ਸੁਖਜਿੰਦਰ ਮਾਨ
ਬਠਿੰਡਾ, 23 ਦਸੰਬਰ: ਪੰਜਾਬ ਸਰਕਾਰ ਨਾਲ ਸਬੰਧਤ ਮੰਗਾਂ ਮਨਾਉਣ ਅਤੇ ਲਾਗੂ ਕਰਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ਹੇਠ ਸਥਾਨਕ ਮਿੰਨੀ ਸਕੱਤਰੇਤ ਦੇ ਅੱਗੇ ਚੱਲ ਰਿਹਾ ਧਰਨਾ ਅੱਜ ਚੌਥੇ ਦਿਨ ਵੀ ਜਾਰੀ ਰਿਹਾ। ਹਾਲਾਂਕਿ ਕਿਸਾਨ ਆਗੂਆਂ ਦੀ ਮੁੱਖ ਮਤਰੀ ਨਾਲ ਰੱਖੀ ਮੀਟਿੰਗ ਵਿਚ ਸਾਜ਼ਗਾਰ ਨਤੀਜ਼ੇ ਸਾਹਮਣੇ ਆਉਣ ਦੀ ਉਮੀਦ ਸੀ ਪ੍ਰੰਤੂ ਅਗਲੀ ਮੀਟਿੰਗ 30 ਦਸੰਬਰ ਨੂੰ ਮੁੜ ਰੱਖੇ ਜਾਣ ਦੇ ਕਾਰਨ ਇਹ ਧਰਨੇ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ। ਉਧਰ ਅੱਜ ਦੀ ਸਟੇਜ ਤੋਂ ਮੁੱਖ ਬੁਲਾਰਿਆਂ ਜਿਲਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ , ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ, ਸੂਬਾ ਆਗੂ ਹਰਿੰਦਰ ਕੌਰ ਬਿੰਦੂ ਅਤੇ ਔਰਤ ਜਥੇਬੰਦੀ ਦੇ ਆਗੂ ਹਰਪ੍ਰੀਤ ਕੌਰ ਜੇਠੂਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਥੇਬੰਦੀ ਦੇ ਆਗੂਆਂ ਨਾਲ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਵਿੱਚ ਕੁਝ ਮੰਗਾਂ ਪ੍ਰਤੀ ਹਾਂ ਪੱਖੀ ਹੁੰਗਾਰਾ ਮਿਲਿਆ ਹੈ ਪਰ ਇਨ੍ਹਾਂ ਮੰਗਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਾਉਣ ਅਤੇ ਰਹਿੰਦੀਆਂ ਮੰਗਾਂ ਸਬੰਧੀ ਸੰਘਰਸ਼ ਹੋਰ ਤੇਜ਼ ਕਰਨ ਅਤੇ ਲਗਾਤਾਰ ਇਸ ’ਤੇ ਪਹਿਰਾ ਰੱਖਣ ਦੀ ਲੋੜ ਹੈ। ਜਿਸਦੇ ਚੱਲਦੇ ਇਹ ਧਰਨੇ ਜਾਰੀ ਰਹਿਣਗੇ।
ਬਾਕਸ
ਸਕੱਤਰੇਤ ਦੇ ਘਿਰਾਓ ਦੀ ਅਫ਼ਵਾਹ ਨੇ ਸਰਕਾਰੀ ਦਫ਼ਤਰ ਕੀਤੇ ਖ਼ਾਲੀ
ਬਠਿੰਡਾ: ਉਧਰ ਕਰੀਬ ਸਾਢੇ 11 ਵਜੇਂ ਕਿਸਾਨਾਂ ਵਲੋਂ ਮੁੜ ਮਿੰਨੀ ਸਕੱਤਰੇਤ ਦੇ ਘਿਰਾਓ ਦੀ ਝੂਠੀ ਅਫ਼ਵਾਹ ਨੇ ਸਕੱਤਰੇਤ ਖ਼ਾਲੀ ਕਰਵਾ ਦਿੱਤਾ। ਦੁਪਿਹਰ ਤੋਂ ਪਹਿਲਾਂ ਹੀ 90 ਫ਼ੀਸਦੀ ਤੋਂ ਵੱਧ ਮੁਲਾਜਮ ਤੇ ਅਫ਼ਸਰ ਸਕੱਤਰੇਤ ਖ਼ਾਲੀ ਕਰਕੇ ਚਲੇ ਗਏ। ਇੱਥੋਂ ਤੱਕ ਕਿ ਚੋਣ ਪ੍ਰਬੰਧਾਂ ਸਬੰਧੀ ਡਿਪਟੀ ਕਮਿਸ਼ਨਰ ਵਲੋਂ ਰੱਖੀ ਮੀਟਿੰਗ ਵੀ ਜ਼ਿਲ੍ਹਾ ਪ੍ਰੀਸ਼ਦ ਵਿਚ ਕੀਤੀ ਗਈ। ਪ੍ਰੰਤੂ ਸਕੱਤਰੇਤ ਖਾਲੀ ਹੋਣ ਦੇ ਮਾਮਲੇ ਨੂੰ ਕਿਸੇ ਵੀ ਸੀਨੀਅਰ ਅਧਿਕਾਰੀ ਨੇ ਗੰਭੀਰਤਾ ਨਾਲ ਲੈਣ ਦੀ ਕੋਸ਼ਿਸ਼ ਨਹੀਂ ਕੀਤੀ। ਜਿਸ ਕਾਰਨ ਮੁਲਾਜਮ ਤੇ ਅਫ਼ਸਰ ਨਾ ਮਿਲਣ ਕਾਰਨ ਦੂਰ-ਦੁਰਾਡੇ ਤੋਂ ਆਏ ਆਮ ਲੋਕਾਂ ਨੂੰ ਨਿਰਾਸ਼ ਹੋ ਕੇ ਮੁੜਣਾ ਪਿਆ।
ਬਠਿੰਡਾ ’ਚ ਕਿਸਾਨਾਂ ਦਾ ਧਰਨਾ ਜਾਰੀ
ਕਿਸਾਨ ਜਥੈਬੰਦੀ ਵਲੋਂ ਚੰਨੀ ਸਰਕਾਰ ਵਿਰੁਧ ਚੰਡੀਗੜ੍ਹ ’ਚ ਮੋਰਚਾ ਲਗਾਉਣ ਦਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ, 23 ਦਸੰਬਰ: ਕਾਂਗਰਸ ਸਰਕਾਰ ਵਲੋਂ ਚੋਣਾਂ ’ਚ ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਵਾਉਣ ਲਈ ਹੁਣ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਵੀ ਚੰਨੀ ਸਰਕਾਰ ਵਿਰੁਧ ਚੰਡੀਗੜ੍ਹ ਵਿਖੇ ਮੀਟਿੰਗ ਵਿੱਢਣ ਦਾ ਐਲਾ ਨ ਕੀਤਾ ਹੈ। ਅੱਜ ਇਸ ਸਬੰਧ ਵਿਚ ਸਥਾਨਕ ਚਿਲਡਰਨ ਪਾਰਕ ਵਿਚ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸਮੁੱਚਾ ਕਰਜਾ ਮੁਆਫ਼ੀ, ਬੇਰੁਜਗਾਰਾਂ ਨੂੰ ਰੋਜ਼ਗਾਰ, ਬੇਰੋਜਗਾਰੀ ਭੱਤਾ, ਹਰ ਘਰ ਨੌਕਰੀ, ਬੁਢਾਪਾ ਪੈਨਸ਼ਨ ਵਿੱਚ ਵਾਧਾ ਕਰਨ, ਨਸ਼ਾ ਤਸਕਰੀ ਤੇ ਰੇਤ ਮਾਫ਼ੀਆ ਖ਼ਤਮ ਕਰਨ ਆਦਿ ਕੀਤੇ ਵਾਅਦਿਆਂ ਨੂੰ ਪੂਰਾ ਕਰਵਾਉਣ ਲਈ ਆਉਣ ਵਾਲੇ ਦਿਨਾਂ ਵਿਚ ਪੱਕਾ ਮੋਰਚਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ। ਕਿਸਾਨ ਆਗੂਆਂ ਮੁਤਾਬਕ ਇਹ ਮੋਰਚਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਇਹ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ। ਮੀਟਿੰਗ ਵਿਚ ਕਿਸਾਨ ਆਗੂ ਰੇਸ਼ਮ ਸਿੰਘ ਯਾਤਰੀ, ਗੁਰਮੇਲ ਸਿੰਘ ਲਹਿਰਾ, ਅਰਜੁਨ ਸਿੰਘ ਫੂਲ, ਰਣਜੀਤ ਸਿੰਘ ਜੀਦਾ, ਮੁਖਤਿਆਰ ਸਿੰਘ ਕੁੱਬੇ, ਕੁਲਵੰਤ ਸਿੰਘ ਨੇਹੀਆਂਵਾਲਾ, ਬਲਵਿੰਦਰ ਸਿੰਘ ਜੋਧਪੁਰ, ਜਵਾਹਰ ਸਿੰਘ ਕਲਿਆਣ, ਬਲਵੰਤ ਸਿੰਘ ਤਲਵੰਡੀ, ਜਗਦੇਵ ਸਿੰਘ ਮਹਿਤਾ, ਬਲਵਿੰਦਰ ਸਿੰਘ ਤੇ ਸੁਖਦੇਵ ਸਿੰਘ ਫੂਲ ਆਦਿ ਆਗੂ ਹਾਜ਼ਰ ਸਨ।
ਮਜੀਠੀਆ ਵਿਰੁਧ ਹੋਏ ਪਰਚੇ ਦੇ ਵਿਰੋਧ ’ਚ ਅਕਾਲੀ ਦਲ ਅੱਜ ਐਸ.ਐਸ.ਪੀ ਦਫ਼ਤਰ ਦਾ ਕਰੇਗਾ ਘਿਰਾਓ
ਸੁਖਜਿੰਦਰ ਮਾਨ
ਬਠਿੰਡਾ, 23 ਦਸੰਬਰ: ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁਧ ਨਸ਼ਾ ਤਸਕਰੀ ਦੇ ਦਰਜ਼ ਹੋਏ ਪਰਚੇ ਦੇ ਵਿਰੋਧ ’ਚ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਖਿਲਾਫ ਮੋਰਚਾ ਖੋਲ੍ਹਦੇ ਹੋਏ ਭਲਕੇ ਐੱਸਐੱਸਪੀ ਦਫਤਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਅੱਜ ਇੱਥੇ ਕੀਤੀ ਇੱਕ ਪ੍ਰੈਸ ਕਾਨਫਰੰਸ ਵਿਚ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ, ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ, ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਗੁਰਲਾਬ ਸਿੰਘ ਢੇਲਵਾ ਆਦਿ ਨੇ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਆਪਣੀਆਂ ਨਾਕਾਮੀਆਂ ਤੇ ਪਾਰਟੀ ਵਿੱਚ ਚੱਲ ਰਹੀ ਧੜੇਬੰਦੀ ਤੋਂ ਧਿਆਨ ਭਟਕਾਉਣ ਲਈ ਵਿਰੋਧੀਆਂ ਖਿਲਾਫ ਝੂਠੇ ਪਰਚੇ ਦਰਜ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੀ ਹੈ। ਅਕਾਲੀ ਆਗੂਆਂ ਨੇ ਦੋਸ਼ ਲਗਾਇਆ ਕਿ ਕਾਂਗਰਸ ਸਰਕਾਰ ਅਪਣੇ 5 ਸਾਲ ਦੇ ਕਾਰਜ਼ਕਾਲ ਵਿਚ ਵਿੱਚ ਲੋਕਾਂ ਦੇ ਵਾਅਦਿਆਂ ਤੇ ਪੂਰਾ ਨਹੀਂ ਉਤਰ ਸਕੀ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਬਾਂਹ ਮਰੋੜ ਕੇ ਬਾਦਲ ਅਤੇ ਮਜੀਠੀਆ ਪਰਿਵਾਰ ਵਿਰੋਧੀ ਸੋਚ ਰੱਖਣ ਵਾਲੇ ਕਾਂਗਰਸੀਆਂ ਨੇ ਪਰਚਾ ਦਰਜ ਕਰਵਾਇਆ ਹੈ । ਪ੍ਰੰਤੂ ਅਕਾਲੀ ਦਲ ਹਰ ਲੜਾਈ ਲਈ ਤਿਆਰ ਹੈ। ਇਸ ਮੌਕੇ ਕਿਸਾਨ ਵਿੰਗ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਚਮਕੌਰ ਸਿੰਘ ਮਾਨ, ਕੌਮੀ ਜਨਰਲ ਸਕੱਤਰ ਗਰਦੌਰ ਸਿੰਘ ਤੇ ਗੁਰਦੀਪ ਸਿੰਘ ਕੋਟਸ਼ਮੀਰ, ਜ਼ਿਲ੍ਹਾ ਪ੍ਰਧਾਨ ਸ਼ਹਿਰੀ ਯੂਥ ਵਿੰਗ ਹਰਪਾਲ ਸਿੰਘ ਢਿੱਲੋਂ ਤੇ ਰਾਕੇਸ਼ ਸਿੰਗਲਾ ਆਦਿ ਹਾਜ਼ਰ ਸਨ।
ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰਾਂ ਨੇ ਦਿੱਤਾ ਧਰਨਾ
ਸੁਖਜਿੰਦਰ ਮਾਨ
ਬਠਿੰਡਾ, 23 ਦਸੰਬਰ: ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰਾਂ ਨੇ ਵੀ ਸਰਕਾਰ ਵਿਰੁਧ ਮੋਰਚਾ ਖੋਲਦਿਆਂ ਧਰਨਾ ਦਿੱਤਾ। ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੇ ਇਸ ਧਰਨੇ ਦੌਰਾਨ ਪੰਜਾਬ ਸਰਕਾਰ ਵਿਰੁਧ ਰੋਹ ਭਰਪੂਰ ਨਾਅਰੇਬਾਜ਼ੀ ਕਰਦਿਆਂ ਇੰਨ੍ਹਾਂ ਸਹਾਇਕ ਪ੍ਰੋਫੈਸਰਾਂ ਨੇ ਬਰਾਬਰ ਕੰਮ ਬਰਾਬਰ ਤਨਖਾਹ ਦੀ ਮੰਗ ਕੀਤੀ। ਇਸਤੋਂ ਇਲਾਵਾ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਨੂੰ ਪੂਰਾ ਕਰਨ ਦੀ ਮੰਗ ਕਰਦਿਆਂ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਦੀ ਵੀ ਅਪੀਲ ਕੀਤੀ। ਇਸ ਧਰਨੇ ਨੂੰ ਰਜਿੰਦਰ ਸਿੰਘ, ਰਵਿੰਦਰ ਕੁਮਾਰ, ਰਣਜੀਤ ਸਿੰਘ, ਸੰਜੀਵ ਕੁਮਾਰ ਤੇ ਨੀਰਜ਼ ਕੁਮਾਰ ਆਦਿ ਨੇ ਸੰਬੋਧਨ ਕੀਤਾ।
ਜ਼ਿਲ੍ਹੇ ਦੇ ਵਿਕਾਸ ਲਈ ਹਰ ਤਰ੍ਹਾਂ ਦੇ ਉਪਰਾਲੇ ਜਾਰੀ : ਚੇਅਰਮੈਨ ਰਾਜਨ ਗਰਗ
ਵੱਖ-ਵੱਖ ਵਿਕਾਸ ਕਾਰਜਾਂ ਲਈ 11,62,03,200 ਲੱਖ ਦੀ ਗ੍ਰਾਂਟ ਜਾਰੀ
ਸੁਖਜਿੰਦਰ ਮਾਨ
ਬਠਿੰਡਾ, 23 ਦਸੰਬਰ: ਵਿਧਾਨ ਸਭਾ ਹਲਕਾ ਭੁੱਚੋਂ ਮੰਡੀ ਹਲਕੇ ਲਈ ਅੱਜ ਇੱਥੇ ਵੱਖ-ਵੱਖ ਵਿਕਾਸ ਕਾਰਜਾਂ ਲਈ ਵਿਸ਼ੇਸ ਗਰਾਂਟ ਜਾਰੀ ਕਰਦਿਆਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਾਜਨ ਗਰਗ ਨੇ ਕਿਹਾ ਕਿ ਜ਼ਿਲ੍ਹੇ ਦੇ ਵਿਕਾਸ ਲਈ ਹਰ ਤਰ੍ਹਾਂ ਦੇ ਉਪਰਾਲੇ ਜਾਰੀ ਹਨ। ਉਨ੍ਹਾਂ ਦਸਿਆ ਕਿ ਇਸ ਹਲਕੇ ਲਈ 11,62,03,200 ਲੱਖ ਦੀ ਗ੍ਰਾਂਟ ਦੇ ਚੈੱਕ ਦਿੱਤੇ ਗਏ। ਉਨ੍ਹਾਂ ਕਿਹਾ ਕਿ ਭੁੱਚੋਂ ਮੰਡੀ ’ਚ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਹਲਕੇ ਦੇ ਨੁਹਾਰ ਬਦਲਣ ਲਈ ਵੱਡੇ ਉਪਰਾਲੇ ਕੀਤੇ ਹਨ। ਇਸ ਮੌਕੇ ਗ੍ਰਾਂਟ ਪ੍ਰਾਪਤ ਕਰਨ ਤੇ ਗ੍ਰਾਂਟ ਪ੍ਰਾਪਤ ਕਰਤਾ ਨੁਮਾਇਦਿਆਂ ਨੇ ਸੂਬਾ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਇਸ ਗਰਾਂਟ ਨਾਲ ਭੁੱਚੋਂ ਮੰਡੀ ਹਲਕੇ ਦਾ ਹੋਰ ਵੀ ਸਰਬਪੱਖੀ ਵਿਕਾਸ ਹੋਵੇਗਾ। ਇਸ ਮੌਕੇ ਐਡਵੋਕੇਟ ਰੁਪਿੰਦਰਪਾਲ ਸਿੰਘ ਕੋਟਭਾਈ, ਪ੍ਰਧਾਨ ਨਗਰ ਕੌਂਸਲ ਗੋਨਿਆਣਾ ਮਨਮੋਹਨ ਧੀਗੜਾ, ਚੇਅਰਮੈਨ ਨਾਹਰ ਸਿੰਘ, ਐਡਵੋਕੇਟ ਮਨਦੀਪ ਮੱਕੜ, ਗੁਰਦੇਵ ਸਿੰਘ ਪਟਵਾਰੀ, ਤਾਰਾ ਚੰਦ, ਸੁਰਜੀਤ ਸਿੰਘ, ਅਨਿੱਲ ਕੁਮਾਰ ਨੋਨਾ ਸਾਰੇ ਕੌਂਸਲਰਾਂ ਤੋਂ ਇਲਾਵਾ ਤੇਜਰਾਮ, ਗੁਰਸੇਵਕ ਸਿੰਘ, ਮੁਖਤਿਆਰ ਸਿੰਘ, ਪ੍ਰੀਤਮ ਸਿੰਘ, ਯੋਨੀ ਬਾਂਸਲ, ਮੁਕੇਸ਼ ਸ਼ਰਮਾ, ਵਰਿੰਦਰ ਗੁੰਨੂ ਅਤੇ ਨੀਰਜ ਟਵਿੰਕਲ ਆਦਿ ਕਾਂਗਰਸੀ ਆਗੂ ਹਾਜ਼ਰ ਸਨ।
ਸਾਂਤੀਪੂਰਵਕ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਾਈਆਂ ਜਾਣਗੀਆਂ ਚੋਣਾਂ : ਜ਼ਿਲ੍ਹਾ ਚੋਣ ਅਫ਼ਸਰ
ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸਮੁੱਚੀ ਚੋਣ ਪ੍ਰਕਿਰਿਆ ਸਬੰਧੀ ਕਰਵਾਇਆ ਜਾਣੂ
ਸਮੂਹ ਆਰ.ਓਜ਼ ਨੂੰ ਅਗਾਊਂ ਤਿਆਰੀਆਂ ਸਬੰਧੀ ਦਿੱਤੇ ਆਦੇਸ਼
ਸੁਖਜਿੰਦਰ ਮਾਨ
ਬਠਿੰਡਾ, 23 ਦਸੰਬਰ: ਆਗਾਮੀ ਵਿਧਾਨ ਸਭਾ ਚੋਣਾਂ 2022 ਜ਼ਿਲ੍ਹੇ ਅੰਦਰ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਤੇ ਪਾਰਦਰਸ਼ੀ ਢੰਗ ਨਾਲ ਬਿਨਾਂ ਕਿਸੇ ਡਰ-ਭੈਅ ਦੇ ਨੇਪਰੇ ਚੜ੍ਹਾਈਆਂ ਜਾਣਗੀਆਂ। ਇਹ ਦਾਅਵਾ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਅੱਜ ਇੱਥੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਚੋਣ ਪ੍ਰਕਿਰਿਆ ਸਬੰਧੀ ਦਿੱਤੀ ਗਈ ਸਿਖਲਾਈ ਮੌਕੇ ਕੀਤਾ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਅਜੈ ਮਲੂਜਾ ਤੋਂ ਇਲਾਵਾ ਜ਼ਿਲ੍ਹੇ ਨਾਲ ਸਬੰਧਤ ਸਮੂਹ ਆਰ.ਓਜ਼, ਏ.ਆਰ.ਓਜ਼ ਤੇ ਪੁਲਿਸ ਵਿਭਾਗ ਦੇ ਨੁਮਾਇੰਦੇ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਜ਼ਿਲ੍ਹਾ ਪ੍ਰੀਸ਼ਦ ਦੇ ਮੀਟਿੰਗ ਹਾਲ ਵਿਖੇ ਕਰਵਾਈ ਗਈ ਇੱਕ ਰੋਜ਼ਾ ਸਿਖਲਾਈ ਦੌਰਾਨ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਲੈ ਕੇ ਚੋਣਾਂ ਦੇ ਨਤੀਜਿਆ ਤੱਕ ਚੋਣ ਕਮਿਸ਼ਨ ਵਲੋਂ ਜਾਰੀ ਹਰ ਤਰ੍ਹਾਂ ਦੀਆਂ ਹਦਾਇਤਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਮੌਜੂਦ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਵਲੋਂ ਚੋਣ ਪ੍ਰਕਿਰਿਆ ਸਬੰਧੀ ਆਪਣੀਆਂ ਸੰਕਾਵਾਂ ਬਾਰੇ ਸਵਾਲ ਵੀ ਪੁੱਛੇ, ਜਿਨ੍ਹਾਂ ਦੇ ਡਿਪਟੀ ਕਮਿਸ਼ਨਰ ਵਲੋਂ ਢੁੱਕਵੇਂ ਜਵਾਬ ਦਿੱਤੇ ਗਏ। ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਸ. ਸੰਧੂ ਨੇ ਸਮੂਹ ਪਾਰਟੀ ਦੇ ਨੁਮਾਇੰਦਿਆਂ ਨੂੰ ਇਹ ਵੀ ਖਾਸ ਤੌਰ ਤੇ ਕਿਹਾ ਕਿ ਪ੍ਰਤੀ ਪੋਲਿੰਗ ਬੂਥਾਂ ਤੇ ਬੂਥ ਲੈਵਲ ਏਜੰਟ ਹਰ ਹਾਲਤ ਵਿਚ ਲਗਾਉਣੇ ਯਕੀਨੀ ਬਣਾਏ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਵਲੋਂ ਸਮੇਂ-ਸਮੇਂ ਤੇ ਕਰੋਨਾ ਵਾਇਰਸ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਲਾਜ਼ਮੀ ਕੀਤੀ ਜਾਵੇ। ਇਸ ਮੌਕੇ ਐਸਡੀਐਮ-ਕਮ-ਆਰ.ਓ ਤਲਵੰਡੀ ਸਾਬੋ ਸ਼੍ਰੀ ਅਕਾਸ਼ ਬਾਂਸਲ, ਐਸਡੀਐਮ-ਕਮ-ਆਰ.ਓ ਬਠਿੰਡਾ ਸ਼ਹਿਰੀ ਸ਼੍ਰੀ ਕੰਵਰਜੀਤ ਸਿੰਘ, ਐਸਡੀਐਮ-ਕਮ-ਆਰ.ਓ ਬਠਿੰਡਾ ਦਿਹਾਤੀ ਸ਼੍ਰੀਮਤੀ ਹਰਜੋਤ ਕੌਰ, ਐਸਡੀਐਮ-ਕਮ-ਆਰ.ਓ ਮੌੜ ਮੈਡਮ ਵੀਰਪਾਲ ਕੌਰ, ਐਸਡੀਐਮ-ਕਮ-ਆਰ.ਓ ਰਾਮਪੁਰਾ ਫੂਲ ਸ਼੍ਰੀ ਨਵਦੀਪ ਕੁਮਾਰ, ਆਰਟੀਏ-ਕਮ-ਆਰ.ਓ ਸ਼੍ਰੀ ਬਲਵਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਜਿਵੇਂ ਕਿ ਇੰਡੀਆ ਨੈਸ਼ਨਲ ਕਾਂਗਰਸ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ, ਬਹੁਜਨ ਸਮਾਜ ਪਾਰਟੀ, ਸੀ.ਪੀ.ਆਈ.ਐਮ ਆਦਿ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ।
ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ ਐਨ.ਐਸ.ਐਸ. ਅਫਸਰਾਂ ਦਾ ਸਿਖਲਾਈ ਪ੍ਰੋਗਰਾਮ ਸੰਪੰਨ
ਸੁਖਜਿੰਦਰ ਮਾਨ
ਬਠਿੰਡਾ, 23 ਦਸੰਬਰ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਰਾਸਟਰੀ ਸੇਵਾ ਯੋਜਨਾ ਦੇ ਅਧਿਕਾਰੀਆਂ ਲਈ ਹਫਤਾ ਭਰ ਚੱਲਿਆ ਸਿਖਲਾਈ ਪ੍ਰੋਗਰਾਮ ਸਫ਼ਲਤਾਪੂਰਵਕ ਅੱਜ ਕੈਂਪਸ ਵਿਖੇ ਸਮਾਪਤ ਹੋਇਆ। ਇਸ ਪ੍ਰੋਗਰਾਮ ਦੌਰਾਨ ਐਨ.ਐਸ.ਐਸ. ਦੇ ਆਦੇਸ, ਉਦੇਸਾਂ ਅਤੇ ਗਤੀਵਿਧੀਆਂ ਬਾਰੇ ਸਿਖਲਾਈ ਦਿੱਤੀ ਗਈ। ਬਠਿੰਡਾ ਵਿਖੇ 10 ਸਾਲਾਂ ਦੇ ਵਕਫੇ ਤੋਂ ਬਾਅਦ ਆਯੋਜਿਤ ਕੀਤੇ ਗਏ ਪ੍ਰੋਗਰਾਮ ਦੌਰਾਨ ਉੱਘੇ ਸਿੱਖਿਆ ਸਾਸਤਰੀਆਂ, ਕੇਂਦਰ ਅਤੇ ਰਾਜ ਦੇ ਸਰਕਾਰੀ ਅਧਿਕਾਰੀਆਂ ਨੇ ਭਾਗੀਦਾਰਾਂ ਨਾਲ ਸੜਕ ਸੁਰੱਖਿਆ, ਟਿਕਾਊ ਵਾਤਾਵਰਣ ਅਤੇ ਐਨ.ਐਸ.ਐਸ. ਦੀਆਂ ਸਕੀਮਾਂ ਸਮੇਤ ਸਮਾਜਿਕ ਮੁੱਦਿਆਂ ‘ਤੇ ਵਿਚਾਰ ਚਰਚਾ ਕੀਤੀ।ਇਸ ਪ੍ਰੋਗਰਾਮ ਦੌਰਾਨ ਮੁੱਖ ਬੁਲਾਰੇ ਪ੍ਰੋ.(ਡਾ.) ਸਤਿਆ ਵੀਰ ਮਲਿਕ, ਡਾ.ਰਬਿੰਦਰ ਪਾਲ, ਡਾ.ਮੀਨੂੰ ਅਤੇ ਕੁਲਵਿੰਦਰ ਸਿੰਘ ਸਨ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਬੂਟਾ ਸਿੰਘ ਸਿੱਧੂ ਨੇ ਪ੍ਰੋਗਰਾਮ ਅਫਸਰਾਂ ਦੇ ਸਰਵਪੱਖੀ ਵਿਕਾਸ ਵਿੱਚ ਅਜਿਹੇ ਪ੍ਰੋਗਰਾਮਾਂ ਦੀ ਸਮਾਜ ਪ੍ਰਤੀ ਭੂਮਿਕਾ ਬਾਰੇ ਚਾਨਣਾ ਪਾਇਆ । ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਗੁਰਿੰਦਰਪਾਲ ਸਿੰਘ ਬਰਾੜ ਨੇ ਧੰਨਵਾਦ ਦਾ ਮਤਾ ਪੇਸ ਕੀਤਾ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ, ਕਿਸੇ ਨੂੰ ਵੀ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਜਖ਼ਮੀਆਂ ਦਾ ਮੁਫ਼ਤ ਇਲਾਜ਼ ਕਰਨ ਦਾ ਕੀਤਾ ਐਲਾਨ
– ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਦਿੱਤੇ ਹੁਕਮ
– ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਡੀ.ਜੀ.ਪੀ. ਸਿਧਾਰਥ ਚਟੋਪਾਧਿਆਏ ਨੇ ਵੀ ਧਮਾਕੇ ਵਾਲੀ ਥਾਂ ਦਾ ਕੀਤਾ ਮੁਆਇਨਾ, ਜਖ਼ਮੀਆਂ ਨਾਲ ਕੀਤੀ ਮੁਲਾਕਾਤ
ਸੁਖਜਿੰਦਰ ਮਾਨ
ਲੁਧਿਆਣਾ, 23 ਦਸੰਬਰ – ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕਿਸੇ ਨੂੰ ਵੀ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਅੱਜ ਸਥਾਨਕ ਜ਼ਿਲ੍ਹਾ ਕਚਹਿਰੀ ਕੰਪਲੈਕਸ ਦੀ ਦੂਜੀ ਮੰਜ਼ਿਲ ‘ਤੇ ਮਰਦਾਨਾ ਪਖਾਨਿਆਂ ਵਿੱਚ ਹੋਏ ਧਮਾਕੇ ਵਿੱਚ ਜ਼ਖ਼ਮੀ ਹੋਏ ਸਾਰੇ 5 ਵਿਅਕਤੀਆਂ ਦਾ ਮੁਫ਼ਤ ਇਲਾਜ ਕਰਨ ਦਾ ਐਲਾਨ ਕੀਤਾ ਹੈ। ਧਮਾਕੇ ਦੌਰਾਨ 1 ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਪੰਜ ਹੋਰ ਜ਼ਖਮੀ ਹਨ।ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਮਾਮਲੇ ਦੀ ਛਾਣਬੀਣ ਲਈ ਉੱਚ ਪੱਧਰੀ ਜਾਂਚ ਦੇ ਹੁਕਮ ਵੀ ਦਿੱਤੇ ਹਨ। ਜਖਮੀਆਂ ਦੇ ਨਾਂ ਇਸ ਤਰ੍ਹਾਂ ਹਨ: ਸੰਦੀਪ ਕੌਰ (31) ਵਾਸੀ ਰਾਏਕੋਟ (ਲੁਧਿਆਣਾ), ਸ਼ਰਨਜੀਤ ਕੌਰ (25) ਵਾਸੀ ਜਮਾਲਪੁਰ ਲੁਧਿਆਣਾ। ਦੋਵੇਂ ਸਿਵਲ ਹਸਪਤਾਲ ਲੁਧਿਆਣਾ ਵਿੱਚ ਜ਼ੇਰੇ ਇਲਾਜ ਹਨ। ਮਨੀਸ਼ ਕੁਮਾਰ (32) ਵਾਸੀ ਪੁਲਿਸ ਕਲੋਨੀ ਜਮਾਲਪੁਰ ਲੁਧਿਆਣਾ ਦਾ ਸੀ.ਐਮ.ਸੀ. ਲੁਧਿਆਣਾ ਵਿਖੇ ਇਲਾਜ ਚੱਲ ਰਿਹਾ ਹੈ, ਕੁਲਦੀਪ ਸਿੰਘ ਮੰਡ (50) ਵਾਸੀ ਬਿੰਦਰਾਬਨ ਰੋਡ ਲੁਧਿਆਣਾ ਦਾ ਡੀ.ਐਮ.ਸੀ. ਲੁਧਿਆਣਾ ਵਿਖੇ ਇਲਾਜ ਚੱਲ ਰਿਹਾ ਹੈ ਅਤੇ ਕ੍ਰਿਸ਼ਨ ਖੰਨਾ (75) ਵਾਸੀ ਫੇਜ਼ 1 ਦੁੱਗਰੀ ਦਾ ਵੀ ਡੀ.ਐਮ.ਸੀ. ਲੁਧਿਆਣਾ ਵਿਖ ਇਲਾਜ ਚੱਲ ਰਿਹਾ ਹੈ।ਘਟਨਾ ਦੇ ਕੁਝ ਘੰਟਿਆਂ ਬਾਅਦ, ਉਪ ਮੁੱਖ ਮੰਤਰੀ ਪੰਜਾਬ ਸ. ਸੁਖਜਿੰਦਰ ਸਿੰਘ ਰੰਧਾਵਾ ਅਤੇ ਡੀ.ਜੀ.ਪੀ. ਸ੍ਰੀ ਸਿਧਾਰਥ ਚਟੋਪਾਧਿਆਏ ਨੇ ਧਮਾਕੇ ਵਾਲੀ ਥਾਂ ਦਾ ਮੁਆਇਨਾ ਕੀਤਾ ਅਤੇ ਸਾਰੇ 3 ਹਸਪਤਾਲਾਂ ਵਿੱਚ ਜ਼ਖਮੀ ਮਰੀਜ਼ਾਂ ਨਾਲ ਮੁਲਾਕਾਤ ਕੀਤੀ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਖੁਫੀਆ ਏਜੰਸੀਆਂ ਅਤੇ ਪੰਜਾਬ ਪੁਲਿਸ ਸਾਰੀਆਂ ਥਿਊਰੀਆਂ ‘ਤੇ ਕੰਮ ਕਰ ਰਹੀ ਹੈ ਅਤੇ ਜਲਦ ਹੀ ਇਸ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ।ਇਸ ਨੂੰ ਮੰਦਭਾਗੀ ਘਟਨਾ ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲੀ ਨਜ਼ਰੇ ਅਜਿਹਾ ਲੱਗਦਾ ਹੈ ਕਿ ਮ੍ਰਿਤਕ ਵਿਅਕਤੀ ਹੀ ਇਸ ਅਪਰਾਧ ਨੂੰ ਅੰਜਾਮ ਦੇਣ ਵਾਲਾ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਘਟਨਾ ਵਾਲੀ ਥਾਂ ਤੋਂ ਨਹੀਂ ਹਟਾਇਆ ਗਿਆ ਹੈ ਤਾਂ ਜੋ ਜਾਂਚ ਅਤੇ ਅਪਰਾਧ ਦੀ ਸਥਿਤੀ ਵਿਚ ਕੋਈ ਵਿਘਨ ਨਾ ਪਵੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ ਅਤੇ ਸਾਰੀਆਂ ਸਰਕਾਰੀ ਏਜੰਸੀਆਂ ਜਲਦ ਹੀ ਇਸ ਮਾਮਲੇ ਦੀ ਸੱਚਾਈ ਸਾਹਮਣੇ ਲਿਆਉਣਗੀਆਂ।ਉਨ੍ਹਾਂ ਅੱਗੇ ਦੱਸਿਆ ਕਿ ਸ਼ੁਕਰ ਹੈ ਕਿ ਸਾਰੇ ਪੰਜ ਜ਼ਖਮੀ ਵਿਅਕਤੀ ਖਤਰੇ ਤੋਂ ਬਾਹਰ ਹਨ ਅਤੇ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ। ਮੁੱਖ ਮੰਤਰੀ ਨੇ ਸਾਰੇ ਜ਼ਖਮੀਆਂ ਦਾ ਮੁਫਤ ਇਲਾਜ ਕਰਨ ਦਾ ਵੀ ਐਲਾਨ ਕੀਤਾ ਹੈ।ਮੁੱਖ ਮੰਤਰੀ ਨੇ ਕਿਹਾ, ਮੈਂ ਦੁਹਰਾਉਣਾ ਚਾਹੁੰਦਾ ਹਾਂ ਕਿ ਅਸੀਂ ਕਿਸੇ ਵੀ ਵਿਅਕਤੀ ਨੂੰ ਸੂਬੇ ਦੀ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ, ਮੁੱਖ ਮੰਤਰੀ ਨੇ ਕਿਹਾ ਕਿ ਉਹ ਜਲਦੀ ਹੀ ਉਨ੍ਹਾਂ ਏਜੰਸੀਆਂ ਦਾ ਪਰਦਾਫਾਸ਼ ਕਰਨਗੇ ਜੋ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਖਰਾਬ ਕਰਨਾ ਚਾਹੁੰਦੇ ਹਨ।ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕਾਂ ‘ਚ ਸ. ਕੁਲਦੀਪ ਸਿੰਘ ਵੈਦ, ਸ੍ਰੀ ਸੰਜੇ ਤਲਵਾੜ, ਮੇਅਰ ਸ੍ਰੀ ਬਲਕਾਰ ਸਿੰਘ ਸੰਧੂ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
ਲੁਧਿਆਣਾ ਬੰਬ ਧਮਾਕੇ ਤੇ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਮਜੀਠੀਆ ਖਿਲਾਫ ਐੱਫ.ਆਈ.ਆਰ ਨਾਲ ਜੋੜ ਕੇ ਵੀ ਕੀਤੀ ਜਾ ਰਹੀ ਹੈ : ਮੁੱਖ ਮੰਤਰੀ ਚੰਨੀ
– ਕੇਸ ਦਰਜ ਹੋਣ ਉਪਰੰਤ ਗਾਇਬ ਹੋਣ ਲਈ ਅਕਾਲੀ ਆਗੂ ਦੀ ਕੀਤੀ ਕਰੜੀ ਆਲੋਚਨਾ
– ਮੁੱਲਾਂਪੁਰ ਦਾਖਾ ਨੂੰ ਸਬ ਡਵੀਜ਼ਨ ਦਾ ਬਣਾਉਣ ਅਤੇ ਵਿਕਾਸ ਕਾਰਜਾਂ ਲਈ 5 ਕਰੋੜ ਰੁਪਏ ਦਾ ਐਲਾਨ
– ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ’ਤੇ ਨਵੇ ਬਣੇ ਬੱਸ ਸਟੈਂਡ ਦਾ ਕੀਤਾ ਉਦਘਾਟਨ
ਸੁਖਜਿੰਦਰ ਮਾਨ
ਮੁੱਲਾਂਪੁਰ ਦਾਖਾ (ਲੁਧਿਆਣਾ), 23 ਦਸੰਬਰ: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵਿਰੁੱਧ ਐਫ.ਆਈ.ਆਰ ਦਰਜ ਕਰਨ ਤੋਂ ਬਾਅਦ ਲੁਧਿਆਣਾ ਸ਼ਹਿਰ ਨੂੰ ਹਿਲਾਉਣ ਵਾਲੇ ਬੰਬ ਧਮਾਕੇ ਦੇ ਨਾਲ-ਨਾਲ ਬੇਅਦਬੀ ਦੀਆਂ ਤਾਜ਼ਾ ਘਟਨਾਵਾਂ ਬਾਰੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸਵਾਲ ਕੀਤਾ ਕਿ ਮਜੀਠੀਆ ਵਿਰੁੱਧ ਐਫ.ਆਈ.ਆਰ ਦਰਜ ਹੋਣ ਤੋਂ ਬਾਅਦ ਹੀ ਅਜਿਹੀਆਂ ਘਿਨਾਉਣੀਆਂ ਘਟਨਾਵਾਂ ਕਿਉਂ ਵਾਪਰੀਆਂ?ਇਹ ਦਲੀਲ ਦਿੰਦਿਆਂ ਕਿ ਕੁਝ ਪੰਜਾਬ ਵਿਰੋਧੀ ਤਾਕਤਾਂ ਹਨ ਜੋ ਸੂਬੇ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੀਆਂ ਹਨ, ਉਨ੍ਹਾਂ ਵੀ ਕਿਹਾ ਕਿ ਮਜੀਠੀਆ ‘ਤੇ ਮਾਮਲਾ ਦਰਜ ਹੋਣ ਤੋਂ ਬਾਅਦ ਹੀ ਸਾਰੀਆਂ ਬੇਅਦਬੀ ਵਾਲੀਆਂ ਘਟਨਾਵਾਂ ਅਤੇ ਧਮਾਕੇ ਕਿਉਂ ਹੋ ਰਹੇ ਹਨ। ਮੁੱਖ ਮੰਤਰੀ ਨੇ ਕਿਹਾ, “ਅਸੀਂ ਹਾਲ ਹੀ ਵਿੱਚ ਵਾਪਰੀਆਂ ਘਿਨਾਉਣੀਆਂ ਘਟਨਾਵਾਂ ਦੀ ਜਾਂਚ ਇਸ ਪੱਖੋਂ ਵੀ ਕਰ ਰਹੇ ਹਾਂ।” ਉਹਨਾਂ ਅੱਗੇ ਕਿਹਾ ਕਿ ਸਿਰਫ ਇੱਕ ਕੇਸ ਨੇ ਮਜੀਠੀਆ ਨੂੰ ਲੁਕਣ ਲਈ ਮਜ਼ਬੂਰ ਕਰ ਦਿੱਤਾ ਹੈ ਅਤੇ ਜੇਕਰ ਅਕਾਲੀ ਆਗੂ ਨੇ ਕੁਝ ਗਲਤ ਨਹੀਂ ਕੀਤਾ ਹੈ ਤਾਂ ਉਸ ਨੂੰ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ‘ਤੇ ਨਿਸ਼ਾਨਾਂ ਵਿੰਨ੍ਹਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਦੋਵਾਂ ਨੇ ਵੱਡੀ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਮਹਾਨ ਵਿਰਾਸਤ ਨੂੰ ਢਾਹ ਲਾਈ ਹੈ ਅਤੇ ਨਸ਼ਾ ਤਸਕਰੀ ਅਤੇ ਬੇਅਦਬੀ ਵਾਲੀਆਂ ਘਟਨਾਵਾਂ ਵਿੱਚ ਸ਼ਾਮਲ ਹੋ ਕੇ ਅਕਾਲੀ ਦਲ ਦੇ ਨਾਮ ਨੂੰ ਗੰਦਲਾ ਕੀਤਾ ਹੈ।ਆਮ ਆਦਮੀ ਪਾਰਟੀ (ਆਪ) ‘ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਡਰੱਗ ਮਾਮਲੇ ‘ਚ ਮਜੀਠੀਆ ਤੋਂ ਮੁਆਫੀ ਮੰਗੀ ਸੀ ਜਦਕਿ ਕੇਜਰੀਵਾਲ ਨੇ ਪਿਛਲੀਆਂ ਚੋਣਾਂ ਦੌਰਾਨ ਅਕਾਲੀ ਆਗੂ ‘ਤੇ ਨਸ਼ਾ ਤਸਕਰੀ ਦੇ ਦੋਸ਼ ਲਗਾ ਕੇ ਵੋਟਾਂ ਮੰਗੀਆਂ ਸਨ। ਹੁਣ ਭਗਵੰਤ ਮਾਨ ਅਤੇ ਹੋਰ ‘ਆਪ’ ਆਗੂਆਂ ਨੂੰ ਨਸ਼ਾ ਤਸਕਰ ਮਜੀਠੀਆ ਦਾ ਸਾਥ ਦੇਣ ਲਈ ਸੂਬੇ ਦੇ ਲੋਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ, ਜਿਸ ਨੇ ਨਸ਼ਿਆਂ ਦੇ ਕਾਰੋਬਾਰ ਦਾ ਸਰਗਨਾ ਬਣ ਕੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਹੈ। ਉਹਨਾਂ ਅੱਗੇ ਕਿਹਾ ਕਿ ਸੂਬੇ ਵਿੱਚ ਨਸ਼ਾ ਤਸਕਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਾਰੀਆਂ ਪੰਜਾਬ ਵਿਰੋਧੀ ਤਾਕਤਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।ਰੈਲੀ ਤੋਂ ਬਾਅਦ ਮੁੱਖ ਮੰਤਰੀ ਨੇ ਮੁੱਲਾਂਪੁਰ ਦਾਖਾ ਵਿਖੇ ਬੱਸ ਸਟੈਂਡ ਦਾ ਉਦਘਾਟਨ ਕੀਤਾ ਜਿਸ ਦਾ ਨਾਮ ਮਹਾਨ ਸ਼ਹੀਦ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ‘ਤੇ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਉਹਨਾਂ ਨੇ ਮੁੱਲਾਂਪੁਰ ਦਾਖਾ ਨੂੰ ਸਬ ਡਵੀਜ਼ਨ ਬਣਾਉਣ, ਲਤਾਲਾ ਲਈ ਇੱਕ ਆਈ.ਟੀ.ਆਈ., ਸਿੱਧਵਾਂ ਬੇਟ ਵਿਖੇ ਸਰਕਾਰੀ ਡਿਗਰੀ ਕਾਲਜ ਅਤੇ ਹਲਕੇ ਦੇ ਵਿਕਾਸ ਕਾਰਜਾਂ ਲਈ 5 ਕਰੋੜ ਦੇਣ ਦਾ ਐਲਾਨ ਕੀਤਾ।ਅਗਾਮੀ ਚੋਣਾਂ ਦੌਰਾਨ ਕੈਪਟਨ ਸੰਦੀਪ ਸੰਧੂ ਦਾ ਸਾਥ ਦੇਣ ਲਈ ਲੋਕਾਂ ਨੂੰ ਅਪੀਲ ਕਰਦਿਆਂ ਚੰਨੀ ਨੇ ਕਿਹਾ ਕਿ ਕੈਪਟਨ ਸੰਧੂ ਨੇ ਜ਼ਿਮਨੀ ਚੋਣ ਹਾਰਨ ਦੇ ਬਾਵਜੂਦ ਦਾਖਾ ਹਲਕੇ ਦੇ ਵਿਕਾਸ ਲਈ ਅਣਥੱਕ ਯਤਨ ਕੀਤੇ ਹਨ।ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਿਰਫ ਤਿੰਨ ਮਹੀਨਿਆਂ ਵਿੱਚ ਅਜਿਹੇ ਲੋਕ ਪੱਖੀ ਫੈਸਲੇ ਲਏ ਗਏ ਹਨ ਜੋ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਨਹੀਂ ਲਏ ਗਏ। ਉਨਾਂ ਹਲਕੇ ਦੇ ਵਿਕਾਸ ਲਈ ਕੈਪਟਨ ਸੰਦੀਪ ਸੰਧੂ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਉਨਾਂ ਇਹ ਵੀ ਕਿਹਾ ਕਿ ਕੁਝ ਪੰਜਾਬ ਵਿਰੋਧੀ ਤਾਕਤਾਂ ਸੂਬੇ ਦੀ ਸ਼ਾਂਤੀ ਅਤੇ ਅਖੰਡਤਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਇਸ ਮੌਕੇ ਬੋਲਦਿਆਂ ਕੈਪਟਨ ਸੰਦੀਪ ਸੰਧੂ ਨੇ ਮੁੱਖ ਮੰਤਰੀ ਚੰਨੀ ਵੱਲੋਂ ਆਪਣੇ ਛੋਟੇ ਜਿਹੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਦਾ ਸਿਹਰਾ ਉਨਾਂ ਦੇ ਵਿਕਾਸ ਕੇਂਦਰਤ ਅਤੇ ਭਵਿੱਖਮੁਖੀ ਯਤਨਾਂ ਸਿਰ ਬੰਨਿਆ। ਉਨਾਂ ਕਿਹਾ ਕਿ ਨਸ਼ਾ ਤਸਕਰਾਂ ਵਿਰੁੱਧ ਹਾਲ ਹੀ ਵਿੱਚ ਦਰਜ ਐਫ.ਆਈ.ਆਰ. ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਬਣਦੀ ਤੇ ਮਿਸਾਲੀ ਸਜਾ ਦਿੱਤੀ ਜਾਣੀ ਚਾਹੀਦੀ ਹੈ।ਸਾਬਕਾ ਵਿਧਾਇਕ ਜੱਸੀ ਖੰਗੂੜਾ ਨੇ ਕਾਂਗਰਸੀ ਵਰਕਰਾਂ ਨੂੰ ਚੋਣਾਂ ਦੌਰਾਨ ਇੱਕਜੁੱਟ ਹੋ ਕੇ ਸਾਹਮਣੇ ਆਉਣ ਲਈ ਕਿਹਾ। ਉਨਾਂ ਨੇ ਚੋਣਾਂ ਦੌਰਾਨ ਪਾਰਟੀ ਦੀ ਪਿੱਠ ‘ਚ ਛੁਰਾ ਮਾਰਨ ਵਾਲੇ ਦਲ-ਬਦਲੂਆਂ ਤੇ ਗ਼ੈਰ-ਭਰੋਸੇਯੋਗਾਂ ਲਈ ਬਾਹਰ ਦਾ ਰਸਤਾ ਦਿਖਾਉਣ ਲਈ ਮੁੱਖ ਮੰਤਰੀ ਨੂੰ ਅਪੀਲ ਵੀ ਕੀਤੀ ਅਤੇ ਲੋਕਾਂ ਨੂੰ ਦਾਖਾ ਹਲਕੇ ਦੇ ਸਰਬਪੱਖੀ ਵਿਕਾਸ ਲਈ ਕੈਪਟਨ ਸੰਦੀਪ ਦੇ ਹੱਕ ਖੜਨ ਦਾ ਸੱਦਾ ਦਿੱਤਾ।ਇਸ ਮੌਕੇ ਵਿਧਾਇਕ ਤੇ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸਨ ਦੇ ਚੇਅਰਮੈਨ ਕੁਲਦੀਪ ਸਿੰਘ ਵੈਦ, ਵਿਧਾਇਕ ਸੰਜੈ ਤਲਵਾੜ, ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਮਨ ਸੁਬਰਮਨੀਅਮ, ਜ਼ਿਲਾ ਕਾਂਗਰਸ (ਦਿਹਾਤੀ) ਪ੍ਰਧਾਨ ਕਿਰਨਜੀਤ ਸੋਨੀ ਗਾਲਿਬ ਵੀ ਹਾਜ਼ਰ ਸਨ।
ਰਾਣਾ ਗੁਰਜੀਤ ਸਿੰਘ ਵੱਲੋਂ ਕੇਂਦਰ ਸਰਕਾਰ ਨੂੰ ਬਾਗਬਾਨੀ ਖੋਜ ਸੰਸਥਾ ਦੇ ਅਸਥਾਈ ਕੈਂਪਸ ਦੀ ਸ਼ੁਰੂਆਤ ਵਿੱਚ ਤੇਜ਼ੀ ਲਿਆਉਣ ਦੀ ਅਪੀਲ
80 ਕਰੋੜ ਰੁਪਏ ਦੇ ਬਜਟ ਉਪਬੰਧ ਨਾਲ 5 ਨਵੀਆਂ ਬਾਗਬਾਨੀ ਅਸਟੇਟਾਂ ਲਈ ਮਨਜ਼ੂਰੀ ਦੀ ਕੀਤੀ ਮੰਗ
ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਕੀਤੀ ਮੁਲਾਕਾਤ
ਸੁਖਜਿੰਦਰ ਮਾਨ
ਨਵੀਂ ਦਿੱਲੀ, 23 ਦਸੰਬਰ: ਪੰਜਾਬ ਵਿੱਚ ਬਾਗਬਾਨੀ ਖੇਤਰ ਨੂੰ ਹੁਲਾਰਾ ਦੇਣ ਲਈ ਬਾਗਬਾਨੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਸਮੇਤ ਅੱਜ ਇੱਥੇ ਕ੍ਰਿਸ਼ੀ ਭਵਨ ਵਿਖੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਮੁਲਾਕਾਤ ਕੀਤੀ।ਕੇਂਦਰੀ ਮੰਤਰੀ ਨੂੰ ਸਟੇਟ ਫਾਰੈਸਟ ਰਿਸਰਚ ਇੰਸਟੀਚਿਊਟ (ਐਸਐਫਆਰਆਈ) ਲਾਡੋਵਾਲ ਦੀ ਇਮਾਰਤ ਤੋਂ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਹਾਰਟੀਕਲਚਰ ਰਿਸਰਚ ਐਂਡ ਐਜੂਕੇਸ਼ਨ (ਪੀਜੀਆਈਐਚਆਰਈ) ਦੇ ਅਸਥਾਈ ਕੈਂਪਸ ਦੀ ਸ਼ੁਰੂਆਤ ਨੂੰ ਤੇਜ਼ ਕਰਨ ਲਈ ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ ਦੇ ਸਕੱਤਰ ਨੂੰ ਨਿਰਦੇਸ਼ ਦੇਣ ਦੀ ਅਪੀਲ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਕੇਂਦਰੀ ਮੰਤਰੀ ਨੂੰ ਜਾਣੂ ਕਰਵਾਇਆ ਕਿ ਬਾਗਬਾਨੀ ਵਿਭਾਗ, ਪੰਜਾਬ ਵੱਲੋਂ ਇਸ ਸਬੰਧ ਵਿੱਚ 24 ਮਈ ਅਤੇ 27 ਮਈ, 2021 ਨੂੰ ਸਬੰਧਤ ਸਕੱਤਰ, ਡੀਏਆਰਈ-ਆਈਸੀਏਆਰ (ਇੰਡੀਅਨ ਕੌਂਸਲ ਫਾਰ ਐਗਰੀਕਲਚਰਲ ਰਿਸਰਚ) ਨੂੰ ਪਹਿਲਾਂ ਹੀ ਦੋ ਵਾਰ ਪੱਤਰ ਲਿਖਿਆ ਗਿਆ ਹੈ।ਪੰਜਾਬ ਦੇ ਬਾਗਬਾਨੀ ਮੰਤਰੀ ਨੇ ਅੱਗੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਕੇਂਦਰੀ ਬਜਟ 2015-16 ਵਿੱਚ ਅੰਮ੍ਰਿਤਸਰ ਵਿਖੇ ਇੱਕ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਹਾਰਟੀਕਲਚਰ ਰਿਸਰਚ ਐਂਡ ਐਜੂਕੇਸ਼ਨ (ਪੀ.ਜੀ.ਆਈ.ਐੱਚ.ਆਰ.ਈ.) ਦੀ ਸਥਾਪਨਾ ਦੇ ਐਲਾਨ ਦੀ ਪੈਰਵੀ ਕਰਦਿਆਂ, ਸੂਬਾ ਸਰਕਾਰ ਵੱਲੋਂ ਅਟਾਰੀ, ਅੰਮ੍ਰਿਤਸਰ ਵਿਖੇ ਸਥਿਤ 100 ਏਕੜ ਜ਼ਮੀਨ ਅਤੇ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਵਿਖੇ ਸਥਿਤ 50 ਏਕੜ ਜ਼ਮੀਨ ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ ਅਤੇ ਆਈਸੀਏਆਰ ਭਾਰਤ ਸਰਕਾਰ ਨੂੰ ਖੋਜ ਦੇ ਉਦੇਸ਼ ਲਈ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪਿੰਡ ਚਿੱਡਣ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਪ੍ਰਬੰਧਕੀ ਬਲਾਕ ਦੀ ਸਥਾਪਨਾ ਲਈ ਸੂਬਾ ਸਰਕਾਰ ਵੱਲੋਂ ਡੀਏਆਰਈ-ਆਈਸੀਏਆਰ ਦੀ ਸਹਿਮਤੀ ਨਾਲ ਪਛਾਣ ਕੀਤੀ ਜ਼ਮੀਨ ਦੀ ਪ੍ਰਾਪਤੀ ਦਾ ਕਾਰਜ ਪ੍ਰਗਤੀ ਅਧੀਨ ਹਨ।ਇਸੇ ਤਰ੍ਹਾਂ ਸੂਬੇ ਦੇ ਬਾਗਬਾਨੀ ਮੰਤਰੀ ਨੇ ਬਜਟ 2021-22 ਵਿੱਚ ਫ਼ਰੀਦਕੋਟ, ਲੁਧਿਆਣਾ ਲੁਧਿਆਣਾ, ਪਟਿਆਲਾ, ਬਠਿੰਡਾ ਅਤੇ ਗੁਰਦਾਸਪੁਰ ਵਿੱਚ 5 ਨਵੀਆਂ ਬਾਗਬਾਨੀ ਅਸਟੇਟਾਂ ਨੂੰ ਮਨਜ਼ੂਰੀ ਦੇਣ ਅਤੇ ਇਸ ਲਈ ਵਿੱਤੀ ਸਾਲ 2021-22 ਲਈ ਬਜਟ ‘ਚ 80 ਕਰੋੜ ਰੁਪਏ (16 ਕਰੋੜ ਰੁਪਏ ਪ੍ਰਤੀ ਬਾਗਬਾਨੀ ਅਸਟੇਟ) ਦੀ ਵਿਵਸਥਾ ਕੀਤੀ ਜਾਵੇ।ਜ਼ਿਕਰਯੋਗ ਹੈ ਕਿ ਸੂਬੇ ਵਿੱਚ ਪੰਜ ਨਿੰਬੂ ਜਾਤੀਆਂ ਪਹਿਲਾਂ ਹੀ ਸਫ਼ਲਤਾਪੂਰਵਕ ਚੱਲ ਰਹੀਆਂ ਹਨ। ਮੌਜੂਦਾ ਸਮੇਂ ਇਹਨਾਂ ਸੂਬਿਆਂ ਨੂੰ ਬਾਗਬਾਨੀ ਅਸਟੇਟ ਵਿੱਚ ਤਬਦੀਲ ਕੀਤਾ ਗਿਆ ਹੈ ਤਾਂ ਜੋ ਇਸ ਖੇਤਰ ਨਾਲ ਸਬੰਧਤ ਸਾਰੇ ਕਿਸਾਨ ਇਹਨਾਂ ਅਸਟੇਟਾਂ ਵਿੱਚ ਉਗਾਈਆਂ ਜਾ ਰਹੀਆਂ ਫਸਲਾਂ ਬਾਰੇ ਸਾਰੀਆਂ ਸਹੂਲਤਾਂ ਅਤੇ ਤਕਨੀਕੀ ਜਾਣਕਾਰੀ ਪ੍ਰਾਪਤ ਕਰ ਸਕਣ। ਇਨ੍ਹਾਂ ਅਸਟੇਟਾਂ ਦੇ ਆਧਾਰ ‘ਤੇ, ਸੂਬਾ ਸਰਕਾਰ ਨੇ ਅਗਲੇ ਪੰਜ ਸਾਲਾਂ ਵਿੱਚ (ਪ੍ਰਤੀ ਸਾਲ 5 ਅਸਟੇਟ) 25 ਬਾਗਬਾਨੀ ਅਸਟੇਟ ਸਥਾਪਤ ਕਰਨ ਦੀ ਤਜਵੀਜ਼ ਰੱਖੀ ਹੈ, ਜਿਸ ਵਿੱਚ ਹਰੇਕ ਜ਼ਿਲ੍ਹੇ ਵਿੱਚ ਇੱਕ ਅਜਿਹੀ ਸੰਪੱਤੀ ਹੋਵੇਗੀ, ਇਸ ਤੋਂ ਇਲਾਵਾ ਇੱਕੋਂ ਛੱਤ ਹੇਠ ਕਿਸਾਨਾਂ ਨੂੰ ਸਹੂਲਤ ਦੇਣ ਲਈ ਫਸਲੀ ਵਿਸ਼ੇਸ਼ ਬਾਗਬਾਨੀ ਅਸਟੇਟ ਹਨ।




