਬੇ ਦੇ ਲੋਕਾਂ ਦੀ ਭਲਾਈ ਲਈ ਕਈ ਲੋਕ ਪੱਖੀ ਫੈਸਲੇ ਲਏ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਆਈਜੀ ਪਟਿਆਲਾ ਰੇਂਜ ਐਮ.ਐਸ. ਛੀਨਾ, ਡੀਸੀ ਸੰਗਰੂਰ ਰਾਮਵੀਰ, ਐਸਐਸਪੀ ਸਵਪਨ ਸ਼ਰਮਾ, ਏਡੀਸੀ ਅਨਮੋਲ ਸਿੰਘ ਧਾਲੀਵਾਲ, ਐਸਡੀਐਮ ਸੁਨਾਮ ਜਸਪ੍ਰੀਤ ਸਿੰਘ, ਹਰਮਨਦੇਵ ਸਿੰਘ ਬਾਜਵਾ, ਚੇਅਰਪਰਸਨ ਪੰਜਾਬ ਐਗਰੋ ਗੀਤਾ ਸ਼ਰਮਾ, ਉਦਯੋਗਪਤੀ ਘਣਸ਼ਿਆਮ ਕਾਂਸਲ, ਐਮਸੀ ਸੁਨਾਮ ਊਧਮ ਸਿੰਘ ਵਾਲਾ ਦੇ ਪ੍ਰਧਾਨ ਨਿਸ਼ਾਨ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਸੁਨਾਮ ਮੁਨੀਸ਼ ਸੋਨੀ, ਪ੍ਰਧਾਨ ਨਗਰ ਪੰਚਾਇਤ ਚੀਮਾ ਅਵਤਾਰ ਸਿੰਘ ਤਾਰੀ ਅਤੇ ਕੁਲਵੰਤ ਰਾਏ ਸਿੰਗਲਾ ਮੌਜੂਦ ਸਨ।
ਸਾਬਕਾ ਵਿਧਾਇਕ ਸਿੰਗਲਾ ਨੇ ਕੀਤਾ ਵੱਖ ਵੱਖ ਵਾਰਡਾਂ ਦਾ ਕੀਤਾ ਦੌਰਾ
ਸੁਖਜਿੰਦਰ ਮਾਨ
ਬਠਿੰਡਾ, 28 ਦਸੰਬਰ:-ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਲਠਿੰਡਾ ਸ਼ਹਿਰੀ ਹਲਕੇ ਤੋਂ ਉਮੀਦਵਾਰ ਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਅੱਜ ਸ਼ਹਿਰ ਦੇ ਵੱਖ ਵੱਖ ਵਾਰਡਾਂ ਦਾ ਦੌਰਾ ਕਰਦਿਆਂ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਸਿੰਗਲਾ ਨੇ ਵਿਤ ਮੰਤਰੀ ’ਤੇ ਤਿੱਖੇ ਸਿਆਸੀ ਨਿਸ਼ਾਨੇ ਲਗਾਉਂਦਿਆਂ ਦੋਸ਼ ਲਗਾਇਆ ਕਿ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਹਰ ਪਾਸੇ ਲੁੱਟ ਘਸੁੱਟ, ਗੁੰਡਾਗਰਦੀ, ਜੂਏ ਦੇ ਅੱਡੇ, ਕੈਸੀਨੋ ,ਨਸ਼ਿਆਂ ਦੀ ਸਮੱਗਲਿੰਗ ਜ਼ੋਰਾਂ ਤੇ ਹੈ ਪਰ ਇਸ ਪਾਸੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ। ਇੰਸਪੈਕਟਰ ਰੈਂਕ ਦੇ ਸੀਨੀਅਰ ਅਫਸਰ ਖੁੱਡੇ ਲਾਈਨ ਬੈਠੇ ਹਨ, ਆਪਣੇ ਨਿੱਜੀ ਕਰਿੰਦਿਆਂ ਜੋ ਸਿਸਟਮ ਤੋਂ ਕੋਰੇ ਅਣਜਾਣ ਹਨ ਨੂੰ ਥਾਣੇ ਸੰਭਾਲੇ ਹੋਏ ਹਨ ,ਜੋ ਦੋਨੋਂ ਹੱਥੀਂ ਸ਼ਹਿਰ ਨੂੰ ਲੁੱਟ ਰਹੇ ਹਨ ,ਪਰ ਅਮਨ ਕਾਨੂੰਨ ਦੀ ਸਥਿਤੀ ਵੱਲ ਕੋਈ ਧਿਆਨ ਨਹੀਂ। ਸਾਬਕਾ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਮੇਸ਼ਾਂ ਹੀ ਸ਼ਹਿਰ ਦੇ ਵਿਕਾਸ ਲਈ ਸਾਫ਼ ਨੀਅਤ ਅਤੇ ਨੀਤੀ ਨਾਲ ਕੰਮ ਕੀਤਾ ਪਰ ਕਦੇ ਵੀ ਗ਼ਲਤ ਧੰਦਿਆਂ ਨੂੰ ਸਿਰ ਨਹੀਂ ਚੁੱਕਣ ਦਿੱਤਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਹਿਯੋਗ ਦੇਣ ਅਤੇ ਜਿੱਤਣ ਉਪਰੰਤ ਅਕਾਲੀ ਬਸਪਾ ਸਰਕਾਰ ਬਣਨ ਤੇ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਕੀਤੀ ਜਾਵੇਗੀ ਅਤੇ ਹਰ ਵਰਗ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ । ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋਡ ਦੇ ਲੀਡਰ ਵਰਕਰ ਅਤੇ ਮੁਹੱਲਾ ਨਿਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ ।
ਸੀਟਾਂ ਦੀ ਵੰਡ ਲਈ ਭਾਜਪਾ,ਕੈਪਟਨ ਤੇ ਢੀਂਢਸਾ ਵਲੋਂ 6 ਮੈਂਬਰੀ ਕਮੇਟੀ ਦਾ ਐਲਾਨ
ਸੁਖਜਿੰਦਰ ਮਾਨ
ਚੰਡੀਗੜ੍ਹ, 28 ਦਸੰਬਰ: ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬੀਤੇ ਕੱਲ ਰਸਮੀ ਤੌਰ ’ਤੇ ਗਠਜੋੜ ਦਾ ਐਲਾਨ ਕਰਨ ਤੋਂ ਬਾਅਦ ਸੀਟਾਂ ਦੀ ਵੰਡ ਲਈ ਅੱਜ ਭਾਜਪਾ, ਕੈਪਟਨ ਤੇ ਢੀਂਢਸਾ ਦੀਆਂ ਪਾਰਟੀਆਂ ਨੇ 6 ਮੈਂਬਰੀ ਕਮੇਟੀ ਦਾ ਐਲਾਨ ਕਰ ਦਿੱਤਾ ਹੈ। ਇਸ ਕਮੇਟੀ ਵਿਚ ਭਾਜਪਾ ਵਲੋਂ ਸੁਭਾਸ ਸਰਮਾ ਅਤੇ ਦਿਆਲ ਸੋਢੀ, ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਤੋਂ ਰਣਇੰਦਰ ਸਿੰਘ ਟਿੱਕੂ ਅਤੇ ਲੈਫਟੀਨੈਂਟ ਜਨਰਲ ਟੀ.ਐਸ ਸੇਰਗਿੱਲ ਤੋਂ ਇਲਾਵਾ ਸ੍ਰੋਮਣੀ ਅਕਾਲੀ ਦਲ (ਸੰਯੁਕਤ) ਤੋਂ ਪਰਮਿੰਦਰ ਢੀਂਡਸਾ ਅਤੇ ਜਸਟਿਸ ਨਿਰਮਲ ਸਿੰਘ ਨੂੰ ਮੈਂਬਰ ਐਲਾਨਿਆ ਗਿਆ ਹੈ। ਇਹ ਕਮੇਟੀ ਹੁਣ ਪੰਜਾਬ ’ਚ ਤਿੰਨਾਂ ਪਾਰਟੀਆਂ ਵਿਚਕਾਰ ਸੀਟਾਂ ਦੀ ਵੰਡ ਤੈਅ ਕਰੇਗੀ। ਹਾਲਾਕਿ ਮੁਢਲੇ ਤੌਰ ’ਤੇ ਇੰਨ੍ਹਾਂ ਪਾਰਟੀਆਂ ਦੇ ਆਗੂਆਂ ਵਲੋਂ ਜਿੱਤਣ ਵਾਲੇ ਉਮੀਦਵਾਰ ਨੂੰ ਤਰਜੀਹ ਦੇਣ ਦਾ ਫੈਸਲਾ ਲਿਆ ਹੈ ਪ੍ਰੰਤੂ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਭਾਜਪਾ ਪੰਜਾਬ ਵਿਚ 72, ਕੈਪਟਨ ਵਾਲੀ ਪਾਰਟੀ 30 ਅਤੇ ਸੁਖਦੇਵ ਸਿੰਘ ਢੀਂਢਸਾ ਵਾਲਾ ਅਕਾਲੀ ਦਲ 15 ਸੀਟਾਂ ’ਤੇ ਚੋਣ ਲੜ ਸਕਦਾ ਹੈ। ਭਾਜਪਾ ਜਿੱਥੇ ਸ਼ਹਿਰੀ ਹਲਕਿਆਂ ਨੂੰ ਤਰਜੀਹ ਦੇਵੇਗੀ, ਉਥੇ ਕੈਪਟਨ ਤੇ ਢੀਂਢਸਾ ਦੀਆਂ ਪਾਰਟੀਆਂ ਦਾ ਜਿਆਦਾ ਜੋਰ ਦਿਹਾਤੀ ਹਲਕਿਆਂ ਵੱਲ ਹੋਵੇਗਾ।
ਪੁਰਾਣੀਆਂ ਪਾਰਟੀਆਂ, ਪੁਰਾਣੇ ਆਗੂਆਂ ਅਤੇ ਪੁਰਾਣੀ ਸਿਆਸਤ ਤੋਂ ਤੰਗ ਆ ਚੁੱਕੀ ਹੈ ਜਨਤਾ- ਅਰਵਿੰਦ ਕੇਜਰੀਵਾਲ
-ਕਿਹਾ, ਸ਼ਹਿਰੀ ਹੋਵੇ ਜਾਂ ਗ੍ਰਾਮੀਣ, ਆਮ ਆਦਮੀ ਪਾਰਟੀ ਨਾਲ ਖੜੀ ਹੈ ਬਦਲਾਅ ਚਾਹੁੰਦੀ ਸਾਰੀ ਜਨਤਾ
-ਚੰਡੀਗੜ੍ਹ ਦਾ ਚਮਤਕਾਰ- ਪੁਰਾਣੇ ਦਿਗਜਾਂ ਨੂੰ ਹਰਾ ਕੇ ਚੰਡੀਗੜ੍ਹ ਦੀ ਜਨਤਾ ਨੇ ਚੁਣੇ ਨਵੇਂ ਚਿਹਰੇ
ਸੁਖਜਿੰਦਰ ਮਾਨ
ਚੰਡੀਗੜ੍ਹ, 28 ਦਸੰਬਰ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਚੰਡੀਗੜ੍ਹ ਅਤੇ ਪੰਜਾਬ ਸਮੇਤ ਪੂਰੇ ਦੇਸ਼ ਦੀ ਜਨਤਾ ਪੁਰਾਣੀਆਂ ਰਿਵਾਇਤੀ ਪਾਰਟੀਆਂ, ਪੁਰਾਣੇ ਆਗੂਆਂ ਅਤੇ ਪੁਰਾਣੀ ਕਿਸਮ ਦੀ ਸਿਆਸਤ ਤੋਂ ਬੁਰੀ ਤਰਾਂ ਤੰਗ ਆ ਚੁੱਕੀ ਹੈ। ਲੋਕ ਭਿ੍ਰਸ਼ਟਤੰਤਰ ਤੋਂ ਨਿਜਾਤ ਚਾਹੁੰਦੇ ਹਨ। ਦਿੱਲੀ ਤੋਂ ਬਾਅਦ ਚੰਡੀਗੜ੍ਹ ਦੇ ਚੋਣ ਨਤੀਜੇ ਇਸ ਦੀ ਪ੍ਰਤੱਖ ਮਿਸਾਲ ਹਨ। ਜਨਤਾ ਨੇ ਪੁਰਾਣਿਆਂ ਨੂੰ ਝਟਕਾ ਦੇ ਕੇ ਨਵੀਂ ਪਾਰਟੀ (ਆਪ), ਨਵੇਂ ਚਿਹਰੇ ਅਤੇ ਇਮਾਨਦਾਰ ਰਾਜਨੀਤੀ ਨੂੰ ਚੁਣਿਆ ਹੈ।ਮੰਗਲਵਾਰ ਨੂੰ ਜਾਰੀ ਬਿਆਨ ਰਾਹੀਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਚੰਡੀਗੜ੍ਹ ਦੀ ਜਨਤਾ ਨੇ ਨਗਰ ਨਿਗਮ ਚੋਣਾਂ ‘ਚ ਸੱਚਮੁੱਚ ਚਮਤਕਾਰ ਕਰ ਦਿਖਾਇਆ ਹੈ। ਕਈ ਵੱਡੇ ਵੱਡੇ ਦਿਗਜਾਂ ਨੂੰ ਹਰਾ ਕੇ ਬਿਲਕੁਲ ਨਵੇਂ ਚਿਹਰਿਆਂ ਨੂੰ ਚੁਣਿਆ ਹੈ। ਭਾਜਪਾ ਦੇ ਮੌਜੂਦਾ ਮੇਅਰ, 2 ਸਾਬਕਾ ਮੇਅਰ ਅਤੇ ਭਾਜਪਾ ਦੇ ਯੁਵਾ ਵਿੰਗ ਦੇ ਪ੍ਰਧਾਨ ਸਮੇਤ ਕਈ ਹੋਰ ਪੁਰਾਣੇ ਦਿੱਗਜਾਂ ਨੂੰ ਹਰਾ ਕੇ ਰਿਵਾਇਤੀ ਦਲਾਂ ਦੇ ਸਿੰਘਾਸਣ ਹਿਲਾ ਦਿੱਤੇ ਗਏ, ਕਿਉਂਕਿ ਲੋਕਾਂ ਨੇ ਆਮ ਆਦਮੀ ਪਾਰਟੀ ਅਤੇ ਇਸ ਦੇ ਨਵੇਂ ਚਿਹਰਿਆਂ ‘ਤੇ ਵਿਸ਼ਵਾਸ ਜਤਾਇਆ ਹੈ।ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਚੰਡੀਗੜ੍ਹ ਦੇ ਨਤੀਜਿਆਂ ਨੇ ਵਿਰੋਧੀਆਂ ਵੱਲੋਂ ਆਮ ਆਦਮੀ ਪਾਰਟੀ ਬਾਰੇ ਮਿੱਥਾਂ ਅਤੇ ਕੂੜ-ਪ੍ਰਚਾਰਾਂ ਨੂੰ ਖ਼ਤਮ ਕਰ ਦਿੱਤਾ ਹੈ। ਕੇਜਰੀਵਾਲ ਅਨੁਸਾਰ, ‘‘ਮੈਨੂੰ ਯਾਦ ਹੈ ਜਦੋਂ 2017 ਦੇ ਚੋਣ ਨਤੀਜਿਆਂ ਉਪਰੰਤ ‘ਸਿਆਸੀ ਪੰਡਿਤ‘ ਕਹਿੰਦੇ ਸਨ ਕਿ 2017 ਦੀਆਂ ਚੋਣਾਂ ‘ਚ ਆਮ ਆਦਮੀ ਪਾਰਟੀ ਦਾ ਸ਼ਹਿਰੀ ਵੋਟਰਾਂ ਨੇ ਸਾਥ ਨਹੀਂ ਦਿੱਤੀ। ਸ਼ਹਿਰੀ ਵੋਟਾਂ ਘੱਟ ਮਿਲੀਆਂ। ਪਰੰਤੂ ਚੰਡੀਗੜ੍ਹ ਦੀ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਇਸ ਬਾਰ ਪੰਜਾਬ ਦੀ ਸ਼ਹਿਰੀ ਜਨਤਾ ਵੀ ਮਜ਼ਬੂਤੀ ਅਤੇ ਪੂਰੇ ਵਿਸ਼ਵਾਸ ਨਾਲ ਆਮ ਆਦਮੀ ਪਾਰਟੀ ਨਾਲ ਖੜ੍ਹਾ ਹੈ। ਅੱਜ ਪੰਜਾਬ ਦੇ ਸਮੁੱਚੇ ਗ੍ਰਾਮੀਣ ਅਤੇ ਸ਼ਹਿਰੀ ਲੋਕ ਆਮ ਆਦਮੀ ਪਾਰਟੀ ਨੂੰ ਵੱਡੀ ਉਮੀਦ ਵਜੋਂ ਦੇਖ ਰਹੇ ਹਨ, ਕਿਉਂਕਿ ਰਿਵਾਇਤੀ ਪੁਰਾਣੀਆਂ ਪਾਰਟੀਆਂ ਨੂੰ ਵਾਰ-ਵਾਰ ਮੌਕੇ ਦੇ ਕੇ ਬੁਰੀ ਤਰਾਂ ਨਿਰਾਸ਼ ਅਤੇ ਤੰਗ ਆ ਚੁੱਕੇ ਹਨ। ਪੂਰਾ ਪੰਜਾਬ ਬਦਲਾਅ ਚਾਹੁੰਦਾ ਹੈ। ਦਿੱਲੀ ਅਤੇ ਚੰਡੀਗੜ੍ਹ ਵਾਂਗ ਪੰਜਾਬ ਵੀ ਨਵੇਂ ਚਿਹਰੇ ਅਤੇ ਇਮਾਨਦਾਰ ਰਾਜਨੀਤੀ ਚਾਹੁੰਦਾ ਹੈ।ਕੇਜਰੀਵਾਲ ਨੇ ਕਿਹਾ ਕਿ ਚੰਡੀਗੜ੍ਹ ਦੀ ਜਨਤਾ ਦੇ ਫ਼ਤਵੇ ਦੇ ਸਨਮਾਨ ‘ਚ ਆਮ ਆਦਮੀ ਪਾਰਟੀ ਸਭ ਨੂੰ ਸਾਥ ਲੈ ਕੇ ਚੱਲੇਗੀ, ਬੇਸ਼ੱਕ ਉਹ ਕਿਸੇ ਹੋਰ ਪਾਰਟੀ ਦਾ ਕਿਉਂ ਨਾ ਹੋਵੇ। ਮਕਸਦ ਚੰਡੀਗੜ੍ਹ ਨੂੰ ਫਿਰ ਤੋਂ ਖ਼ੂਬਸੂਰਤ ਸ਼ਹਿਰ ਬਣਾਉਣਾ ਅਤੇ ਦਰਪੇਸ਼ ਸਮੱਸਿਆਵਾਂ ਤੋਂ ਮੁਕਤ ਕਰਨਾ ਹੈ। ਇਸ ਲਈ ‘ਆਪ‘ ਸਭ ਨੂੰ ਸਾਥੀ ਬਣਾ ਕੇ ਅਤੇ ਸਭ ਨਾਲ ਮਿਲ ਕੇ ਚੰਡੀਗੜ੍ਹ ਦਾ ਵਿਕਾਸ ਕਰਾਂਗੇ।ਕੇਜਰੀਵਾਲ ਨੇ ਚੰਡੀਗੜ੍ਹੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ, ‘‘ਚੰਡੀਗੜ੍ਹ ਦੀ ਜਨਤਾ ਨੂੰ ਮੈਂ ਨਤਮਸਤਕ ਹਾਂ। ਸਲਾਮ ਕਰਦਾ ਹਾਂ ਚੰਡੀਗੜ੍ਹ ‘ਚ ਵੀ ਦਿੱਲੀ ਵਰਗੀ ਕ੍ਰਾਂਤੀ ਹੋਈ ਹੈ। ਮੈਂ ਚੰਡੀਗੜ੍ਹ ਦੀ ਜਨਤਾ ਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਜੋ ਵਿਸ਼ਵਾਸ ਉਨ੍ਹਾਂ ‘ਆਪ‘ ਨੂੰ ਪ੍ਰਗਟ ਕੀਤਾ ਹੈ, ਉਸ ਨੂੰ ਟੁੱਟਣ ਨਹੀਂ ਦਿੱਤਾ ਜਾਵੇਗਾ, ਬਲਕਿ ਸਾਰੀਆਂ ਉਮੀਦਾਂ ‘ਤੇ ਖਰੇ ਉੱਤਰ ਕੇ ਇਸ ਵਿਸ਼ਵਾਸ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।
ਵਿਧਾਨ ਸਭਾ ਚੋਣਾਂ 2022: ‘ਆਪ‘ ਨੇ 15 ਹੋਰ ਉਮੀਦਵਾਰਾਂ ਦੇ ਨਾਲ 5ਵੀਂ ਸੂਚੀ ਕੀਤੀ ਜਾਰੀ
ਤਾਜਾ ਸੂਚੀ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਗਿਣਤੀ 88 ਤੱਕ ਪੁੱਜੀ
ਭਗਵੰਤ ਮਾਨ ਅਤੇ ਜਰਨੈਲ ਸਿੰਘ ਵੱਲੋਂ ਜਾਰੀ ਕੀਤੀ ਗਈ ਸੂਚੀ
ਸੁਖਜਿੰਦਰ ਮਾਨ
ਚੰਡੀਗੜ, 28 ਦਸੰਬਰ: ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ 15 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਨਾਲ ‘ਆਪ‘ ਵੱਲੋਂ ਹੁਣ ਤੱਕ ਐਲਾਨੇ ਗਏ ਉਮੀਦਵਾਰਾਂ ਦੀ ਕੁੱਲ ਗਿਣਤੀ 88 ਹੋ ਗਈ ਹੈ।ਪਾਰਟੀ ਹੈੱਡਕੁਆਰਟਰ ਤੋਂ ਜਾਰੀ ‘ਆਪ‘ ਪੰਜਾਬ ਦੇ ਸੁੱਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਵਿਧਾਇਕ ਜਰਨੈਲ ਸਿੰਘ (ਵਿਧਾਇਕ) ਦੇ ਦਸਤਖਤਾਂ ਵਾਲੀ ਇਸ ਸੂਚੀ ਅਨੁਸਾਰ ਹਲਕਾ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ, ਰਾਜਾ ਸਾਂਸੀ ਤੋਂ ਬਲਦੇਵ ਸਿੰਘ ਮਿਆਦੀਆਂ, ਕਪੂਰਥਲਾ ਤੋਂ ਮੰਜੂ ਰਾਣਾ, ਸ਼ਾਹਕੋਟ ਤੋਂ ਰਤਨ ਸਿੰਘ ਕਾਕੜਕਲਾ , ਜਲੰਧਰ (ਵੈਸਟ) ਤੋਂ ਸੀਤਲ ਅੰਗੂਰਾਲ, ਆਦਮਪੁਰ ਤੋਂ ਜੀਤ ਲਾਲ ਭੱਟੀ, ਬੰਗਾ ਤੋਂ ਕੁਲਜੀਤ ਸਿੰਘ ਸਰਹਾਲ, ਸ੍ਰੀ ਚਮਕੌਰ ਸਾਹਿਬ ਤੋਂ ਡਾ: ਚਰਨਜੀਤ ਸਿੰਘ, ਐਸਏਐਸ ਨਗਰ ਤੋਂ ਕੁਲਵੰਤ ਸਿੰਘ, ਬੱਸੀ ਪਠਾਣਾ ਤੋਂ ਰੁਪਿੰਦਰ ਸਿੰਘ ਹੈਪੀ, ਲੁਧਿਆਣਾ (ਦੱਖਣ) ਤੋਂ ਰਜਿੰਦਰ ਪਾਲ ਕੌਰ ਛੀਨਾ, ਫਰਿੋਜਪੁਰ ਸਿਟੀ ਤੋਂ ਰਣਵੀਰ ਸਿੰਘ ਭੁੱਲਰ, ਬਠਿੰਡਾ (ਅਰਬਨ) ਤੋਂ ਜਗਰੂਪ ਸਿੰਘ ਗਿੱਲ, ਅਮਰਗੜ ਤੋਂ ਜਸਵੰਤ ਸਿੰਘ ਗੱਜਣਮਾਜਰਾ ਅਤੇ ਨਾਭਾ ਤੋਂ ਗੁਰਦੇਵ ਸਿੰਘ ‘ਦੇਵ‘ ਮਾਨ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਜਾਣਗੇ।
31 ਦਸੰਬਰ ਨੂੰ ਪਟਿਆਲਾ ‘ਚ ‘ਸਾਂਤੀ ਮਾਰਚ‘ ਦੀ ਅਗਵਾਈ ਕਰਨਗੇ ਅਰਵਿੰਦ ਕੇਜਰੀਵਾਲ: ਭਗਵੰਤ ਮਾਨ
ਕਿਹਾ,ਪੰਜਾਬ ਦੇ ਲੋਕਾਂ ਵਿੱਚ ਨਫਰਤ ਜਾਂ ਡਰ ਲਈ ਕੋਈ ਥਾਂ ਨਹੀਂ
ਸੁਖਜਿੰਦਰ ਮਾਨ
ਚੰਡੀਗੜ੍ਹ, 28 ਦਸੰਬਰ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਆਉਣ ਵਾਲੀ 31 ਦਸੰਬਰ ਨੂੰ ਪਟਿਆਲਾ ਵਿਖੇ ਇੱਕ ‘ਸਾਂਤੀ ਮਾਰਚ’ ਕੱਢਿਆ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ‘ਆਪ‘ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੱਸਿਆ ਕਿ ਇਹ ਸਾਂਤੀ ਮਾਰਚ ਪੰਜਾਬ ਦੀ ਸਾਂਤੀ ਅਤੇ ਖ਼ੁਸ਼ਹਾਲੀ ਨੂੰ ਸਮਰਪਿਤ ਹੋਵੇਗਾ।
ਮੰਗਲਵਾਰ ਨੂੰ ਜਾਰੀ ਇੱਕ ਵੀਡੀਓ ਸੰਦੇਸ ਰਾਹੀਂ ਸੰਸਦ ਮੈਂਬਰ ਮਾਨ ਨੇ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਇੱਕ ਸਾਜਸਿ ਤਹਿਤ ਪੰਜਾਬ ਦੇ ਸਾਂਤਮਈ ਮਾਹੌਲ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀ ਕੋਸਸਿ ਕੀਤੀ ਜਾ ਰਹੀ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਜਾਂ ਲੁਧਿਆਣਾ ਦੀ ਅਦਾਲਤ ਵਿੱਚ ਧਮਾਕਾ ਪੰਜਾਬ ਵਿੱਚ ਅਮਨ ਅਤੇ ਸ਼ਾਂਤੀ ਨੂੰ ਭੰਗ ਕਰਨ ਦੀ ਹੀ ਇੱਕ ਕੋਸਸਿ ਹੈ, ਪਰ ਪੰਜਾਬ ਆਪਣੇ ਸਮਾਜਿਕ ਅਤੇ ਭਾਈਚਾਰਕ ਸਾਂਝ ਲਈ ਜਾਣਿਆ ਜਾਂਦਾ ਹੈ। ਪੰਜਾਬ ਦੇ ਲੋਕ ਭਾਵੇਂ ਉਹ ਕਿਸੇ ਵੀ ਧਰਮ ਜਾਂ ਜਾਤ ਦੇ ਹੋਣ, ਉਨ੍ਹਾਂ ਦੇ ਦਿਲਾਂ ਵਿੱਚ ਨਫਰਤ ਜਾਂ ਡਰ ਲਈ ਕੋਈ ਥਾਂ ਨਹੀਂ ਹੈ। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੇੜੇ ਵਾਰ-ਵਾਰ ਸਾਹਮਣੇ ਆ ਰਹੀਆਂ ਅਜਿਹੀਆਂ ਸਮਾਜ ਵਿਰੋਧੀ ਘਟਨਾਵਾਂ ਨੂੰ ਲੈ ਕੇ ਸਵਾਲ ਚੁੱਕਦੇ ਹੋਏ ਮਾਨ ਨੇ ਕਿਹਾ ਕਿ ਇਹ ਗੰਦੀ ਅਤੇ ਘਟੀਆ ਰਾਜਨੀਤੀ ਦਾ ਨਤੀਜਾ ਹੈ, ਜੋ ਲੋਕਾਂ ਦੀਆਂ ਭਾਵਨਾਵਾਂ ਜਾਂ ਜਨਜੀਵਨ ਨੂੰ ਠੇਸ ਪਹੁੰਚਾ ਕੇ ਆਪਣੇ ਚੋਣ ਏਜੰਡੇ ਅਤੇ ਮਨਸੂਬਿਆਂ ਨੂੰ ਪੂਰਾ ਕਰਨ ਦੀ ਕੋਸਸਿ ਕਰ ਰਹੀ ਹੈ।ਮਾਨ ਨੇ ਕਿਹਾ ਕਿ ਇਹ ਸਾਂਤੀ ਮਾਰਚ ਪੰਜਾਬ ਵਿੱਚ ਸਾਂਤੀ ਅਤੇ ਖ਼ੁਸ਼ਹਾਲੀ ਕਾਇਮ ਕਰਨ ਲਈ ਸਾਡੇ ਦਿਲਾਂ ਵਿੱਚ ਆਸ ਅਤੇ ਅਰਦਾਸ ਵਜੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਸਾਂਤੀ ਮਾਰਚ ਵਿੱਚ ਸਮੂਲੀਅਤ ਕਰਨ ਤਾਂ ਜੋ ਸਾਰੇ ਸਮਾਜ ਵਿਰੋਧੀ ਅਨਸਰਾਂ ਨੂੰ ਸਪਸ਼ਟ ਸੁਨੇਹਾ ਮਿਲ ਸਕੇ ਕਿ ਪੰਜਾਬ ਅਜਿਹੇ ਲੋਕ ਵਿਰੋਧੀ ਯਤਨਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗਾ। ਉਨ੍ਹਾਂ ਅੱਗੇ ਕਿਹਾ ਕਿ ਸਾਡੀ ਏਕਤਾ ਅਤੇ ਬਿਹਤਰ ਤਾਲਮੇਲ ਨੇ ਕਈ ਵਾਰ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ ਅਤੇ ਹਮੇਸਾ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਸਮੂਹ ਪੰਜਾਬ ਵਾਸੀ ਭਵਿੱਖ ਵਿੱਚ ਵੀ ਅਜਿਹੀਆਂ ਚੁਣੌਤੀਆਂ ਦਾ ਡਟ ਕੇ ਮੁਕਾਬਲਾ ਕਰਾਂਗੇ।
ਚੋਣ ਕਮਿਸ਼ਨ ਵਲੋਂ ਨਵੇਂ ਵੋਟਰਾਂ ਦੀ ਪਹਿਚਾਣ ਕਰਕੇ ਰਜਿਸਟਰ ਕਰਵਾਉਣ ਦੀ ਕੀਤੀ ਅਪੀਲ
ਬੀਐਲਓਜ਼ ਨੂੰ ਹਰੇਕ ਸਬੰਧਤ ਯੂਨਿਟ ਵਿੱਚ ਕੀਤਾ ਜਾਵੇਗਾ ਤਾਇਨਾਤ: ਸੀਈਓ ਡਾ. ਰਾਜੂ
ਸੁਖਜਿੰਦਰ ਮਾਨ
ਚੰਡੀਗੜ੍ਹ, 28 ਦਸੰਬਰ: ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀਈਓ) ਡਾ. ਐਸ. ਕਰੁਣਾ ਰਾਜੂ ਨੇ ਅੱਜ ਵਿਦਿਆਰਥੀਆਂ ਅਤੇ ਭਲਾਈ ਸਕੀਮਾਂ ਦੇ ਲਾਭਪਾਤਰੀਆਂ ਨਾਲ ਸਬੰਧਤ ਵੱਖ-ਵੱਖ ਵਿਭਾਗਾਂ ਨੂੰ ਅਪੀਲ ਕੀਤੀ ਕਿ ਉਹ 18 ਸਾਲ ਉਮਰ ਦੇ ਨਵੇਂ ਵੋਟਰਾਂ ਦੀ ਪਛਾਣ ਕਰਕੇ ਉਹਨਾਂ ਦੀ ਰਜਿਸਟ੍ਰੇਸਨ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਨ ਤਾਂ ਜੋ ਯੋਗ ਵੋਟਰਾਂ ਦੀ 100 ਫ਼ੀਸਦ ਰਜਿਸਟ੍ਰੇਸਨ ਨੂੰ ਯਕੀਨੀ ਬਣਾਇਆ ਜਾ ਸਕੇ।
ਸੀਈਓ ਡਾ. ਰਾਜੂ ਅੱਜ ਆਪਣੇ ਦਫਤਰ ਵਿਖੇ ਵਧੀਕ ਸੀਈਓ ਅਮਿਤ ਕੁਮਾਰ ਨਾਲ ਤਕਨੀਕੀ ਸਿੱਖਿਆ, ਰੁਜਗਾਰ ਉਤਪਤੀ, ਖੇਡਾਂ, ਮੈਡੀਕਲ ਸਿੱਖਿਆ, ਸਿਹਤ ਤੇ ਪਰਿਵਾਰ ਭਲਾਈ, ਸਕੂਲ ਸਿੱਖਿਆ, ਉਚੇਰੀ ਸਿੱਖਿਆ, ਕਿਰਤ ਵਿਭਾਗ ਅਤੇ ਸਮਾਜਿਕ ਨਿਆਂ ਸਕਤੀਕਰਨ ਆਦਿ ਸਮੇਤ ਵੱਖ-ਵੱਖ ਵਿਭਾਗਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਜਕਿਰਯੋਗ ਹੈ ਕਿ ਸੀਈਓ ਨੇ 21 ਦਸੰਬਰ ਨੂੰ ਨਵੇਂ ਵੋਟਰਾਂ ਦੀ ਪਛਾਣ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਸੀ।ਸੀਈਓ ਡਾ. ਰਾਜੂ ਨੇ ਕਿਹਾ ਕਿ ਇਨ੍ਹਾਂ ਵਿਭਾਗਾਂ ਕੋਲ ਨੌਜਵਾਨ ਵੋਟਰਾਂ ਦਾ ਸਾਰਾ ਡਾਟਾ ਮੌਜੂਦ ਹੈ ਅਤੇ ਇਹ ਵਿਭਾਗ ਸੀਈਓ ਦਫਤਰ ਨਾਲ ਮਿਲ ਕੇ ਵੱਧ ਤੋਂ ਵੱਧ ਯੋਗ ਵੋਟਰਾਂ ਦੀ ਰਜਿਸਟ੍ਰੇਸਨ ਕਰਨ ਵਿੱਚ ਮਦਦ ਕਰ ਸਕਦੇ ਹਨ। ਉਨ੍ਹਾਂ ਨੇ ਇਨ੍ਹਾਂ ਵਿਭਾਗਾਂ ਦੇ ਨੁਮਾਇੰਦਿਆਂ ਨੂੰ ਵੱਧ ਤੋਂ ਵੱਧ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਲਈ ਉਪਰਾਲੇ ਕਰਨ ਦੀ ਹਦਾਇਤ ਕੀਤੀ।ਸੀਈਓ ਦਫਤਰ ਵੱਲੋਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੰਦਿਆਂ, ਡਾ. ਰਾਜੂ ਨੇ ਕਿਹਾ ਕਿ ਉਹ ਹਰੇਕ ਸਬੰਧਤ ਯੂਨਿਟ ਲਈ ਬਲਾਕ ਪੱਧਰੀ ਅਫਸਰ (ਬੀ.ਐਲ.ਓਜ) ਤਾਇਨਾਤ ਕਰਨਗੇ ਤਾਂ ਜੋ ਨਵੇਂ ਵੋਟਰਾਂ ਨੂੰ ਆਪਣੀ ਵੋਟ ਰਜਿਸਟਰ ਕਰਨ ਸਮੇਂ ਕਿਸੇ ਕਿਸਮ ਦੀ ਪਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ।ਉਹਨਾਂ ਨੇ ਇਹਨਾਂ ਵਿਭਾਗਾਂ ਨੂੰ 1 ਜਨਵਰੀ 2002 ਤੋਂ 31 ਦਸੰਬਰ 2003 ਦਰਮਿਆਨ ਪੈਦਾ ਹੋਣ ਵਾਲਿਆਂ ਦਾ ਡਾਟਾ ਮੁਹੱਈਆ ਕਰਵਾਉਣ ਦੇ ਨਿਰਦੇਸ ਵੀ ਦਿੱਤੇ ਤਾਂ ਜੋ ਉਹਨਾਂ ਦਾ ਪਤਾ ਲਗਾਇਆ ਜਾ ਸਕੇ ਅਤੇ ਫੋਟੋ ਵੋਟਰ ਕਾਰਡ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇੱਕ ਵਾਰ ਸਾਰਾ ਡਾਟਾ ਇਕੱਠਾ ਹੋਣ ਉਪਰੰਤ, ਇਸ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇਗੀ।ਦੱਸਣਯੋਗ ਹੈ ਕਿ ਯੋਗ ਵਿਅਕਤੀ ਐਂਡਰਾਇਡ ਅਤੇ ਆਈਓਐਸ ‘ਤੇ ਉਪਲਬਧ ਵੋਟਰ ਹੈਲਪਲਾਈਨ ਐਪਲੀਕੇਸਨ ਦੀ ਵਰਤੋਂ ਕਰਕੇ ਆਪਣਾ ਵੋਟਰ ਕਾਰਡ ਬਣਾ ਸਕਦੇ ਹਨ।
ਏਡਿਡ ਸਕੂਲ ਟੀਚਰਜ ਅਤੇ ਹੋਰ ਕਰਮਚਾਰੀ ਯੂਨੀਅਨ ਵਲੋਂ ਭੁੱਖ ਹੜਤਾਲ ਪੰਜਵੇ ਦਿਨ ਵੀ ਜਾਰੀ
30 ਦਿਸੰਬਰ ਨੂੰ ਬਠਿੰਡਾ ਵਿਖੇ ਰਾਜ ਪੱਧਰੀ ਰੈਲੀ ਕਰਨ ਦਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ, 28 ਦਸੰਬਰ: ਅਪਣੀਆਂ ਮੰਗਾਂ ਨੂੰ ਲੈ ਕੇ ਏਡਿਡ ਸਕੂਲਾਂ ਦੇ ਅਧਿਅਪਕਾਂ ਤੇ ਦਰਜਾ ਚਾਰ ਕਰਮਚਾਰੀਆਂ ਅਤੇ ਰਿਟਾਇਰਡ ਅਧਿਅਪਕਾਂ ਨੇ ਛੇਵਾਂ ਪੇ-ਕਮਿਸ਼ਨ ਲਾਗੂ ਨਾ ਕਰਨ ’ਤੇ ਪੰਜਾਬ ਸਰਕਾਰ ਵਿਰੁੱਧ ਭੁੱਖ ਹੜਤਾਲ ਜਾਰੀ ਰੱਖਦਿਆਂ ਸਰਕਾਰ ਵਿਰੁਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪਵਨ ਸ਼ਾਸਤਰੀ, ਆਦੇਸ਼ ਚੰਦ ਸ਼ਰਮਾ, ਜਿਲ੍ਹਾ ਯੂਨੀਅਨ ਪ੍ਰਧਾਨ ਸ੍ਰੀ ਕਾਂਤ ਸ਼ਰਮਾ, ਸਤੀਸ਼ ਸ਼ਰਮਾ, ਗੁਰਤੇਜ ਸਿੰਘ ਭੁੱਖ ਹੜਤਾਲ ਤੇ ਬੈਠੇ ਹਨ। ਸ੍ਰੀਕਾਂਤ ਸ਼ਰਮਾ ਨੇ ਦੱਸਿਆ ਕਿ ਜੇਕਰ ਜਲਦੀ ਹੀ ਸਾਡੀਆਂ ਮੰਗਾਂ ਨਾ ਮੰਨਿਆਂ ਤਾਂ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।ਸਟੇਟ ਯੂਨੀਅਨ ਦੀਆ ਹਿਦਾਇਤਾਂ ਅਨੁਸਾਰ 30 ਦਿਸੰਬਰ ਨੂੰ ਰਾਜ ਪੱਧਰੀ ਰੈਲੀ ਬਠਿੰਡਾ ਵਿਖੇ ਸ਼ਹਿਰ ਦੇ ਮੁੱਖ ਬਜਾਰਾਂ ਵਿੱਚ ਕੱਢੀ ਜਾਵੇਗੀ।ਇਸ ਮੌਕੇ ਪੰਜਾਬ ਸਰਕਾਰ ਦਾ ਪਿਟ-ਸਿਆਪਾ ਕਰਦਿਆਂ ਲੋਕਾਂ ਨੂੰ ਜਾਇਜ ਮੰਗਾ ਬਾਰੇ ਜਾਣੂ ਕਰਵਾਉਣਗੇ। ਪਵਨ ਸ਼ਾਸਤਰੀ ਨੇ ਏਡਿਡ ਸਕੂਲਾਂ ਦੇ ਸਾਰੇ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਭੁੱਖ ਹੜਤਾਲ ਤੇ 30 ਤਾਰੀਕ ਦੀ ਰਾਜ ਪੱਧਰੀ ਰੈਲੀ ਵਿੱਚ ਵੱਧ ਚੜ੍ਹ ਕੇ ਹਿਸਾ ਲੈਣ ਦੀ ਅਪੀਲ ਕੀਤੀ ਹੈ। ਅੱਜ ਦੇ ਰੋਸ ਪ੍ਰਦਰਸ਼ਨ ਵਿੱਚ ਹੋਰਨਾਂ ਤੋਂ ਇਲਾਵਾ ਸਾਬਕਾ ਪ੍ਰਧਾਨ ਮਾਨ ਸਿੰਘ, ਕੁਲਦੀਪ ਸਿੰਘ, ਰਤਨ ਸ਼ਰਮਾ, ਭੋਲੀ ਦੇਵੀ, ਮੈਡਮ ਉਰਮਿਲ ਗਰਗ, ਪਿ੍ਰੰਸੀਪਲ ਮਹੇਸ਼ ਸ਼ਰਮਾ, ਸੁਨੀਤਾ ਕੁਮਾਰੀ, ਸੁਨੀਤਾ ਸ਼ਰਮਾ, ਊਸ਼ਾ ਸ਼ਰਮਾ, ਦੀਪਕ ਕੁਮਾਰ, ਵਿਕਰਮਜੀਤ ਸਿੰਘ, ਅਸ਼ੋਕ ਕੁਮਾਰ, ਅਮਰ ਚੰਦ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਮੋਗਾ ਅਤੇ ਬਰਨਾਲਾ ਜਿਲ੍ਹੇ ਤੋਂ ਅਧਿਅਪਕ ਸ਼ਾਮਿਲ ਹੋਏ।







