Monday, May 4, 2026
Home Blog Page 2667

ਫਿਰ ਤੋਂ ਕੇਜਰੀਵਾਲ ਦੋ ਰੋਜ਼ਾ ਪੰਜਾਬ ਦੌਰੇ ’ਤੇ ਉਣਗੇ

0

ਗੁਰਦਾਸਪੁਰ ਅਤੇ ਸ੍ਰੀ ਅੰਮ੍ਰਿਤਸਰ ਦੇ ਪ੍ਰੋਗਰਾਮਾਂ ’ਚ ਕਰਨਗੇ ਸ਼ਮੂਲੀਅਤ
ਸੁਖਜਿੰਦਰ ਮਾਨ
ਚੰਡੀਗੜ੍ਹ, 23 ਦਸੰਬਰ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 24 ਦਸੰਬਰ (ਸ਼ੁੱਕਰਵਾਰ) ਨੂੰ ਦੋ ਰੋਜ਼ਾ ਦੌਰੇ ’ਤੇ ਪੰਜਾਬ ਆਉਣਗੇ। ਇਸ ਬਾਰੇ ਜਾਣਕਾਰੀ ਦਿੰਦਿਆਂ ‘ਆਪ’ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਦੋ ਰੋਜ਼ਾ ਦੌਰੇ ਦੌਰਾਨ ਅਰਵਿੰਦ ਕੇਜਰੀਵਾਲ ਪਹਿਲੇ ਦਿਨ ਗੁਰਦਾਸਪੁਰ ਅਤੇ ਦੂਜੇ ਦਿਨ ਸ੍ਰੀ ਅੰਮ੍ਰਿਤਸਰ ਵਿਖੇ ਪਾਰਟੀ ਦੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਨਗੇ।ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਸੁਪਰੀਮੋਂ ਅਰਵਿੰਦ ਕੇਜਰੀਵਾਲ 24 ਦਸੰਬਰ ਨੂੰ ਸਵੇਰ ਵੇਲ਼ੇ ਸ੍ਰੀ ਅੰਮ੍ਰਿਤਸਰ ਦੇ ਏਅਰਪੋਰਟ ’ਤੇ ਉਤਰਨਗੇ ਅਤੇ ਇਸੇ ਦਿਨ ਗੁਰਦਾਸਪੁਰ ਜਾਣਗੇ। ਪਹਿਲੇ ਦਿਨ ਅਰਵਿੰਦ ਕੇਜਰੀਵਾਲ ਪਾਰਟੀ ਵੱਲੋਂ ਕਰਵਾਈ ਜਾਣ ਵਾਲੀ ਜਨ ਸਭਾ ਅਤੇ ਕ੍ਰਿਸਮਿਸ ਨਾਲ ਸੰਬੰਧਿਤ ਸਮਾਗਮਾਂ ਵਿੱਚ ਸ਼ਿਰਕਤ ਕਰਨਗੇ, ਜਦੋਂ ਕਿ ਅਗਲੇ ਦਿਨ 25 ਦਸੰਬਰ ਨੂੰ ਅਰਵਿੰਦ ਕੇਜਰੀਵਾਲ ਸ੍ਰੀ ਅੰਮ੍ਰਿਤਸਰ ਵਿਖੇ ਪਾਰਟੀ ਦੀ ਤਿਰੰਗਾ ਯਾਤਰਾ ਵਿੱਚ ਸ਼ਾਮਲ ਹੋਣਗੇ।

ਪੰਜਾਬ ਦੇ ਰਾਜਪਾਲ ਵਲੋਂ ਲੁਧਿਆਣਾ ਕੋਰਟ ਕੰਪਲੈਕਸ ਵਿੱਚ ਹੋਏ ਬੰਬ ਧਮਾਕੇ ਦੀ ਸਖ਼ਤ ਨਿੰਦਾ

0

ਧਮਾਕੇ ’ਚ ਮਾਰੇ ਗਏ ਪੀੜਤਾਂ ਦੀ ਦੁਖਦਾਈ ਮੌਤ ’ਤੇ ਪ੍ਰਗਟਾਇਆ ਦੁੱਖ
ਸੁਖਜਿੰਦਰ ਮਾਨ
ਚੰਡੀਗੜ੍ਹ, 23 ਦਸੰਬਰ: ਅੱਜ ਬਾਅਦ ਦੁਪਹਿਰ ਕੋਰਟ ਕੰਪਲੈਕਸ ਲੁਧਿਆਣਾ ਵਿੱਚ ਹੋਏ ਬੰਬ ਧਮਾਕੇ ਵਿੱਚ ਦੋ ਨਾਗਰਿਕਾਂ ਦੇ ਮਾਰੇ ਜਾਣ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ ਦੇ ਪ੍ਰਸ਼ਾਸਕ ਸ੍ਰੀ ਬਨਵਾਰੀਲਾਲ ਪੁਰੋਹਿਤ ਨੇ ਕਿਹਾ, “ਇਹ ਬਹੁਤ ਹੀ ਚਿੰਤਾਜਨਕ ਅਤੇ ਮੰਦਭਾਗੀ ਘਟਨਾ ਹੈ। ਮੈਂ ਮਿ੍ਰਤਕਾਂ ਦੇ ਪਰਿਵਾਰਾਂ ਪ੍ਰਤੀ ਦਿਲੀ ਹਮਦਰਦੀ ਪ੍ਰਗਟਉਂਦਾ ਹਾਂ ਅਤੇ ਸਾਰੇ ਜਖਮੀਆਂ ਦੇ ਜਲਦ ਠੀਕ ਹੋਣ ਲਈ ਅਰਦਾਸ ਕਰਦਾ ਹਾਂ।”ਉਨਾਂ ਕਿਹਾ ਕਿ ਮੈਂ ਇਸ ਗ਼ੈਰ-ਮਨੁੱਖੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ ਜਿਸ ਨਾਲ ਸ਼ਹਿਰ ਦੇ ਵਿੱਚੋ-ਵਿੱਚ ਦੋ ਨਾਗਰਿਕਾਂ ਦੀ ਮੌਤ ਹੋਈ ਹੈ। ਉਨਾਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਲਈ ਅਪੀਲ ਕੀਤੀ । ਉਨਾਂ ਕਿਹਾ ਕਿ ਅਜਿਹੀਆਂ ਗ਼ੈਰ-ਸਮਾਜਿਕ ਗਤੀਵਿਧੀਆਂ ਨਾਲ ਸੂਬੇ ਦੀ ਸ਼ਾਂਤੀ, ਏਕਤਾ, ਅਖੰਡਤਾ ਤੇ ਭਾਈਚਾਰਕ-ਸਾਂਝ ਭੰਗ ਨਹੀਂ ਹੋਣੀ ਚਾਹੀਦੀ । ਉਨਾਂ ਕਿਹਾ ਕਿ ਦੋਸ਼ੀਆਂ ਨੂੰ ਸਜ਼ਾ ਮਿਲਣ ਤੱਕ ਸਾਨੂੰ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜਕੇ ਖੜਨ ਦੀ ਲੋੜ ਹੈ।

ਬਿਕਰਮ ਮਜੀਠਿਆ ਵਿਰੁਧ ਲੁਕ ਆਉਟ ਨੋਟਿਸ ਜਾਰੀ

0

ਸੁਖਜਿੰਦਰ ਮਾਨ
ਚੰਡੀਗੜ੍ਹ,22 ਦਸੰਬਰ: ਦੋ ਦਿਨ ਪਹਿਲਾਂ ਨਸ਼ਾ ਤਸਕਰੀ ਦੇ ਮਾਮਲੇ ’ਚ ਕੇਸ ਦਰਜ਼ ਹੋਣ ਤੋਂ ਬਾਅਦ ਰੂਪੋਸ਼ ਚੱਲ ਰਹੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁਧ ਹੁਣ ਲੁਕ ਆਉਟ ਨੋਟਿਸ ਜਾਰੀ ਕੀਤਾ ਗਿਆ ਹੈ। ਪੰਜਾਬ ਸਰਕਾਰ ਦੀ ਸਿਫ਼ਾਰਿਸ਼ ’ਤੇ ਗ੍ਰਹਿ ਮੰਤਰਾਲੇ ਜਾਰੀ ਇਸ ਲੁਕ ਆਉਟ ਨੋਟਿਸ ਮੁਤਾਬਕ ਮਜੀਠੀਆ ਦੇ ਵਿਦੇਸ਼ ਭੱਜਣ ਦਾ ਖਦਸ਼ਾ ਪ੍ਰਗਟਾਇਆ ਹੈ। ਉਜ ਪੰਜਾਬ ਪੁਲਿਸ ਦੀਆਂ ਅੱਧੀ ਦਰਜ਼ਨ ਦੇ ਕਰੀਬ ਟੀਮਾਂ ਵਲੋਂ ਸਾਬਕਾ ਮੰਤਰੀ ਦੀ ਗਿ੍ਰਫਤਾਰੀ ਲਈ ਛਾਪੇਮਾਰੀ ਜਾਰੀ ਹੈ। ਪ੍ਰੰਤੂ ਹਾਲੇ ਤੱਕ ਉਹ ਗਾਇਬ ਹਨ। ਚਰਚਾ ਮੁਤਾਬਕ ਪੰਜਾਬ ਸਰਕਾਰ ਹਰ ਹਾਲਾਤ ਵਿਚ ਮਜੀਠਿਆ ਨੂੰ ਗਿ੍ਰਫਤਾਰ ਕਰਨਾ ਚਾਹੁੰਦੀ ਹੈ ਤਾਂ ਕਿ ਆਗਾਮੀ ਚੋਣਾਂ ਵਿਚ ਨਸ਼ਿਆਂ ਦੇ ਮੁੱਦੇ ’ਤੇ ਠੋਸ ਕਾਰਵਾਈ ਹੋਣ ਦਾ ਦਾਅਵਾ ਕੀਤਾ ਜਾ ਸਕੇ। ਉਧਰ ਸ਼੍ਰੋਮਣੀ ਅਕਾਲੀ ਦਲ ਵਲੋਂ ਇਸ ਮਾਮਲੇ ਵਿਚ ਕਾਨੂੰਨੀ ਰਾਏ ਲਈ ਜਾ ਰਹੀ ਹੈ। ਸੂਤਰਾਂ ਮੁਤਾਬਕ ਜਮਾਨਤ ਅਰਜ਼ੀ ਲਗਾਉਣ ਦੀਆਂ ਵਿਚਾਰਾਂ ਹੋ ਰਹੀਆਂ ਹਨ। ਗੌਰਤਲਬ ਹੈ ਕਿ ਬਿਕਰਮ ਮਜੀਠੀਆ ਵਿਰੁਧ ਵੱਖ ਵੱਖ ਧਾਰਾਵਾਂ ਤਹਿਤ ਦਰਜ਼ ਮਾਮਲੇ ਤੋਂ ਬਾਅਦ ਪੰਜਾਬ ਪੁਲਿਸ ਤੁਰੰਤ ਗਿ੍ਰਫਤਾਰੀ ਲਈ ਮਜੀਠਿਆ ਦੇ ਸਰਕਾਰੀ ਫਲੈਟ ’ਤੇ ਗਈ ਸੀ, ਜਿਥੇ ਉਨ੍ਹਾਂ ਦੇ ਮੋਬਾਇਲ ਦੀ ਲੋਕੇਸ਼ਨ ਆ ਰਹੀ ਸੀ ਪ੍ਰੰਤੂ ਉਥੋਂ ਪੁਲਿਸ ਟੀਮ ਨੂੰ ਸਿਰਫ਼ ਮੋਬਾਇਲ ਮਿਲਿਆ ਸੀ ਪ੍ਰੰਤੂ ਮਜੀਠਿਆ ਨਹੀਂ। ਇਸ ਮਾਮਲੇ ਵਿਚ ਕੇਸ ਦਰਜ਼ ਹੋਣ ਤੋਂ ਬਾਅਦ ਪੁਲਿਸ ਨੇ ਜਾਂਚ ਲਈ ਤਿੰਨ ਮੈਂਬਰੀ ਐੱਸਆਈਟੀ ਦਾ ਗਠਨ ਕੀਤਾ ਹੈ, ਜਿਸ ਵਿਚ ਏਆਈਜੀ ਬਲਰਾਜ ਸਿੰਘ, ਡੀਐਸਪੀ ਰਾਜੇਸ ਕੁਮਾਰ ਅਤੇ ਡੀਐਸਪੀ ਕੁਲਵੰਤ ਸਿੰਘ ਨੂੰ ਵਿਸੇਸ ਜਾਂਚ ਟੀਮ (ਐਸਆਈਟੀ) ਵਿੱਚ ਸਾਮਲ ਕੀਤਾ ਗਿਆ ਹੈ।

ਕੌਮੀ ਸਿਹਤ ਮਿਸ਼ਨ ਦੇ ਮੁਲਾਜਮਾਂ ਹੜਤਾਲ ਲਗਾਤਾਰ ਜਾਰੀ

0

ਸੁਖਜਿੰਦਰ ਮਾਨ
ਬਠਿੰਡਾ, 22 ਦਸੰਬਰ: ਕੌਮੀ ਸਿਹਤ ਮਿਸ਼ਨ ਦੇ ਕਾਮਿਆਂ ਵਲੋਂ ਪੰਜਾਬ ਸਰਕਾਰ ਵਿਰੁਧ ਵਿੱਢੇ ਸੰਘਰਸ਼ ਤਹਿਤ ਅੱਜ ਵੀ ਲਗਾਤਾਰ ਹੜਤਾਲ ਜਾਰੀ ਰਹੀ। ਸਥਾਨਕ ਸਿਵਲ ਹਸਪਤਾਲ ਵਿਚ ਜ਼ਿਲ੍ਹਾ ਪੱਧਰੀ ਧਰਨੇ ਦੌਰਾਨ ਮੁਲਾਜਮਾਂ ਨੇ ਪੰਜਾਬ ਸਰਕਾਰ ਵਿਰੁਧ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੁਲਾਰਿਆਂ ਨੇ ਸਰਕਾਰ ਵਿਰੁਧ ਦੋਸ਼ ਲਗਾਉਂਦਿਆਂ ਦਾਅਵਾ ਕੀਤਾ ਕਿ ਚੋਣਾਂ ਤੋਂ ਪਹਿਲਾਂ ਸਮੂਹ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦਾ ਦਾਅਵਾ ਕਰਨ ਵਾਲੀ ਕਾਂਗਰਸ ਸਰਕਾਰ ਹੁਣ ਅਪਣੇ ਵਾਅਦੇ ਨੂੰ ਪੂਰਾ ਕਰਨ ਤੋਂ ਭੱਜ ਗਈ ਹੈ। ਇਸਦੇ ਲਈ 36 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਲਿਆਂਦੇ ਐਕਟ ਵਿਚ ਬੋਰਡ ਤੇ ਕਾਰਪੋਰੇਸ਼ਨ ਦੇ ਮੁਲਾਜਮਾਂ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਵਿਚ ਕੰਮ ਕਰਦੇ ਕਈ ਵਰਗਾਂ ਨੂੰ ਕੱਢ ਦਿੱਤਾ ਗਿਆ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਤੁਰੰਤ ਕੌਮੀ ਸਿਹਤ ਮਿਸ਼ਨ ਦੇ ਤਹਿਤ ਕੰਮ ਕਰਦੇ ਮੁਲਾਜਮਾਂ ਨੂੰ ਪੱਕੇ ਕਰੇ ਤੇ ਸੁਪਰੀਮ ਕੋਰਟ ਦੇ ਬਰਾਬਰ ਕੰਮ ਤੇ ਬਰਾਬਕ ਤਨਖ਼ਾਹ ਦੇ ਫ਼ਾਰਮੂਲੇ ਨੂੰ ਲਾਗੂ ਕਰੇ। ਇਸ ਦੌਰਾਨ ਐਲਾਨ ਕੀਤਾ ਗਿਆ ਕਿ ਜਦ ਤਕ ਸਰਕਾਰ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਦਾ ਐਲਾਨ ਨਹੀਂ ਕਰਦੀ, ਉਸ ਸਮੇਂਂ ਤਕ ਇਹ ਹੜਤਾਲ ਜਾਰੀ ਰਹੇਗੀ।
ਬਾਕਸ
ਨਰਸਾਂ ਦਾ ਧਰਨਾ ਵੀ ਜਾਰੀ
ਬਠਿੰਡਾ: ਉਧਰ ਸਿਵਲ ਹਸਪਤਾਲ ਵਿਚ ਸੀਐਮਓ ਦਫ਼ਤਰ ਦੇ ਗੇਟ ਅੱਗੇ ਨਰਸਿੰਗ ਐਸੋੋਸੀਏਸਨ ਦਾ ਚੱਲ ਰਿਹਾ ਧਰਨਾ ਅੱਜ ਵੀ ਜਾਰੀ ਰਿਹਾ। ਨਰਸਿੰਗ ਸਟਾਫ਼ ਐਸੋਸੀਏਸ਼ਨ ਦੀ ਪ੍ਰਧਾਨ ਸਵਰਨਜੀਤ ਕੌਰ ਨੇ ਐਲਾਨ ਕੀਤਾ ਕਿ ਜਿੰਨ੍ਹਾਂ ਸਮਾਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਤਦ ਤਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਵਿਤ ਮੰਤਰੀ ਵਿਰੁਧ ਵੀ ਨਾਅਰੇਬਾਜ਼ੀ ਕੀਤੀ ਗਈ।

ਚੋਣ ਜਾਬਤੇ ਤੋਂ ਪਹਿਲਾਂ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਤਿਆਰੀ!

0

ਭਾਜਪਾ ਪੰਜਾਬ ਨੂੰ ਜਿੱਤਣ ਲਈ ਖੇਡ ਸਕਦੀ ਹੈ ਵੱਡਾ ਦਾਅ
ਕਿਸਾਨਾਂ ਨੂੰ ਖ਼ੁਸ ਕਰਨ ਲਈ ਦਿੱਤਾ ਜਾ ਸਕਦਾ ਹੈ ਪੈਕੇਜ਼
ਸੁਖਜਿੰਦਰ ਮਾਨ
ਬਠਿੰਡਾ, 22 ਦਸੰਬਰ: ਤਿੰਨ ਖੇਤੀ ਬਿੱਲਾਂ ਦੀ ਵਾਪਸੀ ਨੂੰ ਲੈ ਕੇ ਚੱਲੇ ਕਿਸਾਨ ਅੰਦੋਲਨ ਦੌਰਾਨ ਪੰਜਾਬ ਵਿਚੋਂ ਬੁਰੀ ਤਰ੍ਹਾਂ ਉਖੜੀ ਭਾਰਤੀ ਜਨਤਾ ਪਾਰਟੀ ਹੁਣ ਮੁੜ ਇਸ ਸਰਹੱਦੀ ਸੂਬੇ ’ਚ ਅਪਣੇ ਪੈਰ ਜਮਾਉਣ ਲਈ ਵੱਡੇ ਦਾਅ ਖੇਡਣ ਜਾ ਰਹੀ ਹੈ। ਕੁੱਝ ਮਹੀਨੇ ਪਹਿਲਾਂ ਤੱਕ ਭਾਜਪਾ ਉਪਰ ਪੰਜਾਬ ਨੂੰ ਛੱਡਣ ਦਾ ਦਾਅਵਾ ਕਰਨ ਵਾਲੇ ਸਿਆਸੀ ਮਾਹਰ ਹੁਣ ਇਹ ਦਾਅਵੇ ਕਰਦੇ ਨਹੀਂ ਥੱਕ ਰਹੇ ਕਿ ਭਗਵਾ ਪਾਰਟੀ ਨੇ ਹੁਣ ਅਪਣਾ ਸਾਰਾ ਧਿਆਨ ਪੰਜਾਬ ਦੀ ਜਿੱਤ ਵੱਲ ਕਰ ਦਿੱਤਾ ਹੈ। ਭਾਜਪਾ ਦੇ ਉਚ ਸੂਤਰਾਂ ਮੁਤਾਬਕ ਆਗਾਮੀ ਵਿਧਾਨ ਸਭਾ ਚੋਣਾਂ ’ਚ ਵੱਡੀ ਜਿੱਤ ਹਾਸਲ ਕਰਨ ਲਈ ਭਾਜਪਾ ਹਾਈਕਮਾਂਡ ਹੁਣ ਪੰਜਾਬੀਆਂ ਨੂੰ ਹਰ ਤਰ੍ਹਾਂ ਨਾਲ ਖ਼ੁਸ ਕਰਨ ਲਈ ਵੱਡੇ ਐਲਾਨ ਕਰਨ ਜਾ ਰਹੀ ਹੈ, ਜਿਸ ਵਿਚ ਪਿਛਲੇ 55 ਸਾਲਾਂ ਤੋਂ ਬਿਨ੍ਹਾਂ ਰਾਜਧਾਨੀ ਚੱਲ ਰਹੇ ਪੰਜਾਬ ਨੂੰ ਚੰਡੀਗੜ੍ਹ ਦੇਣ ਦੀ ਵੀ ਵੱਡੀ ਸੰਭਾਵਨਾ ਜਤਾਈ ਜਾ ਰਹੀ ਹੈ। ਸੂਤਰਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲੋਂ ਵੱਖ ਹੋਣ ਵਾਲੇ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਢਸਾ ਵਲੋਂ ਭਾਜਪਾ ਨਾਲ ਗਠਜੋੜ ਤੋਂ ਪਹਿਲਾਂ ਰੱਖੀਆਂ ਤਿੰਨ ਮੰਗਾਂ ਵਿਚ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਰੱਖੀ ਮੰਗ ਨੂੰ ਵੀ ਇਸੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਪੰਜਾਬ ਭਾਜਪਾ ਦੇ ਕੁੱਝ ਉਚ ਸੂਤਰਾਂ ਨੇ ਹਾਲਾਂਕਿ ਇਸ ਗੱਲ ਦੀ ਪੁਸ਼ਟੀ ਤਾਂ ਨਹੀਂ ਕੀਤੀ ਪ੍ਰੰਤੂ ਇਹ ਦਾਅਵਾ ਜਰੂਰ ਕੀਤਾ ਕਿ ਪਹਿਲੀ ਵਾਰ ਭਾਜਪਾ ਤੇ ਆਰਐਸਐਸ ਦੇ ਰਣਨੀਤੀਕਾਰਾਂ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੰਜਾਬ ਵੱਲ ਵਿਸੇਸ ਧਿਆਨ ਦਿੱਤਾ ਜਾ ਰਿਹਾ। ਇੱਥੋਂ ਤੱਕ ਟਿਕਟਾਂ ਦੀ ਵੰਡ ਵਿਚ ਵੀ ਸਿੱਧੇ ਫੈਸਲੇ ਹਾਈਕਮਾਂਡ ਖ਼ੁਦ ਕਰਨ ਜਾ ਰਹੀ ਹੈ ਤੇ ਪੰਜਾਬ ਦੇ ਆਗੂਆਂ ਕੋਲੋ ਹਰ ਹਲਕੇ ਦੇ ਯੋਗ ਉਮੀਦਵਾਰਾਂ ਦੀ ਸੂਚੀ ਹੀ ਲਈ ਜਾ ਰਹੀ ਹੈ। ਇੱਕ ਸਾਲ ਤੋਂ ਵੱਧ ਚੱਲੇ ਕਿਸਾਨ ਸੰਘਰਸ਼ ਕਾਰਨ ਭਾਜਪਾ ਨਾਲ ਕਿਸਾਨਾਂ ਦੀ ਨਰਾਜ਼ਗੀ ਬਰਕਰਾਰ ਰਹਿਣ ਸਬੰਧੀ ਪੁੱਛੇ ਜਾਣ ’ਤੇ ਸੂਬਾਈ ਭਾਜਪਾ ਦੇ ਇੱਕ ਸਿਰਕੱਢ ਆਗੂ ਨੇ ਦਾਅਵਾ ਕੀਤਾ ਕਿ ‘‘ ਕਰਜ਼ਾ ਮੁਆਫ਼ੀ ਤੋਂ ਲੈ ਕੇ ਫ਼ਸਲੀ ਭਿਵੰਨਤਾ ਤੱਕ ਕੋਈ ਵੱਡਾ ਪੈਕੇਜ਼ ਵੀ ਐਲਾਨਿਆ ਜਾ ਸਕਦਾ ਹੈ। ’’ ਇੱਥੇ ਦਸਣਾ ਬਣਦਾ ਹੈ ਕਿ ਪੰਜਾਬੀ ਸੂਬਾ ਹੋਂਦ ਵਿਚ ਆਉਣ ਤੋਂ ਬਾਅਦ ਪਹਿਲੀ ਵਾਰ ਇੰਨੀਂ ਗੰਭੀਰਤਾ ਨਾਲ ਪੰਜਾਬ ਚੋਣਾਂ ਲੜਣ ਜਾ ਰਹੀ ਹੈ। ਭਾਜਪਾ ਨੂੰ ਨੇੜੇ ਤੋਂ ਤੱਕਣ ਅਤੇ ਸਿਆਸੀ ਮਾਹਰਾਂ ਮੁਤਾਬਕ ਅਜਿਹਾ ਸਿਰਫ਼ ਪੰਜਾਬ ਨੂੰ ਜਿੱਤਣ ਲਈ ਨਹੀਂ, ਬਲਕਿ ਦਿੱਲੀ ਪ੍ਰਤੀ ਪੰਜਾਬ ਵਿਚ ਉਠਦੀਆਂ ਬਾਗੀ ਸੁਰਾਂ ਨੂੰ ਹਮੇਸ਼ਾ ਲਈ ਖ਼ਤਮ ਕਰਨ ਲਈ ਅਜਿਹਾ ਕੀਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ 2014 ਤੋਂ ਬਾਅਦ ਪਹਿਲੀ ਵਾਰ ਪੰਜਾਬ ਦੇ ਕਿਸਾਨਾਂ ਦੀ ਪਹਿਲਕਦਮੀ ਨਾਲ ਹੀ ਮੋਦੀ ਸਰਕਾਰ ਵਿਰੁਧ ਸਫ਼ਲ ਤੇ ਸਭ ਤੋਂ ਵੱਡਾ ਅੰਦੋਲਨ ਵਿੱਢਿਆ ਗਿਆ, ਜਿਸਦੇ ਚੱਲਦੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੂੰ ਤਿੰਨ ਖੇਤੀ ਬਿੱਲਾਂ ਨੂੰ ਵਾਪਸ ਲੈਣ ਵਰਗਾ ਫੈਸਲਾ ਲੈਣਾ ਪਿਆ, ਜਿਸ ਕਾਰਨ ਸਰਕਾਰ ਨੂੰ ਵੱਡੀ ਪੱਧਰ ’ਤੇ ਨਮੋਸੀ ਵੀ ਝੱਲਣੀ ਪਈ।

ਸੁਰਿੰਦਰ ਦੁੱਗਲ ਬਣੇ ਤੀਜੀ ਵਾਰ ਕੇਮਿਸਟ ਐਸੋਸਿਏਸ਼ਨ ਦੇ ਪ੍ਰਧਾਨ

0

ਸੁਖਜਿੰਦਰ ਮਾਨ
ਬਠਿੰਡਾ, 22 ਦਸੰਬਰ: ਪੰਜਾਬ ਕੇਮਿਸਟ ਐਸੋਸਿਏਸ਼ਨ ਦੇ ਪ੍ਰਧਾਨ ਸੁਰਿੰਦਰ ਦੁੱਗਲ ਤੀਜੀ ਵਾਰ ਕੇਮਿਸਟ ਐਸੋਸਿਏਸ਼ਨ ਦੇ ਪ੍ਰਧਾਨ ਨਿਯੁਕਤ ਹੋਏ ਹਨ। ਜਿਲ੍ਹਾ ਕੇਮਿਸਟ ਐਸੋਸਿਏਸ਼ਨ ਦੇ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੇ ਦੱਸਿਆ ਕਿ ਪੰਜਾਬ ਕੇਮਿਸਟ ਐਸੋਸਿਏਸ਼ਨ ਦੀ ਪ੍ਰਧਾਨਗੀ ਅਤੇ ਮਹਾਂਸਚਿਵ ਅਹੁਦਿਆਂ ਲਈ ਆਲ ਇੰਡਿਆ ਕੇਮਿਸਟ ਅਤੇ ਡਰਗ ਆਰਗੇਨਾਇਜੇਸ਼ਨ ਦੇ ਅਹੁਦੇਦਾਰਾਂ ਦੀ ਦੇਖ-ਰੇਖ ਵਿੱਚ ਚੋਣਾਂ ਹੋਈਆਂ। ਉਨ੍ਹਾਂ ਦੱਸਿਆ ਕਿ ਪੀਸੀਏ ਦੇ ਪ੍ਰਧਾਨਗੀ ਅਹੁਦੇ ਲਈ ਕੁਲ 48 ਵੋਟਾਂ ਵਿੱਚੋਂ 43 ਵੋਟਾਂ ਪ੍ਰਾਪਤ ਕਰਕੇ ਸੁਰਿੰਦਰ ਦੁੱਗਲ ਤੀਜੀ ਵਾਰ ਪ੍ਰਧਾਨ ਚੁਣੇ ਗਏ ਹਨ। ਉਕਤ ਚੋਣਾਂ ਵਿੱਚ ਗੁਰਬਖਸ਼ ਸਿੰਘ ਚਾਵਲਾ ਲੁਧਿਆਨਾ ਜਨਰਲ ਸਕੱਤਰ ਚੁਣੇ ਗਏ। ਨਵੇਂ ਚੁਣੇ ਗਏ ਅਹੁੱਦੇਦਾਰਾਂ ਨੂੰ ਵਧਾਈ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਅਸੋਕ ਬਾਲਿਆਵਾਲੀ, ਵਿੱਤ ਸਕੱਤਰ ਰਮੇਸ਼ ਗਰਗ, ਹੋਲਸੇਲ ਕੇਮਿਸਟ ਐਸੋਸਿਏਸ਼ਨ ਦੇ ਪ੍ਰਧਾਨ ਦਰਸ਼ਨ ਜੋੜਾ ਅਤੇ ਅੰਕੁਰ ਕਾਂਸਲ ਆਦਿ ਨੇ ਉਮੀਦ ਪ੍ਰਗਟ ਕੀਤੀ ਕਿ ਨਵੀਂ ਟੀਮ ਕੈਮਿਸਟਾਂ ਦੀ ਭਲਾਈ ਲਈ ਪਹਿਲਾਂ ਨਾਲੋਂ ਵਧ ਚੜ ਕੇ ਕੰਮ ਕਰੇਗੀ।

ਬਲਦੇਵ ਸਿੰਘ ਸਰਾਂ ਨੂੰ ਮੁੜ ਪਾਵਰਕਾਮ ਦਾ ਚੇਅਰਮੈਨ ਲਗਾਉਣ ’ਤੇ ਮੁਲਾਜਮਾਂ ’ਚ ਖ਼ੁਸੀ ਦੀ ਲਹਿਰ

0

ਸੁਖਜਿੰਦਰ ਮਾਨ
ਬਠਿੰਡਾ, 22 ਦਸੰਬਰ: ਉਘੇ ਤਕਨੀਕੀ ਮਾਹਰ ਤੇ ਪਾਵਰਕਾਮ ਦੇ ਸਾਬਕਾ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਬਲਦੇਵ ਸਿੰਘ ਸਰਾਂ ਨੂੰ ਮੁੜ ਜਿੰਮੇਵਾਰੀ ਦੇਣ ’ਤੇ ਪਾਵਰਕਾਮ ਦੇ ਮੁਲਾਜਮਾਂ ਤੇ ਪੈਨਸ਼ਨਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਸਬੰਧ ਵਿਚ ਅੱਜ ਗੁਰੂ ਨਾਨਕ ਦੇਵ ਥਰਮਲ ਪਲਾਂਟ ਇੰਪਲਾਈਜ਼ ਫੈਡਰੇਸ਼ਨ ਦੀ ਇੱਕ ਹੰਗਾਮੀ ਮੀਟਿੰਗ ਗੁਰਸੇਵਕ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸ: ਸਰਾਂ ਨੂੰ ਦੂਜੀ ਵਾਰ ਚੇਅਰਮੈਨ ਬਣਾਉਣ ’ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀਂ, ਉੱਪ ਮੁੱਖ ਮੰਤਰੀ ਸੁੱਖਜਿੰਦਰ ਸਿੰਘ ਰੰਧਾਵਾਂ ਅਤੇ ਪ੍ਰਧਾਨ ਪੰਜਾਬ ਪ੍ਰਦੇਸ ਕਾਂਗਰਸ ਨਵਜੋਤ ਸਿੰਘ ਸਿੱਧੂ ਦਾ ਧੰਨਵਾਦ ਕੀਤਾ ਗਿਆ। ਮੀਟਿੰਗ ਵਿੱਚ ਰਾਜਿੰਦਰ ਸਿੰਘ ਨਿੰਮਾਂ , ਦਰਸਨ ਸਿੰਘ, ਰਘਬੀਰ ਸਿੰਘ ਸੈਣੀਂ, ਜਸਵਿੰਦਰ ਸਿੰਘ ਬਰਾੜ, ਬਾਬੂ ਸਿੰਘ ਰੁਮਾਣਾਂ, ਸੂਬਾ ਸਿੰਘ ਮੱਤਾ, ਰਾਜਪਾਲ ਸਿੰਘ, ਤੋਂ ਇਲਾਵਾ ਜੀ ਐਚ ਟੀ ਪੀ ਇੰਪਲਾਈਜ਼ ਯੂਨੀਅਨ ਲਹਿਰਾ ਮੁਹੱਬਤ ਦੇ ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਕਿਲੀ ਨੇ ਵਿਸ਼ੇਸ ਤੌਰ ’ਤੇ ਹਿੱਸਾ ਲਿਆ। ਦਸਣਯੋਗ ਹੈ ਕਿ ਇੰਜਨੀਅਰ ਬਲਦੇਵ ਸਿੰਘ ਸਰਾਂ ਇੱਕ ਬਹੁਤ ਹੀ ਤਜਰਬੇਕਾਰ ਟੈਕਨੋਕ੍ਰੇਟ ਤੋਂ ਇਲਾਵਾ ਇਮਾਨਦਾਰ ਤੇ ਮਿਹਨਤੀ ਅਫ਼ਸਰ ਵਜੋਂ ਪਹਿਚਾਣੇ ਜਾਂਦੇ ਹਨ। ਬਠਿੰਡਾ ਜ਼ਿਲ੍ਹੇ ਦੇ ਪਿੰਡ ਚਾਉਕੇ ਦੇ ਇੱਕ ਸਧਾਰਨ ਕਿਸਾਨ ਪ੍ਰੀਵਾਰ ਨਾਲ ਸਬੰਧ ਰੱਖਦੇ ਹੋਇਆਂ ਕਦੇ ਵੀ ਉਨ੍ਹਾਂ ਰਿਸ਼ਵਤ ਵਰਗੀ ਬਿਮਾਰੀ ਨੂੰ ਆਪਣੇਂ ਨੇੜੇ ਤੇੜੇ ਨਹੀਂ ਢੁੱਕਣ ਦਿੱਤਾ। ਉਹ ਚੇਅਰਮੈਨ ਬਣਨ ਤੋਂ ਪਹਿਲਾਂ ਪਾਵਰਕਾਮ ਦੇ ਮੁੱਖ ਇੰਜੀਨੀਅਰ ਵਜੋਂ ਸੇਵਾਮੁਕਤ ਹੋਏ ਸਨ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਇੰਸਦਾਨਾਂ ਦਾ 28ਵੇਂ ਦਿਨ ਵੀ ਰੋਸ ਪ੍ਰਦਰਸ਼ਨ ਜਾਰੀ

0

ਸੁਖਜਿੰਦਰ ਮਾਨ
ਬਠਿੰਡਾ, 22 ਦਸੰਬਰ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਬਠਿੰਡਾ ਸਥਿਤ ਖੋਜ ਅਤੇ ਪਸਾਰ ਦੇ ਸਾਇੰਸਦਾਨਾਂ ਵਲੋਂ ਤਕਰੀਬਨ ਚਾਰ ਹਫਤਿਆਂ ਤੋਂ ਆਪਣੀਆਂ ਬੁਨਿਆਦੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁਧ ਪ੍ਰਦਰਸ਼ਨ ਜਾਰੀ ਹੈ। ਲਗਾਤਾਰ ਚੱਲ ਰਹੀ ਹੜਤਾਲ ਕਾਰਨ ਇਲਾਕੇ ਦੇ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਸੇਵਾਵਾਂ ਜਿਵੇਂਕਿ ਟ੍ਰੇਨਿੰਗ, ਖੇਤੀਬਾੜੀ ਸਾਹਿਤ, ਭੂਮੀ ਪਰਖ, ਬੀਜ਼ ਅਤੇ ਖੇਤੀ ਗਿਆਨ-ਵਿਗਿਆਨ ਦੇ ਨਾਲ-ਨਾਲ ਕਿੱਤੇ ਨਾਲ ਜੁੜੇ ਖੋਜ਼, ਪਸਾਰ ਅਤੇ ਸਿੱਖਿਆ ਜਿਹੇ ਲਾਜ਼ਮੀ ਕਾਰਜ ਬੁਰੀ ਤਰਾਂ ਪ੍ਰਭਾਵਿਤ ਹੋ ਰਹੇ ਹਨ ਜਿਸਦਾ ਸਿੱਧਾ ਅਸਰ ਖੇਤੀ ਅਰਥਚਾਰੇ ਉੱਪਰ ਪਵੇਗਾ। ਉਧਰ ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਡਾ ਅਵਤਾਰ ਸਿੰਘ ਨੇ ਕਿਹਾ ਕਿ ਪੰਜਾਬ ਫੈਡਰੇਸ਼ਨ ਆਫ ਯੂਨੀਵਰਸਿਟੀ ਐਂਡ ਕਾਲਜਿਜ ਟੀਚਰਜ਼ ਆਰਗੇਨਾਈਜੇਸ਼ਨ ਦੇ ਸੱਦੇ ‘ਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦੇ ਬੈਨਰ ਥੱਲੇ ਦੀ ਅਗਵਾਈ ਹੇਠ ਬਠਿੰਡਾ ਸਥਿਤ ਖੇਤਰੀ ਖੋਜ਼ ਕੇਂਦਰ,ਕਿ੍ਰਸ਼ੀ ਵਿਗਿਆਨ ਕੇਂਦਰ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰ ਦੇ ਸਮੂਹ ਵਿਗਿਆਨੀਆਂ ਵਲੋਂ ਮੁਕੰਮਲ ਹੜਤਾਲ ਕੀਤੀ ਜਾ ਰਹੀ ਹੈ।ਇਹ ਪ੍ਰਦਰਸ਼ਨ ਤੇ ਧਰਨਾ ਪੰਜਾਬ ਸਰਕਾਰ ਵਲੋਂ ਯੂਨੀਵਰਸਿਟੀ ਅਤੇ ਕਾਲਜ ਅਧਿਆਪਕਾਂ ਲਈ ਤਨਖਾਹ ਸਕੇਲ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵਲੋਂ ਨਿਰਧਾਰਿਤ ਤਨਖਾਹ ਸਕੇਲਾਂ ਤੋਂ ਅਲੱਗ ਕਰਨ, ਨਵੇਂ ਭਰਤੀ ਹੋ ਰਹੇ ਵਿਗਿਆਨੀਆਂ ਲਈ ਸਿਰਫ ਮੁੱਢਲੀ ਤਨਖਾਹ, ਨਵੀਂ ਪੈਨਸ਼ਨ ਸਕਮਿ ਅਤੇ ਨਵ-ਨਿਯੁਕਤ ਸਾਇੰਸਦਾਨਾਂ ਨੂੰ ਪਿਛਲੇ ਇੱਕ ਸਾਲ ਤੋਂ ਤਨਖਾਹ ਦੇਣ ਵਿੱਚ ਕੀਤੀ ਜਾ ਰਹੀ ਟਾਲ-ਮਟੋਲ ਦੇ ਖਿਲਾਫ ਦਿੱਤਾ ਜਾ ਰਿਹਾ ਹੈ। ਅੱਜ ਦੇ ਧਰਨੇ ਨੂੰ ਡਾ. ਜਸਵਿੰਦਰ ਕੌਰ ਬਰਾੜ, ਡਾ. ਸੁਦੀਪ ਸਿੰਘ, ਡਾ ਅੰਗਰੇਜ ਸਿੰਘ , ਡਾ ਨਵੀਨ ਗਰਗ, ਡਾ ਜੀ ਐਸ ਰੋਮਾਣਾ, ਡਾ ਜਗਦੀਸ਼ ਗਰੋਵਰ, ਡਾ.ਕੇ ਐਸ ਸੇਖੋਂ, ਏ ਐਸ ਸੰਧੂ, ਡਾ ਹਰਜੀਤ ਬਰਾੜ, ਡਾ ਸੁਖਦੀਪ ਕੌਰ ਅਤੇ ਡਾ. ਸ੍ਰਵਪਿ੍ਰਅ ਸਿੰਘ ਨੇ ਸੰਬੋਧਨ ਕੀਤਾ।

ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਹੋਈ

0

ਸੁਖਜਿੰਦਰ ਮਾਨ
ਬਠਿੰਡਾ, 22 ਦਸੰਬਰ: ਭਾਰਤੀ ਜਨਤਾ ਪਾਰਟੀ ਵਲੋਂ ਬਠਿੰਡਾ ਦਿਹਾਤੀ ਵਿਧਾਨ ਸਭਾ ਦੇ ਬੱਲੂਆਣਾ ਮੰਡਲ ਦੀ ਇੱਕ ਮੀਟਿੰਗ ਅੱਜ ਮੰਡਲ ਪ੍ਰਧਾਨ ਗੁਰਸੇਵਕ ਸਿੰਘ ਦੀ ਅਗਵਾਈ ਵਿਚ ਹੋਈ ਜਿਸ ਵਿਚ ਮੰਡਲ ਇੰਚਾਰਜ਼ ਵਰਿੰਦਰ ਸ਼ਰਮਾਂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਸ਼੍ਰੀ ਸ਼ਰਮਾਂ ਨੇ ਕਿਹਾ ਕਿ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ, ਜੋ ਹਰ ਵਰਗ ਦੀ ਸਰਕਾਰ ਹੋਵੇਗੀ । ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਨੀਤੀਆਂ ਤੋਂ ਪ੍ਰੇਰਿਤ ਹੋ ਕੇ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹੋ ਰਹੇ ਹਨ। ਇਸ ਮੋਕੇ ਮੰਡਲ ਦੀ ਟੀਮ ਵਿਚ ਵਾਧਾ ਕਰਦੇ ਹੋਏ ਗੁਰਸ਼ੇਰ ਸਿੰਘ ਅਟਵਾਲ ਨੂੰ ਮੰਡਲ ਦੇ ਉਪ ਪ੍ਰਧਾਨ ਦੀ ਜਿੰਮੇਵਾਰੀ ਦਿੱਤੀ ਗਈ, ਇਸ ਮੌਕੇ ਮੰਡਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਦਿਉਣ, ਈਸ਼ਰ ਸਿੰਘ, ਮਹਿੰਦਰ ਸਿੰਘ ਅਤੇ ਜਸਪ੍ਰੀਤ ਸਿੰਘ ਵੀ ਸ਼ਾਮਿਲ ਸਨ।

ਬਠਿੰਡਾ ’ਚ ਤੀਜੇ ਦਿਨ ਵੀ ਕਿਸਾਨਾਂ ਦਾ ਮਿੰਨੀ ਸਕੱਤਰੇਤ ਅੱਗੇ ਮੋਰਚਾ ਜਾਰੀ

0

ਸੁਖਜਿੰਦਰ ਮਾਨ
ਬਠਿੰਡਾ, 22 ਦਸੰਬਰ: ਪੰਜਾਬ ਸਰਕਾਰ ਨਾਲ ਸਬੰਧਤ ਕਿਸਾਨੀ ਮੰਗਾਂ ਪੂਰੀਆਂ ਕਰਾਉਣ ਲਈ 20 ਦਸੰਬਰ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਸਥਾਨਕ ਮਿੰਨੀ ਸੈਕਟ੍ਰੀਏਟ ਅੱਗੇ ਚੱਲ ਰਹੇ ਕਿਸਾਨ ਮੋਰਚਾ ਅੱਜ ਤੀਜ਼ੇ ਦਿਨ ਵੀ ਜਾਰੀ ਰਿਹਾ। ਧਰਨੇ ਨੂੰ ਸੰਬੋਧਨ ਕਰਨ ਪੁੱਜੇ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦੇ ਨਿਬੇੜੇ ਲਈ ਭਲਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੀਟਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਮੀਟਿੰਗ ਵਿਚ ਰੱਖੀਆਂ ਜਾਣ ਵਾਲੀਆਂ ਮੰਗਾਂ ਬਾਰੇ ਕਿਹਾ ਕਿ ਗੁਲਾਬੀ ਸੁੰਡੀ ਕਾਰਨ ਤਬਾਹ ਹੋਈ ਨਰਮੇ ਦੀ ਫਸਲ ਦਾ ਮੁਆਵਜਾ ਕਾਸਤਕਾਰ ਕਿਸਾਨਾਂ ਨੂੰ 17000 ਰੁਪਏ / ਏਕੜ ਅਤੇ ਇਸ ਦਾ 10% ਖੇਤ ਮਜਦੂਰਾਂ ਨੂੰ ਦਿਵਾਉਣ ,ਗੰਨਾ ਕਾਸਤਕਾਰ ਕਿਸਾਨਾਂ ਨੂੰ ਗੰਨੇ ਦਾ ਸਰਕਾਰ ਦੁਆਰਾ ਮਿਥਿਆ ਭਾਅ 360 ਰੁਪਏ / ਕੁਇੰਟਲ ਦਿਵਾਉਣ , ਖੇਤੀ ਕਾਨੂੰਨਾਂ ਦੇ ਸੰਘਰਸ ਦੌਰਾਨ ਸ਼ਹੀਦ ਹੋਏ ਕਿਸਾਨਾਂ /ਮਜਦੂਰਾਂ ਦੇ ਪਰਿਵਾਰਾਂ ਰਹਿੰਦਾ 5 – 5 ਲੱਖ ਰੁਪਏ ਦਾ ਮੁਆਵਜਾ ਤੁਰੰਤ ਦਿਵਾਉਣ , ਕਰਜ਼ੇ ਕਾਰਨ ਖੁਦਕੁਸ਼ੀਆਂ ਕਰ ਗਏ ਕਿਸਾਨਾਂ ਮਜ਼ਦੂਰਾਂ ਦੇ ਪੀੜਤ ਪਰਿਵਾਰਾਂ ਨੂੰ ਤਿੰਨ – ਤਿੰਨ ਲੱਖ ਰੁਪਏ ਦਾ ਮੁਆਵਜਾ ,ਇੱਕ ਇੱਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਸਾਰਾ ਕਰਜਾ ਖ਼ਤਮ ਕਰਵਾਉਣ ਲਈ ,5 ਏਕੜ ਤੱਕ ਮਾਲਕੀ ਵਾਲੇ ਕਿਸਾਨਾਂ ਦੇ 2 ਲੱਖ ਰੁਪਏ ਤੱਕ ਦੇ ਕਰਜੇ ਅਜਿਹੇ ਸਾਰੇ ਕਿਸਾਨਾਂ ਦੇ ਮਾਫ ਕਰਵਾਉਣ ਸਮੇਤ ਕਿਸਾਨਾਂ ਦਾ ਸਮੁੱਚਾ ਕਰਜ਼ਾ ਖਤਮ ਕਰਵਾਉਣ ,ਅੰਦੋਲਨਕਾਰੀ ਕਿਸਾਨਾਂ ਸਿਰ ਮੜ੍ਹੇ ਸਾਰੇ ਪੁਲਿਸ ਕੇਸ ਤੁਰੰਤ ਰੱਦ ਕਰਵਾਉਣ ,ਸਮੈਕ ਚਿੱਟੇ ਵਰਗੇ ਨਸ਼ਿਆਂ ਦੇ ਵਧ ਰਹੇ ਪ੍ਰਕੋਪ ਨੂੰ ਠੱਲ੍ਹ ਪਾਉਣ ,ਬੇਰੁਜਗਾਰੀ ਦੇ ਹੱਲ,ਜ਼ਿਲ੍ਹਾ ਮਾਨਸਾ ਵਿੱਚ ਬੇਰੁਜਗਾਰ ਅਧਿਆਪਕਾਂ ਤੇ ਲਾਠੀਚਾਰਜ ਕਰਨ ਵਾਲੇ ਡੀ ਐੱਸ ਪੀ ਨੂੰ ਤੁਰੰਤ ਬਰਖਾਸਤ ਕਰਕੇ ਉਸਦੇ ਵਿਰੁਧ ਪਰਚਾ ਦਰਜ਼ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਫੌਰੀ ਲਾਗੂ ਨਾ ਕੀਤੀਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਅੱਜ ਦੀ ਸਟੇਜ ਤੋਂ ਜੈ ਹੋ ਰੰਗਮੰਚ ਨਿਹਾਲ ਸਿੰਘ ਵਾਲਾ ਵੱਲੋਂ ਨੁੱਕੜ ਨਾਟਕ “ਹੱਕ ਕਿਸਾਨਾਂ ਦੇ“ ਖੇਡਿਆ ਗਿਆ। ਇਸ ਦੌਰਾਨ ਮੋਰਚੇ ਨੂੰ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ,ਸ਼ਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾ ,ਹਰਜਿੰਦਰ ਸਿੰਘ ਬੱਗੀ ,ਬਸੰਤ ਸਿੰਘ ਕੋਠਾਗੁਰੂ ,ਹਰਿੰਦਰ ਕੌਰ ਬਿੰਦੂ ,ਗੈਸਟ ਫੈਕਲਟੀ ਅਧਿਆਪਕ ਰਾਜਵਿੰਦਰ ਕੌਰ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਅਮਿਤੋਜ ਮੌੜ ਨੇ ਵੀ ਸੰਬੋਧਨ ਕੀਤਾ ।

Our Visitor

1895094