Monday, May 4, 2026
Home Blog Page 2665

ਜੁਆਇੰਟ ਐਕਸ਼ਨ ਕਮੇਟੀ ਸਿਹਤ ਵਿਭਾਗ ਦੇ ਸੱਦੇ ’ਤੇ ਸਿਹਤ ਕਾਮਿਆਂ ਨੇ ਫ਼ੂਕੀ ਅਰਥੀ

0

28 ਨੂੰ ਡਾਇਰੈਕਟਰ ਦਫਤਰ ਚੰਡੀਗੜ੍ਹ ਵਿਖੇ ਰੋਸ ਮਾਰਚ ਕੀਤਾ ਜਾਵੇਗਾ।
ਸੁਖਜਿੰਦਰ ਮਾਨ
ਬਠਿੰਡਾ, 24 ਦਸੰਬਰ: ਜੁਆਇੰਟ ਐਕਸ਼ਨ ਕਮੇਟੀ ਸਿਹਤ ਵਿਭਾਗ ਪੰਜਾਬ ਦੇ ਸੱਦੇ ਤਹਿਤ ਅੱਜ ਸਥਾਨਕ ਸ਼ਹਿਰ ’ਚ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਕਮੇਟੀ ਦੇ ਆਗੂ ਗਗਨਦੀਪ ਸਿੰਘ ਅਤੇ ਜਗਦੀਪ ਸਿੰਘ ਵਿਰਕ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਮੁਲਾਜਮਾਂ ਵੱਲੋਂ ਕਰੋਨਾ ਕਾਲ ਵਿੱਚ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਗੈਰ ਦਿਨ ਰਾਤ ਬਿਨਾ ਛੁੱਟੀ ਕੀਤਿਆਂ ਕੰਮ ਕੀਤਾ।ਪਰ ਪੰਜਾਬ ਸਰਕਾਰ ਨੇ ਸਿਹਤ ਕਾਮਿਆਂ ਨੂੰ ਰੈਗੂਲਰ ਕਰਨ ਦੀ ਬਜਾਏ ਸਿਹਤ ਕਾਮਿਆਂ ਦੇ ਭੱਤਿਆਂ ਵਿੱਚ ਵੀ ਵੱਡੀ ਕਟੌਤੀ ਕੀਤੀ ਗਈ ਹੈ ਜਿਸ ਕਰਕੇ ਸਿਹਤ ਵਿਭਾਗ ਵਿੱਚ ਕੰਮ ਕਰਨ ਵਾਲੀਆਂ ਸਮੁੱਚੀਆਂ ਕੈਟਾਗਿਰੀਆਂ ਇਕ ਮੰਚ ’ਤੇ ਇਕੱਠੀਆਂ ਹੋ ਗਈਆਂ ਹਨ ਅਤੇ ਸੰਘਰਸ਼ ਦੇ ਰਾਹ ਤੁਰ ਪਈਆਂ ਹਨ।ਮੁਲਾਜ਼ਮ ਆਗੂ ਦਰਸ਼ਨ ਸਿੰਘ ਅਤੇ ਰੁਖਸਾਨਾ ਨੇ ਦੱਸਿਆ ਕਿ ਜੇ ਕੱਚੇ ਕਾਮਿਆਂ ਨੂੰ ਪੱਕਾ ਨੀ ਕੀਤਾ ਜਾਂਦਾ,ਸਿਹਤ ਮੁਲਾਜ਼ਮਾਂ ਦੇ ਭੱਤੇ ਬਹਾਲ ਨੀ ਕੀਤੇ ਜਾਂਦੇ,2016 ਤੋਂ ਬਾਅਦ ਦੀ ਭਰਤੀ ਸਿਹਤ ਮੁਲਾਜਮਾਂ ਦਾ ਪ੍ਰਬੇਸ਼ਨ ਪੀਰੀਅਡ ਦਾ ਬਕਾਇਆ ਨਹੀਂ ਦਿੱਤਾ ਜਾਂਦਾ,ਛੇਵੇਂ ਪੇ ਕਮਿਸ਼ਨ ਦੀਆਂ ਤਰੁਟੀਆਂ ਸੋਧ ਕੇ ਆਗੂ ਨਹੀਂ ਕੀਤਾ ਜਾਂਦਾ,ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ,ਸਿਹਤ ਮਹਿਕਮੇ ਦਾ ਨਿੱਜੀਕਰਨ ਬੰਦ ਨਹੀਂ ਕੀਤਾ ਜਾਂਦਾ ਅਤੇ ਨਵੀਆਂ ਭਰਤੀ ਕੀਤੇ ਸਿਹਤ ਕਾਮਿਆਂ ਨੂੰ ਛੇਵੇਂ ਪੇ ਕਮਿਸ਼ਨ ਦੇ ਘੇਰੇ ਵਿੱਚ ਨਹੀਂ ਲਿਆ ਜਾਂਦਾ ਤਾਂ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਵਿਧਾਨ ਸਭਾ ਚੋਣਾਂ ਵਿੱਚ ਇਸ ਦਾ ਖਮਿਆਜ਼ਾ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ।ਜੁਆਇੰਟ ਕਮੇਟੀ ਆਗੂ ਸੁਖਮੰਦਰ ਸਿੰਘ ਸਿੱਧੂ ਅਤੇ ਸੰਜੀਵ ਕੁਮਾਰ ਨੇ ਦੱਸਿਆ ਕਿ ਇਹਨਾਂ ਮੰਗਾਂ ਨੂੰ ਮਨਵਾਉਣ ਲਈ ਲਗਾਤਾਰ ਸੰਘਰਸ਼ ਲਗਾਤਾਰ ਲੜਿਆ ਜਾ ਰਿਹਾ ਹੈ ਤੇ ਇਸ ਸ਼ੰਘਰਸ਼ ਦੀ ਅਗਲੀ ਕੜੀ ਵਜੋਂ 27 ਦਸੰਬਰ ਨੂੰ ਐਮ ਐਲ ਏ ਨੂੰ ਪੂਰੇ ਪੰਜਾਬ ਵਿੱਚ ਮੰਗ ਪੱਤਰ ਦਿੱਤੇ ਜਾਣਗੇ ਅਤੇ 28 ਦਸੰਬਰ ਨੂੰ ਡਾਇਰੈਟਰ ਦਫਤਰ 34 ਏ ਚੰਡੀਗੜ੍ਹ ਵਿਖੇ ਰੋਸ ਧਰਨਾ ਮਾਰਿਆ ਜਾਵੇਗਾ ਅਤੇ ਧਰਨੇ ਉਪਰੰਤ ਮੁੱਖ ਮੰਤਰੀ ਪੰਜਾਬ ਦੀ ਕੋਠੀ ਵੱਲ ਮਾਰਚ ਕੀਤਾ ਜਾਵੇਗਾ।ਇਸ ਮੌਕੇ ਜਸਵਿੰਦਰ ਸ਼ਰਮਾ,ਬਲਦੇਵ ਸਿੰਘ ਮਾਖਾ,ਹਰਜੀਤ ਸਿੰਘ,ਜਤਿੰਦਰ ਸਿੰਘ ਪ੍ਰਧਾਨ ਆਊਟਸੋਰਸ ਸਿਹਤ ਕਾਮੇ,ਭੁਪਿੰਦਰ ਕੌਰ ਤਲਵੰਡੀ,ਮੁਨੀਸ਼ ਕੁਮਾਰ,ਪਰਮਜੀਤ ਸ਼ਰਮਾ,ਰਾਜਪ੍ਰਦੀਪ ਸਿੰਘ ਬਾਂਲਿਆਵਾਲੀ,ਰਕੇਸ਼ ਕੁਮਾਰ ਤਲਵੰਡੀ,ਜਗਜੀਤ ਸਿੰਘ,ਹਾਕਮ ਸਿੰਘ,ਜਗਦੀਸ਼ ਸਿੰਘ,ਮਨਪ੍ਰੀਤ ਸਿੰਘ ਨਥਾਣਾ,ਰਾਜਵਿੰਦਰ ਸਿੰਘ,ਅਵਤਾਰ ਸਿੰਘ ਨਥਾਣਾ,ਦੀਪਕ,ਖੁਸ਼ਪ੍ਰੀਤ ਕੌਰ,ਸਿਮਰਜੀਤ ਕੌਰ, ਕੁਲਦੀਪ ਕੌਰ,ਸਿਮਰਨਜੀਤ ਕੌਰ, ਮੋਨਿਕਾ,ਆਦਿ ਹਾਜ਼ਰ ਸਨ

’ਤੇ ਆਖ਼ਰਕਰ ਬਠਿੰਡਾ ਦੇ ਬੱਸ ਅੱਡੇ ‘ਚੋਂ ‘ਨਿਊ ਦੀਪ’ ਵਾਲਿਆਂ ਦਾ ‘ਖ਼ੋਖਾ’ ਵੀ ਚੁੱਕਿਆ ਗਿਆ

0

ਸੁਖਜਿੰਦਰ ਮਾਨ
ਬਠਿੰਡਾ, 24 ਦਸੰਬਰ: ਕਿਸੇ ਸਮੇਂ ਪੂਰੇ ਪੰਜਾਬ ’ਚ ਅਪਣੀ ਟ੍ਰਾਂਸਪੋਰਟ ਦੀ ਤੂਤੀ ਵਜਾਉਣ ਵਾਲੀ ਨਿਊ ਦੀਪ ਬੱਸ ਕੰਪਨੀ ਦਾ ਅੱਜ ਆਖ਼ਰਕਾਰ ਬਠਿੰਡਾ ਦੇ ਬੱਸ ਅੱਡੇ ਵਿਚੋਂ ਖ਼ੋਖਾ ਵੀ ਚੁੱਕਿਆ ਗਿਆ। ਅੱਡੇ ’ਚ ਆਲੀਸ਼ਾਨ ਬਣੇ ਇਸ ਖੋਖੇ ਨੂੰ ਬਤੌਰ ਦਫ਼ਤਰ ਦੇ ਤੌਰ ‘ਤੇ ਪ੍ਰਬੰਧਕਾਂ ਵਲੋਂ ਵਰਤਿਆਂ ਜਾ ਰਿਹਾ ਸੀ। ਉਜ ਨਿਊ ਦੀਪ ਤੋਂ ਪਹਿਲਾਂ ਇੱਥੇ ਮੌਜੂਦ ਆਰਬਿਟ ਬੱਸ ਕੰਪਨੀ ਦੇ ਬਣੇ ਖੋਖੇ ਨੂੰ ਵੀ ਪੀਆਰਟੀਸੀ ਦੇ ਪ੍ਰਬੰਧਕਾਂ ਨੇ ਚੁੱਕ ਦਿੱਤਾ ਸੀ। ਇਸਦੀ ਪੁਸ਼ਟੀ ਕਰਦਿਆਂ ਪੀਆਰਟੀਸੀ ਬਠਿੰਡਾ ਡਿੱਪੂ ਦੇ ਜੀਐਮ ਰਮਨ ਸ਼ਰਮਾ ਨੇ ਦਸਿਆ ਕਿ ਉਕਤ ਖੋਖਾ ਨਜਾਇਜ਼ ਤੌਰ ’ਤੇ ਚੱਲ ਰਿਹਾ ਸੀ ਕਿਉਂਕਿ ਕਿਸੇ ਸਮੇਂ ਇਸਦਾ ਕਿਰਾਇਆ ਵੀ ਦਿੱਤਾ ਜਾ ਰਿਹਾ ਸੀ ਪ੍ਰੰਤੂ ਬਾਅਦ ਵਿਚ ਉਹ ਵੀ ਦੇਣਾ ਬੰਦ ਕਰ ਦਿੱਤਾ ਸੀ। ਇਸ ਖ਼ੋਖੇ ਨੂੰ ਚੁਕਾਉਣ ਲਈ ਪੀਆਰਟੀਸੀ ਵਲੋਂ ਪੀਪੀ ਐਕਟ ਤਹਿਤ ਐਸ.ਡੀ.ਐਮ ਦੀ ਅਦਾਲਤ ਵਿਚ ਕੇਸ ਦਾਈਰ ਕੀਤਾ ਹੋਇਆ ਸੀ ਤੇ ਅਦਾਲਤ ਨੇ ਉਕਤ ਕੰਪਨੀ ਦੇ ਪ੍ਰਬੰਧਕਾਂ ਨੂੰ 30 ਦਿਨਾਂ ਵਿਚ ਇਹ ਖ਼ੋਖਾ ਚੁੱਕਣ ਦੇ ਆਦੇਸ਼ ਦਿੱਤੇ ਸਨ ਪ੍ਰੰਤੂ ਅਦਾਲਤ ਵਲੋਂ ਦਿੱਤਾ ਹੋਇਆ ਸਮਾਂ ਖ਼ਤਮ ਹੋਣ ਦੇ ਬਾਵਜੂਦ ਇਹ ਖੋਖਾ ਨਹੀਂ ਚੂੱਕਿਆ ਗਿਆ ਸੀ। ਜਿਸਦੇ ਚੱਲਦੇ ਹੁਣ ਇਸਨੂੰ ਪੁਲਿਸ ਦੀ ਮੱਦਦ ਤੇ ਡਿਊਟੀ ਮੈਜਿਸਟਰੇਟ ਲਖਵਿੰਦਰ ਸਿੰਘ ਗਿੱਲ ਦੀ ਮੌਜੂਦਗੀ ਵਿਚ ਕਰੇਨ ਦੀ ਮੱਦਦ ਨਾਲ ਬੱਸ ਅੱਡੇ ਵਿਚੋਂ ਹਟਾ ਦਿੱਤਾ ਗਿਆ ਹੈ। ਦਸਣਾ ਬਣਦਾ ਹੈ ਕਿ ਉਕਤ ਕੰਪਨੀ ਦੀਆਂ ਕਈ ਦਰਜ਼ਨਾਂ ਬੱਸਾਂ ਨੂੰ ਵੀ ਪਹਿਲਾਂ ਬਿਨ੍ਹਾਂ ਟੈਕਸ ਸੜਕਾਂ ’ਤੇ ਦੋੜਦੇ ਹੋਏ ਫ਼ੜਿਆ ਗਿਆ ਸੀ। ਹਾਲਾਂਕਿ ਬਾਅਦ ਵਿਚ ਟੈਕਸ ਅਦਾ ਕਰਨ ‘ਤੇ ਛੱਡ ਦਿੱਤਾ ਗਿਆ ਸੀ।

ਡੀਐਸਪੀ ਨੂੰ ਬਲਾਤਕਾਰ ਦੇ ਝੂਠੇ ਕੇਸ ’ਚ ਫ਼ਸਾਉਣ ਵਾਲਾ ਐਸ.ਐਚ.ਓ ਤੇ ਦੋ ਮਹਿਲਾ ਥਾਣੇਦਾਰਨੀਆਂ ਖ਼ੁਦ ਫ਼ਸੀਆਂ

0

ਅਦਾਲਤ ਵਲੋਂ ਐਸ.ਟੀ.ਐਫ਼ ਦਾ ਡੀਐਸਪੀ ਬਾਇਜਤ ਬਰੀ
ਥਾਣਾ ਮੁਖੀ ਭੀਟੀ ਸਹਿਤ ਪੰਜ ਵਿਰੁਧ ਡੀਜੀਪੀ ਨੂੰ ਕਾਰਵਾਈ ਦੇ ਆਦੇਸ਼
ਸੁਖਜਿੰਦਰ ਮਾਨ
ਬਠਿੰਡਾ, 24 ਦਸੰਬਰ: ਕਰੀਬ ਸਵਾ ਸਾਲ ਪਹਿਲਾਂ ਬਲਾਤਕਾਰ ਦੇ ਕਥਿਤ ਝੂਠੇ ਦੋਸ਼ਾਂ ਹੇਠ ਫ਼ਸਾਏ ਪੰਜਾਬ ਪੁਲਿਸ ਦੇ ਡੀਐਸਪੀ ਗੁਰਸ਼ਰਨ ਸਿੰਘ ਨੂੰ ਅਦਾਲਤ ਨੇ ਨਾ ਸਿਰਫ਼ ਬਾਇਜਤ ਬਰੀ ਕਰ ਦਿੱਤਾ, ਬਲਕਿ ਪੀੜਤ ਡੀਐਸਪੀ ਵਿਰੁਧ ਕੇਸ ਦਰਜ਼ ਕਰਨ ਵਾਲੇ ਥਾਣਾ ਸਿਵਲ ਲਾਈਨ ਦੇ ਐਸ.ਐਚ.ਓ ਰਵਿੰਦਰ ਸਿੰਘ ਭੀਟੀ, ਐਸ.ਆਈ ਅਮਨਦੀਪ ਕੌਰ ਅਤੇ ਐਸ.ਆਈ ਹਰਪਿੰਦਰ ਕੌਰ ਵਿਰੁਧ ਕਾਰਵਾਈ ਲਈ ਡੀਜੀਪੀ ਨੂੰ ਵੀ ਆਦੇਸ਼ ਦਿੱਤੇ ਹਨ। ਇਸਦੇ ਨਾਲ ਹੀ ਉਕਤ ਪੁਲਿਸ ਅਧਿਕਾਰੀਆਂ ਨੂੰ ਅਦਾਲਤ ਨੇ ਧਾਰਾ 344 ਸੀਆਰਪੀਸੀ ਤਹਿਤ ਆਗਾਮੀ 10 ਜਨਵਰੀ ਨੂੰ ਅਦਾਲਤ ਵਿਚ ਤਲਬ ਕਰ ਲਿਆ ਹੈ। ਵਧੀਕ ਜ਼ਿਲ੍ਹਾ ਤੇ ਸੈਸਨ ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਨੇ ਪੁਲਿਸ ਅਧਿਕਾਰੀਆਂ ਵਲੋਂ ਮੁਦਈ ਬਣਾਈ ਔਰਤ ਤੇ ਉਸਦੇ ਪਤੀ ਨਾਲ ਮਿਲਕੇ ਇੱਕ ਇਮਾਨਦਾਰ ਪੁਲਿਸ ਅਫ਼ਸਰ ਨੂੰ ਝੂਠੇ ਕੇਸ ਵਿਚ ਫ਼ਸਾਉਣ ’ਤੇ ਝਾੜਾਂ ਪਾਉਂਦਿਆਂ ਸਰਕਾਰ ਨੂੰ 2 ਲੱਖ ਰੁਪਏ ਦਾ ਮੁਆਵਜ਼ਾ ਵੀ ਉਕਤ ਡੀਐਸਪੀ ਨੂੰ ਦੇਣ ਦੇ ਵੀ ਹੁਕਮ ਦਿੱਤੇ ਹਨ, ਜਿਹੜਾ ਬਾਅਦ ਵਿਚ ਉਕਤ ਪੁਲਿਸ ਅਧਿਕਾਰੀਆਂ ਕੋਲੋ ਲਿਆ ਜਾ ਸਕਦਾ ਹੈ। ਉਧਰ ਪਤਾ ਚੱਲਿਆ ਹੈ ਕਿ ਪੀੜਤ ਡੀਐਸਪੀ ਗੁਰਸਰਨ ਸਿੰਘ ਨੇ ਥਾਣਾ ਮੁਖੀ ਰਵਿੰਦਰ ਸਿੰਘ ਭੀਟੀ ਤੇ ਦੋਨਾਂ ਮਹਿਲਾ ਥਾਣੇਦਾਰੀਆਂ ਸਹਿਤ ਇਸ ਕੇਸ ਵਿਚ ਮੁਦਈ ਬਣੀ ਔਰਤ ਤੇ ਉਸਦੇ ਪੁਲਿਸ ਤੋਂ ਬਰਖ਼ਾਸਤ ਮੁਲਾਜਮ ਪਤੀ ਵਿਰੁਧ ਕਾਰਵਾਈ ਲਈ ਅੱਜ ਡੀਜੀਪੀ ਨੂੰ ਸਿਕਾਇਤ ਦੀ ਕਾਪੀ ਸੋਂਪ ਦਿੱਤੀ ਹੈ। ਗੌਰਤਲਬ ਹੈ ਕਿ ਐਸਟੀਐਫ ਦੇ ਤਤਕਾਲੀ ਡੀਐਸਪੀ ਗੁਰਸਰਨ ਸਿੰਘ ਨੂੰ 26 ਅਕਤੂਬਰ 2020 ਨੂੰ ਪੁਲੀਸ ਥਾਣਾ ਸਿਵਲ ਲਾਈਨ ਦੇ ਮੁਖੀ ਐਸ.ਐਚ.ਓ ਰਵਿੰਦਰ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਹਨੂੰਮਾਨ ਚੌਕ ਕੋਲ ਸਥਿਤ ਇੱਕ ਨਿੱਜੀ ਹੋਟਲ ਵਿੱਚ ਔਰਤ ਨਾਲ ਗਿ੍ਰਫਤਾਰ ਕਰਕੇ ਉਸਦੇ ਵਿਰੁਧ ਜਬਰ ਜਨਾਹ ਦਾ ਕੇਸ ਦਰਜ ਕਰ ਦਿਤਾ ਸੀ। ਇਸ ਮਾਮਲੇ ਵਿਚ ਡੀਐਸਪੀ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਹਰਪਿੰਦਰ ਸਿੰਘ ਸਿੱਧੂ ਨੇ ਦਸਿਆ ਕਿ ਕੇਸ ਦਰਜ਼ ਕਰਵਾਉਣ ਵਾਲੀ ਮਹਿਲਾ ਨੇ ਖ਼ੁਦ ਅਦਾਲਤ ਸਾਹਮਣੇ ਇਹ ਸਵੀਕਾਰ ਕਰ ਲਿਆ ਸੀ ਕਿ ਉਸਨੇ ਉਕਤ ਡੀਐਸਪੀ ਵਿਰੁਧ ਪੁਲਿਸ ਅਫ਼ਸਰਾਂ ਦੇ ਕਹਿਣ ’ਤੇ ਹੀ ਇਹ ਕੇਸ ਦਰਜ਼ ਕਰਵਾਇਆ ਸੀ ਤੇ ਪਰਚਾ ਦਰਜ਼ ਕਰਨ ਸਮੇਂ ਉਸ ਕੋਲੋ ਸਿਰਫ਼ ਖ਼ਾਲੀ ਕਾਗਜ਼ਾਂ ’ਤੇ ਦਸਖ਼ਤ ਕਰਵਾਏ ਗਏ ਸਨ। ਇਸਦੇ ਇਲਾਵਾ ਡੀਐਨਏ ਦੀ ਰੀਪੋਰਟ ਵੀ ਨੈਗੇਟਿਵ ਆਈ ਸੀ। ਪੀੜਤ ਡੀਐਸਪੀ ਦੇ ਵਕੀਲ ਦਾ ਪੱਖ ਸੀ ਕਿ 11 ਮਹੀਨੇ ਐਸ.ਟੀ.ਐਫ਼ ਦਾ ਮੁਖੀ ਰਹਿਣ ਦੌਰਾਨ ਉਸਦੇ ਮੁਵੱਕਲ ਨੇ 156 ਤਸਕਰਾਂ ਵਿਰੁਧ ਪਰਚੇ ਦਰਜ਼ ਕੀਤੇ ਸਨ ਤੇ ਉਹ ਅਪਣੀ ਡਿਊਟੀ ਇਮਾਨਦਾਰੀ ਨਾਲ ਨਿਭਾ ਰਿਹਾ ਸੀ ਤੇ ਇਸਦਾ ਇਨਾਮ ਉਸਨੂੰ ਵਿਭਾਗ ਦੇ ਸਾਥੀਆਂ ਨੇ ਇਹ ਝੂਠਾ ਪਰਚਾ ਦਰਜ਼ ਕਰਕੇ ਦਿੱਤਾ ਹੈ। ਐਡਵੋਕੇਟ ਸਿੱਧੂ ਨੇ ਦਸਿਆ ਕਿ ਅਦਾਲਤ ਦੇ ਫੈਸਲੇ ਦੀ ਕਾਪੀ ਵਿਚ ਸਪੱਸ਼ਟ ਤੌਰ ’ਤੇ ਡੀਐਸਪੀ ਨੂੰ ਇੱਕ ਗਿਣੀ-ਮਿਥੀ ਸਾਜ਼ਸ ਤਹਿਤ ਫ਼ਸਾਉਣ ਦੇ ਚੱਲਦਿਆਂ ਧਾਰਾ 218, 468,469,471 ਤੇ 120 ਬੀ ਆਈ.ਪੀ.ਸੀ ਤਹਿਤ ਉਕਤ ਪੁਲਿਸ ਅਫ਼ਸਰਾਂ ਤੇ ਮੁਦਈ ਤੇ ਉਸਦੇ ਪਤੀ ਵਿਰੁਧ ਕਾਰਵਾਈ ਕਰਨ ਲਈ ਕਿਹਾ ਹੈ।
ਬਾਕਸ
‘ਭਣੌਈਏ’ ਵਿਰੁਧ ਪਰਚਾ ਦਰਜ਼ ਹੋਣ ਦੀ ਨਮੋਸੀ ’ਚ ਖ਼ੁਦਕਸ਼ੀ ਕਰ ਗਿਆ ਸੀ ‘ਸਾਲਾ’
ਬਠਿੰਡਾ: ਇਸ ਕੇਸ ਦਾ ਇੱਕ ਹੋਰ ਦੁਖ਼ਦਾਈਕ ਪਹਿਲੂ ਇਹ ਵੀ ਹੈ ਕਿ ਅਪਣੇ ਇਮਾਨਦਾਰ ਡੀਐਸਪੀ ਭਣੌਈਏ ਨੂੰ ਇਸ ਤਰ੍ਹਾਂ ਪੁਲਿਸ ਵਲੋਂ ਬਲਾਤਕਾਰ ਦੇ ਝੂਠੇ ਕੇਸ ਵਿਚ ਫ਼ਸਾਉਣ ਤੋਂ ਦੁਖ਼ੀ ਉਸਦਾ ਸਾਲਾ ਕੰਵਲਜੀਤ ਸਿੰਘ ਸਿੱਧੂ( ਜੋਕਿ ਬਠਿੰਡਾ ਇਲਾਕੇ ਦਾ ਉੰਘਾ ਪੱਤਰਕਾਰ ਵੀ ਸੀ)ਖ਼ੁਦਕਸ਼ੀ ਕਰ ਗਿਆ ਸੀ। ਹਾਲਾਂਕਿ ਪੁਲਿਸ ਨੇ ਇਸ ਖ਼ੁਦਕਸ਼ੀ ਦੇ ਕੇਸ ਵਿਚ ਉਕਤ ਔਰਤ, ਉਸਦੇ ਪਤੀ ਤੇ ਦੋ ਪੁੱਤਰਾਂ ਵਿਰੁਧ ਪਰਚਾ ਦਰਜ਼ ਕਰ ਲਿਆ ਸੀ ਪ੍ਰੰਤੂ ਪੁਲਿਸ ਦੀ ਅਪਣੇ ਹੀ ਸਾਥੀ ਨੂੰ ਫ਼ਸਾਉਣ ਦੀ ਇਸ ਗੰਦੀ ਸਾਜਸ਼ ਕਾਰਨ ਕਈ ਘਰ ਤਬਾਹ ਹੋ ਗਏ।

ਮਿੰਨੀ ਸਕੱਤਰੇਤ ਅੱਗੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ

0

ਸੁਖਜਿੰਦਰ ਮਾਨ
ਬਠਿੰਡਾ, 24 ਦਸੰਬਰ: ਪੰਜਾਬ ਸਰਕਾਰ ਨਾਲ ਸਬੰਧਤ ਮੰਗਾਂ ਮਨਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਚੱਲ ਰਹੇ ਕਿਸਾਨ ਮੋਰਚੇ ਦੇ ਅੱਜ ਪੰਜਵੇਂ ਦਿਨ ਵੀ ਕਿਸਾਨਾਂ ’ਚ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਧਰਨੇ ਵਿਚ ਵੱਡੀ ਗਿਣਤੀ ’ਚ ਔਰਤਾਂ ਵੀ ਪੁੱਜੀਆਂ ਹੋਈਆਂ ਸਨ, ਜਿੰਨਾਂ ਅਪਣੇ ਹੱਥਾਂ ਵਿਚ ਕਰਜ਼ੇ ਕਾਰਨ ਖ਼ੁਦਕਸ਼ੀਆਂ ਕਰ ਚੁੱਕੇ ਤੇ ਕਿਸਾਨ ਅੰਦੋਲਨ ਵਿਚ ਸ਼ਹੀਦ ਹੋਏ ਅਪਣੇ ਪਤੀਆਂ ਤੇ ਪੁੱਤਰਾਂ ਦੀਆਂ ਤਸਵੀਰਾਂ ਚੁੱਕੀਆਂ ਹੋਈਆਂ ਸਨ। ਇਸ ਦੌਰਾਨ ਕਿਸਾਨ ਆਗੂਆਂ ਦੀ ਕਿਸਾਨ ਮਸਲਿਆਂ ਦੇ ਸਬੰਧ ਵਿਚ ਨੋਡਲ ਅਫ਼ਸਰ ਨਿਯੁਕਤ ਕੀਤੇ ਗਏ ਏਡੀਸੀ ਵਰਿੰਦਰ ਸਿੰਘ ਬਾਜਵਾ ਨਾਲ ਵੀ ਮੀਟਿੰਗ ਹੋਈ, ਜਿਸ ਵਿਚ ਅਧਿਕਾਰੀਆਂ ਨੇ ਪੰਜਾਬ ਸਰਕਾਰ ਨਾਲ ਗੱਲਬਾਤ ਦੌਰਾਨ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਨ ਦਾ ਭਰੋਸਾ ਦਿੱਤਾ।ਪ੍ਰੰਤੂ ਕਿਸਾਨ ਆਗੂਆਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਆਗਾਮੀ 30 ਦਸੰਬਰ ਨੂੰ ਰੱਖੀ ਮੀਟਿੰਗ ਤੱਕ ਧਰਨੇ ਜਾਰੀ ਰੱਖਣ ਦਾ ਫੈਸਲਾ ਬਰਕਰਾਰ ਰੱਖਿਆ। ਕਿਸਾਨ ਆਗੂ ਸਿੰਗਾਰਾ ਸਿੰਘ ਮਾਨ ਤੇ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਦੋੋਸ਼ ਲਗਾਇਆ ਕਿ ਖ਼ੁਦ ਨੂੰ ਆਮ ਵਿਅਕਤੀ ਦੱਸਣ ਵਾਲੇ ਮੁੱਖ ਮੰਤਰੀ ਵਲੋਂ ਕਿਸਾਨਾਂ ਤੇ ਮਜਦੂਰਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਅੱਜ ਦੀ ਸਟੇਜ ਤੋਂ ਰਾਜਵਿੰਦਰ ਸਿੰਘ ਰਾਮਨਗਰ ,ਅਜੇਪਾਲ ਸਿੰਘ ਘੁੱਦਾ, ਡੀਟੀਐਫ ਦੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ, ਕਹਾਣੀਕਾਰ ਅਤਰਜੀਤ , ਪੈਰਾ ਮੈਡੀਕਲ ਸਿਹਤ ਵਿਭਾਗ ਦੇ ਆਗੂ ਗਗਨਦੀਪ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਦੌਰਾਨ ਦਿੱਲੀ ਮੋਰਚੇ ਵਿਚ ਲਗਾਤਾਰ ਭੂਮਿਕਾ ਸਰਗਰਮ ਨਿਭਾਉਣ ਵਾਲੇ ਲੁਧਿਆਣਾ ਜ਼ਿਲ੍ਹੇ ਤੋਂ ਪਹੁੰਚੇ ਨੌਜਵਾਨ ਆਗੂ ਯੁਵਰਾਜ ਸਿੰਘ ਨੂੰ ਸਟੇਜ ਤੋਂ ਸਿਰੋਪਾਓ ਤੇ ਲੋਈ ਦੇ ਕੇ ਸਨਮਾਨਤ ਕੀਤਾ ਗਿਆ।

ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋਂ ਪਿੰਡਾਂ ਵਿੱਚ ਕਾਲੇ ਝੰਡਿਆ ਨਾਲ ਰੋਸ ਮੁਜਾਹਰੇ

0

ਸੁਖਜਿੰਦਰ ਮਾਨ
ਬਠਿੰਡਾ, 24 ਦਸੰਬਰ: ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋਂ ਅੱਜ ਜ਼ਿਲ੍ਹੇ ਦੇ ਪਿੰਡਾਂ ਵਿਚ ਕਾਂਗਰਸ ਸਰਕਾਰ ਦੀ ਕੀਤੀ ਵਾਅਦਾ ਖਿਲਾਫੀ ਵਿਰੁੱਧ ਕਾਲੇ ਝੰਡਿਆ ਨਾਲ ਮੁਜਾਹਰੇ ਕਰਕੇ ਤਿੱਖੇ ਰੋਹ ਦਾ ਪ੍ਰਗਟਾਵਾ ਕੀਤਾ । ਮੁਜਾਹਰੇ ਕਰਨ ਤੋਂ ਪਹਿਲਾਂ ਜੱਥੇਬੰਦੀ ਦੇ ਆਗੂ ਪੱਪਾ ਸਿੰਘ ਤੇ ਭੋਲਾ ਸਿੰਘ ਚੱਠੇਵਾਲਾ ਅਤੇ ਦਰਸਨ ਸਿੰਘ ਤੇ ਗੁਲਾਬ ਸਿੰਘ ਮਾਈਸਰਖਾਨਾ, ਕਾਕਾ ਸਿੰਘ ਜੀਦਾ ਤੇ ਮਨਦੀਪ ਸਿੰਘ ਸਿਬੀਆਂ ਨੇ ਸਬੋਧਨ ਕਰਦਿਆ ਕਿਹਾ ਕਿ ਮਜਦੂਰ ਜੱਥੇਬੰਦੀਆਂ ਨਾਲ ਹੋਈ ਮੀਟਿੰਗ ਵਿੱਚ ਲੋੜਵੰਦ ਪਰਿਵਾਰਾਂ ਨੂੰ ਪਲਾਟ ਦੇਣ,ਬਿਜਲੀ ਬਿੱਲਾ ਦੇ ਜੁਰਮਾਨੇ ਮਾਫ ਕਰਨ ,ਕਰਜੇ ਕਾਰਨ ਔਰਤਾਂ ਨੂੰ ਜਲੀਲ ਕਰਨ ਵਾਲੀਆਂ ਮਾਈਕਰੋ ਫਾਈਨਾਸ ਕੰਪਨੀਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਨ,ਸਹਿਕਾਰੀ ਸਭਾਵਾਂ ਵਿੱਚੋਂ ਮਜਦੂਰਾਂ ਨੂੰ ਪੰਜਾਹ ਹਜਾਰ ਦਾ ਕਰਜਾ ਦੇਣ ਤੇ ਦਲਿਤ ਮਜਦੂਰਾਂ ਨੂੰ ਪੱਚੀ ਪਰੀਸ਼ਤ ਮੈਂਬਰਸਿਪ ਦੇਣ,ਨੀਲੇ ਕਾਰਡ ਬਨਾਉਣ ਆਦਿ ਮੰਗਾਂ ਲਾਗੂ ਕਰਨ ਦਾ ਫੈਸਲਾ ਕੀਤਾ ਸੀ। ਪਰ ਫੈਸਲਿਆਂ ਦੇ ਸਰਕੂਲਰ ਜਾਰੀ ਨਾ ਕਰਨ ਕਰਕੇ ਇਨਾਂ ਮੰਗਾਂ ਨੂੰ ਅਮਲੀ ਰੂਪ ਵਿੱਚ ਲਾਗੂ ਨਹੀਂ ਕੀਤਾ ਜਾ ਰਿਹਾ । ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਕਿਹਾ ਕਿ 27 ਦਸੰਬਰ ਤੱਕ ਇਸੇ ਤਰਾਂ ਪਿੰਡ ਪਿੰਡ ਰੋਸ ਮੁਜਾਹਰੇ ਕਰਨ ਮਗਰੋਂ 28 ਨੂੰ ਫੂਲ 29 ਨੂੰ ਮੌੜ ਮੰਡੀ ਤੇ 30 ਨੂੰ ਬਠਿੰਡਾ ਵਿੱਚ ਰੋਸ਼ ਧਰਨੇ ਦਿੱਤੇ ਜਾਣਗੇ।

ਵਿਧਾਨ ਸਭਾ ਚੋਣਾਂ ਸਬੰਧੀ ਹਰ ਤਰ੍ਹਾਂ ਦੀਆਂ ਅਗਾਂਊ ਤਿਆਰੀਆਂ ਮੁਕੰਮਲ : ਡਿਪਟੀ ਕਮਿਸ਼ਨਰ

0

ਮੀਡੀਆ ਆਮ ਲੋਕਾਂ ਨੂੰ ਸਹੀ ਤੇ ਤੱਥਾਂ ਆਧਾਰਿਤ ਜਾਣਕਾਰੀ ਕਰਵਾਏ ਮੁਹੱਈਆ
ਸੁਖਜਿੰਦਰ ਮਾਨ
ਬਠਿੰਡਾ, 24 ਦਸੰਬਰ: ਆਗਾਮੀ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਹੁਣ ਤੱਕ ਦੀਆਂ ਹਰ ਤਰ੍ਹਾਂ ਦੀਆਂ ਅਗਾਂਊ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜ਼ਿਲ੍ਹੇ ਅੰਦਰ ਚੋਣਾਂ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਤੇ ਪਾਰਦਰਸ਼ੀ ਢੰਗ ਨਾਲ ਬਿਨਾਂ ਕਿਸੇ ਡਰ-ਭੈਅ ਦੇ ਨੇਪਰੇ ਚੜ੍ਹਾਈਆਂ ਜਾਣਗੀਆਂ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਅੱਜ ਸਥਾਨਕ ਜ਼ਿਲ੍ਹਾ ਪ੍ਰੀਸ਼ਦ ਦੇ ਮੀਟਿੰਗ ਹਾਲ ’ਚ ਚੋਣਾਂ ਦੌਰਾਨ ਮੀਡੀਆ ਦੀ ਭੂਮਿਕਾ ਸਬੰਧੀ ਕਰਵਾਈ ਗਈ ਵਿਸ਼ੇਸ਼ ਬੈਠਕ ਦੌਰਾਨ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ 20 ਦਸੰਬਰ 2021 ਤੱਕ ਵੋਟਾਂ ਦੀ ਸਰਸਰੀ ਸੁਧਾਈ ਅਨੁਸਾਰ ਕੁੱਲ 1056572 ਵੋਟਰ ਹਨ, ਜਿਨ੍ਹਾਂ ਵਿਚੋਂ ਮਰਦ 557247, ਔਰਤਾਂ 499302 ਅਤੇ ਥਰਡ ਜੈਂਡਰ 23 ਵੋਟਰ ਹਨ। ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਦੇ 6 ਵਿਧਾਨ ਸਭਾ ਹਲਕਿਆਂ (90-ਰਾਮਪੁਰਾ ਫੂਲ, 91-ਭੁੱਚੋ ਮੰਡੀ (ਅ.ਜ.), 92-ਬਠਿੰਡਾ ਸ਼ਹਿਰੀ, 93-ਬਠਿੰਡਾ ਦਿਹਾਤੀ (ਅ.ਜ.), 94-ਤਲਵੰਡੀ ਸਾਬੋ ਤੇ 95-ਮੋੜ) ਲਈ ਜ਼ਿਲ੍ਹੇ ਅੰਦਰ ਕੁੱਲ 1192 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿਚੋਂ ਸ਼ਹਿਰੀ 408 ਅਤੇ ਦਿਹਾਤੀ 784 ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕੁੱਲ ਪੋਲਿੰਗ ਸਟੇਸ਼ਨਾਂ ਦੀਆਂ ਥਾਵਾਂ 579 ਹਨ ਜਿਨ੍ਹਾਂ ਵਿਚੋਂ ਸ਼ਹਿਰੀ 145 ਅਤੇ ਪੇਂਡੂ 434 ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਸ. ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਆਪਣੀਆਂ ਸੇਵਾਵਾਂ ਪੂਰੀ ਇਮਾਨਦਾਰੀ, ਤਨਦੇਹੀ, ਜਿੰਮੇਵਾਰੀ ਅਤੇ ਤੱਥਾਂ ਆਧਾਰਿਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਮੀਡੀਆ ਕਰਮੀਆਂ ਨੂੰ ਇਹ ਵੀ ਵਿਸ਼ਵਾਸ਼ ਦਿਵਾਇਆ ਕਿ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਸੁਰੱਖਿਆ ਦੇ ਪੱਖੋਂ ਕਿਸੇ ਵੀ ਤਰ੍ਹਾਂ ਦੀ ਕੋਈ ਢਿੱਲ-ਮੱਠ ਨਹੀਂ ਵਰਤੀ ਜਾਵੇਗੀ। ਸੁਰੱਖਿਆ ਦੇ ਮੱਦੇਨਜ਼ਰ 35 ਕੰਪਨੀਆਂ ਦੀ ਮੰਗ ਕੀਤੀ ਗਈ ਹੈ, ਲੋੜ ਪੈਣ ਤੇ ਹਲਾਤਾ ਮੁਤਾਬਿਕ ਹੋਰ ਵੀ ਵਧਾਈ ਜਾ ਸਕੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵਰਿੰਦਰ ਪਾਲ ਸਿੰਘ ਬਾਜਵਾ, ਐਸਡੀਐਮ-ਕਮ-ਆਰ.ਓ ਤਲਵੰਡੀ ਸਾਬੋ ਅਕਾਸ਼ ਬਾਂਸਲ, ਐਸਡੀਐਮ-ਕਮ-ਆਰ.ਓ ਬਠਿੰਡਾ ਸ਼ਹਿਰੀ ਕੰਵਰਜੀਤ ਸਿੰਘ, ਬਠਿੰਡਾ ਦਿਹਾਤੀ ਆਰ.ਓ ਡਾ. ਆਰ.ਪੀ. ਸਿੰਘ, ਐਸਡੀਐਮ-ਕਮ-ਆਰ.ਓ ਰਾਮਪੁਰਾ ਫੂਲ ਨਵਦੀਪ ਕੁਮਾਰ, ਆਰਟੀਏ-ਕਮ-ਆਰ.ਓ ਭੁੱਚੋਂ ਬਲਵਿੰਦਰ ਸਿੰਘ, ਐਸਪੀ ਰਾਜਵੀਰ ਸਿੰਘ ਬੋਪਾਰਾਏ, ਤਹਿਸੀਲਦਾਰ ਚੋਣਾਂ ਗੁਰਚਰਨ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਗੁਰਦਾਸ ਸਿੰਘ ਤੇ ਗੁਰਦੀਪ ਸਿੰਘ ਮਾਨ ਤੋਂ ਇਲਾਵਾ ਪਿ੍ਰੰਟ ਅਤੇ ਇਲੈਕਟ੍ਰਾਨਿਕ ਮੀਡੀਆਂ ਦੇ ਨੁਮਾਇੰਦੇ ਹਾਜ਼ਰ ਸਨ।

ਬਠਿੰਡਾ ’ਚ ਅਕਾਲੀਆਂ ਨੇ ਐਸ.ਐਸ.ਪੀ ਦਫ਼ਤਰ ਅੱਗੇ ਲਗਾਇਆ ਧਰਨਾ

0

ਚੰਨੀ ਸਰਕਾਰ ’ਤੇ ਬਿਕਰਮ ਮਜੀਠਿਆ ਵਿਰੁਧ ਝੂਠਾ ਪਰਚਾ ਦਰਜ਼ ਕਰਨ ਦੇ ਲਗਾਏ ਦੋਸ਼
ਸੁਖਜਿੰਦਰ ਮਾਨ
ਬਠਿੰਡਾ, 24 ਦਸੰਬਰ: ਪਿਛਲੇ ਦਿਨੀਂ ਵਿਸੇਸ ਜਾਂਚ ਟੀਮ ਵਲੋਂ ਨਸ਼ਾ ਤਸਕਰੀ ਦੇ ਕਥਿਤ ਦੋਸ਼ਾਂ ਹੇਠ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁਧ ਦਰਜ਼ ਕੀਤੇ ਕੇਸ ਦੇ ਵਿਰੋਧ ’ਚ ਅੱਜ ਅਕਾਲੀ ਵਰਕਰਾਂ ਨੇ ਐਸ.ਐਸ.ਪੀ ਦਫ਼ਤਰ ਅੱਗੇ ਰੋਸ਼ ਧਰਨਾ ਲਗਾਇਆ। ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿਚ ਇਕੱਤਰ ਹੋਏ ਅਕਾਲੀ ਆਗੂਆਂ ਤੇ ਵਰਕਰਾਂ ਨੇ ਇਸ ਮੌਕੇ ਚੰਨੀ ਸਰਕਾਰ ਦਾ ਪੁਤਲਾ ਵੀ ਫੂਕਿਆ। ਧਰਨੇ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ,ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ, ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ,ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ, ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ, ਜਨਰਲ ਸਕੱਤਰ ਮੋਹਿਤ ਗੁਪਤਾ , ਸੀਨੀਅਰ ਆਗੂ ਜਗਸੀਰ ਸਿੰਘ ਜੱਗਾ ਕਲਿਆਣ, ਯੂਥ ਅਕਾਲੀ ਦੇ ਆਗੂ ਗਰਦੌਰ ਸਿੰਘ ਸੰਧੂ, ਗੁਰਦੀਪ ਸਿੰਘ ਕੋਟਸਮੀਰ, ਕਿਸਾਨ ਵਿੰਗ ਦੇ ਜਿਲ੍ਹਾ ਪ੍ਰਧਾਨ ਚਮਕੌਰ ਮਾਨ, ਸਹਿਰੀ ਪ੍ਰਧਾਨ ਹਰਪਾਲ ਸਿੰਘ ਢਿੱਲੋਂ, ਦਿਹਾਤੀ ਪ੍ਰਧਾਨ ਗੁਰਲਾਭ ਸਿੰਘ ਢੇਲਵਾਂ, ਸੀਨੀਅਰ ਆਗੂ ਨਿਰਮਲ ਸਿੰਘ ਸੰਧੂ ਤੇ ਅਕਾਲਅਰਪਨ ਸਿੰਘ ਬਰਾੜ ਨੇ ਦੋਸ਼ ਲਗਾਇਆ ਕਿ ਕਾਂਗਰਸ ਸਰਕਾਰ ਨੇ ਅਪਣੀਆਂ ਅਸਫ਼ਲਤਾਵਾਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਸ: ਮਜੀਠਿਆ ਵਿਰੁਧ ਝੂਠਾ ਪਰਚਾ ਦਰਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹਨ, ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਖਤਰੇ ਵਿੱਚ ਹੈ,ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਬੰਬ ਬਲਾਸਟ ਹੋ ਰਹੇ ਹਨ, ਜਿਸ ਪਾਸੇ ਸਰਕਾਰ ਦਾ ਕੋਈ ਧਿਆਨ ਨਹੀਂ। ਇਸ ਮੌਕੇ ਓਮ ਪ੍ਰਕਾਸ਼ ਸ਼ਰਮਾ, ਰਾਜਵਿੰਦਰ ਸਿੰਘ ਸਿੱਧੂ, ਹਰਵਿੰਦਰ ਗੰਜੂ, ਦੀਨਵ ਸਿੰਗਲਾ, ਰਾਕੇਸ਼ ਸਿੰਗਲਾ, ਹਰਜਿੰਦਰ ਛਿੰਦਾ ਐਮ ਸੀ ਤੇ ਅਵਤਾਰ ਸਿੰਘ ਮੈਨੂੰਆਣਾ ਆਦਿ ਹਾਜਰ ਸਨ।

ਗਿਆਨੀ ਜੈਲ ਸਿੰਘ ਦੇ 2 ਵਿਦਿਆਰਥੀਆਂ ਦੀ ਨੌਕਰੀ ਲਈ ਚੁਣੇ

0

ਸੁਖਜਿੰਦਰ ਮਾਨ
ਬਠਿੰਡਾ, 24 ਦਸੰਬਰ: ਇੱਕ ਵਿਸੇਸ ਪਲੇਸਮੈਂਟ ਡਰਾਈਵ ਦੇ ਤਹਿਤ ਸਥਾਨਕ ਗਿਆਨੀ ਜੈਲ ਸਿੰਘ ਕੈਂਪਸ ਕਾਲਜ ਦੇ ਟੈਕਸਟਾਈਲ ਵਿਭਾਗ ਦੇ ਦੋ ਵਿਦਿਆਰਥੀ ਸੋਨੂੰ ਅਤੇ ਰਾਜਤਰੰਗੀਨੀ ਕਲਾ ਨੂੰ ਰਿਲਾਇੰਸ ਇੰਡਸਟਰੀਜ ਲਿਮਿਟੇਡ ਵੱਲੋਂ ਪੋਲੀਸਟਰ ਗ੍ਰੈਜੂਏਟ ਇੰਜੀਨੀਅਰਿੰਗ ਸਿਖਿਆਰਥੀ ਵਜੋਂ ਨੌਕਰੀ ਲਈ ਚੋਣ ਕੀਤੀ ਗਈ । ਕੰਪਨੀ ਨੇ ਚੁਣੇ ਗਏ ਵਿਦਿਆਰਥੀਆਂ ਨੂੰ 6 ਲੱਖ ਰੁਪਏ ਸਾਲਾਨਾ ਦੇ ਆਕਰਸਕ ਪੈਕੇਜ ਦੀ ਪੇਸਕਸ ਕੀਤੀ ਹੈ।ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ.(ਡਾ.) ਬੂਟਾ ਸਿੰਘ ਸਿੱਧੂ ਨੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਬਿਹਤਰ ਰੁਜਗਾਰ ਦੈ ਮੌਕੇ ਪ੍ਰਦਾਰਨ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ।

ਮੁੱਖ ਮੰਤਰੀ ਪੰਜਾਬੀਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣ ਅਤੇ ਲਗਾਤਾਰ ਵਾਪਰੀਆਂ ਭਿਆਨਕ ਘਟਨਾਵਾਂ ਲਈ ਸਿਆਸੀ ਵਿਰੋਧੀਆਂ ਨੁੰ ਦੋਸ਼ੀ ਠਹਿਰਾਉਣ ਦੀ ਘਟੀਆ ਰਾਜਨੀਤੀ ਨਾ ਖੇਡਣ : ਅਕਾਲੀ ਦਲ

0

ਅਜਿਹੇ ਬਿਆਨ ਦੇ ਕੇ ਮੁੱਖ ਮੰਤਰੀ ਦੇਸ਼ ਵਿਰੋਧੀ ਏਜੰਸੀਆਂ ਦੇ ਹੱਥਾਂ ਵਿਚ ਖੇਡ ਰਹੇ ਹਨ : ਡਾ. ਦਲਜੀਤ ਸਿੰਘ ਚੀਮਾ
ਸੁਖਜਿੰਦਰ ਮਾਨ
ਚੰਡੀਗੜ੍ਹ, 23 ਦਸੰਬਰ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੁੰ ਆਖਿਆ ਕਿ ਉਹ ਪੰਜਾਬੀਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣ ਅਤੇ ਆਪਣੀਆਂ ਅਸਫਲਤਾਵਾਂ ’ਤੇ ਪਰਦਾ ਪਾਉਣ ਲਈ ਲਗਾਤਾਰ ਵਾਪਰੀਆਂ ਭਿਆਨਕ ਘਟਨਾਵਾਂ ਲਈ ਆਪਦੇ ਸਿਆਸੀ ਵਿਰੋਧੀਆਂ ਸਿਰ ਦੋਸ਼ ਮੜ੍ਹਨ ਦੀ ਘਟੀਆ ਰਾਜਨੀਤੀ ਨਾ ਕਰਨ।ਇਕੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਦੇ ਉਸ ਬਿਆਨ ਦੀ ਜ਼ੋਰਦਾਰ ਨਿਖੇਧੀ ਜਿਸ ਵਿਚ ਉਹਨਾਂ ਕਿਹਾ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਅਤੇ ਲੁਧਿਆਣਾ ਬੰਬ ਧਮਾਕਾ ਉਦੋਂ ਵਾਪਰਿਆ ਜਦੋਂ ਕਾਂਗਰਸ ਸਰਕਾਰ ਨੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੇਸ ਦਰਜ ਕਰ ਦਿੱਤਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਬਹੁ ਗਿਰਿਆ ਹੋਇਆ ਬਿਆਨ ਦਿੱਤਾ ਹੈ।ਡਾ. ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸੂਬੇ ਦੀ ਵਾਗਡੋਰ ਉਸ ਵਿਅਕਤੀ ਦੇ ਹੱਥ ਵਿਚ ਹੈ ਜੋ ਦੇਸ ਵਿਰੋਧੀ ਏਜੰਸੀਆਂ ਦੇ ਹੱਥਾਂ ਵਿਚ ਖੇਡ ਰਿਹਾ ਹੈ ਅਤੇ ਹਾਲ ਹੀ ਦੇ ਕੇਸਾਂ ਵਿਚ ਵਿਦੇਸ਼ੀ ਤਾਕਤਾਂ ਦਾ ਹੱਥ ਹੋਣ ਦੀ ਜਾਂਚ ਕਰਵਾਉਣ ਤੋਂ ਇਨਕਾਰ ਕਰ ਰਿਹਾ ਹੈ ਤੇ ਆਪਣੇ ਸਿਆਸੀ ਵਿਰੋਧੀਆਂ ਨੁੰ ਘਟਨਾਵਾਂ ਲਈ ਦੋਸ਼ੀ ਠਹਿਰਾ ਰਿਹਾ ਹੈ। ਉਹਨਾਂ ਕਿਹਾ ਕਿ ਅਜਿਹੇ ਬਿਆਨਾਂ ਨਾਲ ਸਿਰਫ ਉਹਨਾਂ ਕੌਮਾਂਤਰੀ ਏਜੰਸੀਆਂ ਦੇ ਹੱਥ ਮਜ਼ਬੂਤ ਹੋਣਗੇ ਜੋ ਅਜਿਹੇ ਅਣਮਨੁੱਖੀ ਕਾਰਿਆਂ ਦੇ ਪਿੱਛੇ ਹਨ।ਡਾ. ਚੀਮਾ ਨੇ ਕਿਹਾ ਕਿ ਅਮਨ ਕਾਨੁੰਨ ਦੀ ਵਿਵਸਥਾ ਬਣਾ ਕੇ ਰੱਖਣਾ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਹੈ ਅਤੇ ਸ੍ਰੀ ਚੰਨੀ ਇਸ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੁੰ ਹਾਲ ਹੀ ਵਿਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਅਤੇ ਲੁਧਿਆਣਾ ਬੰਬ ਧਮਾਕੇ ਦੀ ਜਾਂਚ ਵਿਚ ਤੇਜ਼ੀ ਲਿਆਉਣੀ ਚਾਹੀਦੀ ਹੈ ਨਾ ਕਿ ਇਸ ਮਾਮਲੇ ਦਾ ਸਿਆਸੀਕਰਨ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਨੇ ਦਰੁੱਸਤੀ ਨਾ ਕੀਤੀ ਅਤੇ ਇਹਨਾਂ ਕਾਰਵਾਈਆਂ ਲਈ ਜ਼ਿੰਮੇਵਾਰ ਏਜੰਸੀਆਂ ਦੀ ਸ਼ਨਾਖ਼ਤ ਨਾ ਕੀਤੀ ਤੇ ਇਹਨਾਂ ਪਿਛਲੀਆਂ ਸਾਜ਼ਿਸ਼ਾਂ ਬੇਨਕਾਬ ਨਾ ਕੀਤੀਆਂ ਤਾਂ ਪੰਜਾਬ ਤੇ ਪੰਜਾਬੀਅਤ ਨੁੰ ਇਸਦੀ ਭਾਰੀ ਕੀਮਤ ਅਦਾ ਕਰਨੀ ਪਵੇਗੀ।

ਬਦਲੀਆਂ ਲਾਗੂ ਕਰਨ ਦੀ ਮੰਗ -ਡੀਟੀਐਫ

0

ਅਧਿਆਪਕ ਆਪਣੇ ਘਰਾਂ ਤੋਂ ਸੈਂਕੜੇ ਕਿਲੋਮੀਟਰ ਦੂਰ ਕਰ ਰਹੇ ਹਨ ਡਿਊਟੀ ।
ਸੁਖਜਿੰਦਰ ਮਾਨ
ਬਠਿੰਡਾ, 23 ਦਸੰਬਰ: ਚਰਨਜੀਤ ਸਿੰਘ ਚੰਨੀ ਵੱਲੋਂ ਮੁੱਖ ਮੰਤਰੀ ਦੀ ਜਿੰਮੇਵਾਰੀ ਸੰਭਾਲਣ ਸਮੇਂ ਸੈਂਕੜੇ ਕਿਲੋਮੀਟਰ ਦੂਰ ਸੇਵਾਵਾਂ ਦੇ ਰਹੇ ਅਧਿਆਪਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਲਿਆਉਣ ਦਾ ਐਲਾਨ ਵੀ ਬਾਕੀ ਕਈ ਐਲਾਨਾਂ ਵਾਂਗ ਕੇਵਲ ਕਾਗਜ਼ਾਂ ਤੱਕ ਸੀਮਤ ਰਹਿ ਗਿਆ ਹੈ । ਜਿਸ ਦਾ ਕਾਰਨ ਪੰਜਾਬ ਸਰਕਾਰ ਦੀ ਆਨਲਾਈਨ ਬਦਲੀ ਪ੍ਰਕਿਰਿਆ ਤਹਿਤ ਬਦਲੀ ਕਰਵਾਉਣ ਵਾਲੇ ਅਧਿਆਪਕਾਂ ਦੀਆਂ ਬਦਲੀਆਂ ਲਾਗੂ ਨਾ ਕਰਨਾ ਅਤੇ ਹੋਰਨਾਂ ਨੂੰ ਮੌਕਾ ਨਾ ਦੇਣਾ ਹੈ। ਇਹ ਦੋਸ਼ ਲਗਾਉਂਦਿਆਂ ਇੱਥੇ ਜਾਰੀ ਬਿਆਨ ਵਿਚ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ ਕੁਮਾਰ ਜ਼ਿਲ੍ਹਾ ਪ੍ਰਧਾਨ ਜਗਪਾਲ ਬੰਗੀ ਜਨਰਲ ਸਕੱਤਰ ਰਾਜੇਸ਼ ਮੋਂਗਾ ਮੀਤ ਪ੍ਰਧਾਨ ਬੇਅੰਤ ਸਿੰਘ ਫੂਲੇਵਾਲਾ ਅਤੇ ਸੂਬਾ ਕਮੇਟੀ ਮੈਂਬਰ ਬੂਟਾ ਸਿੰਘ ਰੋਮਾਣਾ ਨੇ ਕਿਹਾ ਕਿ ਪਿਛਲੇ ਸਮੇਂ ਵੱਖ ਬਦਲੀਆਂ ਦੀਆਂ ਸੂਚੀਆਂ ਵਿੱਚ ਅਨੇਕਾਂ ਅਧਿਆਪਕਾਂ ਦੀਆਂ ਬਦਲੀਆਂ ਦੇ ਹੁਕਮ ਜਾਰੀ ਹੋਣ ਦੇ ਬਾਵਜੂਦ ਵੀ ਬਦਲੀਆਂ ਲਾਗੂ ਨਹੀਂ ਹੋਈਆਂ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੇਲੇ ਸਿੱਖਿਆ ਵਿਭਾਗ ਨੇ ਸਿੱਖਿਆ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਾਅਦ ਵਿੱਚ ਬਦਲੀਆਂ ਲਾਗੂ ਕਰਨ ‘ਤੇ ਕਈ ਪ੍ਰਕਾਰ ਦੀਆਂ ਸ਼ਰਤਾਂ ਜਿਵੇਂ ਸਿੰਗਲ ਟੀਚਰ, 50% ਸਟਾਫ, ਬਦਲਵਾਂ ਪ੍ਰਬੰਧ, ਪਰਖ ਸਮਾਂ ਦੀ ਸ਼ਰਤ ਤੋਂ ਇਲਾਵਾ ਪ੍ਰਾਇਮਰੀ ਦੀਆਂ ਅੰਤਰ ਜ਼ਿਲ੍ਹਾ ਬਦਲੀਆਂ ਨੂੰ ਲਾਗੂ ਕਰਕੇ ਵੀ ਡੈਪੂਟੇਸ਼ਨ ਉੱਤੇ ਵਾਪਸ ਪੁਰਾਣੇ ਸਕੂਲਾਂ ਵਿੱਚ ਭੇਜਣਾ ਆਦਿ ਦੇ ਨਿਵੇਕਲੀਆਂ ਸ਼ਰਤਾਂ ਲਗਾ ਦਿੱਤੀਆਂ, ਜਿਸ ਕਾਰਨ ਲਗਭਗ 30% ਦੇ ਕਰੀਬ ਅਤਿ ਲੋੜਵੰਦ ਅਧਿਆਪਕ ਬਦਲੀਆਂ ਤੋਂ ਵਾਂਝੇ ਰਹਿ ਗਏ। ਉਨ੍ਹਾਂ ਕਿਹਾ ਕਿ ਜਿਹੜੀਆਂ ਸਰਤਾਂ ਤਹਿਤ ਅਧਿਆਪਕਾਂ ਦੀ ਬਦਲੀਆਂ ਨੂੰ ਰੋਕਿਆ ਗਿਆ ਇਹਨਾਂ ਸ਼ਰਤਾਂ ਵਿੱਚੋਂ ਅਨੇਕਾਂ ਬਦਲੀ ਨੀਤੀ ਵਿੱਚ ਸ਼ਾਮਿਲ ਹੀ ਨਹੀਂ ਹਨ। ਉਨ੍ਹਾਂ ਕਿਹਾ ਕਿ ਕਿਸੇ ਸਕੂਲ ਵਿੱਚ 50% ਤੋਂ ਵੀ ਘੱਟ ਸਟਾਫ ਸਰਕਾਰ ਦਾ ਵਿਦਿਆਰਥੀਆਂ ਦੀ ਸਿੱਖਿਆ ਪ੍ਰਤੀ ਅਣਗਹਿਲੀ ਦਾ ਵੱਡਾ ਸਬੂਤ ਹੈ ਅਤੇ ਇਸਦਾ ਹੱਲ ਸਰਕਾਰ ਨੂੰ ਤੁਰੰਤ ਭਰਤੀ ਕਰਕੇ ਕਰਨਾ ਚਾਹੀਦਾ ਸੀ ਨਾ ਕਿ ਅਧਿਆਪਕਾਂ ਦੀਆਂ ਬਦਲੀਆਂ ਰੋਕ ਕੇ। ਡੀ ਟੀ ਐੱਫ ਆਗੂਆਂ ਨੇ ਕਿਹਾ ਕਿ ਭਾਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਪਹਿਲੇ ਐਲਾਨਾਂ ਵਿੱਚ ਅਧਿਆਪਕਾਂ ਨੂੰ ਨੇੜੇ ਸਟੇਸ਼ਨ ਦੇਣ ਦੀਆਂ ਗੱਲਾਂ ਸਟੇਜਾਂ ਤੋਂ ਕੀਤੀਆਂ ਸਨ ਪਰ ਅਸਲੀਅਤ ਵਿੱਚ ਬਦਲੀ ਹੋ ਜਾਣ ਦੇ ਬਾਵਜੂਦ ਵੀ ਸਮੇਤ ਔਰਤ ਅਧਿਆਪਕਾਵਾਂ, ਅਧਿਆਪਕ ਘਰਾਂ ਤੋਂ ਸੈਂਕੜੇ ਕਿਲੋਮੀਟਰਾਂ ਤੇ ਰਹਿਣ ਲਈ ਮਜਬੂਰ ਹਨ ਅਤੇ ਉਹਨਾਂ ਦੇ ਪਰਿਵਾਰ ਰੁਲ ਰਹੇ ਹਨ। ਕਈਆਂ ਨੂੰ ਇਹ ਸੰਤਾਪ ਭੋਗਦਿਆਂ 10-10 ਸਾਲ ਤੋਂ ਵੀ ਵੱਧ ਦਾ ਸਮਾਂ ਲੰਘ ਚੁੱਕਾ ਹੈ।ਬਦਲੀ ਹੋਣ ਉਪਰੰਤ ਵੀ ਪਿ੍ਰੰਸੀਪਲ, ਬੀ.ਪੀ.ਈ.ਓ. ਅਤੇ ਮੁੱਖ ਅਧਿਆਪਕਾਂ ਨੂੰ ਪੁਰਾਣੇ ਸਟੇਸ਼ਨ ਦੇ ਤਿੰਨ ਦਿਨ ਲਈ ਦਿੱਤੇ ਦੋਹਰੇ ਚਾਰਜ ਕਾਰਨ ਹੋ ਰਹੀ ਖੱਜਲ ਖੁਆਰੀ ‘ਤੇ ਫੌਰੀ ਰੋਕ ਲਗਾਉਣ ਦੀ ਮੰਗ ਵੀ ਕੀਤੀ। ਇਸ ਗੈਰਵਾਜਬ ਢੰਗ ਤਰੀਕੇ ਦੀ ਥਾਂ ਇਨ੍ਹਾਂ ਕਾਡਰਾਂ ਦੀਆਂ ਖਾਲੀ ਅਸਾਮੀਆਂ ਪ੍ਰਮੋਸ਼ਨਾਂ ਤੇ ਨਵੀ ਭਰਤੀ ਰਾਹੀਂ ਭਰਨ ਅਤੇ ਅਜਿਹੇ ਵਾਧੂ ਚਾਰਜ ਵਾਪਿਸ ਲੈ ਕੇ ਸਕੂਲਾਂ ਦਾ ਪ੍ਰਬੰਧ ਨੇੜੇ ਦੇ ਸਕੂਲ ਮੁਖੀ ਰਾਹੀਂ ਚਲਾਉਣ ਦੀ ਮੰਗ ਕੀਤੀ ਗਈ।ਡੀਟੀਐਫ ਆਗੂਆਂ ਗੁਰਮੇਲ ਸਿੰਘ ਮਲਕਾਣਾ, ਗੁਰਪਾਲ ਸਿੰਘ ,ਅੰਗਰੇਜ ਸਿੰਘ ਮੌੜ, ਹਰਜਿੰਦਰ ਸੇਮਾ, ਅਮਰਦੀਪ ਸਿੰਘ ,ਦਵਿੰਦਰ ਬੱਲੂਆਣਾ, ਜਤਿੰਦਰ ਸ਼ਰਮ, ਸੁਨੀਲ ਕੁਮਾਰ ਅੰਮਿ੍ਰਤਪਾਲ ਸੈਣੇਵਾਲਾ, ਨਛੱਤਰ ਸਿੰਘ ਜੇਠੂਕੇ ਵਿਸ਼ਨ ਕੁਮਾਰ ਨੇ ਐਲਾਨ ਕੀਤਾ ਕਿ ਜੇਕਰ ਅਧਿਆਪਕਾਂ ਦੀ ਇਸ ਜਾਇਜ਼ ਮੰਗ ਦਾ ਸਰਕਾਰ ਨੇ ਕੋਈ ਹੱਲ ਨਾ ਕੱਢਿਆ ਤਾਂ ਅਧਿਆਪਕ ਮਜਬੂਰਨ ਸੰਘਰਸ਼ ਦਾ ਰਾਹ ਫੜਣਗੇ।

Our Visitor

1895293